Welcome to Seerat.ca
|
-
ਸਤਿਕਾਰਤ ਡਾਕਟਰ ਸੰਧੂ
ਸਾਹਬ ਜੀਓ
ਹੈਰਾਨੀ ਹੋਈ ਇਸ ਵਾਰ ‘ਸੀਰਤ‘ ਦੇ ਏਨੀ ਛੇਤੀ ਦਰਸ਼ਨ ਕਰਕੇ ਤੇ ਇਸ ਦੀ ਖ਼ਬਰ ਵੀ ਫੇਸਬੁੱਕ ਤੋਂ
ਪਤਾ ਲੱਗੀ; ਨਹੀਂ ਤਾਂ ਪਹਿਲਾਂ ਤਾਂ ਕਈ ਦਿਨ ‘ਸੀਰਤ‘ ਦੀ ਸੂਰਤ ਦੇ ਦਰਸ਼ਨਾਂ ਦੀ ਤਾਂਘ ਵਿਚ
ਹੀ ਲੰਘ ਜਾਇਆ ਕਰਦੇ ਸਨ।
ਸਦਾ ਵਾਂਙ ਹੀ ਸਭ ਤੋਂ ਪਹਿਲਾਂ ਤੁਹਾਡੇ ਨਾਂ ਉਪਰ ਹੀ ਨਜ਼ਰ ਗਈ ਤੇ ਇਕੋ ਸਾਹੇ ਹੀ ਤੁਹਾਡਾ
ਇਸ ਵਾਰ ਛਪਿਆ ਸਾਰਾ ਮੈਟਰ ਅੱਖਾਂ ਵਿਚ ਦੀ ਕਢ ਲਿਆ। ਫਿਰ ਦੂਸਰੇ ਲੇਖਕਾਂ ਦੀ ਵਾਰੀ ਵੀ ਆ
ਗਈ। ਲਿਖਤਾਂ ਵਜ਼ਨਦਾਰ ਹੋਣ ਕਰਕੇ ਤੇ ਪਰਚੇ ਦਾ ਆਕਾਰ ਛੋਟਾ ਹੋਣ ਕਰਕੇ ਛੇਤੀ ਹੀ ਮੁੱਕ
ਜਾਂਦਾ ਹੈ। ਹਾਂ, ਵਜ਼ਨਦਾਰ ਗੱਲ ਤਾਂ ਛੋਟੀ ਹੀ ਹੁੰਦੀ ਹੈ। ਕੱਚੀ ਲੱਸੀ ਤਾਂ ਵਾਹਵਾ ਹੱਦ
ਤੱਕ ਵਧਾਈ ਜਾ ਸਕਦੀ ਹੈ।
ਇਹ ਹਰੇਕ ਵਾਰੀਂ ਲਿਖਣਾ ਕਿ ਫਲਾਣੀ ਲ਼ਿਖਤ, “ਚੰਗੀ ਸੀ, ਜਾਂ ਇਉਂ ਸੀ, ਜਾਂ ਓਵੇਂ ਸੀ” ਵਿਚ
ਕੋਈ ਨਵੀਂ ਗੱਲ ਨਹੀਂ। ਬੱਸ ਇਹੋ ਹੀ ਆਖਣਾ ਬਣਦਾ ਹੈ, “ਕਹਿਬੇ ਕਉ ਸੋਭਾ ਨਹੀ ਦੇਖਾ ਹੀ
ਪਰਵਾਨ॥”
ਤੁਹਾਡਾ ਹੁਕਮ ਸਿਰ ਮੱਥੇ ਉਪਰ ਹੈ ਕਿ ਮੈਂ ਕੁਝ ਨਵਾਂ ਲਿਖ ਕੇ ‘ਸੀਰਤ‘ ਵਾਸਤੇ ਭੇਜਿਆ
ਕਰਾਂ, ਐਵੇਂ ਪੁਣਾਣੀਆਂ ਬੇਥਵੀਆਂ ਜਿਹੀਆਂ ਨਾ ਘੱਲੀ ਜਾਵਾਂ ਪਰ ਕਰਾਂ ਕੀ ਮੈਂ ਬੰਦਾ ਹੀ
ਪੁਰਾਣਾ ਹਾਂ ਤੇ ਹੁਣ ਨਵੀਆਂ ਆਦਤਾਂ ਕਿਥੋਂ ਲਿਆਵਾਂ! ਮੋਬਾਇਲ ਤੇ ਮੈਨੂੰ ਵਰਤਣਾ ਨਹੀਂ
ਆਉਂਦਾ। ਬੱਚੇ, ਛੋਟੇ ਭਰਾ, ਭਤੀਜੇ ਮੁੜ ਮੁੜ ਦੱਸ ਦੱਸ ਕੇ, ਅਖੀਰ ਦੱਸਣੋ ਹੀ ਹਟ ਗਏ ਹਨ।
ਉਹਨਾਂ ਦੇ ਦੱਸਣ ਵੇਲ਼ੇ ਤਾਂ ਸਮਝ ਲੈਂਦਾ ਹਾਂ ਕਿ ਮੈਨੂੰ ਸਮਝ ਆ ਗਈ ਹੈ ਪਰ ਜਦੋਂ ਪਿੱਛੋਂ
ਵਰਤਣ ਲੱਗਦਾ ਹਾਂ ਤਾਂ ਉਹ ਗੱਲ ਭੁੱਲ ਚੁੱਕੀ ਹੁੰਦੀ ਹੈ। ਗੱਲ ਤਾਂ ਠੀਕ ਹੈ ਕਿ ਇਹ ਸਾਰੇ
‘ਜੰਘ-ਪਲਾਂਘੇ‘ ਜਿਹੇ ਤੀਜੇ ਮਿਲੇਨੀਅਮ ਦੇ ਹਨ ਤੇ ਮੈਂ ਠਹਿਰਿਆ ਦੂਜੇ ਮਿਲੇਨੀਅਮ ਦਾ ਬੰਦਾ।
ਦੋਹਾਂ ਦਾ ਤਾਲ ਮੇਲ ਜਿਹਾ ਨਹੀਂ ਬੈਠਦਾ।
ਇਹ ਲੇਖ ਜਿਹਾ ਭੇਜ ਰਿਹਾ ਹਾਂ। ਢੁਕਦਾ ਹੋਵੇ ਤਾਂ ਅਗਲੇ ਪਰਚੇ ਵਿਚ ਢੁਕਾ ਲੈਣਾ ਜੀ। ਦੋਵੇਂ
ਤਰ੍ਹਾਂ ਇਸ ਕਰਕੇ ਭੇਜ ਰਿਹਾ ਹਾਂ ਕਿ ਫਧਾਂ ਰਾਹੀਂ ਸ਼ਾਇਦ ਇਸ ਵਿਚਲੀਆਂ ਦੋ ਫ਼ੋਟੋਜ਼ ਵੀ ਆ
ਜਾਣ; ਦੂਜੀ ਤਰ੍ਹਾਂ ਬਹੁਤੀ ਵਾਰ ਫ਼ੋਟੋਜ਼ ਨਹੀਂ ਅੱਗੇ ਜਾਂਦੀਆਂ।
ਅੱਗੇ ਤੁਸੀਂ ਖ਼ੁਦ ਸਿਆਣੇ ਹੋ; ਜੋ ਚਾਹੋ ਕਰ ਲੈਣਾ ਜੀ।
ਹੋਰ ਸਭ ਤਕਰੀਬਨ ਠੀਕ ਹੀ ਹੈ ਜੀ।
ਹਾਂ ਸੱਚ, ਇਸ ਨਾਲ਼ ਮੈਂ ਆਪਣੀ ਇਕ ਫੋਟੋ ਵੀ ਨੱਥੀ ਕਰ ਰਿਹਾ ਹਾਂ। ਇਹ ਕੁਝ ਸਾਲ ਪੁਰਾਣੀ
ਹੈ। ਜੇ ਯੋਗ ਸਮਝੋ ਤਾਂ ਮੇਰੀ ਪਹਿਲੀ ਫ਼ੋਟੋ ਲਾਹ ਕੇ ਇਹ ਜੜ ਲੈਣੀ ਜੀ। ਜੇਕਰ ਇਹ ਕੁਝ ਕਰਨ
ਵਿਚ ਬਹੁਤੀ ‘ਉਧੇੜ-ਬੁਣ‘ ਕਰਨੀ ਪੈਂਦੀ ਹੋਵੇ ਤਾਂ ਅਜਿਹਾ ਝੰਜਟ ਕਰਨ ਦੀ ਕੋਈ ਲੋੜ ਨਹੀਂ।
ਸ਼ੁਭਚਿੰਤਕ
ਸੰਤੋਖ ਸਿੰਘ
|