ਇਕ ਸਮਾਂ ਸੀ ਜਦੋਂ
ਕੁਸ਼ਤੀ ਦੇ ਅਖਾੜਿਆਂ ‘ਚ ਦਾਰਾ-ਦਾਰਾ ਹੁੰਦੀ ਸੀ ਤੇ ਹਾਕੀ ਦੇ ਮੈਦਾਨਾਂ ਵਿਚ
ਬਲਬੀਰ-ਬਲਬੀਰ। ਫਿਰ ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚ ਸ਼ਮਸ਼ੇਰ-ਸ਼ਮਸ਼ੇਰ ਹੋਣ
ਲੱਗੀ। ਜਿਵੇਂ ਦਾਰਾ ਸਿੰਘ ‘ਭਲਵਾਨਾਂ ਦਾ ਭਲਵਾਨ’ ਸੀ ਉਵੇਂ ਸ਼ਮਸ਼ੇਰ ਸੰਧੂ ‘ਗੀਤਕਾਰਾਂ ਦਾ
ਗੀਤਕਾਰ’ ਹੈ। ਉਸ ਨੂੰ ਪੰਜਾਬੀ ਗੀਤਕਾਰੀ ਦਾ ਦਾਰਾ ਭਲਵਾਨ ਕਿਹਾ ਜਾ ਸਕਦੈ। ਉਹਦੇ ਅਨੇਕਾਂ
ਗੀਤਾਂ ਨੇ ਝੰਡੀਆਂ ਕੀਤੀਆਂ ਤੇ ਗੁਰਜਾਂ ਜਿੱਤੀਆਂ। ਕੁਝ ਗੀਤ ਰੁਸਤਮੇ ਪੰਜਾਬ ਬਣੇ, ਕੁਝ
ਰੁਸਤਮੇ ਹਿੰਦ ਤੇ ਕੁਝ ਰੁਸਤਮੇ ਜ਼ਮਾਂ ਬਣਨ ਤਕ ਗਏ। ਉਨ੍ਹਾਂ ਦੀ ਮਸ਼ਹੂਰੀ ਬੀ. ਬੀ. ਸੀ.
ਤਕ ਹੋਈ।
ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਮਾਵਾਂ ਨਾਲ ਨੇ ਰੁਆਇਆ ਤੇ ਕਦੇ ਮੁਖੜਾ
ਦੇਖਣ ਨੇ ਭਰਮਾਇਆ। ਉਹਦੇ ਗੀਤਾਂ ਵਿਚ ਦੁੱਧ ਦੀ ਥਾਂ ਜੈਕੁਰ ਦਾ ਪਾਣੀ ਵਿਕਦਾ ਰਿਹਾ,
ਕਚਹਿਰੀਆਂ ‘ਚ ਮੇਲੇ ਲੱਗਦੇ ਰਹੇ ਤੇ ਰਕਾਨਾਂ ‘ਚੋਂ ਯਾਰ ਬੋਲਦੇ ਰਹੇ। ਇਕੋ ਤਾਰ ਸੌ-ਸੌ
ਤਾਰਾਂ ਦੀ ਬੱਸ ਕਰਾਉਂਦੀ ਰਹੀ ਤੇ ਗਾਉਣ ਵਾਲਿਆਂ ਨੂੰ ਡਿਸਕੋ ਬੁਖ਼ਾਰ ਚੜ੍ਹਾਉਂਦੀ ਰਹੀ।
ਬੋਲੀਆਂ ਨਾਲ ਬੱਕਰੇ ਬੋਲਦੇ ਰਹੇ ਤੇ ਨੱਚਣ ਵਾਲੇ ਅੱਡੀਆਂ ਨਾਲ ਪਤਾਸੇ ਭੋਰਦੇ ਰਹੇ। ਕਈ ਗੀਤ
ਸੱਚੀਆਂ ਸੁਣਾਉਂਦੇ ਰਹੇ-ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਇਕ ਰਹਿਣਾ ਰੱਬ ਦਾ ਨਾਂ ਬੰਦਿਆ।
ਕੁਝ ਗੀਤ ਝੂਰਦੇ ਰਹੇ-ਗੁੰਮ ਗਈਆਂ ਕਿਧਰੇ ਦੁਆਨੀਆਂ ਚੁਆਨੀਆਂ ਏਸੇ ਤਰ੍ਹਾਂ ਗੁੰਮਗੇ ਜੁਆਨ
ਤੇ ਜੁਆਨੀਆਂ। ਕੁਝ ਗੀਤ ਨਾਚ ਨਚਦੇ ਰਹੇ-ਸੰਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ...
ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ, ਏਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ,
ਸੰਧੂ ਤੇਰੇ ਉਤੋਂ ਬਲਿਹਾਰ ਮੇਰੀ ਸੰਮੀਏ, ਸੰਮੀ ਮੇਰੀ ਵਾਰ...।
ਉਹਦਾ ਕਿੱਤਾ ਬੇਸ਼ਕ ਪੱਤਰਕਾਰੀ ਦਾ ਸੀ ਪਰ ਨਾਮਣਾ ਖੱਟਿਆ ਉਹਨੇ ਗੀਤ/ਗਾਣੇ ਲਿਖ ਕੇ ਤੇ
ਨਾਮੀ ਗਾਇਕਾਂ ਤੋਂ ਗੁਆ ਕੇ। ਗਾਣਿਆਂ ਤੋਂ ਪਹਿਲਾਂ ਉਹ ਕਵਿਤਾਵਾਂ ਤੇ ਕਹਾਣੀਆਂ ਲਿਖਦਾ ਸੀ।
ਉਹਦੀ ਪਹਿਲੀ ਕਹਾਣੀ ਸੀ-ਭੁੱਖੇ ਪਿੰਡੇ। ਪਿੱਛੋਂ ਉਹਦਾ ਨਾਂ ‘ਇਕ ਲੂਣਾ ਹੋਰ’ ਰੱਖਿਆ। ‘ਭੂਆ
ਖ਼ਤਮ ਕੌਰ’, ‘ਖ਼ੁਸ਼ਬੂ ਬਦਬੂ’, ‘ਗੱਠਾ ਨਚਾਰ’ ਤੇ ‘ਥਿੜਕਦੇ ਪੈਰ’ ਕਹਾਣੀਆਂ ਨਾਲ ਉਹ
ਕਹਾਣੀਕਾਰ ਕਿਹਾ ਜਾਣ ਲੱਗਾ। ਪਾਸ਼ ਨੇ ਇਕ ਚਿੱਠੀ ਵਿਚ ਲਿਖਿਆ, “ਮੈਂ ਤੇਰੀਆਂ ‘ਸੈਕਸ ਤੇ
ਆਮ ਜੀਵਨ’ ਦੇ ਵਿਸ਼ੇ ਉਤੇ ਲਿਖੀਆਂ ਤਿੰਨੇ ਚਾਰੇ ਕਹਾਣੀਆਂ ਮੁੜ ਛਾਪਣਾ ਚਾਹੁੰਦਾ ਹਾਂ।
ਕਿਸੇ ਤਰ੍ਹਾਂ ਪ੍ਰਬੰਧ ਕਰ ਦੇ ਤਾਂ। ਤੈਨੂੰ ਕੰਪੋਜਿ਼ਗ ਤੋਂ ਬਾਅਦ ਰਸਾਲੇ ਵਾਪਸ ਮਿਲ
ਜਾਣਗੇ।”
19-7-74 ਨੂੰ ਲਿਖੀ ਇਕ ਹੋਰ ਚਿੱਠੀ ਵਿਚ ਪਾਸ਼ ਲਿਖਦੈ, “ਤੇਰੀਆਂ ਕਹਾਣੀਆਂ ‘ਉਖੜੇ ਪੈਰ’
ਜਾਂ ਜੋ ਵੀ ਤੂੰ ਨਾਂ ਰੱਖਣਾ ਚਾਹੇਂ ਅਤੇ ‘ਟਿਮੀ ਨਹੀਂ ਆਈ’ ਛੇਤੀ ਛਪਣੀਆਂ ਚਾਹੀਦੀਆਂ ਹਨ
ਭਾਵੇਂ ਕਿਤੇ ਵੀ ਛਪਣ। ਮੇਰੇ ਵਿਚ ਇਨ੍ਹਾਂ ਨੂੰ ਛਪੀਆਂ ਹੋਈਆਂ ਦੇਖਣ ਦੀ ਤੀਬਰ ਲਾਲਸਾ ਹੈ
ਤੇ ਬਾਰ ਬਾਰ ਪੜ੍ਹਨ ਦੀ। ਕੇਡੀ ਚੰਗੀ ਗੱਲ ਹੈ ਕਿ ਤੂੰ ਨਿੱਗਰ ਜੀਵਨ ਵਿਚੋਂ ਸਾਧਾਰਨ
ਘਟਨਾਵਾਂ ਲੈ ਕੇ ਲਿਖਣ ਲੱਗ ਪਿਆਂ ਏਂ। ਨਕਲੀ ਅਤੇ ਦੰਭ ਭਰੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ
ਉਤੇ ਲਿਖੇ ਜਾ ਰਹੇ ਸਾਹਿਤ ਨਾਲੋਂ ਇਹ ਉੱਕਾ ਹੀ ਵੱਖਰੀ ਗੱਲ ਹੈ ਤੇ ਵਧੀਆ ਵੀ।”
ਸ਼ਮਸ਼ੇਰ ਤੇ ਗੁਰਚਰਨ ਚਾਹਲ ਭੀਖੀ ‘ਕਹਾਣੀਕਾਰ ਯਾਰ’ ਸਨ। ਪਾਸ਼ ਦੋਹਾਂ ਦੀਆਂ ਕਹਾਣੀਆਂ ‘ਤੇ
ਫਿ਼ਦਾ ਸੀ। ਉਨ੍ਹਾਂ ਦਿਨੀਂ ਉਸ ਨੇ ਗੁਰਚਰਨ ਚਾਹਲ ਨੂੰ ਵੀ ਚਿੱਠੀ ਲਿਖੀ, “ਚਿਰਾਂ ਤੋਂ
ਤੈਨੂੰ ਲਿਖੂੰ ਲਿਖੂੰ ਕਰਦਾ ਸੀ। ਤੂੰ ਮੈਨੂੰ ਜਿਬ੍ਹਾ ਕਰ ਛੱਡਿਆ ਈ। ਯਾਰ, ਮੁਰਗਾਬੀ-ਅੰਬਰੀ
ਅੰਡਾ ਤੇ ਗਿਠਮੁਠੀਏ ਪੜ੍ਹਨਾ ਸਾਡੀ ਤਕਦੀਰ ਕਿੱਦਾਂ ਬਣ ਗਈ? ਅਸੀਂ ਤਾਂ ਏਨੇ ਚੰਗੇ ਭਾਗ
ਲਿਖਾ ਕੇ ਨਹੀਂ ਸਾਂ ਜੰਮੇ। ਕੰਬਖਤ, ਕਹਾਣੀਆਂ ਵਿਚ ਥੋੜ੍ਹਾ ਰਲ਼ਾ ਪਾ ਲਿਆ ਕਰ-ਇਹ ਪਾਠਕਾਂ
ਲਈ ਵੀ ਫ਼ਾਇਦੇਮੰਦ ਰਹੇਗਾ-ਤੇਰੇ ਲਈ ਵੀ। ਤੇਰੀਆਂ ਕਹਾਣੀਆਂ ਬਿਨਾਂ ਪਾਣੀਓਂ ਪੀਤੀ ਵਧੀਆ
ਦੇਸੀ ਸ਼ਰਾਬ ਵਰਗੀਆਂ ਹੁੰਦੀਆਂ ਹਨ ਜੋ ਅੰਦਰ ਵਾਢ ਕਰਦੀਆਂ ਜਾਂਦੀਆਂ ਹਨ। ਮੇਰਾ ਭਾਵ ਸਮਝ
ਗਿਐ ਨਾ? ਏਦਾਂ ਕਰੀਏ ਕਿਸੇ ਦਿਨ ਸ਼ਮਸ਼ੇਰ ਕੋਲ ਇਕੱਠੇ ਹੋਈਏ। ਸਾਰੀ ਰਾਤ ਗੱਲਾਂ ਕਰਾਂਗੇ।
ਤੇਰੇ ਕੋਲ ਕਿਸੇ ਨਾਈ, ਮੋਚੀ, ਝੀਰ, ਜੱਟ, ਤਰਖਾਣ, ਵਿਧਵਾ, ਕਵਾਰੀ ਜਾਂ ਨਵ-ਮੁਕਲਾਈ ਦਾ
ਪਿਆਰਾ ਜਿਹਾ ਖ਼ਤ ਪਿਆ ਹੋਵੇ ਤਾਂ ਸ਼ਮਸ਼ੇਰ ਨੂੰ ਘੱਲ ਦੇਈਂ। ਉਹ ਸੰਕਲਪ ਦਾ ਖ਼ਤ ਅੰਕ ਕੱਢ
ਰਿਹੈ।”
ਇਹੋ ਜਿਹਾ ਸੀ ਪਾਸ਼ ਦਾ ਕਹਾਣੀਆਂ ਨਾਲ ਇਸ਼ਕ!
ਪਾਸ਼ ਸ਼ਮਸ਼ੇਰ ਦਾ ਪੱਗ-ਵੱਟ ਨਹੀਂ, ਲੰਗੋਟੀ-ਵੱਟ ਯਾਰ ਸੀ ਪਰ ਸੀ ਰੁਸੇਵਿਆਂ ਮਨੇਵਿਆਂ
ਵਾਲਾ। ਉਨ੍ਹਾਂ ਦੀ ਆਪਸ ਵਿਚ ਤਿੱਖੀ ਤਕਰਾਰ ਹੁੰਦੀ ਸੀ। ਉਹ ਬਹਿਸਦੇ ਸਨ, ਰੁੱਸਦੇ ਸਨ ਤੇ
ਛੇਤੀ ਮੰਨ ਵੀ ਜਾਂਦੇ ਸਨ। ਸ਼ਮਸ਼ੇਰ ਲਿਖਦੈ, “ਅਸੀਂ ਆਪਸ ਵਿਚ ਲੜ ਵੀ ਪੈਂਦੇ ਸੀ। ਬੜੀ ਵਾਰ
ਲੜੇ। ਕਈ ਵਾਰ ਲੜੇ। ਵਾਰ ਵਾਰ ਲੜੇ। ਕਿਸੇ ਕਿਸੇ ਵਾਰੀ ਤਾਂ ਇੰਜ ਹੁੰਦਾ ਸੀ ਕਿ ਬੱਸ ਇਹ
ਆਖ਼ਰੀ ਲੜਾਈ ਹੈ ਤੇ ਮੁੜ ਇਕ-ਦੂਜੇ ਦੇ ਮੱਥੇ ਨਹੀਂ ਲੱਗਾਂਗੇ। ਪਰ ਕਦੇ ਚਿੱਠੀਆਂ ਰਾਹੀਂ
ਸੁਲ੍ਹਾ-ਸਫਾਈ ਹੋ ਜਾਂਦੀ ਸੀ, ਕਦੇ ਆਹਮੋ-ਸਾਹਮਣੇ ਹੁੰਦਿਆਂ ਅੱਖਾਂ ਮਿਲਣ ‘ਤੇ। ਅਸੀਂ ਕਿਉਂ
ਲੜਦੇ ਸੀ, ਇਹ ਵੀ ਨਹੀਂ ਸੀ ਪਤਾ ਲੱਗਦਾ ਅਤੇ ਏਨਾ ਅਰਸਾ ਬੀਤਣ ‘ਤੇ ਵੀ ਕੁਝ ਨਹੀਂ ਸੁੱਝ
ਰਿਹਾ ਕਿ ਕਿਉਂ ਲੜਦੇ ਸੀ? ਊਂ ਪਛਤਾਵਾ ਜਿਹਾ ਜ਼ਰੂਰ ਹੈ। ਜੇ ਪਤਾ ਹੁੰਦਾ ਪਾਸ਼ ਨੇ ਸਦਾ ਲਈ
ਵਿਛੜ ਜਾਣਾ ਤਾਂ ਸ਼ਾਇਦ ਇਕ ਵਾਰ ਵੀ ਨਾ ਲੜਦੇ!”
ਪਾਸ਼ ਚਿੱਠੀਆਂ ਵਿਚ ਕਦੇ ਸ਼ਮਸ਼ੇਰ ਨੂੰ ਪਿਆਰੇ ਸ਼ੇਰ, ਕਦੇ ਪਿਆਰੇ ਸ਼ੰਮੀ, ਕਦੇ ਪਿਆਰੇ
ਸ਼ੇਰਾ ਤੇ ਕਦੇ ਚੰਗੇ ਸੰਧੂ ਲਿਖ ਕੇ ਸੰਬੋਧਨ ਕਰਦਾ। ਕਦੇ ਸੁਣਾ ਆੜੀ ਤੇ ਕਦੇ ਪੱਤਰਕਾਰਾ
ਕਹਿੰਦਾ। ਇਕ ਚਿੱਠੀ ‘ਚ ਲਿਖਿਆ, ਡੀਅਰ ਮਿਸਟਰ ਜਾਰਜ ਸ਼ੈਮਸ਼ੈਰ। ਚਿੱਠੀ ਦੇ ਅਖ਼ੀਰ ਵਿਚ
ਕਦੇ ‘ਨਾ ਤੇਰਾ ਨਾ ਆਪਣਾ-ਪਾਸ਼’ ਲਿਖਦਾ, ਕਦੇ ‘ਨਿੱਘ ਅਤੇ ਸਤਿਕਾਰ ਨਾਲ-ਪਾਸ਼’ ਲਿਖਦਾ ਤੇ
ਕਦੇ ‘ਤੇਰਾ ਰੱਬ ਰਾਖਾ! ਪਾਸ਼’।
ਉਹ ਹੰਮੇ ਨਾਲ ਅਜਿਹਾ ਵੀ ਲਿਖ ਦਿੰਦਾ ਸੀ, “ਹਾਂ ਸੱਚ, ਇਕ ਗੱਲ ਮੰਨੇਂਗਾ? ਮੈਂ ਸ਼ਾਇਦ
ਫਜ਼ੂਲ ਕਿਸਮ ਦਾ ਹੱਕ ਜਤਾ ਰਿਹਾ ਹਾਂ ਪਰ ਮੈਂ ਤੈਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਮੁੜ
‘ਕਵਿਤਾ’ ਵਿਚ ਨਾ ਛਪੀਂ। ਇਹ ਇਮਾਨਦਾਰ ਪਰਚਾ ਨਹੀਂ ਹੈ। ਤੁਹਾਨੂੰ ਭੈੜੇ ਮਨੋਰਥਾਂ ਲਈ ਵਰਤ
ਰਿਹੈ। ਮੇਰੇ ਕੋਲ ਇਸ ਦੀ ਕੋਈ ਦਲੀਲ ਨਹੀਂ, ਮੇਰੀ ਰੂਹ ਦੀ ਆਵਾਜ਼ ਹੈ ਬੱਸ। ਗ਼ੌਰ ਕਰੀਂ।”
ਪੱਤਰਕਾਰਾ, ਅਹਿ ਇੱਕ ਖ਼ਬਰ ਲੁਆ ਦੇਈਂ ਅਖ਼ਬਾਰ ਵਿਚ-
“ਬੀਤੀ ਰਾਤ ਹਮੇਸ਼ਾ ਵਾਂਗ ਤਾਰੇ ਨਿਕਲੇ ਸਨ। ਲੋਕ ਸੁੱਤੇ ਰਹੇ। ਕੁੱਤੇ ਭੌਂਕਦੇ ਰਹੇ। ਬੱਚੇ
ਤ੍ਰਭਕ ਤ੍ਰਭਕ ਉੱਠਦੇ ਅਤੇ ਮੁੜ ਸੌਂ ਜਾਂਦੇ ਸਨ। ਸਾਡੇ ਪੱਤਰ ਪ੍ਰੇਰਕ ਵੱਲੋਂ ਇਕੱਤਰ ਕੀਤੀ
ਸੂਚਨਾ ਅਨੁਸਾਰ ਚੌਂਕੀਦਾਰਾਂ ਦੇ ਅਵੇਸਲੇਪਣ ਦੇ ਬਾਵਜੂਦ ਸੂਰਜ ਫਿਰ ਆਪਣੇ ਸਮੇਂ ‘ਤੇ ਨਿਕਲ
ਆਇਆ। ਲੋਕਾਂ ਵਿਚ ਇਸ ਸੰਬੰਧੀ ਕੋਈ ਸਨਸਨੀ ਨਹੀਂ ਫੈਲੀ ਹੋਈ ਤੇ ਸਰਕਾਰ ਇਸ ਸੰਬੰਧੀ ਕੁਝ ਨਾ
ਕਰੇ।”
ਪਾਸ਼ ਦੇ ਦੇਹਾਂਤ ਤੋਂ ਤੇਈ ਵਰ੍ਹਿਆਂ ਬਾਅਦ ਸ਼ਮਸ਼ੇਰ ਨੇ ਆਪਣੇ ਯਾਰ ਦੀ ਯਾਦ ਵਿਚ ਜਿਹੜੀ
ਕਿਤਾਬ ਲਿਖੀ ਉਸ ਦਾ ਨਾਂ ਰੱਖਿਆ ‘ਇੱਕ ਪਾਸ਼ ਇਹ ਵੀ’। ਉਸ ਦੇ ਮੁੱਖ ਬੰਦ ‘ਚ ਲਿਖਿਆ, “ਇਕ
ਪਾਸ਼ ਉਹ ਸੀ ਜੋ ਪੰਜਾਬੀ ਕਵਿਤਾ ਵਿਚ ਇਨਕਲਾਬੀ ਕਵੀ ਜਾਂ ਵਿਦਰੋਹੀ ਸੁਰ ਵਜੋਂ ਉਭਰਿਆ। ਉਸ
ਪਾਸ਼ ਦੀਆਂ ਪੁਸਤਕਾਂ ਬਹੁਤ ਪੜ੍ਹੀਆਂ ਗਈਆਂ ਜਿਵੇਂ ਲੋਹ-ਕਥਾ, ਉਡਦੇ ਬਾਜ਼ਾਂ ਮਗਰ, ਸਾਡੇ
ਸਮਿਆਂ ਵਿਚ ਆਦਿ ਆਦਿ। ਪਰ ਪਾਸ਼ ਦੀ ਸ਼ਖ਼ਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਸਨ। ਉਹਦੇ
ਸੁਭਾਅ ਦੀਆਂ ਕਈ ਪਰਤਾਂ ਸਨ। ਉਹ ਹੱਸਦਾ ਵੀ ਸੀ, ਰੋਂਦਾ ਵੀ ਸੀ। ਉਹ ਰੁੱਸਦਾ ਵੀ ਸੀ ਤੇ
ਲੜਦਾ ਵੀ ਸੀ। ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ
ਪਿਆਰ ਨੂੰ ਵੱਡੀ ਮਾਨਤਾ ਦਿੰਦਾ ਸੀ। ਉਸ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਜਹਾਜ਼ਾਂ ‘ਤੇ ਝੂਟੇ
ਵੀ ਲਏ। ਉਸ ਨੇ ਕਵਿਤਾਵਾਂ ‘ਚ ਬੱਕਰੇ ਬੁਲਾਏ ਤੇ ਬੜੀ ਵਾਰ ਜਿ਼ੰਦਗੀ ਵਿਚ ਵੀ। ਗੱਲ ਕੀ, ਉਹ
ਗੁਣਾਂ ਤੇ ਔਗਣਾਂ, ਧੁੱਪਾਂ ਤੇ ਛਾਵਾਂ, ਤਰਸੇਵਿਆਂ ਤੇ ਰਜੇਵਿਆਂ ਦਾ ਸੁਮੇਲ ਸੀ। ਇਕ ਆਮ
ਮਨੁੱਖ ਵਾਲੇ ਸਾਰੇ ਹੀ ਅੰਸ਼ ਸਨ ਪਾਸ਼ ਵਿਚ।”
ਪਾਸ਼ ਵੱਲੋਂ ਸ਼ਮਸ਼ੇਰ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਅੰਸ਼ ਪੜ੍ਹੋ, “ਪਿਆਰੇ ਸ਼ੰਮੀ,
...ਮਾਹਿਰ ਜੀ (ਪ੍ਰੋ. ਮੋਹਨ ਸਿੰਘ) ਦੇ ਵਿਛੜਨ ਦਾ ਦੁੱਖ ਤਾਂ ਨਹੀਂ ਹੈ। ਪਰ ਮੈਨੂੰ ਸਿ਼ਵ
ਕੁਮਾਰ ਦੇ ਅਕਾਲ ਚਲਾਣੇ ਨਾਲੋਂ ਮਾਹਿਰ ਜੀ ਵਾਰੀ ਵਧੇਰੇ ਮਹਿਸੂਸ ਜਿਹਾ ਹੋਇਐ ਜਿਵੇਂ ਪੰਜਾਬ
ਵਿਚ ਕੋਈ ਲਗਪਗ ਵਾਰਿਸਸ਼ਾਹ ਜਿੰਨਾ ਪ੍ਰਵਾਨਤ ਬੰਦਾ ਹੋ ਕੇ ਤੁਰ ਗਿਆ ਹੋਵੇ। ਮੋਹਨ ਸਿੰਘ
ਨੂੰ ਕਵਿਤਾ ਦਾ ਬੋਧ ਤਾਂ ਹੈ ਸੀ-ਲਿਖੀ ਹੋਵੇ ਭਾਵੇਂ ਨਾ। ਇਨਾਮਾਂ ਵਾਂਗ ਹੀ ਹੁਣ ਆਮ-ਖਾਸ
ਝਾਕ ਜਿਹੀ ਜਾਗਦੀ ਹੈ ਕਿ ਕਿਸੇ ਦਿਨ ਅੰਮ੍ਰਿਤਾ ਪ੍ਰੀਤਮ...ਜਾਂ ਘੱਟੋ-ਘੱਟ ਅਮਿਤੋਜ ਭਾ ਜੀ
ਹੀ ਤੁਰ ਜਾਣ। ਅਜੀਬ ਸ਼ੁਗਲ ਜਿਹਾ ਬਣਿਆ ਰਹੇਗਾ”
“ਭਾਵੇਂ ਮੈਂ ਵਿਹਲਾ ਨਹੀਂ ਫਿਰ ਵੀ ਦੋ ਦਿਨ ਲਈ ਕੀ ਆਪਾਂ ਮਦਾਰੇ ਨਹੀਂ ਮਿਲ ਸਕਦੇ? ਦਰਿਆ
ਕੰਢੇ ਬੈਠ ਕੇ ਗੱਲਾਂ ਕਰਾਂਗੇ, ਚੁਗਲੀਆਂ ਵੀ। ਤੂੰ ਤਾਰੀਖ ਨਿਯਤ ਕਰ। ਮੈਂ ਦਰਿਆ ਟੱਪ ਕੇ
ਪਰਲੇ ਪਾਰ ਆ ਜਾਊਂਗਾ।”
“ਮੈਨੂੰ ਵਿੱਗ ਜਲਦੀ ਮੰਗਵਾ ਦਿਓ। ਵਾਲ ਤੇਜ਼ੀ ਨਾਲ ਝੜ ਰਹੇ ਨੇ। ਵਿੱਗ ਬਾਰੇ ਪੱਪੂ ਨੂੰ
ਯਾਦ ਕਰਾਉਂਦੇ ਰਹੋ।”
“ਤੂੰ ਨਵੀਂ ਕਹਾਣੀ ਲਿਖੀ ਹੈ। ਮੇਰੇ ਲਈ ਖੁਸ਼ਖਬਰੀ ਹੈ। ਪਰ ਮੈਂ ਗੱਜਵੱਜ ਕੇ ਐਲਾਨ ਕਰਦਾ
ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਨਹੀਂ ਲਿਖਿਆ।”
“ਜੇ ਤੂੰ ਭੁਰਿਆ-ਖੁਰਿਆ ਮਹਿਸੂਸ ਕਰਦਾ ਏਂ ਤਾਂ ਏਥੇ ਬਚਿਆ ਕੌਣ ਏ? ਬੱਸ ਪਰਦੇ ਹੀ ਹੁੰਦੇ
ਹਨ। ਇਹ ਸਾਲੀ ਗਿਆਨਤਾ ਹੈ ਈ ਬੜੀ ਮਾਰੂ ਸ਼ੈਅ!”
“ਤੇਰੇ ਪਿੰਡ ਬਿਜਲੀ ਆ ਗਈ। ਇਸ ਗੱਲ ਦੀ ਵਧਾਈ। ਚਲ ਮਦਾਰਪੁਰੇ ਵੀ ਲਾਟੂ ਜਗਦੇ ਦਿਸਣਗੇ
ਟਿੱਬਿਆਂ ‘ਚ।”
“ਅਕਸ ਵਿਚ ਜੱਗੇ ਜੱਟ ਦੇ ਜਾਂਘੀਏ ਵਾਲੀ ਕਵਿਤਾ ਵਿਚ ਤੂੰ ਜੋ ਦਰੁਸਤੀ ਕੀਤੀ ਸੀ, ਉਸ ਦੀ
ਆਖ਼ਰੀ ਸਤਰ ਮੈਨੂੰ ਯਾਦ ਨਹੀਂ ਰਹੀ ਸੀ। ਇਸ ਲਈ ਮੈਂ ਕਿਹਾ ਚਲੋ ਕਿਤਾਬ ਛਾਪਣ ਵੇਲੇ ਠੀਕ ਕਰ
ਲਵਾਂਗੇ। ਹੁਣ, ਦਰਅਸਲ ਅਮਰਜੀਤ ਡਾਢਾ ਖਹਿੜੇ ਪਿਆ ਹੋਇਆ ਸੀ, ਅਕਸ ਵਾਸਤੇ। ਉਹਦਾ ਘਰ ਹੀ
ਪੂਰਾ ਕਰਨਾ ਸੀ।”
“ਵੈਸੇ ਯਾਰ, ਕਿੱਡੀ ਬਦਕਿਸਮਤੀ ਹੁੰਦੀ ਹੈ ਕਿ ਬੰਦੇ ਨੂੰ ਕਿੰਨਾ ਕੁਝ ਬਲੀ ਚੜ੍ਹਾ ਕੇ
ਮਿਲਦਾ ਕੀ ਹੈ, ਇਕ ਨਾਵਲ, ਕਵਿਤਾ ਜਾਂ ਕਹਾਣੀ। ਵੱਸ ‘ਚ ਹੋਵੇ ਤਾਂ ਸਭ ਨਾਵਲਾਂ,
ਕਵਿਤਾਵਾਂ, ਕਹਾਣੀਆਂ ਨੂੰ ਬਲੀ ਚੜ੍ਹਾ ਦਿਆਂ ਜਾਂ ਆਪ ਇਨ੍ਹਾਂ ਦੀ ਬਲੀ...ਉਫ਼!”
ਅੱਛਾ, ਰੱਬ ਰਾਖਾ-ਪਾਸ਼
ਸ਼ਮਸ਼ੇਰ ਦੀਆਂ ਕਹਾਣੀਆਂ ਚੰਗੀਆਂ ਸਨ ਪਰ ਕਹਾਣੀਆਂ ਦੀ ਪਹੁੰਚ ਓਨੇ ਪਾਠਕਾਂ ਤਕ ਨਹੀਂ ਹੋਈ
ਜਿੰਨੇ ਸਰੋਤਿਆਂ ਤਕ ਗਾਣਿਆਂ ਦੀ ਹੋਈ। ਗਾਣਾ ਸਿਰ ਚੜ੍ਹ ਕੇ ਬੋਲਦੈ ਤੇ ਲਾਊਡ ਸਪੀਕਰਾਂ ਤੋਂ
ਦੂਰ ਤਕ ਗੂੰਜਦੈ। ਗਾਣਾ ਹਵਾ ਵਿਚ ਦੇਸਾਂ ਪਰਦੇਸਾਂ ਨੂੰ ਉਡਿਆ ਜਾਂਦੈ। ਗਾਇਆ ਜਲੰਧਰ
ਜਾਂਦੈ, ਸੁਣਿਆਂ ਲਾਹੌਰ, ਲੰਡਨ ਤੇ ਲਾਸਏਂਜਲਸ ਤੋਂ ਲੈ ਕੇ ਮੈੱਲਬੌਰਨ ਤਕ ਜਾਂਦੈ। ਪੰਜਾਬੀ
ਬੋਲੀ ਨੂੰ ਪਰਦੇਸਾਂ ‘ਚ ਪੁਚਾਉਣ ਤੇ ਮਕਬੂਲ ਬਣਾਉਣ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬੀ
ਗਾਣਿਆਂ ਦਾ ਹੈ।
ਪੰਜਾਬੀ ਲੋਕ ਲਿਖੇ ਲਫ਼ਜ਼ ਨਾਲੋਂ ਬੋਲੇ ਲਫ਼ਜ਼ ਦੀ ਵਧੇਰੇ ਕਦਰ ਕਰਦੇ ਹਨ। ਇਹੋ ਕਾਰਨ ਹੈ
ਕਿ ਗੀਤਕਾਰਾਂ ਨਾਲੋਂ ਗਾਇਕ, ਕਵੀਆਂ ਨਾਲੋਂ ਕਵੀਸ਼ਰ, ਕਹਾਣੀਕਾਰਾਂ ਨਾਲੋਂ ਕਥਾਕਾਰ,
ਕਿਤਾਬਾਂ ਨਾਲੋਂ ਕਿੱਸੇ, ਸ਼ਬਦਾਂ ਨਾਲੋਂ ਕੀਰਤਨੀਏਂ, ਖੇਡ ਲੇਖਕਾਂ ਨਾਲੋਂ ਖੇਡ ਬੁਲਾਰੇ,
ਤੇ ਫਿਲਮਾਂ ਦੇ ਡਾਇਲਾਗ ਲਿਖਣ ਵਾਲਿਆਂ ਨਾਲੋਂ ਡਾਇਲਾਗ ਬੋਲਣ ਵਾਲੇ ਅਦਾਕਾਰ ਵਧੇਰੇ ਮਕਬੂਲ
ਹੁੰਦੇ ਹਨ। ਢਾਡੀਆਂ, ਕਵੀਸ਼ਰਾਂ, ਗਾਇਕਾਂ, ਖੇਡ ਬੁਲਾਰਿਆਂ ਤੇ ਅਦਾਕਾਰਾਂ ਨੂੰ ਲੋਕਾਂ ਨੇ
ਸਿਰਾਂ ‘ਤੇ ਚੁੱਕਿਆ ਤੇ ਮਾਲਾਮਾਲ ਕੀਤਾ ਜਦ ਕਿ ਉਨ੍ਹਾਂ ਨੂੰ ਲਿਖਤਾਂ ਦੇਣ ਵਾਲੇ ਕਈ ਭੁੱਖੇ
ਮਰੇ। ਚੰਨ ਵੇ ਕਿ ਸ਼ੌਂਕਣ ਮੇਲੇ ਦੀ ਤੇ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਵਰਗੇ
ਸਦਾਬਹਾਰ ਗੀਤ ਲਿਖਣ ਵਾਲੇ ਨੰਦ ਲਾਲ ਨੂਰਪੁਰੀ ਵਰਗਿਆਂ ਨੂੰ ਖੂਹਾਂ ‘ਚ ਛਾਲਾਂ ਮਾਰਨੀਆਂ
ਪਈਆਂ। ਲੋਕ ਸਾਹਮਣੇ ਖੜ੍ਹੇ ਨੂੰ ਵੇਖਦੇ ਹਨ, ਖੜ੍ਹਿਆਉਣ ਵਾਲਿਆਂ ਨੂੰ ਨਹੀਂ। ਇਹੋ ਕਾਰਨ ਹੈ
ਕਿ ਗੀਤਕਾਰ ਨੂੰ ਗੀਤ ਦੀ ਕਿਸੇ ਸਤਰ ਵਿਚ ਆਪਣਾ ਨਾਂ ਪਾਉਣਾ ਪੈਂਦੈ ਪਈ ਉਹਦਾ ਵੀ ਮਾੜਾ
ਮੋਟਾ ਪਤਾ ਲੱਗੇ। ਸ਼ਮਸ਼ੇਰ ਜੇ ਗੀਤਾਂ ਵਿਚ ਆਪਣਾ ਨਾਮ ਨਾ ਪਾਉਂਦਾ ਤਾਂ ਕਿਸੇ ਨੂੰ ਕੀ ਪਤਾ
ਲੱਗਣਾ ਸੀ ਕਿ ਮਦਾਰੇ ਦਾ ਕੋਈ ਸ਼ਮਸ਼ੇਰ ਸੰਧੂ ਵੀ ਹੈ! ਗੀਤਾਂ ਨੇ ਉਹਨੂੰ ਏਨੀ ਮਸ਼ਹੂਰੀ
ਬਖ਼ਸ਼ੀ ਜਿੰਨੀ ਵੱਡੇ ਤੋਂ ਵੱਡੇ ਲੇਖਕਾਂ ਨੂੰ ਵੀ ਨਹੀਂ ਮਿਲੀ। ਗੀਤ ਉਹਨੂੰ ਘਿਓ ਵਾਂਗ
ਲੱਗੇ। ਗੀਤਾਂ ਦੇ ਖੰਭਾਂ ‘ਤੇ ਉਹ ਉਡਿਆ ਫਿਰਦੈ! ਉਹ ਲਿਖਦੈ:
ਗੀਤਾਂ ਵਿਚ ਹੈ ਸ਼ੋਹਰਤ ਵੱਡੀ ਤਾਹੀਏਂ ਨਜ਼ਮ ਕਹਾਣੀ ਛੱਡੀ
ਕੁਝ ਮਿੱਤਰਾਂ ਫਿਟਕਾਰਾਂ ਪਾਈਆਂ ਕਈ ਆਏ ਮੈਨੂੰ ਦੇਣ ਵਧਾਈਆਂ
ਗੀਤਾਂ ਦੇ ਨਾਲ ਕਰੀਆਂ ਪੈੜਾਂ ਵਿਚ ਵਿਦੇਸ਼ਾਂ ਕਰੀਆਂ ਸੈਰਾਂ
ਕੁਝ ਗੀਤਾਂ ਮੇਰਾ ਨਾਂ ਚਮਕਾਇਆ ਕੁਝ ਗੀਤ ਲਿਖ ਕੇ ਮੈਂ ਪਛਤਾਇਆ
ਕਈ ਥਾਈਂ ਗੀਤਾਂ ਭੱਲ ਬਣਾਈ ਕਈ ਥਾਵਾਂ ‘ਤੇ ਕਦਰ ਘਟਾਈ
ਗੀਤ ਲਿਖਣੇ ਊਂ ਔਖੇ ਵੀ ਨੇ ਪਰ ਲਿਖਣੇ ਊਂ ਸੌਖੇ ਵੀ ਨੇ
ਗੀਤਾਂ ‘ਤੇ ਮੈਂ ਚੜ੍ਹ ਕੇ ਰਹਿਨਾਂ ਉਂਜ ਗੀਤਾਂ ਤੋਂ ਡਰ ਕੇ ਰਹਿਨਾਂ
ਗੀਤਾਂ ਦੇ ਨਾਲ ਨੋਟ ਕਮਾਏ ਗੀਤਾਂ ਦੇ ਨਾਲ ਮਿੱਤਰ ਬਣਾਏ
ਗੀਤਾਂ ਨੇ ਕਈ ਵੈਰ ਪੁਆਏ ਕੁਝ ਗੀਤ ਮੈਂ ਖ਼ੁਦ ਵੀ ਗਾਏ
ਕਈ ਗੀਤਾਂ ਨਾਲ ਧਰਤ ‘ਚ ਖੁੱਭਦਾਂ ਕਈ ਗੀਤਾਂ ਨਾਲ ਅੰਬਰੀਂ ਉਡਦਾਂ
ਕੋਈ ਕੋਈ ਗੀਤ ਹੈ ਹਿੱਕ ‘ਚ ਚੁੱਭਦਾ ਕਿਸੇ ਗੀਤ ਨਾਲ ਸਾਗਰ ਡੁੱਬਦਾ
ਗੀਤਾਂ ਵਿਚ ਮੈਂ ਪਿੰਡ ਪਰੋਇਆ ਪਿੰਡ ਮਦਾਰਾ ਚਰਚਿਤ ਹੋਇਆ...
ਉਸ ਨੇ ਇਕ ਲੰਮਾ ਗੀਤ ਲਿਖਿਆ ‘ਮੇਰਾ ਪਿੰਡ ਮਦਾਰਾ’। ਪੇਸ਼ ਹਨ ਕੁਝ ਸਤਰਾਂ:
ਸਾਰਿਆਂ ਨੂੰ ਹੀ ਲੱਗਦਾ ਹੁੰਦਾ ਆਪਣਾ ਪਿੰਡ ਪਿਆਰਾ
ਮੈਨੂੰ ਵੀ ਹੈ ਬਹੁਤ ਪਿਆਰਾ ਆਪਣਾ ਪਿੰਡ ਮਦਾਰਾ...
ਕੀੜੀ, ਭੈਣੀ, ਰਾਊਵਾਲ, ਫਿਰ ਗੋਰਸੀਆਂ ਤੇ ਜੰਡੀ
ਇਹਨਾਂ ਦੇ ਵਿਚਕਾਰ ਹੈ ਪੈਂਦਾ, ਸਾਡਾ ਪਿੰਡ ਮਦਾਰਾ
ਚੰਡੀਗੜ੍ਹ, ਇੰਗਲੈਂਡ, ਕੈਨੇਡਾ, ਪਾਕਿਸਤਾਨ, ਅਮਰੀਕਾ
ਜਿਥੇ ਗਿਆ ਮੈਂ ਨਾਲਾ ਨਾਲ ਹੀ ਲੈ ਗਿਆ ਪਿੰਡ ਮਦਾਰਾ
ਮੈਂ ਗੀਤਾਂ ਵਿਚ ਸਿੱਧਵਾਂ ਬੇਟ ਦਾ ਜਿ਼ਕਰ ਏਸ ਲਈ ਕਰਦਾਂ
ਚਲੋ ਏਸ ਤਰ੍ਹਾਂ ਹੀ ਪਤਾ ਲੱਗ-ਜੂ ਕਿਥੇ ਪਿੰਡ ਮਦਾਰਾ
ਅਮਲ਼ੀ, ਵੈੱਲੀ, ਸਾਧ ਤੇ ਫੌਜੀ ਛੱਪੜਾਂ ਉਤੇ ਮੇਲੇ
ਵੰਨ-ਸੁਵੰਨੇ ‘ਫੁੱਲਾਂ’ ਨਾਲ ਸੀ ਭਰਿਆ ਪਿੰਡ ਮਦਾਰਾ
ਲਿਖਣ ਅਤੇ ਬੋਲਣ ਦੀ ਭਾਸ਼ਾ ਵਿਚ ਕੁਝ ਫਰਕ ਹੈ ਹੁੰਦਾ
ਕਾਗਜ਼ਾਂ ਵਿਚ ਮਦਾਰਪੁਰਾ ਹੈ, ਬੋਲਣ ਵਿਚ ਮਦਾਰਾ...
ਪੱਠੇ ਕੁਤਰੇ, ਮੱਝਾਂ ਚਾਰੀਆਂ, ਖੂਹ ‘ਤੇ ਬਲਦ ਵੀ ਹੱਕੇ
ਇਥੇ ਬਹਿ ਕੇ ਗਾਇਆ ਨਾਲ ਵਜਾਇਆ ਸੀ ਇਕਤਾਰਾ
ਯਮਲਾ, ਬੀਬਾ, ਗਰੇਵਾਲ, ਜਗਮੋਹਣ ਕੌਰ ਵੀ ਆਈ
ਬਿੰਦਰੱਖੀਆ ਤੇ ਬਿੱਟੀ ਕਦੇ ਵੀ ਦੇਖ ਨਾ ਸਕੇ ਮਦਾਰਾ
ਸਰਵਣ, ਪਾਸ਼, ਦੀਦਾਰ ਤੇ ਮਾਣਕ ਚਰਨ ਸੀ ਏਥੇ ਪਾਏ
ਚਿੜੀ ਦੇ ਪੌਂਚੇ ਜਿਤਣੇ ਪਿੰਡ ਦਾ ਇਹ ਇਤਿਹਾਸ ਨਿਆਰਾ
ਮਾਨ ਮਰ੍ਹਾੜਾਂ, ਦੇਵ ਥਰੀਕੇ, ਹਸਨਪੁਰੀ ਜਦ ਤੱਕੇ
ਮੈਂ ਵੀ ਗੀਤਾਂ ਦੇ ਵਿਚ ਮੁੜ ਮੁੜ ਭਰ ‘ਤਾ ਪਿੰਡ ਮਦਾਰਾ
ਜੰਮਿਆ ਸੀ ਮੈਂ ਮਾਣੂੰਕੇ ਪਰ ਰਿੜ੍ਹਿਆ ਏਥੇ ਆ ਕੇ
ਓਦੋਂ ਤੋਂ ਹੀ ਨਾਓਂ ਮੇਰੇ ਨਾਲ ਜੁੜ ਗਿਆ ਪਿੰਡ ਮਦਾਰਾ
ਚੰਡੀਗੜ੍ਹ ਮੈਂ ਰਹਿਨਾਂ, ਹੱਸਦਾਂ ਵੱਸਦਾਂ ਮੌਜਾਂ ਕਰਦਾਂ
ਪਰ ਅੰਦਰ ਵੜ ਕੇ ਰੋ ਲੈਨਾਂ ਜਦ ਆਉਂਦਾ ਯਾਦ ਮਦਾਰਾ...
ਉਹ ਕਵਿਤਾਵਾਂ ਤੇ ਕਹਾਣੀਆਂ ਦੀਆਂ ਡੰਡ-ਬੈਠਕਾਂ ਲਾਉਂਦਾ ਅਚਾਨਕ ਗਾਣਿਆਂ ਦੀਆਂ ਖੇਡਾਂ ਖੇਡਣ
ਲੱਗ ਪਿਆ ਸੀ ਜਿਨ੍ਹਾਂ ਨੇ ਉਹਦੀ ਗੁੱਡੀ ਅਸਮਾਨੀਂ ਚੜ੍ਹਾ ਦਿੱਤੀ। ਸੱਥਾਂ ਵਿਹੜਿਆਂ,
ਸਕੂਲਾਂ ਕਾਲਜਾਂ, ਮੇਲਿਆਂ ਗੇਲਿਆਂ, ਵਿਆਹ ਸ਼ਾਦੀਆਂ, ਮੈਰਿਜ ਪੈਲਸਾਂ ਤੇ ਬੱਸਾਂ ਗੱਡੀਆਂ
ਵਿਚ ਉਹਦੇ ਗੀਤ ਗੂੰਜਣ ਲੱਗੇ। ਖੇਤਾਂ ਬੰਨਿਆਂ ਤੇ ਬੰਬੀਆਂ ਉਤੇ ਸ਼ਮਸ਼ੇਰ ਸੰਧੂ ਤੇ ਸੰਧੂ
ਸ਼ਮਸ਼ੇਰ ਹੋਣ ਲੱਗੀ। ਹੋਰ ਤਾਂ ਹੋਰ ਸਿਧਵਾਂ ਬੇਟ ਨੇੜਲਾ ਨਿੱਕਾ ਜਿਹਾ ਪਿੰਡ ਮਦਾਰਪੁਰਾ ਵੀ
ਮਦਾਰਾ ਬਣ ਕੇ ਸ਼ਮਸ਼ੇਰ ਸੰਧੂ ਜਿੰਨਾ ਹੀ ਮਸ਼ਹੂਰ ਹੋ ਗਿਆ। ਮਦਾਰੇ ਦੀ ਮਸ਼ਹੂਰੀ ਵੇਖੋ:
ਤਾਰੇ ਤਾਰੇ ਤਾਰੇ ਓ ਮਿੱਤਰੋ ਤਾਰੇ ਤਾਰੇ ਤਾਰੇ
ਮੇਲਾ ਮਿੱਤਰਾਂ ਦਾ ਲੱਗਿਆ ਪਿੰਡ ਮਦਾਰੇ
ਪੁਰੀ ਤੇ ਜਗਤਾਰ ਤੇ ਸੰਧੂ ਆ ਗਏ ਯਾਰ ਪਿਆਰੇ
ਖਾੜਾ ਲਾਡੀ ਦਾ ਕਰ ਲਓ ਚਿੱਤ ਕਰਾਰੇ, ਖਾੜਾ ਲਾਡੀ ਦਾ...
ਆਖਦੇ ਨੇ ਆਸ਼ਕਾਂ ਦਾ ਪਿੰਡ ਹੈ ਮਦਾਰਾ ਨੀ
ਮੰਨ ਸ਼ਮਸ਼ੇਰ ਦੀ ਤੂੰ ਲਾ ਨਾ ਹੁਣ ਲਾਰਾ ਨੀ...
ਇਹ ਜੋ ਪਿੰਡ ਮਦਾਰਾ ਨੀ ਮੈਨੂੰ ਟਿੱਚਰਾਂ ਕਰਦਾ ਸਾਰਾ ਨੀ
ਸੰਧੂ ਦਾ ਕੋਈ ਸਹਾਰਾ ਨੀ...
ਸੰਧੂ ਦਾ ਪਿੰਡ ਮਦਾਰਾ ਨੀ ਇਹ ਜੱਗ ਜਾਣਦਾ ਸਾਰਾ ਨੀ
ਉਹ ਫਿਰਦਾ ਮਾਰਾ ਮਾਰਾ ਨੀ...
ਸੰਧੂ ਸ਼ਮਸ਼ੇਰ ਜੋ ਮਦਾਰੇ ਪਿੰਡ ਰਹਿੰਦਾ ਏ
ਉਹਦੇ ਗੀਤਾਂ ਵਿਚੋਂ ਤੇਰਾ ਝਉਲਾ ਜਿਹਾ ਪੈਂਦਾ ਏ...
ਛੱਡ ਗਿਆ ਸੰਧੂ ਜੀਹਦਾ ਪਿੰਡ ਸੀ ਮਦਾਰਾ
ਮੁੰਡਾ ਹੋ ਕੇ ਨੀ ਮਲੰਗ ਰਹਿ ਗਿਆ...
ਸੰਧੂ ਸ਼ਮਸ਼ੇਰ ਜੋ ਮਦਾਰੇ ਪਿੰਡ ਰਹਿੰਦਾ ਏ
ਉੱਠਦਾ ਖੜੋਂਦਾ ਬਹਿੰਦਾ ਨਾਂ ਤੇਰਾ ਲੈਂਦਾ ਏ
ਤੇਰੇ ਨਾਂ ਦੇ ਨਿੱਤ ਗੀਤ ਉਹ ਬਣਾਵੇ
ਜਵਾਨੀ ਤੇਰੀ ਜਾਵੇ ਢਲਦੀ ਤੈਨੂੰ ਹਾਣ ਦਾ ਮੁੰਡਾ ਨਾ ਥਿਆਵੇ...
ਸ਼ਮਸ਼ੇਰ ਸੰਧੂ ਜੋ ਰਹਿੰਦਾ ਅੜੀਏ ਪਿੰਡ ਮਦਾਰੇ ਨੀ
ਪੱਖੇ ਨਾਲ ਲਟਕ ਜੂ ਜੇ ਨਾ ਭਰੇ ਹੁੰਗਾਰੇ ਨੀ...
ਬਾਰੀਂ ਬਰਸੀਂ ਖੱਟਣ ਗਿਆ ਸੀ ਖੱਟ ਕੇ ਲਿਆਇਆ ਤਾਲਾ
ਪੱਟ ‘ਤਾ ਤੂੰ ਬੱਲੀਏ ਸੰਧੂ ਮਦਾਰੇ ਵਾਲਾ, ਪੱਟ ‘ਤਾ ਤੂੰ ਬੱਲੀਏ...
ਤਾਰਾ ਤਾਰਾ ਤਾਰਾ, ਨੀ ਸੰਧੂ ਤੇਰਾ ਕੀ ਲੱਗਦਾ ਜੀਹਦਾ ਪਿੰਡ ਹੈ ਖ਼ਾਸ ਮਦਾਰਾ...
ਪਤਾ ਲੱਗ ਗਿਆ ਪਿੰਡ ਮਦਾਰੇ ਵੇ, ਵੱਜ ਗਏ ਸ਼ਮਸ਼ੇਰ ਨਗਾਰੇ ਵੇ...
ਸ਼ਮਸ਼ੇਰ ਦਾ ਤਨ ਭਾਵੇਂ ਚੰਡੀਗੜ੍ਹ ਰਹਿੰਦੈ ਪਰ ਮਨ ਮਦਾਰੇ ‘ਚ ਹੀ ਭਟਕਦੈ। ਇਹੋ ਕਾਰਨ ਹੈ
ਮਦਾਰਾ ਉਹਦੇ ਗੀਤਾਂ ਵਿਚ ਵਾਰ-ਵਾਰ ਆਉਂਦੈ! ਦੁਹਾਈਆਂ ਪਾਉਂਦੈ!!
ਕਹਾਣੀਆਂ ਤਾਂ ਉਸ ਨੇ ਦੋ ਕੁ ਦਰਜਨ ਹੀ ਲਿਖੀਆਂ ਹੋਣਗੀਆਂ ਤੇ ਕਵਿਤਾਵਾਂ ਪੰਜਾਹ ਸੱਠ ਪਰ
ਗੀਤ ਪੰਜ ਸੌ ਤੋਂ ਵੱਧ ਲਿਖ ਦਿੱਤੇ ਹਨ। ਵੀਹ ਸਾਲ ਪਹਿਲਾਂ ਮੈਂ ਉਹਦੇ ਗੀਤਾਂ ਬਾਰੇ ਲਿਖਿਆ
ਸੀ, “ਚਹੁੰ ਪੰਜਾਂ ਸਾਲਾਂ ਵਿਚ ਹੀ ਉਸ ਦੇ ਸਵਾ ਤਿੰਨ ਸੌ ਗੀਤ ਰਿਕਾਰਡ ਹੋ ਚੁੱਕੇ ਹਨ।
ਜੇਕਰ ਉਹਦਾ ਦਮ ਨਾ ਚੜ੍ਹਿਆ ਤੇ ਇਹੋ ਚਾਲ ਰਹੀ ਤਾਂ ਕਿਸੇ ਦਿਨ ਉਹਦੇ ਹਜ਼ਾਰ ਗੀਤ ਰੀਲ੍ਹਾਂ,
ਕੈਸਟਾਂ ਤੇ ਸੀਡੀਆਂ ਤੋਂ ਗੂੰਜਣ ਲੱਗਣਗੇ।”
ਉਹ ਭਵਿੱਖਬਾਣੀ ਸੱਚੀ ਸਾਬਤ ਹੋ ਰਹੀ ਹੈ। ਹੁਣ ਤਾਂ ਉਹਦੇ ਗੀਤਾਂ ਦਾ ਲੇਖਾ ਹੀ ਨਹੀਂ ਰਿਹਾ।
ਨਾ ਉਹਦਾ ਦਮ ਚੜ੍ਹਿਆ ਲੱਗਦੈ ਤੇ ਨਾ ਚਾਲ ‘ਚ ਕੋਈ ਢਿੱਲ ਆਈ ਦਿਸਦੀ ਹੈ। ਪਤੰਦਰ ਧੂੜਾਂ
ਪੱਟੀ ਜਾਂਦੈ। ਕੋਈ ਪਤਾ ਨਹੀਂ ਕਿਥੇ ਬੱਸ ਕਰੇ? ਬੱਸ ਕਰੇ ਜਾਂ ਨਾ ਹੀ ਕਰੇ!
ਜਗਦੇਵ ਸਿੰਘ ਜੱਸੋਵਾਲ ਕਿਹਾ ਕਰਦਾ ਸੀ, “ਜੱਟ ਪੁੱਠੇ ਪਾਸੇ ਲੱਗ ਤੁਰੇ ਤਾਂ ਕਤਲ ‘ਤੇ ਕਤਲ
ਕਰੀ ਜਾਂਦੈ। ਜੇ ਸਿਧੇ ਪਾਸੇ ਲੱਗ ਜੇ ਤਾਂ ਮੁਰਦਿਆਂ ‘ਚ ਜਾਨ ਪਾ ਦਿੰਦੈ। ਜੱਟਾਂ ਦੇ ਜਿਹੜੇ
ਮੁੰਡੇ ਮੈਂ ਗਾਉਣ ਲਾਏ, ਉਨ੍ਹਾਂ ਦੀ ਧੜੱਲੇਦਾਰ ਆਵਾਜ਼ ਮਾੜੇ-ਧੀੜਿਆਂ ਨੂੰ ਪੈਰੋਂ ਕੱਢੀ
ਜਾਂਦੀ ਆ। ਉਹ ਸਟਾਰ ਗਾਇਕ ਬਣੇ ਹੋਏ ਨੇ। ਗਾਇਕੀ ਹੀ ਉਨ੍ਹਾਂ ਦੀ ਖੇਤੀ-ਪੱਤੀ ਹੈ ਜਿਸ
ਵਿਚੋਂ ਉਹ ਕਿੱਲੇ ਕੋਠੀਆਂ ਬਣਾਈ ਜਾਂਦੇ ਐ। ਹਾੜੀ ਸਾਉਣੀ ਜਿੰਨੇ ਦਾਣੇ ਤਾਂ ਉਹ ਇਕੋ
ਪ੍ਰੋਗਰਾਮ ‘ਚੋਂ ਕੱਢ ਲੈਂਦੇ ਐ।”
ਜੱਸੋਵਾਲ ਗਵੱਈਆ ਦਾ ਗਵਰਨਰ ਸੀ। ਗਾਉਣ ਮੇਲਿਆਂ ਦਾ ਬਾਦਸ਼ਾਹ। ਉਹ ਥਿਰੀ ਇਨ ਵਨ ਨਹੀਂ,
ਇਲੈਵਨ ਇਨ ਵਨ ਸੀ। ਉਹਦੇ ਘਰ ਆਉਣ ਜਾਣ ਵਾਲਿਆਂ ‘ਚ ਵਿਚੇ ਗਵੱਈਏ ਹੁੰਦੇ ਵਿਚੇ ਹਸੱਈਏ,
ਵਿਚੇ ਲਿਖਾਰੀ ਵਿਚੇ ਮਦਾਰੀ, ਵਿਚੇ ਜੋਗੀ ਵਿਚੇ ਭੋਗੀ, ਵਿਚੇ ਭੰਡ ਵਿਚੇ ਨਕਲੀਏ, ਵਿਚੇ
ਜੌੜੇ ਵਿਚੇ ਭੌਰੇ। ਸਵਾ ਕੁਇੰਟਲ ਦੇ ਗੁਰਭਜਨ ਗਿੱਲ ਤੋਂ ਲੈ ਕੇ ਪੰਜਾਹ ਕਿੱਲੋ ਦੇ ਨਿੰਦਰ
ਘੁਗਿਆਣਵੀ ਤੇ ਕਵੀ ਸੁਰਜੀਤ ਪਾਤਰ ਤੋਂ ਲੈ ਕੇ ਗੀਤਕਾਰ ਸ਼ਮਸ਼ੇਰ ਸੰਧੂ ਤਕ ਸਭ ਆਉਂਦੇ
ਜਾਂਦੇ ਰੌਣਕਾਂ ਲਾਈ ਰੱਖਦੇ। ਜੱਸੋਵਾਲ ਦਾ ‘ਆਲ੍ਹਣਾ’ ਉਹਦੇ ਲਈ ਭਾਵੇਂ ਆਲ੍ਹਣਾ ਹੀ ਸੀ ਪਰ
ਆਉਣ ਜਾਣ ਵਾਲਿਆਂ ਲਈ ਰੇਲਾਂ ਦਾ ਜੰਕਸ਼ਨ ਸੀ ਜਿਥੇ ਚਹਿਲ ਪਹਿਲ ਬਣੀ ਰਹਿੰਦੀ। ਚੁੱਲ੍ਹੇ
ਤਪਦੇ ਰਹਿੰਦੇ ਤੇ ਲੰਗਰ ਚਲਦਾ ਰਹਿੰਦਾ। ਵਿਚੇ ਬੰਦੇ ਆਈ ਜਾਂਦੇ ਵਿਚੇ ਤੁਰੀ ਜਾਂਦੇ। ਰੌਣਕ
ਮੇਲਾ ਲੱਗਿਆ ਰਹਿੰਦਾ। ਜੱਸੋਵਾਲ ਦਾ ਹੱਥ ਸ਼ਮਸ਼ੇਰ ਦੇ ਸਿਰ ‘ਤੇ ਵੀ ਸੀ। ਸ਼ਮਸ਼ੇਰ ਦੇ
ਗੀਤਾਂ ਤੇ ਬਿੰਦਰਖੀਏ ਦੀ ਗਾਇਕੀ ਨੂੰ ਪਿਓਂਦ ਚਾੜ੍ਹਨ ਵਿਚ ਮੋਹਨ ਸਿੰਘ ਮੇਲੇ ਦੀ ਸਟੇਜ ਬੜੀ
ਰਾਸ ਆਈ। ਅਸੀਂ ਉਸ ਮੇਲੇ ‘ਤੇ ‘ਕੱਠੇ ਹੁੰਦੇ ਰਹੇ ਤੇ ਦੀਦਾਰ ਸੰਧੂ ਨਾਲ ਉਹਦੇ ਪਿੰਡ
ਭਰੋਵਾਲ ਜਾਂਦੇ ਰਹੇ। ਦੀਦਾਰ ਦੀ ਮਧੁਰ ਆਵਾਜ਼ ਚੰਨ ਚਾਨਣੀ ਰਾਤੇ ਰੁੱਖਾਂ ਬਿਰਖਾਂ ਤੇ
ਟਿੱਬਿਆਂ ਦੇ ਕੱਕੇ ਰੇਤੇ ਨੂੰ ਨਸਿ਼ਆਉਂਦੀ ਰਹੀ, ਬੱਚੀਆਂ ਪਾਉਂਦੀ ਰਹੀ। ਤਾਰੇ ਨਾਲੋ ਨਾਲ
ਹੁੰਘਾਰੇ ਭਰਦੇ ਰਹੇ।
ਅਸੀਂ ‘ਕੱਠਿਆਂ ਨੇ ਕੇਵਲ ਭਰੋਵਾਲ ਹੀ ਨਹੀਂ ਵੇਖਿਆ, ਮਦਾਰਪੁਰਾ ਵੀ ਵੇਖਿਆ। ਢੁੱਡੀਕੇ
ਵੇਖਿਆ, ਚਕਰ ਵੇਖਿਆ, ਮਾਣੂੰਕੇ ਵੇਖੇ ਤੇ ਬਾਬੇ ਕਾਲੇ ਮਹਿਰ ਦੀ ਸਮਾਧ ‘ਤੇ ਸੁੱਖ ਲਾਹੁਣ
ਗਏ। ਚੰਡੀਗੜ੍ਹ, ਮੁਕੰਦਪੁਰ, ਬੰਗੇ, ਗੁਣਾਚੌਰ ਤੇ ਮੱਦੋਕੇ ਜਸ਼ਨ ਮਨਾਉਂਦੇ ਰਹੇ। ਹਕੀਮਪੁਰ
ਦਾ ਪੁਰੇਵਾਲ ਖੇਡ ਮੇਲਾ, ਲੁਧਿਆਣੇ ਦਾ ਅਮਰੀਕਾ ਕੈਨੇਡਾ ਕਬੱਡੀ ਕੱਪ, ਕਿਲਾ ਰਾਇਪੁਰ ਦੀਆਂ
ਖੇਲ੍ਹਾਂ, ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਤੇ ਹੋਰ ਪਤਾ ਨਹੀਂ ਕਿਥੇ ਕਿਥੇ ‘ਕੱਠੇ
ਹੁੰਦੇ ਰਹੇ। ਕਦੇ ਵੈਨਕੂਵਰ, ਕਦੇ ਐਬਸਫੋਰਡ ਤੇ ਕਦੇ ਨਿਊ ਯਾਰਕ। ਮੈਂ ਚੰਡੀਗੜ੍ਹ ਜਾਂਦਾ
ਤਾਂ ਸ਼ਮਸ਼ੇਰ ਤੇ ਡਾ. ਨਾਹਰ ਸਿੰਘ ਨਾਲ ਬਚਨ ਬਿਲਾਸ ਹੁੰਦੇ। ਹਕੀਮਪੁਰ ਗੁਰਜੀਤ ਪੁਰੇਵਾਲ
ਹੋਰਾਂ ਦੇ ਘਰ ਮਹਿਫ਼ਲ ਸਜਦੀ। ਖੇਡ ਪ੍ਰੇਮੀ ਤੇ ਸੰਗੀਤ ਪ੍ਰੇਮੀ ‘ਕੱਠੇ ਹੁੰਦੇ। ਸੰਧੂ ਗੀਤ
ਸੁਣਾਉਂਦਾ ਤੇ ਲੁੱਚੇ ਲਤੀਫਿ਼ਆਂ ਦੀ ਧੂਣੀ ਵੀ ਧੁਖਾਉਂਦਾ। ਕਬੱਡੀ ਖਿਡਾਰੀਆਂ ਨੂੰ ਲੱਗੇ
ਡਰੱਗ ਦੇ ਜੱਫੇ ਤੋਂ ਗੱਲ ਅੱਗੇ ਚਲਦੀ। ਸ਼ਮਸ਼ੇਰ ਦੁਆਨੀਆਂ ਚੁਆਨੀਆਂ ਵਾਲੇ ਗੀਤ ਦੀ ਇਹ ਸਤਰ
ਵਾਰ-ਵਾਰ ਦੁਹਰਾਉਂਦਾ-ਟੀਕੇ ਲਾ ਕੇ ਏਦਾਂ ਹੀ ਜੇ ਪਏ ਰਹੇ ਲੰਮੇ ਬਈ, ਪੈਰਾਂ ਉਤੋਂ ਸਿਰ
ਤਾਈਂ ਹੋਜੋਂਗੇ ਨਿਕੰਮੇ ਬਈ। ਕੀਹਦੇ ਮੋਢੇ ਲੱਗ ਰੋਣ ਥੋਡੀਆਂ ਜ਼ਨਾਨੀਆਂ, ਗੁੰਮਗੇ ਜੁਆਨ
ਗੁੰਮ ਗਈਆਂ ਨੇ ਜੁਆਨੀਆਂ...।
ਸ਼ਮਸ਼ੇਰ ਮੇਰਾ ਚਾਲੀ ਵਰ੍ਹਿਆਂ ਦਾ ਆੜੀ ਹੈ। ਅਸੀਂ ਮਹੀਨੇ ਦੋ ਮਹੀਨੀਂ ਕੱਠੇ ਹੁੰਦੇ ਰਹੇ ਹਾਂ
ਅਤੇ ਦਿਲਾਂ ਦੀਆਂ ਗੱਲਾਂ ਕਰਦੇ ਰਹੇ ਹਾਂ। ਉਹਦੀ ਨੇਕਨਾਮੀ ਜਾਂ ਬਦਨਾਮੀ ਜੋ ਕੁਝ ਵੀ ਹੈ,
ਮੈਥੋਂ ਗੁੱਝੀ ਨਹੀਂ। ਅਸੀਂ ਬਲਵਿੰਦਰ ਫਿੱਡੇ ਤੋਂ ਲੈ ਕੇ ਦਾਰੇ ਪਹਿਲਵਾਨ ਤੇ ਸੁਰਜੀਤ
ਬਿੰਦਰਖੀਏ ਤੋਂ ਲੈ ਕੇ ਹੰਸ ਰਾਜ ਹੰਸ ਤੇ ਸੁਰਜੀਤ ਪਾਤਰ ਤੋਂ ਪਾਸ਼ ਤੱਕ ਸਭ ਦੀਆਂ ਗੱਲਾਂ
ਕਰਦੇ ਉਸਤਤ-ਨਿੰਦਾ ਕਰ ਲੈਂਦੇ ਰਹੇ ਹਾਂ। ਪਾਸ਼ ਦੇ ਨਾਮਵਰ ਕਵੀ ਹੋਣ, ਖੱਬੇ ਪੱਖੀ ਹੋਣ,
ਜੇਲ੍ਹ ਜਾਣ ਤੇ ਆਪਣੇ ਖੂਹ ਉਤੇ ਕਤਲ ਹੋਣ ਦਾ ਤਾਂ ਸਭ ਨੂੰ ਪਤਾ ਹੈ ਪਰ ਉਹਦੀਆਂ ਕੁਝ
ਅਵੈੜੀਆਂ ਇੱਲਤਾਂ ਦਾ ਕੇਵਲ ਸ਼ਮਸ਼ੇਰ ਨੂੰ ਹੀ ਪਤਾ ਸੀ।
ਤਦੇ ਉਸ ਨੇ ‘ਇੱਕ ਪਾਸ਼ ਇਹ ਵੀ’ ਪੁਸਤਕ ਲਿਖੀ। ਇਹ ਕਿਤਾਬ ਪਾਸ਼ ਬਾਰੇ ਲਿਖੀਆਂ ਹੋਰਨਾਂ
ਕਿਤਾਬਾਂ ਤੋਂ ਹਟਵੀਂ ਹੈ। ਇਸ ਵਿਚ ਸ਼ਮਸ਼ੇਰ ਨੇ ਪਾਸ਼ ਦੇ ਕਵੀ ਜਾਂ ਕਾਮਰੇਡ ਹੋਣ ਨਾਲੋਂ
ਉਹਦੇ ਮੁੰਡਾ ਤੇ ਮਨੁੱਖ ਹੋਣ ਦੇ ਗੁਣਾਂ ਔਗਣਾਂ ਵਾਲਾ ਪਾਸਾ ਵਧੇਰੇ ਵਿਖਾਇਆ ਹੈ। ਇਹਦੇ
ਵਿਚੋਂ ਅਸਲੀ ਪਾਸ਼ ਦਿਸਦੈ। ਪੁਸਤਕ ਪੜ੍ਹ ਕੇ ਪਤਾ ਲੱਗਦੈ ਕਿ ਪਾਸ਼ ਨੇ ਸ਼ਮਸ਼ੇਰ ਦੀ
ਲੈਕਚਰਾਰੀ ਛਡਾਉਣ ਲਈ ਸਿੱਖ ਨੈਸ਼ਨਲ ਕਾਲਜ ਬੰਗੇ ਦੇ ਦਫਤਰ ਵਿਚ ਸਿਗਰਟ ਸੁਲਗਾ ਲਈ ਸੀ।
ਸ਼ਮਸ਼ੇਰ ਉਦੋਂ ਸਿੱਖ ਕਾਲਜ ਵਿਚ ਕੱਚੇ ਤੋਂ ਪੱਕਾ ਲੈਕਚਰਾਰ ਬਣਨ ਲਈ ਫਿਕਸੋ ਲਾ ਕੇ ਦਾੜ੍ਹੀ
ਬੰਨ੍ਹਦਾ ਸੀ ਤੇ ਦਾੜ੍ਹੀ ਛੇਤੀ ਸੁਕਾ ਕੇ ਕਾਲਜ ਜਾਣ ਲਈ ਠਾਠੀ ਉਤੇ ਤੱਤੀ ਪ੍ਰੈਸ ਲਾਉਂਦਾ
ਸੀ। ਪਾਸ਼ ਨਹੀਂ ਸੀ ਚਾਹੁੰਦਾ ਕਿ ਸ਼ਮਸ਼ੇਰ ਉਸ ਕਾਲਜ ਵਿਚ ਬੱਝਿਆ ਰਹੇ। ਉਸ ਨੂੰ ਹਰ ਧਰਮ
ਦੇ ਫਿਰਕਿਆਂ ਤੇ ਜਨੂੰਨੀਆਂ ਨਾਲ ਨਫਰਤ ਸੀ।
ਸ਼ਮਸ਼ੇਰ ਲਿਖਦੈ, “ਪਾਸ਼ ਦੇ ਪਿੰਡ, ਉਸ ਦੇ ਚੁਬਾਰੇ ਵਿਚ ਢੇਰ ਸਾਰੀਆਂ ਹਿੰਦੀ, ਪੰਜਾਬੀ,
ਅੰਗਰੇਜ਼ੀ ਦੀਆਂ ਕਿਤਾਬਾਂ ਸਨ। ਸੈਂਕੜੇ ਹੀ ਰਸਾਲੇ ਉਗੜ-ਦੁਗੜ ਪਏ ਰਹਿੰਦੇ ਸਨ।
ਢਿਚਕੂੰ-ਢਿਚਕੂੰ ਕਰਦਾ ਇਕ ਮੇਜ਼ ਸੀ। ਚੀਂਅ ਚੀਂਅ ਕਰਦੀ ਇਕ ਕੁਰਸੀ। ਉਥੇ ਇਕ ਹੋਰ ਛੋਟੀ
ਜਿਹੀ ਚੀਜ਼ ਸੀ, ਬੜੀ ਕਮਾਲ ਦੀ ਚੀਜ਼! ਉਹ ਸੀ ਐਸ਼-ਟਰੇਅ। ਕੱਚੇ ਘੜੇ ਦੇ ਚੱਪਣ ਨੂੰ ਉਸ ਨੇ
ਐਸ਼-ਟਰੇਅ ਵਜੋਂ ਮੇਜ਼ ਉਪਰ ਸਜਾ ਕੇ ਰੱਖਿਆ ਹੁੰਦਾ ਸੀ। ਆਉਂਦੇ ਜਾਂਦੇ ਸੱਜਣ ਬੀੜੀਆਂ
ਸਿਗਰਟਾਂ ਦੇ ਟੋਟੇ ਉਸ ਚੱਪਣ ਵਿਚ ਬੁਝਾ ਦਿੰਦੇ ਸਨ। ਗੇਰੂ-ਰੰਗੇ ਉਸ ਚੱਪਣ ‘ਤੇ ਗੁਲਾਈ ਵਿਚ
ਕਾਲੀ ਸਿਆਹੀ ਨਾਲ ਮੋਟੇ ਅੱਖਰਾਂ ‘ਚ ਇਕ ਫਿਕਰਾ ਲਿਖਿਆ ਹੁੰਦਾ ਸੀ:
ਸਵਾਹ ਮੇਰੇ ਸਿਰ ਵਿਚ ਪਾਓ ਜੀ...
“ਪਾਸ਼ ਸਮੇਤ ਸਾਡਾ ਅੱਠ-ਦਸ ਜਣਿਆਂ ਦਾ ਇਕ ਟੋਲਾ ਸੀ। ਇਸ ਟੋਲੇ ਦੇ ਸਾਰੇ ਮੈਂਬਰਾਂ ਨੇ
ਠਾਣੀ ਹੋਈ ਸੀ ਕਿ ਦੁਨਿਆਵੀ ਜਿਹੇ ਕੰਮਾਂ ਵਿਚ ਨਹੀਂ ਧੱਸਣਾ, ਕਬੀਲਦਾਰੀਆਂ ਵਿਚ ਨਹੀਂ
ਖੁਭਣਾ ਆਦਿ ਆਦਿ। ਸਾਰਿਆਂ ਦਾ ਸਰਬ ਸਾਂਝਾ ਫੈਸਲਾ ਸੀ ਕਿ ਸਮਾਜ ਨੂੰ ਉਤਾਂਹ ਚੁੱਕਣ ਲਈ ਅਤੇ
ਪੰਜਾਬੀ ਸਾਹਿਤ ‘ਚ ਨਰੋਈਆਂ ਪਿਰਤਾਂ ਪਾਉਣ ਲਈ ਉਮਰ ਭਰ ਦਿਨ-ਰਾਤ ਇਕ ਕਰੀ ਰੱਖਾਂਗੇ। ਹੁਣ
ਬੜਾ ਹਾਸਾ ਆਉਂਦਾ ਹੈ ਕਿ ਸਾਹਿਤ ਤੇ ਸਮਾਜ ਦਾ ਕਿੰਨਾ ਭਾਰ ਅਸੀਂ ਆਪਣੇ ਮੋਢਿਆਂ ‘ਤੇ
ਚੁੱਕਿਆ ਮਹਿਸੂਸ ਕਰਦੇ ਸੀ। ਗੱਲ ਤਾਂ ਕੁਝ ਵੀ ਨਹੀਂ ਸੀ। ਚੜ੍ਹਦੀ ਜਵਾਨੀ ਵਿਚ ਸ਼ਾਇਦ
ਬਹੁਤੇ ਮੁੰਡੇ ਏਦਾਂ ਹੀ ਭਾਰ ਮਹਿਸੂਸ ਕਰਦੇ ਹਨ।
“ਇਸ ਟੋਲੇ ਵਿਚੋਂ ਸਭ ਤੋਂ ਪਹਿਲਾਂ ਮੈਂ ਭਾਂਜਵਾਦੀ ਨਿਕਲਿਆ। ਮੈਂ ਐਲਾਨ ਕਰ ਦਿੱਤਾ ਕਿ ਮੈਂ
ਵਿਆਹ ਕਰਵਾ ਕੇ ਆਮ ਜਿ਼ੰਦਗੀ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਿਹਾਂ। ਸਭ ਨੂੰ
ਚਿੱਠੀਆਂ ਲਿਖ ਦਿੱਤੀਆਂ। ਪਾਸ਼ ਨੇ ਚਿੱਠੀ ਦਾ ਜਵਾਬ ਸਭ ਤੋਂ ਪਹਿਲਾਂ ਦਿੱਤਾ। ਉਹਦੀ ਚਿੱਠੀ
ਦਾ ਨਿਰਾਲਾ ਅੰਦਾਜ਼ ਸੀ। ਉਹ ਚਿੱਠੀ ਉਸ ਨੇ ਅੰਗਰੇਜ਼ੀ ਵਿਚ ਲਿਖੀ। ਡੀਅਰ ਮਿਸਟਰ ਜਾਰਜ
ਸ਼ੈਮਸ਼ੇਰ...ਮੇ ਗੌਡ ਹੈਲਪ ਯੂ ਪ੍ਰੋਵਾਈਡਿੰਗ ਦੀ ਡੇਅਰ ਟੂ ਲਿਵ ਸੱਚ ਏ ਲਾਈਫ਼! ਹੋਰ ਭਾਈ
ਸਾਹਿਬ, ਯੂਅਰ ਲੈਟਰ ਹੈਜ਼ ਥਰੋਨ ਏ ਬਰੱਸਟ ਆਫ਼ ਵੰਡਰਜ਼ ਐਂਡ ਟੈਂਪਟੇਸ਼ਨਜ਼ ਆਫ਼
ਕ੍ਰੀਆਸਟੀਜ਼ ਅਪੌਨ ਮੀ...।”
ਹੋਇਆ ਇਹ ਕਿ ਬਾਅਦ ਵਿਚ ਟੋਲੇ ਦੇ ਮੈਂਬਰਾਂ ਨੇ ਸਣੇ ਪਾਸ਼ ਸਭ ਨੇ ਵਿਆਹ ਕਰਵਾ ਲਿਆ।
‘ਇੱਕ ਪਾਸ਼ ਇਹ ਵੀ’ ਕਿਤਾਬ ਪਾਸ਼ ਦੇ ਅਮਰੀਕਾ ਵਿਚ ਰਹਿੰਦੇ ਪਿਤਾ ਸ. ਸੋਹਣ ਸਿੰਘ ਸੰਧੂ ਨੇ
ਪੜ੍ਹੀ ਤਾਂ ਸ਼ਮਸੇ਼ਰ ਨੂੰ ਫੋਨ ਕੀਤਾ। ਕਿਤਾਬ ਦੀ ਵਧਾਈ ਦੇਣ ਦੇ ਨਾਲ ਕਿਹਾ, “ਮੈਂ ਆਪਣੇ
ਪੁੱਤ ਨੂੰ ਓਨਾ ਨਹੀਂ ਸੀ ਜਾਣਦਾ ਜਿੰਨਾ ਤੇਰੀ ਕਿਤਾਬ ਪੜ੍ਹ ਕੇ ਜਾਣਿਆ। ਇਹ ਗੱਲ ਸੱਚੀ ਹੈ
ਕਿ ਗਭਰੂ ਹੋਏ ਬੱਚਿਆਂ ਨੂੰ ਮਾਪੇ ਓਨਾ ਨੀ ਜਾਣਦੇ ਹੁੰਦੇ ਜਿੰਨਾ ਉਨ੍ਹਾਂ ਦੇ ਦੋਸਤ ਮਿੱਤਰ
ਜਾਣਦੇ ਹੁੰਦੇ ਨੇ। ਕਿਤਾਬ ਪੜ੍ਹ ਕੇ ਹੀ ਪਤਾ ਲੱਗਾ ਕਿ ਅਵਤਾਰ ਕੀ ਕੁਛ ਸੀ!” ਪਿਤਾ ਨੇ ਇਹ
ਵੀ ਕਿਹਾ ਕਿ ਇਹ ਕਿਤਾਬ ਮੈਨੂੰ ਸਭ ਤੋਂ ਵੱਧ ਸਮਝ ਆਈ ਜਦ ਕਿ ਪਾਸ਼ ਬਾਰੇ ਲਿਖੀਆਂ ਕਈ
ਕਿਤਾਬਾਂ ਉਹਦੀ ਸਮਝੋਂ ਬਾਹਰ ਹੀ ਰਹੀਆਂ। ਅਸਲੀ ਗੱਲ ਇਹ ਸੀ ਕਿ ਸ਼ਮਸ਼ੇਰ ਨੇ ਗੀਤਾਂ ਵਰਗੀ
ਸਰਲ ਬੋਲੀ ਵਰਤੀ ਸੀ। ਪਾਸ਼ ਦੀ ਕਵਿਤਾ ਬਾਰੇ ਛਪੀਆਂ ਵਧੇਰੇ ਕਿਤਾਬਾਂ ਵਿਚ ਆਲੋਚਨਾ ਵਾਲੀ
ਗੂੜ੍ਹ ਸ਼ਬਦਾਵਲੀ ਵਰਤੀ ਗਈ ਸੀ। ਅੰਦਰਲੀ ਗੱਲ ਸੀ ਕਿ ਫੌਜੀ ਪਿਓ ਨੂੰ ਕਵਿਤਾ ਨਾਲੋਂ ਪੁੱਤ
ਵੱਧ ਸਮਝ ਆਉਂਦਾ ਸੀ!
ਪਾਸ਼ ਸਿਰੇ ਦਾ ਸ਼ਰਾਰਤੀ ਸੀ। ਜਿੰਨੀਆਂ ਖਾੜਕੂ ਕਵਿਤਾਵਾਂ ਲਿਖਦਾ ਸੀ ਓਨੀਆਂ ਹੀ ਅਵੈੜੀਆਂ
ਇਲਤਾਂ ਕਰਦਾ ਸੀ। ਉਹ ਬਲਦੇ ਸਿਵੇ ਤੋਂ ਸਿਗਰਟ ਸੁਲਗਾ ਕੇ ਪੀ ਸਕਦਾ ਸੀ ਤੇ ਉਥੇ ਹੀ ਛੱਲੀਆਂ
ਭੁੰਨ ਕੇ ਮੁਰਮੁਰੇ ਚੱਬ ਸਕਦਾ ਸੀ। ਸ਼ਰਾਬੀ ਹੋਇਆ ਮੋਇਆਂ ਦੀਆਂ ਮਟੀਆਂ ਢਾਹ ਸਕਦਾ ਸੀ ਤੇ
ਕਬਰਾਂ ‘ਤੇ ਗੱਡੀਆਂ ਝੰਡੀਆਂ ਪੁੱਟ ਸਕਦਾ ਸੀ। ਕਮਰੇ ਅੰਦਰਲਾ ‘ਨਜ਼ਾਰਾ’ ਲੈਣ ਲਈ ਰੋਸ਼ਨਦਾਨ
ਦੇ ਵਾਧਰੇ ਨਾਲ ਝੂਟ ਸਕਦਾ ਸੀ ਭਾਵੇਂ ਝੂਟਦਾ-ਝੂਟਦਾ ਡਿੱਗ ਕੇ ਹੱਡ-ਗੋਡੇ ਭਨਾ ਲਵੇ।
ਉਹਦੀਆਂ ਕਵਿਤਾਵਾਂ ਵੀ ਫੱਟੇਚੱਕ ਸਨ ਤੇ ਇਲਤਾਂ ਵੀ ਝੰਡੀਪੁੱਟ!
ਪਾਸ਼ ਬਹੁਤ ਕੁਝ ਸੀ। ਉਹ ਸਿਰੜੀ ਪਾਠਕ ਸੀ, ਆਲੋਚਕ ਸੀ, ਨਕਸਲਬਾੜੀਆ ਸੀ, ਅਧਿਆਪਕ ਸੀ,
ਕਿਸਾਨ ਸੀ, ਕਵੀ ਸੀ, ਕੰਪੋਜ਼ੀਟਰ ਸੀ, ਸੰਪਾਦਕ ਸੀ, ਆਸ਼ਕ ਸੀ, ਦਾਰੂ ਦਾ ਪ੍ਰੇਮੀ ਸੀ, ਪੀ
ਹੀ ਨਹੀਂ ਕੱਢ ਵੀ ਸਕਦਾ ਸੀ ਤੇ ਯਾਰਾਂ ਦਾ ਯਾਰ ਸੀ। ਬੱਕਰੇ ਬੁਲਾ ਸਕਦਾ ਸੀ, ਵੰਗਾਰ ਸਕਦਾ
ਸੀ ਤੇ ਬੁਲਬੁਲੀਆਂ ਕੱਢ ਸਕਦਾ ਸੀ। ਉਹ ਫਿਲਮੀ ਖਲਨਾਇਕ ਵਾਂਗ ਖੂੰਖਾਰ ਚਿਹਰਾ ਬਣਾ ਸਕਦਾ
ਸੀ। ਆਹਲਾ ਕਵੀ ਹੋਣ ਨਾਲ ਉਹ ਵਧੀਆ ਵਾਰਤਕਕਾਰ ਵੀ ਸੀ। ਕਈਆਂ ਨੂੰ ਪਤਾ ਹੋਵੇ ਜਾਂ ਨਾ
ਹੋਵੇ, ਮਿਲਖਾ ਸਿੰਘ ਦੀ ‘ਸਵੈ-ਜੀਵਨੀ’ ‘ਫਲਾਈਂਗ ਸਿੱਖ ਮਿਲਖਾ ਸਿੰਘ’ ਪਾਸ਼ ਨੇ ਹੀ ਲਿਖੀ
ਸੀ। ਇਹ ਕੰਮ ਦੇਸ ਪ੍ਰਦੇਸ ਦੇ ਐਡੀਟਰ ਤਰਸੇਮ ਪੁਰੇਵਾਲ ਨੇ ਪਾਸ਼ ਦੇ ਜਿ਼ੰਮੇ ਲਾਇਆ ਸੀ।
ਪਾਸ਼ ਉਹਦੇ ਪਰਚੇ ਲਈ ਕੰਮ ਕਰਦਾ ਸੀ, ਉਹਤੋਂ ਤਨਖਾਹ ਲੈਂਦਾ ਸੀ। ਫਿਰ ਵੀ ਪਾਸ਼ ਨੇ ਪੈਸੇ
ਲੈ ਕੇ ਇਹ ਸਵੈ-ਜੀਵਨੀ ਤਦ ਲਿਖੀ ਜਦ ਉਸ ਨੂੰ ਅਹਿਸਾਸ ਹੋਇਆ ਕਿ ਇਹ ‘ਟੁਕੜੇ ਟੁਕੜੇ ਹੋਏ
ਬਚਪਨ’ ‘ਚੋਂ ਨਿਕਲੇ ਫਲਾਈਂਗ ਦੌੜਾਕ ਦੀ ਆਤਮ ਕਥਾ ਹੈ, ਕਿਸੇ ਲੱਲੂ ਪੰਜੂ ਦੀ ਨਹੀਂ। ਉਸ ਦੇ
ਕੁਝ ਪਾਰਟੀ ਸਾਥੀਆਂ ਨੇ ਉਹਦੀ ਜਵਾਬ ਤਲਬੀ ਵੀ ਕੀਤੀ ਕੀਤੀ ਸੀ ਕਿ ਨਕਸਲਬਾੜੀ ਲਹਿਰ ਦਾ
ਸਰਗਰਮ ਕਵੀ ਹੁੰਦਿਆਂ ਉਸ ਨੇ ਇਹ ‘ਕੁਤਾਹੀ’ ਕਿਉਂ ਕੀਤੀ?
ਇਸ ਦਾ ਭੇਤ ਸ਼ਮਸ਼ੇਰ ਨੇ ਮੇਰੇ ਖੋਲ੍ਹਿਆ ਸੀ ਤੇ ਮੈਂ ਬਤੌਰ ਖੇਡ ਲੇਖਕ ‘ਗਾਂਹ ਨਸ਼ਰ ਕਰ
ਦਿੱਤਾ। ਅਸਲ ਵਿਚ ਪੁਸਤਕ ਪੂਰੀ ਕਰਨ ਦਾ ਭੋਗ ਪਾਸ਼ ਤੇ ਸ਼ਮਸ਼ੇਰ ਨੇ ਸੁਖਨਾ ਝੀਲ ‘ਤੇ ਬੀਅਰ
ਪੀਂਦਿਆਂ ਪਾਇਆ ਸੀ। ਇਸ ਬਾਰੇ ਇਕ ਸਟੋਰੀ ‘ਫਲਾਈਂਗ ਸਿੱਖ ‘ਜ਼ ਪ੍ਰੋਜ਼ ਫਲਿਊ ਔਨ ਪਾਸ਼ ‘ਜ਼
ਵਿੰਗਜ਼’ ਹਿੰਦੁਸਤਾਨ ਟਾਈਮਜ਼ ਵਿਚ ਛਪੀ ਸੀ। ਪੂਰਾ ਵੇਰਵਾ ਮੈਂ ਕਿਸੇ ਹੋਰ ਲਿਖਤ ਵਿਚ
ਦੇਵਾਂਗਾ। ਚੰਗਾ ਹੋਵੇ ਜੇ ਸ਼ਮਸ਼ੇਰ ਹੀ ਸਾਰਾ ਕੁਝ ਲਿਖੇ। ਉਹਦੇ ਕੋਲ ਦਾਰਾ ਸਿੰਘ ਦੀ ‘ਆਤਮ
ਕਥਾ’ ਦਾ ਭੇਤ ਵੀ ਹੈ ਤੇ ਹੋਰ ਵੀ ਕਈ ਭੇਤ ਹਨ। ਉਹ ਠਰੰਮੇ ਵਾਲਾ ਬੰਦਾ ਹੈ ਜਿਸ ਕਰਕੇ ਬਹੁਤ
ਕੁਝ ਢਿੱਡ ‘ਚ ਲਈ ਫਿਰਦੈ। ਆਮ ਆਲੋਚਕ ਪਾਸ਼ ਦੀ ਕਵਿਤਾ ਤਕ ਹੀ ਸੀਮਤ ਰਹਿੰਦੇ ਹਨ ਜਦ ਕਿ
‘ਫਲਾਈਂਗ ਸਿੱਖ’ ਦੀ ਖੇਡ ਸ਼ੈਲੀ ਕਮਾਲ ਦੀ ਹੈ। ਇਹ ਪੁਸਤਕ ਪੰਜਾਬੀ ਸਾਹਿਤ ਦੀਆਂ ਜੀਵਨੀਆਂ
ਵਿਚ ਵਿਸ਼ੇਸ਼ ਦਰਜਾ ਰੱਖਦੀ ਹੈ। ਪਾਸ਼ ਕਮਾਲ ਦਾ ਵਾਰਤਕਕਾਰ ਸੀ। ਵਾਰਤਕ ਸ਼ੈਲੀ ਸ਼ਮਸ਼ੇਰ
ਦੀ ਵੀ ਕਮਾਲ ਦੀ ਹੈ। ਡਾ. ਹਰਿਭਜਨ ਸਿੰਘ ਨੇ ‘ਆਰਸੀ’ ਦੇ ‘ਨਕਸ਼ ਨਵੇਰੇ’ ਕਾਲਮ ਵਿਚ
ਸ਼ਮਸ਼ੇਰ ਸੰਧੂ ਦੀ ਵਾਰਤਕ ਸ਼ੈਲੀ ਨੂੰ ਰੱਜ ਕੇ ਸਲਾਹਿਆ ਸੀ।
ਮੇਰਾ ਤੇ ਸ਼ਮਸ਼ੇਰ ਦਾ ਕਾਫੀ ਕੁਝ ਰਲਦਾ-ਮਿਲਦਾ ਹੈ। ਸਾਡੇ ਜੱਦੀ ਪੁਸ਼ਤੀ ਪਿੰਡ ਚਕਰ ਤੇ
ਮਾਣੂੰਕੇ ਨਾਲੋ-ਨਾਲ ਹਨ ਤੇ ਗੋਤ ਵੀ ਦੋਹਾਂ ਦਾ ਇਕੋ ਹੈ। ਚਕਰ ਤੇ ਮਾਣੂੰਕੇ ਦੇ ਸੰਧੂਆਂ ਦਾ
ਪਿਛੋਕੜ ਮਾਝੇ ਦੇ ਪਿੰਡ ਸਰਹਾਲੀ ਦਾ ਹੈ। ਮੇਰੇ ਵਡੇਰੇ ਸਰਹਾਲੀ ਤੋਂ ਚਕਰ ਆ ਬੈਠੇ ਸਨ ਤੇ
ਉਹਦੇ ਵਡੇਰੇ ਨਾਲ ਦੇ ਪਿੰਡ ਮਾਣੂੰਕੇ। ਮੇਰੇ ਬਾਬਿਆਂ ਨੇ ਬਹਾਵਲਪੁਰ ਵਿਚ ਜ਼ਮੀਨ ਖਰੀਦੀ ਤੇ
ਉਹਦੇ ਬਾਬਿਆਂ ਨੇ ਬਾਰ ਵਿਚ। ਉਨ੍ਹਾਂ ਨੂੰ ਬਾਰ ਦੇ ਮੁਰੱਬਿਆਂ ਬਦਲੇ ਜ਼ਮੀਨ ਦੀ ਕੱਚੀ
ਅਲਾਟਮੈਂਟ ਪਹਿਲਾਂ ਸਾਡੇ ਪਿੰਡ ਚਕਰ ਹੋਈ ਸੀ। ਇਕ ਸਾਲ ਸ਼ਮਸ਼ੇਰ ਦੇ ਮਾਪੇ ਤੇ ਭੈਣ ਭਰਾ
ਚਕਰ ਰਹਿੰਦੇ ਰਹੇ। ਫਿਰ ਉਹ ਮਾਣੂੰਕੇ ਤੇ ਮਾਣੂੰਕਿਆਂ ਤੋਂ ਮਦਾਰਪੁਰੇ ਚਲੇ ਗਏ। ਉਥੇ
ਉਨ੍ਹਾਂ ਨੂੰ ਪੰਜ ਮੁਰੱਬਿਆਂ ‘ਤੇ ਕੁਛ ਕਟੌਤੀ ਲਾ ਕੇ 96 ਕਿੱਲਿਆਂ ਦੀ ਪੱਕੀ ਅਲਾਟਮੈਂਟ
ਹੋਈ। ਉਦੋਂ ਬੇਟ ਦੀਆਂ ਜ਼ਮੀਨਾਂ ਰੇਤਲੀਆਂ ਸਨ ਜੋ ਬਾਅਦ ਵਿਚ ਬੰਬੀਆਂ ਦੇ ਪਾਣੀ ਲੱਗਣ ਨਾਲ
ਸੋਨਾ ਬਣ ਗਈਆਂ। ਸ਼ਮਸ਼ੇਰ ਹੁਣ ਚੋਖੇ ਕਿੱਲਿਆਂ ਦਾ ਮਾਲਕ ਹੈ। ਉਹਦੀ ਜ਼ਮੀਨ ਮਦਾਰਪੁਰੇ ਤੋਂ
ਬਿਨਾਂ ਗੁਣਾਚੌਰ ਵੀ ਹੈ। ਚੰਡੀਗੜ੍ਹ ਕੋਠੀ ਹੈ। ਕਿਤੇ ਕੁਛ ਹੋਰ ਹੋਵੇ ਤਾਂ ਪਤਾ ਨਹੀਂ। ਇਹ
ਸਮਝ ਲਓ ਕਿ ਉਹਦੀ ਚਾਰੇ ਪਾਸੇ ਚਾਂਦੀ ਹੀ ਚਾਂਦੀ ਹੈ। ਸਾਡੀ ਮਿਲਦੇ-ਜੁਲਦੇ ਹੋਣ ਦੀ ਇਕ ਗੱਲ
ਹੋਰ ਵੀ ਸਾਂਝੀ ਹੈ। ਅਸੀਂ ਦੋਵੇਂ ਮਲਵਈਆਂ ਤੋਂ ਦੁਆਬੀਏ ਬਣੇ ਹਾਂ। ਉਹ ਕਿਵੇਂ? ਇਹ ਵੀ ਸੁਣ
ਲਓ।
ਮੈਂ ਬੰਗੇ ਨੇੜਲੇ ਪਿੰਡ ਮੁਕੰਦਪੁਰ ‘ਚ ਅਮਰਦੀਪ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਬਣ ਕੇ
ਗਿਆ ਸਾਂ। ਫਿਰ ਮੇਰਾ ਲੜਕਾ ਜਗਵਿੰਦਰ ਤੇ ਨੂੰਹ ਪਰਮਜੀਤ ਵੀ ਉਸੇ ਕਾਲਜ ਵਿਚ ਆ ਗਏ। ਇਹ ਸੋਚ
ਕੇ ਕਿ ਉਨ੍ਹਾਂ ਦੀ ਕਿਹੜਾ ਕਿਤੇ ਬਦਲੀ ਹੋਣੀ ਹੈ, ਮੁਕੰਦਪੁਰ ਪੱਕਾ ਘਰ ਪਾ ਲਿਆ ਤੇ ਉਥੋਂ
ਦੇ ਪੱਕੇ ਵਸਨੀਕ ਬਣ ਗਏ। ਰਿਟਾਇਰ ਹੋਣ ਪਿੱਛੋਂ ਅਸੀਂ ਭਾਵੇਂ ਆਪਣੇ ਦੂਜੇ ਪੁੱਤਰ ਗੁਰਵਿੰਦਰ
ਕੋਲ ਕੈਨੇਡਾ ਪਹੁੰਚ ਗਏ ਪਰ ਜਦੋਂ ਸਿਆਲ ਵਿਚ ਪੰਜਾਬ ਆਈਦਾ ਤਾਂ ਵਧੇਰੇ ਸਮਾਂ ਮੁਕੰਦਪੁਰ ਹੀ
ਰਹੀਦਾ। ਇੰਜ ਬਣਿਆ ਮੈਂ ਮਲਵਈ ਤੋਂ ਦੁਆਬੀਆ।
ਸ਼ਮਸ਼ੇਰ ਜੰਮਿਆ ਮਾਣੂੰਕੇ ਸੀ ਪਰ ਰਿੜ੍ਹਨਾ ਤੇ ਖੜ੍ਹਨਾ ਮਦਾਰਪੁਰੇ ਸਿੱਖਿਆ। ਉਹ ਸ.
ਹਰਦਿਆਲ ਸਿੰਘ ਸੰਧੂ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ 5 ਮਾਰਚ 1951 ਨੂੰ ਜੰਮਿਆ।
ਸੁੱਖ ਲਾਹੁਣ ਲਈ ਸੰਧੂਆਂ ਦੇ ਵਡੇਰੇ ਕਾਲੇ ਮਹਿਰ ਦੀ ਜਗ੍ਹਾ ‘ਤੇ ਸ਼ਰਾਬ ਚੜ੍ਹਾਈ ਗਈ। ਘਰ
ਦੇ ਦੱਸਦੇ ਹਨ ਕਿ ਬੱਚੇ ਨੂੰ ਜਨਮ ਦੇਣ ਤੋਂ ਦੋ ਘੰਟਿਆਂ ਬਾਅਦ ਹੀ ਮਾਂ ਨੇ ਮੱਝ ਚੋਈ ਸੀ ਜੋ
ਉਹਦੇ ਹੱਥ ਪਈ ਹੋਈ ਸੀ। ਏਨੀ ਤਕੜੀ ਸੀ ਉਹਦੀ ਮਾਂ! ਸ਼ਮਸ਼ੇਰ ਨੇ ਪ੍ਰਾਇਮਰੀ ਪਿੰਡੋਂ,
ਮੈਟ੍ਰਿਕ ਸਿਧਵਾਂ ਬੇਟੋਂ, ਬੀ. ਏ. ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਤੇ ਐੱਮ. ਏ.
ਗੌਰਮਿੰਟ ਕਾਲਜ ਲੁਧਿਆਣੇ ਤੋਂ ਕੀਤੀ। ਗੁਰਭਜਨ ਗਿੱਲ ਉਹਦਾ ਜਮਾਤੀ ਸੀ। ਦੋਵੇਂ ‘ਕੱਠੇ
ਪੜ੍ਹਦਿਆਂ ਪੰਜਾਬੀ ਸਾਹਿਤ ਨੂੰ ਮੂੰਹ ਮਾਰਨ ਲੱਗ ਪਏ। ਉਹ ਕਾਲਜ ਮੈਗਜ਼ੀਨ ਦੇ ਵਿਦਿਆਰਥੀ
ਐਡੀਟਰ ਬਣੇ। ਗੁਰਭਜਨ ਕਵੀ ਬਣ ਗਿਆ ਤੇ ਸ਼ਮਸ਼ੇਰ ਕਹਾਣੀਕਾਰ। ਉਹ ਸਾਹਿਤ ਸਭਾਵਾਂ ਵਿਚ ਜਾਣ
ਲੱਗੇ ਤੇ ਲੇਖਕਾਂ ਨੂੰ ਮਿਲਣ ਲੱਗੇ। ਉਦੋਂ ਕੁ ਹੀ ਸਾਡਾ ਮੇਲ ਗੇਲ ਸ਼ਰੂ ਹੋਇਆ। ਸ਼ਮਸ਼ੇਰ
ਲੁਧਿਆਣੇ ਦੀ ਗਾਇਕ ਮੰਡੀ ਦੇ ਗੇੜੇ ਕੱਢਣ ਲੱਗਾ ਤੇ ਦੀਦਾਰ ਸੰਧੂ ਦਾ ਮੁਰੀਦ ਬਣ ਗਿਆ। ਗੀਤ
ਲਿਖਣ ਦਾ ਬੀਜ ਉਦੋਂ ਕੁ ਹੀ ਬੀਜਿਆ ਗਿਆ ਜਿਸ ਦੀ ਫਸਲ ਕਈ ਸਾਲਾਂ ਬਾਅਦ ਪੱਕੀ।
ਉਹ ਅਜੇ ਵਿਦਿਆਰਥੀ ਸੀ ਕਿ ਉਹਦੀਆਂ ਕਹਾਣੀਆਂ ਆਲੋਚਕਾਂ ਦਾ ਧਿਆਨ ਖਿੱਚਣ ਲੱਗੀਆਂ। ਉਹ
‘ਸੰਕਲਪ’ ਨਾਂ ਦਾ ਪਰਚਾ ਸੰਪਾਦਤ ਕਰਨ ਲੱਗਾ। ਉਸ ਨੇ ਪਾਕਟ ਬੁੱਕ ਸਾਈਜ਼ ਵਿਚ ‘ਕੋਈ ਦਿਓ
ਜਵਾਬ’ ਨਾਂ ਦਾ ਕਹਾਣੀ ਸੰਗ੍ਰਹਿ ਛਪਵਾਇਆ ਜਿਸ ਦਾ ਮੁੱਖ ਬੰਦ ਪਾਸ਼ ਨੇ ਲਿਖਿਆ, “ਪੰਜਾਬੀ
ਵਿਚ ਕੋਈ ਵੀ ਇਨਕਲਾਬੀ ਕਹਾਣੀਕਾਰ ਨਹੀਂ ਹੈ। ਸ਼ਮਸ਼ੇਰ ਸੰਧੂ ਦੀਆਂ ਕਹਾਣੀਆਂ ਚਤੁਰ ਸਮਿਆਂ
ਵਿਚ ਜੀਵੇ ਜਾ ਰਹੇ ਭੋਲੇ ਭਾਲੇ ਸੱਚ ਬਾਰੇ ਹਨ। ਦਸੌਂਧੇ, ਗੱਛੇ, ਘੋਟੇ ਤੇ ਜੱਗਰ ਵਰਗੇ
ਪਾਤਰਾਂ ਨਾਲ ਜੇ ਸੰਧੂ ਨੂੰ ਹਮਦਰਦੀ ਨਾ ਹੁੰਦੀ ਤਾਂ ਸ਼ਾਇਦ ਇਹ ਗਾਰਗੀ ਅਤੇ ਕਾਹਲੋਂ ਦੇ
ਪਾਤਰਾਂ ਵਾਂਗ ਸਿੱਧੜ ਬਦਚਲਣ ਬਣ ਕੇ ਉਭਰਦੇ। ਇਹ ਗੱਲ ਤਾਂ ਹੈ ਈ ਕਿ ਉਹ ਬੜੀ ਕਾਮਯਾਬੀ ਨਾਲ
ਦੁਖ ਰਹੇ ਪੇਂਡੂ ਯਥਾਰਥ ਨੂੰ ਫੜਦਾ ਹੈ, ਵੱਡੀ ਗੱਲ ਤਾਂ ਇਹ ਹੈ ਕਿ ਆਭਾਵਾਂ ਅਤੇ ਧੱਕਿਆਂ
ਹੇਠ ਜੀਅ ਰਹੇ ਪੇਂਡੂ ਲੋਕਾਂ ਦਾ ਸ਼ਮਸ਼ੇਰ ਨੇ ਤਮਾਸ਼ਾ ਨਹੀਂ ਵੇਖਿਆ, ਉਨ੍ਹਾਂ ਦੀਆਂ ਹਾਰਾਂ
ਅਤੇ ਚੀਸਾਂ ਪ੍ਰਤੀ ਮਨੁੱਖੀ ਹੇਜ ਜਤਾਇਆ ਹੈ। ਏਹੋ ਕੰਮ ਹੈ, ਜੋ ਅੱਜ ਦੇ ਚੇਤੰਨ
ਕਹਾਣੀਕਾਰਾਂ ਨੂੰ ਕਰਨਾ ਚਾਹੀਦਾ ਹੈ ਅਤੇ ਏਹੋ ਕੰਮ ਹੈ ਜਿਸ ਨੇ ਇਨਕਲਾਬੀ ਲੇਖਣ ਤੱਕ
ਪਹੁੰਚਣ ਲਈ ਪੌੜੀ ਦਾ ਕੰਮ ਕਰਨਾ ਹੈ।
“ਸੰਧੂ ਦੀ ਉਮਰ ਵਿਚ ਏਨੀ ਜਿ਼ੰਮੇਵਾਰੀ ਨਾਲ ਲਿਖਣਾ ਪੰਜਾਬੀ ਵਿਚ ਅਜੇ ਨਵੀਂ ਗੱਲ ਹੀ ਲੱਗਦੀ
ਹੈ। ਕੁਝ ਲੋਕਾਂ ਨੂੰ ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਵਿਚ ਫਰਕ ਲੱਗਦਾ ਹੈ। ਪਰ ਫਰਕ
ਸਿਰਫ ਏਨਾ ਹੈ ਜਿੰਨਾ ਕਿ ਹੋਣਾ ਈ ਸੀ। ਕਹਾਣੀ ਵਿਚ ਕਵਿਤਾ ਜਿੰਨੀ ਆਸਾਨੀ ਨਾਲ ਨਾ ਤਾਂ
ਇਨਕਲਾਬੀ ਤੱਤ ਭਰੇ ਜਾ ਸਕਦੇ ਹਨ, ਨਾ ਓਨੀ ਆਸਾਨੀ ਨਾਲ ਲੱਭੇ ਜਾ ਸਕਦੇ ਹਨ। ਭੂਆ ਖਤਮ ਕੌਰ
ਭਰਿਸ਼ਟ ਢਾਂਚੇ ਦਾ ਸਿ਼ਕਾਰ ਹੁੰਦੀ ਹੋਈ ਵੀ ਰੂਹ ਦੇ ਕਿਸੇ ਕੋਨੇ ਵਿਚ ਭੋਲੀ ਜਿਹੀ
ਈਮਾਨਦਾਰੀ ਨੂੰ ਜਿਉਂਦਿਆਂ ਰੱਖ ਰਹੀ ਹੈ, ਭਾਵੇਂ ਉਸ ਨੇ ਆਪਣੀ ਇਸ ਈਮਾਨਦਾਰੀ ਦੇ ਸਮਾਜਿਕ
ਲੱਛਣਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੋਣਾ।
“ਸਾਹਿਤ ਦੀ ਸਾਰਥਕਤਾ ਇਹਦੇ ਜਵਾਬ ਬਣਨ ਵਿਚ ਨਹੀਂ, ਸਵਾਲ ਬਣਨ ਵਿਚ ਹੈ। ਕੋਈ ਸਾਹਿਤ ਓਨਾ
ਹੀ ਵਧੀਆ ਹੁੰਦਾ ਹੈ, ਜਿੰਨਾ ਉਹ ਸਵਾਲ ਬਣ ਕੇ ਸਾਹਮਣੇ ਆਵੇ। ਇਸ ਸੰਗ੍ਰਹਿ ਦੀਆਂ ਸਾਰੀਆਂ
ਕਹਾਣੀਆਂ ਆਪਣੇ ਨਾਲ ਬਹੁਤ ਸਾਰੇ ਅਤੇ ਆਮ ਨਾਲੋਂ ਵੱਖਰੀ ਤਰ੍ਹਾਂ ਦੇ ਸਵਾਲ ਲੈ ਕੇ ਆਈਆਂ
ਹਨ। ਮੇਰਾ ਖਿਆਲ ਹੈ ਕਿ ਸਾਡੇ ਲੋਕ ਏਨੇ ਹੀਣੇ ਨਹੀਂ ਕਿ ਜਵਾਬ ਨਾ ਲੱਭ ਸਕਣ।”
ਇਕ ਖ਼ਤ ਪਾਸ਼ ਨੇ ਸ਼ਮਸ਼ੇਰ ਨੂੰ ‘ਚੰਗੇ ਸੰਧੂ’ ਲਿਖਣ ਨਾਲ ਸ਼ੁਰੂ ਕੀਤਾ, “ਮੈਂ ਖ਼ੁਸ਼ ਹਾਂ
ਕਿ ਤੂੰ ਪਾਸ ਹੋ ਗਿਆ ਏਂ...। ਤੇਰੀਆਂ ‘ਉੱਖੜੇ ਹੋਏ ਪੈਰ’ (ਜੋ ਵੀ ਨਾਂ ਤੂੰ ਰੱਖੇਂ) ਤੇ
‘ਟਿੰਮੀ ਨਹੀਂ ਆਈ’ ਛੇਤੀ ਛਪਣੀਆਂ ਚਾਹੀਦੀਆਂ ਹਨ, ਕਿਤੇ ਵੀ ਛਪਣ...। ਕੇਡੀ ਚੰਗੀ ਗੱਲ ਹੈ
ਕਿ ਤੂੰ ਨਿੱਗਰ ਜੀਵਨ ਵਿਚੋਂ ਸਾਧਾਰਨ ਘਟਨਾਵਾਂ ਲੈ ਕੇ ਲਿਖਣ ਲੱਗ ਪਿਆ ਏਂ...। ਇਕ ਗੱਲ
ਹੋਰ ਪ੍ਰਪੇਗੰਡਾ ਸਾਹਿਤ ਬਾਰੇ। ਮੇਰਾ ਭਾਵ ਜੀਵਨ ‘ਚ ਕਮਾਏ ਹੋਏ ਅਹਿਸਾਸਾਂ ਦੇ ਸੋਚ ਦੇ
ਪ੍ਰਾਪੇਗੰਡੇ ਤੋਂ ਨਹੀਂ, ਵਿਚਾਰਧਾਰਾ, ਨੀਤੀ ਅਤੇ ਦਾਅਪੇਚਾਂ ਦੇ ਪ੍ਰਾਪੇਗੰਡੇ ਵਾਲੇ ਸਾਹਿਤ
ਤੋਂ ਹੈ ਜੋ ਅੱਜ ਕੱਲ੍ਹ ‘ਕਿਰਤੀ ਯੁਗ’, ‘ਮਾਂ’, ‘ਜਾਗੋ’ ਅਤੇ ‘ਅਕਸ’ ਵਿਚ ਧੜਾ ਧੜ ਛਪ
ਰਿਹਾ ਹੈ ਤੇ ਪਹਿਲਾਂ ‘ਰੋਹਲੇ ਬਾਣ’ ਤੇ ‘ਸਿਆੜ’ ਜਾਂ ‘ਕਿੰਤੂ’ ਆਦਿ ਵਿਚ ਛਪਦਾ ਰਿਹਾ ਹੈ।
ਇਹ ਕੋਈ ਬੁਰਾ ਨਹੀਂ, ਪਰ ਇਹ ਰਚਿਆ ਨਹੀਂ, ਲਿਖਿਆ ਜਾਂਦਾ ਹੈ। ਸੁਚੇਤ ਤੌਰ ‘ਤੇ।
“ਇਕ ਹੋਰ ਤਰ੍ਹਾਂ ਦਾ ਸਾਹਿਤ ਹੈ ਜੋ ਜੀਵਨ ਦੇ ਠੋਸ ਸੱਚ ‘ਚੋਂ ਜਨਮਿਆ ਹੋਵੇ ਭਾਵੇਂ ਨਾ, ਪਰ
ਜੀਵਨ ਨੂੰ ਤੇਜ਼ੀ ਨਾਲ ਆਪਣੇ ਵਰਗਾ ਬਣਾਈ ਜਾ ਰਿਹਾ ਹੈ। ਇਹ ਹੈ ਮਾਨ ਮਰਾੜਾਂ ਵਾਲੇ, ਦੇਵ
ਥਰੀਕਿਆਂ ਵਾਲੇ ਤੇ ਦੀਦਾਰ ਸੰਧੂ ਭਰੋਵਾਲ ਵਾਲੇ ਤੇ ਅਜਿਹੇ ਹੋਰ ਲੋਕਾਂ ਦਾ ਸਾਹਿਤ। ਇਨ੍ਹਾਂ
ਦੇ ਤੀਖਣ ਪ੍ਰਭਾਵ ਦਾ ਸਬੱਬ ਇਨ੍ਹਾਂ ਦੀ ਪੇਸ਼ਕਾਰੀ ਨਹੀਂ, ਮਾਧਿਅਮ ਦੀ ਅਸੀਮ ਸਮਰੱਥਾ ਹੈ।
ਇਕ ਤਾਂ ਇਹ ਕਿਸੇ ਨੂੰ ਪੜ੍ਹਨਾ ਨਹੀਂ ਪੈਂਦਾ ਤੇ ਸੁਣਨ ‘ਚ ਕੋਈ ਮਿਹਨਤ ਨਹੀਂ ਲੱਗਦੀ। ਦੂਜਾ
ਇਹ ਇਕ ਡਾਢੀ ਇਨਸਾਨੀ ਪਰਵਿਰਤੀ ਦੇ ਗਿਰਦ ਘੁੰਮਦਾ ਹੈ। ਇਹ ਲੋਕ ਹਵਾਈ ਜਹਾਜ਼ਾਂ ਵਿਚ ਚੱਲਦੇ
ਹਨ ਜਦੋਂ ਕਿ ਆਪਾਂ ਸਾਈਕਲਾਂ ਉਤੇ...।
“ਅੱਛਾ ਹੁਣ ਤੈਨੂੰ ਬੋਰ ਕਰਨਾ ਬੰਦ ਕਰਾਂ। ਮੇਰੀ ਕਿਸੇ ਵੀ ਗੱਲ ਨੂੰ ਨਸੀਹਤ ਨਾ ਸਮਝੀਂ।
ਮੈਂ ਤੇਰਾ ਦੋਸਤ ਹਾਂ, ਤੈਨੂੰ ਗਾਲ੍ਹ ਕੱਢ ਸਕਦਾ ਹਾਂ, ਸਿੱਖਿਆ ਨਹੀਂ ਦੇ ਸਕਦਾ। ਜਦ ਮੈਂ
ਤੈਨੂੰ ਲਿਖ ਰਿਹਾ ਹੁੰਦਾ ਹਾਂ, ਅਸਲ ਵਿਚ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਹਾਂ ਤੇ
ਜਿਵੇਂ ਸਪੱਸ਼ਟ ਹੋਣਾ ਚਾਹ ਰਿਹਾ ਹੋਵਾਂ, ਭਲਾ ਮੈਂ ਆਪਣੇ ਆਪ ਨੂੰ ਵੀ ਮੱਤਾਂ ਦੇਵਾਂਗਾ?
ਮੇਰੀਆਂ ਗੱਲਾਂ ‘ਤੇ ਕਿੰਤੂ ਕਰਨਾ ਸਿੱਖ। ਜੇ ਤੂੰ ਮੇਰੇ ਨਾਲ ਲੜਿਆ ਨਾ ਕਰੇਂਗਾ ਤਾਂ ਆਪਾਂ
ਚੰਗੇ ਦੋਸਤ ਨਹੀਂ ਰਹਿ ਸਕਾਂਗੇ। ਘਟੀਆ ਮਿੱਤਰਤਾ ਦਾ ਲਾਭ ਨਹੀਂ। ਤੇਰੀ ਕਿਤਾਬ ‘ਕੋਈ ਦਿਓ
ਜਵਾਬ’ ਦਾ ਰੀਵਿਊ ‘ਹੇਮ ਜਯੋਤੀ’ ਵਿਚ ਛਪੇਗਾ।”
ਨਿੱਘ ਤੇ ਸਤਿਕਾਰ ਨਾਲ ਪਾਸ਼
19.7.74 ਤਲਵੰਡੀ ਸਲੇਮ
1976-77 ਤੇ 77-78 ਵਿਚ ਸ਼ਮਸ਼ੇਰ ਸਿੱਖ ਨੈਸ਼ਨਲ ਕਾਲਜ ਬੰਗੇ ਆਰਜ਼ੀ ਲੈਕਚਰਾਰ ਰਿਹਾ।
ਉਦੋਂ ਜੋਬਨ ਫੁੱਟ-ਫੁੱਟ ਪੈ ਰਿਹਾ ਸੀ। ਗੋਰੇ ਰੰਗ ਤੇ ਸ਼ਰਬਤੀ ਅੱਖਾਂ ਨਾਲ ਉਹ ਫੱਬਦਾ ਵੀ
ਬਹੁਤ ਸੀ। ਕਾਲਜ ਦੀਆਂ ਕੁੜੀਆਂ ਸੰਗਦੀਆਂ ਹੋਈਆਂ ਚੋਰੀ ਛਿਪੇ ਵੇਖਦੀਆਂ। ਵਿਆਹ ਕਰਾਉਣ ਦੀ
ਰੁੱਤ ਸੀ। ਉਹਦੀ ਵੱਡੀ ਭਰਜਾਈ ਦੀ ਕੋਈ ਸਕੀਰੀ ਦੁਆਬੇ ਦੇ ਪਿੰਡ ਗੁਣਾਚੌਰ ਤਕ ਪਹੁੰਚਦੀ ਸੀ।
ਗੁਣਾਚੌਰ ਦੇ ਨੰਬਰਦਾਰ ਦਰਸ਼ਨ ਸਿੰਘ ਦੀ ਇਕਲੌਤੀ ਲੜਕੀ ਬੀਬੀ ਸੁਖਵੀਰ ਕੌਰ ਬੰਗੇ ਕਾਲਜ ਵਿਚ
ਪੜ੍ਹਨ ਲੱਗੀ ਸੀ। ਭਰਾ ਕੋਈ ਹੈ ਨਹੀਂ ਸੀ। ਬਾਪ ਦੇ ਪੰਦਰਾਂ ਵੀਹ ਖੇਤ ਉਸੇ ਨੂੰ ਆਉਣੇ ਸਨ।
ਵੱਡੀ ਭਰਜਾਈ ਨੇ ਵਿਚ ਪੈ ਕੇ ਦਿਓਰ ਦਾ ਰਿਸ਼ਤਾ ਸੁਖਵੀਰ ਨਾਲ ਕਰਵਾ ਦਿੱਤਾ। ਵਿਆਹ ਵਾਜੇ
ਗਾਜੇ ਨਾਲ ਹੋਇਆ। ਨੰਬਰਦਾਰ ਦੀ ਸੋਚ ਸੀ ਕਿ ਪ੍ਰਾਹੁਣੇ ਨੂੰ ਕਾਲਜ ਵਿਚ ਪੱਕਾ ਕਰਵਾ ਕੇ ਘਰ
ਜੁਆਈ ਰੱਖ ਲਵਾਂਗੇ। ਨੰਬਰਦਾਰ ਦਾ ਕਾਲਜ ਕਮੇਟੀ ਤੇ ਸਰਕਾਰੇ ਦਰਬਾਰੇ ਹੱਥ ਪੈਂਦਾ ਸੀ।
ਇਲਾਕੇ ‘ਚ ਸਿੱਕਾ ਚਲਦਾ ਸੀ।
ਪਰ ਉਹਨਾਂ ਹੀ ਦਿਨਾਂ ਵਿਚ ਚੰਡੀਗੜ੍ਹ ਤੋਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਸ਼ਰੂ ਹੋਇਆ ਸੀ
ਜਿਸ ਦਾ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਸੀ। ਸਬ ਐਡੀਟਰਾਂ ਲਈ ਇੰਟਰਵਿਊ ਹੋ ਰਿਹਾ ਸੀ। ਡਾ.
ਮਹਿੰਦਰ ਸਿੰਘ ਰੰਧਾਵਾ ਤੇ ਬਰਜਿੰਦਰ ਸਿੰਘ ਨੇ ਬੰਦੇ ਰੱਖਣੇ ਸਨ। ਤਦ ਤਕ ਸ਼ਮਸ਼ੇਰ ਤੇ ਮੇਰੀ
ਆੜੀ ਗੂੜ੍ਹੀ ਹੋ ਗਈ ਸੀ। ਸ਼ਮਸ਼ੇਰ ਆਪਣੀ ਭੈਣ ਨੂੰ ਮਿਲਣ ਬੁੱਟਰ ਨੂੰ ਜਾਂਦਾ ਤਾਂ ਢੁੱਡੀਕੇ
ਵਿਚ ਦੀ ਲੰਘਦਾ। ਉਹ ਮੇਰੇ ਵਿਦਿਆਰਥੀ ਜਗਜੀਤ ਚੂਹੜਚੱਕ ਨੂੰ ਮਿਲਦਾ, ਮੈਨੂੰ ਮਿਲਦਾ ਤੇ
ਅਸੀਂ ‘ਕੱਠੇ ਜਸਵੰਤ ਸਿੰਘ ਕੰਵਲ ਨੂੰ ਮਿਲਦੇ। ਕੰਵਲ ਨੂੰ ਮਿਲਣ ਪਿੱਛੋਂ ਅਸੀਂ ਪੀਣ ਖਾਣ ਦੀ
ਮਹਿਫ਼ਲ ਲਾਉਂਦੇ। ਲੋਰ ‘ਚ ਆਇਆ ਸ਼ਮਸ਼ੇਰ ਗੀਤ ਸੁਣਾਉਂਦਾ। ਢੁੱਡੀਕੇ ਦੇ ਪ੍ਰੋਫ਼ੈਸਰ ਸੁਣਨ
ਆ ਬਹਿੰਦੇ। ਕਿਆ ਅਨੰਦ ਸੀ ਢੁੱਡੀਕੇ ਦੀਆਂ ਉਨ੍ਹਾਂ ਮਹਿਫ਼ਲਾਂ ਦਾ!
ਸ਼ਮਸ਼ੇਰ ਤੇ ਮੇਰੇ ਨਾਲ ਜੁੜੀ ਇਕ ਗੁੱਝੀ ਗੱਲ ਗੁਰਭਜਨ ਗਿੱਲ ਨੇ ਏਨੀ ਵਾਰ ਹੋਰਾਂ ਨੂੰ
ਸੁਣਾਈ ਹੈ ਕਿ ਹੋਰ ਸੁਣਾਉਣ ਦੀ ਲੋੜ ਨਹੀਂ। ਕਈਆਂ ਨੂੰ ਪਤਾ ਹੀ ਹੈ। ਅਸੀਂ ਤਾਂ ਗੁਰਭਜਨ ਦੀ
ਪੱਤ ਬਣਾਈ ਰੱਖਣ ਲਈ ਬਥੇਰੀ ਲਕੋਈ ਸੀ ਪਰ ਗੁਰਭਜਨ ਨੂੰ ਪਤਾ ਨਹੀਂ ਹੋਰਨਾਂ ਨੂੰ ਸੁਣਾ ਕੇ
ਇਹਦੇ ‘ਚੋਂ ਕੀ ਸੁਆਦ ਆਉਂਦੈ? ਚਲੋ, ਜੀਹਨੂੰ ਨਹੀਂ ਪਤਾ ਉਹ ਸਾਥੋਂ ਹੀ ਸੁਣ ਲਵੇ।
ਗੁਰਭਜਨ ਗਿੱਲ ਦਾ ਵਿਆਹ ਸੀ। ਜੰਨ ਲੁਧਿਆਣੇ ਤੋਂ ਕਿਲਾ ਰਾਇਪੁਰ ਜਾਣੀ ਸੀ। ਗੁਰਭਜਨ ਉਦੋਂ
ਜਗਰਾਓਂ ਲਾਜਪਤ ਰਾਏ ਕਾਲਜ ‘ਚ ਪੜ੍ਹਾਉਂਦਾ ਸੀ ਤੇ ਮੈਂ ਢੁੱਡੀਕੇ ਦੇ ਲਾਜਪਤ ਰਾਏ ਕਾਲਜ
ਵਿਚ। ਗੁਰਭਜਨ ਨੇ ਮੈਨੂੰ ਕਿਹਾ ਕਿ ਜਸਵੰਤ ਸਿੰਘ ਕੰਵਲ ਨੂੰ ਵੀ ਜੰਨ ਚੜ੍ਹਾਉਣ ਲਈ ਲਿਆਵਾਂ।
ਇਓਂ ਉਹਦੀ ਟੌਅ੍ਹਰ ਹੋਰ ਵੀ ਵੱਧ ਬਣਨੀ ਸੀ। ਸ਼ਮਸ਼ੇਰ ਨੇ ਤਾਂ ਜਾਨੀ ਬਣਨਾ ਹੀ ਸੀ। ਮੈਂ
ਕੰਵਲ ਸਾਹਿਬ ਨੂੰ ਲੁਧਿਆਣੇ ਲੈ ਗਿਆ ਤੇ ਫਿਰ ਜੰਨ ਨਾਲ ਅਸੀਂ ਕਿਲਾ ਰਾਏਪੁਰ ਚਲੇ ਗਏ।
ਉਹਨੀਂ ਦਿਨੀਂ ਮੈਰਿਜ ਪੈਲਸਾਂ ਵਿਚ ਵਿਆਹ ਕਰਨ ਦਾ ਤੋਰਾ ਨਹੀਂ ਸੀ ਤੁਰਿਆ। ਜੰਨ ਦਾ ਉਤਾਰਾ
ਇਕ ਧਰਮਸ਼ਾਲਾ ਵਿਚ ਕੀਤਾ ਗਿਆ। ਅਸੀਂ ਛੱਤ ਉਤੇ ਡੱਠੇ ਮੰਜਿਆਂ ‘ਤੇ ਬੈਠੇ ਧੁੱਪ ਸੇਕਦੇ
ਗੱਲਾਂ ਬਾਤਾਂ ਕਰਨ ਲੱਗੇ। ਵਿਚੇ ਸੂਬਾ ਸਿੰਘ ਸੀ, ਵਿਚੇ ਅਮਰਜੀਤ ਗੁਰਦਾਸਪੁਰੀ, ਵਿਚੇ
ਬਟਾਲੇ ਵਾਲਾ ਹਰਭਜਨ ਬਾਜਵਾ ਤੇ ਵਿਚੇ ਕਾਲਜਾਂ ਦੇ ਪ੍ਰਿੰਸੀਪਲ ਤੇ ਪ੍ਰੋਫੈ਼ਸਰ ਸਨ। ਹਾਸਾ
ਮਖੌਲ ਚੱਲਣ ਲੱਗਾ।
ਉਹਨੀਂ ਦਿਨੀ ‘ਸਚਿੱਤਰ ਕੌਮੀ ਏਕਤਾ’ ਵਿਚ ਮੇਰਾ ਹਾਸੇ ਖੇਡੇ ਵਾਲਾ ਆਰਟੀਕਲ ‘ਸਿ਼ੰਗਾਰੇ ਦੀ
ਬਾਟੀ’ ਛਪਿਆ ਸੀ। ਉਹ ਹਸਾ-ਹਸਾ ਕੇ ਵੱਖੀਆਂ ਤੁੜਾਉਣ ਵਾਲਾ ਸੀ। ਸੂਬਾ ਸਿੰਘ ਦੀਆਂ ਹਾਸਰਸੀ
ਗੱਲਾਂ ਵਿਚ ਮੈਂ ਵੀ ਆਪਣਾ ਘੋੜਾ ਭਜਾ ਲਿਆ ਤੇ ਸੂਬਾ ਸਿਓਂ ਤੋਂ ਥਾਪੀ ਲੈ ਗਿਆ। ਚਾਹ ਪਾਣੀ
ਤੋਂ ਬਾਅਦ ਅਨੰਦ ਕਾਰਜ ਕਰਨ ਕਰਾਉਣ ਵਾਲੇ ਗੁਰਦਵਾਰੇ ਚਲੇ ਗਏ। ਅਸੀਂ ਟਲ਼ ਗਏ। ਸਿਆਲ ਦੇ
ਠੰਢੇ ਦਿਨ ਸਨ, ਬਾਰਾਂ ਇਕ ਵਜੇ ਵਾਰਮ ਅੱਪ ਹੋਣ ਲਈ ਅਸੀਂ ਪੀਣ ਖਾਣ ਦਾ ਸਮਾਨ ਲੱਭਣ ਲੱਗੇ।
ਪਤਾ ਲੱਗਾ ਕਿ ਵਿਆਹ ਪੂਰਾ ਸੋਫੀ ਹੈ। ਦਾਰੂ ਨਾ ਕੁੜੀ ਵਾਲਿਆਂ ਨੇ ਪਿਆਉਣੀ ਸੀ ਨਾ ਮੁੰਡੇ
ਵਾਲਿਆਂ ਨੇ ਲਿਆਂਦੀ ਸੀ। ਸਾਨੂੰ ਵਿਹਲੇ ਬੈਠਿਆਂ ਨੂੰ ਟੇਕ ਨਾ ਆਵੇ। ਉਦੋਂ ਕਿਲਾ ਰਾਏਪੁਰ
ਦੇ ਚੜ੍ਹਦੇ ਪਾਸੇ ਰੇਲਵੇ ਸਟੇਸ਼ਨ ਵੱਲ ਠੇਕਾ ਸੀ। ਮੈਂ ਤੇ ਸ਼ਮਸ਼ੇਰ ਨੇ ਸਲਾਹ ਕੀਤੀ ਕਿ
ਓਧਰ ਚੱਲਿਆ ਜਾਵੇ। ਅਸੀਂ ਕੰਵਲ ਸਾਹਿਬ ਨੂੰ ਵੀ ਨਾਲ ਲੈ ਕੇ ਠੇਕੇ ਵੱਲ ਚੱਲ ਪਏ। ਕੰਵਲ
ਉਦੋਂ ਪੀਂਦਾ ਨਹੀਂ ਸੀ ਪਰ ਪੀਣ ਵਾਲਿਆਂ ਨੂੰ ਰੋਕਦਾ ਵੀ ਨਹੀਂ ਸੀ। ਉਹ ਸਾਡੀ ਖ਼ੁਸ਼ੀ ‘ਚ
ਸ਼ਾਮਲ ਸੀ।
ਠੇਕਾ ਦੇਸੀ ਸੀ ਜਿਥੇ ਪੀਣ ਵਾਲਿਆਂ ਵਾਸਤੇ ਇਕ ਗਲਾਸ ਤੇ ਲੂਣ ਦੀ ਕੋਲੀ ਰੱਖੀ ਹੋਈ ਸੀ।
ਅਸੀਂ ਸੋਚਣ ਲੱਗੇ ਬਈ ਪਊਆ ਪੀ ਲਈਏ ਜਾਂ ਅਧੀਆ ਲਈਏ ਜਾਂ ਬੋਤਲ? ਸੋਫੀ ਗੁਰਭਜਨ ਦੀ ਜੰਨ ਆਏ
ਸੀ ਜਿਸ ਕਰਕੇ ਪਤਾ ਵੀ ਨਹੀਂ ਸੀ ਲੱਗਣ ਦੇਣਾ ਚਾਹੁੰਦੇ ਕਿ ਪੀਤੀ ਹੈ। ਪਊਏ ਨਾਲ ਸਾਡਾ ਬਣਨਾ
ਕੁਛ ਨਹੀਂ ਸੀ। ਬੋਤਲ ਨਾਲ ਪਤਾ ਲੱਗ ਜਾਣਾ ਸੀ ਕਿ ਪੀਤੀ ਹੈ। ਅਸੀਂ ਅਧੀਆ ਲੈਣਾ ਠੀਕ
ਸਮਝਿਆ। ਇਕ-ਇਕ ਹਾੜਾ ਅਸੀਂ ਠੇਕੇ ‘ਤੇ ਖੜ੍ਹੇ ਲਾ ਲਿਆ ਤੇ ਬਾਕੀ ਬਚਦੀ ਨੇਫੇ ‘ਚ ਦੇ ਲਈ ਬਈ
ਰੋਟੀ ਖਾਣ ਲੱਗੇ ਪੀਆਂਗੇ। ਸਾਡੇ ਮੁੜਦਿਆਂ ਨੂੰ ਅਨੰਦ ਕਾਰਜ ਹੋ ਚੁੱਕੇ ਸਨ ਤੇ ਜੰਨ ਉਤਾਰੇ
‘ਚ ਪਹੁੰਚ ਚੁੱਕੀ ਸੀ। ਪੀਣ ਖਾਣ ਤੋਂ ਬਿਨਾਂ ਜਾਨੀ ਅਫਸੋਸ ਕਰਨ ਵਾਲਿਆਂ ਵਾਂਗ ਚੁੱਪ ਕੀਤੇ
ਬੈਠੇ ਸਨ। ਅਸੀਂ ਹਾੜਾ ਲਾ ਕੇ ਆਏ ਸਾਂ। ਨਾਲੇ ਹੌਂਸਲਾ ਸੀ ਕਿ ਸਾਡੇ ਨੇਫੇ ‘ਚ ਵੀ ਸਮਾਨ
ਹੈਗਾ। ਸਾਨੂੰ ਗੱਲਾਂ ਫੁਰ ਰਹੀਆਂ ਸਨ ਪਰ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਕਿ ਕਿਉਂ
ਫੁਰਦੀਆਂ ਹਨ? ਠੇਕੇ ਦੇ ਨਲਕੇ ‘ਤੇ ਅਸੀਂ ਵਾਰ-ਵਾਰ ਕੁਰਲੀਆਂ ਕੀਤੀਆਂ ਸਨ ਕਿ ਮੁਸ਼ਕ ਨਾ
ਆਵੇ। ਲੂਣ ਵੀ ਚੱਟਿਆ ਸੀ ਤੇ ਲੈਚੀਆਂ ਵੀ ਚੱਬੀਆਂ ਸਨ।
ਦੋ ਕੁ ਵਜੇ ਰੋਟੀ ਖਾਣ ਦਾ ਸੱਦਾ ਆ ਗਿਆ। ਧਰਮਸ਼ਾਲਾ ਤੋਂ ਪੰਜ ਦਸ ਘਰ ਛੱਡ ਕੇ ਪੰਡਾਲ ਲੱਗਾ
ਸੀ ਜਿਸ ਹੇਠ ਮੇਜ਼ ਕੁਰਸੀਆਂ ਲੱਗੀਆਂ ਸਨ। ਅਸੀਂ ਪੈਰ ਮਲ਼ ਲਿਆ ਕਿ ਜੰਨ ਦੇ ਜਾਣ ਪਿੱਛੋਂ
ਕੱਢਾਂਗੇ ਮੁਨੀਸ਼ਨ। ਮੁਨੀਸ਼ਨ ਤਾਂ ਸੀ ਪਰ ਸਾਨੂੰ ਨਾ ਕੋਈ ਗਲਾਸ ਲੱਭੇ ਤੇ ਨਾ ਮਿਲੇ ਪਾਣੀ।
ਸੁੱਕੀ ਦਾਰੂ ਸੰਘ ‘ਚ ਲੜਨੀ ਸੀ। ਬਾਜਵੇ ਦੇ ਕੈਮਰੇ ਤੋਂ ਵੀ ਬਚਣਾ ਸੀ ਜਿਹੜਾ ਟੀਰ ਮਾਰਦਾ
ਸਾਡੇ ਆਲੇ ਦੁਆਲੇ ਹੀ ਫਿਰ ਰਿਹਾ ਸੀ। ਰੱਬ ਜਾਣੇ ਉਹਨੂੰ ਮੁਸ਼ਕ ਆ ਗਿਆ ਸੀ ਜਾਂ ਉਂਜ ਹੀ
ਸਾਡੇ ‘ਤੇ ਮਿਹਰਬਾਨ ਸੀ!
ਉਹ ਨਜ਼ਰੋਂ ਉਹਲੇ ਹੋਇਆ ਤਾਂ ਬੀਹੀ ‘ਚ ਕਿਸੇ ਦੇ ਖੁੱਲ੍ਹੇ ਬਾਰ ‘ਚੋਂ ਸਾਨੂੰ ਨਲਕਾ ਨਜ਼ਰੀਂ
ਪਿਆ। ਅਸੀਂ ਨਜ਼ਰਾਂ ਮਿਲਾਈਆਂ। ਘਰ ‘ਚ ਕੋਈ ਹੈ ਨਹੀਂ ਸੀ ਜਿਸ ਕਰਕੇ ਅਸੀਂ ਨਲਕੇ ਵੱਲ ਵਧੇ।
ਹੋ ਸਕਦੈ ਸਾਰੇ ਜੀਅ ਵਿਆਹ ਵਾਲੇ ਘਰ ਗਏ ਹੋਣ। ਉਥੇ ਸੰਗਲੀ ਨਾਲ ਬੱਧਾ ਇਕ ਕਤੂਰਾ ਸੀ ਜਿਸ
ਨੇ ਚੁੱਪ ਰਹਿ ਕੇ ਜਾਨੀਆਂ ਨੂੰ ਪੂਰਾ ਆਦਰ ਮਾਣ ਦਿੱਤਾ। ਆਸਾ ਪਾਸਾ ਵੇਖ ਕੇ ਅਸੀਂ ਅੱਧੇ
ਹੋਏ ਅਧੀਏ ‘ਚ ਨਲਕੇ ਦਾ ਪਾਣੀ ਪਾਇਆ ਤੇ ਘੁੱਟਾਂ ਬਾਟੀ ਪੀ ਕੇ ਖਾਲੀ ਅਧੀਆ ਖੁਰਲੀ ਦੇ
ਖੂੰਜੇ ‘ਚ ਚਲਾ ਮਾਰਿਆ। ਕਤੂਰਾ ਫਿਰ ਵੀ ਨਾ ਭੌਂਕਿਆ। ਅਸੀਂ ਕਿਲਾ ਰਾਇਪੁਰ ਦੇ ਕਤੂਰੇ ਦੀ
ਸਿਆਣਪ ਨੂੰ ਮੰਨ ਗਏ ਜਿਸ ਨੇ ਬੰਦੇ ਕੁਬੰਦੇ ਦੀ ਸਹੀ ਸਿਆਣ ਕੀਤੀ! ਬੰਦਿਆਂ ਨੂੰ ਭਾਵੇਂ
ਨਹੀਂ ਪਰ ਕਤੂਰੇ ਨੂੰ ਪਤਾ ਸੀ ਕਿ ਵਿਆਹ ਸ਼ਾਦੀ ਦੇ ਮੌਕੇ ਜਾਨੀ ਘੁੱਟ ਲਾ ਈ ਲੈਂਦੇ ਨੇ।
ਹੁਣ ਅਸੀਂ ਰੋਟੀ ਖਾਣ ਲਈ ਤਿਆਰ ਸਾਂ।
ਬਾਜਵਾ ਪਤਾ ਨਹੀਂ ਕੰਵਲ ਸਾਹਿਬ ਦੀ ਫੋਟੋ ਲਾਹੁਣ ਕਰਕੇ, ਪਤਾ ਨਹੀਂ ਸਾਡਾ ਮੁਸ਼ਕ ਲੈਣ ਕਰਕੇ
ਆਪਣੇ ਕੈਮਰੇ ਦੀਆਂ ਸਿ਼ਸਤਾਂ ਸਾਡੇ ਵੱਲ ਸੇਧਣ ਲੱਗਾ। ਉਹਦੀ ਖਚਰੀ ਅੱਖ ਦੱਸਦੀ ਸੀ ਜਿਵੇਂ
ਉਹਨੂੰ ਸਾਡੀ ਕਰਤੂਤ ਦਾ ਪਤਾ ਹੋਵੇ। ਆਪਣੇ ਜਾਣੇ ਤਾਂ ਅਸੀਂ ਕਤੂਰੇ ਤੋਂ ਬਿਨਾਂ ਕਿਸੇ ਨੂੰ
ਪਤਾ ਨਹੀਂ ਸੀ ਲੱਗਣ ਦਿੱਤਾ ਪਰ ਲੱਗਦੈ ਬਾਜਵੇ ਨੇ ਹੀ ਗੁਰਭਜਨ ਨੂੰ ਦੱਸਿਆ ਹੋਊ। ਜਦੋਂ
ਸਾਥੋਂ ਪੁੱਛਿਆ ਗਿਆ ਤਾਂ ਸੱਚ ਦੱਸਣਾ ਹੀ ਪੈਣਾ ਸੀ, ਅਸੀਂ ਕਿਹੜਾ ਡਾਕਾ ਮਾਰਿਆ ਸੀ? ਬੱਸ
ਐਨੀ ਗੱਲ ਸੀ ਸਾਰੀ ਜੀਹਦਾ ਗੁਰਭਜਨ ਸੁਆਦ ਲਈ ਜਾਂਦੈ!
ਅਗੱਸਤ 1978 ਵਿਚ ਟ੍ਰਿਬਿਊਨ ਅਦਾਰੇ ਵੱਲੋਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ
ਜਾਣਾ ਸੀ। ਉਦੋਂ ਬਰਜਿੰਦਰ ਸਿੰਘ ‘ਦ੍ਰਿਸ਼ਟੀ’ ਮੈਗਜ਼ੀਨ ਕੱਢਦਾ ਹੁੰਦਾ ਸੀ। ਟ੍ਰਿਬਿਊਨ
ਟ੍ਰੱਸਟ ਨੇ ਬਰਜਿੰਦਰ ਸਿੰਘ ਨੂੰ ਨਵੇਂ ਅਖ਼ਬਾਰ ਦਾ ਸੰਪਾਦਕ ਨਾਮਜ਼ਦ ਕਰ ਦਿੱਤਾ। ਕੰਵਲ
ਸਾਹਿਬ ਤੇ ਮੈਂ ਇਕ ਦਿਨ ਜਲੰਧਰ ਗਏ ਤਾਂ ਬਰਜਿੰਦਰ ਸਿੰਘ ਦੁਪਹਿਰ ਦੇ ਖਾਣੇ ਲਈ ਘਰ ਲੈ ਗਿਆ।
ਪਰਿਵਾਰ ਨਾਲ ਜਾਣ ਪਛਾਣ ਕਰਾਈ। ਬਰਜਿੰਦਰ ਸਿੰਘ ਦੀ ਪਤਨੀ ਦਾ ਨਾਂ ਸਰਬਜੀਤ ਕੌਰ ਦੱਸਿਆ
ਗਿਆ। ਬੱਚੀ ਦਾ ਨਾਂ ਦੱਸਣ ਲੱਗੇ ਤਾਂ ਕੰਵਲ ਨੇ ਕਿਹਾ, “ਫਿਰ ਇਹਦਾ ਨਾਂ ਹੋਵੇਗਾ
ਸਰਬਿੰਦਰ।” ਕੰਵਲ ਦੇ ਮੂੰਹੋਂ ਬੱਚੀ ਦਾ ਨਾਂ ਸੁਣ ਕੇ ਬਰਜਿੰਦਰ ਜੋੜਾ ਹੈਰਾਨ ਰਹਿ ਗਿਆ ਕਿ
ਇਨ੍ਹਾਂ ਨੂੰ ਨਾਂ ਦਾ ਕਿਵੇਂ ਪਤਾ ਲੱਗਾ? ਪੁੱਛਿਆ ਤਾਂ ਕੰਵਲ ਨੇ ਦੱਸਿਆ, “ਸਰਬਜੀਤ ਤੇ
ਬਰਜਿੰਦਰ ਤੋਂ ਬਣਦਾ ਹੀ ਇਹੋ ਸੀ।” ਇਹ ਗੱਲ ਸੀ ਵੀ ਸਹੀ। ਸਰਬਿੰਦਰ ਦਾ ਨਾਂ ਮਾਂ ਬਾਪ ਦੇ
ਨਾਂ ਨੂੰ ਜੋੜ ਕੇ ਹੀ ਰੱਖਿਆ ਗਿਆ ਸੀ। ਬਰਜਿੰਦਰ ਸਿੰਘ ਨੂੰ ਮਿਲਣ ਦੀ ਗੱਲ ਮੈਂ ਸ਼ਮਸ਼ੇਰ
ਨੂੰ ਦੱਸੀ ਸੀ। ਇਹ ਵੀ ਦੱਸਿਆ ਸੀ ਕਿ ਟ੍ਰਿਬਿਊਨ ਟ੍ਰੱਸਟ ਵਿਚ ਡਾ. ਮਹਿੰਦਰ ਸਿੰਘ ਰੰਧਾਵਾ
ਦੀ ਚਲਦੀ ਹੈ। ਕੰਵਲ ਦੀ ਰੰਧਾਵੇ ਨਾਲ ਚੰਗੀ ਬਣਦੀ ਹੈ।
ਸ਼ਮਸ਼ੇਰ ਸੰਧੂ ਉਹਨੀਂ ਦਿਨੀਂ ਸਿੱਖ ਨੈਸ਼ਨਲ ਕਾਲਜ ਬੰਗੇ ਵਿਚ ਪੰਜਾਬੀ ਦਾ ਐਡਹਾਕ ਲੈਕਚਰਾਰ
ਸੀ। ਜੇ ਉਹ ਰੈਗੂਲਰ ਲੈਕਚਰਾਰ ਹੁੰਦਾ ਤਾਂ ਹੋਰ ਗੱਲ ਸੀ। ਫਿਰ ਉਸ ਨੇ ਆਸੇ ਪਾਸੇ ਨਹੀਂ ਸੀ
ਝਾਕਣਾ। ਉਹਦੇ ਸਹੁਰੇ ਗੁਣਾਚੌਰ ਸਨ ਜੋ ਬੰਗੇ ਦੇ ਨਾਲ ਲੱਗਦਾ ਪਿੰਡ ਹੈ। ਫਿਰ ਸ਼ਾਇਦ ਉਹ
ਪੰਜਾਬੀ ਟ੍ਰਿਬਿਊਨ ਦੀ ਸਬ ਐਡੀਟਰੀ ਲਈ ਅਰਜ਼ੀ ਨਾ ਦਿੰਦਾ। ਸ਼ਮਸ਼ੇਰ ਨੇ ਮੇਰੇ ਨਾਲ ਸਲਾਹ
ਕੀਤੀ ਕਿ ਕੰਵਲ ਸਾਹਿਬ ਤੋਂ ਰੰਧਾਵਾ ਸਾਹਿਬ ਕੋਲ ਸਿਫ਼ਾਰਸ਼ ਕਰਵਾਈ ਜਾਵੇ। ਮੈਂ ਕੰਵਲ
ਸਾਹਿਬ ਨੂੰ ਤਿਆਰ ਕਰ ਲਿਆ ਕਿ ਸ਼ਮਸ਼ੇਰ ਉਨ੍ਹਾਂ ਨੂੰ ਮੋਟਰ ਸਾਈਕਲ ‘ਤੇ ਖਰੜ ਲੈ ਜਾਵੇਗਾ।
ਰੰਧਾਵਾ ਸਾਹਿਬ ਕੰਵਲ ਦੀ ਇੱਜ਼ਤ ਕਰਦੇ ਸਨ। ਪਰ ਇਸ ਸਿਫ਼ਾਰਸ਼ ਦੀ ਲੋੜ ਹੀ ਨਾ ਪਈ ਕਿਉਂਕਿ
ਐਸ ਪੀ ਸਿੰਘ ਤੇ ਬਰਜਿੰਦਰ ਸਿੰਘ ਨੇ ਹੀ ਬੇੜੀ ਬੰਨੇ ਲਾ ਦਿੱਤੀ।
ਸ਼ਮਸ਼ੇਰ ਜਿਹੜਾ ਸੋਲਾਂ ਸਤਾਰਾਂ ਸਾਲ ਦੀ ਉਮਰ ਤਕ ਮਦਾਰਪੁਰੇ ਰਿਹਾ, ਬਾਈ ਤੇਈ ਸਾਲ ਦੀ ਉਮਰ
ਤਕ ਲੁਧਿਆਣੇ, ਉਹ ਦੋ ਸੈਸ਼ਨ ਬੰਗੇ ਕਾਲਜ ਵਿਚ ਪੜ੍ਹਾ ਕੇ ਪੰਜਾਬੀ ਟ੍ਰਿਬਿਊਨ ਦਾ ਸਬ ਐਡੀਟਰ
ਬਣ ਗਿਆ। ਉਦੋਂ ਤੋਂ ਉਹ ਚੰਡੀਗੜ੍ਹੀਆ ਬਣਿਆ ਹੋਇਆ ਹੈ। ਉਥੇ ਉਸ ਨੇ ਕੋਠੀ ਵੀ ਪਾ ਲਈ।
ਰਿਟਾਇਰਮੈਂਟ ਪਿੱਛੋਂ ਉਹ ਕਦੇ ਚੰਡੀਗੜ੍ਹ ਹੁੰਦੈ, ਕਦੇ ਗੁਣਾਚੌਰ-ਲਗੇਰੀ ਤੇ ਕਦੇ ਬਾਹਰ
ਅੰਦਰ ਤੋਰੇ ਫੇਰੇ ਉਤੇ। ਲਗੇਰੀ ਉਹਦੇ ਨਨਹੁਰੇ ਹਨ। ਇਉਂ ਉਹ ਦੁਆਬੀਆ ਬਣ ਗਿਆ। ਮਦਾਰੇ ਤਾਂ
ਉਹ ਠੇਕਾ ਲੈਣ ਹੀ ਜਾਂਦਾ ਹੈ।
ਚਕਰ ਮੈਂ ਵੀ ਜ਼ਮੀਨ ਦਾ ਠੇਕਾ ਲੈਣ ਹੀ ਜਾਂਦਾ ਹਾਂ। ਸੱਤ ਅੱਠ ਮਹੀਨੇ ਕੈਨੇਡਾ ਵਿਚ ਰਹਿਨਾਂ
ਤੇ ਸਿਆਲ ਦੇ ਚਾਰ ਪੰਜ ਮਹੀਨੇ ਮੁਕੰਦਪੁਰ। ਤਦੇ ਸਾਨੂੰ ਦੁਆਬੀਏ ਕਿਹਾ ਜਾਂਦੈ। ਬਚਪਨ ਸਾਡਾ
ਇਕੋ ਜਿਹਾ ਸੀ। ਉਸ ਨੇ ਵੀ ਨੱਕੇ ਹੁੰਦਿਆਂ ਡੰਗਰ ਚਾਰੇ ਤੇ ਮੈਂ ਵੀ ਮੱਝਾਂ ਨੂੰ ਮੋੜੇ
ਲਾਉਂਦਾ ਰਿਹਾ। ਉਹ ਜਗਰਾਓਂ ਰੋਸ਼ਨੀ ਦੇ ਮੇਲੇ ‘ਚੋਂ ਚਿੱਠੇ ਲਿਆ ਕੇ ਪੜ੍ਹਦਾ ਤੇ ਮੈਂ
ਤਖਤੂਪੁਰੇ ਮਾਘੀ ਦੇ ਮੇਲੇ ‘ਚੋਂ ਚਿੱਠੇ ਚੋਰੀ ਕਰਦਾ। ਅਸੀਂ ਦੀਵਿਆਂ ਦੀ ਲੋਅ ਵਿਚ ਕਿੱਸੇ
ਪੜ੍ਹਦੇ। ਸਾਹਿਤ ਦੇ ਬੀਜ ਸਾਡੇ ਅੰਦਰ ਕਿੱਸਿਆਂ ਵਿਚ ਦੀ ਬੀਜੇ ਗਏ। ਬਨੇਰੇ ਤੇ ਵੱਜਦਾ ਲਾਊਡ
ਸਪੀਕਰ ਸਾਡਾ ਬਚਪਨ ਦਾ ਮਨਭਾਉਂਦਾ ਮਨੋਰੰਜਨ ਸੀ। ਪਛੜੇ ਪਿੰਡਾਂ ‘ਚ ਪੜ੍ਹਦੇ ਹੋਏ ਅਸੀਂ
ਸ਼ਹਿਰਾਂ ਵਿਚ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਲੈਣ ਅੱਪੜੇ। ਦੋਹੇਂ ਪੰਜਾਬੀ ਦੇ ਲੈਕਚਰਾਰ
ਲੱਗੇ। ਮੈਂ ਲੈਕਚਰਾਰ ਹੀ ਲੱਗਾ ਰਿਹਾ ਜਦ ਕਿ ਸ਼ਮਸ਼ੇਰ ਪੱਤਰਕਾਰੀ ਵੱਲ ਉਡਾਰੀ ਮਾਰ ਗਿਆ।
ਮੁੱਢ ਵਿਚ ਅਸੀਂ ਦੋਵੇਂ ਕਹਾਣੀਆਂ ਲਿਖਣ ਲੱਗੇ ਸਾਂ ਪਰ ਮੈਂ ਖੇਡਾਂ ਤੇ ਖਿਡਾਰੀਆਂ ਵੱਲ ਕਲਮ
ਮੋੜ ਲਈ ਤੇ ਉਹ ਗਾਇਕਾਂ ਤੇ ਗੀਤਕਾਰਾਂ ਬਾਰੇ ਕਲਮ ਚਲਾਉਣ ਲੱਗ ਪਿਆ। ਹੁਣ ਉਹ ਗੀਤਾਂ ਤੇ
ਗਾਇਕਾਂ ਦਾ ਗੀਤਕਾਰ ਵਜਦਾ ਹੈ ਅਤੇ ਮੈਂ ਖੇਡਾਂ ਤੇ ਖਿਡਾਰੀਆਂ ਦਾ ਖੇਡ ਲੇਖਕ।
ਅਸੀਂ ਸੋਚਦੇ ਹਾਂ ਜੇ ਕਹਾਣੀਆਂ ਹੀ ਲਿਖੀ ਜਾਂਦੇ ਤਾਂ ਪੰਜਾਬੀ ਦੇ ਦਰਜਨਾਂ ਕਹਾਣੀਕਾਰਾਂ
ਵਿਚ ਦੋ ਜਣਿਆਂ ਦਾ ਹੋਰ ਵਾਧਾ ਹੋ ਜਾਂਦਾ। ਗੁਲਜਾਰ ਸੰਧੂ ਤੇ ਵਰਿਆਮ ਸੰਧੂ ਨਾਲ ਦੋ ਹੋਰ
ਸੰਧੂ ਕਹਾਣੀਕਾਰ ਰਲ ਜਾਂਦੇ। ਪਰ ਜਿਹੜੇ ਅਖਾੜੇ ਅਸੀਂ ਗਾਹੇ ਉਹ ਕਿਸੇ ਹੋਰ ਨੂੰ ਗਾਹੁਣੇ
ਪੈਂਦੇ। ਅਸੀਂ ਲੀਹੋਂ ਉੱਤਰ ਕੇ ਤੇ ਨਵੀਂ ਲੀਹ ਪਾ ਕੇ ਚੰਗਾ ਹੀ ਕੀਤਾ। ਹੁਣ ਸਾਡਾ ਮਾਣ
ਸਨਮਾਨ ਵੀ ਵੱਧ ਹੁੰਦੈ। ਜਦੋਂ ਮਾਣ-ਸਨਮਾਣ ਹੋਣ ਲੱਗ ਪਏ ਅਖ਼ਬਾਰਾਂ ਰਸਾਲਿਆਂ ‘ਚ ਤਸਵੀਰਾਂ
ਛਪਣ ਲੱਗ ਪੈਂਦੀਐਂ। ਮੁਫ਼ਤ ਦੀ ਮਸ਼ਹੂਰੀ ਕੀਹਨੂੰ ਮਾੜੀ ਹੈ? ਸ਼ਮਸ਼ੇਰ ਦੇ ਤਾਂ ਕੁੜੀਆਂ
ਚਿੜੀਆਂ ਵੀ ਆਟੋਗਰਾਫ ਲਈ ਜਾਂਦੀਐਂ!
ਸ਼ਮਸ਼ੇਰ ਪਹਿਲਾਂ ਸੰਧੂ ਮਦਾਰਪੁਰੀਆ ਕਹਾਉਂਦਾ ਸੀ। ਮਦਾਰਪੁਰੇ ਤੇ ਆਲੇ ਦੁਆਲੇ ਦੇ ਪਿੰਡਾਂ
ਵਿਚ ਗਾਉਣ ਸੁਣਦਾ ਤੇ ਜਲਸੇ ਵੇਖਦਾ ਸੀ। ਬੈਠਕ ਵਿਚ ਤੂੰਬੀ ਰੱਖਦਾ ਸੀ ਤੇ ਕੰਸ ਉਤੇ ਦਾਰੇ
ਪਹਿਲਵਾਨ ਦੀ ਤਸਵੀਰ ਸਜਾਈ ਹੁੰਦੀ ਸੀ। ਉਨ੍ਹਾਂ ਨੂੰ ਉਹ ਧੂਫ ਦਿੰਦਾ ਸੀ। ਉਸ ਦੇ ਘਰਦਿਆਂ
ਨੇ ਉਹਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਲਈ ਸਾਇੰਸ ਦੀ ਪੜ੍ਹਾਈ ਵੱਲ ਲਾਇਆ, ਪਰ ਉਹ ਪੰਜਾਬੀ
ਵੱਲ ਮੋੜ ਕੱਟ ਗਿਆ। ਪੰਜਾਬੀ ਵੱਲ ਕੱਟਿਆ ਮੋੜ ਹੀ ਉਸ ਨੂੰ ਪੱਤਰਕਾਰੀ ਵੱਲ ਲੈ ਗਿਆ।
ਪੱਤਰਕਾਰੀ ਉਹਦੀ ਗੀਤਕਾਰੀ ਵਿਚ ਸਹਾਈ ਹੋਈ। ਗੀਤ ਗਾਉਣ ਲਈ ਉਸ ਨੂੰ ਸੁਰਜੀਤ ਬਿੰਦਰੱਖੀਆ
ਮਿਲ ਗਿਆ। ਦੋਹਾਂ ਨੇ ਇਕ ਦੂਜੇ ਨੂੰ ਉਤਾਂਹ ਤੋਂ ‘ਤਾਂਹ ਚੜ੍ਹਾਇਆ। ਦੀਦਾਰ ਸੰਧੂ ਦੇ ਗੀਤਾਂ
ਵਾਂਗ ਉਨ੍ਹਾਂ ਦੀ ਜੋੜੀ ਚੁਬਾਰੇ ਚੜ੍ਹਨ ਲੱਗੀ। ਬੱਚੀਆਂ ਪੁਆਉਣ ਲੱਗੀ! ਉਹਦਾ ਗੀਤ ਹੈ:
ਬਿੰਦਰੱਖੀਏ ਜਿਹਾ ਕੋਈ ਨਹੀਂ ਹੋਣਾ ਉਹਦਾ ਦੇਣਾ ਨਹੀਂ ਦੇ ਨਈਂ ਹੋਣਾ
ਹੰਸਰਾਜ ਮੰਨਦਾ ਰਿਹਾ ਕਹਿਣਾ ਉਹ ਤਾਂ ਸਦਾ ਹੈ ਚੇਤੇ ਰਹਿਣਾ
ਨੂਰੀ, ਮਾਣਕ, ਚੀਮਾ, ਵਾਰਸ ਇਹਨਾਂ ਵੀ ਦਿੱਤੀ ਮੈਨੂੰ ਢਾਰਸ
ਬਿੱਟੀ ਚੜ੍ਹੀ ਜਾਂ ਮੈਂ ਚੜ੍ਹਾਈ ਹੁਣ ਕੁਝ ਕਹਿ ਨਹੀਂ ਸਕਦਾ ਭਾਈ
ਗੁਰਦਾਸ ਮਾਨ, ਸਰਦੂਲ ਤੇ ਛਿੰਦਾ ਗੱਬਰ, ਸੱਤੀ, ਕੁਲਬੀਰ ਤੇ ਭਿੰਦਾ
ਜਗਮੋਹਨ ਕੌਰ, ਖਾਨ ਅਤੇ ਮਲਕੀਤ ਕੰਠ, ਦਿਲਸ਼ਾਦ ਤੇ ਮਨਪ੍ਰੀਤ
ਸਰਬਜੀਤ, ਨੈਨਸੀ ਤੇ ਸਿੰਮੀ ਕੰਠ, ਮਾਵੀ, ਪਰਮਿੰਦਰ, ਪੰਮੀ
ਲਾਡੀ, ਥਾਂਦੀ, ਹਰਦੀਪ, ਨਛੱਤਰ ਕੁਲ ਗਿਣਤੀ ਹੈ ਸੱਤਰ-ਬਹੱਤਰ
ਪੱਤਰਕਾਰੀ ਕਰਦਿਆਂ ਉਹ ਗਾਇਕਾਂ ਤੇ ਗੀਤਕਾਰਾਂ ਦੇ ਫੀਚਰ ਲਿਖਣ ਲੱਗਾ, ਜਿਸ ਦੀ ਪਾਠਕਾਂ ਨੇ
ਭਰਪੂਰ ਪ੍ਰਸੰਸਾ ਕੀਤੀ। ਉਸ ਨੇ ਪਾਕਿਸਤਾਨੀ ਪੰਜਾਬੀ ਗੀਤਾਂ ਦੇ ਦੋ ਸੰਗ੍ਰਹਿ ‘ਉਚਾ ਬੁਰਜ
ਲਾਹੌਰ ਦਾ’ ਤੇ ‘ਟਾਂਗੇ ਵਾਲਾ ਖੈ਼ਰ ਮੰਗਦਾ’ ਤਿਆਰ ਕੀਤੇ। ਫਿਰ ਗਵੱਈਆਂ ਦੇ ਰੇਖਾ ਚਿੱਤਰਾਂ
ਦੀਆਂ ਦੋ ਪੁਸਤਕਾਂ ‘ਲੋਕ ਸੁਰਾਂ’ ਤੇ ‘ਸੁਰ ਦਰਿਆਓਂ ਪਾਰ ਦੇ’ ਪ੍ਰਕਾਸ਼ਤ ਕਰਵਾਈਆਂ। ਜਦੋਂ
ਇਹ ਪੁਸਤਕਾਂ ਛਪੀਆਂ ਤਾਂ ਢੁੱਡੀਕੇ ਮੈਨੂੰ ਚਿੱਠੀ ਆਈ, “ਅਗਲੇ ਹਫ਼ਤੇ ਤੇਰੇ ਬੂਹੇ ਤੇ ਲੋਕ
ਸੁਰਾਂ ਦਸਤਕ ਦੇਣਗੀਆਂ। ਨਾਲ ਸੁਰ ਦਰਿਆਓਂ ਪਾਰ ਦੇ ਵੀ ਸੁਣਨਗੇ।” ਉਨ੍ਹਾਂ ਕਿਤਾਬਾਂ ਵਿਚ
ਭਾਰਤੀ ਤੇ ਪਾਕਿਸਤਾਨੀ ਗਾਇਕਾਂ ਦੇ ਸੰਖੇਪ ਕਲਮੀ ਚਿਤਰ ਸਨ। ਕਹਾਣੀ ਸੰਗ੍ਰਹਿ ‘ਕੋਈ ਦਿਓ
ਜਵਾਬ’, ਸੰਪਾਦਤ ਪੁਸਤਕ ‘ਪੰਜਾਬੀ ਕਹਾਣੀ ਦਾ ਅੱਜ’, ਗੀਤਾਂ ਦੀ ਕਿਤਾਬ ‘ਮੇਰੇ ਚੋਣਵੇਂ
ਗੀਤ’ ਤੇ ਜੀਵਨੀ ‘ਇਕ ਪਾਸ਼ ਇਹ ਵੀ’ ਛਪਵਾਉਣ ਨਾਲ ਉਸ ਦੀਆਂ ਕੁਝ ਹੋਰ ਕਿਤਾਬਾਂ ਛਪਾਈ ਅਧੀਨ
ਹਨ। ਪੱਤਰਕਾਰੀ ਕਰਦਿਆਂ ਉਹ ਜਿਹੜੇ ਕਾਲਮ ਲਿਖਦਾ ਰਿਹਾ ਉਨ੍ਹਾਂ ਦੀਆਂ ਬਾਅਦ ਵਿਚ ਪੁਸਤਕਾਂ
ਬਣਦੀਆਂ ਗਈਆਂ। ਕਰਦਾ ਮੈਂ ਵੀ ਇਹੋ ਕੁਛ ਰਿਹਾਂ। ਤਦੇ ਤਾਂ ਕਿਹਾ ਸਾਡਾ ਕਾਫੀ ਕੁਝ ਰਲਦਾ
ਮਿਲਦਾ।
ਇਕ ਕਿਤਾਬ ਦੀ ਭੂਮਿਕਾ ਵਿਚ ਉਹ ਲੋਕ-ਗਾਇਕਾਂ ਬਾਰੇ ਲਿਖਣ ਦਾ ਉਦੇਸ਼ ਇੰਜ ਬਿਆਨ ਕਰਦਾ ਹੈ,
“ਲੋਕ ਗਾਇਕਾਂ ਬਾਰੇ ਜਾਂ ਲੋਕ ਗਾਇਕੀ ਬਾਰੇ ਮੇਰੀ ਚਿਰ ਤੋਂ ਲਿਖਣ ਦੀ ਰੀਝ ਸੀ। ਮੈਨੂੰ ਇਹ
ਲੋਕ ਗਾਇਕ ਬਾਹਲੇ ਹੀ ਪਿਆਰੇ ਲੱਗਦੇ ਨੇ। ਸਾਡੇ ਆਮ ਜੀਵਨ ਵਿਚ ਇਨ੍ਹਾਂ ਦਾ ਅਹਿਮ ਰੋਲ ਹੈ,
ਇਸ ਨੂੰ ਕੋਈ ਵੀ ਚਤੁਰ ਤੇ ਸਨਕੀ ਦਿਮਾਗ ਝੁਠਲਾ ਨਹੀਂ ਸਕਦਾ। ਅਸ਼ਲੀਲ-ਅਸ਼ਲੂਲ ਦਾ ਰੌਲਾ-ਰੱਪਾ
ਕੋਈ ਨਵੀਂ ਗੱਲ ਨਹੀਂ। ਇਹ ਮੁੱਢ-ਕਦੀਮ ਤੋਂ ਨਾਲੋ-ਨਾਲ ਤੁਰਿਆ ਆਇਆ ਹੈ। ਨਾਲੇ ਉਂਜ ਵੀ
ਸਾਡਾ ਸਭਿਆਚਾਰ ਏਨਾ ਦੁਰਬਲ ਨਹੀਂ ਕਿ ਇੱਕੜ-ਦੁੱਕੜ ਗਾਇਕਾਂ ਦੇ ਗਾਏ ਗੀਤਾਂ ਨਾਲ ਵਿਗੜ
ਜਾਵੇਗਾ। ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਦੇ ਖਿਆਲ ਨਾਲ ਮੈਂ ਇਹ ਕੰਮ ਨਹੀਂ ਸੀ ਆਰੰਭਿਆ।
ਮੈਂ ਇਹ ਸਾਰਾ ਕੁਝ ਆਪਣੇ ਸੌ਼ਕ ਦੀ ਖਾਤਰ ਕੀਤਾ ਹੈ। ਇਸ ਦੇ ਨਾਲ ਜੇਕਰ ਸਭਿਆਚਾਰ ਦਾ ਵੀ
ਕੁਝ ਸੌਰ ਗਿਆ ਹੋਵੇ ਤਾਂ ਵਾਹ ਭਲਾ।”
ਉਸ ਨੇ ਹੁਣ ਤੱਕ ਪੰਜਾਹ-ਸੱਠ ਗਵੱਈਆਂ ਤੇ ਗਾਉਣ ਵਾਲੀਆਂ ਦੇ ਰੇਖਾ ਚਿੱਤਰ ਲਿਖੇ ਹੋਣਗੇ।
ਪੁਸਤਕ ‘ਲੋਕ ਸੁਰਾਂ’ ਵਿਚ ਦੋ ਕੁ ਦਰਜਨ ਗਾਇਕਾਂ ਦੇ ਕਲਮੀ ਚਿੱਤਰ ਮੌਜੂਦ ਹਨ। ਇਨ੍ਹਾਂ ‘ਚ
ਢਾਡੀ ਦੀਦਾਰ ਸਿੰਘ ਸ਼ੌਂਕੀ, ਲਾਲ ਚੰਦ ਯਮਲਾ ਜੱਟ ਤੇ ਜਗਤ ਸਿੰਘ ਜੱਗੇ ਵਰਗੇ ਪੁਰਾਣੀ
ਪੀੜ੍ਹੀ ਦੇ ਗਵੱਈਏ ਵੀ ਹਨ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਵਰਗੀਆਂ ਸਦਾਬਹਾਰ ਗਾਇਕਾਵਾਂ
ਵੀ ਅਤੇ ਕੁਲਦੀਪ ਮਾਣਕ, ਦੀਦਾਰ ਸੰਧੂ ਤੇ ਗੁਰਦਾਸ ਮਾਨ ਵਰਗੇ ਦੂਜੀ ਪੀੜ੍ਹੀ ਦੇ ਗਾਇਕ ਵੀ।
ਹੁਣ ਉਹ ਤੀਜੀ ਪੀੜ੍ਹੀ ਦੇ ਗਾਇਕਾਂ ਬਾਰੇ ਲਿਖ ਰਿਹੈ।
ਸੰਧੂ ਦੀਆਂ ਲਿਖਤਾਂ ਦੀ ਵੱਡੀ ਸਿਫਤ ਇਹ ਹੈ ਕਿ ਇਨ੍ਹਾਂ ਅੰਦਰ ਇਕ ਸਤਰ ਵੀ ਫਾਲਤੂ ਨਹੀਂ
ਹੁੰਦੀ। ਸੰਜਮੀ ਸੈ਼ਲੀ ਉਹਦਾ ਮੀਰੀ ਗੁਣ ਹੈ। ਮੇਰੀ ਜਾਚੇ ਇਹ ਪੱਤਰਕਾਰੀ ਦੇ ਕਿੱਤੇ ਦੀ
ਕਾਰੀਗਰੀ ਹੈ। ਪੱਤਰਕਾਰੀ ਦੀ ਛਾਂਗ-ਛੰਗਾਈ ਲਿਖਤ ਨੂੰ ਰੰਦ-ਤਰਾਸ਼ ਕੇ ਸਿੱਧਾ ਤੀਰ ਕਰ
ਦਿੰਦੀ ਹੈ। ਪੰਜਾਬੀ ਗਾਇਕੀ ਦੇ ਇਤਿਹਾਸ ਨੂੰ ਉਹ ਚੰਦ ਸ਼ਬਦਾਂ ਵਿੱਚ ਇੰਜ ਬਿਆਨਦਾ ਹੈ,
“ਪੰਜਾਬੀ ਗਾਇਕੀ ਦੇ ਪਿੜ ਵਿਚ ਕਈ ਹਨ੍ਹੇਰੀਆਂ ਆਈਆਂ, ਝੱਖੜ ਝੁੱਲੇ, ਇਕ ਸਮੇਂ ਕਵੀਸ਼ਰ ਛਾਏ
ਰਹੇ ਤੇ ਢਾਡੀਆਂ ਦਾ ਬੋਲਬਾਲਾ ਹੋਇਆ। ਲੁਧਿਆਣਾ ਜਦੋਂ ਪਹਿਲਾਂ-ਪਹਿਲ ਗਾਇਕਾਂ ਦਾ ਗੜ੍ਹ
ਬਣਿਆ ਤਾਂ ਗਾਉਣ ਵਾਲੀਆਂ ਜੋੜੀਆਂ ਦੀ ਚੜ੍ਹਤ ਹੋ ਗਈ ਤੇ ਪਿਛਲੇ ਕੁਝ ਸਾਲਾਂ ਤੋਂ
ਲੋਕ-ਗਾਥਾਵਾਂ, ਕਲੀਆਂ ਦੀ ਚੜ੍ਹ ਮੱਚੀ ਹੈ, ਡਫਲੀ ਦਾ ਫੈਸ਼ਨ ਚੱਲ ਪਿਆ ਹੈ।”
ਉਸ ਨੇ ਆਪਣੇ ਗੀਤਾਂ ਵਿਚ ਹੀ ਅਜੋਕੀ ਗਾਈਕੀ ਬਾਰੇ ਕਾਫੀ ਕੁਝ ਬਿਆਨ ਦਿੱਤੈ:
ਚੱਲੀ ਡਿਸਕੋ ਦੀ ਲਹਿਰ ਭੁੰਜੇ ਲੱਗਦੇ ਨਾ ਪੈਰ
ਸਾਡਾ ਤੂੰਬਾ ਤਾਂ ਵਿਚਾਰਾ ਤਾਰੋ ਤਾਰ ਹੋ ਗਿਆ
ਗਾਉਣ ਵਾਲਿਆਂ ਨੂੰ ਡਿਸਕੋ ਬੁਖ਼ਾਰ ਹੋ ਗਿਆ...
ਪਹਿਲਾਂ ਇਹਨੇ ਫਾਹਿਆ ਸਰਦੂਲ ਮਲਕੀਤ ਨੂੰ
ਫੇਰ ਇਹਨੇ ਫਾਹਿਆ ਹੰਸ ਰਾਜ ਹਰਦੀਪ ਨੂੰ
ਮਾਨ ਮਰ ਜਾਣਾ ਪਹਿਲਾਂ ਰਿਹਾ ਦੁਰਕਾਰਦਾ
ਹੁਣ ਗਾਉਂਦਾ ਜਿੰਨਾ ਛਾਲਾਂ ਓਨੀਆਂ ਹੀ ਮਾਰਦਾ...
ਡਿਸਕੋ ਦੇ ਰੋਗ ਵਿਚ ਰਾਗ ਸੁੱਕ ਜਾਵੇ ਨਾ
ਗੱਲ ਗੱਲਾਂ ਵਿਚ ਕਿਤੇ ਗੱਲ ਮੁੱਕ ਜਾਵੇ ਨਾ
ਬੀਨਾਂ ਤੇ ਸਰੰਗੀਆਂ ਦਾ ਲੱਕ ਟੁੱਟ ਜਾਵੇ ਨਾ
ਮਾਹੀਏ ਦੀ ਉਡੀਕ ਵਿਚ ਬਾਲ੍ਹੋ ਮੁੱਕ ਜਾਵੇ ਨਾ
ਦੇਖੋ ਡਿਸਕੋ ਦੇ ਰੰਗ ਸਭ ਹੋ ਗਏ ਨੇ ਦੰਗ
ਤਾਹੀਉਂ ਸੰਧੂ ਸ਼ਮਸ਼ੇਰ ਤੋਂ ਉਚਾਰ ਹੋ ਗਿਆ ਗਾਉਣ ਵਾਲਿਆਂ ਨੂੰ...
ਸਾਜ਼ ਆਉਣਗੇ ਹਜ਼ਾਰਾਂ ਸੰਧੂ ਤੂੰਬੀ ਨਹੀਉਂ ਜਾਣੀ
ਤੂੰਬੀ ਸਾਰੇ ਹੀ ਪੰਜਾਬੀਆਂ ਦੇ ਦਿਲਾਂ ਦੀ ਹੈ ਰਾਣੀ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਜੱਟ ਯਮ੍ਹਲੇ ਦੀ ਤੂੰਬੀ ਸਦਾ ਰਹੂ ਮੱਘਦੀ ਇਸ਼ਕੇ ਦੀ ਤੂੰਬੀ ਤੁਣ ਤੁਣ ਵੱਜਦੀ...
ਕੈਸਾ ਸਭਿਆਚਾਰ ਹੋ ਗਿਆ ਮੇਲਿਆਂ ਦਾ ਵਿਓਪਾਰ ਹੋ ਗਿਆ
ਰੁਲ਼ ਗਏ ਨੇ ਉਸਤਾਦ ਲੋਕ ਚੜ੍ਹ ਮੱਚ ਗਈ ਕੱਚਘੜ ਚੇਲੇ ਦੀ
ਪੈਸੇ ਲੈ ਕੇ ਨਾਚ ਹੈ ਨੱਚਦੀ ਅੱਜਕੱਲ੍ਹ ਸ਼ੌਕਣ ਮੇਲੇ ਦੀ...
ਉਹਦੀ ਲਿਖਤ ਦੀ ਇਕ ਸਿਫਤ ਕਿਸੇ ਗਾਇਕ ਦੇ ਗੁਣ ਜਾਂ ਔਗੁਣ ਨੂੰ ਨਾਟਕੀ ਢੰਗ ਨਾਲ ਬਿਆਨ ਕਰਨ
ਦੀ ਹੈ। ਸੁਰਿੰਦਰ ਕੌਰ ਬਾਰੇ ਲਿਖਣ ਦਾ ਪੈਂਤੜਾ ਉਹਨੇ ਇੰਜ ਬੰਨ੍ਹਿਆ, “ਪੈਂਤੀ ਸਾਲ।
ਮੂੰਹੋਂ ਕਹਿੰਦਿਆਂ ਸਕਿੰਟ ਨਹੀਂ ਲੱਗਦਾ-ਪੈਂਤੀ ਸਾਲ। ਪਰ ਜ਼ਰਾ ਕਿਆਸ ਕਰੋ, ਪੈਂਤੀਆਂ
ਸਾਲਾਂ ਦੇ ਨੂੰ ਅਜਕੱਲ੍ਹ ਕੋਈ ਜਵਾਨ ਨਹੀਂ ਕਹਿੰਦਾ। ਸਾਰਾ ਸਿਰ ਚਿੱਟਾ ਹੋ ਜਾਂਦੇ ਪੈਂਤੀਆਂ
ਸਾਲਾਂ ਦੀ ਉਮਰ ਵਿਚ। ਤੇ ਸੁਰਿੰਦਰ ਕੌਰ ਨੂੰ ਪੈਂਤੀਆਂ ਸਾਲਾਂ ਤੋਂ ਵੱਧ ਸਮਾਂ ਹੋ ਚੱਲਿਆ
ਪੰਜਾਬੀਆਂ ਦੇ ਮਨਾਂ ਉਤੇ ਰਾਜ ਕਰਦਿਆਂ।”
ਇਹ ਸਤਰਾਂ ਜਦੋਂ ਉਹਨੇ ਲਿਖੀਆਂ ਸਨ ਉਸ ਤੋਂ ਕਈ ਸਾਲ ਬਾਅਦ ਤਕ ਵੀ ਸੁਰਿੰਦਰ ਕੌਰ ਦਾ ਰਾਜ
ਕਾਇਮ ਰਿਹਾ। ਯਮਲੇ ਜੱਟ ਦੀ ਚਾਲ-ਢਾਲ ਉਹਨੇ ਇੰਜ ਚਿਤਰੀ ਸੀ, “ਚਿੱਟਾ ਕਲੀਆਂ ਵਾਲਾ ਕੁੜਤਾ,
ਚਿੱਟਾ ਚਾਦਰਾ, ਚਿਟੀ ਤੁਰਲੇ ਵਾਲੀ ਪੱਗ ਤੇ ਦੇਸੀ ਜੁੱਤੀ। ਇਹ ਪੁਸ਼ਾਕ ਪਾ ਕੇ ਉਹ ਘਰ
ਬੈਠਦਾ, ਇਹੋ ਪੁਸ਼ਾਕ ਪਾ ਕੇ ਕਚਹਿਰੀ ਜਾਂਦਾ ਤੇ ਇਸੇ ਪੁਸ਼ਾਕ ਨਾਲ ਕਨੇਡਾ ਦਾ ਟੂਰ ਲਾ
ਆਇਐ। ਲਾਲ ਚੰਦ ਯਮਲਾ ਜੱਟ ਪੰਜਾਬੀ ਲੋਕ ਗਾਇਕੀ ਦਾ ਧੰਨਭਾਗ ਹੈ।”
ਆਸਾ ਸਿੰਘ ਮਸਤਾਨੇ ਦਾ ਹੁਲੀਆ ਉਹਨੇ ਇੰਜ ਬਿਆਨਿਆ, “ਦੇਖਣੀ ਪਾਖਣੀ ਤੋਂ ਆਸਾ ਸਿੰਘ ਮਸਤਾਨਾ
ਗਾਇਕ ਨਹੀਂ ਲੱਗਦਾ। ਚੌੜੀ ਫਿਫਟੀ ਨਾਲ ਢਕਿਆ ਤਿੰਨ-ਚੌਥਾਈ ਮੱਥਾ, ਬਹੁਤਾ ਪਾਣੀ ਛਿੜਕ ਕੇ
ਬੰਨ੍ਹੀ ਹੋਈ ਮਾਵੇ ਵਾਲੀ ਨਿਕਚੂ ਪੰਜ-ਗਜ਼ੀ ਪੱਗ। ਡੋਰ ਨਾਲ ਕੱਸ ਕੇ ਬੰਨ੍ਹੀ ਹੋਈ ਦਾੜ੍ਹੀ,
ਜਿਸ ਦੇ ਨਤੀਜੇ ਵਜੋਂ ਗੱਲ੍ਹਾਂ ਦਾ ਮਾਸ ਲਮਕਣ ਲੱਗ ਗਿਐ। ਤੌੜੇ ਜਿਡਾ ਢਿਡ। ਪੈਂਟ ਤੇ
ਬੁਸ਼ਰਟ। ਪਊਏ ਵਰਗਾ ਕੱਦ। ਕੌਣ ਮੰਨੇਗਾ ਪਹਿਲੀ ਨਜ਼ਰੇ ਕਿ ਇਹ ਗਾਇਕ ਹੈ, ਪਰ ਜਦੋਂ ਅੱਖਾਂ
ਅਧਮੀਚੀਆਂ ਕਰ ਕੇ ਉਹ ਸੁਰੀਲੇ ਗਲੇ ‘ਚੋਂ ਬੋਲ ਕੱਢਦਾ ਹੈ ਤਾਂ ਮੱਲੋ-ਮੱਲੀ ਸਰੋਤੇ ਦੇ
ਕਾਲਜੇ ਨੂੰ ਧੂਹ ਪੈ ਜਾਂਦੀ ਹੈ।”
ਵੱਖ-ਵੱਖ ਕਲਾਕਾਰਾਂ ਸਬੰਧੀ ਸੰਧੂ ਦੀਆਂ ਕਈ ਨਿਚੋੜਵੀਆਂ ਟਿੱਪਣੀਆਂ ਹਨ:
-ਜਗਤ ਸਿੰਘ ਜੱਗੇ ਨੂੰ ਸਟਾਰ ਬਣਾਉਣ ਵਿਚ ਵੱਡਾ ਰੋਲ ਅਦਾ ਕੀਤਾ ਉਹਦੇ ਡਾਕੂਪੁਣੇ ਨੇ।
-ਜਸਵੰਤ ਭੰਵਰਾ ਲੋਕਾਂ ਦਾ ਗਾਇਕ ਨਹੀਂ। ਗਾਇਕ ਦਾ ਗਾਇਕ ਹੈ।
-ਹਰਚਰਨ ਗਰੇਵਾਲ ਨੇ ਗੀਤਾਂ ਦੇ ਸਿਰ ਤੇ ਯੂਪੀ ‘ਚ ਪੰਜ ਲੱਖ ਦਾ ਫਾਰਮ ਬਣਾ ਲਿਐ। ਉਹਦੇ ਪੰਜ
ਨਿਆਣੇ ਹਨ ਤੇ ਹੁਣ ਤੱਕ ਕੋਈ ਤਿੰਨ ਸੌ ਗੀਤ ਰਿਕਾਰਡ ਕਰਵਾ ਚੁੱਕੈ।
-ਸਟੰਟ, ਭੜਕੀਲੇ ਤੇ ਚਟਪਟੇ ਗੀਤ ਗਾਉਣ ਦਾ ਦੌਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਤੋਂ ਸੁਰੂ
ਹੋਇਆ।
-ਕੁਲਦੀਪ ਮਾਣਕ ਅੱਜ ਪੰਜਾਬੀ ਲੋਕ ਗਾਇਕੀ ਦੀ ਟੀਸੀ ‘ਤੇ ਬੈਠਾ ਹੈ।
-ਜਗਮੋਹਨ ਕੌਰ ਦੀ ਟੀਮ ਵਿਚ ਜਗਮੋਹਨ ਕੌਰ ਹੀ ਸਭ ਕੁੱਝ ਹੈ।
ਸੰਧੂ ਦੀਆਂ ਕਈ ਤੁਲਨਾਵਾਂ ਤੇ ਉਪਮਾਵਾਂ ਅਸਲੋਂ ਸੱਜਰੀਆਂ ਹਨ। ਹਾਕਮ ਸੂਫੀ ਦੇ ਰੰਗ ਨੂੰ ਉਹ
ਗੁੜ ਦੇ ਕੜਾਹ ਵਰਗਾ ਲਿਖਦਾ ਹੈ ਤੇ ਚੋਂਦੇ-ਚੋਂਦੇ ਗੀਤਾਂ ਨਾਲ ਲੋਕਾਂ ਦੀਆਂ ਜੇਬਾਂ ‘ਚੋਂ
ਪੈਸੇ ਕਢਵਾਉਣ ਨੂੰ ਭੋਲੇ-ਭਾਲੇ ਲੋਕਾਂ ਦੀਆਂ ਜੇਬਾਂ ਨਾਲ ਬਲਾਤਕਾਰ ਕਰਨਾ ਆਖਦਾ ਹੈ। ਆਖਦਾ
ਹੈ ਕਿ ਸਾਡੇ ਲੋਕਾਂ ਉੱਪਰ ਤਸ਼ੱਦਦ ਕੇਵਲ ਪੁਲਿਸ ਤੇ ਗੁੰਡੇ ਹੀ ਨਹੀਂ ਕਰਦੇ, ਕਈ ਵਾਰ
ਕਲਾਕਾਰ ਵੀ ਕਰਦੇ ਹਨ।
ਫਿਲਮੀ ਗਾਇਕੀ ਨੂੰ ਉਹ ਲੋਕ ਗਾਇਕੀ ਦੀ ਵੈਰਨ ਦੱਸਦਾ ਹੈ, “ਫਿਲਮੀ ਗਾਇਕੀ ਹਮੇਸ਼ਾਂ
ਲੋਕ-ਗਾਇਕੀ ਨੂੰ ਢਾਹ ਲਾਉਂਦੀ ਆਈ ਹੈ। ਫਿਲਮੀ ਸੰਗੀਤਕਾਰ ਲੋਕ-ਧੁਨਾਂ ਦੀ ਐਸੀ ਖੋਹ-ਖੰਭ
ਕਰਦੇ ਨੇ ਪਈ ਇਕ ਵਾਰ ਉਨ੍ਹਾਂ ਦੇ ਟੇਟੇ ਚੜ੍ਹੀ ਲੋਕ-ਧੁਨ ਮੁੜ ਕੇ ਨਾ ਘਰ ਦੀ ਰਹਿੰਦੀ ਹੈ
ਨਾ ਘਾਟ ਦੀ। ਫਿਲਮ ‘ਕਭੀ-ਕਭੀ’ ਵਿਚ ਪੰਜਾਬੀ ਦੇ ਅਤਿ ਦਰਦੀਲੇ ਗੀਤ ਚਿੜੀਆਂ ਦਾ ਚੰਬਾ ਨੂੰ
ਰੁਮਾਂਚਿਕਤਾ ਦੀ ਪੁੱਠ ਚਾੜ੍ਹ ਦਿੱਤੀ। ਕਿਸੋ਼ਰ ਕੁਮਾਰ ਨੇ ਪੰਜਾਬੀ ਤਰਜ਼ ਜਿੰਦੂਆ ਵਿਚ
ਉਰਲੀਓ ਉਰਲੀਏ ਵਾੜ ਦਿੱਤਾ। ਇੰਦਰਜੀਤ ਸਿੰਘ ਤੁਲਸੀ ਨੇ ‘ਕੋਠੇ ਤੇ ਕਾਂ ਬੋਲੇ’ ਆਦਿ ਬਾਲ੍ਹੋ
ਮਾਹੀਆ ਦੇ ਟੱਪਿਆਂ ਨੂੰ ਏਕ ਤਾਲ ਪੇ ਤੋਤਾ ਬੋਲੇ ਦੇ ਕੱਪੜੇ ਪੁਆ ਦਿੱਤੇ। ਫਿਲਮ ਪ੍ਰਤਿਗਿਆ
ਵਿੱਚ ਮਿਰਜ਼ਾ ਗਵਾ ਕੇ ਸੱਦ ਤਰਜ਼ ਦੀ ਜੜ੍ਹ ਵੱਢ ਦਿਤੀ।”
ਸ਼ਮਸ਼ੇਰ ਦੀ ਰਚਨਾ ਮੈਂ ਇਕੋ ਸਾਹ ਪੜ੍ਹ ਸੁਣ ਲੈਂਦਾ ਹਾਂ। ਇਹਦਾ ਇਕ ਕਾਰਨ ਸੰਧੂ ਦੀ ਕਬਿੱਤ
ਵਰਗੀ ਵਾਰਤਕ ਹੈ ਤੇ ਦੂਜਾ ਸਾਡਾ ਆਪਸੀ ਮੋਹ ਪਿਆਰ ਹੈ। ਮੈਂ ਖਿਡਾਰੀਆਂ ਨੂੰ ਪਿਆ ਹੋਇਆਂ,
ਉਹ ਗਵੱਈਆਂ ਨੂੰ ਪਿਆ ਹੋਇਐ। ਉਹਨੇ ਗੀਤਕਾਰੀ ਦੀ ਝੰਡੀ ਕਰ ਦਿੱਤੀ ਹੈ। ਨਿੱਕਾ ਹੁੰਦਾ ਮੈਂ
ਗੋਲੇ ਵਾਲਾ ਪਰਦੁਮਣ ਸਿੰਘ ਬਣਨ ਦੇ ਸੁਪਨੇ ਲਿਆ ਕਰਦਾ ਸੀ ਤੇ ਮੇਰੀ ਜਾਚੇ ਸ਼ਮਸ਼ੇਰ ਵੀ ਤੂੰਬੀ
ਵਾਲਾ ਯਮਲਾ ਜੱਟ ਬਣਨ ਦੀ ਕਲਪਨਾ ਕਰਦਾ ਰਿਹਾ ਹੋਵੇਗਾ। ਜਾਪਦਾ ਹੈ ਇਹ ਸਾਡੀਆਂ ਅਧੂਰੀਆਂ
ਖ਼ਾਹਿਸ਼ਾਂ ਹੀ ਹਨ, ਜੋ ਕਲਮ ਰਾਹੀਂ ਪੂਰਾ ਹੋਣਾ ਲੋਚ ਰਹੀਆਂ ਹਨ।
ਤੇਜ਼ਤਰਾਰ ਖਿਡਾਰੀਆਂ ਦੇ ਕਲਮੀ ਚਿੱਤਰ ਉਲੀਕਣ ਲਈ ਮੈਂ ਜਾਣ ਬੁੱਝ ਕੇ ਛੋਟੇ ਵਾਕਾਂ ਵਾਲੀ
ਵਾਰਤਕ ਸੈ਼ਲੀ ਅਪਨਾਈ ਸੀ ਤਾਂ ਜੋ ਮੁੜ੍ਹਕੋ-ਮੁੜਕੀ ਹੋਏ ਖਿਡਾਰੀਆਂ ਬਾਰੇ ਪੜ੍ਹਨ ਸੁਣਨ
ਵਾਲਿਆਂ ਦਾ ਵੀ ਸਾਹ ਚੜ੍ਹਿਆ ਰਵੇ। ਸੰਧੂ ਨੇ ਗਾਇਕਾਂ ਦੀ ਗੱਲ ਕਰਨ ਲਈ ਕਬਿੱਤਨੁਮਾ ਸ਼ੈਲੀ
ਵੀ ਸੋਚ ਸਮਝ ਕੇ ਹੀ ਅਪਣਾਈ ਲੱਗਦੀ ਹੈ। ਉਹ ਲੋਕ ਸੁਰਾਂ ਦਾ ਮੁੱਖਬੰਦ ਇੰਜ ਸੁਰੂ ਕਰਦਾ ਹੈ,
“ਬਾਪੂ ਦੀ ਬੁੱਕਲ ‘ਚ ਬੈਠ ਕੇ ਜਲਸੇ ਦੇਖੇ। ਨਕਲੀਏ ਸੁਣੇ। ਰਾਸਾਂ ਪੈਂਦੀਆਂ ਤੱਕੀਆਂ। ਇਉਂ
ਗੀਤ ਸੰਗੀਤ ਦਾ ਕੰਨ-ਰਸ ਪੈ ਗਿਆ।”
ਇਨ੍ਹਾਂ ਨਿੱਕੇ-ਨਿੱਕੇ ਵਾਕਾਂ ਦਾ ਵਿਸ਼ਲੇਸ਼ਣ ਬੜਾ ਦਿਲਚਸਪ ਹੋ ਸਕਦਾ ਹੈ ਪਰ ਮੈਂ ਲੇਖ ਲੰਮਾ
ਹੋ ਜਾਣ ਦੇ ਡਰੋਂ ਛੋਹ ਮਾਤਰ ਹੀ ਜਿ਼ਕਰ ਕਰਦਾ ਹਾਂ। ਪਹਿਲੇ ਵਾਕ ਦੇ ਤਿੰਨ ਸ਼ਬਦ ਬੱਬੇ ਤੋਂ
ਸੁ਼ਰੂ ਹੁੰਦੇ ਹਨ ਜੋ ਵਾਕ ਨੂੰ ਖ਼ਾਸ ਲੈਅ ‘ਚ ਬੰਨ੍ਹਦੇ ਹਨ। ਬਾਪੂ, ਬੁੱਕਲ ਤੇ ਬੈਠ
ਸ਼ਬਦਾਂ ਵਿਚਕਾਰ ‘ਚ’ ਬੜੀ ਜੁਗਤ ਨਾਲ ਪਰੋਇਆ ਹੈ ਤਾਂ ਜੋ ਵਾਕ ਵਿਚ ਰਹਾਅ ਪੈਦਾ ਹੋਵੇ।
ਜੇਕਰ ‘ਚ ਸ਼ਬਦ ਦੀ ਥਾਂ ਵਿਚ ਲਿਖ ਦਿੱਤਾ ਜਾਂਦਾ ਤਾਂ ਵਾਕ ਲਮਕ ਜਾਣਾ ਸੀ। ਬਾਪੂ, ਬੁੱਕਲ
ਤੇ ਬੈਠ ਸ਼ਬਦਾਂ ਵਿਚ ਧੁਨੀ ਅਲੰਕਾਰ ਦੀ ਵਰਤੋਂ ਹੋਈ ਹੈ। ਬੁੱਕਲ ਤੇ ਜਲਸੇ ਅਤੇ ਅਗਾਂਹ
ਨਕਲੀਏ ਵਿਚਲੀ ਲੱਲੇ ਦੀ ਧੁਨੀ ਨੇ ਵਾਕਾਂ ਨੂੰ ਲੈਅਮਈ ਬਣਾਇਆ ਹੈ ਤੇ ਵਾਕਾਂ ਦੇ ਅੰਤਲੇ
ਸ਼ਬਦਾਂ ਦੀਆਂ ਲਾਵਾਂ ਨੇ ਵਾਕਾਂ ਨੂੰ ਰਹਾਅ ਬਖਸ਼ਿਆ ਹੈ। ਲੈਅ ਕੇਵਲ ਕਵਿਤਾ ਦੀ ਹੀ ਲੋੜ
ਨਹੀਂ, ਇਹ ਕਲਾਤਮਿਕ ਵਾਰਤਕ ਦੀ ਵੀ ਉਨੀ ਹੀ ਲੋੜ ਹੈ।
ਪੱਤਰਕਾਰੀ ਕਰਦਿਆਂ ਵੀ ਸ਼ਮਸ਼ੇਰ ਕਦੇ ਕਦੇ ਕਲਾਤਮਿਕ ਸ਼ਬਦਾਂ ਦੀ ਛੋਹ ਦੇ ਜਾਂਦਾ ਸੀ। ਜਦੋਂ
1984 ਦੇ ਭਾਂਬੜ ਬਲਣੇ ਸਨ, ਚੌਕ ਮਹਿਤੇ ਇਕ ਕਾਨਫਰੰਸ ਹੋਈ ਸੀ। ਦਿੱਲੀ ਦੇ ਜਥੇਦਾਰ ਸੰਤੋਖ
ਸਿੰਘ ਨੇ ਬੜਾ ਭੜਕੀਲਾ ਭਾਸ਼ਨ ਦਿੱਤਾ ਸੀ। ਭੜਕਾਹਟ ਵਿਚ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ
ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉੱਦਣ ਸ਼ਮਸ਼ੇਰ ਦੀ ਅਖ਼ਬਾਰ ਤਿਆਰ ਕਰਨ ਵੇਲੇ ਰਾਤ ਦੀ
ਸਿ਼ਫਟ ਸੀ। ਉਸ ਨੇ ਮੁੱਖ ਪੰਨੇ ‘ਤੇ ਸੁਰਖ਼ੀ ਲਾਈ-ਕੇਹੀ ਵਗੀ ਵਾ ਚੰਦਰੀ! ਸੱਚਮੁੱਚ ਉਸ
ਚੰਦਰੀ ‘ਵਾ ਦੇ ਵਰੋਲਿਆਂ ਵਿਚ ਹਜ਼ਾਰਾਂ ਜਾਨਾਂ ਰੁਲ਼ ਗਈਆਂ।
ਗੱਭਰੂ ਹੋ ਰਹੇ ਸ਼ਮਸੇ਼ਰ ਦੇ ਪੰਜ ਸੌਕ ਸਨ-ਗਾਉਣਾ, ਖੇਡਣਾ, ਪੜ੍ਹਨਾ, ਲਿਖਣਾ ਤੇ ਇਸ਼ਕ
ਕਰਨਾ। ਨਿੱਕਾ ਹੁੰਦਾ ਮਾਲ ਚਾਰਦਾ ਉਹ ਕਲੀਆਂ ਲਾਉਂਦਾ ਫਿਰਦਾ। ਜਦੋਂ ਉਹ ਮਿਰਜੇ ਦੀ ਸੱਦ
ਲਾਉਂਦਾ ਤਾਂ ਮਿਰਜੇ ਦੀ ਮੌਤ ਉੱਤੇ ਉਹਦਾ ਰੋਣ ਨਿਕਲ ਜਾਂਦਾ। ਸਵੇਰੇ ਉਹ ਮਾਲਸ਼ ਕਰਦਾ ਤੇ
ਡੰਡ ਬੈਠਕਾਂ ਕੱਢਦਾ। ਜੁੱਸਾ ਬਣਾਉਣ ਲਈ ਉਹਨੇ ਮਨੋ-ਮਨੀ ਦਾਰੇ ਪਹਿਲਵਾਨ ਨੂੰ ਇਸ਼ਟ ਧਾਰਿਆ
ਹੋਇਆ ਸੀ। ਉਹ ਅਜੇ ਐਮ. ਏ. ‘ਚ ਪੜ੍ਹਦਾ ਸੀ, ਜਦੋਂ ਉਸ ਨੇ ‘ਕੋਈ ਦਿਓ ਜਵਾਬ’ ਨਾਂ ਦਾ
ਕਹਾਣੀ ਸੰਗ੍ਰਹਿ ਛਪਵਾਇਆ। ਉਹਦੀਆਂ ਵੀਹ ਕੁ ਕਹਾਣੀਆਂ ‘ਚੋਂ ਬਾਰਾਂ ਕਹਾਣੀਆਂ ਪੰਜ-ਪੰਜ
ਥਾਂਈ ਛਪੀਆਂ। ਇਕੇਰਾਂ ਮੈਂ, ਸ਼ਮਸੇ਼ਰ ਤੇ ਜਗਜੀਤ ਨੇ ਸਾਂਝਾ ਕਹਾਣੀ ਸੰਗ੍ਰਹਿ ਛਪਵਾਉਣ ਦੀ
ਸਲਾਹ ਕੀਤੀ ਪਰ ਉਹ ਸਲਾਹ ਹੀ ਰਹੀ। ਸਾਥੋਂ ਹੋਰ ਕੰਮ ਹੀ ਨਹੀਂ ਮੁੱਕੇ ਜਦ ਕਿ ਜਗਜੀਤ
ਪਹਿਲਾਂ ਮੁੱਕ ਗਿਆ।
ਸ਼ਮਸ਼ੇਰ ਦੇ ਇਕ ਧੀ ਹੈ ਤੇ ਇਕ ਪੁੱਤਰ। ਸੁਖਮਨੀ ਤੇ ਗਗਨਜੀਤ। ਮੈਂ ਚੰਡੀਗੜ੍ਹ ਜਾਣਾ ਤਾਂ
ਅਕਸਰ ਸ਼ਮਸ਼ੇਰ ਕੋਲ ਠਹਿਰਨਾ। ਪੀਣ ਖਾਣ ਵੇਲੇ ਬੱਚਿਆਂ ਨੂੰ ਕੁਝ ਸੁਣਾਉਣ ਲਈ ਕਹਿਣਾ ਤਾਂ
ਦੋਹਾਂ ਨੇ ਰਲ ਕੇ ਗਾਉਣਾ-ਜੇਠ ਲਿਆਇਆ ਨੀ ਦਿੱਲੀਓਂ ਸੁਰਮੇਦਾਣੀ...। ਗੁਰਭਜਨ ਗਿੱਲ ਨੇ ਮੱਤ
ਦਿੰਦਿਆਂ ਕਹਿਣਾ, “ਓਏ ਤੂੰ ਇਹਨਾਂ ਨੂੰ ਵੀ ਆਪਣੇ ਆਪ ਨਾਲ ਈ ਰਲਾਈ ਜਾਨੈਂ। ਕੋਈ ਚੱਜ ਦੀ
ਗੱਲ ਨਾ ਸਿੱਖਣ ਦੇਹ।” ਬਾਅਦ ਵਿਚ ਗਗਨਜੀਤ ਡਾਕਟਰ ਬਣਿਆ ਜੋ ਅੱਜ ਕੱਲ੍ਹ ਨਿਊਯਾਰਕ ਵਿਚ ਰਹਿ
ਰਿਹੈ। ਸ਼ਮਸ਼ੇਰ ਹੋਰੀਂ ਉਥੇ ਗੇੜਾ ਕੱਢਣ ਲਈ ਹੀ ਜਾਂਦੇ ਹਨ, ਰਹਿਣ ਲਈ ਨਹੀਂ। ਹੁਣ ਤਾਂ
ਸੁੱਖ ਨਾਲ ਉਹਦਾ ਪੋਤਾ ਵੀ ਜੀਅ ਲੁਆਉਣ ਲੱਗ ਪਿਐ। ਉਸ ਦੀ ਧੀ ਪੂਨੇ ਵਿਆਹੀ ਹੈ ਤੇ ਉਹ ਇਕ
ਦੋਹਤੇ ਦਾ ਵੀ ਨਾਨਾ ਹੈ। ਪੋਤੇ ਦਾ ਨਾਂ ਵਰਦਾਨ ਰੱਖਿਆ ਹੈ ਤੇ ਦੋਹਤੇ ਦਾ ਹਰਸ਼ਲ।
ਗੀਤਕਾਰ ਸ਼ਮਸ਼ੇਰ ਸੰਧੂ ਦਾ ਗਾਇਕਾਂ ਨਾਲ ਤਾਂ ਪਿਆਰ ਹੋਣਾ ਹੀ ਸੀ, ਕਬੱਡੀ ਖਿਡਾਰੀਆਂ ਨਾਲ
ਵੀ ਬੜਾ ਸਨੇਹ ਹੈ। ਉਹ ਕਬੱਡੀ ਦੀ ਖੇਡ ਦਾ ਸਰਗਰਮ ਦਰਸ਼ਕ ਹੈ ਤੇ ਕਬੱਡੀ ਟੂਰਨਾਮੈਂਟ ਵੇਖਣ
ਲਈ ਦੂਰ ਨੇੜੇ ਜਾਂਦਾ ਰਹਿੰਦਾ ਹੈ। ਕਬੱਡੀ ਦੇ ਕਈ ਸਟਾਰ ਖਿਡਾਰੀਆਂ ਨੂੰ ਬੜਾ ਨੇੜਿਓਂ
ਜਾਣਦਾ ਹੈ। ਕਬੱਡੀ ਬਾਰੇ ਬੇਸ਼ਕ ਕਈ ਗੀਤ ਗੂੰਜਣ ਲੱਗ ਪਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ
ਅਜੇ ਸ਼ਮਸ਼ੇਰ ਨੇ ਕਬੱਡੀ ਦਾ ਗੀਤ ਨਹੀਂ ਲਿਖਿਆ। ਉਂਜ ਉਸ ਦੇ ਗੀਤਾਂ ਦੇ ਵਿਸ਼ੇ ਵੰਨ
ਸੁਵੰਨੇ ਹਨ। ਰੁਮਾਂਟਿਕ ਤੋਂ ਬਿਨਾਂ, ਪਰਿਵਾਰਕ, ਸਮਾਜਿਕ, ਆਰਥਿਕ, ਸਭਿਆਚਾਰਕ ਤੇ
ਦਾਰਸ਼ਨਿਕ ਵੀ ਹਨ। ਗੀਤ ਅਸਲ ਵਿਚ ਉਹੀ ਵੱਧ ਚਲਦੈ ਜਿਸ ਵਿਚ ਦੱਬੇ ਘੁੱਟ ਹਾਵਾਂ ਭਾਵਾਂ ਦਾ
ਪ੍ਰਗਟਾਵਾ ਕੀਤਾ ਹੋਵੇ। ਕੁਦਰਤੀ ਹਾਵਾਂ ਭਾਵਾਂ ਨੂੰ ਸਮਾਜਕ ਦਬਾਵਾਂ ਨੇ ਦੱਬਿਆ ਹੁੰਦੈ।
ਜਦੋਂ ਉਹ ਦੱਬੇ ਹੋਏ ਹਾਵ ਭਾਵ ਗੀਤਾਂ ਵਿਚ ਦੀ ਗਾਏ ਜਾਂਦੇ ਹਨ ਤਾਂ ਉਨ੍ਹਾਂ ਨਾਲ ਨੱਚਣ ਲਈ
ਪੈਰ ਆਪਣੇ ਆਪ ਹੀ ਉਠ ਖੜ੍ਹਦੇ ਹਨ। ਉਹ ਭਾਵੇਂ ਪੁੱਠੀ ਮੱਤ ਦੇਣ ਵਾਲੇ ਹੀ ਕਿਉਂ ਨਾ ਹੋਣ।
ਸ਼ਮਸ਼ੇਰ ਦੇ ਐਸੇ ਕਈ ਗੀਤ ਹਨ ਜਿਨ੍ਹਾਂ ਬਾਰੇ ਕਿਹਾ ਜਾਂਦੈ ਕਿ ਪੁੱਠੀ ਮੱਤ ਦੇਣ ਵਾਲੇ ਹਨ।
ਰਕਾਨ ‘ਚੋਂ ਯਾਰ ਬੁਲਾਉਣ, ਮੋਢੇ ‘ਤੇ ਦੁਨਾਲੀ ਰੱਖਣ, ਠਾਣੇਦਾਰ ਨੂੰ ਪੈਰਾਂ ‘ਚ ਰੋਲਣ,
ਜੱਟਾਂ ਦੀ ਤਰੀਕ ‘ਤੇ ਕਚਹਿਰੀਆਂ ‘ਚ ਮੇਲੇ ਲੁਆਉਣ ਤੇ ਹਿੰਸਾ ਭੜਕਾਉਣ ਵਾਲੇ ਗੀਤਾਂ ਦੀ
ਨਿੰਦਿਆ ਵੀ ਹੁੰਦੀ ਹੈ। ਬਹੁਤ ਸਾਰੇ ਦਾਨੇ ਬੰਦੇ ਅਜਿਹੇ ਗੀਤਾਂ ਨੂੰ ਭੰਡਦੇ ਵੀ ਹਨ।
ਸ਼ਮਸ਼ੇਰ ਨੇ ਖ਼ੁਦ ਲਿਖਿਐ:
ਕੁਝ ਗੀਤ ਲਿਖੇ ਮੈਂ ਸੋਚ ਸੋਚ ਕੇ ਕੁਝ ਗੀਤ ਲਿਖੇ ਮੈਂ ਬੋਚ ਬੋਚ ਕੇ
ਕੁਝ ਗੀਤਾਂ ਮੇਰਾ ਨਾਂ ਚਮਕਾਇਆ ਕੁਝ ਗੀਤ ਲਿਖ ਕੇ ਮੈਂ ਪਛਤਾਇਆ...
ਪਾਸ਼ ਨੇ ਇਕ ਚਿੱਠੀ ਵਿਚ ਲਿਖਿਆ, “ਤੂੰ ਪੁੱਛਿਆ ਹੈ ਗੀਤ ਆਪਾਂ ਨੂੰ ਲਿਖਣੇ ਚਾਹੀਦੇ ਹਨ
ਜਾਂ ਨਹੀਂ? ਅਸਲ ਗੱਲ ਚਾਹੀਦੇ ਜਾਂ ਨਾ ਚਾਹੀਦੇ ਦੀ ਨਹੀਂ ਸਮਰੱਥਾ ਦੀ ਗੱਲ ਹੈ। ਜੇ ਸਾਡੇ
ਅੰਦਰ ਪ੍ਰਤਿਭਾ ਹੀ ਗੀਤਾਂ ਵਾਲੀ ਹੋਵੇ ਤਾਂ ਕਵਿਤਾ ਉਤੇ ਹੱਥ ਅਜ਼ਮਾਉਣਾ ਐਵੇਂ ਟੱਕਰਾਂ
ਮਾਰਨਾ ਹੀ ਹੈ। ...ਹਰ ਤਰ੍ਹਾਂ ਦੇ ਗੀਤਾਂ ਦੀਆਂ ਆਪਣੀਆਂ ਆਪਣੀਆਂ ਸੀਮਾਵਾਂ ਹਨ ਤੇ ਆਪੋ
ਆਪਣੀਆਂ ਸੰਭਾਵਨਾਵਾਂ। ਆਪਣੇ ਆਪ ਵਿਚ ਕੋਈ ਗੀਤ ਨਾ ਚੰਗਾ ਹੁੰਦਾ ਹੈ ਨਾ ਮਾੜਾ। ਗੀਤ ਤਾਂ
ਗੀਤ ਹੀ ਹੁੰਦਾ ਹੈ, ਇਕ ਦੂਜੇ ਦੇ ਮੁਕਾਬਲੇ ਵਿਚ ਗੀਤ ਮਾੜੇ ਜਾਂ ਚੰਗੇ ਹੋ ਸਕਦੇ ਹਨ। ਇਕ
ਆਲੋਚਕ ਜਾਂ ਸਮੀਖਿਅਕ ਦੇ ਤੌਰ ‘ਤੇ ਮੈਂ ਕਹਿ ਸਕਦਾ ਹਾਂ ਚੰਨ ਗੁਰਾਇਆਂ ਵਾਲੇ ਦੇ ਗੀਤ ਆਊਟ
ਆਫ਼ ਮਾਰਕਿਟ ਹੋਣੇ ਚਾਹੀਦੇ ਹਨ। ਅਤੇ ਸੁਧਰੀ ਹੋਈ ਕਿਸਮ ਦੇ ਸੁਹਜ ਜਗਾਉਣ ਵਾਲੇ ਪ੍ਰੇਮ
ਗੀਤਾਂ ਨੂੰ ਇਨ੍ਹਾਂ ਦੀ ਥਾਂ ਲੈਣੀ ਚਾਹੀਦੀ ਹੈ।”
ਇਕ ਵਾਰ ਸੰਤ ਸਿੰਘ ਸੇਖੋਂ ਦੀਦਾਰ ਸੰਧੂ ਦੇ ਘਰ ਭਰੋਵਾਲ ਗਿਆ। ਮੈਂ ਵੀ ਉਥੇ ਸਾਂ। ਮੁਹੰਮਦ
ਸਦੀਕ ਤੇ ਕੁਝ ਹੋਰ ਗਾਇਕ ਵੀ ਸਨ। ਚਲਦੀਆਂ ਗੱਲਾਂ ਵਿਚ ਸੇਖੋਂ ਕਹਿਣ ਲੱਗਾ, “ਯਾਰ ਤੁਸੀਂ
ਰੋਣ ਧੋਣ ਦੇ ਗੀਤ ਨਾ ਗਾਇਆ ਕਰੋ। ਉਹ ਗੀਤ ਗਾਓ ਜੀਹਦੇ ਨਾਲ ਨੱਚਿਆ ਜਾ ਸਕੇ। ਗੀਤਾਂ ਨਾਲ
ਲੋਕਾਂ ਨੂੰ ਨਚਾਓ, ਖੁਸ਼ ਕਰੋ, ਐਵੇਂ ਰੁਆਓ ਨਾ। ਗੀਤ ਖੁਸ਼ੀ ਲਈ ਹੁੰਦੇ ਨੇ।”
ਇਕ ਵਾਰ ਸ਼ਮਸ਼ੇਰ ਸੰਧੂ ਮੋਟਰ ਸਾਈਕਲ ਦੇ ਹਾਦਸੇ ਵਿੱਚ ਮੰਜੇ ‘ਤੇ ਪੈ ਗਿਆ ਸੀ। ਪਏ-ਪਏ ਨੂੰ
ਗੀਤ ਫੁਰਨ ਲੱਗੇ। ਪਹਿਲਾ ਗੀਤ ਉਸਨੇ ਪਲੱਸਤਰ ਲੱਗੇ ਹੱਥ ਨਾਲ ਲਿਖਿਆ। ਗੀਤਾਂ ਦੇ ਭੇਤਾਂ ਦਾ
ਉਹ ਧੁਰੋਂ ਹੀ ਜਾਣੀ-ਜਾਣ ਸੀ, ਜਿਸ ਕਰਕੇ ਉਹਦੇ ਗੀਤ ਜੰਮਦੇ ਹੀ ਹਰਮਨ ਪਿਆਰੇ ਹੋ ਗਏ।
ਉਹਦਾ ਗੀਤ-ਦੁਪੱਟਾ ਤੇਰਾ ਸੱਤ ਰੰਗ ਦਾ, ਕੁੱਲ ਦੁਨੀਆਂ ਦੇ ਗੀਤਾਂ ਵਿਚ ਅੱਵਲ ਨੰਬਰ ਦੀ
ਬਾਜ਼ੀ ਮਾਰ ਗਿਆ ਤੇ ਲੰਮਾ ਸਮਾਂ ਉਪਰਲੇ ਦਸਾਂ ‘ਚ ਖੜ੍ਹਾ ਰਿਹਾ:
ਮੋਢੇ ਤੋਂ ਤਿਲ੍ਹਕਦਾ ਜਾਵੇ ਸਤਾਰਾਂ ਵਲ਼ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ
ਚੋਬਰਾਂ ਨੂੰ ਬੜਾ ਤੜਫ਼ਾਵੇ ਤੇ ਸੀਨੇ ਅੱਗ ਲਾਵੇ ਦੁਪੱਟਾ ਤੇਰਾ ਸੱਤ ਰੰਗ ਦਾ...
ਕਹਿੰਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ ਤਾਂਘ ਇਹਨੂੰ ਸਦਾ ਰਹੇ ਦਿਲਦਾਰ ਦੀ
ਸੱਜਣਾਂ ਨੂੰ ਪਿਆ ਇਹ ਬੁਲਾਵੇ ਨਾ ਭੋਰਾ ਸ਼ਰਮਾਵੇ ਦੁਪੱਟਾ ਤੇਰਾ ਸੱਤ ਰੰਗ ਦਾ...
ਸੰਧੂ ਦੇਖ ਹੋਇਆ ਨੀ ਸ਼ੁਦਾਈ ਫਿਰਦਾ ਫੋਟੋ ਤੇਰੀ ਬਟੂਏ ‘ਚ ਪਾਈ ਫਿਰਦਾ
ਗੀਤ ਤੇਰੇ ਹੀ ਦੁਪੱਟੇ ਦੇ ਉਹ ਗਾਵੇ ਨੀ ਜਿੰਦ ਤੜਫ਼ਾਵੇ ਦੁਪੱਟਾ ਤੇਰਾ...
ਉਹਦੇ ਇਸ ਗੀਤ ਨੇ ਪਤਾ ਨਹੀਂ ਕਿੰਨੀਆਂ ਧੀਆਂ ਦੇ ਹੰਝੂ ਵਹਾਏ ਹੋਣਗੇ:
ਕਬਰਾਂ ਵਿਚੋਂ ਬੋਲ ਨੀ ਮਾਏ ਦੁਖ ਸੁਖ ਧੀ ਨਾਲ ਫੋਲ ਨੀ ਮਾਏ
ਆਵਾਂ ਤਾਂ ਮੈਂ ਆਵਾਂ ਮਾਏ ਆਵਾਂ ਕਿਹੜੇ ਚਾਵਾਂ ਨਾਲ
ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ...
ਸਹੁਰੇ ਘਰ ਮੈਂ ਬਹੁਤ ਸੁਖੀ ਆਂ ਪੁੱਤਾਂ ਵਾਲੀ ਹੋ ਗਈ ਆਂ
ਬੱਸ ਇੱਕੋ ਇੱਕ ਦੁੱਖ ਐ ਮੈਨੂੰ ਤੂੰ ਮੈਥੋਂ ਕਿਉਂ ਖੋ ਗਈ ਮਾਂ
ਪਿੰਡ ਮਦਾਰੇ ਜਦ ਮੈਂ ਤੁਰਦੀ ਤੁਰੇ ਤੇਰਾ ਪਰਛਾਵਾਂ ਨਾਲ
ਮਾਂ ਮੈਂ ਮੁੜ ਨਈਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ...
ਉਹਦੇ ਇਸ ਗੀਤ ਦੇ ਕਿਆ ਕਹਿਣੇ:
ਗੁੰਮ ਗਏ ਜੁਆਨ ਗੁੰਮ ਗਈਆਂ ਨੇ ਜੁਆਨੀਆਂ...
ਨੋਟਾਂ ਨਾਲ ਜੇਬਾਂ ਭਰੀ ਜਾਂਦੇ ਨੇ ਬਲੈਕੀਏ
ਕੰਧਾਂ ਵਿਚ ਵੱਜਦੇ ਨੇ ਫਿਰਦੇ ਸਮੈਕੀਏ
ਕੌਣ ਕਰੀ ਜਾਂਦਾ ਜਾਂਦਾ ਸਾਡੇ ਨਾਲ ਇਹ ਸ਼ੈਤਾਨੀਆਂ ਗੁੰਮ ਗਏ ਜੁਆਨ...
ਪੀਰਾਂ ਤੇ ਫਕੀਰਾਂ ਸੂਰਬੀਰਾਂ ਦੀ ਇਹ ਧਰਤੀ
ਨਸਿ਼ਆਂ ਦੇ ਚਿੱਕੜਾਂ ਨੇ ਕੇਹੋ ਜਿਹੀ ਕਰਤੀ
ਦਾਗ਼ ਬਣ ਜਾਣਗੀਆਂ ਲੋਕੋ ਇਹ ਨਾਦਾਨੀਆਂ ਗੁੰਮ ਗਏ ਜਵਾਨ...
ਸੁਣ ਲਓ ਸੁਨੇਹਾ ਯਾਰੋ ਸੰਧੂ ਸ਼ਮਸ਼ੇਰ ਦਾ
ਅੱਖਾਂ ਵਿਚੋਂ ਅੱਖਰਾਂ ‘ਚੋਂ ਅੱਥਰੂ ਜੋ ਕੇਰਦਾ
ਯਾਦ ਕਰੋ ਬਾਬੇ ਦਾਦੇ ਦੀਆਂ ਕੁਰਬਾਨੀਆਂ ਗੁੰਮ ਗਏ ਜਵਾਨ...
ਉਹਦੇ ਗੀਤ ਗਿਣਾਤਮਿਕ ਪੱਖੋਂ ਹੀ ਨਹੀ ਗੁਣਾਤਮਿਕ ਪੱਖੋਂ ਵੀ ਕਮਾਲ ਦੇ ਹਨ। ਉਹਦੇ ਕਹਿਣ
ਮੂਜਬ ਜਦੋਂ ਉਹ ਗੀਤ ਰਚਦਾ ਹੈ ਤਾਂ ਇਕੋ ਵੇਲੇ ਤਿੰਨ-ਤਿੰਨ, ਚਾਰ-ਚਾਰ ਗੀਤ ਫੁੱਟ ਪੈਂਦੇ
ਹਨ, ਜਿਵੇਂ ਟਮਾਟਰਾਂ ਨੂੰ ਫਲ ਉੱਤਰ ਰਿਹਾ ਹੋਵੇ, ਜਿਵੇਂ ਬੰਬੀ ਦਾ ਪਾਣੀ ਚੁੱਬਚੇ ‘ਚ ਧੱਕੇ
ਦੇ ਕੇ ਬਾਹਰ ਨਿਕਲ ਰਿਹਾ ਹੋਵੇ। ਖ਼ੁਦ ਗਾਇਕ, ਸਰੋਤਾ, ਦਰਸ਼ਕ ਤੇ ਆਲੋਚਕ ਹੋਣ ਕਾਰਨ ਉਸ
ਨੂੰ ਗੀਤ-ਰਚਨਾ ਦਾ ਪੂਰਾ ਥਹੁ ਪਤਾ ਹੈ। ਛੇਤੀ ਕੀਤਿਆਂ ਉਹ ਕਿਸੇ ਦੇ ਲੈਣ ਦਾ ਨਹੀ। ਉਹਨੂੰ
ਪਤਾ ਹੈ ਗੀਤਾਂ ਲਈ ਸ਼ਬਦਾਵਲੀ ਕਿਹੋ ਜਿਹੀ ਵਰਤਣੀ ਹੈ ਤੇ ਨਿਸ਼ਾਨਾ ਕਿਥੇ ਮਾਰਨਾ ਹੈ।
ਗੀਤਕਾਰੀ ਵਿਚ ਸੱਚਮੁੱਚ ਹੀ ਉਹਨੇ ਮੱਛੀ ਦੀ ਅੱਖ ਵਿੰਨ੍ਹੀ ਹੈ।
ਇਕ ਸੁਰਜੀਤ ਬਿੰਦਰਖੀਆ ਹੀ ਨਹੀਂ, ਜਿਸ ਨੇ ਉਸ ਦੇ 150 ਗੀਤ ਗਾਏ, ਬਾਕੀ 350 ਗੀਤ ਕਹਿੰਦੇ
ਕਹਾਉਂਦੇ ਸਾਰੇ ਹੀ ਗਾਇਕਾਂ ਨੇ ਬੜੇ ਚਾਅ ਨਾਲ ਗਾਏ ਹਨ। ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,
ਇਕ ਰਹਿਣਾ ਰੱਬ ਦਾ ਨਾਂ ਬੰਦਿਆ... ਹੰਸ ਰਾਜ ਦੇ ਮੂੰਹੋਂ ਭਲਾ ਕੀਹਨੇ ਨਹੀਂ ਸੁਣਿਆ?
ਸ਼ਮਸ਼ੇਰ ਕਹਿੰਦਾ ਹੈ ਮੈਂ ਗੀਤਾਂ ਦੀਆਂ ਗੋਲੀਆਂ ਐਵੇਂ ਲੱਤਾਂ ਵਿਚ ਨੀ ਮਾਰੀਆਂ ਸਿੱਧੀਆਂ
ਦਿਲਾਂ ‘ਚੋਂ ਲੰਘਾਈਆਂ ਹਨ। ਇਹੋ ਉਹਦੇ ਗੀਤਾਂ ਦੀ ਚੜ੍ਹਤ ਦਾ ਭੇਤ ਹੈ। ਪੰਜਾਬੀ ਗੀਤਾਂ
ਦੀਆਂ ਮਹੀਨੇ ‘ਚ ਔਸਤ ਬਤਾਲੀ ਰੀਲਾਂ ਰਿਲੀਜ਼ ਹੁੰਦੀਆਂ, ਜਿਨ੍ਹਾਂ ਚ ਪੈਂਤੀ ਫੇਲ੍ਹ ਤੇ ਸੱਤ
ਪਾਸ ਹੁੰਦੀਆਂ। ਸ਼ਮਸੇ਼ਰ ਦੇ ਗੀਤਾਂ ਨੇ ਹਾਲਾਂ ਤੱਕ ਘਾਟਾ ਨਹੀਂ ਖਾਧਾ। ਗਾਉਣਾ-ਵਜਾਉਣਾ
ਲੱਖਾਂ ਕਰੋੜਾਂ ਦਾ ਵਣਜ ਵਪਾਰ ਬਣ ਚੁੱਕੈ ਤੇ ਇਸ ਵਪਾਰ ਵਿਚ ਸ਼ਮਸੇ਼ਰ ਸੰਧੂ ਤਕੜੀ ਧਿਰ
ਮੰਨਿਆ ਜਾਂਦੈ। ਜੇ ਉਹ ਕਹਾਣੀਆਂ ਹੀ ਲਿਖਦਾ ਰਹਿੰਦਾ ਤਾਂ ਉਹਦਾ ਘੇਰਾ ਸੀਮਤ ਰਹਿ ਜਾਣਾ ਸੀ।
ਹਾਲਾਂ ਕਿ ਕਈ ਦੋਸਤ ਫਿਰ ਵੀ ਇਹੋ ਕਹਿੰਦੇ ਹਨ ਕਿ ਉਹ ਕਿਹੜੇ ਪੁੱਠੇ ਕੰਮਾਂ ‘ਚ ਪੈ ਗਿਆ!
‘ਪੁੱਠੇ ਕੰਮਾਂ’ ‘ਚ ਉਸ ਨੂੰ ਜੋ ਮਾਨ ਸਨਮਾਨ ਮਿਲੇ ਉਨ੍ਹਾਂ ਦਾ ਵੀ ਲੇਖਾ ਨਹੀਂ। ਪੀ. ਟੀ.
ਸੀ. ਦੇ ਪਹਿਲੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਸਮੇਂ ਮੈਂ ਸ਼ਮਸ਼ੇਰ ਦੇ ਨਾਲ ਸਾਂ। ਉਹ
ਅਵਾਰਡ ਗੁਰਦਾਸ ਮਾਨ ਦੇ ਹੱਥੋਂ ਦੁਆਇਆ ਗਿਆ। ਸ਼ਮਸ਼ੇਰ ਨੇ ਕਿਹਾ, “ਮੇਰੇ ਲਈ ਇਹ ਦੂਹਰਾ
ਇਨਾਮ ਹੋ ਗਿਆ।” ਉਹਦੇ ਸਾਰੇ ਇਨਾਮਾਂ ਸਨਮਾਨਾਂ ਦੀ ਗਿਣਤੀ ਕਰਨ ਲੱਗੀਏ ਤਾਂ ਉਹਦੀਆਂ ਸਨਮਾਨ
ਨਿਸ਼ਾਨੀਆਂ ਸੈਂਕੜਿਆਂ ‘ਚ ਹੋਣਗੀਆਂ।
ਗੀਤਾਂ ਦੇ ਜ਼ਰੀਏ ਉਸ ਨੂੰ ਆਮ ਲੋਕਾਂ ਤੋਂ ਬਿਨਾਂ ਖ਼ਾਸ ਲੋਕ ਵੀ ਜਾਣਦੇ ਹਨ। ਅਫ਼ਸਰ ਵੀ ਤੇ
ਸਿਆਸਤਦਾਨ ਵੀ। ਫਿਲਮਾਂ ਵਾਲੇ ਵੀ ਤੇ ਪੁਲਿਸ ਵਾਲੇ ਵੀ। ਪਿੱਛੇ ਜਿਹੇ ਉਹਦਾ ਟ੍ਰੈਕਟਰ ਤੇ
ਟਰਾਲੀ ਚੋਰੀ ਹੋ ਗਏ। ਪੁਲਿਸ ਵਾਲੇ ਏਨੇ ਕੁ ਮਦਦਗਾਰ ਸਾਬਤ ਹੋਏ ਕਿ ਅਜੇ ਤਕ ਉਹ ਚੋਰੀ ਦੇ
ਟ੍ਰੈਕਟਰ ਤੇ ਟਰਾਲੀ ਦਾ ਕੋਈ ਸੁਰਾਖ਼ ਨਹੀਂ ਲੱਭ ਸਕੇ। ਉਲਟਾ ਸ਼ਮਸ਼ੇਰ ਦਾ ਦਿਲ ਧਰਾਉਣ ਲਈ
ਧਰਵਾਸਾ ਦਿੰਦੇ ਆ ਰਹੇ ਹਨ ਕਿ ਟ੍ਰੈਕਟਰ ਟਰਾਲੀ ਤਾਂ ਗਰਚੇ ਪਿੰਡ ਵਿਚ ਵੀ ਚੋਰੀ ਹੋਏ ਸੀ,
ਲੱਭੇ ਉਹ ਵੀ ਨਹੀਂ! ਮਤਲਬ ਇਹ ਕਿ ਟ੍ਰੈਕਟਰ ਟਰਾਲੀਆਂ ਦੀ ਚੋਰੀ ਵੀ ਕੋਈ ਚੋਰੀ ਹੈ? ਕੋਈ
ਚੱਜ ਦੀ ਚੋਰੀ ਹੋਵੇ ਤਾਂ ਪੜਤਾਲ ਵੀ ਕਰੀਏ! ਸ਼ਮਸ਼ੇਰ ਨੂੰ ਚਾਹੀਦੈ ਕਿ ਚੋਰੀ ਯਾਰੀ ਦੇ ਗੀਤ
ਤਾਂ ਬਥੇਰੇ ਲਿਖ ਲਏ ਹੁਣ ਟ੍ਰੈਕਟਰਾਂ ਟਰਾਲੀਆਂ ਦੀਆਂ ਚੋਰੀਆਂ ਦੇ ਗੀਤ ਵੀ ਲਿਖ ਛੱਡੇ।
ਉਹਦੇ ਯਾਰ ਪਾਸ਼ ਨੇ ਖੁੱਲ੍ਹੀਆਂ ਖਾੜਕੂ ਕਵਿਤਾਵਾਂ ਦੇ ਨਾਲ ਇਹ ਇਨਕਲਾਬੀ ਗੀਤ ਵੀ ਲਿਖਿਆ
ਸੀ:
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ
ਮਿਹਨਤਾਂ ਦਾ ਮੁੱਲ ਆਪੇ ਪਾਉਣਾ ਲੋਕਾਂ ਨੇ ਧਰਤੀ ‘ਤੇ ਸੁਰਗ ਵਸਾਉਣਾ ਲੋਕਾਂ ਨੇ
ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ ਕਿਰਤੀ ਦੀਏ ਕੁੱਲੀਏ...
ਬਾਗ ਲਵਾਇਆ ਬਗੀਚਾ ਲਵਾਇਆ ਵਿੱਚ ਵਿੱਚ ਫਿਰਦੇ ਮੋਰ
ਹੁਣ ਅਸੀਂ ਨਹੀਂ ਛੱਡਣੇ ਇਹ ਫਸਲਾਂ ਦੇ ਚੋਰ...
ਪਾਸ਼ ਨੇ ਸ਼ੁਗਲੀਆ ਕੱਵਾਲੀ ਵੀ ਲਿਖੀ ਸੀ:
ਫੜੇ ਗਏ ਜੀ ਫੜੇ ਗਏ ਪਾਤਰ ਭਾਅ ਜੀ ਫੜੇ ਗਏ
ਮਰਦੀ ਜਾਂਦੀ ਗ਼ਜ਼ਲ ਦੇ ਮੂੰਹ ਵਿਚ ਪਾਣੀ ਪਾਉਂਦੇ ਫੜੇ ਗਏ
ਤਖ਼ਤ ਸਿੰਘ ਨਾਲ ਹੱਥ ਮਿਲਾਉਂਦੇ ਹਮਦਰਦਾਂ ਨਾਲ ਅੱਖ ਮਿਲਾਉਂਦੇ
‘ਚੰਦ’ ਦੀ ਹਾਂ ਵਿਚ ਹਾਂ ਮਿਲਾਉਂਦੇ ਪਾਤਰ ਭਾਅ ਜੀ ਫੜੇ ਗਏ
ਹਾਂ, ਫੜੇ ਗਏ ਜੀ ਫੜੇ ਗਏ...
ਪਾਸ਼ ਕੱਵਾਲ ਹੀ ਨਹੀਂ ਗ਼ਜ਼ਲਗੋ ਵੀ ਸੀ:
ਵੇਖੋ ਖੇਖਣ ਦਿੱਲੀ ਦੀ ਉਸ ਰਾਣੀ ਦੇ ਹੇਠ ਵਿਛਾਉਂਦੀ ਖੱਲ ਹੈ ਯਾਰੋ ਜੱਟਾਂ ਦੀ
ਗ਼ਜ਼ਲਾਂ ਗੁ਼ਜ਼ਲਾਂ ਦਾ ਤਾਂ ਸਾਨੂੰ ਪਤਾ ਨਹੀਂ ਜੱਟਾਂ ਵਰਗੀ ਗੱਲ ਹੈ ਯਾਰੋ ਜੱਟਾਂ ਦੀ...
ਜਿਵੇਂ ਪਾਸ਼ ਹਰਫਨ ਮੌਲਾ ਸੀ ਉਵੇਂ ਸ਼ਮਸ਼ੇਰ ਵੀ ਕਿਸੇ ਗੱਲੋਂ ਘੱਟ ਨਹੀਂ। ਘੱਟ ਤਾਂ ਉਹ
ਇਸ਼ਕ ਮੁਸ਼ਕ ਦੇ ਗੀਤ ਲਿਖਣ ਵਿਚ ਵੀ ਨਹੀਂ ਰਿਹਾ। ਗੀਤਾਂ ਵਿਚ ਕੁੜੀਆਂ ਕੱਤਰੀਆਂ ਦੇ
ਰੰਗ-ਰੂਪ ਨਿਹਾਰਨ, ਯਾਰੀਆਂ ਲਾਉਣ ਤੇ ਦੁਨਾਲੀਆਂ ਚਲਾਉਣ ਵਿਚ ਉਸ ਨੇ ਘੱਟ ਨਹੀਂ ਕੀਤੀ ਜਿਸ
ਕਰਕੇ ਅਸ਼ਲੀਲਤਾ ਦਾ ਮਾੜਾ ਮੋਟਾ ਧੱਬਾ ਲੁਆਉਣ ਤੋਂ ਉਹ ਵੀ ਨਹੀਂ ਬਚ ਸਕਿਆ। ਉਸ ਦਾ ਕਹਿਣਾ
ਹੈ ਗੀਤਾਂ ਵਿਚ ਇਹ ਸਭ ਚੱਲਦੈ।
ਸ਼ਮਸ਼ੇਰ ਦਾ ਜੁੱਸਾ ਨਿੱਗਰ, ਰੰਗ ਰੂਪ ਸੋਹਣਾ, ਅੱਖਾਂ ਮੋਟੀਆਂ ਤੇ ਬਿੱਲੀਆਂ ਬਲੌਰੀ, ਦਾੜ੍ਹੀ
ਘੜੀ ਹੋਈ ਤੇ ਵਸਮੇ ਨਾਲ ਰੰਗੀ ਕਾਲੀ ਸ਼ਾਹ, ਕੱਦ ਛੇ ਫੁੱਟ ਦੇ ਕਰੀਬ ਅਤੇ ਡੀਲ ਡੌਲ
ਭਲਵਾਨਾਂ ਵਾਲੀ ਹੈ। ਪੱਗ ਵੱਡੀ ਸਾਰੀ ਬੰਨ੍ਹਦੈ। ਕਹਾਣੀਆਂ ਲਿਖਣ ਵੇਲੇ ਉਹ ਸੱਤਰ ਕੁ
ਕਿੱਲੋਗਰਾਮ ਦਾ ਸੀ ਗੀਤਕਾਰ ਬਣਨ ਪਿੱਛੋਂ ਕੁਇੰਟਲ ਦਾ ਹੋ ਗਿਐ। ਲੱਗਦੈ ਕਿਸੇ ਦਿਨ ਤੱਕੜ
‘ਤੇ ਗੁਰਭਜਨ ਗਿੱਲ ਨਾਲ ਤੁਲ਼ ਜਾਵੇਗਾ। ਪਹਿਲਾਂ ਪਹਿਲ ਸੰਧੂ ਸੰਗਾਊ ਹੁੰਦਾ ਸੀ, ਪਰ ਟੀਵੀ
ਦੇ ਪ੍ਰੋਗਰਾਮਾਂ ਨੇ ਉਹਦੀ ਸੰਗ ਲਾਹ ਦਿੱਤੀ ਹੈ। ਕਦੇ ਉਹਦੀ ਸ਼ਾਹੀ ਸਵਾਰੀ ਮੋਟਰ ਸਾਈਕਲ
ਹੁੰਦੀ ਸੀ ਤੇ ਮੈਂ ਉਹਦੇ ਲੱਕ ਨੂੰ ਵਲਾਵਾਂ ਪਾ ਕੇ ਬਹਿ ਜਾਂਦਾ ਸਾਂ। ਹੁਣ ਉਹਦਾ ਲੱਕ
ਵਲਾਵੇਂ ‘ਚ ਆਉਣ ਜਿੰਨਾ ਨਹੀਂ ਰਿਹਾ, ਵਧ ਗਿਆ ਹੈ। ਉਂਜ ਵੀ ਹੁਣ ਉਹ ਕਾਰ ‘ਚ ਸਫ਼ਰ ਕਰਦਾ
ਹੈ ਪਰ ਸਟੇਅਰਿੰਗ ਨਹੀਂ ਫੜਦਾ। ਉਸ ਨੂੰ ਸੋਹਣਾ ਸ਼ਹਿਰ ਚੰਡੀਗੜ੍ਹ ਵੀ ਪਹਿਲਾਂ ਜਿੰਨਾ
ਸੋਹਣਾ ਨਹੀਂ ਲੱਗਦਾ। ਹੁਣ ਤਾਂ ਪਿੰਡ ਵੀ ਜਾਣ ਆਉਣ ਘਟ ਗਿਆ ਹੈ ਭਾਵੇਂ ਕਿ ਮਦਾਰੇ ਬਾਰੇ ਉਸ
ਨੇ ਬੜਾ ਕੁਝ ਲਿਖਿਐ। ਆਪਣੇ ਗੀਤਾਂ ਦੀ ਭੂਮਿਕਾ ਉਹ ਇਓਂ ਲਿਖਦੈ:
ਦਿਲ ਜਦ ਬਹੁਤ ਉਦਾਸ ਹੋ ਜਾਵੇ, ਗੀਤ ਲਿਖਣ ਮੈਂ ਬਹਿ ਜਾਂਦਾ ਹਾਂ
ਘਟਨਾ ਆਮ ਜਾਂ ਖ਼ਾਸ ਹੋ ਜਾਵੇ, ਗੀਤ ਲਿਖਣ ਮੈਂ ਬਹਿ ਜਾਂਦਾ ਹਾਂ...
‘ਸੰਮੀ’ ਨੇ ਸੀ ਧਾਂਕ ਜਮਾਈ, ‘ਜੁਗਨੀ’ ਨੇ ਸੀ ਟੌਅਰ ਬਣਾਈ
‘ਦੁਪੱਟਾ’ ਤਾਂ ਏਨਾ ਲਹਿਰਾਇਆ, ਖ਼ੁਸ਼ੀਆਂ ਦਾ ਇਕ ਹੜ੍ਹ ਜਿਹਾ ਆਇਆ
‘ਯਾਰ ਬੋਲਦਾ’ ਹੱਦ ਮੁਕਾ ‘ਤੀ, ਗੀਤ ਕਾਹਦਾ ਗੱਲ ਸਿਰੇ ਈ ਲਾ ‘ਤੀ
‘ਪੇਕੇ’ ਲਿਖ ਕੇ ਖ਼ੁਦ ਹੀ ਰੋਇਆ, ਜੱਗ ਵੀ ਸਾਰਾ ਪਾਗਲ ਹੋਇਆ
‘ਦਿਲ ਦੀ ਛੱਤਰੀ’ ਬੜੀ ਨਿਆਰੀ, ਅਜੇ ਤੱਕ ਛਾਂ ਦਿੰਦੀ ਪਿਆਰੀ
ਪੰਜ ਪੰਜ ਗੀਤ ‘ਕੱਠੇ ਲਿਖ ਮਾਰੇ ਗਿਣਨੇ ਔਖੇ ਗੀਤ ਉਹ ਸਾਰੇ...
ਗੀਤਾਂ ਨੇ ਕਈ ਵੈਰ ਪੁਆਏ, ਕੁਝ ਗੀਤ ਮੈਂ ਖ਼ੁਦ ਵੀ ਗਾਏ
ਇਕ ਨੁਕਤੇ ‘ਤੇ ਧਿਆਨ ਹੋ ਜਾਵੇ ਜਾਂ ਫਿਰ ਦਿਲ ਹੈਰਾਨ ਹੋ ਜਾਵੇ
ਜਾਂ ਫਿਰ ਕੋਈ ਨੁਕਸਾਨ ਹੋ ਜਾਵੇ, ਜਦ ਕਿਧਰੇ ਸਨਮਾਨ ਹੋ ਜਾਵੇ
ਜਾਂ ਕਿਧਰੇ ਅਪਮਾਨ ਹੋ ਜਾਵੇ, ਗੀਤਾਂ ਦੇ ਨਾਲ ਖਹਿ ਜਾਂਦਾ ਹਾਂ
ਗੀਤ ਲਿਖਣ ਮੈਂ ਬਹਿ ਜਾਂਦਾ ਹਾਂ, ਗੀਤ ਲਿਖਣ ਬੱਸ ਬਹਿ ਜਾਂਦਾ ਹਾਂ...
ਅਜੇ ਉਹਦੀ ਕਲਮ ਚੱਲਦੀ ਹੈ, ਗੀਤ ਚੱਲਦੇ ਹਨ, ਨਾਂ ਚੱਲਦਾ ਹੈ ਤੇ ਗੱਡੀ ਚੱਲਦੀ ਹੈ। ਸ਼ਾਲਾ!
ਇਹ ਗੱਡੀ ਚੱਲਦੀ ਹੀ ਰਹੇ। ਉਂਜ ਸਚਾਈ ਇਹੋ ਹੈ:
ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ...।
ਕਦੇ ਗੀਤਾਂ ਦੀ ਗੁਰਜ ਨੰਦ ਲਾਲ ਨੂਰਪੁਰੀ ਕੋਲ ਰਹੀ ਤੇ ਕਦੇ ਯਮਲੇ ਜੱਟ ਕੋਲ। ਕਦੇ ਇੰਦਰਜੀਤ
ਹਸਨਪੁਰੀ ਕੋਲ, ਕਦੇ ਦੇਵ ਥਰੀਕਿਆਂ ਵਾਲੇ ਤੇ ਕਦੇ ਮਾਨ ਮਰ੍ਹਾੜਾਂ ਵਾਲੇ ਕੋਲ। ਹੁਣ ਗੁਰਜ
ਸ਼ਮਸ਼ੇਰ ਮਦਾਰਪੁਰੀਏ ਦੇ ਹੱਥ ਹੈ। ਵੇਖਦੇ ਹਾਂ ਗੀਤਕਾਰੀ ਦੇ ਦਾਰੇ ਭਲਵਾਨ ਦੀ ਗੁਰਜ ਕੌਣ
ਫੜਦੈ?
-0-
|