ਅਸਾਂ ਕੁੱਝ ਦੋਸਤਾਂ ਨੇ
ਮਿਲ ਕੇ 1967-68 ਵਿੱਚ ‘ਸਾਹਿਤ-ਕੇਂਦਰ ਭਿੱਖੀਵਿੰਡ’ ਨਾਂ ਦੀ ਸਭਾ ਬਣਾਈ। ਮਹੀਨੇ ਬਾਅਦ
ਅਸੀਂ ਆਪਸ ਵਿੱਚ ਸਾਹਿਤਕ ਵਿਚਾਰ-ਚਰਚਾ ਲਈ ਇਕੱਠੇ ਹੁੰਦੇ ਰਹਿੰਦੇ ਸਾਂ। ਸਮੇਂ ਸਮੇਂ ਸਾਡੇ
ਕੋਲ ਬਾਹਰਲੇ ਸਾਹਿਤਕਾਰ ਵੀ ਆਉਂਦੇ ਰਹਿੰਦੇ। ਦੇਵਿੰਦਰ ਸਤਿਆਰਥੀ, ਨਿਰਮਲ ਅਰਪਨ, ਕੁਲਬੀਰ
ਸਿੰਘ ਕਾਂਗ ਤੇ ਨਵਾਂ ਨਵਾਂ ਲਿਖਣ ਲੱਗੇ ਜੋਗਿੰਦਰ ਕੈਰੋਂ ਦੇ ਨਾਂ ਮੈਨੂੰ ਯਾਦ ਹਨ।
ਸਾਹਿਤ-ਕੇਂਦਰ ਦੇ ਬਹੁਤੇ ਲੇਖਕ ਨਵੇਂ ਹੋਣ ਕਰਕੇ ਲਿਖਣ ਦੀਆਂ ਮੁਢਲੀਆਂ ਮਸ਼ਕਾਂ ਕਰ ਰਹੇ ਸਨ।
ਉਹਨਾਂ ਵਿਚੋਂ ਦੋ-ਚਾਰ ਦੀਆਂ ਲਿਖਤਾਂ ਅਖ਼ਬਾਰਾਂ ਰਿਸਾਲਿਆਂ ਵਿੱਚ ਵੀ ਪ੍ਰਕਾਸ਼ਿਤ ਹੋ
ਚੁੱਕੀਆਂ ਸਨ। ਇਹਨਾਂ ਵਿਚੋਂ ਇਕੱਲਾ ਮੈਂ ਹੀ ਸਾਂ ਜਿਸ ਦੀਆਂ ਲਿਖਤਾਂ ਚਰਚਿਤ ਮੈਗ਼ਜ਼ੀਨਾਂ
ਵਿੱਚ ਛਪਦੀਆਂ ਰਹਿੰਦੀਆਂ ਸਨ।
1970 ਕੁ ਦੀ ਗੱਲ ਹੋਵੇਗੀ ਜਦੋਂ ਪ੍ਰਿੰਸੀਪਲ ਸੁਜਾਨ ਸਿੰਘ ਦੇ ਵੱਡੇ ਲੜਕੇ ਕੁਲਵੰਤ ਸਿੰਘ
ਨੇ ਭਿੱਖੀਵਿੰਡ ਵਿੱਚ ਗਿਆਨੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਕੈਡਮੀ ਖੋਲ੍ਹੀ। ਸਾਹਿਤਕ
ਹਲਕਿਆਂ ਵਿੱਚ ਮੇਰੇ ਨਾਂ ਦਾ ਥੋੜਾ-ਬਹੁਤਾ ਜ਼ਿਕਰ ਹੋਣ ਕਰ ਕੇ ਉਸਨੇ ਮੇਰੇ ਨਾਲ ਸੰਪਰਕ
ਕੀਤਾ। ਉਸਨੇ ਮੈਨੂੰ ਤੇ ਮੇਰੇ ਰਾਹੀਂ ਮੇਰੇ ਦੋਸਤਾਂ ਨੂੰ ਆਪਣੇ ਲਈ ਵਿਦਿਆਰਥੀ ਲੱਭਣ ਵਿੱਚ
ਸਹਾਇਤਾ ਕਰਨ ਲਈ ਆਖਿਆ। ਸੁਜਾਨ ਸਿੰਘ ਹੁਰਾਂ ਦੇ ਸੁੱਚੇ ਨਾਮ ਕਰ ਕੇ ਅਸੀਂ ਉਸਦੀ ਸਹਾਇਤਾ
ਕਰਨੀ ਜ਼ਰੂਰੀ ਸਮਝੀ। ਹੌਲੀ ਹੌਲੀ ਉਹ ਸਾਡੇ ਨੇੜੇ ਹੋ ਗਿਆ ਅਤੇ ‘ਸਾਹਿਤ-ਕੇਂਦਰ’ ਦੀਆਂ
ਮੀਟਿੰਗਾਂ ਵਿੱਚ ਵੀ ਆਉਣ ਲੱਗਾ। ਉਸਨੇ ਸੁਝਾਅ ਦਿੱਤਾ ਕਿ ਸਾਨੂੰ ਆਪਣੇ ‘ਸਾਹਿਤ-ਕੇਂਦਰ’
ਵੱਲੋਂ ਇੱਕ ਪਰਚਾ ਕੱਢਣਾ ਚਾਹੀਦਾ ਹੈ ਜਿਸ ਵਿੱਚ ਸਾਡੀ ‘ਕ੍ਰਾਂਤੀਕਾਰੀ ਸੋਚ’ ਪ੍ਰਗਟ ਅਤੇ
ਪ੍ਰਦਰਸ਼ਿਤ ਹੋ ਸਕੇ। ਪਰਚਾ ਬੇਸ਼ੱਕ ਛੇ ਜਾਂ ਅੱਠ ਪੰਨਿਆਂ ਦਾ ਕਿਓਂ ਨਾ ਹੋਵੇ! ਉਹਨੀਂ ਦਿਨੀਂ
ਅਜਿਹੇ ਮਿੰਨ੍ਹੀ ਪਰਚੇ ਕੱਢਣ ਦਾ ਆਮ ਹੀ ਰਿਵਾਜ ਸੀ।
ਮੋਹਨਜੀਤ ਹੁਰੀਂ ਅੰਮ੍ਰਿਤਸਰੋਂ ‘ਇਨਲੈਂਡ ਲੈਟਰ’ ‘ਤੇ ‘ਚੱਕਰ’ ਨਾਂ ਦਾ ਮਿੰਨ੍ਹੀ ਪਰਚਾ ਕੱਢ
ਰਹੇ ਸਨ। ਮੁਖ਼ਤਾਰ ਗਿੱਲ ਪ੍ਰੀਤਨਗਰੋਂ ‘ਦਰਵੇਸ਼’ ਨਾਂ ਦੀ ਮਿੰਨ੍ਹੀ-ਪੱਤਰਿਕਾ ਕੱਢ ਰਿਹਾ ਸੀ।
ਪਹਿਲੀ ਨਜ਼ਰੇ ਇਹ ਵਿਚਾਰ ਸਾਨੂੰ ਚੰਗਾ ਲੱਗਾ। ਸਾਡੇ ਸਾਹਿਤ-ਕੇਂਦਰ ਦੇ ਕਵੀਆਂ ਦੀਆਂ
ਕਵਿਤਾਵਾਂ ਇਸ ਵਿੱਚ ਛਪ ਸਕਦੀਆਂ ਸਨ। ਇਸ ਨਾਲ ਉਹਨਾਂ ਨੂੰ ਚਰਚਾ ਵਿੱਚ ਆਉਣ ਦਾ ਮੌਕਾ
ਮਿਲੇਗਾ। ਇਸ ਮੁੱਦੇ ‘ਤੇ ਵਿਚਾਰ-ਚਰਚਾ ਹੋਈ। ਕੁੱਝ ਦੋਸਤਾਂ ਦਾ ਖ਼ਿਆਲ ਸੀ ਕਿ ਇਸ ਪਰਚੇ ਨੂੰ
ਕੱਢਣ ਦਾ ਮਕਸਦ ‘ਸਾਹਿਤਕ’ ਨਾਲੋਂ ਜ਼ਿਆਦਾ ‘ਸਿਆਸੀ’ ਜਾਪਦਾ ਹੈ। ਉਹ ਸਭਾ ਨੂੰ ਅਜਿਹੀ ਸਿਆਸੀ
ਰੰਗਤ ਦੇਣ ਦੇ ਵਿਰੁੱਧ ਸਨ। ਮੋਹਨ ਸਿੰਘ ਗੰਡੀਵਿੰਡੀਆ, ਜਿਹੜਾ ਸਾਡੇ ਸਾਰਿਆਂ ਨਾਲੋਂ
ਸਾਹਿਤਕ ਤੇ ਸਿਆਸੀ ਪੱਖੋਂ ਵੱਧ ਜਾਗ੍ਰਿਤ ਸੀ, ਉਸਨੇ ਪਰਚਾ ਕੱਢਣੋਂ ਰੋਕਦਿਆਂ
‘ਸਾਹਿਤ-ਕੇਂਦਰ’ ਦੇ ਬਿਖ਼ਰ ਜਾਣ ਦਾ ਖ਼ਤਰਾ ਵੀ ਪ੍ਰਗਟਾਇਆ।
ਉਹਨੀਂ ਦਿਨੀਂ ਸਾਹਿਤਕ ਮਾਹੌਲ ਬੜਾ ਗਰਮ ਅਤੇ ਉਤੇਜਨਾ ਵਾਲਾ ਸੀ। ਅਸੀਂ ਇਸ ਦੀ ਪੂਰੀ ਜਕੜ
ਵਿੱਚ ਸਾਂ। ਮੋਹਨ ਸਿੰਘ ਦੀ ਚੇਤਾਵਨੀ ਨੂੰ ਅਸਾਂ ਉਸਦੇ ‘ਸੀ ਪੀ ਆਈ’ ਨਾਲ ਜੁੜੇ ਹੋਣ ਦੀ
‘ਕਮਜ਼ੋਰੀ’ ਵਜੋਂ ਲਿਆ। ਸੀ ਪੀ ਆਈ ਨਾਲ ਜੁੜੇ ਕੇਂਦਰੀ ਲੇਖਕ ਸਭਾ ਦੇ ਕਹਿੰਦੇ ਕਹਾਉਂਦੇ
ਸਾਹਿਤਕਾਰ ਨਵੇਂ ਉੱਠ ਰਹੇ ‘ਕ੍ਰਾਂਤੀਕਾਰੀ’ ਲੇਖਕਾਂ ਦੇ ਵਿਰੋਧੀ ਸਨ। ਉਹ ਨਵੇਂ ਲੇਖਕਾਂ
ਨੂੰ ਆਪਣੀ ਕੇਂਦਰੀ ਸਭਾ ਤੋਂ ਦੂਰ ਰੱਖਣਾ ਚਾਹੁੰਦੇ ਸਨ। ਮੇਰੇ ਨਾਲ ਦੇ ਸਾਹਿਤਕ-ਸਾਥੀ ਵੀ
ਤੱਤੇ ਵਿਚਾਰਾਂ ਵਾਲੇ ਹੀ ਸਨ। ਆਖ਼ਰਕਾਰ ਸਾਡੇ ਭਾਰੀ ਬਹੁਮੱਤ ਦੇ ਸਾਹਮਣੇ ਮੋਹਨ ਸਿੰਘ ਨੇ ਵੀ
ਹਥਿਆਰ ਸੁੱਟ ਦਿੱਤੇ। ਅੰਤਿਮ ਰੂਪ ਵਿੱਚ ਇਹ ਫ਼ੈਸਲਾ ਹੋ ਗਿਆ ਕਿ ‘ਜੁਝਾਰ’ ਨਾਂ ਦੀ ਇੱਕ
ਚੌਵਰਕੀ ਜਾਂ ਛੇ-ਵਰਕੀ ਛਾਪੀ ਜਾਵੇ ਅਤੇ ਇਹਨੀਂ ਹੀ ਦਿਨੀਂ ਅੰਮ੍ਰਿਤਸਰ ਵਿੱਚ ਗੁਰਬਖ਼ਸ਼ ਸਿੰਘ
ਪ੍ਰੀਤਲੜੀ ਵੱਲੋਂ ਕੀਤੀ ਜਾਣ ਵਾਲੀ ‘ਪ੍ਰੀਤ-ਮਿਲਣੀ’ ਉੱਤੇ ‘ਪ੍ਰੀਤ-ਪਾਠਕਾਂ’ ਵਿੱਚ ਤਕਸੀਮ
ਕੀਤੀ ਜਾਵੇ। ਇਸਤਰ੍ਹਾਂ ਇਕਦਮ ਵੱਡੇ ਸਾਹਿਤਕ ਦਾਇਰੇ ਵਿੱਚ ਸਾਡੀ ਸਭਾ ਤੇ ਸਾਡੇ ਲੇਖਕਾਂ ਦਾ
ਨਾਂ ਜਾਵੇਗਾ ਅਤੇ ਉਹਨਾਂ ਦੀ ਸਾਹਿਤਕ ਹਲਕਿਆਂ ਵਿੱਚ ਪਛਾਣ ਬਣੇਗੀ। ਸਾਨੂੰ ਕਿਉਂਕਿ ਪਰਚੇ
ਨੂੰ ਛਪਵਾਉਣ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਸੀਂ ਪੈਸੇ ਇਕੱਠੇ ਕਰ ਕੇ ਪਰਚੇ ਨੂੰ
ਛਪਵਾਉਣ ਦੀ ਸੇਵਾ ਕੁਲਵੰਤ ਸਿੰਘ ਦੇ ਜ਼ਿੰਮੇ ਲਾਈ।
‘ਪ੍ਰੀਤ-ਮਿਲਣੀ’ ਦੀ ਵਿਚਕਾਰਲੀ ਰਾਤ ਅਸੀਂ ‘ਜੁਝਾਰ’ ਪ੍ਰਾਪਤ ਕਰ ਲਿਆ ਅਤੇ ਰਾਤ ਨੂੰ ਆਪਣੀ
ਰਿਹਾਇਸ਼ ‘ਤੇ ਬੈਠ ਕੇ ਇਸਦੀਆਂ ਤਹਿਆਂ ਲਾਈਆਂ। ਇਹ ਪੀਲੇ ਰੰਗ ਦੇ ਮੋਟੇ ਕਾਗ਼ਜ਼ ‘ਤੇ
ਲੰਮੇ-ਰੁਖ਼ ਵੱਡੇ ਆਕਾਰ ਦੇ ਅੱਠ ਸਫ਼ਿਆਂ ‘ਤੇ ਛਪਿਆ ਸੀ। ਅਗਲੀ ਸਵੇਰੇ ‘ਪ੍ਰੀਤ-ਮਿਲਣੀ’ ਦੇ
ਪਹਿਲੇ ਇਕੱਠ ਤੋਂ ਪਿੱਛੋਂ ਚਾਹ-ਪਾਣੀ ਪੀਣ ਦੇ ਵਕਫ਼ੇ ਸਮੇਂ ਅਸੀਂ ਇਹ ਅੱਠ-ਵਰਕੀ ‘ਜੁਝਾਰ’
ਵੰਡਣਾ ਸ਼ੁਰੂ ਕੀਤਾ। ‘ਜੁਝਾਰ’ ਦੇ ਮੁੱਖ ਪੰਨੇ ਉੱਤੇ ਮੇਰੀ ਕਵਿਤਾ ਸੀ- ਜਿਸ ਵਿੱਚ ਗੁਰਬਖ਼ਸ਼
ਸਿੰਘ ਦੀ ‘ਪ੍ਰੀਤ-ਮਿਲਣੀ’ ਨੂੰ ਅਜੋਕੇ ਪ੍ਰਸੰਗ ਵਿੱਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ:
ਦੀਵਾਰ ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
-ਤੁਸੀਂ ਰੰਗਲੇ ਬੰਗਲਿਆਂ ਵਿੱਚ ਬਹਿ ਕੇ
ਆਰਾਮ ਦੀ ਗੱਲ ਕਰਦੇ ਹੋ!
ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ!
-ਕੀ ਮਿਲਣ ਤੋਂ ਪਹਿਲਾਂ ਮਰਨ ਦਾ ਸੱਚ ਸੁਣਿਆਂ ਜੇ?
ਤੁਸੀਂ ਕਿਹੜੇ ਝਨਾਵਾਂ ਨੂੰ ਪਾਰ ਕੀਤਾ ਹੈ?
ਆਰਾਮ ਕਾਹਦਾ!
ਕੀ ਮਾਛੀਵਾੜੇ ‘ਚੋਂ ਲੰਘ ਆਏ ਹੋ?
-ਕਦਮਾਂ ਨੂੰ ਸ਼ਰਮਿੰਦਾ ਨਾ ਕਰੋ।
ਉਜਾੜ-ਬੀਆਬਾਨਾਂ ‘ਚ ਕੱਟੇ ਸਿਰ
ਘੁੱਗ ਵੱਸਦੇ ਸ਼ਹਿਰਾਂ ਦੀ ਗੱਲ ਕਰਦੇ ਨੇ
ਉਹ ਕਾਲੇ ਸੂਰਜ ਦੇ ਮੂੰਹ ‘ਤੇ ਥੁੱਕਦੇ ਨੇ
ਤੇ ਰੱਤ ਦੇ ਸਾਗਰ ‘ਚ ਤਰਦੇ ਨੇ
ਤੁਸੀਂ ਉਹਨਾਂ ਨੂੰ ਡੱਡੂਆਂ ਦੀ ਆਵਾਜ਼ ਕਹਿ ਕੇ ਟਾਲ ਨਹੀਂ ਸਕਦੇ
ਨਾ ਹੀ ਪੁਲਿਸ-ਮੁਕਾਬਲੇ ਦੀ ਦੂਸਰੀ ਧਿਰ ਕਹਿ ਕੇ
ਅੱਖਾਂ ਮੀਟ ਸਕਦੇ ਹੋ
ਬੇਵਕਤੀ ਮੌਤ ਤੋਂ ਡਰਦੇ ਹੋ?
ਪਰ ਇਹ ਕਿਹੜੇ ਵਕਤ ਦੀ ਹੈ ਮੌਤ!
ਜਿਸਨੂੰ ਦਫ਼ਤਰਾਂ, ਸੜਕਾਂ ਤੇ ਡੀਪੂਆਂ ਦੀ ਭੀੜ ਵਿਚ
ਗਲ ਨਾਲ ਲਾਈ ਫਿਰਦੇ ਹੋ!
ਇਹ ਕਿਹੜੇ ਵਕਤ ਦੀ ਹੈ ਮੌਤ?
ਵਕਤ ਦੀ ਮੌਤ ਚਾਹੁੰਦੇ ਹੋ
ਲੈਨਿਨ ਦੀਵਾਰ ਤੋਂ ਲਾਹੋ
ਗੋਬਿੰਦ ਦੀ ਉਂਗਲੀ ਪਕੜੋ
ਤੇ ਬਲਦੀ ਲਾਟ ਬਣ ਕੇ
ਜੰਗਲਾਂ ਨੂੰ ਚੀਰ ਜਾਵੋ
ਰੰਗਲੇ ਬੰਗਲਿਆਂ ਵਿੱਚ ਬੈਠਣ ਦਾ ਅਜੇ ਵਕਤ ਕਿੱਥੇ ਹੈ!
ਇਸੇ ਪਰਚੇ ਵਿੱਚ ਹੀ ਲੋਕ ਨਾਥ ਦੀ ਕਵਿਤਾ ਛਪੀ ਸੀ:
ਜੰਗਲ ‘ਚੋਂ ਚਲਾ ਦਿਆਂਗੇ
ਐਟਮ ਬੰਬ
ਅਸੀਂ ਗੰਦੇ ਆਂਡਿਆਂ ਤੱਕ
ਪੀ ਜਾਵਾਂਗੇ-----
ਕੁਲਵੰਤ ਸਾਡੇ ਨਾਲ ‘ਪ੍ਰੀਤ-ਪਾਠਕਾਂ’ ਵਿੱਚ ਪਰਚਾ ਵੰਡ ਵੀ ਰਿਹਾ ਸੀ ਤੇ ਸਭ ਨੂੰ ਐਲਾਨੀਆਂ
ਤੌਰ ‘ਤੇ ਆਖ ਰਿਹਾ ਸੀ ਕਿ ਉਸਨੇ ਆਪਣੇ ‘ਉੱਦਮ’ ਨਾਲ ਭਿੱਖੀਵਿੰਡ ਤੇ ਸੁਰ ਸਿੰਘ ਦੇ ਇਲਾਕੇ
ਵਿੱਚ ਇਨਕਲਾਬੀ ਨੌਜਵਾਨਾਂ ਦਾ ਇੱਕ ਗਰੁੱਪ ਖੜਾ ਕਰ ਦਿੱਤਾ ਹੈ। ਇਸ ਵਿੱਚ ਕੋਈ ਸੱਚਾਈ ਨਹੀਂ
ਸੀ। ਅਸੀਂ ਇਲਾਕੇ ਦੇ ਲੇਖਕ, ਅਧਿਆਪਕ ਤੇ ਸਾਹਿਤਕ ਚੇਟਕ ਵਾਲੇ ਮਿੱਤਰ ਤਾਂ ਪਹਿਲਾਂ ਹੀ
ਸਾਂਝੀ ਰਾਜਨੀਤਕ ਸੋਚ ਤੇ ਆਪਸੀ ਸੰਬੰਧਾਂ ਕਾਰਨ ਇੱਕ-ਮੁੱਠ ਸਾਂ ਅਤੇ ਸਾਡੇ ਕੋਲ ਆਉਣ ਵਾਲੇ
ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੇ ਆਗੂਆਂ ਦਾ ਇਸ ਕੰਮ ਵਿੱਚ ਸਾਨੂੰ ‘ਆਸ਼ੀਰਵਾਦ’ ਵੀ
ਪ੍ਰਾਪਤ ਸੀ।
ਕੁਲਵੰਤ ਮੈਨੂੰ ਵੱਡੇ ਲੇਖਕਾਂ ਨਾਲ ਮਿਲਾ ਵੀ ਰਿਹਾ ਸੀ ਤੇ ਨਵੇਂ ਹੋਣਹਾਰ ਲੇਖਕ ਵਜੋਂ ਮੇਰੀ
ਜਾਣ-ਪਛਾਣ ਵੀ ਕਰਵਾ ਰਿਹਾ ਸੀ। ਉਸਨੇ ਜਸਵੰਤ ਸਿੰਘ ਕੰਵਲ ਦੇ ਹੱਥ ਵਿੱਚ ਫੜ੍ਹੇ ‘ਜੁਝਾਰ’
ਵੱਲ ਵੇਖ ਕੇ ਕਿਹਾ, “ਵੇਖਿਆ ਜੇ ਸਾਡਾ ਪਰਚਾ? ਇਸਦੇ ਪਹਿਲੇ ਸਫ਼ੇ ਵਾਲੀ ਨਜ਼ਮ ਪੜ੍ਹ ਕੇ
ਵੇਖੋ। ਕਿਆ ਨਜ਼ਮ ਹੈ! ਆਪਣੇ ਵਰਿਆਮ ਨੇ ਲਿਖੀ ਹੈ।” ਉਸਨੇ ਮਾਣ ਨਾਲ ਮੇਰੇ ਮੋਢੇ ਉੱਤੇ ਹੱਥ
ਰੱਖਿਆ।
“ਕੀ ਹੈ ਇਸ ਵਿਚ? ਦੱਸ ਮੈਨੂੰ; ਕੀ ਹੈ ਇਸ ਵਿਚ?” ਕੰਵਲ ਖਿਝਿਆ ਪਿਆ ਸੀ ਤੇ ਪਰਚੇ ਨੂੰ ਹੱਥ
ਵਿੱਚ ਹਿਕਾਰਤ ਨਾਲ ਹਿਲਾ ਰਿਹਾ ਸੀ। ਸ਼ਾਇਦ ਉਹ ‘ਕੱਲ੍ਹ ਦੇ ਛੋਕਰੇ’ ਵੱਲੋਂ ਗੁਰਬਖ਼ਸ਼ ਸਿੰਘ
ਦੀਆਂ ਵਡੇਰੀਆਂ ਪ੍ਰਾਪਤੀਆਂ ਨੂੰ ਛੁਟਿਆਉਣ ਕਰ ਕੇ ਔਖਾ ਸੀ ਜਾਂ ਉਸਦੇ ਮਨ ਵਿੱਚ ਨਵੇਂ ਉੱਠ
ਰਹੇ ਪਰ ਉਸਦੀ ਨਜ਼ਰ ਵਿੱਚ ‘ਰਾਹੋਂ ਭਟਕੇ’ ‘ਕ੍ਰਾਂਤੀਕਾਰੀ ਲੇਖਕਾਂ’ ਪ੍ਰਤੀ ਤੇਜ਼-ਤਿੱਖੀ
ਨਰਾਜ਼ਗੀ ਸੀ। ਕੁੱਝ ਸਾਲਾਂ ਬਾਅਦ ਜਦੋਂ ਮੈਂ ਉਸਦਾ ਨਾਵਲ ‘ਲਹੂ ਦੀ ਲੋਅ’ ਪੜ੍ਹ ਰਿਹਾ ਸਾਂ
ਤਾਂ ਕੰਵਲ ਵਾਰ ਵਾਰ ਮੇਰੇ ਚੇਤਿਆਂ ਵਿੱਚ ‘ਜੁਝਾਰ’ ਦੇ ਪੀਲੇ ਪੱਤਰਿਆਂ ਨੂੰ ਹਿਕਾਰਤ ਨਾਲ
ਹਿਲਾਉਂਦਾ ਕਹਿ ਰਿਹਾ ਸੀ, “ਕੀ ਹੈ ਇਸ ਵਿਚ?” ਪਰ ਮੈਂ ਉਸਨੂੰ ਕਹਿ ਨਹੀਂ ਸਾਂ ਸਕਦਾ ਕਿ ਇਸ
ਵਿੱਚ ‘ਲਹੂ ਦੀ ਲੋਅ’ ਵਰਗਾ ਹੀ ਕੁੱਝ ਸੀ!
ਉਸ ਇਕੱਠ ਵਿੱਚ ਕ੍ਰਾਂਤੀਕਾਰੀ ਲੇਖਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਉਹਨਾਂ ਵਿਚੋਂ ਸ ਸ
ਦੁਸਾਂਝ ਵਰਗੇ ਤਿੱਖੇ ਬੁਲਾਰਿਆਂ ਨੇ ਤਾਂ ਸਟੇਜ ਉੱਤੇ ਵੀ ਆਪਣੀ ਗੱਲ ਬੜੇ ਜ਼ੋਰ ਨਾਲ ਰੱਖੀ
ਸੀ। ਉਹਨਾਂ ਅਨੁਸਾਰ ਹੁਣ ਸਾਹਿਤ ਅਤੇ ਸਿਆਸਤ ਵਿੱਚ ਆਈਆਂ ਤੇਜ਼ ਤਿੱਖੀਆਂ ਤਬਦੀਲੀਆਂ ਨੂੰ
ਸਮਝਣ ਅਤੇ ਨਵੇਂ ਤਰੀਕੇ ਅਤੇ ਭਰਵੇਂ ਜੋਸ਼ ਨਾਲ ‘ਆਉਣ ਵਾਲੇ ਇਨਕਲਾਬ’ ਲਈ ਕੰਮ ਕਰਨ ਦੀ
ਜ਼ਰੂਰਤ ਸੀ। ਕ੍ਰਾਂਤੀਕਾਰੀ ਲੇਖਕਾਂ ਨੂੰ ਗੁਰਬਖ਼ਸ਼ ਸਿੰਘ ਦਾ ਵਿਰੋਧ ਕਰਨਾ ਵੀ ਆਪਣੀ ਸਾਹਿਤਕ
ਲੜਾਈ ਦਾ ਵੱਡਾ ਹਿੱਸਾ ਲੱਗਦਾ ਸੀ। ਉਹਨਾਂ ਨੂੰ ਜਾਪਦਾ ਸੀ ਕਿ ਗੁਰਬਖ਼ਸ਼ ਸਿੰਘ ਨਵੇਂ
ਸਾਹਿਤਕ-ਸਿਆਸੀ ਦ੍ਰਿਸ਼ ਵਿੱਚ ਉੱਭਰਨ ਵਾਲੇ ਨੌਜਵਾਨਾਂ ਦੀ ਸੋਚ ਨੂੰ ਸਥਿਰ ਅਤੇ ਗਤੀਹੀਣ
ਬਣਾਈ ਰੱਖਣ ਵਾਲਾ ਲੇਖਕ ਹੈ। ਜਿੰਨਾਂ ਕੋਈ ਗੁਰਬਖ਼ਸ਼ ਸਿੰਘ ਦੀਆਂ ਲਿਖਤਾਂ ਦਾ ਪ੍ਰਭਾਵ ਕਬੂਲ
ਕਰੇਗਾ ਓਨਾ ਹੀ ਉਸ ਅੰਦਰਲਾ ਇਨਕਲਾਬੀ ਤੱਤ ਖੁਰਦਾ ਜਾਂ ਖੁੰਢਾ ਹੁੰਦਾ ਜਾਵੇਗਾ! ‘ਇਨਕਲਾਬੀ
ਚੇਤਨਾ ਨਾਲ ਲਬਾ-ਲਬ ਭਰੇ ਹੋਏ’ ਸਾਡੇ ਮਨਾਂ ਵਿਚਲੇ ‘ਸੇਕ’ ਨੇ ਇਸ ‘ਠੋਸ ਸੱਚ’ ਨੂੰ ਤਾਂ
ਪਿਘਲਾ ਹੀ ਛੱਡਿਆ ਸੀ ਕਿ ਪੰਜਾਬੀ ਪੜ੍ਹਨ ਵਾਲੇ ਲਗਭਗ ਸਾਰੇ ਲੇਖਕਾਂ-ਪਾਠਕਾਂ ਦੀਆਂ ਸਾਡੇ
ਵਰਗੀਆਂ ਘੱਟੋ-ਘੱਟ ਤਿੰਨ-ਚਾਰ ਪੀੜ੍ਹੀਆਂ ਦੇ ਦਿਲ-ਦਿਮਾਗ਼ ਵਿੱਚ ਵਿਗਿਆਨਕ ਸੋਚ ਦੀ ਪਹਿਲੀ
ਚੰਗਿਆੜੀ ਮਘਾਉਣ ਵਾਲਾ ਮੁਢਲਾ ਸਰੋਤ ਗੁਰਬਖ਼ਸ਼ ਸਿੰਘ ਹੀ ਸੀ।
ਕੁਝ ਮਹੀਨੇ ਬਾਅਦ ਅੰਮ੍ਰਿਤਸਰ ਦੇ ਹਾਲ ਬਜ਼ਾਰ ਦੇ ਬਾਹਰਵਾਰ ਟੈਂਪਰੈਂਸ ਹਾਲ ਵਿੱਚ ਗੁਰਸ਼ਰਨ
ਸਿੰਘ ਦੀ ਅਗਵਾਈ ਵਿੱਚ ‘ਕ੍ਰਾਂਤੀਕਾਰੀ’ ਲੇਖਕਾਂ ਦਾ ਬਹੁਤ ਵੱਡਾ ਇਕੱਠ ਹੋਇਆ। ਬੜੀਆਂ
ਗਰਮਾ-ਗਰਮ ਤਕਰੀਰਾਂ ਹੋਈਆਂ। ਸਥਾਪਤ ਤਾਕਤਾਂ ਵਿਰੁੱਧ ਗੁੱਸੇ ਅਤੇ ਜੋਸ਼ ਦਾ ਉੱਬਲਦਾ ਹੋਇਆ
ਮਾਹੌਲ ਸੀ। ਸ਼ਾਮ ਦੇ ਕਵੀ-ਦਰਬਾਰ ਵਿੱਚ ਮੈਂ ‘ਦੀਵਾਰ ‘ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ
ਹੈ!’ ਵਾਲੀ ਨਜ਼ਮ ਸੁਣਾਈ। ਉਹਨਾਂ ਦਿਨਾਂ ਵਿੱਚ ਹਰੇਕ ਸਾਹਿਤਕ ਵੰਨਗੀ ਵਿੱਚ ‘ਮਾਰੇ
ਨਾਰ੍ਹਿਆਂ’ ਨੂੰ ਭਰਵੀਂ ਦਾਦ ਮਿਲ ਜਾਂਦੀ ਸੀ। ਜਦੋਂ ਮੈਂ ਸਟੇਜ ਤੋਂ ਉੱਤਰ ਕੇ ਆਪਣੀ ਸੀਟ
‘ਤੇ ਬੈਠਣ ਲੱਗਾ ਤਾਂ ਅਜੇ ਵੀ ਤਾੜੀਆਂ ਵੱਜੀ ਜਾ ਰਹੀਆਂ ਸਨ। ਵੇਖਿਆ; ਕਵਿਤਾ ਦੀ ਦਾਦ ਦੇਣ
ਵਾਲਿਆਂ ਵਿੱਚ ਨਵਤੇਜ ਸਿੰਘ ‘ਪ੍ਰੀਤ-ਲੜੀ’ ਵੀ ਸ਼ਾਮਿਲ ਸੀ। ਇਹ ਉਸਦੀ ਵਡੱਤਣ ਸੀ ਕਿ ਆਪਣੇ
ਖ਼ਿਲਾਫ਼ ਕਵਿਤਾ ਸੁਣ ਕੇ ਖੁੱਲ੍ਹੇ ਦਿਲ ਨਾਲ ਤਾੜੀਆਂ ਮਾਰ ਰਿਹਾ ਸੀ। ਮੇਰਾ ਉਸ ਨਾਲ ਨਜ਼ਰਾਂ
ਮਿਲਾਉਣ ਦਾ ਜੇਰਾ ਨਾ ਪਿਆ। ਅਜੇ ਕੁੱਝ ਸਾਲ ਪਹਿਲਾਂ ਹੀ ਨਵਤੇਜ ਸਿੰਘ ਨੇ ‘ਪ੍ਰੀਤ-ਲੜੀ’
ਵਿੱਚ ਮੇਰੀ ਕਹਾਣੀ ‘ਅੱਖਾਂ ਵਿੱਚ ਮਰ ਗਈ ਖ਼ੁਸ਼ੀ’ ਛਾਪ ਕੇ ਮੈਨੂੰ ਲੇਖਕਾਂ ਦੀ ਕਤਾਰ ਵਿੱਚ
ਲਿਆ ਖੜਾ ਕੀਤਾ ਸੀ। ਉਹਨਾਂ ਦਿਨਾਂ ਵਿੱਚ ‘ਪ੍ਰੀਤ-ਲੜੀ’ ਵਿੱਚ ਛਪ ਜਾਣਾ ਹੀ ਕਿਸੇ ਦੇ ਲੇਖਕ
ਬਣ ਜਾਣ ਦੀ ਗਾਰੰਟੀ ਹੁੰਦਾ ਸੀ। ਉਸਨੇ ਸਿਰਫ਼ ਕਹਾਣੀ ਛਾਪੀ ਹੀ ਨਹੀਂ ਸੀ ਸਗੋਂ ਮੈਨੂੰ
ਉਤਸ਼ਾਹ ਦੇਣ ਵਾਲੀਆਂ ਲੰਮੀਆਂ ਚਿੱਠੀਆਂ ਵੀ ਲਿਖੀਆਂ ਸਨ। ਮੈਂ; ਜਿਸਨੇ ਅਜੇ ਜ਼ਿੰਦਗੀ ਵਿੱਚ
ਪਹਿਲਾ ਕਦਮ ਵੀ ਨਹੀਂ ਸੀ ਪੁੱਟਿਆ, ਸਾਰੀ ਉਮਰ ਅਗਾਂਹਵਧੂ ਲਹਿਰ ਨੂੰ ਸਮਰਪਿਤ ਰਹੇ ਵੱਡੇ
ਲੇਖਕਾਂ ਨੂੰ ‘ਝਨਾਂ ਪਾਰ ਨਾ ਕੀਤੇ ਹੋਣ ਦਾ’ ਜਾਂ ‘ਮਾਛੀਵਾੜੇ ‘ਚੋਂ ਨਾ ਲੰਘਣ ਦਾ’ ਮਿਹਣਾ
ਮਾਰ ਰਿਹਾ ਸਾਂ! ਉਸ ਪਲ ਆਪਣੀ ਕਵਿਤਾ ਵਿਚਲੀ ਹਉਮੈ ਨੇ ਮੈਨੂੰ ਆਪਣੇ ਅੱਗੇ ਹੀ ਛੋਟਾ ਕਰ
ਦਿੱਤਾ।
ਪਰ ਇਹ ਤਾਂ ਇੱਕ ਪਲ ਦੀ ਗੱਲ ਹੀ ਸੀ। ਹਉਮੈਂ ਮਰੀ ਕਿੱਥੇ ਸੀ! ਛੋਟੇ ਭਾਂਡੇ ਛਲਕ ਛਲਕ ਪੈ
ਰਹੇ ਸਾਂ। ਸਾਨੂੰ ਸ਼ਾਹ ਹੁਸੈਨ ਵਰਗੇ ਫ਼ਕੀਰ ਦੀ ਕੀ ਦੁਆ ਲੱਗਣੀ ਸੀ! ਅਸੀਂ ਗੁਰਬਖ਼ਸ਼ ਸਿੰਘ
ਤਾਂ ਕੀ ‘ਰੱਬ ਨੂੰ ਭੁਲਾਈ’ ਫਿਰਦੇ ਸਾਂ! ਇਨਕਲਾਬ ਤਾਂ ਸਾਨੂੰ ‘ਔਹ ਆਉਂਦਾ ਪਿਆ’ ਦਿਸਦਾ
ਸੀ। ਕਵੀ-ਦਰਬਾਰ ਤੋਂ ਬਾਅਦ ਰਾਤ ਨੂੰ ਅਸੀਂ ਸੁਜਾਨ ਸਿੰਘ ਦੇ ਘਰ ਉਸਨੂੰ ਮਿਲਣ ਗਏ ਤਾਂ ਸ ਸ
ਦੁਸਾਂਝ ਤੇ ਜਗਤਾਰ ਇਨਕਲਾਬ ਦੀ ਦੂਰੀ ਸਾਲਾਂ ਵਿੱਚ ਮਿਣ ਰਹੇ ਸਨ। ਇੱਕ ਕਹਿੰਦਾ ਸੀ ਦੋ ਸਾਲ
ਦੇ ਵਿੱਚ ਵਿੱਚ ਇਨਕਲਾਬ ਆ ਜਾਣਾ ਹੈ! ਦੂਜੇ ਨੇ ਵੱਧ ਤੋਂ ਵੱਧ ਛੋਟ ਦੇ ਕੇ ਆਖਿਆ ਕਿ 1975
ਤੱਕ ਤਾਂ ਹਰ ਹਾਲਤ ਵਿੱਚ ਇਨਕਲਾਬ ਸਾਡੀਆਂ ਬਰੂਹਾਂ ‘ਤੇ ਖਲੋਤਾ ਹੋਵੇਗਾ! ਮੈਂ ਉਹਨਾਂ
ਨਾਲੋਂ ਜੂਨੀਅਰ ਸਾਂ ਤੇ ਇਨਕਲਾਬ ਦੀ ਦੂਰੀ ਨੂੰ ਸਾਲਾਂ ਵਿੱਚ ਮਿਣ ਸਕਣ ਦੀ ਸਮਝ ਨਹੀਂ ਸਾਂ
ਰੱਖਦਾ। ਪਰ ਜੇ ਮੇਰੇ ਸੀਨੀਅਰ ਲੇਖਕਾਂ ਦਾ ਇਹ ਵਿਸ਼ਵਾਸ ਸੀ ਤਾਂ ਮੈਂ ਭਲਾ ਕਿਉਂ ਨਾ ਮੰਨਦਾ!
ਇਨਕਲਾਬ ਦੀ ‘ਆਹਟ’ ਨੇ ਮੇਰੇ ਵਿੱਚ ਵਿਸ਼ੇਸ਼ ਕਿਸਮ ਦਾ ਸਵੈ-ਭਰੋਸਾ ਪੈਦਾ ਕਰ ਦਿੱਤਾ ਸੀ। ਇਹ
ਭੈਅ ਹੀ ਨਹੀਂ ਸੀ ਰਹਿ ਗਿਆ ਕਿ ਮੇਰੀਆਂ ਗਤੀਵਿਧੀਆਂ ਬਾਰੇ ਸਰਕਾਰੀ ਸੂਤਰ ਕੀ ਸੋਚਦੇ ਹਨ!
ਜਦੋਂ ਮੈਨੂੰ ਸੀ ਆਈ ਡੀ ਵਿੱਚ ਕੰਮ ਕਰਦੇ ਮੇਰੇ ਹਾਈ ਸਕੂਲ ਦੇ ਜਮਾਤੀਆਂ, ਕਿਰਪਾਲ ਅਤੇ
ਹਰਪਾਲ, ਨੇ ‘ਸੰਭਲ’ ਕੇ ਚੱਲਣ ਲਈ ਕਿਹਾ ਤਾਂ ਮੈਂ ਉਹਨਾਂ ਨੂੰ ਹੱਸ ਕੇ ਵਿਖਾ ਦਿੱਤਾ।
ਉਹਨਾਂ ਦੇ ਇਸ਼ਾਰਿਆਂ ਵਿੱਚੋਂ ਸਪਸ਼ਟ ਸੀ ਕਿ ਮੇਰਾ ਨੁਕਸਾਨ ਹੋ ਸਕਦਾ ਸੀ; ਮੈਂ ਗ੍ਰਿਫ਼ਤਾਰ ਹੋ
ਸਕਦਾ ਸਾਂ; ਮੇਰੀ ਨੌਕਰੀ ਵੀ ਜਾ ਸਕਦੀ ਸੀ। ਪਰ ਮੈਂ ਤਾਂ ਇਸ ਭੈਅ ਤੋਂ ਬੇਨਿਆਜ਼ ਸਾਂ।
‘ਲਾਪ੍ਰਵਾਹ’ ਤੇ ‘ਬੇਪ੍ਰਵਾਹ’ ਵੀ!
ਜਦੋਂ ਮੇਰੀ ਮੰਗਣੀ ਹੋਈ ਤਾਂ ਮੈਂ ਆਪਣੀ ਹੋਣ ਵਾਲੀ ਪਤਨੀ ਨੂੰ ਆਪਣੀ ਵਿਚੋਲਣ ਰਾਹੀਂ ਨਵੀਂ
ਛਪੀ ਪੁਸਤਕ ‘ਲੋਹੇ ਦੇ ਹੱਥ’ ਭੇਜ ਕੇ ਇਹ ਵੀ ਅਖਵਾ ਭੇਜਿਆ ਸੀ ਕਿ ‘ਮੈਂ ਜਿਹੜੇ ਰਾਹ ‘ਤੇ
ਤੁਰਿਆ ਹਾਂ ਓਥੇ ਮੇਰੇ ਨਾਲ ਕੁੱਝ ਵੀ ਵਾਪਰ ਸਕਦਾ ਹੈ! ਉਹ ਹੁਣੇ ਹੀ ਆਪਣੇ ਅੰਦਰ ਨੂੰ
ਜੋਹ-ਜਾਚ ਕੇ ਵੇਖ ਲਵੇ ਕਿ ਮੇਰੇ ਨਾਲ ਬਿਖੜੇ ਰਾਹਾਂ ‘ਤੇ ਤੁਰਨ ਦੀ ਪੀੜ ਸਹਿ ਵੀ ਸਕੇਗੀ
ਜਾਂ ਨਹੀਂ!’
ਇਹ ਤਾਂ ਵੱਖਰੀ ਗੱਲ ਸੀ ਕਿ ਮੇਰਾ ਸੁਨੇਹਾ ਸੁਣ ਕੇ ਡਰੀ ਮੇਰੀ ਹੋਣ ਵਾਲੀ ਪਤਨੀ ਨੂੰ ਉਸਦੀ
ਸਿਆਣੀ ਮਾਂ ਨੇ ਸਮਝਾਉਂਦਿਆਂ ਕਿਹਾ ਸੀ, “ਰਜਵੰਤ! ਤੂੰ ਫ਼ਿਕਰ ਨਾ ਕਰ। ਵਿਆਹ ਪਿੱਛੋਂ ਉਸਨੇ
ਆਪਣੇ ਆਪ ਠੀਕ ਹੋ ਜਾਣਾ ਹੈ! ਆਪਣਾ ਬਾਕੀ ਸਾਰਾ ਟੱਬਰ ਵੀ ਤਾਂ ਕਮਿਊਨਿਸਟ ਹੁੰਦਾ ਸੀ, ਹੁਣ
ਵੇਖ ਲੈ ਸਾਰੇ ਕਿਵੇਂ ਸਾਰਾ ਕੁੱਝ ਛੱਡ ਛੁਡਾ ਕੇ ਆਪੋ ਆਪਣੇ ਕੰਮੀ ਲੱਗੇ ਹੋਏ ਨੇ!”
ਇਹ ਠੀਕ ਸੀ ਕਿ ਉਸਦੇ ਚਾਚੇ-ਤਾਇਆਂ ‘ਚੋਂ ਬਹੁਤੇ ਪਰਿਵਾਰ ਕਮਿਊਨਿਸਟਾਂ ਦੇ ਸਰਗਰਮ ਹਮਦਰਦ
ਰਹੇ ਸਨ। ਪਰ ਪਾਰਟੀ ਦੇ ਦੋਫ਼ਾੜ ਹੋ ਜਾਣ ਪਿੱਛੋਂ ਪੈਦਾ ਹੋਈ ਉਦਾਸੀਨਤਾ ਨੇ ਉਹਨਾਂ ਨੂੰ
ਨਿਸ਼ਕ੍ਰਿਆ ਕਰ ਦਿੱਤਾ ਸੀ।।
ਆਪਣੀ ਮਾਂ ਵੱਲੋਂ ਮਿਲੀ ਸਿੱਖਿਆ ਦੇ ਫ਼ਲਸਰੂਪ ਮੇਰੀ ਪਤਨੀ ਨੇ ਮੇਰੇ ਸੁਨੇਹੇ ਨੂੰ ਅਣਗੌਲਿਆ
ਕਰ ਦਿੱਤਾ ਤੇ ਉੱਖਲੀ ਵਿੱਚ ਸਿਰ ਦੇਣ ਲਈ ਤਿਆਰ ਹੋ ਗਈ ਸੀ।
ਦੂਜੇ ਪਾਸੇ ਮੇਰਿਆਂ ਮਾਪਿਆਂ ਨੂੰ ਤਾਂ ਲੱਗਦਾ ਸੀ ਕਿ ਮੈਂ ‘ਭਗਤ ਸਿੰਘ ਦੇ ਰਾਹ’ ਉੱਤੇ ਤੁਰ
ਰਿਹਾਂ। ਅੱਜ ਮੈਨੂੰ ਹੈਰਾਨੀ ਹੁੰਦੀ ਹੈ ਕਿ ਹੋਰਨਾਂ ਮਾਪਿਆਂ ਵਾਂਗ ਮੇਰੇ ਮਾਂ ਪਿਓ ਨੇ ਕਦੀ
ਮੈਨੂੰ ਇਸ ਰਾਹੋਂ ਰੋਕਿਆ ਕਿਉਂ ਨਹੀਂ ਸੀ! ਮੈਨੂੰ ਆਪ ਨੂੰ ਤਾਂ ਲੱਗਦਾ ਸੀ ਕਿ ਮੈਂ ਭਲਾ ਕੀ
ਗੁਨਾਹ ਕਰ ਰਿਹਾਂ! ਲਿਖ ਕੇ ਜਾਂ ਬੋਲ ਕੇ, ਬੜੇ ਹੀ ਸੀਮਤ ਰੂਪ ਵਿੱਚ ਮਹਿਸੂਸ ਕੀਤੇ ਸੱਚ
ਨੂੰ ਹੀ ਤਾਂ ਬਿਆਨ ਕਰ ਰਿਹਾਂ। ਮੇਰੇ ਤੋਂ ਸਰਕਾਰ ਨੂੰ ਏਡਾ ਕੀ ‘ਖ਼ਤਰਾ’ ਹੋ ਸਕਦਾ ਹੈ! ਉਂਜ
ਉਸ ਉਮਰ ਵਿੱਚ ਕੁੱਝ ਕਰਨ ਲਈ ਤਤਪਰ ਅਤੇ ਉਤੇਜਿਤ ਮਨ ਨੂੰ ਉਦੋਂ ਤਾਂ ਇੰਜ ਹੀ ਲੱਗਦਾ ਸੀ ਕਿ
ਕਰ ਲਵੇ ਪੁਲਿਸ ਜੋ ਕਰਨਾ ਹੈ! ਵਿਗਾੜ ਲਵੇ ਸਰਕਾਰ; ਜੋ ਵਿਗਾੜਨਾ ਹੈ!
ਗੱਲਾਂ ਗੱਲਾਂ ਵਿੱਚ ਹਰਪਾਲ ਤੇ ਕਿਰਪਾਲ ਨੇ ਇਹ ਵੀ ਦੱਸਿਆ ਕਿ ‘ਭਾ ਜੀ ਅਜੀਤ ਸਿੰਘ ਕੋਲ
ਤੁਹਾਡਾ ‘ਜੁਝਾਰ’ ਵੀ ਵੇਖਿਆ ਸੀ।’
ਅਜੀਤ ਸਿੰਘ ਸਾਡੇ ਪਿੰਡੋਂ ਕਿਰਪਾਲ ਤੇ ਹਰਪਾਲ ਦੀ ਪੱਤੀ ਦਾ ਹੀ ਵਸਨੀਕ ਸੀ। ਉਹ ਸੀ ਆਈ ਡੀ
ਵਿੱਚ ਡੀ ਐੱਸ ਪੀ ਦੇ ਅਹੁਦੇ ‘ਤੇ ਤਾਇਨਾਤ ਸੀ। ਹਰਪਾਲ ਤੇ ਕਿਰਪਾਲ ਹੋ ਸਕਦਾ ਹੈ ਉਸਦੇ
ਸਹਾਇਕ ਹੀ ਹੋਣ। ਅਜੀਤ ਸਿੰਘ ਜਦੋਂ ਵੀ ਰਾਹ-ਖਹਿੜੇ ਮਿਲਦਾ, ਬੜੇ ਪਿਆਰ ਨਾਲ ਬੁਲਾਉਂਦਾ।
ਸੱਤ-ਅੱਠ ਸਾਲ ਪਹਿਲਾਂ ਮੈਂ ਉਸਦੇ ਗੁਆਂਢੀ ਤੇ ਆਪਣੇ ਮਿੱਤਰ ਭੂਪਿੰਦਰ ਨਾਲ ਉਸਦੀ
ਅੰਮ੍ਰਿਤਸਰ ਵਿਚਲੀ ਰਿਹਾਇਸ਼ ‘ਤੇ ਗਿਆ ਸਾਂ ਤਾਂ ਉਸਦੇ ਮੇਜ਼ ‘ਤੇ ‘ਲੋਕ-ਲਹਿਰ’ ਦਾ ਪਰਚਾ ਪਿਆ
ਵੇਖ ਕੇ ਖ਼ੁਸ਼ ਹੋਇਆ ਸਾਂ। ਇਹ ਪਰਚਾ ਨਵੀਂ ਬਣੀ ਸੀ ਪੀ ਐੱਮ ਦਾ ਬੁਲਾਰਾ ਸੀ। ਕਿਸੇ ਪਾਰਟੀ
ਨਾਲ ਸਿੱਧਾ ਸੰਬੰਧ ਨਾ ਹੋਣ ਦੇ ਬਾਵਜੂਦ ਕਮਿਊਨਿਸਟ ਮੈਨੂੰ ਚੰਗੇ ਲੱਗਦੇ ਸਨ। ‘ਲੋਕ-ਲਹਿਰ’
ਦਾ ਪਾਠਕ ਹੋਣਾ ਅਜੀਤ ਸਿੰਘ ਦੇ ਕਮਿਊਨਿਸਟਾਂ ਦਾ ਪ੍ਰਸੰਸਕ ਹੋਣ ਵੱਲ ਇਸ਼ਾਰਾ ਸੀ। ਇਸਤੋਂ
ਮੈਂ ਇਹ ਅਨੁਮਾਨ ਲਾਇਆ ਕਿ ਉਹ ਵੀ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੈ! ਪਰ ਉਸ ਕੋਲ
‘ਜੁਝਾਰ’ ਦਾ ਹੋਣਾ ਸੁਣ ਕੇ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ‘ਲੋਕ-ਲਹਿਰ’ ਨੂੰ
ਪੜ੍ਹਨਾ ਉਸਦੇ ਅਗਾਂਹਵਧੂ ਹੋਣ ਦਾ ਸੰਕੇਤ ਨਹੀਂ ਸੀ ਸਗੋਂ ਉਹਦੀ ਡਿਊਟੀ ਦਾ ਹਿੱਸਾ ਸੀ ਤੇ
ਕਮਿਊਨਿਸਟਾਂ ਦੇ ਵਿਚਾਰਾਂ ਤੇ ਗਤੀਵਿਧੀਆਂ ਬਾਰੇ ਜਾਣਦੇ ਰਹਿਣ ਦਾ ਸਰੋਤ ਵੀ।
ਕੁਲਵੰਤ ਦੇ ਐਲਾਨਾਂ ਨੇ ਤੇ ‘ਜੁਝਾਰ’ ਵਿੱਚ ਛਪੀਆਂ ਕਵਿਤਾਵਾਂ ਨੇ ਪੁਲਿਸ ਅਤੇ ਸੀ ਆਈ ਡੀ
ਦਾ ਧਿਆਨ ਆਕਰਸ਼ਿਤ ਕਰਨਾ ਹੀ ਸੀ। ਨਿਸਚੈ ਹੀ ‘ਪ੍ਰੀਤ-ਮਿਲਣੀ’ ‘ਤੇ ਗੁਪਤਚਰ ਵਿਭਾਗ ਦੇ
ਕਰਮਚਾਰੀ ਵੀ ਹੋਣਗੇ। ਕਵੀ ਅਤੇ ਕਵਿਤਾ ਇਹਨੀਂ ਦਿਨੀਂ ਖ਼ਤਰਨਾਕ ਹੋ ਗਏ ਸਨ। ਸਰਕਾਰ ਦਾ
ਖ਼ੁਫ਼ੀਆ ਵਿਭਾਗ ਚੌਕਸ ਹੋ ਗਿਆ ਸੀ। ਹਰੇਕ ਸੈਮੀਨਾਰ, ਕਾਨਫ਼ਰੰਸ ਵਿੱਚ ਸੀ ਆਈ ਡੀ ਦੇ ਬੰਦੇ
ਹੁੰਦੇ। ਸਰਕਾਰ ਸਾਹਿਤਕ ਖ਼ੇਤਰ ਵਿੱਚ ਉੱਭਰ ਰਹੇ ‘ਇਨਕਲਾਬੀ ਉਭਾਰ’ ਨੂੰ ਬੜੇ ਧਿਆਨ ਨਾਲ ਵਾਚ
ਰਹੀ ਸੀ। ਲੇਖਕਾਂ ਨੇ ਤਾਂ ਪਤਾ ਨਹੀਂ ਸਾਡੇ ਪਰਚਾ ਵੰਡਣ ਦਾ ਕੋਈ ਨੋਟਿਸ ਲਿਆ ਵੀ ਸੀ ਜਾਂ
ਨਹੀਂ ਪਰ ਸੀ ਆਈ ਡੀ ਨੇ ਇਸਦਾ ਨੋਟਿਸ ਗੰਭੀਰਤਾ ਨਾਲ ਲਿਆ।
ਸ਼ਾਇਦ 1971 ਦੀ ਗੱਲ ਹੈ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਕਵੀ ਦਰਬਾਰ ਸੀ। ਪੰਜਾਬੀ ਦੇ
ਚੋਟੀ ਦੇ ਜੁਝਾਰਵਾਦੀ ਕਵੀ ਓਥੇ ਹਾਜ਼ਰ ਸਨ। ਮੈਂ ਇੱਥੇ ਆਪਣੀ ਕਵਿਤਾ ਪੜ੍ਹੀ:
ਕਿਸਨੂੰ ਉਡੀਕਦੇ ਹੋ?
ਗੋਬਿੰਦ ਨੇ ਹੁਣ ਪਟਨੇ ‘ਚੋਂ ਨਹੀਂ ਆਉਣਾ
ਮਸਤਕ ਤੋਂ ਹੱਥ ਤੱਕ
ਇਹੋ ਹੀ ਰਸਤਾ ਕੇਸਗੜ ਦੇ ਮੈਦਾਨ ਨੂੰ ਜਾਂਦਾ ਹੈ
ਕਵਿਤਾ ਸੁਣਾ ਕੇ ਸਟੇਜ ਤੋਂ ਉੱਤਰਿਆ ਤਾਂ ਇੱਕ ਸਾਊ ਦਿੱਸਦੇ ਆਦਮੀ ਨੇ ਅੱਗੇ ਵਧ ਕੇ
ਗਰਮਜੋਸ਼ੀ ਨਾਲ ਹੱਥ ਮਿਲਾ ਕੇ ਮੇਰੀ ਕਵਿਤਾ ਦੀ ਪ੍ਰਸ਼ੰਸਾ ਕੀਤੀ ਤੇ ਅੱਗੇ ਤੋਂ ਵੀ ਮੇਰੇ ਨਾਲ
ਸੰਪਰਕ ਰੱਖਣ ਲਈ ਮੇਰਾ ਅਤਾ-ਪਤਾ ਪੁੱਛਿਆ। ਮੈਂ ਖ਼ੁਸ਼ੀ-ਖ਼ੁਸ਼ੀ ਦੱਸ ਦਿੱਤਾ। ਆਖ਼ਰ ਉਹ ਮੇਰੀ
ਕਵਿਤਾ ਦਾ ‘ਏਡਾ ਵੱਡਾ ਪ੍ਰਸ਼ੰਸਕ’ ਸੀ!
ਉਹ ਹੱਥ ਮਿਲਾ ਕੇ ਤੁਰਿਆ ਤਾਂ ਜਲੰਧਰ ਦੇ ਕਿਸੇ ਕਵੀ ਨੇ ਦੱਸਿਆ, “ਇਹ ਤਾਂ ਸੀ ਆਈ ਡੀ ਦਾ
ਬੰਦਾ ਸੀ।”
ਮੇਰੀਆਂ ਗਤੀਵਿਧੀਆਂ ਦਾ ਧਿਆਨ ਰੱਖਿਆ ਜਾਣ ਲੱਗਾ ਸੀ। ਮੈਂ ‘ਕ੍ਰਾਂਤੀਕਾਰੀ’ ਲੇਖਕਾਂ ਦੇ
ਇਕੱਠਾਂ ਤੇ ਕਵੀ-ਦਰਬਾਰਾਂ ਵਿੱਚ ਅਕਸਰ ਜਾਂਦਾ ਰਹਿੰਦਾ ਸਾਂ। ਲੇਖਕ ਦੇ ਤੌਰ ‘ਤੇ ਵੱਖਰਾ
ਅਤੇ ਵਿਸ਼ੇਸ਼ ਦਿੱਸਣ ਦੀ ਮੇਰੀ ਰੀਝ ਪੂਰੀ ਹੋ ਰਹੀ ਸੀ। ਪਿੰਡ ਅਤੇ ਇਲਾਕੇ ਵਿੱਚ ਵੀ ਬਤੌਰ
ਲੇਖਕ ਮੇਰੀ ਪਛਾਣ ਬਣ ਰਹੀ ਸੀ। ਸਾਹਿਤਕ ਹਲਕਿਆਂ ਵਿੱਚ ਵੀ ਮੇਰਾ ਨਾਮ ਬੋਲਣ ਲੱਗ ਪਿਆ ਸੀ।
ਕਹਾਣੀਕਾਰ ਦੇ ਤੌਰ ਤੇ ਵੀ ਅਤੇ ਕਵੀ ਦੇ ਰੂਪ ਵਿੱਚ ਵੀ। ਦੂਜੇ ਪਾਸੇ ‘ਸਰਕਾਰੀ ਕਾਗ਼ਜ਼ਾਂ’
ਵਿੱਚ ਮੇਰਾ ਨਾਮ ਇੱਕ ‘ਖ਼ਤਰਨਾਕ ਵਿਅਕਤੀ’ ਵਜੋਂ ਦਰਜ ਹੋ ਗਿਆ ਸੀ। ਅਗਲੇ ਸਾਲਾਂ ਵਿੱਚ
ਵਾਰ-ਵਾਰ ਇਸ ਤੱਥ ਦੀ ਪੁਸ਼ਟੀ ਹੁੰਦੀ ਰਹੀ।
ਪਹਿਲੀ ਵਾਰ ਇਸਦਾ ਪਤਾ ਉਦੋਂ ਲੱਗਾ ਜਦੋਂ ਮੈਨੂੰ ‘ਮੋਗਾ ਐਜੀਟੇਸ਼ਨ’ ਮੌਕੇ ਗ੍ਰਿਫ਼ਤਾਰ ਕੀਤਾ
ਗਿਆ। 1972 ਵਿੱਚ ਜਦੋਂ ਮੋਗੇ ਦੇ ਇੱਕ ਸਿਨੇਮੇ ਵਿੱਚ ਪੁਲਸ ਦੀ ਗੋਲੀ ਨਾਲ ਕੁੱਝ ਵਿਦਿਆਰਥੀ
ਮਾਰੇ ਗਏ ਤਾਂ ਪੰਜਾਬ ਵਿੱਚ ਇੱਕ ਤੂਫ਼ਾਨੀ ਰੋਸ ਦੀ ਲਹਿਰ ਉੱਠ ਖੜ੍ਹੀ ਹੋਈ। ਥਾਂ-ਥਾਂ ਜਲਸੇ,
ਮੁਜ਼ਾਹਰੇ ਤੇ ਪੁਲਸ-ਵਿਦਿਆਰਥੀ ਝੜਪਾਂ ਹੋਣ ਲੱਗੀਆਂ। ਮੈਂ ਉਨ੍ਹੀਂ ਦਿਨੀਂ ਪ੍ਰਾਇਮਰੀ
ਅਧਿਆਪਕ ਵਜੋਂ ਨੌਕਰੀ ਤੋਂ ਬਿਨਾਂ-ਤਨਖ਼ਾਹ ਛੁੱਟੀ ਲੈ ਕੇ ਅੰਮ੍ਰਿਤਸਰ ਦੇ ‘ਖ਼ਾਲਸਾ ਕਾਲਜ ਆਫ਼
ਐਜੂਕੇਸ਼ਨ’ ਵਿੱਚ ਬੀ ਅੱੈਡ ਕਰ ਰਿਹਾ ਸਾਂ। ਨਿੱਤ ਦਿਨ ਫੈਲ ਰਹੇ ਵਿਦਿਆਰਥੀ ਅੰਦੋਲਨ ਨਾਲ ਵਧ
ਰਹੇ ਤਣਾਓ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਭਾਰਤੀ ਸੈਨਾ ਨੂੰ ਸੜਕਾਂ ਉੱਤੇ, ਫ਼ਲੈਗ ਮਾਰਚ
ਕਰਨ ਲਈ, ਬੁਲਾਉਣਾ ਪਿਆ। ਕਾਲਜਾਂ ਵਿੱਚ ਪੜ੍ਹਾਈ ਬੰਦ ਹੋ ਗਈ। ਮੈਂ ਅਤੇ ਮੇਰੇ ਜਮਾਤੀ
ਮਿੱਤਰ ਅਮਰ ਸਿੰਘ ਨੇ ਸੋਚਿਆ ਕਿ ਇਸ ਸਥਿਤੀ ਵਿੱਚ ਕਾਲਜ ਦੇ ਹੋਸਟਲ ਵਿੱਚ ਬੈਠੇ ਰਹਿਣ ਦਾ
ਕੋਈ ਲਾਭ ਨਹੀਂ। ਆਪੋ ਆਪਣੇ ਪਿੰਡਾਂ ਨੂੰ ਚੱਲਦੇ ਹਾਂ। ਜਦੋਂ ਠੰਢ-ਠੰਢੌੜਾ ਹੋਇਆ, ਪੜ੍ਹਾਈ
ਸ਼ੁਰੂ ਹੋਈ ਤਾਂ ਪਰਤ ਆਵਾਂਗੇ। ਪ੍ਰੋਫੈਸ਼ਨਲ ਕੋਰਸ ਹੋਣ ਕਰਕੇ ਸਾਡੇ ਕਾਲਜ ਦੇ ਵਿਦਿਆਰਥੀ ਇਸ
ਅੰਦੋਲਨ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਸਨ।
ਮੈਂ ਅਤੇ ਅਮਰ ਸਿੰਘ ਖ਼ਾਲਸਾ ਕਾਲਜ ਦੇ ਪੱਛਮੀ ਦਰਵਾਜ਼ੇ ‘ਚੋਂ ਬਾਹਰ ਨਿਕਲੇ ਅਤੇ ਸੜਕ ਦੇ
ਕਿਨਾਰੇ- ਕਿਨਾਰੇ ਸੱਜੇ ਹੱਥ ਤੁਰਨ ਲੱਗੇ। ਇਸ ਆਸ ਨਾਲ ਕਿ ਕੋਈ ਆਉਂਦਾ-ਜਾਂਦਾ ਰਿਕਸ਼ਾ ਮਿਲ
ਜਾਵੇਗਾ। ਖ਼ਾਲਸਾ ਕਾਲਜ ਦੇ ਪੂਰਬੀ ਗੇਟ ‘ਤੇ ਪੁਲਸ ਅਤੇ ਵਿਦਿਆਰਥੀ ਆਹਮੋ-ਸਾਹਮਣੇ ਡਟੇ
ਖਲੋਤੇ ਸਨ। ਦੋ-ਢਾਈ ਸੌ ਵਿਦਿਆਰਥੀ ਜਲੂਸ ਕੱਢਣ ਲਈ ਦਰਵਾਜ਼ੇ ਦੇ ਅੰਦਰ-ਬਾਹਰ ਖੜੋਤੇ ਰੋਹ
ਵਿੱਚ ਉੱਬਲ-ਉੱਛਲ ਰਹੇ ਸਨ। ਸੜਕ ਦੇ ਪਾਰ ਹਥਿਆਰਬੰਦ ਪੁਲਸ ਬੈਂਤ ਦੀਆਂ ਢਾਲਾਂ ਫੜੀ ਉਨ੍ਹਾਂ
ਨੂੰ ਬਾਹਰ ਆਉਣੋਂ ਰੋਕਣ ਲਈ ਪੂਰੀ ਮੁਸਤੈਦੀ ਨਾਲ ਡਟੀ ਖੜੋਤੀ ਸੀ। ਵਿਦਿਆਰਥੀ ਸਰਕਾਰ ਅਤੇ
ਪੁਲਸ ਵਿਰੁੱਧ ਨਾਹਰੇ ਲਾ ਰਹੇ ਸਨ।
ਜਦੋਂ ਅਸੀਂ ਪੁਲਸ ਅਤੇ ਵਿਦਿਆਰਥੀਆਂ ਦੀ ਸੜਕ ਦੇ ਆਰ-ਪਾਰ ਫੈਲੀ ਭੀੜ ਦੇ ਐਨ ਵਿਚਕਾਰ ਖ਼ਾਲਸਾ
ਕਾਲਜ ਦੇ ਪੂਰਬੀ ਦਰਵਾਜ਼ੇ ਅੱਗੇ ਪਹੁੰਚੇ ਤਾਂ ਵਿਦਿਆਰਥੀਆਂ ਵਾਲੇ ਪਾਸਿਓਂ ਭੀੜ ਵਿੱਚੋਂ
ਉੱਚੀ ਲਲਕਾਰਵੀਂ ਆਵਾਜ਼ ਆਈ। ਕੋਈ ਮੇਰਾ ਨਾਂਅ ਲੈ ਕੇ ਬੁਲਾ ਰਿਹਾ ਸੀ:
“ਸੰਧੂ ਸਾਹਬ! ਰਣ-ਤੱਤੇ ‘ਚ ਜੂਝਣ ਲਈ ਕਵਿਤਾਵਾਂ ਕਹਾਣੀਆਂ ਤਾਂ ਬੜੀਆਂ ਗਰਮਾ-ਗਰਮ ਲਿਖਦੇ
ਹੋ, ਪਰ ਜਦੋਂ ਐਥੇ ਯੁੱਧ ਦਾ ਮੈਦਾਨ ਭਖਿਆ ਪਿਆ ਹੈ ਤਾਂ ਅੱਖ ਚੁਰਾ ਕੇ ਭੱਜੇ ਜਾਂਦੇ
ਹੋ…………”
ਮੈਂ ਵੇਖਿਆ ਵਿਦਿਆਰਥੀਆਂ ਦੀ ਭੀੜ ਵਿੱਚ ਨੌਜਵਾਨ ਅਕਾਲੀ ਨੇਤਾ ਦਰਸ਼ਨ ਸਿੰਘ ਈਸਾਪੁਰ ਖਲੋਤਾ
ਹੱਸ ਰਿਹਾ ਸੀ। ਉਹਦੇ ਸੱਜੇ ਹੱਥ ਖਲੋਤਾ ਗਿਆਨੀ ਅਜੀਤ ਸਿੰਘ ‘ਮੌਲਵੀ’ ਹੱਥ ਦੇ ਇਸ਼ਾਰੇ ਬੁਲਾ
ਰਿਹਾ ਸੀ। ਉਸਦੀ ਆਵਾਜ਼ ਵਿੱਚ ਵੰਗਾਰ ਸੀ, “ਯੁੱਧ ਵਿੱਚੋਂ ਕੰਡ ਵਿਖਾ ਕੇ ਭੱਜਣਾ ਮਰਦਾਂ ਦਾ
ਕੰਮ ਨਹੀਂ। ਆ ਜਾਓ……ਆ ਜਾਓ……ਐਧਰ……ਸਾਡੇ ਵੱਲ…… ‘ਲੋਹੇ ਦੇ ਹੱਥਾਂ’ ਵਾਲਿਓ! ‘ਕਿਸਨੂੰ
ਉਡੀਕਦੇ ਹੋ! ਗੋਬਿੰਦ ਨੇ ਹੁਣ ਪਟਨੇ ‘ਚੋਂ ਨਹੀਂ ਆਉਣਾ!’ --”
ਇਹ ਦੋਵੇਂ ਮਾਰਕਸਵਾਦੀ ਵਿਚਾਰਾਂ ਦੀ ਚਸ ਰੱਖਣ ਵਾਲੇ ਨੌਜਵਾਨ ਅਕਾਲੀ ਆਗੂ ਸਨ। ਮੇਰੇ ਪਾਠਕ,
ਜਾਣੂ ਤੇ ਮੇਰੇ ਮਿੱਤਰ ਵੀ। ਉਹ ਤੇ ਉਹਨਾਂ ਦੇ ਸਾਥੀ ਪਿਛਲੇ ਦਿਨਾਂ ਤੋਂ ਆਪੋ-ਆਪਣੇ ਥਾਂ,
ਵੱਖ–ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਰਕਾਰ ਵਿਰੁੱਧ ਜਥੇਬੰਦ ਕਰਨ ਅਤੇ
ਜਲਸੇ-ਮੁਜਾਹਰੇ ਕਰਨ ਲਈ ਉਤੇਜਿਤ ਕਰ ਰਹੇ ਸਨ।
ਵਿਦਿਆਰਥੀਆਂ ਦੀ ਭੀੜ ਵਿਚੋਂ ਲਲਕਾਰਾ ਮਾਰਨ ਵਾਲੇ ਈਸਾਪੁਰ ਤੇ ਮੌਲਵੀ ਦੀ ਬੋਲੀ ਮੈਨੂੰ ਤੀਰ
ਵਾਂਗ ਲੱਗੀ। ਮੌਲਵੀ ਨੇ ਮੇਰੀ ਕਹਾਣੀ ‘ਲੋਹੇ ਦੇ ਹੱਥ’ ਦਾ ਹਵਾਲਾ ਦੇ ਕੇ ਤੇ ਮੇਰੀ ਹੀ ਉਸ
ਸਮੇਂ ਦੀ ਚਰਚਿਤ ਕਵਿਤਾ ‘ਕਿਸਨੂੰ ਉਡੀਕਦੇ ਹੋ!’ ਦੀਆਂ ਸਤਰਾਂ, ਦੁਹਰਾ ਕੇ ਮੈਨੂੰ ਵੰਗਾਰਿਆ
ਸੀ। ਮੇਰੀਆਂ ਲਿਖਤਾਂ ਦੇ ਬੋਲ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਰਹੇ ਸਨ। ਉਹਨਾਂ
ਨੂੰ ਦੂਰੋਂ ਹੀ ਫ਼ਤਿਹ ਬੁਲਾ ਕੇ ਤੁਰ ਜਾਣਾ ਮੈਨੂੰ ਚੰਗਾ ਨਾ ਲੱਗਾ। ਅਜਿਹਾ ਕਰਨਾ ਮੈਨੂੰ
ਆਪਣੀਆਂ ਲਿਖਤਾਂ ਦੀ ਹੇਠੀ ਜਾਪਦਾ ਸੀ। ਮੈਂ ਅਮਰ ਸਿੰਘ ਨੂੰ ਕਿਹਾ, “ਆ ਜਾਹ! ਘੜੀ ਪਲ
ਇਹਨਾਂ ਨੂੰ ਮਿਲ-ਗਿਲ ਕੇ, ਗੱਪ-ਸ਼ੱਪ ਮਾਰ ਕੇ ਚਲੇ ਚੱਲਾਂਗੇ…।”
ਉਸ ਨੂੰ ਕੋਈ ਇਤਰਾਜ਼ ਨਹੀਂ ਸੀ। ਅਸੀਂ ਸੜਕ ਪਾਰ ਕਰਕੇ ਵਿਦਿਆਰਥੀਆਂ ਦੀ ਭੀੜ ਚੀਰਦੇ
ਉਨ੍ਹਾਂ ਨੂੰ ਜਾ ਮਿਲੇ। ‘ਮੌਲਵੀ’ ਨੇ ਹਾਸੇ-ਹਾਸੇ ਵਿੱਚ ਜੈਕਾਰਾ ਛੱਡਿਆ, “ਬੋਲੇ ਸੋ
ਨਿਹਾਲ!”
“ਸਤਿ ਸ੍ਰੀ ਅਕਾਲ” ਮੁੰਡਿਆਂ ਨੇ ਅਸਮਾਨ ਚੀਰਵੀਂ ਆਵਾਜ਼ ਵਿੱਚ ਜਵਾਬ ਦਿੱਤਾ। ਜਿਵੇਂ ਜੱਸਾ
ਸਿੰਘ ਰਾਮਗੜ੍ਹੀਆ ‘ਰਾਮ ਰੌਣੀ’ ਦੇ ਕਿਲ੍ਹੇ ਵਿੱਚ ਵਿੱਛੜੇ ਖ਼ਾਲਸਾ-ਪੰਥ ਨਾਲ ਜਾ ਮਿਲਿਆ
ਹੋਵੇ!
ਵਿਦਿਆਰਥੀ ਅਤੇ ਪੁਲਸ ਦੋਵੇਂ ਧਿਰਾਂ ਆਹਮੋ-ਸਾਹਮਣੇ ਡਟੀਆਂ ਖਲੋਤੀਆਂ ਸਨ। ਕੋਈ ਧਿਰ ਵੀ
ਅੱਗੇ ਨਹੀਂ ਸੀ ਵਧ ਰਹੀ। ਨਾ ਮੁੰਡੇ ਸੜਕ ਵੱਲ ਵਧ ਰਹੇ ਸਨ ਅਤੇ ਨਾ ਹੀ ਪੁਲਸ ਪਰਲੇ ਪਾਸਿਓਂ
ਸੜਕ ਪਾਰ ਕਰਕੇ ਉਰਲੇ ਪਾਸੇ ਆਉਣ ਦਾ ਕੋਈ ਚਾਰਾ ਕਰ ਰਹੀ ਸੀ। ਇਹ ਸਥਿਤੀ ਲੰਮੇ ਸਮੇਂ ਤੋਂ
ਜਿਓਂ ਦੀ ਤਿਓਂ ਹੀ ਬਣੀ ਹੋਈ ਸੀ। ਅਜਿਹੀ ਸਥਿਤੀ ਵਿੱਚ ਨਾ ਹੀ ਕੁੱਝ ਖ਼ਾਸ ਵੇਖਣ ਵਾਲਾ ਸੀ
ਤੇ ਨਾ ਹੀ ਕਰਨ ਵਾਲਾ। ਅਸੀਂ ਵਿਦਿਆਰਥੀਆਂ ਦੀ ਭੀੜ ਤੋਂ ਪਿੱਛੇ ਹਟ ਕੇ ਗੱਪ ਗਿਆਨ ਵਿੱਚ
ਰੁੱਝ ਗਏ। ਮੇਰਾ ਇਸ ਸਾਰੇ ਕੁੱਝ ਨਾਲ ਲੈਣਾ ਦੇਣਾ ਨਹੀਂ ਸੀ। ਮੈਂ ਤਾਂ ਸਿਰਫ਼ ਕੁੱਝ ਪਲਾਂ
ਲਈ ਉਹਨਾਂ ਮਿੱਤਰਾਂ ਨੂੰ ਮਿਲਣ ਆਇਆ ਸਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਵਾਪਸ ਪਰਤਦੇ,
ਮੁੰਡਿਆਂ ਅਤੇ ਪੁਲਸ ਵਿੱਚ ਝੜਪ ਸ਼ੁਰੂ ਹੋ ਗਈ। ਮੁੰਡੇ ਪੁਲਸ ‘ਤੇ ਇੱਟਾਂ ਰੋੜੇ ਵਰ੍ਹਾਉਣ
ਲੱਗੇ ਤੇ ਪੁਲਸ ਵਿਦਿਆਰਥੀਆਂ ਦੀ ਭੀੜ ‘ਤੇ ਅੱਥਰੂ ਗੈਸ ਦੇ ਗੋਲੇ ਛੱਡਣ ਲੱਗੀ। ਧੂੰਆਂ
ਛੱਡਦੇ ਗੋਲਿਆਂ ਨੂੰ ਪਾਣੀ ਤੇ ਗਿੱਲੇ ਕੱਪੜਿਆਂ ਨਾਲ ਬੁਝਾਉਂਦੇ ਮੁੰਡੇ ਲਾਲ ਅੱਖਾਂ ਪੂੰਝਦੇ
ਤੇ ਫ਼ਿਰ ਗੁੱਸਾ ਖਾ ਕੇ ਪੁਲਸ ਵੱਲ ਉੱਲਰਦੇ। ਦੋਵੇਂ ਧਿਰਾਂ ਵਾਰ ਕਰਨ ਲਈ ਥੋੜ੍ਹਾ ਕੁ ਅੱਗੇ
ਆਉਂਦੀਆਂ ਤੇ ਵਾਰ ਕਰਕੇ ਆਪੋ-ਆਪਣੀ ਸੁਰੱਖਿਆ ਛਤਰੀ ਹੇਠ ਪਰਤ ਜਾਂਦੀਆਂ।
“ਫ਼ਸਾ ਦਿੱਤਾ…ਬਈ ਤੁਸਾਂ ਤਾਂ।” ਮੈਂ ਹੱਸਿਆ।
“ਦੇਖ ਬਾਲਿਆ! ਰੰਗ ਕਰਤਾਰ ਦੇ ਹੁਣ ਤਾਂ!” ਈਸਾਪੁਰ ਨੇ ਆਖਿਆ।
ਅਸੀਂ ਭੀੜ ਤੋਂ ਦੂਰ ਪਿੱਛੇ ਖੜੋਤੇ ਹੋਏ ਸਾਂ। ਕਦੀ-ਕਦੀ ਆਪਣੇ ਨੇੜੇ ਡਿੱਗਦੇ ਅੱਥਰੂ ਗੈਸ
ਦੇ ਗੋਲਿਆਂ ਨੂੰ ਵੀ ਬੁਝਾਉਂਦੇ। ਧੁਖਦੇ ਹੋਏ ਗੋਲਿਆਂ ਨੂੰ ਵਾਪਸ ਪੁਲਿਸ ਵੱਲ ਵੀ ਸੁੱਟਦੇ।
‘ਫ਼ੌਜਾਂ’ ਦਾ ਉਤਸ਼ਾਹ ਬਣਾਈ ਰੱਖਣ ਲਈ ‘ਜਰਨੈਲਾਂ’ ਦਾ ‘ਯੁੱਧ’ ਵਿੱਚ ‘ਸਰਗਰਮ ਹਿੱਸਾ ਲੈਣਾ’
ਵੀ ਤਾਂ ਜ਼ਰੂਰੀ ਸੀ! ਝੜਪ ਰੁਕ-ਰੁਕ ਕੇ ਹੋ ਰਹੀ ਸੀ। ਦੋਹਾਂ ਧਿਰਾਂ ਨੇ ਮੋਰਚੇ ਮੱਲੇ ਹੋਏ
ਸਨ। ਇਹ ਸਾਰਾ ਕੁੱਝ ਵੇਖ, ਕਰ ਕੇ ਮੈਂ ਅੱਕ ਥੱਕ ਗਿਆ। ਮੈਂ ਕਿਹੜਾ ਸੱਚੀਂ-ਮੁੱਚੀਂ ਦਾ
‘ਜਰਨੈਲ’ ਸਾਂ। ਈਸਾਪੁਰ ਨੂੰ ਆਖਿਆ, “ਇਹ ਕੰਮ ਤਾਂ ਪਤਾ ਨਹੀਂ ਕਦੋਂ ਮੁੱਕੂ! ਚਲੋ ਕਿਤਿਓਂ
ਚਾਹ-ਸ਼ਾਹ ਹੀ ਪਿਆਓ।”
ਖ਼ਾਲਸਾ ਕਾਲਜ ਦਾ ਇੱਕ ਪ੍ਰੋਫ਼ੈਸਰ ਉਹਨਾਂ ਦਾ ਜਾਣੂ ਸੀ। ਅਕਾਲੀ ਖ਼ਿਆਲਾਂ ਦਾ (ਇਹ ਪ੍ਰੋਫੈਸਰ
ਪਿੱਛੋਂ ਦੋ ਵਾਰ ਵਿਧਾਇਕ ਵੀ ਚੁਣਿਆ ਗਿਆ ਤੇ ਬਾਦਲ ਸਰਕਾਰ ਵਿੱਚ ਪਾਰਲੀਮਨੀ ਸਕੱਤਰ ਵੀ
ਬਣਿਆ)। ਉਹ ਵੀ ਮੇਰੇ ਨਾਲ ਸਹਿਮਤ ਹੋ ਗਏ ਕਿ ਚੱਲੋ! ਪ੍ਰੋਫ਼ੈਸਰ ਦੇ ਕੁਆਰਟਰ ਵਿੱਚ ਚੱਲਦੇ
ਹਾਂ। ਜਿਹੜਾ ਕੰਮ ਜਾਂ ਜਿਹੜਾ ਰੋਲ ਉਹਨਾਂ ਨੇ ਅਦਾ ਕਰਨਾ ਸੀ, ਉਹ ਤਾਂ ਉਹ ਪੂਰਾ ਕਰ ਹੀ
ਚੁੱਕੇ ਸਨ! ‘ਕਰਤਾਰ’ ਦੇ ਰੰਗ ‘ਬਾਲੇ’ ਵੇਖ ਰਹੇ ਸਨ।
ਅਸੀਂ ਪ੍ਰੋਫ਼ੈਸਰ ਦੇ ਘਰ ਬੈਠੇ ਅਜੇ ਮੁੱਢਲੀ ਅਤੇ ਸਰਸਰੀ ਗੱਲਬਾਤ ਹੀ ਕਰਦੇ ਪਏ ਸਾਂ; ਚਾਹ
ਵੀ ਅਜੇ ਬਣ ਕੇ ਨਹੀਂ ਸੀ ਆਈ ਕਿ ਏਨੇ ਚਿਰ ਵਿੱਚ ਬਾਹਰ ਪੁਲਸ ਨੇ ਮੁੰਡਿਆਂ ‘ਤੇ ਜ਼ੋਰ ਪਾ
ਲਿਆ। ਮੁੰਡੇ ਬਾਰਾਂ ਹੱਥਾਂ ਦੀਆਂ ਛਾਲਾਂ ਮਾਰ ਕੇ ਜਿੱਧਰ ਮੂੰਹ ਆਇਆ ਉੱਧਰ ਹਰਨ ਹੋ ਗਏ ਸਨ।
ਪੁਲਸ ਸੈਂਕੜਿਆਂ ਦੀ ਗਿਣਤੀ ਵਿੱਚ ਦਗੜ-ਦਗੜ ਕਰਦੀ ਕਾਲਜ ਕੈਂਪਸ ਵਿੱਚ ਆਣ ਵੜੀ। ਹਰ ਥਾਂ ਦੀ
ਤਲਾਸ਼ੀ ਹੋਣ ਲੱਗੀ। ਼ਲੁਕੇ ਹੋਏ ਵਿਦਿਆਰਥੀਆਂ ਨੂੰ ਫੜ੍ਹ ਕੇ ਉਹਨਾਂ ਦੀਆਂ ਪੱਗਾਂ ਨਾਲ ਹੀ
ਉਹਨਾਂ ਦੀਆਂ ਬਾਹਵਾਂ ਬੰਨ੍ਹ ਕੇ ਪੁਿਲਸ ਦੀਆਂ ਗੱਡੀਆਂ ਵਿੱਚ ਬਿਠਾਇਆ ਜਾਣ ਲੱਗਾ। ਪੁਿਲਸ
ਦੀ ਇੱਕ ਪੂਰੀ ਦੀ ਪੂਰੀ ਧਾੜ ਅਫ਼ਸਰਾਂ ਤੇ ਸਿਪਾਹੀਆਂ ਸਮੇਤ ਪ੍ਰੋਫ਼ੈਸਰ ਦੇ ਘਰ ਆਣ ਵੜੀ ਅਤੇ
ਸਾਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਦਰ ਵਿੱਚ ਲੈ ਗਏ। ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਵੀ ਸਾਨੂੰ
ਵੇਖਣ ਆਏ। ਅਸਲ ਵਿੱਚ ਉਹ ਉਹਨਾਂ ਦੋਹਾਂ ਨੂੰ ‘ਵੇਖਣ’ ਆਏ ਸਨ ਤੇ ਅੰਦਰੋਂ ‘ਪੁਆੜੇ ਦੀ
ਜੜ੍ਹ’ ਕਾਬੂ ਆ ਜਾਣ ‘ਤੇ ਖ਼ੁਸ਼ ਵੀ ਸਨ ਅਤੇ ਉਹਨਾਂ ਦੀ ਕੀਤੀ ਉੱਤੇ ਰੰਜ ਤੇ ਗੁੱਸੇ ਨਾਲ ਵੀ
ਭਰੇ ਹੋਏ ਸਨ।
ਜਦੋਂ ਉਹਨਾਂ ਸਾਡੇ ਨਾਂਅ ਅਤੇ ਪਤੇ ਪੁੱਛੇ ਤਾਂ ਮੈਂ ਤੇ ਅਮਰ ਸਿੰਘ ਨੇ ਆਪਣੇ ਬਚਾਅ ਲਈ
ਪੈਂਤੜਾ ਲਿਆ ਕਿ ਅਸੀਂ ਦੋਵੇਂ ਬਤੌਰ ਜੇ ਬੀ ਟੀ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ
ਸਾਂ ਤੇ ‘ਬਿਨਾਂ ਤਨਖ਼ਾਹ ਤੋਂ’ ਛੁੱਟੀ ਲੈ ਕੇ ਬੀ ਐੱਡ ਕਰਨ ਆਏ ਹੋਏ ਸਾਂ। ਸਾਨੂੰ ਤਾਂ
ਪੁਿਲਸ ਐਵੇਂ ਹੀ ਵਲ਼ ਲਿਆਈ ਹੈ। ਕੋਲ ਖੜੋਤੇ ਡੀ ਐਸ ਪੀ ਨੇ ਕਿਹਾ, “ਸਾਹਿਬ ਬਹਾਦਰ, ਇਹ
ਚਾਰੇ ਇਕੱਠੇ ਇੱਕੋ ਥਾਂ ਤੋਂ ਹੀ ਗ੍ਰਿਫ਼ਤਾਰ ਕੀਤੇ ਹਨ।”
“ਹੂੰਅ!” ਐਸ ਐਸ ਪੀ ਨੇ ਸਾਡੇ ਵੱਲ ਭੇਦ ਭਰੇ ਢੰਗ ਨਾਲ ਵੇਖਿਆ, “ਕੋਈ ਨਹੀਂ, ਸਭ ਕੁੱਝ ਵੇਖ
ਲਵਾਂਗੇ…।”
ਉਹ ‘ਟੱਪ! ਟੱਪ! !’ ਬੂਟ ਖੜਕਾਉਂਦੇ ਤੁਰ ਗਏ।
ਘੰਟੇ ਕੁ ਪਿੱਛੋਂ ਸਾਨੂੰ ਚੌਹਾਂ ਨੂੰ ਟਰੱਕ ਵਿੱਚ ਬਿਠਾ ਕੇ ਥਾਣਾ ਸਿਵਲ ਲਾਈਨਜ਼ ਵਿੱਚ ਲੈ
ਗਏ।
“ਤੁਸੀਂ ਤਾਂ ਯਾਰ ਐਂਵੇਂ ਜਾਂਦੇ-ਜਾਂਦੇ ਸਾਡੇ ਕਰਕੇ ਹੀ ਫ਼ਸ ਗਏ।” ਈਸਾਪੁਰ ਨੇ ਹਮਦਰਦੀ
ਕੀਤੀ।
“ਕੋਈ ਨਹੀਂ! ਇਹਨਾਂ ਨੂੰ ਛੱਡ ਦੇਣਗੇ। ਸਰਕਾਰੀ ਨੌਕਰ ਨੇ…।” ਮੌਲਵੀ ਨੇ ਹੌਸਲਾ ਦਿੱਤਾ।
ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਵੀ ਅੰਦਰੋ-ਅੰਦਰ ਇਹ ਆਸ ਸੀ ਕਿ ਉਹ ਜ਼ਰੂਰ ਸਾਡਾ ਅਤਾ-ਪਤਾ
ਪੁਸ਼ਟ ਕਰਕੇ ਸਾਨੂੰ ਛੱਡ ਦੇਣਗੇ।
ਜਦੋਂ ਸਾਡੇ ਕਾਗਜ਼ ਪੱਤਰ ਤਿਆਰ ਹੋਣ ਲੱਗੇ ਤਾਂ ਅਸੀਂ ਮੁਨਸ਼ੀ ਨੂੰ ਆਪਣੇ ਅਧਿਆਪਕ ਹੋਣ ਬਾਰੇ
ਤੇ ਇਸ ਲਹਿਰ ਨਾਲ ਕੋਈ ਸੰਬੰਧ ਨਾ ਹੋਣ ਬਾਰੇ ਆਖਿਆ, ਤਾਂ ਕੋਲ ਆਉਂਦਿਆਂ ਥਾਣਾ ਮੁਖੀ
ਮੁੱਛਾਂ ‘ਚੋਂ ਖ਼ਚਰਾ ਜਿਹਾ ਹਾਸਾ ਹੱਸਦਿਆਂ ਬੋਲਿਆ, “ਵਰਿਆਮ ਸਿੰਅ੍ਹਾਂ! ਸਰਕਾਰੀ ਕਾਗਜ਼ਾਂ
‘ਚ ਏਡਾ ਨਾਉਂ ਏ ਤੇਰਾ। ਤੇ ਹੁਣ ਬਚ ਕੇ ਕਿੱਧਰ ਜਾਣਾ ਚਾਹੁੰਦਾ ਏਂ!” ਜ਼ਾਹਰ ਹੈ ਕਿ
‘ਸਰਕਾਰੀ ਕਾਗ਼ਜ਼’ ਵੇਖੇ ਜਾ ਚੁੱਕੇ ਸਨ। ਹੁਣ ਪਤਾ ਲੱਗਾ ਕਿ ਲਿਖਣਾ ਤੇ ਬੋਲਣਾ ਮਹਿਜ਼ ਸ਼ੁਗਲ
ਨਹੀਂ ਹੁੰਦੇ ਇਹਨਾਂ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ!
ਈਸਾਪੁਰ ਤੇ ਮੌਲਵੀ ਨੇ ਕੋਲੋਂ ਠਹਾਕਾ ਮਾਰਿਆ। ਹੁਣ ਮੈਨੂੰ ਵੀ ਹੱਸਣਾ ਪੈਣਾ ਸੀ। ਉਂਜ
ਮੈਨੂੰ ਇਸ ਗੱਲ ਦਾ ਅਫ਼ਸੋਸ ਸੀ ਕਿ ਮੇਰੇ ਕਰਕੇ ਵਿਚਾਰਾ ਅਮਰ ਸਿੰਘ ਮੁਫ਼ਤ ਵਿੱਚ ਫਸ ਗਿਆ; ਪਰ
ਉਸ ਨੇ ਦਿਲ ਕਰੜਾ ਰੱਖਿਆ ਤੇ ਅਸੀਂ ਰਲੇ ਸਾਥ ਹੱਸਦੇ-ਹਸਾਉਂਦੇ ਸ਼ਾਮ ਨੂੰ ਕੇਂਦਰੀ ਜੇਲ੍ਹ
ਅੰਮ੍ਰਿਤਸਰ ਵਿੱਚ ਪਹੁੰਚ ਗਏ। ਸਾਡੇ ਉੱਤੇ ਅਮਨ-ਕਾਨੂੰਨ ਭੰਗ ਕਰਨ, ਅੱਗ ਲਾਉਣ, ਸਰਕਾਰੀ
ਜਾਇਦਾਦ ਦਾ ਨੁਕਸਾਨ ਕਰਨ, ਦਫ਼ਾ ਚੁਤਾਲੀ ਤੋੜਣ ਤੋਂ ਲੈ ਕੇ ਇਰਾਦਾ ਕਤਲ ਤੱਕ ਦੀਆਂ ਅੱਠ
ਦਫ਼ਾਵਾਂ ਲਾਈਆਂ ਗਈਆਂ।
ਕੁਝ ਦਿਨਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ‘ਚੋਂ; ਵੱਖ-ਵੱਖ ਕਾਲਜਾਂ ‘ਚੋਂ ਵਿਦਿਆਰਥੀ,
ਇਸ ਅੰਦੋਲਨ ਨੂੰ ਪਿੱਛੇ ਰਹਿ ਕੇ ਮਦਦ ਕਰ ਰਹੇ ਅਕਾਲੀ, ਕਮਿਊਨਿਸਟ, ਨਕਸਲੀਏ ਅਤੇ ‘ਸਥਾਪਤੀ
ਵਿਰੋਧੀ’ ਲੋਕ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਪਹੁੰਚਾ ਦਿੱਤੇ ਗਏ।
ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਸਰਕਾਰ ਵਿਰੋਧੀ ‘ਖ਼ਤਰਨਾਕ ਅਨਸਰ’! ਜੇਲ੍ਹ ਵਿੱਚ ਆਉਣ ਵਾਲੀਆਂ
ਮੁਸ਼ਕਿਲਾਂ ਅਤੇ ਸਮੱਸਿਆਵਾਂ ਨਾਲ ਲੜਨਾ ਵੱਡੀ ਲੜਾਈ ਦਾ ਹੀ ਇੱਕ ਹਿੱਸਾ ਸੀ। ਇਸ ਮਕਸਦ ਲਈ
ਵਿਦਿਆਰਥੀਆਂ ਦੀ ‘ਜੇਲ੍ਹ ਕਮੇਟੀ’ ਬਣਾਈ ਗਈ। ਸਰਬ-ਸੰਮਤੀ ਨਾਲ ਮੈਨੂੰ ਜੇਲ੍ਹ ਕਮੇਟੀ ਦਾ
ਪ੍ਰਧਾਨ ਚੁਣ ਲਿਆ ਗਿਆ। ਭਾਵੇਂ ਵੱਖ-ਵੱਖ ਪਾਰਟੀਆਂ ਦੇ ਕਈ ਸੀਨੀਅਰ ਆਗੂ ਸਾਡੇ ਨਾਲ ਸ਼ਾਮਲ
ਸਨ, ਪਰ ਕਿਉਂਕਿ ਮੂਲ ਤੌਰ ‘ਤੇ ਇਹ ‘ਵਿਦਿਆਰਥੀ ਅੰਦੋਲਨ’ ਸੀ, ਇਸ ਲਈ ਇਸ ਕਮੇਟੀ ਦੇ
ਅਹੁਦੇਦਾਰ ਵਿਦਿਆਰਥੀ ਹੀ ਚਾਹੀਦੇ ਸਨ! ਉਹ ਤਾਂ ਇਸ ਅੰਦੋਲਨ ਦੇ ‘ਸਹਾਇਕ’ ਸਨ। ਜੇਲ੍ਹ ਵਿੱਚ
ਵੀ ਉਹ ਸਾਡੀ ਅਗਵਾਈ ਵਿੱਚ ਚੱਲਣ ਲਈ ਤਿਆਰ ਸਨ ਤੇ ਉਹਨਾਂ ਨੇ ਸਾਡੀ ਇਹ ਅਗਵਾਈ ਅਖ਼ੀਰਲੇ ਦਿਨ
ਤੱਕ ਪ੍ਰਵਾਨ ਵੀ ਕੀਤੀ ਰੱਖੀ।
ਦੋ ਕੁ ਹਫ਼ਤਿਆਂ ਪਿੱਛੋਂ ਸਰਕਾਰ ਨੇ ਸਾਰੇ ਵਿਦਿਆਰਥੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕਰ
ਲਿਆ, ਪਰ ਰਿਹਾਅ ਹੋਣ ਵਾਲੇ ਵਿਦਿਆਰਥੀਆਂ ਵਿੱਚ ਮੇਰਾ ਨਾਂ ਨਹੀਂ ਸੀ। ਸਰਕਾਰੀ ਕਾਗਜ਼ਾਂ ਅਤੇ
ਜੇਲ੍ਹ ਅਧਿਕਾਰੀਆਂ ਦੀਆਂ ਰਿਪੋਰਟਾਂ ਮੁਤਾਬਿਕ ਮੈਂ ‘ਨਿਰ੍ਹਾ ਵਿਦਿਆਰਥੀ’ ਨਹੀਂ ਸੀ। ਜਿਹੜੇ
ਸਿਆਸੀ ਕਾਰਕੁੰਨ ‘ਅਮਨ-ਕਾਨੂੰਨ ਲਈ ਖ਼ਤਰਾ’ ਸਮਝ ਕੇ ਫੜ੍ਹੇ ਗਏ ਸਨ, ਉਹ ਵੀ ਰਿਹਾਅ ਕਰ
ਦਿੱਤੇ ਗਏ ਸਨ। ਪਿੱਛੇ ਰਹਿ ਗਏ ਸਾਂ ਅਸੀਂ। ਮੌਲਵੀ, ਈਸਾਪੁਰ ਤੇ ਮੈਂ; ਜਿਨ੍ਹਾਂ ‘ਤੇ
ਵੱਡੀਆਂ-ਵੱਡੀਆਂ ਅੱਠ ਦਫ਼ਾ ਲੱਗੀਆਂ ਸਨ।
ਜੇਲ੍ਹ ਵਿੱਚੋਂ ਛੁੱਟ ਜਾਣ ਪਿੱਛੋਂ ਮੇਰਾ ਜਮਾਤੀ ਅਮਰ ਸਿੰਘ ਆਰਾਮ ਨਾਲ ਨਹੀਂ ਸੀ ਬੈਠਾ। ਉਸ
ਨੇ ਕਾਲਜ ਦੇ ਪ੍ਰਿੰਸੀਪਲ ਤੋਂ ਮੇਰੇ ਵਿਦਿਆਰਥੀ ਹੋਣ ਦਾ ਸਰਟੀਫ਼ਿਕੇਟ ਬਣਵਾਇਆ। ਪ੍ਰਿੰਸੀਪਲ
ਨੇ ਐਸ ਐਸ ਪੀ ਨੂੰ ਫੋਨ ‘ਤੇ ਮੇਰੇ ਬਾਰੇ ਦੱਸ ਕੇ ਮੈਨੂੰ ਰਿਹਾਅ ਕਰਨ ਲਈ ਬੇਨਤੀ ਕੀਤੀ;
ਕਿਉਂਕਿ ਸਰਕਾਰ ਵਿਦਿਆਰਥੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕਰ ਚੁੱਕੀ ਸੀ। ਅਮਰ ਸਿੰਘ ਐਸ ਐਸ
ਪੀ ਦੇ ਦਫ਼ਤਰ ਪੁੱਜਾ। ਸਰਟੀਫ਼ਿਕੇਟ ਦਿੱਤਾ ਤੇ ਉਸ ਦੀ ਬਦੌਲਤ ਮੇਰੀ ਰਿਹਾਈ ਦੇ ਹੁਕਮ
ਡਿਓੜ੍ਹੀ ਵਿੱਚ ਪਹੁੰਚ ਗਏ। ਅਸਲ ਗੱਲ ਤਾਂ ਇਹ ਸੀ ਕਿ ‘ਕਾਗ਼ਜ਼ਾਂ ਵਿਚਲੇ ਮੇਰੇ ਨਾਂ’ ਕਰਕੇ
ਅਤੇ ਜੇਲ੍ਹ ਕਮੇਟੀ ਦੇ ਪ੍ਰਧਾਨ ਵਜੋਂ ਜੇਲ੍ਹ ਅਧਿਕਾਰੀਆਂ ਨਾਲ ਆਪਣੀਆਂ ਮੰਗਾਂ ‘ਤੇ ਪੰਗਾ
ਲੈਂਦੇ ਰਹਿਣ ਕਰਕੇ ਉਹ ਮੈਨੂੰ ਕੇਸਾਂ ਵਿੱਚ ਫਸਾਈ ਰੱਖਣਾ ਚਾਹੁੰਦੇ ਸਨ।
ਰਿਹਾਅ ਹੋਣ ਪਿੱਛੋਂ ਮੈਂ ਪ੍ਰਿੰਸੀਪਲ ਨੂੰ ਮੋਗੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਯਾਦ
ਵਿੱਚ ਸ਼ੋਕ-ਸਮਾਗਮ ਕਰਨ ਲਈ ਕਿਹਾ। ਪ੍ਰਿੰਸੀਪਲ ਬਹੁਤ ਸਮਝਦਾਰ ਸੀ। ਉਸਨੇ ਇਨਕਾਰ ਕਰਕੇ ਵਾਧੂ
ਦਾ ਤਣਾਓ ਬਨਾਉਣ ਦੀ ਥਾਂ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ‘ਸ਼ੋਕ-ਸਮਾਗਮ’
ਕਰਵਾਇਆ। ਪ੍ਰਿੰਸੀਪਲ ਤੇ ਇਕ-ਦੋ ਅਧਿਆਪਕ ਵੀ ਬੋਲੇ। ਵਿਦਿਆਰਥੀਆਂ ਵੱਲੋਂ ਮੈਂ ਭਾਸ਼ਨ ਦਿੱਤਾ
ਤੇ ਸਰਕਾਰੀ ਵਧੀਕੀ ਦੀ ਨਿੰਦਾ ਕੀਤੀ। ਸਿਆਣੇ ਪ੍ਰਿੰਸੀਪਲ ਨੇ ਸਾਡੇ ਗੁੱਸੇ ਦਾ ਸਹੀ ਨਿਕਾਸ
ਕਰ ਕੇ ਸਾਨੂੰ ਠੰਡਿਆਂ ਕਰ ਦਿੱਤਾ।
ਰਿਹਾਅ ਹੋਣ ਤੋਂ ਦੋ ਕੁ ਹਫ਼ਤੇ ਬਾਅਦ ਹੀ ਮੇਰੇ ਪਿਤਾ ਦੀ ਦਿਮਾਗ਼ ਦੀ ਨਾੜੀ ਫਟ ਜਾਣ ਨਾਲ ਮੌਤ
ਹੋ ਗਈ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ‘ਤੇ ਆਣ ਪਈ। ਅਜੇ ਕਾਲਜ ਲੱਗਣੇ ਸ਼ੁਰੂ ਨਹੀਂ
ਸਨ ਹੋਏ। ਮੈਂ ਟਿਊਬਵੈੱਲ ਲਵਾਉਣ ਵਿੱਚ ਰੁੱਝਾ ਹੋਇਆ ਸਾਂ। ਇਹਨਾਂ ਹੀ ਦਿਨਾਂ ਵਿੱਚ ਮੇਰੇ
ਪਿੰਡ ਦੇ ਦੋ-ਚਾਰ ਸਿਆਣੇ ਬੰਦਿਆਂ ਨੇ ਮੈਨੂੰ ਦੱਸਿਆ ਕਿ ਮਾੜੀ-ਮੇਘੇ ਦਾ ਸੀ ਆਈ ਡੀ ਵਿੱਚ
ਕੰਮ ਕਰਦਾ ਹਵਾਲਦਾਰ, ਜਿਹੜਾ ਇਲਾਕੇ ਦਾ ਹੋਣ ਕਰਕੇ ਉਹਨਾਂ ਦਾ ਜਾਣੂ ਸੀ, ਉਹਨਾਂ ਨੂੰ
ਮਿਲਿਆ ਸੀ ਤੇ ਆਖਦਾ ਸੀ ਕਿ ਮੈਂ ਉਸਨੂੰ ਛੇਤੀ ਹੀ ਸਮਾਂ ਕੱਢਕੇ ਕਿਸੇ ਦਿਨ ਜ਼ਰੂਰ ਮਿਲ ਲਵਾਂ
ਕਿਉਂਕਿ ਸੀ ਆਈ ਡੀ ਦੇ ਚੰਡੀਗੜ੍ਹ ਵਿਚਲੇ ਦਫ਼ਤਰ ਵਿਚੋਂ ਮੇਰੀਆਂ ਗਤੀਵਿਧੀਆਂ ਅਤੇ ਪਰਿਵਾਰਕ
ਪਿਛੋਕੜ ਦੀ ਜਾਣਕਾਰੀ ਲੈਣ ਲਈ ਉਸਦੀ ਜ਼ਿੰਮੇਵਾਰੀ ਲੱਗੀ ਸੀ। ਉਸਨੇ ਕਿਹਾ ਸੀ ਕਿ ਮੇਰੇ ਪਿਤਾ
ਦੀ ਮੌਤ ਹੋ ਜਾਣ ਕਰਕੇ ਉਹ ਸ਼ਿਸ਼ਟਾਚਾਰ ਕਰਕੇ ਮੇਰੇ ਘਰ ਇਸ ਮਕਸਦ ਲਈ ਨਹੀਂ ਸੀ ਆਇਆ!
ਮੈਂ ਉਸਦੇ ਸੁਨੇਹੇ ਦੀ ਕੋਈ ਪ੍ਰਵਾਹ ਨਾ ਕੀਤੀ। ਸੋਚਿਆ, ਲਿਖ ਕੇ ਭੇਜ ਦੇਵੇ ਜੋ ਉਸਨੇ
ਭੇਜਣਾ ਹੈ; ਮੈਂ ਉਸਨੂੰ ਆਪ ਜਾ ਕੇ ਕਾਹਦੇ ਲਈ ਤੇ ਕਿਉਂ ਮਿਲਦਾ ਫਿਰਾਂ?
ਇੱਕ ਦਿਨ ਬਾਹਰੋਂ ਆਏ ਨੂੰ ਬਾਪੂ ਹਕੀਕਤ ਸਿੰਘ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਦੱਸਿਆ, “ਅੱਜ
ਇੱਕ ਮੁਨਸ਼ੀ ਜਿਹਾ ਆਇਆ ਸੀ, ਘੋਟਵੀਂ ਪੱਗ ਤੇ ਤੰਬੀ ਆਲਾ, ਜਿਵੇਂ ਸਾਣਗੀ ਨੂੰ ਛਾੜ੍ਹ
ਚੜ੍ਹਿਆ ਹੋਵੇ। ਤੈਨੂੰ ਲਿਖ ਕੇ ਲੈ ਗਿਆ ਕੌਮਨਿਸਟਾਂ ‘ਚ। ਆਂਹਦਾ ਸੀ; ਤੁਹਾਡੇ ਮੁੰਡੇ ਦੇ
ਚੰਦੀਗੜੋਂ ਕਾਗਦ ਆਏ ਐ। ਮੈਂ ਆਖਿਆ; ‘ਭਲਵਾਨਾ! ਕਿਉਂ ਝੂਠ ਬੋਲਦਾਂ…ਸਾਡੇ ਮੁੰਡੇ ਨੂੰ ਏਨੀ
ਦੂਰ ਮੋਏ ਜਾਣਦੇ ਐ…ਐਵੇਂ ਫ਼ਰੰਟੀਆਂ ਨਾ ਮਾਰ। ਆਂਹਦਾ; ਸਰਕਾਰ ਦੀਆਂ ਨਜ਼ਰਾਂ ‘ਚ ਇਹ ਵੱਡਾ
ਬੰਦਾ ਐ। ਮੈਂ ਆਖਿਆ, ਫ਼ਿਰ ਤਾਂ ਟੌਹਰ ਆ ਸਾਡੇ ਮੁੰਡੇ ਦਾ! ਜੇ ਵੱਡਾ ਤਾਂ ਫ਼ਿਰ ਕਿਹੜੀ ਮਾੜੀ
ਗੱਲ ਐ!’ ਬਾਹਮਣਾਂ ਦੀ ਕੱਟੀ ਅਕੂੰ ਫ਼ਿੱਟਿਆ ਸੀ। ਮੈਂ ਆਖਿਆ; ਭਲਵਾਨਾ! ਮੇਰੀਆਂ ਮੂੰਗਲੀਆਂ
ਤਾਂ ਫ਼ੇਰ ਕੇ ਵਿਖਾ……।”
ਉਸਤੋਂ ਬਾਅਦ ਬੀਬੀ ਨੇ ਦੱਸਿਆ ਕਿ ਸੀ ਆਈ ਡੀ ਦਾ ਉਹੋ ਹਵਾਲਦਾਰ ਆਇਆ ਸੀ। ਕਹਿੰਦਾ ਸੀ;
ਮੁੰਡਾ ਨਕਸਲਬਾੜੀਆਂ ‘ਚ ਹੈ। ਉਹ, ਜੇ ਰੀਪੋਰਟ ਕਰ ਦਏ ਤਾਂ ਨੌਕਰੀ ਕੱਟੀ ਜਾ ਸਕਦੀ ਹੈ। ਕਈ
ਕੁਣਸਾਂ ਕੱਢਦਾ ਸੀ। ਪਿਓ ਦਾਦਾ ਕੀ ਕਰਦੇ ਸੀ? ਨਾਨਾ, ਮਾਮੇ ਕੀ ਕੰਮ ਕਰਦੇ ਨੇ? ਲਿਖ ਕੇ ਲੈ
ਗਿਆ ਸੀ। ਕਹਿੰਦਾ ਸੀ, ਉਸ ਨੇ ਤਾਂ ਪਹਿਲਾਂ ਹੀ ਆਉਣਾ ਸੀ, ਪਰ ਤੇਰੇ ਪਿਓ ਦੀ ਮੌਤ ਹੋ ਗਈ,
ਇਸ ਲਈ ਹਮਦਰਦੀ ਕਰ ਕੇ ਨਹੀਂ ਸੀ ਆਇਆ। ਉਂਜ ਉਸ ਨੇ ਤੈਨੂੰ ਸੁਨੇਹੇ ਭੇਜੇ ਸਨ ਕਿ ਉਸਨੂੰ
ਮਿਲ। ਅੱਜ ਵੀ ਉਸ ਇਹੋ ਕਿਹਾ ਸੀ ਕਿ ਤੂੰ ਉਸ ਨੂੰ ਮਿਲਦਾ ਨਹੀਂ।
ਕਹਿੰਦਾ ਸੀ, “ਮੁੜ ਕੇ ਰੀਪੋਰਟ ਮਾੜੀ ਭੇਜ ‘ਤੀ ਫ਼ਿਰ ਨਾ ਆਖਿਓ।”
ਬੀਬੀ ਨੇ ਪੁੱਛਿਆ ਸੀ, “ਉਸਦਾ ਕਸੂਰ ਕੀ ਐ?” ਕਹਿੰਦਾ, “ਜਦੋਂ ਮੋਗੇ ਮੁੰਡੇ ਮਰੇ ਸੀ, ਉਦੋਂ
ਲੋਕਾਂ ਨੂੰ ਨਾਲ ਲੈ ਕੇ ਇਹਨੇ ਜਲੂਸ ਕੱਢਿਆ ਸੀ ਅਤੇ ਕਹਿੰਦਾ ਸੀ, ਸਰਕਾਰ ਨੇ ਮਾੜਾ ਕੀਤਾ।”
ਬੀਬੀ ਦੇ ਮੂੰਹੋਂ ਨਿਕਲ ਗਿਆ, “ਤੇ ਹੋਰ ਕੀ ਆਂਹਦਾ, ਚੰਗਾ ਕੀਤਾ?”
“ਬੀਬੀ ਸਰਕਾਰ ਨੂੰ ਇਹ ਸਭ ਚੰਗਾ ਨਹੀਂ ਲੱਗਦਾ।” ਉਹ ਛਿੱਥਾ ਜਿਹਾ ਪੈ ਕੇ ਉਠਿਆ ਤੇ ਐਵੇਂ
ਮੇਰੀਆਂ ਕਿਤਾਬਾਂ, ਰਿਸਾਲਿਆਂ ਨੂੰ ਉਲਟ ਕੇ ਵੇਖਣ ਲੱਗਾ। ਬੀਬੀ ਤੋਂ ਰਹਿ ਨਾ ਹੋਇਆ,
“ਸਰਕਾਰ ਨੂੰ ਤਾਂ ਵੀਰਾ ਬੰਦੇ ਮਾਰਨੇ ਈ ਚੰਗੇ ਲੱਗਦੇ ਨੇ ਤਾਂ” ਤੇ ਉਹ ਚੁੱਪ ਕਰ ਗਈ ਸੀ।
ਉਹ ਉਸਦੀ ਗੱਲ ਮੁੱਕਦਿਆਂ ਹੀ ਬੋਲ ਪਿਆ, “ਐਹ ਵੇਖੋ ਇਹੋ ਜਿਹੇ ਰਿਸਾਲੇ ਪੜ੍ਹਨ ਵਾਲੇ ਨੂੰ
ਅਗਲੇ ਸਿੱਧਾ ਕੈਦ ਕਰ ਦਿੰਦੇ ਐ……।”
“ਵੀਰਾ! ਤੁਹਾਡੇ ਡਾਕਖ਼ਾਨਿਆਂ ਰਾਹੀਂ ਆਉਂਦੇ ਨੇ। ਮਾੜੇ ਆ ਤਾਂ ਨਾ ਔਣ ਦਿਆ ਕਰੋ। ਜਿੱਥੇ
ਛਪਦੇ ਨੇ ਓਥੋਂ ਬੰਦ ਕਰ ਲੌ।”
ਬੀਬੀ ਦੀਆਂ ਗੱਲਾਂ ਸੁਣ ਕੇ ਮੇਰੇ ਚਿਹਰੇ ‘ਤੇ ਮੁਸਕਰਾਹਟ ਫ਼ੈਲ ਗਈ।
ਬੀਬੀ ਉਸ ਨਾਲ ਹੋਈ ਗੱਲ-ਬਾਤ ਦਾ ਵੇਰਵਾ ਦੇ ਕੇ ਹੌਲੀ-ਫ਼ੁੱਲ ਮਹਿਸੂਸ ਕਰ ਰਹੀ ਸੀ। ਉਹ
ਨਜ਼ਰਾਂ ਉਠਾ ਕੇ ਅੰਗੀਠੀ ‘ਤੇ ਪਈਆਂ ਭਗਤ ਸਿੰਘ, ਗੁਰੂ ਗੋਬਿੰਦ ਸਿੰਘ ਅਤੇ ਲੈਨਿਨ ਦੀਆਂ
ਫ਼ੋਟੋਆਂ ਵੱਲ ਬੜੇ ਧਿਆਨ ਨਾਲ ਦੇਖਣ ਲੱਗੀ, “ਆਂਹਦਾ ਸੀ; ਆਹ ਫ਼ੋਟੋਆਂ ਲਾਹ ਦਿਓ।” ਫ਼ਿਰ ਉਹ
ਲੈਨਿਨ ਦੀ ਫ਼ੋਟੋ ਵੱਲ ਉਂਗਲ ਕਰ ਕੇ ਬੋਲੀ, “ਔਸ ਗੰਜੇ ਬਾਊ ਨੂੰ ਆਂਹਦਾ ਸੀ, ਬੜਾ ਖ਼ਤਰਨਾਕ
ਐ। ਕਿਸੇ ਬਾਹਰਲੇ ਦੇਸ ਦਾ। ਜਦੋਂ ਮੈਂ ਆਖਿਆ, “ਦੂਜੇ ਤਾਂ ਆਪਣੇ ਦੇਸ਼ ਦੇ ਨੇ!’ ਤਾਂ
ਦੰਦੀਆਂ ਜੀਆਂ ਖਰਾਉਂਦਾ ਆਖਣ ਲੱਗਾ, “ਬੀਬੀ ਤੁਸੀਂ ਨ੍ਹੀਂ ਜਾਣਦੇ…ਜਦੋਂ ਇਹ ਤਿੰਨੇ ਰਲ
ਜਾਂਦੇ ਐ…ਸਰਕਾਰ ਲਈ ਖ਼ਤਰਨਾਕ ਹੀ ਹੁੰਦੇ ਐ…।” ਉਹ ਇੱਕ ਮਿੰਟ ਲਈ ਰੁਕੀ, “ਬੱਸ
ਸਰਕਾਰ-ਸਰਕਾਰ ਈ ਲਾ ਛੱਡੀ ਨਖਾਫ਼ਣੇ ਨੇ……ਸਰਕਾਰ ਨੂੰ ਆਹ ਨਹੀਂ ਚੰਗਾ ਲੱਗਦਾ… ਸਰਕਾਰ ਨੂੰ
ਔਹ ਨਹੀਂ ਚੰਗਾ ਲੱਗਦਾ।”
ਮੈਂ ਫੋਟੋਆਂ ਵੱਲ ਵੇਖਿਆ। ਅੰਗੀਠੀ ‘ਤੇ ਪਈ ਆਪਣੀ ਪੋਸਟ-ਕਾਰਡ ਸਾਈਜ਼ ਦੀ ਸਟੀਲ ਦੇ ਫਰੇਮ
ਵਾਲੀ ਆਪਣੀ ਫੋਟੋ ਨਾ ਵੇਖ ਕੇ ਉਸ ਬਾਰੇ ਪੁੱਛਿਆ ਤਾਂ ਬੀਬੀ ਨੇ ਅਨਜਾਣਤਾ ਪਰਗਟ ਕੀਤੀ।
ਜ਼ਾਹਿਰ ਸੀ; ਉਹ ਰੀਕਾਰਡ ਵਿੱਚ ਰੱਖਣ ਵਾਸਤੇ ਬਿਨਾ ਦੱਸੇ ਮੇਰੀ ਫੋਟੋ ਖਿਸਕਾ ਕੇ ਲੈ ਗਿਆ
ਸੀ।
ਜੇਲ੍ਹ ਵਿੱਚ ਮੇਰੇ ਨਾਲ ਰਹੇ ਅਕਾਲੀ ਨੇਤਾ ਮੇਰੇ ਪਿਤਾ ਦੀ ਮੌਤ ਦਾ ਅਫ਼ਸੋਸ ਕਰਨ ਲਈ ਮੇਰੇ
ਘਰ ਪਹੁੰਚੇ। ਜੇਲ੍ਹ-ਕਮੇਟੀ ਦਾ ਪ੍ਰਧਾਨ ਹੋਣ ਨਾਤੇ ਅਤੇ ਉਂਜ ਵੀ ਦੂਜੇ ਮੁੰਡਿਆਂ ਨਾਲੋਂ
ਸੀਨੀਅਰ ਹੋਣ ਕਰਕੇ ਰਾਤ-ਦਿਨ ਆਪਣੀ ਬਾਰਕ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਮੈਨੂੰ ਹੀ ਭਾਸ਼ਨ
ਕਰਨ ਦਾ ਮੌਕਾ ਮਿਲਦਾ ਸੀ। ਮੈਂ ਆਪਣੇ ਭਾਸ਼ਨਾ ਵਿੱਚ ਸਿੱਖੀ ਦੇ ਇਨਕਲਾਬੀ ਅੰਸ਼ ਦੀ ਗੱਲ ਵੀ
ਕਰਦਾ। ਇਸ ਕਰ ਕੇ ਅਕਾਲੀ ਆਗੂ ਮੇਰੇ ਨਾਲ ਉਚੇਚਾ ਸਨੇਹ ਕਰਨ ਲੱਗੇ ਸਨ। ਮੇਜਰ ਸਿੰਘ ਉਬੋਕੇ
(ਜੋ ਪਿੱਛੋਂ ਜਾ ਕੇ ਮੈਂਬਰ ਪਾਰਲੀਮੈਂਟ ਬਣਿਆ ਤੇ ਬਰਨਾਲਾ ਮੰਤਰੀ ਮੰਡਲ ਵਿੱਚ ਮਾਲ-ਮੰਤ੍ਰੀ
ਵੀ ਰਿਹਾ), ਅਜੀਤ ਸਿੰਘ ਮੌਲਵੀ, ਦਰਸ਼ਨ ਸਿੰਘ ਈਸਾਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਗਬੀਰ
ਸਿੰਘ ਸਰਹਾਲੀ ਤੇ ਹੋਰ ਅਕਾਲੀ ਸੱਜਣ ਮੇਰੀ ਭਾਸ਼ਨ ਕਰਨ ਦੀ ‘ਯੋਗਤਾ’, ਰਾਜਨੀਤੀ ਤੇ ਪੰਜਾਬ
ਦੇ ਇਤਿਹਾਸ ਬਾਰੇ ਮੇਰੀ ਜਾਣਕਾਰੀ ਅਤੇ ਕੁੱਝ ਕਰ ਗੁਜ਼ਰਨ ਦੇ ਮੇਰੇ ਜੋਸ਼ ਨੂੰ ਵੇਖ ਕੇ ਮਨ ਹੀ
ਵਿੱਚ ਮੇਰੇ ਬਾਰੇ ਕੁੱਝ ਹੋਰ ਸੋਚੀ ਫਿਰਦੇ ਸਨ।
ਇਹਨਾਂ ਹੀ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਹਿ ਸਿੰਘ ਦੀ ਮੌਤ ਹੋ ਗਈ।
ਅਕਾਲੀ ਮਿੱਤਰਾਂ ਨੇ ਉਸਦੇ ਭੋਗ ਵਾਲੇ ਦਿਨ ਉਚੇਚੀ ਕਾਰ ਤੇ ਬੰਦੇ ਭੇਜ ਕੇ ਮੈਨੂੰ
ਅੰਮ੍ਰਿਤਸਰ ਬੁਲਾਇਆ। ਦੱਸਿਆ ਗਿਆ ਕਿ ਅੱਜ ਮੰਜੀ ਸਾਹਿਬ ਵਿਖੇ ਹੋਣ ਵਾਲੇ ‘ਸੰਤ ਫ਼ਤਹਿ ਸਿੰਘ
ਸ਼ਰਧਾਂਜਲੀ ਸਮਾਗਮ’ ਮੌਕੇ, ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਮੁੱਖ ਪਾਰਟੀਆਂ ਦੇ ਆਗੂਆਂ ਤੋਂ
ਇਲਾਵਾ ਇੰਦਰਾ ਗਾਂਧੀ ਅਤੇ ਮੁਰਾਰ ਜੀ ਡਿਸਾਈ ਵਰਗੇ ਕੇਂਦਰੀ ਲੀਡਰ ਵੀ ਸ਼ਰਧਾਂਜਲੀ ਦੇਣ ਲਈ
ਪਹੁੰਚ ਰਹੇ ਸਨ, ਮੈਂ ਵਿਦਿਆਰਥੀ ਆਗੂ ਵਜੋਂ ਇਸ ਸਮਾਗਮ ਨੂੰ ਸੰਬੋਧਨ ਕਰਨਾ ਹੈ। ਗੁਰੂ
ਰਾਮਦਾਸ ਸਰਾਂ ਦੇ ਸਾਹਮਣੇ ਖਲੋਤੇ ਪ੍ਰੇਮ ਸਿੰਘ ਲਾਲਪੁਰਾ ਨਾਲ ਮੈਨੂੰ ਮੌਲਵੀ ਅਜੀਤ ਸਿੰਘ
ਤੇ ਮੇਜਰ ਸਿੰਘ ਉਬੋਕੇ ਹੁਰਾਂ ਨੇ ਮਿਲਾਇਆ ਤਾਂ ਲਾਲਪੁਰਾ ਕਹਿਣ ਲੱਗਾ, “ਬਹੁਤ ਚੰਗਾ ਹੋਇਆ,
ਤੁਸੀਂ ਪਹੁੰਚ ਗਏ। ਕੌਮ ਨੂੰ ਹੁਣ ਤੁਹਾਡੇ ਜਿਹੇ ਨੌਜਵਾਨਾਂ ਦੀ ਬਹੁਤ ਜ਼ਰੂਰਤ ਹੈ। ਤਕੜੇ ਹੋ
ਕੇ ਅੱਗੇ ਆਓ।”
ਮੇਰੇ ਅਕਾਲੀ ਮਿੱਤਰ ਸੋਚਦੇ ਸਨ ਕਿ ਅੱਜ ਦੇ ਇਸ ਵੱਡੇ ਸਮਾਗਮ ਮੌਕੇ ਏਨੇ ਵੱਡੇ ਆਗੂਆਂ ਦੀ
ਹਾਜ਼ਰੀ ਵਿੱਚ ਵਿਦਿਆਰਥੀ ਆਗੂ ਵਜੋਂ ਬੋਲਣ ‘ਤੇ ਮੈਂ (ਇਹ ਉਹਨਾਂ ਨੂੰ ਆਸ ਹੀ ਸੀ ਕਿ ਮੈਂ
ਚੰਗਾ ਬੋਲ ਲਵਾਂਗਾ!) ਸਿਆਸੀ ਹਲਕਿਆਂ ਵਿੱਚ ਇਕਦਮ ਮਹੱਤਵ ਅਖ਼ਤਿਆਰ ਕਰ ਲਵਾਂਗਾ ਅਤੇ ਅਗਲੇ
ਕੁੱਝ ਹੀ ਸਾਲਾਂ ਵਿੱਚ ਉਹਨਾਂ ਸਭ ਦੇ ਸਾਥ ਤੇ ਆਪਣੀ ‘ਯੋਗਤਾ’ ਨਾਲ ਅਕਾਲੀ ਸਿਆਸਤ ਵਿੱਚ
ਚੰਗੀ ਥਾਂ ਬਣਾ ਲਵਾਂਗਾ! ਉਹਨਾਂ ਨੇ ‘ਕੱਲ੍ਹ ਕਲੋਤਰ ਨੂੰ ਐਮ ਐਲ ਏ ਤੇ ਫਿਰ ਹੋਰ ‘ਕਈ ਕੁਝ’
ਬਣ ਜਾਣ ਦੀਆਂ ਸੰਭਾਵਨਾਵਾਂ ਦੇ ਸੁਪਨਿਆਂ ਦੇ ਰੰਗ ਮੇਰੇ ਸਾਹਮਣੇ ਵਿਛਾ ਧਰੇ। ਉਹਨਾਂ ਦਾ
ਮੇਰੇ ਬਾਰੇ ਇਸਤਰ੍ਹਾਂ ਸੋਚਣਾ ਇੱਕ ਗੱਲੋਂ ਤਾਂ ਮੈਨੂੰ ਬਹੁਤ ਚੰਗਾ ਲੱਗਾ ਪਰ ਮੇਰੀ
ਵਿਚਾਰਧਾਰਾ ਮੁਤਾਬਕ ਅਕਾਲੀਆਂ ਨਾਲ ਮੇਰੀ ਪੱਕੀ ਸੰਗਤ ਦੀ ਕੋਈ ਸੰਭਾਵਨਾਂ ਤਾਂ ਦੂਰ ਦੂਰ
ਤੱਕ ਬਣਦੀ ਨਜ਼ਰ ਨਹੀਂ ਸੀ ਆਉਂਦੀ!
ਉਹਨਾਂ ਵੱਲੋਂ ਸੁਪਨਿਆਂ ਦੇ ਵਿਛਾਏ ਜਾਲ ਨੇ ਆਪਣੇ ਵੱਲ ਖਿੱਚਣ ਦੀ ਥਾਂ ਸਗੋਂ ‘ਧੱਕਾ ਮਾਰ
ਕੇ’ ਮੈਨੂੰ ਹੋਰ ਪਿੱਛੇ ਵੱਲ ਕਰ ਦਿੱਤਾ। ਮੈਂ ਅਲੱਗ ਹੋ ਕੇ ਮੌਲਵੀ ਹੁਰਾਂ ਨੂੰ ਸਮਝਾਇਆ ਕਿ
ਏਨਾ ਮਾਣ ਦੇਣ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ ਪਰ ਮੇਰੀ ਸੋਚ ਮੁਤਾਬਕ ਅਕਾਲੀਆਂ ਨਾਲ ਰਲ
ਜਾਣਾ ਮੈਨੂੰ ਕਿਵੇਂ ਵੀ ਵਾਰਾ ਨਹੀਂ ਖਾਂਦਾ। ਮੈਂ ਸਮਾਗਮ ਵਿੱਚ ਬੋਲਣ ਤੋਂ ਇਨਕਾਰੀ ਹੋ
ਗਿਆ। ਨਿਸਚੈ ਹੀ ਉਹਨਾਂ ਨੂੰ ਮੇਰੇ ਫ਼ੈਸਲੇ ਨਾਲ ਨਿਰਾਸ਼ਾ ਹੋਈ ਹੋਵੇਗੀ ਤੇ ਸ਼ਾਇਦ ਉਹ ਮੈਨੂੰ
ਦਿੱਤੀ ਪੇਸ਼ਕਸ਼ ਹੁਣ ਭੁੱਲ-ਭੁਲਾ ਵੀ ਗਏ ਹੋਣ ਪਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਉਸ ਦਿਨ
ਵਿਚਾਰਧਾਰਕ ਤੌਰ ‘ਤੇ ਤਿਲਕਣੋ ਤੇ ਡਿੱਗਣੋ ਬਚ ਗਿਆ। ਹੋ ਸਕਦਾ ਹੈ, ਅਕਾਲੀਆਂ ਨਾਲ ਮਿਲ ਕੇ
ਮੈਂ ਉਹਨਾਂ ਵੱਲੋਂ ਵਿਖਾਏ ਸੁਪਨਿਆਂ ਦੇ ਅਸਮਾਨ ਵਿਚੋਂ ਕੁੱਝ ਇੱਕ ਤਾਰੇ ਤੋੜ ਵੀ ਲੈਂਦਾ।
ਪਰ ਫਿਰ ਮੈਂ ਅੱਜ ਵਾਲਾ ਵਰਿਆਮ ਸਿੰਘ ਸੰਧੂ ਹੋਣ ਦੀ ਥਾਂ ਕੋਈ ਹੋਰ ਵਰਿਆਮ ਸਿੰਘ ਸੰਧੂ
ਹੋਣਾ ਸੀ! ਮੈਨੂੰ ਹੁਣ ਵਾਲਾ ਵਰਿਆਮ ਸਿੰਘ ਸੰਧੂ ਬਣੇ ਰਹਿਣਾ ਹੀ ਚੰਗਾ ਲੱਗਦਾ ਹੈ।
ਮੇਰੀ ਪਹਿਲੀ ਗ੍ਰਿਫ਼ਤਾਰੀ ਪਿਛੇ ਬੁਨਿਆਦੀ ਕਾਰਨ ਮੇਰੀ ਲਿਖਤ ਹੀ ਸੀ। ਅਕਾਲੀ ਆਗੂਆਂ ਨਾਲ
ਮੇਰੀ ਸਾਂਝ ਦਾ ਆਧਾਰ ਵੀ ਮੇਰੀਆਂ ਲਿਖਤਾਂ ਸਨ ਅਤੇ ‘ਮੌਲਵੀ’ ਵੱਲੋਂ ਮੇਰੀ ਕਹਾਣੀ ਤੇ
ਕਵਿਤਾ ਦਾ ਨਾਂ ਲੈ ਕੇ ਮਾਰਿਆ ਮਿਹਣਾ ਵੀ ਮੇਰੀ ਲਿਖਤ ਦਾ ਮਿਹਣਾ ਸੀ ਜੋ ਮੈਨੂੰ ਉਹਨਾਂ ਵੱਲ
ਖਿੱਚ ਕੇ ਲੈ ਗਿਆ; ਹਾਲਾਂਕਿ ਵਿਦਿਆਰਥੀ ਅੰਦੋਲਨ ਨਾਲ ਦਿਲੋਂ ਹਮਦਰਦੀ ਹੋਣ ਦੇ ਬਾਵਜੂਦ ਇਸ
ਨਾਲ ਮੇਰਾ ਸਿੱਧਾ ਸੰਬੰਧ ਕੋਈ ਨਹੀਂ ਸੀ। ਰਾਜਨੀਤਕ ਸਰਗਰਮੀ ਤਾਂ ਮੇਰੀ ਹੈ ਕੋਈ ਨਹੀਂ ਸੀ।
‘ਨਕਸਲੀ’ ਵਿਚਾਰਾਂ ਨਾਲੋਂ ਮੈਂ ਵਿੱਥ ਵੀ ਥਾਪ ਲਈ ਸੀ।
ਗ੍ਰਿਫ਼ਤਾਰ ਹੋ ਕੇ ਮੈਂ ਹੋਣ ਵਾਲੀ ਪਤਨੀ ਰਜਵੰਤ ਨੂੰ ਵਿਚੋਲਣ ਰਾਹੀਂ ਕੁੱਝ ਸਮਾਂ ਪਹਿਲਾਂ
ਭੇਜੀ ‘ਧਮਕੀ’ ਸੱਚ ਕਰ ਵਿਖਾਈ ਸੀ! ਉਸਨੂੰ ਮੇਰੇ ਭਵਿੱਖੀ ਵਤੀਰੇ ਦੇ ਰੰਗ-ਢੰਗ ਦਿਸਣੇ ਸ਼ੁਰੂ
ਹੋ ਗਏ ਸਨ। ਅਸੀਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਕੇਵਲ ਤਸਵੀਰਾਂ ਵਿੱਚ ਹੀ ਵੇਖਿਆ ਸੀ।
ਕਦੀ ਆਹਮੋ-ਸਾਹਮਣੇ ਵੀ ਨਹੀਂ ਸਾਂ ਹੋਏ, ਬੋਲਣ-ਚਾਲਣ ਦਾ ਤਾਂ ਭਲਾ ਕੀ ਸਵਾਲ ਪੈਦਾ ਹੋਣਾ
ਸੀ! ਪਰ ਜਦੋਂ ਉਸਨੇ ਆਪਣੇ ਪਿੰਡ ਨੇੜਲੇ ਕਾਲਜ ਬੀੜ ਬਾਬਾ ਬੁੱਢਾ ਸਾਹਿਬ ਦੇ ਵਿਦਿਆਰਥੀਆਂ
ਨੂੰ ਝਬਾਲ ਦੇ ਅੱਡੇ ‘ਤੇ ਪੁਲਿਸ ਦਾ ਸਾਹਮਣਾ ਕਰਦਿਆਂ ਤੇ ਪੁਲਿਸ ਵੱਲੋਂ ਉਹਨਾਂ ‘ਤੇ ਹੰਝੂ
ਗੈਸ ਦੇ ਗੋਲੇ ਸੁੱਟਦਿਆਂ ਵੇਖਿਆ ਤਾਂ ਉਸਨੂੰ ਵੀ ਫ਼ਿਕਰ ਹੋਇਆ ਕਿ ਉਸਦਾ ਹੋਣ ਵਾਲਾ ਪਤੀ ਵੀ
ਕਾਲਜ ਵਿੱਚ ਪੜ੍ਹਦਾ ਹੋਣ ਕਰਕੇ ਕਿਸੇ ਸੰਕਟ ਵਿੱਚ ਨਾ ਫਸ ਗਿਆ ਹੋਵੇ!
ਉਸਨੇ ਆਪਣੀ ਕੁਲੀਗ ਅਤੇ ਹਮਦਰਦ ਸਹੇਲੀ ਸਵਿੰਦਰ ਭੈਣ ਜੀ ਨਾਲ ਇਸ ਬਾਰੇ ਗੱਲ ਕੀਤੀ। ਸਵਿੰਦਰ
ਦਾ ਦਿਓਰ ਇਕਬਾਲ ਵੀ ਸਾਡੇ ਹੀ ਵਿਚਾਰਾਂ ਦਾ ਸੀ ਤੇ ਅੱਜ-ਕੱਲ੍ਹ ਮੇਰੇ ਨਾਲ ਹੀ ਪਟਿਆਲਾ
ਹੋਸਟਲ ਵਿੱਚ ਰਹਿ ਕੇ ਹਿਸਟਰੀ ਦੀ ਐਮ ਏ ਕਰ ਰਿਹਾ ਸੀ। ਸਵਿੰਦਰ ਦੇ ਪਰਿਵਾਰ ਨੂੰ ਵੀ ਉਸਦੇ
ਗ੍ਰਿਫ਼ਤਾਰ ਹੋਣ ਦਾ ਡਰ ਸੀ। ਸਵਿੰਦਰ ਤੇ ਰਜਵੰਤ ਖ਼ਾਲਸਾ ਕਾਲਜ ਗਈਆਂ। ਕਾਲਜ ਤਾਂ ਬੰਦ ਸੀ।
ਇਕਬਾਲ ਉਹਨਾਂ ਦਿਨਾਂ ਵਿੱਚ ਹੋਸਟਲ ਬੰਦ ਹੋਣ ਕਰਕੇ ਕਿਸੇ ਹੋਰ ਟਿਕਾਣੇ ‘ਤੇ ਰਹਿ ਰਿਹਾ ਸੀ।
ਸਵਿੰਦਰ ਨੇ ਪੁੱਛ-ਪੁਛਾ ਕੇ ਉਸਨੂੰ ਲੱਭ ਲਿਆ। ਉਸਤੋਂ ਉਹਨਾਂ ਨੂੰ ਮੇਰੀ ਗ੍ਰਿਫ਼ਤਾਰੀ ਦਾ ਤੇ
ਮੇਰੇ ‘ਠੀਕ-ਠਾਕ’ ਹੋਣ ਦਾ ਪਤਾ ਲੱਗ ਗਿਆ। ਇਹ ਖ਼ਬਰ ਸੁਣ ਕੇ ਪਤਾ ਨਹੀਂ ਉਸਨੂੰ ਢਾਰਸ ਮਿਲੀ
ਜਾਂ ਨਹੀਂ ਪਰ ਉਸਨੇ ਮੇਰੇ ਨਾਲ ਵਿਆਹ ਕਰਨ ਦਾ ਇਰਾਦਾ ਤਰਕ ਨਾ ਕੀਤਾ। ਮੇਰੇ ਨਾਲ ਵਿਆਹ
ਕਰਵਾਉਣ ਤੋਂ ਬਾਅਦ ਉਸਨੇ ਪ੍ਰਾਪਤ ਖ਼ੁਸ਼ੀਆਂ ਦੇ ਨਾਲ ਨਾਲ ਮੇਰੇ ਨਾਲ ਜੁੜੇ ਹੋਰ ਕਈ ਸੰਕਟਾਂ
ਦਾ ਸਾਹਮਣਾ ਵੀ ਤਾਂ ਕਰਨਾ ਸੀ!
ਵਿਆਹ ਪਿੱਛੋਂ ਪਹਿਲਾ ਸੰਕਟ ਸੀ ਐਮਰਜੈਂਸੀ ਦੇ ਦਿਨਾਂ ਵਿੱਚ ਮੇਰੀ ਗ੍ਰਿਫ਼ਤਾਰੀ। ਇਹ 1975
ਦੇ ਅਕਤੂਬਰ ਮਹੀਨੇ ਦੇ ਅਖ਼ੀਰਲੇ ਦਿਨ ਸਨ। ਮੇਰੀ ਪਹਿਲੀ ਬੱਚੀ ਰੂਪ ਨੂੰ ਪੈਦਾ ਹੋਇਆਂ ਅਜੇ
ਹਫ਼ਤਾ ਵੀ ਨਹੀਂ ਸੀ ਹੋਇਆ। ਰਜਵੰਤ ਛਿਲੇ ਵਿੱਚ ਹੀ ਸੀ ਜਦੋਂ ਮੈਨੂੰ ਗ੍ਰਿਫ਼ਤਾਰ ਕਰ ਲਿਆ
ਗਿਆ। ਮੇਰੇ ਖ਼ਿਲਾਫ਼ ‘ਸਰਕਾਰ ਬਨਾਮ ਵਰਿਆਮ ਸਿੰਘ’ ਨਾਂ ਦਾ ਇਹ ਕੇਸ ਦਫ਼ਾ 107/151 ਅਧੀਨ ਦਰਜ
ਕੀਤਾ ਗਿਆ ਸੀ। ਮੇਰੇ ਤੋਂ ਸਰਕਾਰੀ ਅਮਨ ਕਾਨੂੰਨ ਨੂੰ ਖ਼ਤਰਾ ਸੀ! ਭਿੱਖੀਵਿੰਡ ਚੌਕ ਵਿੱਚ
ਇੱਕ ਫ਼ਲਾਂ ਦੀ ਰੇੜ੍ਹੀ ਲਾਉਣ ਵਾਲਾ ਅਤੇ ਇੱਕ ਮੱਛੀ ਦੇ ਪਕੌੜੇ ਵੇਚਣ ਵਾਲਾ ਚਸ਼ਮਦੀਦ ਗਵਾਹ
ਬਣੇ। ਪੁਲਿਸ ਦੀ ਘੜੀ ਕਹਾਣੀ ਮੁਤਾਬਕ ‘ਉਹਨਾਂ ਨੇ ਪਿਛਲੀ ਸ਼ਾਮ ਮੈਨੂੰ ਕਿਸੇ ਇਕਲਵੰਜੇ ਥਾਂ
‘ਤੇ ਕੁੱਝ ਲੋਕਾਂ ਨੂੰ ਇਕੱਠਿਆਂ ਕਰ ਕੇ, ਉਹਨਾਂ ਅੱਗੇ ਜੋਸ਼ੀਲਾ ਭਾਸ਼ਨ ਕਰਦਿਆਂ ਤੇ ਸਰਕਾਰ
ਵਿਰੁੱਧ ਹਥਿਆਰ-ਬੰਦ ਬਗ਼ਾਵਤ ਕਰਨ ਦਾ ਸੱਦਾ ਦਿੰਦਿਆਂ ਵੇਖਿਆ/ਸਣਿਆਂ ਸੀ!’
ਗ੍ਰਿਫ਼ਤਾਰ ਕਰ ਕੇ ਮੈਨੂੰ ਸਬ-ਜੇਲ੍ਹ ਪੱਟੀ ਵਿੱਚ ਭੇਜ ਦਿੱਤਾ। ਮੇਰੀ ਪਤਨੀ ਚਾਰ-ਪੰਜ ਦਿਨਾਂ
ਦੀ ਧੀ ਨੂੰ ਕੁੱਛੜ ਚੁੱਕੀ ਛਿਲੇ ਦੇ ਦਿਨਾਂ ਵਿੱਚ ਹੀ ਜਦੋਂ ਮੇਰੇ ਮਗਰ ਕਚਹਿਰੀਆਂ ਵਿੱਚ
ਧੱਕੇ ਖਾਂਦੀ ਵੇਖੀ ਤਾਂ ਮੇਰੀ ਦਾਦੀ ਦੇ ਭਤੀਏ ਦੇ ਪੁੱਤ ਅਜਾਇਬ ਸਿੰਘ ਸੰਧੂ ਨੇ, ਜਿਸ ਨਾਲ
ਸਾਡਾ ਬੜਾ ਗੂੜ੍ਹਾ ਪਰਿਵਾਰਕ ਮਿਲਵਰਤਣ ਸੀ ਅਤੇ ਜਿਸਦਾ ਪੱਟੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ
ਵਿੱਚ ਚੰਗਾ ਅਸਰ-ਰਸੂਖ਼ ਸੀ, ਮੈਨੂੰ ਜ਼ਮਾਨਤ ਕਰਵਾ ਲੈਣ ਬਾਰੇ ਆਖਿਆ। ਮੈਨੂੰ ਪਤਾ ਸੀ ਕਿ
ਜ਼ਮਾਨਤ ਕਰਵਾਉਣ ਦਾ ਕੋਈ ਲਾਭ ਨਹੀਂ ਹੋਣਾ। ਮੈਂ ਪਤਾ ਸੀ ਕਿ ਮੈਨੂੰ ਦੋਬਾਰਾ ਗ੍ਰਿਫ਼ਤਾਰ ਕਰ
ਲਿਆ ਜਾਣਾ ਹੈ। ਪਰ ਉਹਨਾਂ ਮੇਰੀ ਜ਼ਮਾਨਤ ਦੀ ਅਰਜ਼ੀ ਪਾ ਦਿੱਤੀ। ਮੇਰੇ ਕੋਲੋਂ ਢਾਈ ਲੱਖ ਰੁਪਏ
ਦੀ ‘ਨੰਬਰੀ’ ਜ਼ਮਾਨਤ ਤੇ ਪੰਜਾਹ ਹਜ਼ਾਰ ਦੇ ਜ਼ਾਤੀ ਮੁਚੱਲਕੇ ਦੀ ਮੰਗ ਕੀਤੀ ਗਈ। ਜ਼ਮਾਨਤ ਦੇਣ
ਵਾਲੇ ਵੱਲੋਂ ਆਪਣੀ ਜਾਇਦਾਦ ਦਾ ਲਿਖਤੀ ਰੀਕਾਰਡ ਪੇਸ਼ ਕਰਨ ਪਿੱਛੋਂ ਹੀ ਜ਼ਮਾਨਤ ਮਨਜ਼ੂਰ ਹੋ
ਸਕਦੀ ਸੀ। ਇਹ ਹੈਰਾਨੀ ਦੀ ਗੱਲ ਸੀ। ਆਮ ਤੌਰ ‘ਤੇ ਅਜਿਹੇ ‘ਸੱਤ-ਇਕਵੰਜਾ’ ਵਾਲੇ ਕੇਸਾਂ
ਵਿੱਚ ਪੰਜ ਕੁ ਹਜ਼ਾਰ ਰੁਪਈਆਂ ਤੱਕ ਦੀ ਸਾਧਾਰਨ ਜ਼ਮਾਨਤ ਹੋ ਜਾਂਦੀ ਸੀ ਪਰ ਮੇਰੇ ਵਾਸਤੇ ਏਨੀ
ਵੱਡੀ ਜ਼ਮਾਨਤ! ਕੀ ਮੈਂ ਸੱਚਮੁਚ ਏਡਾ ‘ਵੱਡਾ’ ਸਾਂ!
ਪਰ ਏਨੀ ਜ਼ਮਾਨਤ ਦਾ ਪ੍ਰਬੰਧ ਇਕਦਮ ਤਾਂ ਹੋ ਨਹੀਂ ਸੀ ਸਕਦਾ।
ਮੈਨੂੰ ‘ਨਿਆਇਕ-ਹਿਰਾਸਤ’ ਅਧੀਨ ਸਬ-ਜੇਲ੍ਹ ਪੱਟੀ ਵਿੱਚ ਭੇਜ ਦਿੱਤਾ ਗਿਆ। ਅਜਾਇਬ ਸਿੰਘ ਨੇ
ਆਪਣੀ ਕੋਸ਼ਿਸ਼ ਜਾਰੀ ਰੱਖੀ। ਜਾਣ-ਪਛਾਣ ਹੋਣ ਕਰਕੇ ਅਜਾਇਬ ਸਿੰਘ ਐਸ ਡੀ ਐੱਮ ਨੂੰ ਨਿੱਜੀ ਤੌਰ
‘ਤੇ ਵੀ ਮਿਲਿਆ ਤੇ ਮੇਰੇ ‘ਬੇਗੁਨਾਹ’ ਹੋਣ ਬਾਰੇ ਆਖਿਆ। ਐੱਸ ਡੀ ਐੱਮ ਨੇ ਦੱਸਿਆ ਕਿ ਮੈਨੂੰ
‘ਉੱਤੋਂ’ ਆਈਆਂ ਸਰਕਾਰੀ ਹਦਾਇਤਾਂ ਕਰਕੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਸ ਡੀ ਐੱਮ ਨੇ ਉਸਨੂੰ ‘ਭੇਤ ਦੀ ਗੱਲ’ ਦੱਸੀ, ‘ਕੇਸ ਕਾਬਲੇ-ਜ਼ਮਾਨਤ ਹੋਣ ਕਰਕੇ ਜ਼ਮਾਨਤ ਦੇਣ
ਤੋਂ ਇਨਕਾਰ ਤਾਂ ਨਹੀਂ ਸੀ ਕੀਤਾ ਜਾ ਸਕਦਾ, ਪਰ ਏਨੀ ਵੱਡੀ ਜ਼ਮਾਨਤ ਮੰਗਣ ਦਾ ਮਤਲਬ ਇਹੋ ਸੀ
ਕਿ ਜ਼ਮਾਨਤ ਹੋ ਹੀ ਨਾ ਸਕੇ। ਅਜਿਹੀ ਜ਼ਮਾਨਤ ਦੇਣ ਲੱਗਿਆਂ ਕੋਈ ਦੂਜਾ ਬੰਦਾ ਸੌ ਵਾਰ
ਸੋਚੇਗਾ!’
ਇਹਨਾਂ ਦਿਨਾਂ ਵਿੱਚ ਮੇਰੇ ਵਰਗੇ ‘ਸਰਕਾਰ ਵਿਰੋਧੀ’ ਬੰਦੇ ਦੀ ਜ਼ਮਾਨਤ ਦੇ ਕੇ ਉਂਜ ਵੀ ਕੀ
ਕਿਸੇ ਨੇ ਆਪ ਅੰਦਰ ਹੋਣਾ ਸੀ!
ਅਜਾਇਬ ਸਿੰਘ ਲਈ ਬਹੁਤ ਹੀ ਸਾਊ ਅਤੇ ਸਿਆਣਾ ਜਾਪਣ ਵਾਲਾ ‘ਮੈਂ’ ਸਰਕਾਰ ਲਈ ਏਨਾ ਹੀ ਖ਼ਤਰਨਾਕ
ਸਾਂ! ਐਸ ਡੀ ਐਮ ਨੇ ਇਸ ਦਾ ਜਵਾਬ ‘ਹਾਂ’ ਵਿੱਚ ਦਿੰਦਿਆਂ ਮੈਨੂੰ ਸਰਕਾਰੀ ਕਾਗਜ਼ਾਂ ਵਿੱਚ
ਵੱਡਾ ‘ਨਕਸਲੀ’ ਹੋਣਾ ਦੱਸਿਆ। “ਤੁਸੀਂ ਆਪਣੇ ਓਂ। ਆਹ ਵੇਖ ਲੌ ਉਹਦੇ ਕੇਸ ਨਾਲ ਨੱਥੀ
ਉਹਦੀਆਂ ਸਰਕਾਰ-ਵਿਰੋਧੀ ਲਿਖਤਾਂ! ਆਹ ਵੇਖੋ ਉਹਦੀ ਕਹਾਣੀ ‘ਅੱਖਾਂ ਵਿੱਚ ਮਰ ਗਈ ਖੁਸ਼ੀ’ ;
ਆਹ ਟਿੱਪਣੀ ਵੇਖੋ! ਇਸ ਵਿੱਚ ਕਾਂਗਰਸ ਦੇ ਤਿਰੰਗੇ ਝੰਡੇ ਨੂੰ ਪਾੜ ਕੇ ਉਸਦਾ ਬਸਤਾ ਬਨਾਉਣ
ਲਈ ਲਿਖਿਆ ਗਿਆ ਹੈ!”
ਉਸਨੇ ਮੇਰੀਆਂ ਕਹਾਣੀਆਂ ‘ਲੋਹੇ ਦੇ ਹੱਥ’ ਅਤੇ ‘ਜੇਬ-ਕਤਰੇ’ ਦਾ ਨਾਂ ਵੀ ਲਿਆ ਤੇ ਕੁੱਝ
‘ਖ਼ਤਰਨਾਕ ਸਰਕਾਰ ਵਿਰੋਧੀ ਕਵਿਤਾਵਾਂ’ ਦਾ ਜ਼ਿਕਰ ਵੀ ਕੀਤਾ।
ਅਜਾਇਬ ਸਿੰਘ ਨੇ ਮੈਨੂੰ ਦੱਸਿਆ ਤਾਂ ਮੈਂ ਹੈਰਾਨ ਵੀ ਹੋਇਆ ਅਤੇ ਖ਼ੁਸ਼ ਵੀ।
ਹੱਛਾ ਜੀ! ਸਰਕਾਰ ਦੀ ਸੀ ਆਈ ਡੀ ਸਾਡੀਆਂ ਲਿਖਤਾਂ ਵੀ ਪੜ੍ਹਦੀ ਹੈ ਅਤੇ ਸਾਨੂੰ ‘ਏਡੇ ਵੱਡੇ’
ਬੰਦੇ ਸਮਝਦੀ ਹੈ! ਇਸ ‘ਵਡੱਤਣ’ ਦਾ ਕੁੱਝ ਤਾਂ ‘ਮੁਲ ਤਾਰਨਾ’ ਬਣਦਾ ਹੀ ਸੀ!
ਅਜਾਇਬ ਸਿੰਘ ਵੱਲੋਂ ਹੀ ਪਰਬੰਧ ਕੀਤੇ ਜਾਣ ‘ਤੇ ਤਿੰਨ ਕੁ ਹਫ਼ਤਿਆਂ ਬਾਅਦ ਮੈਨੂੰ ਜ਼ਮਾਨਤ ਲੈ
ਕੇ ਛੱਡਿਆ ਗਿਆ।
ਰਿਹਾਅ ਹੋਣ ਤੋਂ ਬਾਅਦ ਉਹੋ ਗੱਲ ਹੋਈ ਜਿਸਦਾ ਮੈਨੂੰ ਪਹਿਲਾਂ ਹੀ ਅੰਦੇਸ਼ਾ ਸੀ। ਰਿਹਾਈ ਤੋਂ
ਬਾਅਦ ਇਸੇ ਮੁਕੱਦਮੇ ਦੀ ਤਰੀਕ ਭੁਗਤਣ ਗਏ ਨੂੰ ਹੀ ਮੈਨੂੰ ਪੱਟੀ ਕਚਹਿਰੀਆਂ ਵਿਚੋਂ ਮੁੜ
ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਾਰੀ ਪੁਲਿਸ ਬਿਆਸ ਥਾਣੇ ਦੀ ਸੀ। ਕਚਹਿਰੀਆਂ ਪਿੱਛੇ ਸਫ਼ੈਦਿਆਂ
ਦੇ ਓਹਲੇ ਵਿੱਚ ਖਲੋਤੇ ਟਰੱਕ ਵਿੱਚ ਬਿਠਾ ਕੇ ਪੁਲਿਸ ਵਾਲੇ ਮੈਨੂੰ ਬਿਆਸ ਲੈ ਗਏ। ਮੇਰੇ ‘ਤੇ
‘ਡੀ ਆਈ ਆਰ’ ਲਾ ਕੇ ਪਹਿਲਾਂ ਇੰਟੈਰੋਗੇਸ਼ਨ ਸੈਂਟਰ ਅਤੇ ਫਿਰ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ
ਦਿੱਤਾ। ਦਸ ਪੰਦਰਾਂ ਦਿਨ ਤਾਂ ਮੇਰੇ ਘਰਦਿਆਂ ਨੂੰ ਮੇਰੀ ਕੋਈ ਉੱਘ-ਸੁੱਘ ਹੀ ਨਾ ਮਿਲੀ।
ਮੇਰੇ ਮਰੇ ਜਾਂ ਜਿਊਂਦੇ ਦੀ ਕੋਈ ਵੀ ਖ਼ਬਰ ਨਾ ਮਿਲਣ ‘ਤੇ ਰਜਵੰਤ ਬਹੁਤ ਦੁਖੀ ਤੇ ਘਬਰਾਈ ਹੋਈ
ਸੀ। ਜਦੋਂ ਜੇਲ੍ਹ ਵਿੱਚ ਜਾ ਕੇ ਮੈਂ ਉਸਨੂੰ ਚਿੱਠੀ ਲਿਖੀ ਤਾਂ ਉਹ ਉੱਡਦੀ ਹੋਈ ਮੇਰੀ
ਮੁਲਾਕਾਤ ਨੂੰ ਪਹੁੰਚੀ। ਮੈਨੂੰ ਜਿਊਂਦਾ ਵੇਖ ਕੇ ਉਸਨੂੰ ਇੱਕ ਵਾਰ ਤਾਂ ਸਾਰੇ ਗ਼ਮ ਭੁੱਲ ਗਏ
ਜਾਪੇ।
ਇਹ ਤਾਂ ਹੁਣ ਨਿਸਚਿਤ ਸੀ ਕਿ ਮੈਂ ਓਨਾ ਚਿਰ ਬਾਹਰ ਨਹੀਂ ਸਾਂ ਜਾ ਸਕਦਾ ਜਿੰਨਾਂ ਚਿਰ ਮੇਰੇ
ਮੁਕੱਦਮੇ ਦਾ ਫ਼ੈਸਲਾ ਨਹੀਂ ਹੁੰਦਾ ਜਾਂ ਸਰਕਾਰ ਆਪ ਹੀ ਕੇਸ ਵਾਪਸ ਲੈਣ ਅਤੇ ਮੈਨੂੰ ਛੱਡਣ ਦਾ
ਫ਼ੈਸਲਾ ਨਹੀਂ ਕਰਦੀ। ਸਰਕਾਰ ਵੱਲੋਂ ਅਜਿਹਾ ਫ਼ੈਸਲਾ ਛੇਤੀ ਲਏ ਜਾਣ ਦੀ ਕਿਸੇ ਨੂੰ ਕੋਈ ਆਸ
ਨਹੀਂ ਸੀ। ਮੈਂ ਰਜਵੰਤ ਨੂੰ ਤਕੜੀ ਹੋ ਕੇ ਇਸ ਹੋਣੀ ਦਾ ਮੁਕਾਬਲਾ ਕਰਨ ਲਈ ਕਿਹਾ ਅਤੇ ਆਪ ਵੀ
ਅਗਲੇ ਦਿਨ ਜੇਲ੍ਹ ਵਿੱਚ ਕੱਟਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋ ਗਿਆ।
ਜਿਨ੍ਹਾਂ ਨੇ ਜੇਲ੍ਹ ਦੀ ਰੋਟੀ ਦੇ ਕਦੀ ‘ਦਰਸ਼ਨ’ ਕੀਤੇ ਹਨ ਉਹ ਜਾਣਦੇ ਹਨ ਕਿ ਵੱਧ ਤੋਂ ਵੱਧ
ਭੈੜੇ ਆਟੇ ਦੀ ਤੇ ਹਾਥੀ ਦੇ ਕੰਨ ਵਰਗੀ ਕੱਚੀ ਜਾਂ ਸੜੀ ਰੋਟੀ ਨੂੰ ਵੇਖਣਾ ਹੀ ਕਿੰਨਾਂ ਔਖਾ
ਹੈ; ਖਾਣਾ ਤਾਂ ਕਿਤੇ ਰਿਹਾ! ਸਬਜ਼ੀ ਦਾ ਤਾਂ ਬਹੁਤੀ ਵਾਰ ਤੁਸੀਂ ਅਨੁਮਾਨ ਹੀ ਨਹੀਂ ਲਾ ਸਕਦੇ
ਕਿ ਕਾਹਦੀ ਬਣੀ ਹੈ! ਦਾਲ ‘ਤੇ ਸਬਜ਼ੀ ਉੱਤੇ ਤਰਦੇ ਕੀੜਿਆਂ ਦੀ ਜੀ ਕੱਚਾ ਕਰ ਦੇਣ ਵਾਲੀ ਝਾਕੀ
ਸਵੇਰੇ ਸ਼ਾਮ ਤੁਹਾਡੀਆਂ ਅੱਖਾਂ ਸਾਹਮਣੇ ਹੁੰਦੀ ਹੈ। ਤੁਹਾਨੂੰ ਦਾਲ-ਸਬਜ਼ੀ ਨੂੰ ਇਸ ਵਿਚਲੇ
‘ਮਹਾਂ-ਪ੍ਰਸ਼ਾਦ’ ਸਮੇਤ ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਖਾਣਾ ਹੀ ਪੈਂਦਾ ਹੈ! ਅਜਿਹੀ
ਰੋਟੀ ਤੋਂ ‘ਨੱਕ-ਮੂੰਹ’ ਵੱਟਦਿਆਂ ਵੇਖ ਕੇ ਜੇਲ੍ਹ ਵਿਚਲੇ ਮੇਰੇ ਸਾਥੀਆਂ ਨੇ ਕਿਹਾ ਕਿ ਏਥੇ
ਘਰ ਦੇ ਪੱਕੇ ਪਰੌਂਠੇ ਤਾਂ ਮਿਲਣੋ ਰਹੇ। ਜਾਂ ਤਾਂ ਮੈਂ ‘ਚੁੱਪ-ਚਾਪ’ ਮਿਲਦੀ ਰੋਟੀ ਖਾ ਲਿਆ
ਕਰਾਂ ਤੇ ਜਾਂ ‘ਬੀ’ ਕਲਾਸ’ ਲਈ ਅਪਲਾਈ ਕਰ ਦਿਆਂ। ਗਰੈਜੂਏਟ ਹੋਣ ਕਰਕੇ ਮੈਂ ਬੀ ਕਲਾਸ ਦਾ
ਹੱਕਦਾਰ ਸਾਂ। ਅਜੇ ਪਿਛਲੇ ਸਾਲ ਹੀ ਮੈਂ ਐਮ ਏ ਪੰਜਾਬੀ ਦੇ ਪਹਿਲੇ ਭਾਗ ਵਿਚੋਂ ਯੂਨੀਵਰਸਿਟੀ
ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਮੈਨੂੰ ਇਹ ਸਲਾਹ ਠੀਕ ਲੱਗੀ। ਆਪਣਾ ਬਣਦਾ ਹੱਕ ਕਿਉਂ ਛੱਡਿਆ ਜਾਵੇ! ਇਸ ਵਾਰ ਜਦੋਂ ਮੈਨੂੰ
ਪੁਲਿਸ ਵਾਲੇ ਤਰੀਕ ਭੁਗਤਾਉਣ ਲਈ ਲੈ ਕੇ ਗਏ ਤਾਂ ਮੈਂ ਅੰਮ੍ਰਿਤਸਰ ਕਚਹਿਰੀਆਂ ਵਿੱਚ ਵਕਾਲਤ
ਕਰਦੇ ਆਪਣੇ ਸ਼ਾਇਰ ਦੋਸਤ ਅਜਾਇਬ ਸਿੰਘ ਹੁੰਦਲ ਨੂੰ ਮਿਲਣ ਲਈ ਸੁਨੇਹਾ ਭਿਜਵਾਇਆ। ਅਜਾਇਬ
ਸਿੰਘ ਹੁੰਦਲ ਮੈਨੂੰ ਬਖ਼ਸ਼ੀਖ਼ਾਨੇ ਆ ਕੇ ਮਿਲਿਆ ਤੇ ਮੇਰੇ ਆਖਣ ‘ਤੇ ਮੇਰੇ ਵਕੀਲ ਵਜੋਂ
ਮੈਜਿਸਟਰੇਟ ਅੱਗੇ ਪੇਸ਼ ਹੋ ਕੇ ਮੇਰੀ ਬੀ ਕਲਾਸ ਲਵਾਉਣ ਲਈ ਸਮੇਂ ਸਿਰ ਅਦਾਲਤ ਵਿੱਚ ਹਾਜ਼ਰ ਹੋ
ਜਾਣ ਦੀ ਹਾਮੀ ਭਰੀ। ਉਸਨੇ ਪੁਲਿਸ ਵਾਲਿਆਂ ਕੋਲੋਂ ਮੇਰੇ ਪੇਸ਼ ਕੀਤੇ ਜਾਣ ਦਾ ਸਮਾਂ ਵੀ ਪਤਾ
ਕਰ ਲਿਆ। ਉਸਦੇ ਜਾਣ ਦੀ ਦੇਰ ਸੀ ਕਿ ਪੁਲਿਸ ਮੈਨੂੰ ਅਦਾਲਤ ਵਿੱਚ ਪੇਸ਼ ਕਰ ਕੇ ਅਗਲੀ ਤਰੀਕ
ਵੀ ਲੈ ਆਈ। ਹੁੰਦਲ ਮੈਨੂੰ ਓਥੇ ਬਾਅਦ ਦੁਪਹਿਰ ਲੱਭਦਾ ਫਿਰੇ। ਉਸਤੋਂ ਅਗਲੀ ਤਰੀਕ ‘ਤੇ
ਹੁੰਦਲ ਨੇ ਮੇਰੇ ਦੋਸਤ ਜਸਵੰਤ ਨੂੰ ਕਿਹਾ ਕਿ ਜਿਸ ਵੇਲੇ ਪੁਲਿਸ ਵਾਲੇ ਮੈਨੂੰ ਬਖ਼ਸ਼ੀਖਾਨੇ
ਵਿਚੋਂ ਕੱਢਕੇ ਅਦਾਲਤ ਵੱਲ ਲੈ ਕੇ ਤੁਰਨ ਤਾਂ ਉਹ ਓਸੇ ਵੇਲੇ ‘ਛੂਟ’ ਵੱਟ ਕੇ ਦੌੜਦਾ ਹੋਇਆ
ਉਸਨੂੰ ਸੂਚਿਤ ਕਰ ਦੇਵੇ।
ਇਸ ਵਾਰ ਇੰਜ ਹੀ ਹੋਇਆ। ਅਦਾਲਤ ਵਿੱਚ ਪੇਸ਼ ਹੋਣ ਵੇਲੇ ਜਸਵੰਤ ਦੌੜ ਕੇ ਅਜਾਇਬ ਹੁੰਦਲ ਨੂੰ
ਲੈ ਆਇਆ। ਹੁੰਦਲ ਵੀ ਅੱਜ ‘ਪੂਰੀ ਤਿਆਰੀ’ ਨਾਲ ਆਇਆ ਸੀ। ਅਸਲ ਵਿੱਚ ਉਸਨੇ ਮੇਰੇ ਨਾਲ ਕੀਤੇ
ਜਾਂਦੇ ਸਲੂਕ ਤੋਂ ਅਨੁਮਾਨ ਲਾ ਲਿਆ ਸੀ ਕਿ ਮੇਰੀ ‘ਬੀ ਕਲਾਸ’ ਮਨਜ਼ੂਰ ਕਰਵਾਉਣ ਲਈ ਵੀ ਲੋੜੋਂ
ਵੱਧ ਜ਼ੋਰ ਲਾਉਣਾ ਪੈ ਸਕਦਾ ਹੈ। ਇਸੇ ਲਈ ਉਹ ਇੱਕ ਹੋਰ ਸੀਨੀਅਰ ਵਕੀਲ ਨੂੰ ਵੀ ਨਾਲ ਲੈ ਕੇ
ਆਇਆ ਸੀ।
ਜਿਸ ਵੇਲੇ ਮੈਜਿਸਟਰੇਟ ਅੱਗੇ ਮੈਨੂੰ ਬੀ ਕਲਾਸ ਦੇਣ ਦੀ ਦਰਖ਼ਾਸਤ ਪੇਸ਼ ਕੀਤੀ ਤਾਂ ਉਸਨੇ ਆਪਣਾ
ਭਾਰਾ ਸਿਰ ‘ਨਾਂਹ’ ਵਿੱਚ ਦੋ ਤਿੰਨ ਵਾਰ ਹਿਲਾਇਆ। ਸੀਨੀਅਰ ਵਕੀਲ ਨੇ, ਜੋ ਮੈਜਿਸਟਰੇਟ ਦਾ
ਚੰਗਾ ਜਾਣੂ ਲੱਗਦਾ ਸੀ, ਅਪਣੱਤ ਭਾਵ ਨਾਲ ਪੁੱਛਿਆ, “ਸਰ! ਬੀ ਕਲਾਸ ਲੈਣਾ ਤਾਂ ਇਸਦਾ
ਕਾਨੂੰਨੀ ਹੱਕ ਬਣਦਾ ਹੈ। ਹਜ਼ੂਰ ਨੂੰ ਇਸ ਵਿੱਚ ਕੀ ਇਤਰਾਜ਼ ਹੈ!”
ਮੈਜਿਸਟਰੇਟ ਮੇਰੇ ਕੇਸ ਨਾਲ ਸੰਬੰਧਤ ਕਾਗ਼ਜ਼-ਪੱਤਰ ਏਧਰ ਓਧਰ ਪਰਤ ਕੇ ਵੇਖ ਰਿਹਾ ਸੀ। ਉਸਦੀਆਂ
ਐਨਕਾਂ ਉਤਲੇ ਚੌੜੇ ਮੱਥੇ ਉੱਤੇ ਤਿਊੜੀ ਕੱਸੀ ਹੋਈ ਸੀ, “ਡੀ ਆਈ ਆਰ ਦਾ ਕੇਸ ਹੈ ਇਸਦੇ
ਖ਼ਿਲਾਫ਼!”
ਉਸਨੇ ਮੇਰੀਆਂ ‘ਖ਼ਤਰਨਾਕ ਗਤੀਵਿਧੀਆਂ’ ਵੱਲ ਸੰਕੇਤ ਵੀ ਕੀਤਾ ਤਾਂ ਸੀਨੀਅਰ ਵਕੀਲ ਹੱਸ ਕੇ
ਕਹਿੰਦਾ, “ਹਜ਼ੂਰ! ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਕਿ ਇਸਦਾ ਜ਼ਾਹਿਰਾ ਕਸੂਰ ਤਾਂ ਕੋਈ ਹੈ
ਨਹੀਂ। ਕੇਸ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪੁਲਿਸ ਕਿਵੇਂ ਬਣਾ ਲੈਂਦੀ ਹੈ!”
“ਉਂਜ ਵੀ ਸਰ! ਇਹ ਵਿਚਾਰੇ ਸ਼ਾਇਰ ਤੇ ਅਦੀਬ ਲੋਕ ਨੇ! ਇਹਨਾਂ ਤੋਂ ਸਰਕਾਰ ਨੂੰ ਕਾਹਦਾ
ਖ਼ਤਰਾ!” ਕੋਲੋਂ ਅਜਾਇਬ ਹੁੰਦਲ ਨੇ ਹਾਮੀ ਭਰੀ।
“ਯੇਹ ਸ਼ਾਇਰ ਸਾਹਿਬ ਇੰਦਰਾ ਗਾਂਧੀ ਕੇ ਖ਼ਿਲਾਫ਼ ਕਵਿਤਾਏਂ ਲਿਖਤੇ ਹੈਂ। ਆਪ ਕਹਿਤੇ ਹੈਂ ਇਨਸੇ
ਖ਼ਤਰਾ ਕੋਈ ਨਹੀਂ!”
ਅਸਲੀ ਗੱਲ ਸਹਿਵਨ ਹੀ ਬਾਹਰ ਆ ਗਈ ਸੀ। ਮੇਰੇ ਖ਼ਿਲਾਫ਼ ‘ਮੇਰੀਆਂ ਲਿਖਤਾਂ’ ਤੋਂ ਸਿਵਾਇ ਹੋਰ
‘ਵੱਡਾ ਦੋਸ਼’ ਕੋਈ ਨਹੀਂ ਸੀ। ਲੱਗੇ ਹੋਏ ਦੂਜੇ ਦੋਸ਼ ਤਾਂ ਮੇਰੀਆਂ ਲਿਖਤਾਂ ਦੀ ਹੀ ਪੈਦਾਵਾਰ
ਸਨ। ਸ਼ਾਇਦ ਸੀਨੀਅਰ ਵਕੀਲ ਤੇ ਮਜਿਸਟਰੇਟ ਦੀ ਆਪਸੀ ਸਾਂਝ ਦਾ ਤਕਾਜ਼ਾ ਸੀ ਜਾਂ ਉਹ ਉਂਜ ਹੀ
ਮੈਨੂੰ ਸੈਕਿੰਡ ਕਲਾਸ ਦੇਣ ਤੋਂ ਨਾਂਹ ਨਾ ਕਰ ਸਕਦਾ ਹੋਵੇ; ਉਸਨੇ ਮੇਰੀ ਸੈਕਿੰਡ ਕਲਾਸ
ਮਨਜ਼ੂਰ ਕਰ ਦਿੱਤੀ। ਅਜਾਇਬ ਹੁੰਦਲ ਨੇ ਮੈਨੂੰ ਵਧਾਈ ਦਿੱਤੀ।
ਏਸੇ ਵੇਲੇ ਚਮਤਕਾਰ ਵਾਪਰਿਆ। ਪੁਲਿਸ ਵੱਲੋਂ ਇੱਕ ਦਰਖ਼ਾਸਤ ਪੇਸ਼ ਕੀਤੀ ਗਈ। ਉਸ ‘ਤੇ ਨਜ਼ਰ ਮਾਰ
ਕੇ ਮਜਿਸਟਰੇਟ ਨੇ ਐਨਕਾਂ ਵਿਚੋਂ ਝਾਕ ਕੇ ਪੁੱਛਿਆ, “ਵਰਿਆਮ ਸਿੰਘ ਕੌਣ ਹੈ?”
ਮੈਂ ਅੱਗੇ ਹੋਇਆ। ਉਸਨੇ ਮੈਨੂੰ ਬਰੀ ਕਰਨ ਦਾ ਹੁਕਮ ਸੁਣਾਇਆ।
ਹੁਣੇ ਹੀ ਉਹ ਮੈਨੂੰ ਬੀ ਕਲਾਸ ਦੇਣ ਤੋਂ ਆਨਾ-ਕਾਨੀ ਕਰ ਰਿਹਾ ਸੀ ਅਤੇ ਹੁਣੇ ਰਿਹਾਈ ਦੇ
ਹੁਕਮ!
ਪੁਲਿਸ ਨੇ ਕਿਹਾ ਸੀ ਕਿ ਸੰਬੰਧਤ ਕੇਸ ਵਿੱਚ ਉਹਨਾਂ ਨੂੰ ‘ਵਰਿਆਮ ਸਿੰਘ’ ਦੀ ਲੋੜ ਨਹੀਂ ਸੀ।
‘ਇੰਟੈਰੋਗੇਸ਼ਨ ਸੈਂਟਰ’ ਵਿੱਚ ਵੀ ਉਹਨਾਂ ਨੂੰ ਮੇਰੇ ਖ਼ਿਲਾਫ਼ ਕੁੱਝ ਨਹੀਂ ਸੀ ਲੱਭਾ, ਸਿਵਾਇ
ਇਸਦੇ ਕਿ ਮੈਂ ‘ਅਗਾਂਹਵਧੂ ਵਿਚਾਰਾਂ’ ਦਾ ਬੰਦਾ ਹਾਂ! ਮੈਂ ਲੇਖਕਾਂ ਦੀਆਂ ਕਾਨਫ਼ਰੰਸਾਂ,
ਸੈਮੀਨਾਰਾਂ ਤੇ ਕਵੀ ਦਰਬਾਰਾਂ ਵਿੱਚ ਹਾਜ਼ਰ ਹੁੰਦਾ ਸਾਂ; ਲੇਖਕਾਂ ਦੀ ਇਨਕਲਾਬੀ ਵਿਚਾਰਾਂ
ਵਾਲੀ ਜਥੇਬੰਦੀ ਨਾਲ ਜੁੜਿਆ ਹੋਇਆ ਸਾਂ; ਅਧਿਆਪਕ ਯੂਨੀਅਨ ਵਿੱਚ ਕੰਮ ਕਰਦਾ ਸਾਂ; ਹੋਰਨਾਂ
ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਉਹਨਾਂ ਦਾ ਸਾਥੀ ਸਾਂ, ‘ਨੌਜਵਾਨ ਭਾਰਤ ਸਭਾ’ ਨਾਲ
ਜੁੜਿਆ ਹੋਇਆ ਸਾਂ ਤੇ ਸਭਾ ਦੀ ਜ਼ਿਲ੍ਹਾ ਕਾਨਫ਼ਰੰਸ ਦੀ ਪ੍ਰਧਾਨਗੀ ਕਰ ਚੁੱਕਾ ਸਾਂ। ਆਪਣੇ
‘ਅਗਾਂਹਵਧੂ’ ਹੋਣ ਤੋਂ ਨਾ ਮੈਂ ਮੁਕਰਦਾ ਸਾਂ ਤੇ ਨਾ ਹੀ ਅਜਿਹੀਆਂ ਲੋਕ-ਹਿਤੈਸ਼ੀ ਸਰਗਰਮੀਆਂ
ਤੋਂ ਇਨਕਾਰੀ ਸਾਂ। ਪਰ ਇਹਨਾਂ ਸਰਗਰਮੀਆਂ ਦੇ ਆਧਾਰ ‘ਤੇ ਤਾਂ ਮੇਰੇ ਖ਼ਿਲਾਫ਼ ਫੌਜਦਾਰੀ ਕੇਸ
ਨਹੀਂ ਸੀ ਚਲਾਇਆ ਜਾ ਸਕਦਾ।
ਅਸਲ ਵਿੱਚ ਬਿਆਸ ਥਾਣੇ ਦੀ ਪੁਲਿਸ ਮੇਰਾ ਕੇਸ ਤਿਆਰ ਕਰਦਿਆਂ ਕੋਤਾਹੀ ਕਰ ਗਈ ਸੀ। ਪੁਲਿਸ ਨੇ
ਮੈਨੂੰ ਉਸ ਤਰੀਕ ਨੂੰ ਸਰਕਾਰ ਵਿਰੁੱਧ ‘ਖ਼ਤਰਨਾਕ ਛੜਯੰਤਰ’ ਰਚਦਿਆਂ ਵਿਖਾ ਦਿੱਤਾ ਸੀ ਜਿਸ
ਤਰੀਕ ਨੂੰ ਮੈਂ ਪਹਿਲਾਂ ਹੀ ਸਬ-ਜੇਲ੍ਹ ਪੱਟੀ ਵਿੱਚ ਅੰਦਰ ਸਾਂ। ਤਿੰਨ ਮਹੀਨੇ ਬੀਤ ਜਾਣ
ਬਾਅਦ ਅੱਜ ਇਸ ਕੇਸ ਦਾ ਚਲਾਣ ਪੇਸ਼ ਕੀਤਾ ਜਾਣਾ ਸੀ। ਆਖ਼ਰਕਾਰ ਇਸ ਨੁਕਤੇ ਨੁੰ ਧਿਆਨ ਵਿੱਚ
ਰੱਖਦਿਆਂ ਕਿ ਇੱਕ ਆਦਮੀ ਜੇਲ੍ਹ ਵਿੱਚ ਵੀ ਹੋਵੇ ਤੇ ਓਸੇ ਦਿਨ ਬਾਹਰ ਕਿਸੇ ‘ਗੁਪਤ ਥਾਂ’ ‘ਤੇ
ਦੇਸ਼ ਵਿਰੁੱਧ ਸਾਜਿਸ਼ ਕਰਨ ਲਈ ਕਿਸੇ ਗਰੁੱਪ ਨੂੰ ਉਕਸਾ ਵੀ ਰਿਹਾ ਹੋਵੇ, ਕਾਨੂੰਨੀ ਨੁਕਤੇ
ਤੋਂ ਮੰਨਣ-ਯੋਗ ਗੱਲ ਨਹੀਂ; ਪੁਲਿਸ ਨੇ ਮੇਰੇ ਤੋਂ ਕੇਸ ਵਾਪਸ ਲੈ ਲਿਆ ਸੀ।
ਜੇਲ੍ਹ ਵਿਚੋਂ ਰਿਹਾ ਹੋ ਕੇ ਮੈਂ ਪਤਨੀ ਨਾਲ ਸਲਾਹ ਕੀਤੀ ਕਿ ਪੁਲਿਸ ਨੇ ਮੈਨੂੰ ਫਿਰ ਤੋਂ
ਗ੍ਰਿਫ਼ਤਾਰ ਕਰ ਲੈਣਾ ਹੈ। ਜੇਲ੍ਹ ਵਿੱਚ ਸੜਨ ਨਾਲੋਂ ਅਸੀਂ ਇਹ ਤਰਕੀਬ ਬਣਾਈ ਕਿ ਮੈਂ ਬਿਨਾਂ
ਕਿਸੇ ਨੂੰ ਦੱਸਿਆਂ, ਚੁੱਪ ਕਰਕੇ ਚੰਡੀਗੜ੍ਹ ਐਮ ਫ਼ਿਲ ਵਿੱਚ ਦਾਖ਼ਲਾ ਲੈ ਲਵਾਂ ਅਤੇ ਰਜਵੰਤ
ਬੱਚੀ ਨੂੰ ਲੈ ਕੇ ਆਪਣੇ ਪੇਕਿਆਂ ਦੇ ਘਰ ਰਹਿਣ ਲੱਗ ਪਵੇ
1976 ਵਿੱਚ ਅਜੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਪਹਿਲੇ ਸਾਲ ਹੀ ਪੰਜਾਬੀ ਦੀ ਐੱਮ ਫ਼ਿਲ
ਸ਼ੁਰੂ ਹੋਈ ਸੀ। ਮੈਂ ਐੱਮ ਫ਼ਿਲ ਵਿੱਚ ਦਾਖ਼ਲਾ ਲੈ ਲਿਆ ਤੇ ਹੋਸਟਲ ਵਿੱਚ ਰਹਿਣ ਲੱਗਾ। ਹਰਭਜਨ
ਹਲਵਾਰਵੀ ਲੰਮਾ ਸਮਾਂ ਅੰਡਰਗਰਾਊਂਡ ਰਹਿਣ ਉਪਰੰਤ ਅਦਾਲਤ ਵਿੱਚ ਪੇਸ਼ ਹੋ ਗਿਆ ਸੀ ਤੇ ਕੁੱਝ
ਸਮਾਂ ਸਜ਼ਾ ਕੱਟ ਕੇ ਰਿਹਾਅ ਹੋਣ ਪਿੱਛੋਂ ਆਉਣ ਵਾਲੇ ਸਾਲਾਂ ਵਿੱਚ ਆਪਣੀ ਜ਼ਿੰਦਗੀ ਦੀ ਗੱਡੀ
ਨੂੰ ਲੀਹ ‘ਤੇ ਪਾਉਣ ਲਈ, ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐਮ ਏ ਦੇ ਦੂਜੇ ਸਾਲ ਵਿੱਚ
ਆਣ ਦਾਖ਼ਲ ਹੋਇਆ ਸੀ। ਕਵੀ ਗੁਰਦੀਪ ਗਰੇਵਾਲ ਵੀ ਉਸ ਨਾਲ ਹੀ ਐੱਮ ਏ ਕਰ ਰਿਹਾ ਸੀ। ਇਹਨੀ
ਦਿਨੀ ਹੀ ਚਮਨ ਲਾਲ ਜੋ ਉਦੋਂ ‘ਪ੍ਰਭਾਕਰ’ ਹੁੰਦਾ ਸੀ ਅਤੇ ਅੱਜਕੱਲ੍ਹ ਜਵਾਹਰ ਲਾਲ ਨਹਿਰੂ
ਯੂਨੀਵਰਸਿਟੀ ਦਿੱਲੀ ਵਿੱਚ ਹਿੰਦੀ ਵਿਭਾਗ ਦਾ ਮੁਖੀ ਹੈ; ਐਮ ਏ ਹਿੰਦੀ ਵਿੱਚ ਦਾਖ਼ਲ ਹੋ ਗਿਆ।
ਅਮਰਜੀਤ ਕਾਂਗ ਡਾ ਅਤਰ ਸਿੰਘ ਨਾਲ ਪੀ ਐੱਚ ਡੀ ਕਰ ਰਿਹਾ ਸੀ। ਪਿਛਲੇ ਦੋਵੇਂ ਮੇਰੇ ਨਾਲ ਹੀ
ਹੋਸਟਲ ਨੰਬਰ ‘ਛੇ’ ਵਿੱਚ ਰਹਿੰਦੇ ਸਨ ਜਦ ਕਿ ਪਹਿਲੇ ਦੋਵੇਂ ਪੰਦਰਾਂ ਸੈਕਟਰ ਦੀ ਮਾਰਕੀਟ
ਵਿੱਚ ਕਿਰਾਏ ਦੇ ਚੁਬਾਰੇ ਵਿੱਚ ਵਾਸ ਕਰਦੇ ਸਨ। ਡਾ ਸਾਧੂ ਸਿੰਘ ਖੇਤੀਬਾੜੀ ਯੂਨੀਵਰਸਿਟੀ
ਤੋਂ ਛੁੱਟੀ ਲੈ ਕੇ ਮੇਰੇ ਨਾਲ ਹੀ ਐੱਮ ਫ਼ਿਲ ਵਿੱਚ ਆਣ ਦਾਖ਼ਲ ਹੋਇਆ ਸੀ। ਰਘਬੀਰ ਸਿੰਘ
ਸਿਰਜਣਾ ਵੀ ਪੰਦਰਾਂ ਸੈਕਟਰ ਵਿੱਚ ਰਹਿੰਦਾ ਸੀ। ਸਾਡਾ ਓਥੇ ਸਾਂਝੇ ਸਾਹਿਤਕ-ਮਿੱਤਰਾਂ ਦਾ
ਵਾਹਵਾ ਇਕੱਠ ਹੋ ਗਿਆ। ਪਤਨੀ ਤੇ ਧੀ ਨਾਲੋਂ ਵਿਛੋੜੇ ਦਾ ਦੁੱਖ ਤਾਂ ਸੀ ਹੀ ਪਰ ਸਾਹਿਤਕ
ਸਾਥੀਆਂ ਦੇ ਸਾਥ ਵਿੱਚ ਦਿਨ ਸੋਹਣੇ ਲੰਘਣ ਲੱਗੇ ਸਨ।
ਮੈਂ ਆਪਣੇ ਸਹੁਰੇ ਪਿੰਡ ਝਬਾਲ ਦੋ ਤਿੰਨ ਹਫ਼ਤਿਆਂ ਬਾਅਦ ਗੇੜਾ ਮਾਰ ਲੈਂਦਾ ਤੇ ਪਤਨੀ ਤੇ
ਪਰਿਵਾਰ ਦੀ ਸੁੱਖ-ਸਾਂਦ ਪਤਾ ਕਰ ਆਉਂਦਾ। ਵਿਚ-ਵਿਚਾਲੇ ਅਸੀਂ ਚਿੱਠੀ ਪੱਤਰ ਲਿਖ ਕੇ ਇੱਕ
ਦੂਜੇ ਦਾ ਹਾਲ-ਹਵਾਲ ਪਤਾ ਕਰਦੇ ਰਹਿੰਦੇ। ਟੈਲੀਫ਼ੋਨ ਨੇ ਅਜੇ ਪਿੰਡਾਂ ਵਿੱਚ ਚਰਨ ਨਹੀਂ ਸਨ
ਪਾਏ! ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਪੁਲਿਸ ਇੱਕ ਦੋ ਵਾਰ ਫਿਰ ਮੇਰਾ ਪਤਾ ਕਰਨ ਆਈ ਸੀ।
ਇਹ ਵੀ ਖ਼ਦਸ਼ਾ ਸੀ ਕਿ ਪੁਲਿਸ ਮੈਨੂੰ ਚੰਡੀਗੜ੍ਹ ਵਿੱਚ ਵੀ ਆ ਕੇ ਗ੍ਰਿਫ਼ਤਾਰ ਨਾ ਕਰ ਲਵੇ।
ਇਕ ਦਿਨ ਵਿਭਾਗ ਦੇ ਮੁਖੀ ਡਾ ਸੁਰਿੰਦਰ ਸਿੰਘ ਕੋਹਲੀ ਨੇ ਮੈਨੂੰ ਤੇ ਹਲਵਾਰਵੀ ਨੂੰ ਬੁਲਾ ਕੇ
ਕਿਹਾ, “ਅੱਜ ਪੁਲਿਸ ਡੀਪਾਰਟਮੈਂਟ ਵਿੱਚ ਆਈ ਸੀ ਤੇ ਤੁਹਾਡੇ ਦੋਵਾਂ ਦੀਆਂ ਗਤੀਵਿਧੀਆਂ ਬਾਰੇ
ਪੁੱਛ-ਪੜਤਾਲ ਕਰਦੀ ਸੀ। ਮੈਂ ਕਿਹਾ; ‘ਇਹ ਦੋਵੇਂ ਤਾਂ ਨਵੀਆਂ ਸੰਭਾਵਨਾਵਾਂ ਵਾਲੇ ਸਾਡੇ ਬੜੇ
ਹੋਣਹਾਰ ਲੇਖਕ ਨੇ, ਵਿਭਾਗ ਦੇ ਬੜੇ ਚੰਗੇ ਤੇ ਸਿਆਣੇ ਵਿਦਿਆਰਥੀ ਨੇ।’ ਉਹ ਇਹ ਕਹਿ ਕੇ ਚਲੇ
ਗਏ ਕਿ ਜੇ ਕਦੀ ‘ਇਹਨਾਂ’ ਖ਼ਿਲਾਫ਼ ਕੋਈ ਸ਼ਿਕਾਇਤ ਹੋਵੇ ਤਾਂ ਪੁਲਿਸ ਨੂੰ ਤੁਰਤ ਸੂਚਿਤ ਕੀਤਾ
ਜਾਵੇ! ਮੈਂ ਕਿਹਾ; ਅਜਿਹੀ ਸ਼ਿਕਾਇਤ ਦਾ ਮੌਕਾ ਹੀ ਨਹੀਂ ਆਉਣ ਲੱਗਾ।”
ਡਾਕਟਰ ਕੋਹਲੀ ਦੇ ਚਿਹਰੇ ‘ਤੇ ਚੌੜੀ ਮੁਸਕਾਨ ਫੈਲੀ ਹੋਈ ਸੀ, “ਮੈਂ ਕਿਹਾ ਤੁਹਾਨੂੰ ਇਸ
ਬਾਰੇ ਦੱਸ ਛੱਡਾਂ।” ਵਿਭਾਗ ਦੇ ਮਾਰਕਸਵਾਦ ਦਾ ਦਮ ਭਰਨ ਵਾਲੇ ‘ਅਧਿਆਪਕ’ ਤਾਂ ਸਗੋਂ ਸਾਨੂੰ
ਟੇਢ ਦੀ ਨਜ਼ਰ ਨਾਲ ਵੇਖਦੇ ਸਨ ਪਰ ਧਰਮ-ਅਧਿਐਨ ਨਾਲ ਜੁੜੇ ਡਾਕਟਰ ਸੁਰਿੰਦਰ ਸਿੰਘ ਕੋਹਲੀ ਦਾ
ਸਾਡੇ ਬਾਰੇ ਹਮਦਰਦੀ ਵਾਲਾ ਰਵੱਈਆ ਸਾਨੂੰ ਪ੍ਰਸੰਸਾ-ਯੋਗ ਲੱਗਾ।
ਲੇਖਕ ਹੋਣਾ ਜਿੱਥੇ ਜੇਲ੍ਹ-ਯਾਤਰਾਵਾਂ ਦਾ ਕਾਰਨ ਬਣਿਆਂ ਓਥੇ ਲੇਖਕ ਹੋਣਾ ਮੇਰੇ ਵਿਭਾਗ ਵਿੱਚ
ਮਾਣ ਦਾ ਤੇ ਪੁਲਿਸ ਤੋਂ ਬਚਾਅ ਦਾ ਕਾਰਨ ਵੀ ਬਣਿਆਂ। ਫ਼ਰਕ ਸਿਰਫ਼ ਮੇਰੀਆਂ ਲਿਖਤਾਂ ਨੂੰ ਵਾਚਣ
ਤੇ ਪਛਾਨਣ ਵਾਲੀ ਨਜ਼ਰ ਦਾ ਸੀ।
ਐਮ ਫ਼ਿਲ ਕਰਦਿਆਂ ਹੀ ਐਮਰਜੈਂਸੀ ਖ਼ਤਮ ਹੋ ਗਈ ਤੇ ਗ੍ਰਿਫ਼ਤਾਰੀ ਦਾ ਭੈਅ ਜਾਂਦਾ ਰਿਹਾ।
ਅਸੀਂ ਦੋਵੇਂ ਜੀਅ ਆਪਣੇ ਪਿੰਡ ਵਿੱਚ ਜਾ ਕੇ ਰਹਿਣ ਲੱਗੇ। ਇਹਨੀ ਦਿਨੀ ਹੀ ਮੈਨੂੰ ਆਪਣੇ
ਪਿੰਡ ਦੇ ਹਾਈ ਸਕੂਲ ਵਿੱਚ ਸਮਾਜਕ ਸਿੱਖਿਆ ਅਧਿਆਪਕ ਵਜੋਂ ਨਿਯੁਕਤੀ ਮਿਲ ਗਈ। 26 ਦਸੰਬਰ
1978 ਨੂੰ ਮੇਰੇ ਪੁੱਤਰ ਸੁਪਨਦੀਪ ਦਾ ਜਨਮ ਹੋਇਆ।
ਸਾਡੇ ਵਿਆਹ ਤੋਂ ਬਾਅਦ ਸਾਡੇ ਦੋਵਾਂ ਜੀਆਂ ਲਈ ਇਹ ਬੜੇ ਸਕੂਨ ਤੇ ਸੁਖ-ਸ਼ਾਂਤੀ ਦੇ ਦਿਨ ਸਨ।
-0-
|