ਉਡੀਕ
ਜਦ ਵੀ ਦੇਖਾਂ ਐ ਅਕਾਸ਼ ਮੈਂ ਤੈਨੂੰ
ਖੁਆਬਾਂ ਦੇ ਬੱਦਲ ਨਜ਼ਰ ਆਉਂਦੇ ਨੇ
ਇਕ ਦੂਜੇ ਨਾਲ ਟਕਰਾਉਂਦੇ
ਤੇ ਹੰਝੂ ਬਣ ਕੇ ਵਰ੍ਹ ਜਾਂਦੇ ਨੇ
ਜਦ ਵੀ ਦੇਖਾਂ ਐ ਚੰਦ ਮੈਂ ਤੈਨੂੰ
ਤੇਰੀ ਰੁਸ਼ਨਾਈ ਦਾ ਅਹਿਸਾਸ ਤਾਂ ਹੁੰਦਾ ਹੈ
ਪਰ ਉਹ ਰੁਸ਼ਨਾਈ ਕਦੇ ਇਕਸਾਰ ਨਹੀਂ ਰਹਿੰਦੀ
ਕਦੇ ਪੂਰੀ ਕਦੇ ਅੱਧੀ ਕਦੇ ਨਹੀਂ ਵੀ ਹੁੰਦੀ
ਤੇਰੀ ਰੁਸ਼ਨਾਈ ਬਦਲਦੀ ਹੈ ਹਿਸਾਬਾਂ ਦੇ ਨਾਲ
ਰਾਤ ਦੇ ਹਨੇਰੇ ਤੇ ਉਸ ਦੀਆਂ ਹੀ ਬਾਤਾਂ ਦੇ ਨਾਲ
ਤੇਰੀ ਰੁਸ਼ਨਾਈ ਤਾਂ ਹੁੰਦੀ ਹੈ
ਪਰ ਹੈ ਨਹੀਂ ਉਸ ਵਿੱਚ ਤਾਕਤ ਏਨੀ
ਕਿ ਮਿਟਾ ਕੇ ਰੱਖ ਦੇਵੇ ਹਨੇਰ ਨੂੰ
ਮੈਂ ਤਾਂ ਹਾਂ ਰਾਤ ਦਾ ਵਾਸੀ
ਰਾਤ ‘ਚ ਰਹਿੰਦਾਂ, ਸੌਂਦਾਂ, ਜਾਗਦਾਂ
ਰਾਤ ਹੀ ਹੈ ਦਿਨ ਮੇਰੇ ਲਈ
ਮੈਂ ਸਦੀਆਂ ਤੇ ਯੁੱਗਾਂ ਤੋਂ ਹੀ ਲੱਭਦਾ ਹਾਂ
ਰਾਤ ਵਿੱਚੋਂ ਹੀ ਉਜਾਲਾ
ਦਿਨ ਤਾਂ ਉਹ ਹੈ ਜਿੱਥੇ ਖੁਆਬਾਂ ਦੇ ਬੱਦਲ
ਉੱਡਦੇ ਨੇ ਸੂਹੇ ਅਕਾਸ਼ ਵਿੱਚ
ਮਿਲਦੇ ਨੇ ਇੱਕ ਦੂਜੇ ਦੇ ਨਾਲ
ਵਿਸ਼ਾਲ ਹੁੰਦੇ ਜਾਂਦੇ ਤੇ ਬਰਸਦੇ ਨੇ ਧਰਤ ‘ਤੇ
ਜ਼ਿੰਦਗੀ ਨੂੰ ਜ਼ਿੰਦਗਾਨੀ ਦਿੰਦੇ
ਜ਼ਿੰਦਗੀ ਦਾ ਪੈਗਾਮ ਲਿਆਉਂਦੇ ਹੋਏ
ਉਡੀਕ ਹੈ ਮੈਨੂੰ ਉਸ ਸਵੇਰ ਦੀ
ਜਦ ਸੂਹਾ ਸੂਰਜ ਲਾਲੀ ਵੰਡੇਗਾ
ਇਕਸਾਰ ਇਸ ਧਰਤੀ ਉੱਤੇ
ਜਦ ਕਰੇਗਾ ਅਜ਼ਾਦ ਉਹ ਪੰਛੀਆਂ ਨੂੰ
ਸਦੀਆਂ ਦੀ ਲੰਬੀ ਨੀਂਦ ਤੋਂ
ਯੁੱਗਾਂ ਤੋਂ ਚਲਦੀ ਇਕ ਹੀ ਰੀਤ ਤੋਂ
ਤੇ ਫਿਰ ਮੇਟ ਦੇਵੇਗਾ ਉਹ ਚੰਦ ਦਾ ਭਰਮ
ਤੇ ਉਸਦਾ ਭਰਮ-ਜਾਲ
ਗ਼ੁਲਾਮ ਸੁਪਨੇ
ਇਸ ਚਕਾਚੌਂਧ ਜਿਹੀ ਦੁਨੀਆ ਵਿੱਚ
ਚੁੰਧਿਆਏ ਪਏ ਹਾਂ ਅਸੀਂ
ਉਸ ਮਲਕ ਜਿਹੀ ਦਿਸਦੀ ਰੌਸ਼ਨੀ ਦੇ ਨਾਲ
ਦਿਖਾਉਂਦੀ ਹੈ ਜੋ ਐਸੇ ਸੁਪਨੇ
ਝੂਠ ਦਾ ਇਸ਼ਨਾਨ ਕਰਕੇ
‘ਪਵਿੱਤਰ‘ ਹੋ ਜਾਂਦੇ ਨੇ ਜੋ ਸੁਪਨੇ
ਝੂਠ ਨਾਲ ‘ਪਵਿੱਤਰ‘ ਹੋਏ ਇਹ ਸੁਪਨੇ
ਲਗਦੇ ਨੇ ਸਾਨੂੰ ਸਾਡੀ ਜ਼ਿੰਦਗੀ ਦਾ ਉਦੇਸ਼
ਜਾਂ ਕਹਿ ਲਉ ਆਪਣੀ ਜ਼ਿੰਦਗੀ ਨੂੰ ਹੀ
ਜ਼ਿੰਦਗੀ ਭਰ ਭੋਗਣ ਦਾ ਸਹਾਰਾ ਮਾਤਰ
ਇਹ ਸੁਪਨੇ ਉਸ ਰੌਸ਼ਨੀ ‘ਚੋਂ ਨਿਕਲਦੇ ਨੇ
ਜਿਹੜੀ ਹਨੇਰਿਆਂ ਦੇ ਇਸ਼ਾਰਿਆਂ ਤੇ ਚਲਦੀ ਹੈ
ਇਹ ਸੁਪਨੇ ਘੜੇ-ਘੜਾਏ ਸੁਪਨੇ
ਫਰੇਬ, ਕਪਟ ਤੇ ਝੂਠ ਦੀ ਉਸ ਦੁਨੀਆ ਦੇ ਝੰਡੇ-ਬਰਦਾਰ ਨੇ
ਜਿਸਦਾ ਦਿਲ ਦਿਮਾਗ ਹੈ
ਇਕ ਬੇਬਾਕ ਧੜਕਦਾ ਗ਼ੁਸਤਾਖ਼ ਹਨੇਰਾ
ਜੋ ਨਕਲੀ ਰੌਸ਼ਨੀ ਦੇ ਨਾਲ ਲਬਰੇਜ਼
ਸਾਡੇ ਸੁਪਨਿਆਂ ਨੂੰ ਘੜ ਰਿਹਾ ਹੈ
ਉਹ ਹਨੇਰਾ ਰੁੱਝਿਆ ਹੈ
ਸਾਨੂੰ ਸਾਡੇ ਹੀ ਸੁਪਨੇ ਦਿਖਾਉਣ
ਸਾਡੀ ਨਕਲੀ ਜ਼ਿੰਦਗੀ ਨੂੰ ਘੜ ਰਿਹਾ ਹੈ ਉਹ
ਅਣਭੋਲ ਹਾਂ ਅਸੀੰ
ਸੁਪਨੇ ਕਦੇ ਇਕ ਡੱਬੇ ਚ ਬੰਦ ਹੋ ਕੇ ਨਹੀਂ ਦੇਖੇ ਜਾਂਦੇ
ਹੁਣ ਜਾਗਣ ਦਾ ਵੇਲਾ ਹੈ
ਆਪਣੇ ਨਕਲੀ ਸੁਪਨਿਆਂ ਚੋਂ ਜਾਗਣ ਦਾ
ਹੁਣ ਅਜ਼ਾਦ ਹੋਣ ਦਾ ਵੇਲਾ ਹੈ
ਇਸ ਮੱਕੜ-ਜਾਲ ਨੂੰ ਸਾੜ ਸੁਆਹ ਕਰਨ ਦਾ ਵੇਲਾ ਹੈ
ਉਸ ਡੱਬੇ ਨੂੰ ਰਾਖ਼ ਕਰਕੇ
ਸੱਚ ਨੂੰ ਪਛਾਣਨ ਦਾ ਵੇਲਾ ਹੈ
ਹੁਣ ਸੋਚਣ ਦਾ ਵੇਲਾ ਹੈ
ਕਿ ਸੋਚਿਆ ਕਿਸ ਤਰ੍ਹਾਂ ਜਾਂਦਾ ਹੈ
ਮਹਿਬੂਬ ਨਾਲ ਸੰਵਾਦ
ਮੇਰੇ ਮਹਿਬੂਬ
ਇਹ ਹਵਾਵਾਂ ਦੀ ਰੰਗਤ ਹੀ ਹੈ ਕੋਈ ਸ਼ਾਇਦ
ਕਿ ਛੁਪ ਜਾਣਾ ਸੀ ਚੜਦੇ ਹੋਏ ਸੂਰਜ ਨੇ
ਉਨ੍ਹਾਂ ਸ਼ਾਹ ਕਾਲੀਆਂ ਘਟਾਵਾਂ ਪਿੱਛੇ
ਕਿ ਹਜ਼ਮ ਕਰ ਜਾਣੇ ਸੀ ਉਨ੍ਹਾਂ ਲੱਖਾਂ ਹੀ ਸੂਰਜ
ਕਿ ਜ਼ਹਿਰ ਹੋ ਜਾਣਾ ਸੀ ਬੱਦਲਾਂ ਵਿੱਚ ਹੀ
ਉਸ ਜੀਵਨ ਬਖ਼ਸ਼ਦੇ ਨੀਰ ਨੇ
‘ਤੇ ਜਦ ਵੀ ਕਦੇ ਧਰਤ ਤੇ ਬਰਸਣਾ ਉਸਨੇ
ਤਾਂ ਜ਼ਹਿਰ ਬਣ ਬਰਸਣਾ ਸੀ ਉਸਦੀ ਹਿੱਕ ਉੱਤੇ
ਕਿ ਮਿੱਟੀ ‘ਚ ਬੀਜੇ ਫੁੱਲਾਂ ਨੂੰ ਵੀ
ਆਪਣੀ ਨਿਰਜੀਵਤਾ ਦਾ ਅਹਿਸਾਸ ਹੋ ਜਾਣਾ ਸੀ
ਕਿ ਇਤਿਹਾਸ-ਮਿਥਿਹਾਸ ਸਭ ਆ ਖਲੋਣੇ ਸੀ
ਉਸਦੀ ਖ਼ਿਦਮਤ ਵਿੱਚ ਹੀ
ਜਿੱਥੇ ਸੱਚ ਹਮੇਸ਼ਾਂ ਜਿੱਤਦਾ ਨਹੀਂ
ਸਿਰਫ ਹਾਰਦਾ ਰਿਹਾ ਹੈ ਉਹ
ਸ਼ਇਦ ਇਹੀ ਹੋਣਾ ਸੀ
ਕਿਉਂ ਕਿ ਇਹੀ ਹੁੰਦਾ ਰਿਹਾ ਹੈ
ਪਰ ਮੇਰੇ ਮਹਿਬੂਬ
ਰਾਖ਼ ਵਿੱਚੋਂ ਹੀ ਜਨਮ ਲੈਂਦੇ ਨੇ
ਕੁਕਨੁਸ ਜਿਹੇ ਸੂਰਜ
ਜ਼ਹਿਰਾਂ ਦੇ ਬੱਦਲਾਂ ਨੂੰ ਵੀ ਭਸਮ ਕਰ ਸਕਦੀ ਹੈ
ਧਰਤੀ ਦੀ ਹਿੱਕ ‘ਚ ਕੈਦ ਜਵਾਲਾ
ਕਿ ਉਸਦੀ ਹਿੱਕ ਵਿੱਚੋਂ ਹੀ ਜਨਮ ਲੈਂਦੀ ਹੈ
ਇਕ ਨਵੀਂ ਜ਼ਰਖੇਜ਼ ਧਰਾਤਲ
ਜਿਸ ਤੇ ਰਾਜ ਹੋਵੇਗਾ ਫੁੱਲਾਂ ਦੀ ਗੁਲਜ਼ਾਰ ਦਾ
ਪਰ ਸੱਚ ਹਮੇਸ਼ਾਂ ਜਿੱਤਦਾ ਨਹੀਂ
ਹਾਰ ਜਾਂਦਾ ਹੈ ਉਹ ਬਹੁਤੀ ਵਾਰ
ਪਰ ਅਜੇ ਸਿਰਫ ਹਾਰਿਆ ਹੈ ਉਹ
ਜੀਅ-ਜਾਨ ਤੋਂ ਫਨਾਹ ਨਹੀਂ ਹੋਇਆ
ਅਤੇ ਇਤਿਹਾਸ
ਇਹ ਹਮੇਸ਼ਾਂ ਜੇਤੂ ਲਿਖਦੇ ਨੇ
ਤੂੰ ਹਾਰਿਆਂ ਦਾ ਇਤਿਹਾਸ ਵੀ ਪੜ੍ਹ ਕੇ ਵੇਖ ਜ਼ਰਾ
ਮੇਰੇ ਮਹਿਬੂਬ
ਇਹ ਘਟਾਵਾਂ ਸਦਾ ਹੀ ਰਹਿਣਗੀਆਂ
ਕੁਕਨੁਸ ਜਿਹੇ ਸੂਰਜ ਵੀ ਸਦਾ ਹੀ ਰਹਿਣਗੇ
ਫਰਕ ਸਿਰਫ ਤਰਜੀਹਾਂ ਦਾ ਹੈ
ਇਸ ਪਾਰ ਦਾ ਹੈ ਜਾਂ ਉਸ ਪਾਰ ਦਾ ਹੈ
-0- |