ਕੁਝ ਸਾਲ ਪਹਿਲਾਂ ਜਦੋਂ
ਮੇਰੇ ਸਹਿਕਰਮੀ ਪ੍ਰੀਤਮ ਸਿੰਘ ਆਈਏਐੱਸ (ਸੇਵਾ ਮੁਕਤ) ਦਾ ਉਪਰੋਕਤ ਸਿਰਲੇਖ ਵਾਲਾ ਇੱਕ ਲੇਖ
ਅਖ਼ਬਾਰ ਵਿੱਚ ਛਪਿਆ ਸੀ ਤਾਂ ਉਦੋਂ ਤੋਂ ਹੀ ਮੇਰੇ ਮਨ ਅੰਦਰ ‘ਹੇਜ’ ਸ਼ਬਦ ਘਰ ਕਰ ਗਿਆ। ਕੁਝ
ਮਹੀਨਿਆਂ ਤੋਂ ਮੈਨੂੰ ਪੰਜਾਬੀ ਨਾਲ ਆਪਣੇ ‘ਹੇਜ’ ਦੀ ਯਾਦ ਪ੍ਰੇਸ਼ਾਨ ਕਰ ਰਹੀ ਸੀ ਪਰ ਮੈਨੂੰ
ਕੋਈ ਢੁਕਵਾਂ ਸਿਰਲੇਖ ਨਹੀਂ ਸੀ ਸੁੱਝ ਰਿਹਾ। ਅਖੀਰ ਮੈਂ ਫ਼ੈਸਲਾ ਕੀਤਾ ਕਿ ਪ੍ਰੀਤਮ ਸਿੰਘ
ਹੋਰਾਂ ਦੇ ਲੇਖ ਵਾਲਾ ਹੀ ਸਿਰਲੇਖ ਉਨ੍ਹਾਂ ਤੋਂ ਪ੍ਰਵਾਨਗੀ ਲੈ ਕੇ ਰੱਖ ਲਵਾਂ ਅਤੇ ਉਨ੍ਹਾਂ
ਨੇ ਖ਼ੁਸ਼ੀ ਨਾਲ ਇਹ ਸਿਰਲੇਖ ਵਰਤਣ ਦੀ ਮੈਨੂੰ ਇਜਾਜ਼ਤ ਦੇ ਦਿੱਤੀ।
ਪੰਜਾਬੀ ਬੋਲੀ ਨਾਲ ਮੇਰਾ ਸਬੰਧ ਬਚਪਨ ਤੋਂ ਹੀ ਹੈ। ਮੈਂ ਅਜੇ ਚੌਥੀ ਜਾਂ ਪੰਜਵੀਂ ਵਿੱਚ ਹੀ
ਹੋਇਆ ਸਾਂ ਕਿ ਬਾਊ ਜੀ ਨੇ ਮੈਨੂੰ ਅਤੇ ਮੇਰੇ ਛੋਟੇ ਭਰਾ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਦਸਮ
ਗ੍ਰੰਥ ਸਾਹਿਬ ਦੇ ਪਰੂਫ਼ ਪੜ੍ਹਨੇ ਅਤੇ ਸ਼ੁੱਧ ਉਚਾਰਨ ਨਾਲ ਬੋਲਣਾ-ਸੁਣਨਾ ਸਿਖਾਉਣਾ ਸ਼ੁਰੂ ਕਰ
ਦਿੱਤਾ ਸੀ। ਬੀਏ ਕਰਨ ਤਕ ਅਸੀਂ ਬਾਊ ਜੀ ਦੀ ਸੰਗਤ ਵਿੱਚ ਇਹ ਕੰਮ ਕਰਦੇ ਰਹੇ।
ਇਸ ਪਿਛੋਕੜ ਕਰਕੇ ਪੰਜਾਬੀ ਨਾਲ ਮੇਰਾ ‘ਹੇਜ’ ਨਹੀਂ, ਅਟੁੱਟ ਬੰਧਨ ਹੈ। ਇਸ ਦਾ ਪਹਿਲਾ
ਸੁਤੰਤਰ ਰੂਪ ਵਿੱਚ ਪ੍ਰਗਟਾਵਾ ਸੰਨ 1962 ਜਾਂ 1963 ਦੀਆਂ ਸਰਦੀਆਂ ਵਿੱਚ ਹੋਇਆ ਸੀ ਜਦੋਂ
ਮੈਂ ਮਹਿੰਦਰਾ ਕਾਲਜ, ਪਟਿਆਲਾ ਵਿੱਚ ਇਤਿਹਾਸ ਦੀ ਐੱਮਏ ਦਾ ਵਿਦਿਆਰਥੀ ਸਾਂ। ਬਚਪਨ ਦੀ ਆਦਤ
ਅਤੇ ਸ਼ੌਕ ਕਰਕੇ ਮੈਂ ਰਸਾਲੇ, ਅਖ਼ਬਾਰ, ਕਿਤਾਬਾਂ ਪੜ੍ਹਨ ਵਾਸਤੇ ਸਟੇਟ ਲਾਇਬਰੇਰੀ ਵਿੱਚ ਆਮ
ਹੀ ਜਾਂਦਾ ਹੁੰਦਾ ਸਾ। ਇੱਕ ਦਿਨ ਮੈਂ ਉੱਥੇ ਬੈਠਾ ਅੰਗਰੇਜ਼ੀ ਦਾ ‘ਲਾਈਫ’ ਨਾਂ ਦਾ
ਵੱਡ-ਆਕਾਰੀ ਰਸਾਲਾ ਦੇਖ ਰਿਹਾ ਸੀ। ਉਸ ਵਿੱਚ ਇੱਕ ਚਿੱਠੀ ਛਪੀ ਹੋਈ ਪੜ੍ਹੀ ਜਿਸ ਵਿੱਚ ਇਹ
ਲਿਖਿਆ ਸੀ ਕਿ ਇੰਗਲੈਂਡ ਨੂੰ ਅੰਗਰੇਜ਼ੀ ਬੋਲਦੇ ਦੇਸ਼ਾਂ ਦੀ ਆਪਣੀ ਵੱਖਰੀ ਸਾਂਝੀ ਮੰਡੀ ਬਣਾ
ਲੈਣੀ ਚਾਹੀਦੀ ਹੈ। ਲੇਖਕ ਨੇ ਅੰਗਰੇਜ਼ੀ ਬੋਲਦੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਨੂੰ ਵੀ ਸ਼ਾਮਲ
ਕੀਤਾ ਸੀ। ਇਹ ਪੜ੍ਹ ਕੇ ਮੇਰਾ ਤਨ-ਮਨ ਸੜ ਗਿਆ ਕਿ ਭਾਰਤ ਕਿੱਥੋਂ ਦਾ ਅੰਗਰੇਜ਼ੀ ਬੋਲਣ ਵਾਲਾ
ਮੁਲਕ ਹੋ ਗਿਆ? ਮੇਰੇ ਉੱਤੇ ਇਸ ਗੱਲ ਦਾ ਐਸਾ ਪ੍ਰਭਾਵ ਪਿਆ ਕਿ ਮੈਂ ਉਸ ਦਿਨ ਤੋਂ ‘ਗੁੱਡ
ਮਾਰਨਿੰਗ, ਗੁੱਡ ਈਵਨਿੰਗ’ ਕਹਿਣਾ ਬੰਦ ਕਰ ਕੇ ‘ਜੈ ਹਿੰਦ’ ਕਹਿਣਾ ਸ਼ੁਰੂ ਕਰ ਦਿੱਤਾ। ਸਿਵਾਏ
ਕਾਨੂੰਨੀ ਮਜਬੂਰੀ ਵਾਲੀ ਥਾਂ ਤੋਂ ਆਪਣੇ ਦਸਤਖ਼ਤ ਵੀ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਕਰਨੇ
ਸ਼ੁਰੂ ਕਰ ਦਿੱਤੇ। ਮੇਰਾ ਇਹ ਸੁਭਾਅ ਅੱਜ ਤਕ ਕਾਇਮ ਹੈ।
ਜੂਨ 1968 ’ਚ ਮਸੂਰੀ ਵਿੱਚ ਆਪਣੀ ਟਰੇਨਿੰਗ ਮੁਕਾ ਕੇ ਅਸੀਂ ਚੰਡੀਗੜ੍ਹ ਸੈਕਟਰ ਅੱਠ ਸਥਿਤ
‘ਪੰਜਾਬ ਰੈਵੀਨਿਊ ਟਰੇਨਿੰਗ ਸਕੂਲ’ ਵਿੱਚ ਹਾਜ਼ਰੀ ਰਿਪੋਰਟ ਦਿੱਤੀ ਜਿੱਥੇ ਪਟਵਾਰੀ ਤੋਂ ਲੈ
ਕੇ ਨਾਇਬ ਤਹਿਸੀਲਦਾਰ ਪੱਧਰ ਤਕ ਹੱਥੀਂ ਕੰਮ ਕਰਵਾ ਕੇ ਟਰੇਨਿੰਗ ਦਿੱਤੀ ਜਾਂਦੀ ਹੈ। ਇੱਥੇ
ਰੋਜ਼ਾਨਾਮਚੇ, ਇੰਤਕਾਲਾਂ ਦੇ ਹੁਕਮ ਤੇ ਫੀਲਡ ਬੁੱਕਾਂ ਲਿਖਣ ਵਿੱਚ ਬੇਸ਼ੱਕ ਲਿਪੀ ਪੰਜਾਬੀ
ਹੁੰਦੀ ਸੀ ਪਰ ਬੋਲੀ ਸਾਰੀ ਉਰਦੂ ਜਾਂ ਮਿਲਗੋਭਾ ਹੁੰਦੀ ਸੀ। ਮੇਰੇ ਸਹਿਕਰਮੀ ਭਗਤ ਸਿੰਘ ਅਤੇ
ਮੈਂ ਇਸ ਗ਼ਲਤੀ ਨੂੰ ਠੀਕ ਕਰਨ ਦਾ ਬੀੜਾ ਚੁੱਕਿਆ। ਅਸੀਂ ਉਰਦੂ ਦੀ ਬਜਾਏ ਪੰਜਾਬੀ ਬੋਲੀ ਵਿੱਚ
ਲਿਖਣਾ ਸ਼ੁਰੂ ਕੀਤਾ ਸੀ ਤੇ ਸਿੱਟੇ ਵਜੋਂ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ।
ਇੱਕ ਘਟਨਾ ਮੇਰੀ ਫਿਰੋਜ਼ਪੁਰ ਵਿੱਚ ਕਮਿਸ਼ਨਰ ਵਜੋਂ ਨਿਯੁਕਤੀ ਵੇਲੇ ਦੀ ਹੈ। ਵੱਡੇ ਲੜਕੇ ਦੀ
ਸੋਲਾਂ ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋਣ ਦੇ ਕਰੀਬ ਦੋ ਮਹੀਨਿਆਂ ਪਿੱਛੋਂ ਪੰਜਾਬ ਸਰਕਾਰ
ਨੇ ਮੈਨੂੰ ਚੰਡੀਗੜ੍ਹ ਵਿੱਚੋਂ ਕੱਢ ਕੇ ਫਿਰੋਜ਼ਪੁਰ ਵਿੱਚ ਨਿਯੁਕਤ ਕਰ ਦਿੱਤਾ ਸੀ। ਛੋਟੇ
ਲੜਕੇ ਨੂੰ ਸੱਤਵੀਂ ਵਿੱਚ ਦਾਖ਼ਲ ਕਰਵਾਉਣਾ ਸੀ। ਪਤਨੀ ਦੀ ਜ਼ਿੱਦ ਅਤੇ ਇੱਛਾ ਕਾਰਨ ਸਾਡਾ ਸ਼ੁਰੂ
ਤੋਂ ਇਹ ਫ਼ੈਸਲਾ ਸੀ ਕਿ ਬੱਚੇ ਬੇਸ਼ੱਕ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਪਰ ਦਾਖਲ ਉਸ ਸਕੂਲ
ਵਿੱਚ ਕਰਨੇ ਹਨ ਜਿੱਥੇ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਹੋਵੇ। ਇਸੇ ਕਰਕੇ ਚੰਡੀਗੜ੍ਹ ਵਿੱਚ
ਬੱਚੇ ਸਰਕਾਰੀ ਸੀਨੀਅਰ ਮਾਡਲ ਸਕੂਲ ਵਿੱਚ ਹੀ ਪੜ੍ਹਦੇ ਰਹੇ ਸਨ। ਫਿਰੋਜ਼ਪੁਰ ਇੱਥੇ ਅਜਿਹੇ
ਸਕੂਲ ਵਿੱਚ ਬੱਚੇ ਨੂੰ ਦਾਖਲ ਕਰਵਾਉਣ ਲਈ ਮੈਂ ਆਰਮੀ ਸਕੂਲ ਅਤੇ ਕਾਨਵੈਂਟ ਸਕੂਲ ਸਮੇਤ ਸ਼ਹਿਰ
ਦੇ ਦੋ-ਚਾਰ ਹੋਰ ਸਿਰਕੱਢ ‘ਪਬਲਿਕ ਸਕੂਲਾਂ’ ਵਿੱਚ ਜਾ ਕੇ ਪਤਾ ਕੀਤਾ। ਕਿਸੇ ਵਿੱਚ ਵੀ
ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ। ਅਖੀਰ ਬੱਚੇ ਨੂੰ ਅਸੀਂ ਡੀ ਸੀ ਮਾਡਲ ਸਕੂਲ ਵਿੱਚ ਦਾਖਲ
ਕਰਵਾਇਆ ਜਿੱਥੇ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ।
ਇਸ ਘਟਨਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਕਹਿਣ
ਨੂੰ ਇਹ ਪੰਜਾਬੀ ਸੂਬਾ ਸੀ ਪਰ ਆਪਣੇ ਹੀ ਘਰ ਵਿੱਚ ਪੰਜਾਬੀ ਦੀ ਇਹ ਬੇਕਦਰੀ ਸੀ। ਜੋ ਹਾਲ
ਫਿਰੋਜ਼ਪੁਰ ਵਿੱਚ ਸੀ ਉਹੋ ਹਾਲ ਸਾਰੇ ਸੂਬੇ ਵਿੱਚ ਸੀ। ਇਸ ਦੇ ਉਲਟ ਪੱਛਮੀ ਬੰਗਾਲ,
ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਮਹਾਂਰਸਟਰ ਅਤੇ ਗੁਜਰਾਤ ਵਿੱਚ ਇਹ ਕਾਨੂੰਨ ਲਾਗੂ ਸਨ
ਕਿ ਸਕੂਲ ਭਾਵੇਂ ਕਿਸੇ ਵੀ ਬੋਰਡ ਨਾਲ ਜੁੜੇ ਹੋਣ ਰਾਜ ਬੋਰਡ, ਸੀਬੀਐੱਸਈ, ਆਈਸੀਐੱਸਸੀ ਜਾਂ
ਕੋਈ ਹੋਰ, ਸਿਸਟਮ ਤਹਿਤ ਹਰ ਸਕੂਲ ਵਿੱਚ ਹਰ ਬੱਚੇ ਨੂੰ ਦਸਵੀਂ ਜਮਾਤ ਤਕ ਪ੍ਰਦੇਸ਼ਕ ਭਾਸ਼ਾ
ਪੜ੍ਹਨੀ ਜ਼ਰੂਰੀ ਸੀ ਪਰ ਸਾਨੂੰ ‘ਪੰਜਾਬੀ ਸੂਬੇ’ ਵਿੱਚ ਕੀ ਗੋਲੀ ਵੱਜੀ ਸੀ, ਕਿਸ ਗੱਲ ਦਾ ਡਰ
ਜਾਂ ਝਿਜਕ ਸੀ ਕਿ ਅਸੀਂ ਇਹ ਨੀਤੀ ਲਾਗੂ ਨਹੀਂ ਕੀਤੀ ਸੀ? ਤਾਂ ਹੀ ਮੈਂ ਬਹੁਤ ਹੀ ਰੰਜ ਭਰਿਆ
ਇੱਕ ਸਰਕਾਰੀ ਪੱਤਰ ਸਾਰੇ ਤੱਥ ਦੱਸਦਿਆਂ ਉਸ ਵਕਤ ਦੇ ਸਿੱਖਿਆ ਸਕੱਤਰ ਅਮਰੀਕ ਸਿੰਘ ਪੂੰਨੀ
ਨੂੰ ਲਿਖਿਆ। ਕਾਰਵਾਈ ਤਾਂ ਕੀ ਹੋਣੀ ਸੀ, ਚਿੱਠੀ ਦੀ ਪਹੁੰਚ ਵੀ ਨਹੀਂ ਮਿਲੀ ਸੀ ਮੈਨੂੰ।
ਪੰਜਾਬੀ ਨਾਲ ‘ਹੇਜ’ ਦੀ ਇੱਕ ਹੋਰ ਘਟਨਾ ਅੰਮ੍ਰਿਤਾ ਪ੍ਰੀਤਮ ਨਾਲ ਜੁੜੀ ਹੋਈ ਹੈ। ਜਦੋਂ ਉਹ
ਰਾਜ ਸਭਾ ਦੇ ਮੈਂਬਰ ਬਣੇ ਸਨ ਅਤੇ ਉਨ੍ਹਾਂ ਨੇ ਹਿੰਦੀ ਵਿੱਚ ਸਹੁੰ ਚੁੱਕੀ ਸੀ। ਮੇਰੀ ਇਸ
ਸਬੰਧੀ ਉਨ੍ਹਾਂ ਨਾਲ ਚਿੱਠੀ-ਪੱਤਰੀ ਹੋਈ ਸੀ ਅਤੇ ਤਲਖ਼ੀ ਇੰਨੀ ਹੋ ਗਈ ਸੀ ਕਿ ਬਾਰਾ-ਤੇਰਾਂ
ਸਾਲ ਅੰਮ੍ਰਿਤਾ ਮੇਰੇ ਨਾਲ ਨਾਰਾਜ਼ ਰਹੇ ਸਨ।
ਸੰਨ 1990-91 ਵਿੱਚ ਜਦੋਂ ਅਤਿਵਾਦ ਦਾ ਸੂਬੇ ਵਿੱਚ ਜ਼ੋਰ ਸੀ ਤਾਂ ਉਨ੍ਹਾਂ ਨੇ ਸਾਰੇ
ਅਦਾਰਿਆਂ ਦੇ ਬੋਰਡ ਕਾਰਾਂ, ਟਰੱਕਾਂ ਤੇ ਸਕੂਟਰਾਂ ਦੇ ਨੰਬਰ ਆਦਿ ਪੰਜਾਬੀ ਵਿੱਚ ਲਿਖਣ ਦੇ
‘ਹੁਕਮ’ ਜਾਰੀ ਕਰ ਦਿੱਤੇ ਸਨ। ਹਰ ਸਰਕਾਰੀ ਅਫ਼ਸਰ ਅਤੇ ਕਰਮਚਾਰੀ ਨੂੰ ਤਿੰਨ-ਚਾਰ ਸਫ਼ਿਆਂ
ਦੀਆਂ ਵਿਸਥਾਰ ਸਹਿਤ ਹਦਾਇਤਾਂ ਦੀ ਚਿੱਠੀ ਜਾਰੀ ਕੀਤੀ ਗਈ ਸੀ। ਇੱਕ ਦਿਨ ਇੱਕ ਪੰਜਾਬੀ
ਅਖ਼ਬਾਰ ਦਾ ਪ੍ਰਸਿੱਧ ਪੱਤਰ ਪ੍ਰੇਰਕ ਮੇਰੇ ਕੋਲ ਆਇਆ ਤੇ ਗੱਲਾਂ-ਗੱਲਾਂ ਵਿੱਚ ਪੁੱਛਿਆ ਕਿ ਕੀ
ਮੇਰੇ ਮਹਿਕਮੇ ਵਿੱਚ ਉਸ ਚਿੱਠੀ ਅਨੁਸਾਰ ਅਮਲ ਸ਼ੁਰੂ ਹੋ ਗਿਆ ਸੀ? ਮੈਨੂੰ ਪਤਾ ਸੀ ਕਿ ਉਹ
ਅਤਿਵਾਦੀਆਂ ਦਾ ਬੰਦਾ ਸੀ, ਅਫ਼ਸਰਾਂ ਨੂੰ ਡਰਾ-ਧਮਕਾ ਕੇ ਫ਼ਾਇਦੇ ਲੈਣ ਵਿਚ ਮਾਹਿਰ ਸੀ। ਮੈਂ
ਉਸ ਨੂੰ ਕਿਹਾ ਸੀ ਕਿ ਇਨ੍ਹਾਂ ਨਾਮਧਰੀਕ ਪੰਜਾਬੀ ਪ੍ਰੇਮੀਆਂ ਨੂੰ ਜਾ ਕੇ ਕਹੋ ਕਿ ਪਹਿਲਾਂ
ਉਹ ਆਪ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖਣ। ਉਹ ਤਾਂ ਉਦੋਂ ਜੰਮੇ ਵੀ ਨਹੀਂ ਸੀ ਜਦੋਂ ਦੇ
ਅਸੀਂ ਪੰਜਾਬੀ ਦਾ ਲੜ ਫੜੀ ਬੈਠੇ ਹਾਂ। ਇਹ ਕਹਿੰਦਿਆਂ ਮੈਂ ਦਰਾਜ ਵਿੱਚੋਂ ਉਹ ਚਿੱਠੀ ਕੱਢ
ਕੇ ਉਸ ਦੇ ਸਾਹਮਣੇ ਸੁੱਟ ਦਿੱਤੀ। ਇਸ ਤਿੰਨ ਸਫ਼ਿਆਂ ਦੀ ਚਿੱਠੀ ਵਿੱਚ ਸ਼ਬਦ ਜੋੜਾਂ ਦੀਆਂ 29
ਗ਼ਲਤੀਆਂ ਸਨ। ਉਹ ਪੱਤਰਕਾਰ ਬੜਾ ਖਿਸਿਆਨਾ ਜਿਹਾ ਹੋ ਕੇ ਚੁੱਪ-ਚਾਪ ਉੱਠ ਕੇ ਚਲਾ ਗਿਆ ਸੀ।
ਸੰਨ 1998 ਵਿੱਚ ਉਸ ਵੇਲੇ ਦੀ ਸਰਕਾਰ ਨੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ
ਪੜ੍ਹਾਈ ਲਾਜ਼ਮੀ ਕਰਨ ਦਾ ਫ਼ੈਸਲਾ ਲੈ ਲਿਆ। ਇਸ ਖ਼ਬਰ ਨੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ।
ਮੈਂ 23 ਅਪਰੈਲ 1998 ਨੂੰ ਇੱਕ ਅਰਧ-ਸਰਕਾਰੀ ਪੱਤਰ ਮੁੱਖ ਸਕੱਤਰ ਨੂੰ ਲਿਖ ਭੇਜਿਆ ਕਿ ਇਹ
ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ ਜਿਸ ਦੇ ਪ੍ਰਭਾਵ ਪੀੜ੍ਹੀਆਂ ਤਕ ਜਾ ਸਕਦੇ ਹਨ। ਇਹ ਫ਼ੈਸਲਾ
ਲੈਣ ਤੋਂ ਪਹਿਲਾਂ ਵਿਗਿਆਨਕ ਹਕੀਕਤਾਂ, ਬੱਚਿਆਂ ਦੀ ਮਾਨਸਿਕਤਾ ਅਤੇ ਭਾਸ਼ਾ ਚੱਕਰ ਆਦਿ ਵਰਗੇ
ਮਹੱਤਵਪੂਰਨ ਤੱਥਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਦਸ ਮਿੰਟ ਵਾਸਤੇ ਮੰਤਰੀ ਮੰਡਲ
ਸਾਹਮਣੇ ਪੇਸ਼ ਹੋ ਕੇ ਕੁਝ ਬਹੁਤ ਹੀ ਮਹੱਤਵਪੂਰਨ ਤੱਥ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦੀ
ਇਜਾਜ਼ਤ ਅਤੇ ਸਮਾਂ ਦਿੱਤਾ ਜਾਵੇ।
ਉਸ ਤੋਂ ਅਗਲੇ ਦਿਨ ਮੇਰੇ ਉਸੇ ਪੱਤਰ ’ਤੇ ਟਿੱਪਣੀ ਕਰ ਕੇ ਮੁੱਖ ਸਕੱਤਰ ਨੇ ਆਦੇਸ਼ ਦਿੱਤਾ ਸੀ
ਕਿ ਮੈਂ ਇਸ ਬਾਰੇ ਵਿਸਥਾਰ ਸਹਿਤ ਨੋਟ ਪੇਸ਼ ਕਰਾਂ। ਉਸ ਹੁਕਮ ਦੀ ਤਾਮੀਲ ਵਜੋਂ ਮੈਂ ਛੇ
ਪੰਨਿਆਂ ਦਾ ਇੱਕ ਨੋਟ ਮੁੱਖ ਸਕੱਤਰ ਨੂੰ ਪੇਸ਼ ਕੀਤਾ ਅਤੇ ਲਿਖਿਆ ਸੀ: ਤੁਹਾਡੇ ਆਦੇਸ਼ ਦੀ
ਪਾਲਣਾ ਵਜੋਂ ਮੈਂ ਕੁਝ ਮੁੱਦੇ ਹੇਠ ਲਿਖੇ ਅਨੁਸਾਰ ਤੁਹਾਨੂੰ ਅਤੇ ਤੁਹਾਡੇ ਰਾਹੀਂ ਮੰਤਰੀ
ਮੰਡਲ ਦੇ ਸਾਹਮਣੇ ਪੇਸ਼ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ:
* ਮੈਨੂੰ ਇਹ ਤੌਖਲਾ ਹੈ ਕਿ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਲਾਜ਼ਮੀ ਪੜ੍ਹਾਈ ਸ਼ੁਰੂ ਕਰਨ
ਬਾਰੇ ਫ਼ੈਸਲਾ ਵਿਗਿਆਨਕ ਹਕੀਕਤਾਂ ਅਤੇ ਮਾਹਿਰਾਂ ਦੀ ਰਾਏ ਲੈਣ ਤੋਂ ਬਿਨਾਂ ਹੀ ਅਣਜਾਣ
ਕਾਰਨਾਂ ਕਰਕੇ ਬੜੀ ਜਲਦੀ ਲਿਆ ਗਿਆ ਹੈ। ਇਸ ਲਈ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ
ਕਿ ਇਸ ਫ਼ੈਸਲੇ ’ਤੇ ਦੁਬਾਰਾ ਗ਼ੌਰ ਕੀਤਾ ਜਾਵੇ।
* ਸਾਰੇ ਸੰਸਾਰ ਵਿੱਚ ਤਜ਼ਰਬਿਆਂ ਅਤੇ ਵਿਸ਼ਲੇਸ਼ਣਾਂ ਤੋਂ ਬਾਅਦ ਇੱਕ ਗੱਲ ਬਿਲਕੁੱਲ ਸਪਸ਼ਟ ਹੋ
ਗਈ ਜਿਸ ਨੂੰ ਸਾਰੇ ਭਾਸ਼ਾ ਵਿਗਿਆਨੀ ਅਤੇ ਵਿੱਦਿਅਕ ਮਾਹਿਰ ਪੂਰੀ ਪ੍ਰਵਾਨਗੀ ਦਿੰਦੇ ਹਨ।
ਵਿਗਿਆਨਕ ਤੱਥਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹਰ ਭਾਸ਼ਾ ਦਾ ਆਪਣਾ ਇੱਕ ਮੁਢਲਾ ਭਾਸ਼ਾ
ਚੱਕਰ (2asic Linguistic 3ircle) ਹੁੰਦਾ ਹੈ ਜਦੋਂ ਤਕ ਕੋਈ ਬੱਚਾ ਉਸ ਵਿੱਚ ਪ੍ਰਬੀਨ ਨਾ
ਹੋ ਜਾਵੇ, ਉਹ ਉਸ ਭਾਸ਼ਾ ਨੂੰ ਕਦੀ ਵੀ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ।
* ਵਿਸ਼ਵ ਪੱਧਰ ’ਤੇ ਹੋਏ ਤਜ਼ਰਬਿਆਂ ਨੇ ਇਹ ਵੀ ਨਿਸ਼ਚਿਤ ਰੂਪ ਵਿਚ ਸਿੱਧ ਕਰ ਦਿੱਤਾ ਹੈ ਕਿ
ਬੱਚੇ ਦੀ ਪੜ੍ਹਾਈ ਸ਼ੁਰੂ ਕਰਨ ਵਾਸਤੇ ਸਭ ਤੋਂ ਸੁਯੋਗ ਅਤੇ ਸੌਖਾ ਪ੍ਰਬੰਧ ਅਤੇ ਢੰਗ ਉਸ ਦੀ
ਮਾਂ-ਬੋਲੀ ਦੇ ਮੁੱਢਲੇ ਭਾਸ਼ਾ ਚੱਕਰ ਰਾਹੀਂ ਹੀ ਕੀਤਾ ਜਾ ਸਕਦਾ ਹੈ। ਬੱਚਾ ਕਿਉਂਕਿ ਸਾਰਾ
ਸਮਾਂ ਉਸੇ ਬੋਲੀ ਦੇ ਮਾਹੌਲ ਵਿੱਚ ਜਾਗਦਾ, ਸੌਂਦਾ, ਉੱਠਦਾ, ਬੈਠਦਾ, ਖੇਡਦਾ ਅਤੇ ਹੋਰ ਸਾਰੇ
ਵਰਤਾਰੇ ਹੁੰਦੇ ਵੇਖਦਾ, ਸੁਣਦਾ ਅਤੇ ਸਮਝਦਾ ਹੈ। ਜੇ ਕਿਸੇ ਬੱਚੇ ਨੂੰ ਇੱਕ ਅਜਿਹੇ ਮੁੱਢਲੇ
ਭਾਸ਼ਾ ਚੱਕਰ ਵਿੱਚ ਪਾ ਦਿੱਤਾ ਜਾਵੇ ਜੋ ਉਸ ਦੇ ਘਰੇਲੂ ਵਾਤਾਵਰਨ ਅਨੁਸਾਰ ਨਹੀਂ ਹੈ ਤਾਂ ਉਸ
ਅਜਨਬੀ ਬੋਲੀ ਨੂੰ ਸਮਝਣ ਅਤੇ ਸਿੱਖਣ ਵਾਸਤੇ ਬੱਚੇ ਨੂੰ ਬਹੁਤ ਦਬਾਅ ਸਹਿਣੇ ਪੈਂਦੇ ਹਨ।
* ਜੇ ਇਸ ਵਿਗਿਆਨਕ ਹਕੀਕਤ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਬੱਚਿਆਂ ਵਿੱਚ ਇੱਕ ਬੜੀ ਵੱਡੀ
ਸਮੱਸਿਆ ਖੜ੍ਹੀ ਹੋ ਜਾਂਦੀ ਹੈ ਜਿਸ ਨੂੰ ਡਿਸਲੈਕਸੀਆ ਕਿਹਾ ਜਾਂਦਾ ਹੈ। ਇਸ ਅਨੁਸਾਰ ਹੁੰਦਾ
ਇਹ ਹੈ ਕਿ ਜੋ ਕੁਝ ਵੀ ਪੜ੍ਹਾਇਆ ਜਾ ਰਿਹਾ ਹੁੰਦਾ ਹੈ, ਉਹ ਬੱਚੇ ਨੂੰ ਜਾਂ ਤਾਂ ਬਿਲਕੁਲ ਹੀ
ਨਹੀਂ ਤੇ ਜਾਂ ਫਿਰ ਬਹੁਤ ਘੱਟ ਸਮਝ ਆਉਂਦਾ ਹੈ ਅਤੇ ਉਹ ਇੱਕ ਘਾਤਕ ਚੱਕਰ ਵਿੱਚ ਫਸ ਜਾਂਦਾ
ਹੈ। ਮਾਹਿਰਾਂ ਅਨੁਸਾਰ ਹਰ ਬੋਲੀ ਆਪਣੇ ਆਪ ਵਿੱਚ ਸਿਰਫ਼ ਕੋਡ ਹੈ ਜੋ ਕਿਸੇ ਚੀਜ਼ ਨੂੰ ਲਫ਼ਜ਼ਾਂ
ਰਾਹੀਂ ਸਪਸ਼ਟ ਕਰਦੀ ਹੈ। ਭਾਸ਼ਾ ਵਿਗਿਆਨੀਆਂ ਅਤੇ ਮਾਹਿਰਾਂ ਨੇ ਇਹ ਦੱਸਿਆ ਹੈ ਕਿ ਜੇ ਬੱਚੇ
’ਤੇ ਗ਼ੈਰ-ਕੁਦਰਤੀ ਢੰਗ ਨਾਲ ਕਿਸੇ ਅਜਨਬੀ ਭਾਸ਼ਾ ਦਾ ਬੋਝ ਪਾਇਆ ਜਾਵੇ ਤਾਂ ਉਹ ਇਨ੍ਹਾਂ
ਕੋਡਾਂ ਨੂੰ ਡੀ-ਕੋਡ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਜਾਂ ਫਿਰ ਬਹੁਤ ਹੌਲੀ-ਹੌਲੀ ਡੀ-ਕੋਡ
ਕਰ ਸਕਦਾ ਹੈ। ਜਮਾਤ ਵਿੱਚ ਜੋ ਸਬਕ ਪੜ੍ਹਾਇਆ ਜਾਂਦਾ ਹੈ, ਉਹ ਉਸ ਤੋਂ ਵਾਂਝਾ ਰਹਿਣ ਲੱਗ
ਜਾਂਦਾ ਹੈ ਅਤੇ ਬਲੈਕ-ਬੋਰਡ ’ਤੇ ਲਿਖਿਆ ਗਿਆ ਸਬਕ ਵੀ ਠੀਕ ਤਰ੍ਹਾਂ ਨਹੀਂ ਸਮਝ ਸਕਦਾ।
ਨਤੀਜਾ ਇਹ ਹੁੰਦਾ ਹੈ ਕਿ ਜਦੋਂ ਕਲਾਸ ਅੱਗੇ ਵਧ ਰਹੀ ਹੈ ਤਾਂ ਡਿਸਲੈਕਸੀਆ ਦਾ ਸ਼ਿਕਾਰ ਬੱਚਾ
ਪੱਛੜਦਾ ਜਾਂਦਾ ਹੈ। ਇਸ ਕਰਕੇ ਇੱਕ ਪਾਸੇ ਉਸਤਾਦ ਉਸ ਨੂੰ ਨਿਕੰਮਾ ਬੱਚਾ ਕਹਿਣ ਲੱਗ ਪੈਂਦੇ
ਹਨ ਅਤੇ ਦੂਜੇ ਪਾਸੇ ਬੱਚੇ ਵਿੱਚ ਹੀਣ-ਭਾਵਨਾ ਆਉਣ ਲੱਗ ਪੈਂਦੀ ਹੈ। ਜਮਾਤ ਜਿੰਨਾ ਅੱਗੇ ਜਾ
ਰਹੀ ਹੁੰਦੀ ਹੈ, ਅਜਿਹਾ ਬੱਚਾ ਓਨਾ ਹੀ ਨਿੱਘਰਦਾ ਜਾਂਦਾ ਹੈ ਅਤੇ ਸਿੱਟੇ ਵਜੋਂ ‘ਅੱਗਾ ਦੌੜ
ਤੇ ਪਿੱਛਾ ਚੌੜ’ ਵਾਲੀ ਸਥਿਤੀ ਹੋ ਜਾਂਦੀ ਹੈ। ਉਹ ਪੜ੍ਹਨ-ਲਿਖਣ, ਕਿਤਾਬਾਂ, ਸਕੂਲ ਆਦਿ ਤੋਂ
ਡਰਨ ਲੱਗ ਪੈਂਦਾ ਹੈ। ਉਨ੍ਹਾਂ ਤੋਂ ਭੱਜਣਾ ਸ਼ੁਰੂ ਕਰ ਦਿੰਦਾ ਹੈ ਅਤੇ ਗੰਭੀਰ ਕੇਸਾਂ ਵਿੱਚ
ਬੱਚਾ ਮਾਨਸਿਕ ਰੋਗੀ ਬਣਨ ਲੱਗ ਪੈਂਦਾ ਹੈ। ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ
ਕਰਵਾਉਣ ਦਾ ਮਤਲਬ ਬੱਚੇ ਨੂੰ ਇੱਕੋ ਵਕਤ ਦੋ ਬੋਲੀਆਂ ਦੇ ਭਾਸ਼ਾ ਚੱਕਰਾਂ ਵਿੱਚ ਧੱਕ ਦੇਣਾ
ਹੈ। ਨਤੀਜਾ ਇਹ ਹੋਵੇਗਾ ਕਿ ਜਦੋਂ ਬੱਚੇ ਨੇ ਅਜੇ ਆਪਣੀ ਮਾਤ ਭਾਸ਼ਾ ਦੇ ਚੱਕਰ ਨੂੰ ਹੀ ਪੂਰੀ
ਤਰ੍ਹਾਂ ਨਹੀਂ ਜਾਣਿਆ, ਉਸ ਵੱਲੋਂ ਅਜਨਬੀ ਭਾਸ਼ਾ ਦੇ ਚੱਕਰ ਦਾ ਬੋਝ ਸੰਭਾਲਣਾ ਅਸੰਭਵ ਹੋ
ਜਾਵੇਗਾ। ਇੰਜ ਉਸ ਦੇ ਡਿਸਲੈਕਸੀਆ ਦੇ ਸ਼ਿਕਾਰ ਹੋ ਜਾਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ
ਜਾਵੇਗੀ।
* ਸੰਨ 1981 ਵਿੱਚ ਜਦੋਂ ਮੈਂ ਟਰੇਨਿੰਗ ਵਾਸਤੇ ਇੰਗਲੈਂਡ ਗਿਆ ਹੋਇਆ ਸਾਂ ਤਾਂ ਉੱਥੋਂ ਦੇ
ਵਿੱਦਿਆ ਮਹਿਕਮੇ ਵੱਲੋਂ ਇੱਕ ਰਿਪੋਰਟ ਛਪੀ ਸੀ ਜਿਸ ਰਾਹੀਂ ਇਹ ਦੱਸਿਆ ਗਿਆ ਸੀ ਕਿ ਇੰਗਲੈਂਡ
ਵਿੱਚ 10 ਸਾਲਾਂ ਦੀ ਸਕੂਲੀ ਪੜ੍ਹਾਈ ਪਿੱਛੋਂ ਬੱਚਿਆਂ ਵਿੱਚੋਂ ਹਰ ਪੰਜਵਾਂ ਬੱਚਾ ਕੋਰਾ
ਨਿਪੱਟ ਅਨਪੜ੍ਹ ਨਿਕਲ ਰਿਹਾ ਸੀ। ਉਹ ਇੱਕ ਵਾਕ ਵੀ ਠੀਕ ਲਿਖਣ ਦੇ ਯੋਗ ਨਹੀਂ ਸੀ। ਇਹ
ਰਿਪੋਰਟ ਉਨ੍ਹਾਂ ਬੱਚਿਆਂ ਬਾਰੇ ਹੈ, ਜਿਨ੍ਹਾਂ ਦੇ ਆਲੇ-ਦੁਆਲੇ ਦਾ ਮਾਹੌਲ ਅੰਗਰੇਜ਼ੀ ਬੋਲੀ
’ਤੇ ਹੀ ਆਧਾਰਿਤ ਹੈ ਅਤੇ ਉਨ੍ਹਾਂ ’ਤੇ ਕਿਸੇ ਵੀ ਹੋਰ ਵਿਦੇਸ਼ੀ ਭਾਸ਼ਾ ਦਾ ਬੋਝ ਨਹੀਂ ਹੈ।
ਜਦੋਂ ਉਹ ਬੱਚੇ, ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ। ਇੰਜ ਅੰਗਰੇਜ਼ੀ ਸਮਝਣ, ਬੋਲਣ,
ਲਿਖਣ, ਪੜ੍ਹਨ ਤੋਂ ਅਸਮਰੱਥ ਹਨ ਤਾਂ ਸਾਡੇ ਆਪਣੇ ਕਸਬਿਆਂ, ਸ਼ਹਿਰਾਂ ਦੇ ਉਹ ਬੱਚੇ ਜਿਨ੍ਹਾਂ
ਨੂੰ 24 ਘੰਟੇ ਵਿੱਚ ਮਸਾਂ ਇੱਕ ਜਾਂ ਦੋ ਘੰਟੇ ਅੰਗਰੇਜ਼ੀ ਪੜ੍ਹਨ ਦਾ ਮੌਕਾ ਮਿਲੇਗਾ, ਉਸ
ਭਾਸ਼ਾ ਵਿੱਚ ਕਿਵੇਂ ਪ੍ਰਬੀਨ ਹੋ ਸਕਣਗੇ? ਮੈਨੂੰ ਇਹ ਤੌਖਲਾ ਹੈ ਕਿ ਅੰਗਰੇਜ਼ੀ ਵਿੱਚ
ਪ੍ਰਬੀਨਤਾ ਦੀ ਗੱਲ ਤਾਂ ਬਹੁਤ ਦੂਰ, ਉਹ ਸਾਰੇ ਡਿਸਲੈਕਸੀਆ ਦੇ ਸ਼ਿਕਾਰ ਨਾ ਹੋ ਜਾਣ।
ਉਪਰੋਕਤ ਦੱਸੇ ਤੱਥਾਂ ਕਰਕੇ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੰਤਰੀ ਮੰਡਲ ਨੂੰ
ਆਪਣੇ ਪਹਿਲਾਂ ਲਏ ਗਏ ਫ਼ੈਸਲੇ ’ਤੇ ਦੁਬਾਰਾ ਗ਼ੌਰ ਕਰਨ ਲਈ ਪ੍ਰਾਰਥਨਾ ਕੀਤੀ ਜਾਵੇ। ਕੋਈ ਵੀ
ਅੰਤਿਮ ਨਿਰਣਾ ਲੈਣ ਤੋਂ ਪਹਿਲਾਂ ਭਾਸ਼ਾ ਵਿਗਿਆਨੀਆਂ ਅਤੇ ਵਿੱਦਿਅਕ ਮਾਹਿਰਾਂ ਦੀ ਇੱਕ ਕਮੇਟੀ
ਬਣਾ ਕੇ ਉਨ੍ਹਾਂ ਨੂੰ ਵਿਸ਼ਵ-ਵਿਆਪੀ ਪੱਧਰ ’ਤੇ ਹੋਈਆਂ ਖੋਜਾਂ ਆਦਿ ਦੇ ਆਧਾਰ ’ਤੇ ਆਪਣੀਆਂ
ਸਿਫ਼ਾਰਸ਼ਾਂ ਕਰਨ ਲਈ ਕਿਹਾ ਜਾਵੇ।
ਮੈਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਕਵੀ ਪ੍ਰੇਮ ਸਾਹਿਲ ਦੀ ਇੱਕ ਕਵਿਤਾ ‘ਬੱਚਿਆਂ ਵੱਲੋਂ
ਰਹਿਮ ਦੀ ਅਪੀਲ’ ਰਾਹੀਂ ਮੰਤਰੀ ਮੰਡਲ ਤਕ ਪਹੁੰਚਾ ਕੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ
ਹਾਂ ਕਿ ਅੰਗਰੇਜ਼ੀ ਦੀ ਪੜ੍ਹਾਈ ਬਾਰੇ ਲਏ ਆਪਣੇ ਫ਼ੈਸਲੇ ’ਤੇ ਉਹ ਕਿਰਪਾ ਕਰਕੇ ਦੁਬਾਰਾ ਗੌਰ
ਕਰਨ ਦੀ ਖੇਚਲ ਕਰਨ:-
‘ਸਾਡੇ ਵੱਡੇ-ਵਡੇਰਿਓ
ਰਹਿਨੁਮਾਓ, ਨਾਖਦਾਓ
ਇਸ ਕਿਸ਼ਤੀ ਨੂੰ ਮੋੜੋ
ਜੋ ਭੰਵਰ ਵੱਲ ਜਾ ਰਹੀ ਏ
ਸਾਡੀ ਸਭ ਦੀ ਸ਼ਾਮ ਆ ਗਈ ਏ।’
* ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੇ ਇਹ ਤੌਖਲੇ ਅਤੇ ਵਿਚਾਰ ਮੰਤਰੀ ਮੰਡਲ ਦੇ ਸਾਹਮਣੇ
ਪੇਸ਼ ਹੋ ਕੇ ਵਿਸਥਾਰ ਨਾਲ ਦੱਸਣ ਅਤੇ ਜਿੱਥੋਂ ਤਕ ਮੇਰੇ ਵੱਸ ਵਿੱਚ ਹੈ, ਮੰਤਰੀ ਮੰਡਲ ਦੇ
ਪ੍ਰਸ਼ਨਾਂ ਦੇ ਉੱਤਰ ਦੇਣ ਵਾਸਤੇ ਮੈਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਵੇ।
ਮੈਂ ਆਪਣੇ ਇਸ ਅਰਧ-ਸਰਕਾਰੀ ਪੱਤਰ ਦੀ ਇੱਕ-ਇੱਕ ਕਾਪੀ ਉਸ ਵਕਤ ਦੇ ਸਕੱਤਰ ਸਕੂਲ ਸਿੱਖਿਆ
ਲਖਨਪਾਲ ਅਤੇ ਸਕੱਤਰ ਉਚੇਰੀ ਸਿੱਖਿਆ ਸੁਰਜੀਤ ਕੌਰ ਨੂੰ ਵੀ ਭੇਜ ਦਿੱਤੀ ਸੀ ਜਦੋਂਕਿ ਲਖਨਪਾਲ
ਨੇ ਆਪਣੇ ਅਰਧ-ਸਰਕਾਰੀ ਪੱਤਰ ਰਾਹੀਂ ਜੁਆਬ ਭੇਜ ਕੇ ਮੈਨੂੰ ਸੂਚਿਤ ਕੀਤਾ ਕਿ ਉਪਰੋਕਤ ਵਿਸ਼ੇ
’ਤੇ ਆਪ ਵੱਲੋਂ ਭੇਜੇ ਗਏ ਅਰਧ-ਸਰਕਾਰੀ ਪੱਤਰ ਵਿੱਚ ਜੋ ਵਿਚਾਰ ਪ੍ਰਗਟ ਕੀਤੇ ਗਏ ਹਨ, ਮੈਂ
ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਉਨ੍ਹਾਂ ਨੂੰ ਮੁੱਖ ਰੱਖਦੇ ਹੋਏ ਮੈਂ ਅੱਜ ਵੀ ਇੱਕ
ਅਰਧ-ਸਰਕਾਰੀ ਪੱਤਰ ਮੁੱਖ ਸਕੱਤਰ, ਪੰਜਾਬ ਸਰਕਾਰ ਨੂੰ ਲਿਖ ਦਿੱਤਾ ਹੈ ਕਿ ਉਹ ਇਸ ਮਾਮਲੇ
’ਤੇ ਮੁੱਖ ਮੰਤਰੀ ਜੀ ਨਾਲ ਵਿਚਾਰ-ਵਟਾਂਦਰਾ ਕਰਨ ਦੀ ਖੇਚਲ ਕਰਨ।
ਸ੍ਰੀਮਤੀ ਸੁਰਜੀਤ ਕੌਰ ਨੇ ਮੇਰੇ ਪੱਤਰ ਦੀ ਪਹੁੰਚ ਵਜੋਂ ਵੀ ਕੋਈ ਜੁਆਬ ਨਹੀਂ ਦਿੱਤਾ ਸੀ।
ਪਰ ਜਦੋਂ ਪੰਜਾਬ ਸਰਕਾਰ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਲਾਜ਼ਮੀ ਕਰਨ ਬਾਰੇ
ਹੁਕਮ ਜਾਰੀ ਕਰ ਹੀ ਦਿੱਤੇ ਤਾਂ ਮੈਂ ਬਹੁਤ ਭਰੇ ਦਿਲ ਨਾਲ 27 ਅਗਸਤ 1998 ਨੂੰ ਮੁੱਖ ਸਕੱਤਰ
ਨੂੰ ਆਪਣੇ ਅਰਧ-ਸਰਕਾਰੀ ਪੱਤਰ ਵਿੱਚ ਲਿਖਿਆ ਸੀ ਕਿ 26 ਅਗਸਤ 1998 ਦੇ ‘ਪੰਜਾਬੀ
ਟ੍ਰਿਬਿਊਨ’ ਅਤੇ ਹੋਰ ਅਖ਼ਬਾਰਾਂ ਨੇ ਮੁੱਖ ਰੂਪ ਵਿੱਚ ਇਹ ਖ਼ਬਰ ਦਿੱਤੀ ਹੈ ਕਿ 25 ਅਗਸਤ 98
ਤੋਂ ਮਾਣਯੋਗ ਮੁੱਖ ਮੰਤਰੀ ਨੇ ਪਿੰਡ ਚੂਹੜਚੱਕ ਤੋਂ ਪਹਿਲੀ ਤੋਂ ਅੰਗਰੇਜ਼ੀ ਲਾਜ਼ਮੀ ਪੜ੍ਹਾਈ
ਨੂੰ ਆਰੰਭ ਕਰ ਦਿੱਤਾ ਹੈ। ਇਹ ਖ਼ਬਰ ਪੜ੍ਹ ਕੇ ਮੈਨੂੰ ਬਹੁਤ ਝਟਕਾ ਮਹਿਸੂਸ ਹੋਇਆ ਹੈ ਕਿਉਂਕਿ
ਮੈਂ ਉਮੀਦ ਕਰੀ ਬੈਠਾ ਸੀ ਕਿ ਮੈਨੂੰ ਮੇਰੇ ਅਰਧ-ਸਰਕਾਰੀ ਪੱਤਰਾਂ ਅਤੇ ਨੋਟ ਵਿੱਚ ਕੀਤੀ
ਬੇਨਤੀ ਅਨੁਸਾਰ ਸੁਣਵਾਈ ਦਾ ਮੌਕਾ ਦਿੱਤਾ ਜਾਵੇਗਾ।
* ਮੈਂ ਤੁਹਾਡਾ ਧਿਆਨ ਮਿਤੀ 26.8.1998 ਦੇ ‘ਪੰਜਾਬੀ ਟ੍ਰਿਬਿਊਨ’ ਦੇ ਪੰਨਾ 4 ’ਤੇ ਛਪੇ
ਲੇਖ ‘ਚੂਹੜਚੱਕ ਤੋਂ ਇੰਗਲੈਂਡ ਤਕ ਅੰਗਰੇਜ਼ੀ ਰਾਹੀਂ ਸਿੱਧਾ ਸੰਪਰਕ’ ਵੱਲ ਦਿਵਾਉਂਦਾ ਹਾਂ
ਜਿਸ ਵਿੱਚ ਸੂਖ਼ਮਭਾਵੀ ਪੰਜਾਬੀ ਪ੍ਰੇਮੀਆਂ ਦੇ ਵਿਚਾਰਾਂ ਦੀ ਤਰਜਮਾਨੀ ਕੀਤੀ ਗਈ ਹੈ।
* ਹੁਣ ਤਾਂ ਮੈਂ ਸਿਰਫ਼ ਇਹੋ ਉਮੀਦ ਕਰ ਸਕਦਾ ਹਾਂ ਕਿ ਸ਼ਾਲਾ! ਪੰਜਾਬ ਦੇ ਬੱਚੇ ਡਿਸਲੈਕਸੀਆ,
ਡਿਪਰੈਸ਼ਨ ਅਤੇ ਸਕੀਜ਼ੋਫਰੇਨੀਆ ਤੋਂ ਬਚੇ ਰਹਿਣ।
ਜਦੋਂ ਸੰਨ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ
ਸਰਕਾਰ ਬਣੀ ਤਾਂ ਮੈਨੂੰ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਨਿਯੁਕਤ ਕੀਤਾ
ਗਿਆ। ਮੇਰੇ ਮੰਤਰੀ ਸ੍ਰੀ ਬਹਿਲ ਬਹੁਤ ਪੁਰਾਣੇ ਕਾਂਗਰਸੀ, ਸੁਤੰਤਰਤਾ ਸੰਗਰਾਮੀ ਅਤੇ ਨਿਹਾਇਤ
ਹੀ ਸਾਊ, ਸਿੱਧ ਪੱਧਰੇ ਸਨ। ਮੇਰੇ ਹਰ ਮਹਿਕਮੇ ਵਿੱਚ 98 ਫ਼ੀਸਦੀ ਤੋਂ ਵੱਧ ਕੰਮ ਪੰਜਾਬੀ
ਵਿੱਚ ਹੀ ਹੁੰਦੇ ਸਨ। ਜਦੋਂ ਮੈਂ ਮੰਤਰੀ ਜੀ ਨੂੰ ਕੇਸ ਪੇਸ਼ ਕੀਤੇ ਤਾਂ ਉਨ੍ਹਾਂ ਮੈਨੂੰ ਸੱਦ
ਕੇ ਆਪਣੀ ਔਕੜ ਦੱਸੀ ਕਿ ਉਨ੍ਹਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਲਿਖਣੀ-ਪੜ੍ਹਨੀ ਨਹੀਂ ਆਉਂਦੀ।
ਉਹ ਜਾਂ ਤਾਂ ਉਰਦੂ ਜਾਣਦੇ ਸਨ ਜਾਂ ਅੰਗਰੇਜ਼ੀ ਅਤੇ ਉਨ੍ਹਾਂ ਬੇਨਤੀ ਕੀਤੀ ਕਿ ਮੈਂ ਆਪਣੇ ਨੋਟ
ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਲਿਖ ਕੇ ਭੇਜਿਆ ਕਰਾਂ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ
ਸਿੱਖਿਆ ਅਤੇ ਭਾਸ਼ਾ ਵਿਭਾਗਾਂ ਦੇ ਮੰਤਰੀ ਹਨ। ਅੰਗਰੇਜ਼ੀ ਵਿੱਚ ਸਰਕਾਰੀ ਕੰਮ-ਕਾਜ ਨਾ ਸਿਰਫ਼
ਰਾਜ ਭਾਸ਼ਾ ਕਾਨੂੰਨ ਦੀ ਉਲੰਘਣਾ ਸੀ ਸਗੋਂ ਉਨ੍ਹਾਂ ਵਾਸਤੇ ਰਾਜਨੀਤਕ ਸਮੱਸਿਆਵਾਂ ਵੀ
ਖੜ੍ਹੀਆਂ ਹੋ ਸਕਦੀਆਂ ਸਨ। ਮੈਂ ਉਨ੍ਹਾਂ ਨੂੰ ਸੁਝਾਓ ਦਿੱਤਾ ਕਿ ਉਹ ਮੇਰੇ ਪੰਜਾਬੀ ਵਿੱਚ
ਭੇਜੇ ਨੋਟਾਂ ਦੇ ਆਪਣੇ ਨਿੱਜੀ ਸਕੱਤਰਾਂ ਜਾਂ ਆਪਣੇ ਓਐੱਸਡੀ ਕੋਲੋਂ ਤਰਜਮੇ ਕਰਵਾ ਲਿਆ ਕਰਨ
ਕਿਉਂਕਿ ਮੈਂ ਤਾਂ ਅੰਗਰੇਜ਼ੀ ਵਿੱਚ ਨੋਟਿਸ ਨਹੀਂ ਲਿਖਾਂਗਾ। ਅਖੀਰ ਮੰਤਰੀ ਜੀ ਦੀ ਸੌਖ ਵਾਸਤੇ
ਮੈਂ ਆਪਣੇ ਨੋਟਾਂ ਦੀ ਇੱਕ ਕਾਪੀ ਬਿਨਾਂ ਦਸਤਖ਼ਤਾਂ ਤੋਂ ਅੰਗਰੇਜ਼ੀ ਵਿੱਚ ਲਿਖ ਕੇ
ਗ਼ੈਰ-ਸਰਕਾਰੀ ਤੌਰ ’ਤੇ ਭੇਜਣੀ ਸ਼ੁਰੂ ਕੀਤੀ ਕਿਉਂਕਿ ਮੰਤਰੀ ਨੂੰ ਆਪਣੇ ਨਿੱਜੀ ਸਕੱਤਰਾਂ ਜਾਂ
ਕਿਸੇ ਵੀ ਹੋਰ ਅਫ਼ਸਰ ਦੇ ਤਰਜਮਿਆਂ ’ਤੇ ਵਿਸ਼ਵਾਸ ਨਹੀਂ ਸੀ।
ਮੈਂ ਆਪਣੇ ਉਸ ਵਕਤ ਦੇ ਉਚੇਰੀ ਸਿੱਖਿਆ ਮੰਤਰੀ ਨੂੰ ਚਾਰ ਪੰਨਿਆਂ ਦਾ ਅੰਗਰੇਜ਼ੀ ਵਿੱਚ ਇੱਕ
ਨੋਟ ਭੇਜਿਆ ਸੀ ਜਿਸ ਰਾਹੀਂ ਮੈਂ ਉਨ੍ਹਾਂ ਦੀ ਪ੍ਰਵਾਨਗੀ ਹੇਠ ਸਕੂਲਾਂ ਵਿੱਚ ਅੰਗਰੇਜ਼ੀ ਦੀ
ਲਾਜ਼ਮੀ ਪੜ੍ਹਾਈ ਸ਼ੁਰੂ ਕਰਨ ਸਬੰਧੀ ਹੋਈ ਮਾਹਿਰਾਂ ਦੀ ਮੀਟਿੰਗ ਦੀ ਕਾਰਵਾਈ ਅਤੇ ਫ਼ੈਸਲਿਆਂ ਦੀ
ਰਿਪੋਰਟ ਪੇਸ਼ ਕੀਤੀ ਸੀ। ਇਸ ਮੀਟਿੰਗ ਵਿੱਚ ਜਗਮੋਹਣ ਕੌਸ਼ਲ ਮੈਂਬਰ ਅਕੈਡਮਿਕ ਕੌਂਸਲ ਪੰਜਾਬ
ਸਕੂਲ ਸਿੱਖਿਆ ਬੋਰਡ, ਡਾ.ਟੀ.ਆਰ.ਸ਼ਰਮਾ ਰਿਟਾਇਰਡ ਪ੍ਰੋਫ਼ੈਸਰ ਆਫ ਲਿੰਗੁਇਸਟਿਕ, ਡਾ.
ਐੱਸ.ਐੱਸ. ਜੋਸ਼ੀ ਰਿਟਾਇਰ ਪ੍ਰੋਫ਼ੈਸਰ ਆਫ ਐਂਥਰੋਬਾਇਓਲਾਜੀਕਲ ਲਿੰਗੁਇਸਟਿਕ, ਪੰਜਾਬੀ
ਯੂਨੀਵਰਸਿਟੀ ਪਟਿਆਲਾ, ਆਰ.ਪੀ. ਸਿੰਘ ਪ੍ਰਿੰਸੀਪਲ ਵਾਈਪੀਐੱਸ ਪਟਿਆਲਾ, ਡਾ. ਐੱਸ.ਐੱਸ.ਜੌਹਲ
ਸਾਬਕਾ ਉਪ ਕੁਲਪਤੀ ਅਤੇ ਮੁੱਖ ਮੰਤਰੀ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਅਤੇ ਹੋਰ ਬਹੁਤ
ਸਾਰੇ ਵਿਦਵਾਨਾਂ ਨੇ ਭਾਗ ਲਿਆ ਸੀ। ਉਨ੍ਹਾਂ ਸਾਰਿਆਂ ਨੇ ਹੀ ਯੁਨੈਸਕੋ, ਅੰਤਰਰਾਸ਼ਟਰੀ
ਸੰਸਥਾਵਾਂ, ਭਾਸ਼ਾ ਅਤੇ ਬਾਲ ਮਨੋਵਿਗਿਆਨੀਆਂ ਦੀਆਂ ਖੋਜਾਂ ਦੇ ਹਵਾਲਿਆਂ ਨਾਲ ਪਹਿਲੀ ਜਮਾਤ
ਤੋਂ ਅੰਗਰੇਜ਼ੀ ਦੀ ਲਾਜ਼ਮੀ ਪੜ੍ਹਾਈ ਦੀ ਨੀਤੀ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਮੈਂ ਸੰਨ 1998
ਦੀ ਆਪਣੀ ਸੋਚ ਅਨੁਸਾਰ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਸਨ।
ਮਿਤੀ 7 ਜਨਵਰੀ 2003 ਨੂੰ ਇੱਕ ਹੋਰ ਕਾਨਫਰੰਸ ਹੋਈ ਸੀ ਜਿਸ ਦਾ ਉਦਘਾਟਨ ਉਸ ਵਕਤ ਦੇ ਮੁੱਖ
ਮੰਤਰੀ ਨੇ ਕੀਤਾ ਸੀ ਅਤੇ ਉਨ੍ਹਾਂ ਪੁਰਜ਼ੋਰ ਤਰੀਕੇ ਨਾਲ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਈ
ਦਾ ਸਮਰਥਨ ਕੀਤਾ ਸੀ ਅਤੇ ਚੀਨ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਚੀਨ ਨੇ ਅੰਗਰੇਜ਼ੀ
ਪੜ੍ਹਾਉਣ ਵਾਸਤੇ ਢਾਈ ਲੱਖ ਅਧਿਆਪਕਾਂ ਨੂੰ ਚੀਨ ਵਿੱਚ ਸੱਦਿਆ ਅਤੇ ਨਿਯੁਕਤ ਕੀਤਾ ਸੀ। ਉਸੇ
ਕਾਨਫਰੰਸ ਵਿੱਚ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਤੋਂ ਵੀ ਵਿਦਵਾਨਾਂ ਦੀ ਇੱਕ ਟੀਮ ਭਾਗ ਲੈਣ
ਆਈ ਸੀ। ਹੋਰਨਾਂ ਤੋਂ ਛੁੱਟ ਡਾ. ਐੱਸ.ਐੱਸ.ਜੌਹਲ, ਡਾ.ਅੰਜਨੀ ਕੋਛਰ ਕੋਆਰਡੀਨੇਟਰ ਸਟੈਨਫੋਰਡ
ਯੂਨੀਵਰਸਿਟੀ, ਡਾ.ਬੈਰੀ ਵੈਦਰ, ਡਾ.ਨਿਕੋਲਸ ਸੀ.ਹੋਪ ਨੇ ਵੀ ਭਾਗ ਲਿਆ ਸੀ। ਸਟੈਨਫੋਰਡ
ਯੂਨੀਵਰਸਿਟੀ ਦੇ ਮਾਹਿਰਾਂ ਨੇ ਇਹ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਚੀਨ ਵਿੱਚ
ਸੱਦੇ ਗਏ ਅੰਗਰੇਜ਼ੀ ਅਧਿਆਪਕਾਂ ਨੂੰ ਪਹਿਲਾਂ ਲਾਜ਼ਮੀ ਤੌਰ ’ਤੇ ਇੱਕ ਸਾਲ ਵਾਸਤੇ ਚੀਨੀ ਭਾਸ਼ਾ
ਸਿਖਾਈ ਗਈ ਸੀ ਅਤੇ ਚੀਨ ਵਿੱਚ ਛੇਤੀਂ ਜਾਂ ਸੱਤਵੀਂ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਲਾਗੂ
ਕੀਤੀ ਗਈ ਸੀ।
ਮੇਰੇ ਪੰਜਾਬੀ ਨਾਲ ‘ਹੇਜ’ ਦੀ ਕਥਾ ਦਾ ਸੁਨਿਹਰੀ ਅੰਤ ਹੋ ਜਾਂਦਾ ਅਤੇ ਪੰਜਾਬੀ ਦੀ ਕੁੱਲ
ਸਿੱਖਿਆ ਪ੍ਰਣਾਲੀ ਵਿੱਚ ਵੱਡਮੁੱਲਾ ਯੋਗਦਾਨ ਬਣ ਜਾਂਦਾ ਜੇ ਸਾਡੇ ਅਫ਼ਸਰ ਅਤੇ ਰਾਜਨੀਤਿਕ
ਨੇਤਾ ਸੱਚਮੁੱਚ ਹੀ ਪੰਜਾਬੀ ਦੇ ਮੁਦੱਈ ਹੁੰਦੇ। ਸ਼ਾਇਦ ਅਪਰੈਲ ਜਾਂ ਮਈ 2003 ਦੀ ਘਟਨਾ ਹੈ।
ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਵੱਖ-ਵੱਖ ਅਫ਼ਸਰਾਂ ਦੀ ਸਾਂਝੀ
ਮੀਟਿੰਗ ਸੀ। ਪਤਾ ਨਹੀਂ ਕਿਸ ਸੰਦਰਭ ਵਿੱਚ ਪੰਜਾਬ ਵਿੱਚ ਪੰਜਾਬੀ ਬੋਲੀ ਦੀ ਪੜ੍ਹਾਈ ਅਤੇ
ਦੁਰਦਸ਼ਾ ਦੀ ਗੱਲ ਤੁਰ ਪਈ।
ਮੈਂ ਬਹੁਤ ਉਤੇਜਕ ਅਤੇ ਭਾਵੁਕ ਹੋ ਕੇ ਮੁੱਖ ਮੰਤਰੀ ਨੂੰ ਹਾਲਤ ਦੱਸੀ ਅਤੇ ਆਪਣਾ ਫਿਰੋਜ਼ਪੁਰ
ਵਾਲਾ ਤਜਰਬਾ ਸੁਣਾਇਆ। ਸੁਣ ਕੇ ਮੁੱਖ ਮੰਤਰੀ ਸੁੰਨ ਹੋ ਗਏ ਸਨ ਅਤੇ ਮੈਨੂੰ ਪੁੱਛਦੇ,
‘‘ਮਿਸਟਰ ਰਤਨ! ਆਰ ਯੂ ਸ਼ੋਅਰ ਪੋਜ਼ੀਸ਼ਨ ਇਜ਼ ਦੈਟ ਬੈਡ?’’ ਮੈਂ ਕਿਹਾ ਸੀ ਕਿ ਸਰ ਮੈਨੂੰ ਭਰੋਸਾ
ਹੈ ਕਿ ਕੋਈ ਖ਼ਾਸ ਫਰਕ ਨਹੀਂ ਪਿਆ। ਤੁਸੀਂ ਸੁਤੰਤਰ ਤੌਰ ’ਤੇ ਪੜਤਾਲ ਕਰਵਾ ਲਵੋ। ਮੁੱਖ
ਮੰਤਰੀ ਨੂੰ ਗੁੱਸਾ ਆ ਗਿਆ, ‘‘ਬਟ ਹਾਊ ਇਜ਼ ਦੈਟ ਪਾਸੀਬਲ? ਵੀ ਕਾਲ ਆਵਰਸੈਲਫਜ਼ ਪੰਜਾਬੀਜ਼
ਲਿਵਿੰਗ ਇਨ ਪੰਜਾਬੀ ਸੂਬਾ।’’
ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਨੂੰ ਕੁਝ ਕਰੜੇ ਸ਼ਬਦ ਕਹੇ ਤੇ ਫਿਰ
ਮੈਨੂੰ ਕਹਿੰਦੇ, ‘‘ਰਤਨ ਸਾਬ! ਤੁਸੀਂ ਅੱਜ ਹੀ, ਹੁਣੇ ਹੀ ਹੁਕਮ ਜਾਰੀ ਕਰੋ ਕਿ ਪੰਜਾਬ ਦੇ
ਹਰ ਸਕੂਲ ਵਿੱਚ ਭਾਵੇਂ ਉਹ ਕਿਸੇ ਵੀ ਬੋਰਡ ਜਾਂ ਕੋਈ ਵੀ ਮਾਧਿਅਮ ਹੋਵੇ, ਹਰ ਬੱਚੇ ਨੂੰ
ਦਸਵੀਂ ਤਕ ਲਾਜ਼ਮੀ ਤੌਰ ’ਤੇ ਪੰਜਾਬੀ ਪੜ੍ਹਨੀ ਪਵੇਗੀ।’’ ਮੈਂ ਬੇਨਤੀ ਕੀਤੀ ਕਿ ਇਹ ਮਸਲਾ
ਸਕੂਲ ਸਿੱਖਿਆ ਦਾ ਸੀ ਅਤੇ ਯੋਗ ਹੋਵੇਗਾ ਕਿ ਸਕੂਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਅਜਿਹੇ
ਹੁਕਮ ਜਾਰੀ ਕਰਨ ਪਰ ਮੁੱਖ ਮੰਤਰੀ ਨੇ ਮੈਨੂੰ ਵਿੱਚੋਂ ਹੀ ਟੋਕ ਦਿੱਤਾ, ‘‘ਨਹੀਂ ਰਤਨ ਸਾਬ
ਨਹੀਂ। ਤੁਸੀਂ ਇਹ ਆਪਣੇ ਪੱਧਰ ’ਤੇ ਹੁਕਮ ਜਾਰੀ ਕਰੋ ਅਤੇ ਸਿੱਖਿਆ ਵਿਭਾਗ ਨੂੰ ਇਹ ਲਾਗੂ
ਕਰਨ ਲਈ ਕਹਿ ਦੇਵੋ। ਮੇਰੇ ਕੋਲੋਂ ਫਾਈਲ ’ਤੇ ਪ੍ਰਵਾਨਗੀ ਲੈ ਲਵੋ ਜੇ ਲੈਣੀ ਹੋਵੇ ਤਾਂ।’’
ਮੁੱਖ ਮੰਤਰੀ ਦੇ ਹੁਕਮ ਅਨੁਸਾਰ ਮੈਂ ਆਦੇਸ਼ ਜਾਰੀ ਕਰ ਦਿੱਤੇ ਸਨ, ਮੁੱਖ ਮੰਤਰੀ ਕੋਲੋਂ
ਪ੍ਰਵਾਨਗੀ ਪ੍ਰਾਪਤ ਹੋ ਗਈ ਸੀ ਅਤੇ ਸਿੱਖਿਆ ਵਿਭਾਗ ਨੂੰ ਹੁਕਮ ਲਾਗੂ ਕਰਨ ਵਾਸਤੇ ਲਿਖ
ਦਿੱਤਾ ਸੀ।
ਉਸ ਤੋਂ ਪਿੱਛੋਂ ਕੀ ਹੋਇਆ? ਮੈਨੂੰ ਨਹੀਂ ਪਤਾ। ਪੰਜਾਬੀ ਦਾ ਹਸ਼ਰ ਤੁਹਾਡੇ ਸਭ ਦੇ ਸਾਹਮਣੇ
ਹੈ। ਮੈਂ ਸਤੰਬਰ 2003 ਵਿੱਚ ਸੇਵਾਮੁਕਤ ਹੋ ਗਿਆ ਸਾਂ।
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)
ਸੰਪਰਕ: 98148-30903
-0-
|