ਹੱਸ ਹੱਸ ਮਹਿਕਾਂ ਵੰਡਦੀ,
ਵਿਹੜੇ ਆਈ ਬਸੰਤ।
ਪੱਤਝੜ ਮੇਰੇ ਰੁੱਖ਼ੜੇ,
ਬੈਠੀ ਸੀ ਜਦ ਆ।
ਬ੍ਰਿਹੋਂ ਚੰਦਰਾ ਆਖਦਾ,
ਖੈਰ ਵਸਲ ਦਾ ਪਾ।
ਬੁਲਬਲ ਦੇ ਗੀਤ ਦਾ
ਹੋ ਨਾ ਜਾਵੇ ਅੰਤ।
ਹੱਸ ਕੇ ਮਹਿਕਾਂ ਵੰਡਦੀ,
ਵਿਹੜੇ ਆਈ ਬਸੰਤ।
ਰੁੰਡ- ਮਰੁੰਡੇ ਰੁਖ਼ਾਂ ਤੋਂ,
ਅੱਜ ਆਵੇ ਨਾ ਖ਼ੁਸ਼ਬੋ।
ਸੀਨੇ ਸੂਲਾਂ ਤਿੱਖੀਆਂ,
ਨੇ ਦਿਤਾ ਤੀਰ ਖ਼ੁਭੋ।
ਨਿੱਘੀ- ਨਿੱਘੀ ਧੁੱਪ ਚੋਂ
ਸਰਦੀ ਹੋਈ ਉਡੰਤ।
ਹੱਸ ਕੇ ਮਹਿਕਾਂ ਵੰਡਦੀ,
ਵਿਹੜੇ ਆਈ ਬਸੰਤ।
ਸੂਟ ਬਸੰਤੀ ਪਾ ਕੇ,
ਨੱਚੀ ਅੱਜ ਮੁਟਿਆਰ।
ਸਰ੍ਹੋਂ ਰੰਗ ਵੀ ਬਦਲਿਆ,
ਬਾਗ਼ੀਂ ਖਿੜੀ ਬਹਾਰ।
ਖਿੜੇ ਫ਼ੁੱਲ ਬਗੀਚੱੜੇ
ਰੱਬ ਹੋਇਆ ਬੇਅੰਤ।
ਹੱਸ ਕੇ ਮਹਿਕਾਂ ਵੰਡਦੀ,
ਵਿਹੜੇ ਆਈ ਬਸੰਤ।
ਨਵੀਂ ਕਰੂੰਬਲ ਨਿਕਲੀ,
ਟਾਹਣੀਂ ਵਿਚੋਂ ਅੱਜ ।
ਜੀਕਣ ਕੁੜੀ ਮਲੂਕੜੀ,
ਨਿਕਲੀ ਮੁੱਖ਼ੜਾ ਕੱਜ।
ਪ੍ਰਦੇਸਾ ਵਿਚੋਂ ਆ ਗਿਆ
”ਸੁਹਲ” ਮੇਰਾ ਕੰਤ।
ਹੱਸ ਕੇ ਮਹਿਕਾਂ ਵੰਡਦੀ,
ਵਿਹੜੇ ਆਈ ਬਸੰਤ।
ਨੋਸ਼ਹਿਰਾ ਬਹਾਦਰ,ਡਾ-
ਤਿੱਬੜੀ
(ਗੁਰਦਾਸਪੁਰ) ਮੋਬਾ-98728-48610
-0- |