ਇਕ ਸ਼ਾਮ ਜਦੋਂ ਟੈਲੀਫ਼ੋਨ
ਤੇ ਕੋਲੰਬੀਆ ਤੋਂ ਮੈਨੂੰ ਅੰਤਰ-ਰਾਸ਼ਟਰੀ ਕਵਿਤਾ ਉਤਸਵ ਵਿਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ
ਤਾਂ ਮੈਂ ਖੁਸ਼ੀ-ਖੁਸ਼ੀ ਸਵੀਕਾਰ ਕੀਤਾ ਸੀ, ਪਰ ਜਦੋਂ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ
ਕੋਲੰਬੀਆ ਨਾ ਤਾਂ ਕੋਲੰਬੀਆ ਯੁਨੀਵਰਸਿਟੀ ਵਾਲਾ ਅਮਰੀਕਨ ਸ਼ਹਿਰ ਹੈ ਨਾ ਇਹ ਕੈਨੇਡਾ ਦਾ
ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਹੈ, ਇਹ ਤਾਂ ਦੱਖਣੀ ਅਮਰੀਕਾ ਦਾ ਇਕ ਦੇਸ਼ ਹੈ ਜੋ ਇਸ ਵੇਲੇ
ਹਿੰਸਾ ਅਤੇ ਨਸ਼ੀਲੀਆਂ ਦਵਾਈਆਂ ਲਈ ਬਦਨਾਮ ਹੈ ਤਾਂ ਮੇਰੀ ਖੁਸ਼ੀ ਅੱਧੀ ਰਹਿ ਗਈ। ਅੱਧ ਮੰਨੇ
ਮਨ ਨਾਲ ਪ੍ਰਬੰਧਕਾਂ ਦੇ ਕਹੇ ਮੁਤਾਬਕ ਮੈਂ ਆਪਣੀਆਂ ਵੀਹ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ
ਅਨੁਵਾਦ, ਜੀਵਨ-ਵੇਰਵਾ ਤੇ ਫੋਟੋ ਉਨ੍ਹਾਂ ਨੂੰ ਭੇਜ ਦਿੱਤੇ।
ਉਡਾਣਾਂ ਅਤੇ ਉਡੀਕਾਂ ਦਾ ਸਮਾਂ ਜੋੜ ਕੇ ਦਿੱਲੀ ਤੋਂ ਉਤਸਵ ਦੇ ਸ਼ਹਿਰ ਮੈਦੇਯਿਨ ਤੱਕ 28
ਘੰਟੇ ਲੱਗਣੇ ਸਨ। ਪਹਿਲਾਂ ਲੰਡਨ ਫਿਰ ਬਗੋਟਾ ਤੋਂ ਜਹਾਜ਼ ਬਦਲਣਾ ਸੀ। ਲੰਡਨ ਹੀਥਰੋ
ਏਅਰਪੋਰਟ ਤੇ ਗੋਰੇ ਪਰਵਾਸ ਅਧਿਕਾਰੀ ਨੇ ਮੈਨੂੰ ਪੁੱਛਿਆ-ਕੋਲੰਬੀਆ ਕੀ ਕਰਨ ਜਾ ਰਹੇ ਹੋ?
ਮੈਂ ਕਿਹਾ ਅੰਤਰ-ਰਾਸ਼ਟਰੀ ਕਵਿਤਾ ਵਿਚ ਹਿੱਸਾ ਲੈਣ। ਗੋਰੇ ਨੇ ਹਕਾਰਤ ਭਰੇ ਵਿਅੰਗ ਨਾਲ
ਕਿਹਾ-ਕਿਆ ਦੇਸ਼ ਚੁਣਿਆ ਕਵਿਤਾ ਉਤਸਵ ਵਾਸਤੇ।। ਮੇਰਾ ਦਿਲ ਹੋਰ ਬੁਝ ਗਿਆ।
ਲੰਡਨ ਤੋਂ ਬਗੋਟਾ ਤੇ ਫਿਰ ਬਗੋਟਾ ਤੋਂ ਮੈਦੇਯਿਨ ਜਾਣ ਵਾਲੇ ਜਹਾਜ਼ਾਂ ਵਿਚ ਪੱਗੜੀ ਵਾਲਾ
ਕੱਲਾ ਮੈਂ ਹੀ ਸਾਂ। ਲੰਡਨ ਤੱਕ ਤਾਂ ਪੱਗਾਂ ਤੇ ਚੁੰਨੀਆਂ ਦਾ ਹੀ ਬੋਲਬਾਲਾ ਸੀ। ਮੈਦੇਯਿਨ
ਜਾਂਦਿਆਂ ਮੇਰੇ ਨਾਲ ਵਾਲੀ ਸੀਟ 'ਤੇ ਬੈਠਾ ਇਕ ਹਸਮੁੱਖ ਤੇ ਹਾਜ਼ਰ ਜਵਾਬ ਕੋਲੰਬੀਅ ਵਕੀਲ
ਮੈਨੂੰ ਪੱਗੜੀ, ਦਾੜ੍ਹੀ ਤੇ ਕੜੇ ਬਾਰੇ ਪੁੱਛਣ ਲੱਗ ਪਿਆ।
ਮੈਂ ਪੂਰਨ ਸਿੰਘ ਦੀ ਭਾਸ਼ਾ ਵਿਚ ਉਸ ਨੂੰ ਕਿਹਾ- ਇਹ ਮੇਰੇ ਗੁਰੂ ਦੇ ਪਿਆਰ ਦੀਆਂ
ਨਿਸ਼ਾਨੀਆਂ ਹਨ।
ਫਿਰ ਉਹ ਪੁੱਛਣ ਲੱਗਾ- ਤੇਰੇ ਧਰਮ ਮੁਤਾਬਕ ਮੌਤ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ?
ਮੈਂ ਕਿਹਾ- ਜੇ ਤਾਂ ਉਸ ਦੀ ਆਤਮਾ ਸ਼ੁੱਧ ਹੋਵੇ ਤਾਂ ਉਹ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ,
ਨਹੀਂ ਉਸ ਨੂੰ ਦੁਬਾਰਾ ਦੁਨੀਆਂ 'ਤੇ ਆਉਣਾ ਪੈਂਦਾ ਹੈ, ਇਸ ਪਰੀਖਿਆ ਵਿਚ ਰੀਅਪੀਅਰ ਹੋਣ ਲਈ।
ਤੇਰੀ ਆਤਮਾ ਸ਼ੁੱਧ ਹੈ?
ਮੈਂ ਕਿਹਾ- ਨਹੀਂ, ਇਸ ਵਿਚ ਬਹੁਤ ਅਸ਼ੁੱਧੀਆਂ ਹਨ।
ਉਹ ਕਹਿਣ ਲੱਗਾ- ਫਿਰ ਤਾਂ ਆਪਾਂ ਅਗਲੇ ਜਨਮ ਵੀ ਮਿਲਾਂਗੇ ਕਿਉਂਕਿ ਮੇਰੀ ਆਤਮਾ ਵਿਚ ਵੀ
ਬਹੁਤ ਅਸ਼ੁੱਧੀਆਂ ਹਨ। ਮੈਦੇਯਿਨ ਏਅਰਪੋਰਟ ਤੋਂ ਐਲ ਗਰੈਨ ਹੋਟਲ ਪਹੁੰਚੇ। ਗਿਆਰਾਂ ਵਜੇ ਸਨ।
ਹੋਟਲ ਦੀ ਲੌਬੀ 'ਚ ਬੈਠੇ ਨੌਜਵਾਨ ਮੁੰਡੇ-ਕੁੜੀਆਂ ਦੌੜ ਕੇ ਮੇਰੇ ਵੱਲ ਆਏ, ਗੱਲਵਕੜੀ ਪਾ ਕੇ
ਮਿਲੇ, ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਤਰਲੋ ਮੱਛੀ ਹੋਣ ਲੱਗੇ।
ਇਕ ਬਹੁਤ ਸਨੁੱਖੀ ਕੁੜੀ ਸੀ ਜੋ ਕਿ ਗੁਜ਼ਾਰੇ ਜੋਗੀ ਅੰਗਰੇਜ਼ੀ ਜਾਣਦੀ ਸੀ। ਉਸ ਨੇ ਸਾਰਿਆਂ
ਨਾਲ ਮੇਰੀ ਜਾਣ ਪਛਾਣ ਕਰਵਾਈ- ਇਹ ਪੈਡਰੋ ਐ, ਇਹ ਰਫ਼ੇਲ ਐ, ਇਹ ਜਮੀਲਾ, ਇਹ ਲੂਚੌ ਐ, ਮੇਰਾ
ਪ੍ਰੇਮੀ ਮੇਰਾ ਪਤੀ, ਮੈਂ ਐਂਜੀ ਆਂ।
ਇਹ ਦੇਖ ਬੀਅਰ ਦੀਆਂ ਬੋਤਲਾਂ, ਇਹ ਸਾਰੀਆਂ ਅਸੀਂ ਤੇਰੀ ਉਡੀਕ ਵਿਚ ਖਾਲੀ ਕੀਤੀਆਂ। ਹੁਣ
ਏਨੀਆਂ ਹੀ ਤੇਰੇ ਆਉਣ ਦੀ ਖੁਸ਼ੀ ਵਿਚ ਖਾਲੀ ਕਰਾਂਗੇ।
ਪਲਾਂ ਛਿਣਾਂ ਵਿਚ ਮਾਹੌਲ ਨਿੱਘਾ ਤੇ ਅਪਣੱਤ ਭਰਿਆ ਹੋ ਗਿਆ। 28 ਘੰਟੇ ਦੇ ਸਫਰ ਦੀ ਸਾਰੀ
ਥਕਾਵਟ ਦੂਰ ਹੋ ਗਈ।
ਕਵਿਤਾ ਉਤਸਵ ਪਰਸੋਂ ਸ਼ੁਰੂ ਹੋਣਾ ਸੀ। ਕਿਰਨ ਮਕਿਰਨੀ ਕਵੀ ਪਹੁੰਚ ਰਹੇ ਸਨ। ਪੰਜ ਮਹਾਦੀਪਾਂ
ਦੇ ਪੰਜਾਹ ਦੇਸ਼ਾਂ ਤੋਂ ਕਵੀਆਂ ਨੇ ਸ਼ਾਮਿਲ ਹੋਣਾ ਸੀ। ਇਟਲੀ ਤੋਂ ਅਲਬਾ ਦੋਨਾਤੀ, ਜਪਾਨ
ਤੋਂ ਕਾਸੂਕੋ ਸ਼ੀਰਾਇਸੀ, ਫਰਾਂਸ ਤੋਂ ਬੇਨਤ ਅਚਿਆਰੀ, ਬਰਤਾਨੀਆਂ ਤੋਂ ਕੇਨ ਸਮਿ, ਕੈਨੇਡਾ
ਤੋਂ ਐਮਿਲੀ ਮਾਰਤੇਲ, ਫਲਸਤੀਨ ਤੋਂ ਜ਼ਕਰੀਆ ਮੁਹੰਮਦ, ਨਾਈਜੀਰੀਆ ਤੋਂ ਨੀਯੀ ਉਮੰਦ੍ਰੇ,
ਵੀਅਤਨਾਮ ਤੋਂ ਨਗੁਏਨ ਤੁਰੰਗ ਦੁਏ, ਈਰਾਨ ਤੋਂ ਫ਼ਾਤਿਮਾ ਰਾਕੀ, ਬ੍ਰਾਜ਼ੀਲ ਤੋਂ ਐਨੀਬਲ
ਬੇਕਾ, ਰੋਮਾਨੀਆਂ ਤੋਂ ਪੀਟਰ ਸ੍ਰਾਗੇਰ, ਜਮਾਇਕਾ ਤੋਂ ਤੌਮਲਿਨ ਐਲਿ, ਇੰਡੋਨੇਸ਼ੀਆ ਤੋਂ
ਰੈਂਦਰਾਂ, ਸੈਨੇਗਲ ਤੋਂ ਅਮਾਦੂ ਲਮੀਨੇ ਸੱਲ....
ਇਕ ਲੰਮੀ ਪਤਲੀ ਮੇਮ ਨੇ ਮੇਰੇ ਕੋਲ ਆ ਕੇ ਕਿਹਾ ਸਤਿ ਸ੍ਰੀ ਅਕਾਲ, ਆਈ ਐਮ ਜੂਡਿਥ ਬੇਵੇਰਿਜ
ਫ਼ਰੌਮ ਔਸਟ੍ਰੇਲੀਆ। ਮਾਈ ਹਸਬੈਂਡ ਇਜ਼ ਫ਼ਰੌਮ ਪੰਜਾਬ, ਹਿਜ਼ ਨੇਮ ਇਜ਼ ਸੁਰਿੰਦਰ ਸਿੰਘ
ਜੋਸਨ। ਸਾਡੇ ਵਿਆਹ ਨੂੰ ਵੀਹ ਸਾਲ ਹੋ ਗਏ। ਮੈਨੂੰ ਬੜੀ ਖੁਸ਼ੀ ਹੋਈ ਕਿ ਏਨੀ ਸੰਵੇਦਨਸ਼ੀਲ
ਵਿਦੇਸ਼ੀ ਸ਼ਾਇਰਾ ਤੇ ਇਕ ਪੰਜਾਬੀ ਵੀਹ ਸਾਲ ਤੋਂ ਏਨੀ ਖ਼ੂਬਸੂਰਤ ਜਿ਼ੰਦਗੀ ਜੀਅ ਰਹੇ ਹਨ।
ਇਹ ਅੰਤਰ-ਰਾਸ਼ਟਰੀ ਕਵਿਤਾ ਉਤਸਵ ਪਿਛਲੇ ਬਾਰਾਂ ਸਾਲਾਂ ਤੋਂ ਹਰ ਸਾਲ ਮੈਦੇਯਿਨ ਸ਼ਹਿਰ ਵਿਚ
ਹੁੰਦਾ ਹੈ। ਪ੍ਰੋਮੀਤੀਓ ਨਾਮ ਦੀ ਕਵੀਆਂ ਦੀ ਸੰਸਥਾ ਦਾ ਆਯੋਜਨ ਕਰਦੀ ਹੈ।
ਉਤਸਵ ਦਾ ਉਦਘਾਟਨ ਇਕ ਬਹੁਤ ਵੱਡੇ ਓਪਨ ਥੀਏਡਰ ਵਿਚ ਹੋਇਆ। ਇਕ ਗਾਇਕ ਨੇ ਲੋਰਕਾ ਦੇ ਗੀਤ ਗਾ
ਕੇ ਇਸ ਦਾ ਆਰੰਭ ਕੀਤਾ।
ਇਸ ਤੋਂ ਬਾਅਦ ਸੱਤ ਦਿਨਾਂ ਦਾ ਇਹ ਕਵਿਤਾ ਉਤਸਵ ਆਰੰਭ ਹੋਇਆ। ਇਸ ਦੀ ਰੂਪ-ਰੇਖਾ ਇਸ ਤਰ੍ਹਾਂ
ਸੀ ਕਿ ਹਰ ਗ਼ੈਰ-ਸਪੈਨਿਸ਼ ਭਾਸ਼ੀ ਕਵੀ ਦੀਆਂ ਵੀਹ-ਵੀਹ ਕਵਿਤਾਵਾਂ ਦਾ ਸਪੈਨਿਸ਼ ਵਿਚ
ਅਨੁਵਾਦ ਹੋ ਚੁੱਕਾ ਸੀ। ਹਰ ਕਵੀ ਦੀਆਂ ਕਵਿਤਾਵਾਂ ਦਾ ਸਪੈਨਿਸ਼ ਪਾਠ ਲਈ ਇਕ-ਇਕ ਉੱਚਾਰਨਹਾਰ
ਵੀ ਨਿਸ਼ਚਿਤ ਹੋ ਚੁੱਕਾ ਸੀ। ਮੇਰੀਆਂ ਕਵਿਤਾਵਾਂ ਦਾ ਸਪੈਨਿਸ਼ ਪਾਠ ਹਾਈਮੇ ਐਂਦਰਿਸ ਨੇ
ਕਰਨਾ ਸੀ, ਉਹ ਨੌਜਵਾਨ ਟੀ.ਵੀ. ਅਦਾਕਾਰ ਸੀ ਤੇ ਕਵਿਤਾ ਦਾ ਬਹੁਤ ਸ਼ੌਕੀਨ। ਉਸ ਨੂੰ
ਅੰਗਰੇਜ਼ੀ ਬਿਲਕੁਲ ਨਹੀਂ ਸੀ ਆਉਂਦੀ। ਉਸ ਦੀ ਪਤਨੀ ਲੌਲੀ ਇਕ ਅੰਗਰੇਜ਼ ਔਰਤ ਸੀ ਜੋ
ਸਪੈਨਿਸ਼ ਵੀ ਬਹੁਤ ਅੱਛੀ ਜਾਣਦੀ ਸੀ। ਉਹ ਸਾਡੇ ਵਿਚਕਾਰ ਦੁਭਾਸ਼ੀਆਂ ਦਾ ਕੰਮ ਕਰਦੀ ਸੀ।
ਹਾਈਮੇ ਨੇ ਮੈਨੂੰ ਮੇਰੀਆਂ ਕਵਿਤਾਵਾਂ ਸਪੈਨਿਸ਼ ਵਿਚ ਪੜ੍ਹ ਕੇ ਸੁਣਾਈਆਂ-ਵਜੰਤਰੀ,
ਬੰਸਰੀ-ਬਿਰਤਾਂਤ, ਘਰਾਂ ਨੂੰ ਵਾਪਸੀ, ਮੇਰੀ ਮਾਂ ਤੇ ਮੇਰੀ ਕਵਿਤਾ.... ਤੇ ਮੈਨੂੰ ਪੁੱਛਿਆ-
ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਗਤੀ ਤੇ ਰਵਾਨਗੀ? ਮੈਨੂੰ ਸਪੈਨਿਸ਼ ਭਾਸ਼ਾ ਦੀਆਂ
ਧੁਨੀਆਂ ਬਹੁਤ ਚੰਗੀਆਂ ਲੱਗੀਆਂ।
ਮੈਦੇਯਿਨ ਸ਼ਹਿਰ ਵਿਚ ਕਵਿਤਾ ਉਤਸਵ ਲਈ ਛੇ ਵੈਨਿਊ ਬਣਾਏ ਗਏ, ਇਕ ਵੈਨਿਊ ਲਾਗਲੇ ਪਿੰਡ ਵਿਚ
ਸੀ। ਇਕੋ ਵੇਲੇ ਸੱਤ ਥਾਵਾਂ 'ਤੇ ਚੱਲ ਰਿਹਾ ਸੀ ਇਕ ਕਵਿਤਾ ਮੇਰਾ। ਹਰ ਰੋਜ਼ ਹਰ ਕਵੀ ਦਾ
ਵੈਨਿਊ ਤੇ ਨਾਲ ਦੇ ਕਵੀ ਬਦਲ ਜਾਂਦੇ। ਹਰ ਰੋਜ਼ ਹਰ ਕਵੀ ਨਵੇਂ ਲੋਕਾਂ ਅਤੇ ਨਵੇਂ ਕਵੀਆਂ ਦੇ
ਦਰਮਿਆਨ ਕਵਿਤਾਵਾਂ ਪੜ੍ਹਦਾ ਸੀ। ਕਵੀ ਆਪਣੀ ਮੂਲ-ਭਾਸ਼ਾ ਵਿਚ ਪੜ੍ਹਦਾ ਸੀ ਤੇ ਉਸ ਦਾ ਸਪੇਨੀ
ਪਾਠ ਉਸ ਦੇ ਜਾਦੂ ਨੂੰ ਸਪੈਨਿਸ਼ ਵਿਚ ਖੋਲ੍ਹਦਾ ਸੀ।
ਲੋਕ ਬਹੁਤ ਹੁੰਮ ਹੁੰਮਾ ਕੇ ਆਉਾਂਦੇ ਸਨ, ਸਾਹ ਰੋਕ ਸੁਣਦੇ ਸਨ ਤੇ ਜੋ ਉਨ੍ਹਾਂ ਦੇ ਦਿਲ ਨੂੰ
ਛੋਹ ਜਾਂਦਾ, ਉਹ ਸਮੁੰਦਰ ਵਾਂਗ ਉਮਲ ਪੈਂਦੇ। ਹਰ ਵੈਨਿਊ ਪੂਰਾ ਭਰਿਆ ਹੁੰਦਾ। ਇਕ ਥਾਂ ਤਾਂ
ਇਉਂ ਵੀ ਹੋਇਆ ਕਿ ਪੂਰਾ ਹਾਲ ਭਰ ਗਿਆ ਤੇ ਸੌ ਤੋਂ ਵਧੇਰੇ ਸਰੋਤੇ ਅਜੇ ਸੜਕ 'ਤੇ ਖੜ੍ਹੇ ਸਨ
ਤੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਇਹ ਮੰਗ ਮੰਨਣੀ ਪਈ ਕਿ ਜਿਹੜਾ ਕਵੀ ਅੰਦਰ ਆਪਣੀਆਂ
ਕਵਿਤਾਵਾਂ ਪੜ੍ਹ ਲਵੇ, ਉਹ ਬਾਹਰ ਆ ਕੇ ਸਾਡੇ ਲਈ ਪੜ੍ਹੇ।
ਜਿਸ ਤਰ੍ਹਾਂ ਪੰਜਾਬ ਵਿਚ ਸਰੋਤੇ ਕਿਸੇ ਲੋਕ ਗਾਇਕ ਨੂੰ ਸੁਣਨ ਜਾਂਦੇ ਹਨ, ਮੈਦੇਯਿਨ ਵਿਚ ਇਸ
ਤਰ੍ਹਾਂ ਹੁੰਮ ਹੁੰਮਾ ਕੇ ਉਹ ਕਵੀਆਂ ਨੂੰ ਸੁਣਨ ਲਈ ਆਉਂਦੇ ਹਨ। ਫਿਰ ਸੁਣਨ ਤੋਂ ਬਾਅਦ
ਕਵੀਆਂ ਦੇ ਮਗਰ ਮਗਰ, ਉਨ੍ਹਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਵਿਚ ਕਵਿਤਾਵਾਂ ਲਿਖਵਾਉਂਦੇ,
ਆਟੋਗ੍ਰਾਫ਼ ਲੈਂਦੇ, ਉਨ੍ਹਾਂ ਪ੍ਰਤੀ ਆਪਣਾ ਪਿਆਰ ਤੇ ਪ੍ਰਸ਼ੰਸਾ ਪ੍ਰਗਟ ਕਰਦੇ-ਐਕਸੇਲੈਂਤਾ,
ਪਰਫ਼ੈਕਤਾ, ਬਿੱਗ ਪੋਇਤਾ... ਇਨ੍ਹਾਂ ਲੋਕਾਂ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਪਿਛਲੇ ਕੁਝ
ਦਹਾਕਿਆਂ ਤੋਂ ਸਪੈਨਿਸ਼ ਭਾਸ਼ਾ ਸੰਸਾਰ ਨੇ ਆਕਤਾਵਿਓ ਪਾਜ਼ ਜਿਹੇ ਕਵੀ ਤੇ ਗਾਰਸ਼ੀਆਂ
ਮਾਰਕੁਏਜ਼ ਵਰਗੇ ਗਲਪਕਾਰ ਪੈਦਾ ਕੀਤੇ।
ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਦੇਯਿਨ ਸ਼ਹਿਰ, ਉਸ ਦੇ ਲੋਕ ਤੇ ਉਥੇ ਦਾ ਇਹ
ਅੰਤਰ-ਰਾਸ਼ਟਰੀ ਕਵਿਤਾ ਉਤਸਵ ਏਨਾ ਹੁਸੀਨ ਤੇ ਏਨਾ ਸ਼ਾਨਦਾਰ ਹੋਵੇਗਾ ਮੈਨੂੰ ਇਹ ਕਵਿਤਾ ਦਾ
ਤੀਰਥ ਲੱਗੇਗਾ। ਮੈਂ ਤਾਂ ਰੋਂਦਾ ਕੁਰਲਾਉਾਂਦਾ ਡੋਲੀ ਚੜ੍ਹਿਆ ਸਾਂ।
ਇਕ ਕਵਿਤਾ ਪਾਠ ਤੋਂ ਪਹਿਲਾਂ ਮੈਂ, ਮੇਰਾ ਸਪੈਨਿਸ਼ ਰੀਡਰ ਹਾਈਮੇ ਐਂਦਰਿਸ ਤੇ ਉਸ ਦੀ ਪਤਨੀ
ਲੌਲੀ ਇਕ ਪਾਰਕ ਵਿਚ ਘੁੰਮ ਰਹੇ ਸਾਂ। ਇਕ ਅੱਠ-ਦਸ ਸਾਲ ਦਾ ਬੱਚਾ ਸਾਈਕਲ ਚਲਾਉਂਦਾ ਸਾਡੇ
ਕੋਲ ਰੁਕ ਗਿਆ। ਉਸ ਨੇ ਸਪੈਨਿਸ਼ ਵਿਚ ਕੁਝ ਪੁੱਛਿਆ ਜਿਸ ਤੇ ਉਹ ਦੋਵੇਂ ਹੱਸ ਪਏ। ਲੌਲੀ ਨੇ
ਮੈਨੂੰ ਦੱਸਿਆ ਕਿ ਇਹ ਬੱਚਾ ਸਪੈਨਿਸ਼ ਵਿਚ ਕਹਿ ਰਿਹਾ ਸੀ- ਏਰੇਸ ਉਨ ਮਾਗੋ? ਯਾਨੀ ਕੀ ਇਹ
ਆਦਮੀ ਜਾਦੂਗਰ ਹੈ?
ਮੈਂ ਕੁਝ ਨਾ ਕਿਹਾ ਪਰ ਮੇਰੇ ਮਨ ਵਿਚ ਇਕ ਕਵਿਤਾ ਸ਼ੁਰੂ ਹੋ ਗਈ-
ਮੈਦੇਯਿਨ ਸ਼ਹਿਰ ਵਿਚ
ਓਬਰੇਰੋ ਪਾਰਕ ਵਿਚ
ਕਵਿਤਾ ਉਤਸਵ ਦੇ ਦਿਨੀਂ
ਇਕ ਬੱਚਾ ਸਾਈਕਲ ਚਲਾਉਂਦਾ
ਮੇਰੇ ਕੋਲ ਆਇਆ
ਮੇਰੀ ਪੱਗੜੀ ਤੇ ਦਾੜ੍ਹੀ ਦੇਖ ਕੇ
ਪੁੱਛਣ ਲੱਗਾ-
ਏਰੇਸ ਉਨ ਮਾਗੋ
ਤੂੰ ਜਾਦੂਗਰ ਏ?
ਬੱਚੇ ਨੂੰ 'ਨਹੀਂ' ਕਹਿਣਾ ਮੈਨੂੰ ਚੰਗਾ ਨਾ ਲੱਗਾ
ਮੈਂ ਕਿਹਾ ਹਾਂ ਮੈਂ ਜਾਦੂਗਰ ਹਾਂ
ਮੈਂ ਅਸਮਾਨ ਤੋਂ ਤਾਰੇ ਤੋੜ ਕੇ
ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਦਰਖਤਾਂ ਨੂੰ ਸਾਜ਼ਾਂ ਵਿਚ ਬਦਲ ਸਕਦਾਂ
ਪੱਤਿਆਂ ਨੂੰ ਸੁਰਾਂ ਬਣਾ ਸਕਦਾਂ
ਤੇ ਹਵਾ ਨੂੰ ਸਾਜਿ਼ੰਦੇ ਦੇ ਪੋਟੇ
ਮੈਂ ਜ਼ਖ਼ਮਾਂ ਨੂੰ ਫੁੱਲਾਂ ਵਿਚ ਬਦਲ ਸਕਦਾਂ
ਬੱਚੇ ਨੇ ਹੈਰਾਨ ਹੋ ਕੇ ਕਿਹਾ- ਅੱਛਾ?
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ
ਮੈਂ ਇਕ ਪਲ ਸੋਚ ਕੇ ਕਿਹਾ
ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਵੱਡਿਆਂ ਦਾ ਜਾਦੂਗਰ ਹਾਂ
ਅੱਛਾ, ਤਾਂ ਫਿਰ ਤੂੰ ਸਾਡੇ ਘਰ ਨੂੰ
ਮਹਿਲ ਵਿਚ ਬਦਲ ਦੇ
ਮੈਂ ਛਿੱਥਾ ਜਿਹਾ ਪੈ ਕੇ ਆਖਿਆ
ਅਸਲ ਵਿਚ ਚੀਜ਼ਾਂ ਦਾ ਜਾਦੂਗਰ ਨਹੀਂ
ਲਫ਼ਜ਼ਾਂ ਦਾ ਜਾਦੂਗਰ ਆਂ
ਅੱਛਾ ਸਮਝ ਗਿਆ
ਤੂੰ ਪੋਇਟਾ ਏਂ ਪੋਇਟਾ
ਤੇ ਉਹ ਬੱਚਾ ਹੱਸਦਾ ਮੁਸਕਰਾਉਂਦਾ
ਹੱਥ ਹਿਲਾਉਂਦਾ
ਸਾਈਕਲ ਚਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ
ਮੇਰੀ ਕਵਿਤਾ ਵਿਚ॥
ਮੈਂ ਆਪਣੀ ਕਵਿਤਾ ਵਿਚ ਤਾਂ ਉਸ ਕੋਲੰਬੀਅਨ ਬੱਚੇ ਵਾਸਤੇ ਮਾਕੋ ਤੋਂ ਪੋਇਟਾ, ਯਾਨੀ ਜਾਦੂਗਰ
ਤੋਂ ਕਵੀ ਬਣ ਗਿਆ ਪਰ ਅਸਲ ਵਿਚ ਮਾਗੋ ਹੀ ਰਿਹਾ ਹੋਵਾਂਗਾ। ਲੌਲੀ ਨੇ ਉਸ ਦਿਨ ਕਵਿਤਾ ਨੂੰ
ਸਪੈਨਿਸ਼ ਵਿਚ ਅਨੁਵਾਦ ਕਰ ਦਿੱਤਾ ਤੇ ਇਕ ਕਵਿਤਾ-ਪਾਠ ਵਿਚ ਹਾਈਮੇਂ ਨੇ ਪੜ੍ਹ ਕੇ ਵੀ ਸੁਣਾ
ਦਿੱਤੀ ਤੇ ਅਗਲੇ ਦਿਨ ਇਕ ਚਿੱਤਰਕਾਰ ਮੇਰਾ ਇਕ ਸਕੈੱਚ ਬਣਾ ਲਿਆਇਆ ਜਿਸ ਦੇ ਹੇਠਾਂ ਲਿਖਿਆ
ਹੋਇਆ ਸੀ- ਮਾਗੋ ਲਾ ਪਲਾਬਰਾ, ਯਾਨੀ ਲਫ਼ਜ਼ਾਂ ਦਾ ਜਾਦੂਗਰ।
ਵੱਖ-ਵੱਖ ਦੇਸ਼ਾਂ ਵਿਚੋਂ ਲੰਘਦਿਆਂ ਪੱਗੜੀ ਵੱਖ-ਵੱਖ ਅਰਥ ਧਾਰਨ ਕਰਦੀ ਹੈ, ਕਿਤੇ ਇਹ
ਤੁਹਾਨੂੰ ਅਰਬ ਦਾ ਮੁਸਲਮਾਨ ਤੇ ਕਿਤੇ ਮਾਗੋ ਬਣਾ ਦੇਂਦੀ ਹੈ, ਕਿਤੇ-ਕਿਤੇ ਤੁਹਾਨੂੰ ਕੋਈ
ਰਾਜਾ ਜਾਂ ਸ਼ਹਿਜ਼ਾਦਾ ਵੀ ਸਮਝ ਲਿਆ ਜਾਂਦਾ ਹੈ। ਮੈਨੂੰ 82-83 ਵਿਚ ਲਿਖੀ ਇਕ ਲੰਬੀ ਕਵਿਤਾ
ਦਾ ਹਿੱਸਾ ਯਾਦ ਆਇਆ-
ਪਤਾ ਨਹੀਂ ਕਿਹੋ ਜਿਹੀ ਲੱਗ ਰਹੀ ਹੋਵੇਗੀ
ਤੁਹਾਨੂੰ ਮੇਰੀ ਪੱਗੜੀ
ਪਰ ਮਾਂ ਦੀਆਂ ਅੱਖਾਂ ਨੇ ਮੇਰੇ ਵੱਲ ਦੇਖਦਿਆਂ
ਇਸ ਬਾਰੇ ਕੁਝ ਇਹੋ ਜਿਹਾ ਇਕ ਖ਼ਾਮੋਸ਼ ਗੀਤ ਗਾਇਆ ਸੀ-
ਰਿਸ਼ਮਾਂ ਦਾ ਤਾਣਾ
ਕਿਰਨਾਂ ਦਾ ਬਾਣਾ
ਰਬਾਬ ਦੀ ਰੰਗਤ
ਸ਼ਮਸ਼ੀਰ ਦਾ ਅਬਰਕ
ਮਮਤਾ ਦੀ ਮਾਇਆ
ਅਸੀਸ ਦੀ ਖ਼ੁਸ਼ਬੂ
ਇਹ ਸਭ ਕੁਝ ਸਮੋ ਕੇ
ਮੈਂ ਤੇਰੀ ਦਸਤਾਰ ਬਣਾਈ
ਪਿਤਾ ਨੇ ਤੇਰੇ ਸਿਰ 'ਤੇ ਸਜਾਈ
ਪਿੰਡ ਵਿਚ ਬੈਠੀ ਮਾਂ ਨੂੰ ਕੀ ਪਤਾ
ਦੇਸ਼ ਦੇਸ਼ 'ਚੋਂ ਵਿਚਰਦਿਆਂ
ਕਾਲ-ਕਾਲ 'ਚੋਂ ਗੁਜ਼ਰਿਆਂ
ਸ਼ਹਿਰ-ਸ਼ਹਿਰ 'ਚੋਂ ਲੰਘਦਿਆਂ
ਬਹੁਤ ਕੁਝ ਅਲੱਗ-ਅਲੱਗ
ਬਣਦੀ ਰਹਿੰਦੀ ਹੈ ਇਹ
ਕਿਤਿਓਂ ਲੰਘਦਿਆਂ ਬਣ ਜਾਂਦੀ ਹੈ
ਮੇਰੇ ਸਿਰ ਮੇਰੀ ਬਹਾਦਰੀ ਦਾ ਤਾਜ ਮੇਰੀ ਪੱਗੜੀ
ਤੇ ਕਿਤਿਓਂ ਲੰਘਦਿਆਂ
ਇਹ ਬਣ ਜਾਂਦੀ ਹੈ
ਮੇਰੇ ਸਿਰ ਗੁਨਾਹਾਂ ਦੀ ਗੱਠੜੀ
ਇਕ ਵਾਰ ਭੋਪਾਲ ਵਿਚ
ਮੈਂ ਪੂਰਨ ਸਿੰਘ ਦੇ ਰੰਗ ਵਿਚ ਕਿਹਾ ਸੀ
ਇਹ ਜੋ ਮੇਰੀ ਦਸਤਾਰ ਹੈ
ਮੇਰੇ ਸਿਰ ਤੇ ਮੇਰੇ ਗੁਰੂ ਦਾ ਪਿਆਰ ਹੈ
ਮੇਰੀ ਗੱਲ ਸੁਣ ਕੇ ਰਘੁਵੀਰ ਸਹਾਏ
ਆਪਣੀ ਵਿਅੰਗ ਭਰੀ ਕਵਿਤਾ ਦੇ ਅੰਦਾਜ਼ ਵਿਚ ਮੁਸਕਰਾਏ
ਉਨ੍ਹਾਂ ਨੇ ਕੁਝ ਨਹੀਂ ਕਿਹਾ
ਪਰ ਮੈਨੂੰ ਲੱਗਾ
ਉਹ ਕਹਿ ਰਹੇ ਹਨ-
ਜੇ ਨਹੀਂ ਹੈ
ਤੇਰੇ ਮਸਤਕ ਵਿਚ
ਨਿਰਭਇਤਾ, ਸੱਚਾਈ, ਕੁਰਬਾਨੀ ਅਤੇ ਪਿਆਰ
ਤੇਰੇ ਗੁਰੂ ਜਿਹਾ ਬੇਕਿਨਾਰ
ਤਾਂ ਕਿਉਂ ਹੈ ਤੇਰੇ ਸਿਰ 'ਤੇ
ਤੇਰੇ ਗੁਰੂ ਦੀ ਨਿਸ਼ਾਨੀ
ਤੇਰੀ ਦਸਤਾਰ
ਕੁਝ ਇਸ ਤਰ੍ਹਾਂ ਮੁਸਕਰਾਏ
ਰਘੁਵੀਰ ਸਹਾਏ
ਕਿ ਮੇਰੀਆਂ ਅੱਖਾਂ 'ਚੋਂ ਅੱਥਰੂ ਨਿਕਲ ਆਏ
ਉਹ ਹੰਝੂ ਸਿਰਫ ਦੁਖ ਦੇ ਹੀ ਨਹੀਂ ਸਨ
ਖ਼ੁਸ਼ੀ ਦੇ ਵੀ ਸਨ
ਕਿ ਮੇਰਾ ਪ੍ਰਿਅ ਕਵੀ ਜਾਣਦਾ ਹੈ
ਮੇਰੀ ਦਸਤਾਰ ਤੇ ਮੇਰੇ ਗੁਰੂ ਦਾ ਕੀ ਰਿਸ਼ਤਾ ਹੈ
ਜਦ ਕਿ ਉਹ ਸਾਰੇ ਰਿਸ਼ਤੇ ਭੁੱਲਣ ਦੇ ਦਿਨ ਸਨ
ਜਾਣ ਕੇ ਵੀ
ਅਣਜਾਣ ਬਣਨ ਦੇ ਦਿਨ ਸਨ
ਇਕ ਦਿਨ ਕਵਿਤਾ-ਉਤਸਵ ਦਾ ਵੈਨਿਊ ਇਕ ਪਿੰਡ ਸੀ। ਕਵਿਤਾ-ਪਾਠ ਤੋਂ ਬਾਅਦ ਪ੍ਰਸ਼ਨ ਉੱਤਰ ਲਈ
ਵੀ ਸਮਾਂ ਰੱਖਿਆ ਸੀ। ਸਾਡੀ ਦੋਭਾਸ਼ੀਆ ਲੌਲੀ ਦੀ ਸਹਾਇਤਾ ਨਾਲ ਇਕ ਬਜ਼ੁਰਗ ਤੇ ਮੇਰੇ
ਵਿਚਕਾਰ ਇਹ ਗੱਲਬਾਤ ਹੋਈ। ਬਜ਼ੁਰਗ ਨੇ ਮੈਨੂੰ ਮੇਰੀ ਪੱਗੜੀ ਬਾਰੇ ਵੀ ਪੁੱਛਿਆ ਤੇ ਨਾਲ ਹੀ
ਇਹ ਵੀ ਕਿ ਕੋਲੰਬੀਆ ਵਿਚ ਏਨੀ ਹਿੰਸਾ ਹੈ, ਤੁਹਾਨੂੰ ਏਥੇ ਆਉਣ ਲੱਗਿਆਂ ਡਰ ਨਹੀਂ ਆਇਆ? ਮੈਂ
ਕਿਹਾ ਜਿਥੋਂ ਮੈਂ ਆਇਆ ਹਾਂ, ਉਸ ਧਰਤੀ ਨੇ ਵੀ ਬਹੁਤ ਹਿੰਸਾ ਦੇਖੀ ਹੈ। ਉਸ ਧਰਤੀ ਦਾ ਜੋ
ਹਾਲ ਹੋ ਗਿਆ ਸੀ ਉਸ ਬਾਰੇ ਮੈਂ ਤੁਹਾਨੂੰ ਦੋ ਸਤਰਾਂ ਵਿਚ ਦਸਦਾ ਹਾਂ:-
ਮਾਤਮ ਹਿੰਸਾ ਖ਼ੌਫ਼ ਬੇਬਸੀ ਤੇ ਅਨਿਆਂ
ਇਹ ਨੇ ਅੱਜਕੱਲ੍ਹ ਮੇਰੇ ਦਰਿਆਵਾਂ ਦੇ ਨਾਂ
ਕਵਿਤਾ ਉਤਸਵ ਵਿਚ ਸ਼ਾਮਿਲ ਜਾਪਾਨੀ ਸ਼ਾਇਰਾ ਦੀ ਉਮਰ ਸੱਤਰ ਦੇ ਆਸ-ਪਾਸ ਸੀ, ਪਰ ਉਹ
ਮੇਕ-ਅੱਪ ਬਿਲਕੁਲ ਮੁਟਿਆਰਾਂ ਵਰਗਾ ਕਰਦੀ ਸੀ। ਉਸ ਨੇ ਬਹੁਤ ਮੋਟੇ-ਮੋਟੇ ਅੱਖਰਾਂ ਵਿਚ ਆਪਣੀ
ਕਵਿਤਾ ਲਿਖੀ ਹੁੰਦੀ ਤਾਂ ਜੋ ਉਸ ਨੂੰ ਮੰਚ ਉੱਤੇ ਐਨਕ ਲਾ ਕੇ ਨਾ ਆਉਣਾ ਪਵੇ। ਇਕ ਕਵਿਤਾ ਦੇ
ਸਾਰੇ ਕਾਗਜ਼ਾਂ ਨੂੰ ਜੋੜ ਕੇ ਉਹ ਲੰਮਾ ਸਾਰਾ ਇਕ ਹੀ ਕਾਗਜ਼ ਬਣਾ ਲੈਂਦੀ ਸੀ। ਉਹ ਡਾਇਸ ਤੇ
ਖੜ੍ਹੀ ਕਵਿਤਾ ਪੜ੍ਹੀ ਜਾਂਦੀ ਤੇ ਉਹ ਦੀ ਕਵਿਤਾ ਕੱਪੜੇ ਦੇ ਥਾਨ ਵਾਂਗ ਖੁੱਲ੍ਹਦੀ ਤੇ ਡਾਇਸ
ਤੋਂ ਖਿਸਕਦੀ ਰਹਿੰਦੀ ਤੇ ਫਰਸ਼ 'ਤੇ ਡਿੱਗਦੀ ਰਹਿੰਦੀ। ਕਵਿਤਾ ਦਾ ਇਕ ਥਾਨ ਮੁੱਕਦਾ ਤਾਂ ਉਹ
ਦੂਜਾ ਖੋਲ੍ਹ ਲੈਂਦੀ।
ਇਕ ਦਿਨ ਅਰਬੀ ਦੇ ਇਕ ਕਵੀ ਨੇ ਕਿਹਾ ਕਿ ਮੇਰੇ ਸਿਰਫ ਅਨੁਵਾਦ ਹੀ ਪੜ੍ਹੇ ਜਾਣ। ਪਰ ਸਰੋਤਿਆਂ
ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹ ਹਰ ਕਵੀ ਨੂੰ ਇਸ ਦੀ ਮੂਲ-ਭਾਸ਼ਾ ਵਿਚ ਵੀ ਜ਼ਰੂਰ
ਸੁਣਨਾ ਚਾਹੁੰਦੇ ਸਨ। ਸੱਚਮੁੱਚ ਕਈ ਕਵੀਆਂ ਨੂੰ ਉਨ੍ਹਾਂ ਦੀ ਮੂਲ-ਭਾਸ਼ਾ ਵਿਚ ਸੁਣਨਾ ਇਕ
ਵਿਲੱਖਣ ਜਿਹਾ ਅਨੁਭਵ ਹੁੰਦਾ ਹੈ।
ਮਰਕਜ਼ੀ ਸਹਿਰਾ ਤੋਂ ਆਇਆ ਮੋਹੰਮਦਨ ਹਵਦ ਹਮੇਸ਼ਾ ਆਪਣੇ ਕਵਿਤਾ-ਪਾਠ ਦੀ ਰੀਹਰਸਲ ਕਰਦਾ
ਰਹਿੰਦਾ। ਉਹ ਜਦੋਂ ਆਪਣੀ ਕਵਿਤਾ ੁਚਾਰਦਾ ਸੀ ਤਾਂ ਬਹੁਤ ਮੁਸ਼ਕਲ ਤੇ ਅਣਸੁਣੀਆਂ ਧੁਨੀਆਂ
ਨਿਕਾਲਦਾ ਸੀ। ਉਹ ਕਹਿੰਦਾ ਸੀ ਮੇਰੇ ਉਚਾਰਣ ਵਿਚ ਕਿਸੇ ਸ਼ਬਦ ਵਿਚ ਮੇਰਾ ਅੰਗੂਠਾ ਵੀ ਬੋਲਦਾ
ਹੈ, ਕਿਸੇ ਵਿਚ ਮੇਰੇ ਪੈਰਾਂ ਦੀ ਤਲੀਆਂ ਵੀ, ਕਿਸੇ ਵਿਚ ਮੇਰੇ ਸਿਰ ਦੇ ਵਾਲ। ਕਿਸੇ ਵੀ
ਲਫ਼ਜ਼ ਦੇ ਅਰਥ ਬਿਨਾਂ ਉਸ ਦੀਆਂ ਧੁਨੀਆਂ ਨੂੰ ਸੁਣਨਾ ਇਕ ਅਲੌਕਿਕ ਅਨੁਭਵ ਹੁੰਦਾ ਸੀ। ਉਸ
ਦੀਆਂ ਧੁਨੀਆਂ ਅਜੀਬ ਭਾਵਨਾਵਾਂ ਜਗਾਉਂਦੀਆਂ ਸਨ, ਇਕਲਾਪੇ ਦੀਆਂ, ਰੱਬ ਦੀ ਬੇਰਹਿਮੀ ਦੀਆਂ,
ਅੱਧੀ ਰਾਤ ਦੇ ਸਹਿਰਾ ਦੇ ਸਿਰ ਤੇ ਚਮਕਦੇ ਤਾਰਿਆਂ ਦੀਆਂ।
ਕੈਨੇਡਾ ਤੋਂ ਆਇਆ ਪਾਲ ਦੱਤੋਂ ਕਦੀ-ਕਦੀ ਨਿਰਾਰਥਕ ਧੁਨੀਆਂ ਨਾਲ ਹੀ ਆਪਣਾ ਕਵਿਤਾ ਪਾਠ ਕਰਦਾ
ਸੀ, ਉਹ ਧੁਨੀਆਂ ਕਿਸੇ ਭਾਸ਼ਾ ਦੇ ਲਫ਼ਜ਼ ਨਹੀਂ ਸਨ, ਉਹ ਸਿਰਫ ਅਜੀਬੋ ਗਰੀਬ ਧੁਨੀਆਂ ਸਨ।
ਇਕ ਦਿਨ ਕਵਿਤਾ-ਪਾਠ ਦਾ ਇਕ ਵੈਨਿਊ ਪਾਗਲਖ਼ਾਨਾ ਰੱਖਿਆ ਗਿਆ। ਪਾਲ ਦੱਤੋਂ ਵੀ ਉਸ ਵੈਨਿਊ ਦੇ
ਕਵੀਆਂ ਵਿਚ ਸ਼ਾਮਿਲ ਸੀ। ਦੂਜੇ ਦਿਨ ਉਸ ਦੇ ਕਵਿਤਾ-ਪਾਠ ਬਾਰੇ ਸੁਰਖੀ ਸੀ, ''ਪਾਗਲਖ਼ਾਨੇ
ਵਿਚ ਪਾਗ਼ਲਾਂ ਨਾਲੋਂ ਵੀ ਵੱਡੇ ਪਾਗਲ।''
ਇਕ ਸ਼ਾਮ ਜਮਾਇਕਨ ਕਵੀ ਤੌਮਲਿਨ ਐਲਿਸ ਦਾ ਕਵਿਤਾ-ਪਾਠ ਇਕ ਬੀਅਰ ਬਾਰ ਦੇ ਸਾਹਮਣੇ ਸੀ। ਬਹੁਤ
ਵੱਡੀ ਗਿਣਤੀ ਵਿਚ ਲੋਕ ਜੁੜੇ ਹੋਏ ਸਨ। ਤੌਮਲਿਨ ਐਲਿਸ ਅੰਗਰੇਜ਼ੀ ਵਿਚ ਜਾ ਰਿਹਾ ਸੀ, ਉਸ ਦੇ
ਨਾਲ ਇਕ ਸਾਜਿ਼ੰਦਾ ਗਿਟਾਰ ਵਜਾ ਰਿਹਾ ਸੀ, ਉਸ ਦਾ ਅਨੁਵਾਦਕ ਸਪੈਨਿਸ਼ ਗਾ ਰਿਹਾ ਸੀ।
ਉਤਸਵ ਦੀ ਆਖਿਰੀ ਸ਼ਾਮ ਬਾਰੇ ਕਵੀਆਂ ਨੇ ਇਕ ਓਪਨ ਥੀਏਟਰ ਵਿਚ ਇਕੱਠੇ ਹੋਣਾ ਸੀ, ਜ਼ੋਰਾਂ ਦੀ
ਬਾਰਿਸ਼ ਹੋ ਰਹੀ ਸੀ। ਬਾਰਿਸ਼ ਦੇ ਬਾਵਜੂਦ ਥੀਏਟਰ ਭਰਿਆ ਹੋਇਆ ਸੀ। ਲੋਕ ਛਤਰੀਆਂ ਤਾਣ ਕੇ,
ਪਲਾਸਟਿਕ ਦੀਆਂ ਸ਼ੀਟਾਂ ਹੇਠ ਲੁਕ ਕੇ ਬੈਠੇ ਪੋਏਸੀਆ ਪੋਏਸੀਆ ਦੇ ਨਾਅਰੇ ਲਾ ਰਹੇ ਸਨ।
ਬਾਰਿਸ਼ ਥਮ ਗਈ। ਪੰਜਾਹ ਕਵੀਆਂ ਨੇ ਆਪਣੀਆਂ ਇਕ-ਇਕ, ਦੋ-ਦੋ ਕਵਿਤਾਵਾਂ ਪੜ੍ਹੀਆਂ,
ਗ਼ੈਰ-ਸਪੇਨੀ ਕਵਿਤਾਵਾਂ ਦੇ ਸਪੇਨੀ ਅਨੁਵਾਦ ਵੀ ਪੜ੍ਹੇ ਗਏ। ਲਗਭਗ ਛੇ ਘੰਟੇ ਦਾ ਪ੍ਰੋਗਰਾਮ
ਸੀ, ਸਰੋਤੇ ਘਟੇ ਨਹੀਂ, ਸਗੋਂ ਵਧਦੇ ਹੀ ਗਏ। ਨਾਲ-ਨਾਲ ਬੀਅਰ, ਵਾਈਨ, ਵਿਸਕੀ ਵੀ ਚੱਲ ਰਹੀ
ਸੀ, ਫਿਰ ਵੀ ਜਦੋਂ ਕੋਈ ਕਵੀ ਕਵਿਤਾ ਪੜ੍ਹਦਾ ਸੀ ਤਾਂ ਇਸ ਤਰ੍ਹਾਂ ਖ਼ਾਮੋਸ਼ੀ ਹੁੰਦੀ ਸੀ ਕਿ
ਡਿੱਗੇ ਪੱਤੇ ਦਾ ਵੀ ਖੜਾਕ ਸੁਣੇ, ਪਰ ਜਦੋਂ ਕੋਈ ਸਤਰ ਦਿਲਾਂ ਨੂੰ ਛੂਹ ਜਾਂਦੀ ਤਾਂ ਸਰੋਤੇ
ਸਮੁੰਦਰ ਵਾਂਗ ਉਛਲ ਪੈਂਦੇ।
ਕਵਿਤਾ-ਪਾਠ ਖ਼ਤਮ ਹੋਣ ਤੋਂ ਬਾਅਦ ਹੋਟਲ ਆਏ ਤਾਂ ਦੋ ਵੱਜ ਚੁੱਕੇ ਸਨ। ਸਵੇਰੇ ਚਾਰ ਵਜੇ
ਏਅਰਪੋਰਟ ਲਈ ਚੱਲਣਾ ਸੀ। ਇਸ ਉਤਸਵ ਦੌਰਾਨ ਮੇਰੀ ਵਾਕਿਫ਼ ਬਣੀ ਨੌਜਵਾਨਾਂ ਦੀ ਇਕ ਟੋਲੀ
ਮੇਰੇ ਨਾਲ ਹੋਟਲ ਆਈ। ਚਾਹ ਪੀ ਕੇ ਸਭ ਜਾਣ ਲੱਗੇ ਤਾਂ ਉੱਚੀ ਲੰਮੀ ਡੀਲ ਡੌਲ ਪਰ ਬਹੁਤ
ਮਿੱਠੀ ਤੇ ਸੰਵੇਦਨਸ਼ੀਲ ਆਵਾਜ਼ ਵਾਲੀ ਲੀਨਾ ਮਾਰੀਆ ਤੇ ਉਸ ਦੇ ਘੁੰਗਰਾਲੇ ਵਾਲਾਂ ਵਾਲੇ
ਸਨੁੱਖੇ ਦੋਸਤ ਯੂਆਨ ਸਾਰਡੋਨਾ ਨੇ ਕਿਹਾ- ਅਸੀਂ ਚਾਰ ਵਜੇ ਤੱਕ ਏਥੇ ਰਹਾਂਗੇ। ਅਸੀਂ
ਤੁਹਾਨੂੰ ਵਿਦਾ ਕਰਕੇ ਹੀ ਘਰ ਜਾਵਾਂਗੇ। ਉਨ੍ਹਾਂ ਸਾਰਿਆਂ ਵਿਚੋਂ ਲੀਨਾ ਹੀ ਸੀ ਜਿਸ ਨੂੰ
ਅੰਗਰੇਜ਼ੀ ਆਉਂਦੀ ਸੀ। ਲੀਨਾ ਨੇ ਮੈਨੂੰ ਆਪਣੇ ਖ਼ੂਬਸੂਰਤ ਸਕੈੱਚ ਦਿਖਾਏ, ਆਪਣੀਆਂ ਸਪੈਨਿਸ਼
ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਸੁਣਾਏ। ਮੇਰੀਆਂ ਕਵਿਤਾਵਾਂ ਦੇ ਅੰਗਰੇਜ਼ੀ ਤੇ ਸਪੈਨਿਸ਼
ਅਨੁਵਾਦਾਂ ਦੀਆਂ ਕਾਪੀਆਂ ਕਰਵਾਈਆਂ। ਚਾਰ ਵਜੇ ਜਦੋਂ ਉਨ੍ਹਾਂ ਨੇ ਮੈਨੂੰ ਵਿਦਾ ਕੀਤਾ ਤਾਂ
ਮੈਨੂੰ ਲੱਗਿਆ ਉਨ੍ਹਾਂ ਦੇ ਰੂਪ ਵਿਚ ਕੋਲੰਬੀਆ ਦੀ ਖ਼ੂਬਸੂਰਤ ਰੂਹ, ਉਥੋਂ ਦਾ ਸ਼ਾਇਰਾਨਾ
ਪਿਆਰ ਭਰਿਆ ਦਿਲ ਮੈਨੂੰ ਵਿਦਾ ਕਰ ਰਿਹਾ ਹੈ। ਮੇਰੀ ਜਿ਼ੰਦਗੀ ਦੀ ਇਹ ਇਕ ਅਤਿ ਹੁਸੀਨ ਵਿਦਾ
ਸੀ।
ਮਿਆਸੀ ਏਅਰਪੋਰਟ ਤੇ ਇਕੱਲੇ ਬੈਠਿਆਂ ਨੂੰ ਮੈਦੇਯਿਨ ਸ਼ਹਿਰ, ਉਥੋਂ ਦਾ ਕਵਿਤਾ-ਉਤਸਵ, ਉਥੋਂ
ਦੇ ਲੋਕ ਏਨੇ ਯਾਦ ਆਏ ਕਿ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਮੈਂ ਡਾਇਰੀ ਖੋਲ੍ਹ ਕੇ ਲਿਖਣ
ਲੱਗ ਪਿਆ-
ਤੂੰ ਮੈਨੂੰ ਬਹੁਤ ਯਾਦ ਆਉਂਦਾ ਏਂ
ਓ ਕਵਿਤਾ ਦੇ ਤੀਰਥ ਮੈਦੇਯਿਨ
ਓ ਸਰੋਤਿਆਂ ਦੇ ਰੰਗਲੇ, ਰਸੀਲੇ, ਸੁਰੀਲੇ ਸਮੁੰਦਰ
ਓ ਕਵਿਤਾ ਦੇ ਹਰੇਕ ਸ਼ਬਦ ਨਾਲ
ਵੱਜਦੇ ਮਹਾਨ ਸਾਜ਼
ਮੈਂ ਤੈਨੂੰ ਬਹੁਤ ਯਾਦ ਕਰਦਾ ਹਾਂ
ਤੂੰ ਮੈਨੂੰ ਕਿਸ ਤਰ੍ਹਾਂ ਵਲ ਲਿਆ ਸੀ
ਆਪਣੀਆਂ ਹਜ਼ਾਰ-ਹਜਾਰ ਬਾਹਵਾਂ ਵਿਚ
ਤੂੰ ਇਕ-ਇਕ ਸ਼ਬਦ ਨਾਲ
ਸਮੁੰਦਰ ਵਾਂਗ ਉਛਲਿਆ
ਓ ਮੈਦੇਯਿਨ
ਤੇਰੀਆਂ ਭੋਲੀਆਂ
ਹਿਰਨਾਂ ਵਰਗੀਆਂ ਹਜ਼ਾਰਾਂ ਅੱਖਾਂ
ਮੇਰੇ ਨਾਲ ਨਮ ਹੋਈਆਂ ਉਦਾਸੀ ਤੇ ਖੁਸ਼ੀ ਨਾਲ
ਇਕ ਵਾਕ ਦੇ ਮੋੜ ਨਾਲ
ਮੇਰੇ ਸਰੋਤੇ ਹਰੀਆਂ ਅੱਖਾਂ ਵਾਲੇ
ਬਿਰਖ਼ ਬਣ ਗਏ
ਇਕ ਸਤਰ ਦੇ ਤੇਵਰ ਨਾਲ
ਤੇਰੇ ਬਿਰਖ਼ ਫਲਾਂ ਨਾਲ ਭਰ ਗਏ
ਓ ਮੈਦੇਯਿਨ ਮੈਂ ਤੇਰਾ ਨਿੱਕਾ ਜਿਹਾ ਮਾਗੋ
ਮਿਆਮੀ ਦੇ ਏਅਰਪੋਰਟ ਤੇ ਬੈਠਾ
ਤੈਨੂੰ ਯਾਦ ਕਰਦਾ ਹਾਂ
ਜਿਥੇ ਮੈਨੂੰ ਕੋਈ ਨਹੀਂ ਜਾਣਦਾ
ਸੱਚੀ ਗੱਲ ਤਾਂ ਇਹ ਹੈ ਕਿ
ਤੇਰੇ ਜਿੰਨਾ ਤਾਂ ਮੈਨੂੰ
ਤੇਰਾ ਸ਼ਹਿਰ ਵੀ ਨਹੀਂ ਜਾਣਦਾ
ਤੈਨੂੰ ਵੀ ਯਾਦ ਤਾਂ ਆਉਂਦਾ ਹੋਵੇਗਾ
ਆਪਣਾ ਨਿੱਕਾ ਜਿਹਾ ਮਾਗੋ
ਓ ਕਵਿਤਾ ਦੇ ਤੀਰਥ ਮੈਦੇਯਿਨ॥
-0-
|