ਸ਼ਾਮ ਦੇ ਛੇ ਕੁ ਵਜੇ ਅਸੀਂ
ਮੈਲਬਰਨ(ਅਸਟ੍ਰੇਲੀਆ) ਦੇ ਇਲਾਕੇ ਵੈਨਟਰਨਾ ‘ਚ ਬਣੇ ਹੰਗੇਰੀਅਨ ਹਾਲ ਵਿਚ ਪਹੁੰਚ ਗਏ । ਬੇਟੇ
ਨਾਲ ਟੈਕਸ਼ੇਸ਼ਨ ਡਿਪਾਰਟਮੈਂਟ ‘ਚ ਕੰਮ ਕਰਦੀ ਸ੍ਰੀ ਲੰਕਾ ਮੂਲ ਦੀ ਲੜਕੀ ਦੀ ਸ਼ਾਦੀ ਸੀ ।ਸਾਡੇ
ਤਾਂ ਮੈਰਜ਼ਪੈਲੇਸ ‘ਚ ਜਿਥੇ ਮਰਜ਼ੀ ਖੜ ਜਾਵੋ ਜਿਥੇ ਮਰਜ਼ੀ ਬੈਠ ਜਾਵੋ ; ਪਰ ਉਥੇ ਗੇਟ ਤੇ ਇਕ
ਆਦਮੀ ਕੋਲ ਮਹਿਮਾਨਾਂ ਦੀ ਲਿਸਟ ਸੀ ,ਜੋੇ ਦੱਸ ਰਿਹਾ ਸੀ ਕਿਸ ਨੇ ਕੇਹੜੇ ਨੰਬਰ ਵਾਲੇ ਟੇਬਲ
ਤੇ ਬੈਠਣਾ ਹੈ ।ਟੇਬਲਾਂ ਤੇ ਵਰਤਾਉਣ ਲਈ ਕੋਈ ਬਹਿਰਾ ਨਹੀਂ ,ਜਾਉ ਤੇ ਖਾਣ-ਪੀਣ ਦਾ ਸਮਾਨ
ਪੁਆਉ ਤੇ ਲਿਆ ਕੇ ਬੈਠ ਜਾਉ। ਇਕ ਪਾਸੇ ਵਾਈਨ , ਬੀਅਰ ਤੇ ਸਕਾਚ ਦਾ ਕਾਉਂਟਰ ਸੀ ।ਵਿਆਹ ‘ਚ
ਚਾਹੇ ਸ੍ਰੀ ਲੰਕਨਾਂ ਦੀ ਵੱਡੀ ਗਿਣਤੀ ਸੀ ਫਿਰ ਵੀ ਕੁੜੀ ਵਾਲੇ ਚਿਰਾਂ ਦੇ ਅਸਟ੍ਰੇਲੀਆ ਦੇ
ਵਸਨੀਕ ਹੋਣ ਕਰਕੇ ਉਨ੍ਹਾਂ ਦੇ ਜਾਣ ਪਛਾਣ ਵਾਲੇ ਗੋਰੇ ਗੋਰੀਆਂ ਵੀ ਬਹੁਤ ਸਨ ; ਇੰਡੀਅਨ ਛੇ
ਸੱਤ ਹੀ ਸਨ । ਆਪਣੇ ਵਿਆਹਾਂ ਵਿਚ ਤਾਂ ਮਹਿਮਾਨਾਂ ਨੂੰ ਵਿਆਹ ਤੋਂ ਪਹਿਲਾਂ ਜਾਂ ਬਾਅਦ ‘ਚ
ਬਰਫੀ ਆਦਿ ਦੇ ਡੱਬੇ ਦਿੱਤੇ ਜਾਂਦੇ ਹਨ । ਉਨ੍ਹਾ ਨੇ ਉਥੇ ਟੇਬਲਾਂ ਤੇ ਹੀ ਗਿਣ ਕੇ ਛੋਟੇ
ਡੱਬੇ ਟਿਕਾਏ ਹੋਏ ਸਨ ਜਿਨ੍ਹਾਂ ਵਿਚ ਕੇਕ ਸੀ ; ਤਾਂ ਜੋ ਜਾਣ ਲੱਗੇ ਹਰ ਕੋਈ ਆਪਣੇ ਨਾਲ ਇਕ
ਇਕ ਚੁੱਕ ਕੇ ਲੈ ਜਾਵੇ । ਕੋਈ ਕੁਝ ਪੀਂਦਾ ਸੀ ਕੋਈ ਕੁਝ ,ਪਰ ਗੋਰੇ ਰੈਡ ਵਾਈਨ ਨੂੰ ਪਹਿਲ
ਦੇ ਰਹੇ ਸਨ , ਚੁਸਕੀਆਂ ਲੈ ਲੈ ਪੀ ਰਹੇ ਸਨ । ਪਹਿਰਾਵੇ ਬੋਲੀ ਪੱਖੌਂ ਚਾਹੇ ਸ੍ਰੀ ਲੰਕਣ
ਸਾਡੇ ਨਾਲੋਂ ਬਹੁਤ ਭਿੰਨ ਸਨ। ਪਰ ਹਾਲ ਵਿਚਲਾ ਕੁੱਲ ਮਹੌਲ ਰਲਿਆ ਮਿਲਿਆ ਹੋਣ ਕਰਕੇ ਬਹੁਤ
ਹੀ ਰੰਗਮਈ ਦਿਲਚਸਪ ਸੀ।ਹਰ ਕੋਈ ਇਕ ਦਮ ਤਾਜ਼ਾ ਤੇ ਉਤਸ਼ਾਹਤ ਸੀ । ਸਾਡੇ ਪੰਜਾਬ ਵਿਚ ਤਾਂ
ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਇਰਾਦੇ ਨਾਲ ਸਟੇਜ ‘ਤੇ ਅਖਾਉਤੀ ਸਭਿਆਚਾਰ ਵਾਲੇ ਆ ਕੇ
ਖੌਰੂ ਪਾਉਂਦੇ ਹੁੰਦੇ । ਉਸ ਵੇਲੇ ਕਿਸੇ ਦੇ ਕੰਨ ਪਾਈ ਨਹੀਂ ਸੁਣਦੀ ਹੁੰਦੀ ਤੇ ਸਾਰਾ
ਗੰਦ-ਮੰਦਾ ਸਟੇਜ ‘ਤੇ ਉਗਲੱਛ ਕੇ ਜਾਂਦੇ ਹਨ। ਪਰ ਬਾਹਰ ਇਹ ਰਿਵਾਜ ਹੈ ਕਿ ਲੜਕੀ ਦੀ ਸ਼ਾਦੀ
ਵੇਲੇ ਲੜਕੀ ਦੇ ਸਕੇ ਸਹੋਦਰੇ ਆ ਕੇ ਆਪਣੇ ਸੂਖਮ ਵਿਚਾਰ ਰੱਖਦੇ ਹਨ ।ਉਥੇ ਹਾਲ ਵਿਚ ਛੋਟੀ
ਜੇਹੀ ਸਟੇਜ ਸੀ ਤੇ ਮਾਈਕ ਲੱਗਾ ਸੀ । ਲੜਕੀ ਦੇ ਰਿਸ਼ਤੇਦਾਰ ਆਉਂਦੇ ਤੇ ਲੜਕੀ ਦੇ ਸਬੰਧ ਵਿਚ
ਆਪੋ ਆਪਣੇ ਦੋ ਚਾਰ ਸ਼ਬਦ ਬੋਲ ਕੇ ਬੈਠਦੇ ਜਾਂਦੇ । ਮਾਈਕ ‘ਤੇ ਕੁਝ ਨਾ ਕੁਝ ਬੋਲਣ ਵਾਲਿਆਂ
ਵਿਚੋਂ ਅਖੀਰ ਵਿਚ ਵਿਹਾਂਦੜ ਲੜਕੀ ਦੇ ਪਿਤਾ ਦੀ ਵਾਰੀ ਆਈ ; ਉਹ ਬੋਲਿਆ ਤਾਂ ਅੰਗਰੇਜ਼ੀ ਵਿਚ
ਸੀ ਪਰ ਉਸ ਦੀ ਗੱਲ ਦਾ ਉਚਾਰਨ ਇਸ ਤਰ੍ਹਾਂ ਸੀ - ਇਹ ਮੇਰੀ ਲੜਕੀ ਜੀਹਦਾ ਨਾਂ ਪਰਾਸ਼ਾ ਹੈ
ਜਿਸ ਦਾ ਅੱਜ ਵਿਆਹ ਹੋ ਰਿਹਾ ਹੈ । ਇਹ ਜਦ ਨਿੱਕੀ ਹੁੰਦੀ ਰੋਂਦੀ ਹੁੰਦੀ ਸੀ ਤੇ ਚੁੱਪ ਨਹੀਂ
ਸੀ ਕਰਿਆ ਕਰਦੀ ਸੀ ਤਾਂ ਉਦੋਂ ਮੈਂ ਡਰਾਵੇ ਵਜੋਂ ਇਸ ਨੂੰ ਚੁੱਪ ਕਰਾਉਣ ਲਈ ਕਿਹਾ ਕਰਦਾ ਸੀ
“ਪਰਾਸ਼ਾ ਚੁੱਪ ਕਰਜਾ ਨਹੀਂ ਤਾਂ ਮੈਂ ਤੇਰਾ ਵਿਆਹ ਕਰਦੂੰ!” ਤਾਂ ਇਹ ,ਇਹ ਸੁਣ ਕੇ ਚੁੱਪ ਹੋ
ਜਾਂਦੀ ਸੀ -।ਫਿਰ ਜਦ ਉਸ ਦੇ ਭਾਵੁਕ ਹੋਏ ਦੀਆਂ ਅੱਖਾਂ ਚੋਂ ਜਦ ਨੀਰ ਵਹਿ ਤੁਰਿਆ ਸੀ ਤਾਂ
ਉਹ ਕਹਿ ਰਿਹਾ ਸੀ -ਕੈਸਾ ਸਬੱਬ ਹੈ ਅੱਜ ਮੇਰੀ ਪਰਾਸ਼ਾ ਜਿਸ ਦਾ ਵਿਆਹ ਹੋ ਰਿਹਾ ਉਹ ਤਾਂ
ਚੁੱਪ ਹੈ ਪਰ ਚੁੱਪ ਕਰਾਉਣ ਵਾਲੇ ਦਾ ਰੋਣ ਨਿਕਲ ਰਿਹਾ ਹੈ -।
ਮੋਠੂ ਮਲੰਗਾ - ਆਪਣੇ ਤੇ ਪਾਕਸਤਾਨੀਆਂ ਦੇ ਵਿਆਹਾਂ ਵਿੱਚ ਜਦ ਇਹ ਆਦੇਸ਼ ਹੋ ਜਾਂਦਾ -ਰੋਟੀ
ਖੁੱਲ ਗਈ ਹੈ , ਰੋਟੀ ਲੱਗ ਗਈ ਹੈ ਤਾਂ ਲੋਕ ਲਾਈਨਾਂ ਤੋੜਕੇ ਪਲੇਟਾਂ ਨੂੰ ਜਾ ਹੱਥ ਪਾਉਂਦੇ
ਅਤੇ ਪਰਵਾਹ ਕੀਤੇ ਬਗੈਰ ਇਕ ਦੂਜੇ ਦੇ ਉਤੋਂ ਦੀ ਹੋ ਕੇ ਕੜਛੀਆਂ ਖੋਹ ਖੌਹ ਮਟਰ ਪਨੀਰਾਂ
ਕੱਦੂ ਕੋਪਤਿਆਂ ਦੀ ਖੋਹ ਖਿੰਝ ਕਰਦੇ ਹਨ; ਪਰ ਉਥੌਂ ਦੇ ਵਿਆਹ ਦਾ ਰੋਟੀ ਵੇਲੇ ਦਾ ਸਿਸਟਮ
ਬਹੁਤ ਵੱਖਰਾ ਤੇ ਵਧੀਆ ਸੀ । ਉਥੇ ਟੇਬਲਾਂ ਅਨੁਸਾਰ ਬੁਲਾਇਆ ਜਾਂਦਾ ਸੀ ।ਇਕ ਵਾਰ ਤਿੰਨ
ਟੇਬਲਾਂ ਵਾਲਿਆਂ ਦਾ ਨੰਬਰ ਬੋਲਿਆ ਜਾਂਦਾ ਤੇ ਭੋਜਨ ਪੁਆਉਣ ਲਈ ਕਿਹਾ ਜਾਂਦਾ ।ਮਹਿਮਾਨ
ਬਿਨਾਂ ਕਿਸੇ ਸ਼ੋਰ ਦੇ ਲੋੜ ਅਨੁਸਾਰ ਖਾਣਾ ਵਗੈਰਾ ਲੈ ਕੇ ਆਪੋ ਆਪਣੀ ਥਾਏਂ ਬੈਠਦੇ ਜਾਂਦੇ ।
ਫਿਰ ਕੁੜੀ ਦੇ ਘਰ ਵਾਲੇ ਜਦ ਆਪਣੇ ਬੋਲ ਵਿਚਾਰ ਰਖ ਕੇ ਫਾਰਗ ਹੋ ਗਏ ਤਾਂ ਸਾਰਿਆਂ ਨੂੰ
ਖੁੱਲਾ ਸੱਦਾ ਦਿਤਾ ਗਿਆ - ਆਉ ਡਾਂਸ ਕਰੋ ਖੁਸ਼ੀਆਂ ਸਾਝੀਆਂ ਕਰੋ-। ਉਥੇ ਹਲਕੀ ਠੀਕ ਠੀਕ
ਅਵਾਜ਼ ਵਿਚ ਡੀ ਜੇ ਚੱਲ ਰਿਹਾ ਸੀ । ਪਹਿਲਾਂ ਸ਼ੁਰੂ ਚ‘ ਸ੍ਰੀ ਲੰਕਾਂ ਵਾਲਿਆਂ ਦਾ ਆਪਣਾ ਤੇ
ਵਿਚ ਵਿਚ ਇੰਗਲਿਸ਼ ਮਿਉਜ਼ਿਕ ਚੱਲ ਰਿਹਾ ਸੀ । ਮਹਿਮਾਨ ਚਾਹੇ ਬੀਅਰ ਵਾਈਨ ਪੀ ਰਹੇ ਸੀ ਪਰ ਉਹ
ਮੱਠਾ ਜੇਹਾ ਮਿਊਜ਼ਿਕ ਉਨ੍ਹਾਂ ਨੁੰ ਹੁਲਾਰੇ ਵਿਚ ਨਹੀਂ ਲਿਆ ਰਿਹਾ ਸੀ ।ਲੋਕਾਂ ਨੂੰ ਖਿੱਚ
ਨਹੀਂ ਰਿਹਾ ਸੀ । ਫਿਰ ਕੁਝ ਚਿਰ ਬਾਅਦ ਪਤਾ ਨਹੀਂ ਕੀ ਹੋਇਆ ਇਕ ਦਮ ਹਾਲ ਵਿਚ ਜਾਨ ਜੇਹੀ ਆ
ਗਈ । ਕਿਸੇ ਨੇ ਡੀ ਜੇ ਵਾਲੇ ਦੇ ਕੰਨ ‘;ਚ ਕਹਿ ਦਿਤਾ ਹੋਣਾ ਜੇ ਲੋਕਾਂ ਨੂੰ ਨਚਾਉਣਾ ,
ਪਾਰਟੀਸੀਪੇਟ ਕਰਾਉਣਾ ਹੈ ਤਾਂ ਸੂਈ ਐਥੇ ਰੱਖੌ । ਗੱਲ ਕੀ ਢੋਲ ਵੱਜ ਪਿਆ ਸੀ ਤੇ ਤੂੰਬੀ
ਟੁਣਕ ਪਈ ਸੀ ਜਾਣੋ ਹਾਲ ਵਿਚ ਅਸਮਾਨੋਂ ਅਪੱਸਰਾਵਾਂ ਹੀ ਉਤਰ ਆਈਆਂ ਹੋਣ ; ਮਿਸ ਪੂਜਾ ਦੀ
ਗੀਗੀ ਜੇਹੀ ਅਵਾਜ਼ ‘ਚ ਆਹ ਗੀਤ ਵੱਜਣ ਲੱਗ ਪਿਆ ਸੀ - ਸੀਟੀ ਮਾਰ ਕੇ ਬੁਲਾਉਣੁ ਹਟ ਜਾ , ਵੇ
ਮੈਨੂੰ ਰੋਜ਼ ਦਾ ਸਤਾਉਣੋ ਹਟ ਜਾ । ਤੂੰ ਵੀ ਵੰਗਾਂ ਛਣਕੌਣੌਂ ਹਟ ਜਾ , ਸਾਡੀ ਗਲੀ ਗੇੜੇ
ਲੌਣੌ ਹਟ ਜਾ ।ਬਈ ਮਿਊਜ਼ਿਕ ਕੀ ਗੂੰਜਿਆ ਸੱਚਮੁਚ ਵਿਆਹ ਦਾ ਮਹੌਲ ਜੇਹਾ ਲੱਗਣ ਲੱਗ ਪਿਆ, ਹਾਲ
ਦਾ ਮਹੌਲ ਹੋਰ ਈ ਹੋ ਗਿਆ ਸੀ ।
ਟੇਬਲਾਂ ਦੁਆਲੇ ਬੈਠੀਆਂ ਗੋਰੀਆਂ ਤੋਂ ਵੀ ਫਿਰ ਰਿਹਾ ਨਾ ਗਿਆ ਉਨ੍ਹਾਂ ਦੇ ਦਿਲਾਂ ਦੀ ਧੜਕਣ
ਵੀ ਤੇਜ਼ ਹੋ ਗਈ ਸੀ ,ਉਨਾਂ ਦੇ ਪੈਰ ਥਰਥਰਾਉਣ ਲੱਗ ਪਏ ਸੀ ।ਉਹ ਟੇਬਲਾਂ ਤੋਂ ਉਠ ਖਲੋਤੀਆਂ
ਤੇ ਡਾਂਸ ਸਟੇਜ ਵੱਲ ਹੋ ਤੁਰੀਆਂ ਸਨ; ਮਿਉਜ਼ਿਕ ਦੀ ਤਾਲ ਤੇ ਉਹ ਥਿਰਕਣ ਲੱਗੀਆ ਤੇ ਆਪਣੀ
ਸਕੱਰਟਾਂ (ਘੱਗਰੀਆਂ) ਖੱਬੇ ਸੱਜੇ ਘੁਕਾਉਣ ਲੱਗੀਆ । ਗੋਰਿਆਂ ਤੋਂ ਵੀ ਟਿਕਿਆ ਨਾ ਗਿਆ ਉਹ
ਵੀ ਆ ਸ਼ਾਮਲ ਹੋਏ ਤੇ ਹੱਥ ਬਾਹਾਂ ਮਾਰਨ ਲੱਗ ਪਏ ਸਨ।ਇਕ ਗੁਜਰਾਤਣ ਲੜਕੀ ਦੇ ਲਹਿੰਗਾ ਵਗੈਰਾ
ਪਹਿਨਿਆ ਸੀ ਤੇ ਮੋਢੇ ‘ਤੇ ਪੱਲੂ ਜੇਹਾ ਰੱਖਿਆ ਸੀ ਤਾਂ ਇਕ ਗੋਰੀ ਉਸ ਕੋਲ ਆਈ ਤੇ ਉਸ ਨੇ ਉਹ
ਪੱਲੂ ਲੈ ਲਿਆ ਤੇ ਆਪਣੇ ਗਲ ਦੁਆਲੇ ਵਲ ਕੇ ਨਿੱਕੇ ਨਿੱਕੇ ਸਟੈਪ ਉਠਾਉਂਦੀ ਹੋਈ ਝੂਮਣ ਲੱਗ
ਪਈ ਸੀ। ਗੱਲ ਕੀ ਪੰਜਾਬੀਆਂ ਦੇ ਢੋਲ ਤੇ ਤੂੰਬੀ ਨੇ ਗੋਰੇ ਗੋਰੀਆਂ ਦੇ ਮੁੱਖਾਂ ਤੇ ਰੌਣਕ
ਲਿਆ ਤੀ ਸੀ ।ਬੱਸ ਫਿਰ ਕੀ ਪੰਜਾਬੀ ਸੰਗੀਤ ਦੀ ਬੱਲੇ ਬੱਲੇ ਤੇ ਹੋਰ ਸਾਰੇ ਥੱਲੇ ਥੱਲੇ
;ਮੋਠੂ ਮਲੰਗਾ! ਦਸ ਪੰਦਰਾਂ ਮਿੰਟ ਪੰਜਾਬੀ ਬੀਟ ਹੀ ਵੱਜੀ ਗਈ ।
ਮੋਬਾਈਲ 99151 06449
-0-
|