ਸਕੂਲ ਦਾ ਜ਼ਮਾਨਾ ਲੰਘਿਆ,
ਕਾਲਿਜ ਦਾ ਆਇਆ। ਬੋਦੀ, ਜੰਝੂ, ਪਜਾਮਾ ਰੁਖਸਤ ਹੋਏ, ਪਤਲੂਨ ਆ ਗਈ। ਸਿਰ ਉਤੇ ਹੈਟ ਧਰਨ ਦੇ
ਦਿਨ ਦੀਆਂ ਉਡੀਕਾਂ ਮਨ ਵਿਚ ਜਾਗਰਤ ਹੋ ਗਈਆਂ। ਬਾਈਸਿਕਲ ਘਰ ਵਾਲਿਆਂ ਵਲੋਂ ਮੈਟਰਿਕ ਪਾਸ
ਕਰਨ ਦਾ ਦੂਜਾ ਸਰਟੀਫਿਕੇਟ ਹੁੰਦਾ ਹੈ, ਅਤੇ ਜਦੋਂ ਸਾਈਕਲ ਉਤੇ ਲੱਤ ਧਰ ਲਈ, ਫੇਰ ਪੁੱਛ ਕੇ
ਸਿਨੇਮਾ ਥੋੜਾ ਜਾਈਦਾ ਹੈ। ਓਦੋਂ ਰਾਵਲਪਿੰਡੀ ਸ਼ਹਿਰ ਦੀ ਅਹਿਮੀਅਤ ਅੰਗਰੇਜ਼ੀ ਫੌਜਾਂ ਦੀ
ਵੱਡੀ ਛਾਵਣੀ ਹੋਣ ਤੋਂ ਛੁੱਟ ਹੋਰ ਕੋਈ ਨਹੀਂ ਸੀ। ਏਸੇ ਅਨੁਸਾਰ ਲੋਕਾਂ ਦੀਆਂ ਸੋਚਾਂ ਵੀ
ਮਹਿਦੂਦ ਸਨ। ਸਿਖਅਤ ਵਰਗ ਦਾ ਸਰੀਰ ਤਾਂ ਸ਼ਹਿਰ ਵਿਚ, ਪਰ ਆਤਮਾ ਕੈਨਟੋਨਮਿੰਟ ਅਤੇ ਸਿਵਲ
ਲਾਈਨ ਦੇ ਨਵੇਲੇ, ਸੁਅੱਛ, ਅਤੇ ਸਭਿਅ ਵਾਤਾਵਰਨ ਵਿਚ ਵਿਚਰਦੀ ਸੀ। ਦੇਸੀ ਪੁਸ਼ਾਕ, ਦੇਸੀ
ਖੁਰਾਕ, ਦੇਸੀ ਰਹਿਤ ਸਿਖਅਤਾਂ ਦੀਆਂ ਨਜ਼ਰਾਂ ਵਿਚ, ਕਿਸੇ ਨਾ ਕਿਸੇ ਮਿਕਦਾਰ, ਘਟੀਆ ਅਤੇ
ਪਿਛਾਂਹ-ਖਿੱਚੂ ਚੀਜ਼ਾਂ ਸਨ, ਜਿਨ੍ਹਾਂ ਤੋਂ ਬੰਦਾ ਜਿਤਨਾ ਦੂਰ ਹੋ ਜਾਏ, ਉਤਨਾ ਹੀ ਵਕਾਰ
ਵਧਦਾ ਸੀ। ਅਤੇ ਜਿਸ ਰਾਹ ਉਤੇ ਕਾਲਿਜ ਦੇ ਪ੍ਰੋਫੈਸਰ ਤੁਰਨ, ਵਿਦਿਆਰਥੀਆਂ ਨੇ ਵੀ ਤਾਂ ਉਸੇ
ਰਾਹ ਤੁਰਨਾ ਸੀ। ਸਦਰ ਵਾਲੇ ਸਿਨੇਮੇ ਸਾਫ ਸੁਥਰੇ ਅਤੇ ਸ਼ਾਨਦਾਰ ਸਨ। ਉਹਨਾਂ ਵਿਚ ਅੰਗਰੇਜ਼ੀ
ਪਿਕਚਰਾਂ ਵਿਖਾਈਆਂ ਜਾਂਦੀਆਂ ਸਨ, ਅਤੇ ਵੇਖਣ ਵਾਲਿਆਂ ਦੀ ਬਹੁ-ਸੰਖਿਆ ਵੀ ਅੰਗਰੇਜ਼ ਹੁੰਦੀ
ਸੀ। ਜੇ ਭਾਗ ਚੰਗੇ ਹੋਣ ਤਾਂ ਕਿਸੇ ਕਿਸੇ ਦਿਨ ਕੋਈ ਸੁਨਹਿਰੀ ਰੂਪ ਵਾਲੀ ਸੁੰਦਰੀ ਵੀ ਨਾਲ
ਦੀ ਸੀਟ ਉਤੇ ਆ ਬੈਠਦੀ ਸੀ। ਜਿਤਨੀਆਂ ਫਿਲਮਾਂ ਤਲਿਸਮੀ, ਉਤਨਾ ਹੀ ਸਿਨਮਿਆਂ ਦਾ ਵਾਤਾਵਰਣ
ਅਲੌਕਿਕ, ਰੋਮਾਂਟਿਕ, ਮਾਦਕ। ਮੇਮਾਂ ਦੇ ਲਿਬਾਸ ਉਹਨਾਂ ਦੇ ਸੁਡੌਲ ਜਿਸਮਾਂ ਨਾਲ ਕਿਤਨਾ
ਇਨਸਾਫ ਕਰਦੇ ਸਨ! ਕਿਤਨੀ ਆਜ਼ਾਦੀ ਨਾਲ ਉਹ ਆਪਣੇ ਪ੍ਰੇਮੀਆਂ ਦੀ ਜੱਫੀ ਵਿਚ ਜਾ ਵੜਦੀਆਂ ਸਨ!
ਕਿਸ ਉਤਾਵਲ ਨਾਲ ਚੁੰਮਨ ਦੇਣ ਲਈ ਲਿਫ ਲਿਫ ਜਾਂਦੀਆਂ ਸਨ! ਜਦੋਂ ਵੀ ਕੋਈ ਵਲੈਤੀ ਫਿਲਮ ਵੇਖ
ਕੇ ਆਓ, ਕਿਤਨੇ ਕਿਤਨੇ ਦਿਨ ਖੁਮਾਰੀ ਜਹੀ ਚੜ੍ਹੀ ਰਹਿੰਦੀ ਸੀ। ਫਿਲਮਾਂ ਦੇ ਉਸ ਖਾਮੋਸ਼
ਯੁੱਗ ਦੀ ਡੋਲੋਰਸ ਕਾਸਟੈਲੋ ਇਕ ਜਗ-ਮਗਾਂਦੀ ਤਾਰਿਕਾ ਸੀ। ਜਾਨ ਬੈਰੀਮੋਰ ਨਾਲ ਉਸ ਦੀ ਜੋੜੀ
ਵਾਹ-ਵਾਹ ਫੱਬਦੀ ਸੀ। ਦੋਵੇਂ ਬਹੁਤ ਸਾਰੀਆਂ ਫਿਲਮਾਂ ਵਿਚ ਇਕੱਠੇ ਆਉਂਦੇ ਸਨ। ਉਹਨਾਂ ਦੇ
ਪ੍ਰੇਮ-ਦ੍ਰਿਸ਼ ਵਿਸ਼ੇਸ਼ ਉਤੇਜਕ ਹੁੰਦੇ ਸਨ। ਰਾਤੀਂ ਰਾਜਕੁਮਾਰੀ ਦੇ ਰੂਪ ਵਿਚ ਡੋਲੋਰਸ ਘੂਕ
ਸੁੱਤੀ ਪਈ ਹੈ। ਅਚਾਨਕ ਅਕਾਸ਼ ਵਿਚ ਬੱਦਲ ਘਿਰ ਆਉਂਦੇ ਹਨ ਅਤੇ ਜ਼ੋਰ ਦੀ ਬਿਜਲੀ ਕੜਕਦੀ ਹੈ।
ਡੋਲੋਰਸ ਤ੍ਰਹਿ ਕੇ ਕਮਰੇ ਵਿਚੋਂ ਬਾਹਰ ਉੱਠ ਦੌੜਦੀ ਹੈ, ਆਪਣੇ ਸਲੀਪਿੰਗ ਗਾਊਨ ਵਿਚ ਹੀ।
ਬਿਖਰੇ ਬਾਲ, ਬਿਖਰੇ ਹੋਸ਼-ਹਵਾਸ। ਬਾਹਰ ਬਰਾਂਡੇ ਵਿਚ ਜਾਨ, ਇਕ ਜਾਂਬਾਜ਼ ਸੂਰਮਾ, ਕਿਲੇ ਦਾ
ਬਾਂਕਾ ਅਫਸਰ, ਘਾਤ ਵਿਚ ਖੜਾ ਹੈ। ਦਿਨੇ ਡੋਲੋਰਸ ਨੇ ਸਾਰੀ ਉਮਰ ਉਸ ਦਾ ਮੂੰਹ ਨਾ ਵੇਖਣ ਦੀ
ਸਹੁੰ ਖਾਧੀ ਸੀ। ਪਰ ਹੁਣ ਸਭ ਭੁਲ ਭੁਲਾ ਕੇ ਉਸ ਦੀਆਂ ਬਾਹਾਂ ਵਿਚ ਲਿਪਟ ਗਈ। ਆਪਣੇ ਮਖਸੂਸ
ਜੇਤੂ ਅੰਦਾਜ਼ ਨਾਲ ਜਾਨ ਬੈਰੀਮੋਰ ਨੇ ਕੈਮਰੇ ਦੇ ਬਿਲਕੁਲ ਨੇੜੇ ਆ ਜਾਣ ਦਾ ਇਤਜ਼ਾਰ ਕੀਤਾ,
ਤਾਂ ਜੋ ਪਰਦੇ ਉੱਪਰ ਸਿਰਫ ਉਹਨਾਂ ਦੋਵਾਂ ਦੇ ਚਿਹਰੇ ਹੀ ਰਹਿ ਜਾਣ। ਅਤੇ ਫੇਰ ਉਸ ਨੇ
ਡੋਲੋਰਸ ਦਾ ਹੇਠਲਾ ਬੁੱਲ੍ਹ ਆਪਣੇ ਬੁੱਲ੍ਹਾਂ ਵਿਚ ਸਮੇਟ ਲਿਆ। ਹੁਣ ਵੀ ਉਹ ਲੰਮੀ ਚੁੰਮੀ
ਕਦੇ ਕਦੇ ਮੇਰੀ ਯਾਦ ਵਿਚ ਬਿਜਲੀਆਂ ਲਿਸ਼ਕਾ ਜਾਂਦੀ ਹੈ।
“ਪੈਥੇ ਗਜ਼ਟ”, “ਪਿਕਚਰ ਗੋਅਰ” ਅਤੇ ਦੂਜੀਆਂ ਫਿਲਮੀ ਪੱਤਰਕਾਵਾਂ ਵਿਚ ਜਾਨ ਦੇ
ਪ੍ਰੇਮ-ਦ੍ਰਿਸ਼ਾਂ ਦੀ ਟੈਕਨੀਕ ਉਪਰ ਲੰਮੇ ਲੰਮੇ ਲੇਖ ਛਪਦੇ ਸਨ। ਅਸੀਂ ਉਹਨਾਂ ਨੂੰ ਬੜੇ ਗੌਰ
ਨਾਲ ਪੜ੍ਹਦੇ ਅਤੇ ਉਹਨਾਂ ਉਪਰ ਲੰਮੇਂ ਲੰਮੇਂ ਤਬਸਰੇ ਕਰਦੇ ਸਾਂ। ਪਰ ਮਾਤਾ-ਪਿਤਾ ਦੇ
ਸਾਹਮਣੇ ਅਸੀਂ ਇਹਨਾਂ ਫਿਲਮਾਂ ਦੇ ਉੱਚੇ ਅਖਲਾਕੀ ਮਿਆਰਾਂ ਅਤੇ ਆਦਰਸ਼ਾਂ ਦਾ ਹੀ ਜਿ਼ਕਰ
ਕਰਦੇ ਸਾਂ। ਇਹ ਸੰਸਾਰ ਦੇ ਉੱਘੇ ਸਾਹਿਤਕਾਰਾਂ, ਵਿਕਟਰ ਹਿਉਗੋ, ਚਾਰਲਜ਼ ਡਿਕਨਜ਼,
ਅਲੈਗਜ਼ਾਂਡਰ ਡਿਊਮਾ, ਵਾਲਟਰ ਸਕਾਟ ਆਦਿ ਦੀਆਂ ਮਹਾਨ ਰਚਨਾਵਾਂ ਦੇ ਆਧਾਰ ਉਤੇ ਬਣਾਈਆਂ
ਜਾਂਦੀਆਂ ਸਨ। ਫੇਰ, ਵਾਰਤਾਲਾਪ ਅਤੇ ਕਹਾਣੀ ਦੀ ਤੋਰ ਬਿਆਨ ਕਰਨ ਲਈ ਪਰਦੇ ਉਤੇ ਅੰਗਰੇਜ਼ੀ
ਵਿਚ ਲਿਖੇ ਟਾਈਟਲ ਆ ਜਾਂਦੇ ਸਨ। ਇਸ ਤਰ੍ਹਾਂ ਮਨੋਰੰਜ਼ਨ ਦੇ ਨਾਲ ਨਾਲ ਅਭਿਆਸ ਵੀ ਹੋ ਜਾਂਦਾ
ਸੀ। ਅੰਗਰੇਜ਼ੀ ਵਿਚ ਚੰਗੇ ਨੰਬਰ ਲੈਣ ਦਾ ਇਹ ਬਹੁਤ ਵਧੀਆ ਸਾਧਨ ਨਿਕਲ ਆਇਆ ਸੀ। ਅਜਿਹੀਆਂ
ਦਲੀਲਾਂ ਸੁਣ ਕੇ ਮਾਪੇ ਚੁੱਪ ਜ਼ਰੂਰ ਹੋ ਜਾਂਦੇ, ਪਰ ਤਸੱਲੀ ਉਹਨਾਂ ਨੂੰ ਨਹੀਂ ਸੀ ਹੁੰਦੀ।
ਕਿਸੇ ਵੀ ਤਫਰੀਹ ਵਾਲੀ ਚੀਜ਼ ਦੇ ਇਤਨਾ ਨਿਰਦੋਸ਼ ਅਤੇ ਬੇਜ਼ਰਰ ਹੋਣ ਦਾ ਉਹਨਾਂ ਨੂੰ ਯਕੀਨ
ਨਹੀਂ ਸੀ ਆਉਂਦਾ। ਫਿਲਮਾਂ ਵਿਚ ਕੇਵਲ ਰੋਮਾਂਸ ਦਾ ਪਹਿਲੂ ਹੀ ਵੱਟ-ਕੱਢਵਾਂ ਨਹੀਂ ਸੀ
ਹੁੰਦਾ, ਜਾਂਬਾਜ਼ੀ ਦੇ ਦ੍ਰਿਸ਼ ਵੀ ਤੜਫਾ ਛਡਦੇ ਸਨ। “ਕਾਸੈਕਸ” ਨਾਮਕ ਫਿਲਮ ਵਿਚ ਜਾਨ
ਗਿਲਬਰਟ ਨੇ ਤਲਵਾਰਬਾਜ਼ੀ ਅਤੇ ਘੁੜਸਵਾਰੀ ਦੇ ਐਸੇ ਬੇਪਨਾਹ ਕਰਤਬ ਕੀਤੇ ਸਨ ਕਿ ਅਗਲੇ ਹੀ
ਦਿਨ ਸਾਡੇ ਸਾਰੇ ਵਿਦਿਆਰਥੀ ਵਰਗ ਨੇ ਰੂਸੀ ਫੈਸ਼ਨ ਦੀਆਂ ਮੋਟੀਆਂ ਮੋਟੀਆਂ, ਗੋਲ ਗੋਲ, ਨੱਕ
ਤੀਕਰ ਲਮਕਦੀ ਬੁਰ ਵਾਲੀਆਂ ਟੋਪੀਆਂ ਸਿਵਾ ਲਈਆਂ ਸਨ, ਜੋ ਕਈ ਵਰ੍ਹੇ ਪਿੰਡੀ ਵਿਚ ਫੈਸ਼ਨ
ਬਣੀਆਂ ਰਹੀਆਂ। ਹੀਰੋ ਦੇ ਬਹਾਦਰੀ ਦੇ ਕਰਤਬ ਵੇਖ ਕੇ ਬਾਹਰ ਆਉਂਦਿਆਂ ਸਾਰ ਕੁਝ ਨਾ ਕੁਝ ਆਪ
ਵੀ ਕਰ ਗੁਜ਼ਰਨ ਲਈ ਦਿਲ ਮਚਲ ਉਠਦਾ ਸੀ, ਪਰ ਲਾਚਾਰ ਹੋ ਕੇ ਬਾਈਸਿਕਲ ਦੀਆਂ ਵੱਖੀਆਂ ਤੋੜਨ
ਤੋਂ ਸਿਵਾ ਭੜਾਸ ਕਢਣ ਦਾ ਹੋਰ ਕੋਈ ਸਾਮਾਨ ਨਹੀਂ ਸੀ ਲੱਭਦਾ। ਜਿਥੇ ਫੁੱਲ ਹੈ, ਉਥੇ ਖਾਰ ਵੀ
ਹੈ। ਸਦਰ ਦੇ ਸਿਨਮਿਆਂ ਦੀ ਇਕ ਖਰਾਬੀ ਡਾਹਢਾ ਮਜ਼ਾ ਮਾਰਦੀ ਸੀ। ਹਰ ਸ਼ੋ ਪਿਛੋਂ “ਗਾਡ ਸੇਵ
ਦੀ ਕਿੰਗ” ਲਈ ਖਲੋਣਾ ਪੈਂਦਾ, ਜੋ ਭਰੀ ਕਲਾਸ ਵਿਚ ਆਪਣੇ ਮੂੰਹ ਤੇ ਆਪ ਚਪੇੜ ਮਾਰਨ ਵਾਲੀ
ਸਜ਼ਾ ਵਾਂਗ ਸੀ। ਇਕ ਵਾਰ ਮੇਰੇ ਦੋਸਤ ਨੇ ਉੱਠਣ ਵਿਚ ਕੁਝ ਢਿੱਲ ਕੀਤੀ ਤਾਂ ਪਿਛੋਂ ਕਾੜ
ਕਰਦਾ ਇਕ ਗੋਰੇ ਦਾ ਮੁਸ਼ਟੂ ਉਸ ਦੇ ਸਿਰ ਤੇ ਆ ਕੇ ਵਜਿਆ। ਅਜਿਹੇ ਅਪਮਾਨ ਨਿੱਤ ਸਹਿਣੇ
ਪੈਂਦੇ ਸਨ। ਹੋਰ ਇਕ ਦਿਨ। ਮੈਂ ਓਹੋ ਪੋਸਤੀਨ ਦੀ ਫੁੰਡੀ ਹੋਈ ਗੋਲ ਟੋਪੀ ਪਾਈ, ਜੋ ਸਾਧਾਰਨ
ਲੋਕਾਂ ਨੂੰ ਦੂਰੋਂ ਬੜੀ ਅਜੀਬ ਲਗਦੀ ਸੀ, ਪਰ ਜਿਸ ਵਿਚ – ਮੇਰੇ ਮਿੱਤਰਾਂ ਦੇ ਕਥਨ ਅਨੁਸਾਰ,
ਸਗੋਂ ਖੁਦ ਆਈਨਾ ਵੀ ਸ਼ਾਇਦ ਸੀ – ਮੈਂ ਹੂਬਹੂ ਜਾਨ ਗਿਲਬਰਟ ਮਲੂਮ ਹੁੰਦਾ ਸਾਂ, ਮੈਂ ਮਾਲ
ਰੋਡ ਉਪਰ ਬੇਤਹਾਸ਼ਾ ਸਾਈਕਲ ਉਡਾਈ ਜਾ ਰਿਹਾ ਸਾਂ। ਉਸ ਦਿਨ ਵਾਲੀ ਫਿਲਮ ਵਿਚ ਗਿਲਬਰਟ ਨੇ
ਘੁੜਸਵਾਰੀ ਦੀ ਥਾਂ ਸਕੀ ਚਲਾਣ ਦੇ ਕਮਾਲ ਵਿਖਾਏ ਸਨ। ਫਿਲਮ ਦੇ ਅਖੀਰ ਵਿੱਚ ਉਸ ਦੀ ਮਾਸ਼ੂਕ
ਦੀ ਬੇਵਫਾਈ ਦਾ ਰਾਜ਼ ਖੁਲ੍ਹ ਗਿਆ ਸੀ। ਪਸ਼ਚਾਤਾਪ ਦੀ ਅਗਨੀ ਵਿਚ ਬਲਦਾ ਉਹ ਸਕੀਆਂ ਉਪਰ ਪੈਰ
ਧਰ ਕੇ ਬਰਫਾਂ ਲੱਦੇ ਪਹਾੜਾਂ ਦੇ ਪਾਸੇ ਚੀਰਦਾ ਆਪਣੀ ਭੋਲੀ ਭਾਲੀ ਦੇਵੀ-ਸਰੂਪ ਪਤਨੀ ਕੋਲ ਜਾ
ਪੁੱਜਿਆ ਸੀ। ਓਦੋਂ ਮੈਨੂੰ ਨਹੀਂ ਸੀ ਪਤਾ ਕਿ ਹੀਰੋ ਨੂੰ ਇਤਨੀਆਂ ਤੇਜ਼ ਸਕੀਆਂ, ਜਾਂ ਘੋੜਾ
ਆਪ ਦੁੜਾਉਣ ਦੀ ਲੋੜ ਨਹੀਂ ਹੁੰਦੀ। ਕੇਵਲ ਕਲੋਜ਼-ਅਪ ਹੀ ਹੀਰੋ ਦੇ ਹੁੰਦੇ ਹਨ, ਅਤੇ ਉਹ ਬੜੀ
ਅਸਾਨੀ ਨਾਲ ਸਟੂਡੀਓ ਦੇ ਅੰਦਰ ਹੀ ਲੈ ਲਏ ਜਾਂਦੇ ਹਨ। “ਲਾਂਗ” ਅਤੇ “ਮੀਡੀਅਮ” ਸ਼ਾਟਾਂ ਲਈ,
ਜਿਨ੍ਹਾਂ ਵਿਚ ਸ਼ਕਲ ਪਛਾਣਨੀ ਔਖੀ ਹੁੰਦੀ ਹੈ, ਹੀਰੋ ਦੀ ਥਾਂ ਕੋਈ ਹੋਰ ਆਦਮੀ ਲੈ ਲੈਂਦਾ
ਹੈ, ਜਿਸ ਨੂੰ ਘੋੜਾ ਦੁੜਾਉਣਾ ਅਤੇ ਸਕੀ ਚਲਾਉਣੀ ਸੱਚਮੁੱਚ ਆਉਂਦੀ ਹੋਵੇ। ਅਤੇ ਸਿਰ-ਧੜ ਦੀ
ਬਾਜ਼ੀ ਉਹਨੂੰ ਵੀ ਲਾਉਣ ਦੀ ਲੋੜ ਨਹੀਂ, ਸ਼ੂਟਿੰਗ ਕਰਨ ਵੇਲੇ ਕੈਮਰੇ ਦੀ ਰਫਤਾਰ ਥੋੜੀ ਜਿਹੀ
ਹੌਲੀ ਕਰਨ ਦੀ ਲੋੜ ਹੈ, ਪਰਦੇ ਤੇ ਤਸਵੀਰਾਂ ਆਪੇ ਦੂਣੀ-ਚੌਣੀ ਰਫਤਾਰ ਨਾਲ ਦੌੜਨ ਲਗ
ਪੈਣਗੀਆਂ। ਇਹਨਾਂ ਨੂੰ ‘ਟ੍ਰਿਕ-ਸ਼ਾਟ’ ਆਖਦੇ ਹਨ। ਤਲਵਾਰਬਾਜ਼ੀ, ਪਿਸਤੌਲਬਾਜ਼ੀ,
ਮੁੱਕੇਬਾਜ਼ੀ, ਹਨੇਰੀ, ਤੂਫਾਨ, ਭੁਚਾਲ ਆਦਿ ਸਭ ਕੈਮਰੇ ਦੀ ਚਲਾਕੀ ਹੁੰਦੇ ਹਨ, ਜਿਸ ਦਾ ਇਕ
ਵਾਰੀ ਪਤਾ ਲਗ ਜਾਏ ਤਾਂ ਸਾਰਾ ਸੁਆਦ ਫਿੱਕਾ ਪੈ ਜਾਂਦਾ ਹੈ। ਜੇ ਮੈਨੂੰ ਅਜਿਹੀਆਂ ਵਿਚਲੀਆਂ
ਗੱਲਾਂ ਦਾ ਪਤਾ ਹੁੰਦਾ ਤਾਂ ਇੰਜ ਮੌਤ ਦੇ ਮੂੰਹ ਵਿਚ ਪੈ ਕੇ ਸਾਈਕਲ ਨਾ ਨਠਾਇਆ ਕਰਦਾ।
ਚੌਰਾਹੇ ਤੇ ਅਪੜਨ ਤੋਂ ਬਿੰਦ ਕੁ ਪਹਿਲਾਂ ਮੈਂ ਵੇਖਿਆ, ਸੱਜਿਓਂ ਇਕ ਮੋਟਰ ਸਾਈਕਲ ਆ ਰਹੀ
ਹੈ। ਮੈਂ ਇਕ ਦਮ
ਬਰੇਕ ਮਾਰੀ ਅਤੇ ਜਾਨ ਗਿਲਬਰਟ ਵਰਗੀ ਹੀ ਅਦਾਕਾਰੀ ਨਾਲ ਚੂਇੰਗ ਗੰਮ ਚਿੱਥਦਿਆਂ ਐਨ ਸਮੇਂ
ਸਿਰ ਪੈਰ ਪੈਡਲ ਤੋਂ ਹੇਠਾਂ ਉਤਾਰ ਕੇ ਸੜਕ ਉਤੇ ਜਾਮ ਹੋ ਗਿਆ। ਮੋਟਰ ਸਾਈਕਲ ਵਾਲੇ ਲਈ ਸਾਰੀ
ਸੜਕ ਖਾਲੀ ਪਈ ਸੀ, ਪਰ ਉਸ ਦਾ ਸਵਾਰ ਇਕ ਮਗਰੂਰ ਅੰਗਰੇਜ਼ ਸੀ, ਜੋ ਬੜੀ ਹੀ ਬਦਤਮੀਜ਼ੀ ਨਾਲ
ਮੈਨੂੰ ਗੰਦੀਆਂ ਗਾਲ੍ਹਾਂ ਕਢਦਾ ਅੱਗੇ ਨਿਕਲ ਗਿਆ। ਪਿਛੇ ਉਸ ਨੇ ਇਕ ਮੇਮ ਬਿਠਾਈ ਹੋਈ ਸੀ।
ਇਸ ਕਾਰਨ ਅਪਮਾਨ ਹੋਰ ਵੀ ਅਸਹਿ ਸੀ, ਹਾਲਾਂਕਿ ਉਸ ਪਰੀ-ਜ਼ਾਤ ਨਾਲ ਮੇਰੀਆਂ ਅੱਖਾਂ ਮਿਲੀਆਂ
ਤਾਂ ਉਹਨਾਂ ਵਿਚ ਹਮਦਰਦੀ ਅਤੇ ਨਿੱਘ ਸਾਫ ਨਜ਼ਰ ਆ ਗਿਆ ਸੀ। ਜੇ ਮੇਰੀ ਸਾਈਕਲ ਨਾਲ ਵੀ ਇੰਜਨ
ਲਗਾ ਹੁੰਦਾ, ਤਾਂ ਮੈਂ ਅਵੱਸ਼ ਉਸ ਬਦਤਮੀਜ਼ ਦਾ ਪਿੱਛਾ ਕਰਕੇ ਉਹਨੂੰ ਮਜ਼ਾ ਚਖਾਉਣਾ ਸੀ।
ਦਿਲ ਮਸੋਸ ਕੇ ਰਹਿ ਗਿਆ। ਪਰ ਇਹੋ ਜਹੀਆਂ ਬਦਸਲੂਕੀਆਂ ਵਡੇ ਵਡੇ ਰਾਏ ਬਹਾਦਰਾਂ ਅਤੇ ਖਾਨ
ਬਹਾਦਰਾਂ ਨਾਲ ਵੀ ਹੋ ਜਾਂਦੀਆਂ ਸਨ, ਫੇਰ ਪ੍ਰੋਫੈਸਰ ਤੇ ਮੁੰਡਿਆਂ ਦਾ ਕੀ ਆਖ? ਹਰ ਕੋਈ
ਉਨ੍ਹਾਂ ਤੋਂ ਬਚਣ ਦੇ ਆਪਣੇ ਖਾਸ ਨਿੱਜੀ ਢੰਗ ਸੋਚਦਾ ਸੀ। ਇਹਨਾਂ ਵਿਚ ਇੰਤਕਾਮ ਜਾਂ ਵਿਰੋਧ
ਦਾ ਕੋਈ ਜਜ਼ਬਾ ਨਹੀਂ ਸੀ ਹੁੰਦਾ, ਸਗੋਂ ਅਮਿਣਵੀਆਂ ਮਿਹਨਤਾਂ ਕਰਕੇ ਅੰਦਰੋਂ ਬਾਹਰੋਂ ਆਪਣੇ
ਆਪ ਨੂੰ ਪੂਰਨ-ਰੂਪ ਅੰਗਰੇਜ਼ੀ ਸੱਚੇ ਵਿਚ ਢਾਲ ਲੈਣਾ ਹਰ ਕਿਸੇ ਦਾ ਆਦਰਸ਼ ਬਣ ਗਿਆ ਸੀ। ਹਰ
ਕੋਈ ਇਹੋ ਸੁਪਨਾ ਵੇਖਦਾ ਸੀ ਕਿ ਕਦੇ ਨਾ ਕਦੇ ਉਹਨੂੰ ਅੰਗਰੇਜ਼ ਆਪਣੇ ਬਰਾਬਰ ਦਾ ਦਰਜਾ ਦੇਣ,
ਆਪਣੀ ਬਿਰਾਦਰੀ ਵਿਚ ਰਲਾਉਣ। ਅਤੇ ਇਹ ਕੋਈ ਅਨਹੋਣੀ ਗੱਲ ਵੀ ਨਹੀਂ ਸੀ। ਪੰਜਾਬ ਧੁਰ ਪੁਰਾਤਨ
ਕਾਲ ਤੋਂ ਆਰੀਆ, ਯੂਨਾਨੀ, ਤੁਰਕੀ ਅਤੇ ਅਨੇਕਾਂ ਹੋਰ ਗੋਰੀਆਂ ਹਮਲਾਵਰ ਕੌਮਾਂ ਲਈ ਭਾਰਤ ਦਾ
ਪ੍ਰਵੇਸ਼-ਦੁਆਰ ਰਿਹਾ ਹੈ। ਏਥੇ ਕੌਮਾਂ ਅਤੇ ਨਸਲਾਂ ਦੇ ਰੱਜ-ਰੱਜ ਕੇ ਮਿਸ਼ਰਣ ਹੋਏ ਹਨ। ਏਸੇ
ਕਾਰਨ ਇਸ ਖਿੱਤੇ ਵਿਚ ਅਚੰਭਿਤ ਕਰਨ ਦੀ ਹੱਦ ਤਕ ਗੋਰੇ ਅਤੇ ਸੁਨੱਖੇ ਲੋਕ ਵੇਖਣ ਵਿਚ ਆਉਂਦੇ
ਹਨ। ਇਸ ਦੀ ਤਸਦੀਕ ਵਿਚ ਕੇਵਲ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਸਦਾ ਤੋਂ
ਹੀਰੋਆਂ-ਹੀਰੋਇਨਾਂ ਲਈ ਫਿਲਮਸਾਜ਼ਾਂ ਦੀ ਤਲਾਸ਼-ਗਾਹ ਰਿਹਾ ਹੈ। ਦਲੀਪ ਕੁਮਾਰ, ਰਾਜ ਕਪੂਰ,
ਰਾਜ ਕੁਮਾਰ, ਰਾਜਿੰਦਰ ਕੁਮਾਰ, ਦੇਵ ਆਨੰਦ, ਧਰਮਿੰਦਰ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਅਤੇ
ਕਿਤਨੇ ਹੀ ਹੋਰ ਹੀਰੋ ਓਸੇ ਪਾਸੇ ਦੇ ਲੋਕ ਹਨ। ਸਾਡਾ ਪਿੰਡੀ, ਪਿਸ਼ੌਰ ਤਾਂ ਏਸ ਲਿਹਾਜ਼ ਤੋਂ
ਹੋਰ ਵੀ ਜਿ਼ਆਦਾ ਮੁਮਤਾਜ਼ ਰਿਹਾ ਹੈ। ਏਸ ਨਾਚੀਜ਼ ਲੇਖਕ ਨੂੰ ਵੀ ਉਹਦੀ ਫਿਲਮੀ ਜਿ਼ੰਦਗੀ
ਵਿਚ ਕਈ ਵਾਰ ਗੈਰੀ ਕੂਪਰ, ਰੋਨਾਲਡ ਕਾੱਲਮੈਨ, ਹਮਫਰੀ ਬੋਗਾਰਟ, ਐਨਥਨੀ ਕਵਿਨ ਆਦਿ ਨਾਲ
ਤਸ਼ਬੀਹ ਦਿਤੀ ਜਾਂਦੀ ਰਹੀ ਹੈ। ਦੇਵ ਆਨੰਦ ਦੇ ਇੰਡੀਅਨ ਗਰੈਗਰੀ ਪੈਕ ਅਖਵਾਉਣ ਤੋਂ ਤਾਂ ਸਭ
ਜਾਣੂ ਸਨ। ਆਪਣੇ ਸਵੈ-ਮਾਣ ਦੀ ਰਖਿਆ ਲਈ ਬਾਕੀ ਹਿੰਦੁਸਤਾਨ ਵਿਚ ਭਾਰਤੀਆਂ ਨੇ ਗਾਂਧੀ ਜੀ ਦੀ
ਰਾਹ ਫੜੀ, ਪਰ ਪੰਜਾਬੀਆਂ ਨੂੰ ਨੱਕਾਲੀ ਦੀ ਰਾਹ ਫੜਨਾ ਬਹੁਤ ਲਾਹੇਵੰਦਾ ਰਿਹਾ, ਅਤੇ ਇਸ ਨੂੰ
ਉਹ ਏਸ ਆਜ਼ਾਦੀ ਦੇ ਯੁੱਗ ਵਿਚ ਵੀ ਛੱਡਣ ਲਈ ਤਿਆਰ ਨਹੀਂ। ਸਗੋਂ ਸੱਚ ਤਾਂ ਇਹ ਹੈ ਕਿ ਹੁਣ
ਬਾਕੀ ਹਿੰਦੁਸਤਾਨ ਵੀ ਗਾਂਧੀ ਜੀ ਦੀ ਰਾਹ ਛੱਡ ਕੇ ਨੱਕਾਲੀ ਵਾਲੀ ਰਾਹ ਵਲ ਖਿਚੀਂਦਾ ਆ ਰਿਹਾ
ਹੈ। ਸਾਡੀ ਫਿਲਮ ਇੰਡਸਟਰੀ ਵਿਚ ਵੀ ਕਦੇ ਗਾਂਧੀ ਅਤੇ ਟੈਗੋਰ ਤੋਂ ਪ੍ਰੇਰਨਾ ਲੈ ਕੇ ਰਾਸ਼ਟਰੀ
ਭਾਵਨਾਵਾਂ ਜਾਗ੍ਰਤ ਹੋਈਆਂ ਸਨ, “ਨਿਊ ਥੇਟਰ” ਅਤੇ “ਪ੍ਰਭਾਤ ਫਿਲਮ ਕੰਪਨੀ” ਵਰਗੀਆਂ
ਸੰਸਥਾਵਾਂ ਬਣੀਆਂ ਸਨ। ਪਰ ਅਜ, ਪੰਜਾਬੀਆਂ ਦੇ ਅਸਰ ਹੇਠ, ਮੈਦਾਨ ਵਿਚ ਨਕਲ ਦਾ ਝੰਡਾ ਬੜੀ
ਮਜ਼ਬੂਤੀ ਨਾਲ ਗੱਡਿਆ ਜਾ ਚੁੱਕਿਆ ਹੈ। ਇਕ ਤਰ੍ਹਾਂ ਵੇਖੋ ਤਾਂ ਹੈ ਗੱਲ ਮਜ਼ਾਕ ਦੀ। ਪਰ
ਕੁਦਰਤ ਦੀ ਸਿਤਮ-ਜ਼ਰੀਫੀ ਨੇ ਇਕ ਹਾਸੇ ਵਾਲੀ ਚੀਜ਼ ਨੂੰ ਵੀ ਗੰਭੀਰ ਬਣਾ ਛਡਿਆ ਹੈ। ਜੇ
ਪੂਰੀ ਦੀ ਪੂਰੀ ਕੌਮ ਆਪਣੇ ਆਪ ਨੂੰ ਧੋਖਾ ਦੇ ਸਕਦੀ ਸੀ, ਤਾਂ ਮੈਂ ਤਾਂ ਮਸਾਂ
ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਬਾਲ ਸਾਂ। ਜਦੋਂ ਵੀ ਮੈਂ ਕੋਈ ਵਲੈਤੀ ਪਿਕਚਰ ਵੇਖ ਕੇ ਘਰ
ਪਹੁੰਚਦਾ ਤਾਂ ਪਹਿਲਾ ਕੰਮ ਹੁੰਦਾ, ਸ਼ੀਸ਼ੇ ਵਿਚ ਮੁਖਤਲਿਫ ਜ਼ਾਵੀਆਂ ਤੋਂ ਆਪਣੀ ਸ਼ਕਲ
ਨਿਹਾਰਨਾ, ਅਤੇ ਅਜੀਬ ਗੱਲ ਹੈ, ਸਦਾ ਮੈਨੂੰ ਉਸ ਵਿਚ ਉਸ ਫਿਲਮ ਦੇ ਹੀਰੋ ਦੀ ਝਲਕ ਸਾਫ ਨਜ਼ਰ
ਆਉਂਦੀ ਸੀ! ਮੈਂ ਇਸ ਚਮਤਕਾਰ ਉਤੇ ਆਪ ਬੜਾ ਹੈਰਾਨ ਸਾਂ ਕਿ ਕਿਵੇਂ ਇਕ ਇਕੱਲੇ ਆਦਮੀ ਦੀ
ਸ਼ਕਲ ਹਾਲੀਵੁਡ ਦੇ ਸਾਰਿਆਂ ਹੀ ਹੀਰੋਆਂ ਨਾਲ ਮੇਲ ਖਾ ਸਕਦੀ ਹੈ। ਮੈਂ ਸ਼ੀਸ਼ੇ ਦਾ ਖਹਿੜਾ
ਉਸ ਵੇਲੇ ਤਕ ਨਾ ਛਡਦਾ ਜਦੋਂ ਉਪਰ ਮੁਘ ਤੋਂ ਪਿਤਾ ਜੀ ਜਾਂ ਮਾਤਾ ਜੀ ਦੀ ਗੁੱਸੇ ਭਰੀ ਹਾਕ
ਸਿਰ ਤੇ ਬੰਬਾਰ ਵਾਂਗ ਨਾ ਵਜਦੀ। ਉਹ ਸਖਤੀ ਨਾਲ ਦੇਰ ਨਾਲ ਆਉਣ ਦਾ ਕਾਰਨ ਪੁਛਦੇ, ਅਤੇ ਮੈਂ
ਝਟ ਕੋਈ ਕੱਚਾ ਪੱਕਾ ਝੂਠ ਮਾਰ ਛਡਦਾ। ਮੁੜ ਮੁੜ ਝੂਠ ਬੋਲਣ ਦੀ ਏਸ ਆਦਤ ਨੇ ਸੱਚੀ ਸਾਫ ਤੇ
ਖਰੀ ਗੱਲ ਮੂੰਹ ਉਤੇ ਕਹਿਣ ਦੀ ਤਾਕਤ ਵੀ ਮੇਰੇ ਕਿਰਦਾਰ ਵਿਚੋਂ ਮਨਫੀ ਕਰ ਦਿਤੀ। ਮੇਰੇ ਅੰਦਰ
ਅਣਖ ਦੀ ਘਾਟ ਨਹੀਂ, ਅਤੇ ਨਾ ਹੀ ਅੱਜ ਤੱਕ ਕੋਈ ਮਾਈ ਦਾ ਲਾਲ ਮੈਨੂੰ ਆਪਣੀ ਵਡਿਆਈ ਦੇ ਜ਼ੋਰ
ਉਤੇ ਝੁਕਾ ਸਕਿਆ ਹੈ। ਪਰ ਫੇਰ ਵੀ, ਰੋਜ਼ ਦੇ ਵਰਤਾਰੇ ਵਿਚ, ਮੈਂ ਹਰ ਇਨਸਾਨ ਦੇ ਹਜ਼ੂਰ ਵਿਚ
ਇਕ ਕਸੂਰਵਾਰ ਵਾਂਗ ਹੀ ਪੇਸ਼ ਹੁੰਦਾ ਹਾਂ, ਭਾਵੇਂ ਉਹ ਮੈਥੋਂ ਵੱਡਾ ਹੋਵੇ, ਭਾਵੇਂ ਛੋਟਾ,
ਜਿਵੇਂ, ਮੈਂ ਉਸ ਤੋਂ ਆਪਣਾ ਕੋਈ ਕਸੂਰ ਲੁਕਾ ਰਿਹਾ ਹੋਵਾਂ। ਮੈਨੂੰ ਆਪਣੀ ਫਿਲਮੀ ਕਾਮਯਾਬੀ
ਅਤੇ ਸ਼ੁਹਰਤ ਵੀ ਇਕ ਕਸੂਰ ਹੀ ਜਾਪਦੀ ਹੈ। ਲੋਕੀਂ ਮੇਰੇ ਮਿਜ਼ਾਜ ਦੀ ਨਿਮਰਤਾ ਦਾ ਜਿ਼ਕਰ
ਕਰਦੇ ਹਨ। ਪਰ ਏਸ ਨਿਮਰਤਾ ਵਿਚ ਕਾਫੀ ਹਿੱਸਾ ਏਸ ਦੋਖੀਪਣ ਦੇ ਅਹਿਸਾਸ ਦਾ ਵੀ ਹੈ। ਨਿੱਕਿਆਂ
ਹੁੰਦਿਆਂ ਤੋਂ ਮਾਪਿਆਂ ਨੇ ਫਿਲਮਾਂ ਨੂੰ ਗੁਨਾਹ ਦੇ ਰੂਪ ਵਿਚ ਵੇਖਣ ਦੀ ਮੈਨੂੰ ਆਦਤ ਪਾ
ਛੱਡੀ ਹੈ।
ਮੇਰਾ ਬਚਪਨ ਸੰਸਾਰ ਦੀ ਫਿਲਮ-ਕਲਾ ਦੇ ਵੀ ਬਚਪਨ ਦਾ ਜ਼ਮਾਨਾ ਸੀ। ਉਸ ਵਿਚ ਅਸਾਧਾਰਨ ਆਕਰਸ਼ਣ
ਵੀ ਕੇਵਲ ਮੈਨੂੰ ਨਹੀਂ, ਸਾਰੀ ਦੀ ਸਾਰੀ ਪੀੜ੍ਹੀ ਨੂੰ ਹੀ ਹੋਇਆ ਸੀ। ਮੈਨੂੰ ਕੱਲ੍ਹ ਵਾਂਗ
ਯਾਦ ਹੈ ਜਦੋਂ ਫਿਲਮਾਂ ਵਿਚ ਦਾਖਲ ਹੋਣ ਲਈ ਬੰਬਈ ਰਵਾਨਾ ਹੁੰਦੇ ਪ੍ਰਿਥਵੀ ਰਾਜ ਕਪੂਰ ਅਤੇ
ਜਗਦੀਸ਼ ਸੇਠੀ ਆਪਣੇ ਮਿੱਤਰਾਂ ਨੂੰ ਅਲਵਿਦਾ ਕਹਿਣ ਰਾਵਲਪਿੰਡੀ ਦੇ ਨੇੜੇ ਕੋਹਮਰੀ ਤਸ਼ਰੀਫ
ਲਿਆਏ ਸਨ। ਉਹਨਾਂ ਦੇ ਮੁਕਾਬਲੇ ਵਿਚ ਮੈਂ ਅਜੇ ਕਮਸਿਨ ਸਾਂ, ਪਰ ਆਪਣੇ ਆਲੇ ਦੁਆਲੇ ਜੋ ਕੁਝ
ਹੋ ਰਿਹਾ ਸੀ, ਉਸ ਨੂੰ ਬੜੇ ਗੌਰ ਨਾਲ ਵੇਖਦਾ ਸਾਂ। ਪੰਜਾਬ ਦੇ ਮਨਚਲੇ ਹੁਸੀਨ ਗੱਭਰੂਆਂ ਲਈ
ਗੋਰੀ ਹਕੂਮਤ ਨੇ ਵਿਕਾਸ ਦੇ ਸਾਰੇ ਰਾਹ ਬੰਦ ਕੀਤੇ ਹੋਏ ਸਨ, ਪਰ ਫੇਰ ਵੀ ਉਹਨਾਂ ਨੂੰ ਰੋਕ
ਕੇ ਰੱਖਣਾ ਬੜਾ ਔਖਾ ਸੀ। ਅਤੇ ਫਿਲਮ ਇਕ ਐਸਾ ਮੈਦਾਨ ਸੀ ਜਿਸ ਦੇ ਵਿਸ਼ਾਲ ਕਾਲਪਨਿਕ ਘੇਰੇ
ਵਿਚ ਪੰਜਾਬੀ ਗਭਰੂਆਂ ਨੂੰ ਉਹ ਸਾਰੇ ਕਾਰਨਾਮੇ ਕਰਨ ਦੀ ਖੁਲ੍ਹ ਸੀ ਜਿਨ੍ਹਾਂ ਦੀ ਜੀਵਨ
ਇਜਾਜ਼ਤ ਨਹੀਂ ਸੀ ਦੇਂਦਾ। ਹਰੀ ਰਾਮ ਸੇਠੀ ਵੀ ਸਾਡੇ ਸ਼ਹਿਰ ਦੇ ਇਕ ਪਾਰਲੇ ਦਰਜੇ ਦੇ
ਅਲਬੇਲੇ ਗੱਭਰੂ ਸਨ। ਪੰਜਾਬ ਵਿਚ ਸਭ ਤੋਂ ਪਹਿਲੀ ਸਰਮਾਏਦਾਰ ਫਿਲਮ ਕੰਪਨੀ ਉਹਨਾਂ ਦੀ ਹਿੰਮਤ
ਨਾਲ ਰਾਵਲਪਿੰਡੀ ਵਿਚ ਹੀ ਬਣੀ ਸੀ। ਨਾਂ ਸੀ, “ਪੰਜਾਬ ਫਿਲਮ ਕੰਪਨੀ”। ਤੇ ਪਹਿਲੀ ਫਿਲਮ ਸੀ,
“ਅਬਲਾ”। ਉਸ ਦੀ ਸ਼ੂਟਿੰਗ ਵੀ ਰਾਵਲਪਿੰਡੀ ਵਿਚ ਹੋਈ। ਤਿਲਕ ਭਸੀਨ, ਬਾਵਾ ਭੀਸ਼ਮ ਸਿੰਘ,
ਅਤੇ ਕਿਤਨਿਆਂ ਹੀ ਹੋਰ ਮੇਰੇ ਮਿੱਤਰਾਂ ਨੇ ਉਸ ਵਿਚ ਪਾਰਟ ਕੀਤਾ ਸੀ। ਹੀਰੋ ਨੂੰ ਡਾਇਰੈਕਟਰ
ਬੰਗਾਲ ਤੋਂ ਭਰਤੀ ਕਰਕੇ ਲਿਆਏ ਸਨ। ਇਸ ਗੱਲ ਦੀ ਸਾਰੇ ਸ਼ਹਿਰ ਦੇ ਨੌਜਵਾਨਾਂ ਨੂੰ ਖਾਰ ਸੀ।
ਅਸੀਂ ਸ਼ੂਟਿੰਗ ਵੇਲੇ ਹੀਰੋ ਦੇ ਆਲੇ ਦੁਆਲੇ ਗੇੜੇ ਮਾਰਦੇ, ਉਹਨੂੰ ਅਹਿਸਾਸ ਕਰਾਉਣ ਦੀ
ਕੋਸਿ਼ਸ਼ ਕਰਦੇ ਕਿ ਹੁਸਨ ਦੇ ਨੁਕਤੇ ਤੋਂ ਉਹ ਸਾਡੀ ਚੀਚੀ ਦੀ ਉਂਗਲ ਦੀ ਬਰਾਬਰੀ ਨਹੀਂ ਸੀ
ਕਰਦਾ। ਮੋਟਾ ਕਾਮਿਡੀਅਨ ਰਾਮ ਅਵਤਾਰ, ਜੋ ਹੁਣ ਵੀ ਪਿਕਚਰਾਂ ਵਿਚ ਕੰਮ ਕਰਦਾ ਹੈ, ਓਸੇ
ਜ਼ਮਾਨੇ ਪਿੰਡੀਓਂ ਨੱਠ ਕੇ ਆਇਆ ਸੀ। ਸੁਰਗਵਾਸੀ ਪ੍ਰਹਿਲਾਦ ਦੱਤ ਬੰਬਈ ਦੀ ਫਿਲਮ ਇੰਡਸਟਰੀ
ਦਾ ਇਕ ਬਹੁਤ ਹੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਕੈਮਰਾਮੈਨ ਹੋ ਗੁਜ਼ਰਿਆ ਹੈ। ਉਸ ਦੇ ਕੀਤੇ
ਕਈ ਫਿਲਮੀ ਅਵਿਸ਼ਕਾਰ ਯੋਰਪ ਅਤੇ ਅਮਰੀਕਾ ਵਿੱਚ ਵੀ ਸਲਾਹੇ ਜਾ ਚੁਕੇ ਹਨ। ਅਜ ਉਹ ਇਸ ਸੰਸਾਰ
ਵਿਚ ਨਹੀਂ। ਪਰ ਮੈਨੂੰ ਯਾਦ ਹੈ ਉਹ ਤੇ ਮੇਰਾ ਇਕ ਹੋਰ ਮਿੱਤਰ, ਤਿਲਕ ਭਸੀਨ ਪਿੰਡੀ ਪਾਇੰਟ
ਅਤੇ ਕਸ਼ਮੀਰ ਪਾਇੰਟ ਦੀਆਂ ਸੈਰਾਂ ਦੇ ਦੌਰਾਨ ਹਮੇਸ਼ਾਂ “ਦੋ ਰੀਲਰ” ਕਾਮਿਡੀਆਂ ਦੇ
“ਸਿਚੂਏਸ਼ਨ” ਸੋਚਦੇ ਰਹਿੰਦੇ ਸਨ। ਇਕ ਵਾਰੀ ਕਿਸੇ ਲੁਕੇ ਹੋਏ ਖਜ਼ਾਨੇ ਦੀ ਤਲਾਸ਼ ਵਿਚ ਉਸ
ਅੰਗਰੇਜ਼ ਦੀ ਕੋਠੀ ਦੇ ਹਾਤੇ ਦੀ ਚਿੱਟੀ ਬੁੱਤੀ ਪੁਟ ਸੁੱਟੀ, ਤਾਂ ਪੁਲਿਸ ਦੇ ਹਵਾਲੇ ਕਰ
ਦਿਤਾ ਗਿਆ। ਪ੍ਰਹਿਲਾਦ ਦੱਤ ਨੇ ਏਸ ਤੋਂ ਕੁਝ ਹੀ ਵਰ੍ਹੇ ਪਿਛੋਂ ਆਪਣੇ ਹੱਥ ਨਾਲ ਇਕ “ਮੂਵੀ
ਕੈਮਰਾ” ਬਣਾ ਕੇ ਵਿਖਾ ਦਿਤਾ, ਅਤੇ ਉਸ ਦੀਆਂ ਸ਼ੁਹਰਤਾਂ ਦੂਰ ਦੂਰ ਤਕ ਫੈਲ ਗਈਆਂ। ਜੇ ਮੈਂ
ਗਲਤੀ ਨਹੀਂ ਕਰਦਾ ਤਾਂ ਉਸ ਨੇ ਭਗਤ ਸਿੰਘ ਦੀ ਇਨਕਲਾਬੀ ਪਾਰਟੀ ਲਈ ਬੰਮ ਵੀ ਬਣਾਏ ਸਨ। ਉਸ
ਦਾ ਸਾਥੀ ਹਰਬੰਸ ਭਲੱਾ ਹੁਣ ਵੀ ਮਦਰਾਸ ਵਿਚ ਫਿਲਮਾਂ ਦਾ ਕੰਮ ਕਰਦਾ ਹੈ। ਆਪਣੀ ਲੈਬਾਰਟਰੀ
ਹੈ ਉਸ ਦੀ। ਜੈ ਕਿਸ਼ਨ ਨੰਦਾ, ਜਿਨ੍ਹਾਂ “ਇਸ਼ਾਰ” ਵਰਗੀਆਂ ਕਾਮਯਾਬ ਫਿਲਮਾਂ ਡਾਇਰੈਕਟ
ਕੀਤੀਆਂ ਹਨ, ਉਸੇ ਜ਼ਮਾਨੇ ਫਿਲਮੀ ਹੀਰੋ ਬਣਨ ਲਈ ਜਰਮਨੀ ਉਠ ਦੌੜੇ ਸਨ। ਆਰ. ਸੀ. ਤਲਵਾੜ
ਹਾਲੀਵੁੱਡ ਜਾ ਪੁੱਜੇ। ਹੋਰ ਵੀ ਕਿਤਨੇ ਹੀ ਮੇਰੀ ਜਾਣ ਪਛਾਣ ਦੇ ਬੰਦੇ ਮੈਥੋਂ ਪਹਿਲਾਂ ਤੋਂ
ਫਿਲਮਾਂ ਵਿਚ ਆਏ ਹੋਏ ਸਨ। 1930 ਵਿਚ ਮੇਰੀ ਜਿ਼ੰਦਗੀ ਨੇ ਇਕ ਇਤਿਹਾਸਕ ਮੋੜ ਖਾਧਾ। ਮੈਂ
ਪਿੰਡੀ ਛੱਡ ਕੇ ਲਾਹੌਰ ਗੌਰਮਿੰਟ ਕਾਲਿਜ ਬੀ. ਏ. ਵਿਚ ਦਾਖਲ ਹੋਇਆ। ਏਸੇ ਸਾਲ ਫਿਲਮਾਂ ਨੇ
ਵੀ ਖਾਮੋਸ਼ੀ ਦਾ ਦਾਮਨ ਛਡ ਕੇ ਬੋਲਣ ਦੇ ਯੁੱਗ ਵਿਚ ਪ੍ਰਵੇਸ਼ ਕੀਤਾ। ਅਚਾਨਕ ਖਬਰ ਉੱਡੀ ਕਿ
“ਆਲਮ ਆਰਾ” ਨਾਂ ਦੀ ਪਹਿਲੀ “ਟਾਕੀ” ਫਿਲਮ ਕੈਪੀਟਲ ਸਿਨੇਮਾ ਵਿਚ ਵਿਖਾਈ ਜਾ ਰਹੀ ਹੈ, ਜਿਸ
ਵਿਚ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਕੰਮ ਕਰ ਰਹੇ ਹਨ। ਮੈਂ ਬੜੇ ਚਾਅ ਨਾਲ ਵੇਖਣ
ਗਿਆ। ਭੀੜਾਂ ਦਾ ਕੋਈ ਅੰਤ ਨਹੀਂ ਸੀ। ਏਸੇ ਸਿਨੇਮਾ ਵਿਚ ਇਕ ਹਫਤਾ ਪਹਿਲਾਂ ਜਦੋਂ ਮੈਂ ਜੀਨ
ਹਾਰਲੋ (ਉਸ ਜ਼ਮਾਨੇ ਦੀ ਮਾਰਲਿਨ ਮੁਨਰੋ, ਜੋ ਮਾਰਲਿਨ ਵਾਂਗ ਹੀ ਭਰੀ ਜੁਆਨੀ ਵਿਚ ਬੇਮੌਤ
ਮੋਈ ਸੀ) ਦੀ ਪਿਕਚਰ “ਹੈਲਜ਼ ਏਂਜਲਸ” ਦਾ ਟਿਕਟ ਖਰੀਦ ਰਿਹਾ ਸਾਂ, ਮੈਨੂੰ ਖਬਰ ਮਿਲੀ ਕਿ
ਅੰਦਰ ਸਾਡੀ ਰਾਵਲਪਿੰਡੀ ਵਾਲੀ ਫਿਲਮ “ਅਬਲਾ” ਦਾ ਪ੍ਰਾਈਵੇਟ ਸ਼ੋ ਹੋ ਰਿਹਾ ਹੈ, ਅਤੇ
ਇਮਤਿਆਜ਼ ਅਲੀ ਤਾਜ ਅਤੇ ਅਹਿਮਦ ਸ਼ਾਹ ਬੁਖਾਰੀ ਵਰਗੇ ਪਾਰਖੂ ਵੇਖਣ ਆਏ ਹੋਏ ਹਨ। ਬੁਖਾਰੀ
ਮੇਰੇ ਪਰੋਫੈਸਰ ਸਨ। ਕੁਝ ਮਿੰਟਾਂ ਬਾਅਦ ਸ਼ੋ ਖਤਮ ਹੋਇਆ ਤਾਂ ਮੈਂ ਬੁਖਾਰੀ ਸਾਹਬ ਕੋਲੋਂ
ਬੜੇ ਦਾਈਏ ਨਾਲ ਅੱਗੇ ਵਧ ਕੇ ਰਾਏ ਪੁਛੀ। ਉਹ ਬੜੇ ਉਦਾਸ ਹੋ ਕੇ ਕਹਿਣ ਲਗੇ, “ਟੈਕਨੀਕਲ
ਲਿਹਾਜ਼ ਤੋਂ ਇਹ ਫਿਲਮ ਚੰਗੀ ਤੋਂ ਚੰਗੀ ਅਮਰੀਕਨ ਫਿਲਮ ਦਾ ਮੁਕਾਬਲਾ ਕਰ ਸਕਦੀ ਹੈ। ਕਿਤਨੇ
ਅਫਸੋਸ ਦੀ ਗੱਲ ਹੈ ਕਿ ਬਨਾਣ ਵਾਲਿਆਂ ਨੂੰ ਇਤਨਾ ਰੁਪਿਆ ਖਰਚ ਕਰਨ ਵੇਲੇ ਇਸ ਗੱਲ ਦਾ ਖਿਆਲ
ਨਹੀਂ ਆਇਆ ਕਿ ਖਾਮੋਸ਼ ਫਿਲਮਾਂ ਦਾ ਜ਼ਮਾਨਾ ਖਤਮ ਹੋ ਰਿਹਾ ਹੈ।” ਲਾਲਾ ਹਰੀ ਰਾਮ ਸੇਠੀ ਉਸ
ਫਿਲਮ ਕਾਰਨ ਬਰਬਾਦ ਹੋ ਗਏ। ਪਰ ਉਸ ਵੇਲੇ ਮੈਨੂੰ ਇਸ ਗੱਲ ਦਾ ਰੰਜ ਨਹੀਂ ਸੀ, ਸਗੋਂ ਅਭਿਮਾਨ
ਮਹਿਸੂਸ ਹੁੰਦਾ ਸੀ, ਕਿ ਅਖੀਰ ਰਾਵਲਪਿੰਡੀ ਵਾਲਿਆਂ ਨੇ ਵਲੈਤ ਵਾਲਿਆਂ ਦੀ ਬਰਾਬਰੀ ਕਰਕੇ
ਵਿਖਾ ਹੀ ਦਿਤੀ।
ਏਸ ਤੋਂ ਉਲਟ “ਆਲਮ ਆਰਾ” ਟੈਕਨੀਕਲ ਲਿਹਾਜ਼ ਤੋਂ ਇਕ ਨਿਹਾਇਤ ਘਟੀਆ ਫਿਲਮ ਸੀ, ਪਰ ਉਸ ਦੇ
ਬਣਾਨ ਵਾਲੇ ਮਾਲਾਮਾਲ ਹੋ ਗਏ। ਫਿਲਮ ਲਾਈਨ ਵਿਚ ਅਜਿਹੇ ਹਨ੍ਹੇਰ ਰੋਜ਼ ਹੁੰਦੇ ਹਨ। ਘਟੀਆ
ਫਿਲਮਾਂ ਕਾਮਯਾਬ ਹੋ ਜਾਂਦੀਆਂ ਹਨ, ਵਧੀਆ ਫੇਲ੍ਹ। ਪਰ ਓਦੋਂ ਮੈਨੂੰ ਇਹਨਾਂ ਗੱਲਾਂ ਦਾ ਕੁਝ
ਨਹੀਂ ਸੀ ਪਤਾ। ਅਤੇ ਨਾ ਹੀ ਇਸ ਗੱਲ ਦਾ ਪਤਾ ਸੀ ਕਿ ਤਕਨੀਕ ਸ਼ਬਦ ਦਾ ਫਿਲਮਾਂ ਦੇ ਸੰਪਰਕ
ਵਿਚ ਠੀਕ ਠੀਕ ਕੀ ਅਰਥ ਹੁੰਦਾ ਹੈ। ਲਾਹੌਰ ਵਿਚ ਮੈਂ ਘਰ ਦੇ ਅਕੁੰਸ਼ ਤੋਂ ਆਜ਼ਾਦ ਸਾਂ,
ਕਿਉਂਕਿ ਹੋਸਟਲ ਵਿਚ ਰਹਿੰਦਾ ਸਾਂ। ਹੁਣ ਫਿਲਮਾਂ ਵੇਖਣ ਤੋਂ ਮੈਨੂੰ ਕੋਈ ਰੋਕ ਨਹੀਂ ਸੀ
ਸਕਦਾ। ਹਫਤੇ ਵਿਚ ਘਟੋ ਘਟ ਤਿੰਨ ਅਮਰੀਕੀ ਫਿਲਮਾਂ ਤਾਂ ਜ਼ਰੂਰ ਵੇਖ ਛਡਦਾ, ਅਤੇ ਉਹਨਾਂ ਦਾ
ਅਸਰ ਮੇਰੀ ਚੇਤਨਾ ਉਪਰ ਦਿਨੋਂ ਦਿਨ ਬੜਾ ਗੰਭੀਰ ਹੁੰਦਾ ਜਾ ਰਿਹਾ ਸੀ। ਪਰ ਅਜੇ ਵੀ ਫਿਲਮ
ਐਕਟਰ ਬਣਨ ਦਾ ਖਿਆਲ ਮੇਰੇ ਮਨ ਵਿਚ ਕਦੇ ਤੀਬਰਤਾ ਨਾਲ ਨਹੀਂ ਸੀ ਉਠਦਾ। ਜੇ ਐਕਟਰ ਬਣਨਾ
ਹੋਵੇ ਤਾਂ ਬੰਦਾ ਹਾਲੀਵੁਡ ਜਾ ਕੇ ਬਣੇ ਹਿੰਦੁਸਤਾਨੀ ਫਿਲਮਾਂ ਵਿਚ ਪੈ ਕੇ ਆਪਣੇ ਆਪ ਨੂੰ
ਕਿਉਂ ਖਰਾਬ ਕਰੇ? ਐਮ. ਏ. ਵਿਚ ਪੁਜਦਿਆਂ ਮੇਰੀ ਸਾਹਿਤਕ ਸੂਝ ਕਾਫੀ ਨਿੱਖਰ ਚੁਕੀ ਸੀ।
ਗੌਰਮਿੰਟ ਕਾਲਿਜ ਦੀ ਨਾਟਕ-ਮੰਡਲੀ ਵਿਚ ਵੀ ਮੈਂ ਮੈਂ ਮੂੰਹ ਮਾਰਨ ਲਗ ਪਿਆ ਸਾਂ, ਜਿਸ ਦੇ
ਰੂਹੇ-ਰਵਾਂ ਬੁਖਾਰੀ ਸਾਹਬ ਸਨ। ਉਹਨਾਂ ਦੇ ਸਾਥੀ ਪ੍ਰੋਫੈਸਰ ਜੀ. ਡੀ. ਸੋਂਧੀ, ਈਸ਼ਵਰ ਚੰਦਰ
ਨੰਦਾ, ਅਤੇ ਇਮਤਿਆਜ਼ ਅਲੀ ਤਾਜ ਵੀ ਦੇਸ਼-ਵਿਆਪੀ ਸ਼ੁਹਰਤ ਦੇ ਮਾਲਕ ਸਨ। ਮੈਂ ਬੜੇ ਮਾਣ ਨਾਲ
ਕਹਿ ਸਕਦਾ ਹਾਂ ਕਿ ਯਥਾਰਥਵਾਦੀ ਨਾਟ ਅਤੇ ਅਭਿਨਯ ਕਲਾ ਦੀਆਂ ਮੁਢਲੀਆਂ ਕਦਰਾਂ ਸਿਧਾਂਤਕ ਤੌਰ
ਉਤੇ ਅੰਗਰੇਜ਼ੀ ਸਾਹਿਤ ਦੇ ਐਮ. ਏ. ਦੇ ਅਧਿਅਨ ਨੇ, ਅਤੇ ਅਮਲੀ ਤੌਰ ਉਤੇ ਗੌਰਮਿੰਟ ਕਾਲਜ
ਲਾਹੌਰ ਦੀ ਡਰਾਮੈਟਿਕ ਸੋਸਾਇਟੀ ਨੇ ਹੀ ਪਹਿਲੋਂ ਪਹਿਲ ਮੈਨੂੰ ਸਿਖਾਈਆਂ। ਜਦੋਂ ਟੀਚੇ ਸਪਸ਼ਟ
ਹੋ ਜਾਣ ਤਾਂ ਬਾਕੀ ਖੇਡ ਲਗਨ ਅਤੇ ਮਿਹਨਤ ਹੀ ਰਹਿ ਜਾਂਦੀ ਹੈ। ਕਦੇ ਨਾ ਕਦੇ ਠੋਕਰਾਂ ਖਾਂਦਾ
ਇਨਸਾਨ ਉਹਨਾਂ ਟੀਚਿਆਂ ਤੀਕ ਅਪੜ ਹੀ ਜਾਂਦਾ ਹੈ। ਮੈਂ ਆਪਣੇ ਉਪਰੋਕਤ ਬਜ਼ੁਰਗਾਂ ਦੀ ਯਾਦ
ਨੂੰ ਸਲਾਮ ਭੇਜਦਾ ਹਾਂ, ਜਿਨ੍ਹਾਂ ਨੇ ਆਰਟ ਵਿਚ ਮੈਨੂੰ ਸਰਬੋਤੱਮ ਟੀਚਿਆਂ ਦੇ ਦਰਸ਼ਨ ਕਰਾਏ।
ਫੇਰ ਇਕ ਹੋਰ ਧਮਾਕਾ ਹੋਇਆ। ਕਲਕੱਤੇ “ਨਿਊ ਥੇਟਰਜ਼” ਤੋਂ ਬਣ ਕੇ ਆਈ “ਪੂਰਨ ਭਗਤ” ਨਾਮਕ
ਫਿਲਮ ਲਾਹੌਰ ਮੈਕਲੋਡ ਰੋਡ ਦੇ ਇਕ ਸਿਨੇਮਾ ਵਿਚ ਨਸ਼ਰ ਹੋਈ। ਏਸ ਫਿਲਮ ਨੇ ਮੇਰੇ ਵਰਗੇ
ਪੜ੍ਹੇ ਲਿਖੇ, ਅੰਗਰੇਜ਼-ਪਰਸਤ, ਪੰਜਾਬੀ ਨੌਜਵਾਨਾਂ ਦੀ ਜਿ਼ੰਦਗੀ ਵਿਚ ਤੂਫਾਨ ਜਿਹਾ ਲੈ
ਆਉਂਦਾ। ਸਾਨੂੰ ਹਿੰਦੁਸਤਾਨੀ ਫਿਲਮਾਂ ਬਾਰੇ ਆਪਣਾ ਨਜ਼ਰੀਆ ਇਕ ਦਮ ਬਦਲਣਾ ਪੈ ਗਿਆ। ਪੂਰਨ
ਭਗਤ ਮੈਂ ਕੋਈ ਛੇ ਵਾਰੀ ਵੇਖੀ, ਨਾ ਸਿਰਫ ਆਪ ਵੇਖੀ, ਸਗੋਂ ਕਿਤਨੇ ਹੋਰ ਲੋਕਾਂ ਨੂੰ ਨਾਲ
ਖਿੱਚ ਖਿੱਚ ਕੇ ਲੈ ਗਿਆ। ਕੱਲ੍ਹ ਤੀਕਰ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਿਖੇਧੀ ਕਰਨ ਵਾਲੇ
ਅਤੇ ਦੁਸ਼ਮਣ ਸਾਂ, ਅਜ ਕੱਟੜ ਦੇਸ਼-ਭਗਤ ਬਣ ਗਏ। ਪੂਰਨ ਭਗਤ, ਦੇਵਦਾਸ, ਚੰਡੀਦਾਸ...ਇਕ ਤੋਂ
ਬਾਅਦ ਇਕ ਸਿਖਰਾਂ ਛੋਂਹਦੇ ਸ਼ਾਹਕਾਰ...ਸਹਿਗਲ ਦਾ ਪ੍ਰਗਟ ਹੋਣਾ...ਪ੍ਰਭਾਤ ਫਿਲਮ ਕੰਪਨੀ
ਦੀਆਂ ਫਿਲਮਾਂ, ਦੁਨੀਆਂ ਨਾ ਮਾਨੇ, ਅੰਮ੍ਰਿਤ ਮੰਥਨ, ਆਦਮੀ... ਪਰ ਮੇਰਾ ਖਿਆਲ ਨਹੀਂ ਕਿ
ਵਲੈਤੀ ਫਿਲਮਾਂ ਲਈ ਮੇਰਾ ਸ਼ੌਕ ਫੇਰ ਵੀ ਕਿਸੇ ਮਿਕਦਾਰ ਵਿਚ ਘਟਿਆ ਹੋਵੇ। ਹਿੰਦੀ ਫਿਲਮਾਂ
ਹਾਲਾਂ ਵੀ ਮੇਰੇ ਮਨ-ਇੱਛਤ ਮਿਆਰਾਂ ਤੋਂ ਬਹੁਤ ਨੀਵੀਆਂ ਸਨ। ਉਹਨਾਂ ਵਿਚ ਜਿ਼ੰਦਗੀ ਨੂੰ
ਹੂਬਹੂ ਜਿ਼ੰਦਗੀ ਦੇ ਰੰਗਾਂ ਵਿਚ ਪੇਸ਼ ਕਰਨ ਦੀ ਯੋਗਤਾ ਹਾਲੇ ਵੀ ਨਹੀਂ ਸੀ ਆਈ। ਕਾਲਿਜ ਦਾ
ਦੌਰ ਖਤਮ ਹੋਇਆ। ਜੀਵਨ ਦੇ ਅਖਾੜੇ ਵਿਚ ਉਤਰਨ ਦਾ ਵੇਲਾ ਆਇਆ। ਪੈਂਦਿਆਂ ਹੀ ਬੜੀਆਂ ਪੁੱਠੀਆਂ
ਮਾਰਾਂ ਖਾਧੀਆਂ! ਨਕਸੀਰ ਵਗਣ ਲਗ ਪਈ। ਮੂੰਹ-ਮੱਥਾ ਸੁੱਜ ਗਿਆ, ਬਾਂਹ ਰੁਮਾਲ ਵਿਚ ਟੰਗਣੀ
ਪਈ। ਸ਼ਾਇਰ ਨੇ ਨਜ਼ਾਰਾ ਬੜੇ ਸੁਹਣੇ ਲਫਜ਼ਾਂ ਵਿਚ ਬੰਨ੍ਹਿਆ ਹੈ – ‘ਇਕਬਾਲ’ ਤੇਰੇ ਇਸ਼ਕ ਨੇ
ਸਭ ਬੱਲ ਦੀਏ ਨਿਕਾਲ ਮੁੱਦਤ ਸੇ ਆਰਜ਼ੂ ਥੀ ਕਿ ਸੀਧਾ ਕਰੇ ਕੋਈ!
ਵੇਖਿਆ ਕਿ ਐਮ. ਏ. ਦੀ ਡਿਗਰੀ ਦਾ ਜਿਹੜਾ ਫੜਕਾ ਹੱਥ ਵਿਚ ਲਈ ਫਿਰਦੇ ਹਾਂ, ਕਾਰੋਬਾਰੀ
ਦੁਨੀਆਂ ਵਿਚ ਉਸ ਦਾ ਮੁੱਲ ਦੋ ਕੌਡੀ ਵੀ ਨਹੀਂ ਸੀ। ਆਪਣੀ ਗੋਰੀ ਰੰਗਤ, ਜਿਸ ਦਾ ਅਸੀਂ ਠੰਡੀ
ਸੜਕ ਉਪਰ ਇਤਨੇ ਠਾਠ ਨਾਲ ਵਿਖਾਲਾ ਕਰਦੇ ਹੁੰਦੇ ਸਾਂ, ਹਾਕਮਾਂ ਦੀਆਂ ਨਜ਼ਰਾਂ ਵਿਚ ਸਾਨੂੰ
ਹੋਰ ਵੀ ਜਿ਼ਆਦਾ “ਕਾਲਾ ਆਦਮੀ” ਬਣਾਉਂਦੀ ਸੀ। ਪਿਤਾ ਜੀ ਦੇ ਕਹਿਣ ਉਤੇ ਆਪਣਾ ਘਰ ਦਾ ਬਣਿਆ
ਬਣਾਇਆ ਕਪੜੇ ਦਾ ਕਾਰ-ਵਿਹਾਰ ਸਾਂਭਿਆ, ਪਰ ਬਹੁਤੇ ਦਿਨ ਨਹੀਂ। ਕਪੜਾ ਵੇਚਣ ਵਾਲਿਆਂ ਦੀ
ਦੁਨੀਆਂ ਬੜੀ ਹੋਰ ਤਰ੍ਹਾ ਦੀ ਹੁੰਦੀ ਹੈ। ਐਮ. ਏ. ਪਾਸ ਆਦਮੀ ਲਈ ਉਸ ਵਿਚ ਖੁਭਣਾ ਬੜਾ
ਮੁਸ਼ਕਲ ਹੈ। 1936 ਦਾ ਸਾਲ ਸੀ ਸ਼ੈਦ। ਮੈਂ ਘਰੋਂ ਨੱਠ ਕੇ ਕਲਕੱਤੇ ਜਾ ਵੜਿਆ। ਪੰਡਤ
ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ। ਉਹ ਓਦੋਂ ਨਿਊ ਥੇਟਰਜ਼ ਦੀਆਂ ਚਿੱਤਰ-ਕਥਾਵਾਂ ਲਿਖਿਆ
ਕਰਦੇ ਸਨ। ਮੈਂ ਉਹਨਾਂ ਤੋਂ ਪੁਛਿਆ ਕਿ ਮੇਰੇ ਫਿਲਮਾਂ ਵਿਦ ਦਾਖਲ ਹੋਣ ਬਾਰੇ ਉਹਨਾਂ ਦੀ ਕੀ
ਰਾਏ ਹੈ।
ਉਹਨਾਂ ਥੋੜ੍ਹਾ ਜਿਹਾ ਮੈਨੂੰ ਗਲਤ ਸਮਝਿਆ। ਉਹਨਾਂ ਸਮਝਿਆ ਕਿ ਮੈਂ ਵੀ ਉਹਨਾਂ ਅਣਪੜ੍ਹ
ਨੌਜਵਾਨਾਂ ਵਿਚੋਂ ਹਾਂ ਜਿਹੜੇ ਫਿਲਮਾਂ ਖਾਤਰ ਘਰ-ਬਾਰ ਛੱਡ ਕੇ ਨੱਠ ਤੁਰਦੇ ਹਨ। ਵਾਸਤਵ
ਵਿਚ, ਮੈਂ ਸੰਜ਼ੀਦਗੀ ਨਾਲ ਜੀਵਨ ਵਿਚ ਰਾਹ ਟੋਲ ਰਿਹਾ ਸਾਂ। ਮੇਰੀ ਗੱਲ ਸੁਣਦਿਆਂ ਹੀ ਉਹ
ਆਵੇਸ਼ ਵਿਚ ਆ ਗਏ ਅਤੇ ਫਿਲਮ ਲਾਈਨ ਬਾਰੇ ਮੈਨੂੰ ਇਕ ਡਰਾਉਣਾ ਜਿਹਾ ਲੈਕਚਰ ਸੁਣਾਉਣਾ ਸ਼ੁਰੂ
ਕਰ ਦਿਤਾ, ਜੋ ਇੰਜ ਜਾਪਿਆ, ਉਹਨਾਂ ਅਜਿਹੇ ਮੌਕਿਆਂ ਲਈ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਸੀ।
ਉਹ ਮੇਰੇ ਪਿਤਾ ਜੀ ਨੂੰ ਜਾਣਦੇ ਸਨ, ਅਤੇ ਇਹ ਠੀਕ ਗੱਲ ਸੀ ਕਿ ਪਿਤਾ ਜੀ ਕਿਸੇ ਸੂਰਤ ਵੀ
ਮੈਨੂੰ ਫਿਲਮਾਂ ਵਿਚ ਪੈਣ ਦੀ ਇਜਾਜ਼ਤ ਨਹੀਂ ਸਨ ਦੇ ਸਕਦੇ। ਫੇਰ ਜੇ ਮੈਂ ਸਚਮੁਚ ਫਿਲਮਾਂ
ਵਿਚ ਆ ਵੜਿਆ, ਅਤੇ ਆਪਣੀ ਜਿ਼ੰਦਗੀ ਬਰਬਾਦ ਕਰ ਲਈ – ਜਿਸ ਦੀ ਇਸ ਲਾਈਨ ਵਿਚ ਕਾਮਯਾਬ ਹੋਣ
ਨਾਲੋਂ ਕਿਤੇ ਵਧ ਸੰਭਾਵਨਾ ਸੀ – ਤਾਂ ਦੋਸ਼ ਸਾਰਾ ਮੇਰੇ ਪਿਤਾ ਜੀ ਉਹਨਾਂ ਉਤੇ ਨਾ ਪਾ
ਦੇਣਗੇ! ਉਹ ਡਰ ਗਏ ਸਨ। ਕੁਝ ਦਿਨ ਲਾਵਾਰਸੀ ਦੇ ਆਲਮ ਵਿਚ ਕਲਕੱਤੇ ਸ਼ਹਿਰ ਦੀਆਂ ਗਲੀਆਂ ਕੱਛ
ਕੇ ਮੈਂ ਵਾਪਸ ਰਾਵਲਪਿੰਡੀ ਪੁਜ ਗਿਆ। ਇਕ ਸਾਲ ਹੋਰ ਬੀਤ ਗਿਆ। ਜਿ਼ੰਦਗੀ ਦੀ ਖਹੁਰੀ ਰਗੜ ਨੇ
ਬਦਨ ਉਤੇ ਕੁਝ ਹੋਰ ਝਰੀਟਾਂ ਪਾਈਆਂ। ਆਕੜ ਹੋਰ ਵੀ ਬਹੁਤ ਸਾਰੀ ਭੱਜ-ਟੁੱਟ ਗਈ। ਏਸੇ ਦੌਰਾਨ
ਸ਼ਾਈ ਵੀ ਹੋ ਗਈ। ਪਿੰਡੀ ਫੇਰ ਦਿਲ ਹੁੱਸੜ ਪਿਆ। ਫੇਰ ਕਲਕੱਤੇ ਉਠ ਦੌੜਿਆ। ਫੇਰ ਪੰਡਤ
ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ। ਉਹਨਾਂ ਇਸ ਵਾਰੀ ਮਿਲਦਿਆਂ ਸਾਰ ਢੇਰ ਅਸੀਸਾਂ ਸ਼ੁਰੂ ਕਰ
ਦਿਤੀਆਂ। ਤਾਰੀਫਾਂ ਦੇ ਪੁਲ ਬੰਨ੍ਹ ਦਿਤੇ। ਆਪਣੀ ਧਰਮ ਪਤਨੀ ਜੀ ਨੂੰ ਬੁਲਾ ਕੇ ਦਸਿਆ ਕਿ
ਮੈਂ ਹੀ ਉਹ ਨੌਜਵਾਨ ਸਾਂ ਜਿਸ ਦੀ ਉਹ ਉਸ ਅਗੇ ਇਤਨੀ ਵਾਰੀ ਤਾਰੀਫ ਕਰ ਚੁੱਕੇ ਸਨ – ਉਹ ਇਕੋ
ਇਕ ਨੌਜਵਾਨ ਜਿਸ ਨੇ ਉਹਨਾਂ ਦੀ ਨਸੀਹਤ ਉਤੇ ਅਮਲ ਕਰ ਕੇ ਫਿਲਮਾਂ ਦਾ ਇਰਾਦਾ ਝੱਟ ਛੱਡ ਦਿਤਾ
ਸੀ। ਉਹਨਾਂ ਮੇਰੀ ਪਤਨੀ ਦੀ ਖਾਤਰ ਤਵਾਜ਼ੋ ਕੀਤੀ, ਮੇਰੇ ਘਰ ਵਾਲਿਆਂ ਦਾ ਹਾਲ-ਹਵਾਲ ਪੁਛਣਾ
ਸ਼ੁਰੂ ਕਰ ਦਿਤਾ। “ਹੁਣ ਤੂੰ ਕੀ ਕਰਦਾ ਹੈਂ, ਬੇਟਾ?” ਉਹਨਾਂ ਦੀ ਪਤਨੀ ਨੇ ਪੁਛਿਆ। ਇਸ
ਹਾਲਤ ਵਿਚ ਮੈਂ ਕਿਵੇਂ ਕਹਿ ਸਕਦਾ ਸਾਂ ਕਿ ਦਰ ਅਸਲ ਮੈਂ ਫਿਲਮਾਂ ਦਾ ਖਿਆਲ ਛੱਡਿਆ ਨਹੀਂ,
ਸਗੋਂ ਇਸ ਵਾਰੀ ਮੂੰਹ ਪਾੜ ਕੇ ਉਹਨਾਂ ਦੀ ਮਦਦ ਮੰਗਣ ਆਇਆ ਹਾਂ। “ਬਿਜ਼ਨੈਸ,” ਮੈਂ ਜੁਆਬ
ਦਿਤਾ, ਅਤੇ ਅਸੀਂ ਦੋਵੇਂ ਮੀਆਂਬੀਵੀ ਉੱਠ ਕੇ ਚਲੇ ਆਏ। ਕੁਝ ਸਮਾਂ ਹੋਰ ਲੰਘ ਗਿਆ, ਅਤੇ
ਤਰ੍ਹਾਂ ਤਰ੍ਹਾ ਦੀ ਭਟਕਣਾਂ ਕਰਦਿਆਂ ਜਿਸ ਦਾ ਸਾਹਿਤ ਅਤੇ ਰਾਜਨੀਤੀ ਨਾਲ ਫਿਲਮਾਂ ਤੋਂ ਕਿਤੇ
ਜਿ਼ਆਦਾ ਤਅੱਲਕ ਹੈ, ਮੈਨੂੰ ਅਗਿਯੇਅ ਅਤੇ ਹਜ਼ਾਰੀ ਪਰਸਾਦ ਦਵਿਵੇਦੀ ਜੀ ਦੇ ਰਸੂਖ ਨਾਲ
ਸ਼ਾਂਤੀ ਨਿਕੇਤਨ ਵਿਚ ਨੌਕਰੀ ਮਿਲ ਗਈ। ਇਸ ਤਰ੍ਹਾਂ ਮੇਰਾ ਸਵੈਮਾਣ, ਜੋ ਲਗਭਗ ਉਦੋਂ ਤਕ
ਸਾਰੇ ਦਾ ਸਾਰਾ ਨਸ਼ਟ ਹੋ ਚੁੱਕਿਆ ਸੀ, ਇਕਦਮ ਸਾਰੇ ਦਾ ਸਾਰਾ ਵਾਪਸ ਆ ਗਿਆ – ਸੂਦ ਸਣੇ।
ਤਨਖਾਹ ਤਾਂ ਕੇਵਲ ਪੰਜਾਹ ਰੁਪਏ ਮਾਹਵਾਰ ਸੀ, ਪਰ ਗੁਰੂ ਦੇਵ ਟੈਗੋਰ ਦੇ ਨਾਂ ਸਦਕਾ (ਉਦੋਂ
ਉਹ ਜਿ਼ੰਦਾ ਸਨ) ਸ਼ਾਂਤੀ ਨਿਕੇਤਨ ਦੀ ਅਧਿਆਪਕੀ ਕਿਸੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਦੀ
ਪ੍ਰੋਫੈਸਰੀ ਤੋਂ ਵੀ ਵੱਧ ਮਾਣ ਰੱਖਦੀ ਸੀ। ਜਦੋਂ ਅਸੀਂ ਪੂਜਾ ਦੀਆਂ ਛੁੱਟੀਆਂ ਵਿਚ
ਰਾਵਲਪਿਡੀ ਪਹੁੰਚੇ ਤਾਂ ਲਗਭਗ ਸਾਰੇ ਦਾ ਸਾਰਾ ਸ਼ਹਿਰ ਫੁੱਲਾਂ ਦੇ ਹਾਰ ਫੜ ਕੇ ਸਟੇਸ਼ਨ ਉਤੇ
ਸਾਡੇ ਸੁਆਗਤ ਲਈ ਪਹੁੰਚਿਆ ਹੋਇਆ ਸੀ। ਸ਼ਾਂਤੀ ਨਿਕੇਤਨ ਵਿਚ ਗੁਜ਼ਾਰੇ ਦਿਨ ਬੜੇ ਅਣਮੋਲ ਸਨ।
ਮੇਰੀ ਪਤਨੀ ਦਮਿਯੰਤੀ (ਦੱਮੋ) ਨੂੰ ਵੀ ਸਵੈ-ਵਿਕਾਸ ਦੇ ਐਸੇ ਅਵਸਰ ਨਸੀਬ ਹੋ ਗਏ, ਜੋ
ਰਾਵਲਪਿੰਡੀ ਦੇ ਤੰਗ ਦਾਇਰੇ ਵਿਚ ਉਸ ਲਈ ਅਕਲਪਿਤ ਸਨ। ਏਥੇ ਹੀ ਉਸ ਨੇ ਬੀ. ਏ. ਕੀਤਾ, ਅਤੇ
ਹੋਰ ਅਨੇਕ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਭਾਗ ਲਿਆ। ਅਸੀਂ ਦੋਵੇਂ ਬੜੇ ਸੰਤੁਸ਼ਟ ਸਾਂ। ਇਕ
ਦੋ ਵਾਰੀ ਜਦੋਂ ਛੁੱਟੀਆਂ ਵਿਚ ਕਲਕੱਤੇ ਗਏ, ਤਾਂ ਆਪਣੇ ਫਿਲਮਾਂ ਵਾਲੇ ਮਿੱਤਰਾਂ ਦੇ ਵੀ
ਦਰਸ਼ਨ ਕੀਤੇ। ਪ੍ਰਿਥਵੀ ਰਾਜ ਕਪੂਰ ਦੱਮੋਂ ਦੇ ਵਡੇ ਵੀਰ ਦੇ ਬੜੇ ਡੂੰਘੇ ਦੋਸਤ ਸਨ। ਅਸੀਂ
ਪ੍ਰਿਥਵੀ ਰਾਜ ਜੀ ਦੇ ਘਰ ਗਏ। ਬੜੇ ਪਿਆਰ ਨਾਲ ਮਿਲੇ ਉਹ। ਹੁਣ ਵੀ ਜਦੋਂ ਮਿਲ ਬੈਠਦੇ ਹਾਂ,
ਇਸ ਮਿਲਣੀ ਦਾ ਜਿ਼ਕਰ ਉਹ ਬੜੇ ਪਿਆਰ ਭਰੇ ਸ਼ਬਦਾਂ ਵਿਚ ਕਰਦੇ ਹਨ। ਰਾਜ ਕਪੂਰ ਉਦੋਂ ਬਾਰਾਂ
ਕੁ ਵਰ੍ਹਿਆਂ ਦਾ ਮਨਮੋਹਣਾ ਬਾਲਕ ਸੀ। ਪ੍ਰਿਥਵੀ ਅਤੇ ਜਗਦੀਸ਼ ਭਾਪਾ ਸਾਨੂੰ ਨਿਊ ਥੇਟਰ
ਸ਼ੂਟਿੰਗ ਵਿਖਾਣ ਵੀ ਲੈ ਗਏ। ਸਹਿਗਲ ਅਤੇ ਲੀਲਾ ਦੇਸਾਈ ਦੀ ਸ਼ੂਟਿੰਗ ਚੱਲ ਰਹੀ ਸੀ।
ਪ੍ਰੈਜ਼ੀਡੈਂਟ ਸੀ ਨਾਂ ਸ਼ੈਦ ਫਿਲਮ ਦਾ। ਨਿਤਿਨ ਬੋਸ ਡਾਇਰੈਕਟ ਕਰ ਰਹੇ ਸਨ। ਸਹਿਗਲ ਸੈਟ ਦੀ
ਦੀਵਾਰ ਪਿਛੇ ਲੁੱਕ ਕੇ ਸਿਗਰਟ ਦਾ ਕਸ਼ ਮਾਰ ਆਂਦੇ ਸਨ, ਹਾਲਾਂਕਿ ਸੈਟ ਉਤੇ ਸਿਗਰਟ ਪੀਣ ਦੀ
ਮਨਾਹੀ ਸੀ। ਪਰ ਸਹਿਗਲ ਨੂੰ ਰੋਕਣ ਦੀ ਜੁਰੱਤ ਕੌਣ ਕਰ ਸਕਦਾ ਸੀ? ਸਹਿਗਲ ਨੂੰ ਨਹੀਂ ਸੀ
ਪਤਾ, ਧੂੰਆਂ ਬਾਹਰ ਵਾਲਿਆਂ ਨੂੰ ਦਿਸ ਜਾਂਦਾ ਹੈ। ਉਹ ਆਪਣੀ ਥਾਂ ਚਲਾਕ ਬਣੇ ਹੋਏ ਸਨ,
ਨਿਤਿਨ ਬੋਸ ਆਪਣੀ ਥਾਂ। ਕਿਸ ਨੂੰ ਖਿਆਲ ਆ ਸਕਦਾ ਸੀ ਕਿ ਇਕ ਦਿਨ ਦੱਮੋ ਪ੍ਰਿਥਵੀ ਰਾਜ ਜੀ
ਦੇ ਨਾਲ “ਦੀਵਾਰ” ਵਿਚ ਮੁੱਖ ਰੋਲ ਕਰੇਗੀ। ਮੈਂ ਲੀਲਾ ਦੇਸਾਈ ਦੀ ਫਿਲਮ “ਕਾਬੁਲੀਵਾਲਾ” ਵਿਚ
ਪਠਾਣ ਬਣਾਂਗਾ, ਜਾਂ ਅਮੀਯ ਚਕਰਵਰਤੀ ਦੇ ਮਰਨ ਪਿਛੋਂ ਨਿਤਿਨ ਬੋਸ “ਕਠਪੁਤਲੀ” ਮੁਕੰਮਲ
ਕਰਨਗੇ! ਇਕ ਹੋਰ ਮਜ਼ੇਦਾਰ ਘਟਨਾ ਵੀ ਵਰਣਨ ਯੋਗ ਹੈ। ਦੱਮੋ ਨੇ ਅਗਲੇ ਦਿਨ ਕਿਹਾ, “ਅਸਲ
ਮਿਲਣ ਲਾਇਕ ਬੰਦਾ ਤਾਂ ਬਰੂਆ ਹੈ, ਉਸ ਨੂੰ ਮਿਲੇ ਬਗੈਰ ਟੁਰ ਜਾਣ ਵਿਚ ਕੀ ਸੁਆਦ?”
ਸੋ ਅਗਲੇ ਦਿਨ ਪੁੱਛਦੇ ਪੁੱਛਾਂਦੇ ਅਸੀਂ ਪੀ. ਸੀ. ਬਰੂਆ ਦੇ ਮਕਾਨ ‘ਤੇ ਜਾ ਪੁੱਜੇ। ਉਸ ਦੇ
ਸਕੱਤਰ ਨੇ ਪੁੱਛ ਗਿੱਛ ਕਰਨ ਦੀ ਕੋਸਿ਼ਸ਼ ਕੀਤੀ, ਪਰ ਅਸਾਂ ਉਹਨੂੰ ਗੌਲਿਆ ਹੀ ਨਾ ਅਤੇ
ਸਿੱਧੇ ਜਾ ਕੇ ਬੈਠਕ ਵਿਚ ਕੁਰਸੀਆਂ ਉਤੇ ਬਹਿ ਗਏ। ਬੈਠਕ ਕਿਤਾਬਾਂ ਨਾਲ ਭਰੀ ਪਈ ਸੀ। ਮੈਨੂੰ
ਯਾਦ ਆਂਦਾ ਹੈ ਕਿ ਐਨਸਾਈਕੋਲੋਪੀਡੀਆ ਬ੍ਰਿਟੈਨਿਕਾ ਦਾ ਪੂਰਾ ਸੈਟ ਪਿਆ ਹੋਇਆ ਸੀ। ਅਸੀਂ
ਖੁੂਬ ਪ੍ਰਭਾਵਤ ਹੋਏ। ਉੱਪਰ ਜਾ ਕੇ ਸਕੱਤਰ ਨੇ ਅਵੱਸ਼ ਦੱਸਿਆ ਹੋਵੇਗਾ ਕਿ ਅਸੀਂ ਸ਼ਾਂਤੀ
ਨਿਕੇਤਨ ਤੋਂ ਆਏ ਸਾਂ। ਸ਼ੈਦ ਇਸੇ ਕਰਕੇ ਬਰੂਆ ਸਾਹਬ ਨੇ ਸਾਨੂੰ ਚੰਦ ਮਿੰਟਾਂ ਲਈ ਮਿਲਣਾ
ਮੰਜ਼ੂਰ ਕਰ ਲਿਆ, ਭਾਵੇਂ ਉਸ ਦਿਨ ਉਹਨਾਂ ਦੀ ਪਤਨੀ ਦੀ ਤਬੀਅਤ ਠੀਕ ਨਹੀਂ ਸੀ। ਪਤਨੀ? ਕੌਣ?
ਜਮੁਨਾ? ਅਸੀਂ ਜਾਣਣ ਲਈ ਤਰਲੋ ਮੱਛੀ ਹੋ ਰਹੇ ਸਾਂ। ਪਰ ਪੁੱਛਣ ਦੀ ਹਿੰਮਤ ਕਿਸ ਕੋਲ ਸੀ?
ਬਰੂਆ ਆਏ। ਬੜੇ ਥੱਕੇ ਲਗ ਰਹੇ ਸਨ, ਜਿਵੇਂ ਸਾਰੀ ਰਾਤ ਨਾ ਸੁੱਤੇ ਹੋਣ। ਵੇਖਣ ਲਗ ਪਏ ਸਾਡੇ
ਵਲ ਸੁਆਲੀਆਂ ਅਦਾ ਨਾਲ। ਹੋਰ ਤਾਂ ਕੁਝ ਸੁਝਿਆ ਨਹੀਂ, ਅਸਾਂ ਉਹਨਾਂ ਦੀਆਂ ਫਿਲਮਾਂ ਉਪਰ
ਤਬਸਰੇ ਸ਼ੁਰੂ ਕਰ ਦਿਤੇ, ਜਿਵੇਂ ਆਪਣੀ ਫਿਲਮੀ ਕਾਬਲੀਅਤ ਦੀ ਧਾਂਕ ਬਿਠਾ ਰਹੇ ਹੋਈਏ।
“ਮੁਕਤੀ” ਵਿਚ ਉਹ ਸੀਨ ਇੰਜ ਕਿਉਂ ਨਾ ਬਣਾਇਆ। “ਮੰਜਿ਼ਲ” ਵਿਚ ਉਸ ਪਾਰਟ ਲਈ ਜੇ ਉਸ ਦੀ ਥਾਂ
ਓਸ ਕਲਾਕਾਰ ਨੂੰ ਲੈ ਲੈਂਦੇ?... ਬਰੂਆ ਚੁਪਚਾਪ ਸੁਣਦੇ ਰਹੇ। ਇਹੋ ਜਹੇ ਕਮਲਿਆਂ ਨਾਲ ਪਹਿਲੀ
ਵਾਰ ਵਾਹ ਨਹੀਂ ਸੀ ਪਿਆ ਉਹਨਾਂ ਦਾ। ਅਖੀਰ ਜਦੋਂ ਅਸਾਂ ਬੋਲਣਾ ਬੰਦ ਕੀਤਾ ਤਾਂ ਉਹ ਕਾਫੀ
ਚਿਰ, ਦੇਵ ਦਾਸ ਦੇ ਕਿਰਦਾਰ ਵਾਂਗ, ਖਾਮੋਸ਼ ਬੈਠੇ ਰਹੇ। ਫੇਰ ਬੋਲੇ, “ਤੁਸੀਂ ਫਿਲਮਾਂ ਵਿਚ
ਕੰਮ ਕਰਨਾ ਚਾਹੁੰਦੇ ਹੋ, ਹੈ ਨਾ?” ਅਜਿਹੇ ਬੇਬਾਕ ਸਵਾਲ ਲਈ ਅਸੀਂ ਤਿਆਰ ਨਹੀਂ ਸਾਂ। “ਹਾਂ
ਹਾ, ਕਿਉਂ ਨਹੀਂ,” ਮੈਥੋਂ ਪਹਿਲਾਂ ਹੀ ਸ਼ਰਾਰਤ ਨਾਲ ਹੱਸ ਕੇ ਦਮੋ ਨੇ ਕਹਿ ਛਡਿਆ। “ਚੰਗੀ
ਗੱਲ ਹੈ। ਕਲ੍ਹ ਸਵੇਰੇ ਦਸ ਵਜੇ ਤੁਸੀਂ ਸਟੂਡੀਓ ਆ ਜਾਣਾ।” ਅਤੇ ਇਹ ਕਹਿ ਕੇ ਬਰੂਆ ਨੇ
ਸਾਨੂੰ ਰੁਖਸਤ ਕਰ ਦਿੱਤਾ। ਸਾਰਾ ਦਿਨ ਅਸੀਂ ਹਵਾ ਵਿਚ ਉਡਦੇ ਰਹੇ। ਫਿਲਮਾਂ ਦੇ ਪਹਿਲੇ ਨੰਬਰ
ਦੇ ਡਾਇਰੈਕਟਰ ਨੇ ਸਾਨੂੰ ਫਿਲਮੀ ਅਦਾਕਾਰ ਬਣਨ ਦੀ ਆਪ ਆਪਣੇ ਮੂੰਹੋਂ ਦਾਅਵਤ ਦਿਤੀ ਸੀ!!
ਉਦੋਂ ਸਾਨੂੰ ਨਹੀਂ ਸੀ ਪਤਾ ਕਿ ਡਾਇਰੈਕਟਰ “ਡਫਰਾਣ” ਲਈ ਜਾਣ ਬੁੱਝ ਕੇ ਇੰਜ ਕਰਦੇ ਹਨ।
ਬਹੁਤ ਮੁਮਕਨ ਹੈ, ਜੇ ਅਸੀਂ ਅਗਲੇ ਦਿਨ ਸੱਚਮੁੱਚ ਸਟੂਡੀਓ ਜਾ ਵੜਦੇ, ਤਾਂ ਬਰੂਆ ਸਾਨੂੰ
ਮਿਲਣ ਤੋਂ ਹੀ ਇਨਕਾਰ ਕਰ ਦੇਂਦੇ। ਪਰ ਇਕ ਗਲੋਂ ਮੈਨੂੰ ਯਕੀਨ ਹੁੰਦਾ ਹੈ ਕਿ ਬਰੂਆ ਨੇ
“ਡਫਰਾਇਆ” ਨਹੀਂ ਸੀ, ਕਿਉਂਕਿ ਬਾਅਦ ਵਿਚ ਜਦੋਂ ਵੀ ਸ਼ਾਂਤੀਨਿਕੇਤਨ ਮੇਰਾ ਤੇ ਦੱਮੋ ਦਾ ਕੋਈ
ਮਾੜਾ ਮੋਟਾ ਝਗੜਾ ਹੋ ਜਾਂਦਾ ਉਹ ਮੈਨੂੰ ਡਰਾਣ ਲਈ ਬਰੂਆ ਦਾ ਆਪਣੇ ਹੱਥੀਂ ਲਿਖਿਆ ਇਕ ਖਤ
ਕੱਢ ਕੇ ਵਿਖਾ ਦੇਂਦੀ। ਇਸ ਵਿਚ ਬਰੂਆ ਨੇ ਉਹਨੂੰ ਫੇਰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਹਨੂੰ
ਆਪਣੀ ਅਗਲੀ ਫਿਲਮ ਲਈ ਇਕ ਪ੍ਰਮੁਖ ਰੋਲ ਦੇਣ ਲਈ ਤਿਆਰ ਹਨ। ਫੇਰ ਇਕ ਦਿਨ ਸ਼ਾਂਤੀਨਿਕੇਤਨ
ਤੋਂ ਅਸੀਂ ਸੇਵਾ-ਗਰਾਮ ਜਾ ਪਹੁੰਚੇ। ਉਥੇ ਫਿਲਮਾਂ ਦੇ ਖਿਆਲ ਤੋਂ ਉੱਕਾ ਹੀ ਦੂਰ ਹੋ ਗਏ।
ਮੇਰੀਆਂ ਕਹਾਣੀਆਂ ਹੁਣ ਹਿੰਦੀ ਪਤ੍ਰਿਕਾਵਾਂ ਵਿਚ ਆਮ ਛਪਣ ਲੱਗ ਪਈਆਂ ਸਨ ਅਤੇ ਉਮਰ ਦੇ
ਹਿਸਾਬ ਨਾਲ ਜ਼ਰੂਰਤ ਤੋਂ ਕੁਝ ਵਧ ਸ਼ੁਹਰਤ ਹਾਸਲ ਹੋ ਗਈ ਸੀ। ਸੰਸਾਰ ਵਿਚ ਵੀ ਬੜੀਆਂ
ਜ਼ਬਰਦਸਤ ਤਬਦੀਲੀਆਂ ਹੋ ਰਹੀਆਂ ਸਨ। ਦੂਸਰੀ ਵਡੀ ਲਾਮ ਦਾ ਮੁੱਢ ਬਝ ਰਿਹਾ ਸੀ। ਹਿਟਲਰ ਤੇ
ਮੁਸੋਲਿਨੀ ਦੀਆਂ ਫੌਜਾਂ ਯੋਰਪ ਵਿਚ ਦਗੜ ਦਗੜ ਕਰ ਰਹੀਆਂ ਸਨ। ਸੁਭਾਸ਼ ਬੋਸ ਦੇ ਪ੍ਰਧਾਨ
ਚੁਣੇ ਜਾਣ ਪਿਛੋਂ ਗਾਂਧੀ ਜੀ ਨੇ ਉਹਨੂੰ ਅਸਤੀਫਾ ਦੇਣ ਉਤੇ ਮਜਬੂਰ ਕਰ ਦਿੱਤਾ ਸੀ, ਜਿਸ ਕਰ
ਕੇ ਸਾਰੇ ਮੁਲਕ ਵਿਚ ਬੇਚੈਨੀ ਫੈਲੀ ਹੋਈ ਸੀ। ਸੇਵਾਗਰਮ ਅਸੀਂ ਨਿਤ ਜਵਾਹਰ ਲਾਲ ਨਹਿਰੂ,
ਵੱਲਭ ਭਾਈ ਪਟੇਲ, ਮੌਲਾਨਾ ਅਜ਼ਾਦ, ਅਤੇ ਹੋਰ ਕਿਤਨੇ ਹੀ ਦੇਸ਼ ਦੇ ਵੱਡੇ ਵੱਡੇ ਲੀਡਰਾਂ ਦੇ
ਦਰਸ਼ਨ ਕਰਦੇ। ਇਕ ਵਾਰ ਦੱਮੋ ਨੇ ਆਪਣੇ ਹੱਥ ਨਾਲ ਚਾਹ ਬਣਾ ਕੇ ਸਰ ਸਟੈਫੋਰਡ ਕ੍ਰਿਪਸ ਅਤੇ
ਜਵਾਹਰ ਲਾਲ ਨੂੰ ਪਿਲਾਈ ਸੀ। ਡਾਕਟਰ ਜ਼ਾਕਿਰ ਹੁਸੈਨ ਸਾਡੇ ਤਾਲੀਮੀ ਸੰਘ ਦੇ ਪ੍ਰਧਾਨ ਸਨ,
ਜਿਸ ਵਿਚ ਮੈਂ ਕੰਮ ਕਰਦਾ ਸਾਂ। ਅਜਿਹੇ ਕੇਂਦਰੀ ਅਤੇ ਮਹੱਤਵ-ਪੂਰਨ ਵਾਤਾਵਰਣ ਵਿਚ
ਰਹਿੰਦਿਆਂ, ਜਦੋਂ ਕਸਤੂਰਬਾ, ਮੀਰਾਬੇਨ, ਅਤੇ ਆਸ਼ਾਬੇਨ ਵਰਗੀਆਂ ਹਸਤੀਆਂ ਨਾਲ ਸਾਡਾ ਰੋਜ਼
ਦਾ ੳੁੱਠਣਾ ਬੈਠਣਾ ਸੀ, ਭਲਾ ਫਿਲਮਾਂ ਜਹੀ ਬੇਮਤਲਬ ਚੀਜ਼ ਵਲ ਸਾਡਾ ਧਿਆਨ ਕਿਵੇਂ ਜਾ ਸਕਦਾ
ਸੀ? ਵੇਖਦਿਆਂ ਵੇਖਦਿਆਂ ਦੂਸਰੀ ਆਲਮਗੀਰ ਜੰਗ ਛਿੜ ਪਈ। ਇਕਦਮ ਮੇਰੇ ਜੀਵਨ ਇਤਿਹਾਸ ਨੇ ਵੀ
ਫੇਰ ਇਕ ਪਲਟਾ ਖਾਧਾ ਅਤੇ ਦੱਮੋ ਤੇ ਮੈਂ ਬੀ. ਬੀ. ਸੀ, ਲੰਦਨ ਵਿਚ ਐਨਾਊਂਸਰ ਦਾ ਕੰਮ ਕਰਨ
ਲਈ ਸੇਵਾਗਰਾਮ ਨੂੰ ਅਲਵਿਦਾ ਕਹਿ ਕੇ ਯੋਰਪ ਦੀਆਂ ਉਡਾਰੀਆਂ ਮਾਰ ਗਏ।
-0- |