Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 
Online Punjabi Magazine Seerat


ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ
- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਸੁਧਾਰ)

 

ਨਾਨਕਾ ਪਿੰਡ ਦੀ ਸਰਘੀ ਤੋਂ ਆਥਣ ਤੱਕ ਦੇ ਸਮੇਂ ਅੱਜ ਬੱਲੀ ਨੂੰ ਇੱਕ ਵਿਲੱਖਣ ਯੁੱਗ ਲੱਗਦੈ। ਉਸ ਦੀ ਝਲਕ ਬੱਲੀ ਦੀ ਸਿਮ੍ਰਤੀ ‘ਚ ਡੂੰਘੀ ਉਕਰੀ ਹੋਈ ਹੈ। ਧਨੀਰਾਮ ਚਾਤ੍ਰਿਕ ਦੀ ਕਵਿਤਾ 'ਚਿੜੀ ਚੂਕਦੀ ਨਾਲ ਜਦ ਤੁਰੇ ਪਾਂਧੀ ਪਈਆਂ ਦੁੱਧ ‘ਚ ਮਧਾਣੀਆਂ ਨੀ...' ਦਾ ਬੰਦ ਬੱਲੀ ਦੇ ਉਸ ਸੁੱਤੇ ਅਤੀਤ ਨੂੰ ਟੁੰਬ ਜਗਾ ਦਿੰਦਾ। ਮੁਢਲੇ ਜੀਵਨ ‘ਚ ਸੁਣੀਆਂ ਬਾਤਾਂ ਦਾ ਝੁਰਮਟ ਮੀਂਹ ਵਾਂਗ ਝਰਨ ਲਈ ਕਾਹਲਾ ਪੈ ਜਾਂਦੈ। ਕਲਮ ਵੀ ਉਨ੍ਹਾਂ ਨੂੰ ਕਲਮਬੰਦ ਕਰਨ ਲਈ ਅੰਗੜਾਈਆਂ ਲੈਣ ਲੱਗ ਪੈਂਦੀ ਅਤੇ ਵੰਗਾਰਦੀ: ਚੱਲ ਲਿਖ ਲੈ! ਹੁਣ ਲਿੱਖਣ ਦਾ ਵੇਲ਼ਾ ਈ, ਨਈਂ ਤਾਂ ਸਮੇਂ ਨੇ ਕੰਨੀ ਖਿਸਕਾ ਜਾਣੀ ਈ ... ਇਸ ਜਿ਼ੰਦਗੀ ਦਾ ਕੀ ਭਰੋਸਾ ... ਰੂਹ ਤੇਰੀ ਨੇ ਉੱਡ ਜਾਣਾ ਜਿਉਂ ਉਡਦੀ ਧੂੜ ਕਾਹੀ ਦੀ ...।
ਵੱਡੇ ਕੁੱਕੜ ਬਾਂਗਾਂ ਦੇ ਚੁੱਕੇ ਹਨ। ਪਹਿਲੀ ਬਾਂਗ ਤਾਂ ਬਹੁਤੇ ਲੋਕਾਂ ਨੂੰ ਘੱਟ ਵੱਧ ਹੀ ਸੁਣਦੀ। ਪਰ ਉਦਮੀ ਕਾਮੇ ਉੱਠ ਪੈਂਦੇ। ਆਮ ਤੌਰ ਤੇ ਵਡੇਰੇ ਕੁੱਕੜ ਅੱਧੀ ਰਾਤ ਦੇ ਕੁਝ ਚਿਰ ਬਾਅਦ ਦੇ ਦਿੰਦੇ। ਹਲ਼ਾਂ ਵਾਲੇ ਤਾਂ ਵਹਿੰਗੀਆਂ, ਖਿੱਤੀਆਂ ਨੂੰ ਦੇਖ ਹਲ਼ ਜੋੜ ਖੇਤਾਂ ਵੱਲ ਠਿੱਲ ਪੈਂਦੇ। ਸੌਣ ਭਾਦੋਂ ਦੀ ਤਿੱਖ਼ੀ ਧੁੱਪ ਤੋਂ ਪਹਿਲਾਂ ਪਹਿਲਾਂ, ਮੂੰਹ ਝਾਖ਼ਰੇ ਤਾਰਿਆਂ ਦੀ ਲੋਅ ‘ਚ ਹੀ ਉਹ ਕੁਝ ਰੈਅਲ਼ਾਂ ਮਾਰ ਲੈਣਾ ਚਾਹੁੰਦੇ। ਮੁਕਾਬਲੇਬਾਜ਼ੀ ‘ਚ ਬੌਲਦਾਂ ਦੀਆਂ ਘੁੰਗਰੂਆਂ, ਟੱਲੀਆਂ ਵਾਲੀਆਂ ਹਰਮੇਲਾਂ ਨੂੰ ਚੁੱਪ ਰੱਖਣ ਲਈ ਉਹ ਉਨ੍ਹਾਂ ਦੁਆਲੇ ਪਰਨੇ ਲਵੇਟ ਦਿੰਦੇ। ਮਤੇ ਆਂਢੀਆਂ ਗੁਆਂਢੀਆਂ ਦੀ ਜਾਗ ਨਾ ਖੁੱਲ੍ਹ ਜਾਵੇ। ਨਿਰੋਲ ਮੁਕਾਬਲੇਬਾਜ਼ੀ! ਲੇਟ ਉੱਠੇ ਕੋਲੋਂ ਦੀ ਲੰਘਦੇ ਸ਼ਰੀਕ ਉਨ੍ਹਾਂ ਦੇ ਉਦਮ ਦੀ ਸਰਾਹਣਾ ਕਰਦੇ: ਵਾਹ ਬਈ, ਬੱਲੇ ਬਈ, ਨਈਂ ਰੀਸਾਂ ਲੰਬੜਾਂ ਦੀਆਂ ... ਅੱਧਾ ਕੰਮ ਤਾਂ ਤੁਸੀਂ ਮੁਕਾਈ ਫਿਰਦੇ ਓਂ ... ਬਥੇਰਾ ਮਿੰਦਰ ਨੂੰ ਕਿਹਾ ਸੌਹਰਿਆ ਸਾਜਰੇ ਉੱਠਿਆ ਕਰ ... ਕੜਕਦੀ ਧੁੱਪ ‘ਚ ਕਾਹਨੂੰ ਆਪ ਵੀ ਤੇ ਬੌਲਦਾਂ ਨੂੰ ਭੁੰਨਦੈਂ ... ਬਾਹਲਾ ਈ ਸੌਰਾ ਆਲਸੀ ਏ..."।
ਹੁਣ ਤਾਂ ਚਾਰ ਚੁਫੇਰੇ ਬਾਂਗਾਂ ਦੀਆਂ ਅਵਾਜ਼ਾਂ ਆ ਰਹੀਆਂ ਨੇ। ਛੋਟੇ ਵੀ ਬਾਂਗਾਂ ਦੇ ਦੇ ਵੱਡਿਆਂ ਨੂੰ ਵੰਗਾਰ ਰਹੇ ਨੇ। ਬਾਪੂ ਸਾਡੀ ਵੀ ਬਾਂਗ ਹੁਣ ਰਵਾਂ ਹੋ ਰਹੀ ਆ। ਸਾਨੂੰ ਐਵੇਂ ਨਾ ਸਮਝੀਂ। ਅਸੀਂ ਵੀ ਹੁਣ ਤੇਰੇ ਸਾਹਮਣੇ ਖੰਭ ਫੜਫੜਾਉਣ ਵਾਲੇ ਹੋ ਗਏ ਹਾਂ। ਭਾਵੇਂ ਤੇਰੀ ਧਾਂਕ ਤਾਂ ਹਾਲੀ ਸਾਡੇ ਤੋਂ ਝੱਲੀ ਨਹੀਂ ਜਾਂਦੀ। ਓਨੀ ਦੇਰ ਤੇਰਾ ਈ ਰਾਜ ਰਹੂ ਜਿੰਨਾ ਦੇਰ ਤੂੰ ਸਾਡੇ ਤੋਂ ਝਿਪਣ ਲੱਗ ਪਿਆ। ਇੱਕ ਦਿਨ ਤੈਨੂੰ ਬੱਬਰ ਸ਼ੇਰਾਂ ਵਾਂਗ ਵਾਨਪ੍ਰਸਤ ਹੋਣਾ ਦੀ ਪੈਣਾ ਏਂ। ਜਾਹ ਨੀਂ ਅਨਹੋਣੀਏ! ਕੱਲ ਤਾਂ ਅਸੀਂ ਬਚ ਗਏ ਸੀ। ਫੁੱਫੜ ਆਇਆ ਹੋਇਆ ਸੀ। ਅਨਬਾਂਗੇ ਕੁੱਕੜਾਂ ਨੂੰ ਵੇਖ ਕਹਿੰਦਾ 'ਭਾਈਆ ਇਹ ਤਾਂ ਹੁਣ ਖਾਣ ਲਈ ਵਧੀਆ ਹੋਣਗੇ। ਬੁੱਢੇ ਕੁੱਕੜ ਦਾ ਮਾਸ ਗਲ਼ਦਾ ਈ ਨਈਂ।' ਮੈਂ ਤਾਂ ਫੁਰਤੀ ਨਾਲ ਫੜਿਆ ਨਹੀਂ ਗਿਆ ਸੀ ਪਰ ਮੇਰੇ ਤੋਂ ਛੋਟੇ ਦੋ ਅਨਬਾਂਗੇ ਕਾਬੂ ਆ ਗਏ। ਉਹਨਾਂ ਦੀਆਂ ਹੱਡੀਆ ਨੇ ਰਾਤ ਡੱਬੂ ਦੀਆਂ ਵਾਹਵਾ ਮੌਜਾਂ ਲਾ ਦਿੱਤੀਆਂ।
ਲਉ ਹੁਣ ਚਾਟੀਆਂ ‘ਚ ਮਧਾਣੀਆਂ ਪੈ ਗਈਆਂ ਜੇ। ਲਵੇਰਿਆਂ ਵਾਲੇ ਘਰੀਂ ਮਧਾਣੀਆਂ ਦਾ ਸੰਗੀਤ ਫਿਜ਼ਾ ‘ਚ ਘੁਲਣ ਲੱਗ ਪਿਐ। ਵੱਡੀਆਂ ਮਾਈਆਂ ਨੇ ਤਾਂ ਸਵੱਖਤੇ ਲੰਬੇ ਪੈਂਡੇ ਪੈਣ ਵਾਲਿਆਂ ਨੂੰ ਅਧਰੇੜਕੇ ਦੇ ਛੰਨ ਪਿਆ ਤੋਰ ਦਿੱਤਾ ਹੋਇਐ। ਕਿਸੇ ਨੇ ਜਿ਼ਲਾ ਕਚਿਹਰੀ ‘ਚ ਜਾਣ ਲਈ ਪੰਜ, ਛੇ ਕੋਹ ਮਾਰ ਕੇ ਕਿਲਾ ਸੋਭਾ ਸਿੰਘ ਤੋਂ ਗੱਡੀ ਫੜਨੀ ਹੁੰਦੀ। ਵੈਲੀ ਮੁੰਡੇ ਦੀ ਦੂਜੀ ਪੇਸ਼ੀ ‘ਤੇ ਕਚਿਹਰੀ ਪਹੁੰਚਣ ਲਈ। ਫਿਕਰਮੰਦ ਬੇਬੇ ਨੇ ਚੋਖੇ ਪਰਾਉਂਠੇ ਤੇ ਅਚਾਰ ਵੀ ਲੜ ਬੰਨ੍ਹ ਦਿੱਤੇ। ਸਾਰਾ ਦਿਨ ਬਾਬੇ ਦੇ ਕੰਮ ਆਉਣਗੇ ਅਤੇ ਨਾਲੇ ਪੁੱਤ ਵੀ ਘਰ ਦੇ ਲੁਸ-ਲੁਸ ਕਰਦੇ ਪਰਾਉਂਠੇ ਖਾ ਲਊ। ਜੇਲ੍ਹ ਦੇ ਸੁੱਕੇ ਡਖੱਲ੍ਹ ਤਾਂ ਉਂ ਹੀ ਮੇਰੇ ਪਲੇਠੀ ਦੇ ਲਾਡਲੇ ਦੀਆਂ ਜਾਬਾਂ ਤੋਂ ਹੇਠਾਂ ਨਹੀਂ ਲਹਿੰਦੇ ਹੋਣੇ। ਦੁੱਧ ਮੱਖਣ ਨਾਲ ਪਲੇ਼ ਮੇਰੇ ਪੁੱਤ ਦੀਆਂ ਜਾਬਾਂ ਨਿਕਲ ਆਈਆਂ ਹੋਈਆਂ ਨੇ। ਤਹਿਸੀਲੀਂ ਜਾਣ ਵਾਲੇ ਵੀ ਤੁਰ ਪਏ। ਨਾਨਾ ਤਾਂ ਤਾਰਿਆਂ ਦੀ ਲੋਅ ‘ਚ ਹੀ ਚੱਲ ਪੈਂਦਾ ਹੁੰਦਾ ਸੀ ਜਦੋਂ ਉਨ੍ਹੇ ਤੀਹ-ਚਾਲੀ ਕੋਹ ਪੈਂਡਾ ਮਾਰ ਵੱਡੀ ਬੀਬੀ ਕੋਲ ਗੁਜਰਾਂਵਾਲੇ ਜਾਣਾ ਹੁੰਦਾ। ਉਹ ਸਿੱਧਾ ਹੀ ਗੁਜਰਾਂਵਾਲੇ ਨੂੰ ਤੁਰ ਪੈਂਦਾ। ਸਿਆਲਕੋਟ ਨੂੰ ਪਾਸੇ ਛੱਡ ਦਿੰਦਾ। ਸ਼ਾਮ ਢਲ਼ੇ ਨੂੰ ਧੀ ਦਾ ਸਿਰ ਜਾ ਪਲੋਸਦਾ। "ਐਵੇਂ ਲੋਕ ਕਹਿੰਦੇ ਨੇ ਏਡੀ ਦੂਰ ਕਾਹਨੂੰ ਵਿਆਹ ਦਿੱਤੀ ਈ ਚਾਚਾ ਕੁੜੀ! ਖੂਹ ਜਿੱਡਾ ਡੂੰਘਾ ਪੈਂਡਾ ਹੈ। ਉਸ ਵਿਚਾਰੀ ਨੂੰ ਪ੍ਰਦੇਸਣ ਈ ਬਣਾ ਦਿੱਤਾ ਹੋਇਆ ਈ। "ਹਾਂ ਪ੍ਰਦੇਸ ਸੁੱਟ ਦਿੱਤਾ ... ਉਹ ਕਾਹਦੀ ਪ੍ਰਦੇਸਣ ਹੋਈ ... ਆਹ ਪਿਆ ਲੱਧੇਵਾਲਾ ਵੜੈਚਾਂ ਦਾ ... ਬੰਦੇ ਦੇ ਲੱਤਾਂ ‘ਚ ਹਿੰਮਤ ਹੋਣੀ ਚਾਹੀਦੀ ਹੈ ... ਜਿੰਨਾ ਪੈਂਡਾ ਤੁਸੀਂ ਕਿਲ਼ੇ ਨੂੰ ਜਾਣ ਲਈ ਮਾਰਦੇ ਓ ... ਗੱਡੀ ਫੜਨ ਲਈ ... ਸਿੱਧੇ ਰਾਹੇ ਤੁਰਿਆ ਬੰਦਾ ਤੀਜਾ ਹਿੱਸਾ ਪੰਧ ਮੁਕਾ ਲੈਂਦਾ ... ਕਲਾਸਵਾਲਾ ਲੰਘਦਿਆਂ ਈ ਡਸਕਾ ... ਤੇ ਫਿਰ ਦਿਨ ਢਲ਼ਦੇ ਨੂੰ ਕੁਜਰਾਂਵਾਲਾ ਟੱਪ ਜਾਈਦੈ ...। ਤੁਸੀਂ ਉਹਤੋਂ ਛੋਟੀ ਨਾਮ੍ਹੋ ਨੂੰ ਵੀ ਕਹਿੰਦੇ ਹੋ ਦੂਰ ਹੈ। ਸਰਘੀ ਵੇਲੇ ਉੱਠ ... ਸਿੱਧਾ ਨਾਲਾ ਡੇਕ ਲੰਘ ਪਸਰੂਰ - ਸਿਆਲਕੋਟ ਵਾਲੀ ਸੜਕੇ ਪੈ ਭੱਤੇ ਵੇਲੇ ਗੁੰਨੇ ਕੁੜੀ ਕੋਲ ਜਾ ਰਹੀਦੈ ... ।"
ਆ ਲਓ ਹੋ ਗਿਆ ਜੇ ਪਹੁਫੁਟਾਲਾ। ਸਰਘੀ ਦੀ ਸੁਰਖ਼ ਲੋਅ ਚੜ੍ਹਦੇ ਵੱਲੋਂ ਆਸਮਾਨ ‘ਤੇ ਲਾਲਗੀ ਦੀ ਭਾਅ ਛੱਡਣ ਲੱਗ ਪੈਂਦੀ। ਚਿੱਟੇ ਘੱਗਰਿਆਂ ਵਾਲੀਆਂ ਸੁਆਣੀਆਂ ਬਾਲਟੀ, ਦੋਹਣੀਆਂ, ਗੜਵੇ ਚੁੱਕ ਧਾਰਾਂ ਕੱਢਣ ਹਵੇਲੀਆਂ ਵੱਲ ਤੁਰ ਪੈਂਦੀਆਂ। ਗੁਰਮੁਖ ਲੋਕ ਵਾਹਿਗੁਰੂ ਵਾਹਿਗੁਰੂ ਸਿਮਰਦੇ ਗੁਰਦੁਵਾਰੇ ਵੱਲ ਤੁਰ ਪੈਂਦੇ। ਉਨ੍ਹਾਂ ਨੇ ਵੱਡੇ ਤੜਕੇ ਹੀ ਖੂਹਾਂ ਤੋਂ ਇਸ਼ਨਾਨ ਕਰ ਲਏ ਹੁੰਦੇ। ਕੋਈ ਰਿਕਾਰਡਿੱਡ ਡੀਵੀਡੀਆਂ ਦੇ ਰੌਲ਼ੇ ਨਹੀਂ ਸਨ ਹੁੰਦੇ। ਭਾਈ ਦਾ ਸੰਖ ਵੱਜ ਚੁੱਕਿਆ ਹੁੰਦਾ। ਮਸੀਤ ਤੋਂ ਬਾਂਗ ਸੁਣ ਗਈ ਹੁੰਦੀ। ਮੰਦਰ ਦੀਆਂ ਟੱਲੀਆਂ ਵੱਜ ਗਈਆਂ ਹੁੰਦੀਆਂ। ਸਵੇਰ ਹੋਣ ਤੋਂ ਪਹਿਲਾਂ ਵੰਨ-ਸਵੰਨੇ ਪੰਛੀ ਆਪਣੀਆਂ ਸੁਰੀਲੀਆਂ ਅਤੇ ਕੀਲਵੀਂਆਂ ਆਵਾਜ਼ਾਂ ਨਾਲ ਨਵੇਂ ਚੜ੍ਹਦੇ ਦਿਨ ਦੇ ਜਸ਼ਨ ਮਨਾਉਂਦੇ ਲੱਗ ਪਏ। ਕਿਨਾਂ ਸੋਹਣਾ ਕੀਰਤਨ ਕੰਨਾਂ ਰਸ ਘੋਲਦਾ। ਸੰਘਣੀਆਂ ਝਿੜੀਆਂ ‘ਚੋਂ ਚਿੜੀਆਂ ਆਪਣੇ ਗੀਤਾਂ ਨਾਲ ਸੂਰਜ ਦੇਵਤੇ ਦਾ ਸਵਾਗਤ ਕਰਨ ਲੱਗ ਪੈਂਦੀਆਂ। ਘੁੱਗੀ ਅੱਠਵੇਂ ਪਹਿਰ ਦੀ 'ਕੂੰ ਕੂੰ, ਕੂੰ...' ਸੁਣਾ ਚੁੱਕੀ ਹੈ। ਜੀਵਨ ਦੀ ਚਾਹਤ ਲਈ ਆਮ ਜਿ਼ੰਦਗੀ ਦੇ ਅਨੇਕਾਂ ਦ੍ਰਿਸ਼ ਬਣਦੇ ਹਨ। ਫਿਰ ਰਾਹਾਂ ਦੀ ਰੌਣਕ ਵਧਣ ਲੱਗਦੀ ਹੈ। ਆਪਣੇ ਆਪਣੇ ਘਰੋਂ ਪੂਰੇ ਲੈਸ ਹੋ ਕੇ ਲੋਕ ਨਿਕਲਦੇ ਹਨ, ਦੁਨੀਆਂ ਦੇ ਅਖਾੜੇ ਵਿੱਚ। ਰਾਹ ਦੀਆਂ ਕਿੰਨੀਆਂ ਹੀ ਝਾਕੀਆਂ, ਨਜ਼ਾਰੇ ਅਤੇ ਕਿੰਨੇ ਹੀ ਅਨੁਭਵ, ਘਰ ਪਰਤ ਕੇ ਸਭ ਨਾਲ ਸਾਂਝਾ ਕਰਨ ਲਈ ਬੜਾ ਕੁਝ ਉਹ ਆਪਣੀ ਝੋਲੀ ‘ਚ ਪਾ ਲਿਆਉਂਦੇ।
ਇਸ ਮੌਕੇ ‘ਤੇ ਖੁਸ਼ਬੂਆਂ ਲੱਦੀ ਪੌਣ ਨੂੰ ਪੁੱਛਿਆ, "ਕਿੱਥੋਂ ਲੱਦ ਲਿਆਂਦੀਆਂ ਨੀ ਸੁਗੰਧੀਆਂ?" ਜਾਣੋਂ ਉੱਤਰ ਸੀ, "ਰਾਹ ਵਿੱਚ ਆਉਂਦਾ ਹਰ ਬੂਟਾ, ਹਰ ਟਾਹਣੀ, ਹਰ ਫ਼ੁੱਲ ਖਿੜੇ ਮੱਥੇ ਮਹਿਕ ਵੰਡਣ ਲਈ ਖੜ੍ਹਾ ਸੀ। ਜੋ ਜੋ ਕਿਸੇ ਨੇ ਭੇਟਿਆ ਮੈਂ ਚੁੱਕੀ ਆਈ।" ਫਿਰ ਪੁੱਛਣ ਨੂੰ ਸੀ, "ਕਿਹੜੇ ਕਿਹੜੇ ਫੁੱਲ ਨੇ ਕਿੰਨਾ ਕਿੰਨਾ ਆਪਾ ਵੰਡਾਇਆ?" ਉੱਤਰ ਬੜਾ ਸਪੱਸ਼ਟ ਸੀ: ਖੁਸ਼ਬੂ ਦੀ ਲੁੱਟ ਮਚਾ ਕੇ, ਪਿੱਛੋਂ ਪਲ ਭਰ ਲਈ ਵੀ, ਕੋਈ ਫੁੱਲ ਆਪਣਾ ਕੀਤਾ ਨਹੀਂ ਜਤਾਉਂਦਾ। ਆਪਣੀ ਨਿਵੇਕਲੀ ਸੁਗੰਧ ਦੀ ਵੀ ਕੋਈ ਗੱਲ ਨਹੀਂ ਕਰਦਾ। ਫੁੱਲ ਤਾਂ ਜਿਵੇਂ ਕਹਿੰਦਾ ਹੈ: ਜੋ ਦਿੱਤਾ ਸੋ ਦਿੱਤਾ। ਮਹਿਕ ਦੀਆਂ ਕਾਹਦੀਆਂ ਵੰਡੀਆਂ।
ਹੁਣ ਤਾਂ ਮਹਿਰੇ ਵੀ ਵਹਿੰਗੀਆਂ ‘ਤੇ ਘੜੇ ਰੱਖ ਖੂਹੀਆਂ ਵੱਲ ਤੁਰ ਪਏ ਹਨ। ਰਮਜ਼ਾਨ ਦਾ ਖਰਾਸ ਵੀ ਚੱਲ ਪਿਆ ਹੈ। ਲੰਬੜਾਂ ਦੇ ਖੂਹ ਦੇ ਤੁੱਕਿਆਂ ਦੀ ਆਵਾਜ਼ ਤਾਂ ਕਾਫੀ ਚਿਰ ਤੋਂ ਕੰਨੀਂ ਪੈ ਰਹੀ ਸੀ। ਉਦਮੀ ਬੰਦਿਆਂ ਤੇ ਬੀਬੀਆਂ ਤਾਂ ਮੂੰਹ ਝਾਖਰੇ ਈ ਜੰਗਲ ਪਾਣੀ ਜਾ, ਖੂਹ ਤੋਂ ਇਸ਼ਨਾਨ ਕਰ ਆਈਆਂ ਹੋਈਆਂ ਸਨ। ਸਕੂਲੀਂ ਜਾਣ ਵਾਲੇ ਮੁੰਡੇ ਵੀ ਖੂਹਾਂ ਨੂੰ ਭੱਜ ਪਏ। ਬਾਲ ਵਰੇਸੇ ਬਿਸਤਰਾ ਛੱਡਣਾ ਕਿਹੜਾ ਸੌਖਾ ਹੁੰਦੈ। ਕੁਝ ਮਾਈਆਂ ਦੀਆਂ ਆਵਾਜ਼ਾਂ ਤੇ ਵੱਡੇ ਮੁਨਸ਼ੀ ਦੇ ਡੰਡੇ ਤੋਂ ਡਰਦੇ ਉਹ ਉੱਠ ਖੂਹ ਵੱਲ ਨੱਠ ਤੁਰਦੇ। ਕਾਹਲੀ ਕਾਹਲੀ ਮੱਖਣ, ਦਹੀਂ ਨਾਲ ਪਰੌਂਠੇ ਖੁਆਂਦੀ ਮਾਵਾਂ ਤੇ ਭੈਣਾਂ ਉਹਨਾਂ ਨੂੰ ਨਿਹਾਰਦੀਆਂ ਸੁਪਨੇ ਲੈਂਦੀਆਂ। "ਮੇਰਾ ਪੁੱਤ/ਵੀਰ/ਦੋਹਤਾ ਡਿਪਟੀ ਬਣੇਗਾ ... ਤਹਿਸੀਲਦਾਰ ਬਣੇਗਾ ... ।" ਭੈਣਾਂ ਵੀ ਸੌ ਔਂਸੀਆਂ ਪਾਉਂਦੀਆਂ ਤੇ ਸੁਪਨੇ ਚਿਤਵਦੀਆਂ ਹਨ। ਤੀਆਂ ‘ਚ ਪੀਂਘਾਂ ਝੂਟਦੀਆਂ ਬੋਲੀਆਂ ਪਾਉਂਦੀਆਂ ਨੇ: ਠਾਣੇਦਾਰ ਦੇ ਬਰੋਬਰ ਡਹਿੰਦੀ ਕੁਰਸੀ ਮੇਰੇ ਵੀਰ ਦੀ' ਤੇ 'ਦੋ ਵੀਰ ਦਈਂ ਵੇ ਰੱਬਾ ਵੱਡਾ ਠਾਣੇਦਾਰ ਛੋਟਾ ਪਟਵਾਰੀ ...।"
ਹੁਣ ਤੱਕ ਸੂਰਜ ਨੇ ਆਪਣੇ ਚਾਨਣ ਦੀ ਬੁੱਕਲ ‘ਚ ਪਿੰਡ ਨੂੰ ਲੈ ਲਿਆ ਹੈ। ਮੱਝਾਂ ਚੋਅ ਸੁਆਣੀਆਂ ਘਰਾਂ ਨੂੰ ਮੁੜ ਰਹੀਆਂ ਹਨ। ਹਵੇਲੀਆਂ ਜਾਂ ਗਲ਼ੀਆਂ ਦੇ ਮੋੜਾਂ ‘ਤੇ ਦੋਹਣੇ ਢਾਕਾਂ ‘ਤੇ ਰੱਖ ਕੁਝ ਗੱਲੀਂ ਪੈ ਜਾਂਦੀਆਂ, ਜਿਨ੍ਹਾਂ ਦੀਆਂ ਨੂੰਹਾਂ ਧੀਆਂ ਨੇ ਚੁੱਲ੍ਹੇ ਚੌਂਕੇ ਦੇ ਕੰਮ ਸੰਭਾਲ ਲਏ ਹੁੰਦੇ। ਉਹ ਗੱਲਾਂ ਛੇਤੀ ਨਾ ਮੁਕਾਉਂਦੀਆਂ। ਪੇਕਿਆਂ, ਨੂੰਹਾਂ, ਧੀਆਂ, ਜਵਾਈਆਂ, ਦੀਆਂ ਗੱਲਾਂ ਛੋਹ ਲੈਂਦੀਆਂ। ਕਈ ਤਾਂ ਪੂਰੇ ਪਿੰਡ ਦੀਆਂ ਗੱਲਾਂ ਦੇ ਗਲੋਟੇ ਅਟੇਰਦੀਆਂ ਰਹਿੰਦੀਆਂ। ਇਹੋ ਵੇਲਾ ਹੁੰਦਾ ਜਦੋਂ ਉਹ ਢਿੱਡ ‘ਚ ਇਕੱਠੀਆਂ ਹੋਈਆਂ ਗੱਲਾਂ ਦਾ ਅਫਾਰਾ ਹੌਲ਼ਾ ਕਰਦੀਆਂ। ਹੋਰ ਉਨ੍ਹਾਂ ਨੇ ਕਿਹੜੀਆਂ ਅਖ਼ਬਾਰਾਂ ਪੜ੍ਹਨੀਆਂ ਹੁੰਦੀਆਂ ਨੇ। ਇਨ੍ਹਾਂ ਗੱਲਾਂ ਦੀ ਜੁਗਾਲ਼ੀ ਫਿਰ ਉਹ ਨੂੰਹਾਂ, ਧੀਆਂ ਤੇ ਬੰਦਿਆਂ ਨਾਲ ਮੌਕਾ ਮਿਲੇ ‘ਤੇ ਛੋਹ ਲੈਂਦੀਆਂ। ਸਵੇਰੇ ਸ਼ਾਮ ਧਾਰਾਂ ਚੋਣ ਆਉਂਦੀਆਂ ਮੇਰੀਆਂ ਨਾਨੀਆਂ, ਮਾਮੀਆਂ ਮ ਾਸੀਆਂ ਹੱਥੀਂ ਪਿੱਤਲ ਦੀਆਂ ਬਾਲਟੀ, ਦੋਹਣੇ, ਤੇ ਵਲਟੋਹੀਆਂ ਫੜੀ ਕਿਸੇ ਬਹਿਸ਼ਤ ਦੀਆਂ ਕਾਮੀਆਂ ਲੱਗਦੀਆਂ। ਪਿੰਡ ਦੀਆਂ ਕੁੜੀਆਂ, ਚਿੜੀਆਂ, ਵਿਆਂਹਦੜਾਂ ਖ਼ੂਹੀ, ਖੂਹਾਂ ਤੋਂ ਪਾਣੀ ਲੈਣ ਪਹੁੰਚਣ ਲੱਗਦੀਆਂ। ਬਹੂਆਂ ਥੜ੍ਹੇ ਤੇ ਬੈਠੇ ਬਜ਼ੁਰਗਾਂ ਤੋਂ ਘੁੰਡ ਕੱਢਕੇ ਹੀ ਲੰਘਦੀਆਂ।
ਉਹ ਰਾਜੇ ਦੀਆਂ ਧੀਆਂ ਫਿਰ ਹਨੇਰੇ ਦੇ ਹਲ਼ੀਂ ਗਏ ਸਿਰ ਦੇ ਸਾਈਂ, ਪੁੱਤ ਤੇ ਸਾਂਝੀ ਦੇ ਛਾਹ ਵੇਲ਼ੇ ਦੇ ਆਹਰੇ ਲੱਗ ਜਾਂਦੀਆਂ। ਧੀਆਂ ਨੂਹਾਂ ਨੂੰ ਹੋਰ ਹਦਾਇਤਾਂ ਦੇ ਉਹ ਘਰ ਦੀ ਪੀਲ਼ੀ ਲੱਸੀ ਦੇ ਗੜਵੇ, ਰੋਟੀਆਂ, ਤੇ ਹੋਰ ਨਿੱਕ-ਸੁੱਕ ਟੋਕਰੇ ‘ਚ ਰੱਖ ਪੈਲ਼ੀ ਵੱਲ ਤੁਰ ਪੈਂਦੀਆਂ। ਖੇਤ ਵੀ ਖਿੱਲਰੇ-ਪੁਲਰੇ ਹੁੰਦੇ। ਵੰਡ ਦਰ ਵੰਡ ਕਰਕੇ ਆਪਣੇ ਰੋਹੀ, ਮਾਰੂ, ਮੈਰਾ ਤੇ ਖੂਹ ਵਾਲੀਆਂ ਪੈਲੀਆਂ ਦਾ ਉਨ੍ਹਾਂ ਨੂੰ ਪਤਾ ਹੁੰਦਾ। ਖੌਪੀਏ ਚੁੱਲ੍ਹੇ ਚੌਂਕੇ ਵਿੱਚ ਅਗਲੇ ਦਿਨ ਵਾਹੁਣ ਵਾਲੀਆਂ ਪੈਲੀਆਂ ਬਾਰੇ ਸਲਾਹਾਂ ਹੋਈਆਂ ਹੁੰਦੀਆਂ। ਪਤਾ ਹੋਣ ‘ਤੇ ਵੀ ਪੱਕਾ ਕਰਨ ਲਈ ਕੋਠੇ ਚੜ੍ਹ ਵੇਖ ਲੈਂਦੀਆਂ, ਅੱਜ ਉਨ੍ਹਾਂ ਦੇ ਹਲ਼ ਕਿਹੜੀਆਂ ਪੈਲੀਆਂ ‘ਚ ਵਗ ਰਹੇ ਨੇ। ਰਾਤ ਦੇ ਤੀਜੇ ਪਹਿਰ ਦੇ ਹਲ਼ੀਂ ਗਏ ਧਰਤੀ ਦੇ ਜਾਏ ਛਾਹ ਵੇਲਾ ਉਡੀਕ ਰਹੇ ਹੁੰਦੇ। ਉਦੋਂ ਤੀਕ ਉਨ੍ਹਾਂ ਨੇ ਚਾਰ ਪੰਜ ਕਨਾਲਾਂ ‘ਚ ਹਲ਼ ਫੇਰ ਲਿਆ ਹੁੰਦਾ। ਖੇਤ ‘ਚ ਅੱਪੜੇ ਛਾਹ ਵੇਲਾ ਆਏ ‘ਤੇ ਵੀ ਉਹ ਇੱਕ ਦੋ ਰੈਲ਼ਾਂ ਹੋਰ ਜ਼ਰੂਰ ਮਾਰ ਲੈਂਦੇ।
ਹੱਥ ਧੋਣ ਲਈ ਕਿਹੜੇ ਉੱਥੇ ਨਲਕੇ ਲੱਗੇ ਹੋਏ ਹੁੰਦੇ ਸਨ। ਜੱਟਾਂ ਦੀ ਗੰਗਾ ਪਿੱਠ ‘ਤੇ ਹੀ ਵਹਿ ਰਹੀ ਹੁੰਦੀ ਐ। ਹੱਥ ਝਾੜ ਪੂੰਝ ਉਹ ਰੋਟੀ ਦੁਆਲੇ ਬੈਠ ਜਾਂਦੇ। ਨਾਨਾ ਲੱਸੀ ਨਾਲ ਥੋੜ੍ਹੇ ਬਹੁਤੇ ਹੱਥ ਜ਼ਰੂਰ ਸੁੱਚੇ ਕਰਦਾ। ਛਾਹ ਵੇਲ਼ਾ ਖਾਂਦਿਆਂ ਹੀ ਪਿੰਡ ਦੀ ਖ਼ਬਰਾਂ ਸਾਂਝੀਆਂ ਹੋ ਜਾਂਦੀਆਂ। ਗੱਲ ਦੀ ਥੋੜ੍ਹੀ ਬਹੁਤੀ ਕਾਂਟੀ ਛਾਂਗੀ ਕਰ ਉਹ ਚਰਚਾ ਕਰਦੇ। ਥੋੜ੍ਹੀਆਂ ਬਹੁਤੀਆਂ ਗੱਲਾਂ ਉਨ੍ਹਾਂ ਵੀ ਰਾਤੀਂ ਖ਼ੂਹਾਂ, ਖ਼ੂਹੀਆਂ ‘ਤੇ ਨਾਉਂਦਿਆਂ ਧੋਂਦਿਆਂ ਸੁਣੀਆਂ ਹੁੰਦੀਆਂ। ਨਾਲ ਹੀ ਲਵੇਰੇ ਦੇ ਭੱਜਣ, ਅੱਠ ਪਹਿਰੇ ਹੋਣ ਦੀਆਂ ਗੱਲਾਂ ਹੁੰਦੀਆਂ। ਅੱਸੂੰ ਕੱਤੇਂ ਦੇ ਬਿਆਈ ਦੇ ਤਾੜ ਦੇ ਫਿਕਰਾਂ ਦੀ ਚਰਚਾ ਹੁੰਦੀ। ਬੌਲਦਾਂ ਦੀ ਖਾਧ ਖੁਰਾਕ, ਵੰਡ-ਵੜੇਵੇਂ, ਆਟੇ ਦੇ ਪੇੜੇ ਚਾਰਨ ਦੀਆਂ ਵਿਚਾਰਾਂ ਹੁੰਦੀਆਂ। ਆਪਣੀ ਖੁਰਾਕ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਅੰਨਦਾਤੇ ਬੌਲਦਾਂ ਦੀ ਸਿਹਤ ਦਾ ਵੀ ਪੂਰਾ ਖਿਆਲ ਹੁੰਦਾ। ਉਨ੍ਹਾਂ ਬਿਨਾਂ ਬਿਆਈ ਪੂਰੀ ਕਰਨਾ ਔਖੀ ਮਹਿਸੂਸ ਹੁੰਦੀ। ਸੁੱਘੜ-ਸਿਆਣੀਆਂ ਸੁਆਣੀਆਂ ਦੋ ਚਾਰ ਪਰੌਂਠੇ ਵਾਧੂ ਲੈਕੇ ਜਾਂਦੀਆਂ। ਕਿਸੇ ਲੋੜਵੰਦ, ਭੁੱਖੇ ਤਿਹਾਏ ਰਾਹੀ ਨੂੰ ਸੁਲਾਹ ਮਾਰਨੀ ਪੈ ਜਾਂਦੀ ਹੈ। ਨਾਲ ਗਏ ਘਰ ਦੇ ਕੁੱਤੇ ਨੂੰ ਵੀ ਰੋਟੀ ਮਿਲ ਜਾਂਦੀ। ਬੌਲਦਾਂ ਦੇ ਮੂੰਹ ਵੀ ਅੰਨ ਲਾ ਦਿੱਤਾ ਜਾਂਦਾ।
ਵਾਹੇ ਜਾਂ ਸੁਹਾਗੇ ਖੇਤ ‘ਚ ਬੈਠ ਰੋਟੀ ਖਾਣ ਦਾ ਅਲੋਕਾਰੀ ਆਨੰਦ ਹੁੰਦੈ। ਉਹ ਹੀ ਮਹਿਸੂਸ ਕਰ ਸਕਦੇ ਹਨ ਜਿਨ੍ਹਾਂ ਨੇ ਕਦੀ ਉਸ ‘ਚ ਬੈਠ ਖਾਧੀ ਹੋਏ। ਵਾਹੀ ਧਰਤੀ ਦੀ ਸੁਗੰਧ ਵੀ ਨਿਆਰੀ ਹੁੰਦੀ। ਬੜੀ ਚੰਗੀ ਲੱਗਦੀ। ਇਹਦਾ ਆਨੰਦ ਵੀ ਸਵਰਗੀ ਆਨੰਦ ਲੱਗਦਾ। ਅੰਬ ਦਾ ਅਚਾਰ, ਪਰੌਂਠਾ, ਨਾਲ ਗੰਡਾ ਤੇ ਲੱਸੀ ਦਾ ਆਨੰਦ ਕਦੇ ਨਈਂ ਭੁੱਲਦਾ। ਛੁੱਟੀ ਵਾਲੇ ਦਿਨ ਛਾਹ ਵੇਲੇ ਬੱਲੀ ਨਾਲ ਹੀ ਹੁੰਦਾ। ਕਈ ਵਾਰੀ ਮੋਢੇ ਚੁੱਕ ਮਾਮਾ ਹਲ਼ ਵਾਹੁੰਦਾ। ਸੁਹਾਗਾ ਫੇਰਨ ਵੇਲੇ ਲੱਤਾਂ ‘ਚ ਬਿਠਾ ਲੈਂਦਾ। ਵਤਰੀ ਧਰਤੀ ਦੀ ਖੁਸ਼ਬੂ, ਸੁਗੰਧ ਅਭੁੱਲ ਬਣ ਚੁੱਕੀ ਏ। ਹੁਣ ਰਸਾਇਣ ਖਾਦਾਂ, ਕੀਟ ਨਾਸ਼ਕ ਦੁਆਈਆਂ ਨੇ ਉਸ ਸੁਗੰਧ ਨੂੰ ਮਾਰ ਮੁਕਾ ਦਿੱਤਾ। ਵਿਗਿਆਨੀਆਂ ਵੱਲੋਂ ਸੁਨੇਹੇ ਮਿਲ ਰਹੇ ਹਨ: ਉਏ ਧਰਤੀ ਦੇ ਜਾਇਓ! ਕੁਦਰਤੀ ਖੇਤੀ ਵੱਲ ਮੁਹਾਰਾਂ ਮੋੜੋ ... ਨਹੀਂ ਤਾਂ ਸਭ ਪਾਸੀਂ ਜ਼ਹਿਰ ਫੈਲ ਜਾਏਗਾ ... ਬਹੁਤੀ ਆਮਦਨ ਦੀ ਹਵਸ ... ਤੁਹਾਨੂੰ ਹੜੱਪ ਲਏਗੀ ...।
ਛਾਹ ਵੇਲਾ ਖੁਆ ਮੁੜਦੀ ਰਾਜੇ ਦੀ ਰਾਣੀ ਆਪਣੀਆਂ ਕਪਾਹਾਂ, ਕਮਾਦਾਂ ਵੱਲ ਵੀ ਝਾਤੀ ਮਾਰਦੀ। ਖਿੜੀ ਕਪਾਹ ਦੀ ਚੋਣੀ ਬਾਰੇ ਵੀ ਸੋਚ ਲੈਂਦੀ। ਉਹ ਖੂਹ ਤੋਂ ਮਿਰਚਾਂ, ਸਬਜ਼ੀ, ਗੰਨੇ ਭੰਨ ਘਰ ਨੂੰ ਮੁੜਦੀ। ਉਨ੍ਹਾਂ ਦਾ ਮੰਨਣਾ ਸੀ ਕਿ ਬਾਹਰੋਂ ਕਦੀ ਵੀ ਘਰ ਨੂੰ ਖਾਲੀ ਨਹੀਂ ਪਰਤੀਦਾ। ਨਾਨਾ ਕਹਿੰਦਾ ਹੁੰਦਾ ਸੀ: ਖੂਹੀ ਤੋਂ ਨਹਾ ਕੇ ਮੁੜਦਿਆਂ ਕਦੀ ਵੀ ਬਾਲਟੀ ਖਾਲੀ ਨਹੀਂ ਲਿਆਈਦੀ ... ਉਸ ਵਿੱਚ ਕੁਝ ਪਾਣੀ ਜ਼ਰੂਰ ਲੈਕੇ ਆਉ ... ਖਾਲੀ ਹੱਥ ਮੁੜਨ ਵਕਤ ਕੋਈ ਠੀਕਰੀ, ਰੋੜਾ ਆਪਣੇ ਪਰਨਾਲੇ ਹੇਠ ਲਿਆ ਸੁੱਟੋ ... ਕੋਈ ਰੱਸੀ ਧਾਗਾ ਲੱਭੇ ਤਾਂ ਚੁੱਕ ਲਿਆਵੋ ... ਘਰ ਦੀ ਕਿਸੇ ਕਿੱਲੀ, ਕਿੱਲ ਨਾਲ ਲਟਕਾ ਦਿਉ ... ਕਿਸੇ ਵੇਲੇ ਤੁਹਾਡੇ ਜ਼ਰੂਰ ਕੰਮ ਆਵੇਗਾ ...। ਇਹ ਆਉਂਦਾ ਵੀ ਹੈ। ਅਜ਼ਮਾਉ। ਬੱਲੀ ਨੇ ਇਹਨੂੰ ਆਪ ਵਾਹਵਾ ਅਜ਼ਮਾਇਆ ਹੈ। ਅਜ਼ਮਾਉ ਤੇ ਮੰਨ ਜਾਉਗੇ।
ਹੁਣ ਪਿੰਡ ਦੀ ਰੜੀ ਜਾਂ ਪਿੱਪਲਾਂ ਹੇਠ ਚੌਣਾਂ ਇਕੱਠਾ ਹੋ ਰਿਹਾ ਹੈ। ਚੌਣਾਂ ਦੋ ਤਿੰਨ ਸੇਪੀਆਂ ਦੇ ਜਿ਼ੰਮੇ ਹੁੰਦਾ। ਡੰਗਰਾਂ ਨੂੰ ਉੱਥੇ ਹੀ ਡੱਕ, ਹੋਰ ਡੰਗਰਾਂ ਦੀ ਉਡੀਕ ਕੀਤੀ ਜਾਂਦੀ। ਪੂਰਾ ਹੋ ਜਾਣ ਤੇ ਚੌਣਾਂ ਛੱਪੜ ਵੱਲ ਤੋਰ ਲਿਆ ਜਾਂਦਾ। ਡੰਗਰ ਪਾਣੀ ਪੀਂਦੇ। ਫਿਰ ਚੌਣਾਂ ਰੋਹੀਆਂ, ਬੀਆਬਾਨਾਂ ਵੱਲ ਠਿੱਲ੍ਹ ਪੈਂਦਾ। ਪਹੇ ਦੀ ਧੂੜ ਉੱਡਦੀ ਦੂਰੋਂ ਨਜ਼ਰ ਆਉਂਦੀ। ਪਿੰਡੋਂ ਦੂਰ ਡੰਗਰ ਖੁੱਲ੍ਹੀਆਂ ਜੂਹਾਂ ‘ਚ ਚੁਗਦੇ। ਛਪੜੀਆਂ, ਟੋਬਿਆਂ ‘ਚੋਂ ਪਾਣੀ ਪੀਂਦੇ, ਬੈਠਦੇ, ਲਿਟਦੇ ਪੂਰੇ ਆਨੰਦ ‘ਚ ਰੁੱਖਾਂ ਹੇਠ ਬੈਠ ਜੁਗਾਲੀ ਕਰਦੇ। ਖੁੱਲ੍ਹੀਆਂ ਥਾਵਾਂ ਦਾ ਆਨੰਦ ਮਾਣਦੇ। ਛੇੜੂ ਆਪ ਛਾਵੇਂ ਬੈਠ ਜਾਂਦੇ। ਉਨ੍ਹਾਂ ਨਾਲ ਪਿੰਡ ਦੇ ਹੋਰ ਛੇੜੂ ਵਾਗੀ ਵੀ ਆ ਰਲ਼ਦੇ। ਡੱਲ੍ਹ ਬਣੇ ਉਜੜੇ-ਢੱਠੇ ਖੂਹਾਂ ਦੇ ਵੱਡੇ ਵੱਡੇ ਬਰੋਟਿਆਂ, ਟਾਹਲੀਆਂ, ਬੋਹੜਾਂ, ਪਿੱਪਲਾਂ ਹੇਠ ਖੂਬ ਖੇਡਦੇ ਮੱਲਦੇ। ਦੂਰ ਤੱਕ ਚੁਗਦੇ ਡੰਗਰਾਂ ‘ਤੇ ਨਿਗਾਹ ਜ਼ਰੂਰ ਰੱਖਦੇ। ਮੋੜਾ ਲਾਉਣ ਦੀਆਂ ਵਾਰੀਆਂ ਬੰਨ੍ਹੀਆਂ ਹੁੰਦੀਆਂ। ਸਭ ਤੋਂ ਵੱਡਾ ਛੇੜੂ ਇਨ੍ਹਾਂ ਦਾ ਆਗੂ, ਕਮਾਂਡਰ ਹੁੰਦਾ। ਮੁੰਡਿਆਂ ਦੇ ਝਗੜਿਆਂ ਦਾ ਮੁਨਸਫ ਵੀ ਹੁੰਦਾ। ਉਸ ਦੇ ਫੈਸਲੇ ਨੂੰ ਸਭ ਮੰਨਦੇ। ਉਸ ‘ਤੇ ਸਭ ਦਾ ਪੂਰਾ ਵਿਸ਼ਵਾਸ ਹੁੰਦਾ। ਭਾਅ, ਚਾਚਾ, ਤਾਇਆ, ਬਾਬਾ ਕਹਿ ਉਸ ਅੱਗੇ ਮਸਲੇ ਪੇਸ਼ ਹੁੰਦੇ। ਉਸ ਕੋਲ ਵੱਡਾ ਤਰਜਬਾ ਹੁੰਦਾ ਸੀ। ਜੇ ਕਿਤੇ ਡੰਗਰ ਕਿਸੇ ਦੀ ਪੈਲ਼ੀ ਦਾ ਨੁਕਸਾਨ ਕਰ ਦਿੰਦੇ, ਤਾਂ ਉਹ ਉਲਾਮ੍ਹੇ ਦੀ ਜਿ਼ੰਮੇਵਾਰੀ ਕਬੂਲਦਾ, ਤੇ ਕੋਤਾਹੀ ਕਰਨ ਵਾਲੇ ਦੀ ਗਾਲ਼ਾਂ ਨਾਲ ਝਾੜ ਝੰਬ ਕਰਦਾ, ਦੋ ਚਾਰ ਥੱਪੜਾਂ, ਥੋੜ੍ਹੇ ਬਹੁਤੇ ਛਿੱਤਰ ਪੌਲਾ ਵੀ ਕਰ ਦਿੰਦਾ। ਇਸ ਨਿਆਂ ਨਾਲ ਉਲਾਮ੍ਹੇ ਵਾਲੇ ਦਾ ਹਿਰਦਾ ਠੰਢਾ ਹੋ ਜਾਂਦਾ। ਮੁੰਡੀਰ ਹਾਸੇ ਮਖੌਲਾਂ ਦੀਆਂ ਖੇਡਾਂ ਮੁੜ ਸ਼ੁਰੂ ਕਰ ਲੈਂਦੀ।
ਉਧਰ ਸੂਰਜ ਦੇਵਤਾ ਵੀ ਆਪਣੀ ਭਰ ਜਵਾਨੀ ਵੱਲ ਵਧ ਚੁੱਕਿਆ ਹੁੰਦਾ। ਮਿਥੀ ਪੈਲ਼ੀ ਵਾਹ ਪਿੰਡ ਵੱਲ ਨੂੰ ਹਰਨਾਲੀਆਂ ਤੁਰ ਪੈਂਦੀਆਂ। ਬੌਲਦਾਂ ਨੂੰ ਪਾਣੀ ਡਾਹ ਛਾਵੇਂ ਬੰਨ੍ਹ, ਦਾਤੀਆਂ ਚੱਕ ਲੈਂਦੇ। ਜਿਨ੍ਹਾਂ ਨੂੰ ਵਾਹਿਆ ਹੁੰਦੈ ਉਨ੍ਹਾਂ ਨੂੰ ਪੱਠੇ ਵੀ ਤਾਂ ਪਾਉਣੇ ਨੇ। ਫਿਰ ਵੀ ਜੋਣੇ ਨੇ। ਰੋਟੀ ਕਿਵੇਂ ਤੁਰੂ! 'ਜੱਟਾ ਤੇਰੀ ਜੂਨ ਬੁਰੀ ਹਲ਼ ਵਾਹ ਪੱਠਿਆਂ ਨੂੰ ਜਾਣਾ'। ਬੌਲਦਾਂ ਨੂੰ ਪੱਠੇ ਪਾ, ਨਾਹ ਧੋਅ ਭੱਤੇਵਾਲੇ ਲਈ ਧਰਤੀ ਦੇ ਜਾਏ ਘਰਾਂ ਨੂੰ ਹੋ ਤੁਰਦੇ। ਤੰਦੂਰ ਦੇ ਡੂੰਘੇ ਚੋਂਘਿਆਂ ਵਾਲੀਆਂ ਰੋਟੀਆਂ, ਦਾਲ ਸਬਜ਼ੀ ‘ਚ ਤਰਦਾ ਘਰ ਦਾ ਮੱਖਣ ਘਿਉ ਨਾਲ ਲੱਸੀ ਦੇ ਛੰਨੇ। ਦੁਪਹਿਰੀਂ ਖ਼ੂਹਾਂ ਦੇ ਪਿੱਪਲਾਂ, ਬੋਹੜਾਂ ਹੇਠ ਢਾਣੀਆਂ ਜੁੜਦੀਆਂ। ਜੱਟ ਆਪੋ ਆਪਣੇ ਮੰਜੇ ਚੁੱਕ ਪਹੁੰਚੀ ਜਾਂਦੇ। ਸਾਂਝੇ ਬੋਹੜਾਂ ਪਿੱਪਲਾਂ ਹੇਠ ਜਿੱਥੇ ਲੁਹਾਰ, ਤਖਾਣਾਂ ਦੇ ਅੱਡੇ ਹੁੰਦੇ ਸਨ। ਹਲ਼, ਫਾਲੇ, ਚੌਅ, ਜੰਗੀ, ਪੰਜਾਲੀ, ਅਰਲੀ, ਮੁੱਠੀਏ, ਰੰਬੇ, ਦਾਤੀ ਦੀ ਟੁੱਟ ਭੱਜ ਠੀਕ ਕਰਾ ਲਈ ਜਾਂਦੀ ਤੇ ਨਾਲ ਸੰਘਣੀ ਛਾਂ ਹੇਠਾਂ ਲੱਕ ਸਿੱਧੇ ਕਰ ਲੈਂਦੇ। ਉੱਥੇ ਚੰਗੀ ਮਹਿਫ਼ਲ ਜੁੜਦੀ। ਕਈ ਤਖ਼ਤ ਪੋਸ਼ ‘ਤੇ ਸਜ ਜਾਂਦੇ। ਮੌਸਮਾਂ, ਔੜਾਂ, ਫਸਲਾਂ, ਸੁਣੀਆਂ ਗੱਲਾਂ ‘ਤੇ ਤਪਸਰੇ ਕਰਦੇ। ਮੰਜੇ ਡੱਠਿਆਂ ਦਾ ਸੀਨ ਕਰਤਾਰ ਸਿੰਘ ਬਲੱਗਣ ਦਾ ਗੀਤ 'ਸਵਰਗ' - ਜਿਉਂਦੇ ਜੀ ਆ ਸੋਹਣਿਆ ਤੈਨੂੰ ਸਵਰਗ ਵਿਖਾਵਾਂ, ਜੁੜੀਆਂ ਹੋਈਆਂ ਨੀ ਰੌਣਕਾਂ ਪਿੱਪਲਾਂ ਦੀਆਂ ਛਾਵਾਂ - ਸਾਖਸ਼ਾਤ ਹੋ ਜਾਂਦਾ। ਇਹੋ ਜਿਹੀਆਂ ਥਾਵਾਂ ਆਮ ਤੌਰ ਤੇ ਮੁੱਖ ਰਾਹਾਂ ‘ਤੇ ਹੀ ਹੁੰਦੀਆਂ। ਨਾਰੋਵਾਲ ਤੋਂ ਆਉਂਦੇ ਅੱਗੇ ਤਲਵੰਡੀ ਨੂੰ ਜਾਣ ਵਾਲੇ ਰਾਹੀ, ਪਾਂਧੀ ਵੀ ਘੜੀ ਬੈਠ ਜਾਂਦੇ। ਪਾਣੀ ਧਾਣੀ ਪੀਂਦੇ। ਪਿਛਲੇ ਅਗਲੇ ਸ਼ਹਿਰ, ਪਿੰਡ, ਗਰਾਂ ਦੀਆਂ ਖ਼ਬਰਾਂ ਲੈ ਦੇ ਜਾਂਦੇ। ਤੜਕੇ ਦੇ ਹਲ਼ੀਂ ਲੱਗੇ ਧਰਤੀ ਦੇ ਜਾਏ ਵੀ ਕੁਝ ਡੂੰਘੀ ਨੀਂਦ ਵਿੱਚ ਚਲੇ ਜਾਂਦੇ, ਕੁਝ ਮਿਸਤਰੀਆਂ ਦੁਆਲੇ ਜੁੜ ਬੈਠੇ ਆਪਣੇ ਸੰਦ ਸੰਦੂਲੀ ਦੇ ਨੁਕਸ ਕਢਾਉਂਦੇ, ਤਿੱਖੇ ਤੇ ਸਿੱਧੇ ਕਰਾਉਂਦੇ। ਦੂਜੇ ਪਾਸੇ ਥੜੇ ‘ਤੇ ਤਾਸ਼, ਪਾਸ਼ੇ ਦੀ ਸ਼ੌਂਕੀ ਢਾਣੀ ਆਪਣੀ ਮਹਿਫਲ ਸਜਾ ਲੈਂਦੀ। ਛੋਟੀ ਮੁੰਡੀਰ ਕੌਡੀ ਦੀਆਂ ਨੱਕਾਂ ਪੂਰ, ਸੈਂਟਾ, ਕਲ਼ੀ ਜੋਟੇ, ਖੁੱਤੀ ਆਦਿ ਖੇਡਾਂ ਵਿੱਚ ਮਸਤ ਹੋ ਜਾਂਦੇ। ਇਹਨਾਂ ਥਾਵਾਂ ‘ਤੇ ਹੀ ਕਦੀ ਕਦੀ ਗਵਈਏ ਰੌਣਕਾਂ ਲਾਉਂਦੇ।
ਦਿਨ ਢਲ਼ੇ ਘਰਾਂ ਤੋਂ ਕਾੜ੍ਹਨੀ ਦੇ ਦੁੱਧ ਦੇ ਛੰਨੇ ਪੀ, ਦਾਤੀ ਚਾਦਰੇ ਚੁੱਕ ਧਰਤੀ ਦੇ ਜਾਏ ਪੱਠਿਆਂ ਲਈ ਤੁਰ ਪੈਂਦੇ। ਆਥਣ ਤੋਂ ਪਹਿਲਾਂ ਹੀ ਜਵਾਰ, ਮੱਕੀ, ਚਰੀ, ਬਾਜਰੇ, ਗਵਾਰੇ ਦੀਆਂ ਪੰਡਾਂ ਟੋਕਿਆਂ ਕੋਲ ਲਿਆ ਸੁੱਟਦੇ। ਪੱਠੇ ਵਾਲੀ ਮਸ਼ੀਨਾਂ ਹੁੰਦੀਆਂ। ਬੌਲਦਾ ਵਾਲੇ ਟੋਕਿਦਆਂ ਦੇ ਜੁਗਾੜ ਹਾਲੀ ਨਹੀਂ ਸਨ ਚੱਲੇ। ਡੌਲਿ਼ਆਂ ਤੇ ਛਾਤੀ ਦੇ ਜ਼ੋਰ ਨਾਲ ਹੀ ਸਖ਼ਤ ਟਾਂਡੇ ਕੁਤਰੇ ਜਾਂਦੇ। ਕਈ ਵਾਰੀ ਦੋ ਅੱਗੇ ਲੱਗਦੇ ਤੇ ਇੱਕ ਦੱਥਿਆਂ ‘ਤੇ ਹੁੰਦਾ। ਪੱਠੇ ਪਾਉਣ ਪਿੱਛੋਂ ਜ਼ਰਾ ਵਿਹਲ ਮਿਲਦੀ। ਫਿਰ ਵਾਰੀ ਆ ਜਾਂਦੀ ਡੰਗਰਾਂ ਨੂੰ ਪਾਣੀ ਵਿਖਾਉਣ ਦੀ। ਕੁਝ ਛੱਪੜਾਂ ਵੱਲ ਲੈ ਤੁਰਦੇ। ਆਖੀਰ ਹਾੜ ਵਿੱਚ ਛੱਪੜ ਸੁੱਕੇ ਹੁੰਦੇ। ਫਿਰ ਖ਼ੂਹੀਆਂ ਦੀਆਂ ਮਣਾਂ ਦੁਆਲੇ ਬੱਠਲ਼, ਕੜਾਹੀਆਂ ਰੱਖ ਲੱਜਾਂ ਨਾਲ ਪਾਣੀ ਕੱਢ ਕੱਢ ਪਿਆਇਆ ਜਾਂਦਾ। ਮਿਹਰੂੀਆਂ ਦੇ ਪਿੰਡੇ ਵੀ ਗਿੱਲੇ ਕਰ ਦਿੱਤੇ ਜਾਂਦੇ। ਬਹੁਤੀ ਗਰਮੀ ‘ਚ ਗੋਕਿਆਂ ਨੂੰ ਵਗਦੇ ਖੂਹਾਂ ਤੇ ਨਵਹਾ ਲਿਆ ਜਾਂਦਾ। ਉਹ ਖ਼ੂਬ ਚਿੱਟੇ ਨਿਕਲ ਆਉਂਦੇ। ਵਿਸਾਖ ਹਾੜ ਦੀਆਂ ਹਨੇਰੀਆਂ ਅਤੇ ਗਹਾਈ ਦੀ ਤੂੜ ਲਹਿ ਜਾਂਦੀ। ਚਿੱਟੇ ਸਾਵੇ, ਚੰਬੇ ਬੌਲਦ ਸੋਹਣੇ ਲੱਗਦੇ। ਜਿਵੇਂ ਬਜਾਜੀ ਦੇ ਥਾਨ ਦ੍ਰਿਸ਼ ਬੰਨ੍ਹ ਦਿੰਦੇ। ਨਹਾ ਧੋ ਕੇ ਕੁਝ ਘਰਾਂ ਨੂੰ ਤੁਰ ਪੈਂਦੇ ਤੇ ਕੁਝ ਖੂਹੀਆਂ ਦੀਆਂ ਮਣਾਂ ‘ਤੇ ਬੈਠੇ ਗੱਪਾਂ ਮਾਰਦੇ ਰਹਿੰਦੇ। ਰਾਤ ਦੀ ਰੋਟੀ ਖਾ ਲੋਕ ਖੁੱਲ੍ਹੇ ਅਸਮਾਨ ਹੇਠ ਕੋਠਿਆਂ ‘ਤੇ ਮੰਜੇ ਡਾਹ ਲੈਂਦੇ। ਬੱਚੇ ਤਾਂ ਪਹਿਲਾਂ ਹੀ ਕੋਠਿਆਂ ‘ਤੇ ਡੱਠੀਆਂ ਮੰਜੀਆਂ ‘ਤੇ ਤੱਤੇ ਬਿਸਤਰਿਆਂ ਦੇ ਖੇਸ, ਚੌਤਹਿਈਆਂ, ਦਰੀਆਂ, ਸਰਹਾਣੇ , ਚਾਦਰਾਂ ਖੋਲ੍ਹੀ ਬੈਠੇ ਹੁੰਦੇ। ਹਨੇਰਾ ਪੈਂਦਿਆਂ ਹੀ ਨੰਗੇ ਪਿੰਡੇ ਮੰਜਿਆਂ ‘ਤੇ ਪਿਆਂ ਹੀ ਨਾਲ ਦੇ ਕੋਠੇ ‘ਤੇ ਪਏ ਆਂਢੀਆਂ ਗੁਆਂਢੀਆਂ ਨਾਲ ਵੱਤ ਆਈ ਫਸਲ, ਪਾਣੀ ਲੋੜਦੀ ਫਸਲ, ਕਮਾਦ, ਕਪਾਹ ਦੀਆਂ ਗੱਲਾਂ ਛਿੜ ਪੈਂਦੀਆਂ। ਖੂਹਾਂ ਦੀਆਂ ਵਾਰੀਆਂ ਲੋੜ ਮੁਤਾਬਕ ਵਟਾ ਲੈਂਦੇ ਤੇ ਇੱਕ ਦੂਜੇ ਦੇ ਸਹਿਯੋਗੀ ਬਣ ਨੀਂਦ ਦੀ ਗੋਦ ਵਿੱਚ ਨੂਰੀ ਹਵਾ ਦੇ ਬੁੱਲ੍ਹਿਆਂ ਦਾ ਅਨੰਦ ਲੈਂਦੇ। ਨੀਂਦ ਰਾਣੀ ਦੀ ਗੋਦ ਵੀ ਇੱਕ ਨੂਰੀ ਆਨੰਦ ਦਿੰਦੀ। ਉੱਪਰ ਅਸਮਾਨ ਵਿੱਚ ਕੁਦਰਤ ਦੀ ਆਰਤੀ ਹੋਈ ਜਾਂਦੀ। ਅਗਲੇ ਦਿਨ ਫਿਰ ਉਹ ਹੀ ਚੱਕਰ ਚੱਲ ਪੈਂਦਾ ਤੇ ਜਿ਼ੰਦਗੀ ਸਾਦ ਮੁਰਾਦੀ ਥੋੜ੍ਹੀਆਂ ਲੋੜਾਂ ਵਾਲੀ ਪੂਰੀ ਸੰਤੁਸ਼ਟ, ਸਹਿਜ, ਇਕਸੁਰ ਤੇ ਸੁੰਦਰ ਚਾਲ ਤੁਰੀ ਜਾਂਦੀ।
ਤਿਆਰੀ ਹੇਠ 'ਚੇਤਿਆਂ ਦੀ ਫੁਲਕਾਰੀ 'ਚੋਂ'
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346