ਬਲਬੀਰ ਸਿੰਘ ਦਾ ਕਹਿਣਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ
ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਟਾਈਮ ਹੁੰਦੈ, ਉਵੇਂ ਮੈਂ
ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਡਾਢੇ ਨਾਲ ਹੈ। ਜਦੋਂ ਗੋਲਡਨ ਗੋਲ ਹੋ
ਗਿਆ ਤਾਂ ਖੇਡ ਮੁੱਕ ਜਾਣੀ ਹੈ।” ਮੈਂ ਅੱਜ ਕੱਲ੍ਹ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’
ਲਿਖ ਰਿਹਾਂ।
ਬਲਬੀਰ ਸਿੰਘ ਹੁਣ ਉਮਰ ਦੇ 91ਵੇਂ ਸਾਲ ਵਿਚ ਹੈ। ਹਾਕੀ ਦੀ ਖੇਡ ਦੇ ਇਸ ਯੁਗ
ਪੁਰਸ਼ ਨੇ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤੇ ਹਨ ਜਿਸ ਕਰਕੇ ਉਸ ਨੂੰ ‘ਗੋਲਡਨ
ਹੈਟ ਟ੍ਰਿਕ’ ਵਾਲਾ ਬਲਬੀਰ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ
ਸੈਮੀ ਫਾਈਨਲ ਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ
ਨਾਲ ਹੋਏ ਸਨ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ ਜੋ
ਓਲੰਪਿਕ ਖੇਡਾਂ ਦੇ ਇਤਿਹਾਸ ਦਾ ਅਜੇ ਵੀ ਰਿਕਾਰਡ ਹੈ। 1957 ਵਿਚ ਉਸ ਨੂੰ ਪਦਮ ਸ਼੍ਰੀ ਦੀ
ਉਪਾਧੀ ਦਿੱਤੀ ਗਈ। ਕੈਸੀ ਵਿਡੰਬਣਾ ਹੈ ਕਿ ਮਗਰੋਂ ਜੰਮੇ ਤੇ ਘੱਟ ਪ੍ਰਾਪਤੀਆਂ ਕਰਨ ਵਾਲੇ
ਕੁਝ ਖਿਡਾਰੀਆਂ ਨੂੰ ਤਾਂ ਪਦਮ ਭੂਸ਼ਨ ਤੇ ਭਾਰਤ ਰਤਨ ਤਕ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ
ਪਰ ਬਲਬੀਰ ਸਿੰਘ ਨੂੰ ਭਾਰਤ ਸਰਕਾਰ ਨੇ ਅਜੇ ਵੀ ਪਦਮ ਸ਼੍ਰੀ ਤਕ ਸੀਮਤ ਰੱਖਿਆ ਹੋਇਐ। ਅਜੇ
ਤਕ ਤਾਂ ਕਿਸੇ ਆਸਟਰੋ ਟਰਫ ਮੈਦਾਨ ਦਾ ਨਾਂ ਵੀ ‘ਓਲੰਪੀਅਨ ਬਲਬੀਰ ਸਿੰਘ ਹਾਕੀ ਸਟੇਡੀਅਮ’
ਨਹੀਂ ਰੱਖਿਆ ਗਿਆ। ਸ਼ਾਇਦ ਅਜੇ ਵੀ ਅਸੀਂ ਜਿਊਂਦਿਆਂ ਦੀ ਥਾਂ ਮੜ੍ਹੀਆਂ ਦੀ ਪੂਜਾ ਵਿਚ ਹੀ
ਵਿਸ਼ਵਾਸ ਰੱਖਦੇ ਹਾਂ।
2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਓਲੰਪਿਕ ਖੇਡਾਂ ਦੇ 1896 ਤੋਂ ਸ਼ੁਰੂ ਹੋਏ
ਸਫ਼ਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਬਲਬੀਰ ਸਿੰਘ ਉਨ੍ਹਾਂ ਵਿਚੋਂ ਇਕ
ਹੈ। ਹਾਕੀ ਦਾ ਸਿਰਫ਼ ਉਹੀ ਇਕੋ ਇਕ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ
ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਭਾਰਤੀ ਉਪ ਮਹਾਂਦੀਪ ਦਾ
‘ਕੱਲਾ ਬਲਬੀਰ ਸਿੰਘ ਹੀ ਹੈ। ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ
ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਹਾਕੀ ਦੀ ਖੇਡ ਵਿਚ ਦੋ ਦਹਾਕੇ ‘ਬਲਬੀਰ’ ਨਾਂ ਦੀਆਂ ਧੁੰਮਾਂ ਪਈਆਂ ਰਹੀਆਂ। ਉਂਜ ਵੀ ਹਾਕੀ
ਖੇਡਣ ਵਾਲੇ ਬਲਬੀਰ ਕਈ ਸਨ। ਪੰਜ ਬਲਬੀਰ ਭਾਰਤੀ ਹਾਕੀ ਟੀਮਾਂ ਦੇ ਮੈਂਬਰ ਬਣੇ। ਤਿੰਨ ਬਲਬੀਰ
ਬੈਂਕਾਕ-66 ਦੀਆਂ ਏਸਿ਼ਆਈ ਖੇਡਾਂ ਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ
ਟੀਮਾਂ ਵਿਚ ‘ਕੱਠੇ ਖੇਡੇ। ਪੁਲਿਸ ਵਾਲਾ ਬਲਬੀਰ, ਰੇਲਵੇ ਵਾਲਾ ਬਲਬੀਰ ਤੇ ਫੌਜ ਵਾਲਾ
ਬਲਬੀਰ। ਬਾਲ ਬਲਬੀਰਾਂ ਵਿਚਕਾਰ ਘੁੰਮਦੀ ਤਾਂ ਕੁਮੈਂਟੇਟਰ ਜਸਦੇਵ ਸਿੰਘ ਬਲਬੀਰ-ਬਲਬੀਰ ਕਰੀ
ਜਾਂਦਾ। ਇਕੇਰਾਂ ਨੌਂ ਬਲਬੀਰ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡੇ। ਸਕੂਲਾਂ ਕਾਲਜਾਂ
ਵਿਚ ਹਾਕੀ ਖੇਡਣ ਵਾਲੇ ਬਲਬੀਰਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਉਦੋਂ ਹਾਲ ਇਹ ਸੀ ਕਿ
ਜੀਹਨੇ ਬਲਬੀਰ ਨਾਂ ਰਖਾ ਲਿਆ ਸਮਝੋ ਹਾਕੀ ਦਾ ਖਿਡਾਰੀ ਬਣ ਗਿਆ! ਪੇਸ਼ ਹਨ ‘ਗੋਲਡਨ ਗੋਲ’ ਦੇ
ਲਿਖੇ ਜਾ ਰਹੇ ਕਾਂਡ:
ਮੰਗਣੀਆਂ ਕਿਤੇ ਵਿਆਹ ਕਿਤੇ
ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਨੇ ਚਾਰ ਵਿਆਹ ਕਰਾਏ। ਤਿੰਨਾਂ ਨੂੰ ਤਲਾਕ ਦਿੱਤਾ ਤੇ
ਚੌਥੀ ਨਾਲ ਨਿਭਿਆ। ਬਲਬੀਰ ਸਿੰਘ ਦੀਆਂ ਤਿੰਨ ਮੰਗਣੀਆਂ ਹੋਈਆਂ ਜੋ ਸਿਰੇ ਨਾ ਚੜ੍ਹ ਸਕੀਆਂ।
ਵਿਆਹ ਚੌਥੀ ਥਾਂ ਹੋਇਆ ਜਿਥੇ ਮੰਗਣੀ ਨਹੀਂ ਸੀ ਹੋਈ। ਮੋਗਿਓਂ ਚੜ੍ਹੀ ਜੰਨ ਅਜੇ ਲਾਹੌਰ ਨਹੀਂ
ਸੀ ਢੁੱਕੀ ਕਿ ਲਾੜਾ ਕੋਠੀ ਦੇ ਪਿਛਲੇ ਬੂਹੇ ਥਾਣੀ ਸਹੁਰੇ ਘਰ
ਸੀ। ਏਨੇ
ਕਾਹਲੇ ਨੂੰ ਫਿਰ ਸਾਲੀਆਂ ਦੇ ਮਖੌਲ ਤਾਂ ਸੁਣਨੇ ਈ ਪੈਣੇ ਸਨ! ਉਂਜ ਉਹ ਉਸ ਤਰ੍ਹਾਂ ਦੀ ਲਵ
ਮੈਰਿਜ ਨਹੀਂ ਸੀ ਜਿਵੇਂ ਅੱਜ ਕੱਲ੍ਹ ਦੀਆਂ ਹੁੰਦੀਆਂ। ਉਹ ਮਾਪਿਆਂ ਦੀ ਸਹਿਮਤੀ ਤੇ ਲੜਕੇ
ਲੜਕੀ ਦੀ ਪਸੰਦ ਅਨੁਸਾਰ ਸਮਾਜਿਕ ਸ਼ਾਦੀ ਸੀ।
ਬਲਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਹੋਣ ਕਾਰਨ ਮਾਪਿਆਂ ਦੀ ਜਾਇਦਾਦ ਦਾ ਇਕੱਲਾ ਵਾਰਸ
ਸੀ। ਵਿਆਹ ਲਈ ਨਾਨਕੇ ਦਾਦਕੇ ਸਭ ਕਾਹਲੇ ਸਨ। ਉਸ ਨੂੰ ਬਚਪਨ ਵਿਚ ਹੀ ਰਿਸ਼ਤੇ ਆਉਣ ਲੱਗ ਪਏ।
ਘਰ ਦਾ ਮੁਖੀ ਵੱਡਾ ਤਾਇਆ ਮੂੰਹ ਰੱਖਣੀ ਲਈ ਹਰੇਕ ਰਿਸ਼ਤੇ ਨੂੰ ਹਾਂ ਕਰ ਦਿੰਦਾ। ਗੱਲੀਂ
ਬਾਤੀਂ ਮੰਗਣੀਆਂ ਹੋਣ ਲੱਗ ਪਈਆਂ। ਇਕ ਤੋਂ ਬਾਅਦ ਦੂਜੀ ਤੇ ਫਿਰ ਤੀਜੀ ਮੰਗਣੀ ਹੋਈ। ਜਦੋਂ
ਲੜਕੀ ਵਾਲੇ ਵਿਆਹ ਕਰਨ ਲਈ ਕਹਿੰਦੇ ਤਾਂ ਜਵਾਬ ਮਿਲਦਾ ਕਿ ਮੁੰਡਾ ਅਜੇ ਪੜ੍ਹਦੈ। ਕਦੇ
ਕਹਿੰਦੇ ਮੁੰਡਾ ਅਜੇ ਖੇਡਦੈ। ਜਵਾਬ ਕਿਸੇ ਨੂੰ ਨਾ ਦਿੰਦੇ। ਮੰਗਣੀ ਆਪ ਨਾ ਛੱਡਦੇ। ਬਲਬੀਰ
ਸਿੰਘ ਦੇ ਪਿਤਾ ਜੀ ਦਾ ਕਹਿਣਾ ਸੀ ਕਿ ਮੁੰਡਾ ਬੀ. ਏ. ਪਾਸ ਕਰਨ ਤੋਂ ਪਹਿਲਾਂ ਨੀ ਵਿਆਹੁਣਾ।
ਧੀ ਵਾਲੇ ਸਾਲ ਦੋ ਸਾਲ ਉਡੀਕਣ ਪਿੱਛੋਂ ਆਪਣੀ ਕੁੜੀ ਕਿਤੇ ਹੋਰ ਵਿਆਹ ਦਿੰਦੇ। ਉਨ੍ਹਾਂ ਨੇ
ਧੀ ਦਾ ਭਾਰ ਜੁ ਲਾਹੁਣਾ ਹੋਇਆ। ਮਾਪੇ ਇਹ ਕਹਿ ਕੇ ਸਬਰ ਕਰ ਲੈਂਦੇ ਕਿ ਉਥੇ ਸੰਜੋਗ ਨਹੀਂ
ਸੀ।
ਗੱਲ ਤਾਂ ਸੱਚੀਓਂ ਸੰਜੋਗਾਂ ਦੀ ਸੀ। ਵਿਆਹ ਉਹਦਾ ਉਥੇ ਹੋਇਆ ਜਿਥੇ ਉਹਨੂੰ ਚਿੱਠੀ ਫੜਾਉਣ ਦੇ
ਬਹਾਨੇ ਭੇਜਿਆ ਗਿਆ। ਇਉਂ ਕੁੜੀ ਮੁੰਡੇ ਨੇ ਇਕ ਦੂਜੇ ਨੂੰ ਦੇਖ ਲਿਆ। ਬਲਕਿ ਕੋਠੀ ਦਾ ਬੂਹਾ
ਹੀ ਕੁੜੀ ਨੇ ਖੋਲ੍ਹਿਆ। ਉਹਨੂੰ ਚਿੱਠੀ ਦੇ ਕੇ ਭੇਜਣ ਵਾਲਿਆਂ ਦਾ ਵੀ ਇਹੋ ਮਕਸਦ ਸੀ। ਬਹਾਨੇ
ਨਾਲ ਭੇਜਿਆ ਮੁੰਡਾ ਕੁੜੀ ਵਾਲਿਆਂ ਦੇ ਪਸੰਦ ਆ ਗਿਆ। ਕੁੜੀ ਮੁੰਡਾ ਵੀ ਇਕ ਦੂਜੇ ਨੂੰ ਭਾਅ
ਗਏ। ਮੰਗਣੀ ਦੀ ਤਾਂ ਹੁਣ ਲੋੜ ਹੀ ਨਹੀਂ ਸੀ।
ਜਦੋਂ ਉਸ ਨੇ ਪਹਿਲੇ ਹੀ ਯਤਨ ਬੀ. ਏ. ਕਰ ਲਈ ਤਾਂ ਬਲਬੀਰ ਸਿੰਘ ਦੀ ਸ਼ੋਭਾ ਹੋਰ ਵੀ ਵਧ ਗਈ।
ਹਾਕੀ ਦਾ ਵਧੀਆ ਖਿਡਾਰੀ ਹੋਣਾ ਤੇ ਨਾਲ ਗ੍ਰੈਜੂਏਟ ਹੋ ਜਾਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ
ਸੀ। ਸਾਕ ਸੰਬੰਧੀਆਂ ਤੇ ਦੋਸਤਾਂ ਮਿੱਤਰਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਉਸ ਦਾ ਕੈਰੀਅਰ
ਹੋਰ ਵੀ ਵਧੀਆ ਬਣੇਗਾ। ਪਹਿਲੀਆਂ ਮੰਗਾਂ ਵਿਆਹੀਆਂ ਜਾ ਚੁੱਕੀਆਂ ਸਨ। ਵਿਚਾਲੇ ਕੋਈ ਅੜਿੱਕਾ
ਨਹੀਂ ਸੀ। ਹੁਣ ਹੋਰ ਕਈ ਉਹਦੇ ਮਗਰ ਸਨ। ਕੱਦ ਕਾਠ ਤੇ ਰੰਗ ਰੂਪ ਦਾ ਉਹ ਦਰਸ਼ਨੀ ਜੁਆਨ ਸੀ।
‘ਫੜੀਂ ਮਾਏ ਟੁੱਕ ਮੈਨੂੰ ਮੁੰਡਾ ਦੇਖ ਲੈਣ ਦੇ’ ਵਾਲੀ ਗੱਲ ਹੋਈ ਪਈ ਸੀ। ਉਸ ਦਾ ਕੱਦ ਛੇ
ਫੁੱਟ ਦੇ ਨੇੜ ਹੋ ਗਿਆ ਸੀ ਤੇ ਸਰੀਰਕ ਵਜ਼ਨ ਡੇਢ ਮਣ ਤੋਂ ਟੱਪ ਗਿਆ ਸੀ। ਮੁੱਛਾਂ ਫੁੱਟ
ਆਈਆਂ ਸਨ ਤੇ ਲੂੰਈਂ ਉੱਤਰ ਆਈ ਸੀ। ਖੇਡਦਾ ਤਾਂ ਸੋਹਣਾ ਲੱਗਦਾ ਹੀ ਸੀ ਰਾਹ ਖਹਿੜੇ ਮਿਲਦਾ
ਵੀ ਮਨ ਮੋਂਹਦਾ ਸੀ।
ਮਦਰਾਸ ਦਾ ਟੂਰਨਾਮੈਂਟ ਖੇਡ ਕੇ ਉਹ ਮੋਗੇ ਮੁੜਿਆ ਤਾਂ ਉਹਦੇ ਗ੍ਰੈਜੂਏਟ ਹੋਣ ਦੀਆਂ
ਖ਼ੁਸ਼ੀਆਂ ਮਨਾਈਆਂ ਗਈਆਂ। ਦੇਵ ਸਮਾਜ ਸਕੂਲ ਦੇ ਅਧਿਆਪਕਾਂ ਨੂੰ ਵੀ ਚਾਅ ਚੜ੍ਹਿਆ ਹੋਇਆ ਸੀ।
ਉਨ੍ਹਾਂ ਅਧਿਆਪਕਾਂ ਵਿਚ ਸੀ ਸ. ਅਜਮੇਰ ਸਿੰਘ ਸਿੱਧੂ ਜੋ ਮੁੱਖ ਅਧਿਆਪਕ ਸ਼੍ਰੀਮਾਨ ਈਸ਼ਰ
ਸਿੰਘ ਜੀ ਦੇ ਭਤੀਜੇ ਸਨ। ਬਲਬੀਰ ਸਿੰਘ ਉਨ੍ਹਾਂ ਨੂੰ ਮਾਸੜ ਜੀ ਕਹਿੰਦਾ ਸੀ। ਉਹ ਲਾਹੌਰ ਦੇ
ਪੁਰਾਣੇ ਗ੍ਰੈਜੂਏਟ ਸਨ ਤੇ ਉਨ੍ਹਾਂ ਦੀ ਜਾਣ ਪਛਾਣ ਦਾ ਘੇਰਾ ਦੂਰ ਤਕ ਸੀ। ਲਾਹੌਰ ਦਾ ਇਕ
ਸੰਧੂ ਪਰਿਵਾਰ ਉਸ ਦੇ ਮਿੱਤਰਚਾਰੇ ਵਿਚੋਂ ਸੀ। ਉਨ੍ਹਾਂ ਨੇ ਅਜਮੇਰ ਸਿੰਘ ਨੂੰ ਕਿਹਾ ਹੋਇਆ
ਸੀ ਕਿ ਉਨ੍ਹਾਂ ਦੀ ਕਾਲਜ ਵਿਚ ਪੜ੍ਹਦੀ ਲੜਕੀ ਲਈ ਕਿਸੇ ਚੰਗੇ ਪਰਿਵਾਰ ਦੇ ਹੋਣਹਾਰ ਮੁੰਡੇ
ਦੀ ਦੱਸ ਪਾਓ।
ਸੰਧੂ ਪਰਿਵਾਰ ਦਾ ਪਿਛਲਾ ਪਿੰਡ ਭੜਾਣਾ ਸੀ ਜੋ ਜਿ਼ਲ੍ਹਾ ਲਾਹੌਰ ਦਾ ਪ੍ਰਸਿੱਧ ਪਿੰਡ ਹੈ।
ਉਥੋਂ ਦੇ ਸੰਧੂ ਹੁਣ ਕਈਆਂ ਪਿੰਡਾਂ ਵਿਚ ਖਿਲਰ ਗਏ ਹਨ। ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ
ਵਰਿਆਮ ਸਿੰਘ ਸੰਧੂ ਵੀ ਪਿੱਛੋਂ ਭੜਾਣੇ ਦਾ ਹੈ ਜਿਸ ਦਾ ਬਾਪ ਨਾਨਕੀ ਢੇਰੀ ‘ਤੇ ਆਇਆ ਹੋਣ
ਕਰਕੇ ਸੁਰ ਸਿੰਘੀਆ ਬਣ ਗਿਆ। ਸੁਰ ਸਿੰਘ ਹਿੰਦ-ਪਾਕਿ ਸਰਹੱਦ ਦਾ ਉਰਲਾ ਸਰਹੱਦੀ ਪਿੰਡ ਹੈ ਤੇ
ਭੜਾਣਾ ਪਰਲਾ ਸਰਹੱਦੀ ਪਿੰਡ। ਉਥੋਂ ਦੇ ਇਕ ਰੱਜੇ ਪੁੱਜੇ ਜਿੰ਼ਮੀਦਾਰ ਦਾ ਪੁੱਤਰ ਨਰਾਇਣ
ਸਿੰਘ ਸੰਧੂ ਇੰਗਲੈਂਡ ਪੜ੍ਹਨ ਗਿਆ। ਪੜ੍ਹਾਈ ਕਰ ਕੇ ਉਹ ਉਥੇ ਹੀ ਇੰਜਨੀਅਰ ਲੱਗ ਗਿਆ ਤੇ
ਬਾਰਾਂ ਸਾਲ ਇੰਗਲੈਂਡ ਵਿਚ ਰਿਹਾ। ਮੁੜ ਕੇ ਉਹ ਲਾਹੌਰ ਆਇਆ ਤੇ ਆਪਣੀ ਮਾਡਲ ਟਾਊਨ ਵਾਲੀ
ਕੋਠੀ ਵਿਚ ਰਹਿਣ ਲੱਗਾ। ਉਹ ਕੋਠੀ ਉਦੋਂ ਲਾਹੌਰ ਦੀਆਂ ਆਲੀਸ਼ਾਨ ਕੋਠੀਆਂ ਵਿਚ ਗਿਣੀ ਜਾਂਦੀ
ਸੀ। ਲਾਹੌਰ ਵਿਚ ਉਨ੍ਹਾਂ ਦੀ ਚੋਖੀ ਜਾਇਦਾਦ ਸੀ।
ਸ. ਨਰਾਇਣ ਸਿੰਘ ਸੰਧੂ ਦੇ ਤਿੰਨ ਪੁੱਤਰ ਹੋਏ ਤੇ ਇਕ ਧੀ। ਅਚਾਨਕ ਅਰਧ ਅਵੱਸਥਾ ਵਿਚ ਨਰਾਇਣ
ਸਿੰਘ ਦੀ ਮ੍ਰਿਤੂ ਹੋ ਗਈ। ਵਿਧਵਾ ਮਾਂ ਲਈ ਵੱਡਾ ਫਿਕਰ ਧੀ ਲਈ ਯੋਗ ਵਰ ਟੋਲਣਾ ਸੀ। ਅਜਮੇਰ
ਸਿੰਘ ਨੂੰ ਬਲਬੀਰ ਸਿੰਘ ਉਹਦੀ ਧੀ ਲਈ ਢੁੱਕਵਾਂ ਵਰ ਲੱਗਾ। ਬਲਬੀਰ ਸਿੰਘ ਹਾਕੀ ਖੇਡਣ ਲਈ
ਲਾਹੌਰ ਜਾਂਦਾ ਹੀ ਰਹਿੰਦਾ ਸੀ। ਕਦੇ ਦੋਸਤਾਨਾ ਮੈਚ, ਕਦੇ ਇੰਟਰ ਕਾਲਜ ਚੈਂਪੀਅਨਸਿ਼ਪ, ਕਦੇ
ਟਰਾਇਲ ਤੇ ਕਦੇ ਕੋਈ ਹਾਕੀ ਦਾ ਟੂਰਨਾਮੈਂਟ। ਅਜਮੇਰ ਸਿੰਘ ਨੇ ਬਲਬੀਰ ਸਿੰਘ ਦੇ ਪਿਤਾ ਜੀ
ਨਾਲ ਤਾਂ ਗੱਲ ਕਰ ਹੀ ਲਈ ਸੀ। ਉਹ ਕਿਸੇ ਬਹਾਨੇ ਬਲਬੀਰ ਸਿੰਘ ਨੂੰ ਮਾਡਲ ਟਾਊਨ ਵਾਲੀ ਕੋਠੀ
ਭੇਜਣਾ ਚਾਹੁੰਦੇ ਸਨ ਤਾਂ ਜੋ ਗੱਲ ਚਲਾਉਣ ਤੋਂ ਪਹਿਲਾਂ ਮੁੰਡਾ ਕੁੜੀ ਇਕ ਦੂਜੇ ਨੂੰ ਦੇਖ
ਲੈਣ।
ਅਜਮੇਰ ਸਿੰਘ ਨੇ ਇਕ ਚਿੱਠੀ ਲਿਖੀ ਤੇ ਲਫ਼ਾਫ਼ੇ ਵਿਚ ਬੰਦ ਕੀਤੀ। ਬਲਬੀਰ ਸਿੰਘ ਨੂੰ ਪੁੱਛਿਆ
ਕਿ ਲਾਹੌਰ ਕਦੋਂ ਜਾਣੈ? ਉਸ ਨੇ ਦੱਸਿਆ ਕਿ ਉਹ ਭਲਕੇ ਹੀ ਲਾਹੌਰ ਮੈਚ ਖੇਡਣ ਜਾ ਰਿਹੈ।
ਅਜਮੇਰ ਸਿੰਘ ਨੇ ਚਿੱਠੀ ਫੜਾਉਂਦਿਆਂ ਕਿਹਾ ਕਿ ਇਹ ਉਪਰ ਲਿਖੇ ਸਿਰਨਾਵੇਂ ਉਤੇ ਮਾਡਲ ਟਾਊਨ
ਫੜਾ ਆਵੇ। ਵਿਚਲੀ ਗੱਲ ਦਾ ਬਲਬੀਰ ਸਿੰਘ ਨੂੰ ਪੂਰਾ ਪਤਾ ਨਹੀਂ ਸੀ। ਉਹ ਮੈਚ ਖੇਡਿਆ ਤੇ
ਵਿਹਲਾ ਹੋ ਕੇ ਚਿੱਠੀ ਪੁਚਾਉਣ ਮਾਡਲ ਟਾਊਨ ਚਲਾ ਗਿਆ। ਆਲੀਸ਼ਾਨ ਕੋਠੀ ਦਾ ਬੈੱਲ ਬਟਨ ਦੱਬਿਆ
ਤਾਂ ਇਕ ਸੁੰਦਰ ਮੁਟਿਆਰ ਨੇ ਬੂਹਾ ਖੋਲ੍ਹਿਆ। ਉਨ੍ਹਾਂ ਦਿਨਾਂ ਵਿਚ ਨੌਜੁਆਨ ਮੁੰਡੇ ਕੁੜੀਆਂ
ਏਨੇ ਨਿਝੱਕ ਨਹੀਂ ਸਨ ਕਿ ਸਿੱਧੇ ਗੱਲਾਂ ਕਰਨ ਲੱਗ ਪੈਣ। ਬਲਬੀਰ ਸਿੰਘ ਨੇ ਚਿੱਠੀ ਫੜਾਈ ਤਾਂ
ਲੜਕੀ ਨੇ ਉਸ ਨੂੰ ਉਥੇ ਹੀ ਉਡੀਕਣ ਲਈ ਕਹਿ ਕੇ ਚਿੱਠੀ ਆਪਣੀ ਮਾਂ ਨੂੰ ਜਾ ਦਿੱਤੀ। ਚਿੱਠੀ
‘ਤੇ ਨਜ਼ਰ ਮਾਰ ਕੇ ਮਾਂ ਬੂਹੇ ਵੱਲ ਆਈ ਤੇ ਉਸ ਨੂੰ ਖਿੜੇ ਮੱਥੇ ਜੀ ਆਇਆਂ ਕਹਿ ਕੇ ਕੋਠੀ ਦੀ
ਬੈਠਕ ਵਿਚ ਲੈ ਗਈ। ਉਥੇ ਹੀ ਪਰਿਵਾਰ ਦੇ ਜੀਆਂ ਦੀ ਉਸ ਨਾਲ ਜਾਣ ਪਛਾਣ ਹੋਈ।
ਬਲਬੀਰ ਸਿੰਘ ਦੇ ਪਰਿਵਾਰ ਦੀ ਜਾਣਕਾਰੀ ਤਾਂ ਅਜਮੇਰ ਸਿੰਘ ਨੇ ਪਹਿਲਾਂ ਹੀ ਸੰਧੂ ਪਰਿਵਾਰ
ਨੂੰ ਦਿੱਤੀ ਹੋਈ ਸੀ। ਕੇਵਲ ਮੁੰਡਾ ਵਿਖਾਉਣਾ ਬਾਕੀ ਸੀ। ਬਲਬੀਰ ਸਿੰਘ ਦੀ ਖੇਡ ਦੀਆਂ
ਖ਼ਬਰਾਂ ਸੰਧੂ ਪਰਿਵਾਰ ਦੇ ਘਰ ਪੁੱਜਦੀਆਂ ਹੀ ਰਹਿੰਦੀਆਂ ਸਨ। ਘਰ ਵਿਚ ਵਿਧਵਾ ਮਾਂ ਦੇ ਨਾਲ
ਧੀ ਸੁਸ਼ੀਲ ਕੌਰ, ਪੁੱਤਰ ਹਰਦੇਵ ਸਿੰਘ, ਜਗਦੇਵ ਸਿੰਘ ਤੇ ਰਣਦੇਵ ਸਿੰਘ ਰਹਿੰਦੇ ਸਨ।
ਸੁਸ਼ੀਲ ਕਾਲਜ ਦੀ ਬੈਡਮਿੰਟਨ ਚੈਂਪੀਅਨ ਸੀ ਤੇ ਉਦੋਂ ਵੀਹਵੇਂ ਸਾਲ ਵਿਚ ਸੀ। ਘਰ ਆਏ ਬਲਬੀਰ
ਸਿੰਘ ਨੂੰ ਬੜਾ ਆਦਰ ਮਾਣ ਦਿੱਤਾ ਗਿਆ ਤੇ ਸਾਰੇ ਪਰਿਵਾਰ ਨਾਲ ਪ੍ਰੀਤੀ ਭੋਜਨ ਕਰਵਾਇਆ ਗਿਆ।
ਮੁੰਡਾ ਸੰਧੂ ਪਰਿਵਾਰ ਨੂੰ ਪਸੰਦ ਸੀ ਤੇ ਕੁੜੀ ਮੁੰਡੇ ਨੇ ਗੱਲ ਬਾਤ ਭਾਵੇਂ ਕੋਈ ਨਹੀਂ ਸੀ
ਕੀਤੀ ਪਰ ਪਹਿਲੀ ਤੱਕਣੀ ਵਿਚ ਹੀ ਪਰਸਪਰ ਪ੍ਰੇਮ ਉਗਮ ਪਿਆ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ
ਹੈ ਜਦੋਂ ਏਨੀ ਖੁੱਲ੍ਹ ਵੀ ਬੜੀ ਵੱਡੀ ਖੁੱਲ੍ਹ ਕਹੀ ਜਾਂਦੀ ਸੀ। ਬਲਬੀਰ ਸਿੰਘ ਨੂੰ ਪਰਿਵਾਰ
ਨੇ ਪਿਆਰ ਨਾਲ ਵਿਦਾ ਕੀਤਾ।
ਪਹਿਲਾਂ ਤਾਂ ਬਲਬੀਰ ਸਿੰਘ ਸੁਸ਼ੀਲ ਦੀ ਮਾਤਾ ਦੇ ਨਾਂ ਚਿੱਠੀ ਲੈ ਕੇ ਗਿਆ ਸੀ ਫਿਰ ਉਸ ਨੇ
ਸੁਸ਼ੀਲ ਨੂੰ ਪ੍ਰੇਮ ਭਾਵ ਦੀ ਸਿੱਧੀ ਹੀ ਚਿੱਠੀ ਲਿਖ ਦਿੱਤੀ। ਚਿੱਠੀ ਬਦਲੇ ਚਿੱਠੀ ਆਈ ਤਾਂ
ਬਲਬੀਰ ਸਿੰਘ ਦੇ ਦਿਲ ਵਿਚ ਸੁੱਤੇ ਵਲਵਲੇ ਜਾਗ ਪਏ ਤੇ ਚਿੱਠੀਆਂ ਦਾ ਆਦਾਨ ਪਰਦਾਨ ਸ਼ੁਰੂ ਹੋ
ਗਿਆ। ਸ਼ੁਸ਼ੀਲ ਖ਼ੁਦ ਖਿਡਾਰਨ ਸੀ ਤੇ ਉਸ ਨੇ ਬਲਬੀਰ ਸਿੰਘ ਦੀ ਹਾਕੀ ਵਿਚ ਦਿਲਚਸਪੀ ਲੈਣੀ
ਸ਼ਰੂ ਕਰ ਦਿੱਤੀ ਸੀ। ਮੰਗਣੀ ਦੀ ਰਸਮ ਉਨ੍ਹਾਂ ਦੀਆਂ ਕੌਲ ਕਰਾਰਾਂ ਨਾਲ ਭਰੀਆਂ ਚਿੱਠੀਆਂ
ਨਾਲ ਹੀ ਪੂਰੀ ਹੁੰਦੀ ਗਈ।
ਲਾਹੌਰ ਵਿਚ ਸੁਸ਼ੀਲ ਦੀ ਖਿੱਚ ਕਾਰਨ ਬਲਬੀਰ ਸਿੰਘ ਨੇ ਮਨ ਬਣਾਇਆ ਕਿ ਗੌਰਮਿੰਟ ਕਾਲਜ ਲਾਹੌਰ
ਤੋਂ ਇਕਨਾਮਿਕਸ ਦੀ ਐੱਮ. ਏ. ਕੀਤੀ ਜਾਵੇ। ਘਰ ਵਾਲੇ ਜਾਂ ਹੋਰ ਤਾਂ ਕਿਸੇ ਨੂੰ ਕੋਈ ਇਤਰਾਜ਼
ਨਹੀਂ ਸੀ ਪਰ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਲੇ ਬਲਬੀਰ ਸਿੰਘ ਨੂੰ ਨਹੀਂ ਸੀ ਛੱਡਣਾ
ਚਾਹੁੰਦੇ। ਉਹ ਦੋ ਸਾਲ ਖ਼ਾਲਸਾ ਕਾਲਜ ਵੱਲੋਂ ਖੇਡਿਆ ਸੀ ਤੇ ਦੋਵੇਂ ਸਾਲ ਖ਼ਾਲਸਾ ਕਾਲਜ ਦੀ
ਟੀਮ ਨੇ ਪੰਜਾਬ ਯੂਨੀਵਰਸਿਟੀ ਦੀ ਇੰਟਰ ਕਾਲਜ ਚੈਂਪੀਅਨਸਿ਼ਪ ਜਿੱਤੀ ਸੀ। ਦੋਵੇਂ ਸਾਲ ਉਹ
ਪੰਜਾਬ ਯੂਨੀਵਰਸਿਟੀ ਵੱਲੋਂ ਵੀ ਖੇਡਿਆ ਸੀ ਬੱਲੇ ਬੱਲੇ ਕਰਾਈ ਸੀ। ਕਾਲਜ ਲਈ ਕਈ ਟੂਰਨਾਮੈਂਟ
ਜਿੱਤੇ ਸਨ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਭਾਈ ਜੋਧ ਸਿੰਘ ਤੇ ਹਾਕੀ ਕਲੱਬ ਦੇ ਪ੍ਰਧਾਨ
ਪ੍ਰੋਫ਼ੈਸਰ ਹਰਬੰਸ ਸਿੰਘ ਨੇ ਜਿਵੇਂ ਕਿਵੇਂ ਉਸ ਨੂੰ ਮਨਾ ਲਿਆ ਤੇ ਉਸ ਨੇ ਖ਼ਾਲਸਾ ਕਾਲਜ
ਵਿਚ ਹੀ ਅੰਗਰੇਜ਼ੀ ਦੀ ਐੱਮ. ਏ. ਵਿਚ ਦਾਖਲਾ ਲੈ ਲਿਆ। ਖ਼ਾਲਸਾ ਕਾਲਜ ਵਿਚ ਉਦੋਂ ਐੱਮ. ਏ.
ਸੀ ਹੀ ‘ਕੱਲੀ ਅੰਗਰੇਜ਼ੀ ਦੀ।
ਉਨ੍ਹਾਂ ਦਿਨਾਂ ਵਿਚ ਮਿਸਟਰ ਜੋਨਜ਼ ਨਾਂ ਦਾ ਇਕ ਅੰਗਰੇਜ਼ ਇੰਸਟ੍ਰੱਕਟਰ ਖ਼ਾਲਸਾ ਕਾਲਜ ਦੇ
ਵਿਦਿਆਰਥੀਆਂ ਨੂੰ ਜੰਗ ਦੀਆਂ ਜੁਗਤਾਂ ਵਜੋਂ ਮੈਪ ਰੀਡਿੰਗ ਸਿਖਾਇਆ ਕਰਦਾ ਸੀ। ਦੂਜੀ ਵਿਸ਼ਵ
ਜੰਗ ਕਰਕੇ ਫੌਜੀ ਭਰਤੀਆਂ ਜਾਰੀ ਸਨ। ਮਿਸਟਰ ਜੋਨਜ਼ ਨੇ ਬਲਬੀਰ ਸਿੰਘ ਦਾ ਨਾਂ ਕਮਿਸ਼ੰਡ
ਅਫ਼ਸਰ ਬਣਾਉਣ ਲਈ ਭੇਜ ਦਿੱਤਾ। ਬਲਬੀਰ ਸਿੰਘ ਫੌਜ ਦੇ ਚੋਣ ਬੋਰਡ ਨੂੰ ਇੰਟਰਵਿਊ ਦੇਣ ਚਲਾ
ਗਿਆ ਤੇ ਚੁਣਿਆ ਗਿਆ। ਫੌਜੀ ਅਫ਼ਸਰ ਦੀ ਨੌਕਰੀ ਉਨ੍ਹੀਂ ਦਿਨੀਂ ਕੀ, ਅੱਜ ਵੀ ਵਧੀਆ ਨੌਕਰੀ
ਗਿਣੀ ਜਾਂਦੀ ਹੈ। ਪਰ ਬਰਤਾਨਵੀ ਫੌਜ ਦੀ ਨੌਕਰੀ ਲਈ ਬਲਬੀਰ ਸਿੰਘ ਦੇ ਸੁਤੰਤਰਤਾ ਸੰਗਰਾਮੀ
ਪਿਤਾ ਜੀ ਨੇ ਤਾਂ ਕਾਹਦੀ ਆਗਿਆ ਦੇਣੀ ਸੀ, ਖ਼ਾਲਸਾ ਕਾਲਜ ਵਾਲੇ ਹੀ ਅੜ ਗਏ ਤੇ ਬਲਬੀਰ ਸਿੰਘ
ਨੂੰ ਆਰਮੀ ਵਿਚ ਨਾ ਜਾਣ ਦਿੱਤਾ। ਤਿੰਨ ਮਹੀਨੇ ਪਹਿਲਾਂ ਵੀ ਮਿਸਟਰ ਜੋਨਜ਼ ਦੀ ਸਕੀਮ ਖ਼ਾਲਸਾ
ਕਾਲਜ ਨੇ ਸਿਰੇ ਨਹੀਂ ਸੀ ਚੜ੍ਹਨ ਦਿੱਤੀ। ਉਂਜ ਉਦੋਂ ਉਹਦੇ ਨਾਲ ਦੇ ਜਿਹੜੇ ਵਿਦਿਆਰਥੀ ਫੌਜ
ਵਿਚ ਚਲੇ ਗਏ ਉਹ ਬਰਗੇਡੀਅਰ ਤੇ ਜਰਨੈਲ ਬਣ ਕੇ ਰਿਟਾਇਰ ਹੋਏ।
ਐੱਮ. ਏ. ਵਿਚ ਦਾਖਲ ਹੋਣ ਸਾਰ ਉਹ ਫਿਰ ਹਾਕੀ ਖੇਡਣ ‘ਚ ਰੁੱਝ ਗਿਆ। ਖ਼ਾਲਸਾ ਕਾਲਜ ਦੇ
1944-45 ਦੇ ਸੈਸ਼ਨ ਵਿਚ ਕੁਝ ਖਿਡਾਰੀ ਨਵੇਂ ਆਏ ਤੇ ਕੁਝ ਪੁਰਾਣੇ ਚਲੇ ਗਏ। ਬਹੁਤੇ ਖਿਡਾਰੀ
ਪਿਛਲੇ ਸੈਸ਼ਨ ਵਾਲੇ ਹੀ ਸਨ। ਗੁਰਬਖ਼ਸ਼ ਸਿੰਘ ਜੋ ਬਾਅਦ ਵਿਚ ਐੱਨ. ਆਈ. ਐੱਸ. ਦੇ ਦੱਖਣੀ
ਵਿੰਗ ਦਾ ਡਿਪਟੀ ਡਾਇਰੈਕਟਰ ਬਣਿਆ, ਲੈਫਟ ਇਨ ਸਾਈਡ ਦੀ ਜਗ੍ਹਾ ਆ ਗਿਆ। ਮੰਨਾ ਸਿੰਘ ਤੇ
ਮਕਬੂਲ ਹਸ਼ਮਤ ਖ਼ਾਲਸਾ ਕਾਲਜ ਛੱਡ ਗਏ ਸਨ। ਬਖਸ਼ੀਸ਼ ਸਿੰਘ, ਰਾਜਿੰਦਰ ਸਿੰਘ ਕਾਕਾ ਤੇ
ਗੁਰਬਖ਼ਸ਼ ਸਿੰਘ ਬਾਸੋ ਨਵੇਂ ਆ ਰਲੇ। ਧਰਮ ਸਿੰਘ, ਰਾਮ ਸਰੂਪ, ਸੰਤੋਖ ਸਿੰਘ, ਖ਼ੁਰਮ ਤੇ
ਗੋਲਕੀਪਰ ਗੁਰਦੀਪ ਸਿੰਘ ਬਾਬਾ ਪਹਿਲਾਂ ਵਾਲੇ ਹੀ ਸਨ। ਬਲਬੀਰ ਸਿੰਘ ਨੂੰ ਹੁਣ ਵੀ ਯਾਦ ਹੈ
ਕਿ ਹਰ ਹਫ਼ਤੇ ਕਿਸੇ ਨਾ ਕਿਸੇ ਕਾਲਜ ਜਾਂ ਕਲੱਬ ਦੀ ਟੀਮ ਨਾਲ ਦੋਸਤਾਨਾ ਮੈਚ ਹੁੰਦੇ ਸਨ
ਜਿਨ੍ਹਾਂ ਵਿਚ ਖ਼ਾਲਸਾ ਕਾਲਜ ਦੀ ਟੀਮ ਘੱਟੋਘੱਟ ਦਸ ਗੋਲਾਂ ਨਾਲ ਜਿੱਤਦੀ ਸੀ। ਉਨ੍ਹਾਂ
ਗੋਲਾਂ ਵਿਚ ਬਲਬੀਰ ਸਿੰਘ ਦੇ ਹਮੇਸ਼ਾਂ ਹੀ ਵਧੇਰੇ ਗੋਲ ਹੁੰਦੇ।
ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਟੂਰਨਾਮੈਂਟ ਦੇ ਮੈਚਾਂ ‘ਚੋਂ ਤਿੰਨ ਟੀਮਾਂ ਲੀਗ ਲਈ
ਨਿਤਰਦੀਆਂ ਸਨ। ਉਸ ਸਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਨਾਲ ਗੌਰਮਿੰਟ ਕਾਲਜ ਲਾਹੌਰ ਤੇ
ਗੌਰਮਿੰਟ ਐਗਰੀਕਲਚਰ ਕਾਲਜ ਲਾਇਲਪੁਰ ਦੀਆਂ ਟੀਮਾਂ ਲੀਗ ਲਈ ਅੱਗੇ ਆਈਆਂ। ਗੌਰਮਿੰਟ ਕਾਲਜ
ਲਾਹੌਰ ਦੀ ਟੀਮ ਵਿਚ ਨਾਮੀ ਖਿਡਾਰੀ ਅਮੀਰ ਕੁਮਾਰ, ਕੇਸ਼ਵ ਦੱਤ ਤੇ ਨੰਦੀ ਸਿੰਘ ਸਨ ਜਿਹੜੇ
ਬਾਅਦ ਵਿਚ ਓਲੰਪੀਅਨ ਬਣੇ ਤੇ ਬਲਬੀਰ ਸਿੰਘ ਨਾਲ ਖੇਡੇ। ਉਨ੍ਹਾਂ ਦਾ ਗੋਲਚੀ ਰਾਮ ਪ੍ਰਕਾਸ਼
ਸੀ ਜੋ ਪਿੱਛੋਂ ਭਾਰਤੀ ਟੀਮ ਦਾ ਮੈਂਬਰ ਬਣ ਕੇ ਮਲਾਇਆ ਸਿੰਘਾਪੁਰ ਦੇ ਟੂਰ ‘ਤੇ ਗਿਆ। ਇਕ
ਹੋਰ ਖਿਡਾਰੀ ਸ਼ਾਹਰੁਖ਼ ਸੀ ਜੋ ਪਿੱਛੋਂ ਪਾਕਿਸਤਾਨ ਦੀ ਟੀਮ ਵਿਚ ਖੇਡਿਆ। ਗੌਰਮਿੰਟ ਕਾਲਜ
ਦੀ ਟੀਮ ਹਾਫ਼ ਲਾਈਨ ਵਿਚ ਸਭ ਤੋਂ ਤਕੜੀ ਸੀ ਤੇ ਖ਼ਾਲਸਾ ਕਾਲਜ ਦੀ ਟੀਮ ਦਾ ਅਟੈਕ ਸਭ ਤੋਂ
ਤਕੜਾ ਸੀ। ਬਲਬੀਰ ਸਿੰਘ ਦੇ ਨਾਲ ਬਖਸ਼ੀਸ਼ ਸਿੰਘ ਤੇ ਰਾਮ ਸਰੂਪ ਤਕੜੇ ਫਾਰਵਰਡ ਸਨ ਜਦ ਕਿ
ਧਰਮ ਸਿੰਘ ਤੇ ਖ਼ੁਰਮ ਤਕੜੇ ਫੁੱਲ ਬੈਕ ਸਨ।
ਧਰਮ ਸਿੰਘ, ਰਾਮ ਸਰੂਪ ਤੇ ਬਲਬੀਰ ਸਿੰਘ ਨੇ ਹਰਬੇਲ ਸਿੰਘ ਦੀ ਸਿਖਾਈ ਓਹੀ ਤਕਨੀਕ ਵਰਤੋਂ
ਵਿਚ ਲਿਆਂਦੀ ਜਿਸ ‘ਚ ਉਹ ਪੂਰੇ ਪ੍ਰਪੱਕ ਸਨ। ਬੁੱਲੀ ਕਰ ਕੇ ਬਲਬੀਰ ਸਿੰਘ ਨੇ ਬਾਲ ਧਰਮ
ਸਿੰਘ ਨੂੰ ਦਿੱਤੀ ਜਿਸ ਨੇ ਲੰਮੇ ਸਕੂਪ ਨਾਲ ਬਾਲ ਸੱਜੇ ਪਾਸੇ ਖਾਲੀ ਥਾਂ ਸੁੱਟ ਦਿੱਤੀ। ਰਾਮ
ਸਰੂਪ ਨੇ ਤੇਜ਼ ਦੌੜ ਕੇ ਬਾਲ ਕਾਬੂ ਕੀਤੀ ‘ਤੇ ਤੇਜ਼ ਕਰਾਸ ਪਾਸ ਬਲਬੀਰ ਸਿੰਘ ਨੂੰ ਦਿੱਤਾ।
ਬਾਲ ਵੱਲ ਬਲਬੀਰ ਸਿੰਘ ਤੇ ਗੋਲਕੀਪਰ ਰਾਮ ਪ੍ਰਕਾਸ਼ ਇਕੋ ਸਮੇਂ ਵਧੇ। ਬਲਬੀਰ ਸਿੰਘ ਨੇ ਡੈਸ਼
ਮਾਰੀ ਤੇ ਫੁਰਤੀ ਨਾਲ ਬਾਲ ਗੋਲ ਵਿਚ ਫਲਿਕ ਕਰ ਦਿੱਤੀ। ਪਰ ਦੋਹਾਂ ਦੀ ਭਾਜ ਏਡੀ ਤੇਜ਼ ਸੀ
ਕਿ ਉਹ ਆਪਸ ਵਿਚ ਟਕਰਾਅ ਗਏ ਤੇ ਲਿਪਟੇ ਹੋਏ ਗੋਲ ਪੋਸਟ ਵਿਚ ਜਾ ਡਿੱਗੇ। ਏਨਾ ਸ਼ੁਕਰ ਰਿਹਾ
ਕਿ ਦੋਵੇਂ ਵੱਡੀ ਸੱਟ ਫੇਟ ਤੋਂ ਬਚ ਗਏ। ਗੌਰਮਿੰਟ ਕਾਲਜ ਦੀ ਟੀਮ ਨੇ ਗੋਲ ਲਾਹੁਣ ਲਈ ਬਥੇਰਾ
ਟਿੱਲ ਲਾਇਆ ਪਰ ਉਸ ਤੋਂ ਬਾਅਦ ਕੋਈ ਵੀ ਟੀਮ ਗੋਲ ਨਾ ਕਰ ਸਕੀ। ਅਗਲੇ ਮੈਚ ਵਿਚ ਖ਼ਾਲਸਾ
ਕਾਲਜ ਨੇ ਐਗਰੀਕਲਚਰ ਕਾਲਜ ਲਾਇਲਪੁਰ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਯੂਨੀਵਰਸਿਟੀ ਦੀ
ਚੈਂਪੀਅਨਸਿ਼ਪ ਜਿੱਤ ਲਈ।
ਬਾਅਦ ਵਿਚ ਬਲਬੀਰ ਸਿੰਘ ਹੋਰਾਂ ਦੀ ਗੋਲ ਕਰਨ ਦੀ ਤਕਨੀਕ ਦਾ ਹੱਲ ਵੀ ਵਿਰੋਧੀ ਟੀਮਾਂ ਨੇ
ਲੱਭ ਲਿਆ। ਉਹ ਦੋ ਰਾਖੇ ਰਾਮ ਸਰੂਪ ਉਤੇ ਲਾਉਂਦੇ ਤੇ ਦੋ ਹੀ ਬਲਬੀਰ ਸਿੰਘ ਉਤੇ। ਪੰਜਾਬ
ਯੂਨੀਵਰਸਿਟੀ ਦੀ ਟੀਮ ਚੁਣਨ ਲਈ ਟਰਾਇਲ ਹੋਏ ਤਾਂ ਸਭ ਤੋਂ ਵੱਧ ਖਿਡਾਰੀ ਖ਼ਾਲਸਾ ਕਾਲਜ ਦੇ
ਸਨ। ਬਲਬੀਰ ਸਿੰਘ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਜਿਸ ਨੇ ਇਕ ਵਾਰ ਹੋਰ ਇੰਟਰ
ਯੂਨੀਵਰਸਿਟੀ ਚੈਂਪੀਅਨਸਿ਼ਪ ਜਿੱਤੀ। ਉਸ ਟੀਮ ਵਿਚ ਬਲਬੀਰ ਸਿੰਘ ਨਾਲ ਰਾਮ ਪ੍ਰਕਾਸ਼
ਗੋਲਕੀਪਰ, ਧਰਮ ਸਿੰਘ ਤੇ ਅਜੀਤ ਸਿੰਘ ਫੁੱਲ ਬੈਕ, ਸੰਤੋਖ ਸਿੰਘ, ਅਮੀਰ ਕੁਮਾਰ ਤੇ
ਸ਼ਾਹਰੁਖ਼ ਹਾਫ਼ ਬੈਕ, ਰਾਮ ਸਰੂਪ, ਨੰਦੀ ਸਿੰਘ, ਜੀਵਨ ਤੇ ਖ਼ੁਰਮ ਫਾਰਵਰਡ ਖਿਡਾਰੀ ਸਨ।
ਬਾਅਦ ਵਿਚ ਇਹ ਲਗਭਗ ਸਾਰੇ ਖਿਡਾਰੀ ਹੀ ਇੰਡੀਆ ਜਾਂ ਪਾਕਿਸਤਾਨ ਦੀਆਂ ਟੀਮਾਂ ਵਿਚ ਖੇਡੇ।
ਬਲਬੀਰ ਸਿੰਘ ਲਈ ਹੁਣ ਦੋ ਹੀ ਰੁਝੇਵੇਂ ਸਨ। ਹਾਕੀ ਖੇਡਣਾ ਤੇ ਸੁਸ਼ੀਲ ਨਾਲ ਚਿੱਠੀ ਪੱਤਰ
ਕਰਨਾ। ਲਾਹੌਰ ਖੇਡਣ ਗਿਆ ਉਹ ਸ਼ੁਸ਼ੀਲ ਦੀ ਝਲਕ ਵੀ ਲੈ ਆਉਂਦਾ ਸੀ। ਪੰਜਾਬ ਯੂਨੀਵਰਸਿਟੀ
ਲਾਹੌਰ ਦਾ ਹਾਕੀ ਗਰਾਊਂਡ ਉਹਦਾ ਮਨਭਾਉਂਦਾ ਖੇਡ ਮੈਦਾਨ ਸੀ ਜਿਸ ਨੂੰ ਉਹ ਆਪਣੇ ਹੱਥ ਦੀਆਂ
ਰੇਖਾਵਾਂ ਵਾਂਗ ਜਾਣਦਾ ਸੀ। ਉਸ ਵਿਚ ਤਰਾਸਿ਼ਆ ਹੋਇਆ ਹਰਾ ਘਾਹ ਸੀ ਜਿਸ ਉਪਰ ਦੀ
ਵਿਦਿਆਰਥੀਆਂ ਨੂੰ ਲੰਘਣ ਦੀ ਮਨਾਹੀ ਸੀ। ਮੈਦਾਨ ਕੋਲ ‘ਡੂ ਨਾਟ ਕਰਾਸ ਦਾ ਹਾਕੀ ਫੀਲਡ’
ਲਿਖਿਆ ਨੋਟਿਸ ਬੋਰਡ ਲੱਗਾ ਹੁੰਦਾ ਸੀ।
ਉਦੋਂ ਸੁਤੰਤਰਤਾ ਸੰਗਰਾਮ ਸਿਖਰਾਂ ਉਤੇ ਸੀ ਪਰ ਇਹ ਗੱਲ ਕਿਸੇ ਦੇ ਖ਼ਾਬ ਖਿ਼ਆਲ ਵਿਚ ਵੀ ਨਹੀ
ਕਿ ਆਜ਼ਾਦੀ ਮਿਲਣ ਨਾਲ ਹਜ਼ਾਰਾਂ ਹਿੰਦੂ ਸਿੱਖਾਂ ਤੋਂ ਉਨ੍ਹਾਂ ਦਾ ਪਿਆਰਾ ਸ਼ਹਿਰ ਲਾਹੌਰ
ਖੁੱਸ ਜਾਵੇਗਾ। ਉਹ ਸ਼ਹਿਰ ਜੀਹਦੇ ਬਾਰੇ ਕਿਹਾ ਜਾਂਦੈ ‘ਜੀਹਨੇ ਲਾਹੌਰ ਨਹੀਂ ਵੇਖਿਆ ਉਹ
ਜੰਮਿਆ ਈ ਨਹੀਂ!’ ਉਹ ਸ਼ਹਿਰ ਜਿਥੇ ਬਲਬੀਰ ਤੇ ਸੁਸ਼ੀਲ ਦਾ ਪਿਆਰ ਪੁੰਗਰਿਆ ਤੇ ਪਰਵਾਨ
ਚੜ੍ਹਿਆ। ਲੋਕ ਐਵੇਂ ਨਹੀਂ ਕਹਿੰਦੇ ‘ਲਔ੍ਹਰ ਲਅ੍ਹੌਰ ਈ ਐ!’ ਲਾਹੌਰ ਬੁੱਢੇਵਾਰੇ ਵੀ ਬਲਬੀਰ
ਸਿੰਘ ਦੇ ਦਿਲ ਵਿਚ ਧੜਕ ਰਿਹੈ।
ਜਦੋਂ ਉਸ ਨੂੰ ਹੱਥਕੜੀ ਲੱਗੀ
ਗੇੜ ਅਜਿਹਾ ਬਣਿਆ ਕਿ ਬਲਬੀਰ ਸਿੰਘ ਨੂੰ ਅੰਮ੍ਰਿਤਸਰੋਂ ਭੱਜਣਾ ਪਿਆ। ਦੌੜ ਕੇ ਉਹ ਦਿੱਲੀ
ਚਲਾ ਗਿਆ। ਸੋਚਦਾ ਸੀ ਕਿ ਉਥੇ ਉਹ ਪੰਜਾਬ ਪੁਲਿਸ ਦੇ ਹੱਥ ਨਹੀਂ ਆਵੇਗਾ। ਪਰ ਇਹ ਉਹਦਾ
ਭੁਲੇਖਾ ਸੀ। ਪੁਲਿਸ ਦੀ ਟੋਲੀ ਉਹਦੇ ਮਗਰ ਗਈ ਤੇ ਉਸ ਨੂੰ ਹੱਥਕੜੀ ਲਾ ਕੇ ਜਲੰਧਰ ਲੈ ਆਈ।
ਉਸ ਦੇ ਪਿਤਾ ਜੀ ਨੂੰ ਹੱਥਕੜੀ ਸੁਤੰਤਰਤਾ ਸੰਗਰਾਮੀ ਹੋਣ ਕਾਰਨ ਲੱਗੀ ਸੀ ਪਰ ਬਲਬੀਰ ਸਿੰਘ
ਨੂੰ ਹਾਕੀ ਖਿਡਾਰੀ ਹੋਣ ਕਾਰਨ ਲੱਗੀ।
ਗੱਲ ਇਸ ਤਰ੍ਹਾਂ ਹੋਈ। ਬਲਬੀਰ ਸਿੰਘ 1944-45 ਦੇ ਸੈਸ਼ਨ ਦੌਰਾਨ ਖ਼ਾਲਸਾ ਕਾਲਜ ਅੰਮ੍ਰਿਤਸਰ
ਵਿਚ ਅੰਗਰੇਜ਼ੀ ਦੀ ਐੱਮ. ਏ. ਕਰ ਰਿਹਾ ਸੀ। ਖ਼ਾਲਸਾ ਕਾਲਜ ਦਾ ਲਾਲਚ ਸੀ ਕਿ ਉਹ ਦੋ ਸਾਲ
ਹੋਰ ਕਾਲਜ ਵੱਲੋਂ ਖੇਡੇਗਾ। ਉਨ੍ਹਾਂ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਦੀ ਇੰਟਰ ਕਾਲਜ
ਚੈਂਪੀਅਨਸਿ਼ਪ ਲਗਾਤਾਰ ਤੀਜੀ ਵਾਰ ਜਿੱਤ ਲਈ। ਫਿਰ ਉਸ ਨੂੰ ਪੰਜਾਬ ਯੂਨੀਵਰਸਿਟੀ ਦੀ ਹਾਕੀ
ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਉਸ ਟੀਮ ਨੇ ਇੰਟਰ ਯੂਨੀਵਰਸਿਟੀ ਚੈਂਪੀਅਨਸਿ਼ਪ ਵੀ ਜਿੱਤੀ
ਤੇ ਪੰਜਾਬ ਸਟੇਟ ਚੈਂਪੀਅਨਸਿ਼ਪ ਵੀ ਜਿੱਤ ਲਈ। ਜਿੰਨੇ ਮੈਚ ਖੇਡੇ ਗਏ ਉਨ੍ਹਾਂ ਵਿਚ ਸਭ ਤੋਂ
ਵੱਧ ਗੋਲ ਬਲਬੀਰ ਸਿੰਘ ਦੇ ਸਨ। ਇਹ ਸਾਰੀਆਂ ਚੈਂਪੀਅਨਸਿ਼ਪਾਂ ਲਾਹੌਰ ਵਿਚ ਹੋਈਆਂ ਜਿਥੇ ਉਸ
ਦੀ ਮੰਗੇਤਰ ਸੁਸ਼ੀਲ ਰਹਿੰਦੀ ਸੀ। ਸੁਸ਼ੀਲ ਉਸ ਨੂੰ ਹਾਕੀ ਖੇਡਣ ਲਈ ਹੋਰ ਉਤਸ਼ਾਹਿਤ ਕਰਦੀ।
ਪ੍ਰੇਮਿਕਾ ਵੱਲੋਂ ਮਿਲਦੀ ਹੱਲਾਸ਼ੇਰੀ ਨਾਲ ਤਾਂ ਕੋਈ ਵੀ ਪ੍ਰੇਮੀ ਕੁਝ ਦਾ ਕੁਝ ਕਰ ਸਕਦੈ!
ਪਰ ਪੰਜਾਬ ਸਟੇਟ ਚੈਂਪੀਅਨਸਿ਼ਪ ਨੇ ਹੋਰ ਹੀ ਗੁਲ ਖਿੜਾ ਦਿੱਤਾ। ਉਥੇ ਅਖ਼ਬਾਰ ‘ਸਿਵਲ ਐਂਡ
ਮਿਲਟਰੀ ਗਜ਼ਟ’ ਦਾ ਪੱਤਰਕਾਰ ਮਿਸਟਰ ਸੀ. ਈ. ਨਿਊਹੈਮ ਮੈਚ ਵੇਖ ਰਿਹਾ ਸੀ। ਉਹ ਖਿਡਾਰੀ ਤੋਂ
ਪੱਤਰਕਾਰ ਬਣਿਆ ਸੀ। 1928 ਵਿਚ ਜਦੋਂ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਖੇਡਾਂ
ਵਿਚ ਭਾਗ ਲੈਣ ਜਾਣਾ ਸੀ ਤਾਂ ਕੋਈ ਵੀ ਰਾਜਾ ਮਹਾਰਾਜਾ ਟੀਮ ਦਾ ਖਰਚਾ ਦੇਣ ਨੂੰ ਤਿਆਰ ਨਹੀਂ
ਸੀ ਹੋ ਰਿਹਾ। ਨਿਊਹੈਮ ਨੇ ਮੂਹਰੇ ਲੱਗ ਕੇ 1924 ਵਿਚ ਪੰਜਾਬ ਹਾਕੀ ਐਸੋਸੀਏਸ਼ਨ ਬਣਵਾਈ ਸੀ।
ਉਹੀ ਇਸ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ। ਉਸ ਨੇ ਭਾਰਤੀ ਟੀਮ ਦੇ ਖਰਚ ਲਈ ਲਾਹੌਰ ਦੇ
ਅਖ਼ਬਾਰ ‘ਸਿਵਲ ਐਂਡ ਮਿਲਟਰੀ ਗਜ਼ਟ’ ਵੱਲੋਂ 1500 ਰੁਪਏ ਦਿਵਾਏ। 1500 ਰੁਪਏ ਹੀ ਅਲਾਹਾਬਾਦ
ਦੇ ਅਖ਼ਬਾਰ ‘ਪਾਇਨੀਅਰ’ ਨੇ ਦਿੱਤੇ। ਉਨ੍ਹਾਂ ਦਿਨਾਂ ਵਿਚ 3000 ਰੁਪਏ ਬਹੁਤ ਵੱਡੀ ਰਕਮ ਸੀ
ਜਿਸ ਨਾਲ ਭਾਰਤੀ ਟੀਮ ਐਮਸਟਰਡਮ ਜਾ ਸਕੀ ਤੇ ਓਲੰਪਿਕ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤ
ਸਕੀ।
ਪੰਜਾਬ ਸਟੇਟ ਚੈਂਪੀਅਨਸਿ਼ਪ ਦਾ ਫਾਈਨਲ ਮੈਚ ਪੰਜਾਬ ਯੂਨੀਵਰਸਿਟੀ ਤੇ ਨਾਰਥ-ਵੈਸਟਰਨ ਰੇਲਵੇ
ਲਾਹੌਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਬਲਬੀਰ ਸਿੰਘ ਹੋਰਾਂ ਦੀ ਟੀਮ ਨੇ 7-0 ਗੋਲਾਂ
ਨਾਲ ਜਿੱਤਿਆ। ਮਿਸਟਰ ਨਿਊਹੈਮ ਬਲਬੀਰ ਸਿੰਘ ਦੀ ਖੇਡ ਤੋਂ ਬਹੁਤ ਪ੍ਰਭਾਵਤ ਹੋਇਆ। ਉਸ ਦੇ ਮਨ
ਵਿਚ ਆਈ ਕਿ ਬਲਬੀਰ ਸਿੰਘ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਇਆ ਜਾਵੇ ਤਾਂ ਕਿ ਉਹ ਪੁਲਿਸ
ਚੈਂਪੀਅਨਸਿ਼ਪਾਂ ਤੇ ਨੈਸ਼ਨਲ ਚੈਂਪੀਅਨਸਿ਼ਪਾਂ ਪੱਕੇ ਤੌਰ ‘ਤੇ ਪੰਜਾਬ ਵੱਲੋਂ ਖੇਡ ਸਕੇ। ਉਸ
ਨੂੰ ਤੌਖਲਾ ਸੀ ਕਿ ਹੋਣਹਾਰ ਹਾਕੀ ਖਿਡਾਰੀ ਬਲਬੀਰ ਸਿੰਘ ਨੂੰ ਕੋਈ ਹੋਰ ਸੂਬਾ ਨੌਕਰੀ ਦੀ
ਪੇਸ਼ਕਸ਼ ਕਰ ਕੇ ਨਾ ਲੈ ਜਾਵੇ। ਇੰਜ ਪਹਿਲਾਂ ਹੀ ਕੁਝ ਪੰਜਾਬੀ ਖਿਡਾਰੀ ਪੁੱਟੇ ਜਾ ਚੁੱਕੇ
ਸਨ। ਉਸ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਸਰ ਜੌਨ੍ਹ ਬੈਨਟ ਦੇ ਕੰਨ ਵਿਚ ਕਿਹਾ ਕਿ
ਬਲਬੀਰ ਸਿੰਘ ਉਤੇ ਅੱਖ ਰੱਖੀ ਜਾਵੇ। ਜੌਨ੍ਹ ਬੈਨਟ ਉਸ ਸਮੇਂ ਪੰਜਾਬ ਹਾਕੀ ਐਸੋਸੀਏਸ਼ਨ ਦਾ
ਪ੍ਰਧਾਨ ਸੀ।
ਬਲਬੀਰ ਸਿੰਘ ਇਸ ਗੱਲੋਂ ਬੇਖ਼ਬਰ ਸੀ। ਉਸ ਨੇ ਟੀਮ ਦੇ ਕਪਤਾਨ ਦੀ ਹੈਸੀਅਤ ਵਿਚ ਪੰਜਾਬ ਦੇ
ਗਵਰਨਰ ਤੋਂ ਟਰਾਫੀ ਪ੍ਰਾਪਤ ਕੀਤੀ ਤੇ ਪੰਜਾਬ ਯੂਨੀਵਰਸਿਟੀ ਦੇ ਸਪੋਰਟਸ ਦਫਤਰ ਵਿਚ ਪੁਚਾ
ਦਿੱਤੀ। ਉਥੇ ਯੂਨੀਵਰਸਿਟੀ ਦੇ ਖੇਡ ਅਧਿਕਾਰੀ ਹੈਨਰੀ ਲਾਲ ਨੇ ਦੱਸਿਆ ਕਿ ਨਿਊਹੈਮ ਦੇ ਕਹਿਣ
‘ਤੇ ਜੌਨ੍ਹ ਬੈਨਟ ਤੈਨੂੰ ਪੰਜਾਬ ਪੁਲਿਸ ਵਿਚ ਭਰਤੀ ਕਰ ਸਕਦਾ ਹੈ। ਬਲਬੀਰ ਸਿੰਘ ਦੇ ਖ਼ਾਬ
ਖਿਆਲ ਵਿਚ ਵੀ ਨਹੀਂ ਸੀ ਕਿ ਉਹ ਕਦੇ ਬ੍ਰਿਟਿਸ਼ ਰਾਜ ਦੀ ਪੁਲਿਸ ਵਿਚ ਭਰਤੀ ਹੋਵੇਗਾ। ਉਸ ਦੇ
ਪਿਤਾ ਜੀ ਨੇ ਪੁਲਿਸ ਦਾ ਜ਼ੁਲਮ ਵੇਖਿਆ ਹੋਇਆ ਸੀ। ਆਪਣੇ ਉਤੇ ਵੀ ਤੇ ਭਾਰਤੀ ਜਨਤਾ ਉਤੇ ਵੀ।
ਬਲਬੀਰ ਸਿੰਘ ਅਜਿਹੀ ਪੁਲਿਸ ਵਿਚ ਭਰਤੀ ਹੋਣ ਬਾਰੇ ਸੋਚ ਵੀ ਨਹੀਂ ਸੀ ਸਕਦਾ। ਉਹ ਅੰਮ੍ਰਿਤਸਰ
ਪਰਤ ਆਇਆ ਤੇ ਆਪਣੀ ਐੱਮ. ਏ. ਦੀ ਪੜ੍ਹਾਈ ਵਿਚ ਖੁੱਭ ਗਿਆ।
ਤਦੇ ਪੰਜਾਬ ਪਲਿਸ ਨੇ ਖ਼ਾਲਸਾ ਕਾਲਜ ਵਿਚ ਆ ਉਹਦਾ ਪਿੱਛਾ ਕੀਤਾ। ਉਸ ਨੂੰ ਏ. ਐੱਸ. ਆਈ.
ਯਾਨੀ ਠਾਣੇਦਾਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਜਿਸ ਤੋਂ ਬਲਬੀਰ ਸਿੰਘ ਨੇ ਇਨਕਾਰ ਕਰ
ਦਿੱਤਾ। ਪਰ ਪੁਲਿਸ ਵਾਲੇ ਪਿੱਛਾ ਕਰਨੋਂ ਨਾ ਹਟੇ। ਉਨ੍ਹਾਂ ਨੂੰ ਗਲੋਂ ਲਾਹੁਣ ਲਈ ਬਲਬੀਰ
ਸਿੰਘ ਨੇ ਕਿਹਾ ਕਿ ਸਿੱਧਾ ਇੰਸਪੈਕਟਰ ਬਣਾਓ ਤਾਂ ਸੋਚ ਸਕਦਾਂ। ਉਸ ਨੂੰ ਜਲੰਧਰ ਰੇਂਜ ਦੇ
ਡੀ. ਆਈ. ਜੀ. ਮਿਸਟਰ ਸੀ. ਜੇ. ਸਕਰੋਜੀ ਦੇ ਪੇਸ਼ ਕੀਤਾ ਗਿਆ। ਸਕਰੋਜੀ ਨੇ ਸਮਝਾਇਆ ਕਿ
ਪੁਲਿਸ ਦੇ ਨਿਯਮਾਂ ਅਨੁਸਾਰ ਕੇਵਲ ਫੌਜ ਦੀ ਨੌਕਰੀ ਕਰਨ ਵਾਲਿਆਂ ਨੂੰ ਸਿੱਧਾ ਇੰਸਪੈਕਟਰ ਲਿਆ
ਜਾ ਸਕਦਾ ਹੈ। ਹੋਰਨਾਂ ਲਈ ਸਿੱਧੀ ਭਰਤੀ ਏ. ਐੱਸ. ਆਈ. ਅਫ਼ਸਰ ਦੀ ਹੈ। ਉਹ ਬੇਫਿਕਰ ਰਹੇ,
ਉਸ ਨੂੰ ਛੇਤੀ ਹੀ ਇੰਸਪੈਕਟਰ ਪ੍ਰਮੋਟ ਦਿੱਤਾ ਜਾਵੇਗਾ। ਇਹ ਵੀ ਦੱਸ ਦਿੱਤਾ ਗਿਆ ਕਿ ਆਈ.
ਜੀ. ਸਾਹਿਬ ਉਸ ਵਿਚ ਦਿਲਚਸਪੀ ਰੱਖਦੇ ਹਨ ਤੇ ਉਸ ਨੂੰ ਹਰ ਹਾਲਤ ਵਿਚ ਭਰਤੀ ਕਰਨਾ ਚਾਹੁੰਦੇ
ਹਨ। ਬਲਬੀਰ ਸਿੰਘ ਨੇ ਤਾਂ ਪੁਲਿਸ ਤੋਂ ਖਹਿੜਾ ਛੁਡਾਉਣ ਲਈ ਇਹ ਗੱਲ ਕਹੀ ਸੀ ਪਰ ਪੈ ਗਈ
ਉਲਟੀ।
ਉਨ੍ਹਾਂ ਦਿਨਾਂ ਵਿਚ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਦੀ ਤਨਖਾਹ 45 ਰੁਪਏ ਮਹੀਨਾ ਸੀ।
ਬਲਬੀਰ ਸਿੰਘ ਨੇ ਦੂਜੀ ਚਾਲ ਚੱਲੀ। ਕਹਿਣ ਲੱਗਾ ਕਿ 45 ਰੁਪਏ ਤਾਂ ਬਹੁਤ ਥੋੜ੍ਹੇ ਹਨ। ਏਨੇ
ਨਾਲ ਗੁਜ਼ਾਰਾ ਕਿਵੇਂ ਹੋਵੇਗਾ? ਜਵਾਬ ਮਿਲਿਆ ਕਿ ਪੈਸਿਆਂ ਵੱਲੋਂ ਵੀ ਉਹ ਬੇਫਿਕਰ ਰਹੇ
ਕਿਉਂਕਿ ਉਹ ਥਾਣੇ ਦਾ ਰਾਜਾ ਹੋਵੇਗਾ। ਜੋ ਮਰਜ਼ੀ ਕਰੇ। ਮਾਇਆ ਤਾਂ ਉਹਦੇ ਮਗਰ ਆਪਣੇ ਆਪ
ਭੱਜੀ ਆਵੇਗੀ। ਚਾਰ ਚੁਫੇਰਿਓਂ ਘਿਰ ਰਹੇ ਬਲਬੀਰ ਸਿੰਘ ਨੇ ਜਾਣ ਦੀ ਆਗਿਆ ਮੰਗੀ ਕਿਉਂਕਿ
ਲਾਹੌਰ ਉਸ ਨੇ ਇੰਟਰ ਯੂਨੀਵਰਸਿਟੀ ਹਾਕੀ ਚੈਂਪੀਅਨਸਿ਼ਪ ਖੇਡਣ ਜਾਣਾ ਹੈ। ਭਰਤੀ ਹੋਣ ਦਾ
ਵਾਇਦਾ ਉਸ ਨੇ ਕੋਈ ਨਾ ਕੀਤਾ ਪਰ ਉਸ ਨੂੰ ਇਸ ਆਸ ‘ਤੇ ਜਾਣ ਦਿੱਤਾ ਗਿਆ ਕਿ ਚੈਂਪੀਅਨਸਿ਼ਪ
ਖੇਡ ਕੇ ਜਲੰਧਰ ਪਰਤ ਆਵੇਗਾ।
ਬਲਬੀਰ ਸਿੰਘ ਦੀ ਕਪਤਾਨੀ ਵਿਚ ਨਾਰਥ ਜ਼ੋਨ ਦਾ ਇੰਟਰਵਰਸਿਟੀ ਫਾਈਨਲ ਮੈਚ ਅਲੀਗੜ੍ਹ
ਯੂਨੀਵਰਸਿਟੀ ਵਿਰੁੱਧ ਹੋਇਆ ਜੋ ਬੜੀ ਤਕੜੀ ਟੀਮ ਸੀ। ਪਹਿਲੇ ਦਿਨ ਮੈਚ ਬਿਨਾਂ ਗੋਲ ਦੇ
ਬਰਾਬਰ ਰਿਹਾ। ਦੂਜੀ ਵਾਰ ਖੇਡਿਆ ਮੈਚ ਪੰਜਾਬ ਯੂਨੀਵਰਸਿਟੀ ਨੇ ਜਿੱਤ ਲਿਆ। ਇੰਟਰ ਜ਼ੋਨਲ
ਯੂਨੀਵਰਸਿਟੀ ਮੈਚ ਉਸਮਾਨੀਆ ਯੂਨੀਵਰਸਿਟੀ ਵਿਰੁੱਧ ਸੀ ਜੋ ਪੰਜਾਬ ਯੂਨੀਵਰਸਿਟੀ ਨੇ ਆਰਾਮ
ਨਾਲ ਜਿੱਤਿਆ। ਬਲਬੀਰ ਸਿੰਘ ਨੂੰ ਜਿਥੇ ਇਕ ਪਾਸੇ ਤਿੰਨ ਚੈਂਪੀਅਨਸਿ਼ਪਾਂ ਜਿੱਤਣ ਦੀ ਖ਼ੁਸ਼ੀ
ਸੀ ਉਥੇ ਦੂਜੇ ਪਾਸੇ ਨਵਾਂ ਫਿਕਰ ਪੈ ਗਿਆ ਕਿ ਪੰਜਾਬ ਪੁਲਿਸ ਕਿਤੇ ਜਬਰਦਸਤੀ ਭਰਤੀ ਨਾ ਕਰ
ਲਵੇ!
ਉਸ ਨੂੰ ਲੱਗਣ ਲੱਗਾ ਕਿ ਪੁਲਿਸ ਉਸ ਨੂੰ ਐੱਮ. ਏ. ਦੀ ਪੜ੍ਹਾਈ ਪੂਰੀ ਨਹੀਂ ਕਰਨ ਦੇਵੇਗੀ
ਕਿਉਂਕਿ ਉਧਰੋਂ ਵਾਰ ਵਾਰ ਸੁਨੇਹੇ ਆ ਰਹੇ ਸਨ ਕਿ ਛੇਤੀ ਜਲੰਧਰ ਪਹੁੰਚ। ਉਸ ਨੂੰ ਇਕ ਤਰਕੀਬ
ਸੁੱਝੀ। ਉਹ ਬਿਨਾਂ ਕਿਸੇ ਨੂੰ ਦੱਸੇ ਅੰਮ੍ਰਿਤਸਰੋਂ ਦਿੱਲੀ ਦੌੜ ਗਿਆ। ਉਥੇ ਉਸ ਨੂੰ ਪੰਜਾਬ
ਯੂਨੀਵਰਸਿਟੀ ਦੀ ਟੀਮ ਦਾ ਇਕ ਪੁਰਾਣਾ ਸਾਥੀ ਅਮੀਰ ਕੁਮਾਰ ਮਿਲ ਗਿਆ ਜੋ ਗੌਰਮਿੰਟ ਕਾਲਜ
ਲਾਹੌਰ ਵਿਚ ਪੜ੍ਹਦਾ ਸੀ। ਉਹ ਦਿੱਲੀ ਦੇ ਸੈਂਟਰਲ ਪੀ ਡਬਲਯੂ ਡੀ ਮਹਿਕਮੇ ਵਿਚ ਨੌਕਰੀ ਕਰਨ
ਲੱਗ ਪਿਆ ਸੀ। ਦੂਜੀ ਵਿਸ਼ਵ ਜੰਗ ਦਾ ਖਿਲਾਰਾ ਸੰਭਾਲਣ ਲਈ ਉਹ ਮਹਿਕਮਾ ਹੋਂਦ ਵਿਚ ਆਇਆ ਸੀ।
ਦਿੱਲੀ ਵਿਚ ਤਰੱਕੀ ਦੇ ਚੰਗੇ ਮੌਕੇ ਸਨ। ਉਸ ਮਹਿਕਮੇ ਦੀ ਆਪਣੀ ਹਾਕੀ ਟੀਮ ਸੀ ਜਿਸ ਕਰਕੇ
ਹਾਕੀ ਦੇ ਖਿਡਾਰੀਆਂ ਨੂੰ ਚੰਗੀ ਤਨਖਾਹ ਦਿੰਦਾ ਸੀ। ਅਮੀਰ ਕੁਮਾਰ ਨੇ ਬਲਬੀਰ ਸਿੰਘ ਨੂੰ ਉਸ
ਮਹਿਕਮੇ ਵਿਚ ਨੌਕਰੀ ਕਰਨ ਲਈ ਮਨਾ ਵੀ ਲਿਆ। ਇਹਦੇ ਨਾਲ ਮਹਿਕਮੇ ਦੀ ਟੀਮ ਹੋਰ ਤਕੜੀ ਹੋ ਗਈ
ਜੋ ਤੁਰਤ ਦੋ ਆਲ ਇੰਡੀਆ ਟੂਰਨਾਮੈਂਟ ਜਿੱਤ ਗਈ। ਦਿੱਲੀ ਦੀ ਹਾਕੀ ਐਸੋਸੀਏਸ਼ਨ ਆਪਣੀ ਥਾਂ
ਖ਼ੁਸ਼ ਸੀ ਕਿ ਹੁਣ ਨੈਸ਼ਨਲ ਚੈਂਪੀਅਨਸਿ਼ਪ ਲਈ ਉਨ੍ਹਾਂ ਦੀ ਟੀਮ ਹੋਰ ਵੀ ਤਕੜੀ ਦਾਅਵੇਦਾਰ
ਹੋਵੇਗੀ। ਉਸ ਸਾਲ ਨੈਸ਼ਨਲ ਚੈਂਪੀਅਨਸਿ਼ਪ ਯੂ. ਪੀ. ਦੇ ਸ਼ਹਿਰ ਗੋਰਖਪੁਰ ਵਿਚ ਹੋਣੀ ਸੀ।
ਬਲਬੀਰ ਸਿੰਘ ਨੇ ਮਹਿਕਮੇ ਦੇ ਕੁਆਟਰਾਂ ਵਿਚ ਰਹਾਇਸ਼ ਰੱਖ ਲਈ। ਉਹ ਨਿਸ਼ਚਿੰਤ ਸੀ ਕਿ ਪੰਜਾਬ
ਪੁਲਿਸ ਦੇ ਜਮਦੂਤਾਂ ਤੋਂ ਜਾਨ ਬਚੀ। ਝੋਰਾ ਸੀ ਤਾਂ ਇਹੋ ਕਿ ਐੱਮ. ਏ. ਕਰਨੀ ਵਿਚਾਲੇ ਰਹਿ
ਗਈ। ਸੁਸ਼ੀਲ ਨਾਲ ਪ੍ਰੇਮ ਪੱਤਰ ਚੱਲ ਹੀ ਰਿਹਾ ਸੀ ਜਿਸ ਨਾਲ ਜੀਅ ਲੱਗਾ ਹੋਇਆ ਸੀ। ਹਾਕੀ
ਖੇਡਣ ਦੀ ਪ੍ਰੈਕਟਿਸ ਵੀ ਚੱਲ ਰਹੀ ਸੀ। ਭਵਿੱਖ ਉੱਜਲਾ ਸੀ। ਉਹ ਦਿੱਲੀ ਵੱਲੋਂ ਹਾਕੀ
ਖੇਡੇਗਾ, ਸੁਸ਼ੀਲ ਨਾਲ ਵਿਆਹ ਕਰੇਗਾ ਤੇ ਸੁਸ਼ੀਲ ਲਾਹੌਰ ਤੋਂ ਦਿੱਲੀ ਆ ਜਾਵੇਗੀ...। ਛੇਤੀ
ਹੀ ਉਹ ਭਾਰਤੀ ਟੀਮ ਵਿਚ ਚੁਣਿਆ ਜਾਵੇਗਾ ਤੇ ਭਾਰਤ ਵੱਲੋਂ ਖੇਡੇਗਾ। ਓਲੰਪਿਕ ਖੇਡਾਂ ਵਿਚ
ਜਾਵੇਗਾ, ਮੈਡਲ ਜਿੱਤੇਗਾ...। ਉਹ ਸੁਫ਼ਨਿਆਂ ਵਿਚ ਮਖ਼ਮੂਰ ਸੀ ਕਿ ਕਿਸੇ ਨੇ ਕੱਚੀ ਨੀਂਦੇ ਆ
ਬੂਹਾ ਠਕੋਰਿਆ। ਕੌਣ ਹੋ ਸਕਦਾ ਸੀ ਇਸ ਵੇਲੇ? ਕੀ ਪਤਾ ਸੁਸ਼ੀਲ ਹੀ ਆ ਗਈ ਹੋਵੇ? ਚਿੱਠੀਆਂ
ਤਾਂ ਆਉਂਦੀਆਂ ਹੀ ਸਨ।
ਉਹ ਅਭੜਵਾਹੇ ਉਠਿਆ ਤੇ ਬਿਨਾ ਪੁੱਛੇ ਬੂਹਾ ਖੋਲ੍ਹ ਬੈਠਾ। ਸਾਹਮਣੇ ਫੀਤੀਆਂ ਵਾਲਾ ਬਾਵਰਦੀ
ਪੁਲਿਸ ਸਾਰਜੈਂਟ ਖੜ੍ਹਾ ਸੀ। ਉਸ ਨੂੰ ਬਲਬੀਰ ਸਿੰਘ ਦੀ ਪੂਰੀ ਪਛਾਣ ਸੀ। ਉਸ ਨੇ ਨਾਲ ਦੇ ਦੋ
ਸਿਪਾਹੀਆਂ ਨੂੰ ਹੁਕਮ ਦਿੱਤਾ, “ਕਰ ਲਓ ਇਹਨੂੰ ਗ੍ਰਿਫਤਾਰ ਤੇ ਲਾ ਲਓ ਹੱਥਕੜੀ।” ਬਲਬੀਰ
ਸਿੰਘ ਹੱਕਾ ਬੱਕਾ ਰਹਿ ਗਿਆ। ਉਸ ਨੇ ਪੁੱਛਿਆ, “ਕਿਹੜੇ ਜੁਰਮ ‘ਚ ਗ੍ਰਿਫਤਾਰ ਕਰ ਰਹੇ ਓਂ?”
ਸਾਰਜੈਂਟ ਨੇ ਸਿਰਫ਼ ਏਨਾ ਹੀ ਕਿਹਾ, “ਜਲੰਧਰ ਜਾ ਕੇ ਦੱਸਾਂਗੇ। ਅਸੀਂ ਜਲੰਧਰੋਂ ਈ ਆਏ ਆਂ।
ਸਮਝ ਗਿਆ ਹੋਵੇਂਗਾ ਸਾਰੀ ਗੱਲ!”
ਬਲਬੀਰ ਸਿੰਘ ਦਾ ਭੁਲੇਖਾ ਦੂਰ ਹੋ ਗਿਆ ਕਿ ਉਹ ਦਿੱਲੀ ਪਹੁੰਚ ਕੇ ਪੰਜਾਬ ਪੁਲਿਸ ਤੋਂ ਬਚ
ਗਿਆ ਸੀ। ਦਿੱਲੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਦੂਰ ਨਹੀਂ ਸੀ। ਉਸ ਨੂੰ ਹੱਥਕੜੀ ਲਾਈ
ਪੁਲਿਸ ਪਾਰਟੀ ਰਾਤ ਦੇ ਹਨ੍ਹੇਰੇ ਵਿਚ ਹੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤੇ ਅੰਮ੍ਰਿਤਸਰ
ਵਾਲੀ ਗੱਡੀ ਚੜ੍ਹ ਗਈ। ਰਾਹ ਵਿਚ ਹਾਕੀ ਦੀਆਂ ਗੱਲਾਂ ਹੋਣ ਲੱਗੀਆਂ ਜਿਸ ਕਾਰਨ ਉਸ ਨੂੰ
ਗ੍ਰਿਫਤਾਰ ਕੀਤਾ ਗਿਆ ਸੀ। ਤੇਜ਼ ਤਰਾਰ ਹਾਕੀ ਖੇਡਣਾ ਅਤੇ ਗੋਲ ਤੇ ਗੋਲ ਕਰਨਾ ਉਸ ਦਾ ਜੁਰਮ
ਬਣ ਗਿਆ ਸੀ! ਗੱਲਾਂ ਕਰਦੇ ਉਹ ਇਕ ਦੂਜੇ ਦੇ ਨੇੜੇ ਹੋ ਗਏ। ਬਲਬੀਰ ਸਿੰਘ ਨੇ ਨੇੜਤਾ ਦਾ
ਫਾਇਦਾ ਉਠਾਉਂਦਿਆਂ ਹੱਥਕੜੀ ਖੋਲ੍ਹਣ ਲਈ ਕਿਹਾ ਤਾਂ ਜਵਾਬ ਮਿਲਿਆ, “ਉਤੋਂ ਹੁਕਮ ਹੈ ਪਈ
ਜਲੰਧਰ ਲਿਆ ਕੇ ਈ ਖੋਲ੍ਹਣੀ। ਉਹਦਾ ਕੋਈ ਪਤਾ ਨੀ ਰਾਹ ‘ਚ ਫੇਰ ਨਾ ਡਾਜ ਮਾਰ ਜੇ! ਫੇਰ ਨਹੀਂ
ਹੱਥ ਆਉਣਾ ਉਹਨੇ।”
ਜਲੰਧਰ ਛਾਉਣੀ ਦੇ ਸਟੇਸ਼ਨ ਉਤੇ ਉਹਦੀ ਹੱਥਕੜੀ ਖੋਲ੍ਹੀ ਗਈ ਤੇ ਪੁਲਿਸ ਰੇਂਜ ਦੇ ਹੈੱਡ
ਕੁਆਟਰ ‘ਤੇ ਲਿਜਾਇਆ ਗਿਆ। ਸਾਫ਼ ਪਤਾ ਲੱਗ ਗਿਆ ਕਿ ਉਹਦੀ ਗ੍ਰਿਫਤਾਰੀ ਪੰਜਾਬ ਪੁਲਿਸ ਵਿਚ
ਠਾਣੇਦਾਰ ਬਣਾਉਣ ਲਈ ਕੀਤੀ ਗਈ ਸੀ। ਅੱਗੇ ਪੁਲਿਸ ਦਾ ਚੋਣ ਬੋਰਡ ਬੈਠਾ ਸੀ। ਖਾਨਾ ਪੂਰਤੀ ਲਈ
ਉਸ ਦੀ ਰਸਮੀ ਇੰਟਰਵਿਊ ਕੀਤੀ ਜਾਣੀ ਸੀ। ਖੜ੍ਹੇ ਖੜ੍ਹੇ ਬਲਬੀਰ ਸਿੰਘ ਨੂੰ ਆਪਣੇ ਆਜ਼ਾਦੀ
ਘੁਲਾਟੀਏ ਪਿਤਾ ਜੀ ਦਾ ਖਿ਼ਆਲ ਆਇਆ। ਉਹ ਬਲਬੀਰ ਸਿੰਘ ਦੀ ਪੁਲਿਸ ਵਿਚ ਭਰਤੀ ਦੇ ਹੱਕ ਵਿਚ
ਨਹੀਂ ਸਨ। ਉਸ ਨੂੰ ਸੁੱਝੀ ਕਿ ਉਹ ਸੁਆਲਾਂ ਦੇ ਗ਼ਲਤ ਜੁਆਬ ਦੇਵੇਗਾ ਤੇ ਇੰਟਰਵਿਊ ਵਿਚੋਂ
ਜਾਣ ਬੁੱਝ ਕੇ ਫੇਲ੍ਹ ਹੋਵੇਗਾ। ਹੋ ਸਕਦੈ ਇਓਂ ਉਹ ਠਾਣੇਦਾਰ ਬਣਨੋਂ ਬਚ ਜਾਵੇ!
ਚੋਣ ਬੋਰਡ ‘ਚੋਂ ਇਕ ਅਫ਼ਸਰ ਨੇ ਬਲਬੀਰ ਸਿੰਘ ਨੇ ਪੁੱਛ ਲਿਆ ਕਿ ਜੰਗ ਨਾਲ ਹੋਈ ਇਨਫਲੇਸ਼ਨ
ਦਾ ਇੰਡੀਆ ‘ਤੇ ਕੀ ਅਸਰ ਪਵੇਗਾ? ਬਲਬੀਰ ਸਿੰਘ ਗ਼ਲਤ ਜਵਾਬ ਦੇਣ ਬਾਰੇ ਸੋਚ ਹੀ ਰਿਹਾ ਸੀ ਕਿ
ਇੰਟਰਵਿਊ ਲੈਣ ਵਾਲੇ ਦੂਜੇ ਅਫ਼ਸਰ ਨੇ ਕਹਿ ਦਿੱਤਾ, “ਇਸ ਨੇ ਬੀ. ਏ. ਵਿਚ ਇਕਨੌਮਿਕਸ ਪੜ੍ਹੀ
ਹੈ ਜਿਸ ਕਰਕੇ ਇਹਨੂੰ ਸਭ ਪਤੈ। ਨਾਲੇ ਇਹ ਸਰ ਜੌਨ੍ਹ ਦਾ ਆਪਣਾ ਬੰਦਾ। ਇਹਨੂੰ ਤਾਂ ਚੁਣਨਾ
ਹੀ ਹੈ।” ਨਾਲ ਹੀ ਉਸ ਨੇ ਘੰਟੀ ਵਜਾ ਦਿੱਤੀ ਤੇ ਅਗਲਾ ਉਮੀਦਵਾਰ ਸੱਦ ਲਿਆ। ਬਲਬੀਰ ਸਿੰਘ ਦੀ
ਇੰਟਰਵਿਊ ਬੱਸ ਏਨੀ ਹੀ ਸੀ। ਉਸ ਦੀ ਚੋਣ ਹੋ ਗਈ।
ਪੁਲਿਸ ਪਾਰਟੀ ਉਸ ਨੂੰ ਐਸਕਾਰਟ ਕਰ ਕੇ ਦੂਜੇ ਕਮਰੇ ਵਿਚ ਲੈ ਗਈ ਜਿਥੇ ਫਾਰਮਾਂ ਉਤੇ ਉਸ ਦੇ
ਦਸਤਖ਼ਤ ਕਰਵਾਏ ਗਏ ਤੇ ਉਂਗਲਾਂ ਦੇ ਨਿਸ਼ਾਨ ਲਏ ਗਏ। ਉਸ ਨੂੰ ਕਹਿ ਦਿੱਤਾ ਗਿਆ ਕਿ ਹੁਣ ਉਹ
ਆਜ਼ਾਦ ਹੈ ਤੇ ਆਪਣੇ ਘਰ ਜਾ ਸਕਦੈ। ਘਰ ਦੇ ਪਤੇ ‘ਤੇ ਹੀ ਸਰਕਾਰੀ ਪੱਤਰ ਮਿਲੇਗਾ ਜਿਸ ਨੂੰ
ਲੈ ਕੇ ਜਲੰਧਰ ਹਾਜ਼ਰ ਹੋਣੈ। ਜਿਹੜਾ ਸਾਰਜੈਂਟ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਕੇ
ਲਿਆਇਆ ਸੀ ਉਸ ਨੇ ਜਾਣ ਲੱਗੇ ਬਲਬੀਰ ਸਿੰਘ ਨੂੰ ਤਾਕੀਦ ਕੀਤੀ, “ਜੇ ਹੁਣ ਵੀ ਭੱਜਿਆ ਤਾਂ
ਗ੍ਰਿਫ਼ਤਾਰ ਕਰ ਕੇ ਏਥੇ ਨਹੀਂ ਲਿਆਵਾਂਗੇ, ਸਿੱਧਾ ਸੀਖਾਂ ਪਿੱਛੇ ਲਿਜਾਵਾਂਗੇ!”
ਮੋਗੇ ਜਾ ਕੇ ਸਾਰੀ ਕਹਾਣੀ ਘਰ ਦਿਆਂ ਨੂੰ ਦੱਸੀ ਤਾਂ ਉਸ ਦੇ ਪਿਤਾ ਜੀ ਨੇ ਸਲਾਹ ਦਿੱਤੀ ਕਿ
ਹੁਣ ਉਸ ਨੂੰ ਕਿਤੇ ਭੱਜਣਾ ਨਹੀਂ ਚਾਹੀਦਾ। ਪੁਲਿਸ ਦੀ ਨੌਕਰੀ ਈਮਾਨਦਾਰੀ ਨਾਲ ਕਰਨੀ ਚਾਹੀਦੀ
ਹੈ। ਜਿਨ੍ਹਾਂ ਬੇਕਸੂਰੇ ਲੋਕਾਂ ਉਤੇ ਪੁਲਿਸ ਜ਼ੁਲਮ ਢਾਹੁੰਦੀ ਹੈ ਉਨ੍ਹਾਂ ਦੀ ਢਾਲ ਬਣਨਾ
ਚਾਹੀਦੈ। ਜੇ ਹੁਣ ਪੁਲਿਸ ਦੀ ਨੌਕਰੀ ਕਰਨੀ ਹੀ ਪੈਣੀ ਹੈ ਤਾਂ ਲੋਕਾਂ ਦੀ ਸੇਵਾ ਲਈ ਕਰੋ ਨਾ
ਕਿ ਲੋਕਾਂ ਨੂੰ ਸਤਾਉਣ ਲਈ। ਇਸ ਉਪਦੇਸ਼ ਨਾਲ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਨੇ
ਆਪਣੇ ਪੁੱਤਰ ਨੂੰ ਪੁਲਿਸ ਵਿਚ ਨੌਕਰੀ ਕਰਨ ਦੀ ਆਗਿਆ ਦੇ ਦਿੱਤੀ। ਕੁਝ ਦਿਨਾਂ ਪਿੱਛੋਂ
ਪੰਜਾਬ ਪੁਲਿਸ ਦਾ ਨਿਯੁਕਤੀ ਪੱਤਰ ਆ ਗਿਆ ਜਿਸ ਨੂੰ ਲੈ ਕੇ ਮਿਥੇ ਦਿਨ ਬਲਬੀਰ ਸਿੰਘ ਜਲੰਧਰ
ਪੁੱਜਾ। ਨੌਕਰੀ ਉਤੇ ਹਾਜ਼ਰ ਹੋਣ ਦੀ ਰਸਮੀ ਕਾਰਵਾਈ ਪਾਈ ਗਈ ਤੇ ਟ੍ਰੇਨਿੰਗ ਲਈ ਬੈਚ ਨੂੰ
ਪੁਲੀਸ ਟ੍ਰੇਨਿੰਗ ਸਕੂਲ ਫਿਲੌਰ ਭੇਜਿਆ ਗਿਆ।
ਫਿਲੌਰ ਉਹਦੇ ਨਾਨਕਿਆਂ ਨੇੜਲਾ ਸ਼ਹਿਰ ਸੀ ਪਰ ਸੀ ਟ੍ਰੇਨੀਆਂ ਨੂੰ ਨਾਨਕੇ ਯਾਦ ਕਰਾਉਣ ਵਾਲਾ।
ਉਥੋਂ ਉਸ ਦਾ ਨਾਨਕਾ ਪਿੰਡ ਹਰੀਪੁਰ ਕੇਵਲ ਤਿੰਨ ਕਿਲੋਮੀਟਰ ਦੂਰ ਸੀ ਜਿਥੇ ਉਸ ਦਾ ਜਨਮ ਹੋਇਆ
ਸੀ। ਜਿਥੇ ਉਸ ਨੇ ਰਿੜ੍ਹਨਾ ਤੇ ਤੁਰਨਾ ਸਿੱਖਿਆ ਸੀ। ਜਿਥੇ ਉਹ ਇਕ ਖੂਹ ‘ਚ ਡੁੱਬ ਚੱਲਿਆ
ਸੀ। ਜਿਥੋਂ ਦਾ ਬਹੁਤ ਕੁਝ ਬੁੱਢੇਵਾਰੇ ਵੀ ਉਸ ਦੀਆਂ ਯਾਦਾਂ ਵਿਚ ਵਸਿਆ ਹੋਇਐ। ਨੇੜੇ ਹੀ
ਭੈਣੀ ਦਾ ਮੇਲਾ ਲੱਗਦਾ ਸੀ ਜਿਥੇ ਉਹ ਨਚਾਰ ਬਣ ਕੇ ਨੱਚਿਆ ਸੀ। ਉਥੋਂ ਫਿਲੌਰ ਦਾ ਕਿਲਾ
ਦਿਸਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਉਸੇ ਕਿਲੇ ਵਿਚ ਪੁਲਿਸ ਦਾ ਟ੍ਰੇਨਿੰਗ ਸਕੂਲ ਚੱਲ
ਰਿਹਾ ਸੀ ਜਿਥੇ ਪੁਲਿਸ ਦੇ ਪ੍ਰੋਬੇਸ਼ਨਰਾਂ ਨੂੰ ਸਖ਼ਤ ਸਿਖਲਾਈ ਕਰਾਈ ਜਾਂਦੀ ਸੀ। ਏਨੀ ਸਖ਼ਤ
ਕਿ ਕਈ ਪ੍ਰਬੇਸ਼ਨਰ ਟ੍ਰੇਨਿੰਗ ਦੌਰਾਨ ਹੀ ਨੌਕਰੀ ਛੱਡ ਕੇ ਭੱਜ ਜਾਂਦੇ।
ਬਲਬੀਰ ਸਿੰਘ ਲਈ ਉਹ ਸਕੂਲ ਸੱਚਮੁੱਚ ਜੇਲ੍ਹ ਸਾਬਤ ਹੋਇਆ। ਉਸ ਉਤੇ ਇਹ ਵੀ ਪਹਿਰਾ ਸੀ ਪਈ
ਕਿਤੇ ਭੱਜ ਨਾ ਜਾਵੇ। ਪ੍ਰੋਬੇਸ਼ਨਰ ਤੜਕਸਾਰ ਉਠਦੇ ਤੇ ਕਾਹਲੀ ਕਾਹਲੀ ਹਾਜਤ ਪਾਣੀ ਜਾ ਕੇ
ਅਸੰਬਲੀ ਵਿਚ ਹਾਜ਼ਰ ਹੁੰਦੇ। ਉਥੇ ਸਿਰ ਤੋਂ ਪੈਰਾਂ ਤਕ ਮੁੜ੍ਹਕਾ ਵਹਾ ਦੇਣ ਵਾਲੀਆਂ ਸਰੀਰਕ
ਕਸਰਤਾਂ ਕਰਵਾਈਆਂ ਜਾਂਦੀਆਂ। ਮਾਰਚ ਪਾਸਟ ਹੁੰਦੀ, ਰਾਈਫ਼ਲ ਚਲਾਉਣੀ ਤੇ ਨਿਸ਼ਾਨੇ ਲਾਉਣੇ
ਸਿਖਾਏ ਜਾਂਦੇ। ਘੋੜ ਸਵਾਰੀ ਕਰਾਈ ਜਾਂਦੀ। ਵਿੰਗੇ ਟੇਢੇ ਰਾਹਾਂ ਤੇ ਭਜਾਇਆ ਜਾਂਦਾ ਤੇ
ਪਿੱਠੂ ਲੁਆਏ ਜਾਂਦੇ। ਸਾਹੋ ਸਾਹ ਹੋਏ ਉਹ ਕਮਰਿਆਂ ‘ਚ ਪਰਤਦੇ ਤਾਂ ਆਰਾਮ ਕਰਨ ਦਾ ਕੋਈ ਸਮਾਂ
ਨਾ ਹੁੰਦਾ। ਤੁਰਤ ਬਰੇਕ ਫਾਸਟ ਲੈਂਦੇ ਤੇ ਪੁਲਿਸ ਦੇ ਕਾਇਦੇ ਕਾਨੂੰਨ ਸਿੱਖਣ ਦੀਆਂ ਜਮਾਤਾਂ
ਵਿਚ ਚਲੇ ਜਾਂਦੇ। ਸ਼ਾਮ ਨੂੰ ਫਿਰ ਗਰਾਊਂਡ ਵਿਚ ਹੁੰਦੇ। ਕਈ ਤਾਂ ਉਹ ਕੁਝ ਵੀ ਸਿੱਖ ਜਾਂਦੇ
ਜਿਨ੍ਹਾਂ ਨੂੰ ਲੋਕ ਫਿਲੌਰੀ ਗਾਲ੍ਹਾਂ ਆਖਦੇ।
ਫਿਲੌਰ ਦੀ ਤਪਸ਼ ਵਿਚ ਜੇ ਕੋਈ ਠੰਢੀ ‘ਵਾ ਦਾ ਬੁੱਲਾ ਸੀ ਤਾਂ ਉਹ ਲਾਹੌਰੋਂ ਸੁਸ਼ੀਲ ਦੇ
ਪ੍ਰੇਮ ਪੱਤਰ ਤੇ ਮੋਗੇ ਤੋਂ ਮਾਤਾ ਪਿਤਾ ਦੀਆਂ ਚਿੱਠੀਆਂ ਸਨ ਜਿਨ੍ਹਾਂ ਨਾਲ ਬਲਬੀਰ ਸਿੰਘ
ਔਖਾ ਸੌਖਾ ਫਿਲੌਰ ਦਾ ਕੋਰਸ ਕਰ ਹੀ ਗਿਆ। ਪਰ ਜੋ ਨਮੋਸ਼ੀ ਉਸ ਦੀ ਹੱਥਕੜੀ ਲੱਗਣ ਨਾਲ ਹੋਈ
ਉਹ ਕਦੇ ਨਾ ਭੁੱਲ ਸਕਿਆ।
-0-
|