ਗਜ਼ਲ
ਭਾਰਤ ਮਾਂ ਦੀ ਸੁੰਦਰ ਦੇਹੀ ਨੋਚ ਰਹੇ ਹਨ ਬਾਜ਼
ਸ਼ਾਸ਼ਕ ਬਾਜ਼ਾਂ ਨਾਲ ਰਲ਼ੇ ਹਨ ਰਤਾ ਨਾ ਆਵੇ ਲਾਜ਼
ਏਕੇ ਦੀ ਪਏ ਜੜ੍ਹ ਪੁੱਟਦੇ ਹਨ ਦੇ ਤ੍ਰਿਸ਼ੂਲ ਦੀ ਦੱਖਣਾ
ਕਣ ਕਣ ਏਥੇ ਭਗਵਾਂ ਕਰਨਾ ਆਖਣ ਇਕ ਅਵਾਜ਼
ਇਸ ਗੁਲਸ਼ਨ ਤੇ ਸਾਡਾ ਹੱਕ ਹੈ ਬਾਕੀ ਕੁੱਲ ਪਰਿੰਦੇ
ਇਸ ਨੂੰ ਛੱਡ ਕੇ ਹੋਰ ਦਿਸ਼ਾ ਵੱਲ ਕਰ ਜਾਵਣ ਪਰਵਾਜ਼
ਘੱਟ ਗਿਣਤੀ ਦੇ ਲੋਕਾਂ ਜੇਕਰ ਇਸ ਧਰਤੀ ਤੇ ਰਹਿਣਾ
ਛੱਡਣ ਬੋਲੀ,ਤੌਰ-ਤਰੀਕੇ ਆਪਣੇ ਰਸਮ ਰਿਵਾਜ
ਗਿਆਨ ਗੋਦੜੀ ਗੁਰੂਦੁਆਰਾ, ਬਾਬਰੀ ਮਸਜ਼ਿਦ ਢਾਏ
ਨਾ ਹੋਵਣ ਅਰਦਾਸੇ ਉਹਥੇ ਨਾ ਕੋਈ ਪੜ੍ਹੇ ਨਮਾਜ਼
ਦੇਸ਼ ਤੋਂ ਜਿੰਦ ਲੁਟਾ ਗਏ ਜਿਹੜੇ ਹੋ ਗਈ ਬਾਤ ਪੁਰਾਣੀ
ਅੱਜ ਲਹੂ ਨਾਲ ਰੰਗੇ ਹੱਥਾਂ ਵਿੱਚ ਦਿੱਲੀ ਦਾ ਰਾਜ
ਰਾਹ ਤੋਂ ਭਟਕੇ ਕੁੱਝ ਦਲ ਆਖਣ ਵੱਖਰੇ ਹੋ ਕੇ ਰਹਿਣਾ
ਪੁਰਖਿਆਂ ਨੇ ਜੋ ਤੇਗਾਂ ਵਾਹੀਆਂ ਬੜਾ ਉਹਨਾਂ ਨੂੰ ਨਾਜ਼
ਟੋਟੇ ਕਰ ਕੇ ਓਹੋ ਝਗੜੇ ਨਫ਼ਰਤ,ਯੁੱਧ, ਬਰਬਾਦੀ
ਇੱਕ ਦੂਜੇ ਸੰਗ ਘਿਉ-ਸ਼ੱਕਰ ਦਾ ਸਮਝ ਸਕੇ ਨਾ ਰਾਜ਼
ਰਾਹਬਰ ਜਿਹੜੇ ਰਾਹ ਤੇ ਤੁਰ ਪਏ ਕਦੇ ਨਾ ਆਉਣਾ ਬਾਜ਼
ਜਦ ਤਕ ਲੋਕੀਂ ਇਹਨਾਂ ਦੇ ਸਿਰ ਤੋਂ ਲਾਹ ਨਹੀਂ ਲੈਂਦੇ ਤਾਜ਼
19-04-2014
ਦੋ ਗੱਦ-ਕਵਿਤਾਵਾਂ ( 1 )
........... ਰਾਜ਼ ................
ਅਸੀਂ ਤਾਂ ਤੇਜ਼ ,ਗਰਮ ਸਾਹਾਂ ਸੰਗ
ਵਜਾਉਦੇਂ ਹਾਂ
ਸ਼ਬਦਾਂ ਦੀ ਬਾਂਸੁਰੀ
ਸ਼ਬਦ ਉਤਪਨ ਹੋਂਣ ਤੋਂ ਪਹਿਲਾਂ
ਮਧੁਰ, ਤਪਦੀ
ਤਾਨ ਨਿਕਲਦੀ ਹੈ
ਪ੍ਰਚੰਡ ਹੋਂਣ ਤੋਂ ਪਹਿਲਾਂ
ਸੇਕ ਵਿੱਚੋਂ ਬਲ਼ਦੀ ਲੋਅ ਫੁੱਟਦੀ ਹੈ
ਸ਼ਬਦੀ ਤਪਸ਼ ਤੋਂ ਪਹਿਲਾਂ
ਅੱਖੀਆਂ ਵਿੱਚ ਖੂਨ ਟਪਕਦਾ ਹੈ
ਖਿਆਲ ਫੁੱਟਣ ਤੋਂ ਪਹਿਲਾਂ
ਖਿਆਲਾਂ ਦੀ ਜ਼ਰਖੇਜ਼ ਜ਼ਮੀਨ
ਹਰਕਤ ਵਿੱਚ ਆਉਂਦੀ ਹੈ
ਸੁਪਨੇ ਆਉਣ ਤੋਂ ਪਹਿਲਾਂ
ਸੁਪਨਿਆਂ ਦੀ ਧਰਾਤਲ
ਉਪਜਾਊ ਠਹਿਰਦੀ ਹੈ
ਸੁਪਨੇ,
ਸੁਪਨੇ ਉਹ ਨਹੀਂ ਸੱਚੇ ਹੁੰਦੇ
ਜੋ ਰਾਤ ਨੂੰ ਸੁੱਤਿਆਂ
ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਆਉਂਦੇ ਹਨ
ਉਹ ਛਾਇਆ ਹੁੰਦੀ ਹੈ
ਸੁਪਨੇ,
ਸੁਪਨੇ ਉਹ ਸੱਚੇ ਹੁੰਦੇ ਹਨ
ਜੋ ਪੂਰੀ ਹੋਸ਼ ਵਿੱਚ ਦਿਨ-ਦੀਵੀਂ ਜਾਗਦਿਆਂ, ਕੰਮ ਕਰਦਿਆਂ,
ਹਕੀਕਤ ਨਾਲ ਟਕਰਾਉਂਦਿਆਂ ਆਉਂਦੇ ਹਨ
ਅਤੇ ਰਾਤਾਂ ਦੀ ਨੀਂਦਰ ਉਡਾਉਂਦੇ ਹਨ
ਦਰਦ ਤੋਂ ਪਹਿਲਾਂ
ਸੀਨੇ ਵਿੱਚ ਛੇਕ ਹੁੰਦੇ ਹਨ
ਆਕਰੋਸ਼ ਤੋਂ ਪਹਿਲਾਂ
ਦਿਲਾਂ ਦੇ ਦਾਗਾਂ ਦੀ
ਚਾਂਦੀ ਚਮਕਦੀ ਹੈ
ਤੇ ਸੀਨਿਆਂ ਵਿੱਚ
ਅਗਨ ਦੇ ਫੁੱਲ ਮਹਿਕਦੇ ਹਨ
ਮੰਜ਼ਲ ਤੇ ਤੁਰਨ ਤੋਂ ਪਹਿਲਾਂ
ਜਿਸਮ ਤੇ ਪੈਰ ਉਗਦੇ ਹਨ
ਪੈਰਾਂ ਵਿੱਚ ਜਾਨ ਹੁੰਦੀ ਹੈ
ਤੇ ਜਾਨ ਵਿੱਚ ਸਫਲਤਾ ਦਾ ਰਾਜ਼ ਹੁੰਦਾ ਹੈ ।
ਅਸੀਂ ਤਾਂ ਤੇਜ਼, ਗਰਮ ਸਾਹਾਂ ਸੰਗ....................
18-07-2014
( 2 )
.............. ਸ਼ੁੱਧੀਕਰਣ..............
ਸੰਗੀ ਸਾਥੀ
ਢੋਲ ਵਜਾ ਕੇ
ਹਿੱਕ ਤਾਣ ਕੇ
ਉੱਚੀ ਉੱਚੀ ਨਾਅਰੇ ਲਾ ਕੇ
ਆਖਣ ਅੱਜ ਦੇ ਸ਼ਾਸ਼ਕ ਨੂੰ
ਪੂਰਨ ਚਿੱਟੇ ਦਿਨ ਵਾਂਙੂੰ ਇਨਸਾਫ਼ ਕਰੋ
ਅੱਤ ਭਿਆਨਕ ਕਾਲ਼ੀ ਰੁੱਤ ਵਿੱਚ
ਚਾਤਰ, ਗੁੰਡੇ,ਕ੍ਰਿਤਘਣ,ਘਪਲੇਬਾਜ਼ਾਂ ਨੂੰ
ਮਛਲੀਆਂ ਖਾਣੇ ਨਾਗਾਂ ਨੂੰ ਨਾ ਮਾਫ਼ ਕਰੋ
ਇਹ ਵੀ ਸੱਚ ਹੈ
ਬਿਲਕੁਲ ਸੱਚ ਹੈ
ਪੂਰਨ ਸੱਚ ਹੈ
ਐਪਰ ਜੇ ਚਾਹੁੰਦੇ ਹੋ
ਹਵਾ ਦਾ ਰੁਖ ਬਦਲੇ
ਗੁੱਡੀ ਵਿੱਚ ਅਸਮਾਨ ਚੜ੍ਹੇ
ਲਟ ਲਟ ਸੂਰਜ ਫੇਰ ਬਲ਼ੇ
ਆਪਣੇ ਮਨ ਨੂੰ
ਆਪਣੇ ਦਿਲ ਨੂੰ
ਆਪਣੇ ਦਰ ਨੂੰ
ਆਪਣੇ ਘਰ ਨੂੰ
ਨਾਲ ਨੀਝ ਦੇ ਬਹੁਕਰ ਫੇਰੋ
ਪੋਚਾ ਲਾਓ
ਅੰਦਰੋਂ ਬਾਹਰੋਂ ਸਾਫ਼ ਕਰੋ
ਅੰਦਰੋਂ ਬਾਹਰੋਂ ਸਾਫ਼ ਕਰੋ ।
27-07-2014
-0-
|