Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat

ਬਾਗੀ
- ਹਰਜੀਤ ਅਟਵਾਲ

 

ਮਹਾਂਰਾਣੀ ਵਿਕਟੋਰੀਆ ਦੀ ਚਿੱਠੀ ਨੇ ਮਹਾਂਰਾਜੇ ਲਈ ਸਾਰੇ ਰਾਹ ਬੰਦ ਕਰ ਦਿਤੇ। ਇਕੋ ਇਕ ਗੁਫਾ ਦੇ ਅਖੀਰ ਵਿਚ ਦਿਸਦੀ ਲੋਅ, ਮਹਾਂਰਾਣੀ, ਵੀ ਬੁਝ ਗਈ ਜਾਪਦੀ ਸੀ। ਹੁਣ ਕੀ ਕੀਤਾ ਜਾਵੇ। ਹੁਣ ਲੜਾਈ ਲੜਨੀ ਹੀ ਪੈਣੀ ਸੀ। ਇਹ ਲੜਾਈ ਕਿਵੇਂ ਲੜੀ ਜਾਵੇਗੀ, ਇਸ ਦੇ ਪੈਂਤੜੇ ਕੀ ਹੋਣਗੇ, ਇਸ ਲੜਾਈ ਦਾ ਕੋਈ ਨਤੀਜਾ ਨਿਕਲੇਗਾ ਵੀ ਜਾਂ ਨਹੀਂ, ਇਹਦਾ ਅਸਰ ਉਸ ਦੇ ਪਰਿਵਾਰ ਉਪਰ ਕੀ ਹੋਵੇਗਾ; ਅਜਿਹੇ ਕਿੰਨੇ ਹੀ ਸਵਾਲ ਉਸ ਦੇ ਸਾਹਮਣੇ ਘੁੰਮ ਰਹੇ ਸਨ। ਉਸ ਨੇ ਪੌਲ ਸ਼ੀਨ ਨਾਲ ਸਲਾਹਾਂ ਕੀਤੀਆਂ, ਆਪਣੀ ਲੀਗਲ ਟੀਮ ਨਾਲ ਵੀ। ਬੂਟਾ ਸਿੰਘ ਨਾਲ ਵੀ ਜੋ ਕਿ ਹੁਣ ਪਰਛਾਵੇਂ ਵਾਂਗ ਉਸ ਨਾਲ ਰਹਿੰਦਾ ਸੀ। ਹੁਣ ਇਹ ਤਾਂ ਤੈਅ ਸੀ ਕਿ ਸਰਕਾਰ ਨਾਲ ਆਪਣੇ ਹੱਕ ਲਈ ਲੜਾਈ ਲੜੀ ਜਾਵੇਗੀ। ਇਹਨਾਂ ਦਿਨਾਂ ਵਿਚ ਪੰਜਾਬ ਵਿਚੋਂ ਕਈ ਸਿੱਖ ਸਰਦਾਰਾਂ ਦੀਆਂ ਚਿੱਠੀਆਂ ਮਹਾਂਰਾਜੇ ਨੂੰ ਮਿਲੀਆਂ। ਇਹਨਾਂ ਚਿੱਠੀਆਂ ਨਾਲ ਮਹਾਂਰਾਜੇ ਦਾ ਹੌਸਲਾ ਬੱਝ ਰਿਹਾ ਸੀ ਬਲਕਿ ਉਸ ਨੂੰ ਇਹ ਚਿੱਠੀਆਂ ਲੜ੍ਹਾਈ ਨੂੰ ਅਗਲੀਆਂ ਸਫਾਂ ਤਕ ਲੈ ਜਾਣ ਲਈ ਪ੍ਰੇਰ ਰਹੀਆਂ ਸਨ। ਉਸ ਨੇ ਬ੍ਰਤਾਨਵੀ ਸਰਕਾਰ ਦੇ ਕਈ ਰੂਪ ਦੇਖੇ ਸਨ ਤੇ ਇਹ ਰੂਪ ਹੁਣ ਆਮ ਲੋਕਾਂ ਨੂੰ ਦਿਖਾਉਣ ਬਾਰੇ ਸੋਚਣ ਲਗਿਆ।
ਇਕ ਦਿਨ ਉਸ ਨੇ ਬੂਟਾ ਸਿੰਘ ਨੂੰ ਪੁੱਛਿਆ,
“ਸਰਦਾਰ ਸਾਹਿਬ, ਪਹਿਲੇ ਹਮਲੇ ਲਈ ਤਿਆਰ ਓ?”
ਬੂਟਾ ਸਿੰਘ ਨੇ ਮੁਸਕ੍ਰਾ ਕੇ ਸਿਰ ਹਿਲਾਇਆ।
ਅਗਲੀ ਸਵੇਰ ਮਹਾਂਰਾਜਾ ਜਲਦੀ ਉਠ ਖੜਿਆ। ਬਹੁਤੀ ਰਾਤ ਤਾਂ ਉਹ ਸੌਂ ਹੀ ਨਹੀਂ ਸੀ ਸਕਿਆ। ਉਸ ਨੂੰ ਪੰਜਾਬ ਤੋਂ ਆਈ ਕਿਸੇ ਓਪਰੇ ਜਿਹੇ ਨਾਂ ਦੀ ਇਕ ਚਿੱਠੀ ਯਾਦ ਆ ਰਹੀ ਸੀ ਜਿਸ ਵਿਚ ਲਿਖਿਆ ਸੀ ਕਿ ਤੁਸੀਂ ਮਹਾਂਰਾਜੇ ਹੋ, ਮਹਾਂਰਾਜਿਆਂ ਦਾ ਕੰਮ ਹੀ ਯੁੱਧ ਕਰਨਾ ਹੁੰਦਾ ਹੈ। ਮਹਾਂਰਾਜੇ ਜੀਵਨ ਵਿਚ ਅਰਾਮ ਤਾਂ ਹੁੰਦਾ ਹੀ ਨਹੀਂ। ਉਹ ਇਸ ਗੱਲ ਨੂੰ ਬਾਖੂਬੀ ਸਮਝ ਗਿਆ ਸੀ ਕਿ ਜਦ ਲੜਾਈ ਸ਼ੁਰੂ ਹੋਈ ਤਾਂ ਬੇਅਰਾਮੀ ਤਾਂ ਹੋਣੀ ਹੀ ਸੀ। ਉਹ ਉਠ ਕੇ ਹਾਲ ਤੋਂ ਬਾਹਰ ਆ ਗਿਆ। ਥੋੜਾ ਤੁਰਦਾ ਹੋਇਆ ਅਗੇ ਵਧਿਆ ਤਾਂ ਦੇਖਿਆ ਕਿ ਉਸ ਦੀ ਸਿ਼ਕਾਰਗਾਹ ਜਾਗ ਰਹੀ ਸੀ। ਪੰਛੀ ਗਾ ਰਹੇ ਸਨ। ਕਿਤੇ ਕਿਤੇ ਕਿਸੇ ਹੋਰ ਜਾਨਵਰ ਦੇ ਬੋਲਣ ਦੀ ਅਵਾਜ਼ ਵੀ ਆ ਰਹੀ ਸੀ। ਸਿਆਲ ਸੀ ਪਰ ਠੰਡ ਬਹੁਤੀ ਨਹੀਂ ਸੀ। ਪਹਿਲਾਂ ਉਸ ਨੇ ਸੋਚਿਆ ਕਿ ਘੋੜ-ਸਵਾਰੀ ਕਰਕੇ ਆਵੇ, ਇਸ ਬਹਾਨੇ ਹੀ ਇਸਟੇਟ ਦਾ ਇਕ ਚੱਕਰ ਵੀ ਲਗ ਜਾਵੇਗਾ ਪਰ ਫਿਰ ਦੇਖਿਆ ਕਿ ਅਸਤਬਲ ਦੇ ਕਰਮਚਾਰੀ ਹਾਲੇ ਸੁੱਤੇ ਪਏ ਸਨ। ਉਹ ਵਾਪਸ ਅੰਦਰ ਆ ਗਿਆ। ਬੂਟਾ ਸਿੰਘ ਵੀ ਉਠਿਆ ਫਿਰਦਾ ਸੀ। ਉਹ ਮਹਾਂਰਾਜੇ ਦੀ ਬੇਚੈਨੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹ ਬੋਲਿਆ,
“ਯੋਅਰ ਹਾਈਨੈੱਸ, ਜੇ ਇਤਰਾਜ਼ ਨਾ ਹੋਵੇ ਤਾਂ ਪਾਠ ਕਰਾਂ, ਮੈਨੂੰ ਯਕੀਨ ਏ ਕਿ ਪਾਠ ਸੁਣ ਕੇ ਤੁਹਾਨੂੰ ਸਕੂਨ ਮਿਲੇਗਾ।”
ਮਹਾਂਰਾਜੇ ਨੇ ਬੂਟਾ ਸਿੰਘ ਵਲ ਦੇਖਿਆ ਤੇ ਪਲ ਕੁ ਲਈ ਚੁੱਪ ਰਿਹਾ। ਫਿਰ ਬੋਲਿਆ,
“ਚਲੋ, ਤੁਸੀਂ ਗਟਕਾ ਲੈ ਆਵੋ।”
“ਮੈਨੂੰ ਆਸਾ ਦੀ ਵਾਰ ਮੂੰਹ ਜ਼ੁਬਾਨੀ ਹੀ ਯਾਦ ਏ, ਤੁਸੀਂ ਹੱਥ ਮੂੰਹ ਧੋ ਆਵੋ ਤੇ ਸਿਰ ਢੱਕ ਕੇ ਬੈਠ ਜਾਵੋ, ਜਦ ਤਕ ਮੈਂ ਤਿਆਰੀ ਕਰਦਾਂ।”
ਮਹਾਂਰਾਜਾ ਸਿਰ ਢੱਕ ਕੇ ਬੂਟਾ ਸਿੰਘ ਦੇ ਸਾਹਮਣੇ ਬੈਠ ਗਿਆ। ਪਾਠ ਸ਼ੁਰੂ ਹੋਇਆ। ਪਹਿਲਾਂ ਤਾਂ ਮਹਾਂਰਾਜੇ ਨੂੰ ਸਭ ਓਪਰਾ ਜਿਹਾ ਹੀ ਲਗਦਾ ਰਿਹਾ ਪਰ ਫਿਰ ਉਸ ਦਾ ਮਨ ਖੁੱਭਣ ਲਗਿਆ। ਉਸ ਨੇ ਅੱਖਾਂ ਮੀਟ ਲਈਆਂ। ਬੂਟਾ ਸਿੰਘ ਨੇ ਪਾਠ ਕਰਕੇ ਅਰਦਾਸ ਕੀਤੀ। ਉਸੇ ਸਵੇਰ ਮਹਾਂਰਾਜਾ ਚਰਚ ਵੀ ਗਿਆ। ਬੂਟਾ ਸਿੰਘ ਨੂੰ ਦੂਰ ਕਿਧਰੇ ਆਸ ਦੀ ਕਿਰਨ ਨਜ਼ਰ ਆਉਣ ਲਗੀ। ਜਦ ਉਹ ਹਿੰਦੁਸਤਾਨ ਤੋਂ ਤੁਰਨ ਲਗਿਆ ਸੀ ਤਾਂ ਠਾਕਰ ਸਿੰਘ ਸੰਧਾਵਾਲੀਆ ਨੇ ਯਕੀਨ ਨਾਲ ਕਿਹਾ ਸੀ ਕਿ ਮਹਾਂਰਾਜਾ ਆਖਰ ਸਾਡਾ ਹੀ ਖੂਨ ਹੈ ਤੇ ਇਕ ਦਿਨ ਸਿੱਖੀ ਵਲ ਜ਼ਰੂਰ ਪਰਤੇਗਾ। ਉਸ ਦਾ ਦਿਲ ਕਰ ਰਿਹਾ ਸੀ ਕਿ ਇਸ ਘਟਨਾ ਨੂੰ ਚਿੱਠੀ ਰਾਹੀਂ ਸੰਧਾਵਾਲੀਆ ਸਰਦਾਰ ਨਾਲ ਸਾਂਝੀ ਕਰੇ ਪਰ ਸੋਚ ਰਿਹਾ ਸੀ ਕਿ ਇਹ ਜਲਦਬਾਜ਼ੀ ਹੋਵੇਗੀ। ਉਸ ਨੂੰ ਇਸ ਗੱਲ ਦਾ ਯਕੀਨ ਹੋਣ ਲਗਿਆ ਸੀ ਕਿ ਮਹਾਂਰਾਜਾ ਇਕ ਦਿਨ ਮੁੜ ਸਿੱਖ ਧਰਮ ਅਪਣਾ ਲਵੇਗਾ। ਇਹਨਾਂ ਦਿਨਾਂ ਵਿਚ ਹੀ ਇਕ ਹੋਰ ਵਧੀਆ ਗੱਲ ਹੋਈ ਕਿ ਠਾਕਰ ਸਿੰਘ ਸੰਧਾਵਾਲੀਆ ਦੇ ਭੇਜੇ ਹੋਏ ਦੋ ਹੋਰ ਸਿੱਖ ਹੁਕਮ ਸਿੰਘ ਤੇ ਅਰੂੜ ਸਿੰਘ ਮਹਾਂਰਾਜੇ ਨਾਲ ਆ ਸ਼ਾਮਲ ਹੋਏ। ਵੈਸੇ ਤਾਂ ਐੱਲਵੇਡਨ ਦੇ ਕੁਲ ਪੱਚਾਨਵੇਂ ਕਰਮਚਾਰੀ ਸਨ ਪਰ ਹੁਕਮ ਸਿੰਘ ਤੇ ਅਰੂੜ ਸਿੰਘ ਆਉਂਦਿਆਂ ਹੀ ਉਸ ਦੇ ਖਾਸਮਖਾਸ ਬਣ ਗਏ। ਅਰੂੜ ਸਿੰਘ ਪੜ੍ਹਿਆ-ਲਿਖਿਆ ਨੌਜਵਾਨ ਸੀ। ਉਸ ਨੇ ਆਉਂਦਿਆਂ ਹੀ ਮਹਾਂਰਾਜੇ ਦੇ ਕਈ ਕੰਮ ਸੰਭਾਲ ਲਏ। ਮਹਾਂਰਾਜਾ ਉਹਨਾਂ ਦੇ ਆਉਣ ਨਾਲ ਆਪਣੇ ਆਪ ਨੂੰ ਹੋਰ ਤਾਕਤਵਰ ਹੋਇਆ ਸਮਝਣ ਲਗਿਆ ਸੀ। ਪਿੱਛੇ ਪੰਜਾਬ ਵਿਚਲੀ ਆਪਣੀ ਤਾਕਤ ਨੂੰ ਵੀ ਕੁਝ ਕੁਝ ਮਹਿਸੂਸ ਕਰ ਰਿਹਾ ਸੀ।
ਮਹਾਂਰਾਜੇ ਨੇ ਬਹੁਤ ਚਿੱਠੀਆਂ ਲਿਖੀਆਂ ਸਨ। ਉਹਨਾਂ ਚਿੱਠੀਆਂ ਦੀ ਸੁਰ ਹੋਰ ਸੀ ਪਰ ਹੁਣ ਵਾਲੀਆਂ ਚਿੱਠੀਆਂ ਦੀ ਸੁਰ ਵੱਖਰੀ ਹੋਣੀ ਸੀ। ਉਸ ਨੇ ਇਸ ਕੜੀ ਵਿਚ ਪਹਿਲੀ ਚਿੱਠੀ ਲੌਰਡ ਹਾਰਟਿੰਗਟਨ ਦੇ ਨਾਂ ਲਿਖੀ;
‘3 ਫਰਵਰੀ, 1881; ‘ਮਾਈ ਡੀਅਰ ਲੌਰਡ, ਮੈਂ ਆਪਣੇ ਅਜੀਬ ਜਿਹੇ ਮੁਆਮਲਾਤ ਕਰਕੇ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਦੇਣੀ ਚਾਹੁੰਦਾ ਪਰ ਕੀ ਕਰਾਂ ਮੈਂ ਰਹਿ ਵੀ ਨਹੀਂ ਸਕਦਾ। ਜਿਹੜੀ ਕੁਝ ਰਕਮ ਮੈਨੂੰ ਮੇਰੇ ਕਰਜ਼ੇ ਕਾਰਨ ਦਿਤੀ ਗਈ ਸੀ ਉਸ ਤੋਂ ਬਿਨਾਂ ਕੁਝ ਹੋਰ ਬਿੱਲ ਆਏ ਪਏ ਹਨ। ਚਰਚ ਦੀ ਮੁਰੰਮਤ, ਕਿਸਾਨਾਂ ਦੇ ਘਰਾਂ ਦੀ ਮੁਰੰਮਤ ਤੇ ਕੁਝ ਸਕੂਲਾਂ ਦੀ ਦੇਖਭਾਲ ਕਾਰਨ ਬਹੁਤ ਪੈਸੇ ਖਰਚੇ ਗਏ ਹਨ, ਮੋਟੇ ਜਿਹੇ ਅੰਦਾਜ਼ੇ ਮੁਤਾਬਕ ਦੋ ਹਜ਼ਾਰ ਪੌਂਡ ਦੇ ਕਰੀਬ। ਮੈਨੂੰ ਪਤਾ ਲਗ ਚੁੱਕਾ ਹੈ ਕਿ ਸਰਕਾਰ ਮੇਰੀ ਮੱਦਦ ਨਹੀਂ ਕਰ ਸਕਦੀ ਤੇ ਐੱਲਵੇਡਨ ਇਸਟੇਟ ਆਪਣਾ ਖਰਚ ਨਹੀਂ ਚੁੱਕ ਰਹੀ ਇਸ ਲਈ ਮੈਂ ਆਪਣੀ ਇਸਟੇਟ ਐਲਵੇਡਨ ਹਾਲ ਦੀ ਘੜੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ...ਜਦੋਂ ਹਾਲਾਤ ਠੀਕ ਹੋਏ ਫਿਰ ਦੇਖਾਂਗਾ। ...ਮੇਰਾ ਇਰਾਦਾ ਹੈ ਕਿ ਹੌਲੈਂਡ ਪਾਰਕ ਵਿਚ 350 ਪੌਂਡ ਸਲਾਨਾ ‘ਤੇ ਇਕ ਘਰ ਲੈ ਲਵਾਂ ਤੇ ਸਾਰੇ ਨੌਕਰਾਂ ਨੂੰ ਹਟਾ ਦੇਵਾਂ ਤਾਂ ਜੋ ਖਰਚੇ ਕਾਬੂ ਵਿਚ ਰਹਿ ਸਕਣ। ...ਮੈਨੂੰ ਜੋ 40,000 ਪੌਂਡ ਮੇਰੇ ਕਰਜ਼ੇ ਲਈ ਦਿਤੇ ਜਾਣੇ ਸਨ ਤੇ ਜੋ ਹਾਲੇ ਨਹੀਂ ਦਿਤੇ ਗਏ, ਉਹਨਾਂ ਵਿਚੋਂ ਜੇ ਕਰ 4,000 ਪੌਂਡ ਮਿਲ ਜਾਵੇ ਤੇ ਮੈਂ ਕਰਜ਼ਦਾਰਾਂ ਦਾ ਵਿਆਜ ਦੇ ਕੇ ਉਹਨਾਂ ਕੋਲ ਗਹਿਣੇ ਰੱਖੀ ਜਿਊਲਰੀ ਵਿਚੋਂ ਕੁਝ ਛੁਡਵਾ ਕੇ ਘਰ ਵਿਚ ਸਮਾਨ ਪਾ ਸਕਾਂ।’
ਸਰ ਓਇਨ ਬਰਨ ਹੈਰਾਨ ਹੁੰਦਿਆਂ ਮਹਾਂਰਾਜੇ ਦੇ ਇਸ ਇਰਾਦੇ ਦੀ ਸਾਰਥਿਕਤਾ ਜਾਨਣੀ ਚਾਹੀ। ਜਦ ਪਤਾ ਚਲਿਆ ਕਿ ਮਹਾਂਰਾਜਾ ਇਸ ਬਾਰੇ ਗੰਭੀਰ ਹੈ, ਉਹ ਪੱਛਮੀ ਲੰਡਨ ਦੇ ਹੌਲੈਂਡ ਪਾਰਕ ਵਿਚ ਘਰ ਕਿਰਾਏ ‘ਤੇ ਲੈ ਰਿਹਾ ਹੈ ਤਾਂ ਉਸ ਨੇ ਜਲਦੀ ਨਾਲ 4,000 ਪੌਂਡ ਇਸ ਨਵੇਂ ਮਕਾਨ ਵਿਚ ਸਮਾਨ ਪਾਉਣ ਤੇ ਹੋਰ ਕੰਮ ਕਰਾਉਣ ਲਈ ਉਪਲਭਧ ਕਰਾ ਦਿਤੇ। ਨਾਲ ਹੀ 40,000 ਪੌਂਡ ਵਾਲੇ ਕਰਜ਼ੇ ਨੂੰ ਵੀ ਆਰਜ਼ੀ ਤੌਰ ‘ਤੇ ਸਥਿਗਤ ਕਰ ਦਿਤਾ ਗਿਆ। ਮਹਾਂਰਾਜੇ ਨੇ ਉਹਨਾਂ ਦਾ ਦਿਤਾ 4,000 ਪੌਂਡ ਨਹੀ ਵਰਤਿਆ ਸਗੋਂ ਤਿੰਨ ਹਜ਼ਾਰ ਪੌਂਡ ਆਪਣੇ ਕਰਜ਼ੇ ਵਜੋਂ ਵਾਪਸ ਲੌਟਾ ਦਿਤਾ ਇਹ ਕਹਿੰਦਿਆਂ ਕਿ ਉਸ ਨੇ ਐੱਲਵੇਡਨ ਦੀ ਸਿ਼ਕਾਰਗਾਹ ਵਿਚੋਂ ਕੁਝ ਆਮਦਨ ਕਰ ਲਈ ਹੈ ਤੇ ਉਸ ਵਿਚੋਂ ਹੀ ਸਤਾਰਾਂ ਸੌ ਪੌਂਡ ਦਾ ਸਮਾਨ ਵੀ ਪਵਾ ਲਿਆ ਹੈ। ਮਹਾਂਰਾਜੇ ਨੇ ਇਸ ਬਾਰੇ ਇੰਡੀਆ ਹਾਊਸ ਨੂੰ ਚਿੱਠੀ ਲਿਖਦਿਆਂ ਇਸ ਵਿਚ ਕੁਝ ਪੰਕਤੀਆਂ ਹੋਰ ਜੋੜ ਦਿਤੀਆਂ;
‘...ਇਕ ਗੱਲ ਮੈਂ ਹੋਰ ਜਾਨਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਮਹਾਂਰਾਜਾ ਵਾਲਾ ਖਿਤਾਬ ਛੱਡ ਦੇਵਾਂ ਤਾਂ ਸਰਕਾਰ ਨੂੰ ਕੋਈ ਇਤਰਜ਼ ਤਾਂ ਨਹੀਂ। ਇਸ ਦਾ ਵੱਡਾ ਕਾਰਨ ਹੈ ਕਿ ਖੇਤੀ-ਬਾੜੀ ਵਿਚ ਪੈ ਰਹੇ ਘਾਟੇ ਕਾਰਨ ਐੱਲਵੇਡਨ ਦੀ ਕੀਮਤ ਅੱਧੀ ਰਹਿ ਗਈ ਹੈ, ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਨੂੰ ਕੁਝ ਵੀ ਨਹੀਂ ਮਿਲਣ ਵਾਲਾ, ਉਹ ਸਾਧਾਰਨ ਲੋਕਾਂ ਵਾਂਗ ਹੀ ਰਹਿਣਗੇ ਤੇ ਮਹਾਂਰਾਜਾ ਵਰਗੇ ਖਿਤਾਬਾਂ ਦੀ ਬੇਅਦਬੀ ਹੋਵੇਗੀ।’
ਮਹਾਂਰਾਜੇ ਦੇ ਇਹ ਸ਼ਬਦ ਸਰਕਾਰ ਉਪਰ ਬੰਬ ਵਾਂਗ ਡਿਗੇ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਮਹਾਂਰਾਜਾ ਏਸ ਹੱਦ ਤਕ ਜਾਵੇਗਾ, ਕਿ ਮਹਾਂਰਾਜਾ ਇਥੋਂ ਤਕ ਬਾਗੀ ਹੋ ਜਾਵੇਗਾ ਕਿ ਆਪਣੀ ਉਪਾਧੀ ਛੱਡਣ ਲਈ ਤਿਆਰ ਹੋ ਜਾਵੇਗਾ। ਸਰਕਾਰ ਵਿਚ ਮਹਾਂਰਾਜੇ ਦੇ ਹਮਦਰਦ ਦਲੀਲਾਂ ਦੇਣ ਲਗੇ ਕਿ ਜੇਕਰ ਉਸ ਨੂੰ ਸਾਧਾਰਨ ਬੰਦੇ ਦੀ ਜਿ਼ੰਦਗੀ ਜਿਉਣ ਲਈ ਮਜਬੂਰ ਕੀਤੇ ਜਾਣਾ ਹੈ ਤਾਂ ਇਵੇਂ ਹੀ ਸਹੀ। ਸਧਾਰਨ ਬੰਦੇ ਦਾ ਜੀਵਨ ਜਿਉਂ ਕੇ ਮਹਾਂਰਾਜਾ ਕਿਉਂ ਕਹਿਲਵਾਉਣਾ ਹੈ। ਜੇ ਮਹਾਂਰਾਜਾ ਆਪਣੀ ਇਹ ਉਪਾਧੀ ਛੱਡਦਾ ਹੈ ਤਾਂ ਇਹ ਅਜਿਹੀ ਪਹਿਲੀ ਇਤਹਾਸਕ ਘਟਨਾ ਹੋਣੀ ਸੀ ਜਿਸ ਕਾਰਨ ਸਰਕਾਰ ਦੀ ਇੱਜ਼ਤ ਖਤਰੇ ਵਿਚ ਪੈ ਜਾਣੀ ਸੀ। ਪੰਜਾਬ ਦੇ ਲੋਕਾਂ ਉਪਰ ਇਸ ਦਾ ਉਲਟਾ ਅਸਰ ਪੈ ਸਕਦਾ ਸੀ। ਪੰਜਾਬ ਦੇ ਲੋਕਾਂ ਦਾ ਉਹ ਹਾਲੇ ਵੀ ਮਹਾਂਰਜਾ ਸੀ। ਖਾਸ ਤੌਰ ‘ਤੇ ਸਿੱਖਾਂ ਦਾ। ਪਿਛਲੇ ਏਨੇ ਸਾਲਾਂ ਤੋਂ ਸਿੱਖਾਂ ਦੀ ਮਿਲਦੀ ਆ ਰਹੀ ਵਫਾਦਾਰੀ ਖਤਰੇ ਵਿਚ ਪੈ ਸਕਦੀ ਸੀ। ਬ੍ਰਤਾਨੀਆਂ ਦੇ ਲੋਕਾਂ ਵਿਚ ਸਰਕਾਰ ਦੀ ਜੋ ਬੇਇਜ਼ਤੀ ਹੋਣੀ ਸੀ ਉਹ ਅਲੱਗ ਸੀ। ਮਹਾਂਰਾਜੇ ਦੀ ਉਪਾਧੀ ਤਿਆਗਣ ਵਾਲੀ ਗੱਲ ਨੇ ਸਾਰੇ ਪਾਸੇ ਚਿੰਤਾ ਵਾਲੀ ਸਥਿਤੀ ਪੈਦਾ ਕਰ ਦਿਤੀ। ਲੌਰਡ ਹਾਰਟਿੰਗਟਨ ਨੇ ਮਹਾਂਰਾਜੇ ਦੀ ਚਿੱਠੀ ਮਹਾਂਰਾਣੀ ਵਿਕਟੋਰੀਆ ਦੇ ਸੈਕਟਰੀ ਹੈਨਰੀ ਪੌਨਸਨਬੀ ਨੂੰ ਭੇਜ ਦਿਤੀ। ਹੈਨਰੀ ਪੌਨਸਨਬੀ ਨੇ ਜਦ ਚਿੱਠੀ ਮਹਾਂਰਾਣੀ ਨੂੰ ਦਿਖਾਈ। ਚਿੱਠੀ ਦੇਖਦਿਆਂ ਹੀ ਮਹਾਂਰਾਣੀ ਦੇ ਹੋਸ਼ ਉਡ ਗਏ। ਉਹ ਇਕ ਦਮ ਬੋਲ ਪਈ,
“ਨਹੀਂ ਨਹੀਂ, ਮਹਾਂਰਾਜਾ ਇਵੇਂ ਨਹੀਂ ਕਰ ਸਕਦਾ! ਆਪਣੀ ਇਸ ਦੋਸਤ ਨਾਲ ਸਲਾਹ ਕੀਤੇ ਬਿਨਾਂ ਉਹ ਅਜਿਹਾ ਕੋਈ ਕੰਮ ਨਹੀਂ ਕਰ ਸਕਦਾ। ਇਸ ਨਾਲ ਹਿੰਦੁਸਤਾਨ ਦਾ ਨੁਕਸਾਨ ਹੋਵੇਗਾ।”
ਮਹਾਂਰਾਜੇ ਦੀ ਇਸ ਚਿੱਠੀ ਦਾ ਆਰਜ਼ੀ ਜਿਹਾ ਅਸਰ ਹੋਣਾ ਸ਼ੁਰੂ ਹੋ ਗਿਆ। ਲੌਰਡ ਹਾਰਟਿੰਗਟਨ ਠੰਡੇ ਮਨ ਨਾਲ ਸੋਚਣ ਲਈ ਮਜਬੂਰ ਹੋ ਗਿਆ। ਮਹਾਂਰਾਜਾ ਜਿਹੜਾ ਤਿੰਨ ਹਜ਼ਾਰ ਪੌਂਡ ਕਰਜ਼ੇ ਵਜੋਂ ਮੋੜ ਰਿਹਾ ਸੀ ਉਹ ਮਹਾਂਰਾਜੇ ਨੂੰ ਵਾਪਸ ਕਰ ਦਿਤਾ। ਉਸ ਦੇ ਖਰਚਿਆਂ ਤੇ ਹੋਰ ਆਰਥਿਕ ਹਾਲਤ ਬਾਰੇ ਬਹਿਸ ਵੀ ਰੋਕ ਦਿਤੀ ਗਈ ਤੇ ਖਿਤਾਬ ਮੋੜਨ ਵਾਲੀ ਗੱਲ ਬਾਰੇ ਚੁੱਪ ਧਾਰ ਲਈ ਗਈ। ਮਹਾਂਰਾਜਾ ਸਮਝ ਗਿਆ ਸੀ ਕਿ ਉਸ ਦਾ ਬਾਣ ਕੰਮ ਕਰ ਗਿਆ ਸੀ ਇਸ ਲਈ ਉਸ ਨੇ ਵੀ ਆਪਣੇ ਵਾਰ ਰੋਕ ਲਏ। ਲੜਾਈ ਦੇ ਇਸ ਮੈਦਾਨ ਵਿਚ ਸਾਲ ਭਰ ਚੁੱਪ ਜਿਹੀ ਛਾਈ ਰਹੀ। ਅਗਲੇ ਸਾਲ ਮਾਰਚ ਵਿਚ ਮਹਾਂਰਾਜੇ ਨੇ ਸੈਕਟਰੀ ਔਫ ਸਟੇਟ ਵਲੋਂ ਮੋੜੇ ਹੋਏ ਤਿੰਨ ਹਜ਼ਾਰ ਪੌਂਡ ਵਿਆਜ ਸਮੇਤ ਮੁੜ ਕੇ ਉਸੇ ਨੂੰ ਭੇਜ ਦਿਤੇ। ਇਹ ਕੁਲ ਚੈੱਕ 3,453 ਪੌਂਡ ਤੇ 14 ਪੈਨੀਆਂ ਦਾ ਬਣਦਾ ਸੀ। ਇਸ ਦੇ ਨਾਲ ਹੀ ਉਸ ਨੇ ਇਕ ਵਾਰ ਫਿਰ ਸਰਕਾਰ ਨੂੰ ਆਪਣੀ ਉਪਾਧੀ ਛੱਡਣ ਦੀ ਗੱਲ ਕਹੀ। ਨਾਲ ਹੀ ਇਹ ਵੀ ਕਿਹਾ ਕਿ ਆਪਣਾ ਖਿਤਾਬ ਛੱਡਣ ਦੀ ਗੱਲ ਉਹ ਪਾਰਲੀਮੈਂਟ ਵਿਚ ਕਹੇਗਾ ਤੇ ਪਾਰਲੀਮੈਂਟ ਵਿਚ ਹੀ ਆਪਣੀ ਜਾਇਦਾਦ ਬਾਰੇ ਪਟੀਸ਼ਨ ਵੀ ਕਰੇਗਾ।
ਮਹਾਂਰਾਜੇ ਦੇ ਖਿਤਾਬ ਛੱਡਣ ਵਾਲੀ ਗੱਲ ਨੂੰ ਬਹੁਤ ਸਾਰੇ ਲੋਕ ਡਰਾਵਾ ਹੀ ਕਹਿ ਰਹੇ ਸਨ। ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਦੇ ਵਿਰੋਧੀ ਗਰੁੱਪ ਵਿਚੋਂ ਸਰ ਟੈਮਥੀ ਨੇ ਅਖ਼ਬਾਰ ਵਿਚ ਆਰਟੀਕਲ ਲਿਖਿਆ ਜਿਸ ਵਿਚ ਉਸ ਨੇ ਕਿਹਾ ਕਿ ਪਹਿਲੀ ਗੱਲ ਤਾਂ ਮਹਾਂਰਾਜਾ ਖਿਤਾਬ ਛੱਡਣ ਦਾ ਡਰਾਵਾ ਹੀ ਦੇ ਰਿਹਾ ਹੈ ਤੇ ਦੂਜੀ ਗੱਲ ਜੇ ਉਹ ਖਿਤਾਬ ਛੱਡ ਵੀ ਦਿੰਦਾ ਹੈ ਤਾਂ ਇਸ ਨਾਲ ਬਹੁਤਾ ਫਰਕ ਨਹੀਂ ਪੈਣ। ਸਗੋਂ ਜੇ ਸਰਕਾਰ ਉਸ ਦੀਆਂ ਫਜ਼ੂਲ ਖਰਚ ਵਾਲੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਹੋਰ ਹਿੁੰਦਸਤਾਨ ਦੇ ਹੋਰ ਰਾਜੇ-ਮਹਾਂਰਾਜੇ ਇਸ ਦੀ ਰੀਸ ਕਰਕੇ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੇ। ਚੰਗੀ ਗੱਲ ਇਹੋ ਹੈ ਕਿ ਮਹਾਂਰਾਜੇ ਨੂੰ ਸਬਕ ਸਿਖਾਇਆ ਜਾਵੇ ਜੋ ਦੂਜਿਆਂ ਲਈ ਉਦਾਹਰਣ ਬਣ ਜਾਵੇ। ਜਦ ਤਕ ਇਹ ਆਰਟੀਕਲ ਲੋਕਾਂ ਦੇ ਹੱਥਾਂ ਵਿਚ ਪੁੱਜਾ ਤਦ ਤਕ ਮਹਾਂਰਾਜਾ ਆਪਣਾ ਕੇਸ ਪਾਰਲੀਮੈਂਟ ਵਿਚ ਲੈ ਜਾਣ ਦਾ ਫੈਸਲਾ ਕਰ ਚੁੱਕਿਆ ਸੀ।
ਮਹਾਂਰਾਜੇ ਨੇ ਪਾਰਲੀਮੈਂਟ ਵਿਚ ਪੇਸ਼ ਕਰਨ ਵਾਲੀ ਪਟੀਸ਼ਨ ਬਹੁਤ ਮਿਹਨਤ ਨਾਲ ਤਿਆਰ ਕਰਵਾਈ। ਬ੍ਰਿਟਿਸ਼ ਲਾਇਬ੍ਰੇਰੀ ਤੋਂ ਸਾਰੇ ਅੰਕੜੇ ਵੇਰਵਿਆਂ ਸਹਿਤ ਇਕੱਠੇ ਕਰ ਕੇ ਪੇਸ਼ ਕੀਤੇ ਗਏ ਸਨ ਜੋ ਕਿ ਸਰਕਾਰ ਦੀ ਹੀ ਬਲਿਊ ਬੁੱਕ ਵਿਚੋਂ ਹੀ ਲਏ ਗਏ ਸਨ ਜਿਸ ਨੂੰ ਝੁਠਲਾਇਆ ਨਹੀਂ ਸੀ ਜਾ ਸਕਦਾ। ਇਹ ਅੰਕੜੇ ਦੇਖ ਦੇਖ ਕੇ ਮਹਾਂਰਾਜਾ ਖੁਦ ਹੈਰਾਨ ਹੋ ਰਿਹਾ ਸੀ। ਉਹ ਹੈਰਾਨ ਸੀ ਕਿ ਬ੍ਰਤਾਨਵੀ ਸਰਕਾਰ ਉਸ ਨਾਲ ਏਡੀ ਵੱਡੀ ਧਾਂਦਲੀ ਕਰ ਰਹੀ ਹੈ। ਸਾਰੇ ਖਰਚੇ ਕੱਢ ਕੇ ਦੱਸ ਲੱਖ ਪੌਂਡ ਸਲਾਨਾ ਮਾਲੀਆ ਇਕੱਲੇ ਪੰਜਾਬ ਤੋਂ ਹੀ ਆ ਕੇ ਬ੍ਰਤਾਨਵੀ ਖਜ਼ਾਨੇ ਵਿਚ ਜਮ੍ਹਾਂ ਹੁੰਦਾ ਸੀ। ਇਕ ਲੱਖ ਵੀਹ ਹਜ਼ਾਰ ਪੌਂਡ ਸਲਾਨਾ ਮਹਾਂਰਾਜੇ ਦੀ ਪੰਜਾਬ ਵਿਚਲੀ ਨਿੱਜੀ ਜਾਇਦਾਦ ਤੋਂ ਆਮਦਨ ਆ ਰਹੀ ਸੀ। ਬਦਲੇ ਵਿਚ ਮਹਾਂਰਾਜੇ ਨੂੰ ਥੋੜੇ ਜਿਹੇ ਪੈਸੇ ਦੇਣੇ ਵੀ ਸਰਕਾਰ ਨੂੰ ਦੁਖ ਦੇ ਰਹੇ ਸਨ। ਮਹਾਂਰਾਜਾ ਸੋਚਦਾ ਸੀ ਕਿ ਇਸ ਤੋਂ ਵੱਡਾ ਧੋਖਾ ਕਿਹੜਾ ਹੋ ਸਕਦਾ ਸੀ। ਬ੍ਰਤਾਨਵੀ ਸਰਕਾਰ ਤੇ ਹਿੰਦੁਸਤਾਨ ਸਰਕਾਰ ਦੀਆਂ ਜਿ਼ਆਦਤੀਆਂ ਮਹਾਂਰਾਜੇ ਅੰਦਰ ਇਕ ਨਵੀਂ ਸ਼ਕਤੀ ਭਰ ਰਹੀਆਂ ਸਨ, ਲੜਾਈ ਕਰ ਸਕਣ ਦੀ ਸ਼ਕਤੀ। ਉਹ ਬੂਟਾ ਸਿੰਘ ਨਾਲ ਸਲਾਹੀਂ ਪੈਂ ਜਾਂਦਾ ਤੇ ਕਦੇ ਆਪਣੀ ਮਹਾਂਰਣੀ ਬਾਂਬਾ ਨਾਲ। ਮਹਾਂਰਾਣੀ ਬਾਂਬਾ ਉਸ ਦੇ ਕੰਮਾਂ ਵਿਚ ਦਖਲ ਨਹੀਂ ਸੀ ਦਿੰਦੀ। ਕਿਸੇ ਘਰੇਲੂ ਔਰਤ ਵਾਂਗ ਉਹ ਸਮਝਦੀ ਸੀ ਕਿ ਉਸ ਦਾ ਵੱਡਾ ਕੰਮ ਬੱਚੇ ਪਾਲਣਾ ਹੀ ਹੈ ਤੇ ਉਹ ਪਾਲ ਰਹੀ ਸੀ। ਹੁਣ ਉਹ ਆਪਣੀ ਇਸ ਜਿ਼ੰਦਗੀ ਵਿਚ ਪੂਰੀ ਤਰ੍ਹਾਂ ਰਮ ਚੁੱਕੀ ਸੀ। ਭਾਵੇਂ ਉਸ ਦਾ ਮਹਾਂਰਾਜੇ ਦੇ ਕਿਸੇ ਕੰਮ ਨਾਲ ਵਾਸਤਾ ਨਹੀਂ ਸੀ ਪਰ ਸਥਾਨਕ ਲੋਕਾਂ ਦੇ ਦੁੱਖ-ਸੁਖ ਵਿਚ ਉਹ ਲਗਾਤਾਰ ਸ਼ਾਮਲ ਹੁੰਦੀ ਸੀ। ਉਹ ਕੁਝ ਜਥੇਬੰਦੀਆਂ ਦਾ ਹਿੱਸਾ ਵੀ ਬਣੀ ਹੋਈ ਸੀ, ਜਿਹਨਾਂ ਵਿਚ ਉਹ ਰੁਝੀ ਰਹਿੰਦੀ। ਉਹ ਜਨਤਕ ਇਕੱਠਾਂ ਵਿਚ ਵੀ ਭਾਗ ਲੈਂਦੀ। ਐੱਲਵੇਡਨ ਪਿੰਡ ਤੇ ਇਲਾਕੇ ਦੇ ਲੋਕਾਂ ਵਿਚ ਉਸ ਦਾ ਇਕ ਵਿਸ਼ੇਸ਼ ਸਤਿਕਾਰ ਬਣਿਆਂ ਹੋਇਆ ਸੀ।
ਮਹਾਂਰਾਜੇ ਨੇ ਆਪਣਾ ਸਾਰਾ ਕੇਸ ਪਾਰਲੀਮੈਂਟ ਸਾਹਮਣੇ ਰਖਦਿਆਂ ਸਰਕਾਰ ਉਪਰ ਕਾਫੀ ਸਾਰੇ ਦੋਸ਼ ਲਾਏ ਪਰ ਨਾਲ ਦੀ ਨਾਲ ਉਸ ਨੇ ਸਰਕਾਰ ਲਈ ਸਮਝੌਤੇ ਦੇ ਰਾਹ ਵੀ ਰੱਖ ਲਏ। ਉਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਉਸ ਨੂੰ ਉਸ ਦਾ ਰਾਜ ਤਾਂ ਹੁਣ ਵਾਪਸ ਮਿਲਣੋ ਰਿਹਾ, ਉਸ ਨੂੰ ਤਾਂ ਪੰਜਾਬ ਜਾਣ ਦੀ ਇਜਾਜ਼ਤ ਵੀ ਨਹੀਂ ਦਿਤੀ ਜਾਣੀ। ਉਸ ਦੀਆਂ ਜਾਇਦਾਦਾਂ ਤਾਂ ਵਾਪਸ ਨਹੀਂ ਸੀ ਮਿਲਣੀਆਂ ਪਰ ਉਹਨਾਂ ਦੀ ਆਮਦਨ ਦੇ ਬਰਾਬਰ ਦੇ ਭੱਤਿਆਂ ਉਪਰ ਤਾਂ ਉਸ ਦਾ ਹੱਕ ਬਣਦਾ ਹੀ ਸੀ। ਉਸ ਦਾ ਸਾਰਾ ਦਬਾਅ ਭੱਤਾ ਵਧਾਉਣ ਉਪਰ ਸੀ। ਮਹਾਂਰਾਜੇ ਦੇ ਇਹ ਤਰੀਕੇ ਕੰਮ ਤਾਂ ਕਰ ਰਹੇ ਸਨ ਪਰ ਸਰਕਾਰ ਉਸ ਦੇ ਮੁਹਰੇ ਨੀਵੀਂ ਨਹੀਂ ਸੀ ਹੋਣਾ ਚਾਹੁੰਦੀ। ਸਰਕਾਰ ਦਾ ਕਹਿਣਾ ਸੀ ਕਿ ਮਹਾਂਰਾਜੇ ਨੇ ਜਾਣਬੁੱਝ ਕੇ ਐੱਲਵੇਡਨ ਇਸਟੇਟ ਬੰਦ ਕੀਤੀ ਸੀ। ਜੇ ਉਹ ਚਾਹੇ ਤਾਂ ਆਪਣੀ ਇਸਟੇਟ ਵੇਚ ਕੇ ਸਾਰੇ ਕਰਜ਼ੇ ਲਾਹ ਸਕਦਾ ਸੀ ਪਰ ਉਹ ਇਵੇਂ ਕਰਨਾ ਨਹੀਂ ਸੀ ਚਾਹੁੰਦਾ। ਉਹ ਵੀ ਜਾਣ ਬੁੱਝ ਕੇ ਸਰਕਾਰ ਦੀ ਸ਼ਰਤ, ਕਿ ਮਹਾਂਰਾਜੇ ਦੀ ਮੌਤ ਤਕ ਐੱਲਵੇਡਨ ਇਸਟੇਟ ਨੂੰ ਵੇਚਿਆ ਨਹੀਂ ਜਾ ਸਕਦਾ, ਦਾ ਫਾਇਦਾ ਉਠਾ ਰਿਹਾ ਸੀ। ਸਰਕਾਰ ਦੇ ਏਜੰਟ ਮਹਾਂਰਾਜੇ ਨੂੰ ਬਦਨਾਮ ਕਰਨ ਲਈ ਕਈ ਕਿਸਮ ਦੀਆਂ ਕਹਾਣੀਆਂ ਵੀ ਘੜਨ ਲਗੇ ਸਨ। ਕਦੇ ਉਸ ਨੂੰ ਔਰਤਬਾਜ਼ ਸਿਧ ਕਰਨ ਲਗਦੇ ਤੇ ਕਦੇ ਜੁਆਰੀਆ ਤੇ ਕਦੇ ਇਹ ਵੀ ਕਹਿੰਦੇ ਕਿ ਮਹਾਂਰਾਜਾ ਮਾਨਸਿਕ ਸੁੰਤਲਨ ਗਵਾ ਬੈਠਾ ਹੈ। ਅਜਿਹੀਆਂ ਗੱਲਾਂ ਦੇ ਫਲਸਰੂਪ ਮਹਾਂਰਾਜੇ ਨੇ ਲੋਕਾਂ ਨੂੰ ਮਿਲਣਾ ਘੱਟ ਕਰ ਦਿਤਾ ਹੋਇਆ ਸੀ। ਉਸ ਦੇ ਸਿ਼ਕਾਰ ਖੇਡਣ ਵੇਲੇ ਦੇ ਸਾਥੀ ਵੀ ਉਸ ਦੇ ਖਿਲਾਫ ਹੋ ਰਹੇ ਸਨ।
ਮਹਾਂਰਾਜਾ ਕਿਸੇ ਵੇਲੇ ਕਾਲਟਨ ਕਲੱਬ ਦਾ ਸੈਕਟਰੀ ਰਿਹਾ ਸੀ ਪਰ ਹੁਣ ਉਹ ਕੱਲਬ ਬਹੁਤ ਘੱਟ ਜਾਇਆ ਕਰਦਾ। ਕਾਲਟਨ ਕਲੱਬ ਵਿਚ ਅਕਸਰ ਉਸ ਦੀਆਂ ਹੀ ਗੱਲਾਂ ਹੁੰਦੀਆਂ ਰਹਿੰਦੀਆਂ। ਲੌਡਰ ਮੌਲੇਅ ਮਹਾਂਰਾਜੇ ਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ ਕਰਦਾ। ਭਾਵੇਂ ਹੁਣ ਉਹ ਬੁੱਢਾ ਹੋ ਚੁੱਕਿਆ ਸੀ ਪਰ ਉਸ ਦੀ ਨਫਰਤ ਹਾਲੇ ਤਕ ਘਟੀ ਨਹੀਂ ਸੀ। ਕਾਲਟਨ ਕਲੱਬ ਦੇ ਪੱਬ ਵਿਚ ਬੈਠਿਆਂ ਇਕ ਦਿਨ ਉਹ ਕਹਿਣ ਲਗਿਆ,
“ਮੈਂ ਤਾਂ ਜਦ ਇਸ ਮੁੰਡੇ ਨੂੰ ਪਹਿਲੀਆਂ ਵਿਚ ਹੀ ਦੇਖਿਆ ਸੀ ਤਾਂ ਕਿਹਾ ਸੀ ਕਿ ਇਹ ਸੱਪ ਏ, ਇਹ ਜਾਦੂਗਰ ਵੀ ਏ ਜਿਸ ਨੇ ਹਰ ਮੈਜਿਸਟੀ ਉਪਰ ਕੋਈ ਜਾਦੂ ਕਰ ਕੇ ਉਹਨਾਂ ਨੂੰ ਆਪਣੇ ਮਗਰ ਲਾ ਗਿਆ ਹੋਇਆ ਏ।”
ਉਸ ਦੇ ਨਾਲ ਬੈਠਾ ਲੌਰਡ ਰਿਪਨ ਬੋਲਿਆ,
“ਮੈਂ ਤਾਂ ਏਹਨੂੰ ੳਦੋਂ ਤੋਂ ਹੀ ਜਾਣਦਾਂ ਜਦੋਂ ਇਹ ਸਾਡੇ ਇਲਾਕੇ ਵਿਚ ਰਹਿੰਦਾ ਸੀ, ਮੈਨੂੰ ਏਹਦਾ ਕਿਰਦਾਰ ਬਹੁਤ ਸ਼ੱਕੀ ਜਿਹਾ ਲਗਦਾ ਹੁੰਦਾ ਸੀ, ਹੁਣ ਦੇਖੋ ਏਹਨੇ ਆਪਣਾ ਖਿਤਾਬ ਛੱਡਣ ਦਾ ਕੈਸਾ ਡਰਾਮਾ ਰਚਿਆ ਏ!”
“ਸਰਕਾਰ ਖਾਹਮਖਾਹ ਆਪਣਾ ਅਕਸ ਖਰਾਬ ਹੋਣ ਤੋਂ ਡਰੀ ਜਾ ਰਹੀ ਏ।”
“ਅਕਸ ਤੋਂ ਨਹੀਂ ਸਗੋਂ ਸਿੱਖ-ਲੋਕ-ਰਾਏ ਤੋਂ ਡਰਦੀ ਏ, ਸਾਨੂੰ ਚੇਤੇ ਰੱਖਣਾ ਚਾਹੀਦਾ ਏ ਕਿ ਇਹਨਾਂ ਸਿੱਖਾਂ ਕਾਰਨ ਹੀ ਅਸੀਂ ਸਤਵੰਜਾ ਵਾਲੀ ਬਗਾਵਤ ਦਬਾ ਸਕੇ ਆਂ, ਇਹਨਾਂ ਕਾਰਨ ਹੀ ਅਸੀਂ ਆਇਰਸ਼ ਫੌਜੀਆਂ ਦੀ ਗਿਣਤੀ ਘੱਟ ਕਰਨ ਜਾ ਰਹੇ ਆਂ। ਇਸ ਮਾਰਸ਼ਲ ਕੌਮ ਦੀ ਸੋਚ ਦਾ ਵੀ ਧਿਆਨ ਰੱਖਣਾ ਚਾਹੀਦਾ ਏ।”
“ਲੌਰਡਜ਼, ਸਾਨੂੰ ਸਿੱਖਾਂ ਦੀ ਮਿਲਦੀ ਮੱਦਦ ਦਾ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ, ਹਿੰਦੁਸਤਾਨ ਵਿਚੋਂ ਮਿਲੀਆਂ ਪੰਜ ਮਾਰਸ਼ਲ ਕੌਮਾਂ ਵਿਚੋਂ ਇਕ ਸਿੱਖ ਏ, ਸੋ ਚਿੰਤਾ ਦੀ ਏਡੀ ਗੱਲ ਨਹੀਂ ਏ।”
“ਇਸ ਗੱਲ ਨੂੰ ਜ਼ਰਾ ਵਿਸਥਾਰ ਵਿਚ ਦੱਸੋਂਗੇ ਲੌਡਰ ਰਿਪਨ।”
ਸਾਹਮਣੇ ਬੈਠੇ ਇਕ ਬੰਦੇ ਨੇ ਆਪਣੀ ਜਾਣਕਾਰੀ ਵਧਾਉਣ ਲਈ ਪੁੱਛਿਆ। ਲੌਰਡ ਰਿਪਨ ਦੱਸਣ ਲਗਿਆ,
“ਹਿੰਦੁਸਤਾਨ ਵਿਚ ਸਾਨੂੰ ਲੜਾਈ ਦੇ ਮੈਦਾਨ ਵਿਚ ਹਿੰਮਤ ਦਿਖਾਉਣ ਵਾਲੀਆਂ ਪੰਜ ਕੌਮਾਂ ਮਿਲੀਆਂ ਨੇ; ਬੰਗਾਲੀ, ਮਰਹੱਟੇ, ਰਾਜਪੂਤ, ਗੋਰਖੇ ਤੇ ਸਿੱਖ। ਇਹਨਾਂ ਕਰਕੇ ਹੀ ਅਸੀਂ ਆਇਰਸ਼ ਲੋਕਾਂ ਦੀ ਫੌਜ ਵਿਚੋਂ ਗਿਣਤੀ ਘੱਟ ਕਰ ਸਕਦੇ ਆਂ। ਇਕ ਵੇਲਾ ਸੀ ਕਿ ਸਾਡੀ ਫੌਜ ਵਿਚ ਸੱਠ ਫੀ ਸਦੀ ਆਇਰਸ਼ ਲੋਕ ਸਨ। ਉਹਨਾਂ ਦੇ ਮੁਕਾਬਲੇ ਹਿੰਦੁਸਤਾਨੀ ਸਿਪਾਹੀ ਸਾਨੂੰ ਬਹੁਤ ਸਸਤੇ ਪੈ ਰਹੇ ਨੇ।”
“ਲੌਰਡ ਰਿਪਨ, ਆਇਰਸ਼ ਲੋਕਾਂ ਦੀ ਫੌਜ ਵਿਚੋਂ ਨਫਰੀ ਘੱਟ ਕਾਰਨ ਮੁਸ਼ਕਲਾਂ ਵੀ ਵਧਣੀਆਂ ਨੇ, ਇਸ ਦਾ ਧਿਆਨ ਰੱਖਣਾ ਵੀ ਜ਼ਰੂਰੀ ਏ।”
“ਇਹ ਦੇਖਣਾ ਸਰਕਾਰ ਦਾ ਕੰਮ ਏ ਪਰ ਇਸ ਵੇਲੇ ਆਹ ਮਹਾਂਰਾਜਾ ਸਾਡੀ ਸਿਰਦਰਦੀ ਬਣਿਆਂ ਪਿਆ ਏ!”
“ਜੋ ਵੀ ਹੋਵੇ, ਇਹ ਮਹਾਂਰਾਜਾ ਕੱਠਪੁਤਲੀ ਨਹੀਂ ਏ ਜਿਵੇਂ ਪਹਿਲਾਂ ਸਾਰੇ ਸੋਚਦੇ ਹੁੰਦੇ ਸੀ।”
“ਵੈਸੇ ਤਾਂ ਉਹ ਕਠਪੁੱਤਲੀ ਈ ਸੀ ਪਰ ਇਹ ਸਾਰੀ ਟੋਰੀ ਪਾਰਟੀ ਦੀ ਗਲਤੀ ਏ, ਉਸ ਦੀ ਪੈਨਸ਼ਨ ਵਧਾਉਣੀ ਚਾਹੀਦੀ ਸੀ, ਪੱਚੀ ਹਜ਼ਾਰ ਪੌਂਡ ਸਲਾਨਾ ਵੀ ਘੱਟ ਸੀ ਪਰ ਇਹ ਉਹਦੇ ਇਕੱਲੇ ਲਈ ਸੀ ਪਰ ਹੁਣ ਤਾਂ ਉਸ ਦੇ ਛੇ ਬੱਚੇ ਨੇ ਤੇ ਪਤਨੀ ਵੀ ਤੇ ਇਸ ਗੱਲ ਨੂੰ ਤਾਂ ਕਿੰਨੇ ਸਾਲ ਹੋਣ ਵਾਲੇ ਨੇ, ਹੁਣ ਤਾਂ ਇਹ ਪੈਨਸ਼ਨ ਕੁਦਰਤੀ ਹੀ ਵਧਣੀ ਚਾਹੀਦੀ ਸੀ।”
ਲਿਬਰਲ ਪਾਰਟੀ ਦਾ ਲੌਰਡ ਬਰੈਕਨਬੀ ਬੋਲਿਆ। ਉਹ ਬਹਾਨੇ ਨਾਲ ਇਸ ਵਿਚੋਂ ਸਿਆਸੀ ਸੁਆਦ ਵੀ ਲੈ ਰਿਹਾ ਸੀ। ਬਦਲੇ ਵਿਚ ਕਨਜ਼ਰਵਟਿਵ ਲੌਰਡ ਇਕ ਦਮ ਬੋਲਿਆ,
“ਤੁਹਾਡੀ ਲਿਬਰਲ ਸਰਕਾਰ ਵੀ ਤਾਂ ਰਹੀ ਏ, ਤੁਸੀਂ ਕੀ ਕੀਤਾ ਆਪਣੇ ਸਮੇਂ ਵਿਚ?”
“ਸਾਡੇ ਸਮੇਂ ਵਿਚ ਮਹਾਂਰਾਜਾ ਖੁਸ਼ ਸੀ, ਅਸੀਂ ਉਹਦੇ ਨਾਲ ਹਮਦਰਦੀ ਰੱਖਦੇ ਆਂ ਪਰ ਤੁਸੀਂ ਨਫਰਤ ਪਾਲ਼ ਰਹੇ ਓ, ਪਤਾ ਨਹੀਂ ਏਹਦਾ ਕੀ ਕਾਰਨ ਏ, ਹਰ ਮੈਜਿਸਟੀ ਦੀ ਉਸ ਨਾਲ ਨੇੜਤਾ ਜਾਂ ਕੋਈ ਹੋਰ? ...ਇਹ ਤੁਸੀਂ ਜਾਣੋ।”
ਲੌਰਡ ਬਰੈਕਨਬੀ ਇਸ ਕਲੱਬ ਵਿਚ ਆਪਣੇ ਦੋਸਤ ਲੌਰਡ ਔਸਟਨ ਦੇ ਸੱਦੇ ‘ਤੇ ਆਇਆ ਹੋਇਆ ਸੀ ਨਹੀਂ ਤਾਂ ਇਹ ਕਲੱਬ ਕਨਜ਼ਰਵਟਿਵ ਪਾਰਟੀ ਦੀ ਹੀ ਸੀ। ਉਹ ਇਸ ਵਿਸ਼ੇ ਤੇ ਬਹੁਤੀ ਗੱਲ ਕਰਕੇ ਆਪਣੇ ਮਹਿਮਾਨ-ਨਿਵਾਜ਼ ਨੂੰ ਗੁੱਸੇ ਵੀ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਉਸ ਨੇ ਗੱਲ ਹੋਰ ਪਾਸੇ ਪਾਉਂਦਿਆਂ ਕਿਹਾ,
“ਹੁਣ ਸੋਚਣ ਵਾਲੀ ਗੱਲ ਇਹ ਵੇ ਕਿ ਹਰ ਮੈਜਿਸਟੀ ਦੀ ਗੋਲਡਨ ਜੁਬਲੀ ਆ ਰਹੀ ਏ ਤੇ ਤੁਹਾਨੂੰ ਪਤਾ ਏ ਕਿ ਸਿੱਖਾਂ ਦੀ ਵਫਾਦਾਰੀ ਦੇ ਬਦਲੇ ਵਿਚ ਸਿੱਖ ਸਿਪਾਹੀਆਂ ਦੀ ਇਕ ਟੁਕੜੀ ਇਥੇ ਪੁੱਜ ਰਹੀ ਏ ਤੇ ਜੇਕਰ ਹਾਲਾਤ ਅਜਿਹੇ ਹੋਏ ਤਾਂ ਗੱਲ ਖਤਰੇ ਤੋਂ ਖਾਲੀ ਨਹੀਂ ਹੋਏਗੀ ਜਾਂ ਬੰਦੋਬਸਤ ਬਾਰੇ ਦੁਬਾਰਾ ਸੋਚਣਾ ਪਵੇਗਾ।”
“ਲੌਰਡ ਐਂਡ ਫਰੈੰਡਜ਼, ਫਿਕਰ ਨਾ ਕਰੋ, ਗੋਲਡਨ ਜੁਬਲੀ ਹਾਲੇ ਦੂਰ ਏ ਜਦ ਤੱਕ ਇਸ ਸੱਪ ਨੂੰ ਟੋਕਰੀ ਵਿਚ ਪਾ ਲਿਆ ਜਾਵੇਗਾ, ਜਾਂ ਇਸ ਦੀ ਸਿਰੀ ਫੇਂਹ ਦਿਤੀ ਜਾਵੇਗੀ, ਸਾਨੂੰ ਆਪਣੀ ਤਾਕਤ ‘ਤੇ ਭਰੋਸਾ ਰੱਖਣਾ ਚਾਹੀਦਾ ਏ।”
ਲੌਰਡ ਮੌਲੇਅ ਨੇ ਆਪਣੀ ਰਾਏ ਦਿਤੀ। ਲੌਰਡ ਔਸਟਨ ਚੁੱਪ ਕਰਕੇ ਸਾਰੀ ਗੱਲਬਾਤ ਸੁਣਦਾ ਜਾ ਰਿਹਾ ਸੀ। ਉਹ ਹਾਲੇ ਵੀ ਮਹਾਂਰਾਜੇ ਨੂੰ ਪਸੰਦ ਕਰਦਾ ਸੀ। ਪਹਿਲੀਆਂ ਵਿਚ ਮਹਾਂਰਾਜਾ ਉਸ ਦੇ ਅਸਤਬਲ ਦੇ ਘੋੜਿਆਂ ਉਪਰ ਹੀ ਤਾਂ ਆਪਣੀ ਨਿਪੁੰਨ ਘੋੜਸਵਾਰੀ ਦਾ ਮਜ਼ਾਹਰਾ ਕਰਿਆ ਕਰਦਾ ਸੀ।
ਮਹਾਂਰਾਜੇ ਬਾਰੇ ਅਜਿਹੀਆਂ ਬਹਿਸਾਂ ਆਮ ਹੀ ਹੋਣ ਲਗਦੀਆਂ ਸਨ। ਇੰਗਲੈਂਡ ਵਿਚ ਵਸਦੇ ਹਿੰਦੁਸਤਾਨੀਆਂ ਵਿਚ ਵੀ ਮਹਾਂਰਾਜਾ ਬਹਿਸ ਦਾ ਵਿਸ਼ਾ ਬਣ ਜਾਂਦਾ ਸੀ। ਬ੍ਰਤਾਨੀਆਂ ਭਰ ਵਿਚ ਹੁਣ ਕਾਫੀ ਮਾਤਰਾ ਵਿਚ ਹਿੰਦੁਸਤਾਨੀ ਲੋਕ ਆ ਕੇ ਰਹਿਣ ਲਗ ਪਏ ਸਨ। ਇਹਨਾਂ ਵਿਚ ਕੁਝ ਕੰਮ ਕਰਨ ਵਾਲੇ ਜਾਂ ਛੋਟੇ-ਮੋਟੇ ਵਿਓਪਾਰੀ ਸਨ ਪਰ ਬਹੁਤੀ ਗਿਣਤੀ ਵਿਦਿਆਰਥੀਆਂ ਦੀ ਸੀ। ਵਿਦਿਆਰਥੀ ਮਹਾਂਰਾਜੇ ਨੂੰ ਵਿਗੜਿਆ ਹੋਇਆ ਰਈਸ ਹੀ ਮੰਨਦੇ ਸਨ ਤੇ ਉਸ ਵਲ ਬਹੁਤਾ ਧਿਆਨ ਨਹੀਂ ਸਨ ਦਿੰਦੇ। ਪੰਜਾਬੀ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ, ਉਹਨਾਂ ਵਿਚ ਸਿੱਖ ਤਾਂ ਉਂਗਲਾਂ ਉਪਰ ਗਿਣੇ ਜਾਣ ਜੋਗੇ ਹੀ ਸਨ। ਇਹਨਾਂ ਨੂੰ ਮਹਾਂਰਾਜੇ ਨਾਲ ਵਿਸ਼ੇਸ਼ ਹਮਦਰਦੀ ਸੀ। ਇਹਨਾਂ ਦਿਨਾਂ ਵਿਚ ਹੀ ਇੰਗਲੈਂਡ ਵਿਚ ਪੜ੍ਹ ਰਹੇ ਬਹੁਤ ਸਾਰੇ ਵਿਦਿਆਰਥੀ ਹਿੰਦੁਸਤਾਨ ਨੂੰ ਆਜ਼ਾਦ ਦੇਖਣ ਦਾ ਸੁਫਨਾ ਲੈਣ ਲਗੇ ਸਨ। ਜਦ ਮਹਾਂਰਾਜਾ ਬ੍ਰਤਾਨਵੀ ਸਰਕਾਰ ਦੇ ਖਿਲਾਫ ਕੋਈ ਬਿਆਨ ਦਿੰਦਾ ਤਾਂ ਕਈ ਲੋਕਾਂ ਨੂੰ ਉਸ ਵਿਚੋਂ ਨਾਇਕ ਵੀ ਦਿਸਣ ਲਗ ਪੈਂਦਾ। ਹੋਰ ਕੋਈ ਉਸ ਨੂੰ ਕਿਵੇਂ ਵੀ ਲੈਂਦਾ ਹੋਵੇ ਪਰ ਸਰਕਾਰੀ ਇਦਾਰਿਆਂ ਵਿਚ ਮਹਾਂਰਾਜੇ ਨੂੰ ਸਨਕੀ ਕਿਹਾ ਜਾਣ ਲਗ ਪਿਆ ਸੀ। ਉਸ ਦੀ ਕਿਸੇ ਵੀ ਗੱਲ ਦਾ ਸਿਧੀ ਤਰ੍ਹਾਂ ਜਵਾਬ ਨਹੀਂ ਸੀ ਦਿਤਾ ਜਾ ਰਿਹਾ। ਲੌਰਡ ਹਾਰਟਿੰਗਟਨ ਕਹਿ ਰਿਹਾ ਸੀ ਕਿ ਮਹਾਂਰਾਜਾ ਐੱਲਵੇਡਨ ਬਾਰੇ ਝੂਠ ਬੋਲ ਰਿਹਾ ਹੈ। ਜਵਾਬ ਵਿਚ ਮਹਾਂਰਾਜੇ ਨੇ ਉਸ ਨੂੰ ਚਿੱਠੀ ਵਿਚ ਕਿਹਾ ਕਿ ਕਿਉਂ ਨਹੀਂ ਹਿੰਦੁਸਤਾਨੀ ਸਰਕਾਰ ਦਾ ਕੋਈ ਅਫਸਰ ਐੱਲਵੇਡਨ ਦੀ ਸੰਭਾਲ ‘ਤੇ ਲਗਾ ਦਿਤਾ ਜਾਂਦਾ ਪਰ ਲੌਰਡ ਹਾਰਟਿੰਗਟਨ ਨੇ ਇਸ ਗੱਲੋਂ ਨਾਂਹ ਕਰ ਦਿਤੀ। ਇਵੇਂ ਕਰਨ ਦਾ ਮਤਲਵ ਸੀ ਕਿ ਸਰਕਾਰ ਮਹਾਂਰਾਜੇ ਦੀ ਦੇਖ-ਭਾਲ ਦੀ ਪੂਰੀ ਤਰ੍ਹਾਂ ਜਿ਼ੰਮੇਵਾਰ ਬਣ ਜਾਂਦੀ ਸੀ, ਹੁਣ ਤਾਂ ਉਸ ਕੋਲ ਬਹਾਨਾ ਸੀ ਕਿ ਇਹ ਇਸਟੇਟ ਮਹਾਂਰਾਜੇ ਦੀ ਜਾਇਦਾਦ ਹੈ ਤੇ ਇਸੇ ਕਰਕੇ ਉਹ ਮਹਾਂਰਾਜੇ ਦੀ ਸਾਂਭ-ਸੰਭਾਲ ਦੀ ਜਿ਼ੰਮੇਵਾਰੀ ਤੋਂ ਮੁਕਤ ਹੋਏ ਬੈਠੇ ਸਨ। ਜੂਨ ਦੇ ਅਖੀਰ ਵਿਚ ਮਹਾਂਰਾਜੇ ਨੇ ਲੌਰਡ ਹਾਰਟਿੰਗਟਨ ਨੂੰ ਫਿਰ ਇਕ ਲੰਮੀ ਚਿੱਠੀ ਲਿਖੀ;
‘ਮਾਈ ਲੌਰਡ, ਮੇਰੇ ਖਿਤਾਬ ਮੋੜਨ ਨੂੰ ਲੈ ਕੇ ਜੋ ਤੁਸੀਂ ਹਿੰਦੁਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨ ਦਾ ਵਾਅਦਾ ਕੀਤਾ ਹੈ ਉਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਤੇ ਰੱਬ ਮੁਹਰੇ ਬੇਨਤੀ ਕਰਦਾ ਹਾਂ ਕਿ ਇਹ ਕੰਮ ਜਲਦੀ ਹੋ ਜਾਵੇ, ਕਿਉਂਕਿ ਮੇਰੇ ਉਪਰ ਇਹਨਾਂ ਸਾਰੀਆਂ ਗੱਲਾਂ ਦਾ ਦਬਾਅ ਹੋਣ ਕਰਕੇ ਮੇਰੀ ਸਿਹਤ ਨੂੰ ਖਤਰਾ ਹੈ, ਜੇ ਮੇਰਾ ਇਹ ਦਬਾਅ ਘਟ ਜਾਵੇ ਤਾਂ ਮੈਂ ਕੁਝ ਹੋਰ ਵਰ੍ਹੇ ਜੀਣ ਦੀ ਆਸ ਕਰ ਸਕਾਂ। ...ਜੋ ਤੁਸੀਂ ਐਲਵੇਡਨ ਦੀ ਸੰਭਾਲ ਦੀ ਜਿ਼ੰਮੇਵਾਰੀ ਤੋਂ ਨਾਂਹ ਕਰ ਦਿਤੀ ਹੈ, ਮੈਂ ਸੋਚਦਾ ਹਾਂ ਕਿ ਇਹਦੇ ਬਾਰੇ ਦੁਬਾਰਾ ਸੋਚੋ। ...ਜਦੋਂ ਮੈਂ ਆਪਣਾ ਰਾਜ ਤੇ ਆਪਣੀ ਸਾਰੀ ਜਾਇਦਾਦ ਗੁਆ ਕੇ ਇਸ ਮੁਲਕ ਵਿਚ ਆਇਆ ਸੀ ਤਾਂ ਮੇਰੀ ਵਾਹਵਾ ਆਓਭਗਤ ਹੋਈ ਸੀ ਜੋ ਮੈਨੂੰ ਚੰਗੀ ਵੀ ਲਗੀ ਸੀ ਤੇ ਇਸ ਦੇਸ਼ ਚੰਗੀ ਜਿ਼ੰਦਗੀ ਬਤੀਤ ਕਰ ਸਕਣ ਦੇ ਅਸਾਰ ਦਿਖਾਈ ਦੇ ਰਹੇ ਸਨ। ਫਿਰ ਮੈਨੂੰ ਮੇਰੀ ਪਸੰਦ ਦਾ ਘਰ ਵੀ ਇਹੋ ਐੱਲਵੇਡਨ ਵਾਲਾ ਲੱਭ ਦਿਤਾ ਗਿਆ, ਸਭ ਕੁਝ ਗੁਆ ਕੇ ਹੁਣ ਇਹੋ ਇਕੋ ਚੀਜ਼ ਇਸ ਧਰਤੀ ਤੇ ਹੈ ਜਿਸ ਨਾਲ ਮੈਂ ਜੁੜਿਆ ਮਹਿਸੂਸ ਕਰਦਾ ਹਾਂ। ...ਖਰਾਬ ਮੌਸਮ ਕਾਰਨ ਤੇ ਹੋਰ ਕੁਝ ਕਾਰਨਾਂ ਕਰਕੇ ਖੇਤੀ-ਬਾੜੀ ਦੀ ਆਮਦਨ ਬਹੁਤ ਹੀ ਘਟ ਗਈ ਜਿਸ ਦੇ ਫਲਸਰੂਪ ਮੈਨੂੰ ਬ੍ਰਿਟਿਸ਼ ਸਰਕਾਰ ਤੋਂ ਮੱਦਦ ਮੰਗਣੀ ਪਈ ਸੀ।
...ਕਰਨਲ ਸਰ ਓਇਨ ਬਰਨ ਨੇ ਸਲਾਹ ਦਿਤੀ ਕਿ ਮੈਂ ਇਸ ਇਸਟੇਟ ਨੂੰ ਹੀ ਵੇਚ ਦੇਵਾਂ। ਮੈਂ ਦੱਸ ਨਹੀਂ ਸਕਦਾ ਕਿ ਉਹਨਾਂ ਦੀ ਇਸ ਸਲਾਹ ਨਾਲ ਮੈਨੂੰ ਕਿੰਨਾ ਦੁਖ ਹੋਇਆ, ਕੋਈ ਕਿਵੇਂ ਕਿਸੇ ਨੂੰ ਕਹਿ ਸਕਦਾ ਹੈ ਕਿ ਆਪਣੀ ਇਕੋ ਇਕ ਪਿਆਰੀ ਚੀਜ਼ ਨੂੰ ਵੇਚ ਦਿਤਾ ਜਾਵੇ। ਇਹ ਦੁੱਖ ਮੈਨੂੰ ਉਸ ਮਹਾਨ ਦੇਸ਼ ਵਲੋਂ ਦਿਤਾ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਮੇਰਾ ਸਰਪਰਸਤ ਆਖ ਰਿਹਾ ਹੈ ਤੇ ਮੇਰੀ ਹਰ ਭਲਾਈ ਦੀ ਜਿ਼ੰਮੇਵਾਰੀ ਦਾ ਦਾਅਵਾ ਕਰਦਾ ਹੈ।
...ਮਾਈ ਲੌਰਡ, ਜਦੋਂ ਮੇਰੀ ਮੌਤ ਤੋਂ ਬਾਅਦ ਐਲਵੇਡਨ ਨੂੰ ਵੇਚਣ ਦੀ ਧਮਕੀ ਮਿਲੀ ਤਾਂ ਮੈਂ ਸੋਚਣ ਲਗਿਆ ਕਿ ਕੀ ਇਸ ਮੁਲਕ ਵਿਚ ਮੇਰੀ ਇਕੋ ਇਕ ਤਮੰਨਾ ਜੋ ਇਕ ਘਰ ਦੀ ਹੈ, ਜਿਸ ਤੇ ਮੇਰਾ ਹੱਕ ਬਣਦਾ ਹੈ ਉਹ ਵੀ ਪੂਰੀ ਨਹੀਂ ਹੋ ਸਕੇਗੀ!
...ਮਾਈ ਲੌਰਡ, ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਜਾਂ ਤਾਂ ਮੇਰੀ ਹੈਸੀਅਤ ਮੁਤਾਬਕ ਜੀਉਣ ਦੇ ਮੈਨੂੰ ਵਸੀਲੇ ਦਿਓ ਤੇ ਮੇਰੀ ਮੌਤ ਤੋਂ ਬਾਅਦ ਮੇਰੇ ਵਾਰਸਾਂ ਨੂੰ ਵੀ ਜਾਂ ਫਿਰ ਇਹ ਇਸਟੇਟ ਮੇਰੇ ਤੋਂ ਲੈ ਲਵੋ ਤੇ ਮੈਂ ਆਪ ਹੀ ਆਪਣੇ ਤੇ ਆਪਣੇ ਪਰਿਵਾਰ ਲਈ ਕੋਈ ਹਰੋ ਬਦਲ ਸੋਚ ਸਕਾਂ। ...ਮੈਂ ਤੁਹਾਨੂੰ ਹੋਰ ਖਤ ਲਿਖ ਕੇ ਤਕਲੀਫ ਨਹੀਂ ਦੇਣੀ, ਮੈਨੂੰ ਸਿਰਫ ਕੁਝ ਗੱਲਾਂ ਦੇ ਜਵਾਬ ਦੇ ਦਿਓ;
1- ਮੈਨੂੰ ਲਗਦਾ ਹੈ ਕਿ ਮੈਂ ਹੁਣ ਬ੍ਰਿਟਿਸ਼ ਬਣ ਚੁੱਕਿਆ ਹਾਂ ਤੇ ਪੰਜਾਬ ਵਾਪਸ ਮੁੜਨ ਵਿਚ ਜਾਂ ਆਪਣੀ ਨਿੱਜੀ ਜਾਇਦਾਦ ਬਾਰੇ ਜਾਨਣ ਵਿਚ ਜਾਂ ਓਥੇ ਜਾ ਕੇ ਰਹਿਣ ਵਿਚ ਕੋਈ ਕਨੂੰਨੀ ਅੜਚਣ ਨਹੀਂ ਹੋਣੀ ਚਾਹੀਦੀ, ਕੀ ਇਹ ਠੀਕ ਹੈ?
2- ਇਹ ਖਿਤਾਬ ‘ਔਰਡਰ ਔਫ ਦ ਸਟਾਰ ਔਫ ਇੰਡੀਆ’ ਕਿਸ ਨੂੰ ਵਾਪਸ ਕਰਾਂ? ਤੁਹਾਨੂੰ ਜਾਂ ਹਰ ਮੈਜਿਸਟੀ ਨੂੰ?
3- ਪੰਜਾਬ ਵਿਚਲੀ ਮੇਰੀ ਨਿੱਜੀ ਜਾਇਦਾਦ ਬਾਰੇ ਮੇਰੀ ਮਲਕੀਅਤ ਕਿਸ ਬਨਾਅ ਤੇ ਇਨਕਾਰੀ ਜਾ ਰਹੀ ਹੈ?
ਮੈਂ ਸਮਝਦਾ ਹਾਂ ਕਿ ਅੰਗਰੇਜ਼ੀ ਇਨਸਾਫ, ਆਦਮੀ ਤੋਂ ਆਦਮੀ ਤਕ ਵੱਖਰਾ ਤਾਂ ਨਹੀਂ ਹੋਣਾ ਚਾਹੀਦਾ, ਇਕ ਨੌਕਰ ਨੂੰ ਵੀ ਜਾਇਦਾਦ ਰੱਖਣ ਦੀ ਇਜਾਜ਼ਤ ਹੋ ਸਕਦੀ ਹੈ ਤੇ ਫਿਰ ਮੈਨੂੰ ਕਿਉਂ ਨਹੀਂ। ...ਮੈਨੂੰ ਹਾਲੇ ਵੀ ਅੰਗਰੇਜ਼ੀ ਇਨਸਾਫ ‘ਤੇ ਵਿਸ਼ਵਾਸ਼ ਹੈ।’...
ਮਹਾਂਰਾਜਾ ਇਸ ਸਾਰੇ ਵਿਚ ਬਹੁਤ ਉਲਝਿਆ ਫਿਰਦਾ ਸੀ। ਬਹੁਤਾ ਸਮਾਂ ਉਹ ਲੰਡਨ ਹੀ ਰਹਿੰਦਾ ਪਰ ਹੁਣ ਕੁਝ ਹਫਤੇ ਉਹ ਟਿਕ ਕੇ ਐੱਲਵੇਡਨ ਰਹਿਣਾ ਚਾਹੁੰਦਾ ਸੀ ਤਾਂ ਜੋ ਇਸ ਸਾਰੀ ਹਿਲਜੁਲ ਦਾ ਨਤੀਜਾ ਦੇਖ ਸਕੇ ਤੇ ਕੁਝ ਅਰਾਮ ਵੀ ਕਰ ਸਕੇ ਪਰ ਇਵੇਂ ਹੋ ਨਾ ਸਕਿਆ। ਇਕ ਦਿਨ ਉਸ ਨੂੰ ਮਿਸਟਰ ਵੌਗਨ ਹਾਕਿਨਜ਼ ਵਲੋਂ ਭੇਜੀ ਸਲਾਹ ਮਿਲ ਗਈ। ਮਿਸਟਰ ਵੌਗਨ ਹਾਕਿੰਨਜ਼ ਲਿੰਕਨ ਇਨ ਦਾ ਕਨੂੰਨੀ ਮਾਹਰ ਸੀ ਤੇ ਜਾਣੀ ਪੱਛਾਣੀ ਹੱਸਤੀ ਸੀ। ਉਸ ਨੇ ਮਿਸਟਰ ਹਾਕਿੰਨਜ਼ ਨੂੰ ਆਪਣੇ ਵਕੀਲ ਵਜੋਂ ਨਿਯੁਕਤ ਕੀਤਾ ਹੋਇਆ ਸੀ ਤੇ ਪੰਜਾਬ ਵਿਚਲੀ ਆਪਣੀ ਜਾਇਦਾਦ ਬਾਰੇ ਸਲਾਹ ਮੰਗੀ ਹੋਈ ਸੀ। ਉਸ ਨੇ ਆਪਣੀ ਸਲਾਹ ਵਿਚ ਸਾਫ ਤੌਰ ‘ਤੇ ਲਿਖਤੀ ਰੂਪ ਵਿਚ 10 ਅਗਸਤ ਨੂੰ ਮਹਾਂਰਾਜੇ ਨੂੰ ਭੇਜ ਦਿਤਾ: ‘ਲਹੌਰ ਦੇ ਸੰਧੀ ਮੁਤਾਬਕ ਕੋਈ ਵੀ ਨਿੱਜੀ ਜਾਇਦਾਦ ਜ਼ਬਤ ਨਹੀਂ ਕੀਤੀ ਗਈ, ਇਹ ਸੰਧੀ ਸਿਰਫ ਸਰਕਾਰੀ ਜਾਇਦਾਦਾਂ ‘ਤੇ ਹੀ ਲਾਗੂ ਹੁੰਦੀ ਹੈ।’
ਮਹਾਂਰਾਜੇ ਨੇ ਇਕ ਦਮ ਇਹ ਸਲਾਹ ਮਹਾਂਰਾਣੀ ਵਿਕਟੋਰੀਆ ਦੇ ਮਨ ਵਿਚ ਪਾਉਣ ਦੇ ਮਕਸਦ ਨਾਲ ਵਕੀਲ ਦੀ ਸਲਾਹ ਦੇ ਨਾਲ ਹੀ ਇਕ ਲੰਮੀ ਚਿੱਠੀ ਮਹਾਂਰਾਣੀ ਨੂੰ ਲਿਖ ਭੇਜੀ;
‘...ਯੋਅਰ ਮੈਜਿਸਟੀ, ਮੈਂ ਜਾਣਦਾ ਹਾਂ ਕਿ ਮੇਰੇ ਖਿਲਾਫ ਬਹੁਤ ਕੁਝ ਚੱਲ ਰਿਹਾ ਹੈ, ਦੁਨੀਆਂ ਦੀ ਸਭ ਤੋਂ ਤਾਕਤਵਰ ਸਰਕਾਰ ਦੇ ਖਿਲਾਫ ਮੈ ਇਕੱਲਾ ਹਾਂ ਪਰ ਮੈਂ ਲੜਾਂਗਾ ਉਸ ਸਭ ਦੀ ਖਾਤਰ ਜਿਸ ਨੂੰ ਮੈਂ ਸਮਝਦਾ ਹਾਂ ਕਿ ਮੇਰੇ ਤੇ ਮੇਰੇ ਬੱਚਿਆਂ ਲਈ ਸਹੀ ਹੈ। ਰੱਬ ਵਿਚ ਯਕੀਨ ਰੱਖਦੇ ਹੋਏ ਮੈਂ ਲੜਦਾ ਹੋਇਆ ਅਗੇ ਤਕ ਜਾਵਾਂਗਾ, ਚਾਹੇ ਮੈਂ ਜਿੱਤਾਂ ਜਾਂ ਹਾਰਾਂ। ਅਜਿਹੇ ਹਾਲਾਤ ਵਿਚ ਹੋਰ ਕਿਸੇ ਦੀ ਮੱਦਦ ਦਾ ਫਾਇਦਾ ਵੀ ਨਹੀਂ ਹੋਵੇਗਾ ਸਿਰਫ ਯੋਅਰ ਮੈਜਿਸਟੀ ਦੀ ਮੱਦਦ ਬਿਨਾਂ ਪਰ ਮੈਂ ਤੁਹਾਨੂੰ ਹੋਰ ਮੱਦਦ ਲਈ ਨਹੀਂ ਕਹਾਂਗਾ ਕਿਉਂਕਿ ਤੁਸੀਂ ਪਹਿਲਾਂ ਹੀ ਮੇਰੇ ਲਈ ਬਹੁਤ ਕੁਝ ਕਰ ਚੁੱਕੇ ਹੋ।’...
ਮਹਾਂਰਾਜਾ ਆਪਣੀ ਗੱਲ ਕਰਦਾ ਹੋਇਆ ਇਤਹਾਸ ਨੂੰ ਵੀ ਫਰੋਲਣ ਲਗ ਪਿਆ। ਉਸ ਨੇ ਇਸੇ ਖਤ ਵਿਚ ਅੱਗੇ ਕਿਹਾ,
‘...ਯੌਅਰ ਮੈਜਿਸਟੀ, ਕਹਾਵਤ ਹੈ ਕਿ ਇਤਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਮਿਸਰ ਦੇ ਮੁਖੀ ਖੈਡਾਇਵ ਵਾਲੀ ਘਟਨਾ ਬਿਲਕੁਲ ਮੇਰੇ ਤੇ ਪੰਜਾਬ ਨਾਲ ਮੇਲ਼ ਖਾਂਦੀ ਹੈ। ਉਸ ਦਾ ਅਰਬੀ ਪਾਸ਼ਾ ਬਿਲਕੁਲ ਉਵੇਂ ਹੀ ਸੀ ਜਿਵੇਂ ਮੁਲਤਾਨ ਦਾ ਮੂਲਰਾਜ ਤੀਹ ਸਾਲ ਪਹਿਲਾਂ ਪੰਜਾਬ ਵਿਚ ਸੀ। ਮੂਲਰਾਜ ਦੀ ਬਗਾਵਤ ਨੂੰ ਸਮੁੱਚੇ ਪੰਜਾਬ ਨਾਲ ਜੋੜ ਕੇ ਬਹਾਨੇ ਨਾਲ ਡਲਹੌਜ਼ੀ ਨੇ ਕਈ ਮਾਸੂਮਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰ ਦਿਤਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ ਐਲਗਜ਼ੈਂਡਰੀਆ ਵਿਚ। ਬ੍ਰਿਟਿਸ਼ ਸਰਕਾਰ ਨੇ ਅਰਬੀ ਪਾਸ਼ਾ ਦਾ ਬਹਾਨਾ ਕਰਦਿਆਂ ਕਿੰਨੇ ਹੀ ਹੋਰ ਮਸੂਮਾਂ ਦੇ ਹੱਕ ਖੋਹ ਲਏ ਹਨ।...
...ਯੋਅਰ ਮੈਜਿਸਟੀ, ਮੇਰੇ ਲਈ ਇਹ ਗੱਲ ਅਸਹਿ ਹੈ ਕਿ ਮੈਨੂੰ ਹਰ ਮੈਜਿਸਟੀ ਦੇ ਵੱਡੇ ਦੁਸ਼ਮਣ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਜਦ ਕਿ ਮੈਂ ਕਦੇ ਵੀ ਹਰ ਮੈਜਿਸਟੀ ਵਲ ਆਪਣੀ ਨਿਕੀ ਜਿਹੀ ਉਂਗਲ ਵੀ ਨਹੀਂ ਉਠਾ ਸਕਦਾ।...
...ਯੋਅਰ ਮੈਜਿਸਟੀ, ਉਸ ਉਮਰ ਵਿਚ ਮੈਨੂੰ ਕਿਸੇ ਚੀਜ਼ ਬਾਰੇ ਕੀ ਪਤਾ ਹੋ ਸਕਦਾ ਸੀ, ਮੇਰਾ ਇਕੋ ਇਕ ਜਿੰ਼ਮੇਵਾਰ ਸਰ ਲੋਗਨ, ਜੋ ਕਿ ਲੌਰਡ ਡਲਹੌਜ਼ੀ ਦੀ ਹੀ ਪੈਦਾਵਾਰ ਸੀ, ਜਾਂ ਹੋਰ ਸਾਰੇ ਸਰਕਾਰੀ ਕਰਮਚਾਰੀ ਹੀ ਤਾਂ ਮੇਰੇ ਆਪੇ ਦੁਆਲੇ ਸਨ ਜਾਂ ਮੇਰੇ ਅਖੌਤੀ ਦੋਸਤ ਸਨ, ਮੈਂ ਹਰ ਪਾਸਿਓਂ ਬੇਸਹਾਰਾ ਸਾਂ।...
...ਇਸ ਵੇਲੇ ਮੈਨੂੰ ਆਪਣੇ ਤੇ ਆਪਣੇ ਬੱਚਿਆਂ ਦੀ ਸੰਭਾਲ ਸਬੰਧੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਚਾਹੀਦੇ ਹਨ ਜਿਹਨਾਂ ਬਾਰੇ ਸਭ ਕੁਝ ਹਾਲੇ ਅਸਪੱਸ਼ਟ ਹੈ ਪਰ ਆਸ ਰੱਖਦਾ ਹਾਂ ਕਿ ਹਰ ਮੈਜਿਸਟੀ ਜਿਸ ਦੇਸ਼ ਦੇ ਮੁੱਖੀ ਹਨ ਉਥੋਂ ਇਕ ਦਿਨ ਮੈਨੂੰ ਇਨਸਾਫ ਜ਼ਰੂਰ ਮਿਲੇਗਾ।..
...ਯੌਰਅਰ ਮੈਜਿਸਟੀ, ਮੁਆਫ ਕਰਨਾ ਮੈਂ ਵਾਰ ਵਾਰ ਆਪਣਾ ਮਸਲਾ ਲੈ ਕੇ ਤੁਹਾਡੇ ਤਕ ਪੁੱਜਦਾ ਰਿਹਾ ਹਾਂ ਪਰ ਮੈਂ, ਮੇਰੀ ਸ਼ਾਨੋ ਸ਼ੌਕਤ ਵਾਲੀ ਸਰਕਾਰ, ਹਮੇਸ਼ਾ ਤੁਹਾਡਾ ਵਫਾਦਾਰ ਸ਼ਹਿਰੀ ਰਹਾਂਗਾ।’...
ਮਹਾਂਰਾਣੀ ਵਿਕਟੋਰੀਆ ਚਿੱਠੀ ਪੜ੍ਹ ਕੇ ਬਹੁਤ ਦੁਖੀ ਹੋਈ। ਉਸ ਨੂੰ ਆਸ ਨਹੀਂ ਸੀ ਕਿ ਮਸਲਾ ਏਨਾ ਉਲਝ ਜਾਵੇਗਾ। ਇਹ ਵੀ ਆਸ ਨਹੀਂ ਸੀ ਕਿ ਮਹਾਂਰਾਜਾ ਏਸ ਹੱਦ ਤਕ ਜਾਵੇਗਾ। ਕਈ ਵਾਰ ਜਦ ਮਹਾਂਰਾਣੀ ਇਕੱਲੀ ਹੁੰਦੀ ਤਾਂ ਮਹਾਂਰਾਜੇ ਬਾਰੇ ਸੋਚਦੀ ਹੋਈ ਬਹੁਤ ਉਦਾਸ ਹੋ ਜਾਂਦੀ। ਉਹ ਸੋਚਦੀ ਕਿ ਕਿੰਨਾ ਚੰਗਾ ਹੁੰਦਾ ਜੇ ਮਹਾਂਰਾਜਾ ਬਚਪੱਨ ਜਿਹਾ ਹੀ ਰਹਿੰਦਾ।
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346