ਲਗ ਪਗ ਤਿੰਨ ਹਜ਼ਾਰ ਸਾਲ
ਬੀ ਸੀ ਤੋਂ ਲੋਕ ਇਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਵਸ ਜਾਂਦੇ ਰਹੇ ਹਨ ।ਬੋਲੀਆਂ ਵਿਚ
ਹਰਫਾਂ ਦੇ ਰਲੇਵੇਂ ਤੋਂ ਇਹ ਸਪਸ਼ਟ ਹੁੰਦਾ ਹੈ ।ਪਲਾਇਨ ਦਾ ਕਾਰਨ ਸੁਖਾਵਾਂ ਮੌਸਮ, ਜ਼ਿੰਦਗੀ
ਦੇ ਸੌਖੇ ਵਸੀਲੇ ਹੋ ਸਕਦੇ ਹਨ । ਤਾਕਤਵਰ ਦੇਸਾਂ ਦਾ ਕਮਜ਼ੋਰ ਦੇਸਾਂ ਉੱਪਰ ਰਾਜ ਅਤੇ ਫਿਰ
ਤਾਕਤਵਰ ਦੇਸ ਦੇ ਲੋਕਾਂ ਦਾ ਜਿੱਤੇ ਹੋਏ ਦੇਸ ਵਿਚ ਜਾ ਵਸਣਾ, ਸਾਡੇ ਸਾਹਮਣੇ ਹੈ ।ਯੂਰਪੀਅਨ
ਗੋਰੇ ਅਮ੍ਰੀਕਾ, ਕਨੇਡਾ ਅਤੇ ਅਸਟ੍ਰੇਲੀਆ ਵਿਚ ਜਾ ਵਸੇ ।ਬ੍ਰਾਜੀਲ ਨੂੰ ਪੁਰਤਗੇਜ਼ੀਆਂ ਨੇ ਜਾ
ਮੱਲਿਆ ।ਕਈ ਵਾਰੀ ਲੋਕਾਂ ਨੂੰ ਉਹਨਾਂ ਦੀ ਇੱਛਾ ਦੇ ਖਿਲਾਫ਼ ਜ਼ਬਰਦਸਤੀ ਦੂਜੇ ਥਾਵੀਂ ਲਿਜਾ ਕੇ
ਵਸਾਇਆ ਗਿਆ ।ਗੁਲਾਮ-ਵਪਾਰ ਇਸ ਦੀ ਮਿਸਾਲ ਅਸੀਂ ਵੇਖ ਸਕਦੇ ਹਾਂ।ਭਾਰਤ ਵਿਚੋਂ ਅੰਗ੍ਰੇਜ਼ਾਂ
ਨੇ ਬਹੁਤ ਸਾਰੇ ਭਾਰਤੀਆਂ ਨੂੰ ਵੈਸਟ-ਇੰਡੀਜ਼ ਅਤੇ ਦੱਖਣੀ ਅਮ੍ਰੀਕਾ ਦੇ ਇੱਕੋ ਇਕ ਅੰਗ੍ਰੇਜ਼ੀ
ਬੋਲਦੇ ਛੋਟੇ ਜਿਹੇ ਦੇਸ ਗਈਆਨਾ ਵਿਚ ਲਿਆ ਵਸਾਇਆ ।ਯਹੂਦੀ ਹਜ਼ਾਰਾਂ ਵਰ੍ਹੇ ਥਾਂ ਪਰ ਥਾਂ
ਜਾਂਦੇ ਰਹੇ ।
ਉਦਯੋਗਿਕ ਕ੍ਰਾਂਤੀ ਤੋਂ ਬਾਦ ਤਾਂ ਯੂਰਪੀਅਨ ਸ਼ਾਸਕਾਂ ਨੇ ਆਪਣੇ ਅਧੀਨ ਕੀਤੇ ਦੇਸਾਂ ਦੇ ਹਰ
ਕੁਦਰਤੀ ਜ਼ਖੀਰੇ ਨੂੰ ਆਪਣੀ ਮਲਕੀਅਤ ਬਣਾ ਲਿਆ । ਉਥੋਂ ਦੇ ਵਸਨੀਕਾਂ ਦੇ ਗਲ ਪੰਜਾਲੀ ਪਾ ਕੇ
ਸਖਤ ਤੋਂ ਸਖਤ ਕੰਮ ਲਿਆ । ਉਨ੍ਹਾਂ ਦੇਸਾਂ ਦੇ ਖੇਤਾਂ , ਪਾਣੀਆਂ , ਕਾਨਾਂ ਅਤੇ ਹੋਰ ਹਰ
ਕੁਦਰਤੀ ਸਾਧਨਾਂ ਨੂੰ ਪੂਰੀ ਤਰ੍ਹਾਂ ਨਚੋੜਿਆ ਅਤੇ ਆਪਣੇ ਅਪਣੇ ਦੇਸਾਂ ਨੂੰ ਕੱਚੇ ਮਾਲ ਦੇ
ਜਹਾਜ਼ ਰਵਾਨਾ ਕੀਤੇ । ਸੈਂਕੜੇ ਵਰ੍ਹਿਆਂ ਦੀ ਇਸ ਪਰਕ੍ਰਿਆ ਨੇ ਪੂਰੇ ਸੰਸਾਰ ਵਿਚ ਅਰਥ
ਵਿਵਸਥਾ ਨੂੰ ਐਸੇ ਦੋ ਭਾਗਾਂ ਵਿਚ ਵੰਡ ਦਿੱਤਾ ਕਿ ਬ੍ਰਤਾਨੀਆ, ਪੱਛਮੀ ਯੂਰਪ , ਅਸਟ੍ਰੇਲੀਆ
ਅਤੇ ਉੱਤਰੀ ਅਮ੍ਰੀਕਾ ਪੂੰਜੀ ਦਾ ਕੇਂਦਰ ਅਤੇ ਗੜ੍ਹ ਬਣ ਗਏ । ਬਾਕੀ ਦੀ ਸਾਰੀ ਦੁਨੀਆ ਹਾਸ਼ੀਏ
ਵਲ ਧੱਕੀ ਗਈ ।ਬਾਦ ਵਿਚ ਜਾਪਾਨ ਵੀ ਇਸ ਗੜ੍ਹ ਵਿਚ ਸ਼ਾਮਲ ਹੋ ਗਿਆ ।ਪੂੰਜੀ ਕੇਂਦ੍ਰਿਤ ਦੇਸਾਂ
ਵਿਚ ਹਰ ਇਕ ਤਰ੍ਹਾਂ ਦੇ ਉਦਯੋਗ , ਕਾਰਖਾਨਿਆਂ ਦੀ ਘੁਣਕਾਰ ਅਤੇ ਮਿੱਲਾਂ ਦੇ ਧੂਏਂ ਨੇ ਜਨਮ
ਲਿਆ ਪਰ ਹਾਸ਼ੀਏ ਦੇ ਸਾਰੇ ਦੇਸਾਂ ਦੇ ਲੋਕਾਂ ਨੂੰ ਬੜੇ ਵਿਉਂਤ ਵਧ ਤਰੀਕੇ ਨਾਲ ਗੁਲਾਮਾਂ
ਵਾਂਗ ਬਣਾ ਕੇ ਉਨ੍ਹਾਂ ਦੇ ਹੀ ਸਾਧਨਾਂ ਨੂੰ ਉਨ੍ਹਾਂ ਪਾਸੋਂ ਨਚੁੜਵਾ ਕੇ ਅਸਲੀ ਦੌਲਤ ਆਪਣੇ
ਦੇਸੀਂ ਅਤੇ ਫੋਟਕ ਉਨ੍ਹਾਂ ਲਈ ਛੱਡਿਆ ਗਿਆ । ਪੂੰਜੀ ਦੇ ਗੜ੍ਹ ਵਾਲੇ ਦੇਸਾਂ ਲਈ ਬਾਕੀ ਸਾਰੀ
ਦੁਨੀਆ ਨੂੰ ਕੱਚੇ ਮਾਲ ਦਾ ਸਾਧਨ ਬਣਾ ਲਿਆ ਗਿਆ ।ਫ੍ਰਾਂਸ ,ਜਰਮਨ ,ਇਟਲੀ
,ਇਂਗਲੈਂਡ,ਪੁਰਤਗਾਲ ਆਦਿ ਮੁਲਕਾਂ ਨੇ ਦੁਨੀਆ ਤੇ ਆਪਣਾ ਰਾਜ ਕਾਇਮ ਕੀਤਾ ਹੋਇਆ ਸੀ । ਹੁਣ
ਇਹ ਸਾਮ ਰਾਜੀ ਦੇਸ ਆਪਣੇ-ਆਪਣੇ ਪੈਰ ਹੋਰ ਪਸਾਰਨ ਲਈ ਗੁੱਟਾਂ ਅਤੇ ਧੜਿਆਂ ‘ਚ ਵੰਡੇ ਗਏ ।
ਕਸ਼ਮਕਸ਼ ਨੇ ਪਹਿਲੇ ਸੰਸਾਰ ਯੁੱਧ ਦੇ ਹਾਲਾਤ ਪੈਦਾ ਕਰ ਦਿੱਤੇ ।ਇਹ ਗੁੱਟ ਹਰ ਤਰੀਕੇ ਨਾਲ
ਆਪਣੀ-ਆਪਣੀ ਫੌਜੀ ਤਾਕਤ ਵਧਾਉਣ ਲੱਗੇ । ਬ੍ਰਤਾਨੀਆ ਨੂੰ ਆਪਣੀ ਫੌਜ ਵਿਚ ਭਰਤੀ ਦਾ ਸੱਭ ਤੋਂ
ਵਧੀਆ ਥਾਂ ਭਾਰਤ ਅਤੇ ਭਾਰਤ ਵਿਚੋਂ ਪੰਜਾਬ ਸੀ ।
ਗੋਰਿਆਂ ਨੇ ਸਾਰੇ ਹੀ ਦੇਸ ਦੇ ਹਾਲਾਤ ਇੰਝ ਬਣਾ ਦਿੱਤੇ ਹੋਏ ਸਨ ਕਿ ਕਿਤੇ ਕੋਈ ਨੌਕਰੀ ਨਹੀਂ
ਸੀ ਲੱਭਦੀ, ਘਰੇਲੂ ਦਸਤਕਾਰੀ ਖਤਮ ਹੋ ਚੁੱਕੀ ਸੀ । ਸਰਕਾਰੀ ਨੌਕਰੀ ਫੌਜ ‘ਚ ਭਰਤੀ ਹੋਣ ਦੇ
ਸਿਵਾ ਕੋਈ ਹੋਰ ਸ਼ਾਇਦ ਹੀ ਹੁੰਦੀ ਸੀ । ਗੋਰਿਆਂ ਨੂੰ ਇਸ ਦੀ ਲੋੜ ਵੀ ਸੀ । ਦੁਨੀਆ ਵਿਚ
ਅੰਗ੍ਰੇਜ਼ੀ ਫੌਜ ਵਿਚ ਨੌਕਰੀ ਕਰਕੇ ਭਾਰਤ ਦੇ ਬਹੁਤੇ ਲੋਕਾਂ ਖਾਸ ਕਰਕੇ ਪੰਜਾਬੀਆਂ ਨੂੰ
ਬਾਹਰਲੇ ਦੇਸਾਂ ਵਾਰੇ ਪਤਾ ਲਗ ਚੁਕਾ ਸੀ ।ਹੌਲੀ-ਹੌਲੀ ਕਈ ਲੋਕ ਉਹਨਾਂ ਦੇਸਾਂ ਵਿਚ ਚਲੇ ਗਏ
ਜਿੱਥੇ ਅੰਗ੍ਰੇਜ਼ਾਂ ਦਾ ਹੀ ਰਾਜ ਸੀ ।ਵੀਹਵੀਂ ਸਦੀ ਦੇ ਆਰੰਭ ਵਿਚ ਭਾਰਤ ਤੋਂ ਬੰਦੇ ਕਨੇਡਾ
ਵਿਚ ਜਾਣ ਲਗ ਪਏ ਸਨ । 1908 ਤੀਕਰ ਤਕਰੀਬਨ ਪੰਜ ਹਜ਼ਾਰ ਭਾਰਤੀ ਕਨੇਡਾ ਵਿਚ ਪਹੁੰਚ ਚੁੱਕੇ
ਸਨ ।ਚੀਨੀ ਅਤੇ ਜਾਪਾਨੀ ਦਸ ਕੁ ਸਾਲ ਪਹਿਲਾਂ ਆਉਣੇ ਸ਼ੁਰੂ ਹੋਏ ਅਤੇ ਉਨ੍ਹਾਂ ਦੀ ਗਿਣਤੀ
50,000 ਹੋ ਗਈ ਸੀ । ਚੀਨੀਆਂ ਨੂੰ ਹੈੱਡ ਟੈਕਸ ਅਦਾ ਕਰਕੇ ਦਾਖਲ ਹੋਣ ਦੀ ਆਗਿਆ ਸੀ ।
ਜਾਪਾਨੀ ਤਾਂ ਤਕਰੀਬਨ ਮੁਫਤ ਹੀ ਦਾਖਲ ਹੋ ਸਕਦੇ ਸਨ । ਹੁਣ ਤਕ ਕਨੇਡਾ ਵਿਚ ਪਹੁੰਚੇ ਭਰਤੀਆਂ
ਵਿਚੋਂ ਬਹੁਤੇ ਪੰਜਾਬੀ ਅਤੇ ਪੰਜਾਬੀਆਂ ਵਿਚੋਂ ਬਹੁਤੇ ਸਿੱਖ ਸਨ ।1906 ਵਿਚ ਖਾਲਸਾ ਦੀਵਾਨ
ਸੁਸਾਇਟੀ ਹੋਂਦ ਵਿਚ ਆਈ ।1909 ਵਿਚ ਵੈਨਕੂਵਰ ‘ਚ 1866 ਦੋ ਐਵੇਨਿਊ ਉੱਪਰ ਗੁਰਦਵਾਰਾ ਬਣਾ
ਲਿਆ ਗਿਆ ।17 ਅਕਤੂਬਰ 1913 ਨੂੰ ਇੱਕ ਜਹਾਜ਼ ਜਿਸਦਾ ਨਾਮ ਪਾਨਾਮਾ ਮਾਰੂ ਸੀ 56 ਬੰਦਿਆਂ
ਨਾਲ ਵੈਨਕੂਵਰ ਪਹੁੰਚਿਆ । ਉਨ੍ਹਾਂ ਵਿਚੋਂ 39 ਸਿੱਖ ਬੰਦੇ ਸਨ ਜਿਨ੍ਹਾਂ ਨੂੰ ਪ੍ਰਵਾਸ
ਅਧਿਕਾਰੀਆਂ ਨੇ ਰੋਕ ਲਿਆ ।ਗਵਰਨਰ ਇਨ ਕੌਂਸਲ ਨੇ ਇਨ੍ਹਾਂ 39 ਬੰਦਿਆਂ ਨੂੰ ਵਾਪਸ ਭੇਜਣ ਦਾ
ਹੁਕਮ ਜਾਰੀ ਕਰ ਦਿੱਤਾ ।ਪਰ ਉਥੇ ਪਹਿਲਾਂ ਹੀ ਵਸਦੇ ਭਾਰਤੀਆਂ ਨੇ ਅਦਾਲਤ ਵਿਚ ਮੁਕੱਦਮਾ ਪਾ
ਦਿੱਤਾ ਅਤੇ ਵੈਨਕੂਵਰ ਵਿਖੇ ਚੀਫ ਜਸਟਿਸ ਹੰਟਰ ਨੇ ਇਸ ਹੁਕਮ ਨੂੰ ਰੱਦ ਕਰ ਦਿੱਤਾ । ਨਵੰਬਰ
1913 ਵਿਚ ਸਾਰੇ 39 ਬੰਦੇ ਕਨੇਡਾ ਵਿਚ ਪੱਕੇ ਹੋ ਗਏ । ਉਹਨਾਂ ਨੇ ਆਪਣੇ-ਆਪਣੇ ਘਰੀਂ
ਚਿੱਠੀਆਂ ਪਾਈਆਂ ਕਿ ਤੁਸੀਂ ਵੀ ਆ ਜਾਵੋ ਅਤੇ ਲਿਖਿਆ ਕਿ ਉਹ ਉਹਨਾਂ ਦੇ ਪੱਕੇ ਹੋਣ ਵਿਚ
ਪੂਰੀ ਮਦਦ ਕਰਨਗੇ ।
ਘਰਾਂ ਦੀਆਂ ਬੇਹੱਦ ਤੰਗੀਆਂ ਤੁਰਸ਼ੀਆਂ ਤੋ ਂਤੰਗ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣਾ ਚਹੁੰਦੇ
ਸਨ । ਕਾਫੀ ਲੋਕ ਹਾਂਗਕਾਂਗ ਪਹੁੰਚ ਗਏ । ਬਹੁਤੇ ਉਹਨਾ ਵਿਚੋਂ ਫੌਜ ਵਿਚ ਨੌਕਰੀ ਕਰ ਚੁਕੇ
ਸਨ । ਇੰਗਲੈਂਡ ਦੀ ਮਹਾਰਾਣੀ ਨੇ ਐਲਾਨ ਕੀਤਾ ਹੋਇਆ ਸੀ ਕਿ” ਉਹ ਅੰਗ੍ਰੇਜ਼ੀ ਰਾਜ ਦੇ ਹਰ
ਬੰਦੇ ਨੂੰ ਇੱਕੋ ਨਿਗ੍ਹਾ ਨਾਲ ਵੇਖਦੀ ਹੈ ।”
ਕਨੇਡਾ ਵਿਚ ਵੀ ਬ੍ਰਿਟਿਸ਼ ਦਾ ਗੋਰਾ ਰਾਜ ਹੀ ਸੀ । ਭਾਰਤੀ ਇਹ ਅਨੁਭਵ ਕਰਦੇ ਸਨ ਕਿ ਕਨੇਡਾ
ਅਤੇ ਹਿੰਦੀ ਆਖਰ ਹੈਨ ਤਾਂ ਇੱਕੋ ਰਾਜ ਦੀ ਪਰਜਾ । ਉਹ ਸੋਚਦੇ ਸਨ ਕਿ ਉਹਨਾਂ ਨੂੰ ਕਨੇਡਾ
ਜਾਣ ਅਤੇ ਉੱਥੇ ਜਾ ਕੇ ਵਸਣ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ।ਪਰ ਕਨੇਡਾ ਨੂੰ ਗੋਰੇ ਕੇਵਲ
ਤੇ ਕੇਵਲ ਗੋਰਿਆਂ ਦਾ ਵਿਸ਼ੇਸ਼ ਮੁਲਕ ਰੱਖਣਾ ਚਾਹੁੰਦੇ ਸਨ । ਉਹ ਨਹੀਂ ਸਨ ਚਾਹੁੰਦੇ ਕਿ
ਦੁਨੀਆਂ ਦੇ ਹਰ ਖਿੱਤੇ ਵਿਚੋਂ ਲੋਕ ਉਨ੍ਹਾਂ ਦੀ ਮਰਜ਼ੀ ਤੋਂ ਖਿਲਾਫ ਕਨੇਡਾ ‘ਚ ਪਹੁੰਚ ਕੇ
ਗੋਰੇ ਕਨੇਡਾ ਨੂੰ ਬਦਰੰਗਾ ਕਰ ਦੇਣ ।ਸੋ ਦੂਜੇ ਹੋਰ ਕਿਸੇ ਦੇਸ ਖਾਸ ਕਰਕੇ ਪੂਰਵ ਏਸ਼ੀਆ ਦੇ
ਦੇਸਾਂ ਵਿਚੋਂ ਆਮਦ ਰੋਕਣ ਲਈ ਉਹ ਕਈ ਕਨੂੰਨ ਬਣਾਉਣ ਲੱਗੇ ।ਕਨੇਡਾ ਦੇ ਪ੍ਰਧਾਨ ਮੰਤਰੀ ਸਰ
ਵਿਲਫਰਿਡ ਲੋਰੀਅਰ ਨੇ ਲੇਬਰ ਕਮਿਸ਼ਨਰ ਮਕੈਨਜ਼ੀ ਕਿੰਗ ਨੂੰ ਹਦਾਇਤਾਂ ਦਿਤੀਆਂ ਕਿ ਕੋਈ ਐਸੇ
ਕਨੂੰਨ ਬਣਾਓ ਜਿਨ੍ਹਾਂ ਨਾਲ ਪੂਰਵ ਈਸਟ ਏਸ਼ੀਆ ਦੇ ਲੋਕਾਂ ਨੂੰ ਇੱਥੇ ਆਉਣ ਤੋਂ ਰੋਕਿਆ ਜਾ
ਸਕੇ ।1907 ਵਿਚ ਮਕੈਨਜੀ ਕਿੰਗ ਦੇ ਅਧੀਨ ਇਕ ਸ਼ਾਹੀ ਕਮਿਸ਼ਨ ਸਥਾਪਤ ਕੀਤਾ ਗਿਆ ।
ਇਹ ਮਕੈਂਨਜ਼ੀ ਕਿੰਗ ਦੀ ਹੀ ਕਾਢ ਸੀ ਕਿ ਕਨੇਡਾ ਆੳਣ ਵਾਲਾ ਬੰਦਾ ਆਪਣੇ ਦੇਸ ਤੋਂ ਸਿੱਧਾ ਹੀ
ਸਫਰ ਕਰੇ ਤੇ ਕਿਸੇ ਨੂੰ ਵੀ ਜਿਹੜਾ ਕਿਸੇ ਹੋਰ ਮੁਲਕ ਤੋਂ ਹੋ ਕੇ ਆਉਂਦੇ ਜਹਾਜ ਵਿਚ ਕਨੇਡਾ
ਆਵੇਗਾ ਉਸਨੂੰ ਕਨੇਡਾ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ । ਦੂਜੀ ਸ਼ਰਤ ਉਸਨੇ ਇਹ ਰੱਖੀ
ਕਿ ਹਰ ਬੰਦੇ ਪਾਸ ਦੋ ਸੌ ਡਾਲਰ ਨਕਦ ਹੋਣੇ ਹਾਹੀਦੇ ਹਨ । ਪਹਿਲਾਂ ਇਹ ਰਕਮ ਸਿਰਫ 25 ਡਾਲਰ
ਹੀ ਹੁੰਦੀ ਸੀ ।ਹਾਂਗਕਾਂਗ ਵਿਚ ਕਾਫੀ ਲੋਕ ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਕਨੇਡਾ ਜਾਣ
ਲਈ ਜਮ੍ਹਾਂ ਹੋ ਗਏ।
ਕਾਮਾਗਾਟਾ ਮਾਰੂ ਦੀ ਦਰਦਨਾਕ ਘਟਨਾ ਦਾ ਆਰੰਭ ਇੱਥੋਂ ਸ਼ੁਰੂ ਹੁੰਦਾ ਹੈ ।ਇਹ ਵੀਹਵੀਂ ਸਦੀ ਦੀ
ਅਤਿ ਘਨਾਉਣੀ ਤਾਂ ਹੈ ਹੀ ਪਰ ਇਹ ਸਾਮਰਾਜ ਦੇ ਮੂੰਹ ਤੇ ਇਕ ਕਲੰਕ ਵੀ ਹੈ ।ਭਾਰਤ ਤੋਂ ਕਨੇਡਾ
ਨੂੰ ਪੈਸਿਫਿਕ ਕੋਸਟ ਨਾਮ ਦੀ ਇੱਕੋ ਇੱਕ ਕੰਪਨੀ ਦੇ ਜਹਾਜ਼ ਸਿਧੇ ਚਲਦੇ ਸਨ ।ਇਸ ਕੰਪਨੀ ਨੂੰ
ਭਾਰਤ ਤੋਂ ਕਿਸੇ ਯਾਤਰੂ ਨੂੰ ਵੀ ਸਫਰ ਕਰਨ ਲਈ ਟਿਕਟ ਵੇਚਣ ਦੀ ਮਨਾਹੀ ਕਰ ਦਿੱਤੀ ਹੋਈ ਸੀ
।ਹਾਂਗਕਾਂਗ ਵਿਚ ਫਸੇ ਲੋਕਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਕਿ ਕੀ ਕੀਤਾ ਜਾਵੇ ।
1870 ਵਿਚ ਹੁਕਮ ਸਿੰਘ ਸਰਿਹਾਲੀ ਮਲਾਇਆ ਵਿਚ ਰੁਜ਼ਗਾਰ ਲਈ ਆਇਆ ।ਬਾਦ ਵਿਚ ਉਸ ਦਾ ਜਵਾਨ
ਪੁੱਤਰ ਗੁਰਦਿੱਤ ਸਿੰਘ ਵੀ ਆਪਣੇ ਪਿਤਾ ਪਾਸ ਪਹੁੰਚ ਗਿਆ ।ਵਪਾਰ ਕਰਨ ਦੀ ਰੁਚੀ ਉਸ ਵਿਚ
ਪ੍ਰਬਲ ਸੀ ।ਜਨਵਰੀ 1914 ‘ਚ ਆਪਣੇ ਕਿਸੇ ਕੰਮ ਦੇ ਸਬੰਧ ਵਿਚ ਉਸ ਨੂੰ ਹਾਂਗਕਾਂਗ ਜਾਣਾ ਪਿਆ
।3 ਜਨਵਰੀ ਨੂੰ ਸਾਹਿਬ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਉਤਸਵ ਸੀ ।ਉਥੋਂ ਦੇ ਗੁਰਦਵਾਰੇ
ਗਿਆ ।ਸੰਗਤ ਦੇ ਦਰਸ਼ਨ ਕੀਤੇ ਅਤੇ ਸਟੇਜ ਤੇ ਬੋਲਣ ਦਾ ਅਵਸਰ ਵੀ ਮਿਲਿਆ । ਸਾਲ ਭਰ ਤੋਂ ਅਟਕੇ
ਲੋਕਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਸੁਣੀਆਂ । ਅਮ੍ਰੀਕਾ ਵਿਚ ਕੈਲਾਫੋਰਨੀਆ ਤੋਂ ਗਦਰ
ਪਾਰਟੀ ਦਾ ਸਾਹਿਤ ਅਤੇ ਪ੍ਰੋਗਰਾਮ ਦੇ ਵੇਰਵੇ ਦੁਨੀਆ ਦੇ ਹਰ ਥਾਂ ਪੁੱਜ ਚੁਕੇ ਸਨ ਜਿੱਥੇ
ਕਿਤੇ ਭੀ ਭਾਰਤੀ ਵਸਦੇ ਸਨ ।ਹਾਂਗਕਾਂਗ ਵਿਚ ਫਸੇ ਲੋਕਾਂ ਨੂੰ ਇਸ ਵਾਰੇ ਬਹੁਤੀ ਸੋਝੀ ਨਹੀਂ
ਸੀ । ਉਨ੍ਹਾਂ ਦਾ ਹਰ ਸਾਹ ਅਤੇ ਦਿਲ ਦੀ ਪੂਰੀ ਧੜਕਣ ਤਾਂ ਇੱਕੋ ਜਾਪ ਕਰਦੀ ਸੀ ਕਿ ਕਿਸੇ
ਤਰ੍ਹਾਂ ਉਹ ਕਨੇਡਾ ਪਹੁੰਚ ਜਾਣ ਜਿੱਥੇ ਜਾ ਕੇ ਉਹ ਮਿਹਨਤ ਕਰਕੇ ਆਪਣੇ ਘਰੀਂ ਪੈਸੇ ਘਲ ਸਕਣ
ਅਤੇ ਉਨ੍ਹਾਂ ਦੇ ਪ੍ਰਵਾਰ ਆਰਾਮ ਨਾਲ ਰੋਟੀ ਖਾ ਸਕਣ।
ਸ. ਗੁਰਦਿੱਤ ਸਿੰਘ ਨੂੰ ਇਕ ਤਜ਼ਵੀਜ਼ ਸੁੱਝੀ ।ਸੋਚਿਆ ਕਿ ਇਕ ਜਹਾਜ਼ ਛੇ ਮਹੀਨੇ ਲਈ ਕਰਾਏ ਤੇ
ਲੈ ਲਿਆ ਜਾਵੇ ਅਤੇ ਇਨ੍ਹਾਂ ਬੰਦਿਆਂ ਨੂੰ ਉਸ ਜਹਾਜ਼ ਵਿਚ ਕਨੇਡਾ ਪਹੁੰਚਾਇਆ ਜਾਵੇ ।ਇਕ
ਜਾਪਾਨੀ ਕੰਪਨੀ ਤੋਂ ਜਹਾਜ਼ ਮਿਲ ਗਿਆ ਜਿਸ ਦਾ ਨਾਮ ਕਾਮਾਗਾਟਾ ਸੀ । ਜਹਾਜ਼ ਨੂੰ ਜਾਪਾਨੀ
ਬੋਲੀ ਵਿਚ ਮਾਰੂ ਆਖਿਆ ਜਾਂਦਾ ਹੈ । ਸੋ ਇਸ ਜਹਾਜ਼ ਨੂੰ ਪਹਿਲਾਂ ਕਾਮਾਗਾਟਾ ਮਾਰੂ ਕਿਹਾ
ਜਾਂਦਾ ਸੀ ।ਸਰਦਾਰ ਗੁਰਦਿੱਤ ਸਿੰਘ ਨੇ ਇਹ ਜਹਾਜ਼ ਛੇ ਮਹੀਨਿਆਂ ਲਈ 11000 ਡਾਲਰ ਪ੍ਰਤੀ
ਮਹੀਨੇ ਕਰਾਏ ਤੇ ਲੈ ਲਿਆ । ਇਸ ਦਾ ਨਾਮ ਗੁਰੁ ਨਾਨਕ ਜਹਾਜ਼ ਰੱਖ ਦਿੱਤਾ ਜਿਸ ਨੂੰ ਹਾਂਗਕਾਂਗ
ਵਿਚ ਰਜਿਸਟਰ ਕਰਵਾਇਆ ਗਿਆ ।ਇਹਨਾ ਗਤਿਵਿਧੀਆਂ ਨੂੰ ਵੇਖਦੇ ਹਾਂਗਕਾਂਗ ਦੀ ਸਰਕਾਰ ਨੇ ਸ.
ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ । ਉਸਦੀ ਗ੍ਰਿਫਤਾਰੀ ਨੇ ਹਾਂਗਕਾਂਗ ਵਿਚ ਪੰਜਾਬੀ
ਰੈਜਮੈਂਟ ਵਿਚ ਰੋਹ ਭਰ ਦਿੱਤਾ ।1857 ਦੇ ਗ਼ਦਰ ਤੌਂ ਬਾਦ ਗੋਰੇ ਬਹੁਤ ਸੰਭਲ-ਸੰਭਲ ਕੇ ਚਲਦੇ
ਸਨ ।ਕੁਝ ਸਿੱਖਾਂ ਨੇ ਉਦੋਂ ਭਾਵੇਂ ਅੰਗ੍ਰੇਜ਼ਾਂ ਦੀ ਮਦਦ ਕੀਤੀ ਸੀ ਪਰ ਸਿੱਖ ਰਾਜ ਦੀਆਂ
ਫੌਜਾਂ ਨਾਲ ਹੋਈਆਂ ਲੜਾਈਆਂ ਵਿਚ ਸਿੱਖਾਂ ਦੀਆਂ ਬਹਾਦਰੀਆਂ ਅਤੇ ਕੂਕਾ ਲਹਿਰ ਦੇ ਸਿਰੜ ਅਤੇ
ਹੌਸਲੇ ਦੀਆਂ ਉਚੇਚੀਆਂ ਤਸਵੀਰਾਂ ਗੋਰਿਆਂ ਦੇ ਮਨਾਂ ਵਿਚ ਉੱਕਰੀਆਂ ਹੋਈਆਂ ਸਨ । ਕੂਕਿਆਂ
ਦੀਆਂ ਕੁਰਬਾਨੀਆਂ ਅਤੇ ਨਾ ਮਿਲਵਰਤਣ ਵਰਗੇ ਅਹਿਮ ਫੈਸਲਿਆਂ ਦਾ ਅਸਰ ਗੋਰਿਆਂ ਨੂੰ ਹਾਲਾਂ
ਭੁੱਲਿਆ ਨਹੀਂ ਸੀ ।ਸੋ ਪੰਜਾਬੀ ਰੈਜਮੈਂਟ ਦੀ ਨਾਰਜ਼ਗੀ ਨੂੰ ਤੱਕਦਿਆਂ ਸ. ਗੁਰਦਿੱਤ ਸਿੰਘ
ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ।
ਹਾਂਗਕਾਂਗ ਵਿਚ ਇਕ ਬ੍ਰਿਟਸ਼ ਕਨੂੰਨੀ ਕੰਪਨੀ ਨੂੰ ਆਪਣੀ ਸਾਰੀ ਯੋਜਨਾ ਦੱਸ ਕੇ ਸਰਦਾਰ
ਗੁਰਦਿੱਤ ਸਿੰਘ ਨੇ ਸਾਰੀ ਕਾਰਵਾਈ ਪੂਰੀ ਕੀਤੀ ।ਕੰਪਨੀ ਨੇ ਗੁਰਦਿੱਤ ਸਿੰਘ ਨੂੰ ਪੂਰਾ
ਭਰੋਸਾ ਦਵਾਇਆ ਕਿ ਜੇ ਉਹ ਹਾਂਗਕਾਂਗ ਤੋਂ ਮੁਸਾਫਿਰਾਂ ਨੂੰ ਕਨੇਡਾ ਲੈ ਕੇ ਜਾਂਦੇ ਹਨ ਤਾਂ
ਉਹਨਾਂ ਨੂੰ ਕੋਈ ਵੀ ਕਨੂੰਨੀ ਰੁਕਾਵਟ ਨਹੀਂ ਆਵੇਗੀ ।ਮੁਸਾਫਿਰ ਕਨੇਡਾ ਦੀ ਕਿਸੇ ਬੰਦਰਗਾਹ
ਤੇ ਵੀ ਉਤਰ ਸਕਣਗੇ ।ਇਸ ਤੋਂ ਇਲਾਵਾ ਗੁਰਦਿੱਤ ਸਿੰਘ ਨੇ ਦਿੱਲੀ ,ਇੰਗਲੈਡ ਅਤੇ ਕਨੇਡਾ ਦੀਆਂ
ਸਰਕਾਰਾਂ ਨੂੰ ਆਪਣੇ ਸਫਰ ਵਾਰੇ ਉਚੇਚੀਆਂ ਤਾਰਾਂ ਪਾਈਆਂ । 30 ਮਾਰਚ 1914 ਵਾਲੇ ਦਿਨ ਜਹਾਜ਼
ਨੇ ਰਵਾਨਾ ਹੋਣਾ ਸੀ ।ਦਲਜੀਤ ਸਿੰਘ ਨੂੰ ਜਹਾਜ਼ ਦਾ ਸਕੱਤਰ ਅਤੇ ਜਹਾਜ਼ ਵਿਚ ਮੁਸਫਿਰਾਂ ਦੀ
ਦੇਖ ਰੇਖ ਲਈ ਡਾ. ਰਘੂਨਾਥ ਸਿੰਘ ਨੂੰ ਬਤੌਰ ਡਾਕਟਰ ਰੱਖਿਆ ਗਿਆ । ਹੈਰਾਨੀ ਦੀ ਗਲ ਇਹ ਹੈ
ਕਿ ਜਦੋਂ ਜਹਾਜ਼ ਕਨੇਡਾ ਦੇ ਕੰਢੇ ਲੱਗਿਆ ਤਾਂ ਇਹੋ ਰਘੂਨਾਥ ਸਿੰਘ ਕਨੇਡਾ ਦੀ ਸਰਕਾਰ ਦਾ
ਮੁਖਬਰ ਬਣ ਗਿਅ। ਹਾਂਗਕਾਂਗ ਤੋਂ ਹੁਣ ਗੁਰੁ ਨਾਨਕ ਜਹਾਜ਼ 4 ਅਪ੍ਰੈਲ 1914 ਨੂੰ ਤੁਰਿਆ
।ਹਾਂਗਕਾਂਗ ਤੋਂ 150 ਮੁਸਾਫਿਰ ਚੜ੍ਹੇ ।ਜਹਾਜ਼ ਤੇ ਕੇਸਰੀ ਝੰਡਾ ਲਹਿਰਾਇਆ ਗਿਆ ।ਗੁਰੁ
ਗ੍ਰੰਥ ਸਾਹਿਬ ਦੀ ਬੀੜ ਜਹਾਜ਼ ਵਿਚ ਰੱਖੀ ਗਈ । ਢੋਲਕੀਆਂ ਛੈਣਿਆਂ ਅਤੇ ਸ਼ਬਦ ਕੀਰਤਨ ਅਤੇ
ਜੈਕਾਰਿਆਂ ਦੀ ਗੂੰਜ ਨਾਲ ਜਹਾਜ਼ ਪੈਸਿਫਿਕ ਦੇ ਪਾਣੀਆਂ ਵਿਚ ਠਿੱਲ ਪਿਆ ।ਸਵੇਰੇ ਸ਼ਾਮੀਂ ਨਿੱਤ
ਨੇਮ ਹੁੰਦਾ ਅਰਦਾਸਾਂ ਹੁੰਦੀਆਂ । ਮੁਸਲਮਾਨ ਅਤੇ ਹਿੰਦੂ ਮੁਸਾਫਿਰ ਜੋ ਗਿਣਤੀ ਵਿਚ ਘੱਟ ਸਨ
ਵੀ ਆਪਣੇ ਅੱਲ੍ਹਾ ਅਤੇ ਪ੍ਰਭੂ ਨੂੰ ਯਾਦ ਕਰਦੇ । ਹਰ ਬੰਦੇ ਦੇ ਦਿਲੋਂ ਇੱਕੋ ਹੀ ਆਵਾਜ਼
ਨਿਕਲਦੀ ਕਿ ਪ੍ਰਮਾਤਮਾ ਉਨ੍ਹਾਂ ਦੇ ਸਫਰ ਨੂੰ ਸਿਰੇ ਚਾੜ੍ਹ ਦੇਵੇ । 8 ਅਪ੍ਰੈਲ ਨੂੰ ਜਹਾਜ਼
ਸ਼ੰਘਾਈ ਪੁੱਜ ਗਿਆ । ਛੇ ਦਿਨ ਗੁਰੂੁ ਨਾਨਕ ਜਹਾਜ਼ ਸ਼ੰਘਾਈ ਹੀ ਰੁਕਿਆ ।ਇੱਥੋਂ 111 ਯਾਤਰੂ
ਸਵਾਰ ਹੋਏ ।14 ਅਪ੍ਰੈਲ ਨੂੰ ਜਹਾਜ਼ ਸ਼ੰਘਾਈ ਤੋਂ ਚਲ ਕੇ 19 ਅਪ੍ਰੈਲ 1913 ਨੂੰ ਮੋਹੀ
ਬੰਦਰਗਾਹ ਤੇ ਜਾ ਲੱਗਾ ।ਇਥੋਂ 86 ਯਾਤਰੂ ਚੜ੍ਹੇ ।ਗੁਰਦਿੱਤ ਸਿੰਘ ਹੋਰਾਂ ਇਥੋਂ 15 ਹਜ਼ਾਰ
ਯਨ ( ਜਾਪਾਨੀ ਕਰੰਸੀ ) ਦਾ ਕੋਇਲਾ ਲੱਦਿਆ ।ਇਸ ਕੋਇਲੇ ਨੂੰ ਦੁੱਗਣੇ ਭਾਅ ਤੇ ਕਨੇਡਾ ਵਿਚ
ਵੇਚ ਕੇ ੳੱਥੋਂ ਵਾਪਸੀ ਤੇ ਲੱਕੜ ਲਿਆਉਣ ਦਾ ਸੀ ।ਇੰਝ ਇਹ ਉਸਦੀ ਨਿਰੋਲ ਵਪਾਰਕ ਯੋਜਨਾ ਸੀ
ਜਿਸ ਨਾਲ ਉਹ ਪੈਸਾ ਕਮਾ ਸਕੇ । 28 ਅਪ੍ਰੈਲ ਨੂੰ ਜਹਾਜ਼ ਯੋਕੋਹਾਮਾਂ ਦੀ ਬੰਦਰਗਾਹ ਤੇ ਜਾ
ਲੱਗਾ ।ਇੱਥੋਂ 14 ਨਵੇਂ ਯਾਤਰੂ ਸਵਾਰ ਹੋਏ ।ਸਾਰੇ ਮੁਸਾਫਰਾਂ ਦੀ ਕੁੱਲ ਗਿਣਤੀ ਹੁਣ 376 ਸੀ
।340 ਸਿੱਖ,24 ਮੁਸਲਮਾਨ ਅਤੇ 12 ਹਿੰਦੂ । ਮਈ 2 ,1914 ਨੂੰ ਯੋਕੋਹਾਮਾਂ ਤੋਂ ਜਹਾਜ਼
ਕਨੇਡਾ ਵਲ ਰਵਾਨਾ ਹੋ ਗਿਆ ।ਯੋਕੋਹਾਮਾ ਵਿਖੇ ਜਹਾਜ਼ ਦੇ ਯਾਤਰੂਆਂ ਨੂੰ ਭਾਈ ਭਗਵਾਨ ਸਿੰਘ
ਅਤੇ ਮੌਲਵੀ ਬਰਕਤੁੱਲਾ ਮਿਲੇ । ਉਨ੍ਹਾਂ ਬੜੀਆਂ ਜੁਸ਼ੀਲੀਆਂ ਤਕਰੀਰਾਂ ਨਾਲ ਸੰਬੋਧਨ ਕੀਤਾ ।
ਇਥੇ ਯਾਦ ਕਰਾਉਣਾ ਬਣਦਾ ਹੈ ਕਿ ਭਾਈ ਭਗਵਾਨ ਸ਼ਿੰਘ ਜੂਨ 1913 ਵਿਚ ਕਨੇਡਾ ਗਿਆ ਸੀ ।
ਵੈਨਕੂਵਰ ਗੁਰਦਵਾਰੇ ਵਿਚ ਉਹ ਗ੍ਰੰਥੀ ਸੀ । ਉਹ ਬਹੁਤ ਵਧੀਆ ਬੁਲਾਰਾ ਸੀ । ਉੱਥੇ ਵਸਦੇ
ਭਾਰਤੀ ਲੋਕਾਂ ਵਿਚ ਉਸਦਾ ਬੜਾ ਆਦਰ ਸਤਿਕਾਰ ਸੀ ।30 ਸਤੰਬਰ 1913 ਨੂੰ ਉਸਨੂੰ ਗਲਤ ਨਾਮ
ਹੇਠ ਕਨੇਡਾ‘ਚ ਦਾਖਲ ਹੋਣ ਦਾ ਦੋਸ਼ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ ।ਉਸਦੇ ਮੂੰਹ ਵਿਚ ਕੱਪੜੇ
ਤੁੰਨ ਦਿੱਤੇ ਤਾਂ ਕਿ ਉਹ ਕੋਈ ਗੱਲ ਨਾ ਕਰ ਸਕ ਅਤੇ ਉਸਨੂੰ ਜਾਪਾਨੀ ਜਹਾਜ਼ ਐਂਪ੍ਰੈਸ ਵਿਚ
ਬਿਠਾ ਕੇ 19 ਨਵੰਬਰ 1913 ਵਾਲੇ ਦਿਨ ਕਨੇਡਾ ਤੋਂ ਕੱਢ ਦਿੱਤਾ ਗਿਆ ।ਜਦੋਂ ਗੁਰੁ ਨਾਨਕ
ਜਹਾਜ਼ ਹਾਂਗਕਾਂਗ ਤੋਂ ਰਵਾਨਾ ਹੋਇਆ ਸੀ ਤਦੋਂ ਅਖਬਾਰਾਂ ਵਾਲਿਆਂ ਨੇ ਵੀ ਖ਼ਬਰਾਂ ਵਧਾ ਘਟਾ ਕੇ
ਛਾਪੀਆਂ ।ਜਦੋਂ ਕਾਮਾਗਾਟਾ ਮਾਰੂ ਸ਼ੰਘਾਈ ਪਹੁੰਚਿਆ ਤਾਂ ਇਕ ਜਰਮਨ ਕੰਪਨੀ ਨੇ ਜਰਮਨ ਪ੍ਰੈਸ
ਨੂੰ ਖਬਰ ਦਿੱਤੀ ਇੱਕ ਜਹਾਜ਼ 400 ਹਿੰਦੀਆਂ ਨਾਲ ਭਰਿਆ ਵੁਨਕੂਵਰ ਵਲ ਚਲ ਪਿਆ ਹੈ । ਬ੍ਰਿਟਿਸ਼
ਪ੍ਰੈਸ ਇਸ ਖਬਰ ਨਾਲ ਬਹੁਤ ਚੌਕਸ ਹੋ ਗਈ । ਕਈ ਅਖਬਾਰਾਂ ਨੇ ਹਿੰਦੂਆ ਵਲੋਂ ਕਨੇਡਾ ਉੱਪਰ
ਧਾਵਾ ਕਰਨ ਦੀਆਂ ਖਬਰਾਂ ਛਾਪੀਆਂ ।ਕਿਸੇ ਅਖਬਾਰ ਨੇ ਸ਼ਾਇਦ ਹੀ ਸਹੀ ਖਬਰ ਲਾਈ ਹੋਵੇਗੀ ਕਿ
ਰੁਜ਼ਗਾਰ ਦੇ ਮਾਰੇ ਲੋਕ ਕਿਸੇ ਚੰਗੇ ਭਵਿਖ ਲਈ ਜੋਖਮ ਲੈ ਕੇ ਤੁਰੇ ਹਨ ।
19 ਦਿਨ 24 ਘੰਟੇ ਜਹਾਜ਼ ਪੇਸਿਫਿਕ ਮਹਾਂਸਾਗਰ ਦੇ ਪਾਣੀਆਂ ਵਿਚ ਸ਼ਰ੍ਹਰ ਸ਼ਰ੍ਹਰ ਕਰਦਾ ਕਨੇਡਾ
ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੇਨਕੂਵਰ ਵਲ ਚਲਦਾ ਰਿਹਾ । ਯਾਤਰੂਆਂ ਦੇ ਦਿਲਾਂ ਵਿਚ
ਬੜੀਆਂ ਆਸਾਂ ਉਮੀਦਾਂ ਸਨ ਆਪਣੇ ਹੀ ਦੇਸ਼ ਵਿਚੋਂ ਭੁੱਖ ਦੇ ਸਿਤਾਏ ਕਿਸੀ ਐਸੀ ਧਰਤੀ ਤੇ ਪੁੱਜ
ਜਾਣਗੇ ਜਿੱਥੇ ਕਿਸੇ ਕਨੂੰਨ ਦੀ ਗਲ ਹੂੰਦੀ ਹੋਵੇਗੀ ,ਜਿੱਥੇ ਖੁਨ ਪਸੀਨੇ ਦੀ ਕਮਾਈ ਦਾ ਸ਼ਾਇਦ
ਮੁੱਲ ਪੈਂਦਾ ਹੋਵੇਗਾ । ਆਖਿਰ 21 ਮਈ ਨੂੰ ਇਹ ਕਨੇਡਾ ਦੇ ਤੱਟ ਦੇ ਬਿਲਕੁਲ ਪਾਸ ਪਹੁੰਚ ਗਿਆ
।ਪਰ ਕਨੇਡਾ ਸਰਕਾਰ ਦੀਆਂ ਇਮੀਗ੍ਰੇਸ਼ਨ ਕਿਸ਼ਤੀਆਂ ਨੇ ਗੁਰੁ ਨਾਨਕ ਜਹਾਜ਼ ਨੂੰ ਅਗਾਉਂ ਆਣ
ਘੇਰਿਆ । ਘੇਰੇ ਵੇਲੇ ਜਹਾਜ਼ ਵਿਕਟੋਰੀਆ ਦੀ ਖਾੜੀ ਤੋਂ ਲਗਪਗ 70 ਮੀਲ ਦੂਰ ਸੀ ।ਹੁਕਮ ਦਿੱਤਾ
ਗਿਆ ਕਿ ਜਹਾਜ਼ ਵੈਨਕੂਵਰ ਖਾੜੀ ਤੋਂ 250 ਗਜ਼ ਦੀ ਵਿਥ ਤੇ ਰੁਕ ਜਾਵੇ ।ਕਿਸੇ ਦੇ ਕਿਸੇ ਵੀ
ਰਿਸ਼ਤੇਦਾਰ ਨੂੰ ਮਿਲਣ ਨਾ ਦਿੱਤਾ ਗਿਆ ਸਗੋਂ ਗੋਰੇ ਸਿਪਾਹੀ ਅੰਦਰ ਜਾ ਕੇ ਮੁਸਾਫਿਰਾਂ ਨੂੰ
ਡਰਾਂਦੇ ਧਮਕਾਂਦੇ ਰਹੇ ਅਤੇ ਬਾਹਰ ਆ ਕੇ ਗਲਤ ਖਬਰਾਂ ਛੱਡਦੇ ਰਹੇ ।ਪ੍ਰਵਾਸੀ ਅਧਿਕਾਰੀਆਂ
ਨੂੰ ਇਹ ਡਰ ਸੀ ਕਿ ਜੇ ਜਹਾਜ਼ ਵਿਚ ਵੇਨਕੂਵਰ ਤੋਂ ਯਾਤਰੂਆਂ ਦੇ ਰਿਸ਼ਤੇਦਾਰਾਂ ਨੂੰ ਮਿਲਣ
ਦਿੱਤਾ ਗਿਆ ਤਾਂ ਉਹ ਯਕੀਨਨ ਹੀ ਮੁਸਾਫਿਰਾਂ ਪਾਸ ਦੋ ਦੋ ਸੌ ਡਾਲਰ ਦੀ ਰਕਮ ਫੜਾ ਦੇਣਗੇ ਅਤੇ
ਕਨੇਡਾ ਪਹੁੰਚਣ ਤੇ 200 ਡਾਲਰ ਵਾਲੀ ਸ਼ਰਤ ਉਹ ਪੂਰੀ ਕਰ ਸਕਣਗੇ ।
ਸਰਦਾਰ ਗੁਰਦਿੱਤ ਸਿੰਘ ਨੇ ਪਹਿਲਾਂ ਹੀ ਐਡਵਰਡ ਬਰਡ ਨੂੰ ਆਪਣਾ ਵਕੀਲ ਕੀਤਾ ਹੋਇਆ ਸੀ ।ਦੂਜੇ
ਪਾਸੇ ਪਰਵਾਸੀ ਅਧਿਕਾਰੀ ਮੈਲਕਮ ਰੀਡ ਹਰ ਰੋਜ਼ ਸਖਤ ਤੋਂ ਸਖਤ ਹਦਾਇਤਾਂ ਜਾਰੀ ਕਰਦਾ ਸੀ
।ਜਹਾਜ਼ ਵਿਚ ਡੱਕੇ ਹੋਏ ਯਾਤਰੂਆਂ ਨਾਲ ਕੀ ਬੀਤ ਰਹੀ ਸੀ ਇਸ ਦੀ ਖਬਰ ਸਿਰਫ ਰੀਡ ਦੇ ਆਪਣੇ
ਅਮਲੇ ਦੇ ਬੰਦੇ ਹੀ ਦੱਸ ਸਕਦੇ ਸਨ ।ਵਕੀਲ ਬਰਡ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ ।ਉਹ ਪੂਰੀ
ਵਾਹ ਲਾ ਰਿਹਾ ਸੀ ਕਿ ਇਸ ਕੇਸ ਨੂੰ ਬਤੌਰ ਅਜ਼ਮਾਇਸ਼ੀ ਕੇਸ ਅਦਾਲਤ ਵਿਚ ਪਾਇਆ ਜਾਵੇ ਅਤੇ
ਅਦਾਲਤ ਹੀ ਫੈਸਲਾ ਕਰੇ ਕਿ ਮੁਸਾਫਿਰਾਂ ਨੂੰ ਦਾਖਲ ਹੋਣ ਦਿੱਤਾ ਜਾਵੇ ਜਾਂ ਵਾਪਸ ਮੋੜਿਆ
ਜਾਵੇ ।ਪਰਵਾਸੀ ਅਧਿਕਾਰੀ ਇਸ ਕਾਰਵਾਈ ਤੋਂ ਡਰਦੇ ਸਨ ਕਿਉਂਕਿ ਅਦਾਲਤ ਵਿਚ ਤਾਂ ਹਰ ਕਨੂੰਨ
ਨੂੰ ਚਣੌਤੀ ਦਿੱਤੀ ਜਾ ਸਕਦੀ ਸੀ । ਪ੍ਰਵਾਸੀ ਅਧਿਕਾਰੀ ਇਤਨੀ ਚੌਕਸੀ ਵਰਤਦੇ ਸਨ ਕਿ ਸਰਦਾਰ
ਗੁਰਦਿੱਤ ਸਿੰਘ ਨੂੰ ਉਸਦੇ ਵਕੀਲ਼ ਬਰਡ ਨੂੰ ਵੀ ਨਾ ਮਿਲਣ ਦਿੱਤਾ ਗਿਆ । ਉਨ੍ਹਾਂ ਦੀ
ਮੁਲਾਕਾਤ ਦਾ ਢੰਗ ਕੇਡਾ ਨਾਟਕੀ ਸੀ ਵਕੀਲ ਬਰਡ ਨੂੰ ਅਤੇ ਸਰਦਾਰ ਗੁਰਦਿੱਤ ਸਿੰਘ ਨੂੰ
ਵੱਖਰੀਆਂ-ਵੱਖਰੀਆਂ ਇਮੀਗ੍ਰੇਸ਼ਨ ਕਿਸ਼ਤੀਆਂ ਵਿਚ ਬਿਠਾ ਕੇ ਕਿਸ਼ਤੀਆਂ ਨੇੜੇ ਨੇੜੇ ਖੜਾਈਆਂ
ਗਈਆਂ ਅਤੇ ਪ੍ਰਵਾਸੀ ਅਧਿਕਾਰੀਆਂ ਦੀ ਸਖਤ ਨਿਗਰਾਨੀ ਹੇਠ ਗਲ ਬਾਤ ਕਰਵਾਈ ਗਈ ।ਇਹ ਕਿਤਨੀ
ਗੈਰ ਕਨੂੰਨੀ ਅਤੇ ਅਣ ਮਨੁੱਖੀ ਕਾਰਵਾਈ ਸੀ ।ਸਰਦਾਰ ਗੁਰਦਿੱਤ ਸਿੰਘ ਦੇ ਦਾਦ ਫਰਿਆਦ ਦੇ
ਸਾਰੇ ਰਾਹ ਬੰਦ ਕੀਤੇ ਗਏ ।
ਉਧਰ ਜਹਾਜ਼ ਵਿਚ ਵੇਨਕੂਵਰ ਸਥਿੱਤ ਪ੍ਰਵਾਸੀ ਵਿਭਾਗ ਵਿਚ ਇੱਕ ਅਧਿਕਾਰੀ ਵਿਲੀਅਮ ਹੌਪਕਿਨਸਨ
ਸੀ ।ਉਹ ਭਾਰਤ ਸਰਕਾਰ ਅਤੇ ਕਨੇਡਾ ਸਰਕਾਰ ਲਈ ਜਸੂਸੀ ਕਰਦਾ ਸੀ ।ਭਾਰਤ ਵਿਚ ਉਸਨੇ ਪੰਜਾਬ
ਪੁਲੀਸ ਵਿਚ ਨੌਕਰੀ ਕੀਤੀ ਹੋਈ ਸੀ ।ਉਹ ਪੰਜਾਬੀ ਚੰਗੀ ਤਰ੍ਹਾਂ ਬੋਲ ਸਕਦਾ ਸੀ ।ਪ੍ਰਵਾਸੀ
ਅਧਿਕਾਰੀ ਰੀਡ ਆਪਣੀ ਪੂਰੀ ਵਾਹ ਲਾ ਰਿਹਾ ਸੀ ਕਿ ਜਹਾਜ਼ ‘ਚ ਡੱਕੇ ਮੁਸਾਫਿਰਾਂ ਲਈ ਹਰ ਔਕੜ
ਖੜੀ ਕੀਤੀ ਜਾਵੇ । ਮੁਸਾਫਿਰ ਰਾਸ਼ਣ ਪਾਣੀ ਤੋਂ ਵੀ ਤੰਗ ਹੋਣ ਲੱਗੇ ।ਹਾਲਾਤ ਵੇਖਦਿਆਂ
ਵੈਨਕੂਵਰ ਵਿਚ ਵਸਦੇ ਭਾਰਤੀਆਂ ਨੇ ਮੀਟਿੰਗਾਂ ਕੀਤੀਆਂ ,ਪੈਸੇ ਇੱਕਠੇ ਕੀਤੇ ਅਤੇ ਪ੍ਰਾਈਵੇਟ
ਕਿਸ਼ਤੀਆਂ ਵਿਚ ਮੁਸਾਫਿਰਾਂ ਨੂੰ ਰਾਸ਼ਣ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ । ਭਾਰਤੀਆਂ ਦੇ ਇਸ
ਸਹਿਯੋਗ ਤੋਂ ਮੈਲਕਮ ਰੀਡ ਬਹੁਤ ਚਿੜ੍ਹ ਗਿਆ ਅਤੇ ਉਸਨੇ ਸੋਚਿਆ ਕਿ ਇਨ੍ਹਾਂ ਦਾ ਕੰਮ ਤਾਂ
ਸਰਦਾ ਜਾ ਰਿਹਾ ਏ ਅਤੇ ਜਹਾਜ਼ ਵਾਪਸ ਕਰਨ ਵਿਚ ਲੰਮੀ ਦੇਰੀ ਹੋ ਸਕਦੀ ਹੈ । ਸੋ ਉਸਨੇ
ਕਿਸ਼ਤੀਆਂ ਰਾਹੀਂ ਰਸਦ ਪਾਣੀ ਪਹੁੰਚਾਉਣਾ ਬੰਦ ਕਰਵਾ ਦਿੱਤਾ । ਐਡਵਰਡ ਬਰਡ ਨੇ ਪਰਵਾਸ
ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਕਿਉਂਕਿ ਜਹਾਜ਼ ਉਨ੍ਹਾਂ ਦੇ ਕਬਜ਼ੇ ਵਿਚ ਸੀ ਸੋ ਜਹਾਜ਼
ਵਿਚਲੇ ਮੁਸਫਿਰਾਂ ਦੀ ਦੇਖ ਭਾਲ ਅਤੇ ਖਾਣ ਪੀਣ ਦੇ ਪ੍ਰਬੰਧ ਦੀ ਜ਼ਿਮੇਵਾਰੀ ਉਨ੍ਹਾਂ ਦੀ ਬਣਦੀ
ਸੀ ।ਯਾਤਰੂ ਇਨ੍ਹਾਂ ਸਖਤ ਹਾਲਾਤਾਂ ‘ਚ ਮਰ ਮਿਟਣ ਨੂੰ ਤਿਆਰ ਸਨ ।ਪਰ ਪ੍ਰਵਾਸੀ ਅਧਿਕਾਰੀ
ਰੀਡ ਇ ਆਖਦਾ ਸੀ ਕਿ ਰਾਸ਼ਣ ਪਾਣੀ ਦੀ ਜ਼ਿਮੇਵਾਰੀ ਜਹਾਜ਼ ਦੇ ਮਾਲਕ ਦੀ ਸੀ । ਹਰ ਰੋਜ਼ ਨਵੀਆਂ
ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਸਨ ਕਿ ਜਹਾਜ਼ ਨੂੰ ਜਬਰਦਸਤੀ ਧੁਹ ਕੇ ਖਾੜੀ ਵਿਚੋਂ ਬਾਹਰ
ਕੱਢ ਦਿੱਤਾ ਜਾਵੇਗਾ ।
ਪਹਾੜ ਗੰਜ ਦਿੱਲੀ ਦਾ ਇਕ ਵਾਕਿਆ ਹੈ । ਮਾੜਕੂ ਜਿਹੇ ਬਲਦ ਨਾਲ ਖਿੱਚੀ ਜਾਣ ਵਾਲੀ ਗੱਡੀ ਵਿਚ
ਕੋਈ ਸਬਜ਼ੀਆਂ ਵੇਚ ਰਿਹਾ ਸੀ । ਉਸ ਰੇਹੜੇ ਉੱਪਰ ਕੁੱਝ ਸਬਜ਼ੀਆਂ ਬਚੀਆਂ ਹੋਈਆਂ ਸਨ ।ਗਾਜਰਾਂ,
ਪਾਲਕ, ਮੇਥੇ , ਖੀਰੇ ਅਤੇ ਕੁੱਝ ਹੋਰ ਹਰੀਆਂ ਸਬਜ਼ੀਆਂ ਸਨ ।ਬੈਲ ਨੂੰ ਉਹ ਸੋਟੀਆਂ ਮਾਰ ਮਾਰ
ਤੋਰ ਰਿਹਾ ਸੀ ।ਕੋਲੋਂ ਦੀ ਲੰਘਦਾ ਕੋਈ ਯੂਰਪੀਅਨ ਗੋਰਾ ਸਬਜ਼ੀਆਂ ਵਾਲੇ ਪਾਸ ਰੁਕ ਗਿਆ ਅਤੇ
ਉਸ ਨੇ ਪੁੱਛਿਆ ਕਿ ਤੇਰੇ ਰੇਹੜੇ ਦੀਆਂ ਸਾਰੀਆਂ ਸਬਜ਼ੀਆਂ ਜੇ ਮੈ ਲੈਣਾਂ ਚਾਹਾਂ ਤਾਂ ਕਿਨੇ
ਪੈਸੇ ਲਵੇਂਗਾ ।ਰੇਹੜੇ ਵਾਲੇ ਨੇ ਉੱਤਰ ਦਿੱਤਾ 200 ਰੁਪਏ ।ਉਸ ਗੋਰੇ ਨੇ ਝੱਟ ਪੈਸੇ ਦਿੱਤੇ
ਅਤੇ ਸਾਰੀਆਂ ਸਬਜ਼ੀਆਂ ਬੋਰੀ ਦੀ ਇਕ ਪੱਲੀ ਵਿਚ ਪੁਆ ਲਈਆਂ ।ਸਬਜ਼ੀਆਂ ਦੀ ਪੱਲੀ ਉਸ ਮਾੜਕੂ
ਬਲਦ ਮੁਹਰੇ ਖੋਹਲ ਦਿੱਤੀ ।ਬਲਦ ਚਪ੍ਹਲ-ਚਪ੍ਹਲ ਖਾਣ ਲਗ ਪਿਆ । ਸਬਜ਼ੀਆਂ ਵੇਚਣ ਵਾਲਾ ਵੇਖ ਕੇ
ਬਹੁਤ ਅਸਚਰਜ ਹੋਇਆ । ਉਸ ਗੋਰੇ ਦਾ ਕੀ ਮੰਤਵ ਸੀ ਕਿਹਾ ਨਹੀਂ ਜਾ ਸਕਦਾ ।ਹੋ ਸਕਦਾ ਹੈ ਉਹ
ਇਹ ਦੱਸਣਾ ਚਾਹੁੰਦਾ ਹੋਵੇ ਕਿ ਗਊ ਪੂਜਾ ਤੋਂ ਪਹਿਲਾ ਉਤਮ ਕੰਮ ਗਊ ਦਾ ਢਿੱਡ ਭਰਨਾ ਹੈ ।
ਜਾਂ ਫਿਰ ਕਿਸੇ ਵੀ ਭੁੱਖ ਨਾਲ ਵਲਿਕਦੇ ਨੂੰ ਉਹ ਵੇਖ ਨਾ ਸਕਦਾ ਹੋਵੇ । ਪਰ ਮੈਨੂੰ ਬੜੀ
ਹੈਰਾਨੀ ਹੁੰਦੀ ਹੈ ਕਿ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਨੂੰ ਰੋਟੀ ਪਾਣੀ ਦੀ ਕਿੱਲਤ ਨਾਲ
ਤੜਫਦਿਆਂ ਤੱਕ ਕੇ ਰੀਡ ਅਤੇ ਐਮ ਪੀ ਐਚ ਐਚ ਸਟੀਵਨ ਵਰਗਿਆਂ ਗੋਰਿਆਂ ਦੇ ਦਿਲ ਕਿਤਨੇ ਕਠੋਰ
ਹੋ ਚੁੱਕੇ ਸਨ ਕਿ ੳਹਨਾਂ ਨੇ ਜਹਾਜ਼ ਅੰਦਰ ਔਰਤਾਂ ਅਤੇ ਬੱਚਿਆਂ ਤੇ ਵੀ ਤਰਸ ਨਾ ਕੀਤਾ । ਜਦ
ਕਿ ਆਪ ਹਰ ਰੋਜ਼ ਬਾਰਾਂ ਵਿਚ ਹਰ ਤਰ੍ਹਾਂ ਦੇ ਭੋਜਨ ਖਾਂਦੇ ਅਤੇ ਨਸ਼ੇ ਪੀਂਦੇ ਸਨ । ਪਰ
ਉਨ੍ਹਾਂ ਦੇ ਦਿਲਾਂ ਵਿਚ ਵ੍ਹਾਈਟ ਸਪਰਮੇਸੀ ਦੀ ਪੂਰੀ ਪਾਣ ਚੜ੍ਹੀ ਹੋਈ ਸੀ ।
19 ਜੁਲਾਈ ਨੂੰ ਰਾਤੀਂ 1.30 ਵਜੇ ਹਾਪਕਿਨਸਨ ਪੁਲਿਸ ਦੀਆਂ ਧੂਹਵੀਆਂ ਕਿਸ਼ਤੀਆਂ ਲੈ ਕੇ ਆਇਆ
। ਸੱਭ ਤੋਂ ਵੱਡੀ ਕਿਸ਼ਤੀ ਨਾਲ ਉਸ ਨੇ ਜਹਾਜ਼ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ।ਇਸ ਘਟਨਾ ਵਿਚ
ਐਚ. ਐਚ.ਸਟੀਵਨ ਅਤੇ 125 ਹੋਰ ਅਧਿਕਾਰੀ ਵੀ ਨਾਲ ਸਨ ।ਮੁਸਾਫਿਰਾਂ ਨੇ ਭੱਠੀ ਦੀਆਂ ਇੱਟਾਂ ,
ਕੋਇਲੇ ਦੇ ਡਲੇ , ਮਸ਼ੀਨ ਦੇ ਪੁਰਜੇ, ਲੋਹੇ ਦੀਆਂ ਸੀਖਾਂ ਡੰਡੇ ਆਦਿਕ ਜੋ ਵੀ ਹੱਥ ਲੱਗਾ
ਮੋੜਵਾਂ ਜੁਵਾਬ ਦਿੱਤਾ ।ਇਸ ਨਾਲ ਪ੍ਰਵਾਸੀ ਅਧਿਕਾਰੀ ਕੁੱਝ ਸੱਟਾਂ ਚੋਟਾਂ ਅਤੇ ਨਮੋਸ਼ੀ ਦੇ
ਮਾਰੇ ਵਾਪਿਸ ਪਰਤ ਗਏ ।ਉਸ ਤੋਂ ਬਾਦ ਨਵੀਂ ਤਰਕੀਬ ਨਾਲ ਕਨੇਡੀਅਨ ਨੇਵੀ ਦੇ ਲੜਾਕੂ ਜਹਾਜ਼
ਰੇਨਬੋਅ ਨੂੰ ਲਿਆਂਦਾ ਗਿਆ ।ਹਾਣ ਹਾਲਾਤ ਹੋਰ ਗੰਭੀਰ ਹੋ ਗਏ ।ਸਰਦਾਰ ਗੁਰਦਿੱਤ ਹੋਰਾਂ ਤੇ
ਵਾਪਸ ਮੁੜ ਜਾਣ ਲਈ ਦਬਾਅ ਵਧਣ ਲੱਗਾ ।ਮੁਸਾਫਿਰਾਂ ਨੇ ਸ਼ਰਤਾਂ ਰੱਖੀਆਂ ਕਿ ਜਹਾਜ਼ ਵਿਚ
ਪਹਿਲਾਂ ਲੋੜੀਂਦਾ ਰਾਸ਼ਣ ਪਾਣੀ ਅਤੇ ਤੇਲ ਆਦਿ ਭਰਿਆ ਜਾਵੇ ਤਾਂ ਵਾਪਸੀ ਦਾ ਕੋਈ ਨਿਰਣਾ ਕੀਤਾ
ਜਾਵੇਗਾ ਅਤੇ ਜਹਾਜ਼ ਨੂੰ ਗਰਮ ਕੀਤਾ ਜਾਵੇਗਾ । ਆਖੀਰ ਸ਼ਰਤਾ ਮੰਨ ਕੇ ਸਾਰਾ ਸਾਮਾਨ ਮਹੱਈਆ
ਕਰਵਾਇਆ ਗਿਆ ਅੰਤ ਨੂੰ ਕਾਮਾਗਾਟਾ ਮਾਰੂ 23 ਜੁਲਾਈ ਨੂੰ ਵੈਨਕੂਵਰ ਤੋਂ ਵਾਪਿਸ ਤੁਰ ਪਿਆ ।
ਲਗਪਗ ਦੋ ਮਹੀਨੇ ਦੇ ਇਸ ਠਹਿਰਾ ਨੇ ਸੰਸਾਰ ਦੀ ਸਿਆਸਤ , ਸਾਮਰਾਜੀ ਹੈਕੜਬਾਜੀ , ਅਤੇ ਅਖੌਤੀ
ਜਮਹੂਰੀਅਤ ਉਪਰ ਕਈ ਸਵਾਲ ਖੜੇ ਕਰ ਦਿੱਤੇ ।
16 ਅਗਸਤ ਨੂੰ ਜਹਾਜ਼ ਯੁਕੋਹਾਮਾ ਪਹੁੰਚ ਗਿਆ ।ਉਦੋਂ ਸਾਨਫ੍ਰਾਂਸਿਸਕੋ ਤੋਂ ਸੋਹਣ ਸਿੰਘ ਭਕਨਾ
ਵੀ ਯੋਕੋਹਾਮਾ ਪਹੁੰਚਿਆ ਹੋਇਆ ਸੀ । ੳਸਨੂੰ ਇਹਸਾਸ ਸੀ ਕਿ ਭਾਰਤ ਪਹੁੰਚਣ ਤੇ ਕੀ ਬੀਤੇਗੀ
ਉਸਨੇ ਜਹਾਜ਼ ਵਿਚ ਇਕ ਸੌ ਪਿਸਤੌਲ ਅਤੇ ਕੁੱਝ ਗੋਲੀ ਸਿੱਕਾ ਭਰ ਦਿਤਾ ।ਅਗਸਤ ਵਿਚ ਬ੍ਰਤਾਨਵੀ
ਸਰਕਾਰ ਪਹਿਲੇ ਸੰਸਾਰ ਯੁੱਧ ਵਿਚ ਕੁ ੱਦ ਚੁੱਕੀ ਸੀ ।21 ਅਗਸਤ ਨੂੰ ਕੋਬੇ ਅਤੇ 16 ਅਗਸਤ
ਨੂੰ ਜਹਾਜ਼ ਸਿੰਘਾਪੁਰ ਪਹੁੰਚ ਗਿਆ । 26 ਸਤੰਬਰ ਨੂੰ ਜਹਾਜ਼ ਕਲਕੱਤੇ ਪਹੁੰਚ ਗਿਆ । ਜਹਾਜ਼
ਨੂੰ ਬੰਦਰਗਾਹ ਤੇ ਪਹੁੰਚਣ ਤੋਂ ਪਹਿਲਾਂ ਹੀ ਯੂਰਪੀਅਨ ਹਥਿਆਰ ਬੰਦ ਕਿਸ਼ਤੀਆਂ ਨੇ ਰੋਕ ਲਿਆ
ਅਤੇ ਬਜ ਬਜ ਘਾਟ ਲੈ ਗਏ ਜੋ ਕਿ ਕਲਕੱਤੇ ਤੋਂ 17 ਮੀਲ ਦੂਰ ਹੈ । 27 ਅਤੇ 28 ਸਤੰਬਰ ਨੂੰ
ਜਹਾਜ਼ ਦੀ ਪੂਰੀ ਤਲਾਸ਼ੀ ਹੁੰਦੀ ਰਹੀ ।29 ਸਤੰਬਰ ਵਾਲੇ ਦਿਨ ਬਜ ਬਜ ਘਾਟ ਤੇ ਜਿਹੜਾ ਵਾਕਿਆ
ਵਾਪਰਿਆ ਉਹ ਤਾਂ ਦਿਲਾਂ ਨੂੰ ਵਲੂੰਦਰਣ ਵਾਲਾ ਹੈ ।ਪੂਰੀ ਤਾਲਾਸ਼ੀ ਹੋਣ ਦੇ ਬਾਬਜੂਦ ਕਿਸੇ
ਬੰਦੇ ਪਾਸੋਂ ਕੋਈ ਵੀ ਇਤਰਾਜ਼ ਵਾਲੀ ਵਸਤੂ ਨਾ ਲੱਭ ਸਕੀ । ਸਰਕਾਰ ਨੂੰ ਡਰ ਸੀ ਕਿ ਕਾਮਾਗਾਟਾ
ਮਾਰੂ ਦੇ ਸਾਰੇ ਲੋਕ ਗਦਰ ਪਾਰਟੀ ਦੇ ਹੀ ਬੰਦੇ ਹੋਣਗੇ । ਪੁਲਿਸ ਦੀਆਂ ਗੱਡੀਆਂ ਪਹਿਲਾਂ ਹੀ
ਤਿਆਰ ਸਨ ।ਜਹਾਜ਼ੋਂ ਉਤਰੇ ਬੰਦਿਆਂ ਨੂੰ ਸਰਕਾਰ ਪੰਜਾਬ ਲਿਜਾਣਾ ਚਾਹੁੰਦੀ ਸੀ ।ਪਰ ਲੋਕੀਂ
ਪੰਜਾਬ ਜਾਣ ਨੂੰ ਤਿਆਰ ਨਹੀਂ ਸਨ । ਉਹ ਕਲਕੱਤੇ ਰੁਕਣਾ ਚਾਹੁੰਦੇ ਸਨ ।ਪਹਿਲਾ ਕਾਰਨ ਸੀ ਕਿ
ਉਹ ੳੱਥੇ ਕੋਈ ਕੰਮ ਲੱਭਣਾ ਚਾਹੁੰਦੇ ਸਨ ਦੂਜੇ ਉਹ ਗਵਰਨਰ ਨੂੰ ਮਿਲਣਾ ਚਾਹੁੰਦੇ ਸਨ ।
ਪੁਲਿਸ ਨਾਲ ਕਾਫੀ ਬਹਿਸ ਹੋਈ ।ਸੰਧਿਆ ਹੋ ਚੁੱਕੀ ਸੀ ।ਲੋਕੀਂ ਰਹਿਰਾਸ ਸਾਹਿਬ ਦਾ ਪਾਠ ਕਰ
ਰਹੇ ਸਨ । ਕਿਸੇ ਅਧਿਕਾਰੀ ਨੇ ਸ. ਗੁਰਦਿੱਤ ਸਿੰਘ ਨੂੰ ਬੜੇ ਖਰ੍ਹਬੇ ਸ਼ਬਦਾਂ ਨਾਲ ਵਾਜ ਮਾਰੀ
।ਜਿਸ ਤੇ ਸੰਗਤ ਵਿਚੋਂ ਲੋਕ ਵੀ ਤਲਖੀ ਵਿਚ ਆ ਗਏ ।ਉਹ ਤਾਂ ਕਈ ਮਹੀਨਿਆਂ ਤੋਂ ਗੋਰਿਆਂ ਦੇ
ਵਤੀਰੇ ਤੋਂ ਪਹਿਲਾਂ ਹੀ ਸੜੇ ਭੁੱਜੇ ਪਏ ਸਨ ।ਗਲ ਇਤਨੀ ਵਧ ਗਈ ਕਿ ਪੁਲਿਸ ਨੇ ਗੋਲੀ ਚਲਾ
ਦਿੱਤੀ ।20 ਬੰਦੇ ਮਾਰੇ ਗਏ,9 ਹਸਪਤਾਲ ਲਿਜਾਏ ਗਏ। ੱਿੲੱਕ ਪਾਣੀ ਵਿਚ ਡੁਬ ਗਿਆ ਅਤੇ 202
ਨੂੰ ਜੇਲ ਭੇਜ ਦਿੱਤਾ ਗਿਆ । ਰੋਟੀ ਲਈ ਜ਼ਮੀਨਾਂ ਗਹਿਣੇ ਵੇਚ ਕੇ ਕੰਮ ਦੀ ਖਾਤਰ ਨਿਕਲੇ ਲੋਕ
ਜੇਲਾਂ ਅਤੇ ਫਿਰ ਕਾਲੇ ਪਾਣੀ ਪਹੁੰਚ ਗਏ । ਇਹ ਹੈ ਸੰਖੇਪ ਜਿਹਾ ਨਕਸ਼ਾ ਕਿ ਕਿਵੇਂ ਫਰੰਗੀਆਂ
ਨੇ ਬੇਕਸੂਰ ਬੰਦਿਆਂ ਉੱਪਰ ਤਸ਼ੱਦਦ ਕੀਤੇ ।
ਵਰਤਮਾਨ ਵਲ ਝਾਤੀ ਮਾਰਿਆਂ ਸੰਸਾਰ ਦੇ ਅਜੋਕੇ ਹਾਲਤਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ
ਰੋਜ਼ ਵਾਪਰ ਰਹੀਆਂ ਹਨ ।ਕਿਧਰੇ ਮੈਕਸੀਕੋ ਦੀ ਹੱਦ ਟੱਪਣ ਲਈ ਲੋਕ ਅੱਡੀਆਂ ਚੁਕ ਚੁਕ ਮੌਤ
ਸਹੇੜ ਕੇ ਅਮ੍ਰੀਕਾ ਵਿਚ ਵੜਨਾ ਚਾਹੁੰਦੇ ਹਨ ।ਕਿਧਰੇ ਇਟਲੀ ਦੇ ਤੱਟ ਤੋਂ ਲੋਕ ਕਿਸ਼ਤੀਆਂ
ਰਾਹੀਂ ਯੂਰਪ ਵਿਚ ਦਾਖਲ ਹੋਣ ਦਾ ਯਤਨ ਕਰਦੇ ਹਨ । ਤੀਜੀ ਦੁਨੀਆ ਦੇ ਲੋਕ ਲੱਖਾਂ ਰੁਪਏ ਖਰਚ
ਕੇ ਏਜੰਟਾਂ ਰਾਹੀਂ ਕਿਸੇ ਉੰਨਤ ਦੇਸ ਵਿਚ ਚਲੇ ਜਾਣ ਦਾ ਸਫਲ ਅਸਫਲ ਯਤਨ ਕਰਦੇ ਹਨ । ਇਸ
ਕਿਰਿਆ ਨੂੰ ਰੋਕਣ ਲਈ ਸਰਕਾਰਾਂ ਵੱਡੀਆਂ-ਵੱਡੀਆਂ ਰਕਮਾਂ ਖਰਚ ਕੇ ਆਪਣੀਆਂ ਹੱਦਾਂ ਤੇ
ਉਚੇਚੀਆਂ ਪ੍ਰਵਾਸੀ ਗਸ਼ਤੀ ਪੁਲਿਸ ਟੁਕੜੀਆਂ , ਕਿਸ਼ਤੀਆਂ ਅਤੇ ਹੋਰ ਅਮਲਾ ਲਾ ਰਹੀਆਂ ਹਨ । ਪਰ
ਫਿਰ ਵੀ ਲੋਕ ਹੱਦਾਂ ਪਾਰ ਕਰ ਹੀ ਜਾਂਦੇ ਹਨ । ਮੇਰੀ ਜਾਚੇ ਇਸ ਦਾ ਮੂਲ ਕਾਰਨ ਵਿਸ਼ਵੀਕਰਨ ਦੇ
ਨਵੇਂ ਏਜੰਡੇ ਨਾਲ ਦੁਨੀਆ ਦਾ ਗਲਤ ਆਰਥਿਕ ਵਿਕਾਸ ਹੀ ਹੈ । ਅੰਤਰ ਰਾਸ਼ਟਰੀ ਕੰਪਨੀਆਂ ਦੁਨੀਆ
ਦੇ ਹਰ ਖਿੱਤੇ ਵਿਚੋਂ ਹਰਿਆਵਲ ਚੱਟਣ ਦਾ ਯਤਨ ਕਰਦੀਆਂ ਹਨ ।ਉੱਥੋਂ ਦੇ ਸਥਾਨੀ ਲੋਕਾਂ ਲਈ
ਪੱਕੇ ਅਤੇ ਲਾਹੇਵੰਦ ਰੁਜ਼ਗਾਰ ਪੈਦਾ ਨਹੀਂ ਕਰਦੀਆਂ ।ਕੌਮਾਂਤਰੀ ਬੈਠਕਾਂ ਵਿਚ ਇਸ ਗੁੱਥੀ ਨੂੰ
ਸੁਲਝਾਉਣ ਲਈ ਉਚੇਚੇ ਯਤਨ ਹੋਣੇ ਚਾਹੀਦੇ ਹਨ ਅਤੇ ਇਹ ਗਲ ਬਿਲਕੁਲ ਵਿਸਾਰਨੀ ਨਹੀਂ ਚਾਹੀਦੀ
ਕਿ ਜੇ ਸੱਭ ਨੂੰ ਬਰਾਬਰ ਵੰਡਿਆ ਜਾਵੇ ਤਾਂ ਵੰਡਣ ਵਾਲੇ ਨੂੰ ਵੀ ਕੋਈ ਘਾਟਾ ਨਹੀਂ ਰਹੇਗਾ
ਉਸਨੂੰ ਵੀ ਬਰਾਬਰ ਹੀ ਮਿਲੇਗਾ । ਮੈਨੂੰ ਯਕੀਨ ਹੈ ਇਸ ਨਾਲ ਪੂਰੀ ਦੁਨੀਆਂ ਵਿਚ ਭ੍ਰਾਤਰੀ
ਭਾਵ ਵਧੇਗਾ, ਦੇਸਾਂ ਦੇਸਾਂ ਦੀਆਂ ਖੁੰਦਕਾਂ ਘਟਣਗੀਆਂ ,ਧਰਤੀ ਦੇ ਹਰ ਬਸ਼ਰ ਦਾ ਇਕ ਇਕ ਤਾਣ
ਅਤੇ ਇਕ ਇਕ ਪ੍ਰਾਣ ਧਰਤੀ ਮਾਂ ਦੀਆਂ ਅੱਖਾਂ ਸਾਹਮਣੇ ਕਿਸੇ ਭੱਖੇ ਨੂੰ ਰੋਟੀ ਖੁਣੋਂ ਮਰਨ
ਨਹੀਂ ਦੇਵੇਗਾ ।ਕਤਲੋ ਗਾਰਦ ਨੂੰ ਰੋਕਣਾ ਹੀ ਪ੍ਰਭੂ ਭਗਤੀ ਸਮਝਿਆ ਜਾਵੇਗਾ । ਇਹੋ ਧਰਤੀ ਮਾਂ
ਜਿਹਦੇ ਨੈਣ ਨਕਸ਼ ਗੋਲੀਆਂ ਅਤੇ ਪ੍ਰਮਾਣੂ ਵਿਸਫੋਟਾਂ ਨਾਲ ਨ੍ਹੁੰਦਰੇ ਪਏ ਹਨ , ਇਕ ਨਵੇਂ
ਜੋਬਨ ਅਤੇ ਨਵੇਂ ਜਲੌਅ ਵਿਚ ਆਪਣੇ ਹਰ ਜੀਵ ਜੰਤੂ ਨੂੰ ਇਤਨਾ ਰਜਾ ਅਤੇ ਹਸਾ ਦੇਵੇਗੀ ਕਿ
ਤਲਵਾਰਾਂ ਦੀ ਤਾੜ ਤਾੜ, ਗੋਲੀਆਂ ਦੀ ਕਾੜ ਕਾੜ ਦੀ ਥਾਏਂ ਨਵੇਂ ਸੰਗੀਤ ਅਤੇ ਨਵੀਆਂ ਧੁਨੀਆਂ
ਗਾਈਆਂ ਜਾਣਗੀਆਂ । ਇਹੋ ਧਰਤੀ ਸਵਰਗ ਬਣ ਜਾਵੇਗੀ ।ਖੁਦਾ ਅਤੇ ਖੁਦਾ ਦੇ ਬੰਦੇ ਰਲ ਕੇ ਰਕਸ
ਕਰਨਗੇ ਅਤੇ ਇਸ ਰਕਸ ਵਿਚੌਂ ਕਿਸੇ ਦਾ ਜਾਣ ਨੂੰ ਦਿਲ ਨਹੀਂ ਕਰੇਗਾ ।
ਉਕਾਰ ਸਿੰਘ ਡੁਮੇਲੀ
ਪ੍ਰਧਾਨ, ਪੰਜਾਬੀ ਸਾਹਿਤ ਅਕਾਦਿਮੀ
ਨਿਊਯਾਰਕ ਫੋਨ 1 347 476 1604
-0-
|