ਨਾ ਜਾਈਂ ਮਸਤਾਂ ਦੇ
ਵਿਹੜੇ, ਚਿਲਮ ਫੜਾ ਦੇਣਗੇ ਬੀਬਾ....
ਚਿਲਮਾਂ ਫੜਾ ਦੇਣਗੇ ਬੀਬਾ, ਵੰਗਾਂ ਪਵਾ ਦੇਣਗੇ ਬੀਬਾ....
ਨਸ਼ਿਆਂ 'ਤੇ ਲਾ ਦੇਣਗੇ ਬੀਬਾ, ਘਰੋਂ ਕਢਾ ਦੇਣਗੇ ਬੀਬਾ....
ਪੁਠੇ ਰਾਹੇ ਪਾ ਦੇਣਗੇ ਬੀਬਾ, ਛਿੱਤਰ ਪਵਾ ਦੇਣਗੇ ਬੀਬਾ....
ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਵੀ
ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ
ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਫਲਾਨੇ ਦਾ
ਮੁੰਡਾ ਚਿਲਮਾਂ ਪੀਂਦਾ ਹੈ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਨੌਜਵਾਨਾਂ ਨੇ
ਗੁਰੂ-ਘਰਾਂ, ਮੇਲਿਆਂ ਜਾਂ ਇਕੱਠਾਂ ਵਿਚੋਂ ਲੈ ਕੇ ਪਾਏ ਕੜੇ ਹੱਥਾਂ ਚੋਂ ਲਾ ਸੁੱਟੇ ਹਨ ਅਤੇ
ਨਕੋਦਰ ਵਾਲੇ ਮਸਤਾਂ ਦੀਆਂ ਰੰਗ-ਬਿਰੰਗੀਆਂ ਵੰਗਾਂ ਪਹਿਨ ਲਈਆਂ ਹਨ। ਪਹਿਨਣ ਵੀ ਕਿਉਂ ਨਾ
ਜਦੋਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗਾਇਕ ਜਾਂ ਹੋਰ ਸਨਮਾਨ ਯੋਗ ਸਖ਼ਸ਼ੀਅਤਾਂ ਉਹਨਾਂ
ਮਸਤਾਂ ਦੇ ਜਾ ਕੇ ਨੱਕ ਰਗੜਦੀਆਂ, ਡੰਡਾਉਤ ਕਰਦੀਆਂ ਹਨ, ਗੀਤਾਂ ਰਾਹੀਂ ਜਾ ਹੋਰ ਸਾਧਨਾਂ
ਨਾਲ ਨੰਗੇ ਮਸਤਾਂ ਦਾ ਪ੍ਰਚਾਰ ਕਰਦੀਆਂ ਹਨ। ਹੁਣ ਟੀ.ਵੀ ਦੇ ਹਰ ਚੈਨਲਾ 'ਤੇ ਲੋਕਾਂ ਨੂੰ
ਅਸ਼ਲੀਲਤਾ, ਡਰਾਉਣਾ ਜਾਂ ਅੰਧ-ਵਿਸ਼ਵਾਸ਼ੀ ਮਸਾਲਾ ਪਰੋਸਿਆ ਜਾ ਰਿਹਾ, ਜ਼ਿਆਦਾਤਰ ਚੈਨਲਾਂ 'ਤੇ
ਬੂਬਣੇਂ ਬਾਬੇ ਸਵੇਰੇ ਹੀ ਵੱਡੇ-ਵੱਡੇ ਸੋਫਿਆਂ ਤੇ ਸਜ ਜਾਂਦੇ ਨੇ ਫਿਰ ਸ਼ੁਰੂ ਹੁੰਦੀਆਂ ਨੇ
ਇਹਨਾਂ ਦੀਆਂ ਝੂਠੀਆਂ ਅਤੇ ਅੰਧ-ਵਿਸ਼ਵਾਸੀ ਕਹਾਣੀਆਂ। ਉਸ ਪੰਜਾਬ ਦਾ ਕੀ ਬਣੂੰ ਜਿੱਥੇ ਸਮਾਜ
ਨੂੰ ਸੇਧ ਦੇਣ ਵਾਲੇ ਲੋਕਾਂ ਦੇ ਆਦਰਸ਼ ਹੀ ਨੰਗੇ ਬੀੜ੍ਹੀਆਂ 'ਤੇ ਚਿਲਮਾਂ ਪੀਣ ਵਾਲੇ ਮਸਤ
ਹੋਣ। ਇਹਨਾ ਦੇ ਸਿੱਖੇ ਚੇਲਿਆਂ ਨੇ ਪੜਾਈ 'ਚ ਸੁਆਹ ਮੱਲਾਂ ਮਾਰਨੀਆਂ, ਇਹ ਜਾਣਗੇ ਚੰਦ ਤੇ
ਆਖੇ ਸਾਡਾ ਸਾਧ ਤਾਂ ਮਨ ਦੀ ਮੌਜ ਵਿਚ ਚਿਲਮਾਂ ਪੀਂਦਾ ਸੀ ਤੁਹਾਡੀ ਵੀ ਮੌਜ ਹੈ ਤੇ ਨਾਲੇ
ਚਿਲਮਾਂ ਵੇਚਣ ਵਾਲੇ ਦੀ ਮੌਜ ਬਣੀ ਹੈ। ਦੋਸਤੋ ਪੰਜਾਬੀ ਬਹਾਦਰ ਕੌਮ ਸੀ ਪਰ ਅਫਸੋਸ ਹੁਣ ਇਹ
ਪਿਛਲੱਗ ਕੌਮ ਬਣ ਚੁੱਕੀ ਹੈ। ਦੇਖਾ ਦੇਖੀ ਹਰੇਕ ਚੰਗੇ ਮਾੜੇ ਕੰਮ ਪਿਛੇ ਲੱਗ ਰਹੇ ਹਨ ਹਲੇ
ਤਾਂ ਸ਼ੁਕਰ ਮਨਾਉ ਕਿ ਇਹ ਅਨਪੜ ਮਸਤ ਨਸ਼ਿਆਂ ਪਿਛੇ ਲੱਗੇ ਨੇ ਜੇ ਕੀਤੇ ਇਹ ਹੋਰ ਬਾਬਿਆਂ ਵਾਂਗ
ਮੀਡੀਆ ਰਾਹੀਂ ਟੀ ਵੀ ਅਤੇ ਹੋਰ ਸਾਧਨਾ ਨਾਲ ਪ੍ਰਚਾਰ ਕਰਨ ਲੱਗ ਪਏ ਤਾਂ ਓਹ ਦਿਨ ਦੂਰ ਨਹੀਂ
ਜਦੋਂ ਇਹਨਾ ਦਾ ਘਰ ਘਰ ਵਿਚ ਬੋਲ ਬਾਲਾ ਹੋਵੇਗਾ ਅਤੇ ਪਿਛਲੱਗ ਪੰਜਾਬੀਆਂ ਦੇ ਘਰਾਂ ਵਿਚ
ਗੁਰੂ ਸਹਿਬਾਨਾਂ ਦੇ ਬਰਾਬਰ ਇਹਨਾ ਦੀਆਂ ਫੋਟੋ ਲੱਗਣਗੀਆਂ ਅਤੇ ਅਸੀਂ ਦੇਖਦੇ ਰਹਿ ਜਾਵਾਂਗੇ।
ਸੁਹਿਰਦ ਪੰਜਾਬੀਆਂ ਦੇ ਸਿਹਯੋਗ ਨਾਲ ਹੁਣ ਜਾਗਨ ਦੀ ਲੋੜ ਹੈ ਪਰ ਪਤਾ ਨੀ ਕੀ ਪੁੱਠੀ ਵਾ ਵਗੀ
ਹੈ ਲੋਕਾਂ ਤੇ, ਪਤਾ ਨੀ ਕੀ ਹੋਇਆ ਲੋਕਾਂ ਦੀ ਸੋਚ ਨੂੰ। ਇੱਕ ਤਾਂ ਆਹ ਦੋ ਤਿੰਨ ਮਸਤਾਂ ਦੇ
ਚੇਲੇ ਗਾਇਕ ਰੋਹੀਆਂ 'ਚ ਭਜਾ ਭਜਾ ਕੁੱਟਣ ਵਾਲੇ ਆ ਫੇਰ ਪੁੱਛੇ ਮਸਤ ਨੇੜੇ ਹੈ ਕੇ ਘਸੁੰਨ,
ਜੱਧੇ ਮਸਤਾਂ ਦੇ ਕੀ ਲੱਛਣ ਫੜਿਆ ਮੁਲਖ ਨੇ। ਦੋਸਤੋ ਇਹ ਕੋਈ ਸੋਚੀ ਸਮਝੀ ਚਾਲ ਨੀ ਬਲਕਿ
ਭੇੜਚਾਲ ਹੈ ਪੰਜ ਸੱਤ ਸਾਲ ਪਹਿਲਾਂ ਇਹ ਮਸਤ ਕਿਥੇ ਸਨ ਬਸ ਦੇਖਾ ਦੇਖੀ ਮੁਲਖ ਤੁਰਿਆ ਜਾਂਦਾ
ਅੰਨ੍ਹੇ ਖੂਹ ਵੱਲ। ਫੇਸਬੁੱਕ ਤੇ ਤੀਜੇ ਕੋ ਦਿਨ ਕਿਸੇ ਦਾ ਸਟੇਟਸ ਜਾਂ ਫੋਟੋ ਪਾਈ ਹੁੰਦੀ ਹੈ
ਅਖੇ ਜੈ ਮਸਤਾਂ ਦੀ ਸ਼ੈ ਮਸਤਾਂ ਦੀ ਘਰੇ ਭਾਵੇਂ ਕੋਈ ਪਿਓ ਨੂੰ ਪਾਣੀ ਨਾ ਪੁੱਛੇ। ਅਸੀਂ ਆਪਣੇ
ਪਿੰਡ ਪੱਧਰ ਤੇ ਇਹਨਾ ਮਸਤਾਂ ਦੇ ਚੇਲਿਆਂ ਦਾ ਸਰਵੇਖਣ ਕੀਤਾ ਓਹਨਾ ਤੋਂ ਜਾਣਕਾਰੀ ਲਈ ਕਿ
ਪਹਿਲਾਂ ਤਾਂ ਲੋਕ ਆਪਣੇ ਹੱਥਾਂ ਵਿਚ ਸ਼ੌਂਕ ਨੂੰ ਲੋਹੇ, ਚਾਂਦੀ ਅਤੇ ਸੋਨੇ ਦੇ ਕੜੇ ਪਾਉਂਦੇ
ਸਨ ਇਹਨਾ ਕੜਿਆਂ ਦਾ ਆਪਣਾ ਇਤਿਹਾਸ ਵੀ ਹੈ ਅਤੇ ਇਹ ਪੰਜ ਕਕਾਰਾਂ ਵਿਚ ਵੀ ਆਉਂਦੇ ਹਨ ਪਰ
ਤੁਹਾਡੇ ਪਾਈਆਂ ਇਹਨਾ ਲਾਲ ਪੀਲੀਆਂ ਵੰਗਾਂ ਪਾਉਣ ਦਾ ਕੀ ਕਾਰਣ ਹੈ ਇਹਨਾ ਦਾ ਕੀ ਇਤਿਹਾਸ ਹੈ
ਤਾਂ ਓਹਨਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਗੋਂ ਇਹ ਸਭ ਇੱਕ ਦੂਜੇ ਦੀ ਦੇਖਾ ਦੇਖੀ
ਕਰ ਰਹੇ ਸਨ। ਇਹ ਵੰਗਾਂ ਤਾਂ ਛੱਡੋ ਹੁਣ ਤਾਂ ਇਹ ਮਸਤ ਦੇ ਚੇਲੇ ਆਪਣੇ ਪੈਰਾਂ ਵਿਚ ਘੁੰਗਰੂ
ਵੀ ਪਾਉਣ ਲੱਗ ਪਏ ਇਹਨਾ ਘੁੰਗਰੂਆਂ ਬਾਰੇ ਇਹਨਾ ਦੇ ਵਿਚਾਰ ਸਨ ਕਿ ਸਾਡੇ ਸਾਈਂ ਦੇ ਸਭ ਤੋਂ
ਵੱਡੇ ਚੇਲੇ ਮਹਾਨ ਗਾਇਕ ਦੇ ਪੈਰਾਂ ਵਿਚ ਇਹ ਘੁੰਗਰੂ ਪਏ ਹੁੰਦੇ ਨੇ ਓਹਨਾ ਦੀ ਦੇਖਾ ਦੇਖੀ
ਅਸੀਂ ਵੀ ਪਾ ਲਏ ਅਤੇ ਸਾਈਆਂ ਦੀ ਕੰਜਰੀ ਬਣ ਗਏ ਅਖੇ ਇਸੇ ਲਈ ਤਾਂ ਸਾਡੇ ਤੇ ਗ਼ੀਤ ਆਇਆ ਹੈ
ਕਿ "ਮੈਂ ਸਾਈਆਂ ਦੀ ਕੰਜਰੀ ਹਾਂ" ਤੁਸੀਂ ਹੋਰ ਤਾਂ ਛੱਡੋ ਇਹਨਾ ਚੇਲਿਆਂ ਨੂੰ ਸਾਈਆਂ ਦੇ
ਡੇਰਿਆਂ ਦੇ ਇਤਿਹਾਸਿਕ ਪਿਛੋਕੜ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਸੀ ਉੱਤੋਂ ਸਿਤਮ ਇਹ ਹੈ ਕਿ
ਇਹਨਾ ਕਦੇ ਸਾਈਆਂ ਦੇ ਡੇਰੇ ਵੀ ਜਾ ਕੇ ਨਹੀਂ ਦੇਖਿਆ ਇਹਨਾ ਦੇ ਸਿਰ ਤੇ ਸਾਈਆਂ ਦਾ ਭੂਤ
ਸਿਰਫ ਦੇਖਾ ਦੇਖੀ ਆਸੇ ਪਾਸਿਓਂ ਸੁਣ ਕੇ ਜਾਂ ਮਸਤਾਂ ਦੇ ਆ ਰਹੇ ਗੀਤਾਂ ਕਰਕੇ ਚੜਿਆ ਹੈ।
ਮੁਕਦੀ ਗਲ੍ਹ ਸਾਡੀ ਅਣਗਹਿਲੀ ਕਰਕੇ ਇਹ ਸਾਈਂਪੁਣਾ ਜਾਂ ਮਸਤਪੁਣਾ ਦਿਨੋ ਦਿਨ ਬਹੁਤ ਖਤਰਨਾਕ
ਤਰੀਕੇ ਨਾਲ ਫੈਲ ਰਿਹਾ। ਸਾਡੇ ਪੰਜਾਬੀਆਂ ਦੀ ਇਹ ਫਿਤਰਤ ਰਹੀ ਹੈ ਕਿ ਜਿੰਨਾ ਚਿਰ ਅੱਗ ਸਾਡੇ
ਘਰ ਤੱਕ ਨਹੀਂ ਪਹੁੰਚਦੀ ਓਨ੍ਨਾ ਚਿਰ ਸਾਨੂੰ ਜਾਗ ਨਹੀਂ ਆਉਂਦੀ ਜਾਂ ਅਸੀਂ ਮੀਸਣੇ ਬਣ
ਗਵਾਂਡੀਆਂ ਦੇ ਲੱਗੀ ਅੱਗ ਵੇਖ ਅੰਦਰ ਵੜ ਜਾਂਦੇ ਹਾਂ ਪਰ ਪਤਾ ਉਦੋਂ ਲਗਣਾ ਜਦੋਂ ਖੁਦ ਨੂੰ
ਸੇਕ ਲੱਗਿਆ ਜੇ ਇਵੇਂ ਹੀ ਸ਼ਰੀਕਾਂ ਦੀ ਨਿਕਲੀ ਕੁੜੀ ਨੂੰ ਵੇਖ ਵੇਖ ਤਾੜੀਆਂ ਮਾਰਦੇ ਰਹੇ ਤਾਂ
ਓਹ ਦਿਨ ਦੂਰ ਨਹੀਂ ਜਦੋਂ ਸਾਡੇ ਆਪਣੇ ਜਵਾਕਾਂ ਨੇ ਕੰਨ੍ਹ ਪਾੜ ਕੇ ਮੁੰਦਰਾਂ ਪਾ ਲੈਣੀਆਂ,
ਲਾਲ ਪੀਲੀਆਂ ਵੰਗਾਂ ਪਾ ਲੈਣੀਆਂ, ਪੈਰਾਂ ਚ ਘੁੰਗਰੂ ਹਥਾਂ ਚ ਚਿਲਮਾਂ ਫੜ ਲੈਣੀਆਂ ਜਦੋਂ
ਹੋਈ ਨਾ ਘਰ 'ਚ ਮਸਤ ਮਸਤ ਫਿਰ ਅਸੀਂ ਪਿੱਟਣਾ ਪੱਟਾਂ ਤੇ ਹਥ ਮਾਰ ਮਾਰ ਕੇ। ਜੇ ਇਸੇ ਤਰਾਂ
ਹੀ ਰਿਹਾ ਤਾਂ ਪਿੰਡ ਪਿੰਡ ਇਹਨਾ ਮਸਤਾਂ ਦੇ ਡੇਰੇ ਬਣਦੇ ਦੇਖ ਲਿਓ, ਜਲੰਧਰ ਨਿਕੋਦਰ ਵੱਲ
ਤਾਂ ਇਹ ਕੰਮ ਸ਼ੁਰੂ ਹੋ ਗਿਆ ਹੈ ਓਧਰ ਤਾਂ ਲੋਕਾਂ ਸਤ ਸ਼੍ਰੀ ਅਕਾਲ ਅਤੇ ਨਮਸਤੇ ਬੁਲਾਉਣੀ ਛੱਡ
ਕੇ ਜੈ ਮਸਤਾਂ ਦੀ ਜੈ ਮਸਤਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਆਪਣੇ ਵੀ ਦਿਨ ਨੇੜੇ ਹੀ ਹਨ।
ਸਮਝਣਾ ਆਪਾਂ ਨੂੰ ਹੀ ਪੈਣਾ ਸਿਆਣੇ ਆਪਾਂ ਨੂੰ ਹੀ ਹੋਣਾ ਪੈਣਾ ਆਪਣੇ ਬਚਿਆਂ ਨੂੰ ਸਮਝਉਣਾ
ਪੈਣਾ ਨਹੀਂ ਤਾਂ ਸਭ ਦੇ ਸਾਹਮਣੇ ਹੀ ਹੈ। ਡਰੋ ਨਾ ਬਾਹਰ ਆਓ, ਲੇਖਕੋ ਕਲਾਕਾਰੋ ਕਾਬਲੀਅਤ
ਇਨਸਾਨਾਂ ਚ ਹੁੰਦੀ ਹੈ ਜਾਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਐਵੇਂ ਨਾ ਦੇਖਾ ਦੇਖੀ ਭੀੜ ਦਾ
ਹਿੱਸਾ ਬਣੀ ਜਾਓ। ਮਰਦੇ ਵੇਲੇ ਮੂਹੋਂ ਵਾਹਿਗੁਰੂ ਬਚਾ ਲੈ ਹੀ ਨਿਕਲੂ ਮਸਤਾ ਬਚਾ ਲੈ ਨੀ
ਨਿਕਲਣਾ।
ਸਾਡੀ ਓਟ ਤਾਂ ਸਦਾ ਹੀ ਬਾਬੇ ਨਾਨਕ ਤੇ ਰਹੀ ਹੈ, ਸਾਡੇ ਅੰਗ ਸੰਗ ਤਾਂ ਬਾਜਾਂ ਵਾਲਾ ਮਾਹੀ
ਖੜਦਾ, ਖੁਸ਼ੀ ਗਮੀ ਤੋਂ ਮੂੰਹੋਂ ਵਾਹਿਗੁਰੂ ਹੀ ਨਿੱਕਲਦਾ ਬਈ ਪਰਮਾਤਮਾ ਸੁੱਖ ਰੱਖੀਂ।
9988040642
-0- |