(ਨਵੀਂ ਕਵਿਤਰੀ ਰਾਜ
ਸੰਧੂ ਦੀਆਂ ਕਵਿਤਾਵਾਂ ਵਿਚ ਵੱਖਰੀ ਕਿਸਮ ਦੀ ਤਾਜ਼ਗੀ ਤੇ ਨਵਾਂਪਨ ਹੈ।)
1
ਨਿਕੇ ਸ਼ਰਨਾਰਥੀ
ਜਿਨਾ ਦੇ ਵਡੇਰੇ ਆਏ ਸਨ
ਬਿਨਾ ਕਾਗਜਾਂ ਤੋ ਸਮੁੰਦਰੀ ਜਹਾਜ ਚੜ੍ਹਕੇ
ਇਸ ਮੁਲਕ ਤੇ ਕਬਜ਼ਾ ਕਰ ਲਿਆ ਕਤਲੇਆਮ ਕਰਕੇ
ਉਹ ਹੁਣ ਛੋਟੇ ਬਚਿਆਂ ਨੂੰ ਕਹਿੰਦੇ ਹਨ
ਤੁਸੀ ਵਾਪਸ ਚਲੇ ਜਾਓ
ਗੈਰ ਕਨੂੰਨੀ ਹੋ ਕਾਗਜ਼ ਲੈ ਕੇ ਆਓ.
ਸਾਡੇ ਤੇ ਨਹੀਂ ਅਸਰ ਤੁਹਾਡੀ ਮਸੂਮੀਅਤ ਦਾ
ਸਾਨੂੰ ਵਾਸਤਾ ਨਾ ਦੇਵੋ ਇਨਸਾਨੀਅਤ ਦਾ.
ਉਹ ਤਿੰਨ ਸੌ ਛੋਟੇ ਬਚੇ
ਆਏ ਹਨ ਸੈਂਟਰਲ ਅਮੈਰਕਾ ਤੋਂ ਚਲਕੇ
ਛੋਟੇ ਪੈਰ ਪੈਂਡਾ ਬਹੁਤ ਔਖਾ
ਮੀਲਾਂ ਚਲਕੇ ਪਹੁੰਚਣਾ ਨਹੀਂ ਸੌਖਾ.
ਉਡੀਕ ਰਹੇ ਨੇ ਕੁਝ ਖਾਣ ਨੂੰ ਭੁਖੇ ਭਾਣੇ
ਥੱਕੇ ਲੱਭਣ ਸੌਣ ਨੂੰ ਸਿਰਹਾਣੇ
ਇਹਨਾ ਦੇ ਘਰ ਖੋਹ ਲਏ ਦਰਿੰਦਿਆਂ ਨੇ
ਮਾਪੇ ਮਾਰ ਦਿਤੇ ਓਥੋਂ ਦੇ ਬਾਸ਼ਿੰਦਿਆਂ ਨੇ
ਟੱਪ ਆਏ ਹੰਦਾਂ, ਘਰਾਂ ਦੀ ਤਲਾਸ਼ 'ਚ
ਹੁਣ ਇਥੋਂ ਜਾਣ ਕਿਥੇ?
2
ਤੇਰਾ ਵਜੂਦ ਮੇਰੀ ਪਹਿਚਾਣ ਹੈ
ਮੇਰਾ ਵਜੂਦ ਤੇਰੇ ਜਾਂਦੇ ਹੀ
ਬਿਖਰ ਜਾਏ ਨਾ
ਕਿਤੇ ਜਾਣ ਦੀ ਜ਼ਿਦ ਨਾ ਕਰੀਂ ਐਵੈਂ
ਤੇਰੇ ਬਿਨਾ ਮੇਰੀ ਪਹਿਚਾਣ ਦੇ ਕੀ ਮੈਂਨੇਂ
ਤੇਰੇ ਨਾਲ ਜਾਣ ਦੀ ਜ਼ਿਦ ਕਰਾਂ ਜ਼ਰੂਰ
ਤੂੰ ਸ਼ਾਇਦ ਕੋਈ ਹੋਰ ਹਮਸਫ਼ਰ ਚਾਹੇਂ
ਥੋੜਾ ਠਹਿਰ ਕਾਹਦੀ ਕਾਹਲ ਤੈਨੂੰ
ਆਪਣੀ ਪਹਿਚਾਣ ਬਣਾ ਲੈਣ ਦੇ ਮੈਨੂੰ
ਮੇਰਾ ਵਜੂਦ ਕਾਇਮ ਹੋ ਜਾਏ
ਮੇਰੇ ਆਪਣੇ ਹੀ ਬਲ ਤੇ
ਮੇਰੇ ਘਰ ਦੀਆਂ ਦੀਆਂ ਦੀਵਾਰਾਂ
ਸਮਝ ਲੈਣ ਮੇਰੇ ਵਜੂਦ ਦੀ ਤਾਕਤ
ਫਿਰ ਬਿਖਰ ਜਾਣ ਤੋਂ ਬਚਾ ਲੈਣ ਆਪੇ
3
ਮੁਖ ਕਿਤਾਬ - ( ਫੇਸ ਬੁਕ )
ਉਹ ਉਠਦਾ ਤੇ ਮੁਖ ਕਿਤਾਬ ਲੈ ਕੇ ਬੈਠ ਜਾਂਦਾ ਹੈ
ਉਠਦਿਆਂ ਬਹਿਦਿਆਂ ਸੌਂਦਿਆਂ ਮੁਖ ਕਿਤਾਬ
ਮੇਰੀ ਦੋਸਤ ਦੇ ਚੇਹਰੇ ਤੇ ਡੂੰਗੀ ਉਦਾਸੀ ਸੀ
ਉਹ ਕਹਿੰਦੀ ਮੈਂ ਦੇਖਿਆ ਸਵੇਰੇ ਸਵੇਰੇ ਉਹਨੂੰ ਚੈਟ ਤੇ
ਕਹਿੰਦਾ ਪਤਨੀ ਚਲੀ ਕੰਮ ਤੇ, ਪਤੀ ਕਿਥੇ ?
ਅਗੋਂ ਕਲਿਕ ਹੋਈ ਹੈਨੀ, ਤੇ ਅਗੋਂ ਦਸ ਨਹੀਂ ਸਕਦੀ
ਇਕ ਕਵਿਤਾ ਲਿਖ ਕੇ, ਦੋ ਸੌ ਚਾਲੀ ਔਰਤਾਂ ਨੂੰ
ਕਹਿੰਦਾ ਇਹ ਕਵਿਤਾ ਸਿਰਫ ਤੇਰੇ ਲਈ ਹੈ
ਹਿੰਦੋਸਤਾਨੀ ਔਰਤਾਂ ਦੇ ਹੌਂਸਲੇ ਇੰਨੇ ਵਦ ਚੁਕੇ ਹਨ
ਉਸਦੀ ਨਿਰਾਸ਼ਾ ਦਾ ਅੰਤ ਨਹੀਂ ਸੀ, ਦਸੋ ਮੈਂ ਕੀ ਕਰਾਂ
ਉਹਨੂੰ ਹੁਣ ਛਡ ਸਕਦੀ ਨਹੀਂ ਤੇ ਸਹਿ ਵੀ ਸਕਦੀ ਨਹੀਂ
ਮੈ ਕਿਹਾ ਚਲੋ ਕਰਦੇ ਹਾਂ ਕੁਛ, ਉਹਦੇ ਚਿਹਰੇ ਤੇ ਰੌਣਕ
ਅਸੀਂ ਬੈਠ ਕੈ ਉਸਦਾ ਫੇਸਬੁਕ ਅਕਾਂਊਟ ਖੋਲ ਦਿਤਾ
ਹੁਣ ਸੋਫੇ ਤੇ ਇਕ ਪਾਸੇ ਉਹ ਤੇ ਦੂਜੇ ਪਾਸੇ ਪਤੀ
ਆਪਣੀ ਆਪਣੀ ਮੁਖ ਕਿਤਾਬ
ਉਹ ਇੰਡੀਆ ਗਲਾਂ ਕਰ ਰਿਹਾ ਹੈ ਤੇ ਉਹ ਆਸਟਰੇਲੀਆ
ਕੜਛੀ ਤੇ ਵੇਲਣੇ ਦੀ ਲੜਾਈ ਹੁਣ ਨਹੀਂ
ਤੇਰੀ ਬੁੜੀ ਨੇ ਮੇਰੀ ਮੰਮੀ ਨੂੰ ਕੀ ਕਿਹਾ
ਲੜਾਈ ਹੁਣ ਬਦਲ ਚੁਕੀ ਹੈ
ਹੁਣ ਮੈਨੂੰ ਕਿਨੇ ਲਾਈਕਸ ਮਿਲੇ ਤੇ ਤੈਨੂੰ ਕਿਨੇ
ਮੇਰੇ ਕਿਨੇ ਦੋਸਤ ਤੇ ਤੇਰੇ ਕਿਨੇ, ਦਾ ਹਿਸਾਬ ਜਾਰੀ ਹੈ
ਮੇਰੀ ਦੋਸਤ ਹੁਣ ਖੁਸ਼ ਹੈ, ਕਹਿੰਦੀ...
ਹਾਈਕੂ ਦੇ ਮੋਡੀ ਸੋਡੀ ਮੇਰੇ ਦੋਸਤ ਹਨ
ਤੇ ਸਾਥੀ ਸਾਹਬ ਨੇ ਮੇਰੀ ਦੋਸਤੀ ਕਬੂਲ ਕਰਲੀ
ਮਿਨਹਾਸ ਵੀ ਮੇਰੇ ਦੋਸਤ ਲਿਸਟ ਚ' ਹਨ
ਵਰਿਆਮ ਸੰਧੂ ਤੇ ਗੁਰਮੀਤ ਸੰਧੂ ਨੂੰ ਰੁਕਵੈਸਟ ਭੇਜੀ ਹੈ
ਫੇਸ ਬੁਕ ਦੇ ਯੁਗ ਨੂੰ ਹੁਣ ਉਹ ਵੀ ਆਦੀ ਹੋ ਗਈ ਹੈ
4
ਮੈਂ ਕਮਾ ਚ ਲਗੀ ਰਹੀ
ਰੋਜ਼ੀ ਕਮਾਉਣ ਤੇ ਰੋਟੀ ਪਕਾਉਣ ਚ ਰੁਜੀ ਰਹੀ
ਬਚੇ ਪਾਲਣ ਤੇ ਵਡੇ ਹੋਣ ਨੂੰ ਉਡੀਕਦੀ ਰਹੀ
ਤੇਰੇ ਨਾਲ ਰੋਮ ਤੇ ਵੀਨਸ ਦੀ ਸੈਰ
ਪੈਰਸ ਘੁਮਣ ਤੇ ਕਰੂਜ਼ ਤੇ ਜਾਵਾਂਗੇ ਕਦੇ
ਵਿਹਲੀ ਹੋ ਲਵਾਂ ਕਾਹਦੀ ਕਾਹਲ ਹੈ
ਮੈਂ ਸੁਪਨੇ ਲੈਂਦੀ ਰਹੀ
ਪਤਾ ਨਹੀਂ ਕਦੋਂ ਤੇਰੀ ਉਹ
ਸਾਡੇ ਵਿਚਕਾਰ ਆ ਗਈ
ਤੇਰੇ ਦਿਲੋ ਦਿਮਾਗ ਤੇ ਛਾ ਗਈ
ਤੇਰੀ ਰਗ ਰਗ ਚ ਵਸ ਗਈ
ਮੇਰੇ ਸਾਹਮਣੇ ਤੇਰੇ ਤੇ ਕਬਜ਼ਾ ਕਰ ਲਿਆ ਓਸ
ਸੁਪਨਿਆ ਨੂੰ ਚੂਰ ਕਰਨ ਵਾਲੀ
ਮੇਰੀ ਜੁਤੀ ਚ ਸੌ ਕਣਾ ਦੇ ਬਰਾਬਰ ਹੈ
ਤੇਰੀ ਉਹ ਕੈਂਸਰ
-0-
|