‘ਨੇਤੀ
ਥਿਏਟਰ‘ ਦੇ ਬੈਨਰ ਹੇਠ ਪਿਛਲੇ ਦਿਨੀ ਬਰੈਮਲੀ ਸਿਟੀ ਸੈਂਟਰ ਸਥਿਤ ਲੈਸਟਰ
ਬੀ ਪੀਅਰਸਨ ਥਿਏਟਰ ਵਿਖੇ ਹੋਣਹਾਰ ਨੌਜਵਾਨ ਨਾਟਕ ਨਿਰਦੇਸ਼ਕ ਗੁਰਚਰਨ ਸਿੰਘ
ਦੀ ਨਿਰਦੇਸ਼ਨਾ ਹੇਠ ਪੰਜਾਬ ਦੇ ਦਿਗੰਬਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ
ਬਹੁਚਰਚਿਤ
ਕਹਾਣੀ ‘ਨੌਂ ਬਾਰਾਂ ਦਸ‘ ਤੇ ਅਧਾਰਤ ਇਸੇ ਸਿਰਲੇਖ ਹੇਠਲੇ ਨਾਟਕ ਦੀ
ਪੇਸ਼ਕਾਰੀ ਦਰਸ਼ਕਾਂ ਦੇ ਮਨਾਂ ਉਪਰ ਅਮਿੱਟ ਯਾਦਾਂ ਛੱਡ ਗਈ। ਨਾਟਕ ਦੇ ਹਰੇਕ
ਕਲਾਕਾਰ ਦੀ ਅਦਾਇਗੀ ਇਸ ਕਦਰ ਕਲਾਤਮਿਕ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ
ਸੀ ਕਿ ਲੰਮੇ ਸਮੇ ਤੱਕ ਵੇਖਣ ਵਾਲਿਆਂ ਦੇ ਚੇਤਿਆਂ ਵਿਚ ਅੰਕਿਤ ਹੋਈ
ਰਹੇਗੀ।
ਨਾਟਕ ਦੀ ਕਹਾਣੀ ਪੰਜਾਬ ਦੇ ਪਿੰਡਾਂ ਦੇ ਇਕ ਅਜਿਹੇ ਦਲਿਤ ਨੌਜਵਾਨ ਦੀ
ਮਨੋਦਸ਼ਾ ਉਪਰ ਉਸਾਰੀ ਗਈ ਹੈ ਜੋ ਸਪਨੇ ਅਤੇ ਹਕੀਕਤ ਦੇ ਸਦੀਵੀ ਦਵੰਧ ‘ਚ
ਬੁਰੀ ਤਰ੍ਹਾਂ ਫਸਿਆ ਭਿਆਨਕ ਤਰਾਸਦੀ ਦਾ ਸ਼ਿਕਾਰ ਹੁੰਦਾ ਹੈ। ਕਹਾਣੀਕਾਰ
ਅਤੇ ਬਾਅਦ ਵਿਚ ਨਾਟਕਕਾਰ ਨੇ ਨਿੰਦਰ ਨਾਂ ਦੇ ਮੁੰਡੇ ਦੇ ਇਸ ਕੇਂਦਰੀ ਪਾਤਰ
ਰਾਹੀਂ ਇਸ ਕਿਸਮ ਦੀ ਕਥਾ ਪਾਈ ਹੈ ਕਿ ਪੰਜਾਬ ਦੇ ਪਿੰਡਾਂ ਦੇ ਅਨੇਕਾਂ
ਸਮਾਜਕ, ਆਰਥਿਕ, ਸਭਿਆਚਾਰਕ ਆਯਾਮ ਖੁਦ ਬਖੁਦ ਹੀ ਖੁਲ੍ਹਦੇ ਚਲੇ ਜਾਂਦੇ
ਹਨ।
ਤਰਾਸਦੀ ਦੇ ਪੁਰਾਣੇ ਸੰਕਲਪ ਨੂੰ ਅੰਗਰੇਜ ਨਾਵਲਕਾਰ ਟਾਮਸ ਹਾਰਡੀ ਨੇ ਆਪਣੇ
ਮਹਾਨ ਨਾਵਲ ‘ਟੈੱਸ‘ ਵਿਚ ਇਸੇ ਨਾਂ ਦੀ ਇਕ ਕਿਰਸਾਨ ਦੀ ਧੀ ਦੀ ਭਿਆਨਕ
ਹੋਣੀ ਦੀ ਕਥਾ ਸਿਰਜ ਕੇ ਤੋੜਿਆ ਸੀ। ਵਰਿਆਮ ਸੰਧੂ ਨਿਸਚੇ ਹੀ ਹਾਰਡੀ ਤੋਂ
ਅਗਾਂਹ ਜਾਂਦਾ ਹੈ ਅਤੇ ਉਸੇ ਤਰ੍ਹਾਂ ਦੀ ਕਲਾਤਮਿਕ ਸ਼ਿੱਦਤ, ਸੋਹਜ ਅਤੇ
ਸੰਜਮ ਨਾਲ ਨਵੀਂ ਕਥਾ ਸਿਰਜ ਕੇ ਸਹਿਜੇ ਹੀ ਬੇਹੱਦ ਸਸ਼ੱਕਤ ਅੰਦਾਜ਼ ਵਿਚ
ਦਰਸਾ ਜਾਂਦਾ ਹੈ ਕਿ ਅਤਿ ਗਰੀਬ ਚੂਹੜਿਆਂ ਦੇ ਮੁੰਡੇ ਦੀ ਕਹਾਣੀ ਉਪਰ ਵੀ
ਸੋਫੋਕਲੀਜ, ਹਾਰਡੀ ਜਾਂ ਭਾਰਤੀ ਪ੍ਰੰਪਰਾ ਦੇ ਮਹਾਨ ਨਾਟਕਕਾਰ ਕਾਲੀਦਾਸ ਦੀ
‘ਸ਼ਕੁੰਤਲਾ‘ ਵਰਗੀ ਹੁਸੀਨ ਸ਼ਹਿਜਾਦੀ ਨਾਲ ਵਾਪਰੇ ਦੁਖਾਂਤ ਦੇ ਹਾਰ ਹੀ
ਅਰਥਪੂਰਨ ਤਰਾਸਦਿਕ ਕਥਾ ਸਿਰਜੀ ਜਾ ਸਕਦੀ ਹੈ।
ਨਾਟਕ ਦੇ ਨਾਇਕ ਨਿੰਦਰ ਦਾ ਪਿਤਾ ਹੈਨੀ। ਮਾਂ ਛਿੰਨੋ ਪਿੰਡ ਦੇ ਚੌਧਰੀਆਂ
ਦੇ ਘਰੇ ਗੋਹਾ-ਕੂੜਾ ਕਰਕੇ ਡੰਗ ਟਪਾਉਂਦੀ ਹੈ। ਉਸਦਾ ਵੱਡਾ ਭਰਾ ਸੱਜਣ
ਲੰਮੀ ਬਿਮਾਰੀ ਪਿਛੋਂ ਠੀਕ ਹੁੰਦਾ ਹੈ ਪ੍ਰੰਤੂ ਫਿਰ ਭੋਖੜੇ ਦਾ ਮਾਰਿਆ
ਗੁਰੂ ਘਰ ਦੇ ਲੰਗਰ ਵਿਚੋਂ ਵਧੇਰੇ ਰੋਟੀਆਂ ਖਾ ਜਾਣ ਕਾਰਨ ਅਚਾਨਕ ਢਿੱਡ
ਵਿਚ ਸੂਲ ਉਠਣ ਕਾਰਨ ਦਮ ਤੋੜ ਜਾਂਦਾ ਹੈ। ਉਸਦਾ ਛੋਟਾ ਭਰਾ ਭਿੱਲੀ ਬਚਪਨ
ਤੋਂ ਸਿਧਰਾ ਹੈ ਅਤੇ ਕੋਈ ਵੀ ਕੰਮ ਕਰ ਸਕਣ ਤੋਂ ਅਸਮਰਥ ਹੈ। ਮਾਨੋਂ
ਜਿੰਦਗੀ ਦੀਆਂ ਕਰੂਰ ਹਕੀਕਤਾਂ ਨੇ ਨਿੰਦਰ ਦੇ ਇਰਦ ਗਿਰਦ ਸੀਮਾਵਾਂ ਦੇ
ਅਜਿਹੇ ਘੇਰੇ ਘੱਤੇ ਹੋਏ ਹਨ ਜਿਨ੍ਹਾਂ ‘ਚੋਂ ਬਾਹਰ ਨਿਕਲਣ ਦੀ ਕਿਸੇ
ਪਾਸਿਓਂ ਵੀ ਕੋਈ ਸੰਭਾਵਨਾ ਨਹੀਂ ਹੈ। ਇਨ੍ਹਾਂ ਹਾਲਾਤ ਵਿਚ ਹੀ ਉਹ ਸਬੱਬ
ਵਸ ਆਪਦੇ ਕਿਸੇ ਨਾਲ ਸ਼ਹਿਰ ਜਾ ਕੇ ਕੋਈ ਰੁਮਾਂਟਿਕ ਫਿਲਮ ਵੇਖ ਆਉਂਦਾ ਹੈ
ਅਤੇ ਮਾੜੀ ਕਿਸਮਤ ਨੂੰ ਫਿਲਮ ਦੀ ਨਾਇਕਾ ਐਸ਼ਵਰਿਆ ਰਾਏ ਉਸਦੇ ਖੁਆਬਾਂ ਤੇ
ਇਸ ਕਦਰ ਛਾਉਣੀਆਂ ਪਾ ਲੈਂਦੀ ਹੈ ਕਿ ਉਸਦੀ ਜਿੰਦਗੀ ਦਾ ਸਾਰਾ ਢੱਰਾ ਹੀ
ਬੁਰੀ ਤਰ੍ਹਾਂ ਖਿੰਡਿਆ ਜਾਂਦਾ ਹੈ। ਉਹ ਕਿਸ ਸੁਪਨ ਸੰਸਾਰ ਵਿਚ ਚਲਿਆ
ਜਾਂਦਾ ਹੈ ਉਸਦਾ ਅੰਦਾਜ਼ਾ ਨਾਟਕ ਦੇ ਸ਼ੁਰੂਆਤੀ ਦ੍ਰਿਸ਼ ਤੋਂ ਸਹਿਜੇ ਹੀ
ਭਲੀਭਾਂਤ ਲਗਾਇਆ ਜਾ ਸਕਦਾ ਹੈ।
ਇਸ ਦ੍ਰਿਸ਼ ਵਿਚ ਸਟੇਜ ਤੋਂ ਪਰਦਾ ਖੁਲ੍ਹਦਿਆਂ ਹੀ ਉਡਦੇ ਧੂੰਏਂ ਅਤੇ ਰੰਗੀਨ
ਲਾਈਟਾਂ ਦੀ ਚਕਾਚੂੰਧ ਵਿਚ ਨਾਜ਼ਕ ਬਦਨ/ਪਰੀ ਚਿਹਰਾ ਐਸ਼ਵਰਿਆ ਰਾਏ ਅਤੇ
ਨਿੰਦਰ ਮੁਹੱਬਤ ਦੇ ਸਰੂਰ ਵਿਚ ਬਾਹਾਂ ‘ਚ ਬਾਹਾਂ ਪਾਈ ਨਚਦੇ ਹੋਏ ਨਜ਼ਰ
ਆਉਂਦੇ ਹਨ। ਪਿਛੋਕੜ ਵਿਚ ‘ਹਮ ਦਿਲ ਦੇ ਚੁਕੇ ਸਨਮ‘ ਫਿਲਮ ਅੰਦਰ ਪ੍ਰਸਿਧ
ਗੀਤ ਦੇ
ਆਖੋਂ ਕੀ ਗੁਸਤਾਖੀਆਂ3.ਮੁਆਫ ਹੋ
ਇਕ ਟੁਕ ਤੁਮਹੇ ਦੇਖਤੀ ਹੈ
ਜੋ ਬਾਤ ਕਹਿਨਾ ਚਾਹੇ ਜੁਬਾਂ
ਤੁਮਸੇ ਯੇਹ ਕਹਿਤੀ ਹੈ‘
ਵਾਲੇ ਬੋਲ ਸਮੁੱਚੇ ਪ੍ਰਭਾਵ ਨੂੰ ਹੋਰ ਵੀ ਤੀਖਣ ਕਰ ਦਿੰਦੇ ਹਨ। ਇਸ ਦ੍ਰਿਸ਼
ਵਿਚ ਕੁਮਾਰੀ ਸੁਖਮਨ ਦੀ ਐਕਟਿੰਗ ਦਰਸ਼ਕਾਂ ਦੀ ਅੱਸ਼ ਅੱਸ਼ ਕਰਵਾ ਜਾਂਦੀ ਹੈ।
ਨਾਟਕੀ ਝਾਕੀ ਵਿਚ ਨਚਦੇ ਨਚਦੇ ਐਸ਼ਵਰਿਆ ਨਿੰਦਰ ਨੂੰ ਪਿਆਰ ਨਾਲ ਧੱਕਾ
ਦਿੰਦੀ ਹੈ। ਮਧੁਰ ਸੁਪਨੇ ਦੀ ਇਸੇ ਅਵਸਥਾ ਵਿਚ ਨਾਇਕ ਨਿੰਦਰ ਆਪਣੇ ਮਾਲਕ
ਚੌਧਰੀ ਜਸਵੰਤ ਸਿੰਘ ਦੇ ਵਿਹੜੇ ਵਿਚ ਘੂਕ ਸੁੱਤਾ ਪਿਆ ਹੈ। ਇਸੇ ਸਮੇਂ
ਨਾਟਕ ਨਿਰਦੇਸ਼ਕ ਸੁਪਨੇ ਦੇ ਦ੍ਰਿਸ਼ ਨੂੰ ਸਮੇਟ ਕੇ ਤਰਾਸਦਿਕ ਕੰਟਰਾਸਟ
ਖੜ੍ਹਾ ਕਰਨ ਲਈ ਉਸਦੀ ਜਗਹ ਤੇ ਅਸਲ ਜੀਵਨ ਦੀ ਕਰੂਰ ਹਕੀਕਤ ਦਾ ਦ੍ਰਿਸ਼ ਲੈ
ਆਉਂਦਾ ਹੈ। ਨਿੰਦਰ ਦੀ ਮਾਤਾ ਛਿੰਨੋ ਅਚਾਨਕ ਗੋਹਾ ਕੂੜਾ ਸੁੰਭਰਨ ਲਈ
ਵਿਹੜੇ ਵਿਚ ਪ੍ਰਗਟ ਹੁੰਦੀ ਹੈ। ਨਿੰਦਰ ਨੂੰ ਲੰਮੀਆਂ ਤਾਣ ਕੇ ਪਏ ਨੂੰ
ਵੇਂਹਦੇ ਸਾਰ ਉਸਨੂੰ ਧੱਪ ਚੜ੍ਹ ਜਾਂਦਾ ਹੈ ਅਤੇ ਉਹ ਉਸਨੂੰ ਉਚੀ ਉਚੀ ਬੁਰਾ
ਭਲਾ ਕਹਿੰਦਿਆਂ ਕੋਸਣਾ ਸ਼ੁਰੂ ਕਰ ਦਿੰਦੀ ਹੈ। ਬੋਲ ਬੁਲਾਰਾ ਚੌਧਰੀ ਜਸਵੰਤ
ਦੇ ਕੰਨਾਂ ਤਕ ਵੀ ਜਾ ਅਪੜਦਾ ਹੈ ਅਤੇ ਉਹ ਆਉਂਦੇ ਸਾਰ ਮਾਂ, ਪੁੱਤਰ -
ਦੋਵਾਂ ਨੂੰ ਹੀ ਚੰਗਾ ਮੰਦਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਕਿ ਉਨ੍ਹਾਂ ਨੇ
ਖਾਹ ਮਖਾਹ ਕਾਸਦੀ ਕਾਵਾਂ ਰੌਲੀ ਪਾਈ ਹੋਈ ਹੈ। ਸੋ ਨਾਇਕ ਦੀ ਸ਼ੁਰੂਆਤੀ
ਸੁਪਨਮਈ ਅਵਸਥਾ ਨੂੰ ਬੇਰਹਿਮੀ ਨਾਲ ਤੋੜਦਾ ਹੋਇਆ ਕੌੜੇ ਯਥਾਰਥ ਦਾ ਅਸਲ
ਰੂਪ ਫੰਨ ਖਲਾਰ ਕੇ ਵਿਕਰਾਲ ਰੂਪ ਵਿਚ ਸਾਮ੍ਹਣੇ ਆ ਜਾਂਦਾ ਹੈ।
ਕਮਾਲ ਦੀ ਗੱਲ ਹੈ ਕਿ ਇਸ ਕਥਾ ਵਿਚ ਇਕ ਨਹੀਂ ਬਲਕਿ ਕਈ ਨਾਟਕੀ ਸਿਖਰਾਂ
ਹਨ। ਵਰਿਆਮ ਸੰਧੂ ਦੀ ਆਪਣੀ ਕਹਾਣੀ ਸ਼ੁਰੂ ਹੀ “ਛਿੰਨੋ! ਸੁਣਿਐ ਸੱਜਣ ਵਾਲਾ
ਸਾਕ ਭਕਨੀਏ ਭਿੱਲੀ ਨੂੰ ਕਰਨ ਨੂੰ ਮੰਨਦੇ ਨੇ!” ਦੇ ਨਾਟਕੀ ਸਿਖਰ ਵਾਲੇ
ਵਾਕ ਨਾਲ ਹੁੰਦੀ ਹੈ। ਇਹ ਅਜਿਹੇ ਵਿਅੰਗਮਈ ਬੋਲ ਹਨ ਜੋ ਇਕ ਪਾਸੇ ਚੌਧਰੀ
ਜਸਵੰਤ ਅਤੇ ਦੂਸਰੇ ਪਾਸੇ ਨਿੰਦਰ ਤੇ ਉਸਦੀ ਮਾਂ ਦੇ ਰਿਸ਼ਤੇ ਦੇ ਕੇਂਦਰ ਵਿਚ
ਖੜੇ ਹਨ ਅਤੇ ਅਗੋਂ ਇਸ ਮੁਢਲੇ ਵਿਅੰਗ ਨੂੰ ਵਿਸਥਾਰਨ ਨਾਲ ਹੀ ਸਾਡੇ
ਕਥਾਕਾਰ ਨੇ ਆਪਣੇ ਪਾਤਰ ਦੀ ਤਰਾਸਦੀ ਦੇ ਪ੍ਰੇਸ਼ਾਨ ਕਰ ਜਾਣ ਵਾਲੇ ਪਹਿਲੂਆਂ
ਨੂੰ ਉਜਾਗਰ ਕਰੀ ਜਾਣਾ ਹੈ। ਪ੍ਰੰਤੂ ਨਾਟਕ ਨਿਰਦੇਸ਼ਕ ਗੁਰਚਰਨ ਦੇ ਮਾਧਿਅਮ
ਦੀਆਂ ਆਪ ਦੀਆਂ ਤੱਦੀਆਂ ਹਨ। ਉਹ ਦਰਸ਼ਕਾਂ ਨੂੰ ਕਥਾ ਦੇ ਜਾਦੂ ਨਾਲ ਜੋੜਨ
ਲਈ ਸ਼ੁਰੂਆਤ ਸੁਪਨੇ ਦੇ ਦ੍ਰਿਸ਼ ਨਾਲ ਕਰੇਗਾ। ਨਿੰਦਰ ਦੇ ਰੋਲ ਵਿਚ ਅਮਰਿੰਦਰ
ਅਤੇ ਐਸ਼ਵਰਿਆ ਰਾਏ ਦੀ ਭੂਮਿਕਾ ਵਿਚ ਸੁਖਮਨ ਕਮਾਲ ਦੀ ਸਫਲਤਾ ਨਾਲ ਅਰਥ
ਉਤਪਾਦਨ ਖਾਤਰ ਨਿਰਦੇਸ਼ਕ ਦੇ ਮਿੱਥੇ ਹੋਏ ਉਦੇਸ਼ ਦੀ ਪੂਰਤੀ ਕਰਨਗੇ। ਪ੍ਰੰਤੂ
ਜਲਦੀ ਹੀ ਬਾਅਦ ਨਾਟਕ ਉਸੇ ਮੋੜ ਤੇ ਆ ਜਾਵੇਗਾ ਜਿਸ ‘ਮੋੜ‘ ਤੋਂ ਵਰਿਆਮ ਨੇ
ਕਹਾਣੀ ਦੀ ਸ਼ੁਰੂਆਤ ਕੀਤੀ ਹੈ।
ਚੌਧਰੀ ਜਸਵੰਤ ਵਿਹੜੇ ਵਿਚ ਨਿੰਦਰ ਅਤੇ ਸ਼ਿੰਨੋ ਦੀ ਮਮੂਲੀ ਝਾੜ ਝੰਬ ਕਰਨ
ਤੋਂ ਤੁਰਤ ਬਾਅਦ ਹੀ ‘ਹਮਦਰਦਾਨਾ‘ ਵਿਅੰਗ ਦੇ ਦਾਅ ਤੇ ਆ ਜਾਂਦਾ ਹੈ।
ਛਿੰਨੋ ਦੀ ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਦੇ ਪੰਜਾਬ ਦੇ ਦਲਿਤਾਂ ਦੇ
ਜੀਵਨ ਦੀਆਂ ਕਟੂ ਹਕੀਕਤਾਂ ਨੇ ਇਸ ਹੱਦ ਤਕ ਪੀਹ ਕੱਢੀ ਹੋਈ ਹੈ ਕਿ ਉਸਨੂੰ
ਚੌਧਰੀ ਦੇ ਬੋਲਾਂ ਵਿਚਲੇ ਵਿਅੰਗ ਨੂੰ ਭਾਂਪ ਜਾਣ ਦੀ ਜਰਾ ਜਿਤਨੀ ਵੀ ਸੁਰਤ
ਨਹੀਂ ਹੈ। ਉਹ ਚੌਧਰੀ ਦੀ ਪੁਛ ਦੇ ਜਵਾਬ ਵਿਚ ਆਪਣੇ ਅਣਿਆਈ ਉਮਰੇ ਮਰ ਗਏ
ਪੁੱਤ ਸੱਜਣ ਦਾ ਰੋਣਾ ਰੋਂਦੀ ਹੈ। ਭਿੱਲੀ ਨੂੰ ਸਿਧਰਾ ਜਾਣ ਕੇ ਸੱਜਣ ਦੀ
ਭਕਨੇ ਵਾਲੀ ਮੰਗੇਤਰ ਦੇ ਮਾਪਿਆਂ ਦੀ ਨਾਂਹ ਬਾਰੇ ਝੂਰਦੀ ਹੈ ਅਤੇ ਫਿਰ
ਚੌਧਰੀ ਅਗੇ ਨਿੰਦਰ ਨੂੰ ਉਹ ਸਾਕ ਲੈਣ ਲਈ ਮਨਾਉਣ ਵਾਸਤੇ ਤਰਲਾ ਮਾਰਦੀ ਹੈ।
ਪਰ ਨਿੰਦਰ ਤਾਂ ਜਿਸ ਦਿਨ ਦਾ ਸ਼ਹਿਰੋਂ ਐਸ਼ਵਰਿਆ ਦੀ ਫਿਲਮ ਵੇਖ ਆਇਆ ਹੈ -
ਹੋਰ ਹੀ ਹਰਨਾ ਦੀ ਸਿੰਙੀ ਚੜ੍ਹਿਆ ਹੋਇਆ ਹੈ।
ਹੁਣ ਇਥੇ ਨਿੰਦਰ ਦੀ ਤ੍ਰਾਸਦੀ ਦੇ ਅਰਥਾਂ ਨੂੰ ਉਜਾਗਰ ਕਰਨ ਲਈ ਵਰਿਆਮ
ਅਗਲੀ ਤਕਨੀਕ ਵਰਤਦਾ ਹੈ ਅਤੇ ਨਿਰਦੇਸ਼ਕ ਵੀ ਬਹੁਤ ਖਰੇ ਢੰਗ ਨਾਲ ਉਸਨੂੰ
ਨਾਟਕੀ ਰੂਪ ਵਿਚ ਰੂਪਾਂਤਰਿਤ ਕਰਦਾ ਹੈ। ਚੌਧਰੀ, ਨਿੰਦਰ ਅਤੇ ਛਿੰਨੋ ਦਾ
ਵਾਰਤਾਲਾਪ ਚਲ ਹੀ ਰਿਹਾ ਹੈ ਕਿ ਸੀਨ ਅੰਦਰ ਚੌਧਰੀ ਦਾ ਅਲਬੇਲਾ ਮਿੱਤਰ
ਸਤਿਨਾਮ ਸਿੰਘ ਹਾਜ਼ਰ ਹੋ ਜਾਂਦਾ ਹੈ। ਉਨ੍ਹਾਂ ਦੀ ਦਾਰੂ ਦੀ ਮਹਿਫਲ ਜੰਮ
ਜਾਂਦੀ ਹੈ। ਹੁਣ ਛਿੰਨੋ ਦੇ ਤਰਲੇ ਨੂੰ ਹੁੰਗਾਰਾ ਦੇਣ ਦੀ ਕੀਹਨੂੰ ਫੁਰਸਤ
ਹੈ। ਜਸਵੰਤ ਸਿੰਘ ਲਈ ਨਿੰਦਰ ਦੀ ਮਨੋਅਵਸਥਾ ਆਪਦਾ ਅਤੇ ਆਪਦੇ ਮਿੱਤਰ ਦੇ
ਮਨੋਰੰਜਨ ਦਾ ਵਸੀਲਾ ਬਣ ਜਾਂਦੀ ਹੈ। ਨਿੰਦਰ ਨੂੰ ਦਸਿਆ ਜਾਂਦਾ ਹੈ ਕਿ
ਸਤਿਨਾਮ ਐਸ਼ਵਰਿਆ ਦਾ ਮਾਮਾ ਲਗਦਾ ਹੈ। ਉਹ ਬੰਬਈ ਤੋਂ ਆਇਆ ਹੈ ਅਤੇ ਐਸ਼ਵਰਿਆ
ਨਾਲ ਨਿੰਦਰ ਦਾ ਟਾਂਕਾ ਉਹੀ ਹੀ ਫਿੱਟ ਕਰਵਾਏਗਾ। ਇਹ ‘ਘਾਤਕ‘ ਮਖੌਲਬਾਜੀ
ਲੰਮੇ ਸਮੇਂ ਤਕ ਜਾਰੀ ਰਹਿੰਦੀ ਹੈ। ਇਸਦੇ ਨਾਲ ਨਿੰਦਰ ਦੀ ਮਨੋਅਵਸਥਾ ਦੇ
ਨਿਕਾਸ ਤੇ ‘ਵਿਕਾਸ‘ ਨੂੰ ਦਰਸਾਉਣ ਲਈ ਕਹਾਣੀਕਾਰ ਅਤੇ ਨਾਟਕਕਾਰ ਨੇ ਕਈ
ਹੋਰ ਦਿਲਚਸਪ ਜੁਗਤਾਂ ਵੀ ਬਿਰਤਾਂਤ ਵਿਚ ਬੜੇ ਹੀ ਨਿਪੁੰਨ ਅੰਦਾਜ਼ ਵਿਚ
ਬੁਣੀਆਂ ਹੋਈਆਂ ਹਨ। ਮਸਲਨ ਬਚਪਨ ਵਿਚ ਨਿੰਦਰ ਜਦੋਂ ਪਸ਼ੂ ਚਾਰਦਾ ਹੈ ਤਾਂ
ਪਿੰਡ ਦੀਆਂ ਕਿੱਕਰਾਂ ਹੇਠਾਂ ਲਗਦੇ ਪ੍ਰਾਇਮਰੀ ਸਕੂਲ ਦੀ ਭੈਣ ਜੀ ਗੁਰਮੀਤ
ਪ੍ਰਤੀ ਉਸਦੀ ਮਸੂਮ ਖਿਚ ਦਾ ਦ੍ਰਿਸ਼ ਹੈ ਅਤੇ ਇਸੇ ਤਰ੍ਹਾਂ ਜਵਾਨੀ ਦੀ
ਦਹਿਲੀਜ਼ ਤੇ ਪੈਰ ਧਰਦਿਆਂ ਜਸਵੰਤ ਨਾਲ ਸੇਪੀ ਰਲ ਜਾਣ ਤੇ ਉਸਦੀ ਆਪਦੀ ਹਾਨਣ
ਧੰਤੋ ਨਾਲ ਉਸਦੀ ਨੋਕ ਝੋਕ ਦੇ ਵੇਰਵੇ ਹਨ। ਨਾਟਕ ਵਿਚ ਗੁਰਮੀਤ ਭੈਣ ਜੀ ਦੀ
ਭੂਮਿਕਾ ‘ਆਪਣਾ ਵਿਰਸਾ ਆਪਣੇ ਗੀਤ‘ ਵਾਲੀ ਪਿੰਕੀ ਚੌਹਾਨ ਨੇ ਨਿਭਾਈ ਹੈ।
ਨਿੰਦਰ ਚੂੰਕਿ ਆਪਣੇ ਆਪ ਨੂੰ ਦਿਓਲ ਜੱਟ ਮੰਨੀ ਬੈਠਾ ਹੈ ਅਤੇ ਫਿਲਮ ਸਟਾਰ
ਧਰਮਿੰਦਰ ਤੇ ਪ੍ਰਕਾਸ਼ ਕੌਰ ਨੂੰ ਮਾਂ ਪਿਓ ਸਮਝੀ ਜਾਂਦਾ ਹੈ। ਪ੍ਰਕਾਸ਼ ਕੌਰ
ਅਤੇ ਬਾਅਦ ਨਾਟਕ ਦੀ ਇਕ ਹੋਰ ਪਾਤਰ ਸੀਤੋ ਦੀ ਮਾਂ ਦੀ ਭੂਮਿਕਾ ਵੀ ਪਿੰਕੀ
ਚੌਹਾਨ ਨੇ ਬਾਖੂਬੀ ਕੀਤੀ ਹੈ।
ਚੌਧਰੀ ਜਸਵੰਤ ਸਿੰਘ ਦੀ ਭੂਮਿਕਾ ਨਾਟਕ ਨਿਰਦੇਸ਼ਕ ਗੁਰਚਰਨ ਨੇ ਖੁਦ ਕੀਤੀ
ਹੈ ਜੋ ਕਿ ਅਮਰਿੰਦਰ ਵਲੋਂ ਨਿਭਾਈ ਗਈ ਨਿੰਦਰ ਦੀ ਭੂਮਿਕਾ ਦੇ ਹਾਰ ਹੀ
ਸ਼ਲਾਘਾਯੋਗ ਹੈ। ਪ੍ਰੰਤੂ ਪਹਿਲਾਂ ਧੰਤੋ ਦੇ ਰੂਪ ਵਿਚ ਅਤੇ ਪਿਛੋਂ ਦਰਗਾਹ
ਦੇ ਸੀਨ ਅੰਦਰ ਸੀਤੋ ਦੇ ਦੇ ਰੋਲ ਵਿਚ ਸੰਦੀਪ ਸਿੱਧੂ ਨੇ ਵੀ ਸੁੰਦਰ
ਅਦਾਕਾਰੀ ਨਾਲ ਕਮਾਲ ਕੀਤੀ ਹੋਈ ਹੈ। ਸੰਦੀਪ ਨੇ ਗੁਰਚਰਨ ਦੇ ਨਾਟਕ ‘ਦੇਗ
ਤੇਗ ਫਤਿਹ‘ ਵਿਚ ਪਹਿਲਾਂ ਬੇਗਮ ਜੈਨਬ ਦੀ ਭੂਮਿਕਾ ਵਿਚ ਵੀ ਦਰਸ਼ਕਾਂ ਤੇ
ਆਪਣੀ ਪ੍ਰਤਿਭਾ ਦੀ ਛਾਪ ਛੱਡੀ ਸੀ। ਪ੍ਰੰਤੂ ਇਸ ਨਾਟਕ ਅੰਦਰ ਉਸਦੀ
ਕਲਾਤਮਿਕ ਪੁਖਤਗੀ ਵਿਚ ਹੋਰ ਵਧੇਰੇ ਪ੍ਰਪਕਤਾ ਆਈ ਹੈ।
ਕਹਾਣੀਕਾਰ ਅਤੇ ਨਾਟਕਕਾਰ ਦੋਵਾਂ ਨੇ ਨਿੰਦਰ ਦੇ ਚਿਹਨ ਨੂੰ ਰੂੜ ਕਰਨ ਲਈ
ਜਸਵੰਤ ਸਿੰਘ ਦੇ ਮਿੱਤਰ ਸਤਨਾਮ, ਕਾਮਰੇਡ, ਨਿਹੰਗ, ਤੁਲਸਾ, ਅਮਲੀ, ਫੌਜੀ
ਅਤੇ ਧਰਮਿੰਦਰ ਭਾਅ ਜੀ ਦੇ ਜੋ ਹੋਰ ਕਿਰਦਾਰ ਸਿਰਜੇ ਹਨ - ਇਨ੍ਹਾਂ ਵਿਚ
ਕਰਮਵਾਰ ਅਮਨਿੰਦਰ ਢਿੱਲੋਂ, ਲਖਵਿੰਦਰ ਦਿੱਲੀ, ਰਜਿੰਦਰ ਬੋਦਿਲ, ਜੋਗੀ
ਸੰਘੇੜਾ, ਜਗਦੀਪ, ਜੱਸ ਧਾਲੀਵਾਲ ਅਤੇ ਰਿੱਕੀ ਖੱਟੜਾ ਸਾਰਿਆਂ ਦੀਆਂ
ਭੂਮਿਕਾਵਾਂ ਆਪਣੀ ਆਪਣੀ ਥਾਂ ਤੇ ਤਰਾਸਦੀ ਨੂੰ ਕਲਾਤਮਿਕ ਅਮੀਰੀ ਨਾਲ ਮਾਲਾ
ਮਾਲ ਕਰਦੀਆਂ ਮਲੂਮ ਹੁੰਦੀਆਂ ਹਨ।
ਵਿਹੜੇ ਵਿਚ ਬੈਠਿਆਂ ਦਾਰੂ ਦੀ ਮਹਿਫਲ ਚਲ ਰਹੀ ਹੈ; ਮਨੋਰੰਜਨ ਖਾਤਰ ਨਿੰਦਰ
ਦਾ ਮੌਜੂ ਬਣਾਉਂਦਿਆਂ ਉਸਨੂੰ ਐਸ਼ਵਰਿਆ ਦੇ ਮਾਮੇ ਤੇ ਕਾਮਰੇਡ ਵਲੋਂ ਸ਼ਗਨ
ਪਾਉਣ ਦਾ ਢਕਵੰਜ ਕੀਤਾ ਜਾ ਰਿਹਾ ਹੈ। ਹੁਣ ਇਥੇ ਕਹਾਣੀ ਦਾ ਨਾਟਕੀਕਰਨ
ਸਪਾਟ ਹੋ ਸਕਦਾ ਸੀ। ਪ੍ਰੰਤੂ ਨਿਰਦੇਸ਼ਕ ਬਹੁਤ ਹੀ ਚਤੁਰਾਈ ਨਾਲ ਮਹੌਲ ਨੂੰ
ਕਾਵਿਕ ਬਨਾਉਣ ਲਈ
ਵਿਹੜੇ ਛਣਕੂਗੀ ਵੰਗ ਤੇਰੀ
ਸੱਚੀਂ ਮੁਚੀਂ ਜਾਨ ਕਢ ਲਊ
ਬਿਲੋ ਮਿੱਠੀ ਮਿੱਠੀ ਸੰਗ ਤੇਰੀ।
ਬੋਲਾਂ ਤੇ ਅਧਾਰਤ ਸੰਗੀਤ ਅਤੇ ਨ੍ਰਿਤ ਦਾ ਤੋੜਾ ਲੈ ਆਉਂਦਾ ਹੈ।
33.ਤੇ ਫਿਰ ਨਾਟਕ ਦੇ ਅਖੀਰ ਵਿਚ ਜਦੋਂ ਸੁਪਨੇ ਅਤੇ ਹਕੀਕਤ ਦਾ ਪਰਦਾ
ਪਾਟਦਾ ਹੈ; ਨਿੰਦਰ ਦਾ ਭਰਮ ਟੁਟਦਾ ਹੈ। ਤ੍ਰਾਸਦੀ ਦਾ ਸਿਖਰ ਪਿਛੋਕੜ ਵਿਚ
ਲਖਬੀਰ ਖਾਨ ਦੀ ਲਰਜਿਸ਼ ਅਤੇ ਸੋਜ ਭਰੀ ਹੂਕ ਵਿਚ ਸੁਲਤਾਨ ਬਾਹੂ ਦੇ
ਟੁੱਟ ਗਈ ਤੰਦ ਉਲਝ ਗਈ ਤਾਣੀ
ਸੀਨੇ ਉਠਦੀਆਂ ਧਾਹਾਂ
ਡੁੱਬਿਆ ਸੂਰਜ, ਰਾਤ ਡਰਾਉਣੀ
ਸੁੰਨੀਆਂ ਸੁੰਨੀਆਂ ਰਾਹਾਂ
ਰੂਹ ਕੁਰਲਾਉਂਦੀ ਕਢਦੀ ਹਾੜੇ
ਮਿਲੇ ਨਾ ਰੂਹ ਦਾ ਹਾਣੀ
ਚਾਵਾਂ ਦੀ ਡੋਲੀ ਲੁੱਟ ਕੇ ਲੈ ਗਏ
ਜੱਗ ਦੀ ਵੰਡ ਇਹ ਕਾਣੀ
ਬੋਲਾਂ ਨਾਲ ਜਿਸ ਸ਼ਿਦਤ ਅਤੇ ਰੂਹ ਨਾਲ ਉਸਾਰਿਆ ਗਿਆ ਹੈ - ਵੇਂਹਦਿਆਂ ਮੇਰੇ
ਨਾਲ ਬੈਠਾ ਸਾਥੀ ਹਰਿੰਦਰ ਹੁੰਦਲ ਸੁੰਨ ਜਿਹਾ ਹੋ ਗਿਆ ਸੀ ਅਤੇ ਹਾਲ ਅੰਦਰ
ਰੰਗ ਮੰਚ ਦਾ ਅਨੰਦ ਮਾਣ ਰਿਹਾ ਪੂਰਾ ਦਰਸ਼ਕ ਸਮੂਹ ਹੀ ਧੰਨ ਧੰਨ ਕਰ ਉਠਿਆ
ਸੀ।
ਵਰਿਆਮ ਦੀ ਕਹਾਣੀ ਅਤੇ ਗੁਰਚਰਨ ਦੇ ਨਾਟਕ ਦੀ ਹੋਰ ਵੀ ਉਘੜਵੀਂ ਤੇ
ਜ਼ਿਕਰਯੋਗ ਸਿਫਤ ਇਹ ਸੀ ਕਿ ਪਾਤਰਾਂ ‘ਚੋਂ ਕਿਸੇ ਦੀ ਸੁਰ ਕਿਧਰੇ ਵੀ ਤਿੱਖੀ
ਨਹੀਂ ਸੀ। ਰੂਸੀ ਕਹਾਣੀਕਾਰ ਅਤੋਨ ਚੈਖੋਵ ਦੀ ਲੇਖਣੀ ਦਾ ਇਹੋ ਹੀ ਤਾਂ
ਮੀਰੀ ਗੁਣ ਸੀ ਜਿਸ ਨੇ ਉਸਨੂੰ ਦੁਨੀਆ ਦਾ ਮਹਾਨ ਕਥਾਕਾਰ ਬਣਾਇਆ। ਉਸਦੀ
ਮਹਿਜ਼ ਦੋ ਚਾਰ ਪੰਨਿਆਂ ਦੀ ‘ਕਲੱਰਕ ਦੀ ਮੌਤ‘ ਨਾਂ ਦੀ ਕਹਾਣੀ ਜਿੰਨ ਕਿੰਨੇ
ਵੀ ਕਦੀ ਪੜ੍ਹੀ ਉਸਦੇ ਮਨ ਅੰਦਰ ਉਸਦੇ ਪਾਤਰ ਦਾ ਦਰਦ ਕਦੀ ਗਿਆ ਨਹੀਂ ਸੀ।
ਕਹਾਣੀ ਦੇ ਪਾਤਰ ਕੋਲੋਂ ਥਿਏਟਰ ‘ਚ ਬੈਠਿਆਂ ਕਿਧਰੇ ਆਪਮੁਹਾਰੇ ਨਿੱਛ ਵਜ
ਜਾਂਦੀ ਹੈ ਤੇ ਨਿੱਛ ਦਾ ਫਰਾਟਾ ਅਗਲੀ ਕਤਾਰ ‘ਚ ਬੈਠੇ ਕਿਸੇ ਭੱਦਰ
ਅਧਿਕਾਰੀ ਦੇ ਗੰਜੇ ਸਿਰ ਨੂੰ ਛੂਹ ਜਾਂਦਾ ਹੈ ਤੇ ਪਿਛੋਂ ਮਰੀ ਰੂਹ ਵਾਲੇ
ਕਲਰਕ ਵਿਚਾਰੇ ਦੀ ਦਹਿਸ਼ਤ ਤੇ ਡਰ ਦੇ ਮਾਰੇ ਹੀ ਮੌਤ ਹੋ ਜਾਂਦੀ ਹੈ।33ਤੇ
ਫਿਰ ਚੈਖੋਵ ਦੇ ਨਵੇਲੇ ‘ਵਾਰਡ ਨੰ-6‘ ਵਿਚ ਅਜਿਹਾ ਹੀ ਭਾਣਾ ਕਹਾਣੀ ਦੇ
ਨਾਇਕ, ਸੂਖਮ ਭਾਵੀ ਡਾਕਟਰ ਨਾਲ ਵਾਪਰਦਾ ਹੈ। ਇਤਿਹਾਸ ਦੇ ਉਸ ਦੌਰ ਵਿਚ
ਲੋਕਾਈ ਦੀ ਆਤਮਾ ਕਿਸ ਹੱਦ ਤਕ ਮਿਧੀ ਹੋਈ ਸੀ - ਇਨ੍ਹਾਂ ਕਥਾਵਾਂ ਦੇ ਪਾਠ
ਤੋਂ ਪੂਰਾ ਹੀ ਪਤਾ ਲਗ ਜਾਂਦਾ ਹੈ। ਆਮ ਮਨੁੱਖ ਦੀ ਅਜਿਹੀ ਹੋਣੀ ਨੂੰ ਕਥਾ
ਦੇ ਕੇਂਦਰ ਵਿਚ ਲਿਆਉਣਾ ਰੂਸੀ ਸਾਹਿਤ ਦੇ ਪਿਤਾਮਾ ਨਿਕੋਲਾਈ ਗੋਗੋਲ ਨੇ
‘ਓਵਰਕੋਟ‘ ਨਾਂ ਦੀ ਲੰਮੀ ਕਹਾਣੀ ਲਿਖਕੇ ਸ਼ੁਰੂ ਕੀਤਾ ਸੀ ਅਤੇ 19 ਵੀਂ ਸਦੀ
ਦੇ ਅਖੀਰ ਵਿਚ ਉਥੋਂ ਦੇ ਮਹਾਨ ਸਾਹਿਤਕਾਰਾਂ ਦਾ ‘ਇਕਬਾਲੀਆ‘ ਬਿਆਨ ਸੀ ਕਿ
ਉਹ ਸਾਰੇ ਉਸੇ ਦੇ ‘ਓਵਰਕੋਟ‘ ‘ਵਿਚੋਂ‘ ਹੀ ਨਿਕਲੇ ਹੋਏ ਹਨ। 20 ਵੀਂ ਸਦੀ
ਵਿਚ ਮਾਨਵਬਾਦੀ ਧਾਰਾ ਦੇ ਸਿਰਮੌਰ ਚਿੰਤਕ ਜਾਰਜ ਲੁਕਾਚ ਨੇ ਇਸ ਨਾਵਲਕਾਰੀ
ਨੂੰ ਅਲੋਚਨਾਤਮਿਕ ਯਥਾਰਥਵਾਦ ਦਾ ਨਾਂ ਦਿਤਾ ਸੀ। ਵਰਿਆਮ ਬਾਈ ਇਸ ਧਾਰਾ ਦਾ
ਮਾਣਯੋਗ ਹਾਸਲ ਹੈ। ਉਸਨੇ ਪੰਜਾਬੀ ਸਾਹਿਤ ਜਗਤ ਵਿਚ ਇਸ ਧਾਰਾ ਦਾ ਪ੍ਰਚਮ
ਪੂਰੇ ਜਾਹੋ ਜਲਾਲ ਨਾਲ ਅਤੇ ਆਪਣੀ ਘਾਲ ਨਾਲ ਬੁਲੰਦ ਕੀਤਾ।
ਵਰਿਆਮ ਸੰਧੂ ਨੇ ਨਿੰਦਰ ਅਤੇ ਛਿੰਨੋ ਦੀ ਬਦਹਾਲੀ , ਵਿਚਾਰੇਪਣ ਅਤੇ ਬੇਬਸੀ
ਦੀ ਇੰਤਹਾ ਦੀ ਖਬਰ ਦੇਣੀ ਹੈ ਅਤੇ ਅਜਿਹਾ ਸੱਜਣ ਦੀ ਮੌਤ ਦੇ ਕਾਂਬਾ ਛੇੜ
ਦੇਣ ਵਾਲੇ ਵੇਰਵੇ ਤੋਂ ਬਿਨਾ ਸੰਭਵ ਨਹੀਂ ਸੀ। ਪਰ ਵਰਿਆਮ ਦਾ ਸੰਜਮ ਵੇਖੋ
ਕਿ ਅਜਿਹਾ ਵੇਰਵਾ ਵੀ ਲਾਊਡ ਨਹੀਂ ਹੈ।3..ਤੇ ਫੇਰ ਨਾਟਕ ਦੇ ਐਨ ਕੇਂਦਰ
ਵਿਚ ਚੌਧਰੀ ਜਸਵੰਤ ਤੇ ਉਸਦੇ ਸਾਥੀ ਦਾਰੂ ਦੀ ਆਪਦੀ ਮਜਲਿਸ ਵਿਚ ਜਦੋਂ
ਨਿੰਦਰ ਨਾਲ ਮਸ਼ਕਰੀਆਂ ਦੀ ਖੇਡ ਖੇਡਦੇ ਹਨ ਉਸ ਦੌਰਾਨ ਜਸਵੰਤ ਕਿਧਰੇ ਬਦੀ
ਦੇ ਇਕਹਿਰੇ ਜਾਂ ਦੂਹਰੇ ਪ੍ਰਤੀਕ ਵਿਚ ਪ੍ਰਵਰਤਿਤ ਹੋਇਆ ਮਲੂਮ ਨਹੀਂ
ਹੁੰਦਾ। ਵਰਿਆਮ ਅਤੇ ਗੁਰਚਰਨ - ਦੋਵਾਂ ਦੇ ਕਲਾਤਮਿਕ ਸੰਜਮ ਨੂੰ ਨਮੋ ਹੈ।
ਕਿਧਰੇ ਵੀ ਬੇਲੋੜੀ ਨਾਅਰੇਬਾਜੀ ਜਾਂ ਖਾਹਮਖਾਹ ਨਫਰਤ ਦੇ ਭਾਵ ਪੈਦਾ ਕਰਨ
ਦਾ ਕੋਈ ਯਤਨ ਨਹੀਂ ਹੈ। ਸੱਚੀ ਗੱਲ ਤਾਂ ਇਹ ਹੈ ਕਿ ਨਾਟਕ ਵੇਂਹਦਿਆਂ ਮਨ
ਅੰਦਰ ਕਰੀਬ ਅੱਧੀ ਸਦੀ ਪਹਿਲਾਂ ਪੜ੍ਹੇ ਮੈਕਸਿਮ ਗੋਰਕੀ ਦੇ ਸ਼ਾਹਕਾਰ ‘ਤਿੰਨ
ਜਣੇ‘ ਦੇ ਪਾਤਰਾਂ ਦੇ ਨਕਸ਼ ਮੱਲੋ ਮੱਲੀ ਹੀ ਚੇਤਿਆਂ ਵਿਚ ਉਭਰ ਜਾਂਦੇ ਰਹੇ
‘ਆਲ੍ਹਣਾ ਤੀਲ੍ਹੋ ਤੀਲ੍ਹ‘ ਦੀ ਕਹਾਣੀ ਲਗਾਤਾਰ ਯਾਦ ਆਉਂਦੀ ਰਹੀ।
ਗੁਰਚਰਨ ਪੰਜਾਬੀ ਯੂਨੀਵਰਸਿਟੀ ਦੇ ‘ਟੈਲੀਵਿਯਨ ਐਂਡ ਥਿਏਟਰ‘ ਵਿਭਾਗ ਦੀ
ਪੈਦਾਵਾਰ ਹੈ ਅਤੇ ਸਾਡੇ ਮਿੱਤਰ ਸਵਰਗੀ ਬਲਰਾਜ ਪੰਡਿਤ ਹੋਰਾਂ ਨੂੰ ਉਹ
ਆਪਣਾ ਇਕੋ ਇਕ ਗੁਰੂ ਮੰਨਦਾ ਹੈ। ਸਾਲ 2003 ‘ਚ ਉਨ ਡਿਗਰੀ ਲਈ ਅਤੇ ਅਗਲੇ
7-8 ਵਰ੍ਹੇ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਅੰਦਰ ਧਾਰਮਿਕ ਸਾਧਨਾ ਵਾਲੀ
ਲਗਨ ਅਤੇ ਪ੍ਰਤੀਬਧਤਾ ਨਾਲ ਥਿਏਟਰ ਕਰਦਾ ਰਿਹਾ। ਢਾਈ-ਤਿੰਨ ਵਰ੍ਹੇ ਪਹਿਲਾਂ
ਉਹ ਟਰਾਂਟੋ ਆਇਆ ਅਤੇ ‘ਨੇਤੀ ਥਿਏਟਰ‘ ਗਰੁੱਪ ਕਾਇਮ ਕੀਤਾ। ਇਸ ਸਮੇਂ ਸੁਪਨ
ਸੰਧੂ, ਹਰਪ੍ਰੀਤ ਖੋਸਾ, ਰਿੱਕੀ ਖੱਟੜਾ, ਪਰਮਿੰਦਰ ਸਿੱਧੂ, ਮਨਜੀਤ ਬੇਦੀ,
ਸੰਜੋਗ ਬੋਇਲ, ਬਿਕਰਮ ਰੱਖੜਾ, ਸ਼ਾਹਨਾਜ ਗੁਰਾਇਆਂ, ਬਲਵੰਤ ਸ਼ੇਰਗਿਲ,
ਧਰਮਪਾਲ ਸ਼ੇਰਗਿਲ, ਗੁਰਪਾਲ ਪਾਲੀ ਅਤੇ ਰਜਿੰਦਰ ਗਰੇਵਾਲ ਵਰਗੇ ਬਥੇਰੇ ਸੱਜਣ
ਉਸਦੇ ਨਾਲ ਹਨ ਜਿਨ੍ਹਾਂ ਤੋਂ ਉਮੀਦ ਹੈ ਕਿ ਉਸਦੀ ਕਦੀ ਪਿੱਠ ਨਹੀਂ ਲੱਗਣ
ਦੇਣਗੇ। ਫਿਰ ਵਿਪਨ ਮਰੋਕ, ਸੁਖਵਿੰਦਰ ਕੰਗ, ਪੰਜਾਬ ਆਰਟਸ ਕੌਂਸਲ ਵਾਲੇ
ਬਲਜਿੰਦਰ ਲੇਲਣਾ, ਰਜਿੰਦਰ ਬੋਇਲ, ‘ਪਰਵਾਸੀ‘ ਵਾਲੇ ਬਾਈ ਰਜਿੰਦਰ ਸੈਣੀ,
ਮੇਵਾ ਸਿੰਘ ਬੋਪਾਰਾਏ, ਸੁਖਦੀਪ ਮਠਾਰੂ, ਔਰਿੰਜਵਿਲ ਟੈਕਸੀ ਕੰਪਨੀ ਵਾਲੇ
ਹਰਮਨ ਖੱਟੜਾ, ਸਿੱਖ ਲਹਿਰ ਸੈਂਟਰ ਦੇ ਪ੍ਰਬੰਧਕਾਂ ਅਤੇ ਚੰਗੀ ਗੱਲ ਹੈ ਕਿ
ਹੋਰ ਪਤਾ ਨਹੀਂ ਕਿਤਨੇ ਕੁ ਸ਼ੁਭਚਿੰਤਕਾਂ ਤੇ ਕਲਾ ਪ੍ਰੇਮੀਆਂ ਦਾ ਉਸਨੂੰ
ਥਾਪੜਾ ਹੈ। ਲਾਈਟ ਦਾ ਸਾਰਾ ਪ੍ਰਬੰਧ ਗੁਰਚਰਨ ਦੀ ਜੀਵਨ ਸਾਥਣ ਬੀਬਾ
ਪ੍ਰਭਜੀਤ ਨੇ ਕੀਤਾ।
ਜ਼ਾਹਰ ਹੈ ਕਿ ਆਉਣ ਵਾਲੇ ਵਰ੍ਹਿਆਂ, ਮਹੀਨਿਆਂ ਦੌਰਾਨ ਟਰਾਂਟੋ ਵਸਦੇ
ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਸੋਹਜ ਨੂੰ ਤਰਾਸ਼ੇਗਾ ਵੀ ਅਤੇ ਅਜਿਹੀ
ਭੁੱਖ ਉਨ੍ਹਾਂ ਦੀ ਪੂਰੀ ਵੀ ਕਰੇਗਾ।
ਟਰਾਂਟੋ ਵਿਚ ਸਾਲ ਕੁ ਪਹਿਲਾਂ ਰੋਜ ਥਿਏਟਰ ਵਿਚ ਨਾਟਕ ਮੇਲਾ ਕਰਵਾਇਆ ਗਿਆ
ਸੀ। ਇਸ ਨਾਟ ਮੇਲੇ ਨੂੰ ਭਾਈਚਾਰੇ ਦੇ ਲੋਕਾਂ ਵਲੋਂ ਭਰਪੂਰ ਹੁੰਘਾਰਾ
ਮਿਲਿਆ ਸੀ। ਚਾਰ ਨਾਟਕ ਖੇਡੇ ਗਏ ਸਨ। ਉਦੋਂ ਪੰਜਾਬੀ ਆਰਟਸ ਐਸੋਸੀਏਸ਼ਨ
ਵਾਲਿਆਂ ਨੇ ਪਾਲੀ ਭੁਪਿੰਦਰ ਦਾ ਨਾਟਕ ‘ਇਕ ਸੁਪਨੇ ਦਾ ਪੁਲੀਟੀਕਲ ਮਰਡਰ‘
ਵਿਸ਼ੇਸ਼ ਮਨੋਰਥ ਅਤੇ ਉਪਰਾਲੇ ਨਾਲ ਲਿਖਵਾਇਆ ਅਤੇ ਖਿਡਵਾਇਆ ਸੀ। ਨਾਟਕ ਉਹ
ਵੀ ਸੁਪਨੇ ਅਤੇ ਹਕੀਕਤ ਦੇ ਦਵੰਧ ਉਪਰ ਹੀ ਕੇਂਦਰਿਤ ਸੀ। ਪ੍ਰੰਤੂ ਉਸਦਾ
ਥੀਮ ਵਿਅਕਤੀ ਨਹੀਂ ਬਲਕਿ ਪੂਰੇ ਭਾਰਤ ਦੇਸ਼ ਦੇ ਅਜ਼ਾਦੀ ਦੇ ਸੁਪਨੇ ਅਤੇ
ਮੌਜੂਦਾ ਹਕੀਕਤ ਦਾ ਦਵੰਧ ਸੀ। ਬਲਜਿੰਦਰ ਲੇਲਣਾ ਨੇ ਖੁਦ ਉਸਨੂੰ ਨਿਰਦੇਸ਼ਤ
ਕੀਤਾ ਸੀ ਅਤੇ ਅਜੇ ਤੱਕ ਵੀ ਸਥਾਨਕ ਕਲਾ
ਪ੍ਰੇਮੀਆਂ
ਵਿਚ ਚਰਚਾ ਬਣਿਆ ਹੋਇਆ ਹੈ। ਇਸੇ ਲੜੀ ਵਿਚ ਨਾਹਰ ਸਿੰਘ ਔਜਲਾ ਨੇ ਪਿਛਲੇ
ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਅਧਿਆਪਕ ਪ੍ਰੋ. ਸਤੀਸ਼ ਵਰਮਾ ਨੂੰ
ਵਿਸ਼ੇਸ਼ ਸੱਦੇ ਤੇ ਬੁਲਾਕੇ ‘ਸਹਿਮ ਦੇ ਪਲ‘ ਅਤੇ ‘ ਅਸੀਂ ਹਾਂ ਸਾਰੇ ਭਗਤ
ਸਿੰਘ‘ ਨਾਂ ਦੇ ਡਰਾਮੇ ਤਿਆਰ ਕੀਤੇ ਅਤੇ ਖੇਡੇ। ਨਿਸਚੇ ਹੀ ਨਾਹਰ ਸਿੰਘ ਤੇ
ਉਨ੍ਹਾਂ ਦੀ ਪਤਨੀ ਅਵਤਾਰ ਔਜਲਾ ਦੀ ਸਮਾਜਿਕ ਕਾਜ ਲਈ ਪ੍ਰਤੀਬਧਤਾ ਅਤੇ ਯਤਨ
ਵੀ ਸ਼ਲਾਘਾਯੋਗ ਹਨ। ਗੁਰਚਰਨ ਦੇ ਕੰਮ ਨੂੰ ਥਿਏਟਰ ਦੀ ਇਸੇ ਲਹਿਰ ਦੀ
ਨਿਰੰਤਰਤਾ ਵਿਚ ਰਖਿਆ ਜਾ ਸਕਦਾ ਹੈ।
647-982-6091
-0-
|