ਆਪਣੇ ਸਵਰਗਵਾਸੀ ਦੋਸਤ ਨਰਿੰਦਰ ਭੁੱਲਰ ਨਾਲ ਮੇਰੀ ਪਹਿਲੀ ਮੁਲਾਕਾਤ 1990 ਵਿਚ ਹੋਈ।
ਕਹਾਣੀਕਾਰ ਕੁਲਵੰਤ ਸਿੰਘ ਵਿਰਕ ਯਾਦਗਾਰੀ ਕਮੇਟੀ ਵੱਲੋਂ ਲਾਇਲਪੁਰ ਖਾਲਸਾ ਕਾਲਜ, ਜਲੰਧਰ
ਵਿਖੇ ਗੁਰਬਚਨ ਸਿੰਘ ਭੁੱਲਰ ਨੂੰ ਸਨਮਾਨਿਆ ਜਾਣਾ ਸੀ। ਨਰਿੰਦਰ ਭੁੱਲਰ ਦਾ ਉਨ੍ਹਾਂ ਨਾਲ
ਸਬੰਧ ਪਿਉ-ਪੁੱਤ ਦੇ ਰਿਸ਼ਤੇ ਵਰਗਾ ਹੀ ਸੀ, ਇਸ ਲਈ ਉਹ ਵੀ ਦਿੱਲੀਉਂ ਨਾਲ ਆਇਆ ਸੀ। ਉਸ ਸਮੇਂ
ਉਹ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਵਿਖੇ ਨੌਕਰੀ ਕਰ ਰਿਹਾ ਸੀ ਅਤੇ ਨਾਲ ਭਾਈ ਵੀਰ
ਸਿੰਘ ਦੇ ਨਾਵਲਾਂ ਬਾਰੇ ਪੀ-ਐੱਚ.ਡੀ. ਕਰਨ ਦਾ ਇੱਛੁਕ ਵੀ ਸੀ। ਮੈਂ ਭਾਈ ਵੀਰ ਸਿੰਘ ਦੀ
ਕਾਵਿ-ਰਚਨਾ ਸਬੰਧੀ ਤਾਜੀ ਤਾਜੀ ਪੀ-ਐੱਚ.ਡੀ. ਕਰ ਕੇ ਹਟਿਆ ਸਾਂ। ਸਾਡਾ ਕਰੂਰਾ ਰਲਗਿਆ। ਸੋ
ਪਹਿਲੀ ਮਿਲਨੀ ਵਿਚ ਹੀ ਸਾਡੀ ਮਿੱਤਰਤਾ ਦੀ ਪੱਕੀ ਨੀਂਹ ਟਿਕ ਗਈ। ਫੇਰ ਕੁਝ ਸਮੇਂ ਪਿੱਛੋਂ
ਉਹ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਵਿਚ ਸਬ-ਐਡੀਟਰ ਦੀ ਪੋਸਟ ਉਤੇ ਆ ਗਿਆ। 15 ਅਗਸਤ, 2007
ਨੂੰ ਲਏ ਆਖਰੀ ਸਾਹਾਂ ਤੱਕ ਨਰਿੰਦਰ ਭੁੱਲਰ ਦਾ ਮੇਰੇ ਨਾਲ ਸਕੇ ਭਰਾਵਾਂ ਵਰਗਾ ਰਿਸ਼ਤਾ ਬਣਿਆਂ
ਰਿਹਾ। ਇਸ ਲਈ ਸਮੇਂ ਸਮੇਂ ਉਹ ਮੇਰੀਆਂ ਸਾਹਿਤਕ ਸਰਗਰਮੀਆਂ ਅਤੇ ਜੀਵਣ ਦੇ
ਉਤਰਾਵਾਂ-ਚੜ੍ਹਾਵਾਂ ਬਾਰੇ ਬੇਸ਼ੁਮਾਰ ਖ਼ਤ ਲਿਖਦਾ ਰਿਹਾ। ਕੁਝ ਰੱਬ-ਸਬੱਬੀਂ ਸਾਂਭੇ ਜਾ ਸਕੇ
ਖ਼ਤ ਇਥੇ ਦੇ ਰਿਹਾ ਹਾਂ।
ਪੇਸਕਸ਼ : ਬਲਦੇਵ ਸਿੰਘ ਧਾਲੀਵਾਲ
ਚੰਡੀਗੜ੍ਹ
10.12.94
ਪਿਆਰੇ ਬਲਦੇਵ,
ਯਾਦ ਪੁੱਜੇ !
ਆਸ ਹੈ ਕਿ ਠੀਕ-ਠਾਕ ਹੋਵੇਂਗਾ। ਤੇ ਇਹ ਵੀ ਆਸ ਹੈ ਕਿ ਅਨਾ-ਕਾਰਨੀਨਾ ਦੇ ਜਾਦੂ ਤੋਂ ਮੁਕਤ
ਹੋ ਕੇ ਚੈਖੋਵ ਨਾਲ ਦਸਤਪੰਜਾ ਕਰੀ ਬੈਠਾ ਹੋਵੇਂਗਾ।
ਅਕਤੂਬਰ ਦਾ ‘ਅਕਸ` ਮੇਰੇ ਕੋਲ ਆਇਆ ਨਹੀਂ ਸੀ। ਦੋ ਕੁ ਦਿਨ ਪਹਿਲਾਂ ਹੱਥ ਲੱਗ ਗਿਆ ਤਾਂ
ਤੇਰੀ ਕਹਾਣੀ ‘ਕੁੱਬ` ਪੜ੍ਹੀ। ਵਿਚਾਰ ਤੋਂ ਵੀ ਪਹਿਲਾਂ ਤੇਰੀ ਭਾਸ਼ਾ ਨੇ ਕੀਲ ਕੇ ਰੱਖ ਦਿੱਤਾ
ਹੈ। ਤੇ ਇਸ ਦ੍ਰਿਸ਼ਟੀ ਤੋਂ ਆਪਣੇ ਸਹਿਕਰਮੀਆਂ ਨੂੰ ਪੜ੍ਹਾਈ। ਸਭ ਭਾਸ਼ਾ ਪੱਖ ਤੋਂ ਅਤਿਅੰਤ
ਪ੍ਰਭਾਵਿਤ ਹੋਏ। ਵਿਚਾਰ ਦੇ ਪੱਖ ਤੋਂ ਇਹ ਕਹਾਣੀ ਸਮੁੱਚੀ (ਅੱਤਵਾਦੀ) ਲਹਿਰ `ਤੇ ਭਾਰੀ ਚੋਟ
ਕਰਦੀ ਹੈ। ਹੇਠਲੇ ਪੱਧਰ `ਤੇ ਖ਼ਾਲਿਸਤਾਨ ਨੂੰ ਲੋਕ ਕਿਹੜੇ ਨਿੱਕੇ-ਨਿੱਕੇ ਸਵਾਰਥਾਂ ਦੀ
ਪੂਰਤੀ ਦਾ ਹੱਲ ਸਮਝਦੇ ਸਨ, ਇਹ ਗੱਲ ਉਤਲਿਆਂ ਨੂੰ ‘ਪੰਥ ਦੇ ਵੱਡੇ ਮੁਫ਼ਾਦਾਂ` ਦੀ ਚਕਾਚੌਂਧ
`ਚ ਸਮਝ ਹੀ ਨਾ ਆਈ। ਨਤੀਜਾ ਸਾਹਮਣੇ ਹੈ। ਕਿਤਾਬਾਂ ਦਾ ਪਾੜੂ ਮੁੰਡਾ ਭਾਵੇਂ ਖੱਬੇ-ਪੱਖੀ
ਸੋਚ `ਤੇ ਪਹਿਰਾ ਦਿੰਦਾ ਦਿਖਾਇਆ ਹੈ, ਪਰ ਲੇਖਕ ਵੱਲੋਂ ਕਿਉਂਕਿ ਸਿੱਧੇ ਤੌਰ `ਤੇ ਉਹਦੇ ਪੱਖ
`ਚ ਕੋਈ ਟਿੱਪਣੀ ਨਹੀਂ ਕੀਤੀ ਗਈ, ਇਸ ਲਈ ਉਹਦੀ ਸੋਚ ਬਾਰੇ ਪਾਠਕ ਆਪ ਹੀ ਲੱਖਣ ਲਾ ਲੈਂਦਾ
ਹੈ ਕਿ ਉਹ ਕਿੰਨੇ ਕਮਜ਼ੋਰ ਪੈਂਤੜੇ `ਤੇ ਖੜ੍ਹਾ ਹੈ। ਵਧੀਆ ਕਹਾਣੀ ਸੀ।
ਤੇਰਾ ਵਿਦਿਆਰਥੀ (ਕਿ ਮਿੱਤਰ =;ਵਸ) ਸ਼ਾਮੀਲ ਅੱਜਕੱਲ੍ਹ ਬਹੁਤ ਚੰਗੇ ਲੇਖ ਲਿਖ ਰਿਹਾ ਹੈ।
‘ਸਿੱਖ ਪਛਾਣ ਦੇ ਨਵੇਂ ਪ੍ਰਤੀਮਾਨ` ਅਤੇ ‘ਪੰਜਾਬ `ਚ ਕਿਹੜੀ ਲਹਿਰ =;ਵਸ` ਲੇਖ ਸਲਾਹੁਣਯੋਗ
ਹਨ।
ਬਾਕੀ ਸਭ ਠੀਕ ਹੈ।
ਪਰਿਵਾਰ ਲਈ ਆਦਰ + ਪਿਆਰ !
ਤੇਰਾ ਆਪਣਾ
ਨਰਿੰਦਰ ਭੁੱਲਰ
...
ਚੰਡੀਗੜ੍ਹ
13.10.95
ਪਿਆਰੇ ਬਲਦੇਵ,
ਯਾਦ !
ਤੇਰੀ ਇੰਟਰਵਿਊ ਦੇ ਨਤੀਜੇ ਦਾ ਪਤਾ ਲੱਗ ਗਿਆ ਸੀ। ਚਲ ਕੋਈ ਨਾ। ਨਿਰਾਸ਼ ਨਾ ਹੋਵੀਂ। ਜਦੋਂ
ਨਿਘਾਰ ਸਾਰੇ ਸਮਾਜ ਵਿਚ ਆਇਆ ਹੋਇਆ ਹੈ ਤਾਂ ਵਿਦਿਅਕ ਅਦਾਰੇ ਕੀ ਬਚੇ ਰਹਿਣਗੇ ! ਬਾਕੀ
ਜੀਹਨੇ, ਬਿਨਾਂ ਕੁਝ ਕੀਤਿਆਂ, ਤੈਥੋਂ ਅੱਗੇ ਲੰਘ ਕੇ ਪੋਸਟ (ਰੀਡਰ) ਲਈ ਹੈ, ਉਹ ਤੇਰੇ ਤੋਂ
ਨਿੱਕਾ ਹੀ ਹੋਇਆ ਹੈ। ਤੂੰ ਬਿਨਾਂ ਪੋਸਟ ਦੇ ਹੀ ਕੰਮ ਕਰੀ ਜਾਣਾ ਹੈ, ਤੇ ਉਹਨੇ ਇਸ ਪੋਸਟ
`ਤੇ ਜਾ ਕੇ ਵੀ ਕੁਝ ਨਹੀਂ ਕਰਨਾ, ਖ਼ੈਰ ! ਮਨ ਤਕੜਾ ਰੱਖੀਂ।
ਸੰਦਰਭ ਕੋਸ਼ ਲਈ ਮੈਂ ਜਾਣੂੰ ਕਹਾਣੀਕਾਰਾਂ ਦੇ ਪ੍ਰੋਫਾਰਮੇ ਭਰਵਾ ਲਏ ਹਨ। ਇਕ-ਦੋ ਦਿਨਾਂ ਤੱਕ
ਭੇਜ ਦੇਵਾਂਗਾ। ਕੁਝ ਫਾਰਮ ਪ੍ਰੇਮ ਗੋਰਖੀ ਨੂੰ ਦਿੱਤੇ ਸਨ। ਉਹਨੇ ਅੱਗੇ ਭੇਜ ਦਿੱਤੇ ਹਨ।
ਸ਼ਾਇਦ ਕੋਈ ਹੁੰਗਾਰਾ ਆ ਹੀ ਗਿਆ ਹੋਵੇ ਤੈਨੂੰ।
ਹੋਰ ਪਰਿਵਾਰ ਦਾ ਕੀ ਹਾਲ ਹੈ =;ਵਸਅਸੀਂ ਦੀਵਾਲੀ `ਤੇ ਸਾਰੇ ਜਣੇ ਤਰਨ ਤਾਰਨ ਜਾ ਰਹੇ ਹਾਂ।
ਪਰਤ ਕੇ ਤੇਰੇ ਸ਼ਹਿਰ ਦਾ ਗੇੜਾ ਲਾਵਾਂਗਾ।
ਮੋਹ ਨਾਲ,
ਤੇਰਾ ਆਪਣਾ,
ਨਰਿੰਦਰ ਭੁੱਲਰ
...
ਚੰਡੀਗੜ੍ਹ
3.11.95
ਪਿਆਰੇ ਬਲਦੇਵ,
ਯਾਦ ਪੁੱਜੇ !
ਤੇਰਾ ਖ਼ਤ ਮਿਲ ਗਿਆ ਸੀ। ਤੇਰੇ ਵੱਲੋਂ ਭੇਜਿਆ ਮੈਟਰ ਅੱਜ ‘ਅੰਗ ਸੰਗ` (ਕਾਲਮ) ਲਈ ਦਿੱਤਾ
ਹੈ। ਸ਼ਾਇਦ ਇਸ ਐਤਵਾਰ ਛਪ ਜਾਵੇ। ਇਸ ਤੋਂ ਪਹਿਲਾਂ ਤਿੰਨ-ਚਾਰ ਦਿਨ ਲਈ ਤਰਨ ਤਾਰਨ ਗਿਆ ਸੀ
ਤੇ ਫੇਰ ਦਿੱਲੀ ਦਾ ਚੱਕਰ ਲੱਗ ਗਿਆ। ਆਉਂਦਿਆਂ ਨੂੰ ਘਰੇਲੂ ਕਿਸਮ ਦੇ ਕਈ ਕੰਮ ਇਕੱਠੇ ਹੋਏ
ਪਏ ਸਨ। ਅੱਜ ਜ਼ਰਾ ਸੁੱਖ ਦਾ ਸਾਹ ਆਇਆ ਹੈ। ਸੋ ਕੁਝ ਦਿਨ ਕੰਮ ਕਰ ਕੇ, ਕਿਸੇ ਦਿਨ ਪਟਿਆਲੇ
ਆਵਾਂਗਾ। ਵਿਚ ਦੀ ਤੇਰਾ ਚੱਕਰ ਲੱਗੇ ਤਾਂ ਆ ਜਾ। ਅੱਜਕੱਲ੍ਹ ਇਥੇ ਹੀ ਹਾਂ।
ਆਸ ਹੈ ਕਿ ਹੁਣ ਤੱਕ ਤੂੰ ਮਨ ਨੂੰ ਤਕੜਾ ਕਰ ਲਿਆ ਹੋਵੇਗਾ ਤੇ ਕਹਾਣੀਕਾਰਾਂ ਦੇ ਕੋਸ਼ ਦਾ ਕੰਮ
ਮੁੜ ਹੱਥ ਲੈ ਲਿਆ ਹੋਵੇਗਾ। ਇਹੋ ਜਿਹੀਆਂ ਗੱਲਾਂ ਤਾਂ ਜ਼ਿੰਦਗੀ `ਚ ਹੁੰਦੀਆਂ ਹੀ ਰਹਿੰਦੀਆਂ
ਹਨ, ਪਰ ਆਪਣਾ ਕੰਮ ਨਹੀਂ ਛੱਡਣਾ ਚਾਹੀਦਾ। ਕਹਾਣੀਕਾਰਾਂ ਦੇ ਕੁਝ ਕੁ ਪ੍ਰੋਫਾਰਮੇ ਮੇਰੇ ਕੋਲ
ਭਰੇ ਪਏ ਹਨ, ਪਰ ਪੂਰੇ ਨਹੀਂ ਹਨ। ਕੋਈ ਨਾ ਕੋਈ ਜਾਣਕਾਰੀ ਭਰਨ ਵਾਲੀ ਰਹਿੰਦੀ ਹੈ। ਭਰ ਕੇ
ਛੇਤੀ ਹੀ ਭੇਜ ਦੇਵਾਂਗਾ।
ਹੋਰ ਭਾਬੀ ਜੀ ਦਾ ਕੀ ਹਾਲ ਹੈ =;ਵਸਆਸ਼ੂ ਕਿਵੇਂ ਹੈ =;ਵਸਇਥੇ ਪਰਿਵਾਰ `ਚ ਸਭ ਆਨੰਦ-ਮੰਗਲ
ਹੈ।
ਤੇਰਾ ਆਪਣਾ,
ਨਰਿੰਦਰ ਭੁੱਲਰ
...
15.11.95
ਪਿਆਰੇ ਬਲਦੇਵ,
ਯਾਦ ਪੁੱਜੇ !
ਪੁਸਤਕ ‘ਆਲੋਚਨਾ ਦੇ ਪ੍ਰਤੀਮਾਨ` ਦੇ ਸੰਪਾਦਕਾਂ ਨੇ ਰੇੜਕਾ ਪਾ ਦਿੱਤਾ ਹੈ। ਉਹਨਾਂ ਦੀ
ਚਿੱਠੀ ਆਈ ਹੈ ਕਿ ਇਸ ਪੁਸਤਕ ਦੀ ਸੰਪਾਦਨਾ ਉਹਨਾਂ ਨੇ ਹੀ ਕੀਤੀ ਹੈ, ਡਾ. ਧਾਲੀਵਾਲ ਨੇ
ਕੇਵਲ ਸਹਿਯੋਗ ਦਿੱਤਾ ਹੈ। ਉਹਨਾਂ ਤੇਰੀ ਲਿਖੀ ਇਕ ਚਿੱਠੀ ਵੀ ਭੇਜੀ ਹੈ, ਜਿਸ ਵਿਚ ਤੂੰ
ਲਿਖਿਆ ਹੈ ਕਿ ਮੇਰਾ ਨਾਂ ਜਿਥੇ ਮਰਜ਼ੀ ਛਾਪ ਲਉ, ਪਰ ਨਾਂ ਪੂਰਾ ਛਾਪਿਉ। ਸੋ ਭਾਈ ਉਹਨਾਂ
ਤਰਦੀਦ ਛਾਪਣ ਦੀ ਹਦਾਇਤ ਕੀਤੀ ਹੈ, ਵਰਨਾ ਨੋਟਿਸ ਭਿਜਵਾਉਣ ਦੀ ਧਮਕੀ ਦਿੱਤੀ ਹੈ। ਇਸ ਸਬੰਧ
ਵਿਚ ਤੇਰੇ ਕੋਲ ਜੋ ਵੀ ਸਬੂਤ ਹਨ, ਉਹ ਲੈ ਕੇ ਆ, ਜਾਂ ਅੱਜ ਹੀ ਨਵਜੀਤ ਦੇ ਹੱਥ ਭਿਜਵਾ।
ਆਉਂਦੇ ਐਤਵਾਰ ਨੂੰ ਇਹ ਤਰਦੀਦ ਛਾਪਣੀ ਹੈ। ਪਲਸ ਮੰਚ ਵਾਲਿਆਂ ਦੀ ਤੈਨੂੰ ਸੰਪਾਦਕ ਥਾਪਣ ਦੀ
ਕੋਈ ਚਿੱਠੀ, ਸਰਦਲ ਦਾ ਅੰਕ ਤੇ ਹੋਰ ਸਮੱਗਰੀ ਤੁਰੰਤ ਭਿਜਵਾ। ਘੌਲ ਨਾ ਕਰੀਂ। ਬੜਾ ਗੰਭੀਰ
ਮਾਮਲਾ ਹੈ। ਜੇ ਇਹ ਮੈਟਰ ਮੇਰੀ ਥਾਂ ਕਿਸੇ ਹੋਰ ਨੇ ਦਿੱਤਾ ਹੁੰਦਾ ਤਾਂ, ਗੱਲ ਹੋਰ ਹੋਣੀ
ਸੀ। ਸੋ ਨਵਾਂ ਤੇ ਕਮਜ਼ੋਰ ਬੰਦਾ ਹਾਂ। ਇਸ ਲਈ ਇਹਦੀ ਗੰਭੀਰਤਾ ਵੀ ਵੱਧ ਹੈ।
ਹੋਰ ਪਰਿਵਾਰ ਦਾ ਕੀ ਹਾਲ ਹੈ =;ਵਸ
ਤੇਰਾ ਆਪਣਾ,
ਨਰਿੰਦਰ ਭੁੱਲਰ
`ਅੰਗਸੰਗ ਲਈ ਮੈਟਰ ਵੀਰਵਾਰ ਤੱਕ ਦੇਣਾ ਹੁੰਦਾ ਹੈ।
...
...
ਚੰਡੀਗੜ੍ਹ
6.1.97
ਪਿਆਰੇ ਬਲਦੇਵ,
ਯਾਦ ਪੁੱਜੇ !
ਚਲ ਤੇਰਾ ਖ਼ਤ ਆ ਗਿਆ ਤਾਂ ਮੈਂ ਵੀ ਖ਼ਤ ਲਿਖਣ ਦੀ ਹਿੰਮਤ ਕਰ ਸਕਿਆ ਹਾਂ। ਮੈਂ ਦਰਅਸਲ ਅੰਦਰੋਂ
ਏਨਾ ਸ਼ਰਮਿੰਦਾ ਸੀ ਕਿ ਤੇਰੇ ਨਾਲ ਗੱਲ ਕਰਨ ਤੋਂ ਝਿਜਕਦਾ ਸੀ। ਮੇਰੇ ਘਰ ਆ ਕੇ ਤੇਰੀ ਏਨੀ
ਨਿਰਾਦਰੀ ਹੋਈ ! ਮੈਂ ਜਦੋਂ ਵੀ ਸੋਚਦਾ ਹਾਂ, ਮੇਰਾ ਸਿਰ ਪਾਟਣ ਨੂੰ ਆ ਜਾਂਦਾ ਹੈ। ਤੇਰੀ
ਫਰਾਖਦਿਲੀ ਹੈ ਕਿ ਤੂੰ ਸਭ ਭੁੱਲ ਕੇ ਪਹਿਲਾਂ ਵਰਗਾ ਹੀ ਸਨੇਹ ਜਤਾਇਆ ਹੈ। ਭਾਬੀ ਤੋਂ ਵੀ
ਮੈਨੂੰ ਇਸੇ ਹੀ ਫਰਾਖਦਿਲੀ ਦੀ ਆਸ ਹੈ।
ਰਾਜ ਘੁੰਮਣ ਵਾਲਾ ਲੇਖ ਇੰਟਰਵਿਊ ਦੇ ਰੂਪ ਵਿਚ ਸੀ। ਸ਼ਮਸ਼ੇਰ ਨੇ ਮੈਨੂੰ ਇਹ ਸਿੱਧਾ ਕਰਨ ਲਈ
ਕਹਿ ਦਿੱਤਾ। ਮੈਂ ਲਿਖ ਕੇ ਸਬੰਧਤ ਲੇਖਕ ਦਾ ਨਾਂ ਵੀ ਲਿਖ ਦਿੱਤਾ ਸੀ, ਪਰ ਕੰਪੋਜ਼ਿੰਗ ਵੇਲੇ
ਨਾਂ ਰਹਿ ਗਿਆ ਤੇ ਸ਼ਮਸ਼ੇਰ ਨੇ ਕਾਹਲੀ `ਚ ਮੇਰਾ ਨਾਂ ਕੰਪੋਜ਼ ਕਰਵਾ ਲਿਆ। ਪੰਨੂੰ ਸਾਹਿਬ ਤੋਂ
ਮੇਰੇ ਵੱਲੋਂ ਮਾਫੀ ਮੰਗ ਲਵੀਂ।
ਤੇਰਾ ਅੰਗਰੇਜ਼ੀ ਵਾਲਾ ਲੇਖ 9/2 ਵਾਲੇ ਅੰਕ ਵਿਚ ਆ ਰਿਹਾ ਹੈ। ਉਹਦੀ ਕਤਰਨ ਭੇਜ ਰਿਹਾ ਹਾਂ।
ਲੇਖ ਭਾਵੇਂ ਕਾਫੀ ਸੰਖੇਪ ਕਰ ਦਿੱਤਾ ਗਿਆ ਹੈ, ਫੇਰ ਵੀ ਅੰਗਰੇਜ਼ੀ ਵਿਚ ਪੰਜਾਬੀ ਦੀ ਗੱਲ
ਹੋਣੀ ਤਸੱਲੀ ਵਾਲੀ ਗੱਲ ਹੈ। ਨਹੀਂ =;ਵਸ
ਤੇਰੇ ਇਥੇ ਗੁਰਦੇਵ ਚੌਹਾਨ ਰਹਿੰਦਾ ਹੈ। ਉਹ ਜੇ ਕਿਤੇ ਟੱਕਰ ਸਕੇ ਜਾਂ ਤੂੰ ਜਾ ਸਕੇਂ ਤਾਂ
ਉਹਨੂੰ ਕਹੀਂ ਕਿ ਰਘੁਬੀਰ ਢੰਡ ਦੀਆਂ ਕਹਾਣੀਆਂ ਜੇ ਅੰਗਰੇਜ਼ੀ ਵਿਚ ਅਨੁਵਾਦ ਹੋਈਆਂ ਹਨ ਜਾਂ
ਜੇ ਨਹੀਂ ਹੋਈਆਂ, ਸਭ ਗੁਰਬਚਨ ਸਿੰਘ ਭੁੱਲਰ ਨੂੰ ਭੇਜ ਦੇਵੇ। ਭਾ ਜੀ ਦਾ ਕਹਿਣਾ ਹੈਕਿ ਉਸਨੇ
ਏਨੀ ਦੇਰ ਲਾ ਦਿੱਤੀ ਹੈ ਕਿ ਹੁਣ ਇਹ ਪਰਜੈਕਟ ਛੱਡਣ `ਚ ਹੀ ਭਲਾ ਹੈ। ਭਾ ਜੀ ਨੇ 14/2 ਨੂੰ
ਮੇਰੇ ਕੋਲ ਆਉਣਾ ਹੈ। ਤਦ ਤੱਕ ਪਤਾ ਦੇ ਦੇਵੀਂ।
ਬਾਕੀ ਫੇਰ,
ਤੇਰਾ ਆਪਣਾ,
ਨਰਿੰਦਰ
ਚੰਡੀਗੜ੍ਹ
ਤੇਰੀ ਕਹਾਣੀ ਕਾਰਗਿਲ ਪੜ੍ਹ ਲਈ ਹੈ। ਇਕ ਵਾਰ ਨਹੀਂ ਦੋ ਵਾਰ ਪੜ੍ਹੀ ਹੈ। ਵਿਸ਼ੇ ਦੀ ਚੋਣ
ਪ੍ਰਤੀਕਾਂ ਦੀ ਵਰਤੋਂ, ਪਿਛਲਝਾਤ ਦੀ ਜੁਗਤ ਅਤੇ ਪੇਸ਼ਕਾਰੀ ਦੇ ਪੱਖੋਂ ਇਸ ਕਹਾਣੀ ਨੇ ਮੈਨੂੰ
ਬਹੁਤ ਟੁੰਬਿਆ ਹੈ। ਭਾਸ਼ਾ, ਵਿਸ਼ੇਸ਼ ਕਰ ਕੇ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਬਾਰੇ ਤਾਂ ਤੇਰਾ
ਪਹਿਲਾਂ ਹੀ ਠੁੱਕ ਬੱਝਿਆ ਹੋਇਆ ਹੈ। ਇਸ ਕਹਾਣੀ ਵਿਚ ਵੀ ਤੇਰੀ ਇਹ ਕਲਾ ਪੇਸ਼-ਪੇਸ਼ ਹੈ।
ਜਿਹੜੀ ਗੱਲ ਕਈ ਪੈਰ੍ਹਿਆਂ ਵਿਚ ਨਹੀਂ ਕਹੀ ਜਾ ਸਕਦੀ, ਉਹ ਤੂੰ ਕਈ ਵਾਰ ਇਕ ਮੁਹਾਵਰੇ ਨਾਲ
ਕਹਿ ਦਿੰਦਾ ਹੈਂ। ਮਿਸਾਲ ਵਜੋਂ, ਹਰਕੁਰ ਦੇ ਦੋ ਕੁ ਥਾਈਂ ਆਏ ਬੋਲ ਸਥਿਤੀ ਦੀ ਗੰਭੀਰਤਾ ਅਤੇ
ਤੀਬਰਤਾ ਨੂੰ ਬੜੇ ਗੱਠਵੇਂ ਰੂਪ ਵਿਚ ਪੇਸ਼ ਕਰ ਜਾਂਦੇ ਹਨ। ਰਣਬੀਰ ਦੀ ਭੈਣ ਦੇ ਮੂੰਹੋਂ
ਪਵਾਇਆ ਇਕ ਵੈਣ ਹੀ ਸਾਰੇ ਦੁਖਾਂਤ ਨੂੰ ਪੇਸ਼ ਕਰ ਜਾਂਦਾ ਹੈ। ਕਹਾਣੀ ਅਚਨਚੇਤ ਜਿਵੇਂ ਵਰਤਮਾਨ
’ਚੋਂ ਬੀਤੇ ਵਿਚ ਜਾਂਦੀ ਹੈ ਅਤੇ ਬੀਤੇ ’ਚੋਂ ਵਰਤਮਾਨ ’ਚ ਆਉਂਦੀ ਹੈ, ਇਹ ਜੁਗਤ ਪਾਠਕ ਨੂੰ
ਸਾਹ ਨਹੀਂ ਲੈਣ ਦਿੰਦੀ। ਓਪਰੀ ਨਜ਼ਰੇ ਇਹ ਗੱਲ ਮੌਕਾ-ਮੇਲ ਵੀ ਲੱਗ ਸਕਦੀ ਹੈ, ਪਰ ਘਟਨਾਵਾਂ
ਤੇ ਸ਼ਬਦਾਂ ਦੀ ਜਿਵੇਂ ਚੂਲ ਬਿਠਾ ਕੇ ਬੀਤੇ ਤੇ ਵਰਤਮਾਨ ਨੂੰ ਜੋੜਿਆ ਹੈ, ਉਹ ਤੇਰੀ
ਕਲਾ-ਕੌਸ਼ਲਤਾ ਦਾ ਪ੍ਰਮਾਣ ਹੈ।ਅਸਲ ਮਹੱਤਵ ਇਸ ਕਹਾਣੀ ਦੇ ਵਿਸ਼ੇ ਦਾ ਹੈ। ਪੰਜਾਬ ਦੀ ਕਿਸਾਨੀ
ਦਾ ਕੀ, ਸਭਨਾਂ ਆਮ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਇਸ ਤੋਂ ਵੀ ਨਿਰਾਸ਼ਾ ਵਾਲੀ ਗੱਲ
ਇਹ ਹੈ ਕਿ ਇਨ੍ਹਾਂ ਲੋਕਾਂ ਲਈ ਰਾਹ ਵੀ ਕੋਈ ਨਹੀਂ ਹੈ। ਲੋਕ ਆਪੋ-ਆਪਣੀ ਥਾਈਂ ਜ਼ਿੰਦਗੀ ਦੀ
ਲੜਾਈ ਲੜ ਰਹੇ ਹਨ। ਤੇਰੀ ਕਹਾਣੀ ਦੇ ਪ੍ਰਤੀਕ ਵਾਂਗ ਲੋਕਾਂ ਲਈ ਹਰ ਥਾਈਂ ਕਾਰਗਿਲ ਬਣਿਆਂ
ਪਿਆ ਹੈ ਅਤੇ ਕਾਰਗਿਲ ਦੀ ਲੜਾਈ ਵਾਂਗ ਇਹ ਲੜਾਈ ਵੀ ਅਰਥਹੀਣ ਹੈ ਅਤੇ ਇਸ ਵਿਚ ਹਾਰ ਨਿਸ਼ਚਿਤ
ਹੈ। ਤੂੰ ਰਣਬੀਰ ਅਤੇ ਜੋਗਿੰਦਰ ਦੀ ਹੋਣੀ ਰਾਹੀਂ ਇਸ ਗੱਲ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ
ਨਾਲ ਸਥਾਪਤ ਕੀਤਾ ਹੈ। ਫੇਰ ਵੀ ਇਕ ਨੁਕਸ ਰਹਿ ਗਿਆ ਹੈ। ਕਹਾਣੀ ਦਾ ਬਿਰਤਾਂਤ ਏਨਾ
ਸ਼ਕਤੀਸ਼ਾਲੀ ਅਤੇ ਤੇਜ਼ ਵਹਾਅ ਵਾਲਾ ਹੈ ਕਿ ਪਹਿਲੀ ਪੜ੍ਹਤ ਵਿਚ ਪਾਠਕ ਰੁਕਣ ਬਾਰੇ ਸੋਚ ਹੀ
ਨਹੀਂ ਸਕਦਾ। ਮੈਂ ਵੀ ਨਹੀਂ ਸੀ ਰੁਕਿਆ। ਕਲਾ ਦੀ ਇਹੀ ਖੂਬੀ ਹੁੰਦੀ ਹੈ ਕਿ ਇਹ ਚਕਾਚੌਂਧ
ਕਰਦੀ ਹੈ, ਪਾਠਕ/ਦਰਸ਼ਕ ’ਤੇ ਸੁਖਾਵਾਂ ਜਿਹਾ ਅਸਰ ਪਾ ਕੇ ਆਪਣੇ ਨਾਲ ਹੀ ਵਹਾ ਕੇ ਲੈ ਜਾਂਦੀ
ਹੈ। ਮੇਰੀ ਮੁਸ਼ਕਲ ਇਹ ਹੈ ਕਿ ਮੈਂ ਇਹਨੂੰ ਵਿਸ਼ੇਸ਼ ਕਾਰਨ ਦੇ ਕਲਾ ਕਲਾ ਲਈ ਦੀ ਕੋਟੀ ਵਿਚ ਵੀ
ਨਹੀਂ ਰੱਖ ਸਕਦਾ। ਜੇ ਕਾਰਗਿਲ ਦਾ ਸਿੰਬਲ ਨਾ ਆਇਆ ਹੁੰਦਾ ਤਾਂ ਕਹਾਣੀ ਬੜੀ ਸਰਲ ਹੋਣੀ ਸੀ
ਕਿ ਇਕ ਮਹੱਤਵਕਾਂਸ਼ੀ ਕਿਸਾਨ ਕਿਸੇ ਦੇ ਜਾਲ ਵਿਚ ਫਸ ਕੇ ਰਾਤੋ-ਰਾਤ ਅਮੀਰ ਹੋ ਜਾਣ ਦਾ ਸੁਪਨਾ
ਪਾਲ ਲੈਂਦਾ ਹੈ ਅਤੇ ਅਖੀਰ ਇਸ ਜਾਲ ਵਿਚ ਫਸ ਕੇ ਮਰ ਜਾਂਦਾ ਹੈ। ਫੇਰ ਕਹਾਣੀ ਦਾ ਸਾਰ ਵੀ
ਬੜਾ ਸਰਲ ਬਣਦਾ ਸੀ ਕਿ ਭਾਈ ਮਿਹਨਤ ਦੀ ਕਮਾਈ ਹੀ ਆਖਰ ਨੂੰ ਬੰਦੇ ਨੂੰ ਜਿਉਣ-ਜੋਗਾ ਬਣਾਉਂਦੀ
ਹੈ। ਪਰ ਕਾਰਗਿਲ ਸਿੰਬਲ ਇਸ ਨਿਰਣੇ ’ਤੇ ਪਹੁੰਚਣ ਤੋਂ ਰੋਕਦਾ ਹੈ। ਕਾਰਗਿਲ ਅਜਿਹੀ ਲੜਾਈ ਹੈ
ਜਿਹੜੀ ਬੰਦੇ ਦੇ ਗਲ਼ ਪੈਂਦੀ ਹੈ, ਉਹਨੂੰ ਉਹ ਆਪ ਨਹੀਂ ਸਹੇੜਦਾ। ਰਣਬੀਰ ਤਾਂ ਸ਼ੁਰੂ ਤੋਂ ਹੀ
ਸੁਖ ਭੋਗਣ ਦੇ ਸੁਪਨੇ ਲੈਂਦਾ ਹੈ ਅਤੇ ਸਿਰੇ ਦੀਆਂ ਕਰਵਾਈਆਂ ਕਰਦਾ ਹੈ। ਇਸ ਕਾਰਨ ਜਦੋਂ
ਉਹਨੂੰ ਸਲੂਜੇ ਦੇ ਰੂਪ ਵਿਚ ਅਲਾਦੀਨ ਦਾ ਚਿਰਾਗ ਮਿਲਦਾ ਹੈ ਤਾਂ ਉਹ ਆਪਣੀ ਸੁੱਧ-ਬੁੱਧ ਗੁਆ
ਕੇ ਉਸ ਪਿੱਛੇ ਹੋ ਲੈਂਦਾ ਹੈ। ਇਸ ਨਾਲ ਇਹ ਗੱਲ ਤਾਂ ਸਥਾਪਤ ਹੁੰਦੀ ਹੈ ਕਿ ਪੰਜਾਬ ਦੇ
ਕਿਸਾਨ ਹੁਣ ਸੁਖ-ਰਹਿਣੇ ਹੋ ਗਏ ਹਨ, ਪਰ ਇਸ ਗੱਲ ਵੱਲ ਉਂਗਲ ਨਹੀਂ ਉਠਦੀ ਕਿ ਕਿਸਾਨੀ ਨੂੰ
ਬੈਂਕਾਂ ਦੇ ਕਰਜ਼ਿਆਂ ਦੇ ਦੁਸ਼ਚੱਕਰ ਵਿਚ ਕਿਹੜੀਆਂ ਤਾਕਤਾਂ ਨੇ ਫਸਾਇਆ ਹੈ। ਰਣਬੀਰ ਵਰਗੇ
ਆਪਣੀਆਂ ਅਕਾਂਕਸ਼ਾਵਾਂ ਜਾਂ ਫੇਰ ਲੋਲ੍ਹੜਪੁਣੇ ਕਾਰਨ ਸਲੂਜਾ-ਰੂਪੀ ਅਲਾਦੀਨ ਦੇ ਚਿਰਾਗਾਂ ਦੇ
ਜਾਲ ਵਿਚ ਨਹੀਂ ਫਸਦੇ, ਸਗੋਂ ਸਥਿਤੀਆਂ ਏਨੀਆਂ ਭਿਆਨਕ ਬਣ ਗਈਆਂ ਹਨ ਕਿ ਉਨ੍ਹਾਂ ਕੋਲ ਕੋਈ
ਚਾਰਾ ਹੀ ਨਹੀਂ ਰਿਹਾ। ਇਸ ਲੋਟੂ ਸਿਸਟਮ ਨੇ ਉਨ੍ਹਾਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕਾਈ ਹੋਈ
ਹੈ। ਜੇ ਕਹਾਣੀ ਵਿਚ ਇਸ ਸਿਸਟਮ ਦੇ ਵਿਕਰਾਲ ਰੂਪ ਨੂੰ ਚਿਤਰਿਆ ਜਾਂਦਾ ਅਤੇ ਰਣਬੀਰ ਨੂੰ ਉਸ
ਦਾ ਖਾਜਾ ਬਣਦਾ ਵਿਖਾਇਆ ਜਾਂਦਾ ਤਾਂ ਗੱਲ ਜ਼ਿਆਦਾ ਸਾਰਥਕ ਬਣਦੀ ਸੀ। ਹੁਣ ਇਹ ਰਣਬੀਰ ਦੀ
ਵਿਅਕਤੀਗਤ ਹੋਣੀ ਬਣ ਗਈ ਹੈ। ਇੰਜ ਲੱਗਦਾ ਹੈ ਕਿ ਰਣਬੀਰ ਨੇ ਇਹ ਹੋਣੀ ਆਪ ਸਹੇੜੀ ਹੈ। ਜਦੋਂ
ਕਿ ਸੱਚ ਇਹ ਹੈ ਕਿ ਕੋਈ ਵੀ ਰਣਬੀਰ ਅਜਿਹੀ ਹੋਣੀ ਦੀ ਕਲਪਨਾ ਨਹੀਂ ਕਰਦਾ। ਮੇਰੀ ਇਹ ਤੁੱਛ
ਜਿਹੀ ਪੱਤਰਕਾਰਕਾ ਰਾਇ ਹੈ ਕਿਸੇ ਸ਼ੁੱਧ ਆਲੋਚਕ ਦੀ ਰਾਇ ਨਹੀਂ ਹੈ। ਫੇਰ ਵੀ ਤੇਰੇ ਪ੍ਰਤੀਕਰਮ
ਦੀ ਉਡੀਕ ਰਹੇਗੀ।
-ਨਰਿੰਦਰ ਭੁੱਲਰ
-0-
|