Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat

ਜੱਗ ਵਾਲਾ ਮੇਲਾ
- ਦੇਵਿੰਦਰ ਦੀਦਾਰ

 

”ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ” ਨਿੱਕੇ ਹੁੰਦਿਆਂ ਜਦੋਂ ਇਹ ਗਾਣਾ ਸੁਣਨਾ ਤਾਂ ਬਹੁਤ ਵਧੀਆ ਲੱਗਣਾ, ਸਕੂਲ ਵਿਚ ਵੀ ਸ਼ਨੀਵਾਰ ਦੀ ਸਭਾ ਵਿੱਚ, ਇਹ ਗੀਤ ਗਾ ਕੇ ਇਨਾਮ ਵੀ ਜਿਤਿਆ, ਪਰ ਮੈਨੂੰ ਗੀਤ ਦੀ ਜ਼ਿਆਦਾ ਸਮਝ ਨਹੀਂ ਸੀ ਲੱਗਦੀ ਕਿ ਜੱਗ ਵਾਲਾ ਮੇਲਾ ਥੋੜ੍ਹੀ ਦੇਰ ਦਾ ਕਿਉਂ ਹੈ? ਜੇ ਹੱਸਦਿਆਂ ਰਾਤ ਲੰਘਦੀ ਹੈ ਤਾਂ ਸਵੇਰ ਦਾ ਕਿਉਂ ਨਹੀ ਪਤਾ? ਹੁਣ ਜਦੋਂ ਅੱਧੀ ਸਦੀ ਤੋਂ ਵੱਧ ਦੀਆਂ ਪਤਝੜਾਂ ਵੇਖ ਲਈਆ ਹਨ ਤਾਂ ਇਸ ਦੇ ਲਫ਼ਜ਼ ਲਫ਼ਜ਼ ਦਾ ਮਤਲਬ ਸਾਫ ਹੋ ਗਿਆ ਹੈ ਪਰ ਮਨ ਹੈ ਕਿ ਅੱਜ ਵੀ ਇਸ ਨੂੰ ਸੱਚ ਨਹੀਂ ਮੰਨਦਾ ।
ਪਤਾ ਨਹੀਂ ਸਾਡੀ ਮਨੁੱਖ ਜ਼ਾਤੀ ਦੀ ਕੀ ਮਜਬੂਰੀ ਹੈ ਕਿ ਅਸੀਂ ਸਭ ਕੁਝ ਜਾਣਦੇ-ਬੁੱਝਦੇ, ਵੇਖਦੇ ਪਰਖਦੇ ਵੀ ਇਸ ਸੱਚ ਨੂੰ ਸੱਚ ਕਿਉਂ ਨਹੀਂ ਮੰਨਦੇ? ਹਰ ਇਕ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ”ਬੰਦਾ ਖਾਲੀ ਹੱਥ ਆਇਆ ਅਤੇ ਖਾਲੀ ਹੱਥ ਹੀ ਜਾਣਾ ਹੈ” ਪਰ ਫੇਰ ਵੀ ਪੰਡਾਂ ਬੰਨ੍ਹਣ ਦਾ ਲਾਲਚ ਸਾਡੇ ਵਿੱਚ ਕੁੱਟ-ਕੁੱਟ ਭਰਿਆ ਪਿਆ ਹੈ ।
ਜਿੰਨੇ ਦੇਵੀ-ਦੇਵਤੇ, ਗੁਰੂ-ਪੀਰ ਅਤੇ ਸਾਨੂੰ ਸੱਚ ਦਾ ਰਾਹ ਦੱਸਣ ਵਾਲੇ ‘ਭਲੇ ਲੋਕ‘ ਸਾਡੇ ਦੇਸ਼ ਵਿਚ ਹੋਏ ਹਨ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਹੋਏ ਹੋਣ, ਗੁਰਬਾਣੀ, ਗੀਤਾ, ਕੁਰਾਨ, ਰਮਾਇਣ ਅਤੇ ਸਾਡੇ ਹਰ ਧਰਮ ਨੇ ਸਾਨੂੰ ਕੁਰਾਹੇ ਤੋਂ ਰਾਹ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਅਸੀਂ ਅੱਜ ਵੀ ਅੰਨ੍ਹੀ ਗਲ੍ਹੀ ਦੇ ਸਿਰੇ ਤੇ ਖੜੇ ਹਾਂ।
ਜ਼ਿਆਦਾਤਰ ਲੋਕਾਂ ਨੇ ਤਾਂ ਸਾਰੇ ਰਿਸ਼ਤੇ-ਨਾਤੇ ਤੋੜ ਕੇ ਸਿਰਫ ਪੈਸੇ ਨੂੰ ਹੀ ਪੀਰ ਬਣਾ ਲਿਆ ਹੈ, ਪੈਸੇ ਲਈ ਉਹ ਕੁਝ ਵੀ ਕਰਨ ਲਈ ਹਰ ਵਕਤ ਤਿਆਰ ਹੁੰਦੇ ਹਨ ਅਤੇ ਸਾਰਾ ਜੀਵਨ ਹੀ ਇਸ ਦੌੜ ਵਿੱਚ ਲਾ ਦੇਂਦੇ ਹਨ ।
ਸਿਕੰਦਰ ਹਰ ਇਕ ਨੂੰ ਯਾਦ ਹੈ, ਸਭ ਨੂੂੰ ਪਤੈ ਕਿ ਸਾਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਉਹ ਘਰੋਂ ਨਿਕਲਿਆ ਸੀ, ਆਪਣਾ ਸੁਪਨਾ ਕਾਫੀ ਹੱਦ ਤਕ ਪੂਰਾ ਵੀ ਕਰ ਲਿਆ, ਪਰ ਬੱਤੀ ਸਾਲ ਦੀ ਉਮਰ ਵਿੱਚ ਉਸ ਨੂੰ ਇਕ ਨਾ ਮੁਰਾਦ ਬਿਮਾਰੀ ਨੇ ਆਣ ਘੇਰਿਆ। ਉਸ ਨੇ ਮਰਨ ਤੋਂ ਪਹਿਲਾ ਇਕ ਵਸੀਅਤ ਤਿਆਰ ਕੀਤੀ ਸੀ, ਜੋ ਮੈਂ ਇਥੇ ਫਿਰ ਤੋਂ ਦੁਹਰਾਅ ਰਿਹਾ ਹਾਂ। ਉਸ ਲਿਖਿਆ ਸੀ, ”ਮੇਰੇ ਮਰਨ ਤੇ ਮੇਰੇ ਚਾਰੇ ਸ਼ਾਹੀ ਵੈਦ ਮੈਨੂੰ ਮੋਢਾ ਦੇਣਗੇ, ਦੁਨੀਆਂ ਇਹ ਨਾ ਸਮਝੇ ਸਿਕੰਦਰ ਦਵਾ-ਦਾਰੂ ਖੁਣੋਂ ਤੁਰ ਗਿਆ ਹੈ । ਮੇਰੀ ਸਾਰੀ ਫੌਜ ਮੇਰੇ ਜਨਾਜੇ ਵਿਚ ਸ਼ਿਰਕਤ ਕਰੇਗੀ, ਕੋਈ ਇਹ ਨਾ ਸਮਝੇ ਕਿ ਸਿਕੰਦਰ ਨੂੰ ਬੰਦਿਆਂ ਦੀ ਘਾਟ ਸੀ, ਮੇਰੇ ਸਾਰੇ ਖਜ਼ਾਨੇ ਨੂੰ ਵੀ ਮੇਰੇ ਜਨਾਜੇ ਵਿਚ ਸ਼ਾਮਲ ਕਰਨਾ, ਤਾਂ ਜੋ ਕੋਈ ਇਹ ਨਾ ਸਮਝੇ ਕਿ ਉਹ ਪੈਸੇ ਖੁਣੋ ਮਰ ਗਿਆ ਹੈ ਅਤੇ ਮੇਰੇ ਹੱਥ ਵੀ ਖੱਫਣ ਚੋਂ ਬਾਹਰ ਕੱਢ ਕੇ ਰੱਖਣੇ, ਤਾਂ ਕਿ ਦੁਨੀਆ ਸਮਝ ਸਕੇ ਕਿ ਦੁਨੀਆ ਜਿੱਤਣ ਦੀ ਤਮੰਨਾ ਰੱਖਣ ਵਾਲਾ ਸਿਕੰਦਰ ਖਾਲੀ ਹੱਥ ਜਾ ਰਿਹਾ ਹੈ।”
ਸਿਕੰਦਰ ਦੇ ਸੱਚ ਨੂੰ ਜਾਣਦੇ ਹੋਏ ਵੀ ਅਸੀਂ ਇਸ ਸੱਚ ਨੂੰ ਕਿੰਨਾ ਕੁ ਮੰਨਦੇ ਹਾਂ? ਇਹ ਬੇਈਮਾਨੀ, ਇਹ ਲੁੱਟ-ਖਸੁੱਟ, ਇਹ ਚੋਰੀ-ਡਾਕੇ, ਇਹ ਝੂਠ-ਫਰੇਬ ਕਿਸ ਲਈ?
ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੈ ਕਿ ਪੈਸੇ ਬਿਨਾਂ ਦੁਨੀਆਂ ਕਦੀ ਨਹੀਂ ਚੱਲੀ, ਪਰ ਪੈਸੇ ਦੀ ਭੁੱਖ ਦਾ ਕੋਈ ਅੰਤ ਵੀ ਤਾਂ ਹੋਣਾ ਚਾਹੀਦਾ ਏ?
ਇਕ ਸੁਣੀ-ਸੁਣਾਈ ਹੋਰ, ਇਕ ਸੇਠ ਨੇ ਕਿਸੇ ਜੋਤਸ਼ੀ ਨੂੰ ਹੱਥ ਵਿਖਾਇਆ। ਜੋਤਸ਼ੀ ਨੇ ਕਿਹਾ ‘ਲਾਲਾ ਜੀ ਤੁਹਾਡੀਆਂ ਬਾਰਾਂ ਪੀੜ੍ਹੀਆਂ ਤਾਂ ਬਹੁਤ ਵਧੀਆ ਕਾਰੋਬਾਰ ਕਰਨਗੀਆਂ ਪਰ ਤੇਰਵੀਂ ਪੀੜ੍ਹੀ ਤੋਂ ਬਾਅਦ, ਜਾਂ ਤਾਂ ਕਾਰੋਬਾਰ ਬੰਦ ਕਰਨਾ ਪਵੇਗਾ ਜਾਂ ਬਦਲਣਾ ਪਵੇਗਾ । ਫੇਰ ਕੀ ਸੀ? ਸੇਠ ਦਾ ਇਕ ਦਮ ਹਬੱਕਾ ਜਿਹਾ ਨਿਕਲਿਆ ਅਤੇ ਐਸਾ ਦੌਰਾ ਪਿਆ ਕਿ ਸੇਠ ਘੜੀਆਂ-ਪਲਾਂ ‘ਤੇ ਆ ਗਿਆ, ਘਰ ਦੇ ਨੇ ਉਸ ਨੂੂੰ ਮੰਜੀ ਤੋਂ ਲਾਹ ਕੇ, ਦੀਵਾ ਵੱਟੀ ਕਰਨ ਦੇ ਨਾਲ ਨਾਲ ਦਾਨ-ਪੁੰਨ ਵੀ ਕਰਨ ਲੱਗ ਪਏ। ਭੀੜ ਲੱਗੀ ਵੇਖ ਕੇ ਇਕ ਫ਼ਕੀਰ ਵੀ ਉਥੇ ਰੁਕ ਗਿਆ ਤੇ ਮਾਜਰਾ ਪੁਛਿਆ? ਘਰ ਦਿਆਂ ਨੇ ਸਾਰੀ ਗੱਲ ਦਸ ਕੇ ਉਸ ਨੂੰ ਵੀ ਕੁਝ ਦਾਨ ਦੇਣਾ ਚਾਹਿਆ, ਫਕੀਰ ਬੋਲਿਆ ”ਭਈ ਰੁਕੋ ਮੈਂ ਪਹਿਲਾਂ ਘਰੋਂ ਵੇਖ ਆਵਾਂ, ”ਫ਼ਕੀਰ ਗਿਆ ਅਤੇ ਕੁਝ ਪਲਾਂ ਵਿਚ ਹੀ ਮੁੜ ਆਇਆ ਅਤੇ ਕਹਿਣ ਲੱਗਾ “ਬੱਸ ਥੋੜ੍ਹਾ ਜਿਹਾ ਅੱਜ ਜੋਗਾ ਦੇ ਦਿਉ”।
ਘਰ ਦਿਆਂ ਪੁੱਛਿਆ ”ਸੰਤ ਜੀ ਤੁਸੀਂ ਘਰ ਕੀ ਲੈਣ ਗਏ ਸੀ?” ਫ਼ਕੀਰ ਬੋਲਿਆ ”ਮੈਂ ਵੇਖਣ ਗਿਆ ਸੀ ਕਿ ਜੇਕਰ ਹੁਣ ਦੇ ਗੁਜ਼ਾਰੇ ਜੋਗਾ ਹੁੰਦਾ ਤਾਂ ਫੇਰ ਨਹੀਂ ਸੀ ਚਾਹੀਦਾ‘ ”ਫੇਰ ਕੱਲ੍ਹ ਜੋਗਾ” ਕਿਸੇ ਨੇ ਪੁੱਛਿਆ ਤਾਂ ਫ਼ਕੀਰ ਅੱਗੋਂ ਬੋਲਿਆ “ਵੇਖ ਭਲਿਆ ਲੋਕਾ ਜੇ ਉਸ ਰੱਬ ਨੇ ਕੱਲ੍ਹ ਵਿਖਾਉਣਾ ਏ ਤਾਂ ਕੱਲ੍ਹ ਦਾ ਦਾਣਾ-ਪਾਣੀ ਵੀ ਤਾਂ ਉਸੇ ਨੇ ਹੀ ਦੇਣਾ ਏ ਨਾ”? ਅਤੇ ਫ਼ਕੀਰ ਉਥੋਂ ਤੁਰ ਪਿਆ ।
ਸੇਠ ਦੇ ਕੰਨਾਂ ਵਿਚ ਵੀ ਉਸ ਫ਼ਕੀਰ ਦੀ ਅਵਾਜ਼ ਪਈ ਤਾਂ ਉਸ ਨੂੰ ਇਕ ਝੁਣ-ਝੁਣੀ ਜਹੀ ਆਈ ਤੇ ਉਹ ਸੋਚਣ ਲੱਗਾ ਕਿ ਜਿਸ ਦੇ ਘਰ ਕੱਲ੍ਹ ਖਾਣ ਲਈ ਨਹੀਂ ਏ ਉਸ ਨੂੰ ਕੋਈ ਫਿਕਰ ਨਹੀਂ ਏ ਅਤੇ ਮੈਂ ਬਾਰਾਂ ਪੀੜ੍ਹੀਆਂ ਦਾ ਸੋਚ ਸੋਚ ਮਰੀਂ ਜਾ ਰਿਹਾ ਹਾਂ ।
ਫੇਰ ਸੇਠ ਤਾਂ ਠੀਕ ਹੋ ਗਿਆ, ਪਰ ਅਸੀਂ ਅਜੇ ਵੀ ਠੀਕ ਨਹੀਂ ਹੋਏ, ਅਸੀਂ ਅਜੇ ਵੀ ਅਗਲੀਆਂ ਪੀੜੀਆਂ ਲਈ ਸਭ ਕੁਝ ਇੱਕਠਾ ਕਰਨ ਲਈ ਉਮਰ ਗਵਾ ਰਹੇ ਹਾਂ ।
ਘਰ ਵਿੱਚ ਗੁਜ਼ਾਰੇ ਜੋਗਾ ਰਾਸ਼ਨ ਹੋਵੇ, ਆਉਣ ਜਾਣ ਦਾ ਮਾੜਾ ਮੋਟਾ ਸਾਧਨ ਹੋਵੇ, ਰਹਿਣ ਲਈ ਘਰ ਹੋਵੇ, ਸਭ ਕੁਝ ਨੂੰ ਚਲਾਉਣ ਲਈ ਗੁਜ਼ਾਰੇ ਜੋਗੇ ਪੈਸੇ ਹੋਣ। ਇਹ ਸਭ ਕੁਝ ਜਿਊਣ ਲਈ ਬਹੁਤ ਨਹੀਂ ਏ ?
ਸਭ ਨੂੰ ਇਸ ਗਲ ਦਾ ਇਲਮ ਏ, ਇਸ ਤੋਂ ਵੱਧ ਪੈਸੇ ਜਾਂ ਤਾਂ ਬੈਂਕਾਂ ਵਿੱਚ, ਸ਼ੇਅਰਾਂ ਵਿਚ ਜਾਂ ਫਿਰ ਦੱਬ ਕੇ ਰੱਖਣ ਲਈ ਹੁੰਦੇ ਹਨ, ਜਿਸ ਪੈਸੇ ਦਾ ਅਸੀਂ ਕਦੀ ਵੀ ਇਸਤੇਮਾਲ ਨਹੀਂ ਕਰਨਾ, ਬਸ ਬੈਂਕਾਂ ਦੀਆ ਕਾਪੀਆਂ ਵੇਖ, ਸਰਟੀਫਿਕੇਟ ਵੇਖ ਕੇ ਅਸੀਂ ਸਿਰਫ ਖੁਸ਼ ਹੀ ਹੋ ਸਕਦੇ ਹਾਂ
ਸਾਡਾ ਜੀਵਨ ਅਸਲ ਵਿੱਚ ਇਕ ਦਿਨਾ ਕ੍ਰਿਕਟ ਮੈਚ ਵਰਗਾ ਹੁੰਦਾ ਹੈ । ਸਾਨੂੰ ਟੈਸਟ ਮੈਚ ਵਾਂਗ ਦੂਸਰੀ ਪਾਰੀ ਖੇਡਣ ਲਈ ਨਹੀਂ ਮਿਲਦੀ, ਜੋ ਚੰਗਾ ਮਾੜਾ ਖੇਡਣਾ, ਚੰਗਾ-ਮਾੜਾ ਬੀਜਣਾ, ਚੰਗਾ ਮਾੜਾ ਜਿਉਣਾ ਬੱਸ ਇਕ ਹੀ ਪਾਰੀ ਵਿੱਚ । ਇਸ ਵਾਰੀ ਨੂੰ ਅਸੀਂ ਕਿਸ ਤਰ੍ਹਾਂ ਨਿਭਾਉਂਦੇ ਹਾਂ? ਕਿਵੇਂ ਵਿਉਂਤਬੰਦੀ ਕਰਦੇ ਹਾਂ? ਹੱਸ ਕੇ, ਰੋ ਕੇ, ਇੱਕਲਿਆਂ, ਇਕੱਠਿਆਂ, ਲੜ ਕੇ ਜਾਂ ਮਿਲ ਕੇ ਕੱਟਦੇ ਹਾਂ ਇਹ ਅਸਾਂ ਖੁਦ ਫੈਸਲਾ ਕਰਨਾ ਹੈ ।
ਮਰਨ ਬਾਅਦ ਕੀ ਹੁੰਦਾ ਹੈ? ਅੱਜ ਤੱਕ ਕੋਈ ਨਹੀਂ ਵੇਖ ਕੇ ਆਇਆ । ਪਰ ਅਸੀਂ ਜ਼ਿਆਦਾਤਰ ਅਗਲੇ ਜਨਮ ਨੂੰ ਸਵਾਰਨ ਲਈ, ਅਗਲੇ ਜਨਮ ਨੂੰ ਸਵਰਗ ਬਣਾਉਣ ਲਈ, ਇਸ ਜਨਮ ਨੂੰ ਨਰਕ ਬਣਾ ਲੈਂਦੇ ਹਾਂ ।
ਅਸੀਂ ਕਦੀ ਵੀ ਵੇਲੇ ਦੀ ਬੱਸ ਨਹੀਂ ਫੜੀ। ਲੰਘ ਚੁੱਕੀ ਬੱਸ ਨੂੰ ਫੜਨ ਲਈ ਅਸੀਂ ਸਾਰੀ ਉਮਰ ਭੱਜਦੇ ਰਹਿੰਦੇ ਹਾਂ, ਜੋ ਕਦੀ ਨਹੀ ਫੜੀ ਜਾਣੀ, ਫੇਰ ਅਸੀਂ ਸਵੇਰੇ ਮੱਥੇ ਲੱਗਣ ਵਾਲੇ ਨੂੂੰ, ਨਿੱਛ ਮਾਰਨ ਵਾਲੇ ਨੂੰ ਜਾਂ ਮਗਰੋਂ ਆਵਾਜ਼ ਮਾਰਨ ਵਾਲਿਆਂ ਨੂੰ ਕੋਸਦਿਆਂ ਹੀ ਜ਼ਿੰਦਗੀ ਲੰਘਾ ਲੈਂਦੇ ਹਾਂ । ਸਿਆਣੇ ਆਖਦੇ ਹਨ ਕਿ ਦੁੱਖ ਤਕਲੀਫਾਂ ਸਿਰਫ਼ ਜਿਉਂਦਿਆਂ ਦੀਆਂ, ਮਰਨ ਨਾਲ ਤਾਂ ਸਾਰੇ ਦੁੱਖ ਕੱਟੇ ਜਾਂਦੇ ਹਨ, ਸਾਰੀਆਂ ਤਕਲੀਫ਼ਾਂ ਮੁੱਕ ਜਾਂਦੀਆ ਹਨ । ਫੇਰ ਮਰਨ ਬਾਅਦ ਅਸੀਂ ਦਫਨਾਏ ਜਾਂਦੇ ਹਾਂ, ਸਾੜੇ ਜਾਂਦੇ ਹਾਂ, ਨਦੀ ਵਿੱਚ ਰੋੜ੍ਹੇ ਜਾਂਦੇ ਹਾਂ, ਨਰਕ ਵਿੱਚ ਜਾਂਦੇ ਹਾਂ ਜਾਂ ਸਵਰਗ ਵਿੱਚ ਜਾਂਦੇ ਹਾਂ, ਸਰੀਰ ਨੂੰ ਕੋਈ ਫਰਕ ਨਹੀਂ ਪੈਣਾ। ਤਸੀਹੇ ਜਿਊਂਦਿਆਂ ਦੇ, ਮੁਰਦਾ ਸਰੀਰ ਨੂੰ ਤਾਂ ਕੋਈ ਤਕਲੀਫ਼ ਨਹੀਂ ਹੋਣੀ।
ਇਕ ਫਿਲਮੀ ਗੀਤ ਹੈ ‘ਜੀਓ ਤੋ ਐਸੇ ਜੀਓ ਜੈਸੇ ਸਭ ਤੁਮਾਰਾ ਹੈ, ਮਰੋ ਤੋ ਐਸੇ ਮਰੋ ਜੈਸੇ ਤੁਮਾਰਾ ਕੁਝ ਭੀ ਨਹੀਂ” ਪਰ ਸਾਡੀ ਤਰਾਸਦੀ ਕੀ ਹੈ? ਅਸੀਂ ਸਾਰੀ ਜ਼ਿੰਦਗੀ ਸਭ ਕੁਝ ਛੱਡਣ ਦੀ ਕੋਸ਼ਿਸ਼ ਵਿਚ ਰਹਿੰਦੇ ਹਾਂ ਤਾਂ ਕਿ ਮਰਨ ਬਾਅਦ ਸਾਨੂੰ ਇਸ ਤੋਂ ਦੋ ਗੁਣਾ ਮਿਲੇਗਾ । ਅਸੀਂ ਅਗਲੇ ਚੰਗੇ ਜਨਮ ਦੇ ਲਾਲਚ ਵਿਚ ਮਿਲੇ ਹੋਏ ਇਸ ਜਨਮ ਨੂੰ ਹੀ ਚੱਜ ਨਾਲ ਨਹੀਂ ਜਿਉਂਦੇ।
ਸਾਰੀ ਉਮਰ ਕੈਂਚੀ ਚਪਲਾਂ ਨਾਲ ਕੱਟਣ ਵਾਲੇ ਜਾਂ ਚੱਜ ਦਾ ਕਪੜਾ ਨਾ ਪਾਉਣ ਵਾਲੇ, ਜ਼ਿਆਦਾ ਧਨ ਨਹੀਂ ਜੋੜ ਕੇ ਲੈ ਜਾਂਦੇ । ਨਾ ਚੱਜ ਦਾ ਖਾਣ, ਨਾ ਚੱਜ ਦਾ ਪਹਿਰਾਵਾ, ਫਿਰ ਜਿਉਣਾ ਚੱਜ ਦਾ ਕਿਸਤਰ੍ਹਾਂ ਹੋਇਆ? ਸਾਫ ਸੁਥਰਾ ਪਾਉਣਾ, ਸਾਫ ਸੁਥਰਾ ਖਾਣ ਅਤੇ ਸਾਫ ਸੁਥਰਾ ਰਹਿਣ ਨਾਲ ਯਕੀਨਨ ਉਮਰ ਵਧਦੀ ਹੈ । ਦਿਨ ਵੇਲੇ ਚੰਗੇ ਸੁਪਨੇ ਵੇਖਣ ਵਾਲਾ ਹੀ ਜ਼ਿਆਦਾ ਤਰੱਕੀ ਕਰਦਾ ਏ ਜਾਂ ਜਿਵੇਂ ਨੀਅਤ ਨੂੰ ਹੀ ਮੁਰਾਦ ਵਾਲੀ ਗੱਲ । ਚੰਗੀ ਸੋਚ, ਚੰਗੀ ਜੀਵਨ ਜਾਚ ਨੂੰ ਰਾਹ ਵਿਖਾਉਂਦੀ ਹੈ । ਚੰਗਾ ਪਹਿਰਾਵਾ ਤੁਹਾਨੂੰ ਬੈਠਣ ਲਈ ਚੰਗੀ ਥਾਂ ਹੀ ਦਵਾਏਗਾ।
ਮੈਂ ਇਹ ਵਕਾਲਤ ਨਹੀਂ ਕਰਦਾ ਕਿ ਸਭ ਕੁਝ ਖਾ-ਉਜਾੜ ਦੇਣਾ ਚਾਹੀਦਾ ਹੈ । ਪਰ ਆਪਣੀ ਹੈਸੀਅਤ ਮੁਤਾਬਿਕ, ਆਪਣੀ ਕਮਾਈ ਮੁਤਾਬਿਕ ਨਾ ਪੈਰ ਚਾਦਰ ‘ਚੋਂ ਬਾਹਰ ਹੀ ਨਿਕਲਣ ਅਤੇ ਨਾ ਹੀ ਹਿੱਕ ਨਾਲ ਲੱਤਾਂ ਲਾ ਕੇ ਸੌਣ ਦੀ ਜ਼ਰੂਰਤ ਹੈ। ਜ਼ਰੂਰਤ ਮੁਤਾਬਿਕ ਰਹਿਣ ਲਈ ਘਰ, ਪਹਿਨਣ ਲਈ ਕੱਪੜਾ, ਨਾ ਇਸ ਤੋਂ ਵੱਧ ਨਾ ਇਸ ਤੋਂ ਘੱਟ । ਚਾਦਰ ਵੇਖ ਕੇ ਪੈਰ ਪਸਾਰਨ ਵਾਲੀ ਕਹਾਵਤ ਗਲਤ ਨਹੀਂ ਹੈ।
ਇਕ ਹੋਰ ਸੁਣੀ-ਸੁਣਾਈ, ਇਕ ਆਦਮੀ ਨੇ ਨਿਸ਼ਚਾ ਕੀਤਾ ਕਿ ਮੈਂ ਚਾਲੀ ਸਾਲ ਦੀ ਉਮਰ ਤੱਕ ਰੱਜ ਕੇ ਕਮਾਈ ਕਰਨੀ ਏ ਅਤੇ ਉਸ ਤੋਂ ਬਾਅਦ ਉਸ ਕਮਾਈ
‘ਤੇ ਰੱਜ ਕੇ ਐਸ਼ ਕਰਨੀ ਏ । ਰੱਬ ਦੀ ਕਰਨੀ ਕਿ ਚਾਲੀ ਸਾਲ ਦੀ ਉਮਰ ਹੋਈ ਤਾਂ ਉਸ ਨੂੰ ਜਮ ਲੈਣ ਆ ਗਏ । ਉਸ ਨੇ ਬਹੁਤ ਤਰਲੇ ਕੀਤੇ ਕਿ ਮੈਂ ਤਾਂ ਅਜੇ ਚੱਜ ਨਾਲ ਜਿਉ ਕੇ ਹੀ ਨਹੀਂ ਵੇਖਿਆ, ਮੈਨੂੰ ਕੁਝ ਤਾਂ ਮੋਹਲਤ ਦਿਉ । ਜਮਾਂ ਨੇ ਕਿਹਾ ‘ਇਹ ਸਾਡੇ ਵੱਸ ਵਿਚ ਨਹੀਂ ਹੈ, ਅਸੀਂ ਤਾਂ ਜਮਰਾਜ ਦੇ ਹੁਕਮਾਂ ਦੇ ਪਾਬੰਦ ਹਾਂ।
ਉਸ ਆਦਮੀ ਨੇ ਪਹਿਲਾ ਕੁਝ ਕੁ, ਫੇਰ ਅੱਧੀ ਪੂੰਜੀ ਬਦਲੇ ਕੁਝ ਮਹੀਨੇ ਮੰਗੇ, ਅਖੀਰ ਸਾਰੀ ਕਮਾਈ ਬਦਲੇ ਸਿਰਫ ਕੁਝ ਪਲ ਮੰਗੇ, ਪਰ ਨਸੀਬ ਨਾ ਹੋਏ । ਮੁੱਕਦੀ ਗੱਲ ਕਿ ਕਿਉਂ ਨਾ ਇਸ ਤਰ੍ਹਾਂ ਜੀਵਿਆ ਜਾਵੇ ਕਿ ਜਦੋਂ ਬੁਲਾਵਾ ਆਵੇ ਤਾਂ ਆਦਮੀ ਨੂੰ ਅਫਸੋਸ ਨਾ ਹੋਵੇ ਕਿ ਮੈਂ ਅਜੇ ਚੱਜ ਨਾਲ ਜਿਉ ਕੇ ਨਹੀਂ ਵੇਖਿਆ ।
ਇਕ ਕਹਾਵਤ ਹੈ ਕਿ ਤੁਸੀਂ ਆਪਣਾ ਭੂਤਕਾਲ ਨਹੀਂ ਬਦਲ ਸਕਦੇ, ਪਰ ਤੁਸੀਂ ਆਪਣਾ ਚੰਗਾ ਭਲਾ ਵਰਤਮਾਨ ਨਰਕ ਬਣਾ ਸਕਦੇ ਹੋ, ਆਪਣੇ ਭਵਿਖ ਬਾਰੇ ਐਵੇਂ ਸੋਚ ਸੋਚ ਕੇ ।
ਮੁਕਦੀ ਗੱਲ ਕਿ ਅੱਜ ‘ਚ ਜਿਉਣ ਵਾਲੇ ਲੋਕ ਹੀ ਵਧੀਆ ਜਿਉਂਦੇ ਹਨ । ਉਹਨਾਂ ਨੂੰ ਹੀ ਜੱਗ ਵਾਲਾ ਮੇਲਾ ਚੰਗਾ ਲਗਦਾ ਹੈ ।

ਅੰਕੁਰ ਪ੍ਰੈਸ,
ਸਮਾਧ ਰੋਡ, ਬਟਾਲਾ
# 9814245911
devinderdeedar@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346