ਸੈਮੁਅਲ ਬੇਕਰ ਨੂੰ ਸ਼ਾਹੀ
ਪਰਿਵਾਰ ਜਾਂ ਮਹਾਂਰਾਜੇ ਦੇ ਸਲਾਹਕਾਰ ਕਿੰਨਾ ਵੀ ‘ਭੈੜਾ ਸਾਥ’ ਮੰਨਦੇ ਹੋਣ ਪਰ ਮਹਾਂਰਾਜਾ
ਹੁਣ ਬਾਲਗ ਸੀ ਤੇ ਮਰਜ਼ੀ ਕਰਨ ਦਾ ਅਧਿਕਾਰੀ ਬਣ ਚੁੱਕਾ ਸੀ। ਸੈਮੂਅਲ ਨੇ ਸਿ਼ਕਾਰਗਾਹਾਂ ਦਾ
ਅਜਿਹਾ ਨਕਸ਼ਾ ਮਹਾਂਰਾਜੇ ਸਾਹਮਣੇ ਰਖਿਆ ਸੀ ਕਿ ਉਸ ਦੇ ਅੰਦਰਲਾ ਸਿ਼ਕਾਰੀ ਕਾਹਲਾ ਪੈ ਰਿਹਾ
ਸੀ। ਇਕ ਸਲਾਹਕਾਰ ਨੇ ਉਸ ਨੂੰ ਕਿਹਾ ਵੀ ਕਿ ਜਿਹੜੇ ਤਜਰਬੇ ਦੀ ਸੈਮੂਅਲ ਗੱਲ ਕਰ ਰਿਹਾ ਹੈ,
ਓਸ ਤਜਰਬੇ ਦਾ ਉਹ ਮਾਲਕ ਨਹੀਂ, ਬਲਕਿ ਉਹ ਗੱਪਾਂ ਮਾਰ ਰਿਹਾ ਹੈ ਪਰ ਮਹਾਂਰਾਜੇ ਨੇ ਇਕ ਨਾ
ਸੁਣੀ। ਮਹਾਂਰਾਣੀ ਨੇ ਵੀ ਮਹਾਂਰਾਜੇ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਨਿਸਫਲ। ਪਰਿੰਸ ਔਫ
ਵੇਲਜ਼ ਨੂੰ ਵੀ ਉਸ ਨੇ ਲਾਗੇ ਨਾਲ ਲਗਣ ਦਿਤਾ। ਉਸ ਨੇ ਸੈਮੂਅਲ ਨਾਲ ਸਾਰਾ ਪ੍ਰੋਗਰਾਮ ਤੈਅ
ਕਰ ਰਖਿਆ ਸੀ। ਡੈਨੂਬ ਦਰਿਆ ਯੌਰਪ ਦਾ ਦੂਜੇ ਨੰਬਰ ਦਾ ਵੱਡਾ ਦਰਿਆ ਸੀ। ਇਹ ਦਰਿਆ ਮੱਛੀ ਦੇ
ਸਿ਼ਕਾਰ ਲਈ ਵਿਸ਼ੇਸ਼ ਤੌਰ ਤੇ ਜਾਣਿਆਂ ਜਾਂਦਾ ਸੀ ਤੇ ਇਸ ਦੇ ਆਲੇ ਦੁਆਲੇ ਦੇ ਜੰਗਲ ਵੀ
ਸਿ਼ਕਾਰ ਲਈ ਮਸ਼ਹੂਰ ਸਨ। ਇਹਨਾਂ ਜੰਗਲਾਂ ਵਿਚ ਕਈ ਕਿਸਮ ਦੇ ਜਾਨਵਰ ਪਾਏ ਜਾਂਦੇ ਸਨ ਜਿਹਨਾਂ
ਬਾਰੇ ਸੈਮ ਬੇਕਰ ਬਹੁਤ ਚੜ੍ਹਾ ਵਧਾ ਕੇ ਗੱਲਾਂ ਕਰਿਆ ਕਰਦਾ। ਉਹ ਦਾਅਵਾ ਕਰਦਾ ਕਿ ਨੀਲ-ਗਾਂ
ਦੇ ਬਰਾਬਰ ਭੱਜ ਕੇ ਉਸ ਦੇ ਗੋਲੀ ਮਾਰ ਸਕਦਾ ਸੀ। ਮਹਾਂਰਾਜਾ ਵੀ ਇਹੋ ਕਰਤੱਵ ਕਰ ਕੇ
ਦਿਖਾਉਣਾ ਚਾਹੁੰਦਾ ਸੀ। ਸੈਮੂਅਲ ਬੇਕਰ ਦਾਅਵਾ ਕਰਦਾ ਕਿ ਇਕ ਗੋਲੀ ਨਾਲ ਹੀ ਪੰਛੀਆਂ ਦੀ
ਪੂਰੀ ਡਾਰ ਮਾਰ ਸਕਦਾ ਸੀ, ਮਹਾਂਰਾਜਾ ਵੀ ਇਹੋ ਕੁਝ ਕਰ ਕੇ ਦਿਖਾਉਣਾ ਚਾਹੁੰਦਾ ਸੀ।
ਮਹਾਂਰਾਜਾ ਡੈਨੂਬ ਦਰਿਆ ਤੋਂ ਬਾਅਦ ਨੀਲ ਦਰਿਆ ਕੰਢੇ ਸਿ਼ਕਾਰ ਖੇਡਣਾ ਚਾਹੁੰਦਾ ਸੀ। ਸੈਮੂਅਲ
ਆਪਣੇ ਆਪ ਨੂੰ ਨੀਲ ਦਰਿਆ ਦਾ ਮਾਹਿਰ ਹੀ ਕਿਹਾ ਕਰਦਾ ਸੀ।
ਮਹਾਂਰਾਜੇ ਤੇ ਸੈਮੁਅਲ ਬੇਕਰ ਦੀ ਡੈਨੂਬ ਦਰਿਆ ਦੀ ਯਾਤਰਾ ਵਿਆਨਾ ਦੇ ਨੇੜਿਓਂ ਸ਼ੁਰੂ ਹੋਈ।
ਜੇਕਰ ਸਿ਼ਕਾਰ ਨਾ ਵੀ ਖੇਡਣਾ ਹੋਵੇ ਤਾਂ ਵੀ ਇਹ ਦਰਿਆ ਆਪਣੇ ਦੁਆਲੇ ਦੇ ਮਨਮੋਹਕ ਨਜ਼ਾਰਿਆਂ
ਕਾਰਨ ਵੀ ਮਸ਼ਹੂਰ ਸੀ। ਲੋਕ ਇਸ ਦਰਿਆ ਵਿਚ ਸਟੀਮਰ ਲੈ ਕੇ ਉਪਰ ਤੋਂ ਹੇਠਾਂ ਤਕ ਦਾ ਚਕਰ
ਲਗਾਉਂਦੇ ਤੇ ਛੁੱਟੀਆਂ ਬਤੀਤ ਕਰਦੇ। ਇਹ ਦਰਿਆ ਚੈਕੋਸਲਵਾਕੀਆ ਤੋਂ ਲੈ ਕੇ ਜਰਮਨੀ, ਔਸਟਰੀਆ,
ਹੰਗਰੀ, ਸਰਬੀਆ, ਰੁਮਾਨੀਆਂ, ਬੁਲਗਾਰੀਆ, ਟਰਕੀ ਤਕ ਆਉਂਦਾ ਸੀ। ਲਗਭਗ ਦੋ ਹਜ਼ਾਰ ਮੀਲ ਦਾ
ਸਫਰ ਤਹਿ ਕੀਤਾ ਜਾ ਸਕਦਾ ਸੀ। ਗਰਮੀਆਂ ਵਿਚ ਯਾਤਰੀ ਲੋਕ ਡੈਨੂਬ ਦੇ ਇਸ ਪੂਰੇ ਸਫਰ ਵਿਚੋਂ
ਜਿੰਨੇ ਸਫਰ ਦਾ ਵੀ ਚਾਹੁਣ ਲੁਤਫ ਲੈ ਸਕਦੇ ਸਨ। ਸਰਦੀਆਂ ਨੂੰ ਦਰਿਆ ਦੇ ਕਈ ਥਾਵਾਂ ਤੋਂ ਜੰਮ
ਜਾਣ ਦਾ ਖਤਰਾ ਰਹਿੰਦਾ ਸੀ। ਮਹਾਂਰਾਜੇ ਦਾ ਮਨਸੂਬਾ ਤਾ ਵਿਆਨਾ ਤੋਂ ਸ਼ੁਰੂ ਹੋ ਕੇ ਧੁਰ
ਬਲੈਕ-ਸੀ ਤਕ ਜਾਣ ਦਾ ਸੀ ਜਿਥੇ ਜਾ ਕੇ ਡੈਨੂਬ ਦਰਿਆ ਮੁਕਦਾ ਸੀ।
ਮਹਾਂਰਾਜੇ ਦੇ ਲੰਡਨ ਤੋਂ ਤੁਰਦਿਆਂ ਹੀ ਅਖ਼ਬਾਰਾਂ ਵਾਲੇ ਵੀ ਕੋਈ ਨਵੀਂ ਗੱਲ ਲੱਭਣ ਲਈ ਉਸ
ਦੇ ਪਿੱਛੇ ਹੋ ਤੁਰੇ। ਆਏ ਦਿਨ ਕੋਈ ਨਾ ਕੋਈ ਉਸ ਬਾਰੇ ਉਲਟੀ-ਸਿਧੀ ਖ਼ਬਰ ਛਪਦੀ। ਕਦੇ ਉਸ ਦੇ
ਫਲੋਰੈਂਸ ਫਿਨੀਅਨ ਨਾਂ ਦੀ ਔਰਤ ਨਾਲ ਪ੍ਰੇਮ ਸਬੰਧਾਂ ਬਾਰੇ ਕਿੱਸੇ ਘੜੇ ਜਾਂਦੇ ਤੇ ਕਦੇ ਉਸ
ਦੀ ਕਿਸੇ ਹੋਰ ਗੱਲ ਦਾ ਮਜ਼ਾਕ ਉਡਾਇਆ ਹੋਇਆ ਹੁੰਦਾ। ਮਹਾਂਰਾਜਾ ਇਹਨਾਂ ਗੱਲਾਂ ਦਾ ਫਿਕਰ
ਨਹੀਂ ਸੀ ਕਰਦਾ ਪਰ ਸੈਮੁਅਲ ਬੇਕਰ ਨੇ ਇਹ ਗੱਲਾਂ ਪਹਿਲਾਂ ਨਾ ਦੇਖੀਆਂ ਹੋਣ ਕਰਕੇ ਕਈ ਗੱਲਾਂ
ਨੂੰ ਦਿਲ ਤੇ ਲਾ ਲੈਂਦਾ। ਫਲੋਰੈਂਸ ਫਿਨੀਅਨ ਵਾਲੀ ਕਹਾਣੀ ਜਿਹੜੀ ਅਖ਼ਬਾਰ ਨੇ ਛਾਪੀ ਸੀ
ਸੈਮੁਅਲ ਨੂੰ ਤੰਗ ਕਰਨ ਲਗੀ। ਅਖ਼ਬਾਰਾਂ ਉਸ ਨੂੰ ਮਹਾਂਰਾਜੇ ਦੀ ਸਹੇਲੀ ਕਹਿ ਰਹੀਆਂ ਸਨ ਪਰ
ਅਸਲ ਵਿਚ ਸਹੇਲੀ ਉਹ ਸੈਮੁਅਲ ਦੀ ਸੀ। ਉਸ ਨੇ ਮਹਾਂਰਾਜੇ ਨੂੰ ਕਿਹਾ,
“ਯੋਅਰ ਹਾਈਨੈੱਸ, ਤੁਹਾਨੂੰ ਇਸ ਗੱਲ ਦਾ ਸਪੱਸ਼ਟੀਕਰਨ ਦੇਣਾ ਚਾਹੀਦਾ ਏ ਕਿ ਫਲੋਰੈਂਸ
ਤੁਹਾਡੀ ਸਹੇਲੀ ਨਹੀਂ ਬਲਕਿ ਮੇਰ ਸਹੇਲੀ ਸਹੇਲੀ ਏ।”
“ਇਸ ਨਾਲ ਕੀ ਹੋਏਗਾ? ਉਹ ਕੋਈ ਹੋਰ ਗੱਲ ਲੱਭ ਲੈਣਗੇ। ਅਖ਼ਬਾਰਾਂ ਵਾਲਿਆਂ ਚੁੱਪ ਹੀ ਭਲੀ
ਹੁੰਦੀ ਏ।”
“ਪਰ ਮੈਂ ਕਿਸੇ ਪਤਰਕਾਰ ਨੂੰ ਮਿਲਣਾ ਚਾਹਾਂਗਾ।”
“ਮੈਂ ਇਸ ਨੂੰ ਤੁਹਾਡੇ ਬਚਕਾਨਾ ਹਰਕਤ ਕਹਾਂਗਾ।”
ਮਹਾਂਰਾਜੇ ਨੇ ਹੱਸ ਕੇ ਕਿਹਾ। ਸੈਮੂਅਲ ਨੂੰ ਇਹ ਗੱਲ ਚੰਗੀ ਨਾ ਲਗੀ ਤੇ ਕੁਝ ਦੇਰ ਲਈ
ਮਹਾਂਰਾਜੇ ਨਾਲ ਵੱਟਿਆ ਜਿਹਾ ਵੀ ਰਿਹਾ। ਉਹ ਵਿਆਨਾ ਪੁੱਜੇ ਤਾਂ ਮਹਾਂਰਾਜੇ ਦੁਆਲੇ ਭੀੜ
ਜਿਹੀ ਜੁੜ ਗਈ। ਮਹਾਂਰਾਜਾ ਕਿਸੇ ਦੇ ਸਵਾਲ ਦਿਤੇ ਬਿਨਾਂ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ।
ਸੈਮੂਅਲ ਕਹਿਣ ਲਗਿਆ,
“ਯੋਅਰ ਹਾਈਨੈੱਸ, ਇਹਨਾਂ ਲੋਕਾਂ ਤੋਂ ਜਲਦੀ ਪਿੱਛਾ ਛੁਡਾਓ।”
“ਮੇਰੇ ਦੋਸਤ ਸੈਮ, ਇਹਨਾਂ ਲੋਕਾਂ ਨੂੰ ਬਹੁਤ ਤਰੀਕੇ ਨਾਲ ਸੰਭਾਲਿਆ ਜਾਂਦਾ ਏ।”
ਸੈਮੂਅਲ ਨੂੰ ਬਹੁਤ ਗੁੱਸਾ ਆ ਰਿਹਾ ਸੀ। ਉਸ ਨੇ ਆਪਣੇ ਦੋਸਤ ਲੌਰਡ ਵਾਰਨਕਲਿਫ ਨੂੰ ਚਿੱਠੀ
ਵਿਚ ਲਿਖਿਆ;
‘...ਇਹ ਜਿਥੇ ਵੀ ਜਾਂਦਾ ਹੈ ਬਿਨਾਂ ਸਿਰਪੈਰ ਕਹਾਣੀਆਂ ਖੜੀਆਂ ਹੋ ਜਾਂਦੀਆਂ ਹਨ, ਇਹਦੇ ਨਾਲ
ਨਾਲ ਮੈਨੂੰ ਵੀ ਰਾਜਨੀਤਕ ਏਜੰਟ ਸਮਝਿਆ ਜਾਣ ਲਗਿਆ ਹੈ ਤੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ
ਰਿਹਾ ਹੈ, ਸਾਡੇ ਹਰ ਕਦਮ ਬਾਰੇ ਤਾਰਾਂ ਖੜਕਾਈਆਂ ਜਾ ਰਹੀਆਂ ਹਨ।’
ਡੈਨੂਬ ਦਰਿਆ ਵਿਚ ਸਰਦੀਆਂ ਹੋਣ ਕਰਕੇ ਸਟੀਮਰ ਬੰਦ ਪਏ ਸਨ ਸੋ ਮਹਾਂਰਾਜੇ ਤੇ ਸੈਮ ਬੇਕਰ ਨੇ
ਹੱਥੀਂ ਚਲਣ ਵਾਲੀ ਕਿਸ਼ਤੀ ਹੀ ਕਿਰਾਏ ‘ਤੇ ਕਰ ਲਈ। ਸੈਮ ਬੇਕਰ ਵਾਕਿਆ ਹੀ ਇਕ
ਘੁੰਮਿਆਂ-ਫਿਰਿਆ ਤੇ ਹੰਢਿਆ ਹੋਇਆ ਵਿਅਕਤੀ ਸੀ। ਉਹ ਡੈਨੂਬ ਦਰਿਆ ਦਾ ਤੇ ਇਸ ਦੇ ਇਲਾਕੇ ਦਾ
ਭੇਤੀ ਸੀ। ਉਹਨਾਂ ਕੁਝ ਕੁ ਸਿ਼ਕਾਰ ਖੇਡਿਆ ਵੀ। ਮੌਸਮ ਇਕ ਦਮ ਬਦਲ ਗਿਆ। ਬਰਫਬਾਰੀ ਨੇ
ਸਿ਼ਕਾਰ ਖੇਡਣ ਦੀ ਤੇ ਸਫਰ ਕਰਨ ਦੀ ਰਫਤਾਰ ਮਧਮ ਕਰ ਦਿਤੀ ਹੋਈ ਸੀ। ਬੁਲਗਾਰੀਆ ਦੇ ਸ਼ਹਿਰ
ਵਿਡਿਨ ਤਕ ਪੁਜਣ ਲਈ ਹੀ ਉਹਨਾਂ ਨੂੰ ਛੇ ਹਫਤੇ ਦਾ ਸਮਾਂ ਲਗ ਗਿਆ। ਮਹਾਂਰਾਜੇ ਵਿਚ ਏਨਾ
ਠਰੰਮਾ ਨਹੀਂ ਸੀ। ਉਹ ਤਾਂ ਤੱਤ-ਫੜੱਤ ਕੰਮ ਮੁਕਾ ਕੇ ਵਿਹਲਾ ਹੋਣ ਵਾਲਾ ਬੰਦਾ ਸੀ। ਉਹ ਅੱਕਣ
ਲਗਿਆ। ਏਨੀ ਹੌਲੀ ਜਿ਼ੰਦਗੀ ਦਾ ਉਹ ਆਦੀ ਨਹੀਂ ਸੀ। ਉਹਨਾਂ ਦੀ ਕਿਸ਼ਤੀ ਕੈਲੀਫਟ ਨੇੜੇ ਜਾ
ਕੇ ਖਰਾਬ ਹੋ ਗਈ ਤੇ ਅਗੇ ਬੁਖਾਰੈਸਟ ਤਕ ਉਹਨਾਂ ਨੂੰ ਪੈਦਲ ਜਾਣਾ ਪਿਆ। ਏਨਾ ਪੈਦਲ ਤੁਰਨਾ
ਮਹਾਂਰਾਜੇ ਨੂੰ ਕਬੂਲ ਨਹੀਂ ਸੀ। ਬੁਖਾਰੈਸਟ ਪੁੱਜ ਕੇ ਉਹ ਇਕ ਹੋਟਲ ਵਿਚ ਠਰਿਹੇ। ਅਗਲੇ ਹੀ
ਦਿਨ ਮਹਾਂਰਾਜੇ ਨੇ ਬਾਰ ਵਿਚ ਬੈਠਿਆਂ ਵੋਦਕੇ ਦੀਆਂ ਚੁਸਕੀਆਂ ਲੈਂਦਿਆਂ ਕਿਹਾ,
“ਮਾਈ ਡੀਅਰ ਸੈਮ, ਚਲ ਹੁਣ ਵਾਪਸ ਚਲੀਏ। ਸਿ਼ਕਾਰ ਦੇ ਨਾਂ ‘ਤੇ ਬਹੁਤ ਤਸ਼ੱਦਦ ਸਹਿ ਲਿਆ।
ਏਨੀਆਂ ਮੁਸ਼ਕਲਾਂ ਤਾਂ ਮੈਂ ਸਾਰੀ ਜਿ਼ੰਦਗੀ ਨਹੀਂ ਦੇਖਣੀਆਂ। ਚਲੋ ਹੁਣ ਵਾਪਸ ਚਲਦੇ ਆਂ।”
“ਯੋਅਰ ਹਾਈਨੈੱਸ, ਸਿ਼ਕਾਰ ਖੇਡਣਾ ਕੋਈ ਆਸਾਨ ਕੰਮ ਨਹੀਂ ਏ। ਇਸ ਲਈ ਸਖਤ ਚਮੜੀ ਦੀ ਲੋੜ
ਹੁੰਦੀ ਏ।”
“ਸੈਮ, ਜੇ ਮੈਂ ਨਰਮ ਚਮੜੀ ਦਾ ਹੁੰਦਾ ਤਾਂ ਏਨੇ ਦਿਨ ਮਾਰਾ ਮਾਰ ਕਿਵੇਂ ਫਿਰ ਲੈਂਦਾ!”
“ਇਸ ਇਲਾਕੇ ਵਿਚ ਸਿ਼ਕਾਰ ਤਾਂ ਅਜਿਹੇ ਸਰਦ ਮੌਸਮ ਵਿਚ ਹੀ ਖੇਡਿਆ ਜਾ ਸਕਦਾ ਏ।”
“ਪਰ ਸਿ਼ਕਾਰ ਹੈ ਕਿਥੇ?”
ਮਹਾਂਰਾਜੇ ਨੇ ਜ਼ਰਾ ਕੁ ਉੱਚੀ ਅਵਾਜ਼ ਵਿਚ ਕਿਹਾ। ਨਾਲ ਦੇ ਟੇਬਲ ਤੇ ਬੈਠੇ ਇਕ ਬੰਦੇ ਨੇ
ਉਹਨਾਂ ਦੀ ਗੱਲ ਸੁਣੀ ਤੇ ਉਹਨਾਂ ਕੋਲ ਆ ਕੇ ਬੈਠਦਾ ਬੋਲਿਆ,
“ਸ੍ਰੀਮਾਨ, ਤੁਸੀਂ ਤਾਂ ਇਸ ਇਲਾਕੇ ਦੀ ਸਭ ਤੋਂ ਮਸ਼ਹੂਰ ਸਿ਼ਕਾਰਗਾਹ ਦੇ ਬਿਲਕੁਲ ਨਜ਼ਦੀਕ
ਬੈਠੋ ਹੋ।”
ਉਹ ਬੰਦਾ ਰਸ਼ੀਅਨ ਸਿ਼ਕਾਰੀ ਸੀ ਤੇ ਰੂਸ ਤੋਂ ਵਿਸ਼ੇਸ਼ ਤੌਰ ‘ਤੇ ਸਿ਼ਕਾਰ ਖੇਡਣ ਹੀ ਆਇਆ
ਹੋਇਆ ਸੀ। ਅਗਲੇ ਦਿਨ ਮਹਾਂਰਾਜਾ ਤੇ ਸੈਮੂਅਲ ਦੋਵੇਂ ਹੀ ਉਸ ਨਾਲ ਹੋ ਤੁਰੇ। ਸਿ਼ਕਾਰਗਾਹ
ਦੇਖ ਕੇ ਮਹਾਂਰਾਜੇ ਦਾ ਮਨ ਖੁਸ਼ ਹੋ ਗਿਆ। ਇਥੇ ਅੰਗਰੇਜ਼ੀ ਤਿੱਤਰ ਦੀ ਨਸਲ ਦੇ ਪਾਰਟਰਿਜ ਵੀ
ਸਨ ਤੇ ਵੱਡੀ ਤਦਾਦ ਵਿਚ ਵਿਚ ਮੁਰਗਾਬੀਆਂ, ਹੰਸ, ਜੰਗਲੀ ਬੱਤਖਾਂ ਤੇ ਤਿਲੀਅਰ ਆਦਿ ਵੀ ਵੱਡੀ
ਤਦਾਦ ਵਿਚ ਸਨ। ਕੁਝ ਕੁ ਦਿਨ ਹੀ ਉਸ ਨੇ ਸਿ਼ਕਾਰ ਵਿਚ ਉਤਸ਼ਾਹ ਦਿਖਾਇਆ ਪਰ ਫਿਰ ਉਸ ਦਾ ਮਨ
ਬੇਚੈਨ ਪੈਣ ਲਗਿਆ। ਇਹਨਾਂ ਹਾਲਾਤ ਦਾ ਵੀ ਉਹ ਆਦੀ ਨਹੀਂ ਸੀ। ਏਨੀ ਠੰਡ ਵਿਚ ਏਨਾ ਲੰਮਾ
ਸਮਾਂ ਉਹ ਕਦੇ ਨਹੀਂ ਸੀ ਰਿਹਾ। ਉਸ ਦੀ ਹਾਲਤ ਪਤਲੀ ਪੈ ਰਹੀ ਸੀ। ਸੈਮੁਅਲ ਮਨ ਹੀ ਮਨ ਉਸ
ਉਪਰ ਹੱਸਣ ਲਗਦਾ। ਸੈਮੂਅਲ ਹਾਲੇ ਵਾਪਸ ਨਹੀਂ ਸੀ ਮੁੜਨਾ ਚਾਹੁੰਦਾ। ਇਕ ਦਿਨ ਸਿ਼ਕਾਰ
ਖੇਡਦਿਆਂ ਹੀ ਦੋਨਾਂ ਵਿਚ ਝਗੜਾ ਵੀ ਹੋ ਗਿਆ। ਸਾਰਾ ਪੈਸਾ ਮਹਾਂਰਾਜੇ ਦਾ ਹੀ ਖਰਚ ਹੋ ਰਿਹਾ
ਸੀ। ਮਹਾਂਰਾਜੇ ਲਈ ਇਹ ਮੌਸਮ ਬਹੁਤ ਓਪਰਾ ਸੀ। ਜਿ਼ਆਦਾ ਸਰਦੀ ਮਹਾਂਰਾਜੇ ਦੀ ਸਿਹਤ ਉਪਰ
ਬੁਰਾ ਅਸਰ ਕਰਨ ਲਗੀ। ਉਹ ਵਾਪਸ ਆਪਣੇ ਹੋਟਲ ਵਿਚ ਆਇਆ ਤੇ ਉਥੋਂ ਉਹ ਸੈਮੂਅਲ ਨੂੰ ਦੱਸੇ
ਬਿਨਾਂ ਟਰਕੀ ਦੇ ਸ਼ਹਿਰ ਕੌਂਸਟੈਂਟੀਪੌਲ ਨੂੰ ਚਲ ਪਿਆ।
ਕੌਂਸਟੈਂਟੀਪੌਲ ਤਕ ਪੁੱਜਦਾ ਪੁੱਜਦਾ ਮਹਾਂਰਾਜਾ ਬਿਮਾਰ ਹੋ ਗਿਆ। ਉਹ ਆਪਣੇ ਬੜੀ ਮੁਸ਼ਕਲ
ਨਾਲ ਆਪਣੇ ਹੋਟਲ ਤਕ ਪੁਜਿਆ। ਹੋਟਲ ਪੁਜ ਕੇ ਉਹ ਦੋ ਦਿਨ ਤਕ ਆਪਣੇ ਕਮਰੇ ਵਿਚੋਂ ਨਾ
ਨਿਕਲਿਆ। ਉਹ ਉਦਾਸ ਵੀ ਹੋਣ ਲਗਿਆ ਸੀ। ਇੰਗਲੈਂਡ ਤੋਂ ਤੁਰਿਆਂ ਦੋ ਮਹੀਨੇ ਤੋਂ ਵਧ ਦਾ ਸਮਾਂ
ਹੋ ਚੁਕਾ ਸੀ। ਏਨੀ ਦੇਰ ਤਕ ਤਾਂ ਉਹ ਕਦੇ ਵੀ ਘਰੋਂ ਦੂਰ ਨਹੀਂ ਸੀ ਰਿਹਾ। ਤੀਜੇ ਦਿਨ
ਮਹਾਂਰਾਜਾ ਕੁਝ ਠੀਕ ਮਹਿਸੂਸ ਕਰ ਰਿਹਾ ਸੀ ਤਾਂ ਉਹ ਹੋਟਲ ਤੋਂ ਬਾਹਰ ਨਿਕਲਿਆ। ਬਾਹਰ
ਨਿਕਲਦਿਆਂ ਹੀ ਪਤਰਕਾਰਾਂ ਨੇ ਉਸ ਨੂੰ ਘੇਰ ਲਿਆ। ਸਭ ਨੂੰ ਮਹਾਂਰਾਜੇ ਦੇ ਸਿ਼ਕਾਰ ਉਪਰ ਜਾਣ
ਦਾ ਪਤਾ ਸੀ। ਬੁਖਾਰੈਸਟ ਦੇ ਹੋਟਲ ਤੋਂ ਪਤਾ ਚਲ ਚੁਕਾ ਸੀ ਕਿ ਉਹ ਕੌਂਸਟੈਂਟੀਪੌਲ ਚਲੇ ਗਿਆ
ਸੀ ਤੇ ਇਹੋ ਉਹ ਹੋਟਲ ਸੀ ਜਿਥੇ ਇੰਗਲੈਂਡ ਦੇ ਵੱਡੇ ਵੱਡੇ ਲੋਕ ਆ ਕੇ ਠਹਿਰਿਆ ਕਰਦੇ ਸਨ।
ਸ਼ਹਿਰ ਵਿਚਲੇ ਬ੍ਰਤਾਨਵੀ ਦੂਤਾਵਾਸ ਨੂੰ ਮਹਾਂਰਾਜੇ ਦੇ ਸ਼ਹਿਰ ਵਿਚ ਹੋਣ ਦਾ ਪਤਾ ਚਲਿਆ ਤਾਂ
ਉਸ ਨੇ ਉਸ ਨੂੰ ਖਾਣੇ ਦਾ ਸੱਦਾ ਭੇਜ ਦਿਤਾ। ਮਹਾਂਰਾਜੇ ਨੇ ਖਾਣੇ ਦਾ ਸੱਦਾ ਮਨਜ਼ੂਰ ਤਾਂ ਕਰ
ਲਿਆ ਪਰ ਖਰਾਬ ਸਿਹਤ ਕਾਰਨ ਜਾ ਨਾ ਸਕਿਆ। ਉਸ ਦੇ ਇਕ ਪਤਰਕਾਰ ਦੋਸਤ ਨੇ ਉਸ ਨੂੰ ਦਸਿਆ ਕਿ
ਲੋਗਨ ਪਰਿਵਾਰ ਇਸ ਵਕਤ ਰੋਮ ਵਿਚ ਛੁੱਟੀਆਂ ਕੱਟਣ ਆਇਆ ਹੋਇਆ ਸੀ। ਮਹਾਂਰਾਜੇ ਨੇ ਇੰਗਲੈਂਡ
ਨੂੰ ਤਾਰ ਦੇ ਕੇ ਉਹਨਾਂ ਦੇ ਥਾਂ ਟਿਕਾਣੇ ਦਾ ਪਤਾ ਕਰ ਲਿਆ ਤੇ ਅਗਲੀ ਸਵੇਰ ਹੀ ਉਹ ਇਟਲੀ ਲਈ
ਜਹਾਜ਼ ਫੜ ਲਿਆ ਤੇ ਰੋਮ ਜਾ ਪੁਜਾ। ਰੋਮ ਤਕ ਪੁਜਦਾ ਮਹਾਂਰਾਜਾ ਪੂਰੀ ਤਰ੍ਹਾਂ ਸਿਹਤਯਾਬ ਹੋ
ਚੁਕਾ ਸੀ।
ਸਰ ਲੋਗਨ ਅਚਾਨਕ ਮਹਾਂਰਾਜੇ ਨੂੰ ਦੇਖ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਉਸ ਨੇ ਪੁੱਛਿਆ,
“ਯੋਅਰ ਹਾਈਨੈੱਸ, ਅਸੀਂ ਤਾਂ ਤੁਹਾਡੇ ਬਾਰੇ ਬਹੁਤ ਫਿਕਰ ਕਰ ਰਹੇ ਸਾਂ। ਕਾਫੀ ਦੇਰ ਤੋਂ
ਤੁਸੀਂ ਨਾ ਚਿੱਠੀ ਲਿਖੀ ਤੇ ਨਾਂ ਹੀ ਕੋਈ ਤਾਰ ਭੇਜੀ। ਸੱਚ ਜਾਣਿਓਂ, ਤੁਹਾਨੂੰ ਦੇਖ ਕੇ
ਅਸੀਂ ਸਾਰੇ ਬਹੁਤ ਖੁਸ਼ ਹਾਂ।”
“ਹਾਂ ਸਰ, ਮੇਰਾ ਇਹ ਟੂਰ ਉਹੋ ਜਿਹਾ ਨਹੀਂ ਸੀ ਜਿਹੋ ਜਿਹਾ ਮੈਂ ਸੋਚੀ ਬੈਠਾ ਸਾਂ। ਸੈਮੂਅਲ
ਬੇਕਰ ਵੀ ਮੌਕਾ ਪ੍ਰਸਤ ਜਿਹਾ ਬੰਦਾ ਨਿਕਲਿਆ।”
“ਚਲੋ ਕੋਈ ਗੱਲ ਨਹੀਂ, ਸਾਨੂੰ ਤੁਹਾਡੀ ਘਾਟ ਬਹੁਤ ਰੜਕ ਰਹੀ ਸੀ। ਆਓ, ਹੁਣ ਰਲ ਕੇ ਛੁੱਟੀਆਂ
ਦਾ ਅਨੰਦ ਮਾਣਾਂਗੇ।”
ਸਰ ਲੋਗਨ ਨੇ ਕਿਹਾ। ਮਹਾਂਰਾਜਾ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਸੀ। ਬਹੁਤ ਦੇਰ ਬਾਅਦ
ਆਪਣਿਆਂ ਨੂੰ ਮਿਲ ਰਿਹਾ ਸੀ ਪਰ ਇਸ ਮਿਲਣੀ ਵਿਚ ਇਕ ਗੱਲ ਉਸ ਨੂੰ ਚੁਭ ਰਹੀ ਸੀ। ਉਹ ਸੀ
ਰਾਜਕੁਮਾਰੀ ਗੋਰੇਹਮਾ ਦੀ ਮੌਜੂਦਗੀ। ਕਿਉਂਕਿ ਉਹ ਹੁਣ ਲੋਗਨ ਪਰਿਵਾਰ ਨਾਲ ਹੀ ਰਹਿੰਦੀ ਸੀ
ਤੇ ਛੁੱਟੀਆਂ ‘ਤੇ ਵੀ ਉਹਨਾਂ ਦੇ ਨਾਲ ਹੀ ਜਾਣਾ ਹੋਇਆ। ਮਹਾਂਰਾਜਾ ਉਸ ਤੋਂ ਬਚਣ ਦੀ
ਕੋਸਿ਼ਸ਼ ਕਰਨ ਲਗਿਆ ਪਰ ਉਹ ਹਰ ਵੇਲੇ ਮਹਾਂਰਾਜੇ ਦੇ ਨੇੜੇ ਢੁੱਕ-ਢੁੱਕ ਕੇ ਬਹਿੰਦੀ। ਸਰ
ਲੋਗਨ ਦੋਨਾਂ ਨੂੰ ਦੇਖਦਾ ਤਾਂ ਸੋਚਾਂ ਵਿਚ ਪੈ ਜਾਂਦਾ। ਉਸ ਨੇ ਆਪਣੇ ਦਿਲ ਦੀ ਗੱਲ ਪਤਨੀ
ਨਾਲ ਸਾਂਝੀ ਕਰਦਿਆਂ ਆਖਿਆ,
“ਲੇਨਾ, ਤੈਨੂੰ ਮਹਾਂਰਾਜੇ ਦਾ ਇਵੇਂ ਅਚਾਨਕ ਕਿਤਿਓਂ ਖਲਾਅ ਵਿਚੋਂ ਨਿਕਲ ਆਉਣਾ ਤੈਨੂੰ ਅਜੀਬ
ਨਹੀਂ ਲਗਦਾ?”
“ਬਹੁਤ ਅਜੀਬ ਲਗਦਾ ਏ, ਕਦੇ ਸੋਚਿਆ ਹੀ ਨਹੀਂ ਸੀ ਕਿ ਇਹ ਇਵੇਂ ਆ ਟਪਕੇਗਾ!”
“ਮੈਨੂੰ ਥੋੜਾ ਥੋੜਾ ਸਮਝ ਆ ਰਿਹਾ ਏ,”
“ਉਹ ਕੀ?”
“ਸ਼ਾਇਦ ਇਹ ਕਿ ਇਹ ਗੋਰੈਹਮਾ ਨੂੰ ਪਸੰਦ ਕਰਨ ਲਗਿਆ ਏ। ਉਹਦੀ ਖਾਤਰ ਹੀ ਆਇਆ ਹੋਵੇਗਾ।”
“ਨਹੀਂ ਜੌਹਨ, ਮੈਨੂੰ ਨਹੀਂ ਲਗਦਾ ਪਰ ਜੀਸਸ ਕਰੇ ਜੇ ਇਵੇਂ ਹੋ ਜਾਵੇ ਤਾਂ ਇਸ ਅਰਧ-ਪਾਗਲ
ਕੁੜੀ ਤੋਂ ਸਾਡਾ ਪਿੱਛਾ ਛੁੱਟ ਜਾਵੇ।”
“ਮੈਨੂੰ ਤਾਂ ਇਹੋ ਲਗਦਾ ਏ, ਮੈਂ ਪੁੱਛ ਕੇ ਦੇਖਦਾਂ।”
ਸਰ ਲੋਗਨ ਨੇ ਇਸ ਬਾਰੇ ਸਿਧਾ ਹੀ ਪੁੱਛ ਲਿਆ,
“ਯੌਅਰ ਹਾਈਨੈੱਸ, ਤੁਸੀਂ ਰਾਜਕੁਮਾਰੀ ਗੋਰੇਮਾ ਨੂੰ ਪਸੰਦ ਕਰਨ ਲਗੇ ਹੋ?”
“ਨਹੀਂ ਸਰ, ਮੈਂ ਇਹਦੇ ਬਾਰੇ ਮੈਅਮ ਨੂੰ ਆਪਣੇ ਵਿਚਾਰ ਪਹਿਲਾਂ ਦਸ ਚੁੱਕਾਂ। ...ਮੈਨੂੰ
ਨਹੀਂ ਸੀ ਪਤਾ ਕਿ ਰਾਜਕੁਮਾਰੀ ਵੀ ਇਥੇ ਹੋਵੇਗੀ। ਸਰ, ਮੈਂ ਤਾਂ ਕਈ ਵਾਰ ਇਸੇ ਕਰਕੇ
ਤੁਹਾਨੂੰ ਮਿਲਣ ਨਹੀਂ ਆਉਂਦਾ। ਇਕ ਤਾਂ ਰਾਜਕੁਮਾਰੀ ਗਲਤ ਫਹਿਮੀ ਵਿਚ ਪੈਣ ਲਗਦੀ ਏ ਤੇ ਦੂਜੇ
ਡਰਦਾ ਰਹਿੰਨਾ ਕਿ ਅਖ਼ਬਾਰਾਂ ਵਾਲੇ ਕੋਈ ਕਹਾਣੀ ਹੀ ਨਾ ਬਣਾ ਲੈਣ ਜਿਸ ਨਾਲ ਰਾਜਕੁਮਾਰੀ ਨੂੰ
ਕੋਈ ਨੁਕਸਾਨ ਪੁੱਜੇ।”
“ਯੋਅਰ ਹਾਈਨੈੱਸ, ਤੁਹਾਡੀ ਹੁਣ ਵਿਆਹ ਦੀ ਉਮਰ ਹੋ ਰਹੀ ਏ, ਜੇ ਵਿਆਹ ਕਰਾ ਲਵੋਂਗੇ ਤਾਂ
ਤੁਹਾਡੀ ਜਿ਼ੰਦਗੀ ਵਿਚ ਸਥਿਰਤਾ ਵੀ ਆ ਜਾਵੇਗੀ, ਮੈਂ ਸੋਚਦਾਂ ਕਿ ਗੋਰੈਹਮਾ ਤੋਂ ਬਿਹਤਰ ਵਰ
ਨਹੀਂ ਮਿਲਣ ਲਗਿਆ।”
“ਨਹੀਂ ਸਰ, ਮੈਨੂੰ ਰਾਜਕੁਮਾਰੀ ਨਾਲ ਪੂਰੀ ਹਮਦਰਦੀ ਏ ਪਰ ਇਹ ਮੇਰੇ ਯੋਗ ਨਹੀਂ ਏ, ਮੈਂ
ਮੈਅਮ ਨੂੰ ਪਹਿਲਾਂ ਹੀ ਦਸ ਚੁਕਿਆਂ।”
“ਕਿਹੋ ਜਿਹੀ ਕੁੜੀ ਚਾਹੀਦੀ ਈ, ਕੋਈ ਅੰਗਰੇਜ਼ ਕੁੜੀ?”
“ਅੰਗਰੇਜ਼ ਕੁੜੀ ਸ਼ਾਇਦ ਠੀਕ ਰਹਿ ਜਾਵੇ ਪਰ ਇਹਦੇ ਨਾਲ ਹੋਰ ਵੀ ਕਈ ਮੁਸ਼ਕਲਾਂ ਖੜੀਆਂ ਹੋ
ਸਕਦੀਆਂ ਨੇ, ਮੈਨੂੰ ਪਤਾ ਏ ਕਿ ਹਰ ਮੈਜਿਸਟੀ ਨਾਲ ਮੇਰੀ ਨੇੜਤਾ ਕਾਰਨ ਕਈ ਲੋਕ ਮੇਰੇ ਨਾਲ
ਔਖੇ ਨੇ ਤੇ ਜੇ ਅੰਗਰੇਜ਼ ਕੁੜੀ ਨਾਲ ਵਿਆਹ ਕਰਾ ਲਵਾਂ ਤਾਂ ਹੋਰ ਔਖੇ ਹੋ ਜਾਣਗੇ, ਫਿਰ ਵੀ
ਮੈਂ ਪ੍ਰਵਾਹ ਨਹੀਂ ਕਰਦਾ ਪਰ ਪੱਧਰ ਦੀ ਕੋਈ ਕੁੜੀ ਹੋਵੇ ਵੀ।”
“ਯੋਅਰ ਹਾਈਨੈੱਸ, ਇਹ ਗੱਲ ਸ਼ਾਇਦ ਇਵੇਂ ਨਾ ਹੋਵੇ...।”
“ਸਰ, ਇਕ ਅਰਬੀ ਘੋੜਾ ਮਿਲ ਰਿਹਾ ਏ, ਮੈਂ ਚਾਹੁੰਨਾ ਕਿ ਖਰੀਦ ਲਵਾਂ।”
ਮਹਾਂਰਾਜੇ ਨੇ ਸਰ ਲੋਗਨ ਦੀ ਗੱਲ ਕਟਦਿਆਂ ਰਾਹ ਵਿਚ ਦੇਖੇ ਘੋੜੇ ਬਾਰੇ ਗੱਲ ਸ਼ੁਰੂ ਕਰ ਲਈ।
ਉਸੇ ਵੇਲੇ ਗੋਰੈਹਮਾ ਉਹਨਾਂ ਕੋਲ ਆਈ ਤੇ ਸਭ ਨੂੰ ਝੁਕ ਕੇ ਸਲਾਮ ਕਰਨ ਲਈ। ਮਹਾਂਰਾਜੇ ਨੂੰ
ਉਸ ਨੇ ਹਿੰਦੁਸਤਾਨੀ ਵਿਚ ਸਲਾਮ ਕਿਹਾ। ਉਸ ਨੇ ਮਹਾਂਰਾਜੇ ਦਾ ਹੱਥ ਫੜ ਕੇ ਇਕ ਪਾਸੇ ਜਾਣ ਦਾ
ਇਸ਼ਾਰਾ ਕੀਤਾ ਪਰ ਮਹਾਂਰਾਜੇ ਨੇ ਉਸ ਦਾ ਹੱਥ ਝਟਕ ਦਿਤਾ ਤੇ ਆਪਣੇ ਆਪ ਨੂੰ ਸਰ ਲੋਗਨ ਨਾਲ
ਗੱਲਾਂ ਵਿਚ ਮਸਰੂਫ ਕਰ ਲਿਆ।
ਮਹਾਂਰਾਜਾ ਚਾਹੁੰਦਾ ਸੀ ਕਿ ਉਹਨਾਂ ਤੋਂ ਅਲੱਗ ਠਹਿਰੇ ਪਰ ਮਿਸਜ਼ ਲੋਗਨ ਦੇ ਕਹਿਣ ‘ਤੇ
ਉਹਨਾਂ ਦੇ ਨਾਲ ਹੀ ਰਹਿ ਪਿਆ। ਉਹ ਉਹਨਾਂ ਦੇ ਨਾਲ ਹੀ ਘੁੰਮਦਾ-ਫਿਰਦਾ। ਇਕ ਦਿਨ ਰੋਮ ਦੇ
ਕਿਸੇ ਰਾਜਕੁਮਾਰ ਵਲੋਂ ਦਿਤੀ ਪਾਰਟੀ ਵਿਚ ਸਾਰੇ ਗਏ। ਪਾਰਟੀ ਵਿਚ ਮਹਾਂਰਾਜਾ ਤੇ ਗੋਰੈਹਮਾ
ਵੀ ਗਏ। ਉਹਨਾਂ ਇਕੱਠਿਆਂ ਨਾਚ ਵਿਚ ਭਾਗ ਵੀ ਲਿਆ ਤੇ ਫਿਰ ਇਕ ਪਾਸੇ ਇਕੱਲ ਵਿਚ ਬੈਠ ਕੇ
ਗੱਲਾਂ ਕਰਨ ਲਗੇ। ਲੋਗਨ ਜੋੜੀ ਬਹੁਤ ਹੀ ਉਤਸੁਕਤਾ ਨਾਲ ਉਹਨਾਂ ਵਲ ਦੇਖ ਰਹੀ ਸੀ। ਗੋਰੈਹਮਾ
ਨੇ ਮਹਾਂਰਾਜੇ ਨੂੰ ਪੁੱਛਿਆ,
“ਯੋਅਰ ਹਾਈਨੈੱਸ, ਤੁਸੀਂ ਮੈਨੂੰ ਹਰ ਵੇਲੇ ਅਣਗੌਲਦੇ ਕਿਉਂ ਰਹਿੰਦੇ ਓ?”
“ਰਾਜਕੁਮਾਰੀ, ਮੈਂ ਅਣਗੌਲਦਾ ਨਹੀਂ, ਮੈਨੂੰ ਜਾਪਦਾ ਏ ਕਿ ਮੈਂ ਤੁਹਾਡੀਆਂ ਆਸਾਂ ਮੁਤਾਬਕ
ਪੂਰਾ ਨਹੀਂ ਉਤਰ ਰਿਹਾ, ਇਸੇ ਨੂੰ ਤੁਸੀਂ ਅਣਗੌਲਣਾ ਕਹਿੰਦੇ ਜਾ ਰਹੇ ਓ।”
“ਤੁਸੀਂ ਮੇਰੇ ਨਾਲ ਵਿਆਹ ਤੋਂ ਇਨਕਾਰ ਕਰ ਕੇ ਮੈਨੂੰ ਅਣਗੌਲ ਹੀ ਤਾਂ ਰਹੇ ਓ।”
“ਰਾਜਕੁਮਾਰੀ, ਤੁਹਾਨੂੰ ਦਸਿਆ ਕਿ ਮੈਂ ਸ਼ਾਇਦ ਵਿਆਹ ਨਾ ਕਰਾਵਾਂ।”
“ਯੋਅਰ ਹਾਈਨੈੱਸ, ਤੁਸੀਂ ਗਲਤ ਕਹਿ ਰਹੇ ਹੋ, ਮੈਨੂੰ ਪਤਾ ਏ ਕਿ ਤੁਹਾਡੀ ਲੜਕੀਆਂ ਵਿਚ
ਦਿਲਚਸਪੀ ਏ, ਫਿਰ ਮੇਰੇ ਵਿਚ ਕਿਉਂ ਨਹੀਂ?”
“ਰਾਜਕੁਮਾਰੀ, ਮੈਂ ਪਹਿਲਾਂ ਵੀ ਕਹਿ ਚੁਕਿਆਂ ਕਿ ਵਿਆਹ ਕੁਝ ਅਜਿਹੀ ਚੀਜ਼ ਹੁੰਦੀ ਏ ਕਿ ਹਰ
ਕਿਸੇ ਨਾਲ ਨਹੀਂ ਕਰਾਇਆ ਜਾ ਸਕਦਾ, ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ।”
“ਯੋਅਰ ਹਾਈਨੈੱਸ, ਮੈਂ ਤੁਹਾਨੂੰ ਹਰ ਤਰ੍ਹਾਂ ਖੁਸ਼ ਰਖਾਂਗੀ।”
“ਰਾਜਕੁਮਾਰੀ, ਇਹ ਤੁਹਾਡੀ ਸੋਚ ਏ ਮੇਰੀ ਨਹੀਂ, ਸੱਚ ਜਾਣੋ ਮੇਰਾ ਮਨ ਕਿਧਰੇ ਹੋਰ ਏ।”
“ਕਿਧਰ? ਉਸ ਐਨੀ ਵਲ? ਐਨੀ ਸਕੌਟਿਸ਼ ਅਨਪੜ੍ਹ ਕੁੜੀ ਏ, ਜਿਸ ਦੇ ਖਾਨਦਾਨ ਦਾ ਪੱਧਰ ਤੁਹਾਡੇ
ਤੋਂ ਬਹੁਤ ਨੀਵਾਂ ਏ!”
“ਮੈਂ ਐਨੀ ਦੀ ਗੱਲ ਨਹੀਂ ਕਰ ਰਿਹਾ।”
ਏਨਾ ਕਹਿ ਕੇ ਮਹਾਂਰਾਜਾ ਉਸ ਕੋਲੋਂ ਉਠ ਖੜਿਆ।
ਲੋਗਨ ਜੋੜੀ ਨੂੰ ਇਕ ਵਾਰ ਫਿਰ ਆਸਾਂ ਬੱਝਣ ਲਗੀਆਂ ਸਨ ਕਿ ਸ਼ਾਇਦ ਮਹਾਂਰਾਜਾ ਗੋਰੈਹਮਾ ਨਾਲ
ਵਿਆਹ ਲਈ ਮੰਨ ਜਾਵੇ। ਪਿਛਲੀ ਵਾਰ ਜਦ ਲੇਡੀ ਲੋਗਨ ਨੇ ਮਹਾਂਰਾਣੀ ਨੂੰ ਮਹਾਂਰਾਜੇ ਬਾਰੇ
ਚਿੱਠੀ ਲਿਖੀ ਸੀ ਕਿ ਉਹ ਗੋਰੈਹਮਾ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਤਾਂ ਜਵਾਬ ਵਿਚ
ਮਹਾਂਰਾਣੀ ਨੇ ਲਿਖਿਆ ਸੀ ਕਿ ਕੋਸਿ਼ਸ਼ਾਂ ਜਾਰੀ ਰੱਖੀਆਂ ਜਾਣ ਕਿਉਂਕਿ ਰਾਜਕੁਮਾਰੀ ਲਈ ਪੂਰੇ
ਇੰਗਲੈਂਡ ਵਿਚ ਹੀ ਹੋਰ ਕੋਈ ਢੁਕਵਾਂ ਲੜਕਾ ਨਹੀਂ ਸੀ ਮਿਲਣਾ। ਅੰਦਰੋ-ਅੰਦਰ ਮਹਾਂਰਾਣੀ
ਵਿਕਟੋਰੀਆ ਨੂੰ ਇਹ ਫਿਕਰ ਵੀ ਖਾਣ ਲਗਦਾ ਸੀ ਕਿ ਗੋਰੈਹਮਾ ਦਾ ਚੁਲਬਲਾਪਨ ਦੇਖ ਕੇ ਕੋਈ
ਸ਼ਾਹੀ ਘਰਾਣੇ ਦਾ ਰਾਜਕੁਮਾਰ ਹੀ ਨਾ ਉਹਦੇ ਵਲ ਉਲਾਰ ਹੋ ਜਾਵੇ। ਅਖਬਾਰਾਂ ਵਾਲੇ ਤਾਂ ਅਜਿਹੀ
ਖ਼ਬਰ ਲੱਭਦੇ ਫਿਰਦੇ ਸਨ। ਇਕ ਵਾਰ ਤਾਂ ਮਹਾਂਰਾਜੇ ਨੂੰ ਲਗਣ ਲਗਿਆ ਸੀ ਕਿ ਉਸ ਨੇ ਰੋਮ ਆ ਕੇ
ਗਲਤੀ ਕੀਤੀ ਸੀ। ਕੁਝ ਦਿਨਾਂ ਬਾਅਦ ਹੀ ਸਰ ਲੋਗਨ ਨੇ ਟੱਬਰ ਸਮੇਤ ਉਤਰੀ ਇਟਲੀ ਵਲ ਜਾਣ ਦਾ
ਪ੍ਰੋਗਰਾਮ ਬਣਾ ਲਿਆ। ਰਾਜਕੁਮਾਰੀ ਤੋਂ ਬਚਣ ਲਈ ਮਹਾਂਰਾਜਾ ਰੋਮ ਵਿਚ ਹੀ ਠਹਿਰ ਗਿਆ।
ਵਿਆਹ ਬਾਰੇ ਤਾਂ ਉਹ ਵੀ ਕਦੇ ਕਦੇ ਸੋਚਣ ਲਗਦਾ ਸੀ। ਮੁਲਗਰੇਵ ਪੈਲੇਸ ਵਿਚ ਆਉਣ ਵਾਲੀ ਇਕ
ਲੌਰਡ ਦੀ ਧੀ ਉਸ ਨੂੰ ਪਸੰਦ ਆ ਰਹੀ ਸੀ ਪਰ ਉਹ ਕਿਸੇ ਗੱਲ ਨੂੰ ਅਗੇ ਨਹੀਂ ਸੀ ਵਧਾ ਸਕਿਆ।
ਉਹ ਮੁਲਗਰੇਵ ਵਿਚ ਰਿਹਾ ਹੀ ਥੋੜਾ ਚਿਰ ਸੀ, ਜਲਦੀ ਹੀ ਉਹ ਡੈਨੂਬ ਦਰਿਆ ਤੇ ਸਿ਼ਕਾਰ ਖੇਡਣ
ਦੀ ਮੁਹਿੰਮ ਲਈ ਤੁਰ ਪਿਆ ਸੀ। ਉਹ ਸੋਚਣ ਲਗਿਆ ਕਿ ਉਸ ਨੇ ਇਹ ਕੁਝ ਮਹੀਨੇ ਫਜ਼ੂਲ ਗਵਾ ਲਏ
ਹਨ। ਕਦੇ ਕਦੇ ਉਸ ਨੂੰ ਸਮੁੰਦ ਸਿੰਘ ਦੀ ਕਹੀ ਗੱਲ ਵੀ ਯਾਦ ਆਉਣ ਲਗਦੀ ਕਿ ਕਿਉਂ ਨਾ
ਹਿੰਦੁਸਤਾਨ ਦਾ ਹੀ ਫੇਰਾ ਲਾ ਕੇ ਆਵੇ, ਦੇਖੇ ਕਿ ਉਸ ਪਾਸੇ ਦੀ ਦੁਨੀਆਂ ਕਿਹੋ ਜਿਹੀ ਹੈ।
ਲੋਗਨ ਜੋੜੀ ਦੇ ਜਾਣ ਤੋਂ ਬਾਅਦ ਮਹਾਂਰਾਜਾ ਰੋਮ ਵਿਚ ਇਕੱਲਾ ਸੀ ਤੇ ਉਹ ਬਹੁਤ ਹੀ ਇਕੱਲ
ਮਹਿਸੂਸ ਕਰ ਰਿਹਾ ਸੀ। ਇਸ ਇਕੱਲ ਬਾਰੇ ਉਸ ਨੇ ਕਈ ਚਿੱਠੀਆਂ ਲੇਡੀ ਲੋਗਨ ਨੂੰ ਲਿਖੀਆਂ ਵੀ।
ਫਿਰ ਅਚਾਨਕ ਉਸ ਨੇ ਇੰਗਲੈਂਡ ਵਾਪਸ ਆਉਣ ਦਾ ਫੈਸਲਾ ਕਰ ਲਿਆ ਤਾਂ ਜੋ ਆ ਕੇ ਇੰਡੀਅਨ ਸਰਕਾਰ
ਨਾਲ ਚਲਦੇ ਆਪਣੇ ਖਰਚੇ ਦੇ ਕੇਸ ਨੂੰ ਵੀ ਦੇਖ ਸਕੇ ਜਿਸ ਨੇ ਉਸ ਨੂੰ ਵਕਤ ਪਾਇਆ ਹੋਇਆ ਸੀ।
ਉਹ ਮਈ 1859 ਦੇ ਮੱਧ ਵਿਚ ਵਾਪਸ ਇੰਗਲੈਂਡ ਆ ਗਿਆ।
ਇੰਗਲੈਂਡ ਆ ਕੇ ਚੰਗੀ ਖ਼ਬਰ ਉਸ ਨੂੰ ਇਹ ਮਿਲੀ ਕਿ ਲੌਰਡ ਸਟੈਨਲੇ ਦੀ ਚਿੱਠੀ ਉਸ ਦਾ
ਇੰਤਜ਼ਾਰ ਕਰ ਰਹੀ ਸੀ ਕਿ ਉਸ ਦੇ ਕਲੇਮ ਦਾ ਫੈਸਲਾ ਹੋ ਗਿਆ ਹੈ। ਇਸ ਫੈਸਲੇ ਅਨੁਸਾਰ ਉਸ ਨੂੰ
ਸਲਾਨਾ ਢਾਈ ਲੱਖ ਰੁਪਏ ਦੇਣੇ ਤੈਅ ਹੋਏ। ਉਸ ਨੂੰ ਬਾਲਗ ਵੀ ਮੰਨ ਲਿਆ ਗਿਆ ਪਰ ਇਹ ਢਾਈ ਲੱਖ
ਉਸ ਨੂੰ ਹਿੰਦੁਸਤਾਨ ਵਿਚ ਮਿਲ ਸਕਦੇ ਸਨ। ਮਹਾਂਰਾਜੇ ਲਈ ਇਹ ਇਕ ਨਵੀਂ ਅੜਾਉਣੀ ਸੀ। ਨਾ ਉਸ
ਨੂੰ ਹਿੰਦੁਸਤਾਨ ਜਾਣ ਦੀ ਇਜਾਜ਼ਤ ਏਨੀ ਅਸਾਨੀ ਨਾਲ ਮਿਲੇ ਤੇ ਨਾ ਹੀ ਉਸ ਨੂੰ ਕੋਈ ਕਲੇਮ
ਮਿਲੇ। ਮਹਾਂਰਾਜੇ ਨੂੰ ਇਕ ਵਾਰ ਫਿਰ ਲਗਿਆ ਕਿ ਉਸ ਦੇ ਖਿਲਾਫ ਬਹੁਤ ਵੱਡੀ ਸਾਜਿਸ਼ ਘੜੀ ਜਾ
ਰਹੀ ਹੈ। ਉਸ ਨੇ ਮਹਾਂਰਾਣੀ ਕੋਲ ਤੇ ਆਪਣੇ ਹੋਰ ਨਜ਼ਦੀਕੀ ਰਿਸ਼ਤਿਆਂ ਵਿਚ ਰੌਲਾ ਪਾਇਆ ਤੇ
ਅਖ਼ਬਾਰਾਂ ਨੂੰ ਆਪਣੇ ਕਲੇਮ ਬਾਰੇ ਚਿੱਠੀਆਂ ਵੀ ਲਿਖੀਆਂ। ਕਲੇਮ ਦੇਣ ਵਾਲੇ ਮਹਿਕਮੇ ਨਾਲ ਕਈ
ਮੁਲਾਕਾਤਾਂ ਤੋਂ ਬਾਅਦ ਨਵਾਂ ਫੈਸਲਾ ਕੀਤਾ ਗਿਆ ਜਿਸ ਮੁਤਾਬਕ ਉਸ ਨੂੰ ਪੱਚੀ ਹਜ਼ਾਰ ਪੌਂਡ
ਸਾਲਾਨ ਦੇਣਾ ਤੈਅ ਹੋਇਆ। ਮਹਾਂਰਾਜੇ ਨੇ ਪਹਿਲਾਂ ਹੀ ਆਪਣੇ ਸਾਰੇ ਖਰਚਿਆਂ ਦਾ ਹਿਸਾਬ ਕੀਤਾ
ਹੋਇਆ ਸੀ, ਇਹ ਪੱਚੀ ਹਜ਼ਾਰ ਪੌਂਡ ਬਹੁਤ ਥੋੜੇ ਸਨ। ਉਸ ਨੇ ਇਹ ਰਕਮ ਵਧਾਉਣ ਲਈ ਦੁਰਖਸਤ
ਦਿਤੀ ਤਾਂ ਸਰ ਚਾਰਲਸ ਵੁੱਡ ਨੇ ਜਵਾਬ ਦਿਤਾ;
‘ਪੱਚੀ ਹਜ਼ਾਰ ਪੌਂਡ ਉਮੀਦ ਤੋਂ ਕਿਤੇ ਵੱਧ ਹਨ। ਇਸ ਮੁਲਕ ਦੇ ਪੀਅਰਜ਼ ਜਾਂ ਨੋਬਲਮੈੱਨ ਜਾਂ
ਹਾਊਸ ਔਫ ਲੌਰਡਜ਼ ਦੇ ਮੈਂਬਰਾਂ ਦੀ ਤਨਖਾਹ ਦਸ ਹਜ਼ਾਰ ਸਲਾਨਾ ਤੋਂ ਵੀ ਘੱਟ ਹੈ ਸੋ ਇਸ
ਮੁਕਾਬਲੇ ਪੱਚੀ ਹਜ਼ਾਰ ਤਾਂ ਕਿਤੇ ਵੱਧ ਹਨ। ਫਿਰ ਮਹਾਂਰਾਜੇ ਦੇ ਹਾਲੇ ਔਲਾਦ ਨਹੀਂ ਤੇ ਜਦ
ਔਲਾਦ ਹੋਈ ਤਾਂ ਉਸ ਨੂੰ ਵੀ ਭੱਤੇ ਦੇਣੇ ਪੈਣਗੇ।’
ਮਹਾਂਰਾਜੇ ਨੂੰ ਇਹ ਫੈਸਲਾ ਬਿਲਕੁਲ ਮਨਜ਼ੂਰ ਨਹੀਂ ਸੀ। ਉਸ ਨੇ ਇਸ ਦੀ ਅਗੇ ਅਪੀਲ ਕਰ ਦਿਤੀ।
ਮਹਾਂਰਾਜੇ ਦਾ ਕਹਿਣਾ ਸੀ ਕਿ ਉਹ ਕੋਈ ਸਧਾਰਣ ਲੌਰਡ ਜਾਂ ਪੀਅਰ ਨਹੀਂ ਹੈ, ਉਹ ਲਹੌਰ ਦਾ
ਮਹਾਂਰਾਜਾ ਹੈ ਇਸ ਲਈ ਉਸ ਦੇ ਕਲੇਮ ਬਾਰੇ ਸੋਚਣ ਦਾ ਮਤਲਵ ਹੈ ਕਿ ਇਕ ਮਹਾਂਰਾਜੇ ਦੇ ਕਲੇਮ
ਬਾਰੇ ਸੋਚਣਾ।
ਮਹਾਂਰਾਜੇ ਕੋਲ ਇਸ ਵੇਲੇ ਦੋ ਇਸਟੇਟਾਂ ਸਨ ਇਕ ਸਕੌਟਲੈਂਡ ਵਿਚ ਹੀ ਔਚਲਿਨ ਤੇ ਦੂਜੀ ਇਹ
ਮੁਲਗਰੇਵ। ਉਹ ਆਪਣੀ ਬੰਦੂਕਬਾਜ਼ੀ, ਘੋੜਸਵਾਰੀ ਤੇ ਬਾਜ਼ ਨਾਲ ਸਿ਼ਕਾਰ ਖੇਡਣ ਵਿਚ ਮਸਰੂਫ
ਸੀ। ਆਪਣੀਆਂ ਇਸਟੇਟਾਂ ਉਸ ਤੋਂ ਚੰਗੀ ਤਰ੍ਹਾਂ ਸੰਭਾਲੀਆਂ ਨਹੀਂ ਸੀ ਜਾ ਰਹੀਆਂ। ਇਕ ਦਿਨ ਸਰ
ਲੋਗਨ ਨੇ ਕਿਹਾ,
“ਯੋਅਰ ਹਾਈਨੈੱਸ, ਤੁਸੀਂ ਆਪਣੇ ਸਾਰੇ ਕੰਮ ਕਾਰ ਨੂੰ ਸੰਭਾਲਣ ਲਈ ਇਕ ਮੈਨੇਜਰ ਕਿਉਂ ਨਹੀਂ
ਰੱਖ ਲੈਂਦੇ।”
ਮਹਾਂਰਾਜਾ ਸੋਚਣ ਲਗਿਆ ਕਿ ਉਹ ਮਸਾਂ ਤਾਂ ਸਰ ਲੋਗਨ ਦੇ ਦਬਾਅ ਵਿਚੋਂ ਨਿਕਲਿਆ ਸੀ ਤੇ ਹੁਣ
ਕਿਸੇ ਹੋਰ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਉਸ ਨੂੰ ਸੋਚਾਂ ਵਿਚ ਪਏ ਦੇਖ ਕੇ ਸਰ ਲੋਗਨ ਨੇ
ਕਿਹਾ,
“ਮੇਰੀਆਂ ਹੋਰ ਵੀ ਜਿ਼ੰਮੇਵਾਰੀਆਂ ਨੇ, ਨਾਲੇ ਇੰਗਲਿਸ਼ ਸੁਸਾਇਟੀ ਵਿਚ ਮੈਨੇਜਰ ਰੱਖਣ ਦਾ
ਰਿਵਾਜ ਵੀ ਏ, ਕੋਈ ਪੜਿਆ ਲਿਖਿਆ ਭੱਦਰਪੁਰਸ਼ ਮਿਲ ਜਾਵੇ ਤਾਂ ਰੱਖ ਲਵੋ।”
ਮਹਾਂਰਾਜੇ ਦੇ ਮਨ ਵਿਚ ਇਕ ਦਮ ਪੌਲ ਸ਼ੀਨ ਦਾ ਨਾਂ ਆਇਆ। ਪੌਲ ਸ਼ੀਨ ਉਸ ਦਾ ਸਭ ਤੋਂ ਭਰੋਸੇ
ਵਾਲਾ ਬੰਦਾ ਸੀ ਪਰ ਉਹ ਪਰਦੇ ਦੇ ਪਿੱਛੇ ਰਹਿ ਕੇ ਹੀ ਕੰਮ ਕਰਦਾ ਸੀ। ੳਸ ਦੀ ਆਪਣੀ ਵਕਾਲਤ
ਸੀ ਤੇ ਗਾਹੇ-ਵਗਾਹੇ ਮਹਾਂਰਾਜੇ ਨੂੰ ਸਲਾਹ ਦਿੰਦਾ ਰਹਿੰਦਾ ਸੀ। ਪੌਲ ਸ਼ੀਨ ਦੀ ਮਹਾਂਰਾਜੇ
ਪ੍ਰਤੀ ਕੁਝ ਅਜੀਬ ਜਿਹੀ ਸ਼ਰਧਾ ਸੀ। ਅਸਲ ਵਿਚ ਉਸ ਦਾ ਜਨਮ ਪੰਜਾਬ ਦਾ ਸੀ। ਉਸ ਦਾ ਬਾਪ
ਹਿੰਦੁਸਤਾਨ ਵਿਚ ਸਿਵਲ ਸਰਵਿਸ ਵਿਚ ਕੰਮ ਕਰਦਾ ਸੀ ਜਦੋਂ ਪੌਲ ਦਾ ਜਨਮ ਹੋਇਆ। ਉਸ ਦਾ ਪਿਤਾ
ਇਕ ਵਾਰ ਪੰਜਾਬ ਗਿਆ ਮਹਾਂਰਾਜਾ ਰਣਜੀਤ ਸਿੰਘ ਨੂੰ ਵੀ ਮਿਲਿਆ ਸੀ। ਪੌਲ ਸ਼ੀਨ ਦੇ ਘਰ
ਮਹਾਂਰਾਜਾ ਰਣਜੀਤ ਸਿੰਘ ਵਲੋਂ ਉਸ ਦੇ ਪਿਓ ਨੂੰ ਦਿਤੇ ਤੋਹਫੇ ਹਾਲੇ ਵੀ ਪਏ ਸਨ। ਮਹਾਂਰਾਜੇ
ਨੂੰ ਆਪਣਾ ਸੈਕਟਰੀ ਬਣਨ ਲਈ ਕਿਹਾ ਤਾਂ ਪੌਲ ਸ਼ੀਨ ਬੋਲਿਆ,
“ਮਹਾਂਰਾਜਾ, ਜੋ ਮੈਂ ਅਖਬਾਰਾਂ ਤੇ ਸਰਕਾਰੀ ਅਫਸਰਾਂ ਤੋਂ ਦੂਰ ਰਹਿ ਕੇ ਤੁਹਾਡੀ ਮੱਦਦ ਕਰ
ਸਕਦਾਂ ਉਹ ਤੁਹਾਡੇ ਨੇੜੇ ਰਹਿ ਕੇ ਨਹੀਂ ਕਰ ਸਕਣੀ, ਇਸ ਲਈ ਤੁਸੀਂ ਕੋਈ ਹੋਰ ਬੰਦਾ ਲੱਭ
ਲਓ।”
ਅਗਲੀ ਵਾਰ ਇਸ ਮਾਮਾਲੇ ‘ਤੇ ਸਰ ਲੋਗਨ ਨਾਲ ਗੱਲ ਹੋਈ ਤਾਂ ਮਹਾਂਰਾਜੇ ਨੇ ਪੁੱਛਿਆ,
“ਸਰ, ਤੁਹਾਡੀ ਨਜ਼ਰ ਵਿਚ ਕੋਈ ਹੈ ਕੀ?”
“ਹਾਂ, ਸਰ ਫਿਪਸ ਨੇ ਹੀ ਕਰਨਲ ਓਲੀਫੈਂਟ ਦਾ ਨਾਂ ਲਿਆ ਏ। ਓਲੀਫੈਂਟ ਪਹਿਲਾਂ ਈਸਟ ਇੰਡੀਆ
ਕੰਪਨੀ ਵਿਚ ਹੁੰਦਾ ਸੀ ਤੇ ਬਾਅਦ ਵਿਚ ਉਸ ਨੇ ਕੋਈ ਵਿਓਪਾਰ ਸ਼ੁਰੂ ਕਰ ਲਿਆ ਸੀ ਪਰ ਉਸ ਵਿਚ
ਘਾਟਾ ਪੈ ਜਾਣ ਕਾਰਨ ਅਜ ਕਲ ਉਹ ਕਿਸੇ ਨੌਕਰੀ ਦੀ ਤਲਾਸ਼ ਵਿਚ ਏ। ...ਥੋੜੀ ਤਨਖਾਹ ਨਾਲ ਹੀ
ਸ਼ਾਇਦ ਮੰਨ ਜਾਵੇ ਪਰ ਪਹਿਲਾਂ ਤੁਸੀਂ ਉਸ ਨਾਲ ਕੁਝ ਮੁਲਾਕਾਤਾਂ ਕਰ ਕੇ ਦੇਖ ਲਵੋ ਕਿ
ਤੁਹਾਡੀ ਉਸ ਨਾਲ ਨਿਭ ਵੀ ਸਕੇਗੀ ਕਿ ਨਹੀਂ।”
ਕਰਨਲ ਓਲੀਫੈਂਟ ਮਹਾਂਰਾਜੇ ਨੂੰ ਔਚਲਿਨ ਇਸਟੇਟ ਵਿਚ ਮਿਲਣ ਆ ਗਿਆ। ਦੋਨਾਂ ਨੂੰ ਆਪਸ ਵਿਚ ਇਕ
ਦੂਜੇ ਨਾਲ ਬਣਦੀ ਦਿਸੀ। ਮਹਾਂਰਾਜੇ ਨੇ ‘ਹਾਂ’ ਕਰ ਦਿਤੀ ਤੇ ਕਰਨਲ ਓਲੀਫੈਂਟ ਵੀ ਅੱਠ ਸੌ
ਪੌਂਡ ਸਾਲਾਨਾ ਕੰਮ ਕਰਨ ਲਈ ਮੰਨ ਗਿਆ। ਅਗਲੇ ਦਿਨ ਹੀ ਇਸ ਖਬਰ ਬਾਰੇ ਮਹਾਂਰਾਜ ਲੇਡੀ ਲੋਗਨ
ਨੂੰ ਚਿੱਠੀ ਲਿਖਣ ਬਹਿ ਗਿਆ;
‘ਕਰਨਲ ਓਲੀਫੈਂਟ ਆਇਆ। ਅਸੀਂ ਇਕੱਠਿਆਂ ਨੇ ਮੱਛੀ ਫੜਦਿਆਂ ਗੱਲਾਂ ਕੀਤੀਆਂ ਜੋ ਠੀਕ ਰਹੀਆਂ।
ਬਾਅਦ ਵਿਚ ਮੈਂ ਮਚਾਣ ਤੇ ਬਹਿ ਕੇ ਰਾਤ ਭਰ ਸਿ਼ਕਾਰ ਦੀ ਉਡੀਕ ਕੀਤੀ ਕਿ ਹਿਰਨ ਮੱਕੀ ਦੇ ਖੇਤ
ਵਿਚ ਆਉਣਗੇ। ਕਰਨਲ ਓਲੀਫੈਂਟ ਇਸ ਸਾਰੀ ਪਰਿਕਿਰਿਆ ਵਿਚ ਸਹਿਜ ਰਿਹਾ। ਮੈਨੂੰ ਸਰ ਲੋਗਨ ਦੀ
ਸਲਾਹ ਚੰਗੀ ਲਗਦੀ ਹੈ ਕਿ ਹਰ ਵੇਲੇ ਆਪਣੇ ਨਾਲ ਬੰਨੀ ਰੱਖਣ ਦੀ ਥਾਂ ਮੈਨੇਜਰ ਤਦ ਹੀ ਆਵੇ ਜਦ
ਉਸ ਦੀ ਲੋੜ ਹੋਵੇ, ਉਮੀਦ ਹੈ ਕਿ ਹਰ ਮੈਜਿਸਟੀ ਵੀ ਇਹੋ ਚਾਹੁਣਗੇ।’
ਨਵੰਬਰ ਗੁਜ਼ਰ ਚਲਿਆ ਸੀ ਪਰ ਉਸ ਦੀ ਆਪਣੇ ਕਲੇਮ ਵਲੋਂ ਹਾਲੇ ਤਕ ਇੰਡੀਆ ਬੋਰਡ ਵਲੋਂ ਕੋਈ
ਤਸੱਲੀਬਖਸ਼ ਜਵਾਬ ਨਹੀਂ ਸੀ ਆਇਆ। ਉਸ ਨੇ ਸਰ ਲੋਗਨ ਨੂੰ ਲਿਖਦਿਆਂ ਕਿਹਾ; ‘ਮੇਰਾ ਸਬਰ ਹੁਣ
ਖਤਮ ਹੋ ਰਿਹਾ ਹੈ, ਕਿਸੇ ਤਰ੍ਹਾਂ ਸਰਕਾਰ ਨੂੰ ਕਹਿ ਕੇ ਮੇਰਾ ਇਹ ਮਸਲਾ ਹੱਲ ਕਰਵਾਓ ਤੇ
ਮੇਰਾ ਬਾਕਾਇਆ ਮੈਨੂੰ ਦਵਾਓ। ਮੈਨੂੰ ਲਗਦਾ ਹੈ ਕਿ ਲਾਰਿਆਂ ਵਿਚ ਇਹਨਾਂ ਨੇ ਇਕ ਸਾਲ ਹੋਰ
ਲੰਘਾ ਦੇਣਾ ਹੈ। ਇਧਰ ਮੈਂ ਕਰਜ਼ੇ ਵਿਚ ਫਸਦਾ ਜਾ ਰਿਹਾ ਹਾਂ।’
ਇਹੋ ਖਤ ਉਸ ਨੇ ਈਟਨ ਹਾਲ ਵਿਚ ਠਹਿਰੇ ਗਵਰਨਰਾਂ ਨੂੰ ਵੀ ਲਿਖਿਆ।
ਸੰਨ 1859 ਦੀਆਂ ਸਰਦੀਆਂ ਮਹਾਂਰਾਜਾ ਮੁਲਗਰੇਵ ਪੈਲੇਸ ਵਿਚ ਹੀ ਠਹਿਰਿਆ। ਉਸ ਦੇ ਨਾਲ ਹੀ
ਲੇਡੀ ਨੌਰਮੈਂਡੀ, ਜੋ ਇਕ ਇਸ ਦੇ ਮਾਲਕ ਦੀ ਪਤਨੀ ਸੀ, ਵੀ ਆ ਕੇ ਰਹੀ। ਬਾਅਦ ਵਿਚ ਲੇਡੀ
ਨੌਰਮੈਂਡੀ ਨੇ ਕੈਨੇਡਾ ਵਿਚ ਰਹਿੰਦੇ ਆਪਣੇ ਪੁੱਤਰ ਨੂੰ ਚਿੱਠੀ ਵਿਚ ਲਿਖਿਆ;
‘ ...ਮੁਲਗਰੇਵ ਬਹੁਤ ਵਧੀਆ ਸਜਾਇਆ ਗਿਆ ਹੋਇਆ ਹੈ। ਮਹਾਂਰਾਜੇ ਨੇ ਇਸ ਨੂੰ ਬਹੁਤ ਖੂਬਸੂਰਤ
ਬਣਾ ਰਖਿਆ ਹੈ। ਸਿ਼ਕਾਰ ਦਾ ਤਾਂ ਕੋਈ ਅੰਤ ਹੀ ਨਹੀਂ। ਖਰਗੋਸ਼ ਇੰਨੇ ਹਨ ਕਿ ਦਰਖਤਾਂ ਦੇ
ਹੇਠਲਾ ਵਾਧੂ ਘਾਹਫੂਸ ਮੁਕਾ ਦਿੰਦੇ ਹਨ। ਤਿੱਤਰ, ਪਾਰਟਰਿਜ ਤੇ ਹੋਰ ਜਾਨਵਰ ਵੀ ਘੱਟ ਨਹੀਂ
ਹਨ। ਇਕ ਹਫਤੇ ਵਿਚ ਮਹਾਂਰਾਜੇ ਨੇ ਦੋ ਬੰਦੂਕਾਂ ਨਾਲ 730 ਜਾਨਵਰ ਫੁੰਡੇ। ਉਸ ਦਾ ਕਹਿਣਾ ਹੈ
ਕਿ ਇਕ ਦਿਨ ਵਿਚ 150 ਜਾਨਵਰ ਫੁੰਡ ਸਕਦਾ ਹੈ। ਉਹ ਮੁਲਗਰੇਵ ਵਿਚ ਇਕ ਗਰੀਨ ਹਾਊਸ ਬਣਾ ਰਿਹਾ
ਹੈ ਤੇ ਹੋਰ ਵੀ ਕਈ ਕਿਸਮ ਦਾ ਵਾਧਾ ਕਰ ਰਿਹਾ ਹੈ। ਉਸ ਨੇ ਲਾਇਬਰੇਰੀ ਵਿਚ ਬਿਲਾਰਡ ਟੇਬਲ
ਲਿਆ ਰੱਖਿਆ ਹੈ ਜੋ ਬਹੁਤ ਹੀ ਸਜਦਾ ਹੈ। ...ਮਹਾਂਰਾਜਾ ਬਹੁਤ ਚੰਗਾ ਇਸਾਈ ਹੈ ਪਰ ਉਸ ਦਾ
ਕਹਿਣਾ ਹੈ ਕਿ ਬਾਈਬਲ ਸਿਰਫ ਇਕ ਪਤਨੀ ਦੀ ਇਜਾਜ਼ਤ ਦਿੰਦਾ ਹੈ, ਜੇ ਇਕ ਪਤਨੀ ਚੰਗੀ ਨਾ
ਨਿਕਲੇ ਤਾਂ ਬੰਦਾ ਕੀ ਕਰੇ। ...ਉਹ ਹਾਲੇ ਵੀ ਅੱਧਾ ਹਿੰਦੁਸਤਾਨੀ ਜਿਉਂ ਹੈ। ਉਹ ਆਪਣੇ
ਬਾਵਰਚੀਆਂ ਤੋਂ ਬਹੁਤ ਹੀ ਵਧੀਆ ਖਾਣਾ ਤਿਆਰ ਕਰਵਾਉਂਦਾ ਹੈ, ...ਪਹਿਲਾਂ ਚੌਲਾਂ ਦੀ ਵੱਡੀ
ਪਲੇਟ, ਕਰੀ ਲਈ ਥੋੜੇ ਜਿਹੇ ਫਰਾਈ ਕੀਤੇ ਇਹ ਚੌਲ਼, ਫਿਰ ਨਟਮੈੱਗ ਤੇ ਕਰੀਓਂਡਾ ਨਾਲ ਘਿਓ
ਵਿਚ ਤੁੜਕਾ, ਸਭ ਕੁਝ ਬਹੁਤ ਹੀ ਸਵਦਾਸ਼ਟ ਪਰ ਜ਼ਰਾ ਕੁ ਗਰਮ, ਪਾਲਕ ਤੇ ਹੋਰ ਕਈ ਮਸਾਲਿਆਂ
ਸਮੇਤ। ਇਹ ਸਭ ਉਹ ਚਪਾਤੀ ਨਾਲ ਪੇਸ਼ ਕਰਗੇ, ਚਪਾਤੀ ਹਿੰਦੁਸਤਾਨੀ ਕੇਕ ਹੈ ਜੋ ਤੇਲ ਨਾਲ
ਬਣਾਇਆ ਹੁੰਦਾ ਹੈ’,...
ਮਹਾਂਰਾਜਾ ਆਪਣਾ ਹਰ ਦੁਖ-ਸੁਖ ਲੋਗਨ ਜੋੜੇ ਨਾਲ ਸਾਂਝਾ ਕਰਦਾ ਹੀ ਰਹਿੰਦਾ ਸੀ। ਲੋਗਨ ਜੋੜੇ
ਨੂੰ ਹੁਣ ਪਤਾ ਲਗ ਚੁੱਕਾ ਸੀ ਕਿ ਮਹਾਂਰਾਜੇ ਤੇ ਰਾਜਕੁਮਾਰੀ ਗੋਰੈਹਮਾ ਦੇ ਆਪਸ ਵਿਚ ਵਿਆਹ
ਹੋਣ ਦੀ ਕੋਈ ਸੰਭਾਵਨਾ ਨਹੀਂ। ਇਸੇ ਆਸ ਨਾਲ ਉਹਨਾਂ ਨੇ ਗੋਰੈਹਮਾ ਦੀ ਸਰਪ੍ਰਸਤੀ ਮਨਜ਼ੂਰ
ਕੀਤੀ ਸੀ ਤੇ ਹੁਣ ਉਹ ਇਹ ਸਰਪ੍ਰਸਤੀ ਕਰਨਲ ਤੇ ਲੇਡੀ ਕੈਥਰੀਨ ਹਾਰਕੋਰਟ ਨੂੰ ਦੇ ਦਿਤੀ ਗਈ
ਜਿਹੜੇ ਬੱਕਹ੍ਰਸਟ ਪਾਰਕ, ਸੁਸੈਕਸ ਵਿਚ ਰਹਿੰਦੇ ਸਨ। ਮਹਾਂਰਾਜੇ ਵਲੋਂ ਠੁਕਰਾਏ ਜਾਣ ਕਰਕੇ
ਰਾਜਕੁਮਾਰੀ ਦਾ ਸੁਭਾਅ ਹੋਰ ਵੀ ਚਿੜਚਿੜਾ ਤੇ ਮੁਸ਼ਕਲ ਹੋ ਗਿਆ। ਉਸ ਦੀਆਂ ਹਰਕਤਾਂ ਦੇਖ ਕੇ
ਕਰਨਲ ਤੇ ਲੇਡੀ ਹਾਰਕੋਰਟ ਉਸ ਲਈ ਕੁਝ ਸਖਤ ਹੋ ਗਏ ਪਰ ਏਸ ਸਖਤੀ ਨੇ ਰਾਜਕੁਮਾਰੀ ਉਪਰ ਹੋਰ
ਵੀ ਉਲਟਾ ਅਸਰ ਦਿਖਾਇਆ। ਉਹ ਘਰ ਦੇ ਇਕ ਬਾਵਰਚੀ ਜੌਰਜ ਦੇ ਪਿਆਰ-ਚਕਰ ਵਿਚ ੳਲਝਣ ਲਗੀ। ਇਕ
ਰਾਤ ਉਹ ਅਚਾਨਕ ਪਿਆਰ ਲੀਲਾ ਰਚਾਉਂਦੀ ਫੜੀ ਗਈ ਤਾਂ ਹਾਰਕੋਰਟ ਪਰਿਵਾਰ ਨੇ ਵੀ ਉਸ ਦੀ
ਦੇਖਭਾਲ ਤੋਂ ਜਵਾਬ ਦੇ ਦਿਤਾ। ਗੋਰੈਹਮਾ ਦੀ ਕਮਜ਼ੋਰ ਮਾਨਸਕ ਹਾਲਤ ਦੇਖ ਕੇ ਉਸ ਨੂੰ ਡਾਕਟਰ
ਨੂੰ ਵੀ ਦਿਖਾਇਆ ਗਿਆ। ਮਹਾਂਰਾਜੇ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਰਾਜਕੁਮਾਰੀ ਨੂੰ
ਵਿਸ਼ੇਸ਼ ਤੌਰ ਤੇ ਮਿਲਣ ਗਿਆ ਤੇ ਆਪਣੇ ਨਾਲ ਲੈ ਆਇਆ। ਮਹਾਂਰਾਜੇ ਨੇ ਬਹੁਤ ਪਿਆਰ ਨਾਲ
ਪੁੱਛਿਆ,
“ਰਾਜਕੁਮਾਰੀ, ਕੀ ਸੋਚਦੇ ਰਹਿੰਦੇ ਓ, ਕਿਹੜੀ ਗੱਲ ਤੁਹਾਨੂੰ ਤੰਗ ਕਰਦੀ ਏ?”
“ਯੋਅਰ ਹਾਈਨੈੱਸ, ਮੈਂ ੳੱਨੀ ਸਾਲ ਦੀ ਹੋ ਗਈ ਆਂ ਤੇ ਮੇਰਾ ਕੋਈ ਦੋਸਤ ਨਹੀਂ, ਇਹ ਬਾਵਰਚੀ
ਨਾਲ ਮੇਰੀ ਦੋਸਤੀ ਪਈ ਸੀ ਪਰ ਇਹ ਸਭ ਉਸ ਨੂੰ ਇਸ ਕਰਕੇ ਠੁਕਰਾ ਰਹੇ ਨੇ ਕਿ ਉਹ ਬਾਵਰਚੀ ਏ।
ਉਸ ਦਾ ਪੱਧਰ ਮੇਰੇ ਤੋਂ ਹੇਠਾਂ ਏ। ਮੇਰੀ ਪੱਧਰ ਦਾ ਕੋਈ ਮਿਲੇ ਨਾ ਤੇ ਹੇਠਲੀ ਪੱਧਰ ਨਾਲ
ਮੈਂ ਕੋਈ ਵਾਹ ਨਾ ਰੱਖਾਂ! ਕੀ ਏ ਮੇਰੀ ਜਿ਼ੰਦਗੀ?”
“ਰਾਜਕੁਮਾਰੀ, ਹੌਸਲਾ ਰੱਖ, ਏਸ ਦਾ ਕੋਈ ਹੱਲ ਲੱਭਦੇ ਹਾਂ।”
“ਕੀ ਹੱਲ ਲੱਭੋਂਗੇ? ਤੁਸੀਂ ਮੈਨੂੰ ਪਤੀ ਲੱਭ ਕੇ ਦੇਣ ਲਈ ਕਿਹਾ ਸੀ ਪਰ ਤੁਸੀਂ ਵੀ ਕੁਝ
ਨਹੀਂ ਕਰ ਰਹੇ।”
“ਰਾਜਕੁਮਾਰੀ, ਮੈਨੂੰ ਤੁਹਾਡਾ ਫਿਕਰ ਏ, ਏਸੇ ਲਈ ਹੀ ਤਾਂ ਮੈਂ ਤੁਹਾਨੂੰ ਆਪਣੇ ਨਾਲ ਲੈ
ਅਇਆਂ।”
ਹੁਣ ਸੱਚ ਹੀ ਉਸ ਨੂੰ ਰਾਜਕੁਮਾਰੀ ਦੀ ਚਿੰਤਾ ਹੋਣ ਲਗੀ ਸੀ।
ਕੁਝ ਦਿਨਾਂ ਬਾਅਦ ਹੀ ਲੇਡੀ ਲੋਗਨ ਦਾ ਛੋਟਾ ਭਰਾ ਕਰਨਲ ਜੌਹਨ ਕੈਂਪਬੈੱਲ ਮੁਲਗਰੇਵ ਆਇਆ। ਉਸ
ਦੀ ਮਹਾਂਰਾਜੇ ਨਾਲ ਕਾਫੀ ਬਣਦੀ ਸੀ। ਉਹ ਦੋਨੋਂ ਇਕੱਠੇ ਸਿ਼ਕਾਰ ਵੀ ਖੇਡਦੇ ਸਨ। ਜੌਹਨ ਦੀ
ਪਤਨੀ ਮਰ ਚੁੱਕੀ ਸੀ ਤੇ ਬੱਚੇ ਵੀ ਵੱਡੇ ਹੋ ਚੁੱਕੇ ਸਨ। ਹੁਣ ਉਹ ਫੌਜ ਵਿਚੋਂ ਰਿਟਾਇਰ ਹੋ
ਚੁੱਕਾ ਸੀ। ਉਮਰ ਭਾਵੇਂ ਜਿ਼ਆਦਾ ਸੀ ਪਰ ਉਹ ਆਪਣੀ ਉਮਰ ਤੋਂ ਬਹੁਤ ਛੋਟਾ ਦਿਸਦਾ ਸੀ।
ਮਹਾਂਰਾਜੇ ਨੂੰ ਉਹ ਰਾਜਕੁਮਾਰੀ ਲਈ ਵਧੀਆ ਜੋੜ ਲਗਿਆ। ਉਸ ਨੂੰ ਪਤਾ ਸੀ ਕਿ ਉਮਰ ਦੇ ਫਰਕ
ਕਾਰਨ ਲੇਡੀ ਲੋਗਨ ਇਸ ਰਿਸ਼ਤੇ ਲਈ ਤਿਆਰ ਨਹੀਂ ਹੋਵੇਗੀ ਪਰ ਉਹ ਰਾਜਕੁਮਾਰੀ ਦਾ ਵਿਆਹ ਜਲਦੀ
ਤੋਂ ਜਲਦੀ ਕਰਵਾ ਦੇਣਾ ਚਾਹੁੰਦਾ ਸੀ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਜੌਹਨ ਨੂੰ ਮਨਾ ਲਿਆ
ਤੇ ਫਿਰ ਰਾਜਕੁਮਾਰੀ ਨੂੰ ਵੀ। ਦੋਨੋਂ ਹੀ ਇਕ ਦੂਜੇ ਨੂੰ ਮਿਲਣ ਲਗੇ। ਮਹਾਂਰਾਜੇ ਨੇ ਇਸ ਗੱਲ
ਨੂੰ ਵੀ ਭੇਦ ਵਿਚ ਰੱਖਿਆ ਕਿ ਉਹਨਾਂ ਦੋਨਾਂ ਨੂੰ ਮਿਲਾਉਣ ਵਾਲਾ ਉਹੋ ਹੀ ਹੈ। ਜਦ ਉਹ ਦੋਵੇਂ
ਇਕ ਦੂਜੇ ਨਾਲ ਪੂਰੀ ਤਰ੍ਹਾਂ ਘੁਲ਼-ਮਿਲ਼ ਗਏ ਤਾਂ ਉਹਨਾਂ ਦੇ ਵਿਆਹ ਦਾ ਐਲਾਨ ਕਰ ਦਿਤਾ
ਗਿਆ।
ਇਸ ਐਲਾਨ ਤੋਂ ਸਾਰੇ ਹੈਰਾਨ ਸਨ। ਲੇਡੀ ਲੋਗਨ ਤਾਂ ਜ਼ਰਾ ਕੁ ਪਰੇਸ਼ਾਨ ਵੀ ਸੀ। ਉਹ ਨਹੀਂ ਸੀ
ਚਾਹੁੰਦੀ ਕਿ ਰਾਜਕੁਮਾਰੀ ਨਾਲ ਉਸ ਦਾ ਭਰਾ ਵਿਆਹ ਕਰਾਵੇ। ਉਸ ਨੂੰ ਰਾਜਕੁਮਾਰੀ ਦਿਮਾਗੀ ਤੌਰ
‘ਤੇ ਜ਼ਰਾ ਕੁ ਹਿੱਲੀ ਜਾਪਦੀ ਸੀ ਪਰ ਹੁਣ ਵਿਆਹ ਦੀ ਤਰੀਕ ਰੱਖ ਦਿਤੀ ਗਈ ਸੀ, ਕੁਝ ਨਹੀਂ ਸੀ
ਕੀਤਾ ਜਾ ਸਕਦਾ। ਮਹਾਂਰਾਣੀ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਹ ਖੁਸ਼ ਸੀ। ਖੁਸ਼ੀ ਨਾਲੋਂ
ਤਸੱਲੀ ਵਧੇਰੇ ਸੀ। ਹੁਣ ਉਸ ਦਾ ਇਕ ਫਿਕਰ ਦੂਰ ਹੋ ਗਿਆ ਸੀ। ਉਹ ਇਸ ਜਿ਼ੰਮੇਵਾਰੀ ਤੋਂ
ਸੁਰਖੁਰੂ ਹੋ ਗਈ ਮਹਿਸੂਸ ਕਰ ਰਹੀ ਸੀ। ਜੁਲਾਈ, 1860 ਨੂੰ ਰਾਜਕੁਮਾਰੀ ਤੇ ਕਰਨਲ ਜੌਹਨ
ਕੈਂਪਬੈੱਲ ਦਾ ਵਿਆਹ ਹੋ ਗਿਆ। ਇਹ ਜੋੜਾ ਹਨੀਮੂਨ ਲਈ ਚਲੇ ਗਿਆ। ਮਹਾਂਰਾਜਾ ਖੁਸ਼ ਸੀ ਕਿ ਉਹ
ਗੋਰੈਹਮਾ ਲਈ ਕੁਝ ਕਰ ਸਕਿਆ ਹੈ।
ਮਹਾਂਰਾਜੇ ਦਾ ਸਿ਼ਕਾਰ ਖੇਡਣ ਦਾ ਕੰਮ ਜ਼ੋਰਾਂ ‘ਤੇ ਸੀ। ਉਹ ਆਪਣੇ ਨਿਸ਼ਾਨੇ ਨਾਲ ਪੰਛੀਆਂ
ਨੂੰ ਫੁੰਡਣ ਦੇ ਰਿਕ੍ਰਾਡ ਬਣਾ ਰਿਹਾ ਸੀ। ਦੋਸਤਾਂ ਦਾ ਇਹ ਝੁੰਡ ਹਰ ਵੇਲੇ ਉਸ ਦੇ ਨਾਲ
ਹੁੰਦਾ। ਕਰਨਲ ਓਲੀਫੈਂਟ ਹੁਣ ਘਰ ਸੰਭਾਲ ਰਿਹਾ ਸੀ। ਉਹ ਸਕੌਟਲੈਂਡ ਦੇ ਕੈਥਨੈੱਸ ਸ਼ਹਿਰ ਵਿਚ
ਇਕ ਜਾਇਦਾਦ ਖਰੀਦਣ ਦੀ ਕੋਸਿ਼ਸ਼ ਕਰ ਰਿਹਾ ਸੀ ਜੋ ਕਿ ਸਰ ਜੌਰਜ ਸਿੰਕਲੇਅਰ ਦੀ ਮਲਕੀਅਤ ਸੀ
ਤੇ ਥੁਰਸੋ ਦਰਿਆ ਦੇ ਕੰਢੇ ਸਥਿਤ। ਇਹ ਮੱਛੀ ਦੇ ਸਿ਼ਕਾਰ ਲਈ ਬਹੁਤ ਢੁਕਵਾ ਟਿਕਾਣਾ ਸੀ।
ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਦਾ ਪੁਰਾਣਾ ਦੋਸਤ ਫਰੈਂਕ ਬੋਲਿਓ ਉਸ ਨੂੰ ਮਿਲਣ ਆਇਆ। ਇਹ
ਉਹੀ ਦੋਸਤ ਸੀ ਜਿਹੜਾ ਉਸ ਨੂੰ ਕਦੇ ਮਸੂਰੀ ਮਿਲਿਆ ਸੀ। ਅਜਕਲ ਉਹ ਸੈਕਿੰਡ ਸਿੱਖ ਕੈਵਲਰੀ
ਵਿਚ ਸੈਕਿੰਡ ਇਨ ਕਮਾਂਡ ਸੀ ਤੇ ਸਤਵੰਜਾ ਦੇ ਗਦਰ ਵੇਲੇ ਦਿਲੀ ਘੇਰੇ ਵਿਚ ਰਿਹਾ ਸੀ ਪਰ ਬਚ
ਗਿਆ ਸੀ। ਮਹਾਂਰਾਜਾ ਉਸ ਨਾਲ ਪੁਰਾਣੀਆਂ ਯਾਦਾਂ ਸਾਂਝੀਆ ਕਰਦਾ ਰਿਹਾ।
ਇਹਨਾਂ ਦਿਨਾਂ ਵਿਚ ਹੀ ਸਮੁੰਦ ਸਿੰਘ ਹਿੰਦਸਤਾਨ ਤੋਂ ਵਾਪਸ ਆ ਗਿਆ। ਉਹ ਛੇ ਮਹੀਨੇ ਲਈ ਗਿਆ
ਸੀ ਪਰ ਸਾਲ ਤੋਂ ਵੀ ਵਧ ਸਮਾਂ ਲਾ ਆਇਆ ਸੀ। ਉਹ ਆਉਂਦਾ ਹੀ ਮਹਾਂਰਾਜੇ ਨੂੰ ਮਿਲਣ ਆ ਗਿਆ।
ਮਹਾਂਰਾਜਾ ਉਸ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਸਮੁੰਦ ਸਿੰਘ ਪੰਜਾਬ ਦੀਆਂ ਗੱਲਾਂ ਕਰਦਾ
ਬੋਲਿਆ,
“ਮਹਾਂਰਾਜਾ ਜੀਓ, ਤੁਹਾਡੀ ਰਿਆਇਆ ਹਾਲੇ ਵੀ ਤੁਹਾਨੂੰ ਯਾਦ ਕਰਦੀ ਏ, ਤੁਸੀਂ ਇਸਾਈ ਬਣੇ ਓ
ਤੇ ਮੁੜ ਕੇ ਸਿੱਖ ਵੀ ਬਣ ਸਕਦੇ ਓ ਪਰ ਤੁਹਾਡੀ ਹਾਲੇ ਵੀ ਓਨੀ ਈ ਕਦਰ ਏ ਪੰਜਾਬ ਵਿਚ,
ਤੁਹਾਡੇ ਕਰੀਬੀ ਰਿਸ਼ਤੇਦਾਰ ਵੀ ਸਾਨੂੰ ਮਿਲੇ ਨੇ, ਸਭ ਤੁਹਾਨੂੰ ਦੇਖਣਾ ਚਾਹੁੰਦੇ ਨੇ।
ਮਹਾਂਰਾਜਾ ਜੀਓ, ਤੁਹਾਡੀ ਮਾਤਾ ਦੀ ਸਿਹਤ ਵੀ ਬਹੁਤੀ ਚੰਗੀ ਨਹੀਂ ਸੁਣੀਂਦੀ।”
ਮਹਾਂਰਾਜਾ ਉਦਾਸ ਹੋ ਗਿਆ। ਉਸ ਆਪਣਾ ਬਚਪਨ ਚੇਤੇ ਆਉਣ ਲਗਿਆ। ਉਸ ਨੂੰ ਭਾਬੀ ਜੀ ਤੇ
ਸ਼ਹਿਜ਼ਾਦਾ ਸਿ਼ਵਦੇਵ ਵੀ ਚੇਤੇ ਆਏ। ਇਕ ਸਮੇਂ ਉਸ ਨੂੰ ਪਤਾ ਚਲਿਆ ਸੀ ਕਿ ਸਿ਼ਵਦੇਵ ਸਿੰਘ
ਨੂੰ ਸਹੀ ਪੈਨਸ਼ਨ ਨਹੀਂ ਮਿਲ ਰਹੀ ਤਾਂ ਉਸ ਨੇ ਇੰਡੀਆ ਹਾਊਸ ਤਕ ਪਹੁੰਚ ਕਰਕੇ ਉਸ ਦੀ
ਪੈਨਸ਼ਨ ਸ਼ੁਰੂ ਕਰਵਾ ਦਿਤੀ। ਹੁਣ ਉਸ ਦਾ ਦਿਲ ਬੀਬੀ ਜੀ ਨੂੰ ਮਿਲਣ ਲਈ ਕਰਨ ਲਗਿਆ। ਉਸ ਨੂੰ
ਤਾਂ ਆਪਣੀ ਮਾਂ ਬਾਰੇ ਕੁਝ ਵੀ ਨਹੀਂ ਸੀ ਪਤਾ। ਉਸ ਨੇ ਨੀਲਕੰਠ ਗੋੜੇ ਨੂੰ ਤਿਆਰ ਕੀਤਾ ਕਿ
ਉਹ ਨਿਪਾਲ ਜਾਵੇ ਤੇ ਬੀਬੀ ਜੀ ਦੀ ਖ਼ਬਰ-ਸਾਰ ਲੈ ਕੇ ਆਵੇ। ਇਸ ਬਾਰੇ ਇੰਡੀਆ ਹਾਊਸ ਤੋਂ
ਇਜਾਜ਼ਤ ਲੈਣੀ ਪੈਣੀ ਸੀ ਪਰ ਇਹ ਇਜਾਜ਼ਤ ਨਾ ਮਿਲੀ। ਉਸ ਨੇ ਬੀਬੀ ਜੀ ਦੇ ਨਾਂ ਇਕ ਲੰਮੀ
ਚਿੱਠੀ ਲਿਖੀ। ਇਹ ਚਿੱਠੀ ਵੀ ਬੀਬੀ ਜੀ ਤਕ ਸਰਕਾਰ ਦੀ ਦੇਖ-ਰੇਖ ਹੇਠ ਹੀ ਪੁੱਜੀ। ਰਾਣੀ
ਜਿੰਦ ਕੋਰ ਹਾਲੇ ਵੀ ਸਖਤ ਪਹਿਰੇ ਅਧੀਨ ਰਹਿ ਰਹੀ ਸੀ। ਭਾਰਤ ਸਰਕਾਰ ਹਾਲੇ ਵੀ ਉਸ ਨੂੰ ਇਕ
ਬਹੁਤ ਵੱਡਾ ਖਤਰਾ ਸਮਝੀ ਬੈਠੀ ਸੀ। ਸਰਕਾਰ ਮੁਤਾਬਕ ਉਹ ਹਾਲੇ ਵੀ ਪੰਜਾਬ ਦੇ ਲੋਕਾਂ ਨੂੰ
ਭੜਕਾ ਸਕਦੀ ਸੀ। ਇਕ ਬੁਰੀ ਖ਼ਬਰ ਇਹ ਸੀ ਕਿ ਰਾਣੀ ਜਿੰਦ ਕੋਰ ਦੀ ਇਸ ਵੇਲੇ ਸਿਹਤ ਬਹੁਤ
ਖਰਾਬ ਸੀ। ਅੱਖਾਂ ਤੋਂ ਤਾਂ ਉਸ ਨੂੰ ਦਿਸਣੋ ਹੀ ਹਟ ਗਿਆ ਹੋਇਆ ਸੀ। ਮਹਾਂਰਾਜੇ ਨੂੰ ਰਾਣੀ
ਜਿੰਦ ਕੋਰ ਦੀ ਸੀਮਤ ਜਿਹੀ ਖਬਰ ਮਿਲ ਗਈ ਸੀ।
ਉਸ ਰਾਤ ਮਹਾਂਰਾਜਾ ਸੌਂ ਨਾ ਸਕਿਆ। ਉਸ ਦੀਆਂ ਨਜ਼ਰਾਂ ਮੁਹਰੇ ਵਾਰ ਵਾਰ ਇਕੋ ਨਜ਼ਾਰਾ ਆ
ਰਿਹਾ ਸੀ; ‘ਦੋ ਸਿਪਾਹੀ ਮਹਾਂਰਾਜੇ ਨੂੰ ਫੜੀ ਖੜੇ ਹਨ। ਸਾਹਮਣੇ ਮਹਾਂਰਾਣੀ ਜਿੰਦਾਂ
ਮਹਾਂਰਾਜੇ ਵਲ ਅਹੁਲ ਰਹੀ ਹੈ ਪਰ ਕੁਝ ਸਿਪਾਹੀ ਉਸ ਨੂੰ ਰੋਕ ਰਹੇ ਹਨ। ਮਹਾਂਰਾਣੀ ਜਿੰਦਾਂ
ਸਿਪਾਹੀਆਂ ਦੇ ਕਾਬੂ ਵਿਚ ਨਹੀਂ ਆ ਰਹੀ। ਅੰਗਰੇਜ਼ ਅਫਸਰ ਸਿਪਾਹੀਆਂ ਨੂੰ ਦਬਕਾ ਮਾਰਦਾ ਹੈ।
ਇਕ ਸਿਪਾਹੀ ਮਹਾਂਰਾਣੀ ਨੂੰ ਵਾਲਾਂ ਤੋਂ ਫੜ ਕੇ ਪਰ੍ਹਾਂ ਵਗਾਹ ਮਾਰਦਾ ਹੈ। ਮਹਾਂਰਾਣੀ ਫਿਰ
ਉਠ ਕੇ ਮਹਾਂਰਾਜੇ ਵਲ ਨੂੰ ਅਹੁਲਦੀ ਹੈ ਪਰ ਸਿਪਾਹੀ ਉਸ ਨੂੰ ਵਾਲਾਂ ਤੋਂ ਫੜ ਖਿਚਦੇ ਹੋਏ ਲੈ
ਜਾਂਦੇ ਹਨ। ਮਹਾਂਰਾਣੀ ਚੀਕਾਂ ਮਾਰਦੀ, ਰੋਂਦੀ, ਵਿਰਲਾਪ ਪਾਉਂਦੀ ਮਹਾਂਰਾਜੇ ਵਲ ਦੇਖਦੀ
ਜਾਂਦੀ ਹੈ। ਮਹਾਂਰਾਜਾ ਚੁੱਪ ਹੈ, ਨਾ ਹਾਂ, ਨਾ ਹੂੰ, ਬਿਲਕੁਲ ਨਮ, ਜਿਵੇਂ ਖੂਨ ਜੰਮ ਗਿਆ
ਹੋਵੇ।’
(ਤਿਆਰੀ ਅਧੀਨ ਨਾਵਲ: ‘ਸਾਡਾ ਆਪਣਾ; ਮਹਾਂਰਾਜਾ ਦਲੀਪ ਸਿੰਘ’ ਵਿਚੋਂ)
-0-
|