ਸਿਆਟਲ ਤੇ ਵੈਨਕੂਵਰ ਮੇਰੇ ਲਈ ਮੋਗੇ ਜਗਰਾਵਾਂ ਵਾਂਗ ਹਨ। ਉਧਰ ਮੇਰਾ ਗੇੜਾ ਵੱਜਦਾ ਹੀ
ਰਹਿੰਦੈ। ਕਦੇ ਦੋ ਚਾਰ ਦਿਨਾਂ ਲਈ, ਕਦੇ ਹਫ਼ਤੇ ਦਸਾਂ ਦਿਨਾਂ ਲਈ। ਐਤਕੀਂ ਅੱਠ ਦਿਨ ਲੱਗੇ।
ਹਰ ਗੇੜੇ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲ ਜਾਂਦੈ। ਕਈ ਪੁਰਾਣੇ ਸੱਜਣ ਮਿੱਤਰ ਮਿਲ ਜਾਂਦੇ
ਨੇ ਤੇ ਕਈ ਨਵੇਂ ਸਿਆਣੂੰ ਬਣ ਜਾਂਦੇ ਨੇ। ਮੇਰੀ ਇਸ ਵਾਰ ਦੀ ਫੇਰੀ ਵੀ ਯਾਦਗੀਰੀ ਰਹੀ ਜਿਸ
ਦੀਆਂ ਕੁਝ ਯਾਦਾਂ ਪਾਠਕਾਂ ਨਾਲ ਸਾਂਝੀਆਂ ਕਰਨ ਨੂੰ ਦਿਲ ਕਰ ਆਇਆ ਹੈ।
ਸਿਆਟਲ ਸਾਗਰ, ਨਦੀਆਂ, ਝੀਲਾਂ ਤੇ ਜੰਗਲ ਬੇਲਿਆਂ ਦੀ ਹਰਿਆਵਲ ਵਿਚ ਵਲਿਆ ਸੁੰਦਰ ਸ਼ਹਿਰ ਹੈ।
ਇਸ ਨੂੰ ‘ਕੁਈਨ ਸਿਟੀ’ ਤੇ ਫੁੱਲਾਂ ਦਾ ਸ਼ਹਿਰ ਵੀ ਕਿਹਾ ਜਾਂਦੈ। ਇਹ ਰੋਮ ਵਾਂਗ ਸੱਤ
ਪਹਾੜੀਆਂ ਉਤੇ ਵਸਿਆ ਹੋਇਐ ਅਤੇ ਕੰਪਿਊਟਰ ਸਾਫ਼ਟਵੇਅਰ ਤੇ ਹਵਾਈ ਜਹਾਜ਼ਾਂ ਦੀ ਰਾਜਧਾਨੀ
ਸਮਝਿਆ ਜਾਂਦੈ। ਮੇਰਾ ਉਥੇ 1990 ਤੋਂ ਜਾਣ ਆਉਣ ਹੈ। ਕਦੇ ਖੇਡ ਮੇਲਾ, ਕਦੇ ਸਭਿਆਚਾਰਕ ਮੇਲਾ
ਤੇ ਕਦੇ ਉਂਜ ਈ ਮੇਲਾ ਗੇਲਾ। ਐਤਕੀਂ ਵਰਿਆਮ ਸਿੰਘ ਸੰਧੂ ਤੇ ਮੈਂ ਉਥੋਂ ਦੇ ਪੰਜਾਬੀਆਂ
ਵੱਲੋਂ ਕਰਾਏ ਜਾਂਦੇ ਵਿਰਾਸਤ ਮੇਲੇ ਦੇ ਮਹਿਮਾਨ ਸਾਂ।
ਮੈਂ ਜਦੋਂ ਵੀ ਸਿਆਟਲ ਜਾਨਾਂ ਮੈਨੂੰ ਬਲਵੰਤ ਗਾਰਗੀ ਯਾਦ ਆ ਜਾਂਦੈ। ਉਹ ਉਥੇ ਵਿਆਹਿਆ ਜੁ
ਹੋਇਆ ਸੀ। ਉਹਦੀ ਲਿਖਤ ਨਖਰੇਹੱਥੀ ਸੀ ਜਿਸ ਨੇ ਮੈਨੂੰ ਹੀ ਨਹੀਂ ਅਨੇਕਾਂ ਪਾਠਕਾਂ ਤੇ
ਲੇਖਕਾਂ ਨੂੰ ਪੱਟਿਆ। ਖ਼ਸਤਾ ਕਰਾਰੀ ਸ਼ੈਲੀ ‘ਚ ਉਹ ਸੰਤੋਖ ਸਿੰਘ ਧੀਰ ਵਰਗੇ ਕਾਮਰੇਡ ਲੇਖਕ
ਦਾ ਨਾਂ ‘ਸੁਰਮੇ ਵਾਲੀ ਅੱਖ’ ਰੱਖ ਕੇ ਅੱਖ ਮਟੱਕਾ ਕਰਵਾ ਦਿੰਦਾ ਸੀ। ਹਰਨਾਮ ਸਿੰਘ ਸ਼ਾਨ
ਵਰਗੇ ਗੁਰਮੁਖ ਨੂੰ ‘ਦੁੱਧ ਵਿਚ ਬਰਾਂਡੀ’ ਪਿਆ ਦਿੰਦਾ ਸੀ। ਅਜੀਤ ਕੌਰ ਨੂੰ ਕਾੜ੍ਹਨੀ
ਕਹਿੰਦਾ ਤੇ ਸਿ਼ਵ ਕੁਮਾਰ ਬਟਾਲਵੀ ਨੂੰ ਕੌਡੀਆਂ ਵਾਲਾ ਸੱਪ। ਗੱਲਾਂ ਮਸਾਲੇਦਾਰ ਕਰਦਾ ਸੀ
ਭਾਵੇਂ ਕਿਸੇ ਨੂੰ ਚੰਗੀਆਂ ਲੱਗਣ ਭਾਵੇਂ ਮਾੜੀਆਂ। ਗੱਲ ਲਾ ਕੇ ਵੀ ਕਰਦਾ ਸੀ। ਅਖੇ ਨਾਨਕ
ਸਿੰਘ ਮਤਲਬ ਦੀ ਗੱਲ ਤਾਂ ਸੁਣ ਲੈਂਦੈ ਤੇ ਬੇਮਤਲਬੀ ਲਈ ਬੋਲਾ ਬਣ ਜਾਂਦੈ!
ਸਿਆਟਲ ਜਾ ਕੇ ਗਾਰਗੀ ਦੀ ਵਿਦਿਆਥਣ ਜੀਨੀ ਵੀ ਯਾਦ ਆ ਜਾਂਦੀ ਹੈ ਜਿਸ ਦਾ ਯੂਨੀਵਰਸਿਟੀ ਆਫ਼
ਵਸਿ਼ੰਗਟਨ ‘ਚ ਪੜ੍ਹਦਿਆਂ ਗਾਰਗੀ ਨਾਲ ਇਸ਼ਕ ਹੋਇਆ ਤੇ ਉਹ ਜੀਨੀ ਹੈਨਰੀ ਤੋਂ ਜੀਨੀ ਗਾਰਗੀ
ਬਣੀ। ਦੋ ਬੱਚੇ ਪੈਦਾ ਹੋਏ। ਫਿਰ ਉਨ੍ਹਾਂ ਦਾ ਤਲਾਕ ਹੋ ਗਿਆ। ਹੁਣ ਜੀਨੀ ਦਾ ਕੋਈ ਪਤਾ ਨਹੀਂ
ਕਿਥੇ ਹੈ? ਸਿਆਟਲ ‘ਚ ਪੁੱਛਿਆ ਵੀ, ਪਰ ਕੋਈ ਦੱਸ ਨਹੀਂ ਪਈ।
ਬਲਵੰਤ ਗਾਰਗੀ ‘ਨੰਗੀ ਧੁੱਪ’ ਵਿਚ ਲਿਖਦੈ ਕਿ ਸਿਆਟਲ ‘ਚ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ।
ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕੀਹਨੂੰ ਜਵਾਬ ਦੇਵਾਂ, ਕੀਹਨੂੰ ਲਾਰਾ ਲਾਵਾਂ ਤੇ ਕੀਹਦੇ
ਨਾਲ ਵਿਆਹ ਕਰਾਵਾਂ? ਗਾਰਗੀ ਉਥੇ ਇੰਡੀਅਨ ਥੇਟਰ ਦਾ ਵਿਜਿ਼ਟਿੰਗ ਪ੍ਰੋਫੈਸਰ ਬਣ ਕੇ ਨਾਟਕ
ਪੜ੍ਹਾਉਣ ਗਿਆ ਸੀ। ਉਹ ਅਜੇ ਛੜਾ ਛਾਂਟ ਸੀ ਤੇ ਉਹਦੀ ਉਮਰ ਪੰਜਾਹ ਸਾਲਾਂ ਦੇ ਨੇੜ ਸੀ।
ਬਠਿੰਡੇ ਦੇ ਬਲਵੰਤ ਗਰਗ ਨੇ ਸਿਆਟਲ ‘ਚ ਐਸੀ ਰਾਸ ਲੀਲ੍ਹਾ ਰਚਾਈ ਕਿ ਲਾਹੌਰ ਦੀ ਬੇਗੋ ਨਾਰ
ਤੇ ਇੰਦਰ ਬਾਣੀਏਂ ਦਾ ਕਿੱਸਾ ਮਾਤ ਪਾ ਦਿੱਤਾ। ਉਥੋਂ ਉਹ ਲੰਮੀ ਝੰਮੀ ਚਿੱਟੇ ਖੰਭ ਵਰਗੀ
ਕੁੜੀ ਵਿਆਹ ਕੇ ਦਿੱਲੀ ਲੈ ਆਇਆ।
ਮੈਂ ਉਦੋਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਪੜ੍ਹਾਉਂਦਾ ਸਾਂ। ਗਾਰਗੀ ਜੋੜੇ ਦੇ ਸਵਾਗਤ ਵਿਚ
ਕਾਲਜ ਦੇ ਪੰਜਾਬੀ ਵਿਭਾਗ ਨੇ ਇਕ ਸਮਾਗਮ ਰੱਖਿਆ ਜਿਥੇ ਗਾਰਗੀ ਦੇ ਬਹਾਨੇ ਅਸੀਂ ਜੀਨੀ ਦੇ
ਦਰਸ਼ਨ ਕੀਤੇ। ਸਫੈਦ ਪੁਸ਼ਾਕ ਵਿਚ ਉਹ ਟਿਊਬ ਵਾਂਗ ਜਗ ਰਹੀ ਸੀ। ਅਸੀਂ ਹੈਰਾਨ ਸਾਂ ਕਿ
ਛਿੱਲੇ ਕੇਲੇ ਦੀ ਛੱਲੀ ਵਰਗੀ ਗੋਰੀ ਅਮਰੀਕਨ ਕੁੜੀ ਆਪਣੀ ਤੋਂ ਦੂਣੀ ਉਮਰ ਦੇ ਮਧਰੇ ਜਿਹੇ
ਲੇਖਕ ਦੇ ਲੜ ਕਿਵੇਂ ਲੱਗ ਗਈ? ਵਿਦਿਆਰਥੀਆਂ ਦੀਆਂ ਨਜ਼ਰਾਂ ਲੈਕਚਰ ਦਿੰਦੇ ਗਾਰਗੀ ਉਤੇ ਘੱਟ
ਤੇ ਜੀਨੀ ਉਤੇ ਵੱਧ ਸਨ। ਚਾਹ ਪਾਣੀ ਪਿਆਉਣ ਪਿੱਛੋਂ ਅਸੀਂ ਉਨ੍ਹਾਂ ਨੂੰ ਕਾਰ ਤਕ ਵਿਦਾ ਕਰਨ
ਗਏ। ਉਹ ਅਮਰੀਕਾ ਤੋਂ ਲਿਆਂਦੀ ਲੰਮੀ ਕਾਰ ‘ਚ ਬਹਿਣ ਲੱਗੇ ਤਾਂ ਮੇਰਾ ਮੌਜੀ ਮਨ ਕਹਿਣਾ ਤਾਂ
ਇਹ ਚਾਹੁੰਦਾ ਸੀ, “ਗਾਰਗੀ ਸਾਹਿਬ, ਰੰਨ ਸੁਲਫ਼ੇ ਦੀ ਲਾਟ ਵਰਗੀ ਪੱਟੀ ਜੇ!” ਪਰ ਕਿਹਾ ਇਹੋ,
“ਕਾਰ ਬੜੀ ਵਧੀਆ ਲਿਆਂਦੀ ਜੇ!”
ਗਾਰਗੀ ਗੁੱਝਾ ਮੁਸਕਰਾਇਆ। ਪਿੱਛੋਂ ਮੇਰਾ ਗਾਰਗੀ ਵੱਲ ਗੇੜਾ ਵੱਜਾ ਤਾਂ ਉਸ ਨੇ ਬੜੇ ਹੰਮੇ
ਨਾਲ ਆਖਿਆ, “ਆਖੇਂ ਤਾਂ ਸਾਲੀ ਦਾ ਸਾਕ ਲਿਆ ਦਿੰਨਾਂ।” ਮੈਂ ਕਿਹਾ, “ਮਿਹਰਬਾਨੀ ਗਾਰਗੀ
ਸਾਹਿਬ! ਮੇਮ ਮੈਥੋਂ ਸੰਭਾਲੀ ਨਹੀਂ ਜਾਣੀ।” ਸੰਭਾਲੀ ਗਾਰਗੀ ਤੋਂ ਜੀਨੀ ਵੀ ਨਾ ਗਈ! ਆਪਣੀ
ਸਵੈਜੀਵਨੀ ਵਰਗੇ ਨਾਵਲ ‘ਨੰਗੀ ਧੁੱਪ’ ਵਿਚ ਉਸ ਨੇ ਕੁਝ ਵੀ ਢਕਿਆ ਨਾ ਰਹਿਣ ਦਿੱਤਾ। ਆਪ ਵੀ
ਨੰਗਾ ਹੋਇਆ ਤੇ ਹੋਰਨਾਂ ਨੂੰ ਵੀ ਨੰਗੇ ਕੀਤਾ। ਰਹਿੰਦੀ ਕਸਰ ‘ਕਾਸ਼ਨੀ ਵਿਹੜਾ’ ਲਿਖ ਕੇ ਕੱਢ
ਦਿੱਤੀ। ਗਾਰਗੀ ਦੇ ਗਲਪਗੱਪੇ ਗੋਲਗੱਪਿਆਂ ਵਾਂਗ ਵਿਕੇ!
“ਗਾਰਗੀ ਪਹਿਲਾ ਲੇਖਕ ਹੈ, ਜਿਸ ਉਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ। ਆਮ ਤੌਰ ‘ਤੇ
ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘੱਟ ਹੀ ਮੇਲ ਹੁੰਦਾ ਹੈ। ਪ੍ਰੋਫੈ਼ਸਰ ਪ੍ਰੀਤਮ ਸਿੰਘ ਦੀ
ਪਾਰਸਾਈ ਤੋਂ, ਸਤਿਆਰਥੀ ਦੀ ਦਾੜ੍ਹੀ ਤੋਂ ਤੇ ਸੇਖੋਂ ਦੇ ਖਿ਼ਜ਼ਾਬ ਤੋਂ ਡਰ ਲੱਗਦਾ ਹੈ। ਪਰ
ਗਾਰਗੀ ਕੋਲ ਨਾ ਦਾੜ੍ਹੀ ਹੈ, ਨਾ ਖਿ਼ਜ਼ਾਬ ਤੇ ਨਾ ਪਾਰਸਾਈ! ਉਹ ਜੁੱਤਾ ਗੰਢਾਉਣ ਗਿਆ ਹੁੰਦਾ
ਹੈ ਤੇ ਪਿਛੋਂ ਉਸ ਦੀ ਰਸੋਈ ਵਿਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਨ।” ਇਹ ਕਿਸੇ ਹੋਰ
ਨੇ ਨਹੀਂ, ਗਾਰਗੀ ਨੇ ਆਪ ਹੀ ਆਪਣੇ ਬਾਰੇ ਲਿਖਿਆ ਸੀ!
ਗਾਰਗੀ ਆਪਣੇ ਆਪ ਨੂੰ ਗੋਪੀਆਂ ‘ਚ ਕਾਨ੍ਹ ਵਾਂਗ ਪੇਸ਼ ਕਰਦਾ ਸੀ ਪਰ ਉਹਦੀ ਸ਼ਕਲ ਸੂਰਤ ਤੋਂ
ਨਹੀਂ ਸੀ ਲੱਗਦਾ ਕਿ ਕੋਈ ਚੱਜ ਹਾਲ ਦੀ ਕੁੜੀ ਉਹਦੇ ‘ਤੇ ਮਰਦੀ ਹੋਵੇ। ਉਹਦੇ ਨੈਣ ਨਕਸ਼
ਦਿਲਖਿੱਚਵੇਂ ਨਹੀਂ ਸਨ। ਮੋਟੇ ਠੁੱਲ੍ਹੇ ਤੇ ਪੋਪਲੇ ਜਿਹੇ ਸਨ। ਰੰਗ ਵੀ ਬਦਰੰਗ ਜਿਹਾ ਸੀ।
ਕਪੜੇ ਜ਼ਰੂਰ ਭੜਕੀਲੇ ਪਾਉਂਦਾ ਸੀ। ਸਿਆਟਲ ਜਾ ਕੇ ਮੈਂ ਹਰ ਵਾਰ ਹੈਰਾਨ ਹੁੰਨਾਂ ਕਿ ਇਥੇ
ਯੂਨੀਵਰਸਿਟੀ ਵਿਚ ਪੜ੍ਹਦੀਆਂ ਕੁੜੀਆਂ ਉਹਦੇ ਉਤੇ ਕਿਵੇਂ ਡੁੱਲ੍ਹ ਗਈਆਂ? ਫਿਰ ਸੋਚੀਦੈ,
ਸ਼ਾਇਦ ਉਹ ਸੱਚਾ ਹੀ ਹੋਵੇ ਤੇ ਕੁੜੀਆਂ ਉਹਦੇ ਉਤੇ ਸੱਚੀਮੁੱਚੀਂ ਮਰਦੀਆਂ ਹੋਣ। ਸੀਗਾ ਤਾਂ
ਸਿਰੇ ਦਾ ਡਰਾਮੇਬਾਜ਼! ਆਪਣੇ ਨਾਟਕ ਡਾਕਟਰ ਪਲਟੇ ਵਰਗਾ। ਤਦੇ ਤਾਂ ਸਿਆਟਲ ‘ਚ ਵਿਆਹਿਆ ਗਿਆ
ਤੇ ਮੈਨੂੰ ਵੀ ਸਾਲੀ ਦਾ ਸਾਕ ਲਿਆਉਣ ਦੀ ਸੁਲ੍ਹਾ ਮਾਰ ਗਿਆ। ਸ਼ੁਕਰ ਐ ਮੈਂ ਬਚ ਗਿਆ!
1990 ‘ਚ ਬੇਕਰਜ਼ਫੀਲਡ ਤੋਂ ਵੈਨਕੂਵਰ ਨੂੰ ਜਾਂਦਿਆਂ ਜਦੋਂ ਅਸੀਂ ਪਹਿਲੀ ਵਾਰ ਸਿਆਟਲ ਵਿਚ
ਦੀ ਲੰਘੇ ਤਾਂ ਮੈਂ ਆਪਣੀ ਪਤਨੀ ਨੂੰ ਛੇੜਿਆ, “ਗਾਰਗੀ ਦੀ ਗੱਲ ਮੰਨ ਲੈਂਦਾ ਤਾਂ ਆਹ ਮੇਰੇ
ਸਹੁਰਿਆਂ ਦਾ ਸ਼ਹਿਰ ਹੋਣਾ ਸੀ ਤੇ ਤੂੰ ਭਾਗਵਾਨੇ ਪਤਾ ਨਹੀਂ ਕਿਹੜੇ ਘਰ ਨੂੰ ਭਾਗ ਲਾਉਣੇ
ਸੀ?” ਸਫ਼ਰ ਦਾ ਪੂਰਾ ਬਿਰਤਾਂਤ ਮੈਂ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿਚ
ਲਿਖਿਆ। ਖ਼ੈਰ ਇਹ ਹੋਈਆਂ ਬੀਤੀਆਂ ਗੱਲਾਂ ਹਨ।
ਚਲੋ ਹੁਣ ਦੀ ਗੱਲ ਕਰਦੇ ਹਾਂ। ਵਰਿਆਮ ਸਿੰਘ ਸੰਧੂ ਤੇ ਮੈਨੂੰ ਸੱਦਾ ਸੀ ਕਿ ਸਿਆਟਲ ਦੇ
ਵਿਰਾਸਤ ਮੇਲੇ ‘ਚ ਪੁੱਜੀਏ। ਮੇਲਾ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਸੀ ਜਿਸ ਦਾ ਸੱਦਾ
ਪਹਿਲਵਾਨ ਕਰਤਾਰ ਸਿੰਘ ਦੇ ਭਰਾ ਗੁਰਚਰਨ ਸਿੰਘ ਢਿੱਲੋਂ ਤੇ ਉਸ ਦੇ ਸਾਥੀਆਂ ਨੇ ਦਿੱਤਾ ਸੀ।
ਕਰਤਾਰ ਸਿੰਘ ਵੀ ਬੋਸਨੀਆ ‘ਚ ਹੋਈ ਵਰਲਡ ਵੈਟਰਨ ਕੁਸ਼ਤੀ ਚੈਂਪੀਅਨਸਿ਼ਪ ਜਿੱਤ ਕੇ ਸਿੱਧਾ
ਸਿਆਟਲ ਪੁੱਜ ਰਿਹਾ ਸੀ। ਤੇਈ ਸਾਲਾਂ ‘ਚ ਮੈਂ ਦਸ ਬਾਰਾਂ ਵਾਰ ਸਿਆਟਲ ਜਾ ਚੁੱਕਾ ਸਾਂ ਜਿਸ
ਕਰਕੇ ਉਥੋਂ ਦੇ ਪੰਜਾਬੀ ਭਾਈਚਾਰੇ ਦਾ ਵਾਹਵਾ ਸਿਆਣੂੰ ਸਾਂ। ਵਰਿਆਮ ਸੰਧੂ ਪਹਿਲੀ ਵਾਰ
ਸਿਆਟਲ ਜਾ ਰਿਹਾ ਸੀ। ਉਸ ਨੇ ਗ਼ਦਰ ਲਹਿਰ ਬਾਰੇ ਭਾਸ਼ਣ ਦੇਣਾ ਸੀ।
ਗ਼ਦਰ ਲਹਿਰ ਦੇ ਮੋਢੀਆਂ ‘ਚੋਂ ਬਾਬਾ ਸੋਹਣ ਸਿੰਘ ਭਕਨਾ 1907 ਵਿਚ ਸਿਆਟਲ ਪੁੱਜਾ ਸੀ। ਉਥੇ
ਗ਼ਦਰ ਲਹਿਰ ਦੇ ਬੀਜ ਪੁੰਗਰੇ ਸਨ। ਉਦੋਂ ਸਿਆਟਲ ਦੀ ਵਸੋਂ ਇਕ ਲੱਖ ਦੇ ਕਰੀਬ ਸੀ ਜੋ ਹੁਣ ਛੇ
ਲੱਖ ਤੋਂ ਵੱਧ ਹੈ। ਇਸ ਵਿਚ 14 ਫੀਸਦੀ ਏਸ਼ੀਅਨ ਹਨ ਜਿਨ੍ਹਾਂ ‘ਚ ਵੀਹ ਕੁ ਹਜ਼ਾਰ ਪੰਜਾਬੀ
ਹੋਣਗੇ। ਪੰਜਾਬੀ ਡਾਕਟਰ ਵੀ ਹਨ ਤੇ ਇੰਜਨੀਅਰ ਵੀ। ਟਰੱਕ ਡਰਾਈਵਰ ਤੇ ਟੈਕਸੀਆਂ ਵਾਲੇ ਤਾਂ
ਹੋਣੇ ਹੀ ਹੋਏ। ਮੈਨੂੰ ਉਹ ਸੱਤਰ ਮੀਲ ਵਾਲੀ ਚਾਹ ਯਾਦ ਹੈ ਜੋ ਕੁਝ ਸਾਲ ਪਹਿਲਾਂ ਉਨ੍ਹਾਂ ਨੇ
ਮੈਨੂੰ ਸਿਆਟਲ ਟੈਕਸੀ ਸਟੈਂਡ ‘ਤੇ ਪਿਆਈ ਸੀ। ਉਥੇ ਇਕ ਕਵੀ ਨੇ ਟੈਕਸੀ ਡਰਾਈਵਰਾਂ ਬਾਰੇ
ਜੋੜੀ ਕਵਿਤਾ ਨਾਲ ਵੀ ਨਿਹਾਲ ਕੀਤਾ ਸੀ।
ਸਿਆਟਲ ਤੋਂ ਜਿਹੜੀਆਂ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਉਨ੍ਹਾਂ ਨਾਲ ਅਸੀਂ ਟੋਰਾਂਟੋ ਤੋਂ
ਲਾਸ ਏਂਜਲਸ ਤੇ ਲਾਸ ਏਂਜਲਸ ਤੋਂ ਸਿਆਟਲ ਪੁੱਜਣਾ ਸੀ। ਸਫ਼ਰ ਸਵੇਰੇ ਸ਼ੁਰੂ ਹੋਣਾ ਸੀ ਤੇ
ਦਿਨ ਛਿਪੇ ਮੁੱਕਣਾ ਸੀ। ਵਰਿਆਮ ਸੰਧੂ ਸਿਹਤ ਢਿੱਲੀ ਹੋਣ ਕਾਰਨ ਜਕੋਤਕੇ ਵਿਚ ਸੀ ਪਰ ਮੈਂ
ਉਹਨੂੰ ਨਾਲ ਲੈ ਹੀ ਤੁਰਿਆ। ਮੇਰਾ ਲੜਕਾ ਸਾਨੂੰ ਹਵਾਈ ਅੱਡੇ ‘ਤੇ ਉਤਾਰ ਕੇ ਆਪਣੇ ਕੰਮ ਉਤੇ
ਚਲਾ ਗਿਆ। ਮਸ਼ੀਨ ‘ਚੋਂ ਬੋਰਡਿੰਗ ਪਾਸ ਕੱਢ ਕੇ ਤੇ ਇੰਮੀਗਰੇਸ਼ਨ ਤੋਂ ਮੋਹਰਾਂ ਲੁਆ ਕੇ
ਜਦੋਂ ਅਸੀਂ ਸਕਿਉਟਿਰੀ ਗੇਟ ਵਿਚ ਦੀ ਲੰਘਣ ਲੱਗੇ ਤਾਂ ਉਥੇ ਕੰਮ ਕਰਦੀਆਂ ਦੋ ਬੀਬੀਆਂ ਅਪਣੱਤ
ਨਾਲ ਮਿਲੀਆਂ। ਇਕ ਪ੍ਰੋ. ਵਰਿਆਮ ਸੰਧੂ ਦੀ ਵਿਦਿਆਰਥਣ ਨਿਕਲੀ ਤੇ ਦੂਜੀ ਮੇਰੀ। ਵਿਦਿਆਰਥੀ
ਤੇ ਅਧਿਆਪਕ ਹੋਣ ਦਾ ਅਜਿਹਾ ਢੋਅ ਮੇਲ ਸਾਡਾ ਜੁੜਦਾ ਹੀ ਰਹਿੰਦੈ। ਇਹੋ ਸਾਡੀ ਕਮਾਈ ਹੈ!
ਜਹਾਜ਼ ਉਡਿਆ ਤਾਂ ਸਾਥੋਂ ਬਿਨਾਂ ਇਕ ਹੋਰ ਪੱਗ ਵਾਲਾ ਬੰਦਾ ਸਾਥੋਂ ਮੂਹਰੇ ਬੈਠਾ ਸੀ। ਮੈਨੂੰ
ਲੱਗਾ ਜਿਵੇਂ ਉਹ ਪੰਜਾਬੀ ਵਿਰਸੇ ਵਾਲਾ ਹਰਕੇਸ਼ ਸਿੰਘ ਕਹਿਲ ਹੋਵੇ। ਇਕ ਵਾਰ ਉਹ ਸੀਟ ਤੋਂ
ਉਠ ਕੇ ਪਿੱਛੇ ਨੂੰ ਆਇਆ ਤਾਂ ਕਹਿਲ ਹੀ ਨਿਕਲਿਆ। ਸਾਡੇ ਨਾਲ ਦੀ ਸੀਟ ਖਾਲੀ ਸੀ ਤੇ ਅਸੀਂ
ਤਿੰਨੇ ਲੇਖਕ ‘ਕੱਠੇ ਹੋ ਗਏ। ਗੱਲਾਂ ਬਾਤਾਂ ਨਾਲ ਟੋਰਾਂਟੋ ਤੋਂ ਲਾਸ ਏਂਜਲਸ ਦੇ ਪੰਜ
ਘੰਟਿਆਂ ਦਾ ਸਫ਼ਰ ਮਿੰਟਾਂ ‘ਚ ਮੁੱਕ ਗਿਆ।
ਲਾਸ ਏਂਜਲਸ ਢਾਈ ਘੰਟੇ ਰੁਕਣਾ ਸੀ। ਉਥੇ ਵੀ ਪਾਣੀ ਧਾਣੀ ਪੀਂਦਿਆਂ ਤੇ ਗੱਲਾਂ ਬਾਤਾਂ
ਕਰਦਿਆਂ ਸਮਾਂ ਬਹਿੰਦੇ ਬੀਤ ਗਿਆ। ਕਹਿਲ ਦੀ ਟਿਕਟ ਅਜਿਹੀ ਸੀ ਕਿ ਉਸ ਨੇ ਉਥੋਂ ਡੇਢ ਹਜ਼ਾਰ
ਮੀਲ ਅੱਗੇ ਸਿਆਟਲ ਜਾ ਕੇ ਬਾਰਾਂ ਸੌ ਮੀਲ ਪਿੱਛੇ ਫਰਿਜ਼ਨੋ ਮੁੜਨਾ ਸੀ। ਏਅਰਲਾਈਨਾਂ ਦੇ ਇਹੋ
ਜਿਹੇ ਗੇੜਿਆਂ ਕਰਕੇ ਹੀ ਮੈਂ ਅਮਰੀਕਾ ਦੇ ਪੱਚੀ ਤੀਹ ਹਵਾਈ ਅੱਡੇ ਵੇਖ ਚੁੱਕਾਂ! ਟੋਰਾਂਟੋ
ਤੋਂ ਡਿਟਰਾਇਟ, ਕਲੀਵਲੈਂਡ, ਸਿ਼ਕਾਗੋ ਤੇ ਸਿਨਸਿਨੈਟੀ ਨੇੜੇ ਹੀ ਹਨ ਪਰ ਖੇਡ ਮੇਲਿਆਂ ‘ਤੇ
ਜਾਣ ਸਮੇਂ ਕਈ ਵਾਰ ਹਜ਼ਾਰਾਂ ਮੀਲ ਉਡੀਦੈ ਜਿਸ ਕਰਕੇ ਕਈ ਹਵਾਈ ਅੱਡਿਆਂ ਦੇ ਦਰਸ਼ਨ ਹੋ
ਜਾਂਦੇ ਨੇ। ਸਿੱਧੀ ਟਿਕਟ ਜੋ ਸੱਤ ਅੱਠ ਸੌ ਡਾਲਰ ਤੋਂ ਘੱਟ ਨਹੀਂ ਮਿਲਦੀ ਵਲਾ ਪਾ ਕੇ ਦੋ
ਢਾਈ ਸੌ ਡਾਲਰ ਦੀ ਮਿਲ ਜਾਂਦੀ ਹੈ!
ਸਾਡਾ ਜਹਾਜ਼ ਸਿਆਟਲ ਅੱਪੜਿਆ ਤਾਂ ਮੈਂ ਬਾਰੀ ‘ਚੋਂ ਵਰਿਆਮ ਸਿੰਘ ਨੂੰ ਸਿਆਟਲ ਦੀ ਸਪੇਸ
ਨੀਡਲ ਵੇਖਣ ਲਈ ਕਿਹਾ। ਕਿਸੇ ਸਮੇਂ ਇਹ ਬੜੀ ਉੱਚੀ ਇਮਾਰਤ ਗਿਣੀ ਜਾਂਦੀ ਸੀ ਪਰ ਦੁਨੀਆ ‘ਚ
ਹੋਰ ਉੱਚੀਆਂ ਇਮਾਰਤਾਂ ਬਣਨ ਨਾਲ ਹੁਣ ਇਹ ਕਿਸੇ ਗਿਣਤੀ ਵਿਚ ਨਹੀਂ ਰਹੀ। ਹਵਾਈ ਅੱਡੇ ‘ਤੇ
ਗੁਰਚਰਨ ਸਿੰਘ ਤੇ ਗੁਰਦੀਪ ਸਿੰਘ ਸਾਨੂੰ ਲੈਣ ਆਏ ਖੜ੍ਹੇ ਸਨ। ਜਿਵੇਂ ਕਿਸਾਨ ਆਏ ਗਏ ਨੂੰ
ਆਪਣੇ ਖੇਤ ਵਿਖਾਉਂਦੇ ਹਨ ਉਵੇਂ ਉਹ ਸਾਨੂੰ ਆਪਣਾ ਨਵਾਂ ਖੋਲ੍ਹਿਆ ਲਿਕਰ ਸਟੋਰ ਵਿਖਾਉਣ ਲੈ
ਗਏ। ਉਥੋਂ ਅਸੀਂ ਗੁਰਚਰਨ ਢਿੱਲੋਂ ਦੇ ਘਰ ਪੁੱਜੇ ਜਿਥੇ ਪੰਦਰਾਂ ਵੀਹ ਜਣਿਆਂ ਦੀ ਮਹਿਫ਼ਲ ਤੇ
ਕਈ ਪਰਿਵਾਰਾਂ ਦੀ ਸੰਗਤ ਮਿਲੀ। ਗੱਲਾਂ ਅਮਰੀਕਾ-ਕਨੇਡਾ ਦੀਆਂ ਘੱਟ ਹੋਈਆਂ ਪੰਜਾਬ ਦੀਆਂ
ਵੱਧ। ਮਹਿਸੂਸ ਹੋਇਆ ਸਿਆਟਲ ਦਾ ਪੰਜਾਬ ਵੀ ਸੁਰ ਸਿੰਘ ਦੇ ਪੰਜਾਬ ਤੋਂ ਘੱਟ ਨਹੀਂ।
ਅਗਲੇ ਦਿਨ ਸੰਤੋਖ ਸਿੰਘ ਮੰਡੇਰ ਨੇ ਵੈਨਕੂਵਰ ਤੋਂ ਕਰਤਾਰ ਸਿੰਘ ਨੂੰ ਲੈ ਕੇ ਆਉਣਾ ਸੀ। ਉਹ
ਦੁਪਹਿਰ ਦੀ ਥਾਂ ਸ਼ਾਮ ਨੂੰ ਸਿਆਟਲ ਪਹੁੰਚਿਆ। ਪਛੜ ਕੇ ਪਹੁੰਚਣ ਦਾ ਕਾਰਨ ਸੀ ਰਾਹ ‘ਚ
ਪੈਂਦਾ ਰੌਸ ਸਟੋਰ। ਜਿਵੇਂ ਜ਼ਨਾਨੀ ਨੂੰ ਬਜਾਜੀ ਦੀ ਦੁਕਾਨ ‘ਚੋਂ ਤੇ ਮੱਝ ਨੂੰ ਟੋਭੇ ‘ਚੋਂ
ਕੱਢਣਾ ਔਖਾ ਹੁੰਦੈ ਉਵੇਂ ਮੰਡੇਰ ਨੂੰ ਵੀ ਸਟੋਰ ‘ਚੋਂ ਕੱਢਣਾ ਸੌਖਾ ਨਹੀਂ ਹੁੰਦਾ! ਰਾਤ ਦਾ
ਖਾਣਾ ਡਾ. ਬੌਬੀ ਵਿਰਕ ਦੇ ਘਰ ਸੀ। ਘਰ ਕਾਹਦਾ, ਮਹੱਲ ਸੀ ਜਿਥੇ ਸਿਆਟਲ ਦੇ ਕਈ ਮੋਹਤਬਰ
ਸੱਜਣ ਮਿਲੇ। ਉਥੇ ਵੀ ਗੱਲਾਂ ਅਮਰੀਕਾ ਦੀਆਂ ਘੱਟ ਪਰ ਪੰਜਾਬ ਦੀਆਂ ਵੱਧ ਹੋਈਆਂ। ਮੈਨੂੰ
ਲੱਗਦੈ ਪੰਜਾਬੀ ਭਾਵੇਂ ਚੰਦ ‘ਤੇ ਵੀ ਚਲੇ ਜਾਣ, ਗੱਲਾਂ ਉਹ ਬੰਗੇ ਫਗਵਾੜੇ, ਨਾਭੇ ਪਟਿਆਲੇ
ਤੇ ਅੰਬਰਸਰ ਤਰਨਤਾਰਨ ਦੀਆਂ ਹੀ ਕਰਨਗੇ!
ਐਤਵਾਰ ਨੂੰ ਆਬਰਨ ਦੇ ਹਾਈ ਸਕੂਲ ਵਿਚ ਸਿਆਟਲ ਦਾ ਵਿਰਾਸਤ ਮੇਲਾ ਸੀ। ਗਿਆਰਾਂ ਸੌ ਸੀਟਾਂ
ਵਾਲਾ ਹਾਲ ਛੇ ਵਜੇ ਤਕ ਬੀਬੀਆਂ, ਬੱਚਿਆਂ, ਬਜ਼ੁਰਗਾਂ ਤੇ ਜੁਆਨਾਂ ਨਾਲ ਨੱਕੋਨੱਕ ਭਰ ਗਿਆ।
ਬੀਬੀਆਂ ਦੇ ਸਿਲਮੇ ਸਿਤਾਰਿਆਂ ਵਾਲੇ ਸੂਟ ਲਿਸ਼ਕਾਂ ਮਾਰ ਰਹੇ ਸਨ। ਬੰਦਿਆਂ ਦੀਆਂ ਰੰਗ
ਬਰੰਗੀਆਂ ਪੱਗਾਂ ਦਾ ਵੱਖਰਾ ਜਲੌਅ ਸੀ। ਅਤਰ ਫੁਲੇਲ ਦੀਆਂ ਮਹਿਕਾਂ ਨੇ ਸਾਰਾ ਹਾਲ ਮਹਿਕਾ
ਰੱਖਿਆ ਸੀ। ਦਿਨ ਰਾਤ ਕੰਮ ਵਾਲੇ ਪਰਦੇਸਾਂ ‘ਚ ਇਹੋ ਤਾਂ ਮੌਕੇ ਹੁੰਦੇ ਨੇ ਲੀੜਾ ਲੱਤਾ ਪਾਉਣ
ਤੇ ਹਾਰ ਸਿ਼ੰਗਾਰ ਲਾਉਣ ਦੇ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੇਸ਼ ਪਿਆਰ ਦੇ
ਗੀਤਾਂ ਦੀਆਂ ਧੁਨਾਂ ਦਿਲਾਂ ਨੂੰ ਧੂਹਾਂ ਪਾ ਰਹੀਆਂ ਸਨ।
ਸਟੇਜੀ ਕਾਰਵਾਈ ਸ਼ੁਰੂ ਕਰਦਿਆਂ ਗੁਰਦੀਪ ਸਿੰਘ ਸਿੱਧੂ ਨੇ ਵਿਰਾਸਤ ਮੇਲੇ ਦੀ ਸੰਖੇਪ
ਜਾਣਕਾਰੀ ਦਿੱਤੀ। ਫਿਰ ਪਰਦਾ ਉਠਿਆ ਤੇ ਗਦਰ ਲਹਿਰ ਦੇ ਜੋਧਿਆਂ ਨੂੰ ਅਕੀਦਤ ਦੇ ਫੁੱਲ ਭੇਟ
ਕੀਤੇ ਗਏ। ਜਸ ਪੰਜਾਬੀ ਟੀਵੀ ਦੇ ਐਂਕਰ ਹਰਵਿੰਦਰ ਰਿਆੜ ਨੇ ਐਮ ਸੀ ਦੀ ਡਿਊਟੀ ਨਿਭਾਈ। ਉਸ
ਨੇ ਗ਼ਦਰ ਲਹਿਰ ਬਾਰੇ ਕੁਝ ਢੁੱਕਵੇਂ ਬੋਲ ਬੋਲੇ ਤੇ ਬਾਬਾ ਭਕਨਾ ਦੇ ਪਰਿਵਾਰ ਨਾਲ ਸੰਬੰਧਿਤ
ਪਸ਼ੌਰਾ ਸਿੰਘ ਢਿੱਲੋਂ ਨੂੰ ਦਰਸ਼ਕਾਂ ਦੇ ਸਨਮੁੱਖ ਹੋਣ ਦਾ ਸੱਦਾ ਦਿੱਤਾ। ਪਸ਼ੌਰਾ ਸਿੰਘ ਨੇ
ਗ਼ਦਰ ਪਾਰਟੀ ਬਾਰੇ ਲਿਖੀ ਕਵਿਤਾ ਤਰੰਨਮ ਵਿਚ ਗਾ ਕੇ ਸਰੋਤਿਆਂ ਨੂੰ ਜਜ਼ਬਾਤੀ ਤੌਰ ‘ਤੇ
ਗ਼ਦਰ ਲਹਿਰ ਨਾਲ ਜੋੜ ਦਿੱਤਾ। ਮੈਂ ਮਹਿਸੂਸ ਕੀਤਾ ਕਿ ਅਜਿਹੀ ਕਵਿਤਾ ਗ਼ਦਰ ਪਾਰਟੀ ਨਾਲ
ਸੰਬੰਧਿਤ ਹਰ ਸਮਾਗਮ ਦੇ ਆਰੰਭ ਵਿਚ ਗਾਈ ਜਾਣੀ ਚਾਹੀਦੀ ਹੈ।
ਫਿਰ ਵਰਿਆਮ ਸਿੰਘ ਸੰਧੂ ਨੂੰ ਆਦਰ ਮਾਣ ਨਾਲ ਸਟੇਜ ‘ਤੇ ਬੁਲਾਇਆ ਗਿਆ। ਵਰਿਆਮ ਸੰਧੂ
ਕਹਾਣੀਆਂ ਲਿਖਣ ਦਾ ਹੀ ਚੈਂਪੀਅਨ ਨਹੀਂ, ਭਾਸ਼ਣਕਾਰੀ ਦਾ ਵੀ ਰੁਸਤਮ ਹੈ। ਉਸ ਨੇ ਗਦਰ ਲਹਿਰ
ਦੀ ਬਹੁਪੱਖੀ ਜਾਣਕਾਰੀ ਦਿੱਤੀ ਜਿਸ ਨੂੰ ਸਰੋਤੇ ਮੰਤਰ ਮੁਗਧ ਹੋਏ ਸੁਣਦੇ ਰਹੇ। ਉਸ ਦੀਆਂ
ਦਲੀਲਾਂ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਉਸ ਨੇ ਸਿੱਧ ਕੀਤਾ ਕਿ ਗ਼ਦਰ ਲਹਿਰ ਮਜ਼੍ਹਬੀ
ਫਿਰਕਾਪ੍ਰਸਤੀ, ਨਸਲੀ, ਜਾਤੀ ਤੇ ਇਲਾਕਾਪ੍ਰਸਤੀ ਤੋਂ ਉਪਰ ਸੀ। ਉਹ ਮਨੁੱਖਤਾ ਦੇ ਦੇਸ਼ ਦੀ
ਆਜ਼ਾਦੀ ਲਈ ਸੀ। ਪ੍ਰਬੰਧਕਾਂ ਦਾ ਤੌਖਲਾ ਕਿ ਗਿੱਧੇ ਭੰਗੜੇ ਵੇਖਣ ਗਿੱਝੇ ਦਰਸ਼ਕ ਕਿਤੇ ਲੰਮੇ
ਭਾਸ਼ਣ ਤੋਂ ਬੋਰ ਨਾ ਹੋ ਜਾਣ ਅਸਲੋਂ ਨਿਰਮੂਲ ਸਾਬਤ ਹੋਇਆ। ਮੈਂ ਨੋਟ ਕੀਤਾ ਕਿ ਵਰਿਆਮ ਸਿੰਘ
ਬੇਸ਼ਕ ਢਿੱਲਾ ਮੱਠਾ ਵੀ ਕਿਉਂ ਨਾ ਹੋਵੇ ਲੈਕਚਰ ਦੇਣ ਵੇਲੇ ਏਨੇ ਵੇਗ ‘ਚ ਹੁੰਦੈ ਕਿ ਖ਼ੁਦ
ਸ਼ਹੀਦਾਂ ਵਾਂਗ ਸ਼ਹੀਦ ਹੋਣ ਤਕ ਜਾਂਦੈ!
ਵਿਰਾਸਤ ਮੇਲੇ ਦਾ ਗ਼ਦਰ ਲਹਿਰ ਵਾਲਾ ਭਾਗ ਪੂਰਾ ਹੋਇਆ ਤਾਂ ਸਾਡਾ ਮਾਣ ਸਨਮਾਨ ਕੀਤਾ ਗਿਆ।
ਕਰਤਾਰ ਸਿੰਘ ਨੂੰ ਰੁਸਤਮੇ ਜ਼ਮਾਂ ਪਹਿਲਵਾਨ ਵਜੋਂ, ਵਰਿਆਮ ਸਿੰਘ ਸੰਧੂ ਨੂੰ ਸ਼੍ਰੋਮਣੀ
ਕਹਾਣੀਕਾਰ ਵਜੋਂ, ਸੰਤੋਖ ਸਿੰਘ ਮੰਡੇਰ ਨੂੰ ਓਲੰਪਿਕ ਖੇਡਾਂ ਦੇ ਫੋਟੋ ਕਲਾਕਾਰ ਵਜੋਂ,
ਗੁਰਮੀਤ ਸਿੰਘ ਨੂੰ ਇੰਟਰਨੈਸ਼ਨਲ ਮੁੱਕੇਬਾਜ਼ ਵਜੋਂ ਤੇ ਮੈਨੂੰ ਸ਼੍ਰੋਮਣੀ ਖੇਡ ਲੇਖਕ ਵਜੋਂ
ਸਨਮਾਨਤ ਕੀਤਾ ਗਿਆ। ਓਲੰਪੀਅਨ ਮਹਿੰਦਰ ਸਿੰਘ ਗਿੱਲ ਅਚਾਨਕ ਆ ਪਏ ਰੁਝੇਵੇਂ ਕਾਰਨ ਸਮਾਗਮ
ਵਿਚ ਪਹੁੰਚ ਨਾ ਸਕਿਆ। ਹਾਲ ਵਿਚ ਪੰਜਾਬ ਦੇ ਸਾਬਕਾ ਵਜ਼ੀਰ ਸੇਵਾ ਸਿੰਘ ਸੇਖਵਾਂ, ਕੈਨੇਡਾ
ਦੇ ਪਾਰਲੀਮੈਂਟ ਮੈਂਬਰ ਜਸਬੀਰ ਸਿੰਘ ਸੰਧੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ
ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ। ਮੇਲੇ ‘ਚ ਯੋਗਦਾਨ ਪਾਉਣ ਵਾਲਿਆਂ ਦੀ ਲੰਮੀ ਲਿਸਟ ਸੀ
ਜਿਨ੍ਹਾਂ ਦੇ ਨਾਂ ਮਾਈਕ ਤੋਂ ਬੋਲੇ ਜਾਂਦੇ ਰਹੇ ਤੇ ਸਕਰੀਨ ਤੋਂ ਵੀ ਵਿਖਾਏ ਗਏ।
ਫਿਰ ਸਭਿਆਰਚਾਰਕ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਦਾ ਸੂਤਰਧਾਰ ਰੇਡੀਓ ਹੋਸਟ ਪ੍ਰੋ. ਗੁਰਵਿੰਦਰ
ਸਿੰਘ ਧਾਲੀਵਾਲ ਬਣਿਆ। ਭੰਗੜੇ ਤੇ ਗਿੱਧਿਆਂ ਦੀਆਂ ਟੀਮਾਂ ਦਾ ਕੋਈ ਅੰਤ ਨਹੀਂ ਸੀ। ਵਿਚੇ
ਬੱਚੇ, ਵਿਚੇ ਗਭਰੂ ਤੇ ਮੁਟਿਆਰਾਂ ਤੇ ਵਿਚੇ ਮਾਈਆਂ ਬੀਬੀਆਂ ਸਨ। ਪ੍ਰਿੰ. ਗੁਲਸ਼ਨ ਰਾਜ ਕੌਰ
ਦੀਆਂ ਸੱਰੀ ਤੋਂ ਲਿਆਂਦੀਆਂ ਪਕੇਰੀ ਉਮਰ ਦੀਆਂ ‘ਗੋਲਡਨ ਗਰਲਜ਼’ ਨੇ ਗਿੱਧਾ ਪਾ ਕੇ ਸਟੇਜ
ਹਿਲਾ ਦਿੱਤਾ। ਕਿਸੇ ਨੇ ਜਾਦੂ ਦੇ ਖੇਲ ਵਿਖਾਏ, ਕਿਸੇ ਨੇ ਗੀਤ ਗਾਏ ਤੇ ਕਿਸੇ ਨੇ ਕੋਈ ਹੋਰ
ਕਲਾ ਵਿਖਾ ਕੇ ਤਿੰਨ ਘੰਟੇ ਰੰਗ ਬੰਨ੍ਹੀ ਰੱਖਿਆ। ਸਭਿਆਚਾਰਕ ਪੇਸ਼ਕਾਰੀਆਂ ਦਾ ਮਿਆਰ ਪੰਜਾਬ
ਦੇ ਜ਼ੋਨਲ ਯੂਥ ਫੈਸਟੀਵਲਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਉਥੇ ਦਸਤਾਰਾਂ/ਦੁਪੱਟੇ
ਸਜਾਉਣ ਦੇ ਮੁਕਾਬਲੇ ਵੀ ਹੋਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਸਮਾਗਮ ਦਾ ਉਦੇਸ਼ ਪੰਜਾਬੀ
ਵਿਰਸੇ ਨੂੰ ਯਾਦ ਰੱਖਣਾ ਤੇ ਉਸ ਨਾਲ ਜੁੜੇ ਰਹਿਣ ਦਾ ਉਪਰਾਲਾ ਕਰਨਾ ਸੀ।
ਅਗਲੇ ਦਿਨ ਵਰਿਆਮ ਸੰਧੂ ਤਾਂ ਵਾਪਸ ਟੋਰਾਂਟੋ ਮੁੜ ਗਿਆ ਜਿਥੇ ਉਹਦੀ ਡਾਕਟਰੀ ਅਪਾਇੰਟਮੈਂਟ
ਸੀ। ਮੈਂ ਤੇ ਮੰਡੇਰ ਵੈਨਕੂਵਰ ਨੂੰ ਚੱਲ ਪਏ। ਜਾਂਦੇ ਜਾਂਦੇ ਰਾਮੂਵਾਲੇ ਦੇ ਹਰਦੀਪ ਸਿੰਘ
ਗਿੱਲ ਦੇ ਪਰਿਵਾਰ ਦੀ ਨਿੱਘੀ ਪ੍ਰਾਹੁਣਚਾਰੀ ਦਾ ਅਨੰਦ ਵੀ ਮਾਣ ਲਿਆ। ਉਹ ਦੋਵੇਂ ਭਰਾ ਇਕੋ
ਜਿਹੇ ਦੋ ਘਰ ਉਸਾਰ ਰਹੇ ਹਨ। ਕਿਹੜਾ ਘਰ ਕੀਹਦਾ ਹੋਵੇਗਾ, ਉਨ੍ਹਾਂ ਦੇ ਪੋਤੇ ਪਰਚੀਆਂ ਚੁੱਕ
ਕੇ ਦੱਸਣਗੇ!
ਸਿਆਟਲ ਤੋਂ ਸੱਰੀ ਤਿੰਨ ਕੁ ਘੰਟਿਆਂ ਦਾ ਰਸਤਾ ਹੈ। ਆਲੇ ਦੁਆਲੇ ਹਰੇ ਭਰੇ ਰੁੱਖਾਂ,
ਸੰਘਣੀਆਂ ਝਾੜੀਆਂ, ਨੀਲੀਆਂ ਝੀਲਾਂ ਤੇ ਸਾਂਵਲੀਆਂ ਪਹਾੜੀਆਂ ਦੇ ਨਜ਼ਾਰੇ ਹਨ। ਹਰ ਵਾਰ ਇਹ
ਸਫ਼ਰ ਰਮਣੀਕ ਲੱਗਦੈ ਤੇ ਮੁੱਕ ਵੀ ਬਹਿੰਦੇ ਜਾਂਦੈ। ਐਤਕੀਂ ਇਸ ਕਰਕੇ ਵੀ ਛੇਤੀ ਮੁੱਕਿਆ ਕਿ
ਮੰਡੇਰ ਨੂੰ ਮੈਂ ਕਿਸੇ ਸਟੋਰ ‘ਤੇ ਨਾ ਰੁਕਣ ਦਿੱਤਾ। ਨਹੀਂ ਤਾਂ ਉਹੀ ਟੋਭੇ ‘ਚੋਂ ਮੱਝ ਕੱਢਣ
ਵਾਲੀ ਗੱਲ ਹੋਣੀ ਸੀ!
ਕੈਨੇਡਾ ਅਮਰੀਕਾ ਦਾ ਬਾਰਡਰ ਜਿਹੜਾ ਬਹੁਤ ਸਾਰਿਆਂ ਲਈ ਭਵਜਲ ਹੈ ਸਾਡੇ ਲਈ ਫਾਟਕ ਲੰਘਣ ਵਾਲੀ
ਗੱਲ ਬਣਿਆ ਹੋਇਐ। ਦੋ ਦਿਨ ਪਹਿਲਾਂ ਸਾਨੂੰ ਆਪਣੇ ਸਵਰਗੀ ਮਿੱਤਰ ਬੰਤ ਸਿੰਘ ਸਿੱਧੂ ਦੇ ਜੁਆਨ
ਬੇਟੇ ਰੂਪੀ ਦੇ ਸੰਸਕਾਰ ਸਮੇਂ ਸਿਆਟਲ ਤੋਂ ਐਬਟਸਫੋਰਡ ਆਉਣਾ ਪਿਆ ਸੀ। ਐਬਟਸਫੋਰਡ ਦੇ ਉਸ
ਹਾਲ ਵਿਚ ਹਜ਼ਾਰ ਬੰਦਿਆਂ ਤੋਂ ਵੱਧ ਦਾ ‘ਕੱਠ ਸੀ ਜਿਥੇ ਰੁਪਿੰਦਰ ਦੀ ਦੇਹ ਦੇ ਅੰਤਮ ਦਰਸ਼ਨ
ਕਰਾਏ ਗਏ। ਐਬਟਸਫੋਰਡ ਤੋਂ ਐਲਡਰਗਰੋਵ ਦੇ ਬਾਰਡਰ ਵੱਲ ਜਾਂਦਿਆਂ ਵੇਖਿਆ ਕਿ ਅਮਰੀਕਾ ਕੈਨੇਡਾ
ਦੇ ਬਾਰਡਰ ਉਤੇ ਨਾ ਕੋਈ ਤਾਰ ਹੈ ਨਾ ਕੋਈ ਵਾੜ। ਆਹਮਣੇ ਸਾਹਮਣੇ ਅਮਰੀਕਾ ਕੈਨੇਡਾ ‘ਚ ਵੱਸਦੇ
ਪੰਜਾਬੀਆਂ ਦੇ ਫਾਰਮ ਤੇ ਫਾਰਮ ਹਾਊਸ ਹਨ। ਉਹ ਇਕ ਦੂਜੇ ਵੱਲ ਸਿੱਧੇ ਆ ਜਾ ਤਾਂ ਨਹੀਂ ਸਕਦੇ
ਪਰ ਆਵਾਜ਼ ਦੇ ਕੇ ਦੱਸ ਸਕਦੇ ਹਨ ਕਿ ਮੈਂ ਚੌਕੀ ਵੱਲ ਦੀ ਫਲਾਣਾ ਸੰਦ ਜਾਂ ਫਲਾਣੀ ਚੀਜ਼ ਵਸਤ
ਲੈਣ ਆ ਰਿਹਾਂ। ਜਿਵੇਂ ਪੰਜਾਬ ਦੇ ਜੱਟ ਰਾਹਾਂ ਤੇ ਪਹੀਆਂ ਨੂੰ ਆਪਣੇ ਖੇਤਾਂ ‘ਚ ਰਲਾਉਣੋ
ਨਹੀਂ ਟਲਦੇ ਉਵੇਂ ਕਿਤੇ ਕਿਤੇ ਕੈਨੇਡਾ ਦੇ ਕਿਸਾਨਾਂ ਵੱਲੋਂ ਅਮਰੀਕਾ ਦੀ ਤੇ ਅਮਰੀਕਾ ਦੇ
ਕਿਸਾਨਾਂ ਵੱਲੋਂ ਕੈਨੇਡਾ ਦੀ ਜ਼ਮੀਨ ਵਾਹੀ ਵੇਖੀ। ਇਹ ਵੱਖਰੀ ਗੱਲ ਹੈ ਕਿ ਪੱਕੀ ਸੜਕ ਦਾ
ਅੜਿੱਕਾ ਹੋਣ ਕਾਰਨ ਵਾਹੀ ਘੱਟ ਹੀ ਗਈ!
ਸਿਆਟਲ ਤੋਂ ਸੱਰੀ ਪਹੁੰਚ ਕੇ ਸਾਹ ਲਿਆ ਹੀ ਸੀ ਕਿ ਪਹਿਲਵਾਨ ਕਰਤਾਰ ਸਿੰਘ ਦਾ ਫੋਨ ਆ ਗਿਆ
ਅਖੇ ਮੇਰਾ ਪਾਸਪੋਰਟ ਨਹੀਂ ਲੱਭਦਾ। ਕਿਤੇ ਮੰਡੇਰ ਦੀ ਕਾਰ ‘ਚ ਤਾਂ ਨਹੀਂ ਰਹਿ ਗਿਆ? ਕਾਰ
ਖੋਲ੍ਹੀ ਤਾਂ ਕਿਤੋਂ ਨਾ ਲੱਭਾ। ਅਖ਼ੀਰ ਸੀਟਾਂ ਹੇਠ ਹੱਥ ਮਾਰਿਆ ਤਾਂ ਜਾਂਦੀ ਵਾਰ ਜਿਹੜੀ
ਸੀਟ ‘ਤੇ ਭਲਵਾਨ ਬੈਠਾ ਸੀ ਉਸੇ ਸੀਟ ਦੇ ਹੇਠੋਂ ਨਿਕਲ ਆਇਆ। ਸਮਝ ਆ ਗਈ ਕਿ ਭਲਵਾਨ ਨੇ
ਜਾਂਦੀ ਵਾਰ ਪਾਸਪੋਰਟ ਬਾਰਡਰ ‘ਤੇ ਵਿਖਾ ਕੇ ਮੁੜ ਪੱਟਾਂ ‘ਤੇ ਰੱਖ ਲਿਆ ਹੋਣੇ ਜੋ ਤਿਲ੍ਹਕ
ਕੇ ਹੇਠਾਂ ਚਲਾ ਗਿਆ। ਅਸੀਂ ਸ਼ੁਕਰ ਕੀਤਾ ਕਿ ਬਾਰਡਰ ‘ਤੇ ਕਾਰ ਦਾ ਸਮਾਨ ਨਹੀਂ ਚੈੱਕ ਹੋਇਆ।
ਚੈੱਕ ਕਰ ਲਿਆ ਜਾਂਦਾ ਤਾਂ ਪਾਸਪੋਰਟ ਸਮੱਗਲ ਕਰਨ ਦਾ ਪੰਗਾ ਪੈ ਸਕਦਾ ਸੀ! ਪਹਿਲਵਾਨ ਦਾ
ਪਾਸਪੋਰਟ ਫਿਰ ਹਿਫ਼ਾਜ਼ਤ ਨਾਲ ਬਾਰਡਰ ਤੋਂ ਪਾਰ ਪੁਚਾਇਆ ਗਿਆ ਤੇ ਕਰਤਾਰ ਸਿੰਘ ਅਗਲੇ ਦਿਨ
ਸੱਰੀ ਪੁੱਜਾ।
ਉਸ ਦੇ ਆਦਰ ਮਾਣ ਵਿਚ ਸੀਨੀਅਰ ਕਲੱਬ ਦੇ ਸੱਜਣਾਂ ਨੇ ਕਮਿਊਨਿਟੀ ਸੈਂਟਰ ‘ਚ ‘ਕੱਠ ਕੀਤਾ।
ਪ੍ਰਿੰਸੀਪਲ ਗੁਲਸ਼ਨ ਰਾਜ ਕੌਰ ਤੇ ਬਜ਼ੁਰਗਾਂ ਨੇ ਕਰਤਾਰ ਸਿੰਘ ਨੂੰ ਉਸ ਦੀ ਜਿੱਤ ਉਤੇ
ਵਧਾਈਆਂ ਦਿੱਤੀਆਂ ਤੇ ਅੱਗੋਂ ਜਿੱਤਣ ਲਈ ਅਸ਼ੀਰਵਾਦ ਦਿੱਤੀ। ਮੈਨੂੰ ਕਰਤਾਰ ਸਿੰਘ ਬਾਰੇ
ਲਿਖਣ ਤੇ ਬੋਲਣ ਦੇ ਮੌਕੇ ਤਾਂ ਮਿਲਦੇ ਹੀ ਰਹਿੰਦੇ ਹਨ ਉੱਦਣ ਸੱਰੀ ਦੇ ਬਜ਼ੁਰਗਾਂ ਨੂੰ ਮਿਲਣ
ਦਾ ਮੌਕਾ ਵੀ ਮਿਲ ਗਿਆ। ਉਹ ਸੈਂਟਰ ਉਨ੍ਹਾਂ ਦੀ ਸੱਥ ਹੈ ਜਿਥੇ ਉਹ ਦਿਲ ਦੀਆਂ ਗੱਲਾਂ ਕਰਦੇ
ਸੋਹਣਾ ਵਕਤ ਲੰਘਾਉਂਦੇ ਹਨ। ਕੋਲ ਗੁਰਦਵਾਰਾ ਹੈ ਜਿਥੇ ਲੰਗਰ ਦੀ ਚਾਹ ਤੇ ਪਰਸ਼ਾਦਾ ਵੀ ਚੱਲੀ
ਜਾਂਦੈ। ਇਹ ਸਮਝ ਲਓ, ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ। ਗੁਰੂ ਘਰ ਵੱਲ ਮਾਈਆਂ
ਤੇ ਬਾਬਿਆਂ ਦਾ ਮੇਲਾ ਲੱਗਾ ਹੁੰਦੈ। ਸੇਵਾ ਵੀ ਹੋਈ ਜਾਂਦੀ ਹੈ ਤੇ ਮੇਵਾ ਵੀ ਮਿਲੀ ਜਾਂਦੈ!
ਸ਼ਾਮ ਨੂੰ ਵੈਨਕੂਵਰ ਦੇ ਕੁਸ਼ਤੀ ਪ੍ਰੇਮੀਆਂ ਵੱਲੋਂ ਕਰਤਾਰ ਸਿੰਘ ਦਾ ਮਾਣ ਸਨਮਾਨ ਕੀਤਾ
ਜਾਣਾ ਸੀ। ਬਰਾੜ ਦੇ ਬੈਂਕਟ ਹਾਲ ਵਿਚ ਪੰਜਾਬ ਸੱਠ ਜਣੇ ਜੁੜ ਬੈਠੇ ਸਨ। ਪ੍ਰਿੰਸੀਪਲ
ਕਸ਼ਮੀਰਾ ਸਿੰਘ ਵੀ ਹਾਜ਼ਰ ਸੀ, ਗੁਰਜੀਤ ਸਿੰਘ ਪੁਰੇਵਾਲ ਵੀ, ਸਤਨਾਮ ਸਿੰਘ ਜੌਹਲ ਵੀ,
ਪਹਿਲਵਾਨ ਬੂਟਾ ਸਿੰਘ ਵੀ ਤੇ ਹੋਰ ਵੀ ਕਈ ਮੋਹਤਬਰ ਸੱਜਣ ਪਹੁੰਚੇ ਹੋਏ ਸਨ। ਉਥੇ ਪਹਿਲਵਾਨ
ਵੀ ਮਿਲੇ, ਕੁਸ਼ਤੀ ਪ੍ਰਮੋਟਰ ਵੀ, ਕਵੀ ਵੀ ਤੇ ਪੱਤਰਕਾਰ ਵੀ। ਸਟੇਜ ਦੀ ਕਾਰਵਾਈ ਪ੍ਰੋ.
ਗੁਰਵਿੰਦਰ ਸਿੰਘ ਧਾਲੀਵਾਲ ਨੇ ਚਲਾਈ। ਕਰਤਾਰ ਸਿੰਘ ਦੇ ਸਤਾਰਵੀਂ ਵਾਰ ਵਿਸ਼ਵ ਵੈਟਰਨ
ਚੈਂਪੀਅਨ ਬਣਨ ਦਾ ਜਿ਼ਕਰ ਹੁੱਬ ਨਾਲ ਹੁੰਦਾ ਰਿਹਾ। ਉਸ ਨੇ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ
‘ਚੋਂ ਹੁਣ ਤਕ 28 ਮੈਡਲ ਜਿੱਤੇ ਹਨ। ਹੈਰਾਨੀ ਦੀ ਗੱਲ ਹੈ ਕਿ ਕਰਤਾਰ ਸਿੰਘ ਨੇ ਆਪਣੇ ਜੁੱਸੇ
ਨੂੰ ਕੁਸ਼ਤੀ ਲੜਨ ਲਈ ਪੰਜਾਹ ਸਾਲ ਕਾਇਮ ਕਿਵੇਂ ਰੱਖਿਆ? ਜੁੱਸਾ ਤਾਂ ਪੰਜ ਦਸ ਸਾਲ ਪੂਰਾ
ਫਿੱਟ ਰੱਖਣਾ ਵੀ ਔਖਾ ਹੁੰਦੈ! ਨਾਲੇ ਅਜੇ ਕਿਹੜਾ ਉਸ ਨੇ ਬੱਸ ਕਰ ਦਿੱਤੀ ਹੈ? ਮੈਂ ਕਿਹਾ,
“ਕਰਤਾਰ ਸਿੰਘ ਨੇ ਜਿੱਤਣੋਂ ਨਹੀਂ ਹਟਣਾ ਤੇ ਮੈਂ ਉਸ ਬਾਰੇ ਲਿਖਣੋਂ ਨਹੀਂ ਹਟਣਾ। ਵੇਖਦੇ
ਹਾਂ ਪਹਿਲਾਂ ਕਿਹੜਾ ਹਟਦੈ?”
ਜਦੋਂ ਵੀ ਮੈਨੂੰ ਵੈਨਕੂਵਰ ਜਾਣ ਦਾ ਮੌਕਾ ਜੁੜਦੈ ਤਾਂ ਮੈਂ ਇੰਡੋ-ਕੈਨੇਡੀਅਨ ਟਾਇਮਜ਼ ਦੇ
ਦਫ਼ਤਰ ਜ਼ਰੂਰ ਜਾਨਾਂ ਤੇ ਪੁਰੇਵਾਲਾਂ ਦੇ ਪਿੱਟਮੀਡੋਜ਼ ਵਾਲੇ ਫਾਰਮ ਹਾਊਸ ਦੀ ਪ੍ਰਾਹੁਣਚਾਰੀ
ਵੀ ਮਾਣਦਾਂ। ਸੰਤੋਖ ਮੰਡੇਰ ਨੂੰ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਹੁੰਦੈ। ਪਹਿਲਾਂ ਮੇਰਾ
ਟਿਕਾਣਾ ਮੇਰੇ ਪੇਂਡੂ ਬੰਤ ਸਿੱਧੂ ਦਾ ਐਬਟਸਫੋਰਡ ਵਾਲਾ ਫਾਰਮ ਹਾਊਸ ਹੁੰਦਾ ਸੀ ਪਰ ਉਸ ਦੇ
ਅਕਾਲ ਚਲਾਣੇ ਪਿੱਛੋਂ ਸੰਤੋਖ ਮੰਡੇਰ ਦਾ ਚੌਧਰੀ ਨਿਵਾਸ ਹੈ। ਇਹ ਸੱਰੀ ਦੀ ਰਿਵਰ ਸਾਈਡ ਸੜਕ
ਉਤੇ ਹੈ। ਹਕੀਮਪੁਰ ਦੇ ਪੁਰੇਵਾਲ ਭਰਾ ਅਮਰਦੀਪ ਕਾਲਜ ਮੁਕੰਦਪੁਰ ਤੋਂ ਮੇਰੇ ਜਾਣੂੰ ਹਨ। ਉਹ
ਆਪਣੇ ਪਿਤਾ ਦੇ ਨਾਂ ਉਤੇ ਕਾਲਜ ਵਿਚ ਹਰਬੰਸ ਸਿੰਘ ਪੁਰੇਵਾਲ ਰੈਸਲਿੰਗ ਅਕੈਡਮੀ ਚਲਾਉਂਦੇ
ਹਨ। ਉਨ੍ਹਾਂ ਦਾ ਹਕੀਮਪੁਰ ‘ਚ ਬਣਿਆ ਵਾਈਟ ਹਾਊਸ ਕਾਲਜ ਦੀ ਕਲੋਨੀ ‘ਚ ਬਣਾਏ ਸਾਡੇ ਘਰ ਤੋਂ
ਦਿਸਦੈ ਜਿਥੇ ਮੈਂ ਸਿਆਲ ਕੱਟਣ ਅਕਸਰ ਜਾਂਦਾ ਰਹਿੰਨਾਂ। ਇਉਂ ਅਸੀਂ ਗੁਆਂਢੀ ਵੀ ਹਾਂ। ਕਾਲਜ
ਵਿਚ ਮੇਰਾ ਲੜਕਾ ਤੇ ਨੂੰਹ ਪੜ੍ਹਾਉਂਦੇ ਹਨ ਤੇ ਘਰ ਬਣਾ ਕੇ ਦੁਆਬੇ ਦੇ ਪੱਕੇ ਵਸਨੀਕ ਬਣ ਗਏ
ਹਨ। ਇਕ ਦਿਨ ਮੈਂ ਹਾਕੀ ਦਾ ਗੋਲਡਨ ਹੈਟ ਟ੍ਰਿੱਕ ਮਾਰਨ ਵਾਲੇ ਬਲਬੀਰ ਸਿੰਘ ਨੂੰ ਕਿਹਾ,
“ਤੁਸੀਂ ਦੁਆਬੀਏ ਤੋਂ ਮਲਵਈ ਬਣੇ ਸੀ ਪਰ ਮੈਂ ਮਲਵਈ ਤੋਂ ਦੁਆਬੀਆ ਬਣ ਗਿਆਂ!”
ਵੈਨਕੂਵਰ ਵੱਲ ਢੁੱਡੀਕੇ ਕਾਲਜ ਦੇ ਵਿਦਿਆਰਥੀ ਤੇ ਇਲਾਕੇ ਦੇ ਸੱਜਣ ਵੀ ਕਾਫੀ ਗਿਣਤੀ ਵਿਚ
ਰਹਿੰਦੇ ਹਨ। ਮੇਰੇ ਪਿੰਡ ਚਕਰ ਦੇ ਵੀ ਕਈ ਘਰ ਹਨ। ਉਨ੍ਹਾਂ ਨੂੰ ਮਿਲਣ ਲੱਗੀਏ ਤਾਂ ਰਾਤਾਂ
ਛੋਟੀਆਂ ਯਾਰ ਬਥੇਰੇ ਕੀਹਦਾ ਕੀਹਦਾ ਮਾਣ ਰੱਖ ਲਾਂ ਵਾਲੀ ਗੱਲ ਬਣ ਜਾਂਦੀ ਹੈ। ਕਈਆਂ ਤੋਂ
ਮਾਫ਼ੀ ਮੰਗਣੀ ਪੈਂਦੀ ਹੈ। ਪਰ ਢੁੱਡੀਕੇ ਦਾ ਬਲਵਿੰਦਰ ‘ਬਿੰਦੀ’ ਤੇ ਦੌਧਰ ਦਾ ਕੰਵਰ ‘ਕੌਰਾ’
ਖਹਿੜਾ ਨਹੀਂ ਛੱਡਦੇ। ਉਹ ਮੈਨੂੰ ਲੱਭ ਹੀ ਲੈਂਦੇ ਹਨ ਤੇ ਉਨ੍ਹਾਂ ਨਾਲ ਢੁੱਡੀਕੇ ਦੇ ਲਾਜਪਤ
ਰਾਏ ਕਾਲਜ ਦੀਆਂ ਯਾਦਾਂ ਸਾਂਝੀਆਂ ਹੋ ਜਾਂਦੀਆਂ ਹਨ। ਉਥੇ ਮੈਂ ਉਦੋਂ ਪੜ੍ਹਾਉਣ ਲੱਗਾ ਸਾਂ
ਜਦੋਂ ਔਰਤਾਂ ਮੈਥੋਂ ਵੀ ਘੁੰਡ ਕੱਢਦੀਆਂ ਸਨ! ਹੁਣ ਤਾਂ ਢੁੱਡੀਕੇ ਦੀ ਫਿਰਨੀ ਉਤੇ
ਸਕੂਟਰਾਂ/ਮੋਟਰ ਸਾਈਕਲਾਂ ਉਤੇ ਮੁੰਡਿਆਂ ਪਿੱਛੇ ਬਾਂਹ ਵਲੀ ਬੈਠੀਆਂ ਕੁੜੀਆਂ ਮੋਢਿਆਂ ਨਾਲ
ਚੰਬੜੀਆਂ ਦਿਸਦੀਆਂ ਨੇ!!
ਬਰਨਬੀ ਵਿਚ ਦੋ ਗਰੇਵਾਲ ਭਰਾ ਹਨ ਪ੍ਰੀਤਮ ਸਿੰਘ ਤੇ ਬਿੰਦਰ ਸਿੰਘ। ਉਹ ਪਿੱਛੋਂ ਪਿੰਡ
ਬੀਲ੍ਹੇ ਦੇ ਹਨ ਜਿਹੜੇ ਹਰ ਸਾਲ ਟੂਰਨਾਮੈਂਟ ਕਰਾਉਣ ਆਪਣੇ ਪਿੰਡ ਜਾਂਦੇ ਹਨ। ਮੈਨੂੰ ਉਹ
ਫੁੱਫੜ ਜੀ ਕਹਿ ਕੇ ਬੁਲਾਉਂਦੇ ਹਨ। ਫੁੱਫੜ ਕਹਿਣ ਨਾਲ ਮੂੰਹ ਭਰ ਜਾਂਦੈ। ਉਨ੍ਹਾਂ ਦੇ ਤਾਂ
ਫਿਰ ਜਾਣਾ ਹੀ ਹੋਇਆ। ਉਹ ਬਾਰ ਬੀਕੂ ਬੜੀ ਰੀਝ ਨਾਲ ਕਰਦੇ ਹਨ। ਇਸ ਵਾਰ ਵੀ ਅਸੀਂ ਉਨ੍ਹਾਂ
ਵੱਲ ਗਏ ਤੇ ਵਸਦੇ ਰਸਦੇ ਪਰਿਵਾਰ ਨੂੰ ਮਿਲ ਕੇ ਖ਼ੁਸ਼ ਹੋਏ। ਉਥੇ ਅਸੀਂ ਘੰਟਾ ਕੁ ਹੀ ਰੁਕ
ਸਕੇ ਤੇ ਅਗਾਂਹ ਪੁਰੇਵਾਲ ਫਾਰਮ ਵੱਲ ਚਾਲੇ ਪਾ ਲਏ।
ਗੁਰਜੀਤ ਸਿੰਘ ਪੁਰੇਵਾਲ ਤੇ ਉਨ੍ਹਾਂ ਦੇ ਸੰਗੀ ਸਾਥੀ ਸਾਨੂੰ ਉਡੀਕ ਰਹੇ ਸਨ। ਉਨ੍ਹਾਂ ਨੇ
ਨਮੂਨੇ ਦੇ ਤੌਰ ‘ਤੇ ਬਲਿਊਬੇਰੀ ਦੀ ਵਾਈਨ ਤਿਆਰ ਕਰਵਾਈ ਸੀ। ਉਸ ਦਾ ਸੁਆਦ ਉਹ ਸਾਨੂੰ ਵੀ
ਵਿਖਾਉਣਾ ਚਾਹੁੰਦੇ ਸਨ। ਐਤਕੀਂ ਮੈਂ ਸਿਹਤ ਤੇ ਖਾਣ ਪੀਣ ਬਾਰੇ ਕਾਫੀ ਕਿਤਾਬਾਂ ਪੜ੍ਹੀਆਂ
ਹਨ। ਸੰਭਵ ਹੈ ਸਿਹਤਮੰਦ ਰਹਿਣ ਦੇ ਗੁਰ ਦੱਸਣ ਵਾਲੀ ਕੋਈ ਕਿਤਾਬ ਵੀ ਲਿਖਾਂ। ਕਿਤਾਬਾਂ ‘ਚੋਂ
ਮੈਨੂੰ ਬਲਿਊਬੇਰੀ ਦੇ ਗੁਣਾਂ ਦਾ ਭਰਪੂਰ ਗਿਆਨ ਹੋਇਆ। ਇਹ ਕੱਚੀ ਖਾਣੀ ਵੀ ਚੰਗੀ ਹੈ, ਸ਼ਹਿਦ
ਨਾਲ ਵੀ ਤੇ ਸੀਰੀਅਲ ਨਾਲ ਵੀ। ਇਹਦਾ ਜੂਸ ਵੀ ਚੰਗਾ ਹੈ ਤੇ ਜੈਮ ਵੀ ਚੰਗਾ। ਇਹਦੀ ਵਾਈਨ ਦੇ
ਤਾਂ ਕਹਿਣੇ ਹੀ ਕਿਆ! ਅੰਗੂਰਾਂ ਦੀ ਵਾਈਨ ਆਪਣੀ ਥਾਂ ਹੈ ਪਰ ਬਲਿਊਬੇਰੀ ਦੀ ਵਾਈਨ ਦੀਆਂ ਕਿਆ
ਰੀਸਾਂ? ਡਾਕਟਰੀ ਨੁਕਤੇ ਤੋਂ ਇਹ ਦਿਲ ਦਿਮਾਗ ਦੀਆਂ ਬਿਮਾਰੀਆਂ ਤੇ ਕੈਂਸਰ ਵਰਗੀਆਂ ਕਈ ਹੋਰ
ਬਿਮਾਰੀਆਂ ਤੋਂ ਬਚਾਉਣ ਦੇ ਵੀ ਸਮਰੱਥ ਹੈ। ਜਿਨ੍ਹਾਂ ਦਾ ਪੀਤੇ ਬਿਨਾ ਸਰਦਾ ਨਾ ਹੋਵੇ ਉਹ
ਵਿਸਕੀਆਂ ਸਕਾਚਾਂ ਦੀ ਥਾਂ ਬਲਿਊਬੇਰੀ ਦੀ ਵਾਈਨ ਪੀ ਸਕਦੇ ਹਨ। ਸਰੂਰ ਦਾ ਸਰੂਰ ਤੇ ਦਾਰੂ ਦੀ
ਦਾਰੂ!
ਫਿਰ ਗੱਲਾਂ ਚੱਲੀਆਂ ਕਿ ਵਾਈਨ ਬਣਾਉਣ ਵਾਲੀਆਂ ਨਾਮੀ ਵਾਈਨਰੀਆਂ ਨਾਲ ਕਾਂਟ੍ਰੈਕਟ ਕਰ ਕੇ
ਬਲਿਊਬੇਰੀ ਦੀ ਵਾਈਨ ਵੱਡੀ ਪੱਧਰ ‘ਤੇ ਤਿਆਰ ਕਰਵਾਈ ਜਾਵੇ। ਪੁਰੇਵਾਲ ਬਲਿਊਬੇਰੀ ਫਾਰਮ ਹੈ
ਵੀ ਬੜਾ ਵੱਡਾ। ਇਸ ਨਾਲ ਬਲਿਊਬੇਰੀ ਪੈਦਾ ਕਰਨ ਵਾਲੇ ਹੋਰ ਕਿਸਾਨਾਂ ਨੂੰ ਹੀ ਲਾਭ ਹੋ ਸਕਦੈ।
ਬਲਿਊਬੇਰੀ ਵਾਈਨ ਦੀ ਮਾਰਕੀਟਿੰਗ ਸਾਰੇ ਸੰਸਾਰ ਵਿਚ ਵਿਚ ਹੋ ਸਕਦੀ ਹੈ। ਪੰਜਾਬ ਵਿਚ ਤਾਂ ਇਹ
ਜ਼ਰੂਰ ਹੋਣੀ ਚਾਹੀਦੀ ਹੈ ਜਿਥੇ ਘਟੀਆ ਸ਼ਰਾਬ ਤੇ ਹੋਰ ਨਸਿ਼ਆਂ ਦੀ ਸੁਆਹ ਖੇਹ ਦਾ ਹੜ੍ਹ ਆਇਆ
ਹੋਇਐ। ਜਿਨ੍ਹਾਂ ਤੋਂ ਨਹੀਂ ਰਹਿ ਹੁੰਦਾ ਉਹ ਸਿਹਤ ਲਈ ਚੰਗੀ ਸ਼ੈਅ ਤਾਂ ਵਰਤਣ। ਪੰਜਾਬ ਦਾ
ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਕਹਿੰਦਾ ਹੁੰਦਾ ਸੀ ਕਿ ਕਿਸਾਨਾਂ ਨੂੰ ਅੰਗੂਰਾਂ
ਦੀ ਵਾਈਨ ਤਿਆਰ ਕਰਨ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ!
ਇਕ ਸ਼ਾਮ ਸੁਨੇਹਾ ਮਿਲਿਆ ਕਿ ਇੰਗਲੈਂਡ ਤੋਂ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਵੈਨਕੂਵਰ ਆਇਆ
ਹੋਇਐ। ਉਹਦੀ ਆਉਭਗਤ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਤੁਰਤ ਫੁਰਤ ਮੀਟਿੰਗ ਰੱਖੀ ਹੈ।
ਸੁਨੇਹਾ ਮਿਲਣ ਸਾਰ ਮੰਡੇਰ ਤੇ ਮੈਂ ਸੁਰਜੀਤ ਮਾਧੋਪੁਰੀ ਦੇ ਦਫ਼ਤਰ ਵੱਲ ਚੱਲ ਪਏ। ਮਲਕੀਤ
ਸਿੰਘ ਨੂੰ ਮੈਂ ਬਰਮਿੰਘਮ ਵਿਚ ਵੀ ਮਿਲਿਆ ਸਾਂ। ਉਸ ਨੂੰ ਮੇਰੀ ਲੇਖਣੀ ਪਸੰਦ ਹੈ ਤੇ ਮੈਨੂੰ
ਉਸ ਦੀ ਗਾਇਕੀ। ਉਹਦੇ ਗਾਏ ਗਾਣੇ ਤੂਤਕ ਤੂਤਕ ਤੂਤੀਆਂ ਨੇ ਤੂਫ਼ਾਨ ਲੈ ਆਂਦਾ ਸੀ। ਜਿਥੇ
ਜਾਂਦੇ ਸਾਂ ਤੂਤਕ ਤੂਤਕ ਤੂਤੀਆਂ... ਹੀ ਹੋਈ ਜਾਂਦੀ ਸੀ। ਉਹਦੀ ਇਹ ਕੈਸਿਟ ਲੱਖਾਂ ਦੀ
ਗਿਣਤੀ ਵਿਚ ਵਿਕੀ। ਪੰਜਾਬੀਆਂ ਨੇ ਤਾਂ ਸੁਣਨੀ ਹੀ ਸੀ, ਗ਼ੈਰ ਪੰਜਾਬੀਆਂ ਨੇ ਪੰਜਾਬੀਆਂ ਤੋਂ
ਵੀ ਵੱਧ ਸੁਣੀ!
ਅਸੀਂ ਸੁਰਜੀਤ ਸਿੰਘ ਮਾਧੋਪੁਰੀ ਦੇ ਦਫ਼ਤਰ ਅੱਪੜੇ ਤਾਂ ਮਲਕੀਤ ਸਿੰਘ ਬੜੇ ਪ੍ਰੇਮ ਨਾਲ
ਮਿਲਿਆ। ਉਹ ਅਜੇ ਵੀ ਉਹੋ ਜਿਹਾ ਪਿਆ ਹੈ ਜਿਹੋ ਜਿਹਾ ਵੀਹ ਸਾਲ ਪਹਿਲਾਂ ਸੀ। ਬੜਾ ਚੰਗਾ
ਲੱਗਾ ਕਿ ਸਿਹਤ ਦਾ ਉਚੇਚਾ ਧਿਆਨ ਰੱਖ ਰਿਹੈ। ਸ਼ੋਹਰਤ ਤੇ ਦੌਲਤ ਬਾਅਦ ਵਿਚ ਹੈ ਸਿਹਤ
ਪਹਿਲਾਂ ਹੈ। ਅਸਲ ਵਿਚ ਸਿਹਤ ਹੀ ਅਸਲੀ ਦੌਲਤ ਹੈ। ਪਹਿਲਾਂ ਪ੍ਰਿਤਪਾਲ ਸਿੰਘ ਗਿੱਲ ਨੇ ਤੇ
ਪਿੱਛੋਂ ਮੋਹਨ ਸਿੰਘ ਗਿੱਲ ਨੇ ਮਲਕੀਤ ਸਿੰਘ ਬਾਰੇ ਜਾਣਕਾਰੀ ਦਿੱਤੀ। ਮੈਂ ਵੀ ਉਹਦੇ ਬਾਰੇ
ਕੁਝ ਸ਼ਬਦ ਕਹੇ। ਪੱਚੀ ਤੀਹ ਲੇਖਕ, ਕਵੀ ਤੇ ਕਲਾਕਾਰ ਜੁੜੇ ਹੋਏ ਸਨ। ਸੁੱਚੀ ਪੱਤਰਕਾਰੀ ਕਰਨ
ਵਾਲਾ ਸੁੱਚਾ ਸਿੰਘ ਕਲੇਰ ਵੀ ਹਾਜ਼ਰ ਸੀ। ਕਿਸੇ ਨੇ ਕਵਿਤਾ ਪੜ੍ਹੀ, ਕਿਸੇ ਨੇ ਗੀਤ ਗਾਇਆ ਤੇ
ਦਰਸ਼ਨ ਸੰਘੇ ਨੇ ਬੋਲੀਆਂ ਸੁਣਾਈਆਂ। ਬੋਲੀਆਂ ਹਾਸਰਸੀ ਸਨ ਤੇ ਸੀ ਸਿੱਧੀਆਂ ਸਾਦੀਆਂ। ਪਤੰਦਰ
ਨੇ ਬੋਲੀਆਂ ਦੀ ਕਿਤਾਬ ਹੀ ਛਪਵਾ ਰੱਖੀ ਹੈ!
ਉੱਦਣ ਹੀ ਮਲਕੀਤ ਸਿੰਘ ਦਾ ਜਨਮ ਦਿਨ ਸੀ। ਉਥੇ ਕੇਕ ਮੰਗਾ ਲਿਆ ਗਿਆ ਤੇ ਗੋਲਡਨ ਸਟਾਰ ਦਾ
ਜਨਮ ਦਿਨ ਮਨਾਇਆ ਗਿਆ। ਐਸੇ ਸਬੱਬ ਰਾਹ ਜਾਂਦਿਆਂ ਹੀ ਜੁੜ ਜਾਂਦੇ ਹਨ। ਮਲਕੀਤ ਸਿੰਘ ਨੂੰ
ਜਾਣ ਦੀ ਕਾਹਲੀ ਨਾ ਹੁੰਦੀ ਤਾਂ ਸੰਗਤ ਲੰਮੀ ਹੋ ਜਾਣੀ ਸੀ ਜਿਸ ਨਾਲ ਹੋਰ ਵੀ ਅਨੰਦ ਆਉਣਾ
ਸੀ।
ਮੈਥੋਂ ਪੁੱਛਿਆ ਗਿਆ ਕਿ ਕਿੱਦਣ ਮੁੜਨੈ? ਮੁੜਨਾ ਤਾਂ ਮੈਂ ਅਗਲੇ ਦਿਨ ਹੀ ਸੀ ਪਰ ਕਹਿ ਬੈਠਾ,
ਦੱਸੋ ਕਿੱਦਣ ਮੁੜਾਂ? ਇਓਂ ਮੁੜਦਾ ਮੁੜਦਾ ਰਹਿ ਗਿਆ। ਉਹ ਕਹਿਣ ਲੱਗੇ, ਪਰਸੋਂ ਨੂੰ ਲੇਖਕ
ਸਭਾ ਦੀ ਮਾਸਕ ਮੀਟਿੰਗ ਹੈ। ਮੀਟਿੰਗ ਵਿਚ ਦਰਸ਼ਨ ਦਿਓ। ਮੈਂ ਮਨ ‘ਚ ਕਿਹਾ, ਇਹ ਤਾਂ ਉਹ ਗੱਲ
ਐ, ਅਖੇ ਬਾਬਾ ਜੀ, ਦਾਲ ‘ਚ ਘਿਓ ਪਾ ਦੀਏ? ਜਵਾਬ ਸੀ, ਸਹੁਰੀਏ ਇਹੋ ਜੀਆਂ ਗੱਲਾਂ ਪੁੱਛ
ਪੁੱਛ ਕੇ? ਮੈਂ ਆਪਣਾ ਵਾਪਸ ਜਾਣਾ ਤੀਜੇ ਦਿਨ ਤਕ ਪਿੱਛੇ ਪਾ ਦਿੱਤਾ ਤੇ ਕਿਹਾ, “ਟੋਰਾਂਟੋ
ਦੇ ਲੇਖਕਾਂ ਨੂੰ ਤਾਂ ਮਿਲਦੇ ਹੀ ਰਹੀਦੈ, ਇਸ ਬਹਾਨੇ ਵੈਨਕੂਵਰ ਦੇ ਲੇਖਕਾਂ ਨੂੰ ਵੀ ਮਿਲ
ਲਵਾਂਗੇ।”
ਇੰਡੋ-ਕੈਨੇਡੀਅਨ ਟਾਇਮਜ਼ ਦੇ ਦਫ਼ਤਰ ਗਏ ਤਾਂ ਸੰਪਾਦਕ ਬੀਬੀ ਰੁਪਿੰਦਰ ਕੌਰ ਤੇ ਹਰਜੀਤ ਬੈਂਸ
ਦਾ ਉਲਾਂਭਾ ਸੀ ਕਿ ਆਉਂਦੇ ਓ ਤੇ ਮੁੜ ਜਾਂਦੇ ਓ। ਕਦੇ ਰਾਤ ਦੀ ਰੋਟੀ ਖਾਓ ਤਾਂ ਜੋ ਮਿਲ ਬਹਿ
ਕੇ ਗੱਲਾਂ ਕਰੀਏ। ਏਥੇ ਵੀ ਬਾਬੇ ਦੀ ਦਾਲ ‘ਚ ਘਿਓ ਪਾਉਣ ਵਾਲੀ ਗੱਲ ਸੀ! ਸ਼ਾਮ ਨੂੰ ਦੇਵ
ਹੇਅਰ ਦੇ ਨਵੇਂ ਸੰਸਦੀ ਹਲਕੇ ਵਿਚ ਲਏ ਨਵੇਂ ਘਰ ਡਿਨਰ ਸੀ। ਉਥੇ ਹੇਅਰ ਪਰਿਵਾਰ ਦੇ ਸਾਰੇ
ਮੈਂਬਰ ਸੱਦੇ ਹੋਏ ਸਨ। ਉਨ੍ਹਾਂ ਸਾਰਿਆਂ ਨੂੰ ਮਿਲਣਾ ਸੁਭਾਗਾ ਰਿਹਾ। ਅਸੀਂ ਪੁਰੇਵਾਲਾਂ ਦਾ
ਦਿੱਤਾ ਤੋਹਫ਼ਾ ਵੀ ਨਾਲ ਲੈ ਗਏ ਸਾਂ। ਸਵਰਗੀ ਤਾਰਾ ਸਿੰਘ ਹੇਅਰ ਦੀਆਂ ਗੱਲਾਂ ਵੀ ਹੋਈਆਂ ਤੇ
ਦੇਵ ਹੇਅਰ ਵੱਲੋਂ ਸੰਸਦੀ ਮੈਂਬਰ ਬਣਨ ਲਈ ਨਾਮੀਨੇਸ਼ਨ ਲੈਣ ਦੀਆਂ ਵੀ। ਚੁੱਪਕੀਤਾ ਕੁਲਵਿੰਦਰ
ਗੱਲਾਂ ਦਾ ਧਨੀ ਨਿਕਲਿਆ। ਬੀਬੀ ਰੁਪਿੰਦਰ ਮਹਿਮਾਨਾਂ ਦੀ ਸੇਵਾ ਵਿਚ ਲੱਗੀ ਹੋਈ ਸੀ। ਉਨ੍ਹਾਂ
ਦੀ ਮਾਤਾ ਜੀ ਦੇ ਵੀ ਦਰਸ਼ਨ ਹੋਏ ਜਿਨ੍ਹਾਂ ਦੀ ਸੇਵਾ ਸੰਭਾਲ ਸਾਰਾ ਪਰਿਵਾਰ ਚੰਗੀ ਤਰ੍ਹਾਂ
ਕਰ ਰਿਹੈ। ਮੈਂ ਸੱਦਾ ਦਿੱਤਾ ਕਿ ਆਪਣਾ ਪੇਕਾ ਪਿੰਡ ਮੰਡੇਰ ਵੇਖਣ ਆਓ ਜੋ ਮੁਕੰਦਪੁਰ ਦੇ ਨਾਲ
ਹੀ ਹੈ। ਕਦੇ ਪੱਦੀ ਜਗੀਰ ਵੀ ਗੇੜਾ ਮਾਰੋ ਜਿਸ ਦੇ ਵਿਕਾਸ ਵਿਚ ਤਾਰਾ ਸਿੰਘ ਹੇਅਰ ਨੇ ਉਚੇਚਾ
ਯੋਗਦਾਨ ਹੈ। ਪੇਕਿਆਂ ਸਹੁਰਿਆਂ ਦੇ ਪਿੰਡ ਤੁਹਾਨੂੰ ਉਡੀਕਦੇ ਨੇ!
ਉਧਰ ਸੁਧਾਰ ਕਾਲਜ ਵਾਲਿਆਂ ਦੀ ਨਾਈਟ ਸੀ। ਟੋਰਾਂਟੋ ਤੋਂ ਇਕਬਾਲ ਰਾਮੂਵਾਲੀਆ ਉਚੇਚਾ
ਪਹੁੰਚਿਆ ਹੋਇਆ ਸੀ। ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਦਾ ਫੋਨ ਸੀ ਕਿ ਛੇਤੀ ਪਹੁੰਚੋ। ਪਰ
ਦੇਵ ਹੋਰਾਂ ਦੇ ਘਰੋਂ ਖਾਧੇ ਪੀਤੇ ਬਿਨਾਂ ਕਿਥੇ ਨਿਕਲ ਹੋਣਾ ਸੀ? ਉਥੋਂ ਹੀ ਕਹਿ ਦਿੱਤਾ ਕਿ
ਮੇਰੇ ਵੱਲੋਂ ਫਤਿਹ ਬੁਲਾ ਦਿਓ। ਮੈਨੂੰ ਯਾਦ ਆਇਆ ‘ਕੇਰਾਂ ਸੁਧਾਰੋਂ ਤਿੰਨ ਪ੍ਰੋਫੈਸਰ ਮੈਨੂੰ
ਕਿਸੇ ਖੇਡ ਸਮਾਗਮ ਦਾ ਸੱਦਾ ਦੇਣ ਮੇਰੇ ਪਿੰਡ ਆਏ। ਮੈਂ ਕਾਲਜ ਤੋਂ ਘਰ ਮੜਿਆ ਤਾਂ ਕਾਰ ਬੀਹੀ
ਵਿਚ ਖੜ੍ਹੀ ਸੀ। ਅੰਦਰ ਗਿਆ ਤਾਂ ਹਰਦਿਆਲ ਸਿੰਘ ਤੇ ਬਾਵਾ ਸਿੰਘ ਹੋਰੀਂ ਬੈਠੇ ਸਨ। ਮੈਂ
ਪੁੱਛਿਆ, “ਕੁਛ ਖਾਧਾ ਪੀਤਾ?” ਕਹਿਣ ਲੱਗੇ, “ਤੁਹਾਡੇ ਘਰ ਦੇ ਪੁੱਛਦੇ ਸੀ ਬਈ ਚਾਹ ਪੀਓਗੇ
ਕਿ ਦੁੱਧ?” ਅਸੀਂ ਕਿਹਾ, “ਉਹਦੇ ਆਏ ਤੋਂ ਈ ਪੀਆਂਗੇ।”
ਮੈਂ ਪੁੱਛ ਲਿਆ, “ਚਲੋ ਹੁਣ ਦੱਸ ਦਿਓ, ਕੀ ਪੀਓਂਗੇ?” ਕਹਿਣ ਲੱਗੇ, “ਸਾਨੂੰ ਕਾਹਲੀ ਐ,
ਅਸੀਂ ਹੋਰਨੀ ਥਾਈਂ ਵੀ ਸੁਨੇਹੇ ਦੇਣੇ ਐਂ।” ਮੈਂ ਕਿਹਾ, “ਕਾੜ੍ਹਨੀ ‘ਚੋਂ ਦੁੱਧ ਲਾਹੁਣ ਨੂੰ
ਦਸ ਮਿੰਟ ਲੱਗਣਗੇ ਤੇ ਚਾਹ ਬਣਾਉਣ ਨੂੰ ਵੀਹ ਮਿੰਟ।” ਹੱਸਦਾ ਹੋਇਆ ਹਰਦਿਆਲ ਸਿੰਘ ਕਹਿਣ
ਲੱਗਾ, “ਪੰਜਾਂ ਮਿੰਟਾਂ ‘ਚ ਨੀ ਕੁਛ ਹੋ ਸਕਦਾ?” ਘਰ ‘ਚ ਪੰਜਾਂ ਮਿੰਟਾਂ ਵਾਲਾ ਪਾਣੀ ਧਾਣੀ
ਵੀ ਪਿਆ ਸੀ। ਉਹ ਦੋ ਮਿੰਟਾਂ ‘ਚ ਵਰਤਾਇਆ ਤਾਂ ਹੋਰਨਾਂ ਥਾਵਾਂ ਦੇ ਸੁਨੇਹੇ ਕਿਸੇ ਦੇ ਚਿੱਤ
ਚੇਤੇ ਈ ਨਾ ਰਹੇ। ਤੇ ਕਾਹਲੀ ਵੀ ਕਾਹਦੀ ਸੀ!
ਐਤਕੀਂ ਦੀ ਵੈਨਕੂਵਰ ਫੇਰੀ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੀ ਮਾਸਕ
ਮੀਟਿੰਗ ਵਿਚ ਵੀ ਹਾਜ਼ਰੀ ਭਰੀ ਗਈ। ਇਸ ਸਭਾ ਦਾ ਮਾਣਮੱਤਾ ਇਤਿਹਾਸ ਹੈ। ਸਵਰਗੀ ਤਾਰਾ ਸਿੰਘ
ਹੇਅਰ ਦੇ ਜੀਂਦਿਆਂ ਇਸ ਸਭਾ ਨੇ ਮੈਨੂੰ ਵੀ ਨਿਵਾਜਿਆ ਸੀ। ਸਬੱਬ ਨਾਲ ਆਸਟ੍ਰੇਲੀਆ ਤੋਂ ਅਜੀਤ
ਸਿੰਘ ਰਾਹੀ ਵੀ ਆਇਆ ਹੋਇਆ ਸੀ ਜੋ ਮੇਰਾ ਚਿਰਾਂ ਦਾ ਵਾਕਫ਼ ਸੀ। ਸਾਨੂੰ ਜੀ ਆਇਆਂ ਕਿਹਾ ਗਿਆ
ਤੇ ਸਾਡੀ ਸਿਆਣ ਸਰੋਤਿਆਂ ਨਾਲ ਕਰਾਈ ਗਈ। ਸੱਠ ਸੱਤਰ ਲੇਖਕ ਜੁੜ ਬੈਠੇ ਸਨ ਜਿਸ ਤੋਂ ਜਾਪਦਾ
ਸੀ ਕਿ ਵੈਨਕੂਵਰ ਵਿਚ ਪੰਜਾਬੀ ਲੇਖਕਾਂ ਦਾ ਚੰਗਾ ਬੋਲਬਾਲਾ ਹੈ। ਲੇਖਕਾਵਾਂ ਦੀ ਗਿਣਤੀ ਵੀ
ਕਾਫੀ ਸੀ। ਮੰਚ ਉਤੇ ਸਭਾ ਦੇ ਪ੍ਰਧਾਨ ਹਰਚੰਦ ਸਿੰਘ ਬਾਗੜੀ ਨਾਲ ਸਾਨੂੰ ਵੀ ਬਿਠਾਇਆ ਗਿਆ।
ਅੰਗਰੇਜ਼ ਸਿੰਘ ਬਰਾੜ ਨੇ ਸਭਾ ਦੀ ਕਾਰਵਾਈ ਚਲਾਈ।
ਮੈਨੂੰ ਬੋਲਣ ਲਈ ਕਿਹਾ ਤਾਂ ਮੈਂ ਪੁੱਛਿਆ ਕਿ ਕਿੰਨੇ ਸਮੇਂ ਲਈ ਬੋਲਾਂ? ਸਕੱਤਰ ਨੇ
ਖੁੱਲ੍ਹਦਿਲੀ ਵਿਖਾਉਂਦਿਆਂ ਕਿਹਾ ਕਿ ਖੁੱਲ੍ਹ ਕੇ ਬੋਲੋ। ਮਤਲਬ ਸਾਫ ਸੀ ਕਿ ਪੀਰੀਅਡ ਲਾਉਣ
ਜੋਗਾ ਤਾਂ ਬੋਲਿਆ ਹੀ ਜਾ ਸਕਦੈ। ਗੱਲਾਂ ਨਿੱਜ ਬਾਰੇ ਵੀ ਹੋਈਆਂ ਤੇ ਪੰਜਾਬੀ ਸਾਹਿਤ ਬਾਰੇ
ਵੀ। ਮੈਥੋਂ ਹਾਸੇ ਦੀਆਂ ਛੋਹਾਂ ਦੇਣ ਤੋਂ ਰਹਿ ਨਹੀਂ ਹੁੰਦਾ ਜਿਸ ਕਰਕੇ ਹਾਸੇ ਦਾ ਛੱਟਾ ਵੀ
ਦਿੰਦਾ ਗਿਆ। ਵਿਚੇ ਉਹ ਗੱਲ ਵੀ ਦੱਸ ਗਿਆ ਜਦੋਂ ਮੈਂ ਢੁੱਡੀਕੇ ਕਾਲਜ ਤੋਂ ਸਾਈਕਲ ‘ਤੇ ਆਪਣੇ
ਪਿੰਡ ਨੂੰ ਜਾ ਰਿਹਾ ਸਾਂ। ਘਾਹ ਖੋਤਣ ਚੱਲੀਆਂ ਚਾਰ ਮੁਟਿਆਰਾਂ ਸੜਕ ‘ਤੇ ਬਰਾਬਰ ਤੁਰੀਆਂ
ਜਾਂਦੀਆਂ ਸਨ ਤੇ ਮੈਨੂੰ ਰਾਹ ਨਹੀਂ ਸੀ ਦੇ ਰਹੀਆਂ। ਮੈਂ ਦੋ ਤਿੰਨ ਵਾਰ ਟੱਲੀ ਵਜਾਈ ਪਰ ਉਹ
ਪਾਸੇ ਨਾ ਹਟੀਆਂ। ਉਨ੍ਹਾਂ ਨੂੰ ਮਚਲੀਆਂ ਹੋਈਆਂ ਵੇਖ ਮੈਂ ਸਾਈਕਲ ਕੱਚੇ ਲਾਹ ਕੇ ਅੱਗੇ
ਲੰਘਿਆ ਤਾਂ ਟੱਲੀ ਵਾਂਗ ਟਣਕਦੇ ਬੋਲ ਮੇਰੇ ਕੰਨੀਂ ਪਏ, “ਇਆ, ਟੱਲੀ ਤਾਂ ਤੇਰੀ ਬੋਲਦੀ ਈ
ਨੀ!” ਵਾਕਿਆ ਈ ਉਨ੍ਹਾਂ ਨੇ ਮੇਰੀ ਟੱਲੀ ਚੁੱਪ ਕਰਾ ਦਿੱਤੀ ਸੀ!
ਅਜੀਤ ਸਿੰਘ ਰਾਹੀ ਨੇ ਆਪਣੇ ਜੀਵਨ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਿੱਧੇ ਰਾਹ ਵਰਗਾ
ਨਹੀਂ ਸੀ। ਇਸ ਵਿਚ ਬੜੇ ਮੋੜ ਆਏ ਤੇ ਟੇਢੀਆਂ ਮੇਢੀਆਂ ਡੰਡੀਆਂ ਵਿਚ ਦੀ ਗੁਜ਼ਰਨਾ ਪਿਆ।
ਦੁੱਖ ਵੀ ਬੜੇ ਜਰਨੇ ਪਏ। ਉਸ ਨੇ ਆਪਣੀ ਸਾਹਿਤਕ ਘਾਲਣਾ ਦੀ ਜਾਣਕਾਰੀ ਬੜੇ ਵਿਸਥਾਰ ਨਾਲ
ਦਿੱਤੀ। ਉਹ ਆਪਣੀਆਂ ਕੁਝ ਪੁਸਤਕਾਂ ਵੀ ਨਾਲ ਲਿਆਇਆ ਸੀ ਜੋ ਕਈਆਂ ਨੇ ਮੌਕੇ ‘ਤੇ ਖਰੀਦੀਆਂ।
ਉਸ ਦੀ ਪੁਸਤਕ ਤੀਜਾ ਘੱਲੂਘਾਰਾ ਚਰਚਿਤ ਹੈ। ਉਹ ਕਵਿਤਾ ਵੀ ਕਮਾਲ ਦੀ ਲਿਖਦੈ। ਮੈਂ ਉਸ ਨੂੰ
ਆਪਣੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਭੇਟ ਕੀਤੀ ਤੇ ਉਸ ਨੇ ਆਪਣੀ ਸਵੈਜੀਵਨੀ ‘ਅੱਧੀ ਸਦੀ
ਦਾ ਸਫ਼ਰ’ ਦੇ ਦਿੱਤੀ। ਅੱਧੀ ਸਦੀ ਦਾ ਸਫ਼ਰ ਪੜ੍ਹ ਕੇ ਮੈਨੂੰ ਰਾਹੀ ਬਾਰੇ ਹੋਰ ਵੀ ਬਹੁਤ
ਕੁਝ ਦਾ ਪਤਾ ਲੱਗਾ। ਇਹ ਸਵੈਜੀਵਨੀ ਸੱਚਮੁਚ ਹੀ ਪੜ੍ਹਨਯੋਗ ਹੈ। ਅਜਿਹੀਆਂ ਸਵੈਜੀਵਨੀਆਂ
ਪੰਜਾਬੀ ਸਾਹਿਤ ਦਾ ਹਾਸਲ ਹਨ।
ਉਸੇ ਮੀਟਿੰਗ ਵਿਚ ਸੰਤੋਖ ਮੰਡੇਰ ਦੀ ਸਚਿੱਤਰ ਪੁਸਤਕ ‘ਲੰਡਨ ਸ਼ਹਿਰ ਤੇ 30ਵੀਆਂ ਓਲੰਪਿਕ
ਖੇਡਾਂ’ ਦੀ ਮੂੰਹ ਵਿਖਾਈ ਕੀਤੀ ਗਈ। ਇਹ ਵੱਡਅਕਾਰੀ ਪੁਸਤਕ ਓਲੰਪਿਕ ਖੇਡਾਂ ਦੀ ਐਲਬਮ ਹੈ ਜੋ
ਯਾਦਗਾਰੀ ਤੋਹਫ਼ੇ ਵਜੋਂ ਦਿੱਤੀ ਲਈ ਜਾ ਸਕਦੀ ਹੈ। ਉਥੇ ਕੁਝ ਹੋਰ ਪੁਸਤਕਾਂ ਦਾ ਆਦਾਨ ਪਰਦਾਨ
ਵੀ ਹੋਇਆ ਜਿਨ੍ਹਾਂ ਵਿਚ ਪ੍ਰਿਤਪਾਲ ਗਿੱਲ ਦੀ ‘ਲਟ ਲਟ ਬਲਦਾ ਸੂਰਜ’ ਵੀ ਸੀ ਤੇ ਗਿੱਲ
ਮੋਰਾਂਵਾਲੀ ਦੀ ਤਿੰਨ ਲਿੱਪੀਆਂ ‘ਚ ਛਪੀ ‘ਉਲਟੀ ਗੰਗਾ’ ਵੀ। ਹੁਣ ਕੈਨੇਡਾ ਵਿਚ ਪੰਜਾਬੀ
ਲੇਖਕਾਂ ਦੀਆਂ ਕਿਤਾਬਾਂ ਕਾਫੀ ਗਿਣਤੀ ਵਿਚ ਛਪ ਰਹੀਆਂ ਹਨ।
ਸਵੇਰੇ ਸਵੱਖਤੇ ਮੇਰੀ ਟੋਰਾਂਟੋ ਨੂੰ ਉਡਾਣ ਸੀ। ਕੱਚੀ ਨੀਂਦੇ ਉਠਣਾ ਪੈਣਾ ਸੀ। ਮੈਨੂੰ ਡਰ
ਸੀ ਕਿ ਮੰਡੇਰ ਪਤਾ ਨਹੀਂ ਜਹਾਜ਼ ਚੜ੍ਹਾਵੇ ਜਾਂ ਨਾ? ਉਹ ਉੱਦਮੀ ਤਾਂ ਬਹੁਤ ਹੈ ਪਰ ਹੈ ਮਸਤ।
ਮੈਂ ਤੜਕਸਾਰ ਜਾਗਿਆ ਤੇ ਮੰਡੇਰ ਨੂੰ ਜਗਾਇਆ। ਉਹ ਊਂਘਦਾ ਉੱਠਿਆ। ਉਸ ਨੇ ਕਾਰ ਸਟਾਰਟ ਕੀਤੀ
ਤੇ ਮੈਂ ਵੈਨਕੂਵਰ ਦੀਆਂ ਉਂਘਲਾਉਦੀਆਂ ਬੱਤੀਆਂ ਨੂੰ ਅਲਵਿਦਾ ਕਹਿੰਦਾ ਸਮੇਂ ਸਿਰ ਹਵਾਈ ਅੱਡੇ
‘ਤੇ ਜਾ ਪਹੁੰਚਾ। ਜੇ ਕਿਤੇ ਦਿਨ ਦਾ ਵਕਤ ਹੁੰਦਾ ਤੇ ਰਾਹ ‘ਚ ਰੌਸ ਸਟੋਰ ਪੈਂਦਾ ਹੁੰਦਾ ਤਾਂ
ਮੈਂ ਮੰਡੇਰ ਨਾਲ ਸਮੇਂ ਸਿਰ ਨਹੀਂ ਸੀ ਪਹੁੰਚ ਸਕਦਾ। ਸੰਭਵ ਸੀ ਫੇਰ ਮੇਰੀ ਸਿਆਟਲ ਤੇ
ਵੈਨਕੂਵਰ ਦੀ ਫੇਰੀ ਹੋਰ ਵੀ ਲਮਕ ਜਾਂਦੀ!
-0-
|