Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat

ਹਰੀ ਸ਼ਾਲ
- ਰਛਪਾਲ ਕੌਰ ਗਿੱਲ

 

(ਕਨੇਡੀਅਨ ਪੰਜਾਬੀ ਕਹਾਣੀ ਦੇ ਖ਼ੇਤਰ ਵਿਚ ਰਛਪਾਲ ਕੌਰ ਗਿੱਲ ਆਪਣੇ ਪਹਿਲੇ ਕਹਾਣੀ-ਸੰਗ੍ਰਹਿ ‘ਟਾਹਣੀਓਂ ਟੁੱਟੇ’ ਨਾਲ ਹੀ ਕਨੇਡਾ ਦੇ ਜੀਵਨ ਨੰ ਪੇਸ਼ ਕਰਨ ਵਾਲੇ ਪੰਜਾਬੀ ਕਥਾਕਾਰਾਂ ਦੀ ਪਹਿਲੀ ਕਤਾਰ ਵਿਚ ਆ ਸ਼ਾਮਲ ਹੋਈ ਸੀ। ਉਹਦੀ ਨਵੀਂ ਕਹਾਣੀ ‘ਸੀਰਤ’ ਦੇ ਪਾਠਕਾਂ ਦੀ ਨਜ਼ਰ-ਸੰਪਾਦਕ)

ਮਾਂ ਨੂੰ ਪਤਾ ਨਹੀਂ ਕਿਉਂ ਰਹਿ ਰਹਿ ਕੇ ਪੁਰਾਣੀਆਂ ਗਲ੍ਹਾਂ ਯਾਦ ਆਉਂਦੀਆਂ, ਉਂਜ ਹਰ ਚੀਜ਼ ਰਖਕੇ ਭੁਲ ਜਾਂਦੀ, ਹਰ ਕਹੀ ਹੋਈ ਗਲ੍ਹ ਭੁਲਾ ਦੇਂਦੀ। ਸੋਚਕੇ ਮਨ ਹੀ ਮਨ ਇਕ ਖਦਸ਼ਾ ਜਿਹਾ ਹੁੰਦਾ ਕਿਤੇ ਮਾਂ ਨੂੰ ਅਲਜ਼ਾਈਮਰ (ਚੇਤਾ ਭੁਲਣ ਦੀ ਬਿਮਾਰੀ) ਤਾਂ ਨਹੀਂ ਹੋਣ ਵਾਲੀ। ਦੂਸਰੇ ਪੱਲ ਹੀ ਸੋਚਦੀ, ਅਜਿਹਾ ਨਹੀਂ ਹੋ ਸਕਦਾ, ਮਾਂ ਨੇ ਆਪਣੇ ਬਚਪਨ ਤੇ ਜਵਾਨੀ ਦੀ ਗਲ੍ਹਾਂ ਤਾਂ ਤੋਤੇ ਵਾਂਗ ਰਟੀਆ ਹੋਈਆ ਤੇ ਭਲਾ ਅਲਜ਼ਾਈਮਰ ਕਿਵੇਂ ਹੋ ਸਕਦਾ? ਖਾਸ ਕਰਕੇ ਜਦੋਂ ਉਹ ਆਪਣੀ ਬਚਪਨ ਦੀ ਸਹੇਲੀ ਅੱਕੀ ਦੀਆਂ ਗਲ੍ਹਾਂ ਕਰਦੀ। ਅੱਕੀ ਦਾ ਨਾਂ ਲੈਂਦਿਆਂ ਸਾਰ ਮਾਂ ਦੇ ਚਿਹਰੇ ਤੇ ਨੂਰ ਜਿਹਾ ਆ ਜਾਂਦਾ ਤੇ ਜਿਉਂ ਜਿਉਂ ਗਲ੍ਹਾਂ ਦਾ ਸਿਲਸਲਾ ਵੱਧਦਾ ਵੱਧਦਾ ਅਖੀਰ ਤੇ ਪੁਜਦਾ, ਮਾਂ ਇਕ ਲੰਬਾ ਸਾਰਾ ਹਾਉਕਾ ਲੈਂਦੀ ਹੋਈ ਕਹਿੰਦੀ,” ਖੌਰੇ ਮਰ ਜਾਣੀ ਕਿਥੇ ਜਾ ਵੱਸੀ? ਪਤਾ ਨਹੀਂ ਉਹ ਮੈਂਨੂੰ ਯਾਦ ਵੀ ਕਰਦੀ ਹੋਣੀ ਕਿ ਭੁਲ ਭਲ ਗਈ ਹੋਣੀ”ਤੇ ਨਾਲ ਹੀ ਮਾਂ ਦੀਆਂ ਅੱਖਾਂ ਨੱਮ ਹੋ ਜਾਂਦੀਆਂ। ਉਸ ਤੋਂ ਬਾਦ ਮਾਂ ਅਕਸਰ ਗੰਭੀਰ ਜਿਹੀਆ ਸੋਚਾਂ ਵਿੱਚ ਡੁੱਬ ਜਾਂਦੀ। ਯਾਦ ਤਾਂ ਮਾਂ ਉਸਨੂੰ ਕਈ ਸਾਲਾਂ ਤੋਂ ਕਰਦੀ ਆ ਰਹੀ, ਪਰ ਹੁਣ ਜਿ਼ਆਦਾ ਹੀ ਗੰਭੀਰਤਾ ਨਾਲ ਆਪਣੀ ਵਿਛੜੀ ਹੋਈ ਸਹੇਲੀ ਅੱਕੀ ਬਾਰੇ ਗਲ੍ਹਾਂ ਕਰਦੀ। ਮਾਂ ਦੀਆਂ ਗਲ੍ਹਾਂ ਸੁਣਕੇ ਮੈਂਨੂੰ ਆਪਣੀ ਸਹੇਲੀ ਬਿਮਲਾ ਨਾਲ ਬਿਤਾਏ ਕਾਲਜ ਦੇ ਦਿਨ ਯਾਦ ਆ ਜਾਂਦੇ। ਵਰ੍ਹਿਆ ਦੀ ਦੂਰੀ ਦੇ ਬਾਦ ਮੇਰੇ ਤੇ ਬਿਮਲਾ ਵਿਚਕਾਰ ਕਦੇ ਕਦਾਈਂ ਚਿਠੀ ਪਤੱਰ ਹੁੰਦਾ ਹੋਣ ਦੇ ਬਾਵਜੂਦ ਹਜ਼ਾਰਾਂ ਮੀਲਾਂ ਦਾ ਸਫ਼ਰ ਜਰੂਰ ਸੀ, ਪਰ ਮਾਂ ਤੇ ਅੱਕੀ ਦੇ ਵਿਚਕਾਰ ਮੀਲਾਂ ਦੇ ਸਫ਼ਰ ਦੇ ਇਲਾਵਾ ਨਾ ਕੋਈ ਪਤਾ ਤੇ ਨਾਂ ਕੋਈ ਸਰਨਾਵਾਂ। ਸਾਰਾ ਕੁਝ ਦਾ ਹੁੰਦਿਆ ਹੋਇਆ ਵੀ ਮਾਂ ਨੂੰ ਅੱਕੀ ਨੂੰ ਮਿਲਣ ਦੀ ਤਾਂਘ ਹਮੇਸ਼ਾ ਰਹਿੰਦੀ। ਹੋ ਸਕਦਾ ਮਾਂ ਇੰਡੀਆਂ ਰਹਿੰਦੀ ਹੋਈ ਵੀ ਉਸਨੂੰ ਯਾਦ ਕਰਦੀ ਹੋਵੇਗੀ, ਪਰ ਉਥੇ ਰਹਿੰਦਿਆਂ ਹੋਇਆਂ ਉਨ੍ਹਾਂ ਵਿਚਕਾਰ ਇੱਕ ਕਡਿੰਆਲੀ ਤਾਰ ਵੀ ਸੀ, ਨਾਲੇ ਮਾਂ ਉਦੋਂ ਆਪਣਾ ਪਰਿਵਾਰ ਪਾਲਣ ਵਿੱਚ ਰੁਝੀ ਹੋਈ ਹੋਵੇਗੀ, ਮੈਂ ਆਪਣੇ ਆਪ ਹੀ ਬਿਨ੍ਹਾਂ ਤਰਕ ਦੇ ਸੋਚ ਛਡਦੀ।
ਕੁਝ ਕੁ ਸਾਲ ਪਹਿਲਾਂ ਮਾਂ ਨੇ ਇਕ ਰੇਡਿੳ ਜਾਂ ਟੈਲੀਵਿਜ਼ਨ ਤੇ ਸੁਣਿਆ ਕਿ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਕ ਹਵਾਈ ਜਹਾਜ਼ ਦੀਆਂ ਟਿਕਟਾਂ ਵੇਚਣ ਵਾਲੇ ਇਕ ਜੱਥਾ ਲੈ ਕੇ ਪਾਕਿਸਤਾਨ ਜਾ ਰਹੇ ਹਨ । ਮਾਂ ਨੇ ਵੀ ਜੱਥੇ ਨਾਲ ਜਾਣ ਦੀ ਖਾਹਿਸ਼ ਜਾਹਿਰ ਕੀਤੀ। ਅਸਾਂ ਮਾਂ ਤੇ ਪਾਪਾ ਜੀ ਦੋਹਾਂ ਦੀ ਤਿਆਰੀ ਕਰਕੇ, ਉਨ੍ਹਾਂ ਦੇ ਪਾਸਪੋਰਟ ਪਾਕਿਸਤਾਨ ਦੇ ਵੀਜ਼ੇ ਲਗਣ ਲਈ ਭੇਜ ਦਿਤੇ। ਕੁਝ ਹਫ਼ਤਿਆ ‘ਚ ਵੀਜੇ਼ ਲਗ ਕੇ ਪਾਸਪੋਰਟ ਵਾਪਸ ਆ ਗਏ। ਮਾਂ ਨੂੰ ਵਿਆਹ ਜਿਨ੍ਹਾਂ ਚਾਅ ਸੀ। ਮਾਂ ਵਾਰ ਵਾਰ ਕਹਿੰਦੀ, “ ਮੈਂ ਬਾਬੇ ਨਾਨਕ ਦੇ ਜਨਮ ਸਥਾਨ ਦੇ ਦਰਸ਼ਨ ਤਾਂ ਕਰਨੇ, ਨਾਲੇ ਆਪਣੀ ਕਈ ਵਰ੍ਹਿਆਂ ਤੋਂ ਵਿਛੜੀ ਸਹੇਲੀ ਨੂੰ ਵੀ ਮਿਲਣਾ”। ਸੁਣਕੇ ਸਾਨੂੰ ਹੈਰਾਨੀ ਜਿਹੀ ਹੁੰਦੀ ਕਿ ਨਾ ਪਤਾ, ਨਾ ਥੋਹ ਫਿਰ ਵੀ ਪਤਾ ਨਹੀਂ ਕਿਉਂ ਮਾਂ ਆਸ ਲਾਈ ਬੈਠੀ ਸੀ। ਸੁਣਕੇ ਅਸੀਂ ਕੁਝ ਨਾ ਕਹਿੰਦੇ ਕਿਉਂਕਿ ਅਸੀਂ ਉਸ ਦੀ ਆਸਾਂ ਨੂੰ ਨਿਰਾਸ਼ਾ ‘ਚ ਬਦਲਣਾ ਨਹੀਂ ਚਾਹੰਦੇ ਸੀ। ਇਕ ਦਿਨ ਮੈਂ ਕਿਹਾ” ਬੀਜੀ ਤੁਹਾਨੂੰ ਏਨਾ ਜਕੀਨ ਕਿਵੇਂ ਕਿ ਤੁਸੀ ਕਿਸੇ ਬਗ਼ਾਨੇ ਮੁਲਕ ‘ਚ ਏਨੇ ਲੋਕਾਂ ਚੋਂ ਅੱਕੀ ਨੂੰ ਇੱਕ ਹਫ਼ਤੇ ‘ਚ ਲਭ ਲਵੋਗੇ?” ਮਾਂ ਅਗੋਂ ਝਲਿਆ ਵਾਂਗ ਕਹਿੰਦੀ, “ਇਕ ਵਾਜ ਮਾਰੀ ਤੇ ਉਹ ਭਜੀ ਆਉਂਦੀ ਸੀ ਤੇ ਸਾਰਾ ਦਿਨ ਸਾਡੇ ਘਰੇ ਕੰਮ ਕਰਕੇ ਸੌਣ ਵੇਲੇ ਘਰ ਜਾਂਦੀ ਸੀ, ਨਾਲੇ ਮੈਨੂੰ ਭਲਾ ਪਛਾਨਣੋ ਰਹਿ ਚਲੀ। ਨਾਲੇ ਜਦੋਂ ਉਸਨੂੰ ਪਤਾ ਲਗਾ, ਉਹਨੇ ਆਪੇ ਭਜੀ ਆ ਜਾਣਾ”। ਮਾਂ ਇਵੇਂ ਸੋਚ ਰਹੀ ਸੀ ਜਿਵੇਂ ਉਹ ਆਪਣੇ ਹੀ ਘਰੇ ਜਾ ਰਹੀ ਹੋਵੇ ਤੇ ਅੱਕੀ ਅਜੇ ਵੀ ਕਿਤੇ ਉਹਦੇ ਆਂਢ- ਗੁਵਾਂਢ ਹੀ ਵਸਦੀ ਹੋਵੇ।
ਮਾਂ ਨੇ ਸਾਨੂੰ ਬਹੁਤ ਵਾਰੀ ਦਸਿਆ ਸੀ ਕਿ ਅੱਕੀ ਉਸਦੀ ਬਚਪਨ ਦੀ ਸਹੇਲੀ, ਉਨ੍ਹਾਂ ਦੇ ਪਿੰਡ ਦੇ ਮੁਸਲਮਾਨ ਤੇਲੀਆਂ ਦੀ ਤਿੰਨਾਂ ਚੋਂਹਾਂ ਭਰਾਵਾਂ ਦੀ ਇਕੋ ਇੱਕ ਭੈੇਣ ਸੀ। ਮਾਂ ਕਹਿੰਦੀ, “ ਪਤਾ ਨਹੀਂ ਉਹਦੇ ਮਾਂ ਪਿਉਂ ਨੇ ਉਹਦਾ ਨਾਂ ਅੱਕੀ ਕਿਉਂ ਰਖਿਆ, ਇਕੋ ਇਕ ਤਾਂ ਮਾਪਿਆਂ ਦੀ ਧੀ ਸੀ। ਸਾਡੇ ਜਟਾਂ ਜਿ਼ਮੀਦਾਰਾਂ ਦੇ ਤਾਂ ਜਦੋਂ ਜਿ਼ਆਦਾ ਕੁੜੀਆਂ ਹੋਣ ਤੇ ਤੀਜੀ ਜਾਂ ਚੌਥੀ ਕੁੜੀ ਦਾ ਨਾਂ ਰੱਬ ਤੇ ਹਿਰਖ਼ ਕਰਕੇ ਅੱਕੀ ਰਖ ਦੇਂਦੇ ਕਿ ਰੱਬਾ ਹੁਣ ਬੱਸ ਕਰ ਹੁਣ ਅੱਕ ਗਏ ਹਾਂ। ਉਹਦਾ ਨਾਂ ਸ਼ਾਇਦ ਤਾਂ ਰਖਿਆ ਹੋਵੇ ਕਿ ਅੱਲਾ ਹੁਣ ਤਾਂ ਫ਼ਰਿਆਦ ਕਰ ਕਰ ਕੇ ਥਕ ਗਏ, ਸਾਨੂੰ ਹੁਣ ਤਾਂ ਕੁੜੀ ਦੀ ਦਾਤ ਦੇ ਛਡ ਕਿਉਂਕਿ ਉਨ੍ਹਾਂ ਨੇ ਤਾਂ ਅਪਣੇ ਮੁੰਡਿਆਂ ਦੇ ਵਿਆਹ ਵਟੇ ‘ਚ ਕਰਨੇ ਹੁੰਦੇ” ਮਾਂ ਦੀਆਂ ਇਨ੍ਹਾਂ ਗਲ੍ਹਾਂ ‘ਚ ਪਤਾ ਨਹੀਂ ਸਚਾਈ ਕਿੰਨੀ ਕੁ ਸੀ, ਪਰ ਅਸੀਂ ਚੁਪ-ਚਾਪ ਸੁਣ ਲੈਂਦੇ। ਮਾਂ ਦਸਦੀ ਅੱਕੀ ਸਾਰਾ ਦਿਨ ਉਨ੍ਹਾਂ ਦੇ ਘਰ ਦਾ ਕੰਮ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਕਪਾਹ ਵੀ ਖੇਤਾਂ ਚੋਂ ਚੁੱਗ ਕੇ ਲਿਆਉਂਦੀ ਸੀ। ਜਦੋਂ ਅੱਕੀ ਕਪਾਹ ਚੁਗਣ ਜਾਂਦੀ, ਮਾਂ ਵੀ ਉਹਦੇ ਨਾਲ ਜਾਂਦੀ। ਇੱਕ ਦਿਨ ਦੋਵੇਂ ਕਪਾਹ ਚੁਗਣ ਗਈਆ, ਕਪਾਹ ਚੁਗ ਕੇ ਕਮਾਦ ਦੇ ਖੇਤ ‘ਚ ਲਕੋ ਕੇ, ਖੇਤਾਂ ਦੇ ਨਾਲ ਲਗਦੇ ਮੁਸਲਮਾਨਾਂ ਦੇ ਪਿੰਡ ਦੋਹੇ ਪਿਟ ਹੁੰਦੇ ਦੇਖਣ, ਘਰ ਦਿਆ ਤੋਂ ਚੋਰੀ ਚਲੀਆ ਗਈਆਂ। ਉਥੇ ਪੀਰ ਦੀ ਦਰਗਾਹ ਤੇ ਉਨ੍ਹਾਂ ਨੂੰ ਮਿਠੇ ਚੌਲ ਮਿਲੇ, ਉਨ੍ਹਾਂ ਕੋਲ ਕੁਝ ਪਾਉਣ ਲਈ ਨਹੀਂ ਸੀ, ਦੋਹਾਂ ਨੇ ਚੌਲ ਆਪਣੀਆਂ ਚੁੰਨੀਆਂ ਦੀਆਂ ਝੋਲੀਆਂ ‘ਚ ਪੁਵਾ ਲਏ। ਫਿਰ ਮਾਂ ਨੂੰ ਯਾਦ ਆਇਆ ਕਿ ਉਹਨੇ ਤਾਂ ਮੁਸਲਮਾਨਾਂ ਦੇ ਘਰ ਦੇ ਬਣੇ ਚੌਲ ਖਾਣੇ ਨਹੀ,ਂ ਜਿਵੇਂ ਉਹਦੇ ਘਰਦਿਆਂ ਨੇ ਸਮਝਾਇਆ ਸੀ। ਫਿਰ ਵੀ ਚੋਰੀ ਚੋਰੀ ਕੁਝ ਕੁ ਚੌਲ ਖਾ ਲਏ ਤੇ ਬਾਕੀ ਰਾਹ ‘ਚ ਕਿਸੇ ਦੇ ਪਸ਼ੂਆਂ ਦੀ ਖੁਰਲੀ ਵਿੱਚ ਸੁਟ ਆਈਆ। ਘਰ ਲੇਟ ਪਹੁੰਚਣ ਤੇ ਨਾਲੇ ਮਾਂ ਦੀ ਚੁੰਨੀ ਚੌਲਾਂ ਨਾਲ ਲਿਬੜੀ ਦੇਖ ਕੇ ਘਰਦਿਆ ਵਲੋ ਖੂਬ ਝਿੜਕਾਂ ਪਈਆਂ। ਉਸ ਤੋਂ ਬਾਦ ਕੁਝ ਕੁ ਚਿਰ ਮਾਂ ਨੂੰ ਅੱਕੀ ਨਾਲ ਖੇਤਾਂ ਵਲ ਜਾਣ ਤੋਂ ਬੰਦ ਕਰ ਦਿਤਾ। ਫਿਰ ਵੀ ਘਰ ਮਾਂ ਤੇ ਅੱਕੀ ਰੋਜ਼ ਇਕ ਦੂਸਰੀਆਂ ਨੂੰ ਮਿਲਦੀਆ ਕਿਉਂਕਿ ਅੱਕੀ ਘਰ ਕੰਮ ਕਰਨ ਤਾਂ ਰੋਜ਼ ਕਰਨ ਆਉਂਦੀ ਹੀ ਸੀ। ਕੁਝ ਕੁ ਚਿਰ ਬਾਦ ਘਰਦਿਆ ਗਲ੍ਹ ਭੁਲ ਭੁਲਾ ਦਿਤੀ ਫਿਰ ਇਕਠੀਆਂ ਦਾ ਖੇਤਾਂ ਨੂੰ ਜਾਣ ਦਾ ਸਿਲਸਲਾ ਸ਼ੁਰੂ ਹੋ ਗਿਆ।
ਮਾਂ ਕਹਿੰਦੀ ਹੱਸਦਿਆ ਖੇਡਦਿਆ ਪਤਾ ਹੀ ਨਹੀਂ ਲਗਾ ਕਦੋਂ ਅਸੀਂ ਜਵਾਨ ਹੋ ਗਈਆਂ। ਸਾਡੇ ਦੋਹਾਂ ਦੇ ਘਰ ਦੇ ਸਾਡੇ ਵਿਆਹ, ਮੰਗਣੇ ਬਾਰੇ ਗਲ੍ਹਾਂ ਬਾਤਾਂ ਕਰਨ ਲਗ ਪਏ। ਮੇਰਾ ਮੰਗਣਾ ਅਜੇ ਕੁਝ ਮਹੀਨੇ ਪਹਿਲਾ ਹੋਇਆ ਸੀ, ਅੱਕੀ ਦੇ ਘਰ ਦੇ ਉਹਦੇ ਭਰਾ ਵਾਸਤੇ ਕੁੜੀ ਲਭਦੇ ਹੀ ਸੀ ਜਿਥੇ ਅੱਕੀ ਨਾਲ ਵੱਟਾ ਸੱਟਾ ਕਰਨਾ ਸੀ, ਦੋਹਾਂ ਦੇਸ਼ਾਂ ਦੀ ਵੰਡ ਦੀ ਹਨੇਰੀ ਝੁਲ ਪਈ। ਉਹ ਸਮਾਂ ਯਾਦ ਕਰਕੇ ਤਾਂ ਰੂਹ ਕੰਬ ਜਾਂਦੀ ਆ। ਇਕ ਕੁਦਰਤ ਦੀ ਕਰੋਪੀ, ਮੀਂਹ, ਹਨੇਰੀ, ਝਖੜ ਦੂਸਰਾ ਮਨੁੱਖਾ ਦਾ ਕਹਿਰ। ਚਾਰੇ ਪਾਸੇ ਪਾਣੀ ਪਾਣੀ ਤੇ ਲਾਸ਼ਾਂ ਲਾਸ਼ਾਂ, ਚੀਕ ਚਹਾੜਾ। ਲੁੱਟ ਖੋਹ, ਪਤਾ ਨਹੀਂ ਇਕਠੇ ਰਹਿਣ ਵਾਲੇ ਲੋਕ ਦਰਿੰਦੇ ਕਿਵੇਂ ਬਣ ਗਏ? ਜਟਾਂ ਤੇ ਮਜ਼ਬੀਆਂ ਦੇ ਮੁੰਡਿਆਂ ਦੀ ਮੰਡੀਰ ਟੋਲੇ ਬਣਾ ਕੇ ਨਾਲ ਦੇ ਪਿੰਡਾਂ ਦੇ ਮੁਸਲਮਾਨਾਂ ਦੇ ਘਰਾਂ ਨੂੰ ਲੁਟ ਤੇ ਉਨ੍ਹਾਂ ਨੂੰ ਮਾਰਨ ਵਿੱਚ ਰੁਝੀ ਹੋਈ ਸੀ। ਮੈਂ ਕਦੇ ਆਪਣੇ ਚੁਬਾਰੇ ਚੜ੍ਹ ਕੇ ਆਸੇ ਪਾਸੇ ਲੋਕਾਂ ਦੀਆਂ ਰੋਣ ਕਰਲਾਉਣ ਆਵਾਜ਼ਾਂ ਸੁਣਦੀ, ਕਦੇ ਆਪਣੇ ਪਿਉ ਨੂੰ ਅੱਕੀ ਦੇ ਘਰ ਜਾਣ ਬਾਰੇ ਪੁਛਦੀ। ਉਹ ਅਗਿਉਂ ਕਹਿੰਦਾ “ਪੁੱਤ ਚੰਨਨਾ ਰਾਤ ਦਾ ਵੇਲਾ, ਉਤੋਂ ਮਰਨ ਮਰਾਉਣ ਦੀ ਅੱਗ ਵਰਦੀ ਆ, ਅਰਾਮ ਨਾਲ ਬੈਠ, ਕੁਝ ਨਹੀਂ ਹੁੰਦਾ ਤੇਲੀਆਂ ਨੂੰ, ਸਵੇਰੇ ਜਾਵਾਂਗੇ”। ਸਾਡੇ ਪਿੰਡ ਵਿੱਚ ਇਕੋ ਇਕ ਮੁਸਲਮਾਨ ਤੇਲੀਆਂ ਦਾ ਘਰ ਸੀ। ਮੇਰੀ ਬੇਚੈਨੀ ਤੇ ਅੱਖਾਂ ‘ਚ ਆਏ ਹਝੂੰਆਂ ਨੂੰ ਨਾ ਸਹਾਰਦਾ ਹੋਇਆ, ਮੇਰਾ ਪਿਉ ਜਿਸਨੂੰ ਅਸੀਂ ਚਾਚਾ ਜੀ ਕਹਿ ਕੇ ਬੁਲਾਉਂਦੇ ਸੀ, ਮੈਂਨੂੰ ਨਾਲ ਲੈ ਕੇ ਤੇਲੀਆਂ ਦੇ ਘਰ ਵਲ ਤੁਰ ਪਿਆ। ਜਦੋਂ ਅਸੀਂ ਉਨ੍ਹਾਂ ਦੇ ਘਰ ਪੁਜੇ ਉਨ੍ਹਾਂ ਦਾ ਹਮੇਸ਼ਾ ਖੁਲ੍ਹਾ ਰਹਿਣ ਵਾਲਾ ਦਰਵਾਜ਼ਾ ਬੰਦ ਸੀ। ਅਸਾਂ ਬਹੁਤ ਦਰਵਾਜ਼ਾ ਖੜਕਾਇਆ, ਸ਼ਾਇਦ ਉਨ੍ਹਾਂ ਇਹ ਸੋਚ ਨਾ ਖੋਲਿਆ ਹੋਵੇ ਕਿ ਕਿਤੇ ਅਸੀਂ ਵੀ ਉਨ੍ਹਾਂ ਨੂੰ ਲੁਟਣ ਜਾਂ ਮਾਰਨ ਨਾ ਆਏ ਹੋਈਏ। ਦਰਵਾਜ਼ਾ ਨਾ ਖੁਲ੍ਹਦਾ ਦੇਖ ਕੇ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਭੈੜੇ ਖਿਆਾਲ ਆ ਰਹੇ ਸਨ। ਕੁਝ ਚਿਰ ਅਸੀਂ ਚੁੱਪ ਕਰਕੇ ਦਰਵਾਜ਼ੇ ਅਗੇ ਖੜੋ ਗਏ ਤਾਂ ਅੰਦਰੋਂ ਘੁਸੜ-ਮੁਸੜ ਤੇ ਕੁਝ ਖੜ੍ਹਕੇ ਦੀ ਆਵਾਜ਼ ਆਈ। ਸਾਨੂੰ ਜਕੀਨ ਹੋ ਗਿਆ ਕਿ ਉਹ ਅੰਦਰ ਹੀ ਹਨ। ਮੈਂ ਦੋਹਾਂ ਹਥਾਂ ਨਾਲ ਜ਼ੋਰ ਦੀ ਦਰਵਾਜ਼ਾ ਖੜਕੋਂਦੀ ਹੋਈ ਨੇ ਕਿਹਾ, “ਕੁੜੇ ਅਕੀਏ ਬੂਹਾ ਖੋਹਲ, ਮੈਂ ਚਰਨੋਂ ਆ” ਮੇਰੀ ਆਵਾਜ਼ ਸੁਣ ਕੇ ਅੱਕੀ ਦੇ ਵਡੇ ਭਰਾ ਨੇ ਅਹਿਸਤੇ ਜਿਹੇ ਬੂਹਾ ਖੋਲਕੇ ਸਾਨੂੰ ਅੰਦਰ ਵਾੜ ਲਿਆ।
ਤੇਲੀਆ ਦਾ ਸਾਰਾ ਟੱਬਰ ਅੱਕੀ ਦੇ ਚਾਰੇ ਭਰਾ, ਮਾਂ ਪਿਉ, ਦਾਦਾ ਦਾਦੀ ਸਹਿਮੇ ਹੋਏ ਆਪਣਾ ਆਪਣਾ ਸਮਾਨ ਇੱਕ ਨੁਕਰੇ ਪਏ ਛੋਟੇ ਜਿਹੇ ਮਿਟੀ ਦੇ ਦੀਵੇ ਦੀ ਲੋਹ ਵਿੱਚ ਬੰਨ ਰਹੇ ਸੀ। ਮੈਨੂੰ ਦੇਖਦਿਆਂ ਸਾਰ ਅੱਕੀ ਮੇਰੇ ਗਲ੍ਹ ਲਗਕੇ ਰੋਣ ਲਗ ਪਈ। ਮੇਰੇ ਪਿਉ ਨੇ ਅੱਕੀ ਦੇ ਪਿਉ ਨੂੰ ਕਿਹਾ “ਦੇਖ ਫਜ਼ਲਦੀਨਾ ਤੁਸਾਂ ਕਿਤੇ ਨਹੀਂ ਜਾਣਾ, ਸਾਡੇ ਹੁੰਦਿਆ ਕੋਈ ਤੁਹਾਡੀ ਵਾਹ ਵੱਲ ਨਹੀਂ ਵੇਖੇਗਾ, ਜੇ ਅਜੇ ਵੀ ਤੈਨੂੰ ਖ਼ਤਰਾ ਲਗਦਾ, ਚਲ ਟੱਬਰ ਲੈ ਕੇ ਸਾਡੇ ਘਰ ਕੁਝ ਦਿਨ ਰਹਿ ਲੈ”। ਅੱਕੀ ਮੇਰੇ ਪਿਉ ਨਾਲ ਸਹਿਮਤ ਹੁੰਦੀ ਹੋਈ ਕਹਿਣ ਲਗੀ, “ਅੱਬਾ, ਚਾਚਾ ਠੀਕ ਤਾਂ ਕਹਿ ਰਿਹਾ, ਮੈਂ ਨਹੀਂ ਜਾਣਾ ਕਿਤੇ ਬਾਗ਼ਾਨੇ ਮੁਲਕ ‘ਚ”। ਸੁਣ ਕੇ ਫਜ਼ਲਦੀਨ ਕਹਿਣ ਲਗਾ,” ਚੁਪ ਕਰ ਕੁੜੀਏ, ਮਸਾਂ ਤਾਂ ਆਪਣਾ ਦੇਸ਼ ਬਣਿਆ”। ਮੇਰੇ ਚਾਚੇ ਨੂੰ ਸੁਣਕੇ ਗੁਸਾ ਜਿਹਾ ਆ ਗਿਆ, ਉਹ ਬੋਲਿਆ, “ਸੁਣ ਉਏ ਫਜ਼ਲਦੀਨਾ, ਜਿਥੇ ਇਨ੍ਹੇ ਚਿਰ ਤੋਂ ਭਰਾਵਾਂ ਦੀ ਤਰ੍ਹਾਂ ਰਹਿੰਦਾ ਆਇਆ, ਉਹ ਮੁਲਕ ਰਾਤੋਂ ਰਾਤ ਬਿਗ਼ਾਨਾ ਹੋ ਗਿਆ, ਬਾਹਰ ਨਫ਼ਰਤ ਦੀ ਅੱਗ ਵਰਦੀ, ਜਵਾਨ ਕੁੜੀ ਨੂੰ ਲੈ ਕੇ ਕਿਥੇ ਧੱਕੇ ਖਾਂਦਾ ਫਿਰੇਗਾ ”। ਫਜ਼ਲਦੀਨ ਠਰਮੇਂ ਜਿਹੇ ਨਾਲ ਕਹਿਣ ਲੱਗਾ,”ਦੇਖ ਸਰਦਾਰਾਂ ਗਲ੍ਹ ਤਾਂ ਤੇਰੀ ਠੀਕ ਆ, ਪਰ ਆਪਣਾ ਭਾਈਚਾਰਾ, ਆਪਣਾ ਮੁਲਕ ਤਾਂ ਆਪਣਾ ਹੀ ਹੁੰਦਾ, ਸਾਨੂੰ ਜਾਣਾ ਹੀ ਚਾਹੀਦਾ”। ਫਜ਼ਲਦੀਨ ਦੀਆਂ ਗਲ੍ਹਾਂ ਦਾ ਕੋਈ ਉਤਰ ਨਾ ਦਿੰਦੇ ਹੋਏ, ਅਸੀਂ ਰਾਤ ਦੇ ਹਨੇਰੇ ਵਿੱਚ ਘਰ ਪਰਤ ਆਏ। ਅੱਕੀ ਦਰਵਾਜ਼ੇ ਤੋ ਬਾਹਰ ਤਕ ਸਾਡੇ ਮਗਰ ਭੱਜੀ ਆਈ, ਮੇਰੇ ਗਲ੍ਹ ਲਗਕੇ ਰੋਣੋ ਨਾ ਹਟੇ। ਰੋਂਦੀ ਨੂੰ ਉਹਦੀ ਅੰਮਾਂ ਬਾਹੋਂ ਫੜ ਕੇ ਅੰਦਰ ਲੈ ਗਈ ਤੇ ਦਰਵਾਜ਼ਾ ਬੰਦ ਕਰ ਲਿਆ। ਦੂਸਰੇ ਦਿਨ ਪਤਾ ਲਗਾ ਕਿ ਤੜਕਸਾਰ ਹੀ ਫਜ਼ਲਦੀਨ ਦਾ ਸਾਰਾ ਟੱਬਰ ਨਾਲਦੇ ਪਿੰਡ ਦੇ ਮੁਸਲਮਾਨਾਂ ਦੇ ਕਾਫ਼ਲੇ ਨਾਲ ਰਲਕੇ ਪਾਕਿਸਤਾਨ ਲਈ ਰਵਾਨਾ ਹੋ ਗਏ। ਅੱਕੀ ਮੇਰੇ ਤੋਂ ਸਦਾ ਲਈ ਵਿਛੜ ਗਈ।
ਬੀਜੀ ਜੀ ਤੇ ਪਾਪਾ ਜੀ ਪਾਕਿਸਤਾਨ ਜਾਣ ਲਈ ਪੂਰੀ ਤਿਆਰੀ ਕਰ ਚੁਕੇ ਸਨ, ਅਸੀਂ ਉਨ੍ਹਾਂ ਨੂੰ ਟਰੋਂਟੋ ਦੇ ਏਅਰਪੋਰਟ ਤੇ ਪਾਕਿਸਤਾਨ ਲਈ ਰਵਾਨਾ ਹੋਣ ਲਈ ਛੱਡ ਆਏ। ਉਥੇ ਉਨ੍ਹਾਂ ਦੇ ਜਥੇ ਨਾਲ ਜਾਣ ਵਾਲੇ ਹੋਰ ਵੀ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮਿਲ ਪਏ। ਮਾਂ ਦੇ ਚਿਹਰੇ ਤੇ ਖੁਸ਼ੀ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ। ਏਅਰਪੋਰਟ ਤੋਂ ਵਾਪਸ ਆਉਂਦਿਆ ਹੋਇਆ, ਮੈਂ ਸੋਚ ਰਹੀ ਸੀ ਕਿ ਵਿਛੜਿਆ ਨੂੰ ਮਿਲਣ ਦੀ ਤਾਂਘ ਦੀ ਆਪਣੀ ਹੀ ਖੁਸ਼ੀ ਹੁੰਦੀ, ਮੈਨੁੰ ਯਾਦ ਆਇਆ ਜਦੋਂ ਮੈਂ ਵੀਹ ਤੋਂ ਵੱਧ ਵਰ੍ਹਿਆਂ ਦੇ ਬਾਦ ਆਪਣੀ ਸਹੇਲੀ ਬਿਮਲਾ ਨੂੰ ਬਿਨ੍ਹਾਂ ਸੂਚਿਤ ਕੀਤੇ, ਉਹਦੇ ਪਿੰਡ ਮਿਲਣ ਗਈ ਸੀ। ਮੈਨੂੰ ਦੇਖ ਕੇ ਉਹ ਪਾਗਲ ਜਿਹੀ ਹੋ ਗਈ ਸੀ ਤੇ ਮੈਨੂੰ ਹੱਥ ਲਾ ਲਾ ਟੋਈ ਜਾਵੇ ਜਿਵੇਂ ਮੈਂ ਅਸਲੀ ਨਾ ਹੋ ਕੇ ਕੋਈ ਭੂਤ ਹੋਵਾਂ, ਨਾਲੇ ਆਖੀ ਜਾਵੇ, “ਨੀ ਅੜੀਏ ਤੂੰ ਸੱਚੀ ਆ ਗਈ, ਮੈਂ ਸੋਚਦੀ ਸੀ ਹੁਣ ਤਾਂ ਅਗਲੇ ਜਨਮ ਵਿੱਚ ਹੀ ਮਿਲਾਂਗੀਆਂ”। ਖੁਸ਼ੀ ‘ਚ ਉਹ ਫੁਲੀ ਨਾ ਸਮਾਵੇ ਤੇ ਅੰਦਰ ਬਾਹਰ ਭੱਜੀ ਫਿਰੇ। ਮੇਰੇ ਨਾਲ ਗਏ, ਮੇਰੇ ਬੱਚੇ ਕਹਿਣ ਲਗੇ, “ਮੱਮੀ ਤੁਸੀਂ ਏਨੀ ਵਾਰ ਕੇਨੈਡਾ ਤੋਂ ਇੰਡੀਆਂ ਆਏ ਆ, ਆਪਣੀ ਸਹੇਲੀ ਨੂੰ ਕਿਉਂ ਨਹੀਂ ਮਿਲਣ ਆਏ?” ਮੈਂ ਕਿਹਾ, “ਬੱਚਿਉ ਜਿੰਦਗੀ ਤਾਂ ਰੁਝੇਵਿਆ ਨੇ ਖਾ ਲਈ, ਭੱਜ ਨਠ ‘ਚ ਵਿਹਲ ਹੀ ਨਹੀਂ ਮਿਲੀ”।
ਕੋਈ ਡੇੜ ਕੁ ਹਫ਼ਤੇ ਦੀ ਪਾਕਿਸਤਾਨ ਦੀ ਯਾਤਰਾ ਕਰਕੇ ਬੀਜੀ ਤੇ ਪਾਪਾ ਜੀ ਵਾਪਸ ਕੇਨੈਡਾ ਆ ਗਏ। ਮਾਂ ਦੇ ਚਿਹਰੇ ਤੇ ਇਕ ਖ਼ਾਸ ਤਰ੍ਹਾਂ ਦਾ ਸਕੂਨ ਨਜ਼ਰ ਆ ਰਿਹਾ ਸੀ। ਉਹ ਆਪਣੇ ਸਾਰੇ ਬੱਚਿਆਂ ਲਈ ਕੁਝ ਨਾ ਕੁਝ ਖਰੀਦ ਕੇ ਲਿਆਈ। ਮੇਰੇ, ਮੇਰੀ ਭੇਣ ਤੇ ਦੋਹਾਂ ਭਰਜਾਈਆਂ ਲਈ ਸੂਟ ਖਰੀਦ ਕੇ ਲਿਆਈ। ਮਾਂ ਸੂਟਕੇਸ ਚੋਂ ਸਾਨੂੰ ਕਪੜੇ ਕਢ ਕੇ ਦੇ ਰਹੀ ਸੀ ਨਾਲ ਹੀ ਉਥੋਂ ਦੀਆ ਗਲ੍ਹਾਂ ਸੁਣਾ ਰਹੀ ਸੀ। “ਸਾਡੇ ਉਥੇ ਪੁਜਣ ਤੇ ਲੋਕ ਸਾਨੁੰ ਮਿਲਣ ਲਈ ਗਲ੍ਹੀਆਂ, ਬਾਜ਼ਾਰਾਂ ‘ਚ ਆਪਣਆਿ ਬਾਹਾਂ ਖਿਲਾਰੀ ਖੜੇ ਸੀ । ਵੰਡ ਸਮੇਂ ਤੱਤ ਭੱੜਤੇ ਉਧਰ ਜਾ ਵੜੇ, ਹੁਣ ਉਦਰੇ ਪਏ ਹਨ। ਲੋਕਾਂ ਤੋਂ ਪੁਛਦੇ ਨਹੀਂ ਸੀ ਥਕਦੇ, ਵੇ ਫਲਾਣਿਆਂ ਤੂੰ ਕਿਹੜੇ ਪਿੰਡ ਤੋਂ ਆ। ਆਪੋ ਆਪਣੇ ਗੁਵਾਚੇ ਹੋਏ ਪਿੰਡਾਂ ਤੇ ਉਥੋਂ ਦੇ ਲੋਕਾਂ ਨੂੰ ਸ਼ੁਦਾਈਆ ਵਾਂਗ ਲਭਦੇ ਫਿਰਦੇ ਸੀ।”
ਮੈਂ ਪੁਛਿਆ, “ਬੀਜੀ ਹੋਰ ਗਲ੍ਹਾਂ ਛਡੋ, ਦਸੋ ਕਿ ਤੁਹਾਡੀ ਵਿਛੜੀ ਹੋਈ ਅੱਕੀ ਮਿਲੀ ਕਿ ਨਹੀਂ?” ਮਾਂ ਕੁਝ ਚਿਰ ਤਾਂ ਕੁਝ ਨਾ ਬੋਲੀ, ਉਹਦੀਆਂ ਅਖਾਂ ‘ਚ ਪਾਣੀ ਭਰ ਆਇਆ ਤੇ ਭਰੇ ਹੋਏ ਗਲ੍ਹੇ ਨਾਲ ਬੋਲੀ, “ਮੈਂ ਉਸ ਚੰਦਰੀ ਨੂੰ ਬਥੇਰਾ ਲਭਿਆ, ਜਿਨ੍ਹੇ ਦਿਨ ਉਥੇ ਰਹੀ, ਮੈਂ ਲੋਕਾਂ ਤੋਂ ਇਲਾਵਾ ਗਲ੍ਹੀਆ ਦੇ ਕਖਾਂ ਤੋਂ ਵੀ ਪੁਛ ਪੁਛ ਥਕ ਗਈ, ਉਹਦਾ ਕੋਈ ਥੋਹ ਪਤਾ ਨਹੀਂ ਮਿਲਿਆ, ਖੋਰੇ ਕਿਥੇ ਮਰ ਖਪ ਗਈ?” ਏਨੇ ਨੂੰ ਮਾਂ ਨੇ ਆਪਣੇ ਸੂਟਕੇਸ ਚੋਂ ਸਾਰੇ ਕਪੜਿਆਂ ਦੇ ਹੇਠੋਂ ਇੱਕ ਹਰੇ ਰੰਗ ਦਾ ਸ਼ੀਸਿ਼ਆਂ ਵਾਲਾ, ਬਹੁਤ ਸੋਹਣਾ ਸ਼ਾਲ ਕਢਿਆ ਤੇ ਮੈਨੂੰ ਫੜਾਉਂਦੀ ਹੋਈ ਬੋਲੀ, “ਉਹ ਕਮਬਖ਼ਤ ਤਾਂ ਮਿਲੀ ਨਹੀ, ਪਰ ਉਹਦੀ ਨਿਸ਼ਾਨੀ ਜਰੂਰ ਲੈ ਆਈ ਆ, ਇਹਨੂੰ ਗੁਵਾਈ ਨਾ, ਸਾਂਭ ਕੇ ਰਖੀ।” ਮੈਂ ਹਰੀ ਸ਼ਾਲ ਦੀ ਤਹਿ ਖੋਲ ਕੇ ਮਾਂ ਦੇ ਸਿਰ ਉਪਰ ਦੇ ਦਿਤੀ ਤੇ ਘੁਟ ਕੇ ਗਲਵਕੜੀ ਪਾ ਲਈ, ਮਾਂ ਦਾ ਚਿਹਰਾ ਖੁਸੀ਼ ਨਾਲ ਖਿੜ ਕੇ ਲਾਲ ਸੂਹਾ ਹੋ ਗਿਆ ਜਿਵੇਂ ਮਾਂ ਨੂੰ ਮੈਂ ਨਾ ਹੋ ਕੇ ਉਹਦੀ ਗੁਵਾਚੀ ਹੋਈ ਅੱਕੀ ਨੇ ਆਪਣੇ ਸਾਹਾ ਵਿੱਚ ਸਮੇਟ ਲਿਆ ਹੋਵੇ। ਮਾਂ ਨੇ ਆਪਣੇ ਸਿਰ ਤੋਂ ਸ਼ਾਲ ਲਾਹ ਕੇ, ਮੇਰੀ ਝੋਲੀ ਵਿੱਚ ਰਖਦੀ ਹੋਈ ਬੋਲੀ, “ਮੇਰੇ ਸਾਹਾਂ ਦਾ ਕੀ ਭਰੋਸਾ, ਤੂੰ ਹੀ ਇਹਨੂੰ ਸਾਂਭ ਕੇ ਰਖੀ”। ਮੈਨੂੰ ਲਗਾ ਜਿਵੇਂ ਮਾਂ ਕਹਿ ਰਹੀ ਹੋਵੈ, “ਮੇਰੀ ਤੇ ਅੱਕੀ ਦੀ ਮੁਹਬੱਤ ਨੂੰ ਸਦੀਆਂ ਤਕ ਸਾਂਭ ਕੇ ਰਖੀ ਜਿਸਨੁੰ ਕੋਈ ਵੀ ਹੱਦਾ ਤੇ ਬੰਦੀਆਂ ਨਾ ਮਿਟਾ ਸਕਣ”।
ਮਾਂ ਹੱਸਦੀ ਹੱਸਦੀ ਆਪਣੀ ਤੇ ਅੱਕੀ ਦੀ ਹਰੇ ਸ਼ਾਲ ਨਾਲ ਜੁੜੀ ਹੋਈ ਕਹਾਣੀ ਸੁਣਾਉਣ ਲਗ ਪਈ। “ਅੱਕੀ ਨੂੰ ਹਰੇ ਰੰਗ ਨਾਲ ਬੜਾ ਮੋਹ ਸੀ। ਮੋਹ ਹੁੰਦਾ ਵੀ ਕਿਉਂ ਨਾ, ਜਿ਼ਆਦਾ ਸ਼ਮਾ ਤਾਂ ਉਹ ਸਾਡੇ ਖੇਤਾਂ ਵਿੱਚ ਗੁਜ਼ਾਰਦੀ ਸੀ। ਸਰਦੀਆਂ ਦੇ ਦਿਨ ਸਨ। ਮੇਰੀ ਮਾਂ ਨੇ ਮੈਂਨੁੂੰ ਹਰੇ ਰੰਗ ਦਾ ਸ਼ਾਲ ਲੈ ਕੇ ਦਿਤਾ। ਜਦੋਂ ਮੈਂ ਆਪਣੀ ਹਵੇਲੀ ‘ਚ ਅੱਕੀ ਨੂੰ ਕਣਕ ਦਾ ਪੀਹਣ ਛੱਟਦੀ ਨੂੰ ਚਾਹ ਦੇਣ ਗਈ, ਦੇਖਦਿਆ ਸਾਰ ਉਹਨੇ ਮੇਰਾ ਸ਼ਾਲ ਖੋਹ ਕੇ ਆਪਣੇ ਸਿਰ ਤੇ ਰਖ ਲਿਆ ਤੇ ਆਪਣਾ ਚਿੱਟੇ ਖਦੱਰ ਦਾ ਦੁਪੱਟਾ ਮੇਰੇ ਸਿਰ ਤੇ ਰਖ ਦਿਤਾ। ਤੇ ਕਹਿਣ ਲਗੀ, “ ਚਰਨੋ ਤੈਂਨੂੰ ਪਤਾ ਨਹੀ,ਂ ਹਰਾ ਰੰਗ ਮੇਰੀ ਜਿੰਦ ਜਾਨ ਆ”। ਮੈਨੂੰ ਅੱਕੀ ਨੂੰ ਖੁਸ਼ ਦੇਖਕੇ ਏਨੀ ਖੁਸੀ਼ ਹੋਈ, ਮੈਂ ਘਰ ਜਾਣ ਲੱਗੀ ਆਪਣਾ ਸ਼ਾਲ ਲੈਣਾ ਹੀ ਭੁਲ ਗਈ। ਘਰ ਗਈ ਨੂੰ ਜਦੋਂ ਬੇਬੇ ਪੁਛਣ ਲਗੀ, “ਕੁੜੇ ਚਰਨੋ ਆਪਣਾ ਨਵਾਂ ਨਕੋਰ ਸ਼ਾਲ ਕਿਥੇ ਸੁੱਟ ਆਈ ਏ, ਆ ਖਦੱਰ ਦਾ ਚਾਦਰਾ ਸਿਰ ਤੇ ਔੜੀ ਫਿਰਦੀ ਏ?” ਮੈਂਨੂੰ ਪਤਾ ਨਾ ਲਗੇ, ਮੈਂ ਕੀ ਕਹਾਂ? ਝੂਠ ਬੋਲਣ ਨੂੰ ਜੀ ਨਾ ਕਰੇ। ਬਚਣ ਲਈ ਕੋਈ ਤਾਂ ਬਹਾਨਾ ਘੜਨਾ ਹੀ ਪੈਣਾ ਸੀ। ਇੱਕ ਦਮ ਜਿਹੜੀ ਗਲ੍ਹ ਸੂਝੀ ਕਹਿ ਦਿਤੀ, ਬੇਬੇ ਖੁਰਲੀ ਲਾਗੇ ਬੈਠੀ ਸੀ, ਵੱਡੀ ਗਾਂ ਦੇ ਵੱਛੇ ਨੇ ਅਧੀ ਸ਼ਾਲ ਪਠਿਆ ਦੇ ਭੁਲੇਖੇ ਚੱਬ ਲਈ ਸੀ, ਭਲਾ ਮੈਂ ਸਰਦਾਰਾਂ ਦੀ ਧੀ ਅੱਧੀ ਚੱਬੀ ਹੋਈ ਸ਼ਾਲ ਲੈ ਕੇ ਘਰ ਆਉਂਦੀ ਚੰਗੀ ਲਗਦੀ ਸੀ। ਬੇਬੇ ਨੂੰ ਮੇਰਾ ਬਹਾਨਾ ਝੂਠ ਲਗਿਆ, ਉਹ ਬੋਲੀ, ” ਐ ਖੱਦਰ ਦਾ ਚਾਦਰਾ ਤੈਨੂੰ ਕਿਥੋਂ ਲਭਾ। ਮੈਂ ਕਿਹਾ ਅੱਕੀ ਕੋਲੋਂ। ਉਹ ਅਗਿਉਂ ਬੋਲੀ,” ਤਾਂ ਫਿਰ ਅੱਕੀ ਨੰਗੇ ਸਿਰ ਹਵੇਲੀ ‘ਚ ਕੰਮ ਕਰੀ ਜਾਂਦੀ, ਜਾਹ ਲਿਆ ਕੇ ਦਿਖਾ”।
ਮੈਂ ਭੱਜੀ ਭੱਜੀ ਹਵੇਲੀ ਜਾ ਕੇ ਅੱਕੀ ਨੂੰ ਆਪਣੇ ਝੂਠ ਬੋਲਣ ਦੀ ਗਲ੍ਹ ਜਾ ਦਸੀ। ਆਪਣੇ ਝੂਠ ਨੂੰ ਸੱਚ ਬਣਾਉਣ ਲਈ ਅਸਾਂ ਦੋਵੇਂ ਵੱਛੇ ਦੇ ਮੂੰਹ ਵਿੱਚ ਸ਼ਾਲ ਪਾ ਕੇ ਚਬਾਉਣ ਦੀ ਕੋਸਿ਼ਸ਼ ਕਰਾਈਏ, ਉਹ ਚੱਬੇ ਨਾ, ਬਹੁਤੀ ਵਾਰ ਵੱਛੇ ਦੇ ਮੂੰਹ ਵਿੱਚ ਪਾਉਣ ਨਾਲ ਸ਼ਾਲ ਥੋੜਾ ਜਿਹਾ ਖ਼ਰਾਬ ਜ਼ਰੂਰ ਹੋ ਗਿਆ। ਜਦੋਂ ਮੈਂ ਸ਼ਾਲ ਘਰ ਜਾ ਕੇ ਦਿਖਾਇਆ, ਬੇਬੇ ਮੇਰੀ ਗਲ੍ਹ ਦਾ ਸੱਚ ਮੰਨ ਗਈ ਤਾਂ ਜਾ ਕੇ ਉਹ ਸ਼ਾਲ ਸਦਾ ਲਈ ਅੱਕੀ ਕੋਲ ਚਲਾ ਗਿਆ। ਕੁਝ ਕੁ ਦਿਨਾਂ ਬਾਦ ਬੇਬੇ ਨੇ ਮੈਨੂੰ ਇਕ ਹੋਰ ਹਰੇ ਰੰਗ ਦਾ ਸ਼ਾਲ ਲੈ ਦਿਤਾ। ਇਸ ਤਰ੍ਹਾਂ ਸਾਡੇ ਦੋਹਾਂ ਕੋਲ ਇਕੋ ਰੰਗ ਦੇ ਸ਼ਾਲ ਹੋ ਗਏ। ਜਦੋਂ ਮੈਂ ਉਹਦੇ ਦੇਸ਼ ਗਈ ਸੋਚਿਆ ਉਹ ਕਿਤੇ ਤਾਂ ਹਰੀ ਸ਼ਾਲ ਲੈ ਕੇ ਬੈਠੀ ਹੋਵੇਗੀ ਜਾਂ ਫਿਰ ਰੱਬ ਜਾਣੇ ਉਸ ਚੰਦਰੀ ਨਾਲ ਕੀ ਵਾਪਰਿਆ ਹੋਵੇਗਾ? ਮੈਂ ਵੀ ਉਹਦੀ ਨਿਸ਼ਾਨੀ ਵਜੋਂ ਇਕ ਲੈ ਲੈਂਦੀ ਆ”। ਆਪਣੀ ਕਹਾਣੀ ਖ਼ਤਮ ਕਰਦਿਆ ਮਾਂ ਨੇ ਭਾਵਕ ਜਿਹੀ ਹੋ ਕੇ ਸ਼ਾਲ ਮੇਰੇ ਹਵਾਲੇ ਕਰ ਦਿਤਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346