ਕੰਧਾਂ ਰੇਤ ਦੀਆਂ...
ਇਹ ਕੰਧਾਂ ਰੇਤ ਦੀਆਂ!
ਇਹ ਕੰਧਾਂ ਰੇਤ-ਲੀਆਂ!!
ਇਹ ਕੰਧਾਂ ਰੇਤ ਦੀਆਂ...॥
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਕੌਣ ਇਹਨਾਂ ਤੇ ਛੱਤਾਂ ਪਾਵੇ,
ਰਹਿਣ ਵਸਣ ਨੂੰ ਘਰ ਬਣਾਵੇ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਜਦੋਂ ਦਿਲਾਂ ਤੇ ਭੀੜਾਂ ਪਈਆਂ,
ਓਟ-ਆਸਰਾ ਦੇਣੋ ਰਹੀਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਕਦੀ ਨਾ ਰਾਹ ਵਫਾ ਦੇ ਪਈਆਂ,
ਵਾਂਗ ਘੜੇ ਕੱਚੇ ਖੁਰ ਗਈਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਮੈਂ ਮੇਰੀ ਦੀ ਭੂਲ-ਭੁਲਈਆਂ,
ਫੋਕੀਆਂ ਸ਼ਾਨਾ ਕਦ ਤਕ ਰਹੀਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਦਿਲ ਚੋਂ ਨਾ ਜੋ ਸਾਝਾਂ ਪਈਆਂ,
ਚਮੜੀ ਜਾਂ ਦਮੜੀ ਤਕ ਰਹੀਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਅਪਣੇਪਨ ਬਿਨ ਘਰ ਨਾ ਬਣੀਆਂ
ਕੋਠੀਆਂ ਪਾ ਕੇ ਵੇਖੀਆਂ ਕਈਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਰੀਤਾਂ ਰਸਮਾਂ ਲੀਕਾਂ ਵਹੀਆਂ,
ਲੋਕ ਦਿਖਾਵੇ ਦਿੱਤੀਆਂ ਲਈਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਮੈਂ ਮੇਰੀ ਤੇ ਕੰਧਾਂ ਪਈਆਂ,
ਘਰ ਦੀ ਛੱਤ ਥੱਲੇ ਕਦ ਰਹੀਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਮੋਹ ਦੀ ਥਾਂ ਮਤਲਬ ਬੁਨਿਆਦਾਂ
ਉਨਾਂ ਘਰਾਂ ਦੀਆਂ ਕੀ ਮੁਨਿਆਦਾਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਜਦੋਂ ਦਿਲਾਂ ਦੀਆਂ ਸਾਝਾਂ ਪਈਆਂ
ਰੰਗ-ਨਸਲ ਨਾ ਰੋਕਾਂ ਰਹੀਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਬੜੇ ਮਕਾਨ ਮਹਿੰਗੀਆਂ ਕਾਰਾਂ
ਇਹ ਕੀ ਜਾਨਣ ਘਰ ਦੀਆਂ ਸਾਰਾਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਲੋਰੀਆਂ ਵੇਚ ਕੋਠੀਆਂ ਪਈਆਂ
ਮੋਹ ਪਿਆਰੋਂ ਖਾਲੀ ਰਹੀਆਂ
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
ਦੋ ਜਿਸਮਾਂ ਨੇ ਲਾਵਾਂ ਲਈਆਂ
ਧੁਰ ਅੰਦਰੋਂ ਨਾ ਸਾਝਾਂ ਪਈਆਂ।
ਹੁਣ ਵੀ ਗਈਆਂ...ਹੁਣ ਵੀ ਢਈਆਂ।
ਇਹ ਕੰਧਾਂ ਰੇਤ ਦੀਆਂ...॥
-0- |