ਡਾ.ਅਮਰ ਸਿੰਘ ਧਾਲੀਵਾਲ
ਇਕ ਸਖ਼ਤ ਜਾਨ,ਮਿਹਨਤੀ,ਸਿਰੜੀ,ਲਗਨ ਅਤੇ ਦਿ੍ੜ੍ਹ ਇਰਾਦੇ ਨਾਲ ਨਿਰੰਤਰ ਰੁਝਿਆ ਰਹਿਣ ਵਾਲਾ
ਇਨਸਾਨ ਸੀ।ਸਾਦਗੀ ਉਸ ਦੇ ਜੀਵਨ ਦਾ ਮੁੱਖ ਪਹਿਲੂ ਸੀ।ਮੇਰੀ ਉਸ ਨਾਲ ਪਹਿਲੀ ਮੁਲਾਕਾਤ ਉਦੋਂ
ਹੋਈ ਜਦੋਂ ਮੇਰੀ ਬਤੌਰ ਖੋਜ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮਿ੍ਤਸਰ ਵਿਚ ਚੋਣ
ਹੋਈ।ਮੇਰਾ ਇੱਥੇ ਕੋਈ ਵਾਕਫ ਨਹੀਂ ਸੀ,ਮੇਰੀ ਭੂਆ ਦਾ ਪੱੁਤਰ ਸ.ਸਰਵਨ ਸਿੰਘ ਖੋਸਾ ਉਹਨੀ
ਦਿਨੀ ਬਾਘੇ ਪੁਰਾਣੇ ਰਹਿੰਦਾ ਸੀ ਤੇ ਉਹ ਕਿਸੇ ਸਮੇਂ ਧਾਲੀਵਾਲ ਹੁਰਾਂ ਨਾਲ ਸਕੂਲ ਵਿੱਚ
ਪੱਤੋ ਹੀਰਾ ਸਿੰਘ ਪੜ੍ਹਾਉਂਦਾ ਰਿਹਾ ਸੀ ਤੇ ਧਾਲੀਵਾਲ ਜੀ ਦੀ ਮਿਹਨਤ ਦੇ ਕਿੱਸੇ ਸੁਣਾਉਂਦਾ
ਹੁੰਦਾ ਸੀ।ਡਾ.ਧਾਲੀਵਾਲ ਉਦੋਂ ਤਕ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿੱਚ ਲੈਕਚਰਾਰ
ਨਿਯੁਕਤ ਹੋ ਚੁੱਕਾ ਸੀ।ਖੋਸਾ ਮੈਨੰੂ ਉਹਨਾਂ ਨੂੰ ਮਿਲਾਨ ਲਈ ਮੇਰੇ ਨਾਲ ਅੰਿਮਰਤਸਰ ਆਇਆ ਤੇ
ਅਸੀਂ ਉਨ੍ਹਾਂ ਨੂੰ ਵਿਭਾਗ ਵਿੱਚ ਮਿਲੇ ਜਿੱਥੋਂ ਉਹ ਸਾਨੰੂ ਆਪਣੇ ਘਰ ਰਾਣੀ ਕੇ ਬਾਗ ਲੈ
ਗਏ।ਘਰ ਵਿਚ ਸਾਦਗੀ ਕਮਾਲ ਦੀ ਸੀ। ਬੈਠਕ ਵਿਚ ਦੋ ਕੁਰਸੀਆਂ ,ਇੱਕ ਵਾਣ ਦਾ ਮੰਜਾ ਜਿਸ ਉੱਤੇ
ਚਾਦਰ ਵਿਛਾਈ ਹੋਈ ਸੀ ਤੇ ਇੱਕ ਪਾਸੇ ਇੱਕ ਛੋਟਾ ਡਾਈਨਿੰਗ ਟੇਬਲ ਲੱਗਾ ਹੋਇਆ ਸੀ ਜਿਹੜਾ
ਡਾਈਨਿੰਗ ਘੱਟ ਤੇ ਸਟੱਡੀ ਵਧੇਰੇ ਜਾਪਦਾ ਸੀ ਕਿਉਂਕੇ ਉੱਤੇ ਕਿਤਾਬਾਂ ਦਾ ਚੰਗਾ ਖਿਲਾਰਾ ਪਿਆ
ਹੋਇਆ ਸੀ। ਪਹਿਲੀ ਮੁਲਾਕਤ ਤੇ ਗੱਲਬਾਤ ਵਿੱਚ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਮੇਰੇ ਉੱਤੇ
ਗਾੜ੍ਹਾ ਅਸਰ ਹੋਇਆ।ਉਸ ਤੋਂ ਪਿੱਛੋਂ ਜਦੋਂ ਵੀ ਮਿਲੇ ਇਸ ਦਾ ਰੰਗ ਗੂੜ੍ਹਾ ਹੁੰਦਾ ਗਿਆ।ਉਹ
ਵੇਖਣ ਵਿੱਚ ਸਾਧਾਰਨ ਜਾਪਦੇ ਪਰ ਗੱਲਬਾਤ ਵਿਦਵਤਾ ਭਰਪੂਰ ਹੁੰਦੀ।ਮੈਂ ਉਨ੍ਹਾਂ ਨੂੰ ਜਦੋਂ ਵੀ
ਘਰ ਵਿੱਚ ਮਿਲਿਆ ਉਹ ਹਮੇਸ਼ਾ ਉਸੇ ਟੇਬਲ ਉੱਤੇ ਲਿਖਣ- ਪੜ੍ਹਨ ਵਿੱਚ ਰੁਝੇ ਹੁੰਦੇ,ਉੱਥੇ
ਬੈਠੇ ਬੈਠੈ ਆਏ ਗਏ ਨੂੰ ਭੁਗਤਾ ਲੈਂਦੇ,ਅਗਲੇ ਦੀਆਂ ਸਮੱਸਿਆਵਾਂ ਦੇ ਹੱਲ ਢੰੂਡਦੇ,ਚਾਹ ਪਾਣੀ
ਪੀਂਦੇ ਪਿਲਾਉਂਦੇ ਤੇ ਅਗਲੇ ਨੂੰ ਤੋਰ ਕੇ ਫਿਰ ਆਪਣੇ ਕੰਮ ਵਿੱਚ ਰੁੱਝ ਜਾਂਦੇ।ਘਰ ਵਾਲਿਆਂ
ਦੀਆਂ ਲੋੜਾਂ ਜਾਂ ਪੁੱਛਾਂ ਦਾ ਵੀ ਉੱਥੇ ਬੈਠੇ ਬੈਠੇ ਨਿੱਪਟਾਰਾ ਕਰਦੇ ਰਹਿੰਦੇ। ਇਸੇ
ਤਰ੍ਹਾਂ ਆਪਣੇ ਵਿਭਾਗ ਜਾਂ ਦਫਤਰ ਵਿੱਚ ਵੀ ਉਹ ਹਰ ਵਕਤ ਮਸਰੂਫ਼ ਰਹਿੰਦੇ। ਮੈਂ ਉਹਨਾਂ ਨੁੰ
ਕਿਸੇ ਸਮੇਂ ਵਿਹਲੇ ਬੈਠੇ,ਗੱਪਾਂ ਮਾਰਦੇ,ਕੰਟੀਨ ਵਿੱਚ ਸਾਥੀਆਂ ਨਾਲ ਬੈਠੇ ਸਮਾ ਬਰਬਾਦ ਕਰਦੇ
ਨਹੀਂ ਵੇਖਿਆ।ਉਹ ਆਪ ਹੀ ਸਮੇਂ ਦੀ ਕਦਰ ਨਹੀਂ ਸਨ ਕਰਦੇ ਸਗੋਂ ਜੋ ਵੀ ਉਹਨਾਂ ਦੇ ਸੰਪਰਕ
ਵਿੱਚ ਆਉਂਦਾ ਉਸ ਨੂੰ ਵੀ ਸਮੇਂ ਦੀ ਠੀਕ ਵਰਤੋਂ ਕਰਨ ਦੀ ਆਦਤ ਪਾ ਦੇਂਦੇਂ।ਯੂਨੀਵਰਸਿਟੀ
ਵਿੱਚ ਇਕੱਠੇ ਕੰਮ ਕਰਦਿਆਂ ਅਨੇਕਾਂ ਅਜੇਹੇ ਮੌਕੇ ਆਏ ਜਦੋਂ ਉਹਨਾਂ ਮੇਰੀ ਅਗਵਾਈ
ਕੀਤੀ।ਭਾਵੇਂ ਵਿਭਾਗ ਵੱਖਰੇ ਸਨ,ਪਰ ਇੱਥੇ ਰਹਿੰਦਿਆਂ ਬਹੁਤ ਕੁਝ ਸਿਖਣ ਵਾਲਾ ਹੁੰਦਾ ਹੈ।
ਅਸਲ ਵਿੱਚ ਉਹ ਮੇਰੀ ਜਿੰਦਗੀ ਦੇ ਚਾਨਣ ਮੁਨਾਰਾ ਸਨ। ਇੱਕ ਸਾਧਾਰਨ ਤੇ ਪੰਜਾਬ ਦੇ ਅਸਲੋਂ
ਪੱਛੜੇ ਇਲਾਕੇ ਵਿੱਚੋਂ ਉਠ ਕੇ ਆਏ ਯੁਵਕ ਜਿਸ ਦੇ ਖ਼ਾਨਦਾਨ ਵਿੱਚ ਕਾਲਾ ਅੱਖਰ ਭੈਂਸ ਬਰਾਬਰ
ਸੀ,ਦੇ ਯੂਨੀਵਰਸਿਟੀ ਵਿਚ ਪੈਰ ਲਗਨੇ ਆਸਾਨ ਨਹੀਂ ਸੀ।ਇਸ ਯੁਵਕ ਦੇ ਪੈਰ ਹੀ ਨਹੀਂ ਲਗੇ ਸਗੋਂ
ਬੇਮਿਸਾਲ ਕਾਮਯਾਬੀਆਂ ਮੁਮਕਨ ਹੋਈਆਂ।ਖੋਜ ਵਿਦਿਆਰਥੀ ਤੋਂ ਲੈਕੇ
ਲੈਕਚਰਾਰ,ਰੀਡਰ,ਪ੍ੋਫੈਸਰ,ਵਿਭਾਗ ਦਾ ਮੁੱਖੀ,ਫਕੈਲਟੀ ਦਾ ਡੀਨ, ਡੀਨ ਵਿਦਿਆਰਥੀ ਭਲਾਈ, ਡੀਨ
ਅਕਾਦਮਿਕ ਮਾਮਲੇ ਤਕ ਪਹੰੁਚਣਾ ਸੰਭਵ ਹੋਇਆ।ਕਈ ਵਾਰ ਸਿੰਡੀਕੇਟ,ਸੈਨੇਟ ਤੇ ਅਕਾਦਮਿਕ ਕੋਂਸਲ
ਦੀ ਮੈਂਬਰਸ਼ਿਪ ਨਸੀਬ ਹੋਈ। ਯੂਨੀਵਰਸਿਟੀ ਇਤਿਹਾਸ ਵਿੱਚ ਅੱਠ ਵਾਰ ਟੀਚਰਜ਼ ਐਸੋਸੀਏਸ਼ਨ ਦਾ
ਪਰਧਾਨ ਚੁਣਿਆ ਜਾਣਾ ਅਸਾਨ ਹੋਇਆ।ਇਹ ਸਭ ਡਾ.ਧਾਲੀਵਾਲ ਦੀ ਜਾਗ ਕਾਰਨ ਸੰਭਵ ਹੋ ਸਕਿਆ। ਉਸ
ਦਾ ਇੱਕੋ ਮਾਟੋ ਸੀ ਪੂਰੇ ਵਿਸ਼ਵਾਸ ਨਾਲ ਕੰਮ ਕਰੀ ਜਾਵੋ,ਜਿੱਤ ਯਕੀਨਣ ਹੋਵੇਗੀ,ਕਿਸੇ
ਨਾਕਾਮਯਾਬੀ ਦੇ ਪਿੱਛੇ ਵੱਡੀ ਸਫ਼ਲਤਾ ਤੁਹਾਡਾ ਰਾਹ ਉਡੀਕ ਰਹੀ ਹੋਵੇਗੀ।ਉਸ ਨੇ ਆਪਣੇ ਸੰਪਰਕ
ਵਿੱਚ ਆਉਂਣ ਵਾਲਿਆਂ ਵਿੱਚ ਕੰਮ ਕਰਨ ਦੀ ਆਦਤ ਪਾਈ। ਡਾ਼ ਧਾਲੀਵਾਲ ਦੀ ਆਪਣੀ ਸਫਲਤਾ ਦਾ
ਰਾਜ਼ ਵੀ ਇਹੋ ਸੀ।ਯੂਨੀਵਰਸਿਟੀ ਵਿੱਚ ਵਿਭਾਗ ਦੀਆਂ ਤਰੱਕੀਆਂ ਤੋਂ ਇਲਾਵਾ ਪਰਬੰਧਕੀ
ਜਿੰਮੇਵਾਰੀਆਂ ਸੌਂਪਣਾ ਉਸ ਉੱਤੇ ਬਹੁਤ ਵੱਡੇ ਵਿਸ਼ਵਾਸ ਵਾਲੀ ਗੱਲ ਸੀ।ਇਹਨਾਂ ਪਰਬੰਧਕੀ
ਪੋਸਟਾਂ ਲਈ ਲੋਕ ਵੱਡੇ ਵੱਡੇ ਜਗਾੜਾਂ ਦਾ ਇੰਤਜ਼ਾਮ ਕਰਦੇ ਹਨ ਪਰ ਧਾਲੀਵਾਲ ਨੂੰ ਕੰਟਰੋਲਰ
ਪਰੀਖਿਆਵਾਂ ਜਾਂ ਰਜਿਸਟਰਾਰ ਦੀ ਸੇਵਾ ਥਾਲੀ ਵਿੱਚ ਰੱਖ ਕੇ ਦਿੱਤੀ ਗਈ। ਦੋਹਾਂ ਅਸਾਮੀਆਂ
ੳੱੁਤੇ ਕੰਮ ਕਰਦਿਆਂ ਧਾਲੀਵਾਲ ਨੇ ਸਿਸਟਮ ਵਿੱਚ ਕਈ ਤਰਾਂ ਦੇ ਸੁਧਾਰ ਲਿਆਂਦੇ ਕਿਉਂਕੇ ਉਹ
ਲਕੀਰ ਦੇ ਫ਼ਕੀਰ ਨਹੀਂ ਸਨ। ਉਹ ਠੀਕ ਅਰਥਾਂ ਵਿੱਚ ਖੋਜੀ ਸਨ ਅਤੇ ਹਰ ਗੱਲ ਦੀ ਤਹਿ ਵਿੱਚ
ਜਾਂਦੇ ਸਨ । ਇਹ ਕਾਰਨ ਸੀ ਕਿ ਸਮੁੰਦਰੀ ਸਾਹਿਬ ਤੋਂ ਲੈ ਕੇ ਡਾ. ਗਿੱਲ, ਡਾ.ਗਰੇਵਾਲ ਆਦਿ
ਸਾਰੇ ਵੀ. ਸੀ. ਡਾ. ਧਾਲੀਵਾਲ ਦਾ ਦਿੱਲੋਂ ਸਤਿਕਾਰ ਕਰਦੇ ਸਨ।ਹਰ ਮੁਸ਼ਕਿਲ ਦੀ ਘੜੀ ਵਿੱਚ
ਧਾਲੀਵਾਲ ਦੀਆਂ ਸੇਵਾਵਾਂ ਪਰਾਪਤ ਕੀਤੀਆਂ ਜਾਂਦੀਆਂ ਸਨ। ਅੱਗੋਂ ਧਾਲੀਵਾਲ ਨੇ ਸਾਡੇ ਵਰਗੇ
ਕੁਝ ਸਾਥੀਆਂ ਨੂੰ ਅਜਿਹੀ ਟਰੇਨਿੰਗ ਦਿੱਤੀ ਹੋਈ ਸੀ ਕਿ ਅਸੀਂ ਉਹਨਾ ਪੂਰਾ ਸਾਥ ਦਿੱਤਾ। ਇਸ
ਦਾ ਲਾਭ ਇਹ ਹੋਇਆ ਕਿ ਯੂਨੀਵਰਸਿਟੀ ਸਿਸਟਮ ਨੰੂ ਸਮਝਣ ਅਤੇ ਇਸ ਦੇ ਵਿਭਿੰਨ ਖੇਤਰਾਂ ਵਿੱਚ
ਕੰਮ ਕਰਨ ਦੀ ਟਰੇਨਿੰਗ ਹਾਸਲ ਹੋਈ ਜੋ ਪਿੱਛੋਂ ਪਰਬੰਧਕੀ ਜਿੰਮੇਵਾਰੀਆਂ ਨਿਭਾਉੁਣ ਸਮੇਂ ਕੰਮ
ਆਈਆਂ। ਡਾ.ਧਾਲੀਵਾਲ ਦੀ ਖੋਜ ਦਾ ਖੇਤਰ ਮਨੋਵਿਗਿਆਨ ਤੋਂ ਇਲਾਵਾ ਸਿਖਿਆ ਅਤੇ ਪਰੀਖਿਆ ਖਾਸ
ਕਰਕੇ ਮੁਲੰਕਣ ਦੇ ਸਿਸਟਮ ਦਾ ਸੁਧਾਰ ਸੀ ।ਕੰਟਰੋਲਰ ਪਰੀਖਿਆਵਾਂ ਕਰਦੇ ਸਮੇਂ ਇਸ ਖੇਤਰ ਵਿੱਚ
ਕਈ ਪਰਯੋਗ ਕੀਤੇ ਤੇ ਖੋਜ ਪੱਤਰ ਵੀ ਲਿਖੇ।ਉਹ ਮੂਲ ਰੂਪ ਵਿੱਚ ਖੋਜੀ ਸੁਭਾਅ ਸਕਾਲਰ ਸਨ। ਉਹ
ਮਾਨਵਵਾਦੀ ਬਿਰਤੀ ਦੇ ਇਨਸਾਨ ਸਨ।ਉਹਨਾਂ ਨਾਲ ਯੂਨੀਵਰਸਿਟੀ ਦਾ ਛੋਟੇ ਤੋਂ ਛੋਟਾ ਕਰਮਚਾਰੀ
ਪਹੁੰਚ ਕਰ ਸਕਦਾ ਸੀ ਤੇ ਆਪਣੀ ਸਮੱਸਿਆ ਲਈ ਅਗਵਾਈ ਹਾਸਲ ਕਰ ਸਕਦਾ ਸੀ।ਉਹ ਦੂਸਰੇ ਦੇ ਦਰਦ
ਨੂੰ ਆਪਣੇ ਦਰਦ ਵਾਂਗ ਲੈਂਦੇ ਤੇ ਯਤਾਸ਼ਕਤ ਮੱਦਦ ਕਰਦੇ ਸਨ।ਟੁੱਟੇ ਹੋਏ ਬੰਦੇ ਵਿੱਚ
ਧੀਰਜ,ਹੌਸਲਾ ਤੇ ਆਤਮ ਵਿਸ਼ਵਾਸ ਬਹਾਲ ਕਰਨ ਦੀ ਬਹੁਤ ਲੋੜ ਹੁੰਦੀ ਹੈ ਜਿਸ ਵਿੱਚ ਉਹ ਬਹੁਤ
ਮਾਹਰ ਸਨ। ਯੂਨੀਵਰਸਿਟੀ ਦੇ ਵਿਦਵਾਨਾਂ ਵਿੱਚ ਫੋਕੀ ਹਉਮੈਂ ਦੀ ਇਲਾਮਤ ਬੜੀ ਭਾਰੂ ਹੁੰਦੀ
ਹੈ,ਟਾਂਵਾਂ ਟਾਂਵਾਂ ਹੀ ਇਸ ਤੋਂ ਬਚਿਆ ਰਹਿ ਸਕਦਾ ਹੈ । ਵਿਭਾਗਾਂ ਵਿੱਚ ਗੁੱਟਬੰਦੀ ਇੱਕ
ਹੋਰ ਬੀਮਾਰੀ ਹੈ।ਪੁਰਾਣੇ ਹੈੱਡ ਆਪ ਨੂੰ ਖ਼ੁਦਾ ਸਮਝਦੇ ਸੀ।ਮਤਿਹਤਾਂ ਨੂੰ ਦਬਾ ਕੇ ਰੱਖਣਾ
ਤੇ ਉਹਨਾਂ ਦੀਆਂ ਝੂਠੀਆਂ ਸੱਚੀਆਂ ਸ਼ਕਾਇਤਾਂ ਉੱਤੇ ਪਹੁੰਚਾਂਦੇ ਰਹਿਣਾ ਉਹਨਾਂ ਦੀ ਕੂਟ
ਨੀਤੀ ਦਾ ਹਿੱਸਾ ਸੀ।ਆਪਣੇ ਜੂਨੀਅਰਜ਼ ਜਾਂ ਰੀਸਰਚ ਸਕਾਲਰਾਂ ਤੋਂ ਕੰਮ ਕਰਵਾ ਕੇ ਆਪਣੇ ਨਾਂ
ਉੱਤੇ ਛਪਵਾਣਾ ਆਪਣਾ ਜਨਮ ਸਿੱਧ ਅਧਿਕਾਰ ਮੰਨਦੇ ਸਨ।ਵਿਵਸਥਾ ਅਜਿਹੀ ਸੀ ਕਿ ਕੋਈ ਜੂਨੀਅਰ
ਹੈੱਡ ਦੀ ਆਗਿਆ ਬਿਨਾ ਵੀ. ਸੀ. ਨੂੰ ਨਹੀਂ ਮਿਲ ਸਕਦਾ ਸੀ। ਸੋ ਅਜਿਹੀ ਸਥਿੱਤੀ ਉਹ
ਯੂਨੀਵਰਸਿਟੀ ਛੱਡਣ ਲਈ ਮਜ਼ਬੂਰ ਹੋ ਜਾਂਦਾ ਸੀ ਜਾਂ ਹਰਰੋਜ਼ ਹੈਲਥ ਸੈਂਟਰ ਤੁਰਿਆ ਰਹਿੰਦਾ
ਸੀ। ਉਸ ਸਮੇਂ ਮਾਨਸਿਕ ਦਬਾਓ ਹੇਠ ਵਿਚਰਦੇ ਕਈ ਮੈਂ ਆਪਣੀਂ ਅੱਖੀਂ ਵੇਖੇ ਹਨ।ਖ਼ੈਰ ਹੁਣ
ਸਥਿਤੀ ਬਦਲ ਗਈ ਹੈ। ਉਪਰੋਕਤ ਪਰਿਸਥਿਤੀਆਂ ਦੇ ਸ਼ਿਕਾਰ ਅਧਿਆਪਕਾਂ ਨੂੰ ਜੇਕਰ ਉਸ ਸਮੇਂ ਠੀਕ
ਅਗਵਾਈ ਮਿਲ ਜਾਵੇ ਤਾਂ ਉਹ ਬਚ ਸਕਦਾ ਹੈ ਨਹੀਂ ਤਾਂ ਰੱਬ ਰਾਖਾ! ਇੱਕ ਸਮੇਂ ਅਜਿਹੇ ਕਾਲੇ
ਬੱਦਲ ਮੇਰੇ ੳੱੁਤੇ ਵੀ ਛਾ ਗਏ ਸਨ। ਇਹ ਡਾ. ਧਾਲੀਵਾਲ ਦਾ ਹੀ ਮੂਲਮੰਤਰ ਸੀ ਕਿ ਬੱਦਲ ਛਟਣ
ਪਿੱਛੋਂ ਮੈਂ ਉਪਰੋਕਤ ਕਾਮਯਾਬੀਆਂ ਹਾਸਲ ਕਰ
ਇਸ ਦਾ ਭਾਵ ਇਹ ਨਹੀਂ ਕਿ ਡਾ.ਧਾਲੀਵਾਲ ਨੰੂ ਸਭ ਕੁਝ ਆਸਾਨੀ ਨਾਲ ਮਿਲਦਾ ਰਿਹਾ
ਹੈ।ਯੂਨੀਵਰਸਿਟੀ ਵਿੱਚ ਸੱਚੇ ਸੁਚੇ,ਇਮਾਨਦਾਰ,ਮਿਹਨਤੀ,ਨਿਰੰਤਰ ਆਪਣੇ ਕੰਮ ਵਿੱਚ ਜੁੱਟੇ
ਰਹਿਣ ਵਾਲੇ ,ਧੜਾ ਰਹਿਤ ਵਿਅਕਤੀ ਦੇ ਕਈ ਦੋਖੀ ਵੀ ਪੈਦਾ ਹੋ ਜਾਂਦੇ ਹਨ।ਸੰਸਥਾ ਵਿੱਚ ਕੁਝ
ਅਜਿਹੇ ਵਿਅਕਤੀ ਘੁਸ ਬੈਠ ਕਰ ਜਾਂਦੇ ਹਨ ਜੋ ਖ਼ੁਦ ਤਾਂ ਕੋਈ ਕੰਮ ਕਰਦੇ ਨਹੀਂ,ਸਾਰਾ ਦਿਨ
ਦੂਜੇ ਦੇ ਦੋਸ਼ ਲੱਭਣ ਵਿੱਚ ਲਾ ਦੇਂਦੇ ਹਨ,ਆਪਣੀ ਲਕੀਰ ਵੱਡੀ ਕਰਨ ਦੀ ਬਜਾਏ ਦੂਸਰੇ ਦੀ
ਲਕੀਰ ਛੋਟੀ ਕਰਨ ਜਾਂ ਮਿਟਾਉਣ ਦਾ ਜਤਨ ਕਰਦੇ ਰਹਿੰਦੇ ਹਨ।ਉਹਨਾਂ ਨੂੰ ਅੱਗੇ ਵਧ ਰਿਹਾ
ਇਨਸਾਨ ਚੁਭਦਾ ਰਹਿੰਦਾ ਹੈ,ਉਸ ਨੂੰ ਉਹ ਆਪਣੇ ਭਵਿੱਖ ਲਈ ਖ਼ਤਰਾ ਮੰਨਦੇ ਹਨ।ਇਸ ਲਈ ਉਸ ਦੇ
ਰਸਤੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ।ਪਰਿਸਥਿਤੀਆਂ ਵੱਸ ਡਾ.ਧਾਲੀਵਾਲ ਨੂੰ
ਵੀ ਆਪਣੀ ਪਹਿਲੀ ਅਕਾਦਮਿਕ ਤਰੱਕੀ ਲਈ ਲੰਮਾ ਸਮਾ ਇੰਤਜ਼ਾਰ ਕਰਨਾ ਪਿਆ,ਉਸ ਨੇ ਸਭ ਕੁਝ
ਸਮਝਦੇ ਹੋਏ ਵੀ ਹੌਸਲਾ ਕਾਇਮ ਰੱਖਿਆ ਤੇ ਆਪਣੇ ਕੰਮ ਵਿੱਚ ਜੁੱਟੇ ਰਹੇ। ਉਸ ਵੱਲੋਂ ਛੋਹੇ ਗਏ
ਪਰਬੰਧਕੀ ਸੁਧਾਰਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਪਰ ਜਦੋਂ
ਨੀਯਤ ਸਾਫ ਹੋਵੇ ਤੇ ਬੰਦਾ ਧੁੰਨ ਦਾ ਪੱਕਾ ਹੋਵੇ ਕੋਈ ਉਸ ਦਾ ਕੁਝ ਨਹੀਂ ਵਿਗਾੜ
ਸਕਦਾ।ਡਾ.ਸਾਹਿਬ ਬੇਲੋੜੇ ਵਿਵਾਦਾਂ ਜਾਂ ਵਿਰੋਧੀਆਂ ਨਾਲ ਉਲਝਣ ਵਿੱਚ ਸਮਾ ਬਰਬਾਦ ਕਰਨ ਦੀ
ਬਜਾਏ ਨਿਰੰਤਰ ਆਪਣੇ ਟੀਚਿਆਂ ਦੀ ਪਰਾਪਤੀ ਵਿੱਚ ਜੁੱਟੇ ਰਹੇ।ਇਹ ਉਹਨਾਂ ਦੀ ਸਫ਼ਲਤਾ ਦਾ ਸਭ
ਤੋਂ ਵੱਡਾ ਰਾਜ਼ ਸੀ।
ਡਾ਼ ਧਾਲੀਵਾਲ ਦੀ ਕਾਮਯਾਬੀ ਿਪੱਛੇ ਉਸ ਦਾ ਕੁਸ਼ਲ ਪਰਿਵਾਰਕ ਜੀਵਨ ਵੀ ਹੈ।ਜਿਵੇਂ ਆਮ ਕਿਹਾ
ਜਾਂਦਾ ਹੈ ਕਿ ਹਰ ਕਾਮਯਾਬ ਵਿਅਕਤੀ ਪਿੱਛੇ ਕਿਸੇ ਸੁੱਘੜ ਔਰਤ ਦਾ ਹੱਥ ਹੁੰਦਾ ਹੈ,ਇਹ ਕਥਨ
ਇੱਥੇ ਸੌ ਫੀ ਸਦੀ ਪੂਰਾ ਉਤਰਦਾ ਹੈ।ਮਿਸਿਜ਼ ਧਾਲੀਵਾਲ ਉਹ ਸੁੱਘੜ ਮਹਿਲਾ ਹੈ ਜਿੱਸ ਨੇ
ਉਹਨਾਂ ਨੂੰ ਘਰ ਪਰਿਵਾਰ ਦੇ ਝਮੇਲਿਆਂ ਤੋਂ ਬਿਲਕੁਲ ਸੁਰਖ਼ਰੂ ਕੀਤਾ ਹੋਇਆ ਸੀ।ਬੱਚਿਆਂ ਦੀ
ਪਰਿਵਰਸ਼ ,ਘਰ ਦੀ ਸਾਂਭ ਸੰਭਾਲ ,ਖਾਣ ਪੀਣ ਤੇ ਹੋਰ ਸਾਰੇ ਕਾਰਜ ਆਪਣੇ ਜ਼ਿਮੇ ਲੈ ਰਖੇ
ਸਨ।ਇੱਥੋਂ ਤਕ ਕਿ ਧਾਲੀਵਾਲ ਦੇ ਪਹਿਨਣ ਵਾਲੇ ਕਪੜਿਆਂ ਦੀ ਚੋਣ ਤੇ ਸਿਲਾਈ ਆਦਿ ਦਾ ਇੰਤਜ਼ਾਮ
ਵੀ ਉਹ ਹੀ ਕਰਦੇ ਸਨ।ਇਸ ਤਰ੍ਹਾਂ ਧਾਲੀਵਾਲ ਨੂੰ ਘਰ ਵਿੱਚੋਂ ਸੁਖਾਵਾਂ ਮਾਹੌਲ ਮਿਲਿਆ ਹੋਇਆ
ਸੀ। ਡਾ.ਧਾਲੀਵਾਲ ਦੀ ਸਿਖਿਆ ਟੁਕੜਿਆਂ ਵਿੱਚ ਹੋਈ ਸੀ ,ਮੌਜੂਦਾ ਜਿਲ੍ਹਾ ਮੋਗਾ ਜੋ ਉਸ ਸਮੇਂ
ਜਿਲ੍ਹਾ ਫੀਰੋਜ਼ਪੁਰ ਦੀ ਇਕ ਤਹਿਸੀਲ ਹੋਇਆ ਕਰਦੀ ਸੀ,ਦੇ ਨਿਹਾਲ ਸਿੰਘ ਵਾਲਾ ਕਸਬੇ ਦੇ ਲਾਗੇ
ਧੂਰਕੋਟ ਰਣਸੀਂਹ ਦੇ ਉਹ ਜੰਮਪਲ ਸਨ। ਮੁੱਢਲੀ ਵਿਦਿਆ ਪਿੰਡ ਦੇ ਸਕੂਲ ਵਿੱਚੋਂ ਹਾਸਲ
ਕੀਤੀ,ਘਰ ਦੇ ਹਾਲਾਤ ਕਾਰਨ ਕੁਝ ਸਮਾਂ ਪੜ੍ਹਾਈ ਛੱਡ ਕੇ ਹਲ ਜੋਤ ਕੇ ਖੇਤੀ ਵੀ ਕੀਤੀ।ਪੜ੍ਹਨ
ਦੇ ਸ਼ੌਕ ਕਾਰਨ ਫਿਰ ਬਸਤਾ ਚੁੱਕ ਕੇ ਸਕੂਲੇ ਚਲੇ ਗਏ।ਬੀ਼ਏ.,ਬੀ.ਟੀ.ਕਰਕੇ ਵੱਖ ਵੱਖ ਸਕੂਲਾਂ
ਚ ਅਧਿਆਪਨ ਕੀਤਾ ।ਅਲੀਗੜ੍ਹ ਯੂਨੀਵਰਸਿਟੀ ਤੋਂ ਐਮ.ਏ.ਮਨੋਵਿਗਿਆਨ,ਐਮ.ਐੱਡ.,ਪੀਐਚ.ਡੀ.ਕੀਤੀ।
ਗੁਰੂ ਨਾਨਕ ਯੂਨੀਵਰਸਿਟੀ ਬਣਨ ੳੱੁਤੇ ਮਨੋਵਿਗਿਆਨ ਵਿਭਾਗ ਵਿੱਚ ਪਹਿਲੇ ਲੈਕਚਰਾਰ ਭਰਤੀ
ਹੋਏ। ਉਹ ਯੂਨੀਵਰਸਿਟੀ ਦੇ ਵੀ ਸੀਨੀਅਰ ਮੋਸਟ ਲੈਕਚਰਾਰ ਸਨ। ਉਹਨਾਂ ਕੁਝ ਸਮਾ ਯੂਨੀਵਰਸਿਟੀ
ਟੀਚਰਜ਼ ਵਿਚ ਬਤੌਰ ਜਨਰਲ ਸਕੱਤਰ ਵੀ ਚੰਗਾ ਕੰਮ ਕੀਤਾ । ਅਧਿਆਪਕਾਂ ਦੇ ਹਿੱਤਾਂ ਲਈ
ਅਧਿਕਾਰੀਆਂ ਨਾਲ ਗੱਲਬਾਤ ਲਈ ਉਹ ਪੂਰੀ ਤਿਆਰੀ ਨਾਲ ਜਾਂਦੇ ਸਨ ਤੇ ਕੁਝ ਹਾਸਲ ਕਰਕੇ ਹੀ
ਵਾਪਸ ਆਉਂਦੇ ਸਨ।
-0- |