Welcome to Seerat.ca
|
-
ਪਿਆਰੇ ਡਾਕਟਰ ਸੰਧੂ ਜੀਓ
ਇਸ ਵਾਰੀ ਪਹਿਲਾਂ ਨਾਲ਼ੋਂ ਵੱਖਰੀ ਗੱਲ ਇਹ ਹੋਈ ਕਿ ਮਹੀਨੇ ਦੇ ਅਖੀਰਲੇ ਦਿਨਾਂ ਤੋਂ ਮੈਂ
'ਸੀਰਤ' ਸਦਾ ਵਾਂਙ ਖੋਹਲਣਾ ਸ਼ੁਰੂ ਨਹੀਂ ਸੀ ਕੀਤਾ। ਅਚਾਨਕ ਸੱਤ ਜੂਨ ਵਾਲ਼ੇ ਦਿਨ 'ਫ਼ਸੇਬੁੱਕ'
ਤੋਂ ਹੀ ਪਤਾ ਲੱਗਾ ਕਿ 'ਸੀਰਤ' ਇੰਟਰਨੈਟ ਉਪਰ ਆ ਗਿਆ ਹੈ।
ਜਿਹਾ ਕਿ ਆਸ ਹੀ ਹੈ ਕਿ ਸਭ ਤੋਂ ਪਹਿਲਾਂ ਤੁਹਾਡਾ ਲੇਖ ਹੀ ਪੜ੍ਹਿਆ ਤੇ ਫਿਰ ਦੂਜਾ ਦਵਿੰਦਰ
ਦੀਦਾਰ ਦਾ; ਸ਼ਾਇਦ ਉਸ ਨਾਲ਼ ਆਪਣਾ ਦੋਹਰਾ ਰਿਸ਼ਤਾ ਹੋਣ ਕਰਕੇ! ਉਹ ਮੇਰਾ ਰਿਸ਼ਤੇਦਾਰ ਵੀ ਹੈ ਤੇ
ਮਿੱਤਰ ਵੀ। ਵਾਰੀ ਵਾਰੀ ਸਾਰੇ ਲੇਖਾਂ ਵਿਚਦੀ ਲੰਘ ਗਿਆ ਸਾਂ ਦਸ ਜੂਨ ਸਵੇਰ ਤੱਕ ਤੇ ਫਿਰ
ਓਸੇ ਦਿਨ ਦੁਪਹਿਰੇ ਗ੍ਰਿਫ਼ਿਥ ਵਿਖੇ ਹੋ ਰਹੇ ਸਾਲਾਨਾ ਸਿੱਖ ਖੇਡਾਂ ਵਾਲ਼ੇ ਜੋੜ ਮੇਲੇ ਦੀਆਂ
ਰੌਣਕਾਂ ਵੇਖਣ ਤੁਰਨਾ ਸੀ। ਇਹ ਮੇਲਾ ਵੀਹ ਸਾਲ ਤੋਂ ਹਰੇਕ ਸਾਲ ਮਨਾਇਆ ਜਾਂਦਾ ਹੈ, ਜੂਨ
੧੯੮੪ ਵਿਚ ਹੋਏ ਸ਼ਹੀਦਾਂ ਦੀ ਯਾਦ ਵਿਚ।
ਇਸ ਬਾਰੇ ਤਾਂ ਮੁੜ ਮੁੜ ਲਿਖਣ ਦੀ ਲੋੜ ਨਹੀਂ ਕਿ 'ਸੀਰਤ' ਵਿਚ ਛਪਣ ਵਾਲ਼ੀਆਂ ਸਾਰੀਆਂ
ਰਚਨਾਵਾਂ ਹੀ ਇਕ ਤੋਂ ਇਕ ਵਧ ਹੁੰਦੀਆਂ ਹਨ। ਇਹ ਵੀ ਮਾਣ ਵਾਲ਼ੀ ਗੱਲ ਹੈ ਕਿ ਸਾਡਾ ਯਾਰ,
ਆਪਣੇ ਪਰਚੇ ਵਿਚ ਲਿਖਤਾਂ ਛਾਪਣ ਵੇਲ਼ੇ ਇਹ ਨਹੀਂ ਵੇਖਦਾ ਕਿ ਲਿਖਤ ਉਸ ਦੇ ਵਿਚਾਰਾਂ ਨਾਲ਼ ਮੇਲ਼
ਖਾਂਦੀ ਹੈ ਜਾਂ ੳੁਹਨਾਂ ਦੇ ਉਲਟ ਹੈ। ਬਿਨਾ ਵਿਤਕਰੇ ਦੇ ਸਿਰਫ ਲਿਖਤ ਦਾ ਸਾਹਿਤਕ ਮਿਆਰ ਹੀ
ਵੇਖਿਆ ਜਾਂਦਾ ਹੈ। ਇਹ ਤੁਹਾਡੀ ਫ਼ਰਾਖ਼ਦਿਲੀ ਹੈ। ਇਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਅੰਮ੍ਰਿਤਾ ਜੀ ਦੀ ਲਿਖਤ ਵਿਚ ਭਾਵੇਂ ਕਿ ਹੋਰ ਵੀ ਸ਼ਬਦ ਜੋੜਾਂ ਦੀਆਂ ਕੁਝ ਕੁ ਗ਼ਲਤੀਆਂ ਹਨ ਪਰ
ਹਰੇਕ ਵਾਰ ਬਹੁਤ ਹੀ ਸੌਖੇ ਸ਼ਬਦ 'ਚੁਲ੍ਹਾ' ਦੀ ਥਾਂ 'ਚੁੱਲਾਂ' ਛਪਿਆ ਹੋਇਆ ਜਰੂਰ ਚੁਭਦਾ
ਹੈ।
ਖੇਡਾਂ ਵਿਚ ਤਾਂ ਮੇਰੀ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ ਪਰ ਏਸੇ ਬਹਾਨੇ ਸੱਜਣਾਂ ਮਿੱਤਰਾਂ
ਦੇ ਦਰਸ਼ਨ ਮੇਲੇ ਹੋ ਜਾਂਦੇ ਹਨ। ਖੇਡ ਤਾਂ ਕੋਈ ਖੇਡੀ ਨਾ ਖੇਡਣ ਦੇ ਦਿਨੀਂ ਤੇ ਹੁਣ ਬੁਢੇ
ਵਾਰੇ ਕੀ ਇਹਨਾਂ ਵਿਚ ਰੁਚੀ ਹੋਣੀ ਹੈ! ਜੂਨ ਮਹੀਨੇ ਵਿਚ ਆਉਣ ਵਾਲ਼ੇ ਵਲੈਤੀ ਰਾਣੀ ਦੇ ਜਨਮ
ਦਿਨ ਦੀ ਛੁੱਟੀ ਹੋਣ ਕਰਕੇ ਇਹ ਲੰਮੇਰਾ ਵੀਕ ਐਂਡ ਹੋ ਜਾਂਦਾ ਹੈ ਤੇ ਇਸ ਕਰਕੇ ਇਹ ਸਮਾ
ਇਹਨਾਂ ਖੇਡਾਂ ਵਾਸਤੇ ਹਰ ਸਾਲ ਪੱਕਾ ਹੀ ਹੈ। ਇਸ ਵਾਰੀ ਇਹ ਯਾਰਾਂ ਤੇ ਬਾਰਾਂ ਤਰੀਕ ਵਾਲ਼ੇ
ਦੋ ਦਿਨ ਹੋਈਆਂ ਸਨ।
ਤੁਸੀਂ ਜਾਣਦੇ ਹੀ ਹੋ ਕਿ ਮੈਨੂੰ ਤੁਹਾਡੀਆਂ ਲਿਖਤਾਂ 'ਗਾਲਪਨਿਕ' ਹੀ ਲੱਗਦੀਆਂ ਹਨ, ਜਦੋਂ
ਮੈਂ ਉਹਨਾਂ ਨੂੰ ਪੜ੍ਹਦਾ ਹਾਂ; ਭਾਵੇਂ ਕਿ ਮੈਨੂੰ ਪਤਾ ਹੁੰਦਾ ਹੈ ਕਿ ਤੁਸੀਂ ਸਚੀਂ ਵਾਪਰੇ
ਵਾਕਿਆਤ ਹੀ ਲਿਖ ਰਹੇ ਹੋ। ਤੁਸੀਂ ਗੱਲ ਦੀ ਪੂਰੀ ਤਫ਼ਸੀਲ ਮਾਰਮਿਕ ਸ਼ਬਦਾਂ ਵਿਚ ਕਰਦੇ ਹੋ
ਕਿ ਲੱਗਦਾ ਹੈ ਕਿ ਤੁਸੀਂ ਜਿਵੇਂ ਕਹਾਣੀ ਲਿਖ ਰਹੇ ਹੋ। ਤੁਹਾਡੇ ਇਸ ਲੇਖ ਵਿਚ ਦਰਸਾਏ
ਵਾਕਿਆਤ ਪੜ੍ਹ ਕੇ ਮਨ ਮੰਨਦਾ ਨਹੀਂ ਕਿ ਮਜ਼ਹਬੀ ਪਾਣ ਚੜ੍ਹਨ ਨਾਲ਼ ਮਨੁਖ ਏਨਾ ਕੱਟੜ ਵੀ ਹੋ
ਸਕਦਾ ਹੈ! ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ 'ਧਰਮੀ' ਬਣਕੇ ਮਨੁਖ ਦਾ ਏਨਾ ਨਿਰਮੋਹਾ ਹੋ
ਸਕਣਾ ਕੀ ਕਿਸੇ ਮਨੁਖ ਦੇ ਵੱਸ ਵਿਚ ਹੈ! ਜਰਾ ਕੁ ਵਿਚਾਰਾਂ ਵਿਚ ਵਿਖੇਵਾਂ ਹੋ ਗਿਆ ਤਾਂ
ਆਪਣੇ ਅਜ਼ੀਜ਼ ਸਾਕ, ਯਾਰ, ਹਮ ਉਮਰ ਨਾਲ਼ੋਂ ਨਾ ਸਿਰਫ ਸਬੰਧ ਹੀ ਤੋੜ ਲੈਣੇ ਬਲਕਿ ਉਸ ਨੂੰ ਜਾਨੋ
ਮਾਰਨ ਲਈ ਵੀ ਤਿਆਰ ਹੋ ਜਾਣਾ!
ਤੁਸੀਂ ਆਪਣੀ ਜੀਵਨੀ ਵਿਚ ਆਪਣੇ ਪਰਵਾਰਕ ਮੈਂਬਰਾਂ ਦੀਆ ਸੰਸਾਰਕ ਲਾਲਚੀ ਰੁਚੀਆਂ ਬਾਰੇ
ਪਹਿਲਾਂ ਵੀ ਵਾਹਵਾ ਸਾਰੀਆਂ ਅਣਸੁਖਾਵੀਆਂ ਗੱਲਾਂ ਲਿਖੀਆਂ ਹਨ। ਰੱਬ ਬਚਾਏ ਅਜਿਹੇ 'ਧਰਮੀਆਂ'
ਤੋਂ!
ਇਸ ਵਾਰੀ ਬਾਲੀ ਗਿੱਲ ਦਾ ਕੋਈ ਲੇਖ ਨਹੀਂ ਆਇਆ।
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
-
‘ਸੀਰਤ‘ ਅੰਕ ਜੂਨ 2016
ਵਿਚ ਪੁਸਤਕ ‘ਪੰਜਾਬ ਦੀ ਇਤਿਹਾਸਕ ਗਾਥਾ‘ ਬਾਰੇ ਡਾ. ਸੁਭਾਸ਼ ਪਰਿਹਾਰ ਦਾ ਅਵਲੋਕਨ ਨਿਬੰਧ
ਪੜ੍ਹਿਆ ।ਕਿਉਂਕਿ ਦਾਸ ਨੇ ਇਹ ਪੁਸਤਕ ਪੜ੍ਹੀ ਨਹੀਂ, ਇਸ ਕਰ ਕੇ ਇਸ ਬਾਰੇ ਵਿਸਥਾਰ ਨਾਲ
ਨਹੀਂ ਲਿਖ ਸਕਦਾ।ਪਰੰਤੂ ਇਸ ਨਿਬੰਧ ਬਾਰੇ ਕੇਵਲ ਦੋ ਨੁਕਤੇ ਪਾਠਕਾਂ ਨਾਲ ਸਾਂਝੇ ਕਰਨੇ
ਚਾਹਾਂ ਗਾ।
1. ਨਿਬੰਧ ਦੇ ਆਰੰਭ ਵਿਚ ਲੇਖਕ ਦੀ ਇਤਿਹਾਸ ਦੀ ਪ੍ਰਸਤੁਤ ਪਰਿਭਾਸ਼ਾ ”ਇਹ ਬੀਤੇ ਦਾ
ਵਸਤੂਪੂਰਕ (Objective) ਨਿਰੀਖਣ ਹੈ” ਅਪ੍ਰਆਪਤ ਹੈ ।ਮੇਰੀ ਸਮਝ ਅਨੁਸਾਰ ਇਤਿਹਾਸ ਅਤੀਤ
ਦੀਆਂ ਆਰਥਿਕ ਰਾਜਨੀਤਿਕ, ਸਮਾਜਿਕ, ਸਭਿਆਚਾਰਿਕ ਅਤੇ ਮਾਨਸਿਕ ਗਤੀ ਵਿਧੀਆਂ ਦਾ ਦਵੰਦਵਾਦੀ
ਪਦਾਰਥਵਾਦੀ ਵਿਧੀ ਰਾਹੀਂ, ਅਧਿਅਨ,ਮੰਥਨ, ਅਤੇ ਨਿਰਣੇ ਕਰਨ ਦੀ ਪ੍ਰਕਿਰਿਆ ਹੈ ਜਿਸ ਵਿਚ
ਅੰਦਰੂਨੀ (Subjective) ਅਤੇ (Objective) ਬਾਹਰਮੁੱਖੀ ਸ਼ਕਤੀਆਂ ਦਵੰਦਵਾਦੀ ਰਿਸ਼ਤੇ ਵਿਚ
ਜੁੜੀਆਂ ਹੁੰਦੀਆਂ ਹਨ । ਉਪਜ ਦੇ ਸਾਧਨ,ਉਪਜ ਦੇ ਸਾਧਨਾਂ ਦੀ ਮਾਲਕੀ,ਉਪਜ ਦੀ ਸਮਾਜਕ ਵੰਡ
ਅਤੇ ਉਪਜ ਦੇ ਸਾਧਨਾਂ ਵਿਚ ਪ੍ਰੀਵਰਤਨ (ਸੰਦਾਂ ਆਦਿ ਵਿਚ ਉੱਨਤੀ) ਇਤਿਹਾਸਕ ਗਤੀ ਅਥਵਾ
ਪਰਵਾਹ ਦੀ ਧੁਰੀ ਹੁੰਦੇ ਹਨ ।
2. ਇਸ ਨਿਬੰਧ ਅਨੁਸਾਰ ਬੰਗਲਾ ਦੇਸ਼ ਦੀ ਲੜਾਈ 1965 ਵਿਚ ਹੋਈ ਜੋ ਗ਼ਲਤ ਹੈ । ਇਹ ਲੜਾਈ 1971
ਵਿਚ ਹੋਈ ਸੀ ਜਿਸ ਵਿਚ ਪਾਕਿਸਤਾਨ ਦੇ ਲੈਫ਼. ਜਨਰਲ ਅਮੀਰ ਅਬਦੁੱਲਾ ਖ਼ਾਨ ਨਿਆਜ਼ੀ ਨੇ ਭਾਰਤ ਦੇ
ਲੈਫ਼. ਜਨਰਲ ਜਗਜੀਤ ਸਿੰਘ ਅਰੋੜਾ ਨੂੰ 16 ਦਸੰਬਰ 1971 ਨੂੰ ਢਾਕਾ ਵਿਚ ਹਥਿਆਰਾਂ ਅਤੇ
ਫੌਜਾਂ ਸਮੇਤ ਆਤਮ-ਸਮਰਪਣ ਕੀਤਾ ।
ਬਾਕੀ ਫਿਰ ਕਦੀ.....
ਗੁਰਨਾਮ ਢਿੱਲੋਂ
|