Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat


ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ
- ਵਰਿਆਮ ਸਿੰਘ ਸੰਧੂ
 

 

ਪਹਿਲੀ ਵਾਰ ਮੈਂ ਸਿ਼ਵ ਕੁਮਾਰ ਨੂੰ 1967 ਵਿਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ ‘ਪ੍ਰੀਤ-ਮਿਲਣੀ’ ਉੱਤੇ ਆਉਣ ਦਾ ਸੱਦਾ ਦਿੱਤਾ। ਇਹਨੀਂ ਦਿਨੀਂ ਪ੍ਰੀਤ-ਲੜੀ ਦੀ ਛਪਣ ਗਿਣਤੀ ਸਿਖ਼ਰਾਂ ਉੱਤੇ ਸੀ। ਗੁਰਬਖ਼ਸ਼ ਸਿੰਘ ਦੇ ਵਿਚਾਰਾਂ ਦੇ ਸੂਰਜੀ-ਦਾਇਰੇ ਦੇ ਆਭਾ-ਮੰਡਲ ਦੇ ਕਲਾਵੇ ਵਿੱਚ ਲਿਪਟੇ ਬਹੁਤ ਸਾਰੇ ਪੰਜਾਬੀ ਲੇਖਕਾਂ ਅਤੇ ਪਾਠਕਾਂ ਸਮੇਤ ਮੈਂ ਵੀ ਓਪਨ ਏਅਰ ਥੀਏਟਰ ਵਿੱਚ ਜਾ ਪੁੱਜਾ। ਧਾਰਮਿਕ ਦੀਵਾਨਾਂ ਅਤੇ ਰਾਜਸੀ ਜਲਸਿਆਂ ਤੋਂ ਇਲਾਵਾ ਇਹ ਪਹਿਲਾ ਵੱਡਾ ਸਾਹਿਤਕ ਇਕੱਠ ਸੀ ਜਿਸ ਵਿੱਚ ਮੈਂ ਸ਼ਾਮਲ ਹੋਇਆ ਸਾਂ। ਇਹ ‘ਮਿਲਣੀ’ ਦੋ ਦਿਨ ਚੱਲੀ।
ਇਕੱਠ ਬੜਾ ਵਿਲੱਖਣ ਅਤੇ ਦਿਲਕਸ਼ ਸੀ। ਬਹੁਤੇ ਲੋਕ ਭਾਵੇਂ ਇੱਕ ਦੂਜੇ ਦੇ ਜਾਣ-ਪਛਾਣ ਵਾਲੇ ਨਹੀਂ ਸਨ ਪਰ ਫ਼ਿਰ ਵੀ ਇੱਕ ਦੂਜੇ ਨਾਲ ਅਪਣੱਤ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ। ਗੁਰਬਖ਼ਸ਼ ਸਿੰਘ ਦੇ ਮਾਧਿਅਮ ਰਾਹੀਂ; ਅਗਾਂਹਵਧੂ ਵਿਚਾਰਾਂ ਦੀ ਆਪਸੀ ਸਾਂਝ ਦੇ ਮਾਧਿਅਮ ਰਾਹੀਂ। ਦੋ ਦਿਨ ਅਤੇ ਵਿਚਾਕਰਲੀ ਇੱਕ ਰਾਤ ਚੱਲੇ ਸਮਾਗ਼ਮ ਦਾ ਅਜਬ ਸਾਹਿਤਕ ਅਤੇ ਕਲਾਤਮਕ ਮਾਹੌਲ ਸੀ। ਤਕਰੀਰਾਂ, ਡਰਾਮੇ ਅਤੇ ਕਵਿਤਾਵਾਂ। ਤਿੱਖੇ, ਟੁੰਬਵੇਂ ਅਤੇ ਕਲਾਮਈ ਬੋਲਾਂ ‘ਤੇ ਤਾੜੀਆਂ ਦੀ ਗੜਗੜਾਹਟ ਗੂੰਜਦੀ। ਲੋਕ ਕੀਲੇ ਹੋਏ ਸਨ। ਮਾਂਦਰੀ ਸੀ ਗੁਰਬਖ਼ਸ਼ ਸਿੰਘ, ਜਿਸ ਨੇ ਏਨਾ ਵੱਡਾ ਇਕੱਠ ਜੋੜ ਲਿਆ ਸੀ। ਪ੍ਰੀਤ-ਘਰ ਅਤੇ ਮਿੱਤਰ-ਮੰਡਲ ਬਨਾਉਣ ਦੀਆਂ ਵਿਚਾਰਾਂ ਹੋ ਰਹੀਆਂ ਸਨ। ਦੇਸ਼ ਦੇ ਸਮਾਜੀ ਸਿਆਸੀ ਮਾਹੌਲ ਤੋਂ ਪ੍ਰਭਾਵਿਤ ਅਗਾਂਹਵਧੂ ਲੋਕ ਅਜਿਹੇ ਵਿਚਾਰ ਵੀ ਪੇਸ਼ ਕਰ ਰਹੇ ਸਨ ਜਿਨ੍ਹਾਂ ਤੋਂ ਲੱਗਦਾ ਪਿਆ ਸੀ ਕਿ ਪ੍ਰੀਤ-ਘਰ ਅਤੇ ਮਿੱਤਰ-ਮੰਡਲ ਬਨਾਉਣ ਦਾ ਚਾਰਾ ਵੀ ਚੰਗੀ ਗੱਲ ਹੈ, ਪਰ ਸਮਾਜ ਅਤੇ ਜ਼ਿੰਦਗੀ ਨੂੰ ਬਦਲਣ ਲਈ ਇਸ ਤੋਂ ਅੱਗੇ ਜਾਣ ਦੀ ਵੀ ਲੋੜ ਹੈ।
ਲੋਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਦੇਣ ਨੂੰ ਸਤਿਕਾਰਦੇ ਸਨ ਪਰ ਉਹਨਾਂ ਨੂੰ ਲੱਗਣ ਲੱਗ ਪਿਆ ਸੀ ਕਿ ਗੁਰਬਖ਼ਸ਼ ਸਿੰਘ ਇੱਕ ਖ਼ਾਸ ਉਮਰ ਤੱਕ ਅਤੇ ਖ਼ਾਸ ਹੱਦ ਤੱਕ ਹੀ ਪ੍ਰੇਰਿਤ ਅਤੇ ਪ੍ਰਭਾਵਿਤ ਕਰਦਾ ਹੈ। ਉਹ ਚਾਹੁੰਦੇ ਸਨ ਕਿ ਜ਼ਿੰਦਗੀ ਨੂੰ ਬਦਲਣ ਲਈ ਖ਼ਾਸ ਹੱਦ ਤੋਂ ਪਾਰ ਜਾਣ ਦੀ ਵੀ ਲੋੜ ਸੀ। ਇਸ ਸਮਾਗਮ ਵਿੱਚ ਜਿਹੜਾ ਬੁਲਾਰਾ ਇਹੋ ਜਿਹੇ ਵਿਚਾਰ ਪ੍ਰਗਟ ਕਰਦਾ ਉਹਨੂੰ ਵਧੇਰੇ ਹੁੰਗਾਰਾ ਮਿਲਦਾ। ਰਾਤ ਦੇ ਸਮਾਗ਼ਮ ਵਿੱਚ ਪਹਿਲੀ ਵਾਰ ਗੁਰਸ਼ਰਨ ਸਿੰਘ ਨੂੰ ‘ਭਾਈ ਮੰਨਾ ਸਿੰਘ’ ਦੇ ਰੂਪ ਵਿੱਚ ਵੇਖਿਆ। ਉਹਦੇ ਅੰਦਾਜ਼ ਅਤੇ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬਹੁਤ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹਨਾਂ ਛੋਟੇ ਨਾਟਕਾਂ ਵਿੱਚ ਸਥਾਪਤ ਨਜ਼ਾਮ ਉੱਤੇ ਕਾਟਵਾਂ ਵਿਅੰਗ ਸੀ ਜੋ ਗੁਰਬਖ਼ਸ਼ ਸਿੰਘ ਅਤੇ ਉਸਦੀ ‘ਸਹਿਜ ਸੋਚ’ ਤੋਂ ਅਗਲੀ ਗੱਲ ਸੀ। ਇਹ ‘ਅਗਲੀ ਗੱਲ’ ਲੋਕਾਂ ਨੂੰ ਚੰਗੀ ਲੱਗੀ।
ਸ਼ਿਵ ਕੁਮਾਰ ਦੀ ਉਦੋਂ ਤੂਤੀ ਬੋਲਦੀ ਸੀ। ਰਾਤ ਦਾ ਵੇਲਾ ਸੀ। ਖੱਦਰ ਦੇ ਖੁੱਲ੍ਹੇ ਕੁੜਤੇ ਪਜਾਮੇ ਵਿੱਚ ਤਿੱਲੇ ਜੜੀਆਂ ਚੱਪਲਾਂ ਪਾਈ ਉਹ ਸਟੇਜ ਉੱਤੇ ਚੜ੍ਹਿਆ ਤਾਂ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਰਾਂਝੇ ਵਾਂਗ ਸਿਰ ‘ਤੇ ਵਾਲਾਂ ਦਾ ਖ਼ੁਸ਼ਬੂਦਾਰ ਛੱਤਾ! ਨਸ਼ਈ ਅੱਖਾਂ ਅਤੇ ਦਰਦ-ਰਿੰਝਾਣੇ ਚਿਹਰੇ ਵਾਲੇ ਸ਼ਿਵ-ਕੁਮਾਰ ਨੇ ਬੜੀ ਨਜ਼ਾਕਤ ਨਾਲ ਹੱਥ ਉਠਾ ਕੇ ਬੋਲ ਚੁੱਕੇ:

ਨਹਿਰੂ ਦੇ ਵਾਰਸੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਗਾਂਧੀ ਦੇ ਪੂਜਕੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਸੁਣੋ ਸੁਣੋ ਇਹ ਬਸਤੀਆਂ ਦੇ ਮੋੜ ਕੀ ਨੇ ਆਖਦੇ
ਬੀਮਾਰ ਭੁੱਖੇ ਦੇਸ਼ ਦੇ ਇਹ ਲੋਕ ਕੀ ਨੇ ਆਖਦੇ
ਕਿਉਂ ਸੁਰਖ਼ੀਆਂ ‘ਚੋਂ ਉੱਗਦੇ ਨੇ ਰੋਜ਼ ਸੂਹੇ ਹਾਦਸੇ

ਉਹਦੀ ਹਰੇਕ ਸਤਰ ਉੱਤੇ ਤਾੜੀਆਂ ਦੇ ਨਾਲ ‘ਵਾਹ! ਵਾਹ!’ ਦੀਆਂ ਆਵਾਜ਼ਾਂ ਉੱਠ ਰਹੀਆਂ ਸਨ। ਏਨੀਆਂ ਤਾੜੀਆਂ! ਹਰੇਕ ਸਿ਼ਅਰ ‘ਤੇ! ਏਨੀ ਜਿ਼ੰਦਗੀ ਬੀਤ ਜਾਣ ਬਾਅਦ ਵੀ ਮੈਂ ਕਿਸੇ ਸ਼ਾਇਰ ਨੂੰ ਏਨੀ ਦਾਦ ਮਿਲਦੀ ਨਹੀ ਵੇਖੀ।
ਸ਼ਿਵ ਕੁਮਾਰ ਨੇ ਰੁਕ ਕੇ ਕਿਹਾ, “ਇਹ ਨਜ਼ਮ ਹਾਲ ਹੀ ਵਿੱਚ ਪ੍ਰੀਤ-ਲੜੀ ਵਿੱਚ ਛਪੀ ਹੈ ਪਰ ਮੇਰੇ ਵੀਰ ਨਵਤੇਜ ਨੇ ਇਸਦੀਆਂ ਕੁੱਝ ਸਤਰਾਂ ਪ੍ਰੀਤ-ਲੜੀ ਵਿੱਚ ਨਹੀਂ ਛਾਪੀਆਂ…ਉਹਨਾਂ ਦੀ ਮਜਬੂਰੀ……ਪਰ ਉਹ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ……”
ਲੋਕ ਕੁਰਸੀਆਂ ਦੀਆਂ ਢੋਹਾਂ ਛੱਡ ਕੇ ਅੱਗੇ ਝੁਕ ਗਏ……ਸ਼ਿਵ ਕੁਮਾਰ ਦੇ ਬੋਲ ਸੁਣਨ ਲਈ। ਉਹਦੀ ਉੱਚੀ ਹੇਕ ਰਾਤ ਦੇ ਹਨੇਰਿਆਂ ਨੂੰ ਚੀਰ ਗਈ।

ਨਹਿਰੂ ਦੇ ਵਾਰਸੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਤੁਹਾਡਿਆਂ ਮਹਿਲਾਂ ਨੂੰ ਸਾੜ ਜਾਵੇਗੀ।
ਗਾਂਧੀ ਦੇ ਪੂਜਕੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਖ਼ੂਨ ਦੀ ਹਵਾੜ ਲੈ ਕੇ ਆਵੇਗੀ।

ਲੋਕਾਂ ਦੇ ਸ਼ਾਬਾਸ਼ ਦਿੰਦੇ ਹੱਥ ਉੱਚੇ ਉੱਠ ਕੇ ਅਸਮਾਨ ਵੱਲ ਖੁੱਲ੍ਹ ਗਏ। ਤਾੜੀਆਂ ਦੀ ਗੜਗੜਾਹਟ ਨਾਲ ਚੁਫ਼ੇਰਾ ਗੂੰਜ ਉੱਠਿਆ। ਸ਼ਿਵ-ਕੁਮਾਰ ਜਿਹਾ ‘ਬਿਰਹਾ ਦਾ ਸ਼ਾਇਰ’ ਵੀ ਬਗ਼ਾਵਤ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਲੋਕ ਇਹੋ ਜਿਹੀ ਆਵਾਜ਼ ਹੀ ਸੁਣਨਾ ਚਾਹੁੰਦੇ ਸਨ। ਤੁਰਸ਼ ਅਤੇ ਤਿੱਖੀ। ਇਹ ਆਵਾਜ਼ ਉਹਨਾਂ ਦੇ ਦਿਲ ਦੀ ਆਵਾਜ਼ ਸੀ। ਉਹਨਾਂ ਦੀ ਆਪਣੀ ਆਵਾਜ਼। ਭਾਰਤ ਦੇ ਦੱਬੇ ਕੁਚਲੇ ਲੋਕਾਂ ਦੀ ਸਥਾਪਤ ਤਾਕਤਾਂ ਵਿਰੁੱਧ ਰੋਹ ਭਰੀ ਬੁਲੰਦ ਆਵਾਜ਼।
ਅਗਲੇ ਦਿਨ ਸ: ਸੋਭਾ ਸਿੰਘ ਤੇ ਬਾਬਾ ਸੋਹਣ ਸਿੰਘ ਭਕਨਾ ਨੇ ਗੁਰਬਖ਼ਸ਼ ਸਿੰਘ ਦੇ ਫ਼ਲਸਫ਼ੇ ਦੀ ਸੀਮਾ ਨਿਰਧਾਰਿਤ ਕਰਦਿਆਂ ਨੌਜਾਵਾਨਾਂ ਨੂੰ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਬਾਬਾ ਭਕਨਾ ਨੇ ਕਿਹਾ, “ਸ: ਗੁਰਬਖ਼ਸ਼ ਸਿੰਘ ਜੀ! ਆਪਾਂ ਜੋ ਕਰਨਾ ਤੇ ਜੋ ਦੱਸਣਾ ਸੀ ਉਹ ਕਰ ਲਿਆ ਹੈ ਅਤੇ ਦੱਸ ਲਿਆ ਹੈ। ਹੁਣ ਆਪਾਂ ਨੌਜਵਾਨਾਂ ਨੂੰ ਅੱਗੇ ਆਉਣ ਦੇਈਏ…ਅਤੇ ਉਹਨਾਂ ਨੂੰ ਕੁੱਝ ਕਰਨ ਦੇਈਏ…”।
ਦੋਵੇਂ ਦਿਨ ਲੋਕ ਸਿ਼ਵ ਕੁਮਾਰ ਨੂੰ ਨੇੜੇ ਢੁਕ ਢੁਕ ਵੇਖਦੇ, ਜਿਵੇਂ ਕੋਈ ਅਸਮਾਨੀ ਜੀਵ ਹੋਵੇ। ਏਨਾ ਜਲਵਾ ਤੇ ਕਸਿ਼ਸ਼ ਸੀ ਉਹਦੀ ਸ਼ਾਇਰੀ ਤੇ ਸ਼ਖ਼ਸੀਅਤ ਦੀ।।
ਉਸਤੋਂ ਬਾਅਦ ਕਈ ਵਾਰ ਸਿ਼ਵ ਕੁਮਾਰ ਨੂੰ ਵੇਖਣ/ਮਿਲਣ ਦਾ ਮੌਕਾ ਮਿਲਿਆ ਪਰ ਆਖ਼ਰੀ ਵਾਰ ਉਹਨੂੰ 1972 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਾਲ ਵਿਚ ਹੋਏ ਕਵੀ ਦਰਬਾਰ ਵਿਚ ਵੇਖਿਆ। ਇਹ ਨਕਸਲੀ ਦੌਰ ਦੀ ਚੜ੍ਹਤ ਦਾ ਸਮਾਂ ਸੀ। ੍ਹਾਲ ਵਿਚ ਨੌਜਵਾਨ ਵਿਦਿਆਰਥੀਆਂ ਦੀ ਭੀੜ ਸੀ। ਜਦੋਂ ਸਿ਼ਵ ਕੁਮਾਰ ਦੀ ਵਾਰੀ ਆਈ ਤਾਂ ਉਹ ਮਾਈਕ ਦੇ ਸਾਹਮਣੇ ਆਇਆ। ਚਿਹਰੇ ਅਤੇ ਵਾਲਾਂ ਦਾ 1967 ਵਾਲਾ ਲਟਬੌਰਾ ਹੁਸਨ ਗ਼ਾਇਬ ਸੀ। ਮੁੱਢ ਤੱਕ ਕੱਟੇ ਵਾਲ। ਉਹਦੀ ਬੀਮਾਰੀ ਦੇ ਸਿਖ਼ਰ ਵੱਲ ਵਧਦੇ ਦਿਨ ਤੇ ਲੋਕ-ਪ੍ਰਿਅਤਾ ਦੀ ਨੀਵੀਂ ਢਲਾਣ ‘ਤੇ ਰਿੜ੍ਹਣ ਦੇ ਵੀ। ਉਹਨੇ ਪਹਿਲਾਂ ਵਾਲੇ ਅੰਦਾਜ਼ ਵਿਚ ਸਰੋਤਿਆਂ ਤੋਂ ਪੁੱਛਿਆ ਕਿ ਕੀ ਉਹ ਗਾ ਕੇ ਸੁਣਾਵੇ ਜਾਂ ? ਪਹਿਲਾਂ ਜਦੋਂ ਉਹ ਇਹ ਸਵਾਲ ਕਰਦਾ ਸੀ ਤਾਂ ਸਰੋਤਿਆਂ ਦੀ ਭੀੜ ਚੀਕਣ ਲੱਗਦੀ, “ਗਾ ਕੇ। ਘਾ ਕੇ।”
ਪਰ ਇਸ ਵਾਰ ਸਰੋਤਿਆਂ ਦੀ ਭੀੜ ਵਿਚ ਖ਼ਾਮੋਸ਼ੀ ਸੀ। ਅਚਨਚੇਤ ਇਕ ਮੁੰਡੇ ਦੀ ਉਚੀ ਆਵਾਜ਼ ਹਾਲ ਵਿਚ ਗੂੰਜੀ, “ਸਾਡੀ ਵੱਲੋਂ ਭਾਵੇਂ ਰੋ ਕੇ ਸੁਣਾ ਦੇ।”
ਹਾਲ ਵਿਚ ਹਾਸੇ ਦਾ ਧੜਾਕਾ ਉੱਠਿਆ। ਸਿ਼ਵ ਦੇ ਦਿਲ ਦੀ ਤਾਂ ਉਹੋ ਜਾਣਦਾ ਹੋਊ। ਪਰ ਉਹਨੇ ‘ਤਰਹ-ਮਿਸਰਾ’ ਦੇ ਅੰਦਾਜ਼ ਵਿਚ ਮੱਧਮ ਤੇ ਉਦਾਸ ਸੁਰ ਵਿਚ ਬਾਬਾ ਬੂਝਾ ਸਿੰਘ ਬਾਰੇ ਲਿਖੀ ਕਵਿਤਾ ਸੁਣਾਈ। ਭੀੜ ਨੇ ਮਰੀਆਂ ਜਿਹੀਆਂ ਤਾੜੀਆਂ ਮਾਰੀਆਂ।
ਪਹਿਲੀ ਵਾਰ ਸਿ਼ਵ ਦਾ ਸਟੇਜੀ ਹੁਸਨ ਵੇਖਣ ਵਾਲੀ ਗੁਗਦਾਉਂਦੀ ਖ਼ੁਸ਼ੀ ਦਾ ਅਹਿਸਾਸ ਤੇ ਆਖ਼ਰੀ ਵਾਰ ਉਹਦੇ ਨਾਲ ਜੁੜੀ ਉਦਾਸ ਕਰਨ ਵਾਲੀ ਯਾਦ ਮੈਨੂੰ ਕਦੇ ਨਹੀਂ ਭੁੱਲਦੀ।
ਮੇਰਾ ਮੰਨਣਾ ਹੈ ਕਿ ਹੋਰ ਕਾਰਨਾਂ ਤੋਂ ਇਲਾਵਾ ਸਿ਼ਵ ਦੀ ਮੌਤ ਨੂੰ ਨੇੜੇ ਲਿਆਉਣ ਵਾਲਾ ਇਕ ਕਾਰਨ ਉਸ ਵੇਲੇ ਦੇ ਸਾਹਿਤਕ ਮਾਹੌਲ ਵਿਚ ਸਿ਼ਵ ਦਾ ਅਪ੍ਰਸੰਗਿਕ ਹੋ ਜਾਣਾ ਵੀ।
ਉਂਜ ਸਿ਼ਵ ਕਦੀ ਵੀ ਅਪ੍ਰਸੰਗਿਕ ਨਹੀਂ ਹੋਣ ਲੱਗਾ। ਬੰਦੇ ਅੰਦਰਲੀ ਉਦਾਸੀ ਨੂੰ ਜ਼ਬਾਨ ਦੇਣ ਵਾਲੀ ਕਵਿਤਾ ਕਦੀ ਨਹੀਂ ਮਰਦੀ। ਏਸੇ ਕਰ ਕੇ ਸਿ਼ਵ ਅੱਜ ਵੀ ਜਿਊਂਦਾ ਏ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346