Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat


 ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ
(ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
 

 

ਬਾਪ ਦੇ ਪੂਰੇ ਹੋ ਜਾਣ ਪਿੱਛੋਂ ਇਕਲੋਤੇ ਪੁੱਤ ਨੇ ਆਪਣੀ ਮਾਂ ਨੂੰ ਬਿਰਧ ਘਰ ਵਿੱਚ ਦਾਖਲ (ਜਮ੍ਹਾਂ) ਕਰਾ ਸੁਰਖੁਰੂ ਹੋ ਬੈਠਾ। ਕਦੀ ਕਦੀ ਮਿਲ ਆਉਂਦਾ। ਇੱਕ ਦਿਨ ਫੋਨ ਆਇਆ ਮਾਂ ਅੰਤਲੇ ਸਾਹਾਂ ‘ਤੇ ਹੈ, ਮਿਲ ਜਾ। ਆਖਰੀ ਸਵਾਸ ਲੈ ਰਹੀ ਮਾਂ ਕੋਲ ਖਲੋਤੇ ਪੁੱਤ ਵੱਲ ਅੱਖਾਂ ਚੁੱਕ ਕਹਿੰਦੀ, ਪੁੱਤ ਮੇਰੇ ਪਿੱਛੋਂ ਏਥੇ ਇੱਕ ਪੱਖਾ ਜ਼ਰੂਰ ਲਵਾ ਦਈਂ। ਪੁੱਤ ਬੋਲਿਆ: ਕੀ ਲੋੜ ਹੈ ਮਾਂ। ਤੂੰ ਤਾਂ ਹੁਣ ਆਖਰੀ ਸਾਹਾਂ ‘ਤੇ ਹੈਂ। ਮਾਂ ਨੇ ਕਿਹਾ, ਪੁੱਤ ਜਾਨ ਕੱਢਵੀਂ ਗਰਮੀ ‘ਚ ... ਮੈਂ ਤਾਂ ਸਮਾਂ ਕੱਟ ਲਿਆ ... ਪਰ ਪੁੱਤ ... ਜਦੋਂ ਤੇਰੇ ਬੱਚੇ ... ਤੈਨੂੰ ਏਥੇ ਦਾਖਲ ਕਰਾ ਗਏ ... ਤੇਰੇ ਕੋਲੋਂ ... ਇਹ ਗਰਮੀ ਸਹਾਰੀ ਨਹੀਂ ਜਾਣੀ ...। ਏਨਾ ਕਹਿ ਮਾਂ ਸਦਾ ਲਈ ਸੌਂ ਗਈ। ਲੋਕ ਤਾਂ ਇਹ ਵੀ ਕਥਾ ਸੁਣਾਉਂਦੇ ਹਨ: ਪ੍ਰੇਮਕਾ ਦੇ ਕਹੇ ‘ਤੇ ਮਾਂ ਦਾ ਦਿਲ ਕੱਢ ਛੇਤੀ ਤੋਂ ਛੇਤੀ ਪ੍ਰੇਮਕਾ ਕੋਲ ਪਹੁੰਚਣ ਲਈ ... ਪੁੱਤ ਭੱਜਾ ਜਾਵੇ ... ਭੱਜੇ ਜਾਂਦੇ ਨੂੰ ਠੇਡਾ ਲੱਗਾ ... ਡਿੱਗ ਪਿਆ ... ਮਾਂ ਦੇ ਦਿਲ ‘ਚੋਂ ਦਰਦਮਈ ਹੂਕ ਨਿਕਲੀ ... ਮਾਂ ਸਦਕੇ ... ਪੁੱਤ ਸੱਟ ਤਾਂ ਨਈਉਂ ਲੱਗੀ ... । ਏਦਾਂ ਦਾ ਹੀ ਪਾਕਿਸਤਾਨੀ ਸ਼ਾਇਰ ਅਨਵਰ ਮਸੂਦ ਦੀ ਤਨਜ਼ੀਆ ਸ਼ਾਇਰੀ ਵਿੱਚ ਸੁਣਾਇਆ ਕਿੱਸਾ ਦੱਸੇ ਬਿਨਾਂ ਗੱਲ ਅੱਗੇ ਨਈਂ ਜੇ ਤੁਰਦੀ ਪਿਆਰੇ ਦੋਸਤੋ! ਮਾਸਟਰ ਲੇਟ ਆਏ ਬਸ਼ੀਰ ਨੂੰ ਪੁੱਛਦੈ: ਓਏ ਤੂੰ ਬਸ਼ੀਰਿਆ ਲੇਟ ਆਉਣੋਂ ਹਟਦਾ ਨਈਂ ... ਕਰਾਂ ਤੇਰੀ ਮੁਰੰਮਤ। ਮਾਸਟਰ ਜੀ ਸਜ਼ਾ ਜੋ ਮਰਜ਼ੀ ਦਇਓ ... ਇੱਕ ਵਾਰੀ ਮੇਰੀ ਗੱਲ ਸੁਣ ਲੌ ...। ਮੁਨਸ਼ੀ/ਮਾਸਟਰ ਮਸੂਦ ਆਪ ਏ। ਬਸ਼ੀਰਾ ਬੋਲਿਆ: ਮੁਨਸ਼ੀ ਜੀ ... ਅੱਜ ਸਵੇਰੇ ਔਹ ਬੈਠੇ ਅਕਰਮ ਦੀ ਮਾਂ ... ਸਾਡੇ ਘਰ ਆਈ ... ਉਹਦੇ ਮੱਥੇ ‘ਤੇ ਇੱਕ ਨੀਲਾ ਰੋੜ ਉਭਿਆ ਹੋਇਆ ਸੀ ... ਬੁੱਲ੍ਹ ਸੁੱਝੇ ਹੋਏ ... ਤੇ ਸਿੰਮੇ ਖੂਨ ਦੇ ਨਿਸ਼ਾਨ ਸਨ ... ਅੱਖਾਂ ‘ਚ ਅੱਥਰੂ ... ਬਹੁਤੀ ਹੀ ਬੇਹਾਲ ਜਿਹੀ ... ਰੋਂਦੀ ਹੋਈ ਕਹਿੰਦੀ ਵੇ ਬਸ਼ੀਰਿਆ ... ਪੁੱਤ ... ਅੱਜ ਫਿਰ ਤੇਰਾ ਦੋਸਤ ਅਕਰਮ ... ਮੇਰੇ ਨਾਲ ਲੜਕੇ ਸਕੂਲ ਗਿਆ ਈ ... ਰੋਟੀ ਨਈਉਂ ਲੈਕੇ ਗਿਆ ਨਕਰਮਾ ... ਆਹ ਮੈਂ ਕਾਹਲੀ ਕਾਹਲੀ ‘ਚ ਪੋਣੇ ‘ਚ ... ਮੱਖਣ ਤੇ ਸ਼ੱਕਰ ‘ਚ ਚੂਰੀ ਗੁੰਨੀ ਈ ... ਲੈ ਜਾਈਂ ਵੇ ਪੁੱਤ ... ਉਹਦੀਆਂ ਤਾਂ ... ਭੁੱਖ ਨਾਲ ਆਂਦਰਾਂ ਲੂਸਦੀਆਂ ਹੋਣੀਆਂ ਨੀ ... ।
ਵੈਸੇ ਏਥੇ ਹੀ ਸਪਸ਼ਟ ਕਰ ਦਿਆਂ। ਸਾਰੇ ਧੀਆਂ ਪੁੱਤ ਏਦਾਂ ਦੇ ਨਹੀਂ ਹੁੰਦੇ। ਏਥੇ ਪੂਣੀ ਕੇਵਲ ਉਸ ਔਲਾਦ ਦੀ ਕੱਤ ਰਿਹਾਂ ਜਿਸ ਹੱਥੋਂ ਇਹੋ ਜਿਹੇ ਕਈ ਕਿਸਮ ਦੇ ਵਰਤਾਰੇ ਸੰਵੇਦਨਸ਼ੀਲ ਬਜ਼ੁਰਗ ਹੰਢਾਉਂਦੇ ਤੇ ਬੜੀ ਸਿ਼ਦਤ ਨਾਲ ਮਹਿਸੂਸ ਕਰਦੇ ਹਨ। ਖ਼ਬਰਾਂ ਵੀ ਪੜ੍ਹਦੇ ਰਹੀ ਦੀਆਂ ਹਨ। ਇਸ ਦੇ ਬਾਵਜੂਦ ਵੀ ਉਹ ਆਪਣੇ ਹੱਥੀਂ ਪਾਲੀ ਦਿਲ ਜਾਨ ਤੋਂ ਪਿਆਰੇ, ਕੋਮਲ, ਮਲੂਕ ਜਿਹੇ ਬੱਚਿਆਂ ਨੂੰ ਮਹਿਸੂਸ ਨਹੀਂ ਹੋਣ ਦਿੰਦੇ। ਜਦੋਂ ਉਹ ਦਿਲਗੀਰ ਹੋਏ ਆਪਣੇ ਫਿਊਨਰਲ ਸਮੇਂ ਦੇ ਦ੍ਰਿਸ਼ ਬਾਰੇ ਨਿਰਾਸ਼ਾਜਨਕ ਕਿੱਸੇ ਛੋਹ ਧਰਦੇ ਹਨ। ਪਰ ਲੋਕਾਚਾਰੀ ਵੱਜੋਂ ਸੁਣਦੇ ਜ਼ਰੂਰ ਨੇ: ਕਾਹਨੂੰ ਭੈੜੀਆਂ ਗੱਲਾਂ ਕਰਦੇ ਓ ... ਵਾਹਿਗੁਰੂ ਵਾਹਿਗੁਰੂ ਕਰੋ ... ਅਸੀਂ ਹੈਗੇ ਆਂ ... । ਉਨ੍ਹਾਂ ‘ਚੋਂ ਪੜ੍ਹੇ ਲਿਖੇ ਵਰਿਆਮ ਸੰਧੂ ਦੀ ਕਹਾਣੀ 'ਆਪਣਾ ਆਪਣਾ ਹਿੱਸਾ' ਵਿਚਲੀ ਬੁੱਢੇ ਪਿਉ, ਭਰਾਵਾਂ ਤੇ ਭੈਣ ਦਰਮਿਆਨ ਮਾਂ ਦੇ ਕੱਠ ਬਾਰੇ ਚਰਮ ਸੀਮਾ ‘ਤੇ ਪਹੁੰਚੀ ਵਾਰਤਾਲਾਪ ਛੋਹ ਧਰਦੇ ਨੇ ਜੋ ਇਉਂ ਚੱਲਦੀ ਐ: 'ਮਾਂ ਦਾ 'ਕੱਠ ਕਰਨਾਂ ਗੱਜ ਵਜਾਕੇ ... ਸਾਰੇ ਅੰਗ-ਸਾਕ ਸੱਦਣੇਂ ਨੇਂ ... ਬੁਢੜੀ ਕਰਮਾਂ ਆਲੀ ... ਦੋਹਤਿਆਂ ਪੋਤਿਆਂ ਵਾਲੀ ਹੋਕੇ ... ਉਮਰ ਭੋਗ ਕੇ ਗਈ ਆ ... ਉਹਨੂੰ ਵੱਡਿਆਂ ਕਰਨਾਂ ... ਹੈਂ ਕੀ ਸਲਾਹ ਐ?' ਬਾਪ ਬੋਲਿਆ, 'ਪੁੱਤ! ਮੇਰੀ ਕੀ ਸਲਾਹ ਹੋਣੀ ਐ ... ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ।' ਭਰਾਵਾਂ ਤੇ ਭੈਣ ਵਿੱਚ ਚੱਲਦੀ ਠੰਡੀ ਤੱਤੀ ਸਲਾਹ ਆਖੀਰ ਦੋਹਾਂ ਭਰਾਵਾਂ ਤੋਂ ਮਰੇੜੀ ਆਰਥਕ ਦਸ਼ਾ ਵਿੱਚ ਖੇਤੀ ਵਾਲਾ ਛੋਟਾ ਘੁੱਦੂ ਬੋਲਿਆ: "ਵੇਖੋ ਜੀ! ਤੁਹਾਡੇ ਤੋਂ ਕੋਈ ਗੁੱਝੀ-ਛਿਪੀ ਗੱਲ ਨ੍ਹੀਂ ... ਆਪਾਂ ਆਂ ਮਰੇੜੇ ... ਆਪਣੇ ਤੋਂ ਤਾਂ ਅਜੇ ਨ੍ਹੀ ਜੇ ਗੰਗਾ ਗੁੰਗਾ-ਪੁਗਦੀਆਂ ... ਜੇ ਬਹੁਤੀ ਗੱਲ ਐ ... ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ ... ਤੇ ਆਹ ਬੁੱਢੜਾ ਬੈਠਾ ... ਤੁਹਾਡੇ ਸਾਹਮਣੇ ਜਿਊਂਦਾ ਜਾਗਦਾ ... ਇਹਦੇ ਮੈਂ ਕੱਲਾ ਈ ਗੰਗਾ ਪਾ ਆਊਂ ... ਸੱਚੀ ਗੱਲ ਐ ... ਅਜੇ ਆਪਣੀ ਪੁੱਜਤ ਨ੍ਹੀਂ ... ਤੇ ਜੇ ਇਹ ਸੌਦਾ ਵੀ ਨ੍ਹੀ ਮਨਜ਼ੂਰ ਤਾਂ ਸਰਦਾਰ ਜੀ ... ਔਹ ਕਿੱਲੀ ‘ਤੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਲਿਓ ... ਜਦੋਂ ਮੇਰੀ ਪਹੁੰਚ ਪਈ ... ਮੈਂ ਆਪੇ ਪਾ ਆਊਂ ...।" ਕਹਿ ਉੱਠ ਗਿਆ। ਇਹੋ ਜਿਹੀਆਂ ਅਸਲੀਅਤਾਂ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਅਰਜਨ ਦੀ ਅੱਖ ਵਾਂਗ ਮੱਛੀ ਦੀ ਅੱਖ ਤੇ ਤੀਰ ਦੇ ਨਿਸ਼ਾਨੇ ਨੂੰ ਇੱਕ ਲਾਈਨ ‘ਚ ਸੇਧਤ ਹੋ ਜਾਂਦੀਆਂ ਹਨ। ਉਹ ਮੂੰਹਰੱਖਣੀਆਂ ਨਾਲ ਪਸੀਜਦੇ ਨਹੀਂ। ਅਤੇ ਨਾਲੇ ਉਨ੍ਹਾਂ ਸਾਰੀ ਉਮਰ ਆਪਣੇ ਹੱਥੀਂ ਪਾਲੇ ਪਿਆਰੇ ਬੱਚਿਆਂ ‘ਤੇ ਬੋਝ ਨਹੀਂ ਪੈਣ ਦਿੱਤਾ। ਉਹ ਨਹੀਂ ਚਾਹੁੰਦੇ ਕਿ ਅੰਤਕਾਲ ਵੇਲੇ ਉਨ੍ਹਾਂ ਦੀਆਂ ਅਸਥੀਆਂ ਦੇ ਹਿੱਸੇ ਪੈਣ। ਉਹ ਆਪਣੇ ਅਸਤਕਾਲ ਦੇ ਸੰਭਾਵੀ ਬੋਝ ਨੂੰ ਇਸ ਮੰਡੀ ਸਮਾਜ ਵਿੱਚ ਏਨਾ ਸੁਖਾਲਾ, ਸਰਲ ਤੇ ਸਸਤਾ ਜਿਹਾ ਬਣਾ ਜਾਣਾ ਚਾਹੁੰਦੇ ਹਨ ਕਿ ਕਿਸੇ ਨੂੰ ਅਸਥੀਆਂ ਦੇ ਹਿੱਸੇ ਨਾ ਪਾਉਣੇ ਪੈਣ।
'ਮਾਪੇ ਕਦੀ ਨਾ ਹੋਣ ਕੁਮਾਪੇ ਭਾਵੇਂ ਲੱਖ ਮੁਸੀਬਤਾਂ ਪੈਣ'। ਅਜੋਕੀਆਂ ਪਦਾਰਥਕ ਖੁਦਗਰਜ਼ੀਆਂ ‘ਚ ਪੁੱਤ ਕਪੁੱਤੇ ਹੁੰਦੇ ਦੇਖੇ ਜਾ ਰਹੇ ਹਨ। ਅਨੇਕ ਕਥਾਵਾਂ ਪੜ੍ਹੀ ਤੇ ਸੁਣੀ ਦੀਆਂ ਹਨ। ਚੰਗੇ ਮੁਰਾਤਬੇ ‘ਤੇ ਪਹੁੰਚੇ, ਕੋਠੀਆਂ ‘ਚ ਨੌਕਰਾਂ ਤੇ ਕਾਰਾਂ ਦੇ ਸੁਖ ਸਹੂਲਤਾਂ ਮਾਣਦੇ ਪੁੱਤ ਮਹੀਨਿਆਂ ਦੇ 28, 29, 30, 31 ਦਿਨਾਂ ਦੇ ਹਿਸਾਬ ਨਾਲ ਮਾਪਿਆਂ ਨੂੰ ਰੱਖਣ ਦੀਆਂ ਕਮੀਨੀਆਂ ਗੱਲਾਂ ਕਰਦੇ ਹਨ। ਦਿਨਾਂ ਦੇ ਹਿਸਾਬ ਕਰਦੇ ਆਪਣੇ ਜਨਮਦਾਤਿਆਂ ਨੂੰ ਕਈ ਵਾਰੀ ਗੇਟ ਤੋਂ ਵੀ ਅੰਦਰ ਨਹੀਂ ਵੜਨ ਦੇਂਦੇ। ਉਸੇ ਵੇਲੇ ਧੀਆਂ ਭਾਵੇਂ ਰੱਸੀਆਂ ਧਰ ਹਿੱਸੇ ਨਹੀਂ ਵੰਡਦੀਆਂ, ਪਰ ਉਹ ਫਿਰ ਵੀ ਔਖੀ ਬਣੀ ਵੇਲੇ ਬਹੁੜਦੀਆਂ ਹਨ। ਇਹੋ ਜਿਹੀਆਂ ਦੁਰਗਤੀਆਂ ਦੇ ਕਿੱਸੇ ਸੁਣ ਸੁਣ ਪਸੀਨੇ ਛੁੱਟ ਪੈਂਦੇ ਹਨ ਅਤੇ ਜਿਨ੍ਹਾਂ ਦਾ ਇਕਲੋਤਾ ਪੁੱਤ ਵੀ ਉਨ੍ਹਾਂ ਦੇ ਪੱਖ ਵਿੱਚ ਨਹੀਂ ਬੋਲਦਾ। ਏਦੂੰ ਵੱਧ 'ਦੁਰਗਤੀ' ਕਿਹੜੀ ਹੋਵੇਗੀ ਜਦੋਂ ਬਜ਼ੁਰਗਾਂ ਨੂੰ ਹਰ 15/16 ਦਿਨਾਂ ਪਿੱਛੋਂ ਦੂਜੇ ਕੋਲ ਛੱਡਣ ਲਈ ਤੋਰ ਦਿੱਤਾ ਜਾਂਦੈ। ਕਈ ਵਾਰੀ ਪੁੱਤ ਵੱਡੀਆਂ ਅਫਸਰੀਆਂ ਮਾਣਦੇ ਹੁੰਦੇ ਨੇ ਤੇ ਬਾਪ ਬਿਰਧ ਆਸ਼ਰਮ ਵਿੱਚ ਪਹੁੰਚਾਇਆ ਹੁੰਦਾ। ਕੈਨੇਡੀਅਨ ਸਰਕਾਰ ਵੱਲੋਂ ਮਿਲਦੀ ਪੈਨਸ਼ਨ ਦੇ ਹਿੱਸੇ ਪਾਏ ਜਾਂ ਹਿੱਸਿਆਂ ਦੀਆਂ ਆਸਾਂ ਰੱਖੀਆਂ ਜਾਂਦੀਆਂ ਹਨ। ਇਸ ਤੇਜ਼ ਕਾਰੋਬਾਰੀ ਰੁਝੇਵਿਆਂ ਵਿੱਚ ਬੁੱਢੇ ਦੀ ਦੇਹਿ ਨੂੰ ਸੰਭਾਲਣ ਦੇ ਕਾਰਜ ਨੂੰ 'ਕੰਮ ‘ਚ ਘੜੰਮ' ਪਿਆ ਲੱਗਦੈ। ਫੁੱਲ ਚੁਗਣ ਵੇਲੇ ਸਿਵੇ ਦੇ ਠੰਡੇ ਹੋਣ ਦੀ ਉਡੀਕ ‘ਚ ਜੇ ਦੇਰੀ ਹੋ ਜਾਵੇ ਤਾਂ ਕੁਲੱਛਲਣੇ ਬੋਲ ਸੁਣਨ ਨੂੰ ਮਿਲਦੇ ਹਨ: ਹਾਏ ... ਬੁੱਢੇ ਦੀ ਹੱਡੀਆਂ ਚੁਗਣ ‘ਚ ... ਏਨਾ ਚਿਰ ... ਕਰਨ ਵਾਲੇ ... ਏਨੇ ਕੰਮ ਪਏ ਨੇ ... ਬੁੱਢਾ ਮਰਕੇ ਵੀ ... ਵਖਤ ਪਾਈ ਬਈਠਾ ... ।
ਇਸ ਸੋਚ ਅਧੀਨ ਕੈਨੇਡੀਅਨ ਬਜ਼ੁਰਗਾਂ ਦੀਆਂ ਕਲੱਬਾਂ ਜਿੱਥੇ ਆਪਣੇ ਦੈਨਿਕ ਮਨਪ੍ਰਚਾਵੇ ਤੇ ਸੈਰਸਪਾਟਿਆਂ ਦੀਆਂ ਸਰਗਰਮੀਆਂ ਆਯੋਜਤ ਕਰਦੇ ਰਹਿੰਦੇ ਹਨ ਉੱਥੇ ਉਨ੍ਹਾਂ ਆਪਣੇ ਅਸਤਕਾਲ ਵੇਲੇ ਦੇ ਮਸਲਿਆਂ ਨੂੰ ਆਪ ਹੀ ਕਿਉਂਟਣ ਦੇ ਰੱਸੇ ਪੈੜੇ ਵੱਟਣੇ ਅਰੰਭ ਦਿੱਤੇ ਹਨ। ਉਨ੍ਹਾਂ ਨੇ ਤਾਂ ਉਹ ਵੀ ਕਹਾਣੀ ਸੁਣੀ ਹੋਈ ਹੈ ਜਦੋਂ ਅਸਤ ਹੋ ਚੁੱਕੀ ਪਤਨੀ ਨੂੰ ਇੱਕ ਪਤੀ ਚਿੱਠੀ ਲਿਖਦਾ ਹੈ: ਬਲਵੰਤ ਕੁਰੇ ... ਤੇਰੇ ਫਿਉਨਰਲ ਵੇਲੇ ... ਤੇਰੇ ਲਾਡਲਿਆਂ ਨੇ ਟਾਲ਼ੇ ਵੱਟੇ ਸਨ ... ਕੀ ਕੀ ਦੱਸਾਂ ... ਕਾਲਜਾ ਬਾਹਰ ਨੂੰ ਆਉਂਦੈ .... ਇੱਕ ਕਹਿੰਦਾ ... ਤੁਸੀਂ ਪ੍ਰਬੰਧ ਕਰੋ ... ਮੇਰੀ ਚੰਡੀਗੜ੍ਹ ਇੱਕ ਮੀਟਿੰਗ ਏ ... ਮੈਂ ਪਹੁੰਚੂੰ ਜ਼ਰੂਰ ... ਪਰ ... ਦਾਗ ਲਾਉਣ ਵੇਲੇ ... ਦੂਜਾ ... ਜਿਹੜਾ ਵੱਡਾ ਕਾਰੋਬਾਰੀ ਈ ... ਲਾਗਲੇ ਸ਼ਹਿਰ ਕੋਠੀ ਬਣਾ ... ਭਾਈਚਾਰੇ ‘ਚ ਪੂਰਾ ਚਿੱਟ ਕਪੜੀਆ ਬਣਿਆ ਫਿਰਦੈ ... ਮਸੀਂ ਹੀ ਤੇਰੇ ਇਸ਼ਨਾਨ ਵੇਲੇ ਪੁਹੁੰਚਿਆ ... ਅਖੇ ਕੱਲ ਬੱਚਿਆਂ ਦੇ ਪੇਪਰ ਸਨ ... ਏਦਾਂ ਹੀ ਉਨ੍ਹਾਂ ਤੇਰੇ ਭੋਗ ‘ਤੇ ਕੀਤਾ ... ਐਨ ਓਦੋਂ ਪਹੁੰਚੇ ਜਦੋਂ ਭਾਈ ਅਰਦਾਸ ਕਰਨ ਉੱਠਿਆ ... ਇਹ ਵਰਤਾਰਾ ਵੇਖਦਿਆਂ ... ਮੈਂ ਤਾਂ ਬਲਵੰਤ ਕੌਰੇ ... ਸਾਰੇ ਕਾਰਜ ... ਆਪਣਾ ਖੱਫ਼ਣ ਵੀ ਤਿਆਰ ਕਰ ਰੱਖਿਆ ਈ ... ਅਰਥੀ ਦੀ ਸਜਾਵਟ ਦੀਆਂ ਝੰਡੀਆਂ ਵਗੈਰਾ ਵੀ ... ਲੈ ਰੱਖੀਆਂ ਨੀ ... ਅਤੇ ਅੱਜ ਆਪਣੇ ਹੱਥੀਂ ਆਪ ਹੀ ... ਭੋਗ ਵੀ ਪਵਾ ਦਿੱਤਾ ਈ ... ਐਵੇਂ ਖ਼ਰਚਿਆਂ ਦੇ ਹਿੱਸੇ ... ਪਾਉਂਦੇ ਫਿਰਨਗੇ ... ਸ਼ਰੀਕੇ ਨੂੰ ... ਤੇ ਸਾਰੇ ਸਾਕ ਸਬੰਧੀਆਂ ਨੂੰ ਬੁਲਾ ... ਇੱਕ ਵੱਡੇ ਕਠ ਵਾਲਾ ਲੈਣ ਦੇਣ ... ਤੇ ਖਾਣ ਪੀਣ ਦੇ ਅਡੰਬਰ ... ਮੁਕਾ ... ਹੁਣ ਸੁਰਖਰੂ ਹੋ ... ਹੌਲਾ ਫੁੱਲ ਮਹਿਸੂਸ ਕੀਤਾ ਈ ... ਤੈਨੁੰ ਆਹ ਚਿੱਠੀ ਲਿਖ ਦਿੱਤੀ ਆ ... ਤਾਂ ਜੋ ਸਨਦ ਰਹੇ ... ਆਦਿਇਤਆਦਿ ... ਬੰਤ ਸਿੰਘ ਬਕਲਮਖੁਦ।
ਜਦੋਂ ਸੀਨੀਅਰਜ਼ ਨੇ ਆਪਣੇ ਫਿਊਨਰਲ ਦਾ ਅਗਾਹੂੰ ਪ੍ਰਬੰਧ ਕਰਨ ਦਾ ਬੀੜਾ ਚੁੱਕਿਆ ਤਾਂ ਕਈਆਂ ਨੇ ਇਹਨੂੰ ਬਦਸ਼ਗਨੀਆਂ ਕਿਹਾ। ਪਰ ਇਹ ਅੰਤਕਾਲ ਦੇ ਸੱਚ ਹਨ। ਸਭ ਨੂੰ ਪਤਾ ਹੈ ਇਹ ਆਖਰੀ ਵੇਲਾ ਰਾਜੇ ਰਾਣਿਆ ‘ਤੇ ਵੀ ਆਇਆ ਸੀ। ਉਹਨਾਂ ‘ਤੋਂ ਵੀ ਨਹੀਂ ਸੀ ਟਲਿ਼ਆ ਜਿਨ੍ਹਾਂ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ। ਇਹਨੇ ਟਲਣਾ ਨਹੀਂ ... ਕਿਸੇ ਵੇਲੇ ਵੀ ਵਾਪਰ ਸਕਦੈ ... ਕਿਸੇ ‘ਤੇ ਵੀ। ਇਨ੍ਹਾਂ ਵਿਚਾਰਾਂ, ਕਿਆਸਾਂ ਹੇਠ ਪਿਛਲੇ ਸਾਲ ਹੋਂਦ ‘ਚ ਆਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਉਦਮਾਂ ਤੇ ਚਾਰਾਜੋਈਆਂ ਨੇ ਇਸ ਮਸਲੇ ‘ਤੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। 16 ਜੂਨ, 2014 ਨੂੰ ਸਾਕਰ ਹਾਲ (ਡਿਕਸੀ-ਸੰਦਲਵੁੱਡ) ਵਿਖੇ ਹੋਈ ਮੀਟਿੰਗ ਵਿੱਚ ਹਾਜ਼ਰ ਹੋਏ ਸੀਨੀਅਰਜ਼ ਕਲੱਬਾਂ ਦੇ ਨੁਮਾਇੰਦਿਆਂ ਨੂੰ ਐਸੋਸੀਏਸ਼ਨ ਦੇ ਸਪੋਕਸਮੈਨ ਸ. ਅਜੀਤ ਸਿੰਘ ਰੱਖੜਾ ਨੇ ਫਿਊਨਰਲ ਪ੍ਰਾਜੈਕਟ ਦੀ ਰਿਪੋਰਟ ਪੇਸ਼ ਕੀਤੀ। ਜਿਸ ਦਾ ਸਭ ਨੇ ਇੱਕ ਵੱਡੀ ਪ੍ਰਾਪਤੀ ਵੱਜੋਂ ਸਵਾਗਤ ਕੀਤਾ।
ਰੱਖੜਾ ਨੇ ਇਸ ਮੀਟਿੰਗ ਵਿੱਚ ਅਸਤਕਾਲ ਵੇਲੇ ਦੇ ਪ੍ਰਬੰਧ ਦਾ ਵਿਸਤਰਤ ਖੁਲਾਸਾ ਕੀਤਾ। ਸੰਜਮੀ ਜੀਵਨ ਸ਼ੈਲੀ ਦੇ ਮਾਲਕ ਬਜ਼ੁਰਗਾਂ ਲਈ ਕੈਨੇਡਾ ਵਿੱਚ ਮਰਨ ਬਾਅਦ 15/20 ਹਜ਼ਾਰ ਡਾਲਰ ਫਿਊਨਰਲ ਉੱਪਰ ਖ਼ਰਚਣਾ ਬੜਾ ਹੀ ਫਜ਼ੂਲ ਲੱਗਦੈ। ਭਾਵੇਂ ਉਨ੍ਹਾਂ ਦੇ ਬੱਚਿਆਂ ਲਈ ਇਹ ਖ਼ਰਚ ਪਿਤਰੀ ਮੋਹ ਦੇ ਸਾਹਮਣੇ ਕੁਝ ਵੀ ਨਾ ਲੱਗਦਾ ਹੋਵੇ, ਪਰ ਬਜ਼ੁਰਗ ਇਸ ਰਕਮ ਨੂੰ ਬਹੁਤ ਵੱਡੀ ਸਮਝਦੇ ਹਨ। ਇੰਡੀਆਂ ਦੇ ਰੁਪਿਆਂ ਮੁਤਾਬਿਕ ਕਨੇਡਾ ਵਿੱਚ ਇੱਕ ਬੰਦੇ ਦਾ ਮਰਨਾ 10/12 ਲਖ ‘ਚ ਪੈਂਦੈ। ਪੰਜਾਬ ਵਿੱਚ ਏਨੇ ਪੈਸੇ ਨਾਲ ਕੁੜੀ ਵਿਆਹੀ ਜਾ ਸਕਦੀ ਹੈ। ਇਸ ਲਈ ਐਸੋਸੀਏਸ਼ਨ ਨੇ ਫਿਉਨਰਲਾਂ ਵਾਸਤੇ ਇੱਕ ਸੰਜਮੀ ਰਾਹ ਤਲਾਸ਼ ਲਿਐ। ਫਿਊਨਰਲ ਦੋ ਕਿਸਮ ਦੇ ਹਨ। ਇੱਕ ਦਾ ਨਾਮ ਹੈ ਹਿੰਦੂ ਸਿੱਖ ਬੇਸਿਕ ਫਿਊਨਰਲ ਅਤੇ ਦੂਸਰਾ ਹੈ ਹਿੰਦੂ ਸਿੱਖ ਸ਼ਾਹੀ ਫਿਊਨਰਲ। ਪਿਛਲੇ ਵਿੱਚ ਉਹ ਸਭ ਕੁਝ ਹੁੰਦਾ ਹੈ ਜੋ ਆਮ 10/12 ਹਜ਼ਾਰ ਵਾਲੇ ਫਿਊਨਰਲ ਵਿੱਚ ਹੁੰਦੈ। ਫਿਊਨਰਲ ਸੇਵਾਵਾਂ ਲਈ ਕੇਵਲ 100 ਡਾਲਰ ਦੀ ਅਡਵਾਂਸ ਅਦਾਇਗੀ ਨਾਲ ਬੁਕਿੰਗ ਕੀਤੀ ਜਾ ਸਕਦੀ ਹੈ। ਬੇਸਿੱਕ ਫਿਊਨਰਲ ਸਿਰਫ 1600 ਡਾਲਰ ਵਿੱਚ ਹੋ ਜਾਂਦੈ। ਸ਼ਾਹੀ ਫਿਊਨਰਲ ਵਿੱਚ ਸਿਰਫ 30/35% ਵੱਧ ਖ਼ਰਚ ਹੁੰਦੈ। ਆਮ ਰਿਸ਼ਤੇਦਾਰ ਸ਼ਾਹੀ ਫਿਊਨਰਲ ਦੀ ਸਲਾਹ ਦਿੰਦੇ ਹਨ। ਜੇ ਤੁਸੀਂ ਇਸ ਅਡਵਾਂਸ ਦੀ ਵਰਤੋਂ ਨਹੀਂ ਕਰਦੇ ਤਾਂ ਐਗਰੀਮੈਂਟ ਚਿੱਠੀ ਐਸੋਸੀਏਸ਼ਨ ਨੂੰ ਵਾਪਸ ਕਰਕੇ ਅਡਵਾਂਸ ਨੂੰ ਵਾਪਸ ਲੈ ਸਕਦੇ ਹੋ। ਇਸ ਪੈਕੇਜ ਦਾ ਸੰਚਾਰ ਅਖ਼ਬਾਰਾਂ, ਟੀ ਵੀ ਅਤੇ ਰੇਡੀਉ ਦੁਆਰਾ ਕੀਤਾ ਜਾ ਰਿਹੈ। ਸਭ ਨੇ ਹੀ ਇਸ ਸੁਵਿਧਾ ਦੀ ਸ਼ਲਾਘਾ ਕੀਤੀ ਅਤੇ ਕਲੱਬਾਂ ਨੂੰ ਇਸ ਪੈਕੇਜ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ। ਸਸਤੀ ਫਿਊਨਰਲ ਦੀ ਜਾਣਕਾਰੀ ਦਾ ਇੱਕ ਪੈਕੇਜ ਹਾਜ਼ਰ ਕਲੱਬਾਂ ਨੂੰ ਵੰਡਣ ਲਈ ਦਿੱਤਾ ਗਿਆ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨੂੰ ਬੜਾ ਹੁੰਗਾਰਾ ਮਿਲ ਰਿਹੈ। ਜੇ ਆਮ ਸੰਗਤ ਇਸ ਨਿਵੇਕਲੇ ਤਰੀਕੇ ਫਿਊਨਰਲ ਕਰਨ ਦੀ ਪਿਰਤ ਪਾ ਲਵੇ ਤਾਂ ਭਾਈਚਾਰੇ ਦਾ ਲੱਖਾ ਡਾਲਰ ਬਚ ਸਕਦੈ। ਆਪਣੇ ਪਿਆਰੇ ਬੱਚਿਆਂ ਕੋਲੋਂ ਅਸੀਸਾਂ ਲੈਣ ਦਾ ਇਹ ਇੱਕ ਉਤਮ ਤਰੀਕਾ ਹੈ। ਆਪਣੀ ਸੰਜਮੀ ਜੀਵਨ ਜਾਚ ਦਾ ਜਾਂਦੀ ਵਾਰੀ ਵੀ ਵਿਖਾਵਾ ਕਰ ਵਿਖਾਓ। ਆਉਣ ਵਾਲੀਆਂ ਨਸਲਾਂ ਤੁਹਾਨੂੰ ਯਾਦ ਕਰਨਗੀਆਂ।
ਇਸ ਮੰਡੀ ਸਿਸਟਮ ਵਿੱਚ ਆਪਣੇ ਫਿਊਨਰਲਾਂ ਨੂੰ ਘੱਟ ਤੋਂ ਘੱਟ ਭਾਅ ‘ਤੇ ਕਿਉਂਟਣ ਲਈ ਬਜ਼ੁਰਗ ਆਖਰੀ ਸਮੇਂ ‘ਤੇ ਕਿਸੇ ਕਿਸਮ ਦਾ ਬੋਝ ਨਹੀਂ ਬਣਨਾ ਚਾਹੁੰਦੇ। ਉਹ ਆਪਣੇ ਆਪ ਆਪਣਾ ਬੋਝ ਸਮੇਟ ਰੁਖਸਤ ਹੋਣ ਦੀ ਠਾਣੀ ਬੈਠੇ ਹਨ। ਉਹਨਾਂ ਨੇ ਕਈ ਵਾਰੀ ਪਰਿਵਾਰਕ ਤਾਣੇ-ਪੇਟੇ ਦੇ ਤਣਾਅਵਾਂ ਵਿੱਚ ਗੁਆਚੀਆਂ ਕਦਰਾਂ ਦੇ ਬਣਦੇ ਦੁਸਹਿਰੇ ਅੱਖੀਂ ਵੇਖੇ ਹਨ। ਕਈ ਅਤਿ ਦੇ ਅਣਹੋਣੇ ਭਾਣੇ ਜੱਗ ਜਾਹਰ ਹਨ। ਇਹੋ ਜਹੇ ਵਰਤਾਰੇ ਵਿੱਚ ਅੰਤਲੇ ਸਮੇਂ ਹੁੰਦੀ ਖੁਆਰੀ ਤੋਂ ਬਚਣ ਲਈ ਇਸ ਪੰਜਭੂਤੀ ਦੇਹ ਨੂੰ ਕਿਉਂਟਣ ਦੇ ਪ੍ਰਬੰਧਾਂ ਨੂੰ ਅਗਾਹੂੰ ਤਿਆਰ ਕਰ ਲਿਐ। ਇਹੋ ਜਿਹੇ ਅਹਿਸਾਸ ਉਹਨਾਂ ਮਾਲੀਆਂ ਨੂੰ ਹੀ ਹੁੰਦੈ ਜਿਨ੍ਹਾਂ ਨੇ ਆਪਣੇ ਹੱਥਾਂ ਤੇ ਪਲਕਾਂ ਦੇ ਸਾਏ ਹੇਠ ਆਪਣੇ ਪਰਿਵਾਰਕ ਬਾਗ ਨੂੰ ਪਾਲਿਆ ਹੁੰਦੈ।
ਬਜ਼ੁਰਗ ਨਹੀਂ ਚਹੁੰਦੇ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਰਸਮਾਂ ‘ਤੇ ਵੱਡੀਆਂ ਰਕਮਾਂ ਖ਼ਰਚ ਕਰਨ। ਏਸੇ ਕਰਕੇ ਮਜਬੂਰੀ ਵੱਸ ਕਈ ਘਰਾਂ ਵਾਲੇ ਬਜ਼ੁਰਗਾਂ ਨੂੰ ਮਰਨ ਲਈ ਪੰਜਾਬ ਭੇਜ ਦਿੰਦੇ ਹਨ। ਉਨ੍ਹਾਂ ਲਈ ਘਰ ਦੀਆਂ ਮੌਰਗੇਜਾਂ ਤੇ ਬੱਚਿਆਂ ਦੀ ਪੜ੍ਹਾਈ ਵਗੈਰਾ ਦੇ ਭਾਰੀ ਖ਼ਰਚੇ ਇੱਕ ਚੈਲਿੰਜ ਬਣ ਜਾਂਦੇ ਹਨ। ਲੋਕ ਫਿਊਨਰਲ ਵਰਗੇ ਮਹਿੰਗੇ ਫਜ਼਼ੂਲ ਦੇ ਖ਼ਰਚੇ ਦੇ ਬੋਝ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਕਈ ਬਜ਼ੁਰਗ ਤਾਂ ਆਪਣੀਆਂ ਨਿਰਜਿੰਦ ਦੇਹਾਂ ਨੂੰ ਦਾਨ ਵੀ ਕਰ ਰੱਖਿਆ ਹੋਇਐ। ਹਸਪਤਾਲ ਵਾਲੇ ਸੰਭਾਲਣ, ਖੋਜਾਂ ਕਰਨ ਤੇ ਆਉਂਦੀਆਂ ਪੁਸ਼ਤਾਂ ਦੀ ਸਿਹਤ ਲਈ ਨਵੇਂ ਗਿਆਨ ਦੀ ਖੋਜ ਕਰਨ। ਮਰਨ ਪਿੱਛੋਂ ਮਹਿੰਗੇ ਤਾਬੂਤਾਂ ਵਿੱਚ ਰੱਖਣਾ ਸਾਡੇ ਕਿਸੇ ਵੀ ਰਿਵਾਜ ਵਿੱਚ ਸ਼ਾਮਲ ਨਹੀਂ। ਇਹ ਪ੍ਰੰਪਰਾ ਸਿਰਫ ਸਰਮਾਏਦਾਰੀ ਸਿਸਟਮ ਦੀ ਕਾਢ ਹੈ। ਕੈਨੇਡਾ ਵਿੱਚ ਜਿੱਥੇ ਆਪਣੇ ਧਾਰਮਿਕ ਸੰਸਕਾਰਾਂ ਨੂੰ ਕਾਇਮ ਰੱਖਣ ਦੀ ਪੂਰੀ ਖੁੱਲ੍ਹ ਹੈ, ਉਥੇ ਕਿਸੇ ਵੀ ਧਰਮ ਵਾਲੇ ਨੇ ਹਾਲਾਂ ਤੱਕ ਇਹ ਖੁੱਲ੍ਹ ਲੈਣ ਦੀ ਜੁਰਅਤ ਨਹੀਂ ਕੀਤੀ ਕਿ ਅਸੀਂ ਆਪਣੇ ਮੁਰਦੇ ਨੂੰ ਮਹਿੰਗੇ ਤਾਬੂਤ ਵਿੱਚ ਨਹੀਂ ਰੱਖਣਾ। ਤਾਬੂਤ ਵੇਚਣ ਵਾਲਿਆਂ ਨੇ ਇਹ ਵਹਿਮ ਖਿਲਾਰ ਰੱਖਿਐ ਕਿ ਤਾਬੂਤ ਕਨੂੰਨ ਜ਼ਰੂਰੀ ਹੈ। ਇਸ ਤੋਂ ਬਿਨਾਂ ਫਿਊਨਰਲ ਨਹੀਂ ਹੋ ਸਕਦਾ। ਪਰ ਇਹ ਨਿਰਾ ਵਪਾਰਕ ਢਕੌਂਸਲਾ ਹੈ। ਇਹ ਮਜ਼ਬੂਰੀ ਨਹੀਂ; ਇੱਕ ਭੇਡ ਚਾਲ ਹੈ। ਜਿਵੇਂ ਵਪਾਰੀ ਲੋਕਾਂ ਨੇ ਮਦਰਜ਼ ਡੇਅ, ਫਾਦਰਜ਼ ਡੇਅ ਅਤੇ ਹੋਰ ਖ਼ਰਚੀਲੇ ਤਿਉਹਾਰ ਜਿਵੇਂ ਹੈਲੋਵੀਨ, ਕਰਿਸਮਸ ਅਤੇ ਬੌਕਸ ਡੇਅ ਪ੍ਰਚਲਤ ਕਰ ਰੱਖੇ ਹਨ। ਇਸੇ ਤਰ੍ਹਾਂ ਲਿਸ਼ਕਾਂ ਮਾਰਦੇ ਵੱਡੇ ਵੱਡੇ ਹਾਲਾਂ ਵਾਲੇ ਫਿਊਨਰਲ ਘਰਾਂ ਵਿੱਚ ਸਧਾਰਣ ਬੰਦੇ ਦਾ ਫਿਊਨਰਲ ਐਸੇ ਪੰਪ ਐਂਡ ਸ਼ੋਅ ਨਾਲ ਕਰਦੇ ਹਨ ਜਿਵੇਂ ਉਹ ਕਿਸੇ ਸ਼ਾਹੀ ਪਰਿਵਾਰ ਦਾ ਬੰਦਾ ਹੋਵੇ। ਭਾਵੇ ਬੰਦੇ ਨੇ ਅਸਤਕਾਲ ਬਿਰਧ ਆਸ਼ਰਮ ‘ਚ ਗੁਜ਼ਾਰਿਆ ਹੋਵੇ। ਵੇਖਾ ਵੇਖੀ ਲੋਕ ਉਸੇ ਤਰ੍ਹਾਂ ਇਸ ਭੇਡਚਾਲ ਦਾ ਸਿ਼ਕਾਰ ਹੋਈ ਜਾ ਰਹੇ ਹਨ ਜਿਵੇਂ ਪੰਜਾਬ ਵਿੱਚ ਮੈਰਿਜ ਪੈਲਸਾਂ ਵਿਖੇ ਪੰਜਾਬੀ ਸਿੰਗਰਾਂ ਨੂੰ ਸਦਣ ਲਈ ਲੱਖਾਂ ਖ਼ਰਚਦੇ ਹਨ।
ਐਸੇ ਕਰੀਮੇਸ਼ਨ ਸੈਂਟਰ ਵੀ ਹਨ ਜੋ ਇੱਕ ਗੱਤੇ ਦੇ ਡੱਬੇ ਵਿੱਚ ਦੇਹ ਹਸਪਤਾਲ ਤੋਂ ਪ੍ਰਾਪਤ ਕਰ ਲੈਂਦੇ ਹਨ। ਆਪਣੀ ਸਿਮਿਟਰੀ ਵਿੱਚ ਦੇਹ ਨੂੰ ਲਾਈਨ ਵਿੱਚ ਲਾ ਦਿੱਤਾ ਜਾਂਦੈ। ਹਫਤੇ ਦੇ ਵਿੱਚ ਵਿੱਚ ਜਿਸ ਦਿਨ ਨੰਬਰ ਲਗਣਾ ਹੋਵੇ ਉਸ ਦਿਨ ਪਰਿਵਾਰ ਨੂੰ ਦਰਸ਼ਨ ਕਰਨ ਲਈ ਇੱਕ ਅੱਧੇ ਘੰਟੇ ਦਾ ਸਮਾਂ ਦੇਂਦੇ ਹਨ। ਤੁਸੀਂ ਆਪਣੇ ਪਰਿਵਾਰਾਂ ਨਾਲ ਕੀਰਤਨ ਸੋਹਲਾ ਪੜ੍ਹੋ ਅਤੇ ਅੰਤਮ ਅਰਦਾਸ ਕਰੋ। ਗੁਰਦੁਆਰੇ/ਮੰਦਰ ਵਿੱਚ ਆਕੇ ਇਕੱਠੇ ਹੋ ਅਰਦਾਸ ਕਰੋ ਤੇ ਪਬਲਿਕ ਸ਼ਰਧਾਂਜਲੀਆਂ ਦੇਵੋ। ਤੁਹਾਡਾ ਕੰਮ ਸੰਪੰਨ ਹੋ ਜਾਂਦੈ। ਸਾਰੀ ਦਿਹਾੜੀ ਕਦੇ ਸ਼ੋਇੰਗ, ਕਦੇ ਫਿਊਨਰਲ ਅਤੇ ਕਦੇ ਗੁਰਦੁਆਰੇ ਮੰਦਰ ਵਿੱਚ ਅੰਤਮ ਅਰਦਾਸਾਂ ਉੱਪਰ ਕਈ ਕਈ ਕੀਮਤੀ ਘੰਟੇ ਖਰਾਬ ਕਰਨ ਦੀ ਕੋਈ ਲੋੜ ਨਹੀਂ। ਮੌਤ ਦੇ ਸਰਟੀਫਿਕੇਟਾਂ ਦੇ ਨਾਲ ਤੁਹਾਨੂੰ ਘਰ ਬੈਠਿਆਂ ਨੂੰ ਅਸਥੀਆਂ ਭੇਜ ਦਿਤੀਆਂ ਜਾਂਦੀਆਂ ਹਨ ਜਾਂ ਤੁਸੀ ਖੁਦ ਪ੍ਰਾਪਤ ਕਰ ਸਕਦੇ ਹੋ। ਜਿਥੇ ਮਰਜ਼ੀ ਜਲ ਪ੍ਰਵਾਹ ਕਰੋ।
ਬੀਤੇ ਹਫਤੇ ਬਜ਼ੁਰਗਾਂ ਦੀ ਸੰਸਥਾ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀਆਂ ਕੋਸਿ਼ਸ਼ਾਂ ਨਾਲ ਪ੍ਰਾਪਤ ਹੋਏ ਪੈਕੇਜ ਤਹਿਤ ਫਿਊਨਰਲ ਹੋਣੇ ਅਰੰਭ ਹੋ ਗਏ ਹਨ। ਸਬੰਧਤ ਪਰਿਵਾਰਾਂ ਨੇ ਅਤਿ ਦੀ ਤਸੱਲੀ ਪ੍ਰਗਟ ਕੀਤੀ ਹੈ। ਇਹ ਤਾਂ ਹਰ ਘਰ ਦੀ ਜ਼ਰੂਰਤ ਹੈ। ਇੱਕ ਬੀਬੀ ਨੇ ਕਿਹਾ ਅੰਕਲ ਜੀ ਤੁਸੀਂ ਤਾਂ ਸਾਨੂੰ ਰੱਬ ਬਣਕੇ ਬਹੁੜੇ ਹੋ। ਮੌਤ ਦਾ ਕੋਈ ਸਮਾਂ ਨਹੀਂ ਹੁੰਦਾ। ਇਹ ਕਿਸੇ ਵੇਲੇ ਕਿਸੇ ‘ਤੇ ਵੀ ਵਾਪਰ ਸਕਦੈ। ਜੇ ਕਿਤੇ ਇਹ ਕਿਸੇ ਨਵੇਂ ਆਏ ‘ਤੇ ਵਾਪਰ ਜਾਏ ਤਾਂ ਵਖ਼ਤ ਪੈ ਜਾਂਦੇ ਹਨ। ਸੀਨੀਅਰਜ਼ ਕਲੱਬਾਂ ਦੀ ਐਸੋਸੀਏਸ਼ਨ ਨੇ ਇਹ ਇੱਕ ਮਾਅਕਾਖੇਜ ਉਦਮ ਕੀਤਾ ਹੈ। ਵੈਸੇ ਬਜ਼ੁਰਗਾਂ ਨੂੰ ਵੀ ਆਪਣੀ ਵਸੀਅਤ ਦੇ ਨਾਲ ਅੰਤਕਾਲ ਕਿਉਂਟਨ ਸਬੰਧੀ ਆਪਣੀ ਇੱਛਾ ਜ਼ਰੂਰ ਲਿਖ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਫਜ਼ੂਲ ਕੱਠ ਕਰਨ ਦੀਆਂ ਰਸਮਾਂ ‘ਤੇ ਵੱਡੇ ਖ਼ਰਚ ਕਰਨ ਦੀ ਬਜਾਏ ਇਹ ਪੈਸਾ ਪਿੱਛੇ ਉਹਦੇ ਪਿੰਡ ਦੇ ਗਰੀਬ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਫੀਸਾਂ, ਪਿੰਗਲਵਾੜਾ, ਅਪਹਾਜ ਤੇ ਬਿਰਧ ਆਸ਼ਰਮਾਂ ਆਦਿ ਦੀ ਮਦਦ ਵਿੱਚ ਲਾਉਣ ਲਈ ਕਹਿ ਰੱਖਣਾ ਚਾਹੀਦਾ ਹੈ। ਮਰਨ ਪਿੱਛੋਂ ਬਿਸਤਰੇ, ਬਸਤਰ, ਮੰਜੇ ਦੇਣੇ ਕਰਮਕਾਂਡਾਂ ਤੋਂ ਵੱਧ ਕੁਝ ਨਹੀਂ। ਗੁਰਦੁਆਰਿਆਂ ਕੋਲੋਂ ਤਾਂ ਪਹਿਲਾਂ ਹੀ ਰੁਮਾਲੇ ਨਹੀਂ ਸੰਭਾਲੇ ਜਾ ਰਹੇ। ਇਹੋ ਜਿਹੇ ਤਰੀਕਿਆਂ ਨਾਲ ਅਸਤਕਾਲ ਦੀ ਦੁਰਦਰਸ਼ਾ ਤੋਂ ਇਹ ਪੰਜਭੂਤੀ ਸਰੀਰ ਬਚ ਜਾਏਗਾ ਤੇ ਉਸ ਦੀ ਭਾਵਨਾ ਦਾ ਵਧੀਆ ਸਨਮਾਨ ਹੋ ਸਕੇਗਾ। ਠੀਕ ਹੈ ਨਾ ਦੋਸਤੋ! ਵਧ ਤੋਂ ਵਧ ਇੰਤਜ਼ਾਮ ਕਰੋ। ਇਸ ਵਿੱਚ ਹੀ ਤੁਹਾਡੀ ਦਾਨਸ਼ਮੰਦੀ ਦਾ ਪ੍ਰਗਟਾਵਾ ਹੈ।
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346