ਪੰਜਾਬੀ ਦਾ ਇੱਕ ਬੜਾ ਪੁਰਾਣਾ ਅਖਾਣ ਹੈ, ਉਹ ਦਿਨ ਡੁੱਬਾ,ਜਦ ਘੋੜੀ ਚੜਿਆ ਕੁੱਬਾ, ਭਾਵ
ਕੁੱਬਾ ਘੋੜੀ ਤੇ ਨਹੀਂ ਚੜ੍ਹ ਸਕਦਾ। ਜਾਂ ਫਿਰ ਇੱਸ ਦਾ ਭਾਵ ਇੱਸ ਤਰ੍ਹਾਂ ਵੀ ਲਿਆ ਜਾ ਸਕਦਾ
ਹੈ ਕਿ ਕੁੱਬੇ ਦਾ ਵਿਆਹ ਕਿੱਥੋਂ ਹੋਣਾ ਹੈ । ਬੇਸ਼ੱਕ ਕਿਸੇ ਹੱਦ ਤੀਕ ਇਹ ਗੱਲ ਭਾਂਵੇਂ
ਲੋਕਾਂ ਵਾਸਤੇ ਠੀਕ ਵੀ ਹੋਵੇ ਕਿ ਕੁੱਬੇ ਬੰਦੇ ਲਈ ਘੋੜੀ ਤੇ ਸਵਾਰ ਹੋਣਾ ਔਖਾ ਹੈ, ਪਰ ਨਿਰੀ
ਇਹ ਗੱਲ ਵੀ ਮੰਨ ਲੈਣੀ ਵੀੲ ਜ਼ਰਾ ਔਖੀ ਲਗਦੀ ਹੈ ਕਿ ਕੁੱਬਾ ਘੋੜੀ ਨਹੀਂ ਚੜ੍ਹ ਸਕਦਾ ਭਾਵ
ਵਿਆਹਿਆ ਨਹੀਂ ਜਾ ਸਕਦਾ। ਬੱਸ ਗੁਣ ਹੋਣਾ ਚਾਹੀਦਾ ਹੈ , ਕੁੱਬਾ ਘੋੜੀ ਵੀ ਚੜ੍ਹ ਸਕਦਾ ਹੈ
ਅਤੇ ਕੁੱਬਾ ਵਿਆਹਿਆ ਵੀ ਜਾ ਸਕਦਾ ਹੈ।
ਇੱਸ ਬਾਰੇ ਜਿੱਥੇਂ ਤੀਕ ਮੇਰੀ ਜਾਣ ਕਾਰੀ ਹੈ ਮੈਂ ਇੱਕ ਨਹੀਂ ਹੁਣ ਤੀਕ ਤਿੰਨ ਕੁੱਬੇ ਵੇਖੇ
ਹਨ, ਜੋ ਆਪਣੀ ਕਲਾ ਤੇ ਉੱਦਮ ਸਦਕਾ ਘੋੜੀ ਵੀ ਚੜ੍ਹੇ ਹਨ ਤੇ ਵਿਆਹੇ ਵਰੇ ਜਾ ਕੇ ਨਰੋਏ ਬਾਲ
ਬੱਚਿਆਂ ਵਾਲੇ ਵੀ ਹੋਏ ਹਨ । ਇਨ੍ਹਾਂ ਵਿੱਚੋਂ ਮੇਰੇ ਨਾਣਕੇ ਪਿੰਡ ਦੇ ਇੱਕ ਹਿੰਮਤੀ ਕੁੱਬੇ
ਦਾ ਨਾਂ ਹੈ, ਜਿੱਸ ਦਾ ਨਾਂ ਤਾਂ ਮਾਪਿਆਂ ਨੇ ਤਾਂ ਜੋਗਾ ਸਿੰਘ ਰੱਖਿਅ ਸੀ ਪਰ ਸਾਰਾ ਪਿੰਡ
ਉੱਸ ਨੂੰ ਮਖੌਲ ਨਾਲ ਬੋਤਾ ਸਿੰਘ ਹੀ ਕਿਹਾ ਕਰਦਾ ਸੀ। ਜੋ ਮਾਪਿਆਂ ਇੱਕਲੋਤਾ ਲਾਡਲਾ ਪੁੱਤਰ
ਸੀ । ਗੁਰਮੁਖ ਪ੍ਰਿਵਾਰ ਵਿੱਚੋਂ ਸੀ ।ਮਾਂ ਦੀ ਚੁੰਨੀ ਦਾ ਪੱਲਾ ਫੜੀ ਉਹ ਰੋਜ਼ ਦੋਵੇਂ ਵੇਲੇ
ਨੇਮ ਨਾਲ ਗੁਰੂ ਘਰ ਜਾਇਆ ਕਰਦਾ ਸੀ। ਮਾਂ ਨੂੰ ਜਦ ਪਤਾ ਲੱਗਾ ਕਿ ਲੋਕਾਂ ਉੱਸ ਦੇ ਪੁੱਤਰ ਦਾ
ਨਾਂ ਲਕਾਂ ਬੋਤਾ ਸਿੰਘ ਰੱਖਿਆ ਹੋਇਆ ਹੈ ਤਾਂ ਉਹ ਬੜੇ ਮਾਣ ਨਾਲ ਸਿੱਖ ਇਤਹਾਸ ਦੇ ਮਹਾਨ
ਸ਼ਹੀਦ ਭਾਈ ਬੋਤਾ ਸਿੰਘ ਦੀ ਅਤੇ ਭਾਈ ਜੋਗਾ ਸਿੰਘ ਬਾਰੇ ਲੋਕਾਂ ਨੂੰ ਸੁਨਾ ਕੇ ਚੁੱਪ ਕਰਾ
ਦਿੰਦੀ ,ਅਤੇ ਮਾਂ ਦਾ ਇਹ ਕੁੱਬਾ ਪੁੱਤਰ ਗੁਰਦੁਅਰੇ ਜਾ ਕੇ ਪਿੰਡ ਦੇ ਇੱਕ ਢੋਲਕੀ ਵਜਾਉਣ ਦੇ
ਮਾਹਿਰ ਉਸਤਾਦ ਕੋਲੋਂ ਹੌਲੀ 2 ਢੋਲਕੀ ਵਜਾਉਣੀ ਸਿੱਖ ਗਿਆ,ਤੇ ਰੋਜ਼ ਗੁਰੂ ਘਰ ਸ਼ਬਦ ਕੀਰਤਨ
ਕਰਨ ਵੇਲੇ ਢੋਲਕੀ ਵਜਾਉਣ ਲੱਗ ਪਿਆ, ਅਤੇ ਆਪਣੇ ਉਦੱਮ ਤੇ ਮਿਹਣਤ ਸਦਕਾ ਉਹ ਇੱਕ ਵਧੀਆ
ਢੋਲਕੀ ਮਾਸਟਰ ਬਣ ਗਿਆ । ਏਨਾ ਹੀ ਨਹੀਂ ਕੀਰਤਨ ਵੇਲੇ ਸੰਗਤ ਵਿੱਚ ਬੈਠ ਕੇ ਉੱਸ ਨੇ
ਗੁਰਬਾਣੀ ਦੇ ਕਈ ਸ਼ਬਦ ਵੀ ਯਾਦ ਕਰ ਲਏ, ਖਾਸ ਕਰ ਆਸਾ ਦੀ ਵਾਰ ਤਾਂ ਉਸ ਨੇ ਸਾਰੀ ਕੰਠ ਕਰ ਲਈ
ਸੀ। ਹੁਣ ਕਿਸੇ 2 ਦਿਨ ਜੇ ਕਦੇ ਗੁਰੂ ਘਰ ਦਾ ਗ੍ਰੰਥੀ ਕਿਤੇ ਜ਼ਰੂਰੀ ਕੰਮ ਲਈ ਬਾਹਰ ਅੰਦਰ
ਜਾਂਦੇ ਤਾਂ ਉਹ ਗ੍ਰੰਥੀ ਦੀ ਡਿਊਟੀ ਵੀ ਨਿਭਾ ਲੈਂਦਾ,ਅਤੇ ਹੁਣ ਉਹ ਪਿੰਡ ਵਿੱਚ ਬੋਤਾ ਸਿੰਘ
ਦੀ ਥਾਂ ਹੁਣ ਗਿਆਨੀ ਜੋਗਾ ਸਿੰਘ ਕਰਕੇ ਜਾਣਿਆ ਜਾਂਦਾ ਸੀ ਅਤੇ ਇੱਕ ਦਿਨ ਘੋੜੀ ਵੀ ਚੜ੍ਹ
ਗਿਆ ਵਿਆਹਿਆ ਵਰਿਆ ਵੀ ਗਿਆ ਅਤੇ ਚੰਗੇ ਪ੍ਰਿਰਵਾਰ ਵਾਲਾ ਵੀ ਬਣ ਗਿਆ।
ਦੂਜਾ ਨਾਂ ਮੇਰੇ ਪਿੰਡ ਦੇ ਨਾਲ ਦੇ ਇਹੋ ਜਿਹੇ ਹਿੰਮਤੀ ਬੰਦੇ ਦਾ ਹੈ ਜੋ ਕਿਸੇ ਵੇਲੇ ਦਾ
ਮੇਰਾ ਕਲਾਸ ਫੈਲੋ ਵੀ ਹੈ ਜਿਸ ਦਾ ਅਸਲ ਨਾਂ ਤਾਂ ਦਲੇਰ ਸਿੰਘ ਹੈ ਜਿਸ ਬਾਰੇ ਮੈਨੂੰ ਚੰਗੀ
ਤਰ੍ਹਾਂ ਯਾਦ ਹੈ ਕਿ ਅਸੀਂ ਇੱਕਠੇ ਪੈਦਲ ਹੀ ਸਕੂਲ ਜਾਂਦੇ ਹੁੰਦੇ ਸਾਂ। ਪਿੰਡ ਵਾਲਿਆਂ ਉੱਸ
ਦਾ ਨਾਂ” ਸ਼ਤੁਰ ਮੁਰਗ” ਰੱਖਿਆ ਹੋਇਆ ਸੀ । ਦਲੇਰ ਸਿੰਘ ਬੜਾ ਮਿਹਣਤੀ ਤੇ ਹਿੰਮਤੀ ਅਤੇ
ਸਹਿਹਣ ਸ਼ੀਲ ਵੀ ਸੀ । ਉਹ ਲੋਕਾਂ ਦੇ ਮਖੌਲਾਂ ਦੀ ਪ੍ਰਵਾਹ ਨਹੀਂ ਸੀ ਕਰਦਾ, ਤੇ ਆਪਣੇ
ਮਿਹਣਤੀ ਸੁਭਾ ਕਰਕੇ ਦਸਵੀਂ ਚੰਗੇ ਨੰਬਰਾਂ ਵਿੱਚ ਪਾਸ ਕਰਕੇ ਹੈਲਥ ਮਿਹਕਮੇ ਵਿੱਚ ਕਲਰਕ
ਭਰਤੀ ਹੋ ਗਿਆ । ਅਤੇ ਆਪਣੀ ਮਿਹਣਤ ਤੇ ਉੱਦਮ ਸਦਕਾ ਉਹ ਘੋੜੀ ਵੀ ਚੜ੍ਹਿਆ ਤੇ ਟੱਬਰ ਦਾਰ ਵੀ
ਬਣ ਗਿਆ ।ਏਨਾ ਸ਼ੁਕਰ ਕਿ ਉੱਸ ਦੀ ਔਲਾਦ ਸੁਹਣੀ ਤੇ ਪੂਰੀ ਸਿਹਤ ਮੰਦ ਭਾਵ ਉੱਸ ਵਰਗੀ ਨਹੀਂ
ਸੀ । ਏਨਾ ਹੀ ਨਹੀਂ ਉਹ ਹੌਲੀ 2 ਤਰੱਕੀ ਕਰਦਾ 2 ਕਲਰਕ ਤੋਂ ਸੁਪਰਨ ਟੈਂਡੈਂ ਟ ਵੀ ਬਣ ਗਿਆ
। ਉਹ ਆਪਣਾ ਪਿੰਡ ਛੱਡ ਕੇ ਸ਼ਹਿਰ ਵਿੱਚ ਹੀ ਆਪਣਾ ਮਕਾਨ ਬਨਾ ਕੇ ਰਹਿ ਰਿਹਾ ਹੈ।
ਇਸੇ ਤਰ੍ਹਾਂ ਦਾ ਇੱਕ ਹੋਰ ਨਾਂ ਮੇਰੇ ਹੀ ਪਿੰਡ ਦੇ ਇੱਕ ਜੰਗ ਸਿੰਘ ਦਾ ਆਉਂਦਾ ਹੈ ਜੋ
ਜਿੰਦਗੀ ਦੀ ਜੰਗ ਨਾਲ ਜੂਝਦੇ ਇੱਕ ਹਿੰਮਤੀ ਨੌਜਵਾਨ ਹੈ ਜਿੱਸ ਨੂੰ ਪਿੰਡ ਦੇ ਲੋਕ ਕਦੇ ਮਖੌਲ
ਨਾਲ” ਜੰਗੂ ਕੁੱਬਾ “ ਕਿਹਾ ਕਰਦੇ ਸਨ । ਜੰਗ ਸਿੰਘ ਬਹੁਤ ਘੱਟ ਬੋਲਦਾ ਹੈ। ਉੱਸ ਦੇ ਬਾਕੀ
ਭਰਾ ਚੰਗੇ ਕੰਮਾਂ ਕਾਜਾਂ ਵਾਲੇ ਤੇ ਵਿਆਹੇ ਵਰੇ ਕਬੀਲ ਦਾਰ ਸਨ । ਪਰ ਜੰਗੂ ਨੂੰ ਉਹ ਕਿਸੇ
ਗਿਣਤੀ ਮਿਣਤੀ ਵਿੱਚ ਨਹੀਂ ਸਮਝਦੇ ਸਨ । ਪਰ ਮਾਂ ਤਾਂ ਫਿਰ ਮਾਂ ਹੀ ਹੁੰਦੀ ਏ ਨਾ, ਉਹ ਜਦੋਂ
ਕਦੇ ਕਿਸੇ ਨੂੰ ਮਿਲਦੀ ਬੱਸ ਇਹੋ ਕਹਿੰਦੀ, “ਸਾਰਾ ਪਿੰਡ ਵਿਆਹਿਆ ਗਿਆ, ਮੇਰੇ ਜੰਗੂ ਦਾ ਕੀ
ਬਣੂ”, ਲੋਕ ਸੁਣ ਕੇ ਮੂੰਹ ਦੂਸਰੇ ਪਾਸੇ ਕਰ ਲੈਂਦੇ ਜਾਂ ਚੁਪ ਕਰ ਰਹਿੰਦੇ।ਕਦੇ ਕੋਈ ਉੱਸ ਦਾ
ਦਿੱਲ ਰੱਖਣ ਲਈ ਕਹਿੰਦਾ, ਕੋਈ ਗੱਲ ਨਹੀਂ ਤੂੰ ਜੰਗੂ ਬਾਰੇ ਬਹੁਤੀ ਚਿੰਤਾ ਨਾ ਕਰਿਆ ਕਰ
ਜੰਗੂ ਨੇ ਕਿਹੜੇ ਰੱਬ ਦੇ ਮਾਂਹ ਪੁੱਟੇ ਹੋਏ ਨੇ, ਤੂੰ ਸਾਰੀ ਚਿੰਤਾ ਛੱਡ ਕੇ ਬਾਬੇ ਗੇ
ਅਰਦਾਸ ਕਰਿਆ ਕਰ ਉੱਸ ਦੇ ਘਰ ਵਿੱਚ ਕੋਈ ਘਾਟ ਨਹੀਂ ,ਅਤੇ ਕਦੇ ਕੋਈ ਉਸ ਨੂੰ ਪਿੰਗਲ ਤੇ
ਰਜਨੀ ਵਾਲੀ ਗੱਲ ਸੁਨਾ ਕੇ ਧਰਵਾਸ ਦਿਵਾਉਣ ਦਾ ਦਮ ਦਿਲਾਸਾ ਦਿੰਦੀ, ਪਰ ਜੰਗੂ ਨਿਰਾਸ਼ ਹੋਣ
ਵਾਲਾ ਬੰਦਾ ਨਹੀਂ ਸੀ। ਉਹ ਮਾਂ ਨੂੰ ਕਿਹੰਦਾ ਮਾਂ ਤੂੰ ਐਵੇਂ ਹੀ ਹਰ ਵੇਲੇ ਮੇਰੇ ਬਾਰੇ ਹੀ
ਨਾ ਸੋਚਦੀ ਰਿਹਾ ਕਰ, ਤਾਂ ਕੀ ਹੋਇਆ ਮੇਰੇ ਸਰੀਰ ਵਿੱਚ ਕੋਝ ਹੈ, ਪਰ ਮੇਰੇ ਸਰੀਰ ਦੇ ਸਾਰੇ
ਅੰਗ ਤਾਂ ਕੰਮ ਕਰਦੇ ਹਨ ।ਵੇਖੀ ਮੈਂ ਤੇਰੇ ਸਾਮ੍ਹਣੇ ਆਪਣੇ ਪੈਰਾਂ ਤੇ ਆਪ ਖਲੋ ਕੇ ਤੈਨੂੰ
ਕੁੱਝ ਬਣ ਕੇ ਦੱਸਾਂਗਾ ।
ਪਿੰਡ ਤੋਂ ਥੋੜ੍ਹੀ ਹੀ ਦੂਰ ਸੰਘਣੀ ਆਬਾਦੀ ਵਾਲੇ ਪਿੰਡ ਵਿੱਚ ਇੱਕ ਦਰਜ਼ੀ ਦੀ ਦੁਕਾਨ ਤੇ
ਜੰਗਾ ਰੋਜ਼ ਨੇਮ ਨਾਲ ਉੱਸ ਦੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਵਿਹਲੇ ਬੈਠੇ ਨੂੰ ਦਰਜ਼ੀ
ਕਹਿੰਦਾ,” ਓਏ ਮਿੰਡਿਆਂ ਤੂੰ ਆਕੇ ਵਿਹਲਾ ਬਹਿ ਰਹਿਨੈਂ ਕੋਈ ਕੰਮ ਕਾਜ ਨਹੀਂ ਕਰਦਾ”,।ਉੱਸ
ਦੀ ਗੱਲ ਸੁਣ ਕੇ ਜੰਗੂ ਬੋਲਿਆ ਕੀ ਕਰਾਂ ਕੋਈ ਕੰਮ ਕਾਜ ਨਹੀਂ ਆਉਂਦਾ, ਤੇ ਘਰ ਵਿੱਚ ਸਾਰਾ
ਦਿਨ ਵਿਹਲਾ ਬਹਿਣਾ ਕਿਹੜਾ ਸੌਖਾ ਹੈ। ਇੱਸ ਲਈ ਤੁਹਾਡੇ ਕੋਲ ਆ ਕੇ ਬਹਿ ਰਹਿੰਦਾ ਹਾਂ। ਟੇਲਰ
ਮਾਸਟਰ ਉੱਸਦੀ ਗੱਲ ਸੁਣ ਕੇ ਬੋਲਿਆ,” ਚੱਲ ਲੈ ਫਿਰ ਫੜ ਸੂਈ ਤੇ ਇੱਸ ਕਮੀਜ਼ ਦੇ ਬਟਨਾਂ ਦੇ
ਕਾਜ ਬਨਾ “।ਜੰਗੂ ਨੇ ਭਾਂਵੇਂ ਕਦੇ ਸੂਈ ਨਹੀਂ ਸੀ ਫੜੀ ਪਰ ਟੇਲਰ ਮਾਸਟਰ ਉੱਸ ਦੇ ਕੰਮ
ਪ੍ਰਤੀ ਲਗਣ ਨੂੰ ਵੇਖ ਕੇ ਕਹਿਣ ਲੱਗਾ, “ਤੂੰ ਕੱਲ ਤੋਂ ਨਾਲ ਮੇਰੇ ਕੋਲ ਆ ਜਾਇਆ ਕਰ ਤੈਨੂੰ
ਵਧੀਆ ਕਾਜ ਬਨਾਉਣੇਦਾ ਸਿਖਾਵਾਂਗਾ। “ਅੰਨ੍ਹੇ ਕੀ ਭਾਲੇ ਦੋ ਅੱਖਾਂ”,ਜੰਗਾ ਮਿਹਣਤੀ ਸੀ,
ਨਾਲੇ ਅੱਠ ਕੁ ਜਮਾਤਾਂ ਪੜ੍ਹਿਆ ਹੋਇਆ ਵੀ ਸੀ ,ਅੱਜ ਹੋਰ ਕੱਲ ਹੋਰ ਚੰਗੇ ਉਸਤਾਦ ਟੇਲਰ ਦੀ
ਨਗਰਾਨੀ ਹੇਠ ਹੌਲੀ2 ਸਾਦੇ ਕਮੀਜ਼ ਪਾਜਾਮੇ ਸੀਉਣ ਤੋਂ ਪੈਂਟ ਕਮੀਜ਼ ਸੀਉਣ ਦਾ ਕਾਰੀਗਰ ਵੀ ਬਣ
ਗਿਆ। ਹੁਣ ਹੌਲੀ 2 ਉਸਦਾ ਕੰਮ ਚੰਗਾ ਵੇਖ ਟੇਲਰ ਮਾਸਟਰ ਨੇ ਉੱਸ ਨੂੰ ਥੋੜ੍ਹਾ ਬਹੁਤਜੇਬ ਖਰਚ
ਵੀ ਦੇਣ ਲੱਗ ਪਿਆ ਸੀ।
ਕੁੱਝ ਦਿਨਾਂ ਬਾਅਦ ਉੱਸ ਦਾਉਸਤਾਦ ਦਰਜ਼ੀ ਆਪਣੀ ਦੁਕਾਨ ਛੱਡ ਕੇ ਕਿਤੇ ਹੋਰ ਚਲਾ ਗਿਆ ,ਜੰਗੂ
ਹੁਣ ਆਪਣੇ ਕੰਮ ਵਿੱਚ ਸਿਆਣਾ ਹੋ ਗਿਆ ਸੀ ਉੱਸ ਨੇ ਆਪਣੇ ਘਰ ਵਿੱਚ ਹੀ ਕੱਪੜੇ ਸੀਉਣ ਦਾ ਕੰਮ
ਸ਼ੁਰੂ ਕਰ ਦਿੱਤਾ ,ਫਿਰ ਹੌਲੀ 2 ਪਿੰਡ ਤੋਂ ਬਾਹਰ ਸ਼ਹਿਰ ਨੂੰ ਜਾਂਦੀ ਸੜਕ ਕਿਨਾਰੇ ਇੱਕ
ਦੁਕਾਨ ਕਿਰਾਏ ਤੇ ਲੈ ਲਈ , ਹੁਣ ਦੁਕਾਨ ਤੇ ਲੱਗਾ” ਜੰਗ ਟੇਲਰ “ਨਾਂ ਦਾ ਫੱਟਾ ਦੁਕਾਨ ਉੱਸ
ਦੀ ਦੁਕਾਨ ਸ਼ਾਨ ਵਿੱਚ ਵਾਧਾ ਕਰ ਰਿਹਾ ਹੈ । ਵੱਡੀ ਗੱਲ ਕਿ ਉਹ ਉਲਾਂਭੇ ਵਾਲਾ ਕੰਮ ਨਹੀਂ
ਕਰਦਾ ਤੇ ਨਾ ਹੀ ਗਾਹਕਾਂ ਨੂੰ ਬਹੁਤੇ ਫੇਰੇ ਨਹੀਂ ਸੀ ਮਰਾਂਉਦਾ ਹੈ । ਇੱਕ ਹੋਰ ਵੱਡਾ ਮੋੜ
ਉੱਸ ਦੇ ਜੀਵਣ ਵਿੱਚ ਇਹ ਵੀ ਆਇਆ ਜਦੋਂ ਉੱਹ ਅਮ੍ਰਿਤ ਛਕ ਕੇ ਪੂਰਾ ਸਿੰਘ ਸੱਜ ਗਿਆ।
ਪਿੱਛੇ ਜਿਹੇ ਜਦੋਂ ਮੈਂ ਕੁੱਝ ਸਮੇਂ ਲਈ ਆਪਣੇ ਪਿੰਡ ਪਰਤਿਆ ਤਾਂ ਇੱਕ ਦਿਨ ਉਸ ਦੀ ਦੁਕਾਨ
ਤੇ ਕੁੱਝ ਕਪੜੇ ਸੀਉਣ ਲਈ ਦੇਣ ਲਈ ਜਦ ਗਿਆ ਤਾਂ ਉਹ ਬੜਾ ਖੁਸ਼ ਨਜ਼ਰ ਆਇਆ ਜਾਂਦੇ ਹੀ ਕੋਲ
ਰੱਖੇ ਹੋਏ ਲੱਡੂਆਂ ਦੇ ਡੱਬੇ ਵਿੱਚੋਂ ਮੈਨੂੰ ਲੱਡੂ ਫੜਾਉਂਦਾ ਹੋਇਆਕਹਿਣ ਲੱਗਾ” ਅੰਕਲ ਲਓ
ਮੂੰਹ ਮਿੱਠਾ ਕਰੋ”, । ਮੈਂ ਕਿਹਾ ਕਿ ਪਹਿਲਾਂ ਦੱਸ ਤਾਂ ਸਹੀ ਇਹ ਲੱਡੂ ਕਿਹੜੀ ਖੁਸ਼ੀ ਵਿੱਚ,
ਤਾਂ ਹੱਸਦਾ ਹੋਇਆ ਕਹਿਣ ਲੱਗਾ, ਰਾਤ ਦਾ ਮੇਰੇ ਘਰ ਕਾਕਾ ਹੋਇਆ ਹੈ । ਜੰਗਾ ਹੁਣ ਇਕੱਲਾ
ਦੁਕਾਨ ਤੇ ਨਹੀਂ ਬੈਠਦਾ ਸਗੋਂ ਉੱਸ ਕੋਲ ਦੋ ਕੰਮ ਸਿੱਖਣ ਵਾਲੇ ਸ਼ਾਗਿਰਦ ਵੀ ਉਸ ਦੀ ਦੁਕਾਨ
ਤੇ ਬੈਠੇ ਕੰਮ ਕਰਦੇ ਹਨ। ।ਪਿੰਡ ਵਿੱਚ ਆਪਣੇ ਉੱਦਮ, ਮਿਹਹਣਤ, ਲਗਣ ਅਤੇ ਹੁਨਰ ਸਦਕਾ ਜੰਗੂ
ਕੁੱਬਾ ਨਹੀਂ ਸਗੋਂ ਗਿਆਨੀ ਜੰਗਾ ਸਿੰਘ ਟੇਲਰ ਕਰਕੇ ਜਾਣਿਆ ਜਾਂਦਾ ਹੈ।
ਰਵੇਲ ਸਿੰਘ +3272372827
-0- |