ਇੰਡੀਆ ਜਾਣ ਲਈ ਦਿਸੰਬਰ
ਵਿੱਚ ਟਿਕਟਾਂ ਸਭ ਤੋਂ ਵੱਧ ਮਹਿੰਗੀਆਂ ਹੁੰਦੀਆਂ ਹਨ । ਜਿਸ ਆਦਮੀ ਨੂੰ ਮੈਂ ਟਿਕਟ ਬੁਕ ਕਰਣ
ਲਈ ਆਖਿਆ ਉਸ ਨੇ ਕਿਸੇ ਗਲਤਫਹਿਮੀ ਵਿੱਚ ਆ ਕੇ ਸਮੇਂ ਸਿਰ ਟਿਕਟ ਨਾ ਖਰੀਦੀ। ਤੇ ਜਦ ਮੈਂ ਉਸ
ਨੂੰ ਕਿਹਾ ਕਿ ਮੈਂ ਤੇ ਜ਼ਰੂਰ ਜਾਣਾ ਹੈ, ਜਿਵੇਂ ਮਰਜ਼ੀ ਕਰ ਤਾਂ ਉਸ ਨੇ ਮੈਂਨੂੰ ਟੁੱਟਵੀਆਂ
ਫਲਾਇਟਸ ਰਾਹੀਂ ਦਿੱਲੀ ਤੱਕ ਪੁਜਾਇਆ। ਜਦ ਮੇਰੀ ਭੈਣ ਨੂੰ ਪਤਾ ਲੱਗਿਆ ਕਿ ਮੈਂ Royal
Jordanian ਰਾਹੀਂ ਜਾ ਰਹੀ ਹਾਂ ਤਾਂ ਉਹ ਹਮੇਸ਼ਾ ਵਾਂਗ ਟੱਪ ਉੱਠੀ, " ਪਤਾ ਨਹੀਂ ਤੈਨੂੰ ਕੀ
ਸ਼ੌਕ ਹੈ - ਪਹਿਲਾਂ ਦੁੱਬਈ ਲੱਭਿਆ ਸੀ ਹੁਣ ਅਮਾਨ ਲੱਭ ਲਿਆ ; ਚੰਗਾ ਭਲਾ ਤੈਨੂੰ ਪਤਾ ਕਿ
ਇਨ੍ਹਾਂ ਮੁਲਕਾਂ ਦੀ ਅਮਰੀਕਨ ਪਾਸਪੋਰਟ ਨਾਲ ਨਹੀਂ ਬਣਦੀ ।" ਉਸ ਤੇ ਅਮਰੀਕਨ ਮੀਡਿਆ ਦਾ
ਪੂਰਾ ਅਸਰ ਹੈ । news addicted ਹੈ - CNN ਤੇ FOX ਚੈਨਲਾਂ ਤੋਂ ਬਿਨਾ ਉਹ ਕੁਝ ਨਹੀਂ
ਦੇਖਦੀ। ਮੈਂ ਚੁੱਪ ਰਹੀ - ਜੁਆਬ ਵਿੱਚ ਕੁਝ ਨਹੀਂ ਬੋਲੀ। ਮੇਰਾ ਫਿਕਰ ਕਰਦੀ ਹੈ ਤੇ ਬਹੁਤ
ਪਿਆਰ ਕਰਦੀ ਹੈ । ਮੈਂਨੂੰ ਪਤਾ ਸੀ ਕਿ ਜਦ ਮੈਂ ਜਹਾਜ ਵਿੱਚ ਹੋਵਾਂਗੀ ਉਨ੍ਹੇ ਘੰਟੇ ਉਹ ਘਰ
ਬੈਠੀ ਮੇਰੀ ਫਲਾਈਟ ਟਰੈਕ ਕਰਦੀ ਰਹੇਗੀ ਤੇ ਹੋਇਆ ਵੀ ਇੰਝ ਹੀ । ਜਦ ਮੈਂ ਨਿਊ ਯਾਰਕ ਬੈਠੀ
ਅਗਲੀ ਉੜਾਨ ਦੀ ਉਡੀਕ ਕਰ ਰਹੀ ਸੀ ਤਾਂ ਉਸ ਨੇ ਮੈਂਨੂੰ ਟੈਕਸਟ ਕਰ ਕੇ ਇੱਕ ਦੰਮ ਦੱਸ ਦਿੱਤਾ
ਕਿ ਮੇਰੀ ਫਲਾਇਟ ਚਾਰ ਘੰਟੇ ਲੇਟ ਹੋ ਗਈ ਹੈ ਤੇ ਇਹ ਚਾਰ ਘੰਟੇ ਹੌਲੀ ਹੌਲੀ 12 ਘੰਟੇ ਬਣ ਗਏ
।ਏਅਰ ਪੋਰਟ ਤੇ ਉਹ ਸਮਾਂ ਬਦਲ ਨਹੀਂ ਸੀ ਰਹੇ ਪਰ ਕੁੰਮੂ ਮੈਂਨੂੰ ਘੰਟੇ ਘੰਟੇ ਬਾਅਦ ਸਹੀ
ਤਸਵੀਰ ਦੱਸੀ ਜਾ ਰਹੀ ਸੀ ।ਤੇ ਹੁਣ ਲੇਟ ਫਲਾਈਟ ਦਾ ਮੈਂਨੂੰ ਉਨ੍ਹਾਂ ਫਿਕਰ ਨਹੀਂ ਸੀ,
ਜਿਨ੍ਹਾਂ ਫਿਕਰ ਮੈਂਨੂੰ ਆਪਣੀ ਭੈਣ ਦੇ ਫਿਕਰ ਦਾ ਫਿਕਰ ਸੀ ।
ਤੇ ਮੈਂਨੂੰ ਪਤਾ ਸੀ ਕਿ ਉਹ ਹੁਣ ਸਾਰੀ ਰਾਤ ਸੌਂ ਨਹੀਂ ਸਕੇਗੀ - ਬਾਰ ਬਾਰ ਟੈਕਸਟ ਕਰੇਗੀ ,
ਫੋਨ ਕਰੇਗੀ ਤੇ ਮੈਂਨੂੰ ਬਾਰ ਬਾਰ ਹਦਾਇਤਾਂ ਕਰੇਗੀ ਤੇ ਗੁੱਸੇ ਹੋਵੇਗੀ ਕਿ ਆਖਿਰ ਮੈਂ ਕਿਓਂ
ਇਸ ਤਰ੍ਹਾਂ ਪੁੱਠੀਆਂ ਸਿੱਧੀਆਂ airlines ਦੀਆਂ ਟਿਕਟਾਂ ਖਰੀਦਦੀ ਹਾਂ ? - 12 ਘੰਟੇ ਮੇਰੀ
ਫਲਾਇਟ ਲੇਟ ਹੋ ਗਈ ਤੇ 12 ਘੰਟੇ ਮੇਰੀ ਭੈਣ ਦਾ ਅਮਨ ਚੈਨ ਗੁੰਮ ਰਿਹਾ। ਮੈਂ ਏਅਰਪੋਰਟ ਤੇ
ਬੈਠੀ ਤੱਸਵਰ ਕਰ ਸਕਦੀ ਸੀ ਕਿ ਕਿਵੇਂ ਉਹ ਟੀ. ਵੀ. ਤੇ ਖਬਰਾਂ ਦੇਖ ਰਹੀ ਹੋਵੇਗੀ , ਤੇ ਨਾਲ
ਨਾਲ ਆਪਣੇ ipad ਤੇ ਫਲਾਇਟ ਦਾ ਸਟੇਟਸ ਚੈਕ ਕਰ ਰਹੀ ਹੋਵੇਗੀ - ਇੱਥੇ ਹੀ ਬੱਸ ਨਹੀਂ ਉਹ
ਨਾਲੋ ਨਾਲ ਦਿੱਲੀ ,ਨਿੇਯੂ ਯਾਰਕ ਤੇ ਅਮਾਨ ਦੀ weather ਰਿਪੋਰਟ ਵੀ ਵੇਖ ਰਹੀ ਹੋਵੇਗੀ।
ਅਖੀਰ'ਚ ਮੈਂ ਰੋਣਹਾਕੀ ਹੋ ਕੇ ਕਿਹਾ , " ਕਿ ਮੈਂ 24 ਘੰਟਿਆਂ ਤੋਂ ਜਾਗ ਰਹੀ ਹਾਂ , ਕਿੰਨੀ
ਥੱਕੀ ਹੋਈ ਹਾਂ ਮੈਂ, ਤੇ ਅਜੇ ਮੇਰੇ ਸਫਰ ਦਾ ਤੀਜਾ ਹਿੱਸਾ ਹੀ ਮੁਸ਼ਕਿਲ ਨਾਲ ਨੇਪਰੇ ਚੜ੍ਹਿਆ
ਹੈ । ਤੂੰ ਮੇਰਾ ਫਿਕਰ ਕਰ ਕੇ ਮੈਂਨੂੰ ਇੰਝ ਪਰੇਸ਼ਾਨ ਨਾ ਕਰ , ਮੈਂ ਠੀਕ ਹਾਂ - ਤੂੰ ਸੌਂ
ਜਾ - ਸਫਰ ਵਿੱਚ ਇਸ ਤਰ੍ਹਾਂ ਅਕਸਰ ਹੋ ਜਾਂਦਾ ਹੈ - ਇਸ ਤਰ੍ਹਾਂ ਦੇ ਉਤਾਰ ਚੜ੍ਹਾ ਸਫਰ
ਵਿੱਚ ਰੋਜ਼ ਹੁੰਦੇ ਹਨ - ਮੇਰੇ ਨਾਲ ਇੰਨੇ ਲੋਕ ਹੋਰ ਵੀ ਹਨ !"ਬੜੀ ਮੁਸ਼ਕਿਲ ਨਾਲ ਮੈਂ ਉਸ
ਨੂੰ ਸੌਣ ਲਈ ਮਨਾਇਆ। ਪਤਾ ਸੀ ਕਿ ਉਹ ਸ਼ਾਇਦ ਹੀ ਸੌਂ ਸਕੇ ਤੇ ਜਦ ਸਵੇਰੇ ਉਠੇਗੀ ਤਾਂ ਸਭ
ਤੋਂ ਪਹਿਲਾਂ ਇਹੀ ਦੇਖੇਗੀ ਕਿ ਮੈਂ ਕਿਥੇ ਤੱਕ ਪੁੱਜ ਗਈ ਹਾਂ ।
ਉਸ ਨੂੰ ਤੇ ਮੈਂ ਬੇਫਿਕਰ ਹੋਣ ਲਈ ਆਖਿਆ ਪਰ ਖੁਦ ਮੈਂ ਫਿਕਰਾਂ ਵਿੱਚ ਡੁੱਬ ਗਈ ਕਿ ਜੇ ਅਗਲੀ
connecting ਫਲਾਇਟ ਨਾ ਮਿਲੀ ਤਾਂ ਹੋਰ ਕਿੰਨਾਂ ਉਡੀਕਣਾ ਪਵੇਗਾ ਤੇ ਅਮਾਨ ਤੋਂ ਦਿੱਲੀ ਨੂੰ
ਹਰ ਰੋਜ਼ ਫਲਾਇਟ ਨਹੀਂ ਜਾਂਦੀ - ਇੱਕ ਦਿਨ ਛੱਡ ਕੇ ਜਾਂਦੀ ਹੈ - ਇਸ ਦਾ ਮਤਲਬ ਹੈ ਕਿ
ਮੈਂਨੂੰ ਉਥੇ ਇੱਕ ਪੂਰਾ ਦਿਨ ਤੇ ਇੱਕ ਪੂਰੀ ਰਾਤ ਕੱਟਣੀ ਪਵੇਗੀ। ਮੇਰੇ ਕੋਲ ਅੱਗੇ ਹੀ
ਥੋੜ੍ਹੇ ਦਿਨ ਸਨ , ਰਹਿ ਰਹਿ ਕਿ ਮੇਰਾ ਗੁੱਸਾ ਉਸ ਟਿਕਟ ਖਰੀਦਣ ਵਾਲੇ ਤੇ ਆ ਰਿਹਾ ਸੀ ।
ਮੇਰੇ ਫਿਕਰ ਕਲਪਨਾ ਦੇ ਖੰਭਾ ਤੇ ਸੁਆਰ ਹੋ ਗਏ - ਤੇ ਮੈਂ ਬੈਠਿਆਂ ਬੈਠਿਆਂ ਆਲੇ ਦੁਆਲੇ
ਲੋਕਾਂ ਵੱਲ ਗਹੁ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਬਹੁਤੇ ਲੋਕ ਜੋਰਡਨ ਉੱਤਰਣ ਵਾਲੇ ਹੀ ਦਿਸੇ
। ਹਰ ਕਿਸਮ ਦੀਆਂ ਔਰਤਾਂ ਦਿਖੀਆਂ , ਪੱਛਮੀ ਲਿਬਾਸ ਵਿੱਚ , ਸਿਰ ਢਕੀਆਂ ਔਰਤਾਂ, ਤੇ
ਬੁਰਕਿਆਂ ਵਾਲੀਆਂ ਵੀ। ਕੁਝ ਇੰਡੀਅਨ ਵੀ ਨਜ਼ਰ ਆਏ - ਪਰ ਆਪਣਾ ਆਪਣਾ ਕੋਈ ਨਾ ਲੱਗਿਆ। ਤੇ
ਮੈਂ ਆਲੇ ਦੁਆਲੇ ਸਭਨਾਂ ਵੱਲ ਵੇਖ ਚੁੱਪ ਕਰਕੇ ਨਾਲ ਬੈਠੀ ਔਰਤ ਨਾਲ ਗੱਲਾਂ ਕਰਨ ਲੱਗ ਪਈ ਤੇ
ਦਿਮਾਗੀ ਤੌਰ ਤੇ ਮਨ ਹੀ ਮਨ ਵਿੱਚ ਜੋਰਡਨ ਬਾਰੇ ਜਾਇਜਾ ਲੈਣ ਦੀ ਕੋਸ਼ਿਸ਼ ਕੀਤੀ , ਕਿ ਉਥੇ
ਰਾਜੇ ਦਾ ਰਾਜ ਹੈ -ਲੋਕ ਅਰਬੀ ਜ਼ੁਬਾਨ ਬੋਲਦੇ ਹਨ - ਪਰ ਬਹੁਤਾ ਕੁਝ ਜੋਰਡਨ ਬਾਰੇ ਯਾਦ ਨਹੀਂ
ਸੀ ਆ ਰਿਹਾ। ਮੇਰੇ ਨਾਲ ਬੈਠੀ ਔਰਤ ਨੂੰ ਮੈਂ ਜਦ ਬੁਲਾਇਆ ਤਾਂ ਉਹ ਮੇਰੀ ਭੈਣ ਨਾਲੋਂ ਵੀ
ਜ਼ਿਆਦਾ ਭੜਕ ਉੱਠੀ ਤੇ ਜੋਰਡਨ ਦੀ ਹੋਣ ਦੇ ਬਾਵਜੂਦ ਉਸ ਨੇ ਰੱਜ ਕੇ ਏਅਰ ਲਾਇਨਜ਼ ਵਾਲਿਆਂ ਨੂੰ
ਗਾਹਲਾਂ ਕੱਢੀਣੀਆਂ ਸ਼ੁਰੂ ਕਰ ਦਿੱਤੀਆਂ , ਸੁਣ ਕੇ ਕੁਝ ਧਰਵਾਸ ਹੋਈ । ਇਹ ਵੀ ਇੱਕ ਅਜੀਬ
ਫਿਨੋਮਿਨਾ ਹੈ ਕਿ ਜਦ ਤੁਹਾਨੂੰ ਤੁਹਾਡੇ ਹੀ ਜਿੰਨ੍ਹਾਂ ਪਰੇਸ਼ਾਨ ਆਦਮੀ ਮਿਲਦਾ ਹੈ ਤਾਂ
ਤੁਹਾਡੀ ਪਰੇਸ਼ਾਨੀ ਕੁਝ ਹੱਦ ਤੱਕ ਘੱਟ ਜਾਂਦੀ ਹੈ ।
ਰਾਤ ਦੇ 12 ਵੱਜਣ ਨੂੰ ਆਏ ਸਨ ਤੇ ਅਜੇ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ ਕਿ ਜਹਾਜ ਕਦ
ਲਗੇਗਾ। ਅਮਰੀਕਾ ਦੇ ਏਅਰਪੋਰਟ ਤੇ ਖਾਣ ਪੀਣ ਦੀਆਂ ਦੁਕਾਨਾਂ ਇੰਡੀਆ ਵਾਂਗ ਸਾਰੀ ਰਾਤ
ਖੁਲ੍ਹੀਆਂ ਨਹੀਂ ਰਹਿੰਦੀਆਂ , ਕਈ ਦੁਕਾਨਾਂ ਬੰਦ ਹੋ ਗਈਆਂ ਤੇ ਇੱਕ ਦੋ ਜੋ ਖੁਲ੍ਹੀਆਂ ਸਨ
ਉਨ੍ਹਾਂ ਤੋਂ ਮੈਂ ਭੱਜ ਕੇ ਆਪਣੇ ਲਈ ਕਾਫੀ ਲਿਆਂਦੀ ਤੇ ਬੈਗ ਵਿੱਚ ਕੁੰਮੂ ਦੇ ਬਣਾਏ ਮਫਿਨਸ
ਸਨ , ਤੇ ਮੇਰੀ ਭੁੱਖ ਨੂੰ ਕੁਝ ਰਾਹਤ ਮਿਲੀ ਤੇ ਕਈ ਲੋਕਾਂ ਦੇ ਬੇਚੈਨ ਹੋ ਜਾਣ ਤੇ
ਏਅਰਲਾਇਨਜ਼ ਵਾਲਿਆਂ ਕੁਝ ਸੈਂਡਵਿਚ ਲਿਆਂਦੇ ਤੇ ਜਦ ਉਨ੍ਹਾਂ ਉਹ ਵੰਡਣੇ ਸ਼ੁਰੂ ਕੀਤੇ ਤਾਂ ਫਿਰ
ਭਾਰਤੀ passangers ਦੀ ਸਹੀ ਗਿਣਤੀ ਦਾ ਪਤਾ ਲੱਗਿਆ ਕਿਓਂਕਿ ਉਨ੍ਹਾਂ ਕੋਈ ਵੀ vegiterian
ਚੀਜ਼ ਨਹੀਂ ਸੀ ਮੰਗਵਾਈ । ਇੰਨੇ ਭਾਰਤੀਆਂ ਨੂੰ ਦੇਖ ਕੁਝ ਰਾਹਤ ਮਹਿਸੂਸ ਹੋਈ ਤੇ ਫਿਰ ਜਦ
ਮੈਂ ਆਪਣਾ ਸੈਂਡਵਿਚ ਲੈ ਰਹੀ ਸੀ ਤਾਂ ਅਖੀਰ ਇੱਕ ਪੱਗ ਵਾਲਾ ਬੰਦਾ ਨਜ਼ਰੀਂ ਪਿਆ ਤਾਂ ਫਿਰ
ਜਿਵੇਂ ਮੇਰੇ ਸਾਹ ਵਿੱਚ ਸਾਹ ਆਇਆ ।
ਫਿਰ ਮੈਂਨੂੰ ਆਪਣੇ ਆਪ ਤੇ ਹਾੱਸਾ ਆਇਆ ਕਿ ਸਫਰ ਵਿੱਚ ਤੁਸੀਂ ਕਿਵੇਂ ਅਜੀਬ ਤੇ ਅਜਨਬੀ
ਲੋਕਾਂ ਤੇ ਵਿਸ਼ਵਾਸ਼ ਕਰ ਲੈਂਦੇ ਹੋ ਸਿਰਫ ਇਸ ਕਰ ਕੇ ਕਿ ਉਹ ਤੁਹਾਡੀ ਬੋਲੀ ਬੋਲਦਾ ਹੈ ਜਾਂ
ਤੁਹਾਡੀ ਜਾਤ ਜਾਂ ਕੌਮੀਅਤ ਦਾ ਹੈ । ਇਹ ਵੱਖਰੀ ਗੱਲ ਹੈ ਕਿ ਪੂਰੇ ਸਫਰ ਵਿੱਚ ਮੈਂ ਉਸ ਨੂੰ
ਬੁਲਾਇਆ ਤੱਕ ਨਹੀਂ ਸੀ । ਪਰ ਉਸ ਦੀ ਪੱਗ ਦੇਖ ਮਨ ਵਿਚੋਂ ਅਮਾਨ ਏਅਰ ਪੋਰਟ ਤੇ ਇੱਕਲਿਆਂ
ਹੋਣ ਦਾ ਡਰ ਉੱਡ ਗਿਆ । ਸੋ ਏਅਰ ਪੋਰਟ ਤੇ ਬੈਠ ਕੇ ਉਡੀਕਣਾ ਕੁਝ ਸੌਖਾ ਜਾੱਪਣ ਲੱਗਿਆ। ਫੇਰ
ਇੱਕ ਗੁਜਰਾਤੀ ਕੁੜੀ ਵੀ ਮਿਲ ਗਈ ਜਿਸ ਨੇ ਦਿੱਲੀ ਉਤਰਦਿਆਂ ਹੀ ਅਮਰੀਕਾ ਦੀ embassy ਵਿੱਚ
ਆਪਣੀ immigration ਦੀ ਇੰਟਰਵੀਊ ਦੇਣ ਜਾਣਾ ਸੀ ਤੇ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਉਹ
ਸਮੇਂ ਸਿਰ ਬਿਲਕੁਲ ਨਹੀਂ ਪੁੱਜ ਸਕਦੀ। ਉਸ ਕੁੜੀ ਸਦਕਾ ਮੈਂ ਫਿਰ ਬਿਲਕੁਲ ਹੀ ਇੱਕਲਿਆਂ
ਮਹਿਸੂਸ ਨਹੀਂ ਕੀਤਾ।
ਕੀ ਕਦੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ? ਕਿ ਆਪਣੇ ਇਲਾਕੇ ਦੇ ਬੰਦੇ ਨੂੰ ਦੇਖ ਕੇ
ਲੱਗੇ ਕਿ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ - !
ਤੇ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਤੁਸੀਂ ਕੁਝ ਲੋਕਾਂ ਬਾਰੇ , ਦੇਸ਼ਾਂ ਬਾਰੇ , ਧਰਮਾਂ
ਬਾਰੇ ਫਜ਼ੂਲ ਦੇ ਫਿੱਕਰ ਚੁੱਕੀ ਫਿਰਦੇ ਰਹਿੰਦੇ ਹੋ - ਪਰ ਉਸ ਤਰ੍ਹਾਂ ਦੀ ਕੋਈ ਗੱਲ ਬਿਲਕੁਲ
ਨਹੀਂ ਹੁੰਦੀ। ਜਿਵੇਂ ਕਿ ਮੇਰੀ ਭੈਣ ਤੇ ਉਸ ਵਾਂਗ ਹੋਰ ਵੀ ਬਹੁਤ ਲੋਕ ਹੋਣਗੇ ਜਿਨ੍ਹਾਂ ਨੂੰ
ਮਿਡਲ ਇਸਟ ਦੇ ਦੇਸ਼ਾਂ ਵਿਚੋਂ ਦੀ ਲੰਘਣਾ ਜਾਂ ਸਫਰ ਕਰਨ ਤੋਂ ਥੋੜ੍ਹੀ ਘਬਰਾਹਟ ਹੁੰਦੀ ਹੈ ।
ਪਰ ਜਦ ਮੈਂ ਅਮਾਨ ਪੁੱਜੀ ਤਾਂ ਇੰਨੀ ਆਸਾਨੀ ਨਾਲ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ
ਪੁੱਜੀ ਕਿ ਮੈਂ ਹੈਰਾਨ ਹੀ ਰਹਿ ਗਈ । ਉਨ੍ਹਾਂ ਦੇ ਅਫਸਰ ਬੇਹੱਦ ਹੀ ਨਮਰ , ਦੋਸਤਾਨਾ ਤੇ
ਮਿੱਠ ਬੋਲੜੇ ਸਨ। ਹਾਲਾਂਕਿ ਉਨ੍ਹਾਂ ਕੁਝ ਲੋਕਾਂ ਦੇ ਬੈਗ ਖੋਲ੍ਹ ਕੇ ਵੀ ਦੇਖੇ ਪਰ ਉਨ੍ਹਾਂ
ਸਾਰਾ ਕੰਮ ਇੰਨੀ ਤੇਜ਼ੀ ਤੇ ਸੁਹਣੇ ਢੰਗ ਨਾਲ ਕੀਤਾ ਕਿ ਵਕਤ ਦਾ ਪਤਾ ਵੀ ਨਹੀਂ ਚੱਲਿਆ ।ਤੇ
ਜੇ ਮੈਂ ਕਹਾਂ ਕਿ ਦਿੱਲੀ ਦੇ ਲੋਕਾਂ ਨਾਲੋਂ ਇਹ ਲੋਕ ਕਿਤੇ ਜ਼ਿਆਦਾ ਨਮਰ ਤੇ ਦੋਸਤਾਨਾ ਲਹਿਜੇ
ਨਾਲ ਭਰੇ ਹੋਏ ਸਨ ਤਾਂ ਕੋਈ ਵਧਾਈ ਚੜ੍ਹਾਈ ਗੱਲ ਨਹੀਂ ਹੋਵੇਗੀ । ਮੇਰੇ ਤਜਰਬੇ ਅਨੁਸਾਰ
ਦਿੱਲ੍ਹੀ ਦੀ ਏਅਰਪੋਰਟ ਦੀ ਸਿਕਿਉਰਟੀ ਵਿਚੋਂ ਦੀ ਲੰਘਣਾ ਇੱਕ ਕਿਲ੍ਹਾ ਫਤਿਹ ਕਰਨ ਵਾਂਗ
ਹੁੰਦਾ ਹੈ ; ਜਦ ਤੱਕ ਤੁਸੀਂ ਸਾਰੀਆਂ ਫੋਰਮਲਟੀਜ਼ ਪੂਰੀਆਂ ਕਰ ਨੇ ਲੰਘ ਨਹੀਂ ਜਾਂਦੇ ਤੁਹਾਡੇ
ਅੰਦਰ ਧੂੜਕੂੰ ਜਿਹਾ ਲੱਗਿਆ ਰਹਿੰਦਾ ਹੈ । ਇਹ ਨਹੀਂ ਕਿ ਉਹ ਤੁਹਾਨੂੰ ਤੰਗ ਕਰਦੇ ਹਨ ਪਰ
ਜਿਹੜੀ ਗੱਲ ਸਭ ਤੋਂ ਵੱਧ ਮੈਂਨੂੰ ਬੋਦਰ ਕਰਦੀ ਹੈ ਉਹ ਹੈ ਉਨ੍ਹਾਂ ਦੇ ਤਣੇ ਹੋਏ ਚਿਹਰੇ -
ਮਜ਼ਾਲ ਹੈ ਕਿ ਕੋਈ ਛੋਟੀ ਮੋਟੀ ਮੁਸਕਾਨ ਉਨ੍ਹਾਂ ਦੇ ਚਿਹਰੇ ਜਾਂ ਹੋਠਾਂ ਨੂੰ ਛੂਹ ਵੀ ਜਾਵੇ।
ਤੇ ਇਹੀ ਸਾਰਾ ਕੁਝ ਅਮਾਨ ਵਾਲਿਆਂ ਇੰਝ ਕੀਤਾ ਜਿਵੇਂ ਤੁਸੀਂ ਆਪਣੇ ਹੀ ਘਰ ਆਏ ਹੋਵੋ।
ਜਹਾਜ ਵਿੱਚ ਮੈਂਨੂੰ ਨੀਂਦ ਘੱਟ ਹੀ ਆਉਂਦੀ ਹੈ ਤੇ ਮੈਂ ਸੋਚਣ ਲੱਗ ਪਈ ਕਿ ਕਿਵੇਂ ਹਰ ਨਵੇਂ
ਹਾਲਾਤ ਨਾਲ ਮੇਰੀ ਸੋਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਂਦੀ ਰਹੀ ਹੈ। ਪਹਿਲਾਂ ਤਾਂ ਮੈਂ
ਪੱਗ ਵਾਲੀ ਗੱਲ ਤੇ ਸੋਚਣਾ ਸ਼ੁਰੂ ਕੀਤਾ - ਇਹ ਤੇ ਪੱਕੀ ਗੱਲ ਹੈ ਕਿ ਤੁਹਾਡਾ ਮਨ ਕਦੀ ਵੀ
ਕਿਸੇ '-ism' ਤੋਂ ਖਾਲੀ ਨਹੀਂ ਹੁੰਦਾ , ਤੁਸੀਂ ਹਮੇਸ਼ਾ ਇੱਕ ਪਹਿਲਾਂ ਤੋਂ ਹੀ ਸੋਚੇ ਹੋਏ
ਖਿਆਲ ਜਾਂ ਸੋਚ ਨਾਲ ਤੁਰਦੇ ਹੋ - ਆਦਮੀ ਦਾ ਮਨ ਇੰਨਾਂ ਡਰਪੋਕ ਹੈ ਕਿ ਉਹ ਕਦੀ ਆਪਣੇ ਮਨ
ਨੂੰ ਸ਼ੀਸ਼ੇ ਵਾਂਗ ਸਾਫ਼ ਨਹੀਂ ਰਖੱਦਾ, ਕਦੀ ਵੀ ਖਾਲੀ ਨਹੀਂ ਹੋ ਸਕਦਾ ; ਕੁਝ ਨਾ ਕੁਝ ਉਹ
ਫੜ੍ਹੀ ਰੱਖਣਾ ਚਾਹੁੰਦਾ ਹੈ । ਕਦੀ ਕਦੀ ਇਹ prejudice ਕੱਟੜ ideology ਬਣ ਜਾਂਦਾ ਹੈ,
ਪਰ ਇਹ ਹਮੇਸ਼ਾ ਕਿਸੇ ideology ਕਰ ਕੇ ਵੀ ਨਹੀਂ ਬਣਦਾ ਬਲਕਿ ਸ਼ਾਇਦ ਇਹ ਮਨੁੱਖੀ ਲੋੜ ਹੁੰਦੀ
ਹੈ ਕਿ ਆਪਣਿਆਂ ਵਰਗਿਆਂ ਵਿੱਚ ਹੀ ਜਿਉਣਾ, ਕਿਓਂਕਿ ਤੁਸੀਂ ਉਨ੍ਹਾਂ ਨੂੰ ਜਾਣਦੇ ਹੀ ਹੁੰਦੇ
ਹੋ ਤੁਹਾਡੇ ਮਨ ਨੂੰ ਕੋਈ ਨਵਾਂ ਕੋਨਸੈਪਟ ਨਹੀਂ ਬਣਾਉਣਾ ਪੈਂਦਾ, ਤੁਹਾਨੂੰ ਕੋਈ ਨਵਾਂ ਰਾਹ
ਨਹੀਂ ਲੱਭਣਾ ਹੁੰਦਾ - ਰਸਤਾ ਸਾਫ਼ ਨਜ਼ਰ ਆਉਂਦਾ ਹੈ । ਇਸ ਵਿੱਚ ਕੋਈ ਗੱਲ ਗਲਤ ਵੀ ਨਹੀਂ -
ਆਖਿਰ ਅਸੀਂ ਇਨਸਾਨ ਹੀ ਤਾਂ ਹਾਂ । ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਅੰਦਰ ਹੀ ਅੰਦਰ ਦੂਜੇ
ਬਾਰੇ ਇਹ ਨਜ਼ਰੀਆ ਅਪਣਾ ਲਿਆ ਹੈ ਕਿ ' ਉਹ ' ਚੰਗਾ ਹੈ ਕਿਓਂਕਿ ਸਾਡੇ ਨਾਲ ਉਹ ਮਿਲਦਾ ਜੁਲਦਾ
ਹੈ ਜਿਵੇਂ ਕਿ ਕਿਸੇ ਦੇ ਪੱਗ ਬੰਨ੍ਹੀ ਹੋਈ ਹੈ ਜਾਂ ਕੜਾ ਪਾਇਆ ਹੋਇਆ ਹੈ । ਇਸ ਦਾ ਇਹ ਮਤਲਬ
ਵੀ ਲਿਆ ਜਾ ਸਕਦਾ ਕਿ ਅਸੀਂ ਆਪਆਂ ਦੀ ਪਰਵਾਹ ਕਰਦੇ ਹਾਂ ਤੇ ਉਨ੍ਹਾਂ ਬਾਰੇ ਠੀਕ ਰਾਏ ਲੈ ਕੇ
ਹੀ ਤੁਰਦੇ ਹਾਂ। ਕੋਈ ਮਾੜੀ ਗੱਲ ਨਹੀਂ ਹੈ ।
ਪਰ ਦੂਜੇ ਪਾਸੇ ਉਹ ਲੋਕ ਜੋ ਤੁਹਾਡੇ ਨਾਲੋਂ ਅੱਡ ਨੇ , ਵੱਖਰੇ ਨੇ , ਉਨ੍ਹਾਂ ਲਈ ਅਸੀਂ
ਬਿਨਾ ਮਤਲਬ ਤੋਂ ਸ਼ੱਕ ਲੈ ਕੇ ਤੁਰਦੇ ਹਾਂ ; ਤੇ ਕਦੀ ਕਦੀ ਇਹ ਸ਼ੱਕ ਅਣਸੁਖਾਵੇਂ ਹਾਲਾਤਾਂ
ਵਿੱਚ ਨਫਰਤ ਵਿੱਚ ਵੀ ਬਦਲ ਜਾਂਦਾ ਹੈ । ਮਨੁੱਖੀ ਵਿਓਹਾਰ ਦਾ ਸਭ ਤੋਂ ਘਿਨਾਉਣਾ ਗੁਣ ਜੋ
ਤਕਰੀਬਨ ਸਾਡੇ ਹਰ ਇੱਕ ਵਿੱਚ ਮੌਜੂਦ ਹੈ, ਉਹ ਇਹ ਹੈ ਕਿ ਕੋਈ ਵੀ ਜੋ ਸਾਡੇ ਨਾਲੋਂ ਅੱਡ ਹੈ
, ਵੱਖਰਾ ਹੈ , ਭਿੰਨ੍ਹ ਹੈ; ਉਸ ਨੂੰ ਹਮੇਸ਼ਾ ਗੈਰ ਸਮਝ ਕੇ ਸ਼ੱਕ ਦੀ ਨਜ਼ਰ ਨਾਲ ਤੱਕਣਾ। ਉਸ
ਵੱਖਰੇ ਕਿਸਮ ਦੇ ਇਨਸਾਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਿਆਂ , ਉਸ ਨਾਲ ਨਫਰਤ ਕਰ ਸਕਣ ਦੀ
ਸੰਭਾਵਨਾ ਸਾਡੇ ਸਾਰਿਆਂ ਵਿੱਚ ਮੌਜੂਦ ਹੈ ਤੇ ਇਹ ਨਫਰਤ ਤੇ ਇਹ ਸ਼ੱਕ ਕਿਸੇ ਹੱਦ ਤੱਕ ਕੋਈ ਨਾ
ਕੋਈ ਰੂਪ ਇਖਤਿਆਰ ਕਰ ਹੀ ਲੈਂਦਾ ਹੈ ।
ਆਪਣੇ ਵਰਗਿਆਂ ਤੇ ਆਪਣੇ ਹੀ ਕਿਸਮ ਦੇ ਲੋਕਾਂ ਦੇ ਗਰੁਪ ਜਾਂ ਕਬੀਲੇ ਬਣਾ ਕੇ ਜਿਉਣ ਦੀ ਸਾਡੀ
ਸਦੀਆਂ ਪੁਰਾਣੀ ਆਦਤ ਨੇ ਸਾਡਾ ਕਦੀ ਖਹਿੜਾ ਨਹੀਂ ਛੱਡਿਆ ਜਿਸ ਕਰ ਕੇ ਦੁਨੀਆ ਵਿੱਚ ਹਮੇਸ਼ਾ
ਹੀ ਲੜਾਈ ,ਝਗੜੇ ਤੇ ਮਾਰ ਕੁਟਾਈ ਦੇ ਮੌਕੇ ਬਣਦੇ ਰਹੇ । ਨਸਲੀ ਵਿਤਕਰਿਆਂ ਨੇ human
species ਨੂੰ ਹਮੇਸ਼ਾ ਵੰਡੀ ਰਖਿੱਆ ਤੇ ਮਨੁੱਖਤਾ ਨੂੰ ਕਦੀ ਇੱਕ ਨਹੀਂ ਹੋਣ ਦਿੱਤਾ।
ਤੇ ਸੱਚ ਤਾਂ ਇਹ ਹੈ ਕਿ ਅਸਲੀ ਆਜ਼ਾਦੀ ਨਾਲ ਸਾਨੂੰ ਜਿਉਣਾ ਆਇਆ ਹੀ ਨਹੀਂ। ਅਸੀਂ ਸਿਰਫ
ਆਜ਼ਾਦੀ ਦੀ ਗੱਲ ਕਰਦੇ ਹਾਂ , ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਜਿਉਂਦੇ ਹਾਂ ਖੁਦ
ਨੂੰ prejudices ਨਾਲ ਤੁੰਨ ਕੇ , ਆਪਣੇ ਆਪ ਨੂੰ opinions ਨਾਲ ਭਰ ਕੇ , ਤੇ ਮਜ਼ੇ ਦੀ
ਗੱਲ ਤਾਂ ਇਹ ਹੈ ਕਿ ਇਹ prejudices , ਇਹ ਸੋਚ ਸਾਡੀ ਆਪਣੀ ਵੀ ਨਹੀਂ ਹੁੰਦੀ - ਇਹ ਸਾਨੂੰ
ਸਮਾਜ ਵੱਲੋਂ ਮਿਲੀ ਹੁੰਦੀ ਹੈ - ਅਸੀਂ ਡਰਪੋਕ ਹਾਂ - ਖੁਦ ਆਪਣਾ ਰਾਹ ਲੱਭ ਕੇ ਤੁਰਨ ਨਾਲੋਂ
ਅਸੀਂ ਸਮਾਜ ਵੱਲੋਂ ਬਣੇ ਬਣਾਏ ਮਾਪ ਦੰਡਾਂ ਨੂੰ ਆਪਣੀ ਜ਼ਿੰਦਗੀ ਦੀ ਮੰਜ਼ਿਲ ਮੰਨ , ਆਪਣੀ
ਜ਼ਿੰਦਗੀ ਦੀ ਆਪਣੇ ਹੱਥੀਂ ਕੱਟ ਵੱਢ ਕਰਦੇ ਰਹਿੰਦੇ ਹਾਂ ਤਾਂ ਜੋ ਅਸੀਂ ਉਨ੍ਹਾਂ ਮਾਪ ਦੰਡਾ
ਦੇ ਮਾਪ ਆ ਜਾਈਏ - ਸਭ ਤੋਂ ਵੱਧ ਬੇਵਫਾਈ ਤੇ ਵੱਧ ਜ਼ੁਲਮ ਅਸੀਂ ਖੁਦ ਨਾਲ ਕਰਦੇ ਹਾਂ !
-0-
|