੧)ਉਡੀਕ
---------
ਬੈਠ ਸਕਦੇ ਸੀ ਦੋਵੇਂ
ਇੱਕ ਛਾਂ ਢੂੰਡ ਕੇ ,
ਕਰਦੇ ਜਿਉਣ ਦਿਆਂ ਗੱਲਾਂ
ਕੋਈ ਥਾਂ ਢੂੰਡ ਕੇ ,
ਇੱਕ ਰਾਹ ਸੀ ਅਤੇ
ਮੈਂ ਤੁਰਦਾ ਰਿਹਾ ,
ਸੂਰਜ ਥੱਕ ਥੱਕ ਕੇ
ਰੋਜ਼ ਡੁਬਦਾ ਰਿਹਾ,
ਉਮਰਾਂ ਦੇ ਚਿਕੜ ‘ਚ
ਮੈਂ ਵੀ ਖੁਬਦਾ ਰਿਹਾ ,
ਕੋਠੇ ਚੜ ਕੇ
ਚੜਦੇ ਵੱਲ ਤਕਦਾ ਰਿਹਾ ,
ਸਾਹ ਗਿਣਦਾ ਰਿਹਾ
ਅਤੇ ਥਕਦਾ ਰਿਹਾ ,
ਰਾਤ ਹੋਈ ‘ਤੇ
ਟੁਟਦਾ ਇੱਕ ਤਾਰਾ ਤੱਕਿਆ ,
ਸਮਝ ਆ ਗਈ
ਤੂੰ ਕਿਉਂ ਆਇਆ ਨਹੀਂ ,
ਕਿੰਨਾ ਮੇਰਾ ਸੀ
ਕਿੰਨਾ ਮੈਂ ਪਾਇਆ ਨਹੀਂ ,
ਉਹ ਅਧੂਰਾ ਹੈ
ਜਿਸ ਨੇ ਕੁਝ ਗਵਾਇਆ ਨਹੀਂ !
੨)ਜ਼ਿੰਦਗੀ ਚਲਦੀ ਰਹੀ
-------------------------
ਨਾਂ ਤੂੰ ਥੱਕਿਆ , ਨਾਂ ਮੈਂ ਥੱਕਿਆ ।
ਤੁਰਦੇ ਰਹੇ ਜਿਹੜਾ ਰਾਹ ਮਿਲਿਆ ,
ਜ਼ਿੰਦਗੀ ਉਸਦਾ ਨਾਂ ਰੱਖਿਆ ।
ਮੈਂ ਤੇਰੀ ਉਂਗਲੀ ਛੱਡੀ ਨਾਂ ,
ਤੂੰ ਮੇਰੀ ਬਾਂਹ ਵੀ ਛੱਡੀ ਨਾਂ ,
ਦਿਲ ਨੂੰ ਦਿਲ ਦੇ ਕੋਲ ਬਿਠਾ ,
ਕੌੜਾ ਮਿੱਠਾ ਸਭ ਚੱਖਿਆ ।
ਜੀਵਨ ਦੀਆਂ ਸਿਖਰ ਦੁਪਹਿਰਾਂ ਸਨ ,
ਧੁੱਪ ਛਾਂ ਦੀਆਂ ਲਹਿਰਾਂ ਸਨ ,
ਰਿਸ਼ਤੇ ਨੂੰ ਦੇਖ ਕਲਾਵੇ ਵਿੱਚ ,
ਝੱਖੜ ਵੀ ਕੁਝ ਨਾਂ ਕਰ ਸਕਿਆ ।
ਚੜਦਾ ਸੂਰਜ ਤੂੰ ਦੇਖੇੰ ,
ਡੁਬਦਾ ਸੂਰਜ ਮੈਂ ਦੇੱਖਾਂ ,
ਦੋਵੇਂ ਹੀ ਸੂਰਜ ਮਿਲ ਬੈਠੇ ,
ਸੋਹਣਾ ਜਿਹਾ ਹਰ ਦਿੰਨ ਤੱਕਿਆ ।
ਖਾਬਾਂ ਦੀ ਪੰਡ ਇੱਕ ਸਾਂਭੀ ਸੀ ,
ਰੱਖ ਪੇੱਟੀ ਪਹਿਰਾ ਦਿੱਤਾ ਸੀ ,
ਕੋਈ ਭੈੜੀ ਨਜ਼ਰ ਨਾਂ ਲੱਗ ਜਾਵੇ ,
ਕਰ ਚਾਦਰ ਸਧਰਾਂ ਨੂੰ ਢੱਕਿਆ ।
ਹਰ ਰੁੱਤ ਦਾ ਆਪਣਾ ਰੰਗ ਹੋਵੇ ,
ਦੇਣ , ਖੋਹਣ ਦਾ ਢੰਗ ਹੋਵੇ ,
ਜੋ ਮਿਲਿਆ ਉਹੀ ਆਪਣਾ ਸੀ ,
ਜੋ ਖੁੱਸਿਆ ਉਸਨੂੰ ਨਹੀਂ ਡੱਕਿਆ ।
ਜੇ ਹੱਸੇ ਸਾਰਾ ਘਰ ਹੱਸਿਆ ,
ਖੁਦ ਵੱਸੇ ਸਾਰਾ ਜੱਗ ਵੱਸਿਆ ,
ਧੁੱਪ ਛਾਂ ਨੂੰ ਵਿਹੜੇ ਕੋਲ ਬਿਠਾ ,
ਉਸਦਾ ਵੀ ਜ਼ਿੰਦਗੀ ਨਾਂ ਰੱਖਿਆ ।
diljodh@yahoo.com
-0- |