(ਜੋਗਿੰਦਰ ਕੈਰੋਂ
ਪੰਜਾਬੀ ਜ਼ਬਾਨ ਦਾ ਇੱਕ ਵਿਲੱਖਣ ਗਲਪਕਾਰ ਹੈ। ਉਸਨੇ ਸ਼ੁਰੂ ਵਿਚ ਸੰਕੇਤਿਕ ਅਤੇ
ਪ੍ਰਤੀਕਾਤਮਕ ਕਹਾਣੀਆਂ ਲਿਖ ਕੇ ਇੱਕ ਅਲੱਗ ਕਿਸਮ ਦੀ ਬੌਧਿਕ ਊਰਜਾ ਵਾਲੀ ਸੰਜਮੀ ਸ਼ੈਲੀ ਦੀ
ਸਿਰਜਣਾ ਕੀਤੀ। ਉਪਰੰਤ ਉਸਨੇ ‘ਨਾਦ-ਬਿੰਦ’ ਅਤੇ ‘ਸਭਨਾਂ ਜਿੱਤੀਆਂ ਬਾਜ਼ੀਆਂ’, ਰੋਜ਼ਾ
ਮੇਅ’, ਨੀਲੇ ਤਾਰਿਆਂ ਦੀ ਮੌਤ’ ਜਿਹੇ ਨਿਵੇਕਲੀ ਕਿਸਮ ਦੇ ਨਾਵਲ ਲਿਖ ਕੇ ਨਾਵਲ ਖੇਤਰ ਵਿਚ
ਆਪਣੀ ਪੈਂਠ ਬਣਾਈ। ਉਹਦੇ ਵਿਹਾਰ, ਬੋਲਾਂ ਅਤੇ ਰਚਨਾ ਵਿਚੋਂ ਮਾਝਾ ਖੇਤਰ ਆਪਣੇ ਪੂਰੇ ਜਲੌ
ਨਾਲ ਜਲਵਾਗਰ ਹੁੰਦਾ ਹੈ। ਅਸੀਂ ਇਸ ਵਾਰ ‘ਸੀਰਤ’ ਵਿਚ ਛਪ ਚੁੱਕਾ ਆਪਣੇ ਤਾਏ ਬਾਰੇ ਲਿਖਿਆ
ਸਕੈੱਚ ਪਾਠਕਾਂ ਦੀ ਮੰਗ ‘ਤੇ ਦੋਬਾਰਾ ਛਾਪ ਰਹੇ ਹਾਂ। -ਸੰਪਾਦਕ)
ਬੜੀ ਦੇਰ ਤੋਂ ਮੈ ਆਪਣੇ
ਤਾਏ ਬਾਰੇ ਲਿਖਣਾ ਚਾਹੁੰਦਾ ਸੀ ਕਿਉਂਕਿ ਮੇਰਾ ਤਾਇਆ ਪੰਜਾਬੀ ਸੱਭਿਆਚਾਰ ਦਾ ਬੜਾ ਅਜ਼ੀਬ
ਚ੍ਰਿੱਤਰ ਹੈ। ਜਦ ਮੈਂ ਛੋਟਾ ਹੁੰਦਾ ਸੀ ਤਾਂ ਮੈਨੂੰ ਤਾਏ ਵਿੱਚ ਕੋਈ ਵੀ ਵਾਧੂ ਖੂਬੀ ਨਹੀਂ
ਸੀ ਲੱਗਦੀ ਪਰ ਜਿਵੇਂ ਜਿਵੇਂ ਮੈਨੂੰ ਜਿੰਦਗੀ ਦੀ ਸਮਝ ਲੱਗੀ ਮੈਂ ਸਾਹਿਤ ਵਿੱਚੋਂ ਜਿੰਦਗੀ
ਦੇ ਅਜੀਬੋ ਗਰੀਬ ਚਰਿਤਰ ਪੜ੍ਹੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਤਾਇਆ ਵੀ ਇੱਕ ਵਿਸ਼ੇਸ਼
ਪਾਤਰ ਹੈ ਅਤੇ ਮੈਂ ਜਾਣਦਾ ਹਾਂ ਕਿ ਪੰਜਾਬ ਵਿੱਚ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਪਾਤਰ ਹਨ
ਜਿਹੜੇ ਤਕਰੀਬਨ ਹਰ ਪਿੰਡ ਵਿੱਚ ਵਿਚਰ ਰਹੇ ਹਨ ਅਤੇ ਵਿੱਚਰ ਚੁੱਕੇ ਹਨ ਜਿਹੜੇ ਬਿਲਕੁਲ ਹੀ
ਅਣਗੌਲੇ ਰਹਿ ਗਏ ਹਨ। ਜਨੀ ਜਿੰਨ੍ਹਾ ਵੱਲ ਕਿਸੇ ਗਹਿਰੀ ਨਜ਼ਰ ਵਾਲੇ ਦੀ ਨਿਗ੍ਹਾ ਹੀ ਨਹੀਂ
ਗਈ। ਪਰ ਮੇਰਾ ਤਾਇਆ ਮੇਰੀਆਂ ਰਚਨਾਵਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਬਾਰ ਬਾਰ ਆਉਂਦਾ ਹੈ।
ਮੈਂ ਹੈਰਾਨ ਹਾਂ ਕਿ ਤਾਇਆ ਚਿੱਟਾ ਅਨਪੜ੍ਹ ਹੈ ਅਤੇ ਉਸ ਨੇ ਸਾਰੀ ਉਮਰ ਕਿਵੇਂ ਕੱਢ ਲਈ?
ਤਾਏ ਹੋਰਾਂ ਦੇ ਟੱਬਰ ਬਾਰੇ ਮੈਂ ਕਹਿੰਦਾ ਹੁੰਦਾ ਹਾਂ ਕਿ ਅਤੇ ਸਾਡੇ ਅੰਗਾਂ ਸਾਕਾਂ ਵਿੱਚ
ਵੀ ਇਹੋ ਹੀ ਗੱਲ ਮਸ਼ਹੂਰ ਹੈ ਕਿ ਇਹ ਲੋਕ ਡਿਵੈਲਪ ਹੋਏ ਏਰੀਏ ਵਿੱਚ ਨਹੀਂ ਰਹਿ ਸਕਦੇ। ਉਹ
ਏਰੀਆ ਜਿਥੇ ਤਾਏ ਹੋਰੀਂ ਰਹਿੰਦੇ ਹੋਣ ਜਦ ਡਿਵੈਲਪ ਹੋ ਜਾਂਦਾ ਹੈ ਤਾਂ ਉਹ ਅੱਗੇ ਚਲੇ ਜਾਂਦੇ
ਹਨ। ਸ਼ਾਇਦ ਉਹਨਾਂ ਦੇ ਸੁੱਖ ਦਾ ਇਹੋ ਹੀ ਰਾਜ਼ ਹੈ। ਪਹਿਲਾਂ ਉਹ ਬਾਰ ਦੇ ਪਿੰਡਾਂ ਵਿੱਚ
ਮੁਰੱਬਿਆ ਵਿੱਚ ਵਾਹੀ ਖੇਤੀ ਕਰਦੇ ਅਤੇ ਮੌਜਾਂ ਨਾਲ ਰਹਿੰਦੇ ਸਨ ਪਰ ਜਦ ਪਾਕਿਸਤਾਨ ਬਣਿਆਂ
ਤਾਂ ਉਹਨਾਂ ਨੂੰ ਇਧਰ ਆਉਣਾ ਪੈ ਗਿਆ। ਜ਼ਮੀਨ ਅਜਨਾਲੇ ਤਹਿਸੀਲ ਵਿੱਚ ਪੈ ਗਈ ਜਿਥੇ ਹੜ੍ਹ ਬੜੇ
ਆਉਂਦੇ ਸਨ। ਜਦ ਉਥੇ ਧੁੱਸੀ ਬੱਝ ਗਈ ਹੜ੍ਹ ਆਉਣੋ ਹਟ ਗਏ ਤਾਂ ਤਾਏ ਹੋਰੀਂ ਜਮੀਨ ਕੈਂਸਲ
ਕਰਵਾ ਕੇ ਸਰਸੇ ਤਹਿਸੀਲ ਵਿੱਚ ਲੈ ਗਏ ਜਿਥੇ ਜੰਗਲ ਹੀ ਜੰਗਲ ਸਨ। ਜਦ ਕੁੱਝ ਸਾਲਾਂ ਬਾਅਦ
ਜੰਗਲ ਵੱਢ ਕੇ ਜਮੀਨ ਆਬਾਦ ਕੀਤੀ। ਉਸ ਤੋਂ ਬਾਅਦ ਉਥੇ ਸੜਕ ਅਤੇ ਬਿਜਲੀ ਵੀ ਆ ਗਈ ਤਾਂ ਤਾਏ
ਹੋਰੀਂ ਜਮੀਨ ਵੇਚ ਕੇ ਰਾਜਸਥਾਨ ਵਿੱਚ ਕੋਟੇ ਬੂੰਦੀ ਨੇੜੇ ਚਲੇ ਗਏ। ਜਦ ਮੈਂ ਪਿਛਲੀ ਵਾਰ
ਅਮਰੀਕਾ ਤੋਂ ਵਾਪਿਸ ਗਿਆ ਤਾਂ ਤਾਏ ਦੀ ਪੋਤਰੀ ਦੇ ਵਿਆਹ ਦਾ ਕਾਰਡ ਆਇਆ ਹੋਇਆ ਸੀ ਮੇਰਾ ਵੀ
ਤਾਏ ਨੂੰ ਮਿਲਣ ਦਾ ਬੜਾ ਚਿੱਤ ਕਰਦਾ ਸੀ ਮਿਲਣ ਲਈ ਮਨ ਵਿੱਚ ਇਹ ਗੱਲ ਸੀ ਕਿ ਮਨਾ ਫਿਰ ਪਤਾ
ਨਹੀਂ ਕਦੀ ਮਿਲਿਆ ਜਾਣਾ ਹੈ ਜਾਂ ਨਹੀਂ ਚਲੋ ਨਾਲੇ ਵਿਆਹ ਵੇਖ ਆਉਂਦੇ ਹਾਂ ਨਾਲੇ ਤਾਏ ਨੂੰ
ਮਿਲ ਆਉਂਦੇ ਹਾਂ। ਉਂਝ ਵੀ ਤਾਏ ਦਾ ਮੇਰੇ ਨਾਲ ਮੋਹ ਵੀ ਬੜਾ ਸੀ ਮੈਨੂੰ ਛੋਟੇ ਹੁੰਦਿਆਂ ਤਾਏ
ਨੇ ਹੀ ਇੱਕ ਹਿਸਾਬ ਨਾਲ ਪਾਲਿਆ ਸੀ। ਮੇਰੇ ਛੋਟੇ ਹੁੰਦੇ ਦੀ ਮਾਂ ਦੀ ਮੌਤ ਹੋ ਜਾਣ ਤੋਂ
ਬਾਅਦ ਤਾਏ ਨੇ ਹੀ ਮੈਨੂੰ ਖਿਡਾਇਆ ਸੀ ਅਤੇ ਮੈਨੂੰ ਲਾਡ ਲਿਡਾਏ ਸਨ। ਉਸ ਨੇ ਮੈਨੂੰ ਆਪਣੇ
ਧੀਆਂ ਪੁਤਰਾਂ ਨਾਲੋਂ ਵੀ ਵੱਧ ਪਿਆਰ ਦਿੱਤਾ ਸੀ। ਸੋ ਬਹੁਤ ਕੁੱਝ ਸੋਚ ਵਿਚਾਰ ਕੇ ਮੋਹ ਵੱਸ
ਮੈਂ ਉਸ ਵਿਆਹ ਉਪਰ ਚਲਾ ਹੀ ਗਿਆ। ਮੈਨੂੰ ਵੇਖ ਕੇ ਤਾਏ ਨੂੰ ਚਾਅ ਹੀ ਚੱੜ੍ਹ ਗਿਆ। ਇੱਕ
ਹਫ਼ਤਾ ਜਿਵੇਂ ਕਹਿੰਦੇ ਹੁੰਦੇ ਆ ਕਿ ਵਿਆਹ ਵਾਂਗ ਲੰਘਿਆ ਪਰ ਉਹ ਤਾਂ ਸੱਚ ਮੁੱਚ ਹੀ ਵਿਆਹ
ਸੀ।
ਜਦ ਮੈਂ ਵਿਆਹ ਤੋਂ ਬਾਅਦ ਵਾਪਸ ਆਉਣ ਲੱਗਿਆ ਤਾਂ ਤਾਇਆ ਕਹਿਣ ਲੱਗਾ ਕਿ ਚੰਗਾ ਕੀਤਾ ਤੂੰ ਆ
ਗਿਆ ਹੈਂ ਜਿਉਂਦਿਆ ਦੇ ਮੇਲੇ ਹੋ ਗਏ, ਹੁਣ ਤੂੰ ਭਾਵੇਂ ਮੇਰੇ ਭੋਗ ਤੇ ਵੀ ਨਾ ਆਈਂ।
ਤਾਏ ਦੀ ਉਮਰ ਹੁਣ ਸੌ ਤੋਂ ਉਪਰ ਹੈ। ਤਾਈ ਦੀ ਕੁੱਝ ਘੱਟ ਹੋਣੀ ਹੈ, ਤਾਏ ਦੇ ਮੁੰਡਿਆ ਨੇ
ਦੱਸਿਆ ਕਿ ਤਾਈ ਤੇਰੀ ਇੱਕ ਦਿਨ ਚਲੇ ਚਲੀ ਸੀ, ਬੇਹੋਸ਼ ਆਪ ਹੋ ਗਈ ਤੇ ਉਚੀ ਉਚੀ ਬੋਲੀ ਜਾਵੇ,
ਬਾਪੂ ਆਪਣੇ ਨਾਲ ਕਾਨਾ ਪਾ ਦਿਓ ਕਾਨਾ ਪਾ ਦਿਓ!
ਲ਼ੋਕ ਵਿਸਵਸ਼ ਹੈ ਕਿ ਮੁਰਦੇ ਨਾਲ ਕਾਨਾ ਜ਼ਰੂਰ ਪਾਉਣਾ ਚਾਹੀਦਾ ਨਹੀਂ ਤਾਂ ਮੁਰਦਾ ਵੱਧ ਜਾਂਦਾ
ਹੈ।
ਤਾਏ ਦੀ ਯਾਦ ਮੈਨੂੰ ਉਦੋਂ ਦੀ ਹੈ ਜਦੋਂ ਬਚਪਨ ਵਿੱਚ ਇੱਕ ਰਾਤ ਮੈਂ ਪਾਣੀ ਮੰਗਦਾ ਮੰਗਦਾ ਰੋ
ਰਿਹਾ ਸੀ ਅਤੇ ਬਾਰ ਬਾਰ ਕਹਿ ਰਿਹਾ ਸੀ ਕਿ ਮੈਂ ਪਾਣੀ ਦਾ ਗਲਾਸ ਭਰ ਕੇ ਹੀ ਲੈਣਾ ਹੈ। ਪਾਣੀ
ਵਾਲੀ ਘੜਵੰਜੀ ਉਪਰ ਤਿੰਨ ਘੜੇ ਪਏ ਸਨ। ਤਾਇਆ ਮੈਨੂੰ ਵਿਖਾ ਵਿਖਾ ਕੇ ਪਾਣੀ ਦਾ ਗਲਾਸ ਭਰੀ
ਜਾ ਰਿਹਾ ਸੀ। ਪਰ ਮੈਂ ਫਿਰ ਵੀ ਇਹੋ ਕਹੀ ਜਾ ਰਿਹਾ ਸਾਂ ਕਿ ਮੈਂ ਭਰ ਕੇ ਹੀ ਲੈਣਾ ਹੈ।
ਮੈਨੂੰ ਰੋਂਦਿਆਂ ਸੁਣ ਕੇ ਇੱਕ ਗੁਆਂਢੀ ਮੇਰੇ ਤਾਏ ਨੂੰ ਪੁੱਛਣ ਲੱਗਾ, ਫ਼ੌਜਾ ਸਿਹਾਂ ਕੀ
ਮੰਗਦਾ ਹੈ ਮੁੰਡਾ?
ਤਾਏ ਦਾ ਜੁਆਬ ਸੀ ਕਿ ਕਹਿੰਦਾ ਹੈ ਪਾਣੀ ਦਾ ਗਲਾਸ ਭਰ ਕੇ ਲੈਣਾ ਹੈ।
ਗੁਆਢੀ ਕਹਿਣ ਲੱਗਾ ਕਿ ਭਰ ਦਿਓ ਪਾਣੀ ਦਾ ਗਲਾਸ ਇਹ ਕਿਹੜੀ ਵੱਡੀ ਗੱਲ ਹੈ।
ਤਾਇਆ ਕਹਿਣ ਲੱਗਾ ਆਜਾ ਤੂੰ ਭਰ ਦੇਹ ਫਿਰ।
ਸੰਨ ਸੰਤਾਲੀ ਵੇਲੇ ਤਾਇਆ ਬਾਰ ਦੇ ਗੁਆਂਢੀ ਪਿੰਡਾਂ ਵਿੱਚ ਲੁੱਟ ਮਾਰ ਕਰਨ ਜਾਂਦਾ ਸੀ, ਮੇਰਾ
ਦਾਦਾ ਉਸ ਨੂੰ ਗਾਲ ਮੰਦਾ ਕਰਦਾ ਕਿ ਤੁਸੀਂ ਲੋਕਾਂ ਨੂੰ ਲੁਟਦੇ ਫਿਰਦੇ ਹੋ ਤੁਸੀ ਆਪਣਾ ਟੱਬਰ
ਮਰਵਾ ਲੈਣਾ ਹੈ। ਪਰ ਤਾਏ ਨੂੰ ਕਦੀ ਵੀ ਕੋਈ ਪਰਵਾਹ ਨਹੀਂ ਸੀ ਹੋਈ। ਉਸ ਨੇ ਆਪਣੇ ਇੱਕ
ਮੁਸਲਮਾਨ ਮਿਸਤਰੀ ਕੋਲੋਂ ਇੱਕ ਤੋਪ ਬਣਵਾਈ ਹੋਈ ਸੀ। ਤੋਪ ਕੀਹ ਸੀ, ਇੱਕ ਲੋਹੇ ਦਾ ਪੋਰਾ
ਜਿਹਾ ਹੀ ਸੀ ਜਿਹੜਾ ਅਗਲੇ ਪਾਸੇ ਤੋਂ ਚੌੜਾ ਸੀ ਪਿਛਲੇ ਪਾਸੇ ਤੋਂ ਤੰਗ ਸੀ। ਜਿਸ ਦੇ ਪਿਛਲੇ
ਵਾਲੇ ਪਾਸੇ ਇੱਕ ਮੋਰੀ ਸੀ। ਜਿਥੇ ਪਲੀਤਾ ਲੱਗਦਾ ਸੀ। ਜਿਸ ਦਿਨ ਉਸ ਨੇ ਤੋਪ ਟੈਸਟ ਕਰਨੀ ਸੀ
ਉਹ ਬਾਪੂ ਨੂੰ ਕਹਿਣ ਲੱਗਿਆ ਕਿ ਬਾਪੂ ਰੌਲੇ ਪੈਣ ਵਾਲੇ ਹਨ ਆਪਾਂ ਖਰਾਸ ਤੇ ਆਟਾ ਪੀਹ ਲਈਏ।
ਬਾਪੂ ਤੋਂ ਆਗਿਆ ਲੈ ਕੇ ਉਹਨੇ ਖ਼ਰਾਸ ਜਾ ਜੋੜਿਆ। ਦਾਣੇ ਪੀਹਣ ਲਈ ਬਲਦ ਜੋੜ ਕੇ ਕਾਮਾ ਉਥੇ
ਛੱਡ ਕੇ ਆਪ ਘੋੜੀ ਉਪਰ ਚੱੜ੍ਹ ਕੇ ਤੋਪ ਲੈਣ ਚਲਾ ਗਿਆ। ਜਦੋਂ ਤੋਪ ਘੋੜੀ ਉਪਰ ਲੱਦ ਕੇ
ਵਾਪਿਸ ਆਇਆ ਤਾਂ ਉਸ ਤੋਪ ਨੂੰ ਖਰਾਸ ਦੇ ਚੰਨੇ ਨਾਲ ਬੰਨ ਕੇ ਚਲਾਉਣ ਲੱਗਿਆ ਤਾਂ ਉਸ ਨੂੰ
ਪਲੀਤਾ ਨਾ ਲਗਾਉਣਾ ਆਵੇ।
ਪਰੇਸ਼ਾਨ ਹੋਇਆ ਉਹ ਮੁੜ ਕੇ ਤੀਜੇ ਪਿੰਡ ਗਿਆ ਤੇ ਉਸ ਮੁਸਲਮਾਨ ਯਾਰ ਮਿਸਤਰੀ ਨੂੰ ਨਾਲ ਲੈ ਕੇ
ਆਇਆ ਕਿ ਮੈਨੂੰ ਪਲੀਤਾ ਲਗਾਉਣ ਦੀ ਜਾਚ ਦੱਸ ਦੇਹ। ਜਦੋਂ ਪਲੀਤਾ ਲਾਇਆ ਤੋਪ ਚੱਲੀ ਤੇ ਖਰਾਸ
ਦਾ ਚੰਨਾ ਢਹਿ ਗਿਆ। ਅਤੇ ਸਾਰੇ ਪਿੰਡ ਵਿੱਚ ਹਾਹਾ ਕਾਰ ਮੱਚ ਗਈ। ਤਾਏ ਨੇ ਸੰਨ ਸੰਤਾਲੀ
ਵੇਲੇ ਕਈ ਬੰਦੇ ਮਾਰੇ ਸਨ ਹੁਣ ਜਦੋਂ ਕਈ ਵਾਰ ਉਸ ਨੂੰ ਮੈਂ ਪੁਛਦਾ ਕਿ ਤਾਇਆ ਤੁਸੀਂ ਬੰਦੇ
ਕਿਉਂ ਮਾਰੇ ਹੁਣ ਤੁਹਾਨੂੰ ਅਫ਼ਸੋਸ ਨਹੀਂ ਹੁੰਦਾ ਬੰਦੇ ਮਾਰਨ ਦਾ? ਤਾਂ ਉਸ ਦਾ ਜੁਆਬ ਹੁੰਦਾ
ਕਿ ਲੈ ਅਫ਼ਸੋਸ ਕਾਹਦਾ? ਉਹ ਸਾਨੂੰ ਮਾਰਦੇ ਸੀ ਅਸੀਂ ਉਹਨਾਂ ਨੂੰ ਮਾਰਦੇ ਸਾਂ। ਉਹ ਕਹਿੰਦਾ
ਕਿ ਮੈਨੂੰ ਤਾਂ ਸਗੋਂ ਇੱਕ ਹਿਰਖ ਹੀ ਰਹਿ ਗਿਆ ਹੈ ਜਿਹੜਾ ਕੰਮ ਤੇਰੇ ਚਾਚੇ ਮਹਿੰਦਰ ਸਿੰਘ
ਨੇ ਕੀਤਾ ਉਹ ਮੇਰੇ ਕੋਲੋਂ ਨਹੀਂ ਹੋ ਸਕਿਆ। ਜਦੋਂ ਮੈਂ ਪੁੱਛਦਾ ਕਿ ਤਾਇਆ ਉਸ ਨੇ ਕੀ ਕੰਮ
ਕੀਤਾ ਸੀ ਤਾਂ ਉਸ ਦਾ ਜੁਆਬ ਹੁੰਦਾ ਸੀ ਕਿ, ਇੱਕ ਵਾਰ ਇੱਕ ਮੁਸਲਮਾਨ ਕਪਾਹ ਦੇ ਖੇਤ ਵਿੱਚ
ਲੁਕਿਆ ਹੋਇਆ ਸੀ। ਮਹਿੰਦਰ ਨੇ ਉਸ ਨੂੰ ਬਾਹਰ ਆਉਣ ਲਈ ਕਿਹਾ। ਜਦ ਉਹ ਬਾਹਰ ਆਇਆ ਤਾਂ
ਮਹਿੰਦਰ ਨੇ ਉਸ ਨੂੰ ਘੋੜੀ ਬਣਨ ਲਈ ਕਿਹਾ ਜਦ ਉਹ ਘੋੜੀ ਬਣ ਗਿਆ ਤਾਂ ਮਹਿੰਦਰ ਨੇ ਉਸ ਦੀ
ਕਿਰਪਾਨ ਨਾਲ ਧੌਣ ਲਾਹ ਦਿੱਤੀ ਪਰ ਮੈਂ ਅਜੇ ਤੱਕ ਘੋੜੀ ਬਣਾ ਕੇ ਕੋਈ ਬੰਦਾ ਨਹੀਂ ਮਾਰ
ਸਕਿਆ।
ਕਾਫ਼ਲੇ ਵਿੱਚ ਤਾਂ ਪਹਿਲਾਂ ਪਹਿਕ ਸਾਡੇ ਗੱਡੇ ਉਪਰ ਖਾਣ ਪੀਣ ਲਈ ਸਾਰਾ ਸਾਮਾਨ ਸੀ ਜਿਹੜਾ
ਅਸੀਂ ਪਿੰਡੋਂ ਲੈ ਕੇ ਚੱਲੇ ਸੀ ਪਰ ਹੌਲੀ ਹੌਲੀ ਇਹ ਸਾਰਾ ਸਾਮਾਨ ਖ਼ਤਮ ਹੁੰਦਾ ਗਿਆ। ਫਿਰ
ਤਾਇਆ ਘੋੜੀ ਉਪਰ ਚੱੜ੍ਹ ਕੇ ਉਹਨਾਂ ਪਿੰਡਾ ਵਿੱਚ ਜਾਂਦਾ ਜਿਹਨਾਂ ਵਿੱਚੋਂ ਸਿੱਖ ਆਬਾਦੀ ਉਜੜ
ਕੇ ਹਿੰਦੋਸਤਾਨ ਚਲੀ ਗਈ ਹੁੰਦੀ। ਉਥੇ ਸਿਰਫ ਮੁਸਲਮਾਨ ਲੋਕ ਹੀ ਰਹਿ ਗਏ ਸਨ। ਤਾਇਆ ਨਿਧੱੜਕ
ਉਹਨਾਂ ਪਿੰਡਾਂ ਵਿੱਚ ਜਾਂਦਾ। ਉਹਦੇ ਕੋਲ ਬਰਛਾ ਹੁੰਦਾ ਸੀ। ਕਈ ਵਾਰੀ ਉਹਦੇ ਨਾਲ ਚਾਚਾ
ਮਹਿੰਦਰ ਵੀ ਹੁੰਦਾ ਜਾਂ ਕੋਈ ਹੋਰ ਸਾਥੀ। ਉਹ ਉਥੋਂ ਦੇ ਮੁਸਲਮਾਨਾ ਨਾਲ ਘੋੜੀ ਉਪਰੋਂ ਹੀ
ਦਾਲ ਆਟੇ ਦਾ ਸੌਦਾ ਕਰਦਾ, ਫਿਰ ਉਹ ੳਹਨਾਂ ਨੂੰ ਕਹਿੰਦਾ ਕਿ ਆਟਾ ਅਤੇ ਦਾਲ ਐਸ ਕੰਧ ਉਪਰ
ਰੱਖ ਦਿਓ। ਮੈਂ ਪੈਸੇ ਵੀ ਇੱਥੇ ਹੀ ਰੱਖ ਦੇਵਾਂਗਾ। ਤਾਏ ਨੇ ਕਈ ਵਾਰ ਇੰਜ ਹੀ ਆਟਾ ਦਾਲ ਕਈ
ਪਿੰਡਾਂ ਵਿੱਚੋਂ ਲਿਆਂਦਾ ਸੀ। ਉਸ ਨੇ ਸਿਰਫ ਆਪਣੇ ਵਾਸਤੇ ਹੀ ਨਹੀਂ ਸਗੋਂ ਕਈ ਹੋਰਨਾ ਘਰਾਂ
ਨੂੰ ਵੀ ਇੰਜ ਹੀ ਰਾਸ਼ਨ ਲਿਆ ਕੇ ਦਿੱਤਾ ਸੀ। ਤਾਏ ਦੀ ਇਹ ਲੋਕ ਸਿਆਣਪ ਹੀ ਸੀ ਕਿ ਅੱਜ ਮੈਂ
ਜਿਉਂਦਾ ਜਾਗਦਾ ਹਾਂ। ਹੋਇਆ ਇੰਝ ਕਿ ਇੱਕ ਦਿਨ ਜਦ ਸਾਡਾ ਕਾਫ਼ਲਾ ਜਾ ਰਿਹਾ ਸੀ ਇੱਕ ਨਹਿਰ ਦੇ
ਮੋੜ ਤੋਂ ਇੱਕ ਮਿਲਟਰੀ ਵਾਲਾ ਤਾਏ ਨੂੰ ਕਹਿਣ ਲੱਗਿਆ ਕਿ ਆਪਣਾ ਗੱਡਾ ਨਹਿਰ ਦੀ ਪਟੜੀ ਦੇ
ਨਾਲ ਨਾਲ ਮੋੜਕੇ ਤੁਰੇ ਜਾਂਦੇ ਕਾਫ਼ਲੇ ਦੇ ਮਗਰ ਮਗਰ ਲਾ ਲਵੇ ਪਰ ਤਾਏ ਨੇ ਆਪਣਾ ਗੱਡਾ ਮੋੜਿਆ
ਨਹੀਂ ਸੀ ਅਤੇ ਆਪਣੇ ਹੀ ਹਿਸਾਬ ਨਾਲ ਅੱਗੇ ਨੂੰ ਲਈ ਗਿਆ, ਹੁਕਮ ਅਦੂਲੀ ਕਰਨ ਤੇ ਉਸ ਮਿਲਟਰੀ
ਵਾਲੇ ਨੇ ਤਾਏ ਦੀਆਂ ਮੌਰਾਂ ਵਿੱਚ ਡਾਂਗ ਮਾਰੀ ਪਰ ਤਾਏ ਨੇ ਡਾਂਗ ਦੀ ਪਰਵਾਹ ਨਾ ਕੀਤੀ ਅਤੇ
ਆਪਣੇ ਗੱਡੇ ਨੂੰ ਸਿੱਧਾ ਹੀ ਹੱਕੀ ਗਿਆ, ਇੰਜ ਬਾਕੀ ਮਗਰ ਆਉਂਦੇ ਗੱਡਿਆ ਦਾ ਕਾਫ਼ਲਾ ਵੀ ਤਾਏ
ਦੇ ਮਗਰ ਮਗਰ ਆ ਗਿਆ। ਜਦ ਅਸੀਂ ਬੱਲੋਕੀ ਵਾਲੇ ਹੈੱਡ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ
ਜਿਹੜੇ ਗੱਡੇ ਮਿਲਟਰੀ ਵਾਲੇ ਦੇ ਆਖੇ ਨਹਿਰ ਦੇ ਨਾਲ ਨਾਲ ਚਲੇ ਗਏ ਸਨ ਉਹਨਾਂ ਸਾਰਿਆ ਨੂੰ
ਲੁੱਟ ਲਿਆ ਗਿਆ ਹੈ ਅਤੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ। ਤਾਏ ਨੂੰ ਮਾਣ ਸੀ ਕਿ ਜੇ
ਸਾਡੇ ਕੋਲ ਤੋਪ ਨਾ ਹੁੰਦੀ ਤਾਂ ਸਾਡਾ ਕਾਫ਼ਲਾ ਵੀ ਮਾਰਿਆ ਜਾਣਾ ਸੀ।
ਤਾਏ ਦੇ ਕਈ ਕਾਰਨਾਮਿਆਂ ਦਾ ਮੈਨੂੰ ਵੱਡੇ ਹੋਕੇ ਪਤਾ ਲੱਗਿਆ ਸੀ। ਕੋਈ ਵੀ ਹੀਲਾ ਵਰਤਣਾ ਪਵੇ
ਪਰ ਤਾਇਆ ਕਿਸੇ ਕੰਮ ਵਿੱਚ ਹਾਰ ਨਹੀਂ ਸੀ ਮੰਨਦਾ। ਕਈ ਵਾਰ ਜਦ ਪਿੰਡ ਵਿੱਚ ਕਿਸੇ ਨੇ ਹਲਾਂ
ਦੀ ਮੰਗ ਪਾਉਣੀ ਤਾਂ ਤਾਏ ਨੇ ਸਾਰੀ ਰਾਤ ਆਪਣਾ ਹਲ਼ ਅਗਲੇ ਹਾਲੀ ਦੇ ਸਿਆੜ ਵਿੱਚ ਹੀ ਲਈ
ਜਾਣਾ। ਜਦੋਂ ਦਿਨ ਚੜ੍ਹਨਾਂ ਤਾਂ ਤਾਏ ਨੇ ਲਾ ਕੇ ਬਲਦਾਂ ਨੂੰ ਪਰਾਣੀ ਲਲਕਾਰਾ ਮਾਰਨਾ, ਆ
ਜਾਓ! ਪਈ ਜਿੰਨੇ ਮੇਰੇ ਬਲਦਾਂ ਨਾਲ ਬਲਦ ਭਜਾਉਣੇ ਨੇ। ਹੁਣ ਬਾਕੀਆਂ ਦੇ ਬਲਦ ਥੱਕੇ ਹੁੰਦੇ
ਸਨ ਅਤੇ ਤਾਏ ਦੇ ਵਸਮੇ। ਉਹਨਾਂ ਨਾਲ ਮੁਕਾਬਲਾ ਕੌਣ ਕਰੇ?
ਉਦੋਂ ਅਜੇ ਪੰਜਾਬ ਵੰਡਿਆ ਨਹੀਂ ਸੀ ਗਿਆ। ਇਧਰ ਆਣ ਕੇ ਮੈਂ ਅਤੇ ਤਾਏ ਨੇ ਸਾਰੇ ਪੰਜਾਬ ਦਾ
ਦੌਰਾ ਸਾਈਕਲਾਂ ਉਪਰ ਕੀਤਾ ਸੀ। ਤਾਇਆ ਜਦੋਂ ਵੀ ਸੜਕ ਉਪਰ ਸਾਈਕਲ ਚਲਾਉਂਦਾ ਤਾਂ ਹਰ ਇੱਕ
ਸਾਈਕਲ ਵਾਲੇ ਨਾਲ ਜ਼ਰੂਰ ਜਿੱਦ ਪੈਂਦਾ। ਕਈ ਸਿਆਣੇ ਹੰਦੇ ਸਨ ਉਹਨਾਂ ਜਿੱਦਣਾ ਨਾ ਪਰ ਤਾਏ ਨੇ
ਉਸ ਨੂੰ ਜਾਣ ਬੁੱਝ ਕੇ ਉਕਸਾਉਣਾ। ਕਈਆਂ ਦੀਆ ਤਾਏ ਨਾਲ ਬੁਰਦਾਂ ਲੱਗ ਜਾਂਦੀਆਂ। ਮੈਂ ਤਾਏ
ਹੋਰਾਂ ਦੇ ਪਿੱਛੇ ਰਹਿ ਜਾਣਾ। ਤਾਇਆ ਮੈਨੂੰ ਅਗਲੀ ਮੰਜਲ ਸਮਝਾ ਕੇ, ਕਿ ਕਿੱਥੇ ਮਿਲਣਾ ਹੈ,
ਅਗਲੇ ਬੰਦੇ ਨਾਲ ਸਾਈਕਲ ਭਜਾਉਣਾ ਸ਼ੁਰੂ ਕਰ ਦੇਂਦਾ।
ਜਦੋਂ ਕਿੰਨੀ ਦੇਰ ਬਾਅਦ ਮੈਂ ਜਾਕੇ ਤਾਏ ਨੂੰ ਮਿਲਦਾ ਤਾਂ ਤਾਇਆ ਮੈਨੂੰ ਸਮਝਾਉਂਦਾ, ਕਮਲਿਆ
ਜਦੋਂ ਇਹੋ ਜਿਹਾ ਪੇਚਾ ਪੈ ਜਾਵੇ ਤੇ ਤੁਹਾਨੂੰ ਪਤਾ ਲੱਗ ਜਾਵੇ ਕਿ ਅਗਲਾ ਤੁਹਾਡੇ ਤੋਂ ਤਕੜਾ
ਏ ਤਾਂ ਇੱਕ ਵਾਰ ਸਾਰਾ ਜ਼ੋਰ ਮਾਰ ਕੇ ਅਗਲੇ ਤੋਂ ਸਾਈਕਲ ਇੱਕ ਵਾਰ ਅੱਗੇ ਕੱਢ ਲਉ ਫਿਰ ਅੱਗੇ
ਜਿਹੜੀ ਵੀ ਸੜਕ ਆਵੇ, ਉਹ ਜਿਹੜੇ ਕਿਸੇ ਪਾਸੇ ਨੂੰ ਮੁੜਦੀ ਹੋਵੇ, ਉਧਰ ਨੂੰ ਹੀ ਆਪਣਾ ਸਾਈਕਲ
ਮੋੜ ਲਉ, ਅਗਲੇ ਨੂੰ ਕੀ ਪਤਾ ਕਿ ਤੁਸੀਂ ਕਿਧਰ ਨੂੰ ਜਾਣਾ ਹੈ।
ਤਾਇਆ ਕਦੀ ਹਾਰਨ ਵਾਲਾ ਬੰਦਾ ਨਹੀਂ ਸੀ। ਉਸ ਨੇ ਕਹਿਣਾ ਅਤੇ ਆਪ ਕਰਨਾ ਵੀ ਜਦੋਂ ਕਿਸੇ ਨੂੰ
ਤਾਪ ਵਗੈਰਾ ਚੜ੍ਹਨਾ ਤਾਂ ਤਾਏ ਨੇ ਸਲਾਹ ਦੇਣੀ ਕਿ ਵਾਹਣ ਵਿੱਚ ਲੇਟੋ, ਆਪੇ ਹੀ ਬੁਖਾਰ ਲੱਥ
ਜਾਉਗਾ। ਤਾਇਆ ਆਪ ਵੀ ਜਦੋਂ ਉਸ ਨੂੰ ਬੁਖਾਰ ਵਗੈਰਾ ਚੱੜ੍ਹਦਾ ਤਾਂ ਇੰਜ ਹੀ ਕਰਦਾ, ਉਹ
ਕਹਿੰਦਾ ਹੁੰਦਾ ਸੀ ਕਿ ਬੁਖਾਰ ਵੀ ਬੰਦੇ ਨੂੰ ਵੇਖ ਲੈਂਦਾ ਹੈ ਕਿ ਕਿਹੜਾ ਬੰਦਾ ਵਿਹਲਾ ਹੈ।
ਜਿਹੜਾ ਬੰਦਾ, ਬੁਖਾਰ ਭਾਵੇਂ ਪੰਜਾ ਮੀਲਾਂ ਤੇ ਹੋਵੇ ਤੇ ਮੰਜਾ ਮੱਲ ਕੇ ਚਾਦਰ ਲੈ ਕੇ ਪੈ
ਜਾਵੇ, ਉਹ ਉਸ ਨੂੰ ਹੀ ਚੱੜ੍ਹਦਾ ਹੈ ਕਿਉਂਕਿ ਬੁਖਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ
ਮੈਨੂੰ ਹੀ ਉਡੀਕ ਰਿਹਾ ਹੈ।
ਬਾਰ ਵਾਲੇ ਪਿੰਡ ਵਿੱਚ ਤਾਏ ਬਾਰੇ ਮਸ਼ਹੂਰ ਸੀ ਕਿ ਫ਼ੌਜਾ ਸਿੰਘ ਜਿੰਨਾ ਮਰਜ਼ੀ ਮੋਟਾ ਰੱਸਾ
ਵੱਟਿਆ ਹੋਵੇ ਤੋੜ ਦੇਂਦਾ ਹੈ। ਫਿਰ ਸ਼ਰਤਾਂ ਲੱਗਦੀਆਂ ਲੋਕ ਇਕੱਠੇ ਹੁੰਦੇ, ਮੋਟਾ ਸਾਰਾ ਰੱਸਾ
ਵੱਟਿਆ ਜਾਂਦਾ। ਤਮਾਸ਼ਬੀਨ ਆਣ ਹਾਜ਼ਰ ਹੁੰਦੇ, ਤਾਇਆ ਖੁਲ੍ਹੇ ਮੈਦਾਨ ਵਿੱਚ ਨਿਕਲਦਾ, ਰੱਸੇ
ਨੂੰ ਹਾੜਦਾ ਮਿਣਦਾ ਫਿਰ ਰੱਸਾ ਲੈਕੇ ਬੈਠ ਜਾਂਦਾ, ਤਾਇਆ ਰੱਸੇ ਨੂੰ ਦੋਹਾਂ ਪੈਰਾਂ ਵਿੱਚ
ਅਤੇ ਧੌਣ ਦੁਆਲੇ ਪਾ ਲੈਂਦਾ ਅਤੇ ਦੋ ਚਾਰ ਘਸਰੇ ਮਾਰ ਕੇ ਹੀ ਰੱਸਾ ਤੋੜ ਦੇਂਦਾ, ਹੁਣ ਮੈਨੂੰ
ਸਮਝ ਲੱਗਦੀ ਹੈ ਕਿ ਤਾਇਆ ਰੱਸੇ ਨੂੰ ਬਹੁਤੇ ਜ਼ੋਰ ਨਾਲ ਨਹੀਂ ਸਗੋਂ ਘਸਰੇ ਮਾਰ ਕੇ ਰਗੜ ਕੇ
ਹੀ ਤੋੜਦਾ ਸੀ। ਤਾਇਆ ਇੱਕ ਹੱਥ ਨਾਲ ਗੱਡਾ ਵੀ ਮੂਧਾ ਮਾਰ ਦੇਂਦਾ ਸੀ, ਇਹ ਜੁਗਤ ਉਸ ਨੇ
ਮੈਨੂੰ ਵੀ ਸਿਖਾਈ ਸੀ। ਜਿਸ ਨੂੰ ਮੈਂ ਕਈ ਵਾਰ ਕਰਕੇ ਵੇਖਿਆ ਅਤੇ ਵਖਾਇਆ ਹੈ।
ਜਿਥੇ ਵੀ ਕੋਈ ਕੰਮ ਤਾਏ ਮੁਤਾਬਕ ਗ਼ਲਤ ਹੁੰਦਾ ਹੋਵੇ, ਤਾਇਆ ਬਰਦਾਸ਼ਤ ਨਹੀਂ ਸੀ ਕਰਦਾ ਇਸੇ ਲਈ
ਉਹ ਮੱਤ ਦੇਣ ਵਿੱਚ ਬੜਾ ਯਕੀਨ ਰੱਖਦਾ ਹੈ।
ਮੱਤ ਦੇਣ ਵਾਲੀਆਂ ਤਾਏ ਦੀਆ ਕਈ ਗੱਲਾਂ ਹੁਣ ਵੀ ਜਦੋਂ ਮੈਨੂੰ ਯਾਦ ਆ ਜਾਂਦੀਆਂ ਹਨ ਤਾਂ
ਮੇਰਾ ਆਪ ਮੁਹਾਰੇ ਹੀ ਹਾਸਾ ਨਿਕਲ ਜਾਂਦਾ ਹੈ। ਮੈਂ ਛੋਟਾ ਜਿਹਾ ਹੁੰਦਾ ਸੀ ਕਿ ਮੈਂ ਵੇਖਿਆ
ਸਾਡੀ ਇੱਕ ਮੱਝ ਦਾ ਕੰਨ ਸੜਿਆ ਹੋਇਆ ਹੈ। ਜਦ ਮੈਂ ਘਰ ਵਾਲਿਆਂ ਨੂੰ ਪੁਛਿਆ ਕਿ ਮੱਝ ਦੇ ਕੰਨ
ਨੂੰ ਕੀ ਹੋਇਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹਨੂੰ ਤੇਰੇ ਤਾਏ ਨੇ ਮੱਤ ਦਿਤੀ ਹੈ। ਮੈਂ
ਪੁਛਿਆ ਕਿ ਉਹ ਕਿਵੇਂ? ਤਾਂ ਉਹਨਾਂ ਨੇ ਦੱਸਿਆ ਕਿ ਇਸ ਮੱਝ ਨੂੰ ਲੀੜੇ ਖਾਣ ਦੀ ਬੜੀ ਭੈੜੀ
ਵਾਦੀ ਸੀ।
ਇੱਕ ਦਿਨ ਤਾਇਆ ਕਹਿਣ ਲੱਗਾ ਇਹਨੂੰ ਵੀ ਮੱਤ ਦੇਣੀ ਪੈਣੀ ਹੈ। ਸਾਰੇ ਸੋਚਣ ਕਿ ਭਾਊ ਫ਼ੌਜਾ
ਸਿੰਘ ਇਹਨੂੰ ਮੱਤ ਕਿਵੇਂ ਦੇਉਗਾ?
ਇਹਨੇ ਕੀ ਕੀਤਾ ਕਿ ਇੱਕ ਪੁਰਾਣੀ ਜੇਹੀ ਪੱਗ ਲੈਕੇ ਪਾਟੀ ਜਿਹੀ ਉਹਨੂੰ ਮੱਝ ਦੇ ਲਾਗੇ ਰੱਖ
ਦਿਤਾ ਉਹਨੇ ਵੀ ਆਪਣੀ ਆਦਤ ਅਨੁਸਾਰ ਉਹ ਪੱਗ ਖਾਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਪੱਗ ਉਸ ਦੇ
ਅੰਦਰ ਅੱਧੀ ਕੁ ਲੰਘ ਗਈ ਤਾਂ ਬਾਕੀ ਰਹਿੰਦੀ ਪੱਗ ਨੂੰ ਭਾਊ ਨੇ ਅੱਗ ਲਾ ਦਿੱਤੀ। ਹੁਣ ਉਹ
ਪੱਗ ਨਾ ਉਹਦੇ ਅੰਦਰ ਲੰਘੇ ਨਾ ਬਾਹਰ ਨਿਕਲੇ, ਉਹ ਜੀ ਭਿਆਣੀ ਸਾਰੇ ਪਿੰਡ ਵਿੱਚ ਭੱਜੀ ਫਿਰੇ,
ਉਹ ਸੜਦੀ ਹੋਈ ਪੱਗ ਉਹਦੇ ਕੰਨ ਉਪਰ ਜਾ ਪਈ ਅਤੇ ਉਹਦਾ ਕੰਨ ਸੜ ਗਿਆ ਫਿਰ ਜਦੋਂ ਵੀ ਤੇਰੇ
ਤਾਏ ਨੇ ਉਸ ਮੱਝ ਦੇ ਅੱਗੇ ਕੋਈ ਕੱਪੜਾ ਕਰਨਾ ਤਾਂ ਉਹਨੇ ਕਿੱਲਾ ਪੁਟਾ ਕੇ ਦੌੜ ਜਾਣਾ।
ਤਾਏ ਦੀ ਮੱਤ ਦੇਣ ਦੀ ਉਹਨਾਂ ਇੱਕ ਹੋਰ ਗੱਲ ਸੁਣਾਈ। ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਇੱਕ
ਕੁੱਤੀ ਹੁੰਦੀ ਸੀ। ਦਾਦੀ ਤੇਰੀ ਨੇ ਜਦੋਂ ਵੀ ਹਾਲੀਆਂ ਦੀਆਂ ਰੋਟੀਆਂ ਲੈ ਕੇ ਖੇਤਾਂ ਨੂੰ
ਆਉਣਾ ਤਾਂ ਉਹਨੇ ਵੀ ਨਾਲ ਨਾਲ ਆ ਜਾਣਾ, ਉਹਨੂੰ ਬੜੀ ਮਾੜੀ ਆਦਤ ਸੀ ਕਿ ਉਹਨੂੰ ਜਦੋਂ ਵੀ
ਰੋਟੀ ਦੀ ਬੁਰਕੀ ਪਾਉਣੀ ਤਾਂ ਉਹਨੇ ਮੂੰਹ ਤਾਂਹ ਨੂੰ ਕਰਕੇ ਬੁਰਕੀ ਬੋਚ ਕੇ ਹੀ ਖਾਣੀ। ਤਾਇਆ
ਕਹਿਣ ਲੱਗਾ ਕਿ ਇਹਨੂੰ ਵੀ ਮੱਤ ਦੇਣੀ ਹੀ ਪੈਣੀ ਹੈ। ਅਸੀਂ ਸੋਚੀਏ ਕਿ ਭਾਊ ਇਹਨੂੰ ਮੱਤ
ਕਿਵੇਂ ਦੇਊਗਾ? ਜਦੋਂ ਇੱਕ ਦਿਨ ਮਾਤਾ ਰੋਟੀਆਂ ਲੈਕੇ ਆਈ ਤਾਂ ਉਹ ਕੁੱਤੀ ਵੀ ਮਗਰ ਮਗਰ ਆ
ਗਈ। ਸਾਡੇ ਨਾਲ ਹੁੰਦੇ ਸਨ ਮੁਸਲਮਾਨ ਸੱਕੇ। ਉਹ ਹੁੱਕਾ ਪੀਂਦੇ ਹੁੰਦੇ ਸਨ। ਭਾਊ ਨੇ ਕੀ
ਕੀਤਾ ਕਿ ਇੱਕ ਠੀਕਰੀ ਲੈ ਕੇ ਉਸ ਹੁੱਕੇ ਦੀ ਟੋਪੀ ਵਿੱਚ ਰੱਖ ਦਿਤੀ। ਫਿਰ ਭਾਊ ਨੇ ਇੱਕ ਦੋ
ਬੁਰਕੀਆਂ ਉਸ ਕੁੱਤੀ ਵੱਲ ਉਤਾਂਹ ਨੂੰ ਕਰਕੇ ਸੁੱਟੀਆਂ। ਉਹਨੇ ਆਪਣੀ ਆਦਤ ਅਨੁਸਾਰ ਬੋਚ
ਲਈਆਂ। ਫਿਰ ਤਾਏ ਤੇਰੇ ਨੇ ਕੀ ਕੀਤਾ, ਚਿੱਮਟੇ ਨਾਲ ਉਹ ਤੱਤੀ ਤੱਤੀ ਠੀਕਰੀ ਚੁੱਕ ਕੇ ਤਾਂਹ
ਨੂੰ ਸੁੱਟ ਦਿਤੀ। ਕੁੱਤੀ ਨੇ ਵੀ ਆਪਣੀ ਆਦਤ ਅਨੁਸਾਰ ਉਹਨੂੰ ਬੋਚ ਲਿਆ ਪਰ ਉਹ ਤਾਂ ਬਹੁਤ ਹੀ
ਗਰਮ ਸੀ। ਉਹ ਉਹਦੇ ਸੰਘ ਵਿੱਚ ਜਾ ਪਈ ਕੁੱਤੀ ਤਾਂ ਜੀ ਲਵੇ ਲੇਟਣੀਆਂ, ਉਸ ਦਾ ਬੁਰਾ ਹਾਲ ਹੋ
ਗਿਆ। ਫਿਰ ਜਦੋਂ ਭਾਊ ਉਹਦੇ ਵੱਲ ਬੁਰਕੀ ਲੈ ਕੇ ਜਾਵੇ, ਉਹ ਤਾਂ ਜੀ ਦੋ ਦੋ ਕਿੱਲੇ ਪਰ੍ਹਾਂ
ਨੂੰ ਭੱਜੀ ਜਾਵੇ।
ਇਹ ਸਾਰੀਆਂ ਗੱਲਾਂ ਤਾਂ ਮੈਂ ਆਪਣੇ ਵੱਡਿਆਂ ਤੋਂ ਸੁਣੀਆਂ ਸਨ ਪਰ ਜਦੋਂ ਪਾਕਿਸਤਾਨ ਬਣ ਗਿਆ
ਤਾਂ ਇਧਰ ਆ ਗਏ ਤਾਏ ਨੇ ਮੰਡੀ ਵਿਚੋਂ ਇੱਕ ਵਹਿੜਕਾ ਲੈ ਆਂਦਾ ਮੁੱਲ, ਚੰਗਾ ਜਿਹਾ ਵੇਖ ਕੇ,
ਵੇਖਣ ਚਾਖਣ ਨੂੰ ਉਹ ਬਹੁਤ ਸੋਹਣਾ ਸੀ, ਪਰ ਉਹ ਹੈ ਸੀ ਬਹਿਕਲ਼। ਜਦੋਂ ਵੀ ਤਾਏ ਨੇ ਹਲ਼ੇ ਜਾਂ
ਸੁਹਾਗੇ ਜੋੜਿਆ ਕਰਨਾ ਉਹਨੇ ਉਸੇ ਵੇਲੇ ਬਹਿ ਜਾਇਆ ਕਰਨਾ। ਇੱਕ ਦਿਨ ਤਾਇਆ ਕਹਿਣ ਲੱਗਾ ਪੁਤ
ਤੈਨੂੰ ਵੀ ਮੱਤ ਦੇਣੀ ਹੀ ਪੈਣੀ ਹੈ। ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਸੋਚੀਏ ਕਿ ਪਤਾ
ਨਹੀਂ ਤਾਇਆ ਇਸ ਨੂੰ ਕਿਵੇਂ ਮੱਤ ਦੇਊ?
ਹਾਰ ਕੇ ਉਹ ਦਿਨ ਆ ਹੀ ਗਿਆ ਜਿਸ ਦਿਨ ਤਾਏ ਨੇ ਉਹਨੂੰ ਮੱਤ ਦੇਣ ਦਾ ਪ੍ਰੋਗਰਾਮ ਬਣਾ ਹੀ
ਲਿਆ। ਉਸ ਨੇ ਆਪਣੇ ਕਾਮੇ ਨੂੰ ਕਿਹਾ ਕਿ ਤੂੰ ਇਸ ਨੂੰ ਗੱਡੇ ਅੱਗੇ ਜੋਣਾ ਹੈ ਅਤੇ ਜਿਵੇਂ
ਮੈਂ ਕਹੂੰਗਾ ਉਸੇ ਤਰੀਕੇ ਨਾਲ ਹੀ ਕਰਨਾ ਹੈ। ਤਾਏ ਨੇ ਕੀ ਕੀਤਾ ਕਿ ਇੱਕ ਕਣਕ ਦੇ ਨਾੜ ਦਾ
ਪੂਲਾ ਬਣਾ ਲਿਆ ਨਾੜ ਤਾਂ ਪਹਿਲਾਂ ਹੀ ਸੁੱਕਾ ਹੁੰਦਾ ਹੈ ਉਸ ਨੂੰ ਅੱਗ ਭੱਜ ਕੇ ਪੈਂਦੀ ਹੈ,
ਪਰ ਤਾਏ ਨੇ ਨਾਲ ਉਸ ਪੂਲੇ ਉਪਰ ਮਿੱਟੀ ਦਾ ਤੇਲ ਵੀ ਪਾ ਲਿਆ ਅਤੇ ਉਹਨੂੰ ਅੱਗ ਲਾਕੇ ਕਾਮੇ
ਨੂੰ ਕਹਿਣ ਲੱਗਾ ਹੁਣ ਜੋਅ ਇਹਨੂੰ ਗੱਡੇ ਦੇ ਅੱਗੇ। ਉਹਨੇ ਵਹਿੜਕੇ ਨੂੰ ਗੱਡੇ ਅੱਗੇ ਜੋੜਿਆ
ਤਾਂ ਉਹ ਆਪਣੀ ਆਦਤ ਅਨੁਸਾਰ ਬਹਿਣ ਲੱਗਿਆ ਜਦੋਂ ਉਹ ਬਹਿਣ ਲਈ ਹੇਠਾਂ ਨੂੰ ਹੋਇਆ ਹੀ ਸੀ ਤਾਂ
ਤਾਏ ਨੇ ਬਲਦਾ ਬਲਦਾ ਪੂਲਾਂ ਉਹਦੇ ਹੇਠਾਂ ਕਰ ਦਿੱਤਾ। ਜਦੋਂ ਹੇਠੋਂ ਸੇਕ ਪਿਆ ਤਾਂ ਉਹ
ਵਹਿੜਕਾ ਮਾਰ ਕੇ ਛਾਲ ਜਿਉਂ ਭੱਜਿਆ ਸਣੇ ਗੱਡੇ ਦੂਰ ਤੱਕ ਨਿਕਲ ਗਿਆ ਉਸ ਤੋਂ ਬਾਅਦ ਨਹੀਂ
ਫਿਰ ਕਦੀ ਉਹ ਵਹਿੜਕਾ ਮੁੜ ਕੇ ਬੈਠਿਆ।
ਜਦੋਂ ਸਾਡੀ ਜਮੀਨ ਸਰਸੇ ਜਿਲੇ ਵਿੱਚ ਜਾ ਲਈ ਤਾਂ ਉਥੇ ਜੰਗਲ ਬੜਾ ਹੁੰਦਾ ਸੀ। ਤਾਏ ਹੋਰਾਂ
ਸਾਨੂੰ ਛੋਟੇ ਮੁੰਡਿਆਂ ਨੂੰ ਕਹਿਣਾ ਕਿ ਤੁਸੀਂ ਅੱਗੇ ਅੱਗੇ ਘਾਹ ਬੂਟ ਮਾਰੀ ਜਾਉ ਅਸੀਂ ਹੱਲ਼
ਵਾਹੁੰਦੇ ਆਉਂਦੇ ਹਾਂ। ਮੈਂ ਅਤੇ ਤਾਏ ਦਾ ਮੁੰਡਾ ਅਸੀਂ ਅਗਲੇ ਖੇਤ ਵਿੱਚ ਚਲੇ ਗਏ ਬੂਟੀਆਂ
ਪੁੱਟਣ। ਅੱਗੇ ਅਸੀਂ ਵੇਖਿਆ ਕਿ ਇੱਕ ਬਹੁਤ ਹੀ ਵੱਡਾ ਫ਼ਨੀਅਰ ਸੱਪ ਪੂਰੀ ਫ਼ੰਨ ਖਿਲਾਰ ਕੇ
ਕਿੰਨਾ ਹੀ ਉਚਾ ਹੋਇਆ ਫ਼ੁੰਕਾਰੇ ਮਾਰ ਰਿਹਾ ਸੀ। ਅਸੀਂ ਉਥੋਂ ਹੀ ਵਾਪਸ ਭੱਜੇ ਅਤੇ ਜਾ ਕੇ
ਤਾਏ ਹੋਰਾਂ ਨੂੰ ਦੱਸਿਆ ਕਿ ਅਸੀਂ ਨਹੀਂ ਉਥੇ ਜਾਣਾ ਉਥੇ ਤਾਂ ਬਹੁਤ ਵੱਡਾ ਸੱਪ ਹੈ। ਤਾਇਆ
ਕਹਿਣ ਲੱਗਾ ਚਲੋ ਪਹਿਲਾਂ ਸੱਪ ਨੂੰ ਹੀ ਜਾਕੇ ਮੱਤ ਦੇਂਦੇ ਹਾਂ। ਮੇਰਾ ਚਾਚਾ, ਮੇਰਾ ਪਿਉ
ਅਤੇ ਤਾਇਆ ਸਾਰੇ ਹਲ਼ ਛੱਡ ਕੇ ਉਸ ਖੇਤ ਵੱਲ ਆ ਗਏ ਜਿਥੇ ਅਸੀਂ ਸੱਪ ਵੇਖਿਆ ਸੀ। ਪਰ ਸੱਪ ਉਨੀ
ਦੇਰ ਨੂੰ ਕਿਧਰੇ ਲੁਕ ਗਿਆ ਸੀ। ਪਰ ਤਾਇਆ ਕਹਿਣ ਲੱਗਾ ਇਹਨੇ ਅੱਜ ਮੁੰਡਿਆਂ ਨੂੰ ਡਰਾਇਆ ਕੱਲ
ਨੂੰ ਸਾਨੂੰ ਡਰਾਊ, ਇਹਨੂੰ ਤਾਂ ਅੱਜ ਹੀ ਮੱਤ ਦੇਣੀ ਹੈ। ਦੂਜੇ ਦੋਵੇਂ ਭਰਾ ਵੀ ਉਹਦੇ ਮਗਰ
ਲੱਗ ਗਏ।
ਉਹਨਾਂ ਨੇ ਸੱਪ ਦੀ ਲਕੀਰ ਵੇਖੀ ਅਤੇ ਉਹਦੇ ਮਗਰ ਮਗਰ ਚੱਲ ਪਏ। ਸੱਪ ਇੱਕ ਬਹੁਤ ਵੱਡੇ ਮਲ੍ਹੇ
ਵਿੱਚ ਵੜ ਗਿਆ ਫਿਰ ਤਾਏ ਹੋਰਾਂ ਨੇ ਬਹੁਤ ਸਾਰੀਆਂ ਮੋੜ੍ਹੀਆਂ ਇਕੱਠੀਆਂ ਕਰਕੇ ਉਸ ਮਲ੍ਹੇ
ਉਪਰ ਸੁਟੀਆਂ ਅਤੇ ਉਸ ਨੂੰ ਅੱਗ ਲਗਾ ਦਿੱਤੀ। ਮਲ੍ਹੇ ਦੇ ਹੇਠ ਇੱਕ ਖੁੱਡ ਸੀ ਸੱਪ ਉਹਦੇ
ਵਿੱਚ ਵੜ ਗਿਆ। ਬੱਸ ਅਗਲਾ ਪ੍ਰੋਗਾਰਮ ਖੁੱਡ ਨੂੰ ਪੁੱਟਣ ਦਾ ਸ਼ੁਰੂ ਹੋ ਗਿਆ। ਅਜੇ ਥੋੜੀ
ਜਿਹੀ ਹੀ ਧਰਤੀ ਪੁੱਟੀ ਸੀ ਕਿ ਸੱਪ ਬੜੀ ਤੇਜੀ ਨਾਲ ਬਾਹਰ ਨੂੰ ਨਿਕਲਿਆ ਤਾਂ ਤਿਆਰ ਖੜੇ
ਮੇਰੇ ਚਾਚੇ ਨੇ ਉਹਦੇ ਲੱਕ ਵਿੱਚ ਡਾਂਗ ਮਾਰੀ ਤਾਂ ਉਸ ਦਾ ਲੱਕ ਟੁੱਟ ਗਿਆ ਪਰ ਉਹ ਟੁੱਟੇ
ਹੋਏ ਲੱਕ ਨਾਲ ਵੀ ਪੂਰੀ ਫ਼ੰਨ ਖਿਲਾਰ ਕੇ ਖੜਾ ਹੋ ਗਿਆ ਅਤੇ ਲੱਗਾ ਫ਼ੂੰਕਾਰੇ ਮਾਰਨ ਜਦ ਚਾਚਾ
ਇੱਕ ਡਾਂਗ ਹੋਰ ਮਾਰ ਕੇ ਉਸ ਨੂੰ ਮਾਰਨ ਲੱਗਾ ਤਾਂ ਤਾਇਆ ਕਹਿਣ ਲੱਗਾ ਵੇਖੀਂ ਮੱਖਣਾ ਅਜੇ ਨਾ
ਮਾਰੀਂ ਅਜੇ ਨਾ ਮਾਰੀਂ ਪਹਿਲਾਂ ਇਹਨੂੰ ਮੱਤ ਦੇ ਲਈਏ, ਫਿਰ ਤਾਇਆ ਸੱਪ ਦੇ ਸਾਹਮਣੇ ਇੱਕ
ਸੋਟੀ ਜਿਹੀ ਇੰਜ ਹਿਲਾਵੇ ਜਿਵੇਂ ਜੋਗੀ ਬੀਨ ਵਜਾਉਂਦਾ ਹੈ। ਤਾਏ ਨੇ ਅਜੇ ਇਹ ਤਮਾਸ਼ਾ ਥੋੜੀ
ਦੇਰ ਹੀ ਕੀਤਾ ਸੀ ਕਿ ਸੱਪ ਨੂੰ ਪਤਾ ਨਹੀਂ ਕਿੰਨਾ ਗੁਸਾ ਆਇਆ ਤੇ ਉਹ ਟੁਟੇ ਹੋਏ ਲੱਕ ਨਾਲ
ਹੀ ਪੂਰੀ ਛਾਲ ਮਾਰ ਕੇ ਚਾਚੇ ਦੇ ਪੈਰਾਂ ਵਿੱਚ ਜਾ ਡਿਗਿਆ ਤੇ ਉਸ ਨੂੰ ਡੰਗ ਹੀ ਮਾਰ ਦੇਣ
ਲੱਗਾ ਸੀ ਪਰ ਚਾਚਾ ਪਿਛਾਂਹ ਦਾ ਪਿਛਾਂਹ ਹੀ ਡਿੱਗ ਕੇ ਮਸਾਂ ਬਚਿਆ, ਉਹ ਉੱਚੀ ਸਾਰੀ ਆਵਾਜ਼
ਨਾਲ ਕਹਿਣ ਲੱਗਾ ਲੈ ਤੁੰ ਇਹਨੂੰ ਮੱਤ ਦੇ ਲੈ ਮੈਨੂੰ ਲੈ ਬਹਿਣ ਲੱਗਿਆ ਸੀ।
ਜਦੋਂ ਮੈਂ ਪੜ੍ਹਾਈ ਦੇ ਚੱਕਰ ਵਿੱਚ ਮਾਝੇ ਦੇ ਪਿੰਡ ਕੈਰੋਂ ਆ ਗਿਆ ਤਾਂ ਤਾਏ ਨਾਲ ਮੇਰਾ ਮੇਲ
ਜੋਲ ਘਟ ਗਿਆ ਸੀ। ਪੜ੍ਹਾਈ ਤੋਂ ਬਾਅਦ ਮੇਰੀ ਨੌਕਰੀ ਵੀ ਇਧਰ ਹੀ ਲੱਗ ਗਈ। ਇਸ ਲਈ ਮੈਂ ਸਾਲ
ਵਿੱਚ ਇੱਕ ਦੋ ਵਾਰ ਹੀ ਪਿੰਡ ਵੱਲ ਚੱਕਰ ਮਾਰਦਾ ਤਾਂ ਤਾਏ ਨਾਲ ਚੰਗੀ ਮੁਲਾਕਾਤ ਹੋ ਜਾਂਦੀ।
ਮੈਂ ਬੱਚਪਨ ਤੋਂ ਹੀ ਦੇਖਦਾ ਆ ਰਿਹਾ ਸਾਂ ਤਾਏ ਦੇ ਨੱਕ ਉਪਰ ਇੱਕ ਜ਼ਖਮ ਜਿਹਾ ਹੁੰਦਾ ਸੀ। ਜਦ
ਤਾਏ ਨੂੰ ਪੁੱਛਣਾ ਤਾਂ ਉਸ ਨੇ ਕਹਿਣਾ ਆਹ ਮਾੜੀ ਜਿਹੀ ਫ਼ਿਮਣੀ ਹੋਈ ਹੈ ਇਹ ਭਰਨ ਫ਼ਿਸਣ ਹੁੰਦੀ
ਰਹਿੰਦੀ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਤਾਂ ਸਕਿਨ ਕੈਂਸਰ ਹੈ। ਪਰ ਤਾਏ ਨੂੰ ਇਸ ਦੀ
ਕੋਈ ਪਰਵਾਹ ਨਹੀਂ ਸੀ।
ਇੱਕ ਵਾਰ ਮੈਂ ਤਾਏ ਨੂੰ ਸਲਾਹ ਦਿੱਤੀ ਕਿ ਤਾਇਆ ਤੂੰ ਮੇਰੇ ਕੋਲ ਅੰਮ੍ਰਿਤਸਰ ਆ ਤੈਨੂੰ ਨੱਕ
ਤੇ ਬਿਜਲੀ ਲਵਾ ਦੇਵਾਂਗਾ। ਤਾਇਆ ਕਹਿਣ ਲੱਗਿਆ, ਚੰਗਾ ਪਈ, ਹਈ ਸ਼ਵਾਸ਼ੇ! ਹਈ ਸ਼ਾਵਾਸ਼ੇ!
ਹਈ ਸ਼ਾਵਾਸ਼ੇ! ਤਾਏ ਦਾ ਤਕੀਆ ਕਲਾਮ ਹੈ। ਤਾਏ ਨੇ ਜਦੋਂ ਵੀ ਕਿਸੇ ਨੂੰ ਕੋਈ ਗੱਲ ਸਮਝਾਉਣੀ
ਹੁੰਦੀ ਤਾਂ ਉਹ ਅਗਲੇ ਦੀ ਬਾਂਹ ਡੌਲੇ ਤੋਂ ਘੁੱਟ ਕੇ ਫੜ ਲੈਂਦਾ ਤੇ ਨਾਲੇ ਗੱਲ ਸਮਝਾਈ
ਜਾਂਦਾ ਨਾਲੇ ਉਸ ਦੀ ਬਾਂਹ ਬਾਰ ਬਾਰ ਹਿਲਾਈ ਜਾਂਦਾ। ਤਾਇਆ ਕਿਉਂਕਿ ਬਹੁਤ ਹੀ ਤੇਜ਼ੀ ਨਾਲ
ਬੋਲਦਾ ਸੀ ਉਸ ਨੂੰ ਪਤਾ ਹੁੰਦਾ ਕਿ ਅਗਲਾ ਬੰਦਾ ਉਸ ਦੀ ਗੱਲ ਨਹੀਂ ਸਮਝ ਰਿਹਾ। ਜਿੰਨੀ ਦੇਰ
ਨੂੰ ਅਗਲਾ ਬੰਦਾ ਗੱਲ ਸਮਝਦਾ ਉਸ ਦੀ ਬਾਂਹ ਵੀ ਦੁਖਣ ਲੱਗ ਜਾਂਦੀ।
ਤਾਏ ਦਾ ਦੂਜਾ ਤਕੀਆਂ ਕਲਾਮ ਹੇਖਾਂ! ਸੀ। ਜਦੋਂ ਵੀ ਕੋਈ ਗੱਲ ਤਾਏ ਦੀ ਮਰਜੀ ਦੇ ਖ਼ਿਲਾਫ਼ ਹੋ
ਜਾਂਦੀਂ ਤਾਂ ਉਹ ਕਹਿੰਦਾ ਹੇਖਾਂ ਇਹ ਕਿਵੇਂ ਹੋ ਜਾਊ।
ਇੱਕ ਦਿਨ ਤਾਇਆ ਆਪਣੇ ਮੁੰਡੇ ਨਾਲ ਲੜਨ ਡਿਹਾ, ਉਸ ਨੂੰ ਗਾਲ਼ਾਂ ਕੱਢੀ ਜਾਵੇ, ਉਏ ਕੱਟਾ ਗੁਆਚ
ਗਿਆ ਹੁਣ ਮੱਝ ਕਿਵੇਂ ਚੋਣੀ ਆਂ?
ਮੁੰਡਾ ਕਹਿਣ ਲੱਗਿਆ, ਬਾਪੂ ਕੱਟੇ ਦੇ ਗਲ਼ ਦਾ ਰੱਸਾ ਚਾਚੇ ਕੋਲ ਹੈ।
ਤਾਇਆ ਝੱਟ ਕਹਿਣ ਲੱਗਿਆ ਉਏ ਗੋਲੀ ਮਾਰ ਕੱਟੇ ਨੂੰ, ਹੁਣ ਚਾਚੇ ਤੇਰੇ ਦਾ ਰੱਸਾ ਨਾ ਮੁੜੇ।
ਸਾਡੇ ਇਕੱਲੇ ਟੱਬਰ ਦਾ ਹੀ ਨਹੀਂ ਤਕਰੀਬਨ ਸਾਰੇ ਜੱਟਾਂ ਦਾ ਹੀ ਇਹ ਹਾਲ ਹੁੰਦਾ ਹੈ ਕਿ ਜੇਕਰ
ਬਾਹਰ ਹੋਰ ਕੋਈ ਨਹੀਂ ਲੜਨ ਨੂੰ ਮਿਲਦਾ ਤਾਂ ਆਪਸ ਵਿੱਚ ਲੜ ਪੈਂਦੇ ਨੇ। ਮੈਂ ਕਈ ਵਾਰ ਛੋਟੇ
ਹੁੰਦਿਆ ਵੇਖਿਆਂ ਕਿ ਮੇਰੇ ਚਾਚੇ ਤਾਏ ਅਤੇ ਮੇਰਾ ਪਿਉ ਇਕੱਠੇ ਹਲ ਵਹੁੰਦੇ ਹੀ ਲੜ ਪੈਂਦੇ ਸਨ
ਅਤੇ ਲੜਦੇ ਵੀ ਬੜੀ ਮਾਮੂਲੀ ਜਿਹੀ ਗੱਲ ਤੋਂ। ਜਿਵੇਂ ਕਿਸੇ ਨੇ ਆਪਣੇ ਬਲਦਾਂ ਨੂੰ ਜੋੜਨ
ਲੱਗਿਆਂ ਕਿਸੇ ਦੀ ਅਰਲੀ ਅੜਾ ਲਈ ਜਾਂ ਕਿਸੇ ਦਾ ਰੱਸਾ ਲੈ ਲਿਆ। ਇਹ ਲੜਾਈਆ ਵੀ ਬੜੀਆਂ
ਮਾਮੂਲੀ ਹੁੰਦੀਆ ਸਨ ਅਤੇ ਹੁੰਦੀਆਂ ਬੜੀਆਂ ਹੀ ਮਾਮੂਲੀ ਗੱਲਾਂ ਤੋਂ ਸਨ। ਇਹ ਵੀ ਚੰਗੀ ਗੱਲ
ਹੀ ਹੁੰਦੀ ਕਿ ਇਹ ਲੜਾਈਆ ਹੁੰਦੀਆ ਵੀ ਮੂੰਹ ਜ਼ੁਬਾਨੀ ਸਨ, ਕਦੀ ਹੱਥੋ ਪਾਈ ਦੀ ਨੌਬਤ ਨਹੀਂ
ਸੀ ਆਈ। ਇੱਕ ਦਿਨ ਦੀ ਗੱਲ ਹੈ ਕਿ ਸਾਰੇ ਭਰਾ ਇਕੱਠੇ ਹਲ ਵਾਹੁਣ ਡਹੇ ਤਾਂ ਤਾਏ ਨੇ ਗੱਲ ਛੇੜ
ਲਈ, ਮੱਖਣਾ! ਇਸ ਵਾਰ ਤੁੰ ਵੇਖ ਲਾ, ਤੂੰ ਫਿਰ ਨਹੀਂ ਇਸ ਵਾਰ ਵੇਲਣੇ ਨੂੰ ਤੇਲ ਲਾਇਆ, ਉਸ
ਦੇ ਸਾਰੇ ਬੂੜੀਏ ਘਸ ਗਏ ਹਨ।
ਚਾਚੇ ਮੱਖਣ ਨੇ ਕਿਹਾ ਨਹੀਂ ਭਾਊ ਮੈਂ ਲਾਇਆ ਸੀ ਤੇਲ ਤੂੰ ਕਿਵੇਂ ਕਹਿ ਰਿਹਾ ਹੈ ਕਿ ਮੈਂ
ਨਹੀਂ ਲਾਇਆ?
-ਤੇ ਫਿਰ ਮੈਂ ਝੂਠਾਂ? ਬੂੜੀਏ ਆਪ ਦੱਸਣ ਡਹੇ ਨੇ ਕਿ ਤੇਲ ਨਹੀਂ ਲੱਗਾ। -ਨਹੀਂ ਭਾਊ ਤੈਨੂੰ
ਭੁਲੇਖਾ ਹੈ ਮੈਂ ਤੇਲ ਲਾਇਆ ਸੀ।
-ਮੈਨੂੰ ਕੋਈ ਭੁਲੇਖਾ ਨਹੀਂ ਤੂੰ ਮੂੰਹ ਹਨੇਰੇ ਹੀ ਜਾਕੇ ਵੇਲਣਾ ਜੋੜ ਲੈਂਦਾ ਹੈ ਅਤੇ ਤੇਲ
ਨਹੀਂ ਲਗਾੳਂੁਦਾ ਮੈਂ ਇੰਜ ਸੁੱਕਾ ਵੇਲਣਾ ਨਹੀਂ ਵੱਗਣ ਦੇਣਾ।
-ਲੈ ਤੂੰ ਮੇਰੀ ਵਾਰੀ ਦਾ ਵੇਲਣਾ ਕਿਵੇਂ ਡੱਕ ਲਵੇਂਗਾ। ਜਦੋਂ ਮੇਰੀ ਵਾਰੀ ਹੋਵੇਗੀ ਮੈਂ
ਜੋੜੂੰਗਾ ਹੀ ਵੇਲਣਾ।
ਮੇਰਾ ਪਿਉ ਜਿਹੜਾ ਉਹਨਾਂ ਦਾ ਵਿਚਕਾਰਲਾ ਭਰਾ ਸੀ, ਉਹਨਾਂ ਨੂੰ ਕਹਿੰਦਾ ਛੱਡੋ ਇਹਨਾਂ
ਜਾਭ੍ਹਾਂ ਦੇ ਭੇੜ ਵਿੱਚੋਂ ਕੀ ਨਿਕਲਣਾ ਏਂ। ਪਰ ਉਹ ਉਹਨਾਂ ਦੋਵਾਂ ਨੂੰ ਪੂਰੀ ਤਰ੍ਹਾਂ ਨਾ
ਰੋਕਦਾ ਤੇ ਤਾਇਆ ਆਪਣਾ ਹਲ਼ ਛੱਡ ਕੇ ਪਰ੍ਹਾਂ ਜਾ ਖਲੋਂਦਾ ਤੇ ਵਾਹਣ ਵਿੱਚ ਲੀਕ ਮਾਰ ਕੇ
ਕਹਿੰਦਾ, ਲੈ ਪਈ ਮੱਖਣਾ ਆਹ ਈ ਵੇਲਣਾ ਜੇ ਤੁੰ ਬਹੁਤਾ ਹੀ ਭਲਵਾਨ ਆਂ ਤਾਂ ਆ ਜੋੜ ਕੇ ਵਿਖਾ
ਭਲਾ।
ਚਾਚਾ ਮੱਖਣ ਹਿਰਖਿਆ ਹੋਇਆ ਤੇ ਬੱਬੋਲਿਕਾ ਹੋਇਆ ਚੁੱਪ ਚਾਪ ਹਲ਼ ਦੀ ਜੰਗੀ ਨੂੰ ਫੜੀ ਖਲੋਤਾ
ਰਹਿੰਦਾ। ਤਾਇਆ ਕੁੱਝ ਦੇਰ ਬਾਬੇ ਦੀਪ ਸਿੰਘ ਵਾਲੀ ਲਲਕਾਰ ਵਾਲੀ ਲੀਕ ਉਪਰ ਖਲੋਤਾ ਰਹਿੰਦਾ
ਤੇ ਮੁੜ ਆਣ ਹਲ਼ ਦੀ ਜੰਗੀ ਫ਼ੜ ਬਲਦਾਂ ਨੂੰ ਤੋਰ ਲੈਂਦਾ। ਇਹ ਕਹਿੰਦਿਆ, ਹੇ ਖਾਂ ਵੱਡਾ ਆਇਆ
ਵੇਲਣਾ ਜੋਣ ਵਾਲਾ।
ਪਰ ਹੁਣ ਮੈਨੂੰ ਇਹਸਾਸ ਹੁੰਦਾ ਹੈ ਕਿ ਵਿੱਚੇ ਵਿੱਚ ਮੇਰਾ ਪਿਉ ਮੇਰੇ ਤਾਏ ਵੱਲ ਦੀ ਗੱਲ ਕਰ
ਜਾਂਦਾ ਸੀ। ਪਤਾ ਨਹੀਂ ਉਹਨਾਂ ਦੋਂਵਾਂ ਦੀ ਚਾਚੇ ਮੱਖਣ ਨਾਲ ਕੀ ਲੱਗਦੀ ਸੀ? ਮੇਰੇ ਬਾਬੇ ਨੇ
ਆਪਣੇ ਹਿਸਾਬ ਨਾਲ ਆਪਣੇ ਬੱਚਿਆ ਨੂੰ ਪਾਲਣ ਦੀ ਵੰਡ ਕੀਤੀ ਹੋਈ ਸੀ। ਵੱਡੇ ਮੁੰਡੇ ਤਾਏ ਫੌਜਾ
ਸਿੰਘ ਨੂੰ ਉਸ ਨੇ ਵਾਹੀ ਵਿੱਚ ਲਗਾਇਆ ਹੋਇਆ ਸੀ। ਮੇਰਾ ਪਿਉ ਜੋ ਉਸ ਤੋਂ ਛੋਟਾ ਸੀ, ਨੂੰ
ਸਕੂਲ ਵਿੱਚ ਪੜ੍ਹਨੇ ਪਾਇਆ ਹੋਇਆ ਸੀ। ਮਾੜੀ ਕਿਸਮਤ ਨੂੰ ਪਿੰਡ ਵਿੱਚ ਇੱਕ ਕਤਲ ਹੋ ਗਿਆ ਜਿਸ
ਵਿੱਚ ਇਹ ਦੋਵੇਂ ਵੱਡੇ ਭਰਾ ਵੀ ਫਸ ਗਏ, ਇਸ ਲਈ ਮੇਰੇ ਪਿਉ ਨੂੰ ਪੜ੍ਹਈ ਵਿੱਚੇ ਹੀ ਛੱਡਣੀ
ਪਈ। ਉਸ ਨੂੰ ਅੱਠਵੀਂ ਵਿੱਚੋਂ ਹੀ ਹਟਣਾ ਪਿਆ। ਚਾਚੇ ਮੱਖਣ ਸਿੰਘ ਨੂੰ ਉਸ ਨੇ ਘੁਲਣ ਵਿੱਚ
ਲਗਾਇਆ ਹੋਇਆ ਸੀ। ਜਿਸ ਦਾ ਕੰਮ ਸਿਰਫ ਮੱਝਾਂ ਚਰਾਉਂਣੀਆ ਤੇਲ ਮਲ਼ਣਾ ਜ਼ੋਰ ਕਰਨਾ ਅਤੇ ਦੁੱਧ
ਘਿਓ ਪੀਣਾ ਹੀ ਸੀ। ਇੱਕ ਤਰ੍ਹਾਂ ਨਾਲ ਉਸ ਸਾਡੇ ਘਰ ਦਾ ਧੀਦੋ ਹੀ ਸੀ। ਜਿਸ ਤੋਂ ਹੁਣ ਪਿਉ
ਮਰਨ ਤੋਂ ਬਾਅਦ ਜਿਵੇਂ ਇਹ ਦੋਵੇਂ ਭਰਾ ਪਿਛਲੇ ਬਦਲੇ ਲੈ ਰਹੇ ਸਨ। ਪਰ ਇਹਨਾਂ ਭਰਾਵਾਂ ਦੀ
ਇਹ ਚੰਗੀ ਗੱਲ ਹੀ ਸੀ ਕਿ ਇਹਨਾਂ ਦੀ ਲੜਾਈ ਕੇਵਲ ਮੂੰਹ ਜ਼ੁਬਾਨੀ ਹੀ ਹੁੰਦੀ ਸੀ। ਉਹ ਕਦੀ
ਇੱਕ ਦੂਜੇ ਦੇ ਗਲ਼ ਨਹੀਂ ਸਨ ਪਏ ਅਤੇ ਨਾ ਹੀ ਕਦੀ ਹੱਥੋ ਪਾਈ ਹੋਏ ਸਨ, ਜੇਕਰ ਇੱਕ ਜ਼ਿਆਦਾ
ਗਰਮ ਹੋ ਜਾਂਦਾ ਤਾਂ ਦੂਜਾ ਠੰਡਾ ਹੋ ਜਾਂਦਾ ਇੰਜ ਉਹ ਮੌਕਾ ਟਾਲ ਜਾਂਦੇ ਸਨ ਅਤੇ ਮੁੜ ਫਿਰ
ਇਕੱਠੇ ਹੀ ਕੰਮ ਕਰਨ ਲੱਗ ਜਾਂਦੇ ਸਨ। ਪਰ ਜਦ ਕੋਈ ਹੋਰ ਬਾਹਰਲਾ ਬੰਦਾ ਇਹ ਸੋਚ ਕਿ ਇਹ ਆਪਸ
ਵਿੱਚ ਗੁੱਸੇ ਰਾਜੀ ਹਨ, ਕਿਸੇ ਭਰਾ ਨਾਲ ਉਰਾ ਪਰਾ ਕਰਨ ਲੱਗਦਾ ਤਾਂ ਸਾਰੇ ਇਕੱਠੇ ਹੋ ਕੇ ਜਾ
ਪੈਂਦੇ।
ਜਦ ਹਰਿਆਣੇ ਦੀ ਸਰਸਾ ਤਹਿਸੀਲ ਜੋ ਕਿ ਹੁਣ ਜ਼ਿਲਾ ਹੈ, ਵਿੱਚ ਜਮੀਨ ਜਾ ਪਈ ਤਾਂ ਉਹ ਪਿੰਡ
ਅਜੇ ਨਵਾਂ ਨਵਾਂ ਹੀ ਬੱਝਾ ਸੀ ਕਿਉਂ ਕਿ ਉਹ ਸਾਰਾ ਪਿੰਡ ਮੁਸਲਮਾਨਾ ਦੀ ਸੀ ਅਤੇ ਉਸ ਵਿੱਚ
ਸਾਰੇ ਸਿੱਖਾਂ ਨੂੰ ਜ਼ਮੀਨ ਅਲਾਟ ਹੋ ਗਈ ਸੀ। ਸਾਰੇ ਨਵੇਂ ਅਲਾਟੀ ਸਨ। ਬਾਕੀ ਸਾਰੇ ਮਾਲਵੇ ਦੇ
ਘਰ ਸਨ ਸਾਡਾ ਇਕੱਲਿਆਂ ਦਾ ਘਰ ਹੀ ਮਾਝੇ ਦਾ ਸੀ ਇਸ ਲਈ ਇੱਕ ਤਾਂ ਸਾਡੀ ਅੱਲ ਹੀ ਮਾਝੇ ਵਾਲੇ
ਪੈ ਗਈ ਦੂਜੀ ਗੱਲ ਪਿੰਡ ਦੀ ਚੌਧਰ ਦੀ ਸੀ। ਇਥੇ ਤਾਏ ਦਾ ਨਾਹਰਾ ਸੀ ਬਚ ਬਚਾ ਕੇ ਰਹਿਣਾ ਹ,
ੈ ਬਿਗਾਨਾ ਦੇਸ ਹੈ ਕੋਈ ਪੰਗਾ ਨਹੀਂ ਲੈਣਾ। ਆਪਣਾ ਕੱਲਾ ਘਰ ਹੈ ਪਿੰਡ ਵਿੱਚ ਤਾਂ ਕੋਈ
ਗੁਆਹੀ ਦੇਣ ਵਾਲਾ ਵੀ ਨਹੀਂ। ਜਮਾਨਤ ਤਾਂ ਕਿਸ ਨੇ ਦੇਣੀ ਹੈ?
ਪਰ ਇਹੋ ਜਿਹੇ ਵੇਲੇ ਜਿਵੇਂ ਪੰਗੇ ਦੂਰੋਂ ਦੂਰੋਂ ਆਣ ਚੰਬੜਦੇ ਹਨ। ਇੱਕ ਮਲਵਈ ਨਾਲ ਪਤਾ
ਨਹੀਂ ਪਾਣੀ ਤੋਂ ਜਾਂ ਕਿਸੇ ਹੋਰ ਗੱਲ ਤੋਂ ਪੰਗਾ ਪੈ ਗਿਆ। ਉਹ ਮਾਲਵੇ ਵਿੱਚੋਂ ਆਪਣੇ ਪਿਛਲੇ
ਪਿੰਡੋਂ ਕੁੱਝ ਵੈਲੀ ਜਿਹੇ ਲੈ ਆਇਆ। ਉਹ ਚਾਰ ਪੰਜ ਜਣੇ ਸਨ। ਉਹਨਾਂ ਨੇ ਸਵੇਰੇ ਹੀ ਨਹਾ ਧੋ
ਕੇ ਗਲ਼ਾਂ ਵਿੱਚ ਬੰਦੂਕਾਂ ਪਾਉਣੀਆ ਅਤੇ ਨਹਿਰ ਵੱਲ ਨੂੰ ਸ਼ਿਕਾਰ ਖੇਡਣ ਤੁਰ ਪੈਣਾ। ਸ਼ਾਮ ਨੂੰ
ਉਹਨਾਂ ਨੇ ਮਾਰੇ ਹੋਏ ਸ਼ਿਕਾਰ ਨੂੰ ਤੜਕੇ ਲਗਾਉਂਣੇ ਅਤੇ ਕੋਠੇ ਉਪਰ ਬਹਿ ਕੇ ਨਾਲੇ ਸ਼ਰਾਬ
ਪੀਣੀ ਮੀਟ ਖਾਣੇ ਅਤੇ ਕਦੀ ਕਦੀ ਉਤਾਂਹ ਨੂੰ ਫ਼ਾਇਰ ਕਰ ਦੇਣੇ। ਉਹਨਾਂ ਦੀ ਮਨਸ਼ਾ ਸਾਡੇ
ਪਰਿਵਾਰ ਉਪਰ ਮਾਨਸਿਕ ਦਬਦਬਾ ਪਾਉਣਾ ਸੀ। ਇਹ ਸਾਰਾ ਕੁੱਝ ਇੱਕ ਹਫ਼ਤਾ ਚੱਲਦਾ ਰਿਹਾ। ਇੱਕ
ਦਿਨ ਸ਼ਾਮ ਨੂੰ ਤਾਇਆ ਚਾਚੇ ਮੱਖਣ ਸਿੰਘ ਨੂੰ ਪੁੱਛਣ ਲੱਗਿਆ ਕਿ ਮੱਖਣਾ ਜੇ ਭਲਾ ਇਹ ਬੰਦੇ
ਆਪਾ ਵਿੱਚੋਂ ਕਿਸੇ ਨੂੰ ਮਾਰ ਦੇਣ ਤੇ ਫਿਰ?
ਚਾਚਾ ਮੱਖਣ ਕਹਿਣ ਲੱਗਿਆ ਫਿਰ ਕੀ ਇਹੋ ਠਾਣੇ ਠਪਾਣੇ ਹੀ ਹੋਰ ਕੀ?
ਤਾਇਆ ਕਹਿਣ ਲੱਗਿਆ ਜੇ ਭਲਾ ਆਪਾਂ ਇਹਨਾਂ ਵਿੱਚੋਂ ਇੱਕ ਦੋ ਮਾਰ ਦੇਈਏ ਫੇਰ?
ਚਾਚੇ ਦਾ ਫਿਰ ਵੀ ਇਹੋ ਹੀ ਜੁਆਬ ਸੀ ਫਿਰ ਵੀ ਠਾਣੇ ਹੀ ਜਾਣਾ ਹੋਰ ਕੀ ਕਰਨਾ?
ਤਾਇਆ ਕਹਿਣ ਲੱਗਿਆ ਕਿ ਠਾਣੇ ਤਾਂ ਦੋਹਾਂ ਹੀ ਹਾਲਤਾਂ ਵਿੱਚ ਜਾਣਾ ਪੈਣਾ, ਫਿਰ ਵੇਲਾ ਕਿਹੜਾ
ਵੇਹਨੇ ਆ ਜ਼ਰੂਰ ਮਰ ਕੇ ਠਾਣੇ ਜਾਣਾ। ਮਾਰ ਕੇ ਕਿਉਂ ਨਾ ਜਾਈਏ?
ਤਾਏ ਨੇ ਲੈਕੇ ਸਾਰੇ ਭਰਾਵਾਂ ਨੂੰ ਨਾਲ ਤੇ ਉਸੇ ਰਾਤ ਹੀ ਜਾ ਠਾਹ ਠਾਹ ਕੀਤੀ। ਉਸ ਮਾਂਗਵੀਂ
ਧਾੜ ਦਾ ਪਤਾ ਹੀ ਨਾ ਲੱਗਾ ਕਿ ਕਿਧਰ ਨੂੰ ਗਈ ਹੈ। ਨਾ ਹੀ ਉਸ ਦਿਨ ਤੋਂ ਬਾਅਦ ਉਹਨਾਂ
ਵਿੱਚੋਂ ਕਿਸੇ ਨੂੰ ਉਸ ਪਿੰਡ ਵਿੱਚ ਵੇਖਿਆ।
ਅਗਲੀ ਵਾਰ ਜਦ ਮੈਂ ਪਿੰਡ ਗਿਆ ਤਾਂ ਤਾਏ ਦਾ ਨੱਕ ਇੱਕ ਪਾਸਿਉਂ ਪੂਰਾ ਹੀ ਸੜਿਆ ਹੋਇਆ ਸੀ।
ਮੈਂ ਪੁਛਿਆ ਤਾਇਆ ਨੱਕ ਨੂੰ ਕੀ ਗੱਲ ਹੋ ਗਈ ਹੈ?
ਤਾਇਆ ਕਹਿਣ ਲੱਗਿਆ ਹਨੂੰਮਾਨਗੜ੍ਹ ਤੋਂ ਬਿਜਲੀ ਲੁਆ ਲਿਆਇਆ ਹਾਂ।
ਮੈਂ ਕਿਹਾ ਤਾਇਆ ਇਹ ਬਿਜਲੀ ਥੋੜੀ ਲੱਗਣੀ ਸੀ?
ਤਾਇਆ ਕਹਿੰਦਾ ਹੋਰ ਕਿਹੜੀ ਲੱਗਣੀ ਸੀ?
ਮੈਂ ਬੜਾ ਸਮਝਾਇਆ ਪਰ ਤਾਏ ਨੂੰ ਸਮਝ ਨਾ ਲਗੇ ਉਸ ਨੂੰ ਤਾਂ ਇਹੋ ਹੀ ਪਤਾ ਸੀ ਕਿ ਜਦ ਵੀ ਕਦੀ
ਡੰਗਰਾਂ ਦੇ ਕੋਈ ਗਿਲਟੀ ਵਗੈਰਾ ਨਿਕਲ ਆਉਂਦੀ ਸੀ ਤਾਂ ਉਸ ਨੂੰ ਲੋਹੇ ਦੀ ਕੋਈ ਸੀਖ ਤੱਤੀ
ਕਰਕੇ ਗੁਲ ਲਗਾਉਂਦੇ ਸਨ। ਇਹੋ ਜਿਹੇ ਗੁੱਲ ਤਾਇਆ ਆਪ ਵੀ ਡੰਗਰਾਂ ਨੂੰ ਲਗਾਉਂਦਾ ਰਿਹਾ ਸੀ।
ਇਹੋ ਜਿਹਾ ਗੁੱਲ ਹੀ ਤਾਇਆ ਗੰਗਾਨਗਰ ਆਪਣੀ ਧੀ ਨੂੰ ਮਿਲਣ ਗਿਆ ਹਨੂੰਮਾਨਗੜ੍ਹ ਤੋਂ ਲਗਵਾ
ਲਿਆਇਆ ਸੀ।
ਉਸ ਦੇ ਨਾਲ ਜਿਹੜਾ ਬੰਦਾ ਗਿਆ ਸੀ। ਉਸ ਨੇ ਦੱਸਿਆ ਕਿ ਤਾਇਆ ਕਿਵੇਂ ਕੁਰਸੀ ਉਪਰ ਡੱਟ ਕੇ
ਬੈਠ ਗਿਆ। ਅਤੇ ਨੱਕ ਸਾੜਨ ਵਾਲਾ ਪਤਾ ਨਹੀਂ ਕਾਹਦੇ ਨਾਲ ਇਹਦਾ ਨੱਕ ਸਾੜੀ ਜਾਵੇ ਪਰ ਤਾਏ ਨੇ
ਪੀੜ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਸੀ ਪਰ ਇਹਦੀਆਂ ਅੱਖਾਂ ਵਿੱਚੋਂ ਪਾਣੀ ਜ਼ਰੂਰ ਵਗ ਰਿਹਾ
ਸੀ।
ਮੈਂ ਤਾਏ ਨੂੰ ਕਿਹਾ ਇਹ ਬਿਜਲੀ ਅੰਮ੍ਰਿਤਸਰ ਤੋਂ ਲੱਗਣੀ ਹੈ ਅਤੇ ਆਖਿਰ ਇੱਕ ਵਾਰ ਮੈਂ ਤਾਏ
ਨੂੰ ਅੰਮ੍ਰਿਤਸਰ ਲਿਆਉਣ ਵਿੱਚ ਕਾਮਯਾਬ ਹੋ ਹੀ ਗਿਆ। ਮੈਂ ਸੋਚਿਆ ਕਿ ਤਾਏ ਨੂੰ ਇੱਕ ਮਹੀਨਾ
ਰੇਡੀਏਸ਼ਨ ਲੱਗਣੀ ਹੈ ਕਿਉਂ ਨਾ ਉਨੀ ਦੇਰ ਤਾਏ ਨੂੰ ਅੱਖਰ ਗਿਆਨ ਹੀ ਕਰਵਾ ਦੇਵਾਂ, ਚਲੋ
ਬੱਸਾਂ ਦੇ ਬੋਰਡ ਹੀ ਪੜ੍ਹ ਲਿਆ ਕਰੇਗਾ। ਮੇਰੇ ਹਜ਼ਾਰ ਵਾਰ ਸਿਰ ਖਪਾਉਣ ਤੇ ਵੀ ਤਾਇਆ ਈੜਾ
ਊੜੀ (ਉਹ ਊੜੇ ਈੜੀ ਨੂੰ ਇਹੋ ਹੀ ਕਹਿੰਦਾ ਸੀ) ਤੋਂ ਅੱਗੇ ਨਾ ਵੱਧ ਸਕਿਆ।
ਅੰਮ੍ਰਿਤਸਰ ਗੁਰੂ ਤੇਗ਼ ਬਹਾਦਰ ਹਸਪਤਾਲ ਵਿੱਚ ਡਾਕਟਰ ਮੇਰੇ ਵਾਕਿਫ਼ ਸਨ ਉਹਨਾਂ ਨੇ ਜਲਦੀ ਹੀ
ਤਾਏ ਦਾ ਇਲਾਜ ਸ਼ੁਰੂ ਕਰ ਦਿੱਤਾ।
ਇਲਾਜ ਨੂੰ ਅਜੇ ਹਫ਼ਤਾ ਵੀ ਨਹੀਂ ਸੀ ਹੋਇਆ, ਕਿ ਇੱਕ ਦਿਨ ਤਾਇਆ ਕਹਿਣ ਲੱਗਾ, ਜੁਗਿੰਦਰ
ਸਿੰਹਾਂ ਡਾਕਟਰਾਂ ਨੂੰ ਕਹਿ ਮੇਰਾ ਇਲਾਜ ਸ਼ੁਰੂ ਕਰਨ।
ਮੈਂ ਕਿਹਾ ਤਾਇਆ, ਇਲਾਜ ਤਾਂ ਸ਼ੁਰੂ ਹੈ।
ਉਹ ਕਹਿਣ ਲੱਗਿਆ, ਕਦੋਂ? ਉਹ ਤਾਂ ਮੈਨੂੰ ਹਨੇਰੇ ਜਿਹੇ ਵਿੱਚ ਕੁੱਝ ਦੇਰ ਕੁਰਸੀ ਉਪਰ ਬਿਠਾ
ਛੱਡਦੇ ਹਨ, ਫਿਰ ਕਹਿੰਦੇ ਹਨ ਚੱਲ ਬਾਪੂ ਜਾਹ ਹੁਣ!
ਮੈਂ ਕਿਹਾ ਤਾਇਆ ਕੁੱਝ ਤਾਂ ਕਰਦੇ ਹੀ ਹੋਣਗੇ?
ਤਾਇਆ ਕਹਿੰਦਾ ਲੈ ਜੇ ਕੁੱਝ ਕਰਦੇ ਹੋਣ ਤਾਂ ਮੈਨੂੰ ਨਾ ਪਤਾ ਲੱਗੇ? ਨਾਲੇ ਉਹਨਾਂ ਨੂੰ ਕੋਈ
ਪੈਸਾ ਧੇਲਾ ਦੇਵੇਂਗਾ ਤਾਂ ਹੀ ਕੁੱਝ ਕਰਨਗੇ।
ਮੈਂ ਆਖਿਆ ਤਾਇਆ ਡਾਕਟਰ ਮੇਰੇ ਵਾਕਿਫ਼ ਨੇ ਸਾਰਾ ਕੁੱਝ ਕਰਨਗੇ।
ਤਾਇਆ ਕਹਿੰਦਾ, ਪੈਸਾ ਚੱਲਦਾ ਹਰ ਥਾਂ, ਵਾਕਫ਼ੀ ਨੂੰ ਕੋਈ ਨਹੀਂ ਪੁੱਛਦਾ, ਉਹ ਸਮੇਂ ਗਏ ਜਦੋਂ
ਅਸੀਂ ਸਾਂਝ ਸਿਆਂਣ ਬਦਲੇ ਬੰਦਾ ਮਾਰ ਦੇਂਦੇ ਸੀ।
ਅਗਲੇ ਦਿਨ ਮੈਂ ਤਾਏ ਦੇ ਨਾਲ ਹਸਪਤਾਲ ਗਿਆ। ਡਾਕਟਰ ਨੂੰ ਪੁਛਿਆ ਤਾਂ ਉਸ ਨੇ ਦੱਸਿਆ ਕਿ ਤਾਏ
ਦਾ ਇਲਾਜ ਚਾਲੂ ਹੈ।
ਮੈਂ ਕਿਹਾ ਕਿ ਤਾਇਆ ਕਹਿੰਦਾ ਹੈ ਮੈਨੂੰ ਕੁੱਝ ਕਰਦੇ ਹੀ ਨਹੀਂ, ਮੈਨੂੰ ਕੁੱਝ ਪਤਾ ਹੀ ਨਹੀਂ
ਲੱਗਦਾ।
ਉਹਨਾਂ ਕਿਹਾ ਇਹ ਇਲਾਜ ਤਾਂ ਐਕਸਰੇ ਵਾਂਗ ਹੁੰਦਾ ਹੈ ਤਾਏ ਨੂੰ ਕੀ ਪਤਾ ਲੱਗਣਾ ਹੈ?
ਬੜੀ ਮੁਸ਼ਕਲ ਨਾਲ ਤਾਏ ਨੂੰ ਸਮਝਾਇਆ, ਪਰ ਜਦੋਂ ਦਸ ਕੁ ਦਿਨ ਹੋਏ ਤਾਂ ਤਾਇਆ ਲੱਗਾ ਇੱਕ ਦਿਨ
ਕੇਸੀ ਇਸ਼ਨਾਨ ਕਰਨ। ਜਦ ਤਾਏ ਨੇ ਸਾਬਣ ਲਾਇਆ ਤਾਂ ਤਾਏ ਦੇ ਸਾਰੇ ਸਿਰ ਦੇ ਅਤੇ ਦਾਹੜੀ ਦੇ
ਵਾਲ ਉਹਦੇ ਹੱਥਾਂ ਵਿੱਚ ਆ ਗਏ।
ਆਪਣੇ ਹੱਥਾਂ ਵਿੱਚ ਵਾਲ ਫੜੀ ਤਾਇਆ ਮੇਰੇ ਵੱਲ ਆਇਆ ਤੇ ਕਹਿਣ ਲੱਗਾ ਸ਼ਾਵਾਸ਼ੇ ਪਈ ਜਗਿੰਦਰ
ਸਿੰਹਾਂ ਕਰ ਦਿਤੀ ਨਾ ਸ਼ਰੀਕਾਂ ਵਾਲੀ ਗੱਲ, ਏਸੇ ਲਈ ਮੈਨੂੰ ਨਾਲ ਲੈਕੇ ਆਇਆਂ ਸੀ ਪਿੰਡੋਂ?
ਹੁਣ ਮੈਨੂੰ ਪਿੰਡ ਵੜਨ ਜੋਗਾ ਨਹੀਂ ਛੱਡਿਆ।
ਮੈਂ ਹੈਰਾਨ ਹੋਇਆ ਨਾਲੇ ਹੱਸੀ ਜਾਵਾਂ ਨਾਲੇ ਤਾਏ ਨੂੰ ਆਖੀ ਜਾਵਾਂ ਤਾਇਆ ਤੂੰ ਤੇ ਕਹਿੰਦਾ
ਸੀ ਕਿ ਮੈਨੂੰ ਕਰਦੇ ਹੀ ਕੁੱਝ ਨਹੀਂ।
ਤਾਇਆ ਕਹਿੰਦਾ ਕੀ ਪਤਾ ਸੀ ਆਹ ਕੁੱਝ ਕਰਵਾਉਣਾ ਸੀ ਤੂੰ ਮੇਰੇ ਨਾਲ।
ਮੈਂ ਕਿਹਾ ਤਾਇਆਂ ਕੋਈ ਗੱਲ ਨਹੀਂ ਤੂੰ ਰਾਜ਼ੀ ਹੋ ਜਾਵੇਂਗਾ ਵਾਲ ਫ਼ਿਰ ਆ ਜਾਣਗੇ।
ਤਾਇਆ ਕਹਿਣ ਲੱਗਿਆ ਮੈਨੂੰ ਨਹੀਂ ਤੇਰਾ ਇਤਬਾਰ ਕਹਿੰਦਾ ਕੁੱਝ ਹੋਰ ਹੈਂ, ਕਰਦਾ ਕੁੱਝ ਹੋਰ।
ਖ਼ੈਰ ਕਿਵੇਂ ਨਾ ਕਿਵੇਂ ਤਾਏ ਦਾ ਇਲਾਜ ਕਰਵਾ ਕੇ ਉਸ ਨੂੰ ਪਿੰਡ ਤੋਰਿਆ ਅਤੇ ਨਾਲ ਹੀ ਉਸ ਦੀ
ਨਿਗ੍ਹਾ ਬਨਵਾਉਣ ਦੀ ਸੁਲਾਹ ਮਾਰ ਲਈ।
ਤਾਇਆ ਅੰਮ੍ਰਿਤਸਰ ਆਇਆ ਤਾਂ ਮੈਂ ਉਸ ਨੂੰ ਅੱਖਾਂ ਵਾਲੇ ਹਸਪਤਾਲ, ਮਜੀਠਾ ਰੋਡ ਡਾ. ਬਲਜੀਤ
ਢਿੱਲੋਂ ਕੋਲ ਲੈ ਗਿਆ। ਤਾਏ ਦੇ ਸਾਰੇ ਟੈਸਟ ਵਗੈਰਾ ਕਰ ਲਏ। ਸਾਰੇ ਟੈਸਟ ਵਗੈਰਾ ਵੇਖ ਕੇ
ਡਾ. ਢਿੱਲੋਂ ਕਹਿਣ ਲੱਗਾ ਕਿ ਤਾਏ ਨੂੰ ਮਾੜੀ ਜਿਹੀ ਹਾਰਟ ਦੀ ਸ਼ਕਾਇਤ ਹੈ। ਇਸ ਲਈ ਪਹਿਲਾਂ
ਇਹ ਇਲਾਜ ਕਰਵਾ ਲਈਏ। ਤਾਏ ਨੂੰ ਗੁਰੂ ਨਾਨਕ ਹਸਪਤਾਲ ਤੋਂ ਦੁਆਈ ਲੈ ਦਿੱਤੀ।
ਤਾਏ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੋਈ ਦਿਲ ਦੀ ਬਿਮਾਰੀ ਵੀ ਹੁੰਦੀ ਹੈ। ਕੁੱਝ ਦਿਨ ਦੁਆਈ
ਖਾਣ ਤੋਂ ਬਾਅਦ ਤਾਇਆ ਜ਼ੋਰ ਲਗਾਉਣ ਲੱਗ ਪਿਆ ਕਿ ਜਗਿੰਦਰ ਸਿਹਾਂ ਅੱਖਾਂ ਦਾ ਪ੍ਰੈਸ਼ਨ ਕਿਉਂ
ਨਹੀਂ ਕਰਾਉਂਦਾ। ਪਿੰਡ ਜਾਕੇ ਬੜੀਆਂ ਫੜਾਂ ਮਾਰਦਾ ਹੈਂ ਕਿ ਫ਼ਲਾਣਾ ਡਾਕਟਰ ਮੇਰਾ ਯਾਰ ਏ,
ਢੀਂਗਰਾ ਯਾਰ ਏ।
ਮੈਂ ਕਿਹਾ, ਤਾਇਆ ਮੈਂ ਜਾਕੇ ਡਾਕਟਰ ਢਿੱਲੋਂ ਤੋਂ ਪਤਾ ਕਰਦਾ ਹਾਂ ਕਿ ਕੀ ਕਰਨਾ ਹੈ।
ਮੈਂ ਢਿੱਲੋਂ ਸਾਹਿਬ ਤੋਂ ਪਤਾ ਕੀਤਾ। ਤਾਂ ਉਹ ਕਹਿਣ ਲੱਗਿਆ ਕਿ ਇੱਕ ਤਾਂ ਤਾਏ ਦੇ ਨੱਕ ਦਾ
ਕੈਂਸਰ ਬੜਾ ਵਧਿਆ ਹੋਇਆ ਹੈ, ਦੂਜਾ ਹਾਰਟ ਦੀ ਵੀ ਪ੍ਰਾਬਲਮ ਹੈ ਜੇ ਉਹਨਾਂ ਨੂੰ ਬੇਹੋਸ਼ੀ
ਵਾਲੀ ਸੁੰਘਾਈ ਜਾਂ ਟੀਕਾ ਲਗਾਇਆ ਤਾਂ ਹੋ ਸਕਦਾ ਹੈ ਤਾਏ ਨੂੰ ਮੁੜ ਕੇ ਹੋਸ਼ ਹੀ ਨਾ ਆਵੇ।
ਮੈਨੂੰ ਡਾਕਟਰ ਦੀ ਗੱਲ ਦੀ ਸਮਝ ਲੱਗ ਗਈ। ਪਰ ਇਹ ਗੱਲ ਤਾਏ ਨੂੰ ਕਿਵੇਂ ਸਮਝਾਈ ਜਾਵੇ?
ਅਖੀਰ ਵਿੱਚ ਤਾਏ ਨੂੰ ਇਹ ਗੱਲ ਦੱਸਣੀ ਹੀ ਪਈ ਕਿ ਤਾਇਆ ਡਾਕਟਰ ਕਹਿੰਦੇ ਹਨ ਕਿ ਜੇ ਤੈਨੂੰ
ਬੇਹੋਸ਼ੀ ਵਾਲੀ ਦੁਆਈ ਸੁੰਘਾਈ ਤਾਂ ਹੋ ਸਕਦਾ ਹੈ ਤੈਨੂੰ ਮੁੜ ਕੇ ਹੋਸ਼ ਹੀ ਨਾ ਆਵੇ।
ਤਾਇਆ ਝੱਟ ਹੀ ਕਹਿਣ ਲੱਗਿਆ, ਲੈ ਦੁਆਈ ਨਾ ਸੁੰਘਾੳਣ, ਉਂਜ ਹੀ ਪ੍ਰੇਸ਼ਨ ਕਰ ਦੇਣ।
ਮੈਂ ਆਖਿਆ ਤਾਇਆ ਉਂਜ ਤਾਂ ਪੀੜ ਬੜੀ ਹੋਣੀ ਹੈ।
ਤਾਇਆ ਕਹਿਣ ਲੱਗਿਆ, ਸ਼ਾਵਾਸ਼ੇ! ਲੈ ਪੀੜ ਮੈਨੂੰ ਹੋਣੀ ਆਂ ਕਿ ਡਾਕਟਰ ਨੂੰ?
ਬੜੀ ਮੁਸ਼ਕਲ ਨਾਲ ਤਾਏ ਨੂੰ ਪਿੰਡ ਵਾਪਿਸ ਭੇਜਿਆ ਤੇ ਤਾਈ ਨੂੰ ਤੇ ਹੋਰ ਘਰ ਵਾਲਿਆਂ ਨੂੰ ਕਹਿ
ਦਿਤਾ ਕਿ ਤਾਏ ਨੂੰ ਦੁੱਧ, ਘਿਉ ਨਹੀਂ ਦੇਣਾ।
ਜਦੋਂ ਮੈਂ ਅਗਲੀ ਵਾਰ ਪਿੰਡ ਗਿਆ ਤਾਂ ਤਾਇਆ ਮੰਜੇ ਉਪਰ ਚੌਕੜਾ ਮਾਰ ਕੇ ਬੈਠਾ, ਅੱਗੇ ਥਾਲੀ
ਵਿੱਚ ਅੰਨੇ ਦੀ ਹਿੱਕ ਵਰਗੇ ਪਰੌਂਠੇ ਅਤੇ ਉਪਰ ਮੱਖਣ ਰੱਖਿਆ। ਲਾਗੇ ਸਟੂਲ ਉਪਰ ਪਤਾ ਨਹੀਂ
ਲੱਸੀ ਦਾ ਜਾਂ ਦੁਧ ਦਾ ਗਿਲਾਸ ਰੱਖਿਆ।
ਵੇਂਹਿੰਦਿਆਂ ਸਾਰ ਹੀ ਮੈਂ ਤਾਈ ਨੂੰ ਕਿਹਾ, ਤਾਈ ਤੈਨੂੰ ਕਿਹਾ ਸੀ ਤਾਏ ਨੂੰ ਦੁੱਧ ਘਿਉ
ਨਹੀਂ ਦੇਣਾ।
ਤਾਈ ਨੇ ਅਜੇ ਜੁਆਬ ਵੀ ਨਹੀਂ ਸੀ ਦਿੱਤਾ ਕਿ ਤਾਇਆ ਬੋਲ ਪਿਆ, ਸ਼ਾਵਾਸ਼ੇ ਪਈ ਸ਼ਾਵਾਸ਼ੇ! ਦੇਈ
ਜਾਹ ਏਹਨੂੰ ਪੁਠੀਆਂ ਮੱਤਾਂ। ਤੈਨੂੰ ਇਸ ਕਰਕੇ ਪੜ੍ਹਾਇਆ ਸੀ ਕਿ ਤੂੰ ਸਾਡਾ ਖਾਣਾ ਪੀਣਾ ਹੀ
ਬੰਦ ਕਰ ਦੇਵੇਂ।
ਤਾਈ ਕਹਿਣ ਲੱਗੀ ਸਾਡੀ ਕਿਹੜੀ ਮੰਨਦਾ ਏ। ਹਜ਼ਾਰ ਜ਼ੋਰ ਲਗਾਉਣ ਤੇ ਵੀ ਤਾਏ ਨੇ ਦੁੱਧ ਘਿਉ
ਨਹੀਂ ਛੱਡਿਆ। ਏਨੀ ਉਮਰ ਵਿੱਚ ਵੀ ਮੈਂ ਕੋਟੇ ਜਾਕੇ ਵੇਖਿਆ ਕਿ ਤਾਇਆ ਬਾਹਰਲੇ ਬਰਾਂਡੇ ਵਿੱਚ
ਮੰਜਾ ਡਾਹੀ ਪਿਆ।
ਜਦੋਂ ਮੈਂ ਆਪਣੇ ਭਰਾ ਜਨੀ ਤਾਏ ਦੇ ਪੁੱਤਰ ਨਾਲ ਗਿਲਾ ਕੀਤਾ ਕਿ ਤਾਏ ਦਾ ਮੰਜਾ ਬਾਹਰ ਕਿਉਂ
ਡਾਹਿਆ ਹੈ ਤਾਂ ਉਹ ਕਹਿਣ ਲੱਗਾ, ਭਾਜੀ ਮੰਨਦਾ ਨਹੀਂ, ਕਹਿੰਦਾ ਬਾਹਰ ਪੇਸ਼ਾਬ ਵਗੈਰਾ ਦੀ ਸੌਖ
ਰਹਿੰਦੀ ਏ। ਉਸ ਨੇ ਦਸਿਆ ਕਿ ਅਜੇ ਤੱਕ ਆਪ ਬਾਹਰ ਅੰਦਰ ਜਾ ਆਉਂਦਾ ਹੈ ਕੋਈ ਮੁਸ਼ਕਲ ਨਹੀਂ।
ਮੈਂ ਸੋਚ ਰਿਹਾ ਸੀ ਕਿ ਏਨੀਆਂ ਬਿਮਾਰੀਆਂ ਹੋਣ ਦੇ ਬਾਵਜੂਦ ਵੀ ਤਾਇਆ ਆਰਾਮ ਨਾਲ ਜਿਉ ਰਿਹਾ
ਹੈ, ਇਸ ਦਾ ਕਾਰਨ ਸ਼ਾਇਦ ਤਾਏ ਦਾ ਜਿੰਦਗੀ ਪ੍ਰਤੀ ਰਵੱਈਆ ਅਤੇ ਅਨਜਾਣਤਾ ਹੀ ਹੈ।
ਨਹੀਂ ਤਾਂ ਕੋਈ ਪੜ੍ਹਿਆ ਲਿਖਿਆ ਹੁੰਦਾ ਤਾਂ ਉਸ ਨੇ ਇਹ ਸੋਚ ਕੇ ਮਰ ਜਾਣਾ ਸੀ ਕਿ ਉਸ ਨੂੰ
ਕੈਂਸਰ ਹੈ ਜਾਂ ਹਾਰਟ ਬਾਰੇ ਸੁਣ ਕੇ ਹੀ ਉਸ ਨੇ ਹੁਣ ਤੱਕ ਆਖਰੀ ਹਾਰਟ ਅਟੈਕ ਕਰਵਾ ਲੈਣਾ
ਸੀ।
ਤਾਏ ਦੇ ਭੋਲੇਪਨ ਜਾਂ ਅਣਜਾਣਤਾ ਦੀ ਇੱਕ ਹੋਰ ਘਟਨਾ ਮੈਨੂੰ ਯਾਦ ਆ ਗਈ ਹੈ। ਜਦ ਮੈਂ ਪਹਿਲੀ
ਵਾਰ ਅਮਰੀਕਾ ਆਇਆ ਸੀ ਤਾਂ ਉਥੋਂ ਇੱਕ ਲੈਪਟਾਪ ਕੰਪਿਊਟਰ ਲੈ ਆਇਆ ਸੀ।
ਪਿੰਡ ਜਾ ਕੇ ਮੈਂ ਤਾਏ ਨੂੰ ਬੜੀਆਂ ਫੜਾਂ ਮਾਰ ਮਾਰ ਕੇ ਦੱਸਿਆ ਕਿ ਇਹ ਆਹ ਵੀ ਕਰ ਦੇਂਦਾ ਹੈ
ਔਹ ਵੀ ਕਰ ਦੇਂਦਾ ਹੈ। ਇਹਨੂੰ ਜੋ ਵੀ ਕਹੋ ਉਹੋ ਹੀ ਕਰ ਦੇਂਦਾ ਹੈ।
ਤਾਇਆ ਸਹਿਜ ਭਾਵ ਨਾਲ ਹੀ ਕਹਿਣ ਲੱਗਾ, ਹਲਾਅ! ਹਈ ਸ਼ਾਵਾਸ਼ੇ! ਲੈ ਫਿਰ ਇਹਦੇ ਤੋਂ ਸਾਡਾ ਵੀ
ਇੱਕ ਕੰਮ ਕਰਵਾ ਦੇਹ।
ਮੈਂ ਕਿਹਾ ਕਿਹੜਾ ਤਾਇਆ?
ਆਹ! ਸਾਡੇ ਪਿੰਡ ਵਾਲੇ ਲੰਬੜਦਾਰ ਦੀਆਂ ਲੱਤਾਂ ਭੰਨਵਾ ਦੇਹ ਇਹਦੇ ਤੋਂ।
ਮੈਂ ਹੱਸਣ ਲੱਗਿਆ ਤੇ ਦਿਲ ਵਿੱਚ ਸੋਚਣ ਲੱਗਿਆ, ਵਾਹ ਪਈ ਤਾਇਆ ਸਾਰੀ ਉਮਰ ਤੇਰੀ ਭੋਲੇਪਨ
ਵਿੱਚ ਹੀ ਲੰਘ ਗਈ ਹੁਣ ਅਗਲੇ ਜਨਮ ਵਿੱਚ ਵੇਖੋ ਤਾਏ ਦਾ ਕੀ ਬਣਦਾ ਹੈ? ਪਰ ਤਾਇਆ ਅਜੇ ਤਾਂ
ਪੂਰੀ ਤਨਦੇਹੀ ਨਾਲ ਇਸ ਜਨਮ ਵਿੱਚ ਵੀ ਡਟਿਆ ਹੋਇਆ ਹੈ।
ਜਦੋਂ ਮੈਂ ਵਾਪਸ ਤੁਰਨ, ਮੈਂ ਤਾਏ ਨੂੰ ਫਤਿਹ ਬੁਲਾਈ ਤਾਂ ਤਾਇਆ ਕਹਿਣ ਲੱਗਿਆ, ਜਗਿੰਦਰ
ਸਿਹਾਂ! ਸਾਡਾ ਲੰਬੜਦਾਰ ਵਾਲਾ ਕੰਮ ਨਹੀਂ ਕੀਤਾ ਤੂੰ ਪਈ ਅਜੇ ਤਾਈਂ।
ਮੈਂ ਕਿਹਾ, ਤਾਇਆ ਕੀਤਾ ਕਿਉਂ ਨਹੀਂ? ਲੰਬੜਦਾਰ ਤਾਂ ਮਰ ਗਿਆ ਸੀ ਪਿਛਲੇ ਸਾਲ।
ਤਾਇਆ ਹੱਥ ਤੇ ਹੱਥ ਮਾਰ ਕਹਿੰਦਾ, ਹਲਾਅ! ਹਈ ਸ਼ਾਵਾਸ਼ੇ ਪਈ, ਬੜਾ ਕੁੱਤਾ ਬੰਦਾ ਸੀ। ਅਸੀਂ ਆ
ਗਏ ਉਹਦੇ ਤੋਂ ਜਮੀਨ ਬਚਾਅ ਕੇ, ਬਾਕੀ ਨਹੀਂ ਬਚਿਆ ਉਹਦੇ ਤੋਂ ਕੋਈ।
ਵਾਪਸ ਮੁੜਦਿਆ ਮੈਂ ਆਪਣੇ ਪਿੰਡ ਵਾਲੇ ਲੰਬੜਦਾਰ ਬਾਰੇ ਸੋਚਦਾ ਆਇਆ। ਜਿਹੜਾ ਸਾਰੇ ਪਿੰਡ ਦੀ
ਜ਼ਮੀਨ ਆਪਣੀਆਂ ਹੇਰਾ ਫੇਰੀਆਂ ਨਾਲ ਲੈ ਗਿਆ ਸੀ। ਆਪਣੇ ਕਾਮਿਆਂ ਨਾਲ ਵੀ ਉਹ ਇੰਜ ਹੀ ਕਰਦਾ
ਸੀ। ਜਦੋ ਸ਼ਾਮ ਨੂੰ ਉਹ ਘਰ ਦੀ ਕੱਢੀ ਦੇਸੀ ਦਾਰੂ ਪੀਣ ਲੱਗਦਾ ਤਾਂ ਨੇੜੇ ਫਿਰਦੇ ਆਪਣੇ
ਸੀਰੀਆਂ ਨੂੰ ‘ਵਾਜ਼ ਮਾਰ ਕੇ ਕਹਿੰਦਾ, ਲੈ ਸਹੁਰੀ ਦਿਆ ਪੀ ਲੈ ਘੁੱਟ ਸਾਰੇ ਦਿਨ ਦਾ ਥੱਕਿਆ
ਹੋਇਆ ਏਂ। ਨਾਲ ਉਸ ਨੂੰ ਉਬਲਿਆ ਹੋਇਆ ਇੱਕ ਆਂਡਾ ਵੀ ਦੇ ਦੇਂਦਾ।
ਜਦੋਂ ਉਹ ਕਾਮਾ ਜਾਂ ਸੀਰੀ ਸਾਲ ਬਾਅਦ ਹਿਸਾਬ ਕਰਦਾ ਤਾਂ ਲੰਬੜਦਾਰ ਸਾਰੇ ਸਾਲ ਉਸ ਨੂੰ ਪਿਆਏ
ਹਾੜੇ ਅਤੇ ਆਂਡੇ ਉਸ ਦੇ ਹਿਸਾਬ ਵਿੱਚ ਲਿਖੇ ਹੁੰਦੇ।
ਜੇਕਰ ਕੋਈ ਸੀਰੀ ਉਰਾ ਪਰਾ ਕਰਦਾ ਤਾਂ ਲੰਬੜਦਾਰ ਸਹਿਜ ਭਾਅ ਨਾਲ ਹੀ ਕਹਿੰਦਾ, ਸਾਲਿਆ ਇਹ
ਮੁਫ਼ਤ ਆਉਂਦੇ ਨੇ? ਪਹਿਲਾਂ ਖਾਂਦੇ ਸੀ ਚਾਅ ਨਾਲ ਹੁਣ ਚੀਕਾਂ ਮਾਰਦੇ ਹੋ।
ਇਸ ਹਿਸਾਬ ਨਾਲ ਮੈਨੂੰ ਤਾਇਆ ਠੀਕ ਹੀ ਲੱਗਿਆ ਸੀ, ਜਿਹੜਾ ਇੱਕ ਅਜਗਰ ਤੋਂ ਬਚ ਕੇ ਇਧਰ ਉਜਾੜ
ਵਿੱਚ ਆ ਗਿਆ ਸੀ।
-0- |