ਛੰਦ ਪਰਾਗੇ
ਛੰਦ ਪਰਾਗੇ ਨਾਅਰਾ ਲਾਉਂਦੇ ਭਾਰਤ ਦੇਸ਼ ਮਹਾਨ
ਐਪਰ ਅੱਜ ਬਜ਼ਾਰ ‘ਚ ਵਿਕਦੇ ਧਰਮ ਤੇ ਦੀਨ, ਇਮਾਨ ।
ਛੰਦ ਪਰਾਗੇ ਝੂਠ ‘ਤੇ ਸੱਚ ਦੀ ਮੁੱਢ ਤੋਂ ਰਹੀ ਲੜਾਈ
ਕਸ਼ਟ ਬਥੇਰੇ ਝੱਲੇ ਸੱਚ ਨੇ ਐਪਰ ਫਤਹਿ ਹੈ ਪਾਈ ।
ਛੰਦ ਪਰਾਗੇ ਚੁਗਲੀ, ਨਿੰਦਿਆ, ਸਾੜਾ, ਹਿਰਖ, ਪਸਾਰਾ
ਇਸ ਵਿਚ ਲਾਇਆ, ਜ਼ਾਇਆ ਜਾਂਦਾ ਬੰਦੇ ਦਾ ਬਲ ਸਾਰਾ ।
ਛੰਦ ਪਰਾਗੇ ਸ਼ੀਸ਼ੇ ਸਾਹਵੇਂ ਹੋ ਕੇ ਬਾਤ ਵਿਚਾਰੋ
ਆਪਣਾ ਚਿਹਰਾ ਵੇਖੋ ਪਹਿਲਾਂ ਫਿਰ ਕੋਈ ਸ਼ਬਦ ਉਚਾਰੋ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਕੰਤ
ਜਿਹੜਾ ਭੱਜ ਸਕੂਲੋਂ ਜਾਵੇ ਝੱਟ ਬਣ ਜਾਵੇ ਸੰਤ ।
ਛੰਦ ਪਰਾਗੇ ਸੰਤ-ਬਾਬਿਆਂ ਫੜ ਲਈ ਕਿਹੜੀ ਚਾਲ
ਪੰਜ ਸੱਤ ਚੇਲੇ ‘ਕੱਠੇ ਕਰ ਕੇ ਖ੍ਹੋਲ ਲੈਣ ਟਕਸਾਲ ।
ਛੰਦ ਪਰਾਗੇ ਕਿਹੜੀ ਦੱਸੇ ਕਿਹੜੀ ਗੱਲ ਲਕੋਵੇ
ਏਨੇ ਸਾਧ ਤੁਰੇ ਫਿਰਦੇ ਨੇ ਗਿਣਤੀ ਕਰ ਨਾ ਹੋਵੇ ।
ਛੰਦ ਪਰਾਗੇ ਮੀਲ ਮੀਲ ‘ਤੇ ਉੱਸਰਦਾ ਜਾਵੇ ਡੇਰਾ
ਐਪਰ ਹੋਰ ਵੀ ਵਧਦਾ ਜਾਵੇ ਜੱਗ ਤੇ ਕੂੜ੍ਹ- ਹਨੇਰਾ ।
ਛੰਦ ਪਰਾਗੇ ਅਸਲੀ ਤੋਂ ਵੱਧ ਦੰਭੀ ਕਰਨ ਵਿਖਾਵਾ
ਐਪਰ ਅਸਲੀ ਹੋਂਣ ਦਾ ਹਰਦਮ ਠੋਕ ਨੇ ਦਿੰਦੇ ਦਾਅਵਾ ।
ਛੰਦ ਪਰਾਗੇ ਇੰਗਲੈਂਡ ਵਿਚ ਆ ਕੇ ਬੰਨਦੇ ਠੁੱਕ
ਜਦੋਂ ਅਸੀਂ ਪੰਜਾਬ ‘ਚ ਜਾਈਏ ਲੇਖਕ ਜਾਂਦੇ ਲੁਕ ।
ਛੰਦ ਪਰਾਗੇ ਇੰਗਲੈਂਡ ਵਿਚ ਜਿਹੜੇ ਠੇਡੇ ਖਾਂਦੇ
ਉਹ ਲੇਖਕ ਭਾਰਤ ਵਿਚ ਜਾ ਕੇ ਝੱਟ ਵੱਡੇ ਬਣ ਜਾਂਦੇ ।
.........................................................................
ਕਵਿਤਾਵਾਂ
( 1 ) ਇਲਾਜ
......................
ਭਾਰਤ ਵਿਚ ਅਚਾਨਕ ਜੇ ਤੁਹਾਡੀ ਤਬੀਅਤ ਖਰਾਬ ਹੋ ਜਾਵੇ
ਤੁਸੀਂ ਡਾਕਟਰ ਪਾਸ ਜਾਂਦੇ ਹੋ
ਉਹ ਇਕ-ਦਮ ਘੋਖ ਲੈਂਦਾ ਹੈ ਕਿ ਤੁਸੀਂ ਐਨ. ਆਰ. ਆਈ ਹੋ
ਉਹਦੇ ਮਨ ਵਿਚ ਇਕ ਉਮੰਗ ਜਹੀ ਲਹਿਰਦੀ ਹੈ,
ਜਿਵੇਂ ਕੋਈ ਕਸਾਈ ਪਲ਼ੇ ਹੋਏ ਬੱਕਰੇ/ਬੱਕਰੀ, ਭੇਡ/ ਭੇਡੂ ਦਾ
ਮੁਆਇਨਾ ਕਰ ਰਿਹਾ ਹੋਵੇ
ਸੱਭ ਤੋਂ ਪਹਿਲਾਂ ਉਹ ਦਵਾਈਆਂ ਦੇ ਕੇ ਤੁਹਾਨੂੰ ਤੁਰੰਤ
ਮੱਨ-ਇੱਛਤ ਬਿਮਾਰੀ ਲਾਉਂਦਾ ਹੈ
ਫਿਰ ਉਸ ਬਿਮਾਰੀ ਦੇ ਅਨੇਕਾਂ ਟੈਸਟ ਕਰਵਾਉਂਦਾ ਹੈ
ਪਿੱਛੋਂ ਅਟੇ-ਸਟੇ ਛੇ, ਸੱਤ ਦਵਾਈਆਂ ਦੇ ਨਾਮ ਲਿਖ ਕੇ
ਪਰਚੀ ਤੁਹਾਡੇ ਹੱਥ ਫੜਾਉੇਂਦਾ ਹੈ
ਮਨ ਮਰਜ਼ੀ ਦੀ ਫੀਸ ਲਾਉਂਦਾ ਹੈ ਵਿਚ ਕੁੱਝ ਦਵਾਈਆਂ ਪਸ਼ੂਆਂ ਨੂੰ ਦੇਣ ਵਾਲੀਆਂ ਵੀ ਹੋ ਸਕਦੀਆਂ
ਹਨ
ਤੁਸੀਂ ਦੱਸੀ ਹੋਈ ਦੁਕਾਨ ਤੋਂ ਦਵਾਈਆਂ ਖਰੀਦ ਲੈਂਦੇ ਹੋ
ਇਲਾਜ ਦਾ ਆਰੰਭ ਹੋ ਜਾਂਦਾ ਹੈ,
ਇਲਾਜ ਦਾ ਅੰਤ ਕੀ ਹੋਵੇ ਗਾ
ਕੇਵਲ ‘ਰਾਮ‘, ‘ਅੱਲ੍ਹਾ‘ ਅਤੇ ‘ਵਾਹਿਗੁਰੂ‘ ਹੀ ਜਾਣਦੇ ਹਨ !
ਹਾਂ, ਜੇ ਤੁਹਾਡੀ ਉਮਰ ਦਰਾਜ਼ ਹੋਵੇ
ਤਾਂ ਦੰਮ ਤਾਰ ਕੇ ਬਚ ਵੀ ਸਕਦੇ ਹੋ ।
............................................................................
( 2 )
ਡਾਕਟਰ ਮਾਹਰ ਹਨ
ਐਂਵੇਂ ਨਹੀਂ !
ਵੱਡੇ ਮਾਹਰ !!
ਡੋਨੇਸ਼ਨ ਦੇ ਕੇ ਡਿਗਰੀ ਖਰੀਦੀ ਹੈ !!!
ਬਿਨਾਂ ਲੋੜ ਦੇ
ਆਪਰੇਸ਼ਨ ਕਰਵਾਉਣ ਦੀ ਸਲਾਹ ਦੇਣ ਗੇ,
ਸੋਚ ਲੈਣਾ !
‘ਮੇਡ ਇਨ ਇੰਡੀਆ‘ ਦੇ ਦੌਰ ਵਿਚ
ਤੁਹਾਡੇ ਜਿਸਮ ਵਿਚੋਂ
ਆਰਗਨ ਵੀ ਗੁੰਮ ਹੋ ਸਕਦੇ ਹਨ
ਵੇਚਣ ਲਈ
ਡਾਕਟਰ ਮਾਹਰ ਹਨ
ਵੱਡੇ ਮਾਹਰ
ਐਂਵੇਂ ਨਹੀਂ !
-0- |