Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ
- ਸਵਰਨ ਚੰਦਨ

 

(ਸਵਰਨ ਚੰਦਨ ਪੰਜਾਬੀ ਸਾਹਿਤ ਦਾ ਉਹ ਚਰਚਿਤ ਨਾਮ ਹੈ ਜਿਸਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਹਿਲੀ ਵਾਰ ਪਰਵਾਸ, ਪਰਵਾਸੀ ਪੰਜਾਬੀ ਸਾਹਿਤ, ਪਰਵਾਸੀ ਚੇਤਨਾ ਜਿਹੇ ਸੰਕਲਪਾਂ ਨੂੰ ਪਰਿਭਾਸਿ਼ਤ ਕੀਤਾ ਅਤੇ ਪਰਵਾਸੀ ਸਾਹਿਤ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕਰਨ ਦੀ ਗੰਭੀਰ ਪਿਰਤ ਪਾਈ। ਇਕ ਖੋਜੀ ਅਤੇ ਆਲੋਚਕ ਤੋਂ ਇਲਾਵਾ ਉਸਨੇ ਭਾਵੇਂ ਸ਼ਾਇਰੀ ਉੱਤੇ ਵੀ ਚੰਗਾ ਹੱਥ ਅਜ਼ਮਾਇਆ ਹੈ ਪਰ ਇੱਕ ਗਲਪਕਾਰ ਵਜੋਂ ਉਹ ਪੰਜਾਬੀ ਪਰਵਾਸੀ ਸਾਹਿਤ ਵਿਚ ਇੱਕ ਮੀਲ-ਪੱਥਰ ਬਣ ਕੇ ਖਲੋਤਾ ਹੈ। ਹਥਲਾ ਬਿਰਤਾਂਤ ਜਿੱਥੇ ਉਸਦੇ ਨਿੱਜੀ ਦੁਖਾਂਤ ਦੀ ਪੇਸ਼ਕਾਰੀ ਕਰਦਾ ਹੈ ਓਥੇ ਉਸ ਸਮੁੱਚੇ ਦੌਰ ਦੀ ਭਿਆਨਕ ਤ੍ਰਾਸਦੀ ਨੂੰ ਵੀ ਨਜ਼ਰ ਗੋਚਰੇ ਲਿਆਉਂਦਾ ਹੈ-ਸੰਪਾਦਕ)
ਅਪ੍ਰੈਲ 1947 ਵਿੱਚ ਸਕੂਲ ਬੰਦ ਹੋ ਗਏ ਸਨ, ‘ਤੇ ਫੇਰ ਕਦੇ ਨਾ ਖੁੱਲ੍ਹੇ। ਹਰ ਰੋਜ਼ ਨਵੀਆਂ ‘ਤੇ ਭੈੜੀਆਂ ਖ਼ਬਰਾਂ ਆਉਂਦੀਆਂ, ‘ਤੇ ਲੋਕ ਦੜ ਵੱਟ ਕੇ ਰਹਿ ਜਾਂਦੇ। ਪਤਾ ਨਹੀਂ ਕੀ ਹੋਣ ਵਾਲਾ ਸੀ? ਪਤਾ ਨਹੀਂ ਕੀ ਹੋ ਰਿਹਾ ਸੀ? ਪਤਾ ਨਹੀਂ ਕੀਹਨੇ ਜੀਣਾ ਸੀ ‘ਤੇ ਕੀਹਨੇ ਮਰਨਾ ਸੀ। ਸ਼ਹਿਰ ਵਿੱਚ ਜਲਸੇ ਜਲੂਸ ਨਿਕਲਦੇ ‘ਤੇ ਉਹ ਨਵੀਂ ਸੜਕ ਵਿੱਚੋਂ ਦੀ ਵੀ ਹੋ ਕੇ ਜਾਂਦੇ। ਅਜੀਬ ਅਜੀਬ ਡਰਾਉਣੇ ਲੋਕ ਇਹਨਾਂ ਜਲਸਿਆਂ ਜਲੂਸਾਂ ਵਿੱਚ ਸ਼ਾਮਿਲ ਹੁੰਦੇ ‘ਤੇ ਦਿਲਾਂ ਨੂੰ ਦਹਿਲਾ ਦੇਂਦੇ।
ਜੂਨ/ਜੁਲਾਈ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ। ਇੱਕ ਦਿਨ ਚਾਚਾ ਜਦੋਂ ਖੂਹ ਤੋਂ ਘਰ ਆਇਆ ਤਾਂ ਉਹਦੀ ਸੱਜੀ ਅੱਡੀ ਬੁਰੀ ਤਰ੍ਹਾਂ ਸੁੱਜੀ ਹੋਈ ਸੀ। ਕਿਸੇ ਨੇ ਪਿੱਛੋਂ ਦੀ ਡਾਂਗ ਮਾਰੀ ਸੀ। ਉਹ ਬੰਦੇ ਬਹੁਤੇ ਸਨ ਇਸ ਲਈ ਚਾਚੇ ਨੂੰ ਉੱਥੋਂ ਭੱਜਣਾ ਪਿਆ ਸੀ। ਮੈਨੂੰ ਯਾਦ ਹੈ ਚਾਚੀ ਨੇ ਅੱਗ ਵਿੱਚ ਰੋੜੇ ਗਰਮ ਕਰ ਕਰ ਕੇ ‘ਤੇ ਕਿਸੇ ਕੱਪੜੇ ਵਿੱਚ ਲਪੇਟ ਕੇ ਚਾਚੇ ਨੂੰ ਫੜਾਏ ਸਨ ਜਿਹਨਾਂ ਨਾਲ ਚਾਚਾ ਕਿੰਨ੍ਹਾਂ ਹੀ ਚਿਰ ਅੱਡੀ ਨੂੰ ਸੇਕ ਦੇਂਦਾ ਰਿਹਾ ਸੀ।
ਮੇਰੇ ਤਾਏ ਦਾ ‘ਤੇ ਸਾਡਾ ਬੋਲਚਾਲ ਅਜੇ ਵੀ ਬੰਦ ਸੀ। ਪਤਾ ਨਹੀਂ ਇਸਦਾ ਮੇਰੇ ਤਾਏ-ਤਾਈ ਉੱਤੇ ਕੋਈ ਅਸਰ ਸੀ ਜਾਂ ਨਹੀਂ ਪਰ ਮੇਰੇ ਮਾਂ-ਪਿਉ ਉੱਤੇ ਤਾਂ ਬਹੁਤ ਸੀ। ਖਾਸ ਕਰ ਕੇ ਹੁਣ ਜਦੋਂ ਹਾਲਾਤ ਮਾੜੇ ਹੋ ਰਹੇ ਸਨ। ਸ਼ਾਇਦ ਉਹਨਾਂ ਨੂੰ ਪੰਜ ਪੁੱਤਾਂ ਦਾ ਮਾਨ ਸੀ ਜਿਹਨਾਂ ‘ਚੋਂ ਸਭ ਤੋਂ ਵੱਡਾ ਬੋਲਾ ਮੁਖਤਾਰ ਪੰਝੀਆਂ ਸਾਲਾਂ ਦਾ ਸੀ, ਛੋਟਾ ਮੁਹਿੰਦਰ ਵੀਹਾਂ ਦਾ, ਜੁਗਿੰਦਰ ਸਤ੍ਹਾਰਾਂ ਦਾ, ਹਰਬੰਸ ਪੰਦਰਾਂ ਦਾ ‘ਤੇ ਬਲਬੀਰ ਦਸਾਂ ਸਾਲਾਂ ਦਾ। ‘ਤੇ ਏਧਰ ਮੈਂ ਅਜੇ ਸਤੰਬਰ ਵਿੱਚ ਛੇਆਂ ਸਾਲਾਂ ਦਾ ਹੋਣਾ ਸੀ।
ਉਹ ਮਹੀਨਾ ਜ਼ਰੂਰ ਜੁਲਾਈ ਜਾਂ ਅਗਸਤ ਦਾ ਹੋਵੇਗਾ ਕਿਉਂਕਿ ਮੀਂਹ ਵੀ ਵਰ੍ਹਦਾ ਸੀ ਹੁੱਸੜ ਵੀ ਹੋ ਜਾਂਦਾ ਸੀ। ਮੇਰੇ ਤਾਏ ਦੀ ਵਾਹੀ ਦੋ ਖੂਹਾਂ ਉੱਤੇ ਸੀ: ਇੱਕ ਭਾਈ ਵਾਲੇ ਖੂਹ ‘ਤੇ ਜਿਸਨੂੰ ਪਿੰਡ ਭਰਾੜੀਵਾਲ ਲਗਦਾ ਸੀ ‘ਤੇ ਦੂਜੀ ਹਵੇਲੀ ਵਾਲੇ ਖੂਹ ‘ਤੇ ਜਿਸਨੂੰ ਪਿੰਡ ਮੂਲਾ ਚੱਕ ਲਗਦਾ ਸੀ। ਬੋਲਾ ਮੁਖਤਾਰ ਜਿਸਨੂੰ ਆਮ ਤੌਰ ‘ਤੇ ਬੋਲਾ ਹੀ ਕਿਹਾ ਜਾਂਦਾ, ਹਵੇਲੀ ਵਾਲੇ ਖੂਹ ਦੀ ਪੈਲੀ ‘ਤੇ ਗਿਆ ਹੋਇਆ ਸੀ ‘ਤੇ ਬਾਕੀ ਦੇ ਚਾਰ ਭਰਾੜੀਵਾਲ ਵਿੱਚ ਸਨ। ਚਾਚੇ ਦਾ ਅੱਧਵਰਿਤਾ ਖੂਹ ਵੀ ਭਾਈ ਵਾਲੇ ਖੂਹ ਦੇ ਲਾਗੇ ਹੀ ਸੀ।
ਹੁਣ ਕਰੀਬ ਇੱਕ ਹਫ਼ਤੇ ਤੋਂ ਹਾਲਾਤ ਏਡੇ ਖ਼ਰਾਬ ਹੋ ਗਏ ਸਨ ਕਿ ਜਿਸ ਥਾਂ ਕੋਈ ਬੈਠਾ ਸੀ ਓਥੇ ਹੀ ਬੈਠਾ ਸੀ। ਚਾਚੇ ਦਾ ਸਾਰਾ ਮਾਲ ਡੰਗਰ ਖੂਹ ਉੱਤੇ ਹੀ ਬੱਧਾ ਪਿਆ ਸੀ। ਸ਼ਾਇਦ ਬੱਧਾ ਰਿਹਾ ਵੀ ਹੋਵੇ ਕਿ ਨਾ। ਸ਼ਾਇਦ ਲੋਕ ਹੀ ਖੋਹਲ ਕੇ ਲੈ ਗਏ ਹੋਣ, ਚਾਚੇ ਨੂੰ ਇਸਦਾ ਕੋਈ ਇਲਮ ਨਹੀਂ ਸੀ। ਸਾਡੇ ਘਰ ਵਿੱਚ ਮੈਂ ਸਾਂ, ਚਾਚਾ ਸੀ ‘ਤੇ ਚਾਚੀ। ਤਾਏ ਦੇ ਘਰ ਵਿੱਚ ਤਾਇਆ ਸੀ, ਤਾਈ ‘ਤੇ ਦੋ ਕੁੜੀਆਂ - ਦੀਪੋ ਇੱਕ ਸਾਲ ਦੀ ‘ਤੇ ਵੱਡੀ ਬਿਅੰਤੀ ਤਿੰਨ ਸਾਲ ਦੀ। ਉਹ ਆਪਣੇ ਘਰ ਸਨ ‘ਤੇ ਅਸੀਂ ਆਪਣੇ, ਆਹਮੋ ਸਾਹਮਣੇ, ਪਰ ਬੋਲਚਾਲ ਕੋਈ ਨਹੀਂ ਸੀ।
ਕਰਫ਼ਿਊ ਲਗਦੇ ਸਨ, ਗਲੀਆਂ ‘ਤੇ ਬਾਜ਼ਾਰ ਬੰਦ ਸਨ ‘ਤੇ ਲੋਕ ਘਰਾਂ ਵਿੱਚ ਦੜ ਵੱਟ ਕੇ ਬੈਠੇ ਸਨ। ਡਰੇ ‘ਤੇ ਘਬਰਾਏ ਹੋਏ। ਪਤਾ ਨਹੀਂ ਕਦੋਂ ਕੀ ਵਾਪਰ ਜਾਏ। ਅਫ਼ਵਾਹਾਂ ਆਮ ਗਸ਼ਤ ਕਰਦੀਆਂ। ਸੁਣਿਆਂ ਗਿਆ ਕਿ ਨੰਢਿਆਂ ਵਾਲੇ ਵਿਹੜੇ (ਮੇਰੇ ਨਾਨਕਿਆਂ ਦੀ ਗਲੀ) ਵਾਲੇ ਵਿਹੜਾ ਖਾਲੀ ਕਰ ਕੇ ਚਲੇ ਗਏ ਸਨ। ਫੇਰ ਸੁਣਿਆਂ ਗਿਆ ਕਿ ਕੌੜਿਆਂ ਵਾਲੇ ਵਿਹੜੇ (ਨਵੀਂ ਸੜਕ ਦੇ ਨਾਲ ਦਾ ਵਿਹੜਾ) ਵਾਲੇ ਵੀ ਜਾ ਚੁੱਕੇ ਸਨ। ਹੁਣ ਸਿਰਫ਼ ਅਸੀਂ ਹੀ ਰਹਿ ਗਏ ਸਾਂ ਨਿਕਲਣ ਵਾਲੇ। ਪਰ ਫਿਕਰ ਇਹ ਸੀ ਕਿੱਥੇ ਜਾਵਾਂਗੇ? ਫੇਰ ਸਲਾਹ ਵੀ ਕੀਹਦੇ ਨਾਲ ਕੀਤੀ ਜਾਏ? ਸਕੇ ਭਰਾ ਹੀ ਇੱਕ ਦੂਜੇ ਨਾਲ ਨਹੀਂ ਸਨ ਬੋਲਦੇ। ਦ੍ਹੋਵੇਂ ਧਿਰਾਂ ਆਪੋ ਆਪਣੇ ਬੂਹਿਆਂ ਨੂੰ ਅੰਦਰੋਂ ਕੁੰਡੇ ਲਾ ਕੇ ਅੰਦਰੀਂ ਦਰੜੀਆਂ ਪਈਆਂ ਸਨ। ਚਾਚੇ ‘ਤੇ ਤਾਏ ਦੇ ਸਾਂਝੇ ਮੁਸਲਮਾਨ ਯਾਰ ਗਲੀ ਵਿੱਚ ਫੇਰੇ ਮਾਰਦੇ ‘ਤੇ ਧਰਵਾਸ ਦੇਂਦੇ ਕਿ ਉਹਨਾਂ ਦੇ ਹੁੰਦਿਆਂ ਕੋਈ ਉਹਨਾਂ ਦੀ ਹਵਾ ਵੱਲ ਨਹੀਂ ਵੇਖ ਸਕਦਾ। ਜੇ ਉਹਨਾਂ ਨੂੰ ਕਿਸੇ ਸ਼ੈ ਦੀ ਲੋੜ ਸੀ ਤਾਂ ਦੱਸਣ, ਉਹ ਹੁਣੇ ਲਿਆ ਕੇ ਦੇ ਦੇਣਗੇ। ਰਾਸ਼ਣ ਦੀ ਦੁਕਾਨ ਮੁਸਲਮਾਨਾਂ ਦੀ ਸੀ, ਨਵੀਂ ਸੜਕ ‘ਚੋਂ ਨਿਕਲਦੇ ਪੀਪਿਆਂ ਵਾਲੇ ਬਾਜ਼ਾਰ ਵਿਚ। ਉਹ ਬਾਹਰੋਂ ਗਲੀ ਵਿੱਚੋਂ ਹੀ ਕਹਿੰਦੇ: ‘ਦੇਵਾ ਸਿਹਾਂ ਆਸਾ ਸਿਹਾਂ, ਧਾਨੂੰ ਕਿਤੇ ਜਾਣ ਦੀ ਲੋੜ ਨਈਂ, ਇੱਕ ਦੋ ਦਿਨਾਂ ਦੀ ਖੱਪ ਏ ਫੇਰ ਸਭ ਕੁਸ਼ ਪਹਿਲਾਂ ਵਾਂਗ ਹੀ ਹੋ ਜਾਣਾ ਏਂ। ਸੋ ਤੁਸੀਂ ‘ਰਾਮ ਨਾ’ ਬੈਠੇ ਰਹੋ। ਆਟਾ, ਲੂਣ, ਤੇਲ, ਜੋ ਵੀ ਚਾਹੀਦਾ ਜੇ ਦੱਸੋ ਅਸੀਂ ਡੀਪੂ ਤੋਂ ਲਿਆ ਕੇ ਹੁਣੇ ਦੇ ਜਾਂਦੇ ਹਾਂ’। ‘ਤੇ ਏਧਰ ਸਾਡੇ ਮੂਹਾਂ ਵਿਚੋਂ ਹਾਂ ਜਾਂ ਨਾਂਹ ਦੀ ਆਵਾਜ਼ ਵੀ ਨਹੀਂ ਸੀ ਨਿਕਲਦੀ।
ਮੈਨੂੰ ਪਰਤੱਖ ਯਾਦ ਹੈ ਉਹ ਸ਼ਾਮ ਦਾ ਵਕਤ ਜਦੋਂ ਚਾਚੀ ਨੇ ਚਾਚੇ ਨੂੰ ਕਿਹਾ ਸੀ ਤੂੰ ਹੀ ਜਾ ਕੇ ਵੱਡੇ ਭਰਾ ਦੇ ਪੈਰੀਂ ਪੈ ਜਾ, ਉਹਨੇ ਤਾਂ ਤੈਨੂੰ ਮਨਾਉਣ ਆਉਣਾ ਨਹੀਂ। ਜੇ ਨਸੀਬਾਂ ਵਿੱਚ ਮਰਨਾ ਹੀ ਲਿਖਿਆ ਹੈ ਤਾਂ ਘੱਟੋ ਘੱਟ ‘ਕੱਠੇ ਤਾਂ ਮਰਾਂਗੇ। ‘ਤੇ ਫੇਰ ਚਾਚਾ ਛੋਪਲੇ ਜਿਹੇ ਬੂਹਾ ਖੋਹਲ ਕੇ ‘ਤੇ ਇਹ ਵੇਖ ਕੇ ਬਾਹਰ ਨਿਕਲਿਆ ਸੀ ਕਿ ਬਾਹਰ ਕੋਈ ਬਿੱਜ ਤਾਂ ਨਹੀਂ ਸੀ। ਉਹਨੇ ਆਪਣਾ ਬੂਹਾ ਉਵੇਂ ਹੀ ਬਾਹਰੋਂ ਬੰਦ ਕਰ ਦਿੱਤਾ ਜਿਹਨੂੰ ਚਾਚੀ ਨੇ ਅੰਦਰੋਂ ਕੁੰਡਾ ਲਾ ਲਿਆ। ਫੇਰ ਦੂਜੇ ਹੀ ਪਲ ਚਾਚਾ ਮੇਰੇ ਤਾਏ ਦੇ ਬੂਹੇ ‘ਤੇ ਦਸਤਕ ਦੇ ਰਿਹਾ ਸੀ। ਡਰਿਆ ਹੋਇਆ ਤੇ ਭੈਭੀਤ। ਇਹ ਵੀ ਵੇਖ ਰਿਹਾ ਕਿ ਕੋਈ ਮੁਸਲਮਾਨ ਉੱਤੋਂ ਹੀ ਨਾ ਆ ਜਾਏ। ਮੁਸਲਮਾਨ ਤਾਂ ਸਾਡੇ ਇਲਾਕੇ ਵਿੱਚ ਆਦਮ ਬੋ, ਆਦਮ ਬੋ ਕਰਦੇ ਫਿਰਦੇ ਸਨ। ਹੁਣੇ ਕੁੱਝ ਦੇਰ ਪਹਿਲਾਂ ਆ ਕੇ ਧਰਵਾਸ ਦੇਣ ਵਾਲੇ ਦੀਨਾ, ਲੱਖਾ ‘ਤੇ ਮ੍ਹਾਜਾ ਗੁੱਜਰ ਮੁਸਲਮਾਨ ਸਨ ‘ਤੇ ਸਾਡੇ ਤੋਂ ਆਮ ਹੀ ਪੱਠੇ ਖ੍ਰੀਦਦੇ ਸਨ। ਇਹ ਨਵੀਂ ਸੜਕ ‘ਤੇ ਹੀ ਰਹਿੰਦੇ ਸਨ ਜਿੱਥੇ ਇਹਨਾਂ ਦੀਆਂ ਡੇਰੀਆਂ ਸਨ। ਸਾਡਾ ਸਾਰਾ ਇਲਾਕਾ ਹੀ ਮੁਸਲਮਾਨਾਂ ਦਾ ਸੀ।
ਵਾਤਾਵਰਣ ਵਿੱਚ ਖ਼ਾਮੋਸ਼ੀ ਏਡੀ ਡੂੰਘੀ ‘ਤੇ ਡਰਾਉਣੀ ਸੀ ਕਿ ਸੂਈ ਡਿੱਗੀ ਦਾ ਖੜਾਕ ਵੀ ਸੁਣ ਸਕਦਾ ਸੀ। ਜਦੋਂ ਚਾਚਾ, ਤਾਏ ਦੇ ਬੂਹੇ ‘ਤੇ ਹੌਲੀ ਹੌਲੀ ਡਰੀ ਹੋਈ ਦਸਤਕ ਦੇ ਰਿਹਾ ਸੀ ਤਾਂ ਉਹ ਸਾਨੂੰ ਬੰਦ ਬੂਹੇ ਦੇ ਬਾਵਜੂਦ ਸੁਣ ਰਹੀ ਸੀ। ਫੇਰ ਸਾਨੂੰ ਅੰਦਰੋਂ ਭਾਈਯੇ (ਮੇਰੇ ਚਾਚੇ ਤੋਂ ਬਿਨਾਂ ਤਾਏ ਨੂੰ ਸਾਰੇ ਭਾਈਯਾ ਕਹਿੰਦੇ ਸਨ, ਉਹਦੇ ਆਪਣਾ ਬੱਚੇ ਵੀ, ਤੇ ਤਾਈ ਨੂੰ ਭਾਬੀ। ਇਸ ਤੋਂ ਬਾਅਦ ਮੈਂ ਵੀ ਇਹੋ ਹੀ ਸੰਬੋਧਨ ਵਰਤਾਂਗਾ) ਦੀ ਆਵਾਜ਼ ਵੀ ਸੁਣੀ - ਬੁਰੀ ਤਰ੍ਹਾਂ ਦਹਿਲੀ ਤੇ ਡਰੀ ਹੋਈ।
‘ਕੌਣ ਐਂ?’
‘ਭਾਊ ਮੈਂ ਆਂ, ਆਸਾ ਸੋਂਹ’
‘ਤੇ ਚਾਚੇ ਦਾ ਬੋਲ ਪਛਾਣ ਕੇ ਭਾਈਯੇ ਨੇ ਹੌਲੀ ਜਿਹੀ ਜ਼ਰਾ ਕੁ ਬੂਹਾ ਖੋਹਲ ਕੇ ਚਾਚੇ ਨੂੰ ਅੰਦਰ ਵਾੜ ਲਿਆ। ਬੂਹਾ ਬੰਦ ਹੋਣ ਦੀ ‘ਤੇ ਅੰਦਰੋਂ ਕੁੰਡਾ ਲੱਗਣ ਦੀ ਆਵਾਜ਼ ਵੀ ਪਹਿਲਾਂ ਵਾਂਗ ਹੀ ਆਈ, ਤੇ ਬਸ। ਚਾਚੇ ਨੇ ਭਾਈਯੇ ਨਾਲ ਕੀ ਗੱਲਾਂ ਕੀਤੀਆਂ ਉਹ ਉਹਨੇ ਪੰਦਰਾਂ ਵੀਹ ਮਿੰਟਾਂ ਪਿੱਛੋਂ ਵਾਪਸ ਆ ਕੇ ਚਾਚੀ ਨੂੰ ਦੱਸੀਆਂ। ਸਾਰੀ ਗੱਲਬਾਤ ਦਾ ਸਿਰਾ ਇਹ ਸੀ ਕਿ ਇੱਕ ਥਾਂ ਇਕੱਠੇ ਹੋ ਜਾਈਏ। ਜੇ ਜੀਵਾਂਗੇ ਤਾਂ ਇਕੱਠੇ ਜੀਵਾਂਗੇ ‘ਤੇ ਜੇ ਮਰ ਗਏ ਤਾਂ ਵੀ ਇਕੱਠੇ ਮਰਾਂਗੇ।
ਫੇਰ ਦੂਜੇ ਹੀ ਪਲ ਚਾਚੀ ਨਿੱਕੇ ਮੋਟੇ ਜ਼ਰੂਰੀ ਸਾਮਾਨ ਦੀ ਇੱਕ ਪੋਟਲੀ ਬੰਨ੍ਹ ਰਹੀ ਸੀ ‘ਤੇ ਚਾਚਾ ਉਹਨੂੰ ਪੁੱਛ ਰਿਹਾ ਸੀ ਇਸ ਵਾਰੀ ਦੀਆਂ ਗੋਭੀਆਂ ਦੀ ਛੇ ਹਜ਼ਾਰ ਵਟਕ ਕਿੱਥੇ ਸੀ। ਚਾਚੀ ਨੇ ਉਹ ਵਟਕ ਅੰਦਰੋਂ ਲਿਆ ਕੇ ਚਾਚੇ ਨੂੰ ਫੜਾ ਦਿੱਤੀ। ਚਾਚੇ ਨੇ ਤਿੰਨ ਹਜ਼ਾਰ ਗਿਣ ਕੇ ਚਾਚੀ ਨੂੰ ਫੜਾ ਦਿੱਤਾ ਅਤੇ ਬਾਕੀ ਦਾ ਤਿੰਨ ਆਪਣੀ ਚਾਦਰ ਦੀ ਡੱਬ ‘ਚ ਬੰਨ੍ਹ ਲਿਆ। ‘ਸਾਡੇ ‘ਚੋਂ ਜਿਹੜਾ ਬਚ ਗਿਆ ਉਹਨੂੰ ਕਿਸੇ ਅੱਗੇ ਤਰਲੇ ਤਾਂ ਨਈਂ ਕੱਢਣੇ ਪੈਣ ਗੇ’ - ਚਾਚੇ ਨੇ ਕਿਹਾ ਸੀ।
‘ਤੇ ਇੱਕ ਵਾਰ ਫੇਰ ਚਾਚਾ ਭਾਈਯੇ ਦੇ ਬੂਹੇ ‘ਤੇ ਡਰੀ ਹੋਈ ਦਸਤਕ ਦੇ ਰਿਹਾ ਸੀ ਜਦੋਂਕਿ ਚਾਚੀ ਤੇ ਮੈਂ ਆਪਣੇ ਘਰ ਦੇ ਬੂਹੇ ਪਿੱਛੇ ਭੈਭੀਤ ਖੜੇ ਭਾਈਯੇ ਦਾ ਬੂਹਾ ਖੁਲ੍ਹਣ ਦੀ ਉਡੀਕ ਕਰ ਰਹੇ ਸਾਂ। ਜਿਉਂ ਹੀ ਬੂਹਾ ਖੁਲ੍ਹਿਆ ਚਾਚੀ ਮੇਰੀ ਉਂਗਲ ਫੜ ਕੇ ਓਧਰ ਨੂੰ ਭੱਜੀ। ਅਸੀਂ ਭਾਈਯੇ ਦੇ ਘਰ ਦਾ ਬੂਹਾ ਹੀ ਟੱਪੇ ਸਾਂ ਕਿ ਚਾਚੀ ਸਾਹੋ ਸਾਹ ਹੋ ਗਈ। ਉਹ ਪੂਰੇ ਦਿਨਾਂ ਉੱਤੇ ਸੀ। ਮੇਰਾ ਛੋਟਾ ਭੈਣ-ਭਾਈ ਕਿਸੇ ਵੇਲੇ ਵੀ ਬਾਹਰ ਆ ਸਕਦਾ ਸੀ।
ਸਾਨੂੰ ਦੋਹਾਂ ਬਲਕਿ ਤਿੰਨ੍ਹਾਂ ਨੂੰ ਅੰਦਰ ਵਾੜ ਕੇ ਚਾਚਾ ਉਹਨੀਂ ਪੈਰੀਂ ਵਾਪਸ ਘਰ ਨੂੰ ਗਿਆ ‘ਤੇ ਬੂਹੇ ਨੂੰ ਜੰਦਰਾ ਲਾ ਕੇ ਵਾਪਸ ਆ ਗਿਆ। ਹੁਣ ਅਸੀਂ ਇੱਕ ਹੀ ਘਰ ਵਿੱਚ ਇਕੱਠੇ ਸਾਂ। ਪਤਾ ਨਹੀਂ ਮਰਨਾ ਸੀ ਕਿ ਜੀਣਾ ਸੀ।
ਪਰ ਕਿਸੇ ਪਾਸੇ ਕੋਈ ਆਵਾਜ਼ ਨਹੀਂ ਸੀ ਹੋ ਰਹੀ। ਭਾਬੀ ਸੁੰਨ ਸੀ, ਭਾਈਯਾ ਸੁੰਨ ਸੀ, ‘ਤੇ ਮੇਰੇ ਚਾਚਾ ਚਾਚੀ ਵੀ। ਸਾਲ ਦੀ ਦੀਪੋ ਨੇ ਮਾਂ ਦਾ ਇੱਕ ਮੰਮਾ ਮੂੰਹ ਵਿੱਚ ਪਾਇਆ ਹੋਇਆ ਸੀ ‘ਤੇ ਤਿੰਨ ਸਾਲਾਂ ਦੀ ਬੰਤੀ ਨੇ ਦੂਸਰਾ। ਗਰਮੀ ‘ਤੇ ਹੱਸੜ ਬਹੁਤ ਸੀ। ਮੈਂ ਡਰਿਆ ਹੋਇਆਂ ਉਹਨਾਂ ਦੇ ਲਾਗੇ ਬੈਠਾ ਸਾਂ। ਚੁੱਪ ਚਾਪ, ਆਨੇ ਟੱਡੀ। ਮੇਰੇ ਲਈ ਇਹ ਸਭ ਕੁੱਝ ਬੜਾ ਅਜੀਬ, ਅਲੋਕਾਰ ‘ਤੇ ਡਰਾਉਣਾ ਸੀ। ਮੈਨੂੰ ਇਹਨਾਂ ਸਭ ਦੇ ਉੱਚੀ ਬੋਲਣ ਦਾ, ਗਾਲਾਂ ਕੱਢਣ ਦਾ, ਲੜਨ ਦਾ, ਇੱਕ ਦੂਜੇ ਨੂੰ ਫੱਟੜ ਕਰ ਦੇਣ ਦਾ ਤਜਰਬਾ ਤਾਂ ਸੀ ਪਰ ਇਉਂ ਚੁੱਪ ਚਾਪ ਤੇ ਸੁੰਨ, ਡਰੇ ਤੇ ਦੁਬਕੇ ਹੋਏ ਹੋਣ ਦਾ ਕੋਈ ਇਲਮ ਨਹੀਂ ਸੀ। ਇਹ ਆਮ ਗੱਲ ਨਹੀਂ ਸੀ। ਇੱਥੇ ਕੁੱਝ ਗ਼ਲਤ ਜ਼ਰੂਰ ਸੀ। ਕੋਈ ਵੱਡੀ ਆਫ਼ਤ ਆਉਣ ਵਾਲੀ ਸੀ ਜਿਸਦਾ ਚਿਹਰਾ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ।
-----------
ਚਾਚੀ ਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ, ਤੇ ਉਹ ਹਫ਼ੀ ਹੋਈ ਉਥੇ ਹੀ ਲੰਮੀ ਪੈ ਗਈ ਸੀ। ਚਾਚਾ ‘ਤੇ ਭਾਈਯਾ ਏਥੋਂ ਬਚ ਨਿਕਲਣ ਦੀਆ ਵਿਉਂਤਾਂ ਬਣਾ ਰਹੇ ਸਨ। ਉਹ ਇੱਕ ਦੂਜੇ ਨੂੰ ਘਰ ਵਿੱਚ ਕਿਸੇ ਹਥਿਆਰ ਦੇ ਹੋਣ ਬਾਰੇ ਪੁੱਛ ਰਹੇ ਸਨ। ਲੇਕਿਨ ਇੱਕ ਦੋ ਕਿਰਪਾਨਾਂ ਜਿਹੜੀਆਂ ਦੋਹਾਂ ਘਰਾਂ ਵਿੱਚ ਸਨ ਉਹ ਤਾਂ ਹੁਣ ਖੂਹਾਂ ‘ਤੇ ਸਨ। ਪਾਣੀ ਦੀਆਂ ਵਾਰੀਆਂ ਸਮੇਂ ਲਿਜਾਈਆਂ ਗਈਆ ਓਥੇ ਹੀ ਰਹਿ ਗਈਆਂ ਸਨ। ਪਤਾ ਥ੍ਹੋੜਾ ਹੀ ਸੀ ਕਿਸੇ ਨੂੰ ਬਈ ਇਹ ਦਿਨ ਵੀ ਵੇਖਣੇ ਪੈਣੇ ਸਨ। ਮਾੜੀ ਮੋਟੀ ਡਾਂਗ ਸੋਟੀ ਤਾਂ ਸੀ ਪਰ ਬਾਹਰ ਤਾਂ ਤਲਵਾਰਾਂ, ਟਕੂਏ ‘ਤੇ ਬਰਛਿਆਂ ਵਾਲੇ ਫਿਰਦੇ ਸਨ। ਫੇਰ ਚਾਚਾ ਸੀ ਸੱਠਾਂ ਸਾਲਾਂ ਦਾ ‘ਤੇ ਭਾਈਯਾ ਤਰੇਠਾਂ ਦਾ।
-----------
ਚਾਚੇ ਨੇ ਸਰਕਾਰੀ ਨਲਕਾ ਜੋ ਭਾਈਯੇ ਦੇ ਘਰ ਵਿੱਚ ਲੱਗਾ ਹੋਇਆ ਸੀ, ਖ੍ਹੋਲਿਆ ਤਾਂ ਬੜਾ ਘਸਮੈਲਾ ਜਿਹਾ ਪਾਣੀ ਨਿਕਲਿਆ ਜਿਵੇਂ ਜ਼ੰਗਾਲਿਆ ਹੋਇਆ ਹੋਵੇ।
‘ਲਗਦਾ ਏ ਮੁਸਲਿਆਂ ਨੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਏ’ ਚਾਚੇ ਨੇ ਕਿਹਾ। ਇਹੋ ਜਿਹੀਆਂ ਅਫ਼ਵ੍ਹਾਵਾਂ ਉਹ ਪਹਿਲਾਂ ਵੀ ਸੁਣ ਚੁੱਕੇ ਸਨ। ਮੁਸਲਮਾਨੀ ਇਲਾਕਾ ਹੋਣ ਕਰ ਕੇ ਸਰਕਾਰੀ ਰਾਸ਼ਨ ਦਾ ਡੀਪੂ ‘ਤੇ ਪਾਣੀ ਦੀ ਸਪਲਾਈ ਦੇ ਸ੍ਰੋਤਾਂ ‘ਤੇ ਉਹਨਾਂ ਦਾ ਹੀ ਕਬਜ਼ਾ ਸੀ। ਪਾਣੀ ਚਾਚੇ ਨੂੰ ਹਾਜਤ ਲਈ ਚਾਹੀਦਾ ਸੀ। ਸੋ ਉਹ ਉਸੇ ਪਾਣੀ ਦੀ ਭਾਂਡਾ ਭਰ ਕੇ ਕੋਠੇ ‘ਤੇ ਜਾ ਚੜ੍ਹਿਆ ਜਿੱਥੇ ਹਾਜਤਖਾਨਾ ਸੀ। ਪਰ ਕੁੱਝ ਚਿਰ ਪਿੱਛੋਂ ਜਦੋਂ ਉਹ ਥੱਲੇ ਆਇਆ ਤਾਂ ਹੋਰ ਵੀ ਡਰਿਆ ਹੋਇਆ ਸੀ: ‘ਚਾਰੇ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ’ - ਉਹਨੇ ਘਬਰਾਏ ਹੋਏ ਨੇ ਕਿਹਾ। ਫੇਰ ਇੱਕ ਦਮ ਭਾਈਯਾ ਕੋਠੇ ‘ਤੇ ਗਿਆ ‘ਤੇ ਥੱਲੇ ਆ ਕੇ ਚਾਚੇ ਦੀ ਗੱਲ ਦੀ ਪੁਸ਼ਟੀ ਕਰਨ ਲੱਗਾ।
ਹਨੇਰਾ ਹੋ ਚੁੱਕਾ ਸੀ। ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ। ਵਾਤਾਵਰਣ ਵਿੱਚ ਗਰਮੀ ‘ਤੇ ਹੁੱਸੜ ਸੀ। ਪਰ ਬਹੁਤਾ ਹੁੱਸੜ ਦਿਲਾਂ ਦੇ ਅੰਦਰ ਸੀ। ਫੇਰ ਭਾਈਯਾ ਹੌਲੀ ਜਿਹੀ ਇੱਕ ਅਲਾਣਾ ਮੰਜਾ ਡਾਹ ਕੇ ਲੰਮਾ ਪੈ ਗਿਆ ‘ਤੇ ਥ੍ਹੋੜੇ ਚਿਰ ਪਿੱਛੋਂ ਚਾਚਾ ਵੀ ਇੱਕ ਦੂਸਰੇ ਮੰਜੇ’ ਤੇ। ਤੇ ਉਹਦੇ ਨਾਲ ਹੀ ਮੈਂ ਵੀ, ਉਹਦੀ ਦਾਹੜੀ ਵਿੱਚ ਮੂੰਹ ਸਿਰ ਲੁਕਾ ਕੇ। ਰਾਤ ਬੀਤਣ ਲੱਗੀ ਪਰ ਜਾਗੀ ਹੋਈ ‘ਤੇ ਚੌਕੰਨੀ। ਬਿੜ੍ਹਕਾਂ ਲੈ ਰਹੀ। ਕੋਈ ਅੱਧੀ ਕੁ ਰਾਤ ਨਾਲ ਗਲੀ ‘ਚੋਂ ਭਾਰੀ ਭਰਕਮ ਬੂਟਾਂ ਦੇ ਤੁਰਨ ਦੀ ਆਵਾਜ਼ ਆਈ ਤਾਂ ਸਾਰੇ ਵੱਡੇ ਉੱਠ ਕੇ ਬੈਠ ਗਏ। ਸੁੰਨ ਮਸਾਨ ਅੱਖਾਂ ਨਾਲ।
‘ਦੇਵਾ ਸਿਹਾਂ ਤੇ ਆਸਾ ਸਿਹਾਂ! ਹੁਣ ਸਾਡੀ ਕੋਈ ਪੇਸ਼ ਨਹੀਂ ਜੇ ਜਾਂਦੀ। ਮੁੰਡੀਰ ਬੜੀ ਭੂਤਰ ਗਈ ਐ। ਤੁਹੀਂ ਸਵੇਰੇ ਏਥੋਂ ਨਿਕਲ ਜਾਉ। ਬੂਹੇ ਖੁੱਲ੍ਹੇ ਛੱਡ ਦਿਉ। ਆਪਣੀਆਂ ਜਾਨਾਂ ਬਚਾਉ। ਅਸੀਂ ਧਾਨੂੰ ਖਬਰਦਾਰ ਹੀ ਕਰਨ ਆਏ ਆਂ। ਫੇਰ ਨਾ ਕਹਿਣਾਂ ਅਸੀਂ ਵੇਲੇ ਸਿਰ ਨਹੀਂ ਦੱਸਿਆ। …’ ਭਾਈਯੇ ‘ਤੇ ਚਾਚੇ ਨੇ ਆਵਾਜ਼ਾਂ ਪਛਾਣੀਆਂ, ਇਹ ਉਹਨਾਂ ਦੇ ਪੁਰਾਣੇ ਯਾਰਾਂ ਦੀਆਂ ਹੀ ਸਨ; ਦੀਨੇ, ਲੱਖੇ ‘ਤੇ ਮ੍ਹਾਜੇ ਦੀਆਂ। ਫੇਰ ਇਹ ਆਵਾਜ਼ਾਂ ਚੁੱਪ ਕਰ ਗਈਆਂ ‘ਤੇ ਇਹਨਾਂ ਦੇ ਪੈਰ ਸਾਡੀਆਂ ਛਾਤੀਆਂ ‘ਤੇ ਬੂਟਾਂ ਸਣੇ ਤੁਰਦੇ ਗਲੀਉਂ ਬਾਹਰ ਨਿਕਲ ਗਏ।
ਚਾਚੇ ਨੇ ਮੈਨੂੰ ਜੱਫੀ ਵਿੱਚ ਘੁੱਟਿਆ ‘ਤੇ ਕਿਹਾ, ‘ਪੁੱਤ, ਜੇ ਮੈਂ ਮਰ ਗਿਆ ਤਾਂ ਤੂੰ ਰੋਟੀ ਕਿੱਥੋਂ ਖਾਏਂਗਾ?’ ਮੇਰਾ ਹੱਥ ਚਾਚੇ ਦੀਆਂ ਅੱਖਾਂ ਨੂੰ ਛੋਹ ਗਿਆ। ਅੱਖਾਂ ਗਿੱਲੀਆਂ ਸਨ। ਫੇਰ ਕੁੱਝ ਚਿਰ ਬਾਅਦ ਜਦੋਂ ਉਹਨੇ ਸਮਝਿਆ ਕਿ ਮੈਂ ਸੌਂ ਗਿਆ ਹਾਂ, ਉੱਠ ਕੇ ਪੌੜੀਆਂ ਚੜ੍ਹ ਗਿਆ। ਜਦੋਂ ਹੀ ਮੇਰੀ ਕੱਚੀ ਨੀਂਦ ਖੁੱਲ੍ਹੀ ਤਾਂ ਚਾਚੇ ਨੂੰ ਨਾਲ ਨਾ ਵੇਖ ਕੇ ਮੈਂ ਭੁੱਬ ਮਾਰ ਦਿੱਤੀ, ‘ਚਾਚਾ!’ ਮੇਰੀ ਇਸ ਚੀਕ ਨੇ ਵਾਤਵਰਣ ਵਿੱਚ ਕਈ ਛੇਕ ਕਰ ਦਿੱਤੇ। ‘ਚੁੱਪ ਕਰ ਮਾਂ ਯ੍ਹਾਵਿਆ’ - ਭਾਈਯੇ ਦੀ ਝਿੜਕ ਨੇ ਮੈਨੂੰ ਇੱਕ ਦਮ ਯਖ਼ ਕਰ ਦਿੱਤਾ। ਮੈਂ ਦਹਿਲ ਗਿਆ, ਡਰ ਗਿਆ, ਸੁੰਨ ਹੋ ਗਿਆ। ਜਦੋਂ ਚਾਚਾ ਹੇਠਾਂ ਆਇਆ ਤਾਂ ਉਹਨੇ ਭਾਈਯੇ ਦੇ ਕੰਨਾਂ ਵਿੱਚ ਕੋਈ ਘੁਸਰ ਮੁਸਰ ਕੀਤੀ। ਫੇਰ ਉਹ ਦੋਵੇਂ ਅੱਗੜ ਪਿੱਛੜ ਪੌੜੀਆਂ ਚੜ੍ਹ ਗਏ ਪਰ ਬਿਨਾਂ ਜ਼ਰਾ ਜਿੰਨੇ ਵੀ ਖੜਾਕ ਦੇ। ਸ਼ਾਇਦ ਅੱਗ ਦੀਆ ਲਾਟਾਂ ਹੋਰ ਉੱਚੀਆਂ ਹੋ ਗਈਆਂ ਸਨ।
-----------
ਦਹਿਲੇ ਹੋਏ ਦਿਲਾਂ ਨੂੰ ਮਸਲਦੀ, ਉਹਨਾਂ ਦੇ ਰੁੱਗ ਭਰਦੀ, ਕਈ ਜੋੜੇ ਅੱਖਾਂ ‘ਚ ਦਹਿਸ਼ਤ ਬੀਜਦੀ ਰਾਤ, ਰੀਂਘਦੀ ਰਹੀ। ‘ਤੇ ਫੇਰ ਪਹੁਫ਼ੁਟਾਲਾ ਹੋ ਗਿਆ। ਖਿੱਤੀਆਂ ਲੋਪ ਹੋਣ ਲੱਗ ਪਈਆਂ, ‘ਤੇ ਕਾਲਾ ਚਾਨਣ ਚੜ੍ਹ ਪਿਆ। ‘ਤੇ ਅਸੀਂ ਲੋਕ ਏਥੋਂ ਨਿਕਲਣ ਦਾ ਰਾਹ ਲੱਭਣ ਲੱਗੇ। ਜਦੋਂ ਦਿਨ ਕੁੱਝ ਕੁ ਹੋਰ ਚੜ੍ਹ ਗਿਆ ਤਾਂ ਗਲੀ ਵਿਚੋਂ ਆਉਂਦੀਆਂ ਅਨੇਕਾਂ ਪੈਰਾਂ ਦੀਆਂ ਚਾਪਾਂ ਸੁਣ ਕੇ ਚਾਚੇ ਨੇ ਉਹੋ ਹੀ ਮਕਾਨ ਦੀ ਵੱਖੀ ਵਾਲਾ ਬੂਹਾ ਖੋਹਲਿਆ ‘ਤੇ ਬਾਹਰ ਨਿਕਲਿਆ। ਉਹ ਗਲੀ ਦੇ ਦੂਜੇ ਪਾਸੇ ਵੱਲ ਗਿਆ, ਮੰਗਲ ਸਿੰਘ ਦੇ ਘਰ ਵੱਲ। ਸਾਡੀ ਇਹ ਗਲੀ ਸੀ ਤਾਂ ਪ੍ਰਾਈਵੇਟ ਪਰ ਦੋਨਾਂ ਪਾਸਿਉਂ ਖੁੱਲ੍ਹੀ ਹੋਣ ਕਰ ਕੇ ਇਸ ਵਿੱਚ ਪ੍ਰਾਈਵੇਸੀ ਵਾਲੀ ਕੋਈ ਗੱਲ ਨਹੀਂ ਸੀ। ਇਸ ਵਿੱਚ ਹਰ ਕੋਈ ਦਗੜ ਦਗੜ ਕਰ ਸਕਦਾ ਸੀ। ਸਿਰੇ ਵਾਲਾ ਮਕਾਨ ਸੀ ਮੰਗਲ ਸਿੰਘ ਦਾ। ਚਾਚੇ ਨੇ ਵੇਖਿਆ ਉਸਦਾ ਵੱਡਾ ਸਾਰਾ ਫਾਟਕ ਯਾਨਿ ਗੇਟ ਚੌੜ ਚਪੱਟ ਖੁੱਲ੍ਹਾ ਸੀ ‘ਤੇ ਮੁਸਲਮਾਨਾਂ ਦੀਆਂ ਵਾਹਰਾਂ ਨੇ ਮੰਗਲ ਸਿੰਘ ਦੀ ਹਵੇਲੀ ਦਾ ਪੂਰਾ ਘੇਰਾਉ ਕੀਤਾ ਹੋਇਆ ਸੀ। ਨਵੀਂ ਸੜਕ ਉੱਤੇ ਮੰਗਲ ਸਿੰਘ ਦਾ ਟਾਂਗਾ ਤਿਆਰ ਬਰ ਤਿਆਰ ਖੜਾ ਸੀ। ਚਾਚੇ ਨੇ ਮੰਗਲ ਸਿੰਘ ਦਾ ਤਰਲਾ ਕੀਤਾ ਸੀ ਕਿ ਉਹ ਆਪਣੇ ਪਰਵਿਾਰ ਨਾਲ ਸਿਰਫ਼ ਉਹਦੇ ਸਵਰਨ ਨੂੰ ਕੱਢ ਕੇ ਲੈ ਜਾਵੇ, ਬਸ। ‘ਤੇ ਸ਼ਾਇਦ ਉਹ ਮੰਨ ਗਿਆ ਸੀ ਕਿ ਇੱਕ ਛੋਟੇ ਜਿਹੇ ਬੱਚੇ ਨੇ ਕਿੰਨੀ ਕੁ ਥਾਂ ਮੱਲ ਲੈਣੀ ਸੀ। ਸ਼ਾਇਦ ਉਹਨੇ ਕੁੱਝ ਵੀ ਨਾ ਕਿਹਾ ਹੋਵੇ ‘ਤੇ ਚਾਚੇ ਨੇ ਉਹਦੀ ਚੁੱਪ ‘ਤੇ ਘਬਰਾਹਟ ਨੂੰ ਹਾਂ ਸਮਝ ਲਿਆ ਹੋਵੇ। ਸ਼ਾਇਦ ਉਹਨੂੰ ਤਾਂ ਆਪਣੀ ਪਤਨੀ ਸੁਰਸਤੀ, ਪੱਤਰ ਭੋਲੂ ‘ਤੇ ਦੋ ਜਵਾਨ ਧੀਆਂ ਨੂੰ ਵੀ ਇਸ ਆਦਮ ਖਾਣੇ ਜੰਗਲ ‘ਚੋਂ ਕੱਢਣਾ ਵੀ ਮੁਸ਼ਕਿਲ ਜਾਪ ਰਿਹਾ ਹੋਵੇ।
ਚਾਚਾ ਦਵਾ ਦਵ ਘਰ ਆਇਆ, ਮੈਨੂੰ ਘਨਾੜੇ ਚੁੱਕਿਆ, ਬਾਕੀਆਂ ਨੂੰ ਤੁਰਨ ਲਈ ਕਿਹਾ, ‘ਤੇ ਫੇਰ ਪਲਾਂ ਵਿੱਚ ਹੀ ਅਸੀਂ ਮੁਸਲਮਾਨ ਵਾਹਰਾਂ ਦੀ ਭੀੜ ਚੀਰ ਕੇ ਅੱਗੇ ਵਧਣ ਲੱਗੇ। ਵਾਹਰਾਂ ਅੱਖਾਂ ਪਾੜ ਪਾੜ ਸਾਨੂੰ ਵੇਖ ਰਹੀਆਂ ਸਨ। ਚਾਚਾ ‘ਤੇ ਮੈਂ ਅੱਗੇ ਸਾਂ ‘ਤੇ ਬਾਕੀ ਸਭ ਪਿੱਛੇ ਆ ਰਹੇ ਸਨ ਯਾਨਿ ਅੱਗੜ ਪਿੱਛੜ। ਸਿਰਫ਼ ਤਿੰਨ ਟੱਬਰ ਸਿੱਖਾਂ ਦੇ ‘ਤੇ ਬਾਕੀ ਸਭ ਮੁਸਲਮਾਨ ਵਾਹਰਾਂ - ਤਲਵਾਰਾਂ, ਬਰਛਿਆਂ, ਕੁਹਾੜੀਆਂ, ਲੋਹੇ ਦੇ ਸਰੀਆਂ, ਨੇਜ਼ਿਆਂ, ਭਾਲਿਆਂ ਨਾਲ ਲੈੱਸ। ਉਹਨਾਂ ਦੇ ਸਿਰਾਂ ‘ਤੇ ਲੋਹੇ ਦੇ ਟੋਪ। ਉਹਨਾਂ ਦੀਆਂ ਅੱਖਾਂ ਲਾਲ ਸੁਰਖ਼ ਜਿਵੇਂ ਲਾਲ ਮਿਰਚਾਂ। ਮੰਗਲ ਸਿੰਘ ਦੀ ਤਿੰਨ ਮੰਜ਼ਲੀ ਹਵੇਲੀ ਨੂੰ ਦੋਵੇਂ ਪਾਸਿਉਂ ਪੌੜੀਆਂ ਚੜ੍ਹਦੀਆਂ ਸਨ, ਟਾਂਗੇ ਦੇ ਆਉਣ ਜਾਣ ਲਈ ਦਰਵਾਜ਼ਾ ਹਾਥੀ ਲੰਘਾਉਣ ਜਿੱਡਾ ਸੀ। ਪਰ ਐਸ ਵੇਲੇ ਪੂਰੀ ਹਵੇਲੀ ਵਿੱਚ ਮਸਲਮਾਨ ਧਾੜਾਂ ਹੀ ਗਸ਼ਤ ਕਰ ਰਹੀਆਂ ਸਨ। ਟਾਂਗਾ ਬਾਹਰ ਖੜਾ ਸੀ। ਅੱਗੇ ਘੋੜੀ ਜੁਪੀ ਹੋਈ। ਪਰ ਉਸ ਵਿੱਚ ਅਜੇ ਕੋਈ ਬੈਠਾ ਨਹੀਂ ਸੀ। ਚਾਚੇ ਨੇ ਅਜੇ ਮੈਨੂੰ ਪਿੱਛਲੀ ਸੀਟ ‘ਤੇ ਬਿਠਾਇਆ ਹੀ ਸੀ ਕਿ ਕਿਸੇ ਨੇ ਪਿੱਛੋਂ ਦੀ ਉਹਦੇ ਸਿਰ ਵਿੱਚ ਕੁਹਾੜੀ ਮਾਰ ਦਿੱਤੀ। ਉਹ ਟਾਂਗੇ ਉੱਤੇ ਹੀ ਉੱਲਰ ਪਿਆ। ਉਹਦੇ ਭਾਰ ਨਾਲ ਟਾਂਗੇ ਦਾ ਪਿੱਛਲਾ ਪਾਸਾ ਪਾਸ ਪੈ ਗਿਆ, ਘੋੜੀ ਦੇ ਤੰਗ ਨੂੰ ਕੱਸ ਪਈ, ਉਹ ਡਰ ਗਈ ਜਾਂ ਇਸਨੂੰ ਤੁਰਨ ਲਈ ਮਾਲਕ ਦਾ ਇਸ਼ਾਰਾ ਸਮਝ ਗਈ ਤੇ ਉਸੇ ਵੇਲੇ ਤੁਰ ਪਈ। ਸਿਰਫ਼ ਤੁਰ ਪਈ ਭੱਜੀ ਨਹੀਂ। ਇੱਕ ਦਮ ਭਾਜੜ ਪੈ ਗਈ। ਪਿੱਛਲੀ ਸੀਟ ‘ਤੇ ਹੋਣ ਕਰ ਕੇ ਜ਼ਾਹਿਰ ਹੈ ਮੇਰੀਆਂ ਅੱਖਾਂ ਵੀ ਪਿੱਛੇ ਵੱਲ ਹੀ ਵੇਖ ਰਹੀਆਂ ਸਨ। ਚਾਚਾ ਜਿਉਂ ਹੀ ਸੰਭਲਿਆ ‘ਤੇ ਭੌਂ ਕੇ ਵਾਰ ਕਰਨ ਵਾਲੇ ਵੱਲ ਮੂੰਹ ਕੀਤਾ ਤਾਂ ਤਲਵਾਰ ਦਾ ਇੱਕ ਵਾਰ ਉਹਦੀ ਧੌਣ ਦੇ ਸੱਜੇ ਪਾਸੇ ਹੋਇਆ। ਲਹੂ ਦੀ ਧਤੀਰੀ ਵਗ ਉੱਠੀ। ਉਹ ਭੁਆਂਟਣੀ ਖਾ ਕੇ ਡਿੱਗਣ ਹੀ ਲੱਗਾ ਸੀ ਕਿ ਫਿਰ ਸੰਭਲਿਆ ‘ਤੇ ਉਹਨਾਂ ਪੰਜ ਛੇ ਬੰਦਿਆਂ ਦੇ ਚੰਗਲ ‘ਚੋਂ ਭੱਜਣ ਲਈ ਪਾਸਾ ਹੀ ਲਿਆ ਸੀ ਕਿ ਤਲਵਾਰ ਦਾ ਇੱਕ ਹੋਰ ਵਾਰ ਉਹਦੇ ਖੱਬੇ ਕੰਨ ‘ਤੇ ਹੋਇਆ। ਲਹੂ ਦੀ ਧਤੀਰੀ ਉਧਰੋਂ ਵੀ ਫੁਹਾਰੇ ਵਾਂਗ ਫੁੱਟ ਪਈ ‘ਤੇ ਪੱਗ ਲੱਥ ਕੇ ਗਲ ‘ਚ ਪੈ ਗਈ। ਹੁਣ ਤਕ ਟਾਂਗਾ ਮਸ੍ਹਾਂ ਪੰਜਾਹ ਕੁ ਗਜ਼ ਹੀ ਅੱਗੇ ਗਿਆ ਸੀ। ਮੇਰੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆ ਸਨ। ਮੇਰਾ ਮੂੰਹ ਸੁੱਕ ਗਿਆ ਸੀ। ਮੇਰੀਆ ਅੱਖਾਂ ਖ਼ੁਸ਼ਕ ‘ਤੇ ਭੈਭੀਤ ਸਨ। ਏਨੇ ਚਿਰ ਵਿੱਚ ਮੈਂ ਵੇਖਿਆ ਇੱਕ ਆਦਮੀ ਟਾਂਗੇ ਦੇ ਬੰਬੂ ਨਾਲ ਲਮਕ ਰਿਹਾ ਸੀ। ਇਹ ਮੰਗਲ ਸਿੰਘ ਸੀ। ਉਹਦੀ ਇੱਕ ਲੱਤ ਡਾਂਗਾਂ ਮਾਰ ਕੇ ਤੋੜ ਦਿੱਤੀ ਗਈ ਸੀ। ਉਹ ਬੜਾ ਔਖਿਆਂ ਹੋ ਕੇ ਟਾਂਗੇ ‘ਤੇ ਚੜ੍ਹਿਆ ‘ਤ ਘੋੜੀ ਦੀਆਂ ਵਾਗਾਂ ਸੰਭਾਲ ਲਈਆਂ।
ਚਾਚਾ ਟਾਂਗੇ ਦੇ ਪਿੱਛੇ ਭੱਜਾ ਆ ਰਿਹਾ ਸੀ - ਜ਼ਖ਼ਮੀ ‘ਤੇ ਲਹੂ ਲੁਹਾਣ। ਅੱਧੀ ਪੱਗ ਪੈਰਾਂ ‘ਚ ਰੁਲ ਰਹੀ। ਉਹਦੇ ਪਿੱਛੇ ਹੀ ਉਹਨੂੰ ਮਾਰਨ ਵਾਲੇ ਵੀ ਭੱਜੇ ਆ ਰਹੇ ਸਨ। ਪਰ ਫੇਰ ਵੱਢਿਆ ਹੋਇਆ ਚਾਚਾ ਨਵੀਂ ਸੜਕ ਵਿੱਚ ਹੀ ਡਿੱਗ ਪਿਆ - ਚੌਫਾਲ, ਮੂਧੇ ਮੂੰਹ। ਤੇ ਮੇਰੀ ਲੇਰ ਨਿਕਲ ਗਈ, ‘ਚਾਚਾ! ਮੇਰਾ ਚਾਚਾ! ! ਬਾਊ ਜੀ ਮੇਰੇ ਚਾਚੇ ਨੂੰ…’ ਮੰਗਲ ਸਿੰਘ ਨੂੰ ਸਾਰੇ ਬਾਊ ਜੀ ਹੀ ਕਹਿੰਦੇ ਸਨ।
‘ਚੁੱਪ ਕਰ ਮਾਂ ਯ੍ਹਾਵਿਆ1’ ਮੰਗਲ ਸਿੰਘ ਦਾ ਦਬਕਾ ਮੇਰੇ ਚੁੱਪ ਕਰਨ ‘ਤੇ ਬੁਸਕ ਬੁਸਕ ਕੇ ਰੋਣ ਲਈ ਕਾਫ਼ੀ ਸੀ।
ਟਾਂਗਾ ਨਵੀਂ ਸੜਕ ਦੇ ਮੋੜ ‘ਤੇ ਆ ਗਿਆ ਜਿੱਥੋਂ ਇਹਨੇ ਸੱਜੇ ਹੱਥ ਮੁੜਨਾ ਸੀ। ਮੈਂ ਵੇਖਿਆ ਭਾਬੀ, ਬੰਤੀ ਦੀ ਉਂਗਲ ਫੜੀ ਵਾਹੋ ਦਾਹ ਭੱਜਣ ਵਾਂਗ ਤੁਰੀ ਜਾ ਰਹੀ ਸੀ। ‘ਤੇ ਸਾਹਮਣਿਉਂ ਮ੍ਹਾਜਾ ਨੰਗੇ ਪਿੰਡੇ, ਤੇੜ ਚਾਦਰ ‘ਤੇ ਹੱਥ ‘ਚ ਲਹੂ ਲਿਬੜੀ ਤਲਵਾਰ ਲੈ ਕੇ ਤੁਰਿਆ ਆ ਰਿਹਾ ਸੀ। ਭਾਬੀ ਨੇ ਉਹਨੂੰ ਵੇਖ ਕੇ ਆਪਣਾ ਮੂੰਹ, ਸਿਰ ਵਾਲੇ ਚਿੱਟੇ ਦੁਪੱਟੇ ਵਿੱਚ ਢੱਕ ਲਿਆ ਸੀ। ਪਰ ਮ੍ਹਾਜੇ ਨੇ ਉਹਨੂੰ ਕੁੱਝ ਨਹੀਂ ਸੀ ਕਿਹਾ ਬਲਕਿ ਮੂੰਹ ਪਾਸੇ ਕਰ ਕੇ ਪਹਿਲਾਂ ਵਾਂਗ ਹੀ ਨਿਧੜਕ ਤੁਰਿਆ ਗਿਆ ਸੀ। ਉਹ ਓਧਰ ਨੂੰ ਜਾ ਰਿਹਾ ਸੀ ਜਿੱਧਰੋਂ ਅਸੀਂ ਆਏ ਸਾਂ।
ਮੇਰਾ ਸਭ ਕੁੱਝ ਨਵੀਂ ਸੜਕ ‘ਤੇ ਰਹਿ ਗਿਆ ਸੀ - ਮੇਰਾ ਚਾਚਾ ‘ਤੇ ਮੇਰੀ ਚਾਚੀ। ਚਾਚੀ ਦਾ ਤਾਂ ਮੈਨੂੰ ਕੁੱਝ ਵੀ ਨਹੀਂ ਸੀ ਪਤਾ। ਇਹ ਸਭ ਕੁੱਝ ਮਿੰਟਾਂ ਸਕਿੰਟਾਂ ਵਿੱਚ ਹੀ ਵਾਪਰ ਗਿਆ ਸੀ। ਬੁੱਲ੍ਹ ਚਿੱਥ ਕੇ ਰੋਂਦਿਆਂ ਮੇਰੀ ਘਿੱਗੀ ਬੱਝ ਗਈ ਸੀ ‘ਤੇ ਰੋ ਰੋ ਕੇ ਅੱਖਾਂ ਲਾਲ ‘ਤੇ ਧੁੰਦਲੀਆਂ ਹੋ ਗਈਆਂ ਸਨ। ਟਾਂਗਾ ਅਗਲੇ ਮੋੜ ਤੋਂ ਖੱਬੇ ਹੱਥ ਮੁੜ ਪਿਆ, ਲੂਣ ਮੰਡੀ ਵਾਲੇ ਪਾਸੇ। ਇਹ ਸ਼ਤੀਰੀਆਂ ਵਾਲਾ ਬਾਜ਼ਾਰ ਸੀ ਜੋ ਬਿਲਕੁਲ ਉਜੜਿਆ ਪਿਆ ਸੀ। ਅੱਗੇ ਲੂਣ ਮੰਡੀ ਸੀ, ਹਿੰਦੂਆਂ ‘ਤੇ ਸਿੱਖਾਂ ਨਾਲ ਨੱਕੋ ਨੱਕ ਭਰੀ ਹੋਈ। ਟਾਂਗਾ ਏਥੇ ਆ ਕੇ ਰੁਕ ਗਿਆ ਜਾਂ ਮੰਗਲ ਸਿੰਘ ਨੇ ਰੋਕ ਦਿੱਤਾ। ਉਹ ਕਈਆਂ ਬੰਦਿਆ ਦੇ ਸਹਾਰੇ ਨਾਲ ਟਾਂਗੇ ‘ਚੋਂ ਮਸ੍ਹਾਂ ਹੀ ਉਤਰਿਆ। ਮੈਂ ਪਿੱਛਲੇ ਪਾਸਿਉਂ ਹੌਲੀ ਹੌਲੀ ਉਤਰ ਕੇ ਉਸ ਰੱਬ ਜਿੱਡੀ ਭੀੜ ਵਿੱਚ ਗੁਆਚ ਗਿਆ। ਮੈਂ ਸਿਰਫ਼ ਭੁੱਬਾਂ ਮਾਰ ਕੇ ਰੋ ਰਿਹਾ ਸਾਂ ‘ਤੇ ਭੀੜ ਵਿਚੋਂ ਕੋਈ ਜਾਣੂੰ ਚਿਹਰਾ ਤਲਾਸ਼ ਰਿਹਾ ਸਾਂ। ਪਰ ਉਸ ਭੀੜ ਵਿੱਚ ਕੋਈ ਵੀ ਚਿਹਰਾ ਮੈਨੂੰ ਨਹੀਂ ਸੀ ਜਾਣਦਾ ‘ਤੇ ਨਾ ਹੀ ਉਹਨਾਂ ‘ਚੋਂ ਮੈਂ ਕਿਸੇ ਨੂੰ।
-----------
ਕਈ ਘੰਟੇ ਲੰਘ ਗਏ। ਕਦੀ ਮੈਂ ਇੱਕ ਥਾਂ ਬੈਠ ਕੇ ਬੁਸਕ ਬੁਸਕ ਕੇ ਰੋਂਦਾ ‘ਤੇ ਕਦੇ ਕਿਸੇ ਦੂਜੇ ਥਾਂ ‘ਤੇ। ਆਸੇ ਪਾਸੇ ਸਭ ਲੋਕ ਮੈਥੋਂ ਬਹੁਤ ਵੱਡੇ ‘ਤੇ ਉੱਚੇ ਸਨ, ‘ਤੇ ਮੈਂ ਸਿਰਫ਼ ਉਹਨਾਂ ਦੇ ਗੋਡਿਆਂ ਤਕ ਆਉਂਦਾ ਸਾਂ। ਉਹ ਸਭ ਉੱਪਰ ਵੱਲ ਵੇਖਦੇ ਸਨ ‘ਤੇ ਮੈਂ ਉਹਨਾਂ ਦੇ ਚਿਹਰਿਆਂ ਵੱਲ ਕਿ ਸ਼ਾਇਦ ਕੋਈ ਚਿਹਰਾ ਮੇਰਾ ਜਾਣਿਆ ਹੋਇਆ ਹੋਵੇ। ਕਈ ਵਾਰੀ ਉਹਨਾਂ ਦੇ ਪੈਰਾਂ ਵਿੱਚ ਆ ਕੇ ਮੈਂ ਮਿੱਧਿਆ ਵੀ ਗਿਆ। ਉੱਪਰ ਆਕਾਸ਼ ਵਿੱਚ ਬੱਦਲੋਟੀਆਂ ਤੁਰੀਆਂ ਫਿਰਦੀਆਂ ਸਨ। ਕਦੇ ਵਰ੍ਹ ਪੈਂਦੀਆਂ ਮੇਰੇ ਵਾਂਘ ‘ਤੇ ਕਦੇ ਚੁੱਪ ਹੋ ਜਾਂਦੀਆਂ। ਸ਼ਾਇਦ ਮੇਰੇ ਵਾਂਗ ਹੀ ਅੱਖਾਂ ਸੁੱਜ ਜਾਂਦੀਆਂ ਹੋਣ ਰੋ ਰੋ ਕੇ। ‘ਤੇ ਫੇਰ ਹਾਰ ਕੇ ਚੁੱਪ ਕਰ ਜਾਂਦੀਆਂ ਹੋਣ। ਕਈਆਂ ਯੁੱਗਾਂ ਪਿੱਛੋਂ ਮੈਂ ਅਚਾਨਕ ਇੱਕ ਖੁੱਲ੍ਹੀ ਹੋਈ ਦੁਕਾਨ ਅੱਗਿਉਂ ਲੰਘਿਆ ਤਾਂ ਵੇਖਿਆ ਅੰਦਰ ਚਾਚੀ ਬੈਠੀ ਸੀ, ‘ਤੇ ਉਹਦੇ ਨਾਲ ਹੀ ਭਾਬੀ, ਦੀਪੋ ‘ਤੇ ਬੰਤੀ। ਚਾਚੀ ਹੀ ਦੀਪੋ ਨੂੰ ਚੁੱਕ ਕੇ ਲੈ ਆਈ ਸੀ ਨਹੀਂ ਤਾਂ ਉਹਨੂੰ ਤਾਂ ਸਾਰੇ ਸੁੱਤੀ ਹੋਈ ਨੂੰ ਹੀ ਛੱਡ ਆਏ ਸਨ, ਵਿਹੜੇ ਵਿਚ।
ਚਾਚੀ ਭਾਬੀ ਨੂੰ ਦੱਸ ਰਹੀ ਸੀ ਕਿ ਕਿਵੇਂ ਮੰਗਲ ਸਿੰਘ ਦੀ ਪਤਨੀ, ਪੁੱਤਰ ‘ਤੇ ਧੀਆਂ ‘ਤੇ ਉਹ ਆਪ ਮੌਕਾ ਪਾ ਕੇ ਸਾਹਮਣੇ ਘਰ ਵਾਲੇ ਪ੍ਰੋਫੈਸਰ ਫ਼ੈਜ਼ ‘ਤੇ ਰਜ਼ੀਆ ਦੇ ਘਰ ਵਿੱਚ ਵੜ ਗਏ ਸਨ। ਕਿਵੇਂ ਉਹਨਾਂ ਦ੍ਹੋਵਾਂ ਜੀਆਂ ਨੇ ਇਹਨਾਂ ਸਭ ਦੀ ਇੱਜ਼ਤ ਦੀ ਰਾਖੀ ਕੀਤੀ ਸੀ। ਹਜੂਮ ਦੀਆਂ ਸਭ ਧਮਕੀਆਂ ਦੇ ਸਾਹਮਣੇ ਵੀ ਉਹ ਡਟੇ ਰਹੇ ਸਨ। ਹਜੂਮ ਉਹਨਾਂ ਨੂੰ ਡਰਾ ਰਿਹਾ ਸੀ ਕਿ ਸਾਰੀਆਂ ਸਿੱਖ ਔਰਤਾਂ ੳੇੁਹਨਾਂ ਦੇ ਹਵਾਲੇ ਕਰ ਦਿੱਤੀਆਂ ਜਾਣ ਨਹੀਂ ਤਾਂ ਉਹ ਘਰ ਨੂੰ ਅੱਗ ਲਾ ਦੇਣ ਗੇ। ਪਰ ਉਹਨਾਂ ਨੇ ਵੀ ਫ਼ਸਾਦੀਆਂ ਨੂੰ ਵੰਗਾਰ ਕੇ ਕਹਿ ਦਿੱਤਾ ਸੀ ਕਿ ਉਹ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਉਹਨਾਂ ਸਿੱਖ ਔਰਤਾਂ ਨੂੰ ਹਾਸਿਲ ਕਰ ਸਕਦੇ ਸਨ। ਫੇਰ ਹਜੂਮ ਘਰ ਨੂੰ ਅੱਗ ਲਾਉਣ ਦੀ ਤਿਆਰੀ ਵਿੱਚ ਹੀ ਸੀ ਕਿ ਏਧਰੋਂ ਮੰਗਲ ਸਿੰਘ ਦੇ ਘੱਲੇ ਹੋਏ ਬੰਦੂਕਾਂ ਵਾਲੇ ਸਿਪਾਹੀ ਪਹੁੰਚ ਗਏ ‘ਤੇ ਉਹਨਾਂ ਨੂੰ ਛੁਡਾ ਲਿਆਏ। ਇਸ ਦੌਰਾਨ ਚਾਚਾ ਜੀ ਭਿਆਣਾ ‘ਤੇ ਲਹੂ ਲੁਹਾਣ ਨਵੀਂ ਸੜਕ ‘ਚੋਂ ਉੱਠਿਆ ‘ਤੇ ਵਾਪਸ ਘਰ ਨੂੰ ਤੁਰ ਪਿਆ ‘ਤੇ ਭਾਈਯੇ ਦਾ ਉਹੀ ਵੱਖੀ ਵਾਲਾ ਬੂਹਾ ਟੱਪਣ ਦੀ ਕੋਸ਼ਿਸ਼ ਵਿੱਚ ਅੱਧਾ ਅੰਦਰ ‘ਤੇ ਅੱਧਾ ਬਾਹਰ ਡਿੱਗ ਪਿਆ। ਚਾਚੀ ਨੇ ਇਹ ਸਭ ਕੁੱਝ ਰਜ਼ੀਆ ਦੇ ਬਾਹਰਲੇ ਰੌਂਸ ਦੀਆਂ ਝੀਤਾਂ ‘ਚੋਂ ਵੇਖਿਆ ਸੀ। ਰਜ਼ੀਆ ਹੁਰੀਂ ਮੰਗਲ ਸਿੰਘ ਦੇ ਸਾਹਮਣੇ ਵਾਲੇ ਚੁਬਾਰੇ ਵਿੱਚ ਆਪਣੀਆਂ ਦੋ ਧੀਆਂ ਸਮੇਤ ਰਹਿੰਦੇ ਸਨ। ਉਹਨਾਂ ਦਾ ਇਹਨਾਂ ਸਭ ਪਰਿਵਾਰਾਂ ਨਾਲ ਕਈਆਂ ਸਾਲਾਂ ਦਾ ਤੇਹ ਸੀ। ਫੇਰ ਜਦੋਂ ਪੁਲੀਸ ਪਹੁੰਚ ਗਈ ਤਾਂ ਚਾਚੀ ਇੱਕ ਦਮ ਚਾਚੇ ਦਾ ਪਤਾ ਕਰਨ ਘਰ ਨੂੰ ਗਈ। ਚਾਚੇ ਦਾ ਲਹੂ ਬਹੁਤ ਵਗ ਚੁੱਕਾ ਸੀ। ਚਾਚੀ ਦੇ ਹਲਾਉਣ ‘ਤੇ ਉਸਨੇ ਮਸ੍ਹਾਂ ਹੀ ਅੱਖਾਂ ਖੋਹਲੀਆਂ ‘ਤੇ ਸਿਰਫ਼ ਇਹੋ ਪੁੱਛਿਆ, ‘ਨ੍ਹਾਮ ਕੋਰੇ, ਸਵਰਨ ਕਿੱਥੇ ਆ?’ ਚਾਚਾ ਫੇਰ ਹਾਏ ਹਾਏ ਕਰ ਕੇ ਕੁਰ੍ਹਾਉਣ। ਉਸੇ ਵੇਲੇ ਚਾਚੀ ਨੂੰ ਕੁੱਝ ਆਵਾਜ਼ਾਂ ਸੁਣਾਈ ਦਿੱਤੀਆਂ। ਚਾਚੀ ਬੂਹੇ ਦੇ ਓਹਲੇ ਵਿੱਚ ਹੋ ਗਈ, ਡਰੀ ‘ਤੇ ਦਹਿਲੀ ਹੋਈ। ਢਿੱਡ ਵਿੱਚ ਨੌਂ ਮਹੀਨਿਆਂ ਦੀ ਜਿੰਦ ਸੀ। ਉਹਨੇ ਵੇਖਿਆ ਦੋ ਮੁਸਲਮਾਨ ਮੁੰਡੇ ਲੁੱਟ ਦਾ ਮਾਲ ਸਿਰਾਂ ‘ਤੇ ਚੁੱਕੀ ਦੂਜੇ ਪਾਸੇ ਜਾ ਰਹੇ ਸਨ। ਚਾਚੀ ਚਾਚੇ ਨੂੰ ਬਚਾਉਣਾ ਚਾਹੁੰਦੀ ਸੀ। ਉਹਨੇ ਜਾ ਕੇ ਪੁਲੀਸ ਨੂੰ ਵੀ ਫ਼ਰਿਆਦ ਕੀਤੀ ਪਰ ਉਹਨਾਂ ਝਿੜਕ ਕੇ ਕਿਹਾ ਕਿ ਉਹਨੇ ਆਪਣੀ ਜਾਨ ਬਚਾਉਣੀ ਹੈ ਤਾਂ ਬਚਾਵੇ, ਮਰਨ ਵਾਲਿਆਂ ਬਾਰੇ ਨਾ ਸੋਚੇ। ਚਾਚੀ ਇੱਕ ਵਾਰੀ ਫੇਰ ਵਾਪਸ ਗਈ, ਆਖਰੀ ਵਾਰ ਆਪਣੇ ਮਰ ਰਹੇ ਆਦਮੀ ਨੂੰ ਵੇਖਣ। ਗਲੀ ਵਿਚੋਂ ਕੁੱਝ ਆਵਾਜ਼ਾਂ ਫੇਰ ਸੁਣੀਆਂ ਤਾਂ ਰੋਂਦੀ ਕੁਰਲਾਉਂਦੀ ਚਾਚੀ ਤੁਰਨ ਹੀ ਲੱਗੀ ਸੀ ਕਿ ਮੰਜੇ ‘ਤੇ ਸੁੱਤੀ ਰਹਿ ਗਈ ਸਾਲ ਕੁ ਦੀ ਦੀਪੋ ਨੇ ਚਾਂਗਰ ਮਾਰ ਦਿੱਤੀ। ਚਾਚੀ ਨੇ ਇੱਕ ਦਮ ਦੀਪੋ ਨੂੰ ਚੁੱਕਿਆ ‘ਤੇ ਵਾਹੋ ਦਾਹ ਬਾਹਰ ਨੂੰ ਭੱਜ ਪਈ। ਜਦੋਂ ਉਹ ਗਲੀ ਪਾਰ ਕਰ ਕੇ ਸੜਕ ‘ਤੇ ਪਹੁੰਚੀ ਤਾਂ ਵੇਖਿਆ ਪੁਲੀਸ ‘ਤੇ ਮੰਗਲ ਸਿੰਘ ਦਾ ਪਰਿਵਾਰ ਸੜਕ ਦੇ ਮੋੜ ‘ਤੇ ਪਹੁੰਚ ਚੁੱਕੇ ਸਨ। ‘ਤੇ ਉਹ, ਇੱਕ ਮੋਢੇ ਨਾਲ ਦੀਪੋ ਨੂੰ ਲਾਈ, ਦੂਜੇ ਵਿੱਚ ਪੋਟਲੀ ਫੜੀ ‘ਤੇ ਢਿੱਡ ਵਿੱਚ ਬੱਚਾ ਲਈ ਉਹਨਾਂ ਨੂੰ ਮਿਲਣ ਲਈ ਵਾਹੋ ਦਾਹੀ ਹਫ਼ੀ ਹੋਈ ਭੱਜਣ ਲੱਗੀ। ਚਾਚੀ ਨੇ ਹੀ ਦੱਸਿਆ ਕਿ ਭਾਈਯਾ ਵੀ ਫੱਟੜ ਹੋ ਗਿਆ ਸੀ ਪਰ ਬਾਹਰ ਸੜਕ ਦੇ ਕਿਨਾਰੇ ‘ਤੇ ਡਿੱਗਾ ਪਿਆ ਹੋਣ ਕਰ ਕੇ ਪੁਲੀਸ ਨੇ ਉਹਦੇ ਹਸਪਤਾਲ ਪਹੁੰਚਣ ਦਾ ਪ੍ਰਬੰਧ ਕਰ ਦਿੱਤਾ ਸੀ।
-----------
ਇਹ ਸੀ ਉਹ ਨਾਕਾਬਿਲੇ ਬਰਦਾਸ਼ਤ ਘਟਨਾ ਜਾਂ ਤਬਾਹੀ ਜਿਸਨੇ ਇਸ ਇੱਕ ਪਹਿਰ ਵਿੱਚ ਮੈਨੂੰ ਛੇ ਸਾਲਾਂ ਦਾ ਨਹੀਂ ਸੀ ਰਹਿਣ ਦਿੱਤਾ ਬਲਕਿ ਇੱਕ ਦਮ ਹੀ ਸੱਠਾਂ ਸਾਲਾਂ ਦਾ ਕਰ ਦਿੱਤਾ ਸੀ। ਮੇਰਾ ਚਾਚਾ ਮੇਰਾ ਸਭ ਕੁੱਝ ਸੀ: ਮੇਰਾ ਆਸਰਾ, ਮੇਰਾ ਰੱਬ, ਮੇਰਾ ਮਹਿਬੂਬ, ਮੈਨੂੰ ਬੇਇੰਤਹਾ ਮੁਹੱਬਤ ਕਰਨ ਵਾਲਾ, ਮਰ ਰਿਹਾ ਵੀ ਮੈਨੂੰ ਹੀ ਯਾਦ ਕਰਨ ਵਾਲਾ। (ਨ੍ਹਾਮ ਕੋਰੇ ਸਵਰਨ ਕਿੱਥੇ ਆ?) ਮੇਰੇ ਹੱਸਣ ਦੇ ਦਿਨ, ਪਿਉ ਦਾ ਸ਼ੱਕਰਤੌਲਾ ਹੋਣ ਦੇ ਦਿਨ, ਚਾਚੇ ਦੀ ਕਾਂਟੋ ਹੋਣ ਦੇ ਦਿਨ ਮੁਕ ਗਏ ਸਨ। ਮੇਰੇ ਚਾਚੇ ਦੇ ਨਾਲ ਹੀ ਸੰਤਾ ਸਿੰਘ ਹਲਵਾਈ ਦੀ ਹੱਟੀ, ਪੈਨਸਿਲਾਂ ਸਲੇਟੀਆਂ ‘ਤੇ ਚਾਕਾਂ ਵਾਲੇ ਗਿਆਨ ਦੀ ਹੱਟੀ, ਮੇਰੀਆ ਜ਼ਿਦਾਂ ਦੀ ਦਾਸਤਾਨ, ਟੋਸ ਪਾ ਕੇ ਦੁੱਧ ਪੀਣ ਦੀ ਭੈੜੀ ਵਾਦੀ, ਬੀਬੇ ਕਬੂਤਰਾਂ ਦੀ ਕਲਪਨਾ - ਸਭ ਕੁੱਝ ਮੁੱਕ ਗਿਆ ਸੀ। ਇਸ ਸਭ ਕੁੱਝ ਵਿੱਚ ਅਸੀਮ ਇਜ਼ਾਫ਼ਾ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਹੋ ਗਿਆ ਜਦੋਂ ਚਾਚੀ ਮੇਰੇ ਛੋਟੇ ਭਰਾ ਨੂੰ ਜਨਮ ਦੇ ਕੇ ਮਰ ਗਈ ‘ਤੇ ਫੇਰ ਹਫ਼ਤੇ ਪਿੱਛੋਂ ਹੀ ਮੇਰਾ ਨਾਮ-ਰਹਿਤ ਭਰਾ ਵੀ ਮੇਰੇ ਨਾਲ ਹੀ ਸੁੱਤਾ ਭੁੱਖਾ ਭਾਣਾ ਭਾਬੀ (ਤਾਈ) ਦੀ ਅਸੀਮ ਕਿਰਪਾ ਨਾਲ ਮਰ ਗਿਆ, ‘ਤੇ ਮੈਂ ਬਿਲਕੁਲ ਇਕੱਲਾ ਰਹਿ ਗਿਆ ਆਪਣੀ ਇਸੇ ਤਾਈ ਦੇ ਜ਼ੁਲਮੋ ਸਿਤਮ ਸਹਿਣ ਲਈ।
ਇੱਕ ਲੇਖਕ ਵੱਜੋਂ, ਇੱਕ ਸ਼ਾਇਰ ਵੱਜੋਂ, ਇੱਕ ਕਹਾਣੀਕਾਰ ‘ਤੇ ਨਾਵਲਕਾਰ ਵੱਜੋਂ ਇਹ ਹਾਦਸੇ ਮੇਰੇ ਜਨਮ ਦੇ ਸ੍ਰੋਤ ਸਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346