ਆਪਣੀ ਜਿ਼ੰਦਗੀ ਦੇ ਮਹਿਜ ਦਸ ਕੁ ਸਾਲ ਪਿਛਾਂਹ ਝਾਕ ਦੇ ਦੇਖੋ। ਸਹਿਜੇ ਹੀ
ਅੰਦਾਜ਼ਾ ਲਗਾ ਲਓਗੇ ਕਿ ਅੱਜ ਕਰੋੜਾਂ ਦੀ ਕਬੱਡੀ ਦੇ ਨਾਂ ਨਾਲ ਪ੍ਰਚਾਰੀ
ਜਾਂਦੀ ਕਬੱਡੀ ਦਾ ਅਸਲ ਰੂਪ ਕੀ ਹੈ? ਯਾਦ ਕਰੋ ਓਹ ਦਿਨ ਜਦੋਂ ਤੁਹਾਨੂੰ ਵੀ
ਦਿਨ ਢਲਦੇ ਸਾਰ ਖੇਡ ਮੈਦਾਨ ਵੱਲ ਖੇਡਣ ਜਾਂ ਖੇਡਦਿਆਂ ਨੂੰ ਮਾਨਣ ਦੀ ਲੂਹਣ
ਲੱਗ ਜਾਂਦੀ ਸੀ। ਸਾਰੀ ਖੇਡ ਕੀਤੀ ਹੋਈ ਸਰੀਰਕ ਮਿਹਨਤ ਅਤੇ ਸਾਦ ਮੁਰਾਦੀ
ਖੁਰਾਕ ਦੇ ਸਿਰ ‘ਤੇ ਖੇਡੀ ਜਾਂਦੀ ਸੀ। ਪ੍ਰਦੇਸੀਂ ਵਸੇ ਪੰਜਾਬੀਆਂ ਨੇ
ਪਿਤਾ ਪੁਰਖੀ ਖੇਡ ਨੂੰ ‘ਉੱਚਾ ਚੁੱਕਣ’ ਲਈ ਕਬੱਡੀ ਕੱਪ ਕੀ ਕਰਵਾਉਣੇ
ਸ਼ੁਰੂ ਹੋਏ ਕਿ ਪਿੰਡਾਂ ਦੀਆਂ ਨਿਰੋਲ ਟੀਮਾਂ ਨੂੰ ਘੁਣ ਜਿਹਾ ਲੱਗ ਗਿਆ।
ਜ਼ੋਰਾਵਰ ਖਿਡਾਰੀ ਚੁਣ ਚੁਣ ਕੇ ਕਲੱਬਾਂ ‘ਚ ਖੇਡਣ ਲੱਗੇ। ਵਿਦੇਸ਼ੀਂ ਗੇੜੇ
ਲਾਉਣ ਲੱਗੇ। ਪਿੱਛੇ ਬਚੇ ਪੱਲਿਉਂ ਖੁਰਾਕਾਂ ਖਾ ਖਾ ਕੇ ਮਿੱਟੀ ਨਾਲ ਮਿੱਟੀ
ਹੁੰਦਿਆਂ ਧੌਲਾਂ ਧੱਫੇ ਖਾਂਦੇ ਖਿਡਾਰੀ ਵੀ ਜਹਾਜਾਂ ਦੇ ਝੂਟੇ ਲੈਣ ਦਾ
ਸੁਪਨਾ ਪਾਲਣ ਲੱਗੇ। ਬੇਰੁਜ਼ਗਾਰੀ ਦਾ ਖੱਪਾ ਪੂਰਨ ਲਈ ਜਿਆਦਾਤਰ ਖਿਡਾਰੀਆਂ
ਵੱਲੋਂ ਵਿਦੇਸ਼ ਜਾਣ ਲਈ ਹਰ ਹਰਬਾ ਵਰਤਿਆ ਜਾਣ ਲੱਗਾ। ਜਿਹਨਾਂ ਵਿੱਚੋਂ
ਇੱਕ ਟੀਕੇ ਲਗਾ ਕੇ ਖੇਡਣ ਵਾਲੀ ਜਾਨਲੇਵਾ ਤਕਨੀਕ ਵੀ ਹੈ। ਸਰੀਰ ਨੂੰ
ਮਣਾਂਮੂੰਹੀ ‘ਕਰੰਟ’ ਦੇਣ ਦੀ ਚਾਹਤ ਮਗਰ ਵਿਦੇਸ਼ੀਂ ਵਸਣ ਦੀ ਚਾਹਤ ਟੇਢੇ
ਢੰਗ ਨਾਲ ਆਪਣਾ ਕੰਮ ਕਰ ਰਹੀ ਸੀ ਪਰ ਇਸ ਟੀਕਾਬਾਜੀ ਕਾਰਨ ਖਿਡਾਰੀਆਂ ਦੀਆਂ
ਹੋਈਆਂ ਮੌਤਾਂ ਬਾਰੇ ਬੇਸ਼ੱਕ ਕੋਈ ਵੀ ਖੁੱਲ੍ਹ ਕੇ ਬੋਲਣ ਤੋਂ ਹੁਣ ਤੱਕ
ਗੁਰੇਜ਼ ਕਰਦਾ ਆ ਰਿਹਾ ਹੈ ਪਰ ਖੇਡ ਜਗਤ ਨਾਲ ਜੁੜੇ ਲੋਕ ਅਸਲੀਅਤ ਤੋਂ ਭਲੀ
ਭਾਂਤ ਜਾਣੂੰ ਜਰੂਰ ਹਨ। ਟੀ ਵੀ ਚੈੱਨਲਾਂ ਦੀ ਟੀ ਆਰ ਪੀ ਵਧਾਉਣ ਦੇ ਚੱਕਰ
‘ਚ ਕਰੋੜਾਂ ਕਰੋੜਾਂ ਦੀ ਦੁਹਾਈ ਪਾਏ ਜਾਣ ਦੇ ਬਾਵਜੂਦ ਕੀ ਕਬੱਡੀ ਸਚਮੁੱਚ
ਹੀ ਕਰੋੜਾਂ ਦੀ ਹੋ ਗਈ ਹੈ? ਇਸ ਗੱਲ ‘ਤੇ ਚਰਚਾ ਜਰੂਰ ਕਰਨੀ ਬਣਦੀ ਹੈ ਕਿ
ਜਿਹੜਾ ਕੁਝ ਇੱਕ ਖਾਸ ਧਿਰ ਵੱਲੋਂ ਦਿਖਾਇਆ ਜਾ ਰਿਹਾ ਹੈ ਉਸਦੇ ਪਰਦੇ
ਪਿਛਲਾ ਸੱਚ ਕੀ ਹੈ? ਜਿੱਥੇ ਕਬੱਡੀ ਕੱਪਾਂ ਦੌਰਾਨ ਸ਼ਰਾਬ ਕੰਪਨੀਆਂ ਵੱਲੋਂ
ਕਬੱਡੀ ਨੂੰ ‘ਉੱਚਾ’ ਚੁੱਕਣ ਲਈ ਮਾਇਆ ਰਾਹੀਂ ਸਾਥ ਦਿੱਤਾ ਗਿਆ ਸੀ ਉੱਥੇ
ਹੁਣ ਵਿਸ਼ਵ ਕਬੱਡੀ ਲੀਗ ਦੇ ਨਾਂ ‘ਤੇ ਵਿਸ਼ਵ ਦੇ 13 ਵੱਡੇ ਸ਼ਹਿਰਾਂ ‘ਚ
ਖੇਡਣ ਵਾਲੀਆਂ ਟੀਮਾਂ ਵੀ ਅਲੱਗ ਅਲੱਗ ਮਾਇਆਧਾਰੀ ਲੋਕਾਂ ਵੱਲੋਂ ਖਰੀਦੀਆਂ
ਗਈਆਂ ਹਨ। ਸੂਬੇ ਦੇ ਉਪ ਮੁੱਖ ਮੰਤਰੀ ਸਾਹਿਬ ਦੀ ਇਹ ‘ਸਿਆਣਪ’ ਹੈ ਜਾਂ
ਭੋਲਾਪਣ ਕਿ ਇਹਨਾਂ ਟੀਮਾਂ ਦੇ ਮਾਲਕਾਂ ਵਿੱਚ ਪੰਜਾਬ ਦਾ ਇੱਕ ਅਜਿਹਾ
ਚਗਲਕਾਰ ਵੀ ਮੌਜੂਦ ਹੈ ਜਿਸ ਵੱਲੋਂ ਗਾਇਕੀ ਦੇ ਨਾਂ ‘ਤੇ ਜਿੰਨਾ ਕੁ ਗੰਦ
ਪਾਇਆ ਜਾ ਰਿਹਾ ਹੈ ਕਿਸੇ ਤੋਂ ਲੁਕਿਆ ਨਹੀਂ ਹੈ। ਬਜਾਏ ਅਜਿਹੇ ਗੰਦਪਾਊ
ਅਖੌਤੀ ਕਲਾਕਾਰਾਂ ਦੀ ਨਕੇਲ ਕਸਣ ਦੇ, ਪੰਜਾਬ ਦੀ ਨੌਜਵਾਨੀ ਨੂੰ ਮਾਨਸਿਕ
ਤੌਰ ‘ਤੇ ਨਿਪੁੰਸਕ ਕਰਨ ਦੇ ਕਾਰੋਬਾਰ ਰਾਹੀਂ ਕਮਾਏ ਨੋਟਾਂ ਰਾਹੀਂ ਹੁਣ
ਪੰਜਾਬੀਆਂ ਦੀ ਪਿਤਾ ਪੁਰਖੀ ਖੇਡ ਦੀ ਵਾਗਡੋਰ ਵੀ ਅਜਿਹੇ ਬੇਗੈਰਤ ਲੋਕਾਂ
ਦੇ ਹੱਥ ਫੜਾ ਦਿੱਤੀ ਹੈ ਜਿਹੜੇ ‘ਚੱਕ ਲੋ ਚੱਕ ਲੋ, ਫਸਟ ਹੈਂਡ ਨੀ ਮਿਲਣੀ’
ਦਾ ਹੋਕਾ ਸ਼ਰੇਆਮ ਦਿੰਦੇ ਰਹੇ ਹਨ। ਸਾਰੀਆਂ ਖੇਡਾਂ ਦਾ ਵਿਸ਼ਵ ਕੱਪ ਹਰ 4
ਸਾਲ ਬਾਦ ਹੁੰਦਾ ਹੈ ਪਰ ਕਬੱਡੀ ਨੇ ਐਸੀ ਮੱਲ ਮਾਰੀ ਕਿ ਹਰ ਸਾਲ ਹੀ ਵਿਸ਼ਵ
ਕੱਪ ਹੁੰਦਾ ਆ ਰਿਹਾ ਸੀ ਤੇ ਇਸ ਵਰ੍ਹੇ ਸਕੀਮ ਬਦਲ ਕੇ ਕੱਪ ਦੀ ਬਜਾਏ ਬਣੀ
ਲੀਗ ਵਿੱਚ ਖਿਡਾਰੀਆਂ ਦੀ ਚੋਣ ਬਾਰੇ ਵੀ ਬਾਹਵਾ ਗਰਮਾ ਗਰਮੀ ਦਾ ਮਾਹੌਲ
ਬਣਿਆ ਰਿਹਾ ਹੈ। ਕੁਝ ਖਿਡਾਰੀਆਂ ਨੇ ਦੋਸ਼ ਲਾਇਆ ਹੈ ਕਿ ਮੁਹਰੈਲਾਂ ਨੇ
ਆਪਣੇ ਚੇਲੇ ਬਾਲਕਿਆਂ ਜਾਂ ਰਿਸ਼ਤੇਦਾਰਾਂ ਨੂੰ ਥੋਕ ਦੇ ਭਾਅ ਵੱਖ ਵੱਖ
ਦੇਸ਼ਾਂ ਦੇ ਹਵਾਈ ਝੂਟੇ ਦਿਵਾਉਣ ਲਈ ਉਹਨਾਂ ਨੂੰ ਨਜ਼ਰਅੰਦਾਜ ਕੀਤਾ ਹੈ।
ਕਬੱਡੀ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਿਲ ਕਰਵਾਉਣ ਦੇ ਦਮਗੱਜੇ ਮਾਰੇ ਜਾ
ਰਹੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਨਸ਼ੇ ਦੀ ਮਾਰ ਹੇਠ ਸਹਿਕ ਰਹੇ
ਪੰਜਾਬ ਵੱਲੋਂ ਖੇਡਣ ਲਈ ਖਿਡਾਰੀ ਕਿਸ ਮੁਲਕ ਤੋਂ ਕਿਰਾਏ ‘ਤੇ ਲਏ ਜਾਇਆ
ਕਰਨਗੇ? ਭਾਰਤ ਦੀ ਰਾਸ਼ਟਰੀ ਖੇਡ ਹਾਕੀ ਆਮ ਲੋਕਾਂ ਦੇ ਚੇਤਿਆਂ ਵੱਲੋਂ
ਲਗਭਗ ਨਿੱਕਲ ਚੁੱਕੀ ਹੈ। ਰਾਸ਼ਟਰ ਦੀ ਖੇਡ ਦਾ ਜਦ ਇਹ ਹਾਲ ਹੈ ਤਾਂ ਫਿਰ
ਇੱਕ ਸੂਬੇ ਦੀ ਖੇਡ ਨੂੰ ਉਲੰਪਿਕ ਵਿੱਚ ਕਿਸ ਜਿਗਰੇ ਨਾਲ ਲਿਜਾਏ ਜਾਣ ਦੀਆਂ
ਗੱਲਾਂ ਕੀਤੀਆਂ ਜਾ ਰਹੀਆਂ ਜਦੋਂਕਿ ਇਹਨਾਂ ਕਾਰਜਾਂ ਨੂੰ ਨੇਪਰੇ ਚਾੜ੍ਹਨ
ਲਈ ਈਮਾਨਦਾਰੀ ਦੀ ਹਮੇਸ਼ਾ ਹੀ ਕਮੀ ਰਹੀ ਹੈ। ਇੱਕ ਪਾਸੇ ਪੰਜਾਬ ਨੂੰ ਨਸ਼ਾ
ਮੁਕਤ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਬਿਆਨ ਦਾਗੇ ਜਾਂਦੇ ਹਨ ਪਰ
ਦੂਸਰੇ ਪਾਸੇ ਕਬੱਡੀ ਕੱਪ ‘ਚ ਸ਼ਰਾਬ ਕੰਪਨੀਆਂ ਦਾ ਪੈਸਾ ਲਾਇਆ ਜਾਂਦਾ ਹੈ।
ਇਸ ਆਪਾ ਵਿਰੋਧੀ ਰਵੱਈਏ ‘ਚੋਂ ਕੀ ਸਿੱਟਾ ਕੱਢਿਆ ਜਾ ਸਕਦਾ ਹੈ? ਜੇ ਕਬੱਡੀ
ਪ੍ਰਤੀ ਸਰਕਾਰੀ ਧਿਰ ਦਾ ਇੰਨਾ ਹੀ ਹੇਜ ਸੀ ਤਾਂ ਦੂਸਰੇ ਵਿਸ਼ਵ ਕਬੱਡੀ ਕੱਪ
ਵੇਲੇ ਲੋਕਾਂ ਨੂੰ ਮੈਚ ਦਿਖਾਉਣ ਲਈ ਪਿੰਡਾਂ ‘ਚ ਢੋਹਣ ਲਈ ਲਾਈਆਂ ਬੱਸਾਂ
ਦੀ ਆੜ ‘ਚ ਨਿੱਜੀ ਬੱਸ ਕੰਪਨੀਆਂ ਨੂੰ ਲੱਖਾਂ ਰੁਪਇਆਂ ਦਾ ਫਾਇਦਾ ਨਾ
ਪਹੁੰਚਾਇਆ ਜਾਂਦਾ। ਕਬੱਡੀ ਨੂੰ ਉੱਚਾ ਚੁੱਕਣ ਦੀ ਆੜ ‘ਚ ਇਸ ਤੋਂ ਵੱਡੀ
ਨਾਮੋਸ਼ੀ ਕੀ ਹੋਵੇਗੀ ਕਿ ਬੱਸਾਂ ਦੇ ਨਾਂ ‘ਤੇ ਸਕੂਟਰ, ਮੋਟਰਸਾਈਕਲਾਂ ਦੇ
ਵਾਹਨ ਰਜਿਸਟਰੇਸ਼ਨ ਨੰਬਰ ਵਰਤ ਕੇ 6 ਬੱਸ ਮਾਲਕਾਂ ਨੂੰ ਲਗਭਗ ਅੱਠ ਲੱਖ
ਰੁਪਏ ਰੂੰਗੇ ਵਜੋਂ ਦੇ ਦਿੱਤੇ ਸਨ। ਬਰਨਾਲਾ, ਸੰਗਰੂਰ, ਬਠਿੰਡਾ ਦੀਆਂ
ਸਰਕਾਰੀ ਫਾਇਲਾਂ ਰੋ ਰੋ ਕੇ ਬਿਆਨ ਕਰਦੀਆਂ ਹਨ ਕਿ ਦੂਜੇ ਵਿਸ਼ਵ ਕਬੱਡੀ
ਕੱਪ ਵੇਲੇ ਕਿਵੇਂ ਲੋਕਾਂ ਦੀ ਮਿਹਨਤ ਮੁਸ਼ੱਕਤ ਦੀ ਕਮਾਈ ‘ਚੋਂ ਸਰਕਾਰ ਦੇ
ਖਜ਼ਾਨੇ ‘ਚ ਪਹੁੰਚਿਆ ਪੈਸਾ ਆਪਣੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਵੰਡਿਆ
ਗਿਆ। ਦੱਸਣਾ ਬਣਦਾ ਹੈ ਕਿ ਵਿਸ਼ਵ ਕੱਪ ਉਦਘਾਟਨੀ ਸਮਾਰੋਹਾਂ ‘ਚ ਲੋਕਾਂ
ਨੂੰ ਸ਼ਾਮਿਲ ‘ਕਰਾਉਣ’ ਲਈ 227 ਬੱਸਾਂ ਵਰਤੀਆਂ ਦੱਸੀਆਂ ਗਈਆਂ ਸਨ। ਪ੍ਰਤੀ
ਬੱਸ 3500 ਰੁਪਏ ਅਦਾ ਕੀਤੇ ਗਏ ਸਨ। ਸਰਕਾਰੀ ਸਿਤਮ ਇਹ ਸੀ ਕਿ 52 ਸੀਟਾਂ
ਵਾਲੀਆਂ ਬੱਸਾਂ ਦੇ ਨਾਂ ‘ਤੇ ਸਕੂਟਰ, ਮੋਟਰਸਾਈਕਲ, ਟਰਾਲੇ, ਇੰਡੀਗੋ ਕਾਰ,
ਸਵਿਫਟ ਕਾਰ ਆਦਿ ਦੇ ਰਜਿਸ਼ਟਰੇਸ਼ਨ ਨੰਬਰ ਵਰਤ ਕੇ ਬੱਸ ਮਾਲਕਾਂ ਦੀ ਝੋਲੀ
ਮਾਇਆ ਪਾ ਦਿੱਤੀ ਗਈ ਜਦੋਂ ਕਿ ਜਿਹੜੇ ਵਾਹਨਾਂ ਦੇ ਨੰਬਰ ਵਰਤੇ ਗਏ, ਉਹਨਾਂ
ਦੇ ਫਰਿਸਤਿਆਂ ਨੂੰ ਵੀ ਖ਼ਬਰ ਨਹੀਂ ਕਿ ਉਹਨਾਂ ਦੇ 2 ਸੀਟਾਂ ਵਾਲੇ ਸਕੂਟਰ
ਮੋਤੀਆਂ ਵਾਲੀ ਸਰਕਾਰ ਨੇ 52 ਸੀਟਾਂ ਵਾਲੀਆਂ ਬੱਸਾਂ ਬਣਾ ਦਿੱਤੇ ਹਨ।
ਬੀਤੇ ਦਿਨੀਂ ਇੱਕ ਨੌਜਵਾਨ ਖੇਡ ਕੁਮੈਂਟੇਟਰ ਅਮਨ ਲੋਪ ਨੇ ਕਬੱਡੀ 365 ਡੌਟ
ਕੌਮ ਵੈੱਬਸਾਈਟ ਰਾਹੀਂ ਆਪਣੀ ਇੰਟਰਵਿਊ ਰਾਹੀਂ ਕਬੱਡੀ ਜਗਤ ਨਾਲ ਸੰਬੰਧਤ
ਜੋ ਤਲਖ ਹਕੀਕਤਾਂ ਨਸ਼ਰ ਕੀਤੀਆਂ, ਉਹਨਾਂ ਨੂੰ ਸੁਣ ਕੇ ਅਹਿਸਾਸ ਹੁੰਦੈ ਕਿ
ਕਬੱਡੀ ਦੀਆਂ ਜੜ੍ਹਾਂ ‘ਚ ਪਾਣੀ ਦੀ ਬਜਾਏ ਤੇਲ ਚੋਣ ਵਾਲੇ ਕੋਈ ਹੋਰ ਨਹੀਂ
ਸਗੋਂ ‘ਆਪਣੇ’ ਹੀ ਹਨ। ਆਪਣੀ ਜਮੀਰ ਦੀ ਆਵਾਜ ਦੱਸਦਿਆਂ ਉਸਨੇ ਖੁਲਾਸਾ
ਕੀਤਾ ਕਿ ਉਹ ਅਜਿਹੇ ਝੂਠਾਂ ਦਾ ਬੋਝ ਆਪਣੇ ਦਿਲ ‘ਤੇ ਰੱਖ ਕੇ ਜਿਉਂ ਨਹੀਂ
ਸਕਦਾ। ਉਸਦੇ ਦੱਸਣ ਅਨੁਸਾਰ ਕਿ ਕੁਮੈਂਟੇਟਰ ਤੇ ਕਬੱਡੀ ਖਿਡਾਰੀ ਖੁਦ ਹੀ
ਜਾਣਦੇ ਹਨ ਕਿ ਕਬੱਡੀ ਕਿਹੜੇ ਹਾਲਾਤਾਂ ‘ਚੋਂ ਗੁਜਰ ਰਹੀ ਹੈ। ਉਸਦਾ
ਇਕੰਸਾਫ ਹੈ ਕਿ ਜਿਆਦਾਤਰ ਕੁਮੈਂਟੇਟਰ ਅੱਸੀ ਫੀਸਦੀ ਝੂਠ ਬੋਲ ਕੇ ਗਿੱਦੜਾਂ
ਨੂੰ ਸ਼ੇਰ ਬਣਾ ਦਿੰਦੇ ਹਨ। ਜਿਸ ਖੇਡ ਦੇ ਕਰੋੜਾਂ ਦੇ ਹੋਣ ਦੀਆਂ ਦੁਹਾਈਆਂ
ਪਾਈਆਂ ਜਾ ਰਹੀਆਂ ਹਨ, ਉਹਨਾਂ ਕਰੋੜਾਂ ਦਾ ਪੰਜਾਬ ਦੇ ਕਿੰਨੇ ਕੁ
ਖਿਡਾਰੀਆਂ ਨੂੰ ਲਾਭ ਹੋਇਐ? ਕੀ ਕਬੱਡੀ ਵਿਸ਼ਵ ਕੱਪਾਂ ਦੌਰਾਨ ਅਕਸੈ
ਕੁਮਾਰ, ਸ਼ਹਰੁਖ ਖਾਨ, ਪ੍ਰਿਅੰਕਾ ਚੋਪੜਾਂ ਵਰਗੇ ਫਿਲਮੀ ਕਲਾਕਾਰਾਂ ਨੂੰ
ਕੁਝ ਮਿੰਟ ਲੱਕ ਹਿਲਾਉਣ ਬਦਲੇ ਕਰੋੜਾਂ ਰੁਪਏ ਲੁਟਾ ਦੇਣ ਕਰਕੇ ਹੀ
‘ਕਰੋੜਾਂ ਦੀ ਕਬੱਡੀ’ ‘ਕਰੋੜਾਂ ਦੀ ਕਬੱਡੀ’ ਦਾ ਰਾਗ ਤਾਂ ਨਹੀਂ ਅਲਾਪਿਆ
ਜਾ ਰਿਹਾ? ਕੋਈ ਮਿੰਟਾਂ ਦੇ ਕਰੋੜਾਂ ਰੁਪਏ ਹੂੰਝ ਕੇ ਲੈ ਗਿਆ, ਕੋਈ ਵੋਟਾਂ
ਪੱਕੀਆਂ ਕਰਨ ਦੇ ਚੱਕਰ ‘ਚ ਸੀ ਪਰ ਕਬੱਡੀ ਖਿਡਾਰੀਆਂ ਨੂੰ ਕੀ
ਮਿਲਿਆ?...... ਬੱਲੇ ਬੱਲੇ ਵਾਲਾ ਛੁਣਛੁਣਾ???? ਸਰਸਰੀ ਜਿਹੀ ਨਿਗ੍ਹਾ
ਮਾਰ ਲਓ ਕਿ ਪੰਜਾਬ ਦੇ 12673 ਪਿੰਡਾਂ ‘ਚੋਂ ਸਿਰਫ ਇੱਕ ਤਿਹਾਈ ਪਿੰਡਾਂ
‘ਚ ਮੁਸ਼ਕਿਲ ਨਾਲ ਖੇਡ ਮੇਲੇ ਹੁੰਦੇ ਹੋਣਗੇ। ਸਿਰਫ ਗਿਣਵੇਂ ਚੁਣਵੇਂ
ਪਿੰਡਾਂ ਦੀਆਂ ਟੀਮਾਂ ਹੀ ਹਨ ਜੋ ਕਬੱਡੀ ਖੇਡ ਮੇਲਿਆਂ ਦੇ 2-3 ਮਹੀਨੇ ਦੇ
ਸੀਜਨ ਦੌਰਾਨ ਜੇਤੂ ਰਹਿੰਦੀਆਂ ਹਨ। ਜਿੱਤਣ ਵਾਲੇ ਵੰਡਵੀਂ ਹਿੱਸੇ ਆਈ
ਜਿੱਤੀ ਰਾਸ਼ੀ ਨਾਲ ਰੋਜਾਨਾ ਦੀਆਂ ਲੋੜਾਂ ਪੂਰੀਆਂ ਵੀ ਨਹੀਂ ਕਰ ਸਕਦੇ।
ਜਿਹੜੇ ਬਾਕੀ ਦੇ ਖਿਡਾਰੀ ਘਰਦਿਆਂ ਦੇ ਪੱਲਿਉਂ ਖਾ ਕੇ ਹੱਡ ਤੁੜਵਾਉਂਦੇ
ਰਹਿੰਦੇ ਹਨ, ਉਹਨਾਂ ਨੂੰ ਕੀ ਭਾਅ ਕਰੋੜਾਂ ਦੀ ਕਬੱਡੀ ਦਾ? “ਕੱਟੇ ਨੂੰ ਮਣ
ਦੁੱਧ ਦਾ ਕੀ ਭਾਅ?” ਕਹਾਵਤ ਵਾਂਗ ਉਹ ਵੀ ਤਾਕਤ ਵਧਾਊ ਟੀਕੇ ਲਾ ਕੇ ਖੇਡਣ
ਨੂੰ ਪਹਿਲ ਦੇਣ ਲਗਦੇ ਹਨ ਤਾਂ ਜੋ ਜਿੱਤਾਂ ਦਰਜ਼ ਕੀਤੀਆਂ ਜਾ ਸਕਣ ਤੇ
ਪੈਸਾ ਕਮਾਇਆ ਜਾ ਸਕੇ। ਪਰ ਉਹ ਭੁੱਲ ਜਾਂਦੇ ਹਨ ਕਿ ਪੈਸਾ ਜਾਂ ਵਿਦੇਸ਼
ਜਾਣ ਦੀ ਚਾਹਤ ‘ਚ ਉਹ ਆਪਣੇ ਸਰੀਰ ਨਾਲ ਹੀ ਧ੍ਰਿਗ ਕਮਾ ਰਹੇ ਹੁੰਦੇ ਹਨ।
ਜਾਂ ਫਿਰ ਨੀਰਸਤਾ ਦਾ ਸਿ਼ਕਾਰ ਹੋ ਕੇ ਪੁੱਠੇ ਰਾਹੀਂ ਤੁਰ ਪੈਂਦੇ ਹਨ
ਜਿਸਦੀ ਉਦਾਹਰਣ ਜੂਨ ਮਹੀਨੇ ਦੋ ਕਬੱਡੀ ਖਿਡਾਰੀਆਂ ਦੇ ਫੜ੍ਹੇ ਜਾਣ ਤੋਂ ਲਈ
ਜਾ ਸਕਦੀ ਹੈ ਜੋ ਲੋਕਾਂ ਦੀਆਂ ਗੱਡੀਆਂ ਚੋਰੀ ਕਰਕੇ ਵੇਚਣ ਦਾ ਕਾਲਾ ਧੰਦਾ
ਕਰਦੇ ਸਨ। ਇਸੇ ਮਹੀਨੇ ਹੀ ਦੋ ਜਣਿਆਂ ਨੂੰ ਚੋਰੀ ਦੇ 40 ਲੈਪਟਾਪਾਂ ਸਮੇਤ
ਗ੍ਰਿਫਤਾਰ ਕਤਿਾ ਗਿਆ ਹੈ ਇਹਨਾਂ ‘ਚੋਂ ਇੱਕ ਇੰਗਲੈਂਡ ਖੇਡ ਚੁੱਕਾ ਹੈ।
ਇਸਦੇ ਨਾਲ ਹੀ ਦੋ ਵਿਸ਼ਵ ਪੱਧਰੀ ਕਬੱਡੀ ਖਿਡਾਰੀਆਂ ਦੇ ਨਸ਼ਾ ਤਸਕਰਾਂ ‘ਚ
ਨਾਂ ਵੀ ਚਰਚਿਤ ਹੋਇਆ ਸੀ। ਜੇ ਸਚਮੁੱਚ ਹੀ ਕਬੱਡੀ ਕਰੋੜਾਂ ਰੁਪਏ ਦੀ ਖੇਡ
ਬਣ ਚੁੱਕੀ ਹੈ ਤਾਂ ਕੀ ਕਾਰਨ ਹਨ ਕਿ ਖਿਡਾਰੀ ਚੋਰੀਆਂ ਕਰਨ ਜਾਂ ਨਸ਼ੇ
ਵੇਚਣ ਦੀ ਖੇਡ ਵੀ ਨਾਲੋ ਨਾਲ ਖੇਡ ਰਹੇ ਹਨ?
ਇਹਨਾਂ ਹਾਲਾਤਾਂ ਦੇ ਚਲਦਿਆਂ ਉਹ ਖਿਡਾਰੀ ਵੀ ਪੰਜਾਬ ਦੀ ਧਰਤੀ ‘ਤੇ ਹਨ
ਜਿਹਨਾਂ ਨੇ ਬਿਨਾਂ ਟੀਕੇ-ਟੱਲੇ ਦੇ ਆਪਣੇ ਸਰੀਰਕ ਬਲਬੂਤੇ ‘ਤੇ ਲੰਮਾ ਸਮਾਂ
ਧੱਕੜ ਖੇਡ ਦਿਖਾਈ ਪਰ ਨਕਲੀ ਜ਼ੋਰ ਦੇ ਸਿਰ ‘ਤੇ ਹਨੇਰੀ ਵਾਂਗ ਆਏ
ਖਿਡਾਰੀਆਂ ਨੇ ਉਹਨਾਂ ਨੂੰ ਵੀ ਗੁੱਠੇ ਲਗਾ ਦਿੱਤਾ। ਪਰਿਵਾਰਕ ਜੀਆਂ ਨੂੰ
ਤਾਂ ਖਾਣ ਲਈ ਰੋਟੀ ਚਾਹੀਦੀ ਹੈ, ਵਿਹੜੇ ਵਿੱਚ ਖੜ੍ਹ ਕੇ ‘ਕੌਡੀ-ਕੌਡੀ’
ਕਰਨ ਨਾਲ ਤਾਂ ਉਹਨਾਂ ਦੀ ਭੁੱਖ ਨਹੀਂ ਮਿਟਾਈ ਜਾ ਸਕਦੀ। ਭੁੱਖੇ ਢਿੱਡ ਤਾਂ
ਭਗਤੀ ਵੀ ਨਹੀਂ ਹੁੰਦੀ, ਫਿਰ ਆਰਤਿਕ, ਮਾਨਸਿਕ ਤੌਰ ‘ਤੇ ਬੇਰੁਜ਼ਗਾਰੀ ਦੀ
ਮਾਰ ਝੱਲ ਰਹੇ ਪਿੰਡਾਂ ਦੇ ਅਣਗੌਲੇ ਖਿਡਾਰੀ ਕਿਹੜੇ ਹੌਸਲੇ ਨਾਲ ਖੇਡਣ? ਜੇ
ਛੋਟੇ ਰਾਜਾ ਸਾਹਿਬ ਸਚਮੁੱਚ ਹੀ ਕਬੱਡੀ ਪ੍ਰਤੀ ਮੋਹ ਰੱਖਦੇ ਹਨ ਤਾਂ ਕਬੱਡੀ
ਦੇ ਨਾਂ ‘ਤੇ ਉਲੰਪਿਕ ਨਾਮੀ ਚੁਬਾਰਾ ਛੱਤਣ ਤੋ ਪਹਿਲਾਂ ਨੀਹਾਂ ਦੀ ਮਜਬੂਤੀ
ਵੱਲ ਜਰੂਰ ਧਿਆਨ ਦਿੰਦੇ। ਜਿਸ ਮਕਾਨ ਦੀ ਨੀਂਹ ‘ਚ ਹੀ ਰੇਹੀ ਲੱਗੀ ਹੋਵੇ,
ਉਸ ਉੱਪਰ ਹੋਰ ਮੰਜਿ਼ਲਾਂ ਉਸਾਰਨ ਦੇ ਸੁਪਨੇ ਥੁੱਕ ਨਾਲ ਵੜੇ ਪਕਾਉਣ ਵਾਂਗ
ਲਗਦਾ ਹੈ। ਜੇ ਸਚਮੁੱਚ ਹੀ ਕਬੱਡੀ ਦੀ ਨੀਂਹ ਮਜ਼ਬੂਤ ਕਰਨੀ ਸੀ ਤਾਂ ਬੰਬਈਆ
ਕਲਾਕਾਰਾਂ ਦੇ ਸਿਰੋਂ ਕਰੋੜਾਂ ਰੁਪਏ ਦੇ ‘ਵਾਰਨੇ’ ਕਰਨ ਨਾਲੋਂ ਕੀ ਪੰਜਾਬ
ਦੇ ਬਜੁਰਗ ਸਾਬਕਾ ਕਬੱਡੀ ਖਿਡਾਰੀਆਂ ਨੂੰ ਮਾਲੀ ਮਦਦ ਦੇ ਕੇ ਨਵਾਂ ਇਤਿਹਾਸ
ਨਹੀਂ ਸੀ ਸਿਰਜਿਆ ਜਾ ਸਕਦਾ ਤਾਂ ਜੋ ਵਰਤਮਾਨ ਕਬੱਡੀ ਖਿਡਾਰੀ ਵੀ ਇੱਕ
ਨਵਾਂ ਜੋਸ਼ ਲੈ ਕੇ ਖੇਡਦੇ ਕਿ ਸਾਬਕਾ ਹੋ ਜਾਣ ‘ਤੇ ਉਹਨਾਂ ਨੂੰ ਵੀ
ਤੰਗਹਾਲੀ ਨਾਲ ਨਹੀਂ ਲੜਨਾ ਪਵੇਗਾ? ਕੀ ਉਹਨਾਂ ਭੰਗ ਦੇ ਭਾਣੇ ਉਜਾੜੇ
ਕਰੋੜਾਂ ਰੁਪਇਆਂ ਨੂੰ ਪਿੰਡ ਪਿੰਡ ਖੇਡ ਮੈਦਾਨ ਵਿਕਸਿਤ ਕਰਨ ਲਈ ਨਹੀਂ ਸੀ
ਵਰਤਿਆ ਜਾ ਸਕਦਾ? ਕਿਉਂਕਿ ਕਬੱਡੀ ਦੀ ਧਰਤੀ ਵਜੋਂ ਤਸਵੀਰਾਂ ‘ਚ ਦਿਖਾਏ
ਜਾਂਦੇ ਪੰਜਾਬ ਦੇ ਪਿੰਡਾਂ ‘ਚ ਖੇਡ ਮੈਦਾਨ ਵੀ ਦੁਰਲੱਭ ਹੁੰਦੇ ਜਾ ਰਹੇ
ਹਨ। ਜੇਕਰ ਕਬੱਡੀ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੌਜਵਾਨੀ ਦੇ ਬਿਹਤਰ
ਭਵਿੱਖ ਲਈ ਆਸ਼ਾਵਾਦੀ ਕਦਮ ਉਠਾਉਣ ਹੈ ਤਾਂ ਮੋਤੀਆਂ ਵਾਲੀ ਸਰਕਾਰ ਨੂੰ
ਸੰਭੀਰਤਾ ਨਾਲ ਸੋਚਣਾ ਪਵੇਗਾ ਕਿ ਕਬੱਡੀ ਦਾ ਮਹਿਲ ਉਸਾਰਨ ਲਈ ਨੀਂਹ ਦੀ
ਮਜ਼ਬੂਤੀ ਵੱਲ ਧਿਆਨ ਦੇਣਾ ਹੈ ਜਾਂ ਫਿਰ ਹਵਾ ਵਿੱਚ ਲਟਕਦਾ ਮਹਿਲ ਉਸਾਰਨਾ
ਹੈ?
-0-
|