ਚਿੱਤ ਨੂੰ ਪ੍ਰਸੰਨ ਕਰਨ
ਵਾਲੇ ਸੁਰ ਸਮੂਹ ਨੂੰ ਸ਼ਾਸਤ੍ਰ ਵਿੱਚ ਗੀਤ ਕਿਹਾ ਗਿਆ ਹੈ। ਜਿਸਦੇ ਦੋ ਭੇਦ ਹੁੰਦੇ ਹਨ -
‘ਗਾਂਧਰਵ‘ ਤੇ ‘ਗਾਨ‘। ਗਾਂਧਰਵ ਦਾ ਸਬੰਧ ਮਾਰਗੀ ਸੰਗੀਤ ਨਾਲ ਤੇ ਗਾਨ ਦਾ ਸਬੰਧ ਭਿੰਨ ਭਿੰਨ
ਇਲਾਕਿਆਂ, ਦੇਸਾਂ ਦੇ ਲੋਕਾਂ ਦੀ ਰੁਚੀ ਦੇ ਅਨੁਕੂਲ ਦੇਸ਼ੀ ਸੰਗੀਤ ਨਾਲ ਹੈ। ‘ਗਾਨ‘ ਦੇ ਵੀ
ਦੋ ਰੂਪ ਸਦਾ ਤੋਂ ਹੀ ਰਹੇ ਹਨ : ਇਕ ‘ਨਿਬੱਧਗਾਨ‘ ਤੇ ਦੂਸਰਾ ‘ਅਨਿਬੱਧ ਗਾਨ‘। ‘ਨਿਬੱਧਗਾਨ‘
ਉਹ ਹੈ ਜੋ ਤਾਲ ‘ਚ ਬੱਧਾ ਹੋਵੇ, ਜਦ ਕਿ ਅਨਿਬੱਧ ਗਾਨ ਉਹ ਹੈ ਜੋ ਤਾਲ ਵਿਚ ਨਾ ਬੱਧਾ ਹੋਵੇ।
ਪਰਾਚੀਨ ਕਾਲ ਵਿੱਚ ਨਿਬੱਧਗਾਨ ਦੇ ਅੰਤਰਗਤ ਪ੍ਰਬੰਧ, ਵਸਤੂ, ਰੂਪਕ ਆਦਿ ਗੀਤਾਂ ਦੇ ਪਰਕਾਰ
ਪ੍ਰਚੱਲਤ ਸਨ, ਜਦ ਕਿ ਆਧੁਨਿਕ ਯੁੱਗ ਵਿੱਚ ਨਿਬੰਧ ਗਾਨ ਅਰਥਾਤ, ਤਾਲ ਬੱਧ ਗਾਨ ਦੇ ਅੰਤਰਗਤ
ਧ੍ਰੁਪਦ, ਧਮਾਰ, ਖ਼ਿਆਲ, ਟੱਪਾ, ਠੁਮਰੀ ਆਦਿ ਪਚੱਲਤ ਹਨ।
ਧ੍ਰੁਵਪਦ ਜਾਂ ਧਰੁਪਦ ਭਾਰਤ ਦੀ ਇੱਕ ਪਰਾਚੀਨ ਗਾਇਨ ਸ਼ੈਲੀ ਹੈ, ਜਿਸਦਾ ਆਰੰਭ ਪੰਦਰ੍ਹਵੀਂ
ਸਦੀ ‘ਚ ਗਵਾਲੀਅਰ ਦੇ ਰਾਜਾਂ ਮਾਨ ਸਿੰਘ ਤੋਮਰ ਦੇ ਸਮੇਂ ਮੰਨਿਆ ਜਾਂਦਾ ਹੈ। ਧਰੁਪਦ ਗਾਇਕ
ਨੂੰ ਕਲਾਵੰਤ ਵੀ ਕਿਹਾ ਜਾਂਦਾ ਸੀ। ‘‘ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਸੰਗੀਤ
ਰਤਨਾਕਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਧ੍ਰੁਵਪਦ ਜਾਂ ਧ੍ਰੁਵਕ ਚਾਰ ਤਾਲ ਦਾ ਗੀਤ ਹੈ, ਜਿਸ
ਵਿੱਚ ਅਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ,ਇਹ ਵੀ ਸੂਚਨਾ ਹੈ ਕਿ
ਧ੍ਰੁਵਪਦ; ਬ੍ਰਹਮ, ਰੁਦ੍ਰ, ਲਕਸ਼ਮੀ ਤਾਲ ਆਦਿ ਵਿੱਚ ਵੀ ਗਾਏ ਜਾਂਦੇ ਹਨ।”
ਡਾ. ਜੋਗਿੰਦਰ ਸਿੰਘ ਬਾਵਰਾ ਅਨੁਸਾਰ, ਅਕਬਰ ਦੇ ਸਮੇਂ ਇਸ ਸ਼ੈਲੀ (ਧਰੁਪਦ) ਦੀਆਂ ਚਾਰ
ਬਾਣੀਆਂ ਚਾਰ ਮਹਾਨ ਸੰਗੀਤਕਾਰਾਂ ਦੇ ਨਾਂ ਤੇ ਪ੍ਰਚਾਰ ‘ਚ ਆਈਆਂ ਜੋ ਇਸ ਪਰਕਾਰ ਹਨ:
‘‘ਤਾਨਸੈਨ ਦੀ ਜਾਤੀ ਦੇ ਗੌੜ ਬ੍ਰਾਹਮਣਾਂ ਦੀ ਬਾਣੀ ਗੌੜੀਏ ਜਾਂ ਗੌਵਰਹਾਰੀ ਨਾਮ ਨਾਲ
ਪ੍ਰਸਿੱਧ ਹੋ ਗਈ।ਪ੍ਰਸਿੱਧ ਬੀਨਕਾਰ ਸਮੋਖਨ ਸਿੰਘ ਜਿਸਦਾ ਨਾਮ ਬਦਲ ਕੇ ਨੌਬਾਰ ਖਾਂ ਰੱਖਿਆ
ਸੀ, ਉਹ ਖੰਡਹਾਰ ਦੇ ਨਿਵਾਸੀ ਹੋਣ ਕਰਕੇ ਉਨ੍ਹਾਂ ਦੀ ਬਾਣੀ ਖੰਡਹਾਰ ਨਾਲ ਪ੍ਰਸਿੱਧ
ਹੋਈ।ਬਰਿਜ ਚੰਦ ਜੋ ਜਾਤੀ ਦੇ ਬ੍ਰਾਹਮਣ ਸਨ ਅਤੇ ਡਾਗੁਰ ਪਿੰਡ ਦੇ ਨਿਵਾਸੀ ਹੋਣ ਕਾਰਨ
ਉਨ੍ਹਾਂ ਦੀ ਬਾਣੀ ਡਾਗੁਰੀ ਬਾਣੀ ਦੇ ਨਾਮ ਨਾਲ ਜਾਣੀ ਗਈ।ਸ਼੍ਰੀ ਚੰਦ ਰਾਜਪੂਤ ਜਾਤੀ ਨਾਲ
ਸਬੰਧ ਰੱਖਦੇ ਸਨ ਅਤੇ ਨੌਹਾਰ ਦੇ ਨਿਵਾਸੀ ਸਨ, ਉਨ੍ਹਾਂ ਦੀ ਬਾਣੀ ਨੌਹਾਰ ਬਾਣੀ ਦੇ ਨਾਮ
ਦੁਆਰਾ ਜਾਣੀ ਗਈ।”
ਧਰੁਪਦ ਗਾਇਨ ਗੰਭੀਰਤਾ ਪ੍ਰਧਾਨ ਹੈ, ਜਿਆਦਾਤਰ ਬ੍ਰਜ਼, ਹਿੰਦੀ, ਉਰਦੂ ਭਾਸ਼ਾ ਦੇ ਸ਼ਬਦ ਧਰੁਪਦ
ਪ੍ਰਚਾਰ ਵਿੱਚ ਹਨ ਅਤੇ ਇਸ ਗਾਇਨ ਵਿਚ ਬੀਰ, ਸ਼ਿੰਗਾਰ ਅਤੇ ਸ਼ਾਂਤ ਰਸ ਦੀ ਪ੍ਰਧਾਨਤਾ ਹੁੰਦੀ
ਹੈ। ਤਾਨਸੈਨ, ਬੈਜੂ, ਚਿੰਤਾਂਮਣੀ ਮਿਸ਼ਰ, ਨਾਇਕ ਗੋਪਾਲ ਆਦਿ ਅਕਬਰ ਦੇ ਦਰਬਾਰੀ ਗਾਇਕਾਂ ਦੇ
ਰਚੇ ਹੋਏ ਧਰੁਪਦ ਅੱਜ ਵੀ ਪ੍ਰਚਾਰ ਵਿੱਚ ਹਨ।
ਧਰੁਪਦ ਤੋਂ ਬਾਅਦ ‘ਧਮਾਰ‘ ਇੱਕ ਅਜਿਹਾ ਗੀਤ ਹੈ ਜਿਸਨੂੰ ਭਾਰਤੀ ਗਾਇਨ ਸ਼ੈਲੀ ਵਿੱਚ ਅਹਿਮ
ਮੰਨਿਆ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ, ਧਮਾਰ ਹੋਲੀ ਦਾ ਗੀਤ ਹੈ, ਜੋ ਧਮਾਰ ਨਾਮ ਦੇ ਤਾਲ
ਵਿੱਚ ਗਾਇਆ ਜਾਂਦਾ ਹੈ,ਜੋ ਸੱਤ ਅਥਵਾ ਚੌਦਾਂ ਮਾਤਰਾਂ ਦਾ ਹੁੰਦਾ ਹੈੇ।।ਉਦਾਹਰਣ ਵਜੋਂ ਮਹਾਨ
ਕੋਸ਼ ਵਿਚ ਧਮਾਰ ਗੀਤ ਦੇ ਬੋਲ ‘ਦਸਮ ਗ੍ਰੰਥ‘ ਵਿੱਚੋਂ ਪੇਸ਼ ਕੀਤੇ ਹਨ, ਜੋ ਨਿਮਨ ਲਿਖਤ
ਅਨੁਸਾਰ ਹਨ :
ਮਾਘ ਬਿਤੀਤ ਭਈ ਰੁਤ ਫਾਗੁਨ ਆਇ ਗਈ ਸਭ ਖੇਲਤ ਹੋਰੀ
ਖੇਲਤ ਸਯਾਮ ਧਮਾਰ ਅਨੂਪ, ਮਹਾਮਿਲ ਸੁੰਦਰਿ ਸਾਵਲ ਗੋਰੀ।
ਟੋਲੀਆਂ ਵਿੱਚ ਗਾਏ ਜਾਣ ਵਾਲੇ ਲੋਕ ਸੰਗੀਤ ਦੇ ਇਸ ਸਮੂਹਿਕ ਰੂਪ ਗੀਤ, ਧਮਾਰ ਦੀ ਸੰਗਤੀ ਲਈ
ਪ੍ਰਧਾਨ ਸਾਜ਼ ਢੋਲ ਅਤੇ ਮ੍ਰਿਦੰਗ ਮੰਨਿਆ ਜਾਂਦਾ ਹੈ। ਇਸ ਵਿਚ ਦੁਗੁਣ, ਚੌਗੁਣ, ਬੋਲਤਾਨ,
ਗਮਕ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ।। ਤਾਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਾਂ ਨਹੀਂ
ਇਸ ਬਾਰੇ ਵਿਦਵਾਨਾਂ ਦੀ ਵੱਖ ਵੱਖ ਰਾਏ ਹੈ। ਗੀਤ ਦੀ ਭਾਸ਼ਾ ਬ੍ਰਜ, ਹਿੰਦੀ, ਜਾਂ ਉਰਦੂ
ਹੁੰਦੀ ਹੈ, ਗੀਤ ਦੇ ਦੋ ਭਾਗ ਸਥਾਈ ਅੰਤਰਾ ਹੁੰਦੇ ਹਨ ਅਤੇ ਜ਼ਿਆਦਾਤਰ ਸ਼ਿੰਗਾਰ ਰਸ ਦੀ
ਪ੍ਰਧਾਨਤਾ ਹੁੰਦੀ ਹੈ। ਵਧੇਰੇ ਕਰਕੇ ਰਾਧਾ ਕ੍ਰਿਸ਼ਨ ਜਾਂ ਗੋਪੀਆਂ ਦੀਆਂ ਫੱਗਣ ਮਹੀਨੇ ਦੀਆਂ
ਲੀਲ੍ਹਾਵਾਂ ਦਾ ਵਰਣਨ ਹੁੰਦਾ ਹੈ। ਕਈਆਂ ਨੇ ‘ਧਮਾਰ‘ ਨੂੰ ਰਾਗਨੀ ਲਿਖਿਆ ਹੈ, ਪਰ ਇਹ ਕੋਈ
ਵੱਖ ਰਾਗਨੀ ਨਹੀਂ, ਕੇਵਲ ਗਾਉਣ ਦੀ ਚਾਲ ਹੈ। ਧਰੁਪਦ ਤੋਂ ਪ੍ਰਭਾਵਤ ਗਾਇਕੀ ਹੋਣ ਕਾਰਨ
ਜ਼ਿਆਦਾਤਰ ਧਰੁਪਦ ਗਾਇਕ ਹੀ ਇਸ ਪਰਾਚੀਨ ਗਾਇਨ ਸ਼ੈਲੀ ‘ਧਮਾਰ‘ ਨੂੰ ਗਾਉਂਦੇ ਹਨ।
ਧਰੁਪਦ, ਧਮਾਰ ਵਾਂਗ ਚਤੁਰੰਗ ਵੀ ਇੱਕ ਪਰਕਾਰ ਦੀ ਪਰਾਚੀਨ ਗਾਇਨ ਸ਼ੈਲੀ ਹੈ ਜਿਸ ਵਿੱਚ ਖ਼ਿਆਲ,
ਤਰਾਨਾ, ਸਰਗਮ, ਪਖਾਵਜ ਦੇ ਬੋਲ ਆਦਿ ਸ਼ੈਲੀਆਂ ਦਾ ਯਥਾਕ੍ਰਮ ਉਚਾਰਨ ਹੁੰਦਾ ਹੈ। ਇਸਦੇ ਚਾਰ
ਭਾਗ ਸਥਾਈ, ਅੰਤਰਾ, ਸੰਚਾਰੀ ਤੇ ਆਭੋਗ ਹੁੰਦੇ ਹਨ।
ਵਿਦਵਾਨਾਂ ਅਨੁਸਾਰ, ‘ਚਤੁਰੰਗ‘ ਦਾ ਨਾਮ ਚਉਬੋਲਾ ਭੀ ਹੈ। ਜਿਸ ਪ੍ਰਬੰਧ ਵਿੱਚ ਸਾਧਾਰਣ ਗੀਤ,
ਸਰਗਮ, ਤਰਾਨਾ ਅਤੇ ਮ੍ਰਿਦੰਗ ਦੇ ਬੋਲ ਹੋਣ ਉਹ ਚਤੁਰੰਗ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ
ਸੰਗੀਤ ਪ੍ਰੇਮੀਆਂ ਨੂੰ ਇਸ ਪਰਾਚੀਨ ਗਾਇਨ ਸ਼ੈਲੀ ਨਾਲ ਪੂਰੀ ਵਾਕਫ਼ੀਅਤ ਕਰਾਉਣ ਲਈ ਮਹਾਨ ਕੋਸ਼
ਵਿੱਚ ਰਾਗ ਵ੍ਰਿੰਦਾਬਨੀ ਸਾਰੰਗ ਦਾ ਚਤੁਰੰਗ ਉਦਾਹਰਣ ਵਜੋਂ ਪੇਸ਼ ਕੀਤਾ ਹੈ ਜੋ ਇਸ ਪਰਕਾਰ
ਹੈ:
ਚਤੁਰੰਗ ਗਨੀਅਨ ਮਿਲਿ ਗਾਈਏ ਬਜਾਈਏ ਰਿਝਾਇਏ।
ਗੁਨੀਅਨ ਕੇ ਆਗੇ ਲੈ ਕੋ ਸੰਪੂਰਨ ਕਰ ਦਿਖਾਈਏ।
ਨ ਸ਼ ਰ ਮ ਪ ਧ, ਪ ਮ ਰ ਮ ਰ ਸ਼ ਨ ਸ਼।
ਦਿਰ ਦਿਰ ਤਾ ਨਾ ਨਾ ਦਿਰ ਤਾ ਨਾ, ਨਾ ਤਾ ਰੇ ਨਾ ਤੋਮ ਤਾਨਾ।
ਧਿਰ ਧਿਰ ਧੁਮ ਕਿਟ ਤਕ੍ਰਾਨ ਧਾ, ਤਕ੍ਰਾਨ ਧਾ ਧੁਮ ਕਿਟ ਤਕ੍ਰਾਨ ਧਾ ਧਾ”
ਇਸੇ ਥਾਂ ਭਾਈ ਸਾਹਿਬ ਦੱਸਦੇ ਹਨ ਕਿ, ਚਤੁਰੰਗ ਦੇ ਬੋਲ ਗਵੈਯੇਂ ਤਾਲ ਸੁਰ ਦਾ ਖਿਆਲ ਰੱਖਕੇ
ਜੜ ਲੈਂਦੇ ਹਨ, ਪਿਗੰਲ ਦੇ ਨਿਯਮਾਂ ਦਾ ਘੱਟ ਹੀ ਧਿਆਨ ਕਰਦੇ ਹਨ। ਚਤੁਰੰਗ ਅਤੇ ‘ਚਓੁਬੋਲਾ‘
ਨੂੰ ਇਕੋ ਅਰਥਾਂ ‘ਚ ਪੇਸ਼ ਕਰਦਿਆਂ ਨਾਲ ਹੀ ‘ਚਉਬੋਲਾ‘ ਦੇ ਸਾਹਿਤਕ ਪੱਖ ਬਾਰੇ ਵਿਦਵਾਨਾਂ ਦੀ
ਰਾਏ ਹੈ ਕਿ ਜਿਸ ਛੰਦ ਵਿੱਚ ਚਾਰ ਭਾਸ਼ਾਵਾਂ (ਬੋਲੀਆਂ) ਵ੍ਰਿਜਭਾਸ਼ਾ, ਮੁਲਤਾਨੀ, ਡਿੰਗਲ ਅਤੇ
ਹਿੰਦੀ ਆਦਿ ਹੋਣ, ਉਹ ਵੀ ‘ਚਉਬੋਲਾ‘ ਹੈ।
ਵਰਤਮਾਨ ਕਾਲ ਵਿੱਚ ਖ਼ਿਆਲ ਗਾਇਕੀ ਦਾ ਪ੍ਰਚਾਰ ਜ਼ੋਰਾਂ ਤੇ ਹੈ, ਖ਼ਿਆਲ ਦੋ ਪਰਕਾਰ ਦੇ ਹੁੰਦੇ
ਹਨ। ਵੱਡਾ ਖ਼ਿਆਲ ਤੇ ਛੋਟਾ ਖਿਆਲ। ਸ਼ਬਦ ਕੋਸ਼ਾਂ ਵਿੱਚ ਖ਼ਿਆਲ ਦੀ ਸੰਗਯਾ, ਸੰਕਲਪ ਜਾਂ ਫੁਰਣਾ
ਹੈ। ਅਰਬੀ ਭਾਸ਼ਾ ਦੇ ਸ਼ਬਦ ‘ਖ਼ਿਆਲ‘ ਦੇ ਅਰਥ ਧਿਆਨ ਅਤੇ ਚਿੰਤਨ ਵੀ ਕੀਤੇ ਮਿਲਦੇ ਹਨ। ਖ਼ਿਆਲ
ਗਾਇਨ ਸ਼ੈਲੀ ਤੋਂ ਬਾਅਦ ਟੱਪਾ ਗਾਇਨ ਸ਼ੈਲੀ ਦਾ ਵੀ ਪ੍ਰਚਾਰ ਹੋਇਆ, ਜਿਸਦਾ ਪੰਜਾਬ ਨਾਲ ਵਿਸ਼ੇਸ਼
ਸਬੰਧ ਹੈ। ਟੱਪੇ ਦੇ ਗੀਤਾਂ ਦੀ ਭਾਸ਼ਾ ਪੰਜਾਬੀ ਹੁੰਦੀ ਸੀ ਅਤੇ ਲਖਨਊ ਦੇ ਨਵਾਬ ਆਸਿਰ
ਉਲ-ਦੌਲਾ ਦੇ ਦਰਬਾਰੀ ਗਾਇਕ ਸ਼ੋਰੀ ਮੀਆ (18ਵੀਂ ਸਦੀ), ਜੋ ਪੰਜਾਬ ਦੇ ਨਿਵਾਸੀ ਸਨ, ਟੱਪੇ
ਦੇ ਜਨਮਦਾਤਾ ਤੇ ਮੁੱਖ ਪ੍ਰਚਾਰਕ ਹਨ।ਇੱਕ ਹੋਰ ਹਾਵ-ਭਾਵ ਪ੍ਰਧਾਨ ਗਾਇਨ ਸ਼ੈਲੀ ‘ਠੁਮਰੀ‘ ਦੇ
ਜਨਮਦਾਤਾ ਵੀ ਗ਼ਲਾਮ ਨਬੀ ਸ਼ੋਰੀ ਦੇ ਹੀ ਘਰਾਣੇ ਦੇ ਲੋਕ ਮੰਨੇ ਜਾਂਦੇ ਹਨ।
ਅਸਿਸਟੈਂਟ ਪ੍ਰੋਫੈਸਰ
ਸੰਗੀਤ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Email:raviravinderkaur28@gmail.com
-0- |