ਸਮਰਾਲ਼ੇ ਦੀ ਮਿੱਟੀ ਚ
ਕੋਈ ਗੱਲ ਹੈ। ਏਥੇ ਸਾਹਿਤ ਦੇ ਮਹਾਂਰਥੀ ਹੋਏ। ਪਹਿਲਾਂ ਮੰਟੋ ਸੀ। ਫਿਰ ਲਾਲ ਸਿੰਘ ਦਿਲ
ਵੀ ਹੋਇਆ। ਹੋਰ ਵੀ ਕਈ ਨੇ। ਪਰ ਨਾਂ ਇਨ੍ਹਾਂ ਦੋਹਾਂ ਦਾ ਵਧੇਰੇ ਚਮਕਿਆ। ਇਕ ਦਾ ਉਰਦੂ ਦੀ
ਅਫ਼ਸਾਨਾਨਿਗਾਰੀ ਚ ਤੇ ਦੂਜੇ ਦਾ ਪੰਜਾਬੀ ਕਵਿਤਾ ਚ। ਮੰਟੋ ਖਾਂਦੇ-ਪੀਂਦੇ ਘਰ ਦਾ ਸੀ ਤੇ
ਅਪਣੀ ਕਲਾ ਦੇ ਜ਼ੋਰ ਮਸ਼ਹੂਰ ਹੋਇਆ ਤੇ ਦਿਲ ਹਮਾਤੜਾਂ ਦੇ ਘਰ ਜੰਮਿਆ ਸੀ। ਪਹਿਲਾਂ ਸਮੇਂ ਦੇ
ਧੂੜ-ਗ਼ੁਬਾਰ ਚ ਰੁਲ਼ਦਾ ਰਿਹਾ। ਦਿਲ ਨੂੰ ਮੈਂ ਕਾਲਜ ਦੇ ਦਿਨਾਂ ਤੋਂ ਜਾਣਦਾ ਸੀ। ਇਹਦੀਆਂ
ਲਿਖਤਾਂ ਰਾਹੀਂ – ਬੱਸ ਏਨਾ ਕੁ ਹੀ। ਇਹਦੇ ਬਾਰੇ ਹੋਈਆਂ-ਬੀਤੀਆਂ ਕੁਝ ਗੱਲਾਂ ਵੀ ਸੁਣੀਆਂ
ਹੋਈਆਂ ਸੀ। ਇਹ ਵੀ ਮੈਨੂੰ ਅਪਣਾ-ਅਪਣਾ ਲਗਦਾ ਸੀ- ਨਵੇਂ ਸੱਚ ਤੇ ਮੱਚਦੀ ਕਵਿਤਾ ਦਾ
ਲਿਖਾਰੀ। ਉਸ ਸਮੇਂ ਬਾਗ਼ੀ ਉਭਾਰ ਦੀ ਵਾਅ ਵਗਦੀ ਵਗਦੀ ਪੰਜਾਬ ਵਲ ਆ ਗਈ ਸੀ ਤੇ ਉਸ ਵੇਲ਼ੇ
ਐਸੀ ਕਵਿਤਾ ਦਾ ਹੀ ਬੋਲ-ਬਾਲਾ ਸ਼ੁਰੂ ਹੋ ਗਿਆ ਸੀ।
ਵਲੈਤ ਬੈਠੇ ਨੇ, ਮੈਂ ਆਵਦੇ ਸੰਗੀਆਂ ਬੇਲੀਆਂ ਨਾਲ਼ ਸਲਾਹ ਕੀਤੀ ਸੀ ਕਿ ਆਪਾਂ ਕਿਸੇ
ਤਰ੍ਹਾਂ ਦਿਲ ਨੂੰ ਵਲੈਤ ਮੰਗਵਾ ਲੈਨੇ ਆਂ। ਮੈਨੂੰ ਪਤਾ ਸੀ, ਲੋਕਾਂ ਨੇ ਹੱਥਾਂ ’ਤੇ ਚੱਕ
ਲੈਣਾ। ਜੇ ਉਹ ਛੇ ਮਹੀਨੇ ਰਹਿ ਜਾਊ, ਤਾਂ ਇਹਦੇ ਮਨ ਨੂੰ ਬਲ ਵੀ ਮਿਲੂਗਾ। ਨਾਲ਼ੇ ਚਾਰ
ਛਿੱਲੜ ਲੈ ਜਾਊ; ਹੱਥ ਸੌਖਾ ਹੋ ਜਾਊ; ਅੰਦਰੋਂ ਮੇਰੇ ਮਨ ਚ ਹੋਰ ਸਕੀਮ ਸੀ – ਕਿਸੇ ਨੂੰ
ਪੁੱਛ ਪੁਛਾ ਕੇ ਦਿਲ ਦਾ ਵਿਆਹ ਕਰਵਾ ਦੇਣ ਦੀ। ਮੇਰੇ ਮਨ ਦੀ ਇਹ ਆਸ ਸੀ। ਜੇ ਵਿਆਹ ਵਾਲ਼ਾ
ਕੰਮ ਸਿਰੇ ਨਾ ਵੀ ਚੜ੍ਹਦਾ, ਤਾਂ ਵਲੈਤ ਫੇਰੇ ਨਾਲ਼ ਉਹਦੀ ਹਾਲਤ ਜ਼ਰੂਰ ਸੁਧਰ ਜਾਂਦੀ। ਅਪਣੇ
ਮਨ ਦੀ ਗੱਲ ਮੈਂ ਨੇੜੇ ਦੇ ਦੋ ਸੰਗੀਆਂ-ਸਾਥੀਆਂ ਨਾਲ਼ ਸਾਂਝੀ ਕਰ ਲਈ ਸੀ। ਉਹ ਮੇਰੇ ਨਾਲ਼
ਪੂਰੇ ਸਹਿਮਤ ਹੋ ਗਏ ਸੀ ਤੇ ਹਰ ਤਰਾਂ ਦੀ ਮੱਦਦ ਲਈ ਨਾਲ਼ ਸੀ।
ਇਹਦੇ ਚੋਂ ਥੋੜ੍ਹੀ ਜਿਹੀ ਗੱਲ ਮੈਂ ਅਮਰਜੀਤ ਚੰਦਨ ਨਾਲ਼ ਵੀ ਸਾਂਝੀ ਕੀਤੀ ਸੀ। ਇਹਦਾ
ਕਹਿਣਾ ਸੀ: ਏਨੀ ਜੋਗਾ ਹੈ ਨਹੀਂ ਉਹ, ਹੁਣ। ਪੂਰੀ ਤਰਾਂ ਹਿੱਲਿਆ ਹੋਇਆ ਹੈ। ਲਾਲੂ
ਸਿਵਿਆਂ ਚ ਰਹਿੰਦੇ ਕੁੱਤਿਆਂ ਵਾਲ਼ੇ ਸਾਧ ਕੋਲ਼ ਬੈਠਾ ਰਹਿੰਦਾ। ਨਸ਼ਾ-ਪੱਤਾ ਕਰ ਕੇ ਕਬਰਾਂ
ਚ ਜਾ ਕੇ ਪਿਆ ਰਹਿੰਦਾ। ਕੰਮ ਉਹਨੇ ਕਿੱਥੇ ਕਰਨਾ! ਅਮਰਜੀਤ ਨੇ ਸਲਾਹ ਦਿੱਤੀ: ਤੂੰ ਏਸ
ਕੰਮ ਨੂੰ ਰਹਿਣ ਦੇਹ, ਜੇ ਕੁਛ ਕਰਨਾ ਹੈ ਤਾਂ, ਦਿਲ ਦਾ ਕੋਠਾ ਖਸਤਾ ਹੈ, ਉਹਨੂੰ ਸੁਆਰਨ ਚ
ਮਦਦ ਕਰਵਾ ਦੇਹ।
ਬ੍ਰਮਿੰਘਮ ਤੇ ਬੈੱਡਫਰਡ ਵਾਲ਼ੇ ਮੇਰੇ ਆੜੀ-ਬੇਲੀ ਮਾਣ-ਤਾਣ ਰੱਖਣ ਵਾਲ਼ੇ ਨੇ। ਇਹ ਆਪ ਵੀ
ਜਾਗਦੀਆਂ ਰੂਹਾਂ ਨੇ; ਔਖੇ ਭੀੜੇ ਵੇਲ਼ੇ ਹਿੱਕ ਤਾਣ ਕੇ ਖੜ੍ਹ ਜਾਣ ਵਾਲ਼ੇ ਵੀ ਹੈਨ। ਇਨ੍ਹਾਂ
ਨੂੰ ਚੰਗੀ ਮਾੜੀ ਦੀ ਚੋਖੀ ਸਮਝ ਹੈ। ਮੈਂ ਸਾਥੀਆਂ ਨੂੰ ਇਹ ਸੁਆਲ ਪਾਇਆ, ਤਾਂ ਸੱਭਨਾਂ ਨੇ
ਇੱਕ ਵਾਰ ਫੇਰ ਰੱਖ ਵਿਖਾਈ। ਐਸੇ ਮਾਮਲਿਆਂ ਚ ਪਹਿਲਾਂ ਵੀ ਮਦਦ ਕਰਦੇ ਆਏ ਸੀ। ਪਰ ਇਸ ਸਮਝ
ਨਾਲ ਕਿ ਸਾਨੂੰ ਕਿਸੇ ਮਸ਼ਹੂਰੀ ਦੀ ਲੋੜ ਨਹੀਂ। ਨਾ ਹੀ ਇਹ ਕੰਮ ਇਸ ਕਰਕੇ ਕੀਤਾ ਸੀ। ਅਸੀਂ
ਰਲ਼ ਕੇ ਦਿਲ ਦੀਆਂ ਕਿਤਾਬਾਂ ਛਾਪਣ ਚ ਵੀ ਕੁਛ ਮਦਦ ਕੀਤੀ ਸੀ।
ਮੈਂ ਦਿਲ ਨੂੰ ਢਾਈ ਵਾਰ ਹੀ ਮਿਲਿਆ-ਦੇਖਿਆ। ਮੇਲਾ ਇੱਕੋ ਵਾਰ ਹੀ ਸਮਝਿਆ ਜਾ ਸਕਦਾ।
ਪ੍ਰੇਮ ਪ੍ਰਕਾਸ਼ ਨੂੰ ਨਾਲ ਲੈ ਕੇ ਮੈਂ ਇਹਦੇ ਸ਼ਹਿਰ ਗਿਆ ਸੀ -ਸਮਰਾਲ਼ੇ। ਪੈਸੇ ‘ਕੱਠੇ ਕਰਕੇ
ਮੈਂ ਪ੍ਰੇਮ ਪ੍ਰਕਾਸ਼ ਦੇ ਰਿਸ਼ਤੇਦਾਰਾਂ ਨੂੰ ਦੇ ਆਇਆ ਸੀ। ਪ੍ਰੇਮ ਨੇ ਅਪਣੇ ਰਿਸ਼ਤੇਦਾਰਾਂ
ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਕੀ-ਕੀ ਜ਼ਰੂਰ ਕਰਨਾ ਹੈ ਤੇ ਬਚੇ (ਜੇ ਬਚ ਗਏ ਤਾਂ)
ਪੈਸਿਆਂ ਦਾ ਕੀ ਕਰਨਾ। ਇਹਨੇ ਮੇਰੇ ਸਾਹਮਣੇ ਵੀ ਦੁਬਾਰਾ ਫਿਰ ਇਹ ਗੱਲ ਨਿਖਾਰ ਦਿੱਤੀ ਸੀ।
ਇਹ ਕੰਮ ਨੂੰ ਹਾਂ ਕਰਨ ਵੇਲ਼ੇ, ਮੈਂ ਕਿਹਾ ਸੀ ਕਿ ਇਹ ਕਿਸੇ ਤੇ ਕੋਈ ਅਹਿਸਾਨ ਨਹੀਂ ਹੈ ਤੇ
ਡੌਂਡੀ ਪਾਉਣ ਵਾਲ਼ੀ ਗੱਲ ਨਹੀਂ ਹੈ। ਮੇਰੇ ਸੱਜਣਾਂ ਨੂੰ ਕਿਸੇ ਮਸ਼ਹੂਰੀ ਦੀ ਚਾਹਨਾ ਨਹੀਂ।
ਪਰ ਇਸ ਅਰਜ਼ੋਈ ਕਰਨ ਦੇ ਬਾਵਜੂਦ ਵੀ ਪ੍ਰੇਮ ਪ੍ਰਕਾਸ਼ ਨੇ ਅਪਣਾ ਹੋਣਾ ਦਿਖਾ ਦਿੱਤਾ ਸੀ। ਨਾ
ਸਿਰਫ ਇਹਦੀ ਖ਼ਬਰ ਲਕੀਰ ਦੇ ਮਸ਼ਕਰੀ-ਠੱਠੇ ਵਾਲੇ ਖ਼ਾਨੇ ਚ ਲਾ ਪੰਨੇ ਤੇ ਠੋਕ ਦਿੱਤੀ ਸੀ,
ਸਗੋਂ ਸੁਆਦ ਲੈ ਕੇ ਇਹ ਵੀ ਲਿਖ ਦਿੱਤਾ ਕਿ ਲਾਲ ਦੇ ਮਕਾਨ ਲਈ ਪੈਸੇ ਕੱਠੇ ਕਰਦੇ ਇਹਦੇ
ਹਮਾਇਤੀ ਲੜ ਪਏ; ਇਕ ਬੰਦੇ ਨੇ ਦੂਜਾ ਮਾਰਤਾ। ਮੈਂ ਮਨੋਂ ਔਖਾ ਹੋਇਆ ਸੀ ਤੇ ਮੇਰੇ ਨਾਲ਼ ਦੇ
ਵੀ। ਪਰ ਪ੍ਰੇਮ ਪ੍ਰਕਾਸ਼ ਐਸਾ ਹੀ ਹੈ। ਮੇਰੇ ਸੱਜਣ ਬਚਨਾਂ ਤੋਂ ਭੱਜਣ ਵਾਲੇ ਵੀ ਨਹੀਂ।
ਉਸ ਰਾਤ ਮੈਂ ਜਸਵੰਤ ਦੀਦ ਦੇ ਘਰ ਠਹਿਰਿਆ ਸੀ; ਸਵੇਰੇ ਸੁਵੱਖਤੇ ਹੀ ਪ੍ਰੇਮ ਪ੍ਰਕਾਸ਼ ਤੇ
ਮੈਂ ਜਲੰਧਰੋਂ ਬੱਸ ਫੜ ਕੇ ਸਮਰਾਲ਼ੇ ਚਲੇ ਗਏ। ਸਮਰਾਲ਼ੇ ਅੱਡੇ ਤੇ ਲਹਿ ਕੇ ਪ੍ਰੇਮ ਪ੍ਰਕਾਸ਼
ਅੱਗੇ-ਅੱਗੇ ਮੈਂ ਪਿੱਛੇ-ਪਿੱਛੇ ਹੋ ਤੁਰਿਆ। ਪ੍ਰੇਮ ਸਰੀਰੋਂ ਮੇਰੇ ਨਾਲ਼ੋਂ ਹਲਕਾ ਹੈ,
ਕਾਹਲ਼ਾ ਤੁਰਦਾ ਸੀ। ਮੈਂ ਵੀ ਤਾਣ ਲਾ ਕੇ ਨਾਲ਼ ਰਲ਼ਿਆ ਰਿਹਾ। ਅੱਗੇ ਜਾ ਕੇ ਦੇਖਦੇ ਹਾਂ ਕਿ
ਦਿਲ ਤੇ ਇਹਦਾ ਭਾਈਵਾਲ ਦੋਵੇਂ ਅਪਣੇ ਚਾਹ ਵਾਲ਼ੀ ਦੁਕਾਨ ’ਤੇ ਮਗ਼ਨ ਸੀ – ਕੰਮ ਤੇ ਹਾਜ਼ਰ।
ਅਪਣੀ ਕਾਰ ਚ ਧੁਨ ਨਾਲ਼ ਰੁੱਝੇ ਹੋਏ। ਜਦੋਂ ਅਸੀਂ ਪਹੁੰਚੇ, ਲਾਲ ਦੀ ਸਾਡੇ ਵੱਲ ਪਿਛਾੜੀ
ਸੀ। ਇਹ ਆਪਣੀ ਚਾਹ ਦੀ ਦੁਕਾਨ ’ਤੇ ਨੱਠਾ ਭੱਜਾ ਫਿਰਦਾ ਸੀ। ਇਹਦੀ ਖੁੱਚ ਉੱਠਦੀ ਸੀ,
ਪੈਰਾਂ ਚ ਬੜੀ ਫੁਰਤੀ ਸੀ। ਮੈਂ ਮਨ ਚ ਸੋਚਿਆ ਇਹ ਤਾਂ ਠੀਕ-ਠਾਕ ਲਗਦਾ ਹੈ; ਇਹਨੂੰ ਦੇਖ
ਕੇ ਮੈਨੂੰ ਖ਼ੁਸ਼ੀ ਹੋਈ। ਪ੍ਰੇਮ ਨੇ ਲਾਲ ਨੂੰ ਆਦਤਨ ਮਸ਼ਕਰੀ ਕੀਤੀ: ਲਾਲਾ ਜੀ, ਨਮਸਕਾਰ।
ਲਾਲ ਨੇ ਮੁੜ ਕੇ ਸਾਡੇ ਵੱਲ ਦੇਖਿਆ। ਇਹਦਾ ਮਨ ਖ਼ੁਸ਼ ਹੋਇਆ ਲਗਦਾ ਸੀ। ਫੁਰਤੀ ਨਾਲ਼ ਗੱਲਾਂ
ਕਰਨ ਲੱਗ ਪਿਆ। ਬਹੁਤ ਤੇਜ਼ ਤੇਜ਼। ਚਾਅ ‘ਚ ਆ ਕੇ ਹੋਰ ਗੱਲਾਂ ਦੱਸਣ ਲੱਗ ਪਿਆ। ਦੁਕਾਨਦਾਰੀ
ਦੇ ਹਿਸਾਬ-ਕਿਤਾਬ ਬਾਰੇ ਦੱਸਣ ਲੱਗ ਪਿਆ – ਕਿੰਨਾ ਸਮਾਨ ਪਾਇਆ, ਕੀ ਕੀ ਲਗਦਾ। ਕੀ ਬਚਦਾ;
ਕਿੱਥੇ-ਕਿੱਥੇ ਪੈਸੇ ਮਰ ਜਾਂਦੇ ਨੇ, ਵਗ਼ੈਰਾ ਵਗ਼ੈਰਾ। ਦਿਲ ਨੇ ਸਾਡੀ ਚਾਹ ਦੀ ਬਾਤ ਪੁੱਛੀ,
ਪਰ ਅਸੀਂ ਨਾਂਹ ਕਰ ਦਿੱਤੀ। ਇਹਨੂੰ ਨਾਲ਼ ਲੈ ਕੇ ਅਸੀਂ ਛੇਤੀ ਇਹਦੇ ਘਰ ਨੂੰ ਤੁਰ ਪਏ ਤਾਂ
ਮੈਂ ਦੇਖਿਆ ਕਿ ਇਹ ਤਾਂ ਪ੍ਰੇਮ ਨਾਲੋਂ ਵੀ ਕਾਹਲ਼ੀ ਤੁਰਦਾ ਸੀ। ਮੈਥੋਂ ਇਹਦੇ ਨਾਲ਼ ਰਲ਼ਣਾ
ਔਖਾ ਹੋਈ ਜਾਂਦਾ ਸੀ। ਵਾਹਵਾ ਅੱਗੇ ਨਿਕਲ਼ ਕੇ ਇਹ ਰਤਾ ਕੇ ਰੁਕ ਜਾਂਦਾ। ਮੈਨੂੰ ਲੱਗਾ
ਇਹਦਾ ਪੱਬ ਉੱਠਦਾ ਸੀ। ਇਹ ਦੇਖ ਕੇ ਮੈਨੂੰ ਤਸੱਲੀ ਹੋਈ ਕਿ ਲਾਲ ਠੀਕ ਹੋ ਗਿਆ ਹੈ।
ਜਿਹੜੀਆਂ ਗੱਲਾਂ ਇਹਦੇ ਬਾਰੇ ਸੁਣੀਆਂ ਸੀ, ਉਹ ਮੈਨੂੰ ਸਹੀ ਨਹੀਂ ਸੀ ਲੱਗਦੀਆਂ। ਮਨ ਚ
ਕਹਾਂ ਕਿ ਚੰਦਨ ਨੂੰ ਗ਼ਲਤ ਖ਼ਬਰ ਮਿਲੀ ਹੈ ਜਾਂ ਭੁਲੇਖਾ ਲੱਗਾ ਹੈ।
ਚਾਹ ਦੇ ਖੋਖੇ ਤੋਂ ਘਰ ਨੂੰ ਤੁਰੇ ਜਾਂਦਿਆਂ, ਇਹ ਹਿੰਦੂ ਮਿਥੋਲੋਜੀ ਦੀਆ ਗੱਲਾਂ ਕਰਨ ਲੱਗ
ਪਿਆ। ਇਹਨੇ ਕਮਾਲ ਦੀਆ ਗੱਲਾਂ ਕੀਤੀਆਂ; ਪਤੇ ਦੀਆਂ; ਬਹੁਤ ਡੂੰਘੀਆਂ। ਇਕ ਦੋ ਵਾਰੀ
ਪ੍ਰੇਮ ਪ੍ਰਕਾਸ਼ ਨੂੰ ਟੋਕ ਕੇ ਵੀ ਗੱਲ ਕੀਤੀ ਸੀ। ਬਾਅਦ ਚ ਘਰ ਨੂੰ ਮੁੜਦਿਆਂ ਪ੍ਰੇਮ ਆਪ
ਹੈਰਾਨ ਹੋਇਆ ਆਖੇ: ਲਾਲੂ ਨੂੰ ਇਨ੍ਹਾਂ ਗੱਲਾਂ ਦਾ ਕਿੱਦਾਂ ਪਤਾ ਲੱਗ ਗਿਆ? ਇਹ ਗੱਲਾਂ
ਤਾਂ ਵੱਡੇ-ਵੱਡੇ ਹਿੰਦੂ ਆਚਾਰੀਆਂ ਦੇ ਧਿਆਨ ਚ ਆਉਣੋਂ ਵੀ ਰਹਿ ਜਾਂਦੀਆਂ। ਮੈਨੂੰ ਵੀ
ਚੰਗਾ ਲੱਗਿਆ ਕਿ ਚਲੋ ਮੇਰਾ ਇਹ ਦਿਨ ਬਿਰਥਾ ਨਹੀਂ ਗਿਆ।
ਘਰ ਪਹੁੰਚ ਕੇ ਮਕਾਨ ਵੇਖਿਆ। ਆਮ ਕਿਰਤੀਆਂ ਦੇ ਘਰਾਂ ਵਰਗਾ ਹੀ ਹੋਣਾ ਸੀ; ਐਸਾ ਹੀ
ਨਿਕਲ਼ਿਆ। ਨਾਲ਼ੋ ਨਾਲ਼ ਇਹਦੇ ਨਿਕ-ਨਿੱਕੇ ਭਤੀਜੀਆਂ-ਭਤੀਜੇ ਤੁਰੇ ਫਿਰਦੇ ਸੀ। ਕਦੇ ਅੱਗੇ,
ਕਦੇ ਪਿੱਛੇ; ਬਾਹਰੋਂ ਆਏ ਬੰਦੇ ਨੂੰ ਹੈਰਾਨੀ ਨਾਲ ਤੱਕਦੇ- ਸ਼ਾਇਦ ਚਾਅ ਨਾਲ਼ ਵੀ। ਇਹਨੇ
ਦੱਸਿਆ ਕਿ ਇਹ ਕੀ-ਕੀ ਬਣਿਆ ਚਾਹੁੰਦਾ ਸੀ। ਦਿਲ ਦੱਸਦਾ: ਐਈਥੇ ਦੀ ਤੰਗੀ ਹੈ, ਜੇ ਐਦਾਂ
ਐਥੇ ਐਹ ਹੋ ਜੇ, ਤਾਂ ਕੰਮ ਲੋਟ ਆ ਜੂ। ਐਧਰ ਮਾਂ ਲਈ ਕੁਛ ਹੋ ਜੇ; ਮਾਂ ਹੁਣ ਹੰਭ ਗਈ ਹੈ,
ਉਹਨੂੰ ਹੁਣ ਜੰਗਲ਼-ਪਾਣੀ ਦੀ ਤੰਗੀ ਹੋ ਗੀ। ਪ੍ਰੇਮ ਪ੍ਰਕਾਸ਼ ਨੇ ਮੇਰੇ ਵੱਲ ਦੇਖਿਆ। ਮੈਂ
ਕਿਹਾ, ਜੋ ਜੋ ਸਹੀ ਲੱਗਦਾ ਉਹ ਕਰਵਾ ਦਿਓ। ਮਸਲਾ ਇਹ ਵੀ ਖੜਾ ਸੀ ਕਿ ਪੈਸੇ ਕੀਹਨੂੰ
ਸੰਭਾਲੇ ਜਾਣ? ਸਾਨੂੰ ਸਭ ਨੂੰ ਖ਼ਦਸ਼ਾ ਇਸ ਗੱਲ ਦਾ ਵੀ ਸੀ ਕਿ ਜੇ ਲਾਲ ਦੇ ਹੱਥ ਆ ਗਏ, ਤਾਂ
ਇਹਨੇ ਦਿਨਾਂ ਚ ਦਾਰੂ ਪੀ-ਪਿਲਾ ਕੇ ਉੜਾ ਦੇਣੇ ਸੀ। ਪ੍ਰੇਮ ਪ੍ਰਕਾਸ਼ ਨੇ ਇਹਦਾ ਹੱਲ
ਪਹਿਲਾਂ ਹੀ ਮਨ ਚ ਧਾਰਿਆ ਹੋਇਆ ਸੀ; ਇਹਦੇ ਏਥੇ ਸਹੁਰੇ ਨੇ। ਇਹਨੇ ਅਪਣੀ ਘਰ ਵਾਲ਼ੀ ਦੇ
ਭਤੀਜੇ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਆਹ-ਆਹ ਕੰਮ ਜ਼ਰੂਰ ਕਰਾਓ। ਜ਼ਿੰਮੇਵਾਰੀ ਵਾਲ਼ਾ ਕੰਮ
ਨਿਬੇੜ ਕੇ ਪ੍ਰੇਮ ਸਹੁਰਿਆਂ ਦੀ ਇਕ-ਦੋ ਦੁਕਾਨਾਂ ’ਤੇ ਗਿਆ। ਦੁਪਹਿਰੇ ਜਿਹੇ ਆ ਕੇ ਅਸੀਂ
ਮੁੜ ਪ੍ਰੇਮ ਦੇ ਘਰੇ ਰੋਟੀ ਖਾਧੀ।
ਮੈਂ ਏਸ ਗੱਲੋ ਖ਼ੁਸ਼ ਸੀ ਕਿ ਇਹਨੂੰ ਜਿੰਨਾ ਹਿੱਲਿਆ ਮੈਂ ਕਿਆਸਦਾ ਸੀ, ਓਨਾ ਹੀ ਉਹ
ਤੰਦਰੁਸਤ ਲਗਦਾ ਸੀ। ਸੁਰਤੀ ਪੂਰੀ ਕਾਇਮ ਦਿਸਦੀ ਸੀ – ਗੱਲਾਂ ਸਹੀ ਕਰਦਾ ਸੀ। ਤੇੜ ਘਸਿਆ
ਜਿਹਾ ਪਜਾਮਾ ਸੀ। ਪੈਰੀਂ ਦੇਸੀ, ਠਿੱਬੀ ਹੋ ਗਈ ਘੋਨੀ ਜੁੱਤੀ। ਸਿਰ ਤੋਂ ਨੰਗਾ ਸੀ,
ਬੇਰੁਕੇ ਕੱਟੇ ਵਾਲ਼ ਤੇ ਮਹਿੰਦੀ ਰੰਗੇ ਕੀਤੇ ਹੋਏ ਸੀ। ਸਰਫ਼ੇ ਦੀ ਪੋਟਾ-ਪੋਟਾ ਵਿਰਲ਼ੀ
ਦਾੜ੍ਹੀ; ਇਹ ਵੀ ਮਹਿੰਦੀ ਰੰਗੀ ਕੀਤੀ ਹੋਈ। ਹੱਡਾਂ-ਪੈਰਾਂ ਦੀ ਫੁਰਤੀ ਦੱਸਦੀ ਸੀ, ਕੰਮ
ਏਨਾ ਵਿਗੜਿਆ ਨਹੀਂ! ਮੈਂ ਜਾਣਿਆ ਦਿਲ ਠੀਕ ਸੀ ਜਾਂ ਠੀਕ ਹੋ ਰਿਹਾ ਸੀ।
ਮੇਰੇ ਮਨ ਚ ਫ਼ਲੈਸ਼ਬੈਕ ਫਿਲਮ ਚੱਲ ਪਈ। ਸੱਠਵੇਂ ਦਹਾਕੇ ਦੇ ਅਖ਼ੀਰ ਦੇ ਦਿਨ। ਨਕਸਲਬਾੜੀ
ਲਹਿਰ ਦੀ ਚੜ੍ਹਤ ਦਾ ਵੇਲਾ। ਲਾਲੂ ਤੇ ਇਹਦੇ ਵਰਗੇ ਅਨੇਕਾਂ ਦਾ ਐਸੀ ਚੁੰਬਕੀ ਲਹਿਰ ਵੱਲ
ਖਿੱਚੇ ਜਾਣਾ ਸੁਭਾਵਿਕ ਸੀ। ਵੇਲੇ ਦਾ ਜੁਆਨ ਸ਼ਾਇਰ ਦਿਲ; ਅੰਤਾਂ ਦੀ ਗ਼ੁਰਬਤ ਵਾਲ਼ਾ ਕੰਮੀਆਂ
ਦਾ ਘਰ। ਵਿਤਕਰਿਆਂ ਵਾਲ਼ੇ ਪ੍ਰਬੰਧ ਨੂੰ ਮੂਧੇ ਮੂੰਹ ਕਰਕੇ ਬਰਾਬਰੀ ਦਾ ਸਮਾਜ ਸਿਰਜਣ ਦੇ
ਸੁਬਕ ਸੁਪਨੇ ਸਭ ਜੁਆਨ ਮਨਾਂ ਦੀ ਚਾਹ ਸੀ। ਹੋਰ ਕਈਆਂ ਵਾਂਗੂੰ ਇਹਦੇ ਘਰ ਵੀ ਬਥੇਰੀ
ਤੰਗੀ-ਤੁਰਸ਼ੀ ਸੀ। ਉੱਤੋਂ ਮਾਨਸਿਕ ਤਸ਼ੱਦਦ ਤੇ ਭਾਰਤੀ ਸਮਾਜ ਦੇ ਮੱਥੇ ਚ ਰਿਸਦਾ ਕੋਹੜ ਦਾ
ਜੜ੍ਹਾਂ ਵਾਲ਼ਾ ਫੋੜਾ - ਜਾਤ ਪਾਤ। ਨਤੀਜਾ: ਦਿਲ ਵਰਗਿਆਂ ਦਾ ਹਾਲ। ਦਿਲ ਤਾਂ ਸੱਚੇ ਦਿਲੋਂ
ਧਾਰ ਕੇ ਲਹਿਰ ਨਾਲ਼ ਹੋ ਤੁਰਿਆ ਸੀ:
ਅਸੀਂ ਰੂਹ ਥੀਂ ਸੱਚੇ ਹਾਂ ਸੱਚੇ ਰਹਾਂਗੇ
ਮੱਚਾਂਗੇ ਤਦ ਵੀ ਪ੍ਰੱਚੇ ਰਹਾਂਗੇ
ਨੱਚਣਾ ਸਾਡਾ ਨਹੀਂ ਤੰਗ ਹੋਣਾ
ਸੂਲੀ ਦੀ ਗਰਦਨ ਤੇ ਨੱਚੇ ਰਹਾਂਗੇ
ਦਿਲ ਕਵਿਤਾ ਤਾਂ ਪਹਿਲਾਂ ਹੀ ਲਿਖਦਾ ਸੀ। ਕਾਲਜ ਵੇਲੇ ਰੁਬਾਈਆਂ ਦਾ ਬਹੁਤਾ ਅਭਿਆਸੀ ਸੀ।
ਨਕਸਲਬਾੜੀਆ ਤਾਂ ਇਹ ਬਾਅਦ ਚ ਬਣਿਆ, ਕਾਮਰੇਡਾਂ ਦੀ ਸੰਗਤ ਨਾਲ਼। ਅਣਖੀ ਸੀ। ਸੰਵੇਦਨਾਸ਼ੀਲ
ਵੀ ਸੀ। ਭੁੱਖ ਦਾ ਮਾਰਿਆ ਹੋਇਆ ਵੀ। ਥੁੜੋਂ ਦੇ ਮਾਰਿਆ ਸੰਵੇਦਨਸ਼ੀਲਾਂ ਨੇ ਹੋਰ ਕੀ ਬਣਨਾ
ਹੁੰਦਾ। ਐਸੇ ਸਮੇਂ ਦੋ ਹੀ ਰਾਹ ਹੁੰਦੇ ਨੇ, ਜਾਂ ਤਾਂ ਸਿਰ ਨਿਵਾ ਕੇ ਢੱਗਿਆਂ ਵਾਂਗ ਵਗੀ
ਚੱਲੋ ਤੇ ਮਰ ਖਪ ਜਾਓ – ਜੂਨ ਕਟੀ ਕਰ ਜਾਓ। ਕੰਮ ਤਮਾਮ। ਜਾਂ ਫਿਰ ਮੱਥਾ ਡਾਹੋ – ਮਰੋ
ਜਾਂ ਮਾਰੋ। ਲਾਲ ਨੇ ਮੱਥਾ ਡਾਹਿਆ। ਐਸਾ ਇਹ ’ਕੱਲਾ ਨਹੀਂ ਸੀ, ਖੜੋਤ ਤੋਂ ਅੱਕੇ ਲੋਕ
ਪ੍ਰੇਸ਼ਾਨ ਸੀ। ਏਸ ਲਹਿਰ ਤੋਂ ਬੜਿਆਂ ਨੂੰ ਆਸਾਂ ਸੀ। ਦਿਲ ਨੂੰ ਵੀ ਹੋਣੀਆਂ ਹੀ ਸੀ;
ਪੁਸ਼ਤੋ-ਪੁਸ਼ਤੀ ਦੀ ਕੰਗਾਲੀ, ਹੀਣਤਾਈ ਤੇ ਨਿਗੂਣੀ ਹਾਲਤ ਨੂੰ ਪਲਟਣ ਦੇ ਸੁਪਨੇ, ਲਾਲ
ਵਰਗੇ, ਕਈ ਚੜ੍ਹਦੀ ਉਮਰ ਵਾਲੇ ਲਈ ਫਿਰਦੇ ਸੀ।
ਜ਼ਿੰਦਗ਼ੀ ਦੇ ਯੁੱਗ ਦੀ ਸਵੇਰ
ਆਏਗੀ ਜ਼ਰੂਰ ਇਕ ਵੇਰ।
ਕੱਲ੍ਹ ਹੋਣਗੇ ਸਾਡੇ ਪੈਰਾਂ ਹੇਠ
ਡਿੱਗੀਆਂ ਇਮਾਰਤਾਂ ਦੇ ਢੇਰ।
ਘਲ ਜਾਣੇ ਗੋਹਿਆਂ ਚ ਤਾਜ
ਆਸਣਾਂ ਤੋਂ ਸੁਕਣੇ ਕਨੇਰ।
ਤੇ
ਐ ਨਾਲੀਆਂ ਦੇ ਕੰਢਿਆਂ ਤੇ ਰੁਲਦਿਓ
ਐ ਨਾਲੀਆਂ ਚੋ ਜਾਗਦਿਓ ਲੋਕੋ
ਇਨਕਲਾਬ ਬੰਦੂਕਾਂ ਦੀਆਂ ਨਾਲੀਆਂ ਚੋ ਨਿਕਲਦਾ।
ਚੜ੍ਹਦੀ ਉਮਰ ਦੇ ਦਿਲ ਦੀਆਂ ਦਲੇਰੀ ਦੀਆਂ ਗੱਲਾਂ ਚੋਂ ਇਹ ਵੀ ਸੁਣਦੇ ਸੀ: ਪੁਲਸੀਆਂ ਨੂੰ
ਇਹ ਅਪਣਾ ਨਾਂ ਤੇ ਬਾਪ ਦਾ ਨਾਂ ਤਾਂ ਦੱਸ ਦਿੰਦਾ, ਪਰ ਪਿੰਡ ਦਾ ਨਾਂ ਨਾ ਦੱਸਦਾ। ਇਹ ਤਾਂ
ਅਸੀਂ ਸਾਰੇ ਜਾਣਦੇ ਹਾਂ ਕਿ ਅਮਲਾ-ਫੈਲਾ ਸਰਕਾਰਾਂ ਦਾ ਹੱਥ ਠੋਕਾ ਹੁੰਦਾ। ਫੜੇ ਹੋਏ ਲਾਲ
ਨੇ ਪੁਲਸ ਅਫ਼ਸਰ ਨੂੰ ਸਿੱਧਾ ਚੈਲਿੰਜ ਕਰ ਦਿੱਤਾ ਸੀ; ਡਰਾਉਂਦੇ ਧਮਕਾਉਂਦੇ, ਦਬਕਦੇ,
ਨੱਕੋਂ ਠੂੰਹੇ ਸੁਟਦੇ ਪੁਲਸੀਏ ਨੂੰ ਲਲਕਾਰ ਕੇ ਕਹਿੰਦਾ: ਲੈ ਸੁਣ ਫਿਰ, ਮੈਂ ਤੈਨੂੰ ਤਾਂ
ਜਾਣੂੰ, ਜੇ ਤੂੰ ਮੇਰੇ ਮੂੰਹੋਂ ਮੇਰੇ ਪਿੰਡ ਦਾ ਨਾਂ ਹੀ ਕਢਵਾ ਲਏਂ! ਪੁਲਸੀਆਂ ਦਾ ਦਾਬਾ
ਇਹਦੀ ਵੰਗਾਰ ਸੁਣ ਕੇ ਭੜਕ ਪਿਆ। ਧਮਕੀਆਂ ਹਕੀਕਤ ਚ ਆ ਗਈਆਂ – ਹੂਰੇ, ਮੁੱਕੇ, ਘਸੁੰਨ,
ਡੰਡੇ, ਸੋਟੀਆਂ ਪਰ ਉਸ ਵੇਲ਼ੇ ਲਾਲ ਦੀ ਮਿੱਟੀ ਨੇ ਰੱਖ ਵਿਖਾਈ। ਇਹ ਅਪਣੀ ਪੁਗਾ ਗਿਆ।
ਪੁਲਸੀਆ, ਰੋਹਬ, ਦਾਬੇ ਤੇ ਹੱਥ ਉਪਰ ਹੋਣ ਦੀ ਖੁੱਲ੍ਹ ਨਾਲ ਵੀ ਹੰਭ ਕੇ ਨਿਮੋਸ਼ ਹੋ ਕੇ
ਪਰ੍ਹੇ ਚਲੇ ਗਿਆ।
ਹੁਣ ਪਤਾ ਲੱਗਦਾ ਹੈ ਕਿ ਜੇ ਬੰਦਾ ਵਿਤੋਂ ਵੱਡੀ ਛਾਲ਼ ਮਾਰ ਲਵੇ ਤੇ ਮਗ਼ਰ ਪਹੁੰਚ ਸਕਣ ਦੀ
ਗੁੰਜਾਇਸ਼ ਨਾ ਹੋਵੇ, ਤਾਂ ਖ਼ਤਰਾ ਹੀ ਖ਼ਤਰਾ ਹੋਣਾ ਹੁੰਦਾ। ਐਸੇ ਵੇਲੇ ਜ਼ਿਆਦਾ ਗ਼ਰੀਬ ਬੰਦਾ
ਰਗੜਿਆ ਜਾਂਦਾ ਹੈ। ਦਿਲ ਨਾਲ਼ ਵੀ ਏਦਾਂ ਹੀ ਹੋਇਆ। ਮਨਸ਼ਾ ਵੱਡਾ ਰੱਖ ਲਿਆ ਤੇ ਹਾਸਿਲ ਕੁਝ
ਨਾ ਹੋਇਆ। ਜੋ ਮਾੜੀ-ਮੋਟੀ ਆਸ ਸੀ ਉਹਦੇ ਤੋਂ ਵੀ ਗਿਆ। ਕਿਤੇ ਸਕੂਲ ਮਾਸਟਰ ਲੱਗ ਜਾਂਦਾ
ਤਾਂ ਤੋਰੀ ਫੁਲਕਾ ਤਾਂ ਤੁਰੀ ਜਾਣਾ ਸੀ। ਲੀਡਰਸ਼ਿਪ ਦੇ ਅਪਣੇ ਝਮੇਲੇ ਸੀ। ਨਾਲ਼ ਦੇ ਵਿਚੇ
ਏਧਰ ਓਧਰ ਖਿਸਕ ਗਏ। ਕਾਰੋਬਾਰੀਂ ਲੱਗ ਗਏ ਜਾਂ ਵਾਹੀਆਂ-ਖੇਤੀਆਂ ਕਰਨ ਲੱਗ ਪਏ। ਦਿਲ ਕੀ
ਕਰਦਾ; ਗੁੰਜਾਇਸ਼ ਹੀ ਕੋਈ ਨਹੀਂ ਸੀ – ਗੰਜੀ ਨਾਵ੍ਹੇ ਕੀ ਤੇ ਨਿਚੋੜੇ ਕੀ। ਏਨਾ ਕੁ ਇਹਨੂੰ
ਪਤਾ ਸੀ ਕਿ ਇਹਦੇ ਬਿਨ੍ਹਾਂ ਧਿਰ ਦੀ ਗੱਲ ਕੌਣ ਕਰਦਾ! ਲਾਲ ਦੀ ਕਵਿਤਾ ਪਥਰਾਈ ਲੋਕਾਈ ਨੂੰ
ਜ਼ੁਬਾਨ ਬਖ਼ਸ਼ਦੀ ਹੈ।
ਪੱਥਰ ਢੋਂਦੇ
ਢੋਲ ਵਜਾਉਂਦੇ
ਭੋਲੀਆਂ ਭਾਲੀਆਂ ਬਾਤਾਂ ਪਾਉਂਦੇ
.......
ਸ਼ਾਮ ਪਈ ਤਾਂ ਗਧਿਆਂ ਵਾਲੇ
ਸੱਪਾਂ ਵਾਲੇ
ਛੱਜਾਂ ਵਾਲੇ
ਤੇ
ਖੁਰਲੀਆਂ ਸੰਭਰਦੀਆਂ
ਗੋਹੇ ਚੁਕਦੀਆਂ
ਬੱਲਾਂ ਦੇ ਕਸੀਰ ਚੁਣਦੀਆਂ
ਕਿੰਨਾ ਕੰਮ ਕਰਦੀਆਂ ਨੇ
ਇਹ ਗਊਆਂ ਬੇਗਾਨੀਆਂ ਦੀਆਂ
ਤਿੱਖੀ ਤੂੜੀ, ਤਵੇ
ਧਾਰਾਂ ਵਾਲੀਆਂ ਸਾਗ ਚੀਰਨੀਆਂ, ਦਾਤੀਆਂ
ਸੂਈਆਂ
ਸੱਭ ਕੁਝ ਜਿਵੇਂ
ਉਨ੍ਹਾਂ ਦੇ ਹੱਥਾਂ ਪੈਰਾਂ ਵਿਚ
ਪੁੜਨ ਸਿਖਿਆ ਹੋਵੇ।
ਨਕਸਲਬਾੜੀ ਲਹਿਰ ਦੇ ਤਾਅ ਚ ਤਪਿਆ ਲਹਿਰ ਦੇ ਪਲੇਠੇ ਐਕਸ਼ਨ ਚ ਲਾਲ ਵੀ ਨਾਲ਼ੇ ਸੀ - ਚਮਕੌਰ
ਸਾਹਿਬ ਦੇ ਠਾਣੇ ’ਤੇ ਹਮਲੇ ਵਾਲ਼ੇ ਚ। ਚੜ੍ਹਦੀ ਮਾਲੀ, ਫਰਕਦੇ ਢੌਲ਼ਿਆਂ ਵਾਲ਼ੇ ਰੋਹ ਚ ਆਏ
ਇਨਕਲਾਬੀ ਗੁਰੀਲੇ ਇਹੋ ਸੋਚਦੇ ਹੁੰਦੇ ਸੀ ਕਿ ਸਾਡੇ ਮੋਹਰੇ ਇਹ ਪੁਲਸਾਂ-ਪਲਸਾਂ ਤੇ
ਠਾਣੇ-ਠੂਣੇ ਕੀ ਹੁੰਦੇ ਆ। ਪੰਜਾਬੀ ਬੰਦੇ ਦੀ ਇਹ ਤਰਾਸਦੀ ਵਾਰ ਵਾਰ ਦੁਹਰਾਅ ਹੋਈ ਜਾਂਦੀ
ਹੈ - ਦੂਜਿਆਂ ਨੂੰ ਮਿੱਟੀ ਦੇ ਮਾਧੋ ਸਮਝਣ ਦੀ। ਇਹ ਤਾਂ ਸਮਝੀ ਬੈਠੇ ਸੀ ਕਿ ਅਸੀਂ ਜਾ ਕੇ
ਉਨ੍ਹਾਂ ਨੂੰ ਧੌਣੋਂ ਫੜ ਕੇ ਕਾਬੂ ਕਰ ਲਵਾਂਗੇ ਤੇ ਅਗਲੇ ਗੋਡੇ ਟੇਕ ਦੇਣਗੇ, ਲੇਲ੍ਹੜੀਆਂ
ਕੱਢਣਗੇ ਤੇ ਅਸੀਂ
ਜਿੱਤ ਦਾ ਬਿਗਲ ਵਜਾ ਦਿਆਂਗੇ। ਨਾ ਅਜਿਹੇ ਕੰਮਾਂ ਦਾ ਤਜਰਬਾ ਸੀ, ਨਾ ਗਿਆਨ। ਬੱਸ ਜੋਸ਼ ਹੀ
ਜੋਸ਼ ਸੀ। ਤੱਤ ਭੜੱਥੀ ਲਹਿਰ ਤੇ ਐਸੇ ਹੀ ਐਕਸ਼ਨ। ਪੰਜਾਬ ਚ ਨਕਸਬਾੜੀਆਂ ਵਲੋਂ ਸਥਾਪਤੀ ਤੇ
ਕੀਤਾ ਇਹ ਪਹਿਲਾ ਹਮਲਾ ਸੀ- ਉਹ ਵੀ ਪੁਲਸ ਥਾਣੇ ’ਤੇ। ਪਹਿਲੀ ਚੋਰੀ ਤੇ ਪਹਿਲਾ ਹੀ ਫਾਹਾ
ਪੈ ਗਿਆ। ਇਨ੍ਹਾਂ ਕੋਲ ਤਾਂ ਹਥਿਆਰ ਵੀ ਮਾੜੇ ਸੀ – ਵੇਲ਼ੇ ਸਿਰ ਚੱਲੇ ਹੀ ਨਾ। ਵਿੱਚੇ
ਮੁਖ਼ਬਰ ਵੀ ਸੀ ਤੇ ਬਦਨੀਤੇ ਵੀ। ਪੁਲਸ ਇਨ੍ਹਾਂ ਤੇ ਭਾਰੀ ਪੈ ਗਈ। ਬੰਦੇ ਫੜੇ ਗਏ। ਬਾਕੀ
ਨਾਲ਼ ਦੇ ਤਾਂ ਕਿਸੇ ਵਿਧ ਜੁਗਤ-ਜੁਗਾੜ ਨਾਲ਼ ਲੈ ਦੇ ਕੇ ਬਚ-ਬਚਾ ਲਏ ਗਏ। ਪੁਲਸੀਆਂ ਨੇ
ਇਹਨੂੰ ਧਰ ਲਿਆ; ਉਹ ਸਾਰਾ ਗ਼ੁੱਸਾ ਇਹਦੇ ’ਤੇ ਕੱਢਣ - ਮਾਰੀ ਧਾੜ ਜੁਲਾਹਿਆਂ ’ਤੇ।
ਕਹਿੰਦੇ: ਆਓ ਚਮਾਰੋ, ਜਰਾ ਦਈਏ ਤੁਹਾਨੂੰ ਜ਼ਮੀਨਾਂ। ਸਾਡੀ ਪੁਲਸ ਦੀ ਮਾਨਸਿਕਤਾ ਜਗੀਰਦਾਰੀ
ਵਾਲ਼ੀ ਹੈ – ਜਾਣੀ ਕਿ ਤੁਸੀਂ ਸਾਡੀ ਰਿਆਇਆ, ਅਸੀਂ ਜੋ ਮਰਜ਼ੀ ਕਹੀਏ-ਕਰੀਏ, ਤੁਸੀਂ ਹੀਲ
ਹੁਜੱਤ ਨਹੀਂ ਕਰਨੀ। ਫਰਕ ਤਾਂ ਪਾਰਟੀਆਂ ਵਿਚ ਵੀ ਬਥੇਰਾ ਆ। ਜੱਟ, ਖੱਤਰੀ, ਭਾਪਿਆਂ ਦਾ
ਹੀ ਆਪ ਵਿਚ ਸੂਤ ਨਹੀਂ ਬਹਿੰਦਾ, ਹੇਠਲਿਆਂ ਦੀ ਕੀ ਗੱਲ ਕਰਨੀ ਹੋਈ। ਫਿਰ ਪੁਲਸੀਆਂ ਤੇ
ਤਾਂ ਇਹ ਮਿਥ ਕੇ ਹਮਲਾ ਕਰਨ ਗਏ ਸੀ - ਅਸਲ੍ਹਾ ਲੁੱਟਣ। ਉਹ ਕਿਸ ਗੱਲੋਂ ਇਨ੍ਹਾਂ ਤੇ
ਨਰਮਾਈ ਕਰਦੇ। ਸਰਕਾਰ ਨੇ ਪੁਲਸ ਦੇ ਰੱਸੇ ਖੁੱਲ੍ਹੇ ਛੱਡੇ ਹੋਏ ਸੀ। ਉਨ੍ਹਾਂ ਲਈ ਕਿਸੇ
ਸੂਰਤ ਚ ਵੀ ਲਹਿਰ ਨੂੰ ਖ਼ਤਮ ਕਰਨਾ ਜ਼ਰੂਰੀ ਸੀ। ਕਿਸੇ ਵੀ ਸਰਕਾਰ ਨੇ ਏਦਾਂ ਹੀ ਕਰਨਾ
ਹੁੰਦਾ।
ਲਾਲ ਨੇ ਉਦੋਂ ਤਾਂ ਜੋਸ਼-ਜੋਸ਼ ਚ ਮਾਣ ਨਾਲ਼ ਝੱਲ ਲਈ, ਪਰ ਮਗਰੋਂ ਪੁਲਸ ਦੀ ਕੁੱਟ ਇਹਨੂੰ
ਸਾਰੀ ਉਮਰ ਨਹੀਂ ਭੁੱਲੀ। ਸੰਵੇਦਨਸ਼ੀਲ ਬੰਦੇ ਲਈ ਜੇਲ੍ਹ, ਅਪਣੇ ਅੰਦਰਲੇ ਨਾਲ ਸੰਵਾਦ ਕਰਨ
ਦਾ ਮੌਕਾ-ਮੇਲ ਵੀ ਬਣ ਜਾਂਦੀ ਹੈ। ਜਦੋਂ ਇਹ ਜੇਲ੍ਹ ਤੋਂ ਛੁੱਟ ਕੇ ਆਇਆ, ਬਾਹਰ ਹਾਲਤ ਹੋਰ
ਤਰਾਂ ਦੇ ਸੀ। ਉੱਤੋਂ ਇਲਾਕੇ ਦੇ ਸਮੱਗਲਰਾਂ ਨੇ ਕੋਈ ਠਾਣੇਦਾਰ ਮਾਰ ਦਿੱਤਾ ਸੀ। ਪੁਲਸ
ਘੇਰਾ ਪਾਈ ਬੈਠੀ ਸੀ। ਸਾਡੀ ਪੁਲਸ ਬਹੁਤਾ ਕਰਕੇ ਬੇਕਸੂਰੇ ਲੋਕਾਂ ਨੂੰ ਤੰਗ ਕਰਨ ਨੂੰ ਹੀ
ਹੁੰਦੀ ਹੈ। ਹਿੱਤ ਦੀ ਝਾਕ ਚ ‘ਅਪਣਿਆਂ’ ਵੱਲ ਹੋਇਆ ਤਾਂ ਅਪਣੇ ਬਚਾਅ ਲਈ ਉਹ ਵੀ ਇਹਨੂੰ
ਫਸਾਉਣ ਨੂੰ ਫਿਰਦੇ ਸੀ। ਇਹ ਪਹਿਲਾਂ ਹੀ ਪੁਲਸ ਤੋਂ ਡਰਿਆ ਹੋਇਆ ਸੀ। ਸਾਡੀ ਪੁਲਸ ਦੀ
ਸਾਇਕੀ ਬੰਦੇ ਨੂੰ ਅੰਦਰੋਂ ਭੰਨ-ਤੋੜ ਕੇ ਤਬਾਹ ਕਰਨ ਦੀ ਹੁੰਦੀ ਹੈ। ਇਹਦੇ ਵਾਸਤੇ ਉਹ ਕੋਈ
ਵੀ ਤਰੀਕਾ ਵਰਤ ਲੈਣਗੇ। ਇਹ ਦੁਖਦੀ ਰਗ਼ ਨੂੰ ਵੱਧ ਕੁਰੇਦ ਦੇ ਨੇ। ਪੁਲਸੀਏ ਇਹਦੀ ਹੀਣੀ
ਜਾਤ ਦੇ ਤੇ ਹੋਰ ਮਿਹਣੇ ਮਾਰਦੇ।
ਪੁਲੀਸ ਅਫ਼ਸਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਉਹਨੂੰ ਚੈਲਿੰਜ ਕਰਨ ਵਾਲ਼ਾ ਦਿਲ ਮਗਰੋਂ ਆਪ
ਇਹਦੇ ਤੋਂ ਡਰਨ ਲੱਗ ਪਿਆ। ਅਪਣੇ ਬਚਾਅ ਦਾ ਮਾਰਿਆ ਭੱਜ ਕੇ ਯੂ ਪੀ ਚ ਜਾ ਲੁਕਿਆ। ਉਥੇ
ਬੜੇ ਪਾਪੜ ਵੇਲੇ ਇਹਨੇ। ਸੱਭੇ ਖੇਡਾਂ ਖੇਡੀਆਂ; ਸਣੇ ਭੜਭੂੰਜੀ ਖੇਡ ਦੇ ਵੀ - ਇਹ
ਮੁਸਲਮਾਨ ਹੋ ਗਿਆ। ਇਹਦੇ ਭਾਣੇ ਇਸਲਾਮ ਬਰਾਬਰੀ ਦਾ ਧਰਮ ਸੀ –ਸੱਭ ਤਰਾਂ ਦੀ ਸਾਂਝ
ਬਰਾਬਰੀ ਦਾ। ਇਹ ਕਲਮਾ ਪੜ੍ਹ ਕੇ ਬੁਸ਼ਰਾ ਮੁਹੰਮਦ ਬਣ ਗਿਆ ਤੇ ਫਿਰ ਵਲੀ ਮੁਹੰਮਦ। ਗਲ਼ ਪਿਆ
ਕੋੜ੍ਹ ਤਾਂ ਇਸਲਾਮ ਵੀ ਨਹੀਂ ਲਾਹੁੰਦਾ, ਨਾ ਇਹਦਾ ਲੱਥਾ। ਫ਼ਰਕ ਤਾਂ ਇਹ ਸੀ ਉਥੇ ਇਹਦਾ
ਪਤਾ ਨਹੀਂ ਸੀ ਕਿ ਇਹ ਚਮਾਰਾਂ ਦਾ ਪੁੱਤ ਆ। ਜਾਂ ਇਹਨੇ ਦੱਸਿਆ ਨਹੀਂ ਸੀ। ਲਾਲ ਦੇ ਇਸ
‘ਕੁਕਰਮ’ ਦਾ ਧਿਰ ਚ ਵਾਹਵਾ ਹੋ ਹੱਲਾ ਹੋਇਆ – ਓਏ ਲਾਲੂ ਮੁਸਲਮਾਨ ਬਣ ਗਿਆ, ਲਾਲੂ
ਮੁਸਲਮਾਨ ਬਣ ਗਿਆ। ਜਿਹੜਾ ਮਾਣ ਸਨਮਾਨ ਲਾਲ ਸਿੰਘ ਦਿਲ ਨੂੰ ‘ਕਾਮਰੇਡ’ ਜਾਂ ਸਿੱਖ ਬਣੇ
ਰਹਿ ਕੇ ਮਿਲਣਾ ਸੀ, ਉਹ ਮੁਸਲਮਾਨ ਮੁਹੰਮਦ ਬੁਸ਼ਰਾ ਜਾਂ ਵਲੀ ਮੁਹੰਮਦ ਬਣ ਕੇ
ਖੁੱਸ ਗਿਆ? ਲਾਲੂ ਭਾਵੇਂ ਸਿਰ੍ਹਾਣੇ ਪੈਂਦਾ ਜਾਂ ਪੈਂਦੀਂ, ਧੜ ਤਾਂ ਵਿਚਾਲ਼ੇ ਹੀ ਆਉਣਾ
ਸੀ। ਖੱਬੀ ਲਹਿਰ ਦਾ ਲਾਰਾ ਕਿ ਜਦ ਇਨਕਲਾਬ ਆ ਗਿਆ ਸਭ ਠੀਕ ਹੋ ਜਾਣਾ ਹੈ, ਲਾਰਾ ਲੱਪਾ ਹੀ
ਬਣਿਆ ਹੋਇਆ ਹੈ – ਅਜੇ ਵੀ। ਜੇ ਲਾਲੂ ਜਾਂ ਇਹਦੇ ਮੁਰੀਦਾਂ ਦੇ ਮਨ ਚ ਇਹ ਗੱਲ ਆਉਂਦੀ ਹੈ
ਤਾਂ ਹੈਰਾਨੀ ਕਿਸ ਗੱਲ ਦੀ? ਦਿਲ ਦੇ ਇਸ ਅਦਲ-ਬਦਲ ਤੋਂ ਸੰਗੀ ਸਾਥੀ ਅਪਣੀਆਂ ਹੀ ਕਿਆਸ
ਅਰਾਈਂਆਂ ਚ ਜੁੱਟ ਗਏ। ਪਰ ਕਿਸੇ ਨੇ ਦਿਲ ਦੇ ਮਨ ਦੀ ਬੁੱਝੀ? ਭਲਾ ਇਹ ਕਿਨ੍ਹਾਂ ਹਾਲਾਤਾਂ
ਦਾ ਧੱਕਿਆ ਪੰਜਾਬ ਤੋਂ ਦੌੜਿਆ ਸੀ?
ਜਦ
ਬਹੁਤ ਸਾਰੇ ਸੂਰਜ ਮਰ ਜਾਣਗੇ
ਤਦ
ਤੁਹਾਡਾ ਯੁੱਗ ਆਵੇਗਾ
ਹੈ ਨਾ?
ਸਮਾਂ ਲੰਘ ਗਿਆ ਹੈ। ਲਹਿਰ ਚੋਂ ਹੋਰ ਜੋ ਵੀ ਨਿਕਲਿਆ ਹੁਣ ਸਭ ਦੇ ਸਾਹਮਣੇ ਪਿਆ ਹੈ। ਪਰ
ਇਹਦੇ ਚੋਂ ਸਾਹਿਤ ਨੂੰ ਮੋੜਾ ਦੇਣ ਵਾਲੇ ਕਵੀ ਨਿਕਲ ਆਏ – ਨਵੀਂ ਕਵਿਤਾ ਦੀ ਲਹਿਰ ਤੁਰ
ਪਈ। ਦਿਲ ਕਵਿਤਾ ਚ ਆਈ ਖੜ੍ਹੋਤ ਦੇ ਜਮੂਦ ਤੋੜਨ ਵਾਲੀ ਲਹਿਰ ਦੀ ਮੋਢੀ ਢਾਣੀ ਚੋਂ ਸੀ।
ਨਵੀਆਂ ਗੱਲਾਂ, ਨਵੇਂ ਇਸ਼ਤਿਆਰੇ, ਨਵੇਂ ਪ੍ਰਭਾਵ, ਨਵੇਂ ਪ੍ਰਵਚਨ ਤੇ ਅੰਬਰੀ ਦਿੱਸਹੱਦੇ।
ਬਿਗਲ ਵੱਜ ਗਿਆ ਸੀ। ਨਵੀਂ ਆਸਾਂ ਲੱਦੀ ਕਵਿਤਾ ਦੇ ਰਚਨਹਾਰਿਆਂ ਦਾ ਦੌਰ ਉਦੈ ਹੋ ਗਿਆ ਸੀ।
ਉਸ ਸਮੇਂ, ਪੰਜਾਬੀ ਸਾਹਿਤ ਰਸੀਆਂ ਨੂੰ ਖੜਕੇ-ਦੜਕੇ ਵਾਲ਼ੀ ਕਵਿਤਾ ਦੀ ਗੇਝ ਪੈ ਗਈ ਸੀ। ਇਕ
ਤਰ੍ਹਾਂ ਦੀ ਕਵਿਤਾ ਦੀ ਰੀਸ ਚਲ ਪਈ। ਵਿਸਫੋਟਕ ਸਮਿਆਂ ਚ ਵੀ ਦਿਲ ਦੀ ਕਵਿਤਾ ਠਰੰ੍ਹਮੇ
ਵਾਲੀ, ਧੀਮੀ ਸੁਰ, ਬਰੀਕ ਪ੍ਰਭਾਵ ਵਾਲ਼ੀ ਤੇ ਗੁੱਝੀ ਪਰ ਲੰਮੀ ਮਾਰ ਕਰਨ ਵਾਲ਼ੀ ਰਹੀ ਹੈ।
ਯੂ ਪੀ ਦੀ ਤਰਾਈ ਚ ਦਿਨ ਕਟੀ ਕਰਦਿਆਂ ਇਹਨੇ ਉਰਦੂ ਸ਼ਾਇਰੀ ਵੀ ਕੀਤੀ। ਉਰਦੂ ਅਦਬੀ ਨਸਾਫ਼ਤ
ਚ ਦਿਲ ਦਾ ਕੀ ਰੁਤਬਾ ਸੀ ਉਰਦੂ ਵਾਲ਼ੇ ਜਾਣਨ ਜਾਂ ਅੱਲਾ। ਪੰਜਾਬੀ ਕਵਿਤਾ ਚ ਗਹਿਰ-ਗੰਭੀਰ
ਪੁਰਸਹਿਜ ਤੇ ਲੰਮੀ ਉਮਰ ਵਾਲ਼ੀਆਂ ਗੱਲਾਂ ਦਿਲ ਦੀ ਕਵਿਤਾ ਚ ਸਹਿਜੇ ਹੀ ਲੱਭ ਜਾਂਦੀਆਂ ਨੇ।
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁੱਟਪਾਥ
ਜਾ ਰਹੀ ਹੈ ਝੀਲ ਕੋਈ ਦਫ਼ਤਰੋਂ
ਨੌਕਰੀ ਤੋਂ ਲੈ ਜੁਆਬ
...
ਛੱਡ ਤੁਰੇ ਹਨ
ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਇਹਦੀ ਕਵਿਤਾ ਝੱਟ ਮਨ ਚ ਵਸ ਜਾਂਦੀ ਹੈ। ਦਿਲ ਨੂੰ ਪੋਂਹਦੀ ਹੈ। ਮੁੜ ਮੁੜ ਕੇ ਪੜ੍ਹੀ ਜਾਣ
ਦੀ ਲਲਕ ਪੈਦਾ ਕਰਦੀ ਹੈ। ਭਲਾ ਡਾ ਹਰਿਭਜਨ ਸਿੰਘ ਜਾਂ ਕਈ ਹੋਰ ਦਿਲ ਦੀ ਕਵਿਤਾ ਦੀ ਸਿਫ਼ਤ
ਐਂਵੇ ਨਹੀਂ ਕਰ ਸਕਦੇ? ਇਹਦੇ ਪਾਠਕ ਥੋੜ੍ਹੇ ਹੋਣਗੇ; ਪਰ ਹੈਨ ਰਾਏ ਬਣਾਉਣ ਵਾਲੇ। ਚੇਤਨ
ਦਿਮਾਗ਼, ਜਗਦਿਆਂ ਮੱਥਿਆਂ ਵਾਲ਼ੇ। ਇਹਦੀ ਕਵਿਤਾ ਚੁੱਪ-ਚੁਪੀਤੇ ਮਨ ਚ ਖੌਰੂ ਪਾਉਣ ਵਾਲ਼ੀ
ਹੈ। ਨਿਓਟਿਆਂ, ਨਿਥਾਂਵਿਆਂ, ਨਿਮਾਣਿਆਂ ਤੇ ਨਿਆਸਰਿਆਂ ਦੀ ਮਨੋ ਦਸ਼ਾ ਦਾ ਇਹਨੂੰ ਪੂਰਨ
ਗਿਆਨ ਸੀ। ਦਿਲ ਦੀ ਕਵਿਤਾ ਚ ਇਨ੍ਹਾਂ ਦਾ ਬਿਆਨ ਵੀ ਇਸਦਾ ਹਾਸਲ ਹੈ। ਦੂਸਰੀ ਗੱਲ ਕਿ ਇਹ
ਗੱਲ ਜੇ ਦਿਲ ਨਾ ਕਰਦਾ ਤਾਂ ਹੋਰ ਕਿਸ ਕਰਨੀ ਸੀ?
ਉਲਟ ਇਨਕਲਾਬ ਦੇ ਪੈਰ
ਸਾਡੀਆਂ ਹਿੱਕਾਂ ਤੇ ਆਣ ਟਿਕੇ
ਜ਼ਲੀਲ ਹੋਣਾ ਹੀ
ਸਾਡਾ ਜਿਵੇਂ ਇਕੋ ਇਕ
ਪੜਾਅ ਰਹਿ ਗਿਆ।
ਸਾਹਿਤ ਚ ਉੱਚਤਮ ਪ੍ਰਗਟਾਅ ਦਾ ਸਰੋਤ ਭਾਵਨਾ ਤੇ ਆਲਾ-ਦੁਆਲਾ ਹੀ ਹੁੰਦਾ। ਗ਼ਰੀਬ ਗ਼ੁਰਬਿਆਂ
ਦਾ ਬਿਰਤਾਂਤ ਲਾਲ ਦੀ ਕਵਿਤਾ ਚੋਂ ਬਾਹਰ ਕਿੱਦਾਂ ਰਹਿੰਦਾ? ਦਿਲ ਤੱਕ ਕੇ ਪ੍ਰੇਸ਼ਾਨ ਵਾਲ਼ੀ
ਕਵਿਤਾ ਲਿਖਦਾ ਸੀ- ਅਪਣੇ ਹੱਥੀਂ ਅਪਣਾ ਹੀ ਕਾਜ ਸੁਅਰੀਏ। ਸਾਹਿਤ ਸਮਾਜ ਦਾ ਸੀਸ਼ਾ ਵੀ
ਹੁੰਦਾ ਹੈ। ਇਹ ਸਰਵਾਰਿਆਂ ਦਾ ਕਵੀ ਕਿਓਂ ਨਹੀਂ ਹੋ ਸਕਦਾ। ਦਿਲ ਜਿਨ੍ਹਾਂ ਲੋਕਾਂ ਦੀ ਗੱਲ
ਕਰਦਾ, ਉਹ ਨਿਰੇ ਅੱਜ ਵਾਲੇ ਦਲਿਤ ਨਹੀਂ। ਇਹ ਇਤਿਹਾਸਕ ਬਿਰਤਾਂਤ ਨਾਲ਼ ਦੱਸਦਾ ਹੈ; ਆਰੀਆਂ
ਦੇ ਆਉਣ ਵੇਲੇ ਦਾ; ਆਦਿ-ਵਾਸੀਆਂ ਦੇ ਘਰੋਂ-ਬੇਘਰ ਹੋਣ ਦਾ ਵੀ ਹੈ। ਪੰਜਾਬੀ ਕਵਿਤਾ ਚ ਇਹ
ਹੋਰ ਕਿੱਥੇ ਆਇਆ ਹੈ?
ਇਹ ਭੁੱਖਾਂ ਮਾਰੇ ਆਰੀਆ ਕੌਣ ਹਨ?
ਇਹ ਜਾ ਰਹੇ ਨੇ ਰੋਕਣ ਕਿਸ ਭਾਰਤ ਦੀ ਜ਼ਮੀਨ?
ਨੌਜੁਆਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਤੇ
ਜੋ ਦਿਨ ਰਾਤ ਭਰ ਰੱਥ ਖਿਚਦਾ ਹੈ
ਉਸਦੇ ਕੰਨਾਂ ਚ
ਰਾਮ ਵੇਲੇ ਦਾ ਸਿੱਕਾ ਢਲਿਆ ਹੈ
ਦਿਲ ਨੇ ਇਨਕਲਾਬੀ ਲਹਿਰ ਦਾ ਸਿੱਧਾ ਅਸਰ ਕਬੂਲਿਆ। ਐਕਸ਼ਨ ਚ ਆਪ ਹਿੱਸਾ ਵੀ ਲਿਆ ਤੇ ਕਵਿਤਾ
ਚ ਨਵੀਂਆਂ ਪੈੜਾਂ ਪਾਈਆਂ। ਏਦੂੰ ਪਹਿਲਾਂ ਦੀ ਕਵਿਤਾ ਚ ਇਹ ਕਾਣ ਰਹੀ ਸੀ। ਕਵੀਆਂ ਦੇ
ਫ਼ਿਕਰ ਹੋਰ ਸੀ – ਇਨਕਲਾਬ ਦਾ ਸਰੂਪ ਹੋਰ ਸੀ; ਜਿਨ੍ਹਾਂ ਲੋਕਾਂ ਲਈ ਹੇਠਲੀ ਉੱਤੇ ਲਿਆਉਣੀ
ਸੀ, ਉਨ੍ਹਾਂ ਨਾਲ ਤਾਂ ਕੋਈ ਸਾਂਝ ਵੀ ਨਹੀਂ ਸੀ, ਨਾਲ਼ ਤੋਰਨ ਦੀ ਤਾਂ ਗੱਲ ਦੂਰ ਦੀ ਹੋਈ।
ਹੇਠਲੀਆਂ ਸਤਰਾਂ ਪੜ੍ਹ ਕੇ ਕਿਸੇ ਵਿਆਖਿਆ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਲਾਲ ਦੀ ਕਵਿਤਾ
ਚ ਕਿਨ੍ਹਾਂ ਦਾ ਫ਼ਿਕਰ ਮੌਜੂਦ ਹੈ:
ਮੈਲਾ ਪਰਨਾ
ਵਧੀ ਦਾੜੀ
ਮੁੜ੍ਹਕੇ ਤੇ ਕੰਡ ਦਾ ਕਾਲਾ ਕੀਤਾ ਝੱਗਾ
ਲੱਤਾਂ ਨੰਗੀਆਂ
ਪੈਰ ਪਾਟੇ
ਕੀ ਬੰਗਾਲ
ਕੀ ਕੇਰਲਾ
ਪਸ਼ੂਆਂ ਪਿੱਛੇ ਜਾਂਦੇ ਛੇੜੂ
ਜਾਂ
ਕੁੜੇਲੀ ਪਿੰਡ ਦੀਆਂ ਵਾਸਣਾ
ਕਾਲੇ ਕਾਲੇ ਸੂਟ ਪਹਿਨੀਂ
ਹਰਿਆਂ ਬਾਗਾਂ ਵਿਚੋਂ ਦੀ ਲੰਘਦੀਆਂ ਹਨ
ਖੇਤਾਂ ਤੇ ਕੰਧਾਂ ਦੀ ਮਜੂਰੀ ਲਈ।
ਕਾਂਗਲਾ ਤੇਲੀ ਪੰਜਾਬੀ ਦੀ ਕਲਾਸਿਕ ਕਵਿਤਾ ਹੈ। ਇਸ ਵਿਚਲੇ ਬਿਰਤਾਂਤ ਵਰਗੇ ਕੋਈ ਕੱਲਾ
ਕਹਿਰਾ ਐਕਸ਼ਨ ਵੀ ਹੋਇਆ ਹੋਊ। ਪਰ ਵੱਡੀ ਗੱਲ ਇਹ ਹੈ ਕਿ ਇਹ ਮਸਲੇ ਦੀ ਜੜ੍ਹ ਨੂੰ ਪੈਂਦੀ
ਹੈ। ਇਹ ਮਨ ਚ ਖੇਲ ਸ਼ੁਰੂ ਕਰਦੀ ਹੈ। ਐਸੀਆਂ ਵਾਰਦਾਤਾਂ ਬਲਦਵੇਂ ਰੂਪ ਚ ਅਜੇ ਵੀ ਹੁੰਦੀਆਂ
ਨੇ; ਦਿਲ ਦਾ ਜੁਆਬ ਇਛੱਤ-ਯਥਾਰਥ ਹੈ:
ਪੀਰੂ ਦੇ ਕੰਨੀਂ ਪਈ ਵਾਰਤਾ
ਭੋਜਪਾਲ ਲੈ ਗਿਆ ਹੈ ਰਹਿਮਤਾਂ
ਭੈਣ ਤੇਰੀ ਵਾਂਗ ਦੂਜੀ ਆਬਰੂ
ਲੁੱਟ ਲਈ ਲੁਟੇਰਿਆਂ
ਜਾਂ
ਪਹੁੰਚਿਆ ਦੁਆਰੇ ਪੀਤੂ ਭੰਗੀ ਦੇ
ਕੀਲੇ ਨਾਲ ਸਾਵਾ ਘੋੜਾ ਬੀੜਿਆ
ਸਿਰ ਤੇ ਮੜ੍ਹਾਸਾ ਪੀਤੂ ਪਹੁੰਚਿਆ
ਦਾੜੀ ਭਰੀ ਹੋਈ ਨਾਲ ਕੰਡ ਦੇ
ਕਾਂਗਲੇ ਨੁੰ ਜੱਫੀ ਪਾ ਕੇ ਚੁੰਮਿਆ
ਯਾਰ ਸਾਡੀ ਆਬਰੂ ਦੇ ਸਾਂਝੀਆ
ਯੂ ਪੀ ਤੋਂ ਉਚਾਟ ਮਨ ਨਾਲ਼ ਦਿਲ ‘ਘਰ’ ਮੁੜਿਆ ਤਾਂ ਇਹਦਾ ਚਿੱਤ ਕਿੰਨਾ ਚਿਰ ਉੱਖੜਿਆ
ਉੱਖੜਿਆ ਰਿਹਾ। ਫਿਰ ਇਹਦੀ ਆੜੀ ਸਮਰਾਲ਼ੇ ਦੇ ਟਰੱਕਾਂ ਵਾਲ਼ਿਆਂ ਨਾਲ਼ ਪੈ ਗਈ। ਦਿਲ ਉਨ੍ਹਾਂ
ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦਾ। ਗਿਆਨ ਦੀਆਂ ਗੱਲਾਂ ਉਹਨਾਂ ਦੇ ਸਿਰ ਤੋਂ
ਨਿਕਲ਼ ਜਾਂਦੀਆਂ। ਇਹ ਹਲਕੀਆਂ-ਫੁਲਕੀਆਂ ਕਰਨ ਲੱਗ ਪੈਂਦਾ। ਇਉਂ ਇਹਦਾ ਨਸ਼ੇ ਦਾ ਭੁਸ ਪੂਰਾ
ਹੋ ਜਾਂਦਾ, ਟਰੱਕਾਂ ਵਾਲ਼ਿਆਂ ਨੂੰ ਇਹਦੀ ਸੰਗਤ ਮਿਲ ਜਾਂਦੀ - ਨਾਲ਼ੇ ਆਪ ਰਾਜ਼ੀ ਨਾਲ਼ੇ ਗਾਹਕ
ਰਾਜ਼ੀ। ਦੋਹਾਂ ਧਿਰਾਂ ਦਾ ਮਨ ਪਰਚਾਵਾ ਹੋਈ ਜਾਂਦਾ। ਟਰੱਕਾਂ ਦੇ ਫੱਟਿਆਂ ਪਿੱਛੇ ਲਿਖਣ
ਨੂੰ ਢੁੱਕਵੇਂ ਬੋਲ ਮਿਲ ਜਾਂਦੇ। ਇਹਦੀਆਂ ਨਿਆਰੀਆਂ ਨਿਆਰੀਆਂ ਗੱਲਾਂ ਸੁਣਨ ਨੂੰ
ਮਿਲਦੀਆਂ। ਪੀਤੀ ਖਾਧੀ ਤੋਂ ਝੱਲ ਵਲੱਲੀਆਂ ਕੀਤੀਆਂ ਵੀ ਕਰ ਲੈਂਦਾ। ਪੰਜਾਬੀ ਟਰੱਕਾਂ
ਵਾਲ਼ਿਆਂ ਦੇ ਬਥੇਰੇ ਸ਼ੌਕ-ਐਬ ਨੇ। ਨਸ਼ੇ ਪੱਤੇ ਦੇ ਬੋਲ ਬਾਲੇ ਦੇ ਕਿੱਸੇ ਮਸ਼ਹੂਰ ਨੇ।
ਕਹਿੰਦੇ ਨੇ ਵਧੀਆ ਕਿਸਮ ਦੀ ਖ਼ਾਲਸ ਅਫ਼ੀਮ ਇਨ੍ਹਾਂ ਕੋਲ ਵੀ ਹੁੰਦੀ ਹੈ। ਤਮਾਕੂ, ਬੀੜੀ
ਸ਼ਰਾਬ ਤੇ ਹੋਰ ਕਈ ਕੁਝ ਦਾ ਖ਼ਜ਼ਾਨਾ ਵੀ ਹੁੰਦਾ ਤੇ ਉਪਰੋਂ ਹੱਥ ਦੇ ਵੀ ਸਖ਼ੀ। ਜੇ ਕਿਤੇ ਇਹ
ਦਿਆਲ ਹੋ ਜਾਣ ਤਾਂ ਨਿਹਾਲ ਕਰ ਦਿੰਦੇ ਨੇ। ਸ਼ਾਇਦ ਲਾਲ ਦਾ ਇਹੀ ਲਾਲਚ ਸੀ। ਟਰੱਕਾਂ ਵਾਲ਼ੇ
ਏਸ ਗੱਲੋਂ ਵੱਧ ਹੈਰਾਨ ਹੁੰਦੇ ਕਿ ਐਸ ਹਿੱਲੇ ਹੋਏ ਬੰਦੇ ਨੂੰ ਦੂਰੋਂ ਦੁਰੇਡਿਓਂ ਬਹੁਤੇ
ਪੜ੍ਹੇ ਲਿਖੇ, ਸ਼ਾਲੀਨ, ਅਖ਼ਬਾਰਾਂ ਵਾਲ਼ੇ ਲੋਕ ਕਾਰਾਂ-ਜੀਪਾਂ ਚ ਕਿਹੜੀ ਗੱਲੋਂ ਮਿਲਣ ਆਉਂਦੇ
ਨੇ। ਇਸ ਨੰਗ-ਮਲੰਗ ਕੋਲ਼ ਐਸੀ ਕਿਹੜੀ ਗਿੱਦੜਸਿੰਙੀ ਹੋਈ।
ਖੱਬੀ ਲਹਿਰ ਦੀ ਧੁਰੋਂ ਇਹੀ ਨੀਤੀ ਬਣੀ ਰਹੀ ਕਿ ਬਾਕੀ ਗੱਲਾਂ ਛੱਡੋ! ਇਨਕਲਾਬ ਆ ਲੈਣ
ਦਿਓ, ਆਪੇ ਹੇਠਲੀ ਉੱਤੇ ਆ ਜਾਣੀ ਹੈ। ਸਭ ਕੁਝ ਠੀਕ ਕਰ ਦਿਆਂਗੇ। ਸੱਭ ਅੱਛਾ ਹੋ ਜਾਣਾ
ਹੈ। ਇਹ ਗੱਲ ਉਨ੍ਹਾਂ ਦੇ ਮਨ ਚ ਆਈ ਹੀ ਨਾ ਕਿ ਜਿਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਤੁਰਨਾ
ਹੈ, ਜਿਨ੍ਹਾਂ ਲਈ ਇਨਕਲਾਬ ਹੋਣਾ ਹੈ ਜੇ ਉਨ੍ਹਾਂ ਨੂੰ ਪਾਰਟੀ ਚ ਸਭ ਠੀਕ ਹੋਣ ਦੀ ਤਾਂ
ਗੱਲ ਹੀ ਕਰਨੀ, ਉਨ੍ਹਾਂ ਪ੍ਰਤੀ ਇਨ੍ਹਾਂ ਦਾ ਅਪਣਾ ਵਰਤਾਅ ਹੀ ਠੀਕ ਨਹੀਂ; ਤਾਂ ਇਨਕਲਾਬ
ਕਿਹੜਾ ਆਉਣਾ ਫਿਰ? ਠੋਕਰ ਖਾ ਕੇ ਜੇ ਲਾਲ ਤੇ ਇਹਦੇ ਵਰਗੇ ਅਨੇਕਾਂ ਹੋਰਾਂ ਦੇ ਮਨ ਚ
ਵਿਤਕਰਾ ਹੋਣ ਵਾਲ਼ੀ ਗੱਲ ਆ ਜਾਂਦੀ ਹੈ, ਤਾਂ ਕੀ ਉਹ ਬਿਨਾਂ ਵਜਾਹ ਹੀ ਸੀ? ਗ਼ੌਰਤਲਬ ਹੈ ਕਿ
ਲਾਲ ਦਾ ਮਿਹਣਾ ਕਿੰਨ ਕੁ ਗ਼ੈਰ ਵਾਜਿਬ ਹੈ? ਹੁਣ ਤਾਂ ਬਿੱਲੀ ਥੈਲਿਓਂ ਬਾਹਰ ਹੀ ਆ ਗਈ।
ਭਲਾ, ਹਿੰਦੂਆਂ ਸਿੱਖਾਂ ਨੂੰ ਕੀ ਕਹੀਏ। ਜਦ ਪਤਾ ਹੈ ਕਿ ਏਸ ਮਾਮਲੇ ਚ ਕਾਮਰੇਡ ਆਪ ਕਿੰਨੇ
ਕੁ ਭਲੇ ਹੈਨ? ਦਿਲ ਕੋਲ ਕਲਮ ਸੀ, ਅੰਦਰ ਲਾਟ ਜਗਾਈ ਬੈਠਾ ਸੀ - ਚੁੱਪ ਕਿਵੇਂ ਰਹਿੰਦਾ।
ਇਸ ਮਸਲੇ ਬਾਰੇ ਦਿਲ ਦਾ ਵਿਅੰਗ ਬਾਣ ਪਾਪੂਲਰ ਰਿਹਾ:
ਦੁਸ਼ਮਣ ਦੇ ਤਾਂ ਮਿੱਤਰ ਹੋਏ,
ਲੋਕਾਂ ਦੇ ਨਾਲ ਦੰਗੇ ਵੇ ਲੋਕਾ।
ਇਨਕਲਾਬ ਦਾ ਨਾਂ ਕਿਓਂ ਲਈਏ,
ਇਹ ਤਾਂ ਬਲੀਆਂ ਮੰਗੇ ਵੇ ਲੋਕਾ।
ਉਸ ਵੇਲ਼ੇ ਦੀ ਕਵਿਤਾ ਦੇ ਐਨ ਉਲਟ ਲਾਲ ਦੀ ਕਵਿਤਾ ਗਹਿਰ ਹੈ, ਗੰਭੀਰ ਹੈ, ਸਹਿਜ ਹੈ। ਪਰ
ਇਹਦੀ ਕਵਿਤਾ ਬੜਬੋਲੀ ਨਹੀਂ। ਖੜਕੇ ਦੜਕੇ ਤੇ ਵਿਸਫੋਟਕੀ ਫ਼ੈਸ਼ਨ ਤੋਂ ਬਚੀ ਹੋਈ ਹੈ। ਇਹਦੀ
ਕਵਿਤਾ ਮਲਕੜੇ ਜਿਹੀ ਕੀਤੀ ਗਹਿਰੀ ਗੱਲ ਹੁੰਦੀ ਹੈ – ਕੰਨ ਚ ਮਾਰੀ ਫੂਕ ਵਰਗੀ। ਫਨੀਅਰ
ਨਾਗ ਦੀ ਤਰ੍ਹਾਂ ਨਾ ਫੂੰਅ-ਫੂੰਅ ਕਰਦੀ ਹੈ ਤੇ ਨਾ ਹੀ ਫੰਨ ਚੁਕਦੀ ਹੈ। ਬਸ! ਚੁਪ ਚੁਪੀਤਾ
ਗਹਿਰਾ ਡੰਗ ਮਾਰਦੀ ਹੈ। ਇਹਦਾ ਡੰਗਿਆ ਇਹਦਾ ਅਸਰ ਲੰਮੇ ਸਮੇ ਤੀਕ ਸਹੂਗਾ। ਇਸ ਬਾਰੀਕ
ਕਵਿਤਾ ਚ ਗੁੱਝੀ ਮਾਰ ਮਾਰਨ ਦੇ ਅਤੇ ਲੰਮੀ ਲੜਾਈ ਵਾਲ਼ੇ ਸਾਰੇ ਗੁਣ ਨੇ; ਇਹ ਕੱਛੂ ਤੋਰੇ
ਤੁਰਦੀ, ਖ਼ਰਗੋਸ਼ ਨੂੰ ਜਿੱਤਣ ਵਾਲੀ ਦੌੜ ਹੈ। ਇਹਦਾ ਅਸਰ ਚਿਰਾਂ ਤੀਕ ਰਹਿਣ ਵਾਲ਼ਾ ਹੈ:
ਜਦ ਮਜੂਰਨ ਤਵੇ ’ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹਸਦਾ ਹੈ
ਬਾਲ ਛੋਟੇ ਨੂੰ ਪਿਓ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਂਉਂਦਾ ਹੈ
ਤੇ ਨਚਦਾ ਹੈ-
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ।
ਭਾਰਤੀ ਸਮਾਜ ਦੀ ਦਰਜੇਬੰਦੀ ਨੂੰ ਜੋ ਮਨ ਚਾਹੇ ਨਾਂ ਦੇ ਲਓ। ਇਸ ਸ਼ਾਤਰ ਬ੍ਰਹਾਮਣੀ
ਮਾਨਸਿਕਤਾ ਨੇ ਚੰਗੇ ਭਲੇ ਬੰਦਿਆਂ ਨੂੰ ਨੀਚ, ਚੰਡਾਲ ਤੇ ਹੀਣੇ ਬਣਾ ਦਿੱਤਾ ਸੀ। ਫਿਰ
ਸਦੀਆਂ ਦੀ ਏਸ ਰਵਾਇਤ ਨੇ ਬੰਦਿਆਂ ਦਾ ਮੱਚ ਹੀ ਮਾਰ ਦਿੱਤਾ। ਹਮਾਇਤੀਆਂ, ਸ਼ੁਭਚਿੰਤਕਾਂ ਦਾ
ਦੇਣ ਅਪਣੇ ਥਾਂ, ਪਰ ਇਸ ਕੋਹੜ ਦੀ ਮਾਰ ਦਾ ਪਤਾ ਡੰਗ ਸਹਿਣ ਵਾਲੇ ਨੂੰ ਹੀ ਪਤਾ ਹੋਣਾ
ਹੁੰਦਾ। ਦਿਲ ਨੇ ਇਹ ਡੰਗ ਨਾ ਚਾਹੁੰਦਿਆਂ ਵੀ ਜਰਿਆ ਸੀ। ਕਈਆਂ ਪਾਸਿਆਂ ਤੋਂ:
ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ
ਜਾਂ
ਉੱਚੀ ਜਾਤ ਦਾ ਮੁੰਡਾ
ਤੇ ਨੀਵੀਂ ਜਾਤ ਦੀ ਕੁੜੀ।
ਇਹ ਕਿੱਧਰ ਦੀ ਦਿਆਨਤਦਾਰੀ
ਇਹ ਕਿੱਧਰ ਦੀ ਕਲਾ।
ਨੀਵੀਂ ਜਾਤ ਦਾ ਮੁੰਡਾ,
ਉੱਚੀ ਜਾਤ ਦੀ ਕੁੜੀ।
ਸਿਆਣੇ ਹੋਈਏ ਇਸ਼ਕ ਨਾ ਕਰੀਏ,
ਜੇ ਚਹੁੰਦੇ ਹਾਂ ਭਲਾ।
ਸਹਿਮਤ ਹੋ ਜਾਂਦੇ ਸੱਭ
‘ਕੱਠੇ ਕਰਦੇ ਹਲਾ ਹਲਾ।
ਦਿਲ ਸਹਿਜ ਸੁਰ ਵਾਲ਼ੀ ਤੇ ੳੁੱਚੇ ਵਿਚਾਰਾਂ ਵਾਲ਼ੀ ਕਵਿਤਾ ਦਾ ਸਿਰਜਣਹਾਰਾ ਹੈ। ਅਸੀਂ ਖੱਬੀ
ਧਿਰ ਵਾਲ਼ੇ ਗਰਮ ਤੇ ਤੱਟ-ਫੱਟ ਕਵਿਤਾ ਦੇ ਗਿੱਝੇ ਹੋਏ ਵੀ ਸੀ। ਸ਼ਾਇਦ ਇਹਦੇ ਪਾਠਕ ਘੱਟ ਹੋ
ਸਕਦੇ ਨੇ ਪਰ ਹੈਨ ਵਿਚਾਰਸ਼ੀਲ। ਜਗਦਿਆਂ ਮੱਥਿਆ ਵਾਲ਼ੇ; ਚੇਤਨ ਦਿਮਾਗ਼। ਇਹ ਕਵੀਆਂ ਦਾ ਕਵੀ
ਵੀ ਹੈ- ਚੁੱਪ ਕੀਤਿਆਂ ਦੀ ਕਵਿਤਾ ਦਾ ਰਚਨਹਾਰਾ ਵੀ। ਦਿਲ ਦੀ ਕਵਿਤਾ ਇਹਦੀ ਅਪਣੀ ਧਿਰ
ਨੂੰ ਜ਼ੁਬਾਨ ਦੇਣ ਵਾਲੀ ਹੈ। ਗੁੰਗਿਆਂ ਦੀ ਗੱਲ ਅੱਗੇ ਪਹੁੰਚਾਉਣ ਵਾਲ਼ੀ ਹੈ:
ਇਹ ਭੁੱਖਾਂ ਮਾਰੇ ਆਰੀਆਂ ਕੌਣ ਹਨ?
ਇਹ ਜਾ ਰਹੇ ਨੇ ਰੋਕਣ ਕਿਸ ਭਾਰਤ ਦੀ ਜ਼ਮੀਨ?
ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਿਰਿਆਂ ਦਾ ਪਿਆਰ
ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗ਼ੈਰਾਂ ਦੀ ਜ਼ਮੀਨ
ਬ੍ਰਾਹਮਣੀ ਸਭਿਆਚਾਰ ਦੇ ਸਦੀਆਂ ਦੇ ਦਾਬੇ ਤੇ ਹਿੱਕ-ਧੱਕੇ ਨੂੰ ਅੰਦਰ ਬਾਹਰ ਬਥੇਰਾ ਭੰਡ
ਲਿਆ ਹੈ। ਸਾਰੇ ਜਹਾਨ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਇਸਦਾ ਨੋਟਿਸ ਤਾਂ ਲੈ ਲੈਂਦੀਆਂ
ਨੇ, ਪਰ ਭਾਰਤ ਦੇ ‘ਵੱਡੇ ਲੋਕਤੰਤਰ’ ਹੋਣ ਕਰਕੇ ਬਾਬ੍ਹਰ ਕੇ ਕੁਝ ਨਹੀਂ
ਕਹਿੰਦੀਆਂ-ਕਰਦੀਆਂ। ਜਿਸ ਗੱਲ ਵੱਲ ਧਿਆਨ ਅਜੇ ਤਾਈਂ ਨਹੀਂ ਜਾ ਰਿਹਾ ਕਿ
ਏਸੇ ਬ੍ਰਹਾਮਣੀ ਸਭਿਆਚਾਰ ਦਾ ਪੰਜਾਬ ਚ ਰੰਗ ਹੋਰ ਹੈ। ਏਥੇ ਓਹੀ ਥੌਂਸ ਅਸਲ ਚ ਜੱਟਵਾਦੀ
ਸਭਿਆਚਾਰ ਦੇ ਪਰਤਵੇਂ ਰੂਪ ਚ ਦਰਪੇਸ਼ ਹੈ। ਇਹ ਧੌਂਸ ਅਪਣੇ ਸੁਭਾਅ ਕਾਰਣ ਸਗੋਂ ਬੜਬੋਲੀ ਵੀ
ਹੈ। ਇਹ ਸੱਭ ਜਾਣਦਿਆਂ ਹੋਇਆਂ ਦਿਲ ਕਵਿਤਾ ਚ ਅਪਣਾ ਇਨਕਲਾਬੀ ਪਰਮ ਧਰਮ ਵੀ ਨਿਭਾਈ ਜਾਂਦਾ
ਹੈ:
ਕਣਕਾਂ ਦੀ ਉਦਾਸੀ ਵਿਚ
ਕਿੱਕਰਾਂ ਦੀ ਮਹਿਕ ਵਿਚ
ਤੂੰ ਦੂਰ ਦੂਰ ਤੱਕਦੀ
ਕਾਵੇਰੀ ਤੱਕ
ਖੋਹੀ ਜਾਂਦੀ ਥਾਂ
ਕਣਕਾਂ ਦੀ ਪੱਤ
ਜਾਂ
ਬਾਬਲ ਤੇਰੇ ਖੇਤਾਂ ਵਿਚ
ਕਦੇ ਕਦੇ ਮੈਂ ਨੱਚ ਉੱਠਦੀ ਹਾਂ
ਹਵਾ ਦੇ ਬੁੱਲੇ ਵਾਂਗ
ਐਵੇਂ ਭੁੱਲ ਜਾਂਦੀ ਹਾਂ
ਕਿ ਖੇਤ ਤਾਂ ਸਾਡੇ ਨਹੀਂ
ਕੁਝ ਦਿਨ ਰਹਿਣ ਦਾ ਬਹਾਨਾ
ਮੁਕੱਦਮੇ ਹਾਰ ਬੈਠੇ ਹਾਂ
ਪੈਸੇ ਖੁਣੋਂ
ਸਲੀਪਰ ਟੁੱਟ ਚੁਕੇ ਹਨ
ਅਤੇ
ਜੱਟ ਮੰਡੀਆਂ ਚੋਂ
ਤੇੜ ਦਾ ਪਰਨਾ ਬਚਾਉਂਦਾ ਘਰ ਆਇਆ।
ਚੁੱਲਾਂ ਟੋਹਿਆ ਅੱਗ ਨਾ ਲੱਭੀ।
ਮੰਡੀ ਨੂੰ ਗੋਭੀ ਜਾ ਰਹੀ,
ਜਾਂਦੀ ਏ ਜੀਕਣ ਬਾਲੜੀ।
ਦਿਲ ਸਥਾਪਤੀ ਦਾ ਵੀ ਵਿਰੋਧੀ ਸੀ ਤੇ ਮਿੱਥਾਂ ਭੰਨਣ ਦਾ ਹਾਮੀ ਵੀ ਸੀ – ਮਿੱਥਭੰਜਕ। ਇਹ
ਇਛੱਤ ਯਥਾਰਤ ਦੀ ਆਸ ਨੂੰ ਹਿੱਕ ਨਾਲ਼ ਲਾ ਕੇ ਸਾਂਭੀ ਫਿਰਦਾ ਰਿਹਾ। ਸ਼ਾਇਦ ਏਸੇ ਆਸ ਨਾਲ਼ ਹੀ
ਤਾਂ ਇਹ ਨਕਸਲਬਾੜੀ ਲਹਿਰ ਚ ਜਾ ਰਲ਼ਿਆ ਸੀ। ਪੰਜਾਬ ਚ ਪਹਿਲਾ ਐਕਸ਼ਨ ਕਰਨ ਨੂੰ ਵੀ ਮੋਹਰੇ
ਹੋ ਗਿਆ; ਇਹਦੇ ਮਨ ਚ ਬਰਾਬਰਤਾ ਲਿਆਉਣ ਦਾ ਚਾਅ ਸੀ। ਜੋ ਮਰਜ਼ੀ ਹੋਵੇ, ਅਖ਼ੀਰ ਜ਼ਿੰਦਗ਼ੀ
ਆਸਾਂ ਸੁਆਸਾਂ ਆਸਰੇ ਹੀ ਚਲਦੀ ਹੈ:
ਲੋਕ ਕਹਿਣ ਕਿ ਬਲਦ ਦਿਆਂ ਸਿੰਙਾਂ ਤੇ ਧਰਤੀ
ਮੈਂ ਮੁਨਕਰ ਹਾਂ।
ਪਰ ਮੇਰਾ ਵਿਸ਼ਵਾਸ ਅਟੱਲ ਹੈ
ਕਿ ਅਪਣੇ ਹੱਥ ਉੱਤੇ ਧਰਤੀ
ਔਰਤ ਨੇ ਹੈ ਚੱਕੀ ਹੋਈ।
ਜਾਂ
ਅਸੀਂ ਰਾਣੀਆਂ ਸਾਂ
ਜੰਗਲਾਂ ‘ਚ ਨੌਕਰ ਵਿਆਹੇ
ਇਹ ਦਾਤੀਆਂ
ਸਾਡੇ ਮਰਦਾਂ ਦੇ ਹੱਥ ਦੀਆਂ ਦਾਤੀਆਂ
ਦਿਲ ਬਾਰੇ ਔਰਤ ਦੇ ਸੰਗ-ਸਾਥ ਦੇ ਤਰਸੇਵੇਂ ਦੀ ਬੜੀ ਲੱਲ ਪਈ ਹੋਈ ਹੈ। ਇਹ ਕਿੰਨੀ ਕੁ
ਸੱਚੀ ਹੈ, ਇਹਦਾ ਸਹੀ ਜੁਆਬ ਤਾਂ ਦਿਲ ਕੋਲ਼ ਹੀ ਸੀ ਤੇ ਹੁਣ ਉਸਦੇ ਕਿਸੇ ਜੀਂਦੇ ਜਾਗਦੇ
ਦਿਲਾਂ ਦੇ ਬਹੁਤੇ ਸਾਂਝੀ ਕੋਲ ਹੋ ਸਕਦਾ ਹੋਊ। ਪਰ ਇਸ ‘ਨਿਗੂਣੀ’ ਗੱਲ ਨਾਲੋਂ ਇਹ ਗੱਲ
ਵੱਡੀ ਨਹੀਂ ਕਿ ਦਿਲ ਢਿੱਡੋਂ ਨਿਤਾਣੇ, ਨਿਓਟੇ, ਨਿਆਸਰੇ ਬੰਦੇ ਨਾਲ਼ ਖੜਾ ਹੈ। ਸਣੇ ਜੱਟ
ਮੁਜ਼੍ਹਾਰਿਆਂ, ਵੇਸਵਾਵਾਂ ਦੇ। ਉਹਦੀ ਕਵਿਤਾ ਚ ਦਾਬਾ ਸਹਿਣ ਵਾਲ਼ਿਆਂ ਦੀਆਂ ਭਾਵਨਾਵਾਂ ਦਾ
ਪ੍ਰਗਟਾਅ ਹੈ। ਇਸ ਵਿਚ ਇਕੱਲੇ ਗ਼ਰੀਬ ਨਹੀਂ ਆਉਂਦੇ। ਨਾ ਸਿਰਫ ਮੁਜ਼੍ਹਾਰੇ ਤੇ ਮਜ਼ਦੂਰ ਹੀ
ਆਉਂਦੇ ਨੇ ਸਗੋਂ
ਔਰਤਾਂ ਨਾਲ਼ ਹੁੰਦੇ ਅਨਿਆਂ ਦਾ ਜ਼ਿਕਰ ਲਾਲ ਦੀ ਕਵਿਤਾ ਚ ਵਿਦਮਾਨ ਹੈ। ਲਾਲ ਦੀ ਕਵਿਤਾ ਦਾ
ਬਿੰਦੂ ਬੇਰ ਚੁਗਦੀਆਂ, ਭੋਲੀਆਂ, ਨਿਰਵਸਤਰ ਕੁੜੀਆਂ, ਤਕੜਿਆਂ ਦੇ ਬੋਲ-ਕੁਬੋਲ ਸੁਣਦੀਆਂ,
ਝਿੜਕਾਂ ਖਾਂਦੀਆਂ, ਬੁੱਤੀਆਂ ਕਰਦੀਆਂ ਧੀਆਂ-ਭੈਣਾਂ ਵੀ ਨੇ ਤੇ ਤੰਗਦਸਤ ਪਿਉਆਂ ਦੀ ਸਦਾ
ਸਲਾਮਤੀ ਮੰਗਦੀਆਂ ਵੀ। ਔਰਤ ਵੱਲ ਐਸੀ ਪ੍ਰਤੀਬੱਧਤਾ ਕਿਤੇ ਹੋਰ ਹੈ? ਦਿਲ ਔਰਤ ਦੀ ਗੱਲ
ਭਾਵੁਕਤਾ ਨਾਲ਼ ਕਰਦਾ ਹੈ, ਪਰ ਪੂਰਾ ਮਾਣ ਸਤਿਕਾਰ ਬਣਾਈ ਰੱਖਦਾ ਹੈ। ਇਹ ਦਾ ਇਹ ਪਾਸਾ
ਨਿਕਾਰਨ ਵਾਲ਼ੇ ਕੌਣ ਲੋਕ ਨੇ?
ਧਰਤੀ ਤੇ ਔਰਤ ਦੀ ਪੀੜ ਕਿੰਨੀ ਇੱਕ ਹੈ
ਮਿਹਨਤ ਦੇ ਹਿੱਸੇ ਭੁੱਖਾਂ ਹਨ
ਸਿਤਮ ਦੇ ਨੈਣੀਂ ਅੰਗਾਰੇ ਹਨ
ਧਰਤੀ ਦੇ ਨੈਣੀਂ ਹੰਝੂ ਹਨ
ਔਰਤ ਦੇ ਨੈਣੀਂ ਹੰਝੂ ਹਨ
ਇਸੇ ਲਈ ਸਾਗਰ ਖਾਰੇ ਹਨ।
ਜਾਂ
ਇਹ ਵੇਸਵਾਵਾਂ ਤ੍ਰੀਮਤਾਂ ਕੁੜੀਆਂ
ਮੇਰੀਆਂ ਮਾਵਾਂ ਭੈਣਾਂ ਤੇ ਧੀਆਂ ਹਨ
ਤੇ ਤੁਹਾਡੀਆਂ ਵੀ
ਇਹ ਗਊਆਂ ਪੂਜਣ ਵਾਲੇ ਹਿੰਦੋਸਤਾਨ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
...
ਜੇ ਨਹੀਂ
ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਜਾਂ
ਬਾਬਲ ਤੇਰੇ ਖੇਤਾਂ ਵਿਚ
ਟਰੈਕਟਰ ਨੱਚਣਗੇ ਕਿਸੇ ਦਿਨ
ਬਾਬਲ ਤੇਰੇ ਖੇਤਾਂ ਵਿਚ
ਸਦੀਆਂ ਤੋਂ ਗ਼ੁਲਾਮਾਂ ਵਰਗੀ ਜ਼ਿੰਦਗ਼ੀ ਬਸਰ ਕਰੀ ਜਾਂਦੇ ਲੋਕਾਂ ਦੀ ਗੱਲ ਦਿਲ ਕਰਦਾ ਹੈ।
ਕੰਨ੍ਹੇ ਲੱਗ ਕੇ ਵਗਣਾ ਗਿੱਝ ਗਏ ਲੋਕਾਂ ਨੂੰ ਆਪਾ ਭੁੱਲ ਜਾਂਦਾ ਹੈ। ਹੋਰ ਕੁਝ ਸੋਚਣ ਦੀ
ਚਿਣਗ ਕਿਸੇ ਨਾ ਕਿਸੇ ਨੇ ਲਾਉਣੀ ਹੁੰਦੀ ਹੈ, ਉਹ ਭਗਤ-ਗੁਰੂ ਬਾਬੇ ਵੀ ਹੋ ਸਕਦੇ ਨੇ ਦਿਲ
ਵੀ। ਇਹ ਦੀ ਕਵਿਤਾ ਇਨ੍ਹਾਂ ਨੂੰ ਜ਼ੁਬਾਨ ਵੀ ਦਿੰਦੀ ਹੈ ਤੇ ਹੁੱਝਾਂ ਵੀ ਮਾਰਦੀ ਹੈ। ਉੱਠ
ਕੇ ਅਪਣਾ ਹੱਕ ਲੈਣ ਲਈ ਕੋਈ ਜੁਗਤ ਬਣਾ ਲੈਣ ਦੀ ਗੱਲ ਵੀ ਥਾਂ ਥਾਂ ਕਰਦੀ ਨਜ਼ਰ ਆਉਂਦੀ ਹੈ।
ਇਹਦੀ ਸ਼ਾਇਰੀ ਨਿਰਾ ਨਾਹਰਾ ਬਣਨ ਤੋਂ ਬਚੀ ਹੋਈ ਵੀ ਹੈ। ਜਿਨ੍ਹਾਂ ਲੋਕਾਂ ਦਾ ਮੱਚ ਮਰ ਗਿਆ
ਹੈ, ਲਾਲ ਕਿਸੇ ਆਸ ਨਾਲ਼ ਉਨਾਂ ਦੇ ਮਨਾਂ ਚ ਸੁਪਨੇ ਲੈਣ ਦੇ ਬੀਜ ਸੁੱਟਦਾ ਹੈ ਤਾਂ ਜੋ
ਬਾਅਦ ਚ ਉਹ ਭਾਂਬੜ ਬਣਨ ਜਾ ਬਾਲਣ:
ਸੁਪਨਾ ਹੀ ਰਹਿ ਗਿਆ
ਕਿ ਟੋਪ ਪਹਿਨਾਵਾਂਗੇ
ਬੁਰੇ ਸ਼ਰੀਫ਼ਜ਼ਾਦਿਆਂ ਨੂੰ।
ਉਹ ਲਕੀਰਾਂ ਕੱਢਣਗੇ ਨੱਕ ਨਾਲ਼
ਹਿਸਾਬ ਦੇਣਗੇ ਲੋਕਾਂ ਅੱਗੇ।
ਸਮੁੱਚੀ ਪੰਜਾਬੀ ਕਵਿਤਾ ਪੜ੍ਹੋਂ ਤੇ ਪਰਖੋਂਗੇ ਤਾਂ ਐਹ ਸ਼ਬਦ ਭਾਲਣ ਦੀ ਕੋਸਿਸ਼ ਕਰੋ –
ਛੱਜਾਂ ਵਾਲੇ, ਸੱਪਾਂ ਵਾਲੇ, ਗਧਿਆਂ ਤੇ ਬੈਠੈ ਜੁਆਕ, ਨਾਲੀਆਂ, ਗੋਹਿਆਂ, ਕੁੱਤਿਆਂ,
ਮਾਵਾਂ ਪਿੱਠ ਪਿੱਛੇ ਪਤੀਲੇ ਬੰਨੇ ਨੇ, ਫਾਲ਼ਿਆਂ ਤੋਂ ਤਿੱਖੇ ਦੰਦ, ਲੱਤਾਂ ਨੰਗੀਆਂ, ਪੈਰ
ਪਾਟੇ, ਮੋਢਿਆਂ ਤੇ ਚੁੱਕੀ ਕੁੱਲੀਆਂ ਦੇ ਬਾਂਸ, ਬੱਠਲ ਵੇਚਣ ਵਾਲੇ, ਮੈਲ ਕੱਢਣ ਵਾਲੇ,
ਪੱਥਰ ਢੋਂਦੇ, ਢੋਲ ਬਜਾਉਂਦੇ, ਤੜਾਗੀ ਦੇ ਘੁੰਗਰੂ ਵਜਾਉਂਦਾ ਹੈ, ਸਸਤੇ ਕਪੜਿਆਂ ਦੀ
ਮਹਿਕ, ਹਲ ਝੋਟਿਆਂ ਦੇ ਚਲਦੇ, ਠੀਕਰ, ਹਾੜਾ, ਝੀਰ ਪਾਣੀ ਢੋਂਦੇ ਹੀ ਝਲਾਏ ਨੇ, ਟੁੱਟੀ
ਜੁੱਤੀ ਨਾਲ ਚੱਲਣ ਦੀ ਮੁਹਾਰਤ, ਫੜ ਰਿਹਾ ਓਦਰੇ ਪਸ਼ੂਆਂ ਦੇ ਪੈਰ, ਕੱਛੂ ਫੜਨ ਵਾਲੇ। ਇਹ
ਕਵਿਤਾ ਦਿਲ ਦੀ ਹੀ ਜਿਸ ਵਿਚ ਨਵੇਂ ਨਵੇਂ ਬਿੰਬ, ਇਸ਼ਤਿਆਰੇ ਕਾਵਿਕ
ਸੁਹਜ ਦੇ ਰੂਪ ਚ ਪ੍ਰਿਥਮੇ ਪਰਤੱਖ ਹੋਏ। ਵਜ੍ਹਾ ਆਪ ਸੋਚੋ, ਕਿ ਦਿਲ ਤੋਂ ਪਹਿਲਾਂ ਦੀ
ਕਵਿਤਾ ਚ ਇਹ ਸਭ ਕੁਝ ਕਿਓਂ ਛੁਪਨ ਰਿਹਾ। ਇਹ ਨਵੀਂ ਪੰਜਾਬੀ ਕਵਿਤਾ ਦਾ ਪਾਇਆ ਮੋੜਾ ਸੀ।
ਉੱਤਰ ਪ੍ਰਦੇਸ਼ ਦੇ ਧੱਕੇ ਧੋੜ੍ਹਿਆਂ ਤੋਂ ਪੰਜਾਬ ਨੂੰ ਮੁੜਿਆ ਤਾਂ ਕਈ ਤਰਾਂ ਦੀ ਗੱਲਾਂ
ਹੋਈਆਂ। ਦਿਲ ਦੀ ਗੱਲ ਫਿਰ ਹੋਣ ਲੱਗ ਪਈ ਸੀ; ਕੁਝ ਕੁ ਮਾੜੀਆਂ ਚੰਗੀਆਂ ਵੀ ਕਰਨ ਲੱਗ ਪਏ।
ਕਈਆਂ ਨੇ ਮੱਥੇ ਤੇ ਬਿਠਾ ਲਿਆ। ਮਾਣ ਸਤਿਕਾਰ ਦੇ ਨਾਲ਼ ਨਾਲ਼ ਕਈ ਤਰਾਂ ਦੇ ਇਨਾਮ ਮਿਲਣ ਲੱਗ
ਪਏ। ਕਵਿਤਾ ਪਾਠ ਹੋਣ ਲੱਗੇ। ਰੇਡੀਓ, ਟੈਲੀਵੀਜ਼ਨ ਤੇ ਜਾਣ ਲੱਗ ਪਿਆ। ਕਿਤਾਬਾਂ ਮੁੜ ਕੇ
ਛਪ ਗਈਆਂ। ਪੁਰਾਣੇ ਬੇਲੀ ਲਾਗੇ ਹੋਣ ਲੱਗ ਪਏ। ਆਖਰ ਬੰਦਾ ਸੀ, ਇਹ ਗੱਲ ਲਾਲ ਦੇ ਸਿਰ ਨੂੰ
ਚੜ੍ਹ ਵੀ ਗਈ ਹੋਣੀ ਐਂ। ਇਨਾਮਾਂ ਦੇ ਮਿਲੇ ਪੈਸਿਆਂ ਨਾਲ਼ ਦਿਲ ਦੇ ਅੰਦਰਲਾ ਬਾਦਸ਼ਾਹੀ ਰੂਹ
ਵਾਲ਼ਾ ਬੰਦਾ ਬਾਹਰ ਨਿਕਲ਼ ਪ੍ਰਗਟ ਹੁੰਦਾ। ਪੀ ਕੇ ਖੌਰੂ ਵੀ ਪਾ ਲੈਂਦਾ। ਦਾਰੂ ਦਾ ਜੱਗ ਲਾ
ਦਿੰਦਾ; ਪੀਣ ਵਾਲ਼ੇ ਬੱਲੇ ਬੱਲੇ ਕਰ ਲੈਂਦੇ। ਪੈਸੇ ਮੁਕ ਜਾਂਦੇ ਤਾਂ ਖੋਤੀ ਫਿਰ ਮੋੜ ਕੇ
ਬੋਹੜ ਥੱਲੇ ਆ ਜਾਂਦੀ – ਤਰਲ਼ਿਆਂ ਨਾਲ਼ ਦਿਨ ਨਿਕਲਦੇ। ਪੀਤੀ ਖਾਧੀ ਤੋਂ ਅਵਾ ਤਵਾ ਵੀ ਬੋਲ
ਲੈਂਦਾ। ਘਰ ਦਿਆਂ ਨੂੰ ਵੀ ਅੱਡੀਆਂ ਚੱਕ ਚੱਕ ਪੈਂਦਾ। ਹੋਰਾਂ ਨੂੰ ਵੀ ਖਹਿਬੜਣ ਖਹਿਬੜਣ
ਕਰਦਾ ਰਹਿੰਦਾ। ਐਸੇ ਵਰਤਾਓ ਤੋਂ ਪਤਾ ਨਾ ਲੱਗਦਾ ਕਿ ਇਹ ਕਿਹੜਾ ਦਿਲ ਸੀ?
ਵੈਨ ਗੌਗ ਦੇ ਬਣਾਏ ਮਸ਼ਹੂਰ ਚਿੱਤਰਾਂ ਚੋਂ ਸੂਰਜ ਮੁਖੀਏ ਫੁੱਲਾਂ ਦਾ ਚਿੱਤਰ ਵੀ ਹੈ। 1987
ਚ ਜਦੋਂ ਇਹ ਪੇਟਿੰਗ ਵਿਕਣੀ ਸੀ ਤਾਂ ਬੋਲੀ ਚੜ੍ਹੀ ਗਈ, ਚੜ੍ਹੀ ਗਈ। ਅੰਤ ਪੱਚੀ ਮਿਲੀਅਨ
ਪੌਂਡ ਤੇ ਜਾ ਕੇ ਟੁੱਟੀ। ਮੀਡੀਏ ਨੇ ਗੱਲ ਚੱਕ ਲਈ। ਮਰਨ ਤੋਂ ਪਹਿਲਾਂ ਵੈਨ ਗੌਗ ਨੇ ਕਿਹਾ
ਸੀ, ਦੇਖਿਓ, ਮੇਰੀਆਂ ਕਿਰਤਾਂ ਦਾ ਕੀ ਮੁੱਲ ਪੈਂਦਾ! ਉਨ੍ਹਾਂ ਦਿਨਾਂ ਚ ਪਾਸ਼ ਮੇਰੇ ਕੋਲ਼
ਆਇਆ ਹੋਇਆ ਸੀ। ਪਾਸ਼ ਨੇ ਮੇਰੇ ਨਾਲ਼ ਇਸ ਬਾਰੇ ਖੂੱਲ੍ਹ ਕੇ ਗੱਲਾਂ ਕੀਤੀਆਂ ਕਿ ਜੀਂਦੇ
ਜੀਅ, ਉਹ ਕਿਹੜੇ ਹਾਲੀਂ ਰਿਹਾ ਤੇ ਕਿਵੇਂ ਮਰਿਆ। ਹੁਣ ਉਹਦੀ ਇੱਕ ਪੇਟਿੰਗ ਦਾ ਐਨਾ ਮੁੱਲ
ਪੈ ਗਿਆ ਹੈ। ਨਿਰੁਪਮਾ ਦੱਤ ਦੀ ਬਨਿਸਬਤ ਲਾਲ ਦੀਆਂ ਕੁਝ ਕਵਿਤਾਵਾਂ ਦਾ ਅੰਗਰੇਜ਼ੀ ਚ
ਅਨੁਵਾਦ ਹੋਇਆ ਹੈ। ਮਗਰੋਂ ਕਿਤਾਬ ਵੀ ਛਪ ਗਈ। ਛਾਪੀ ਵੀ ਪੈਂਗੂਇਨ ਵਾਲ਼ਿਆਂ ਨੇ ਹੈ। ਪਰ
ਹੁਣ ਦਿਲ ਆਪ ਇਸ ਜਹਾਨ ਚ ਹੈ ਨਹੀਂ।
ਮਗਰਲੇ ਦਿਨਾਂ ਚ ਦਿਲ ਦੀ ਦੁਰਗਤ ਦੀਆਂ ਗੱਲਾਂ ਉੱਭਰਦੀਆਂ ਰਹੀਆਂ – ਕੁਝ ਮੁਸ਼ਕਿਲਾਂ ਤਾਂ
ਇਹਨੇ ਆਪੇ ਸਹੇੜੀਆਂ ਸੀ। ਕੁਝ ਗੱਲਾਂ ਵਧਾਅ ਕੇ ਵੀ ਕੀਤੀਆਂ ਗਈਆਂ ਹੋਣਗੀਆਂ। ਇਹ ਖ਼ਬਰਾਂ
ਉਡਾਉਣ ਵਾਲ਼ੇ ਪਤਾ ਨਹੀਂ ਕੌਣ ਸੀ? ਵਿੱਚੇ ਹੀ ਸਿਆਸੀ ਲਾਹੇ ਲੈਣ ਵਾਲ਼ੇ ਵੀ ਹੋਣਗੇ।
ਵਿਚਾਰਧਾਰਾ ਤੋਂ ਭੱਜੇ ਹੋਏ ਤਮਾਸ਼ਬੀਨ ਵੀ ਹੋ ਸਕਦੇ ਨੇ। ਕਈ ਮਦਦਗਾਰ ਵੀ ਸੀ। ਅਪਣੇ ਸਮਾਜ
ਚ ਹੁੰਦੇ ਵਿਤਕਰੇ ਤੋਂ ਕਿਸ ਨੇ ਮੁਨਕਰ ਹੋਣਾ? ਪਰ ਦਿਲ ਦੀ ਕਵਿਤਾ ਦੇ ਮੁਰੀਦ ਵੀ ਥੋੜ੍ਹੇ
ਬਹੁਤ ਹੈਨ - ਵਜ੍ਹਾ ਕੋਈ ਵੀ ਹੋਵੇ। ਸੱਜਣਾ, ਪਾਠਕਾਂ, ਸ਼ੁਭਚਿੰਤਕਾਂ ਜਿੰਨੀ ਹੋਈ ਇਹਦੀ
ਮਦਦ ਵੀ ਕੀਤੀ। ਜਿਨ੍ਹਾਂ ਨੇ ਨਹੀਂ ਕੀਤੀ, ਓਹ ਅਪਣਾ ਹਿਸਾਬ ਅਪਣੇ ਦਿਲ ਨੂੰ ਦੇਣ। ਲਾਲ
ਲਹਿਰ ਚ ਵੀ ਰਿਹਾ ਪਰ ਇਹਦੀ ਵਡੱਤਣ ਤਾਂ ਇਹ ਦੀ ਕਵਿਤਾ ਕਰਕੇ ਹੀ ਹੈ। ਇਹਨੇ ਅਪਣੇ ਮੀਟਰ
ਮਿਥੇ। ਇਹਦੀ ਕਵਿਤਾ ਜੀਂਦੀ ਰਹਿਣੀ ਹੈ – ਲਾਲ ਨੇ ਇਹਦੇ ਸਿਰ ਤੇ ਸਾਡੇ ਕੋਲ਼ ਰਹਿਣਾ। ਇਹ
ਜੋ ਸਮਰਾਲ਼ਾ ਹੈ ਨਾ! ਇਹਦਾ ਜੋ ਦਿਲ ਹੈ, ਉਹ ਧੜਕੀ ਜਾਣਾ ਹੈ।
5266/04012014
-0- |