Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 

Online Punjabi Magazine Seerat


ਨੇਕੀ ਦੀ ਬਦੀ ’ਤੇ ਜਿੱਤ?
- ਜਸਵਿੰਦਰ ਸੰਧੂ

 

ਬਾਬੇ ਜੈਲੇ ਦੀ ਆਪਣੇ ਪੋਤੇ ਸੁੱਕੀ ਨਾਲ਼ ਖੂਬ ਬਣਦੀ ਸੀ। ਸੁਕੀਰਤ ਮਾਸਟਰ ਜਰਨੈਲ ਸਿੰਘ ਦਾ ਕੱਲ੍ਹਾ ਪੋਤਾ ਸੀ ਜੋ ਬਹੁਤ ਚੁਸਤ ਸੀ ਆਪਣੇ ਹਾਣਦੇ ਬੱਚਿਆਂ ਤੋਂ ਵੀ। ਬਾਬਾ ਤਾਂ ਆਪਣਾ ਪਿਛੋਕੜ ਯਾਦ ਕਰਕੇ ਹੈਰਾਨ ਹੁੰਦਾ ਸੀ ਕਿ ਸਾਨੂੰ ਤਾਂ ਇਸ ਉਮਰ ਤੱਕ ਕੁੱਝ ਵੀ ਪਤਾ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤਾਂ ਨਿਆਣੇ ਪਤਾ ਨਹੀਂ ਕਿੱਥੋਂ ਕਿੱਥੋਂ ਐਨਾ ਕੁਝ ਸਿੱਖ ਜਾਂਦੇ ਨੇ? ਸੁੱਕੀ ਆਪਣੇ ਬਾਬੇ ਦੀ ਗੱਲ ਬਹੁਤ ਧਿਆਨ ਨਾਲ਼ ਸੁਣਦਾ ਤੇ ਫਿਰ ਕੁੱਝ ਨਾ ਕੁੱਝ ਵਿੱਚੋਂ ਹੀ ਕੱਢ ਕੇ ਬਾਬੇ ਨੂੰ ਪੁੱਛਣ ਲੱਗ ਪੈਂਦਾ ਕਿ ਆਹ ਕਿਵੇਂ ਆ ਤੇ ਔਹ ਕਿਉਂ? ਬਾਬਾ ਜੈਲਾ ਵੀ ਆਪਣੇ ਪੋਤੇ ਦੀਆਂ ਇਨ੍ਹਾਂ ਤੋਤਲ਼ੀਆਂ ਪਰ ਖੁਣਸੀ ਗੱਲਾਂ ਤੋਂ ਬਹੁਤ ਖੁਸ਼ ਹੁੰਦਾ ਸੀ। ਜਰਨੈਲ ਸਿੰਘ ਆਪਣੇ ਪੋਤੇ ਨੂੰ ਯੂਨਾਨੀ ਫਿਲਾਸਫ਼ਰ ਸੁਕਰਾਤ ਵਰਗਾ ਬਣਾਉਣਾ ਚਾਹੁੰਦਾ ਸੀ ਜੋ ਉਸਤੇ ਆਪਣੇ 35 ਸਾਲਾ ਪੜ੍ਹਾਉਣ ਦੇ ਸਮੇਂ ’ਚ ਸਭ ਤੋਂ ਜਿ਼ਆਦਾ ਪਰਭਾਵ ਪਾਉਂਦਾ ਰਿਹਾ ਸੀ। ਸੁਕੀਰਤ ਦੇ ਜਨਮ ਤੋਂ ਬਾਅਦ ਨਵਾਂ ਬਣਿਆ ਦਾਦਾ ਜਰਨੈਲ ਸਿੰਘ ਤਾਂ ਉਸਦਾ ਨਾਮ ਵੀ ਸੁਕਰਾਤ ਹੀ ਰੱਖਣਾ ਚਾਹੁੰਦਾ ਸੀ, ਪਰ ਇੱਕੀਵੀਂ ਸਦੀ ਦੀ ਪੰਜਾਬੀ ਜੋੜੀ ਦੇ ਬੱਚੇ ਦਾ ਨਾਂ ਕਿਸੇ ਦੋ ਹਜ਼ਾਰ ਪਹਿਲਾਂ ਵਾਲ਼ੇ ਬੰਦੇ ਦੇ ਨਾਮ ਤੇ ਹੋਵੇ, ਇਹ ਉਸਦੇ ਨੂੰਹ ਤੇ ਪੁੱਤ ਜਾਣੀ ਸੁਕੀਰਤ ਦੇ ਮੰਮੀ-ਪਾਪਾ ਨੂੰ ਉੱਕਾ ਹੀ ਮਨਜ਼ੂਰ ਨਹੀਂ ਸੀ। ਪਰ ਪਿਓ ਦੀ ਜਿ਼ੱਦ ਤੇ ਸਿਆਣਪ ਨੂੰ ਭਾਂਪਦੇ ਹੋਏ ਇੰਜਨੀਅਰ ਸਰਬਜੀਤ ਨੇ ਆਪਣੀ ਪ੍ਰੋਫੈੱਸਰ ਮੇਮ-ਸਾਹਿਬਾ ਨੂੰ ਅੱਧ-ਵਿਚਾਲ਼ੇ ਜਿਹੇ ਮਨਾ ਲਿਆ ਤੇ ਜਰਨੈਲ ਸਿੰਘ ਦਾ ਸੁਕਰਾਤ ਸਿੱਧੂ ਸੁਕੀਰਤ ਸਿੱਧੂ ਬਣ ਗਿਆ। ਬਾਬੇ ਨੇ ਵੀ ਸੋਚਿਆ, ਚਲੋ ਫਿਰ ਵੀ ਨਾਂ ਬੋਲਣ ਵੇਲ਼ੇ ਭੁਲੇਖਾ ਤਾਂ ਸੁਕਰਾਤ ਦਾ ਪਿਆ ਹੀ ਕਰੂ। ਨਾਲ਼ੇ ਇਸ ਯੁੱਗ ‘ਚ ਨਿਆਣੇ ਹੋਰ ਕਿੰਨੀ ਕੁ ਮੰਨ ਸਕਦੇ ਨੇ? ਜਦੋਂ ਬਾਕੀ ਘਰ ਵਾਲੇ ਉਸਨੂੰ ਸੁੱਕੀ ਕਹਿ ਕੇ ਬੁਲਾਉਂਦੇ, ਉਸਨੂੰ ਬਹੁਤਾ ਚੰਗਾ ਨਾ ਲਗਦਾ। ਉਹ ਆਪਣੇ ਵੱਲੋਂ ਉਸਨੂੰ ਪੂਰੇ ਨਾਮ ਨਾਲ਼ ਹੀ ਸੱਦਣਾ ਚਾਹੁੰਦਾ ਸੀ, ਪਰ ਹੌਲ਼ੀ ਹੌਲ਼ੀ ਘਰ ‘ਚ ਉਸਦਾ ਨਾਮ ਸੁੱਕੀ ਹੀ ਹੋ ਗਿਆ।
ਫਿਰ ਨਿੱਕੇ ਸੁਕੀਰਤ ਦੀਆਂ ਆਪਣੇ ਦਾਦਾ ਜੀ ਨਾਲ ਖੇਢਾਂ ਸ਼ੁਰੂ ਹੋ ਗਈਆਂ। ਜਦੋਂ ਵੀ ਨਿੱਕੂ ਖਾਣ-ਪੀਣ ਤੋਂ ਵਿਹਲਾ ਹੁੰਦਾ ਤਾਂ ਬਾਬਾ ਉਸਨੂੰ ਚੁੱਕ ਲਿਆਉਂਦਾ। ਆਪਣੀ ਅਰਧਾਂਙਣੀ ਨੂੰ ਵੀ ਉਸ ਨਾਲ਼ ਲਾਡ ਲਡਾਉਣ ਦਾ ਬਹੁਤਾ ਸਮਾਂ ਨਾ ਦਿੰਦਾ। ਸਭ ਉਸਨੂੰ ਇਸ ਲਈ ਕੋਸਦੇ, ਪਰ ਉਹ ਸਗੋਂ ਇਸ ਮਿੱਠੀ ਜਿਹੀ ਈਰਖਾ ਨੂੰ ਮਾਣਦਾ। ਉਹ ਆਪਣਾ ਤਰਕ ਦਿੰਦਾ ਕਹਿੰਦਾ, “ਤੁਹਾਡੇ ਸਭ ਕੋਲ਼ ਇਹਦੇ ਨਾਲ਼ ਰਹਿਣ ਦਾ ਮੇਰੇ ਨਾਲ਼ੋਂ ਜਿ਼ਆਦਾ ਸਮਾਂ ਹੈ, ਇਸ ਲਈ ਮੈਨੂੰ ਪਹਿਲ ਮਿਲਣੀ ਚਾਹੀਦੀ ਹੈ”। ਸੁੱਕੀ ਵੀ ਆਪਣੇ ਬਾਬੇ ਨਾਲ਼ ਹੀ ਸਭ ਤੋਂ ਜਿ਼ਆਦਾ ਖੁਸ਼ ਰਹਿੰਦਾ ਸੀ। ਬਾਬਾ ਘੋੜਾ ਬਣਦਾ ਅਤੇ ਸੁੱਕੀ ਉਹਦੀ ਪਿੱਠ ਤੇ ਚੜ੍ਹਕੇ ਘੋੜੇ ਨੂੰ ਹੱਕਣ ਦਾ ਸਵਾਂਗ ਕਰਦਾ। ਕਦੇ ਕਦੇ ਬਾਬਾ ਪੋਤਾ ਘੋਲ਼ ਕਰਦੇ ਤੇ ਬਾਬਾ ਆਪੇ ਢਹਿ ਕੇ ਉਸਨੂੰ ਸ਼ਾਬਾਸ਼ ਦਿੰਦਾ। ਸੁੱਕੀ ਹੋਰ ਖੁਸ਼ ਹੋ ਕੇ ਬਾਬੇ ਦੇ ਵਧੇ ਢਿੱਡ ਤੇ ਚੜ੍ਹ ਕੇ ਪਤਲ਼ੀ ਜਿਹੀ ਅਵਾਜ਼ ‘ਚ ਬੋਲਦਾ “ਮੈਂ ਜਿੱਤ ਗਿਆ, ਮੈਂ ਜਿੱਤ ਗਿਆ”। ਜਰਨੈਲ ਸਿੰਘ ਆਪਣੇ ਪੋਤੇ ਦੇ ਪਾਲਣ-ਪੋਸਣ ‘ਚ ਕੋਈ ਕੁਤਾਹੀ ਨਹੀਂ ਸੀ ਕਰਨਾ ਚਾਹੁੰਦਾ ਜੋ ਉਸਤੋਂ ਆਪਣੇ ਦੋਵੇਂ ਬੱਚੇ ਪਾਲਣ ਵੇਲ਼ੇ ਹੋਈ ਸੀ। ਉਹ ਬਹੁਤ ਹੀ ਸਖਤ ਪਿਓ ਹੁੰਦਾ ਸੀ। ਉਸਨੂੰ ਆਪਣੇ ਅਧਿਆਪਨ ਦੌਰਾਨ ਕਾਫ਼ੀ ਦੇਰ ਪਿੱਛੋਂ ਸਮਝ ਆਈ ਕਿ ਸਖਤੀ ਨਾਲ਼ੋਂ ਪਿਆਰ ਜਿ਼ਆਦਾ ਕਾਰਗਰ ਤੇ ਫਾਇਦੇਮੰਦ ਹੁੰਦਾ ਹੈ। ਉਹ ਆਪਣਾ ਇਹ ਵਿਚਾਰ ਵੀ ਪਰਖਣਾ ਚਾਹੁੰਦਾ ਸੀ। ਬਾਬੇ-ਪੋਤੇ ਦੀਆਂ ਖੇਢ-ਕਟਾਰੀਆਂ ਚੱਲਦੀਆਂ ਰਹੀਆਂ ਤੇ ਪੋਤਾ ਗੂੜ੍ਹ-ਗਿਆਨ ਦੀਆਂ ਮਿੱਠੀਆਂ ਗੋਲ਼ੀਆਂ ਸਮੇਟਦਾ ਹੋਇਆ ਸਕੂਲ ਪਹੁੰਚਣ ਲਾਇਕ ਹੋ ਗਿਆ।
ਅਸਲ ‘ਚ ਸੁਕੀਰਤ ਦੇ ਮੰਮੀ-ਪਾਪਾ ਤਾਂ ਆਪਣੇ ਦੋਸਤਾਂ ਦੇ ਬੱਚਿਆਂ ਵਾਂਗ ਹੀ ਉਸਨੂੰ 3 ਸਾਲ ਦੇ ਨੂੰ ਹੀ ਅੰਗਰੇਜ਼ੀ ਸਕੂਲ ‘ਚ ਭੇਜਣਾ ਚਾਹੁੰਦੇ ਸਨ, ਪਰ ਜਰਨੈਲ ਸਿੰਘ ਦੇ ਅੜ ਜਾਣ ‘ਤੇ ਉਹ ਢਿੱਲੇ ਪੈ ਗਏ ਸਨ। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਅਜੇ ਉਸਦੀ ਖੇਢਣ-ਕੁੱਦਣ ਦੀ ਉਮਰ ਹੈ ਅਤੇ ਯੂ ਐੱਨ ਓ ਦੀ ਸੰਸਥਾ ਯੂਨੈੱਸਕੋ ਵੱਲੋਂ ਵਾਰ ਵਾਰ ਇਹ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਬੱਚੇ ਦੀ ਮਾਤ-ਭਾਸ਼ਾ ਉਸਦੀ ਮੁਢਲੀ ਸਿੱਖਿਆ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਤੇ ਕਿਸੇ ਹੋਰ ਭਾਸ਼ਾ ‘ਚ ਪੜ੍ਹਾਇਆ ਜਾਣਾ ਬੱਚਿਆਂ ਦੀ ਸਿੱਖਣ ਪ੍ਰਕਿਰਿਆ ‘ਚ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ। ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਪਰਾਪਤ ਕਰਨ ਤੋਂ ਬਾਅਦ ਜਰਨੈਲ ਸਿੰਘ ਸ਼ੁਕਰ ਮਨਾਉਂਦਾ ਸੀ ਕਿ ਉਸਦੀ ਆਪਣੀ ਪੜ੍ਹਾਈ ਮਾਤ-ਭਾਸ਼ਾ ‘ਚ ਹੋਈ ਸੀ ਅਤੇ ਨਾਲ਼ ਹੀ ਉਸਨੂੰ ਅਫਸੋਸ ਵੀ ਹੁੰਦਾ ਕਿ ਉਸਨੇ ਆਪਣੇ ਬੱਚਿਆਂ ਨੂੰ ਹੋਰਾਂ (‘ਅਗਾਂਹਵਧੂਆਂ’) ਦੇ ਮਗਰ ਲੱਗ ਕੇ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਵਾਲ਼ੇ ਸਕੂਲ ‘ਚ ਪੜ੍ਹਾਇਆ ਸੀ। ਪੁੱਤ ਤੇ ਨੂੰਹ ਵੀ ਜਾਣਦੇ ਸਨ ਕਿ ਇੰਨਾ ਪੜ੍ਹਿਆ ਲਿਖਿਆ, ਤਜਰਬੇਕਾਰ ਤੇ ਪਿਆਰ ਕਰਨ ਵਾਲ਼ਾ ਪਿਓ ਉਨ੍ਹਾਂ ਨੂੰ ਗ਼ਲਤ ਸਲਾਹ ਨਹੀਂ ਦੇ ਸਕਦਾ।
ਉਸਦੀ ਭੋਲੀ ਜਿਹੀ ਧੀ ਮਿਲਨੀਤ ਤਾਂ ਹਿਸਾਬ ‘ਚ ਕਮਜ਼ੋਰ ਰਹਿਣ ਕਰਕੇ ਮਸਾਂ ਬੀ. ਏ. ਕਰ ਸਕੀ ਸੀ। ਫਿਰ ਇੱਕ ਦੋਸਤ ਦੇ ਮੁੰਡੇ ਨਾਲ਼ ਵਿਆਹ ਤੋਂ ਪਿੱਛੋਂ ਉਸਨੇ ਬੀ ਐੱਡ ਕਰਕੇ ਇੱਕ ਪਰਾਈਵੇਟ ਸਕੂਲ ‘ਚ ਟੀਚਰ ਦੀ ਨੌਕਰੀ ਕਰ ਲਈ ਸੀ। ਜਰਨੈਲ ਸਿੰਘ ਆਪਣੇ ਕੁੜਮਾਂ ਤੋਂ ਮਿਲੀ ਇਸ ਸਹਾਇਤਾ ਕਾਰਨ ਬਹੁਤ ਖੁਸ਼ ਸੀ। ਜਦੋਂ ਵੀ ਧੀ-ਜਵਾਈ ਉਨ੍ਹਾਂ ਨੂੰ ਮਿਲਣ ਆਉਂਦੇ ਤਾਂ ਉਹ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਾ ਥੱਕਦਾ। ਮਿਲਨੀਤ ਕਈ ਵਾਰੀ ਖਿਝ ਵੀ ਜਾਂਦੀ ਕਿ ਬਾਪੂ ਜੀ ਇਹ ਐਵੇਂ ਫਾਲਤੂ ਹੀ ਕਹੀ ਜਾਂਦੇ ਨੇ ਪਰ ਪੁਰਾਣੇ ਰਿਵਾਜਾਂ ‘ਚੋਂ ਨਿੱਕਲ਼ ਰਹੇ ਜਰਨੈਲ ਸਿੰਘ ਨੂੰ ਇਹ ਕੋਈ ਖਾਸ ਗੱਲ ਨਹੀਂ ਲਗਦੀ ਸੀ। ਬੱਸ, ਉਹ ਖੁਸ਼ ਸੀ ਕਿ ਉਸਦੀ ਧੀ ਇੱਕ ਚੰਗੇ ਘਰ ਦੀ ਨੂੰਹ ਹੈ। ਨੂੰਹ-ਪੁੱਤ ਸੁੱਕੀ ਦੀ ਪੜ੍ਹਾਈ ਨੂੰ ਲੈ ਕੇ ਕਈ ਵਾਰੀ ਬਹਿਸ ‘ਚ ਪੈ ਜਾਂਦੇ ਸਨ, ਪਰ ਸਿਆਣੇ ਪਿਓ ਦੀ ਹਿੰਡ ਅੱਗੇ ਉਨ੍ਹਾਂ ਦੀ ਨਾ ਚੱਲਦੀ। ਫਿਰ ਵੀ ਜਦੋਂ ਉਹ ਆਪਣੇ ਸਾਥੀਆਂ ਨਾਲ਼ ਕਿਤੇ ਗੱਲ-ਬਾਤ ਕਰਦੇ ਤਾਂ ਸ਼ਸ਼ੋਪੰਜ ‘ਚ ਪੈ ਜਾਂਦੇ ਸਨ। ਕਦੇ ਕਦੇ ਤਾਂ ਹਰਲੀਨ ਯੂਨੈੱਸਕੋ ਦੀ ਰਿਪੋਰਟ ਤੇ ਵੀ ਸ਼ੱਕ ਕਰਨ ਲਗਦੀ। ਆਪ ਦੋਨਾਂ ਦਾ ਅੰਗਰੇਜ਼ੀ ਮਾਧੀਅਮ ਵਾਲ਼ੇ ਸਕੂਲਾਂ ‘ਚੋਂ ਪੜ੍ਹੇ ਹੋਣਾ ਵੀ ਉਨ੍ਹਾਂ ਨੂੰ ਇਹ ਗੱਲ ਹੀਣੀ ਲੱਗਣ ਲਾ ਦਿੰਦਾ ਕਿ ਸਾਡਾ ਬੱਚਾ ਪੰਜਾਬੀ ਮਾਧਿਅਮ ਵਾਲ਼ੇ ਸਰਕਾਰੀ ਸਕੂਲ ‘ਚ ਜਾਵੇ। ਜੈਲੇ ਦੀ ਤਾਰੋ ਵੀ ਉਸਨੂੰ ਕਹਿੰਦੀ ਕਿ ਬਹੂ-ਮੁੰਡਾ ਠੀਕ ਲਗਦੇ ਨੇ, ਪਰ ਉਹ ਵਿਚਾਰੀ ਘੱਟ ਪੜ੍ਹੀ ਲਿਖੀ ਹੋਣ ਕਰਕੇ ਬਹੁਤੀ ਬਹਿਸ ‘ਚ ਨਾ ਪੈਂਦੀ। ਵੈਸੇ ਉਸਨੂੰ ਵੀ ਇਹ ਭਰੋਸਾ ਸੀ ਕਿ ਉਸਦਾ ਪਤੀ ਬਹੁਤ ਸਿਆਣਾ ਐ ਅਤੇ ਉਹ ਗ਼ਲਤ ਫੈਸਲੇ ਨਹੀਂ ਲੈ ਸਕਦਾ।
ਹਰਲੀਨ ਸੁਕੀਰਤ ਦੀ ਮਾਂ ਹੋਣ ਕਰਕੇ ਇਸ ਗੱਲ ਲਈ ਕੁੱਝ ਜਿ਼ਆਦਾ ਹੀ ਫਿਕਰਮੰਦ ਸੀ। ਪਰ ਬਾਪੂ ਜੀ ਦੇ ਦਿੱਤੇ ਤਰਕ ਨਾਲ਼ ਫਿਰ ਦੋਨੋਂ ਮਾਪੇ ਠੰਢੇ ਪੈ ਜਾਂਦੇ ਸਨ। ਉਹ ਕਹਿੰਦੀ ਕਿ ਬੇਸ਼ੱਕ ਬੱਚਿਆਂ ਦੀ ਸਾਈਕਾਲੋਜੀ ਪੜ੍ਹਦੇ ਸਮੇਂ ਸਾਡੇ ਪ੍ਰੋਫੈੱਸਰ ਨੇ ਅਜਿਹੀ ਖੋਜ ਦੀ ਗੱਲ ਵੀ ਦੱਸੀ ਸੀ, ਪਰ ਨਾਲ਼ ਹੀ ਦੂਸਰੇ ਪੱਖ ਵਾਲ਼ੀਆਂ ਖੋਜਾਂ ਬਾਰੇ ਵੀ ਦੱਸਦਾ ਹੁੰਦਾ ਸੀ ਜਿਸਦਾ ਮਤਲਬ ਕਦੇ ਵੀ ਸਾਫ਼ ਨਹੀਂ ਸੀ ਹੋ ਸਕਿਆ। ਸਰਬਜੀਤ ਨੇ ਆਪਣੇ ਪਿਤਾ ਦੇ ਭਰੋਸੇ ਨੂੰ ਦੇਖਦੇ ਹਰਲੀਨ ਨੂੰ ਯਾਦ ਕਰਵਾਇਆ ਕਿ ਸਾਨੂੰ ਦੋਨਾਂ ਭੈਣ-ਭਰਾਵਾਂ ਨੂੰ ਤਾਂ ਬਾਪੂ ਜੀ ਹੁਰਾਂ ਨੇ ਅੰਗਰੇਜ਼ੀ ਮਾਧਿਅਮ ਵਾਲ਼ੇ ਸਕੂਲ ‘ਚ ਹੀ ਪਟਿਆਲੇ ਪੜ੍ਹਾਇਆ ਸੀ ਅਤੇ ਇਹ ਕੰਮ ਓਦੋਂ ਪਿੰਡਾਂ ‘ਚੋਂ ਕੋਈ ਟਾਵਾਂ ਟਾਵਾਂ ਹੀ ਕਰਦਾ ਹੁੰਦਾ ਸੀ। ਫਿਰ ਨਾਲ਼ੇ ਉਹ ਮੈਨੂੰ ਮਿਹਨਤ ਵੀ ਕਰਵਾਉਂਦੇ ਰਹੇ। ਸ਼ਾਇਦ ਉਨ੍ਹਾਂ ਦੀ ਜਿ਼ਆਦਾ ਮਿਹਨਤ ਸਦਕਾ ਹੀ ਮੈਂ ਹਿਸਾਬ ‘ਚ ਚੰਗਾ ਸੀ ਤੇ ਇਸ ਤਰਾਂ ਇੰਜਨੀਅਰ ਬਣ ਸਕਿਆ ਹਾਂ। ਸਰਬਜੀਤ ਨੂੰ ਇਹ ਵੀ ਭਲੀ-ਭਾਂਤ ਯਾਦ ਸੀ ਕਿ ਬਾਪੂ ਜੀ ਉਸ ਨੂੰ ਸਵਾਲ ਸਮਝਾਉਂਦੇ ਸਮੇਂ ਮਾਂ-ਬੋਲੀ ਹੀ ਵਰਤਦੇ ਸਨ। ਉਨ੍ਹਾਂ ਦੀ ਇਸ ਤਕਨੀਕ ਨੇ ਉਸਨੂੰ ਸਵਾਲਾਂ ਦੀ ਇਬਾਰਤ ਸਮਝਣ ਦੀ ਸੁੱਧ-ਬੁੱਧ ਦਿੱਤੀ ਸੀ। ਹਰਲੀਨ ਇਸ ਤਰਕ ਨਾਲ਼ ਵਕਤੀ ਤੌਰ ਤੇ ਸੰਤੁਸ਼ਟ ਹੋ ਜਾਂਦੀ ਪਰ ਆਪਣੇ-ਆਪ ਨੂੰ ਅਗਾਂਹ-ਵਧੂ ਸਮਝਣ ਵਾਲ਼ੀ ਇੱਕੀਵੀਂ ਸਦੀ ਵਾਲ਼ੀ ਕੁੜੀ ਨੂੰ ਇਹ ਗ਼ਲਤ ਹੋਣ ਦਾ ਖਦਸ਼ਾ ਖਾਈ ਜਾਂਦਾ ਸੀ। ਵੈਸੇ ਉਸਨੂੰ ਯਾਦ ਸੀ ਕਿ ਉਹ ਆਪ ਹਿਸਾਬ ਪੜ੍ਹਨ ਤੋਂ ਹਮੇਸ਼ਾ ਹੀ ਟਿਭਦੀ ਰਹਿੰਦੀ ਸੀ। ਸ਼ਾਇਦ ਇਸ ਦਿਲਚਸਪੀ ਨਾ ਹੋਣ ਦਾ ਕਾਰਨ ਵੀ ਮਾਂ-ਬੋਲੀ ‘ਚ ਮੁਢਲੀ ਸਿੱਖਿਆ ਦਾ ਨਾਂ ਹੋਣਾ ਹੀ ਹੋਵੇ, ਪਰ ਉਹ ਆਪਣੇ ਬੱਚੇ ਦੇ ਭਵਿੱਖ ਬਾਰੇ ਕੋਈ ਫੈਸਲਾ ਕਿਸੇ ਖਿਆਲ ਦੇ ਅਧਾਰ ਤੇ ਨਹੀਂ ਸੀ ਲੈਣਾ ਚਾਹੁੰਦੀ।
ਪ੍ਰੋਫੈੱਸਰ ਹਰਲੀਨ ਨੇ ਫੈਸਲਾ ਕੀਤਾ ਕਿ ਹੁਣ ਉਹ ਖੋਜ ਦੇ ਅਧਾਰ ਤੇ ਹੀ ਬਾਪੂ ਜੀ ਨਾਲ਼ ਗੱਲ ਕਰੇਗੀ। ਉਸ ਨੇ ਇੰਟਰਨੈੱਟ ਤੇ ਖੋਜ ਕਰਕੇ ਪਰਚੇ ਪੜ੍ਹਨੇ ਸ਼ੁਰੂ ਕਰ ਦਿੱਤੇ, ਸਿਗਮੰਡ ਫਰਾਇਡ ਤੋਂ ਲੈ ਕੇ ਯ਼ਾਂ ਪਿਆਯ਼ੇ ਤੇ ਵਾਈਗੌਤਸਕੀ ਤੱਕ ਤਾਂ ਉਹ ਆਪਣੀ ਐੱਮ ਏ–ਐੱਮ ਫਿੱਲ ਦੀ ਪੜ੍ਹਾਈ ਸਮੇਂ ਹੀ ਪੜ੍ਹ ਚੁੱਕੀ ਸੀ। ਹੁਣ ਖਾਸ ਕਰਕੇ ਉਸਦਾ ਧਿਆਨ ਬਚਪਨ ਵੇਲ਼ੇ ਦੇ ਸਿੱਖਿਆ ਮਾਧਿਅਮ ਤੇ ਸੀ। ਉਸਦੀ ਇਸ ਖੋਜ ਨੇ ਉਸਦੀਆਂ ਨਜ਼ਰਾਂ ‘ਚ ਆਪਣੇ ਸਹੁਰੇ ਦੀ ਇੱਜ਼ਤ ਹੋਰ ਵਧਾ ਦਿੱਤੀ ਜਦੋਂ ਉਸਨੇ ਪੜ੍ਹਿਆ ਕਿ ਨਵੀਆਂ ਖੋਜਾਂ ਤਾਂ ਸੌ ਫੀ ਸਦੀ ਮੁਢਲੀ ਸਿੱਖਿਆ ਇਲਾਕੇ ਦੀ ਭਾਸ਼ਾ ‘ਚ ਕਰਨ ਦੇ ਹੱਕ ‘ਚ ਖੜ੍ਹੀਆਂ ਹਨ। ਹੁਣ ਹਰਲੀਨ ਨਿਸ਼ਚਿੰਤ ਹੋ ਗਈ ਇਸ ਪੱਖੋਂ ਤੇ ਉਸਨੂੰ ਯੂ ਪੀ–ਬਿਹਾਰ ਤੋਂ ਆਏ ਮਜ਼ਦੂਰਾਂ ਦੇ ਬੱਚਿਆਂ ਦਾ ਪੰਜਾਬੀ ‘ਚ ਪੜ੍ਹਨਾ ਤੇ ਅੰਗਰੇਜ਼ੀ ਭਾਸ਼ਾਈ ਮੁਲਕਾਂ ‘ਚ ਪੰਜਾਬੀਆਂ ਦਾ ਅੰਗਰੇਜ਼ੀ ‘ਚ ਪੜ੍ਹਨਾ ਵੀ ਠੀਕ ਲੱਗਣ ਲੱਗ ਪਿਆ। ਜਰਨੈਲ ਸਿੰਘ ਦੇ ਤਾਂ ਤਜਰਬੇ ਨੇ ਹੀ ਉਸਨੂੰ ਇਸ ਪੱਖੋਂ ਆਤਮਵਿਸ਼ਵਾਸ਼ ਦਿੱਤਾ ਹੋਇਆ ਸੀ। ਹੁਣ ਜਦੋਂ ਕਦੇ ਵੀ ਮਹਿੰਦਰਾ ਕਾਲਜ ਪਟਿਆਲੇ ਦੀਆਂ ਉਸਦੀਆਂ ਪ੍ਰੋਫੈੱਸਰ ਸਹੇਲੀਆਂ ਸੁਕੀਰਤ ਦੇ ਪੰਜਾਬੀ ਮਾਧਿਅਮ ‘ਚ ਪੜ੍ਹਾਏ ਜਾਣ ਦੀ ਗੱਲ ਕਰਦੀਆਂ ਤਾਂ ਉਹ ਮਾਣ ਨਾਲ਼ ਕਹਿੰਦੀ ਕਿ ਉਨ੍ਹਾਂ ਦਾ ਇਹ ਫੈਸਲਾ ਨਵੀਂ ਖੋਜ ਦੇ ਮੁਤਾਬਿਕ ਬਿਲਕੁੱਲ ਠੀਕ ਹੈ, ਚਾਹੇ ਉਸਦੀਆਂ ਸਹੇਲੀਆਂ ਕਦੇ ਵੀ ਉਸਦੀ ਗੱਲ ਦੀ ਹਾਮੀ ਨਾ ਭਰਦੀਆਂ। ਸਰਬਜੀਤ ਦੇ ਬਿਜਲੀ ਬੋਰਡ ਵਾਲ਼ੇ ਸਾਥੀ ਕਾਮਿਆਂ ਵੱਲੋਂ ਅਜਿਹੇ ਮਸਲਿਆਂ ਤੇ ਕਦੇ ਬਹੁਤਾ ਜਿ਼ਕਰ ਵੀ ਨਾ ਹੁੰਦਾ ਭਾਵੇਂ ਜਿ਼ਆਦਾਤਰ ਦੋਸਤਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ‘ਚ ਹੀ ਪੜ੍ਹਦੇ ਸਨ।
ਸਰਬਜੀਤ ਤੇ ਹਰਲੀਨ ਹਰ ਰੋਜ਼ ਆਪਣੀ ਕਾਰ ‘ਚ ਪਿੰਡੋਂ ਪਟਿਆਲ਼ੇ ਕੰਮ ‘ਤੇ ਜਾਂਦੇ ਅਤੇ ਸ਼ਾਮ ਨੂੰ ਵਾਪਸ ਪਿੰਡ ਬਾਪੂ-ਬੇਬੇ ਜੀ ਕੋਲ਼ ਆ ਪਹੁੰਚਦੇ। ਬਾਪੂ-ਬੇਬੇ ਦੇ ਹੁੰਦਿਆਂ ਉਨ੍ਹਾਂ ਨੂੰ ਆਪਣੇ ਲਾਲ ਸੁਕੀਰਤ ਦਾ ਰੱਤੀ ਭਰ ਵੀ ਫਿਕਰ ਨਹੀਂ ਸੀ। ਪਿੰਡਾਂ ਦਾ ਸਾਦਾ ਰਹਿਣ-ਸਹਿਣ ਉਨ੍ਹਾਂ ਨੂੰ ਸ਼ਹਿਰ ਦੀ ਖਿੱਚੋਤਾਣ ਨਾਲ਼ੋਂ ਸੁਖਾਵਾਂ ਲਗਦਾ ਸੀ। ਵੈਸੇ ਰਾਮਗੜ੍ਹ ਛੰਨਾਂ ਪਿੰਡ ਕਿਹੜਾ ਦੂਰ ਸੀ, ਅੱਧੇ ਕੁ ਘੰਟੇ ਦੀ ਤਾਂ ਵਿੱਥ ਸੀ ਸਾਰੀ ਉਨ੍ਹਾਂ ਦੇ ਘਰੋਂ ਤੁਰ ਕੇ ਕੰਮਾਂ ਤੱਕ ਪਹੁੰਚਣ ਦੀ। ਕਦੇ ਉਨ੍ਹਾਂ ਦੀ ਛੋਟੀ ਜਿਹੀ ਮਾਰੂਤੀ ਕਾਰ ਨੇ ਉਨ੍ਹਾਂ ਨੂੰ ਬਹੁਤਾ ਲੇਟ ਨਹੀਂ ਸੀ ਹੋਣ ਦਿੱਤਾ। ਸਰਬਜੀਤ ਕਈ ਵਾਰੀ ਆਉਂਦੇ ਜਾਂਦੇ ਹਰਲੀਨ ਨੂੰ ਬਾਪੂ ਜੀ ਬਾਰੇ ਆਪਣੇ ਸਮੇਂ ਸਾਈਕਲ ਤੇ ਪਟਿਆਲ਼ੇ ਪੜ੍ਹਨ ਜਾਣ ਦੀਆਂ ਕਹਾਣੀਆਂ ਸੁਣਾਉਂਦਾ ਤਾਂ ਹਰਲੀਨ ਨੂੰ ਯਕੀਨ ਜਿਹਾ ਨਾ ਆਉਂਦਾ ਕਿ ਅਤਿ ਦੀ ਗਰਮੀ-ਸਰਦੀ ਦੀ ਰੁੱਤੇ ਕੀ ਕਰਦੇ ਹੋਣਗੇ ਬਾਪੂ ਜੀ ਸਾਈਕਲ ਉੱਤੇ। ਖੈਰ ਬੀਤੇ ਸਮੇਂ ਦੀਆਂ ਗੱਲਾਂ ਦੀ ਕਿਹੜਾ ਐਨੀ ਪਰਵਾਹ ਕਰਦੈ?
ਬੇਬੇ ਤੇ ਬਾਪੂ ਜੀ ਸੁਕੀਰਤ ਨੂੰ ਸੰਭਾਲ਼ਦੇ, ਸ਼ਾਮ ਨੂੰ ਰੋਟੀ ਇਕੱਠੇ ਹੀ ਖਾਂਦੇ ਤੇ ਫਿਰ ਟੀਵੀ ਦੇਖਦੇ। ਫਿਰ ਕਦੇ ਸੁੱਕੀ ਦੇ ਕਾਰਨਾਮਿਆਂ ਦੀਆਂ ਗੱਲਾਂ ਕਰਦੇ, ਵਈ ਉਸਨੇ ਅੱਜ ਇਹ ਕਿਹਾ ਜਾਂ ਇਉਂ ਕੀਤਾ। ਪਿੰਡ ‘ਚ ਜਰਨੈਲ ਸਿੰਘ ਦੇ ਪਰਵਾਰ ਦੀ ਹਮੇਸ਼ਾ ਉਦਾਹਰਣ ਦਿੱਤੀ ਜਾਂਦੀ ਸੀ। ਪਿੰਡ ਦੇ ਯਾਰਾਂ ਬੇਲੀਆਂ ‘ਚ ਜਰਨੈਲ ਸਿੰਘ ਦਾ ਰੁਤਬਾ ਹੋਰ ਉੱਚਾ ਹੋ ਰਿਹਾ ਸੀ। ਸਭ ਆਪਣੇ ਮੁਸ਼ਕਲ ਸਮੇਂ ਜਰਨੈਲ ਸਿੰਘ ਤੋਂ ਸਲਾਹ ਲੈਣ ਲਈ ਆਉਂਦੇ ਸਨ ਤੇ ਉਹ ਵੀ ਸਮਾਂ ਕੱਢ ਕੇ ਧਿਆਨ ਨਾਲ਼ ਉਨ੍ਹਾਂ ਦੀ ਗੱਲ ਸੁਣ ਕੇ ਆਪਣੀ ਸਮਝ ਮੁਤਾਬਕ ਸਲਾਹ ਦਿੰਦਾ ਸੀ। ਜਿ਼ੰਦਗੀ ਦੇ ਤਜਰਬੇ ਤੇ ਅਧਿਆਪਨ ਨੇ ਉਸ ਨੂੰ ਹੋਰ ਵੀ ਸਿਆਣਾ ਬਣਾ ਦਿੱਤਾ ਸੀ।
ਦੁਸਹਿਰੇ ਦਾ ਮੇਲਾ ਦੇਖਣ ਬਾਬਾ ਪੋਤਾ ਸਕੂਟਰ ‘ਤੇ ਨਾਭੇ ਗਏ। ਇੰਨੀ ਗਹਿਮਾ-ਗਹਿਮੀ ਸੁੱਕੀ ਨੇ ਪਹਿਲੀ ਵਾਰ ਦੇਖੀ ਸੀ। ਉਸ ਦਿਨ ਬਾਬੇ ਦਾ ਸਾਥ ਉਸਨੂੰ ਹੋਰ ਵੀ ਚੰਗਾ ਲੱਗਿਆ। ਉਹ ਸਵਾਲ ਪੁੱਛੀ ਜਾਵੇ ਤੇ ਬਾਬਾ ਜਵਾਬ ਪਰੋਸੀ ਜਾਵੇ। ਰੰਗ-ਬਿਰੰਗੀਆਂ ਚੂੜੀਆਂ ਦੀਆਂ ਦੁਕਾਨਾਂ, ਜਲੇਬੀਆਂ-ਪਕੌੜਿਆਂ ਵਾਲ਼ੀਆਂ ਰੇਹੜੀਆਂ, ਖਿਢੌਣਿਆਂ ਨਾਲ਼ ਭਰੀਆਂ ਦੁਕਾਨਾਂ ਸਭ ਮਨ ਭਾਉਂਦੀਆਂ ਸਨ ਛੋਟੇ ਸੁੱਕੀ ਲਈ। ਪਰ ਜਦੋਂ ਕਦੇ ਲੋਕਾਂ ਦੀ ਭੀੜ ਕਾਰਨ ਧੱਕਾ ਵੱਜਦਾ ਸੀ, ਉਹ ਨਹੀਂ ਸੀ ਠੀਕ ਲਗਦਾ ਮਾਸੂਮ ਸੁੱਕੀ ਨੂੰ। ਰਿਪੁਦਮਨ ਕਾਲਜ ਦੇ ਖੁੱਲ੍ਹੇ ਮੈਦਾਨ ‘ਚ ਵੱਡਾ ਸਾਰਾ ਰਾਵਣ ਦਾ ਪੁਤਲਾ ਖੜ੍ਹਾ ਕੀਤਾ ਹੋਇਆ ਸੀ। ਸੁੱਕੀ ਦੇ ਪੁੱਛਣ ਤੇ ਬਾਬੇ ਨੇ ਦੱਸਿਆ ਕਿ ਰਾਵਣ ਮਿਥਿਹਾਸ ਅਨੁਸਾਰ ਤਾਂ ਇੱਕ ਮਹਾਂਗਿਆਨੀ ਤੇ ਬਲਵਾਨ ਯੋਧਾ ਸੀ, ਪਰ ਬੁਰਾ ਆਦਮੀ ਸੀ। “ਜੇ ਆਦਮੀ ਸੀ ਤਾਂ ਐਨਾ ਵੱਡਾ ਕਿਉਂ ਬਣਾਇਐ ਤੇ ਫਿਰ ਇਹਦੇ ਐਨੇ ਸਿਰ ਕਿਉਂ ਨੇ”? ਸੁੱਕੀ ਨੇ ਪੁੱਛਿਆ। ਬਾਬਾ ਜੈਲਾ ਆਪਣੇ ‘ਸੁਕਰਾਤ’ ਦੀ ਉਤਸੁਕਤਾ ਤੋਂ ਬਹੁਤ ਖੁਸ਼ ਸੀ। ਉਸ ਨੇ ਸਮਝਾਇਆ, “ਪੁੱਤ ਇਹ ਬੁਰਾਈ ਦਾ ਅਕਾਰ ਹੈ, ਬੰਦੇ ਦਾ ਨਹੀਂ। ਜਿ਼ਆਦਾ ਸਿਰਾਂ ਦਾ ਮਤਲਬ ਵੀ ਉਸਦੀ ਦਿਮਾਗੀ ਤਾਕਤ ਵੱਲ ਇਸ਼ਾਰਾ ਹੈ।” ਫਿਰ ਜਦੋਂ ਰਾਮ ਤੇ ਲਛਮਣ ਬਣੇ ਹੋਏ ਕਲਾਕਾਰਾਂ ਨੇ ਰਾਵਣ ਦੇ ਪੁਤਲੇ ਵੱਲ ਤੀਰ ਚਲਾਏ ਤਾਂ ਬਾਬੇ ਨੇ ਫਿਰ ਦੱਸਿਆ, “ਔਹ ਰਾਮ ਤੇ ਲਛਮਣ ਨੇ ਜਿਨ੍ਹਾਂ ਨੇ ਇਸ ਬੁਰੇ ਰਾਵਣ ਨੂੰ ਮਾਰ ਮੁਕਾਇਆ ਸੀ।” ਹੁਣ ਇਸਨੂੰ ਚੰਗਿਆਈ ਦੀ ਬੁਰਾਈ ‘ਤੇ ਜਿੱਤ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕੀਂ ਇਹ ਯਾਦ ਰੱਖਣ ਕਿ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਤੇ ਚੰਗਿਆਈ ਦੀ ਜਿੱਤ”।
ਸੁੱਕੀ ਨੂੰ ਹਮੇਸ਼ਾ ਵਾਂਗ ਬਾਬੇ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ, ਪਰ ਇਸ ਵੱਡ-ਅਕਾਰੀ ਬੁਰਾਈ ਨੇ ਉਸਦੇ ਮਨ ਤੇ ਡੂੰਘਾ ਅਸਰ ਕੀਤਾ। “ਕੀ ਇਉਂ ਹੀ ਹੁੰਦੈ”? ਸੁੱਕੀ ਨੇ ਫਿਰ ਪੁੱਛਿਆ। ਬਾਬਾ ਸੋਚੀਂ ਪੈ ਗਿਆ, ਫਿਰ ਬੋਲਿਆ “ਹਾਂ, ਇਸ ਤਰਾਂ ਹੀ ਹੁੰਦਾ ਹੈ”। ਪਰ ਇਸ ਮਾਸੂਮ ਜਿਹੇ ਸਵਾਲ ਨੇ ਉਸਨੂੰ ਸ਼ਸ਼ੋਪੰਜ ਜਿਹੇ ‘ਚ ਪਾ ਦਿੱਤਾ। ਸੁੱਕੀ ਨੇ ਜਲੇਬੀਆਂ ਦੀ ਦੁਕਾਨ ਵੱਲ ਇਸ਼ਾਰਾ ਕਰਕੇ ਕਿਹਾ “ਮੈਂ ਜਲੇਬੀ ਖਾਣੀ ਐ।” “ਉਹ ਖਾ ਲਈਂ ਯਾਰਾ, ਪਰ ਤੂੰ ਮੇਰੇ ਤੇ ਆਪਣੇ ਕੱਪੜੇ ਵੀ ਲਬੇੜੇਂਗਾ। ਚੰਗਾ, ਚੱਲ ਮੈਂ ਵੀ ਸਵਾਦ ਦੇਖ ਲਊਂ। ਕਿੰਨੀ ਦੇਰ ਹੋ ਗਈ ਜਲੇਬੀ ਖਾਧੀ ਨੂੰ”। ਜਲੇਬੀਆਂ ਦਾ ਮਜ਼ਾ ਲੈਂਦੇ ਲੈਂਦੇ ਹੀ ਬੰਬ-ਪਟਾਕਿਆਂ ਦੀਆਂ ਅਵਾਜ਼ਾਂ ਆਉਣ ਲੱਗ ਪਈਆਂ। ਸੁੱਕੀ ਦਾ ਧਿਆਨ ਓਧਰ ਗਿਆ “ਚਲੋ, ਓਧਰ ਨੂੰ ਚੱਲੀਏ।” ਓਧਰ ਰਾਵਣ ਨੂੰ ਸਾੜਨ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ। ਲੋਕਾਂ ਦਾ ਹਜੂਮ ਝੁਰਮਟ ਬਣਾ ਕੇ ਪੁਤਲੇ ਦਵਾਲ਼ੇ ਖੜ੍ਹਾ ਹੋ ਗਿਆ, ਸੁੱਕੀ ਵੀ ਭੱਜ ਕੇ ਉਨ੍ਹਾਂ ‘ਚ ਸ਼ਾਮਲ ਹੋ ਗਿਆ। ਬਾਬਾ ਵੀ ਜਲੇਬੀ ਵਿੱਚੇ ਛੱਡ ਪੋਤੇ ਕੋਲ਼ ਜਾ ਖੜ੍ਹਿਆ। ਸੁੱਕੀ ਨੂੰ ਵਧੀਆ ਨਜ਼ਾਰਾ ਦਿਖਾਉਣ ਲਈ ਉਸਨੇ ਉਸਨੂੰ ਮੋਢਿਆਂ ਤੇ ਚੁੱਕ ਲਿਆ। ਬੰਬਾਂ ਦੀ ਅਵਾਜ਼ਾਂ ਨਾਲ਼ ਬੁਰੇ ਰਾਵਣ ਦੇ ਚੀਥੜੇ ਉਡਦੇ ਸੁੱਕੀ ਨੂੰ ਵੀ ਚੰਗੇ ਲੱਗ ਰਹੇ ਸਨ। ਥੋੜ੍ਹੀ ਦੇਰ ‘ਚ ਰਾਵਣ ਦਾ ਪੁਤਲਾ ਉਨ੍ਹਾਂ ਵੱਲ ਨੂੰ ਹੀ ਡਿੱਗਣ ਲੱਗਿਆ ਤਾਂ ਲੋਕਾਂ ‘ਚ ਭਾਜੜ ਜਿਹੀ ਮੱਚ ਗਈ। ਬਾਬੇ ਨੂੰ ਧੱਕਾ ਲੱਗਿਆ ਤਾਂ ਬਾਬਾ ਪੋਤੇ ਸਣੇ ਥੱਲੇ ਡਿਗ ਪਿਆ। ਡਿਗਦੇ ਡਿਗਦੇ ਬਾਬੇ ਨੇ ਪੋਤੇ ਨੂੰ ਤਾਂ ਸਾਂਭ ਲਿਆ ਪਰ ਉਸਦੀ ਪੱਗ ਭੁੰਜੇ ਜਾ ਪਈ। ਬੜੀ ਮੁਸ਼ਕਲ ਨਾਲ਼ ਪੱਗ ਚੱਕ ਕੇ ਉਹ ਦੋਵੇਂ ਸਕੂਟਰ ਸਟੈਂਡ ਵੱਲ ਤੁਰ ਪਏ। ਸੁੱਕੀ ਡਰਦਾ ਰੋਣ ਲੱਗ ਪਿਆ ਸੀ। ਆਪਣੀਆਂ ਰਗੜਾਂ ਦੀ ਪਰਵਾਹ ਨਾ ਕਰਦੇ ਹੋਏ ਬਾਬੇ ਨੇ ਕਿਹਾ, “ਯਾਰ ਤੂੰ ਐਵੇਂ ਘਬਰਾ ਗਿਐਂ, ਤੇਰੇ ਤਾਂ ਝਰੀਟ ਵੀ ਨੀ ਆਈ।” ਸੁੱਕੀ ਇੰਨੇ ‘ਚ ਹੀ ਚੁੱਪ ਹੋ ਗਿਆ ਅਤੇ ਬਾਪੂ ਜੀ ਨੂੰ ਕਿਹਾ, “ਪਹਿਲਾਂ ਆਪਣੀ ਪੱਗ ਬੰਨ੍ਹ ਲਵੋ।”
ਜਦੋਂ ਪਿੰਡ ਨੂੰ ਚੱਲਣ ਲੱਗੇ ਤਾਂ ਸਕੂਟਰ ਮੂਹਰੇ ਖੜ੍ਹੇ ਸੁਕੀਰਤ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, “ਬਾਬਾ ਜੀ, ਬੁਰੇ ਦੀ ਹਾਰ ਤੇ ਚੰਗੇ ਦੀ ਜਿੱਤ ਹੁੰਦੀ ਅ। ਹੈ ਨਾ”? “ਹਾਂ ਪੁੱਤ”। ਬਾਬੇ ਨੇ ਸਕੂਟਰ ਦਾ ਗੇਅਰ ਬਦਲਦੇ ਨੇ ਜਵਾਬ ਦਿੱਤਾ। ਸੁੱਕੀ ਸੋਚਣ ਲੱਗ ਪਿਆ ਕਿ ਇਹਦਾ ਮਤਲਬ ਜਦੋਂ ਮੰਮੀ ਪਾਪਾ ਨੂੰ ਹਰਾਉਂਦੀ ਹੈ ਤਾਂ ਮੰਮੀ ਚੰਗੀ ਤੇ ਪਾਪਾ ਬੁਰੇ ਹੋਏ। ਪਰ ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਪਾਪਾ ਤਾਂ ਇੰਨਾ ਪਿਆਰ ਕਰਦੇ ਨੇ, ਬੁਰੇ ਕਿਵੇਂ ਹੋ ਗਏ? ਪਰ ਟੀਵੀ ਤੇ ਦੇਖੀਆਂ ਫਿਲਮਾਂ ‘ਚ ਸੱਚੀਂ ਹੀ ਬੁਰੇ ਕੰਮਾਂ ਵਾਲ਼ੇ ਵਿਲਨਾਂ ਨੂੰ ਹਮੇਸ਼ਾ ਹੀ ਮਾਰ ਪੈਂਦੀ ਹੈ ਤੇ ਚੰਗੇ ਹੀਰੋ ਹਮੇਸ਼ਾ ਆਖਰ ‘ਚ ਜਿੱਤ ਜਾਂਦੇ ਹਨ। ਮੰਮੀ, ਬੇਬੇ ਜੀ ਤੇ ਬਾਬਾ ਜੀ ਜਿੰਨੀਆਂ ਕਹਾਣੀਆਂ ਸੁਣਾਉਂਦੇ ਨੇ, ਸਾਰੀਆਂ ‘ਚ ਬੁਰੇ ਬੰਦੇ ਹੀ ਹਾਰਦੇ ਨੇ। ਇਨ੍ਹਾਂ ਵਿਚਾਰਾਂ ‘ਚ ਗੁਆਚਿਆ ਸੁੱਕੀ ਕਾਫ਼ੀ ਦੇਰ ਕੁੱਝ ਨਾਂ ਬੋਲਿਆ। ਬਾਬੇ ਨੇ ਪੁੱਛਿਆ,“ਪੁੱਤ, ਕਿਤੇ ਸੌਂ ਤਾਂ ਨੀਂ ਗਿਆ”? “ਨਹੀਂ, ਮੈਂ ਤਾਂ ਜਾਗਦਾ ਈ ਆਂ, ਔਹ ਦੇਖੋ ਆਪਣਾ ਘਰ ਆ ਗਿਆ।” “ਔਹ ਆ ਗਿਆ ਸਾਡਾ ਮੇਲਾ,” ਬਾਬੇ ਨਾਲ਼ ਆਪਣੇ ਪੋਤੇ ਨੂੰ ਵਾਪਸ ਆਏ ਨੂੰ ਦੇਖ ਕੇ ਅਵਤਾਰ ਕੌਰ ਬੋਲੀ। ਗੋਦੀ ਚੁੱਕਦੀ ਜੈਲੇ ਦੀ ਤਾਰੋ ਨੇ ਪੋਤੇ ਨੂੰ ਪੁੱਛਿਆ, “ਕੀ ਦੇਖਿਆ ਮੇਰੇ ਸੁਹਣੇ ਪੁੱਤ ਨੇ ਮੇਲੇ ‘ਚ”? ਸੁੱਕੀ ਕੁੱਝ ਨਾਂ ਬੋਲਿਆ ਪਰ ਉਹਦਾ ਧਿਆਨ ਫਿਰ ਬੁਰੇ ਚੰਗੇ ਵਾਲ਼ੀ ਕਹਾਣੀ ਤੇ ਚਲਿਆ ਗਿਆ।
ਰਾਤ ਨੂੰ ਰੋਟੀ ਵੇਲ਼ੇ ਮਿਸਰ ਤੇ ਟਿਊਨੀਸ਼ੀਆ ਬਾਰੇ ਗੱਲਾਂ ਹੋਣ ਲੱਗੀਆਂ ਤਾਂ ਸਰਬਜੀਤ ਨੇ ਕਿਹਾ, “ਲੋਕਾਂ ਦੇ ਕੱਠ ਨੇ ਹੁਸਨੀ ਮੁਬਾਰਕ ਨੂੰ ਆਖਰ ਝੁਕਾ ਹੀ ਦਿੱਤਾ। ਪਹਿਲਾਂ ਟਿਉਨੀਸ਼ੀਆ ਦੇ ਬਿਨ ਅਲੀ ਨੂੰ ਵੀ ਲੋਕਾਂ ਨੇ ਹੀ ਲਾਹ ਮਾਰਿਆ ਸੀ ਗੱਦੀ ਤੋਂ”। ਸੁੱਕੀ ਵੀ ਧਿਆਨ ਨਾਲ਼ ਇਹ ਗੱਲਾਂ ਸੁਣ ਰਿਹਾ ਸੀ। ਸਰਬਜੀਤ ਨੇ ਗੱਲ ਅੱਗੇ ਤੋਰਦੇ ਆਪਣਾ ਫੈਸਲਾ ਸੁਣਾਇਆ, “ਇਨ੍ਹਾਂ ਦੋਹਾਂ ਤਾਨਾਸ਼ਾਹਾਂ ਨੇ ਵੀ ਤਾਂ ਅੱਤ ਚੱਕੀ ਹੋਈ ਸੀ। ਲੋਕ ਭੁੱਖੇ ਮਰਦੇ ਸੀ ਤੇ ਇਹ ਨੋਟਾਂ ਦੇ ਗਦੈਲਿਆਂ ‘ਤੇ ਸੌਂਦੇ ਸਨ। ਆਖਰ ਅਜਿਹੇ ਬੁਰੇ ਆਦਮੀ ਕਦੋਂ ਤੱਕ ਖੜ੍ਹੇ ਰਹਿ ਸਕਦੇ ਨੇ? ਕਦੇ ਨਾ ਕਦੇ ਤਾਂ ਹਾਰ ਮਿਲਣੀ ਹੀ ਹੈ ਗੁਨਾਹਗਾਰਾਂ ਨੂੰ”। ਸੁੱਕੀ ਸੋਚ ਰਿਹਾ ਸੀ ਕਿ ਇਹਦਾ ਮਤਲਬ ਹੁਸਨੀ ਮੁਬਾਰਕ ਤੇ ਬਿਨ ਅਲੀ ਬੁਰੇ ਬੰਦੇ ਸਨ। ਫਿਰ ਉੱਚੀ ਅਵਾਜ਼ ‘ਚ ਬੋਲਿਆ, “ਹਨਾਂ ਪਾਪਾ?” ਸਰਬਜੀਤ ਨੂੰ ਕੁੱਝ ਸਮਝ ਨੀ ਆਈ ਤਾਂ ਉਸਨੇ ਸੁੱਕੀ ਨੂੰ ਪੁੱਛਿਆ,“ਕੀ ਕਿਹੈ ਬੱਚੇ, ਕੁੱਝ ਪਤਾ ਨੀ ਲੱਗਿਆ”? “ਪਾਪਾ,ਹੁਸਨੀ ਮੁਬਾਰਕ ਤੇ ਬਿਨ ਅਲੀ ਬੁਰੇ ਬੰਦੇ ਸਨ, ਤਾਂ ਹੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਟਕ ਤਾ”। “ਬੱਲੇ ਓਏ ਸ਼ੇਰਾ, ਤੂੰ ਕਰੇਂਗਾ ਮੇਰੇ ਸੁਪਨੇ ਪੂਰੇ”। ਸੁੱਕੀ ਬਾਬੇ ਤੋਂ ਮਿਲੀ ਅਜਿਹੀ ਤਰੀਫ਼ ਤੋਂ ਬਹੁਤ ਖੁਸ਼ ਹੁੰਦਾ ਸੀ। ਉਹ ਬਾਬੇ ਤੋਂ ਸ਼ਾਬਾਸ਼ ਲੈਣ ਲਈ ਹਮੇਸ਼ਾ ਕੁੱਝ ਨਾ ਕੁੱਝ ਸੋਚਦਾ ਰਹਿੰਦਾ। ਬਾਬੇ ਨਾਲ਼ ਘੋਲ਼ ਕਰਨ ਵੇਲ਼ੇ ਵੀ ਉਹ ਨਵਾਂ ਕੁੱਝ ਕਰਨ ਦੀ ਸੋਚਦਾ ਰਹਿੰਦਾ। ਜਦੋਂ ਫਿਰ ਬਾਬਾ ਆਪੇ ਪੋਤੇ ਤੋਂ ਹਾਰ ਜਾਂਦਾ ਤਾਂ ਉਹ ਬਾਹਾਂ ਤਾਹਾਂ ਨੂੰ ਚੱਕ ਕੇ ਕਹਿੰਦਾ, “ਮੈਂ ਬਾਬਾ ਜੀ ਨੂੰ ਢਾਹ ਲਿਆ, ਮੈਂ ਚੈਂਪਿਅਨ”।
ਪਿਛਲੇ ਸਾਲ ਤੋਂ ਸੁੱਕੀ ਸਕੂਲ ਵੀ ਜਾਣ ਲੱਗ ਪਿਆ ਸੀ। ਉੱਥੋਂ ਵੀ ਬਹੁਤ ਕੁੱਝ ਸਿੱਖ ਕੇ ਆਪਣੇ ਬਾਬੇ ਨੂੰ ਦੱਸਦਾ ਸੀ। ਐਤਕੀਂ ਉਸਨੇ ਪੜ੍ਹਿਆ ਕਿ ਧਰਤੀ ਗੋਲ਼ ਹੈ ਤੇ ਹਮੇਸ਼ਾ ਘੁੰਮਦੀ ਰਹਿੰਦੀ ਹੈ। ਇਸ ਕਾਰਨ ਹੀ ਦਿਨ ਤੇ ਰਾਤ ਹੁੰਦੇ ਹਨ। ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਵੇ ਓਥੇ ਦਿਨ ਤੇ ਦੂਜੇ ਪਾਸੇ ਰਾਤ। ਉਸਨੇ ਬਾਬੇ ਨੂੰ ਦੱਸਿਆ ਕਿ ਸੂਰਜ ਕਦੇ ਛਿਪਦਾ ਨਹੀਂ, ਸਿਰਫ਼ ਸਾਡੀਆਂ ਅੱਖਾਂ ਤੋਂ ਓਹਲੇ ਹੁੰਦਾ ਹੈ ਰਾਤ ਭਰ ਲਈ। ਉਸਨੇ ਆਪਣੇ ਬਾਬੇ ਨੂੰ ਇਹ ਵੀ ਦੱਸਿਆ ਕਿ ਹਿੰਸਿਆਂ ਦਾ ਆਪਣਾ ਕੋਈ ਮਤਲਬ ਨਹੀਂ ਹੁੰਦਾ। ਇਨ੍ਹਾਂ ਦਾ ਤਾਂ ਕਿਸੇ ਚੀਜ਼ ਦੀ ਗਿਣਤੀ ਮਿਣਤੀ ਨਾਲ਼ ਮਿਲ ਕੇ ਹੀ ਕੋਈ ਮਤਲਬ ਬਣਦਾ ਹੈ। ਬਾਬਾ ਜਰਨੈਲ ਸਿੰਘ ਹੈਰਾਨ ਸੀ ਕਿ ਜੋ ਗੱਲ ਉਸਨੂੰ ਉਮਰ ਦੇ ਅਖੀਰਲੇ ਪੜਾਅ ‘ਚ ਸਮਝ ਆਈ ਹੈ ਉਹ ਇਨ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਅੱਜ-ਕੱਲ੍ਹ ਪਹਿਲਾਂ ਹੀ ਸਿਖਾ ਦਿੰਦੇ ਨੇ। ਇਹ ਬੱਚੇ ਸਾਡੇ ਨਾਲ਼ੋਂ ਕਿਤੇ ਅੱਗੇ ਜਾਣਗੇ।
ਦਸਹਿਰੇ ਨੂੰ ਨਿਕਲ਼ੇ ਨੂੰ ਦੋ ਕੁ ਮਹੀਨੇ ਲੰਘ ਗਏ ਸਨ ਪਰ ਸੁੱਕੀ ਦੇ ਮਨ ‘ਤੇ ਨੇਕੀ ਦੀ ਬਦੀ ‘ਤੇ ਜਿੱਤ ਵਾਲ਼ੀ ਗੱਲ ਘਰ ਕਰੀ ਬੈਠੀ ਸੀ। ਉਹ ਹਮੇਸ਼ਾ ਇਹਦੇ ਬਾਰੇ ਸੋਚਦਾ ਰਹਿੰਦਾ ਤੇ ਆਪਣੇ ਬਾਬੇ ਨੂੰ ਪੁੱਛਦਾ ਰਹਿੰਦਾ। ਬਾਬਾ ਜੈਲਾ ਭਾਵੇਂ ਆਪ ਨਾਸਤਕ ਹੀ ਸੀ, ਪਰ ਉਹ ਧਾਰਮਿਕ ਗੁਰੂਆਂ ਦੇ ਕਾਰਨਾਮਿਆਂ ਤੋਂ ਭਲੀ-ਭਾਂਤ ਜਾਣੂੰ ਸੀ। ਕਈ ਵਾਰੀ ਉਸਨੇ ਬਹਿਸ ‘ਚ ਇਹ ਵੀ ਕਿਹਾ ਸੀ ਕਿ ਆਪਣੇ ਗੁਰੂ ਵੀ ਇਨਸਾਨ ਹੀ ਸਨ। ਉਨ੍ਹਾਂ ਦੀਆਂ ਗੱਲਾਂ ਨੂੰ ਵੀ ਪਰਖ ਕੇ ਹੀ ਮੰਨਣਾ ਚਾਹੀਦਾ ਹੈ। ਇਸ ਗੱਲ ਤੇ ਉਸ ਦੇ ਕਈ ਦੋਸਤ ਨਰਾਜ਼ ਹੋ ਗਏ ਸਨ। ਹਰਦੇਵ ਨੇ ਤਾਂ ਨਹੋਰਾ ਵੀ ਮਾਰਿਆ ਸੀ, “ਤੂੰ ਵੱਡਾ ਆ ਗਿਆਂ ਗੁਰੂ ਨਾਨਕ ਦੀ ਬਰਾਬਰੀ ਕਰਨ ਵਾਲ਼ਾ। ਮੂੰਹ ਸੰਭਾਲ਼ ਕੇ ਬੋਲਿਆ ਕਰ, ਕਿਤੇ ਕੋਈ ਧਰਮੀ ਤੈਨੂੰ ਸੋਧ ਈ ਨਾ ਦੇਵੇ।” ਜਰਨੈਲ ਸਿੰਘ ਬੇਖੌਫ਼ ਹੋਕੇ ਕਹਿੰਦਾ, ਹਰਦੇਵ ਕਿਸੇ ਧਰਮੀ ਨੇ ਮੈਨੂੰ ਸੋਧ ਕੇ ਕੀ ਲੈਣੈ? ਵੈਸੇ ਮੈਨੂੰ ਅਜਿਹੇ ਮੂਰਖਾਂ ਦੀ ਪਰਵਾਹ ਨਹੀਂ ਹੈ, ਜੋ ਹੋਊ ਦੇਖ ਲਾਂਗੇ।” ਉਹ ਗੁਰੂ ਨਾਨਕ ਤੇ ਭਗਤ ਕਬੀਰ ਦੀਆਂ ਉਨ੍ਹਾਂ ਹਾਲਤਾਂ ‘ਚ ਕੀਤੀਆਂ ਟਿੱਪਣੀਆਂ ਵੀ ਖੂਬ ਮਾਣਦਾ ਸੀ। ਕਬੀਰ ਦੀ ਯੋਧੇ ਦੀ ਪਰਿਭਾਸ਼ਾ “ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੇ ਖੇਤ” ਬਹੁਤ ਚੰਗੀ ਲਗਦੀ ਸੀ। ਉਹ ‘ਦੀਨ ਕੇ ਹੇਤ’ ਵਾਲ਼ੀ ਗੱਲ ਨੂੰ ਤਾਂ ਜਿ਼ਆਦਾ ਤਰਜੀਹ ਨਾ ਦਿੰਦਾ, ਪਰ ਮਕਸਦ ਲਈ ਅੰਤ ਤੱਕ ਲੜਨ ਵਾਲ਼ੇ ਨੂੰ ਉਹ ਸਹੀ ਸੂਰਮਾ ਸਮਝਦਾ ਸੀ। ਸ਼ਹੀਦ ਭਗਤ ਸਿੰਘ, ਅਰਨੈੱਸਟੋ ਚੇ ਗੁਵਾਰਾ ਤੇ ਗੁਰੂ ਗੋਬਿੰਦ ਸਿੰਘ ਉਸਦੇ ਪਸੰਦੀਦਾ ਨਾਇਕ ਸਨ। ਉਹ ਧਰਮਾਂ ਦੇ ਨਿਭਾਏ ਜਾਂ ਨਿਭਾਏ ਜਾ ਰਹੇ ਰੋਲ ਨੂੰ ਵੀ ਭਲੀ-ਭਾਂਤ ਸਮਝਦਾ ਸੀ, ਪਰ ਕੁੱਝ ਧਾਰਮਕ ਸਖਸ਼ੀਅਤਾਂ ਤੋਂ ਖਾਸਾ ਪਰਭਾਵਿਤ ਸੀ। ਜਦੋਂ ਕਦੇ ਵੀ ਦੋਸਤਾਂ ਨਾਲ਼ ਧਰਮ ਬਾਰੇ ਬਹਿਸ ਹੁੰਦੀ ਤਾਂ ਉਹ ਧਰਮ ਦੇ ਕੰਮਾਂ ਦੀ ਵਪਾਰ ਨਾਲ਼ ਤੁਲਨਾ ਕਰਦਾ ਰਹਿੰਦਾ ਭਾਵੇਂ ਉਸਦੇ ਜਿ਼ਆਦਾਤਰ ਸਾਥੀ ਉਸ ਨਾਲ਼ ਸਹਿਮਤ ਵੀ ਨਾ ਹੁੰਦੇ। ਕਦੇ ਕਦੇ ਉਹ ਇਹ ਵੀ ਸੋਚਦਾ ਕਿ ਜੇ ਬਾਣੀ ਰਚਣ ਵਾਲੇ ਗੁਰੂ ਨਾਨਕ ਦੇਵ, ਬਾਕੀ ਗੁਰੂ ਅਤੇ ਭਗਤ ਆਪਣੇ ਵਿਚਾਰ ਕਵਿਤਾ ਦੀ ਥਾਂ ਵਾਰਤਕ ‘ਚ ਲਿਖ ਜਾਂਦੇ ਤਾਂ ਧਾਰਮਿਕ ‘ਫਾਹੀਦਾਰ’ ਲੋਕਾਂ ਨੂੰ ਇਉਂ ਗੁੰਮਰਾਹ ਨਾ ਕਰ ਸਕਦੇ। ਅਜਿਹੇ ਵਿਚਾਰ ਉਸਦੇ ਦਿਮਾਗ ‘ਚ ਚਲਦੇ ਹੀ ਰਹਿੰਦੇ ਸਨ।
ਇਸੇ ਕਾਰਨ ਉਹ ਇਨ੍ਹਾਂ ਸ਼ਖਸੀਅਤਾਂ ਦੀਆਂ ਸੰਖੇਪ ਜੀਵਨ ਗਾਥਾਵਾਂ ਸੁੱਕੀ ਨਾਲ਼ ਸਾਂਝੀਆਂ ਕਰਦਾ ਰਹਿੰਦਾ। ਸੁੱਕੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲ਼ੀ ਕਹਾਣੀ ਬਹੁਤ ਵਧੀਆ ਲਗਦੀ ਸੀ। ਸੁੱਕੀ ਵੱਡਾ ਹੋ ਕੇ ਭਗਤ ਸਿੰਘ ਤੇ ਚੇ ਗੁਵਾਰਾ ਵਰਗਾ ਬਣਨਾ ਚਾਹੁੰਦਾ ਸੀ। ਜਦੋਂ ਦੀ ਉਸਨੇ ਦਸਹਿਰੇ ਵਾਲ਼ੀ ਬੁਰੇ ‘ਤੇ ਚੰਗੇ ਦੀ ਜਿੱਤ ਵਾਲ਼ੀ ਕਹਾਣੀ ਸੁਣੀ ਸੀ, ਓਦੋਂ ਦਾ ਹਰ ਕਹਾਣੀ ਨੂੰ ਉਹ ਉਸੇ ਤੱਕੜੀ ‘ਚ ਤੋਲ ਕੇ ਦੇਖਣ ਲੱਗ ਪਿਆ। ਜਦੋਂ ਵੀ ਉਸ ਨੂੰ ਕੋਈ ਸਵਾਲ ਸੁੱਝਦਾ, ਉਹ ਝੱਟ ਆਪਣੇ ਦੋਸਤ ਬਾਬੇ ਤੋਂ ਜਾ ਪੁੱਛਦਾ। ਬਾਬਾ ਜੈਲਾ ਆਪਣੇ ਪਿਆਰੇ ਪੋਤਰੇ ਦੇ ਸਵਾਲਾਂ ਨੂੰ ਧਿਆਨ ਨਾਲ਼ ਸੁਣ ਕੇ ਉਸਦੇ ਪੱਧਰ ਦਾ ਜਵਾਬ ਬਣਾ ਕੇ ਦਿੰਦਾ ਸੀ। ਚੇ ਗੁਵਾਰਾ ਦੀ ਫਿਲਮ ਦੇਖ ਕੇ ਬਾਬਾ ਜੈਲਾ ਉਸੇ ਦਾ ਮੁਰੀਦ ਹੋ ਗਿਆ। ਦੁਨੀਆ ਦੇ ਦੂਜੇ ਪਾਸੇ ਜੰਮਿਆ ਅਰਨੈੱਸਟੋ ਚੇ ਗੁਵਾਰਾ ਗਰੀਬਾਂ ਤੇ ਲਤਾੜਿਆਂ ਦਾ ਚਹੇਤਾ ਆਗੂ ਸੀ। ਉਹ ਅਰਜਨਟਾਈਨਾ ‘ਚ ਜਨਮ ਲੈਕੇ, ਡਾਕਟਰ ਬਣ ਕੇ, ਨੇੜੇ ਦੇ ਹੀ ਦੇਸ਼ ਪੀਰੂ ‘ਚ ਨਿਡਰ ਹੋ ਕੇ ਕੋਹੜੀਆਂ ਦਾ ਇਲਾਜ ਕਰਦਾ ਰਿਹਾ ਜਦੋਂ ਅਜੇ ਡਾਕਟਰ ਕੋਹੜ ਦੇ ਰੋਗੀਆਂ ਕੋਲ਼ ਜਾਣ ਤੋਂ ਵੀ ਡਰਦੇ ਸਨ। ਫਿਰ ਕਿਊਬਾ ਦੇ ਸਰਗਰਮ ਗੁਰੀਲਿਆਂ ਦੀ ਟੋਲੀ ‘ਚ ਜਾ ਸ਼ਾਮਲ ਹੋਇਆ। ਫੀਦਲ ਕਾਸਤਰੋ ਦੀ ਅਗਵਾਈ ‘ਚ ਉੱਥੋਂ ਦੇ ਤਾਨਾਸ਼ਾਹ ਬਾਤਿਸਤਾ ਨੂੰ ਹਰਾ ਕੇ ਉੱਥੇ ਖੱਬੇ ਪੱਖੀ ਮਜ਼ਦੂਰ ਜਮਾਤ ਕਾਬਜ ਕਰਵਾ ਦਿੱਤੀ। ਬਾਬੇ ਜੈਲੇ ਨੇ ਜਦੋਂ ਸੁੱਕੀ ਨੂੰ ਗਲੋਬ ਤੇ ਬਣੇ ਨਕਸਿ਼ਆਂ ‘ਚ ਇਹ ਸਭ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਇਹ ਦੇਸ਼ ਕਿੱਥੇ ਕਿੱਥੇ ਹਨ, ਉਸਦੇ ਬਹੁਤਾ ਸਮਝ ਨਾ ਆਇਆ, ਪਰ ਇੰਨਾ ਜ਼ਰੂਰ ਸਮਝ ਗਿਆ ਕਿ ਵੱਡੀਆਂ ਥਾਵਾਂ ਨੂੰ ਛੋਟੀਆਂ ਮੂਰਤਾਂ ਬਣਾ ਕੇ ਦਿਖਾਇਆ ਜਾ ਸਕਦੈ।
ਸੁੱਕੀ ਤੇ ਵੀ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਦਾ ਅਸਰ ਹੋਇਆ, ਖਾਸ ਕਰਕੇ ਓਦੋਂ ਜਦੋਂ ਬਾਬਾ ਜੀ ਨਾਲ਼ ਸੁੱਕੀ ਨੇ ਚੇ ਦੀ ਫਿਲਮ ਦੇਖੀ ਸੀ ਜੋ ਬਾਬਾ ਜੀ ਉਹਨੂੰ ਨਾਲ਼ ਨਾਲ਼ ਸਮਝਾ ਰਹੇ ਸੀ। ਭਾਵੇਂ ਅੰਗਰੇਜ਼ੀ ਬੋਲੀ ਜਰਨੈਲ ਸਿੰਘ ਲਈ ਵੀ ਔਖੀ ਸੀ, ਪਰ ਸਬ-ਟਾਈਟਲ ਲਾ ਕੇ ਕਈ ਵਾਰ ਦੇਖਣ ਤੋਂ ਬਾਅਦ ਸਾਰਾ ਮਸਲਾ ਉਹਦੇ ਸਮਝ ਆ ਗਿਆ ਸੀ। ਸੁੱਕੀ ਨੇ ਵੀ ਬੜੇ ਗਹੁ ਨਾਲ਼ ਉਹ ਫਿਲਮ ਦੇਖੀ ਸੀ ਤੇ ਚੇ ਦੀ ਸ਼ਹੀਦੀ ਨੇ ਉਸਦੇ ਕੋਮਲ ਮਨ ਨੂੰ ਬਹੁਤ ਸੱਟ ਮਾਰੀ ਸੀ। ਉਹ ਕਈ ਵਾਰੀ ਪੁੱਛ ਚੁੱਕਿਆ ਸੀ ਕਿ ਜੇ ਉਹ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਸੀ ਤਾਂ ਉਸਨੂੰ ਮਾਰ ਕਿਉਂ ਦਿੱਤਾ ਗਿਆ? ਸੁਕੀਰਤ ਚੇ ਦੀ ਜੀਵਨ ਗਾਥਾ ਨੂੰ ਆਪਣੀ ਨਵੀਂ ਤੱਖੜੀ (ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਾਲ਼ੀ) ਨਾਲ਼ ਤੋਲਣ-ਮਿਣਨ ਲੱਗਿਆ। ਉਹ ਸੋਚ ਸੋਚ ਕੇ ਸ਼ਸ਼ੋਪੰਜ ‘ਚ ਪੈ ਗਿਆ। ਆਪਣੇ ਬਾਬੇ ਕੋਲ਼ੋਂ ਪੁੱਛਿਆ, “ਉਹ ਐਨਾ ਚੰਗਾ ਬੰਦਾ ਸੀ, ਪਰ ਬੁਰਿਆਂ ਨੇ ਉਸਨੂੰ ਮਾਰ ਦਿੱਤਾ। ਇਹ ਤਾਂ ਉਲਟੀ ਗੱਲ ਹੋ ਗਈ। ਬੁਰਾਈ ਦੀ ਚੰਗਿਆਈ ‘ਤੇ ਜਿੱਤ ਹੋ ਗਈ! ਇਹ ਕਿਵੇਂ ਹੋ ਗਿਐ”? ਬਾਬਾ ਆਪਣੇ ਪੋਤੇ ਦੇ ਧਨੰਤਰੀ ਵਿਸ਼ਲੇਸ਼ਣ ਤੋਂ ਹੈਰਾਨ ਹੋ ਗਿਆ। ਉਸਨੇ ਬਹੁਤ ਸੋਚਿਆ ਅਤੇ ਕਿੰਨ੍ਹਾ ਚਿਰ ਮੱਥਾ ਫੜ ਕੇ ਬੈਠਾ ਰਿਹਾ। ਫਿਰ ਉਸਨੇ ਸੁਕੀਰਤ ਨੂੰ ਚੱਕ ਕੇ ਉਸਦਾ ਮੱਥਾ ਚੁੰਮ ਕੇ ਕਿਹਾ “ਹਾਂ ਪੁੱਤਰਾ, ਤੂੰ ਠੀਕ ਕਹਿੰਦੈਂ, ਬੁਰਾਈ ਨੂੰ ਹਰਾਉਣ ਵਾਲ਼ਾ ਸਾਡਾ ਹੀਰੋ ਆਖਰ ‘ਚ ਬੁਰਾਈ ਹੱਥੋਂ ਹੀ ਹਾਰ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਇਸ ਵਾਰੀ ਜਿੱਤ ਬੁਰਾਈ ਦੀ ਹੀ ਹੋਈ ਸੀ। ਇਉਂ ਵੀ ਹੋ ਸਕਦੈ”।
ਫਿਰ ਬਾਬਾ ਪੋਤੇ ਨੂੰ ਆਪਣੀ ਗੋਦੀ ‘ਚ ਲਈ ਸੋਫ਼ੇ ਤੇ ਹੀ ਊਂਘਣ ਲੱਗ ਪਿਆ। ਉਸਦੇ ਸੁਪਨਿਆਂ ‘ਚ ਵੀ ਉਸਦੇ ਹੀਰੋ ਆ ਗਏ। ਸ਼ਹੀਦ ਭਗਤ ਸਿੰਘ ਨੇ ਬਾਬੇ ਨੂੰ ਕਿਹਾ “ਜਰਨੈਲ ਸਿੰਘ ਜੀ, ਸੁਕੀਰਤ ਠੀਕ ਤਾਂ ਕਹਿੰਦੈ, ਅਸੀਂ ਕਿੱਥੇ ਜਿੱਤ ਸਕੇ ਸੀ ਕੁਕਰਮੀ ਅੰਗਰੇਜ਼ਾਂ ਤੋਂ? ਉਨ੍ਹਾਂ ਨੇ ਆਨੇ-ਬਹਾਨੇ ਸਾਨੂੰ ਫਾਹੇ ਲਾ ਦਿੱਤਾ ਸੀ ਭਾਵੇਂ ਅਸੀਂ ਹੌਸਲਾ ਨਹੀਂ ਹਾਰਿਆ ਤੇ ਆਪਣੀ ਮੌਤ ਨਾਲ਼ ਵੀ ਦੇਸ਼-ਵਾਸੀਆਂ ਨੂੰ ਸੁਨੇਹਾ ਦੇ ਸਕੇ ਸੀ, ਪਰ ਜਿੱਤੇ ਤਾਂ ਉਹੀ ਕਹੇ ਜਾ ਸਕਦੇ ਨੇ ਜਾਂ ਉਸ ਵੇਲ਼ੇ ਦੀਆਂ ਬੇਈਮਾਨ ਪਾਰਟੀਆਂ ਜਿਹੜੀਆਂ ਅੱਜ-ਤੱਕ ਰਾਜ ਕਰ ਰਹੀਆਂ ਨੇ”। ਭਗਤ ਸਿੰਘ ਦੇ ਤਰਕ ਨੇ ਜਰਨੈਲ ਸਿੰਘ ਨੂੰ ਨਿਰਉੱਤਰ ਕਰ ਦਿੱਤਾ ਸੀ। ਫੇਰ ਘੋੜੇ ਤੇ ਸਵਾਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ “ਤੇਰਾ ਪੋਤਾ ਠੀਕ ਹੀ ਕਹਿੰਦੈ, ਅਸੀਂ ਧਰਮ ਦੀ ਲੜਾਈ ਲੜੀ ਪਰ ਸਭ ਕੁੱਝ ਬਿੱਖਰ ਗਿਆ। ਸਭ ਸਿੰਘ ਸਾਥੀ ਸ਼ਹੀਦ ਹੋ ਗਏ ਅਤੇ ਪਰਵਾਰ ਵਿੱਛੜ ਗਿਆ ਸੀ। ਭਾਵੇਂ ਮੈਂ ਹਾਰਨ ਤੋਂ ਬਾਅਦ ਵੀ ਜਿੱਤਣ ਵਾਲ਼ੇ ਰਾਜੇ ਨੂੰ ਜਿੱਤ-ਪੱਤਰ ਹੀ ਲਿਖਿਆ ਸੀ, ਜੋ ਉਸਨੂੰ ਦੁਰਕਾਰਨ ਲਈ ਸੀ। ਪਰ ਸਚਾਈ ਤਾਂ ਇਹੀ ਹੈ ਕਿ ਬੁਰਾ ਹੁੰਦੇ ਹੋਏ ਵੀ ਉਹੀ ਜਿੱਤਿਆ ਸੀ। ਅਸੀਂ ਹੱਕ-ਸੱਚ ਦੀ ਲੜਾਈ ਲੜਦੇ ਵੀ ਹਾਰੇ ਸੀ। ਇਹ ਹੋਰ ਗੱਲ ਹੈ ਕਿ ਇਸ ਜੰਗਜੂ ਮਾਹੌਲ ‘ਚੋਂ ਵੀ ਅਸੀਂ ਕਮਜ਼ੋਰਾਂ ਨੂੰ ਤਾਕਤਵਰ ਬਣਨ ਦਾ ਸੁਨੇਹਾ ਸਫਲਤਾ ਨਾਲ਼ ਦੇ ਦਿੱਤਾ ਸੀ। ਪਰ ਫਿਰ ਵੀ ਜਿੱਤਿਆ ਬੁਰਾ ਨਿਜ਼ਾਮ ਹੀ ਸੀ”।
ਬਾਬਾ ਜੈਲਾ ਅੱਭੜਵਾਹੇ ਉੱਠਿਆ ਤਾਂ ਉਸਨੇ ਦੇਖਿਆ ਸੁੱਕੀ ਵੀ ਉਸਦੀ ਗੋਦੀ ‘ਚ ਸੌਂ ਗਿਆ ਸੀ। ਉਸਨੂੰ ਦੇਖਦੇ ਹੀ ਉਸਦਾ ਸਵਾਲ ਤੇ ਸੁਫਨਾ ਫੇਰ ਯਾਦ ਆ ਗਿਆ। ਓਥੋਂ ਉੱਠ ਕੇ ਉਸਨੇ ਸੁੱਕੀ ਨੂੰ ਕਮਰੇ ‘ਚ ਲਿਜਾ ਕੇ ਮੰਜੇ ਤੇ ਪਾ ਦਿੱਤਾ। ਆਪ ਥੋੜ੍ਹੀ ਦੇਰ ਉਸ ਕੋਲ਼ ਬੈਠਾ ਉਸਦਾ ਸਿਰ ਪਲ਼ੋਸਦਾ ਰਿਹਾ ਤੇ ਨਾਲ਼ ਖਿਆਲਾਂ ‘ਚ ਇਤਿਹਾਸਕ ਘਟਨਾਵਾਂ ਦੇ ਵਿਚਾਰਾਂ ‘ਚ ਉਲ਼ਝ ਗਿਆ। ਉਸਦਾ ਮਨ ਬੇਚੈਨ ਸੀ। ਮੁੜ ਮੁੜ ਕੇ ਉਸਨੂੰ ਸੁਫਨੇ ਵਾਲ਼ੇ ਵਿਚਾਰ ਆ ਰਹੇ ਸਨ ਤੇ ਸੁੱਕੀ ਦੇ ਕੀਤੇ ਸਵਾਲ ਦਾ ਕੋਈ ਹਾਂ-ਪੱਖੀ ਜਵਾਬ ਬਣਾਉਣ ‘ਚ ਨਾਕਾਮਯਾਬ ਹੋ ਰਿਹਾ ਸੀ। ਇਸ ਜੱਦੋ-ਜਹਿਦ ਨੇ ਉਸਨੂੰ ਹੋਰ ਗੰਭੀਰ ਬਣਾ ਦਿੱਤਾ, ਇਸ ਤਰਾਂ ਸੋਚਾਂ ‘ਚ ਗਲਤਾਨ ਉਹ ਸੋਫ਼ੇ ਤੇ ਜਾ ਬੈਠਿਆ। ਜਰਨੈਲ ਸਿੰਘ ਨੂੰ ਇਤਿਹਾਸ ਯਾਦ ਆਉਣ ਲੱਗਿਆ। ਸੰਨ 1947 ‘ਚ ਵੀ ਬੇਕਸੂਰ ਦੇਸ਼ਵਾਸੀ (ਮੁਸਲਿਮ, ਹਿੰਦੂ ਤੇ ਸਿੱਖ) ਰਾਜਨੀਤਕਾਂ ਦੇ ਗ਼ਲਤ ਫੈਸਲਿਆਂ ਕਾਰਨ ਲੱਖਾਂ ਦੀ ਗਿਣਤੀ ‘ਚ ਕਤਲ ਹੋਏ ਸਨ। ਕਸੂਰਵਾਰ ਤੇ ਉਨ੍ਹਾਂ ਦੀ ਔਲਾਦ ਤਾਂ ਅਜੇ ਤੱਕ ਸਾਡੇ ਦੇਸ਼ਾਂ ‘ਚ ਰਾਜ ਕਰ ਰਹੇ ਨੇ। ਹਿੰਦੂ-ਮੁਸਲਿਮ ਦੰਗੇ ਕਰਵਾ ਕੇ ਮਸੂਮਾਂ ਦਾ ਖੂਨ ਵਹਾ ਕੇ ਸਿਆਸੀ ਪਾਰਟੀਆਂ ਵਾਲ਼ੇ ਸੱਤਾ ਹਥਿਆਉਂਦੇ ਰਹੇ। ਬੁਰੇ ਕਰਮਾਂ ਵਾਲਿ਼ਆਂ ਦੀ ਹੀ ਜਿੱਤ ਹੁੰਦੀ ਰਹੀ ਹੈ। ਸਭ ਰਾਜਸੀ ਪਾਰਟੀਆਂ ਤਾਂ ਹੜਤਾਲ਼ਾਂ, ਦੰਗੇ ਕਰਵਾ ਕੇ ਆਪਣਾ ਦਬਦਬਾ ਸਿੱਧ ਕਰਦੀਆਂ ਨੇ। ਕਿਤੇ ਮੁਸਲਮਾਨਾਂ ਦੇ ਖੂਨ ਦੀ ਹੋਲੀ, ਕਿਤੇ ਸਿੱਖਾਂ ਦਾ ਕਤਲੇਆਮ, ਕਿਤੇ ਹਿੰਦੂਆਂ ਦਾ ਵਢਾਂਗਾ ਸਭ ਇਨ੍ਹਾਂ ਬੁਰੀਆਂ ਤਾਕਤਾਂ ਦੇ ਕਾਰਨਾਮੇ ਹਨ। ਜਿੱਤਦੇ ਵੀ ਇਹੋ ਬੁਰੇ ਕੰਮਾਂ ਵਾਲ਼ੇ ਨੇ, ਇੱਕ ਵਾਰੀ ਇਹ, ਦੂਜੀ ਵਾਰੀ ਉਹ, ਪਰ ਹੈ ਤਾਂ ਸਾਰੇ ਇੱਕੋ ਥਾਲ਼ੀ ਦੇ ਚੱਟੇ-ਵੱਟੇ।
ਵੱਡੇ ਪੱਧਰ ਤੇ ਦੇਸ਼ਾਂ ‘ਚ ਵੀ ਇਹੋ ਕੁੱਝ ਹੋ ਰਿਹੈ। ਅਮਰੀਕਾ ਜਿੱਥੇ ਚਾਹੁੰਦੈ ਓਥੇ ਹੀ ਹਮਲਾ ਕਰ ਦਿੰਦੈ, ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ। ਉਸਦਾ ਆਪਣਾ ਹੀ ਤਰਕ ਹੁੰਦੈ ਕਿਸੇ ਦੇਸ਼ ‘ਚ ਆਪਣੀ ਫੌਜ ਭੇਜਣ ਦਾ। ਜਿਵੇਂ ਇਰਾਕ ਤੇ ਹਮਲਾ ਕਰਨ ਵੇਲ਼ੇ ਬੁਸ਼ ਨੇ ਕਿਹਾ ਸੀ, “ਅਸੀਂ ਯੂ ਐੱਂਨ ਓ ਦੀ ਪਰਵਾਹ ਨਹੀਂ ਕਰਦੇ, ਜੋ ਸਾਡੇ ਨਾਲ਼ ਹੈ ਉਹ ਦੋਸਤ ਹੈ ਬਾਕੀ ਸਭ ਦੁਸ਼ਮਣ”। ਪਰ ਜਿੱਤ ਓਥੇ ਵੀ ਬੁਰੇ ਧਾੜਵੀ ਦੀ ਹੀ ਹੋਈ ਸੀ। ਫੇਰ ਤਾਂ ਸੁਕੀਰਤ ਹੀ ਠੀਕ ਲਗਦੈ। ਬਾਬਾ ਫੇਰ ਇਸੇ ਲੜੀ ਦੇ ਅਣਗਿਣਤ ਅਣਮਨੁੱਖੀ ਹਾਦਸਿਆਂ ਦੀ ਯਾਦ ‘ਚ ਗੁਆਚ ਗਿਆ। ਜਿ਼ਆਦਾਤਰ ਬੇਈਮਾਨ ਹੀ ਦੁਨੀਆ ਦੀ ਸਿਆਸਤ ‘ਚ ਛਾਏ ਹੋਏ ਹਨ। ਸਾਡਾ ਸਾਰਾ ਸਮਾਜ ਹੀ ਅਜਿਹੇ ਕੰਮਾਂ ‘ਚ ਗ੍ਰਸਤ ਹੈ। ਇਨ੍ਹਾਂ ਖਿਆਲਾਂ ‘ਚ ਗੁਆਚਿਆ ਜਰਨੈਲ ਸਿੰਘ ਓਥੇ ਹੀ ਸੌਂ ਗਿਆ। ਅਵਤਾਰ ਕੌਰ ਨੇ ਉਸਨੂੰ ਜਗਾਉਣਾ ਠੀਕ ਨਾ ਸਮਝਿਆ।
ਅੱਜ-ਕੱਲ੍ਹ ਇੰਟਰਨੈੱਟ ਦੀ ਆਮ ਉਪਲਭਧੀ ਨੇ ਨਵੇਂ ਮੌਕਿਆਂ ਦੇ ਨਾਲ਼ ਹੀ ਨਵੇਂ ਪੰਗੇ ਖੜ੍ਹੇ ਕਰ ਦਿੱਤੇ ਹਨ। ਲੋਕੀਂ ਹਰ ਕਾਸੇ ਲਈ ਆਪਣੇ ਵਿਚਾਰ ਖੁੱਲ੍ਹ ਕੇ ਦੇਣ ਲੱਗ ਪਏ ਹਨ। ਜਰਨੈਲ ਸਿੰਘ ਦੇ ਕਿਸੇ ਚੇਲੇ ਨੇ ਜਰਨੈਲ ਸਿੰਘ ਦਾ ਹਵਾਲਾ ਦਿੰਦੇ ਹੋਏ ਫੇਸਬੁੱਕ ਤੇ ਪਾ ਦਿੱਤਾ ਕਿ ਰੱਬ ਨੂੰ ਮਰਦ ਤੇ ਆਪਣੇ ਆਪ ਨੂੰ ਇਸਤਰੀ ਬਿਆਨ ਕਰਨ ਵਾਲ਼ੇ ਲਿਖਾਰੀ ਸ਼ਾਇਦ ਸਮਲਿੰਗੀ ਸਨ, ਕਿਉਂਕਿ ਇੱਕ ਆਮ ਮਰਦ ਦੂਸਰੇ ਮਰਦ ਨੂੰ ਇਸ ਤਰਾਂ ਸੰਬੋਧਨ ਨਹੀਂ ਹੁੰਦਾ। ਬਾਬਾ ਫਰੀਦ ਤੇ ਬਾਬਾ ਬੁੱਲੇ ਸ਼ਾਹ ਦੀ ਸਾਰੀ ਕਵਿਤਾ ਹੀ ਇਸ ਤਰਾਂ ਦੀ ਹੈ। ਸ਼ਾਇਦ ਬਾਣੀ ‘ਚ ਹੋਰ ਕਈ ਥਾਂਈਂ ਵੀ ਅਜਿਹਾ ਵਰਣਨ ਹੈ। ਬੱਸ ਫਿਰ ਕੀ ਸੀ, ਮਾਸਟਰ ਜਰਨੈਲ ਸਿੰਘ ਨੂੰ ਫੇਸਬੁੱਕ ਤੇ ਹੀ ਧਮਕੀਆਂ ਵੀ ਆਉਣ ਲੱਗ ਪਈਆਂ। ਸਰਬਜੀਤ ਨੇ ਕਿਹਾ,”ਬਾਪੂ ਜੀ ਤੁਹਾਡੇ ਕਿਸੇ ਵਿਦਿਆਰਥੀ ਨੇ ਆਹ ਨਵਾਂ ਪੁਆੜਾ ਪਾ ਦਿੱਤਾ ਏ”। ਜਰਨੈਲ ਸਿੰਘ ਕਹਿਣ ਲੱਗਾ, “ਪੁੱਤਰ, ਵਿਚਾਰ ਤਾਂ ਇਹ ਮੇਰਾ ਹੀ ਹੈ, ਪਰ ਇਸ ਵਿਚਾਰ ਕਾਰਨ ਕਿਸੇ ਨੂੰ ਤਕਲੀਫ਼ ਹੈ ਤਾਂ ਉਲਟਾ ਸਾਬਤ ਕਰ ਦੇਵੇ। ਗੱਲ ਖਤਮ ਹੋ ਜਾਊ, ਐਵੇਂ ਮਾਰ ਕੁਟਾਈ ਦੀ ਗੱਲ ਕਿਉਂ ਕਰਦੇ ਨੇ ਇਹ ਮੂਰਖ”? “ਬਾਪੂ ਜੀ, ਨਾ ਤਾਂ ਸਾਰੇ ਤੁਹਾਡੇ ਜਿੰਨੇ ਸਮਝਦਾਰ ਨੇ ਤੇ ਨਾ ਹੀ ਸਾਰੇ ਤੁਹਾਡੇ ਵਿਦਿਆਰਥੀ ਨੇ ਜੋ ਤੁਹਾਡੀ ਕਹੀ ਗੱਲ ਸਮਝ ਲੈਣਗੇ। ਇਸ ਲਈ ਬਚ ਕੇ ਰਹਿਣ ‘ਚ ਹੀ ਸਮਝਦਾਰੀ ਹੈ”। “ਯਾਰ ਓਦਣ ਦਾ ਪਿੱਪਲ਼ੀ ਵਾਲਿ਼ਆਂ ਦਾ ਹਰਦੇਵ ਵੀ ਮੈਨੂੰ ਦੋ ਵਾਰ ਭਬਕੀਆਂ ਜਿਹੀਆਂ ਮਾਰ ਚੁੱਕਿਐ, ਜਿਵੇਂ ਮੈਂ ਉਹਦੀ ਮੱਝ ਖੋਲ੍ਹ ਲਈ ਹੋਵੇ! ਆਪਣੇ ਪਿੰਡ ‘ਚ ਉਹਨੂੰ ਹੀ ਧਰਮ ਦਾ ਸੂਲ਼ ਸਭ ਤੋਂ ਜਿ਼ਆਦਾ ਹੁੰਦੈ”। “ਉਹਦੀ ਵੀ ਕੁੰਡੀ ਅੜੀ ਹੋਈ ਹੋਣੀ ਐ ਕਿਤੇ ਧਰਮ ਦੇ ਵਪਾਰ ‘ਚ, ਨਹੀਂ ਤਾਂ ਉਹਨੇ ਕੀ ਲੈਣੈ ਤੁਸੀਂ ਕੀ ਕਹਿੰਦੇ ਓਂ”? ਸਰਬਜੀਤ ਨੇ ਜਵਾਬ ਦਿੱਤਾ। “ਸ਼ਾਇਦ ਤੂੰ ਠੀਕ ਹੀ ਕਹਿਨੈਂ, ਸ਼ੇਰਾ”। ਜਰਨੈਲ ਸਿੰਘ ਨੇ ਹਾਮੀ ਭਰੀ।
ਫਿਰ ਇੱਕ ਦਿਨ ਖੂਹ ਤੇ ਗੇੜਾ ਮਾਰਨ ਗਏ ਜਰਨੈਲ ਸਿੰਘ ਨੂੰ ਕੋਈ ਗੋਲ਼ੀ ਮਾਰ ਗਿਆ। ਸਾਰੇ ਇਲਾਕੇ ‘ਚ ਦੁਹਾਈ ਪੈ ਗਈ। ਪੁਲ਼ਸ ਆਈ ਤੇ ਤਪਤੀਸ਼ ਤੋਂ ਬਾਅਦ ਦੋ ਮੋਟਰਸਾਈਕਲ ਸਵਾਰਾਂ ਦੀ ਗੱਲ ਦੱਸੀ ਜੋ ‘ਧਾਰਮਿਕ’ ਦਿੱਖ ਵਾਲ਼ੇ ਸਨ। ਸਾਰੇ ਘਰਦਿਆਂ ਦਾ ਬੁਰਾ ਹਾਲ ਸੀ। ਤਾਰੋ ਤਾਂ ਜਾਣੋ ਪੱਥਰ ਹੀ ਹੋ ਗਈ ਸੀ ਆਪਣੇ ਉਮਰ ਦੇ ਸਾਥੀ ਨੂੰ ਖੋ ਕੇ। ਸੁੱਕੀ ਵੀ ਰੋ ਰੋ ਕੇ ਚੁੱਪ ਹੋ ਗਿਆ ਸੀ। ਉਸਦੇ ਕੋਮਲ ਮਨ ਤੇ ਆਪਣੇ ਬਾਬੇ ਦੀ ਮੌਤ ਦਾ ਬਹੁਤ ਅਸਰ ਹੋਇਆ। ਉਹ ਡੌਰ-ਭੌਰ ਹੋਇਆ ਬਾਬੇ ਦੀਆਂ ਗੱਲਾਂ ਯਾਦ ਕਰਦਾ ਰਹਿੰਦਾ। ਨੇਕੀ ਤੇ ਬਦੀ ਵਿੱਚ ਲੜਾਈ ਦੀ ਗੱਲ ਉਸਨੂੰ ਬਹੁਤ ਯਾਦ ਆਉਂਦੀ। ਅਫਸੋਸ ਤੇ ਬੈਠੇ ਪਾਪਾ ਦੀ ਗੋਦੀ ‘ਚ ਬੈਠਾ ਸੁੱਕੀ ਨੇ ਕਿਹਾ “ਪਾਪਾ, ਐਵੇਂ ਕਹਿੰਦੇ ਨੇ ਨੇਕੀ ਦੀ ਬਦੀ ਤੇ ਜਿੱਤ ਹੁੰਦੀ ਹੈ, ਹਰ ਵਾਰ ਤਾਂ ਬਦੀ ਜਿੱਤਦੀ ਹੈ।” “ਹਾਂ ਪੁੱਤ” ਤੋਂ ਜਿਆਦਾ ਸਰਬਜੀਤ ਕੁੱਝ ਨਾ ਕਹਿ ਸਕਿਆ ਅਤੇ ਉਸਦਾ ਗਲ਼ ਭਰ ਆਇਆ।

ਬਰੈਂਪਟਨ (ਕੈਨੇਡਾ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346