ਰਾਮ ਸਰੂਪ ਅਣਖੀ ਨੂੰ ਮੈਂ ਉਸਦੀਆਂ ਲਿਖਤਾਂ ਤੋਂ ਹੀ ਜਾਣਦਾ ਹਾਂ।ਉਂਝ
ਉਹਨਾਂ ਨਾਲ ਮੇਰੀ ਕੋਈ ਸਾਂਝ ਨਹੀ ਸੀ।ਜੇ ਕੋਈ ਸਾਂਝ ਹੈ ਜਾਂ ਸੀ ਤਾਂ ਉਹ
ਸੀ ਇੱਕ ਲੇਖਕ ਅਤੇ ਪਾਠਕ ਵਾਲੀ,ਜਾਂ ਸਾਂਝ ਫਿਰ ਮਲਵਈਆਂ ਵਾਲੀ,ਬੋਲੀ
ਵਾਲੀ,ਗੁਆਂਢੀ ਵਾਲੀ।ਇਸ ਤੋਂ ਵੱਧ ਹੋਰ ਕੁੱਝ ਵੀ ਨਹੀ।ਮਾਲਵੇ ਦੇ ਇਸ ਮਲਵਈ
ਗਲਪਕਾਰ ਦਾ ਰੁਤਬਾ ਆਪਣੇ ਨਾਲ ਦੇ ਲੇਖਕਾਂ ਵਿੱਚ ਉਸਦੀਆਂ ਲਿਖਤਾਂ ਨੇ ਹੋਰ
ਵੀ ਉੱਚਾ ਕਰ ਦਿੱਤਾ।ਕਿਉਕਿ ਉਹ ਜੋ ਵੀ ਲਿਖਦੇ ਸੀ,ਉਹਨਾਂ ਦੀ ਲਿਖਤ ਇੱਕ
ਖੋਜ ਹੁੰਦੀ ਸੀ,ਇੱਕ ਪ੍ਰੈਕਟੀਕਲ ਖੋਜ।ਬੇਸ਼ੱਕ ਕਿਸੇ ਨਾਵਲ ਦਾ ਕਥਾਨਕ ਪੂਰੀ
ਤਰਾਂ ਕਾਲਪਨਿੱਕ ਹੁੰਦਾ ਸੀ,ਪਰ ਰਾਮ ਸਰੂਪ ਅਣਖੀ ਦੇ ਨਾਵਲਾਂ ਦੇ ਪਾਤਰ
ਪਿੰਡਾਂ ਦੇ ਜਿਊਦੇ ਜਾਗਦੇ ਆਮ ਬੰਦੇ ਹੁੰਦੇ ਸਨ।ਮੈ ਕਈ ਬਾਰ ਸੋਚਦੈਂ ਕੇ
ਜੇ ਰਾਮ ਸਰੂਪ ਅਣਖੀ ਮਾਸਟਰ ਨਾ ਲੱਗਦਾ ਤਾਂ ਉਹ ਐਨੀਂ ਗਿਣਤੀ ਵਿੱਚ ਐਂਨੇ
ਵੱਡੇ ਵੱਡੇ ਨਾਵਲ ਨਹੀਂ ਲਿਖ ਸਕਦਾ ਸੀ।ਮਾਸਟਰ ਦੀ ਨੌਕਰੀ ਦੌਰਾਨ ਵੱਖ ਵੱਖ
ਪਿੰਡਾਂ ਵਿੱਚ ਖਾਨਾਂਬਦੋਸ਼ੀ ਕਰਦਿਆਂ ਉਸ ਪਿੰਡ ਦੇ ਲੋਕਾਂ ਨਾਲ ਵਾਪਰੀਆਂ
ਸੱਚੀਆਂ ਕਹਾਣੀਆਂ ਅਤੇ ਆਮ ਲੋਕਾਂ ਦੇ ਕਿਰਦਾਰਾਂ ਦੇ ਉਹ ਹਰ ਰੋਜ ਸਨਮੁੱਖ
ਹੁੰਦੇ ਸੀ ਤੇ ਖੋਜੀ ਬਿਰਤੀ ਦੇ ਮਾਲਕ ਰਾਮ ਸਰੂਪ ਅਣਖੀ ਉਹਨਾਂ ਆਮ ਲੋਕਾਂ
ਦੇ ਦੁੱਖਾਂ ਦਰਦਾਂ ਨੂੰ ਸ਼ਬਦਾਂ ਰਾਹੀ ਵਰਕਿਆਂ ਦੀ ਹਿੱਕ ਦੇ ਝਰੀਟਦੇ।ਮਲਵਈ
ਬੋਲੀ ਵਿੱਚ ਲਿਖੇ ਇਸ ਗਲਪਕਾਰ ਦੇ ਨਾਵਲ ਅਤੇ ਕਹਾਣੀਆਂ ਵਿੱਚ ਮਾਲਵੇ ਦੇ
ਪਿੰਡਾਂ ਦੀ ਬੋਲੀ,ਉਹਨਾਂ ਦਾ ਰਹਿਣ ਸਹਿਣ ,ਕਾਰ ਵਿਹਾਰ,ਉਹਨਾਂ ਦਾ ਕਿਰਦਾਰ
ਤੇ ਮਲਵਈ ਲੋਕਾਂ ਦੀ ਤਾਣੀ ਬਾਣੀ,ਉਹਨਾਂ ਦੀ ਵੇਦਨਾਂ ਸਹਿਜੇ ਹੀ ਮਹਿਸੂੁਸ
ਕੀਤੀ ਜਾ ਸਕਦੀ ਹੈ।ਉਹਨਾਂ ਦੇ ਅੰਤਿਮ ਦਿਨਾਂ ਵਿੱਚ ਅਣਖੀ ਜੀ ਦੀ ਲਿਖੀ
ਕਿਤਾਬ “ਹੱਡੀਂ ਬੈਠੇ ਪਿੰਡ” ਮੈ ਅਨੇਕਾਂ ਵਾਰ ਪੜ੍ਹੀ ਤੇ ਹਰ ਵਾਰ ਅਣਖੀ
ਜੀ ਹੋਰਾਂ ਦੀ ਸਖਸ਼ੀਅਤ ਦਾ ਕੋਈ ਨਵਾਂ ਪੱਖ ਹੀ ਉੱਘੜ ਕੇ ਸਾਹਮਣੇ ਆਇਆ।ਇਹ
ਕਿਤਾਬ ਪੜ੍ਹਕੇ ਇੰਝ ਲੱਗਿਆ ਜਿਵੇ ਅਣਖੀ ਨੇ ਆਪਣੇ ਨਾਵਲਾਂ ਦਾ ਟੀਕਾ
ਲਿਖਿਆ ਹੋਵੇ।ਅਣਖੀ ਵਿੱਚ ਇੱਕ ਬਹੁਤ ਵੱਡੀ ਖੂਬੀ ਸੀ ਜੋ ਸ਼ਾਇਦ ਉਸਨੂੰ
ਆਪਣੇ ਪਾਠਕਾਂ ਵਿੱਚ ਹਰਮਨ ਪਿਆਰਾ ਕਰਦੀ ਸੀ ਉਹ ਸੀ ਆਪਣੀ ਗੱਲ ਸੱਚ ਅਤੇ
ਬੇਝਿਜਕ ਕਹਿਣ ਦੀ।ਉਹਨਾਂ ਨੇ ਕੁੱਝ ਨਹੀਂ ਛੁਪਾਇਆ।ਜੋ ਸੀ,ਸਾਹਮਣੇ ਸੀ।ਕਦੇ
ਕਦੇ ਮੈਂ ਸੋਚਦਾ ਹਾਂ ਕਿ ਅਣਖੀ ਜੀ ਦੇ ਕੋਈ ਤੀਜੀ ਅੱਖ ਲੱਗੀ ਹੋਈ ਸੀ ਜਿਸ
ਨਾਲ ਉਹ ਆਮ ਲੋਕਾਂ ਦੇ ਜੀਵਨ,ਰਹਿਣ ਸਹਿਣ,ਢੰਗ ਤਰੀਕਿਆਂ ਨੂੰ ਬੜੇ ਗਹੁ
ਅਤੇ ਸੂਖਮਤਾ ਨਾਲ ਵਾਚਦੇ ਸੀ।ਅਣਖੀ ਜੀ ਬੇਸ਼ੱਕ ਬਰਨਾਲੇ ਸ਼ਹਿਰ ਵਿੱਚ
ਰਹਿੰਦੇ ਸੀ ਪਰ ਉਹਨਾਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਪਿੰਡ ਜਰੂਰ
ਵੱਸਦਾ ਸੀ।ਅਣਖੀ ਸਾਹਿਬ ਦੀ ਕਲਪਨਾਂ ਸ਼ਕਤੀ ਇੰਨੀ ਕਮਾਲ ਦੀ ਸੀ ਕਿ ਉਹਨਾਂ
ਦੁਆਰਾ ਰਚਿਆ ਗਿਆ ਸਹਿਤ ਅਕਾਦਮੀਂ ਪੁਰਸਕਾਰ ਜੇਤੂ ਵੱਡ ਅਕਾਰੀ ਨਾਵਲ
“ਕੋਠੇ ਖੜਕ ਸਿੰਘ” ਵਿਚਲਾ ਪਿੰਡ ਕੋਠੇ ਖੜਕ ਸਿੰਘ ਉਹਨਾਂ ਨੇ ਆਪਣੀ
ਕਲਪਨਾਂ ਸ਼ਕਤੀ ਨਾਲ ਹੀ ਵਸਾਇਆ ਸੀ ਜਿੱਥੋ ਕਹਾਣੀ ਤੁਰਦੀ ਤੁਰਦੀ ਅਗਲੀਆਂ
ਚਾਰ ਪੀੜ੍ਹੀਆਂ ਤੇ ਜਾ ਕੇ ਮੁੱਕਦੀ ਹੈ।ਅਣਖੀ ਜੀ ਆਪਣੇ ਪਾਤਰਾਂ ਨੂੰ
ਪਹਿਲੋਂ ਹੀ ਮਿਲ ਚੁੱਕੇ ਹੁੰਦੇ ਸੀ ਤੇ ਪਾਠਕ ਨੂੰ ਵੀ ਆਪਣੇ ਪਾਤਰਾਂ ਦੇ
ਨਾਲ ਨਾਲ ਤੋਰ ਲੈਂਦੇ,ਮਸਲਨ ਜੇ ਪਾਤਰ ਹੱਸਦਾ ਤਾਂ ਪਾਠਕ ਵੀ ਹੱਸਦਾ ਜੇ
ਪਾਤਰ ਉਦਾਸ ਹੁੰਦਾ ਤਾਂ ਪਾਠਕ ਵੀ ਬਿੱਲਕੁੱਲ ਉਹੋ ਜਿਹੀ ਸਥਿਤੀ ਵਿੱਚੋਂ
ਦੀ ਹੀ ਗੁਜਰਦਾ ਸੀ।ਪਿੰਡ ਵਿੱਚ ਪਲ ਕੇ ਜੁਆਨ ਹੋਇਆ ਇਹ ਗਲਪਕਾਰ ਛੋਟੇ
ਹੁੰਦਿਆਂ ਆਪਣੇ ਪਿੰਡ ਦੇ ਨਿਆਣਿਆਂ ਨਾਲ ਮੀਹ ਵਿੱਚ ਕੱਚੇ ਘਰਾਂ ਦੇ ਚੱਲਦੇ
ਪਰਨਾਲਿਆਂ ਥੱਲੇ ਨਹਾਇਆ ਹੈ,ਮੱਝਾਂ ਚਾਰਨ ਵਾਲਾ ਛੇੜੂ ਵੀ ਬਣਿਆਂ ਹੈ।ਪਰ
ਬਚਪਨ ਤੋਂ ਜਵਾਨੀ ਦੇ ਪੜਾਅ ਤੱਕ ਪਹੁੰਚਦਿਆਂ ਕਿੰਨੀਆਂ ਹੀ
ਗੱਲਾਂ,ਘਟਨਾਵਾਂ ਉਸਦੇ ਮਨ ਮਸਤਕ ਤੇ ਉਕਰੀਆਂ ਗਈਆਂ ਹੋਣਗੀਆਂ।ਸ਼ੁਰੂ ਸ਼ੁਰੂ
ਵਿੱਚ ਅਣਖੀ ਹੋਰਾਂ ਨੇ ਕਵਿਤਾ ਲਿਖਣੀ ਆਰੰਭ ਕੀਤੀ ਸੀ।“ਮਟਕ ਚਾਨਣਾਂ”
ਕਵਿਤਾ ਸੰਗ੍ਰਹਿ ਪਹਿਲਾਂ ਛਪਿਆ।ਅੱਸੀਵੇ ਦਹਾਕੇ ਤੇ ਪਿਛਲੇ ਅੱਧ ਵਿੱਚ
ਸਾਡੇ ਘਰ ਇੱਕ ਅਖਬਾਰ ਆਉਂਦਾ ਹੁੰਦਾ ਸੀ।ਮੇਰੇ ਪਿਤਾ ਜੀ ਅਖਬਾਰ ਨੂੰ ਚੰਗੀ
ਤਰਾਂ ਕਾਫੀ ਟਾਇਮ ਲਗਾ ਕੇ ਪੜ੍ਹਦੇ ਤੇ ਮੈਨੂੰ ਵੀ ਅਕਸਰ ਪ੍ਰੇਰਿਤ ਕਰਦੇ
ਕਿ ਅਖਬਾਰ ਵਿੱਚ ਸੰਪਾਦਕੀ ਅਤੇ ਹੋਰ ਲੇਖ ਪੜ੍ਹਿਆ ਕਰ।ਪਰ ਮੈਂ ਅਖਬਾਰ
ਵਿੱਚ ਫਿਲਮੀਂ ਖਬਰਨਾਮਾ ਪੜ ਕੇ ਅਖਬਾਰ ਪਰੇ ਰੱਖ ਦੇਣੀਂ।ਉਹਨਾਂ ਦਿਨਾਂ
ਵਿੱਚ ਹੀ ਇਸੇ ਅਖਬਾਰ ਵਿੱਚ ਰਾਮ ਸਰੂਪ ਅਣਖੀ ਹੋਰਾਂ ਦੀ ਸਵੈ ਜੀਵਨੀ
‘ਮਲ੍ਹੇ ਝਾੜੀਆਂ‘ ਛਪਣੀ ਸ਼ੁਰੂ ਹੋਈ ਜੋ ਕੇ ਹਰ ਐਤਬਾਰ ਦੇ ਮੈਗਜੀਨ ਅੰਕ
ਵਿੱਚ ਛਪਦੀ ਹੁੰਦੀ।ਇਸਦਾ ਮੈਂ ਇੱਕ ਭਾਗ ਪੜ੍ਹਿਆ ਤੇ ਮੈਂਨੂੰ ਚੰਗਾ
ਲੱਗਿਆ।ਮੈਂ ਪਿਛਲੇ ਅੰਕ ਲੱਭ ਕੇ ਮਲ੍ਹੇ ਝਾੜੀਆਂ ਦੀ ਪਹਿਲੀ ਕਿਸ਼ਤ ਤੋਂ
ਜੀਵਨੀ ਪੜ੍ਹਨੀ ਸ਼ੁਰੂ ਕਰ ਲਈ ਤੇ ਫਿਰ ਇੰਨੀਂ ਦਿਲਚਸਪੀ ਬਣ ਗਈ ਕਿ ਐਤਵਾਰ
ਦੇ ਅੰਕ ਨੂੰ ਇਸ ਤਰਾਂ ਉਡੀਕਦਾ ਜਿਵੇ ਕਿਸੇ ਫੌਜੀ ਦੀ ਪਤਨੀਂ ਡਾਕੀਏ ਨੂੰ
ਉਡੀਕਦੀ ਹੁੰਦੀ ਐ।ਇਹ ਅਣਖੀ ਜੀ ਦੀ ਲਿਖਤ ਸੀ ਜਿਸਨੇ ਮੈਨੂੰ ਸਹਿਤ ਪੜ੍ਹਨ
ਦੀ ਚੇਟਕ ਲਾਈ।ਉਹ ਕਿਸੇ ਨਾਵਲ,ਕਹਾਣੀ ਜਾਂ ਜੀਵਣੀ ਦੀ ਗੋਂਦ ਇਸ ਤਰੀਕੇ
ਨਾਲ ਗੁੰਦਦੇ ਸਨ ਕਿ ਪਾਠਕ ਪੜ੍ਹਦਾ ਪੜ੍ਹਦਾ ਉਸੇ ਵਹਿਣ ਚ ਵਹਿ ਜਾਂਦਾ।ਮੈਂ
ਅਣਖੀ ਹੋਰਾਂ ਦੀ ਕਹਾਣੀ ਸਾਈਕਲ ਦੌੜ ਪੜ੍ਹੀ ਤਾਂ ਮੈਨੂੰ ਲੱਗਿਆ ਜਿਵੇ ਮੈਂ
ਖੁਦ ਸਾਈਕਲ ਸਵਾਰ ਹੋਵਾਂ ਤੇ ਕਹਾਣੀ ਦੇ ਖਤਮ ਹੋਣ ਤੇ ਮੇਰੇ ਮੱਥੇ ਤੇ ਵੀ
ਪਸੀਨੇ ਦੀਆਂ ਤਰੇਲੀਆਂ ਸਨ।ਅਣਖੀ ਸਾਹਬ ਨੇ ਆਪਣੇ ਨਾਵਲਾਂ ਵਿੱਚ ਮਾਲਵੇ ਦੇ
ਲੋਕਾਂ ਦਾ ਚਿਤਰਨ ਐਨੀ ਖੁਬਸੂਰਤੀ ਨਾਲ ਚਿਤਿਰਿਆ ਹੈ ਕਿ ਉਹਨਾਂ ਨੂੰ ਜੇਕਰ
ਮਾਲਵੇ ਦਾ ਦਰਪਣ ਕਹਿ ਲਿਆ ਜਾਵੇ ਤਾਂ ਕੋਈ ਅੱਤਕੱਥਨੀਂ ਨਹੀ ਹੋਵੇਗੀ।
ਰਾਮ ਸਰੂਪ ਅਣਖੀ ਬਰਨਾਲੇ ਕੋਲ ਪਿੰਡ ਧੋਲੇ ਦੇ ਜੰਮਪਲ ਸਨ ਤੇ ਕਿੱਤੇ ਵਜੋਂ
ਅਧਿਆਪਕ ਸਨ।ਇਸ ਕਿੱਤੇ ਨੇ ਹੀ ਰਾਮ ਸਰੂਪ ਅਣਖੀ ਹੋਰਾਂ ਨੂੰ ਪਿੰਡ ਪਿੰਡ
ਘੁਮਾਇਆ ਜਿੱਥੋ ਉਹ ਆਪਣੀਆਂ ਕਹਾਣੀਆਂ ਜਾਂ ਨਾਵਲਾਂ ਲਈ ਪਾਤਰਾਂ ਦੀ ਚੋਣ
ਕਰਦੇ ਸਨ।ਉਹ ਦੱਸਦੇ ਹਨ ‘ਸੁੱਤਾ ਨਾਗ‘ ਕਹਾਣੀ ਵਾਲੀ ਕਥਾ ਉਹਨਾਂ ਨੂੰ
ਭਦੌੜ ਪੜ੍ਹਾਉਦਿਆ ਹੋਇਆ ਇੱਕ ਸਾਥੀ ਅਧਿਆਪਕ ਨੇ ਸੁਣਾਈ ਸੀ ਜੋ ਕਿ ਇੱਕ
ਸੱਚੀ ਘਟਨਾਂ ਤੇ ਆਧਾਰਤ ਸੀ ਤੇ ਉਹਨਾਂ ਨੇ ਇਸ ਨੂੰ ਕਹਾਣੀ ਦਾ ਰੂਪ
ਦਿੱਤਾ।ਜਿੱਥੇ ਵੀ ਅਣਖੀ ਸਾਹਬ ਦੀ ਬਦਲੀ ਹੁੰਦੀ,ਉਹ ਉਸ ਪਿੰਡ ਦੇ ਲੋਕਾਂ
ਨਾਲ ਮੋਹ ਮੁਹੱਬਤ ਪਾ ਲੈਂਦੇ ਤੇ ਅਣਖੀ ਸਾਹਬ ਉਸ ਪਿੰਡ ਦੇ ਦੁੱਖ ਵਿੱਚ
ਉਦਾਸ ਹੁੰਦੇ ਤੇ ਉਸ ਪਿੰਡ ਦੀਆਂ ਖੁਸ਼ੀਆਂ ਵਿੱਚ ਭੰਗੜੇ ਪਾਉਂਦੇ ਤੇ ਨਾਲ
ਨਾਲ ਇੱਕ ਲੇਖਕ ਮਨ ਉਸ ਪਿੰਡ ਦੇ ਲੋਕਾਂ ਦੇ ਮਨਾਂ ਨੂੰ ਪੜ੍ਹਨ ਦਾ ਕਾਰਜ
ਵੀ ਜਾਰੀ ਰੱਖਦਾ,ਅਖਣੀ ਜੀ ਪਿੰਡ ਦੇ ਹਰ ਚਿਹਰੇ ਨੂੰ ਨੇੜਿਓ ਤੱਕਦੇ,ਅਗਲੇ
ਨੂੰ ਫਰੋਲਦੇ ਤੇ ਕਥਾਨਕ ਵਾਰਤਾ ਦੇ ਰੂਪ ਵਿੱਚ ਅਗਲੇ ਨੂੰ ਆਪਣਾਂ ਪਾਤਰ
ਮਿੱਥ ਲੈਂਦੇ।ਬੱਸ ਇਹੀ ਖੂਬੀ ਸੀ ਰਾਮ ਸਰੂਪ ਅਣਖੀ ਵਿੱਚ।ਇਸ ਤਰਾਂ ਉਹ
ਪਿੰਡ ਪਿੰਡ ਘੁੰਮਦੇ ਹੋਏ ਲੋਕਾਂ ਨਾਲ ਇਸ਼ਕ ਕਰ ਬਹਿੰਦੇ।ਸੱਚ ਤਾਂ ਇਹੀ ਹੈ
ਕਿ ਸੱਚ ਮੁੱਚ ਇਹ ਪਿੰਡ ਉਹਨਾਂ ਦੇ ਹੱਡੀਂ ਬੈਠ ਗਏ ਸਨ।ਜਦੋਂ ਵੀ ਮੈਂ
ਅਣਖੀ ਸਾਹਬ ਦੀਆਂ ਲਿਖਤਾਂ ਪੜ੍ਹਦਾ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਸਾਡੇ
ਪਿੰਡ ਦੀ ਗੱਲ ਹੋ ਰਹੀ ਹੈ,ਇਹ ਤਾਂ ਮੇਰੀ ਗੱਲ ਹੋ ਰਹੀ ਹੈ,ਇਹ ਤਾਂ ਸਾਡੇ
ਪਿੰਡ ਦੇ ਫਲਾਣੇ ਬੰਦੇ ਦੀ ਕਹਾਣੀ ਹੈ,ਤੇ ਇਸ ਤਰਾਂ ਉਹਨਾਂ ਦੀਆਂ ਲਿਖਤਾਂ
ਪੜ੍ਹਦਾ ਪੜ੍ਹਦਾ ਮੈ ਉਹਨਾਂ ਦੀ ਲੇਖਣੀ ਦਾ ਮੁਰੀਦ ਬਣ ਗਿਆ।ਕਿਵੇ ਦਾ
ਹੋਵੇਗਾ ਇਹ ਲੇਖਕ?ਇਹ ਲਿਖਦਾ ਕਿਵੇਂ ਹੈ?ਐਨੇ ਵਧੀਆ ਢੰਗ ਨਾਲ ਇਹ ਪਾਤਰ
ਨੂੰ ਕਿਵੇਂ ਉਘਾੜ ਲੈਂਦੇ?ਅਜਿਹੇ ਅਨੇਕਾਂ ਸਵਾਲ ਮੇਰੇ ਮਨ ‘ਚ ਉੱਠਦੇ ਪਰ
ਜਵਾਬ ਕਿਥੋ ਮਿਲੇ?ਇਹ ਤਾਂ ਅਣਖੀ ਸਾਹਬ ਨੂੰ ਮਿਲ ਕੇ ਹੀ ਪਤਾ ਲੱਗ ਸਕਦਾ
ਹੈ।ਹੁਣ ਮਿਲਾਂ ਕਿਵੇ?ਉਹ ਐਡਾ ਵੱਡਾ ਲੇਖਕ ਤੇ ਮੈਂ ਉਹਨਾਂ ਦਾ ਇੱਕ ਨਵਾਂ
ਨਵਾਂ ਪਾਠਕ।ਨਹੀਂ ਉਹ ਮੈਨੂੰ ਕਿਓਂ ਮਿਲੇਗਾ।ਮੈਂ ਮਨ ਵਿੱਚ ਸੋਚਦਾ ਤੇ ਬਣੇ
ਕਿਲੇ ਆਪੇ ਢਾਹ ਲੈਂਦਾ।ਬਰਨਾਲੇ ਦੇ ਲਾਗੇ ਆਪਣਾਂ ਪਿੰਡ ਹੋਣ ਕਰਕੇ ਮੇਰਾ
ਅਕਸਰ ਬਰਨਾਲੇ ਗੇੜਾ ਵਜਦਾ ਰਹਿੰਦਾ ਪਰ ਅਣਖੀ ਸਾਹਬ ਹੋਰਾਂ ਨੂੰ ਮਿਲਣ ਦਾ
ਕਦੀ ਮੌਕਾ ਹੀ ਨਾ ਮਿਲਿਆ ਜਾਂ ਕਹਿ ਲਈਏ ਕੇ ਮੈਂ ਹੌਸਲਾ ਹੀ ਨਾਂ ਕਰ
ਸਕਿਆ।ਸਮਾਂ ਗੁਜਰਦਾ ਗਿਆ ਤੇ ਮੈਨੂੰ ਅਣਖੀ ਜੀ ਦੇ ਨਵੇ ਨਾਵਲ ਦੀ ਉਡੀਕ
ਲੱਗੀ ਰਹਿੰਦੀ।ਮੈਂ ਬਠਿੰਡੇ ਤੋਂ ਆਪਣੀ ਬੀ.ਐੱਸ.ਸੀ.ਮੈਡੀਕਲ ਦੀ ਪੜ੍ਹਾਈ
ਪੂਰੀ ਕਰ ਕੇ ਅੱਗੇ ਮਾਸਟਰ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ
ਜਾ ਦਾਖਲਾ ਲਿਆ।ਸ਼ੁਰੂ ਸ਼ੁਰੂ ਵਿੱਚ ਪਟਿਆਲੇ ਦਿਲ ਨਾਂ ਲੱਗਿਆ ਕਰੇ ਤੇ ਮੈਂ
ਸ਼ੁਕਰਵਾਰ ਨੂੰ ਆਖਰੀ ਕਲਾਸ ਤੋਂ ਬਾਅਦ ਦੁਪਹਿਰ ਢਾਈ ਵਾਲੀ ਟਰੇਨ ਫੜਨੀ ਤੇ
ਤਪਾ ਮੰਡੀ ਦੇ ਸਟੇਸ਼ਨ ਤੇ ਉੱਤਰ ਕੇ ਪਿੰਡ ਚਲੇ ਜਾਂਣਾ ਤੇ ਫਿਰ ਸੋਮਵਾਰ ਦੀ
ਸਵੇਰ ਤਪਾ ਮੰਡੀ ਦੇ ਸਟੇਸ਼ਨ ਤੋਂ ਸਵੇਰ ਛੇ ਵਜੇ ਦੀ ਸੁਪਰਫਾਸਟ ਟਰੇਨ ਫੜ
ਕੇ ਕਲਾਸ ਲਾਉਣ ਵੇਲੇ ਨੂੰ ਯੂਨੀਵਰਸਿਟੀ ਪਹੁੰਚ ਜਾਂਣਾ।ਆਉਣ ਜਾਂਣ ਵੇਲੇ
ਦੋਨੋ ਵਾਰ ਗੱਡੀ ਬਰਨਾਲੇ ਵਿੱਚ ਦੀ ਲੰਘਦੀ ਤੇ ਅਣਖੀ ਸਾਹਬ ਦਾ ਚੇਤਾ ਆ
ਜਾਣਾ।ਸਿਲਸਿਲਾ ਚਲਦਾ ਰਿਹਾ ਤੇ ਹੌਲੀ ਹੌਲੀ ਯੂਨੀਵਰਸਿਟੀ ਦਿਲ ਲੱਗਣ ਲੱਗਾ
ਤੇ ਫਿਰ ਮੈਂ ਮਹੀਨੇ ਦੇ ਹਰ ਤੀਜੇ ਸ਼ੁਕਰਵਾਰ ਨੂੰ ਉਹੀ ਟਰੇਨ ਤੇ ਪਿੰਡ ਆਉਣ
ਲੱਗਾ,ਬਾਕੀ ਦਿਨ ਮੈਂ ਹੋਸਟਲ ਵਿੱਚ ਰਹਿੰਦਾ।ਇਕ ਦਿਨ ਪਟਿਆਲੇ ਸਟੇਸ਼ਨ ਤੇ
ਅਸੀਂ ਤਿੰਨ ਮਿੱਤਰ ਉਸੇ ਟਰੇਨ ਦਾ ਇੰਤਜਾਰ ਕਰ ਰਹੇ ਸੀ।ਮੇਰੇ ਉਹ ਦੋਨੋ
ਮਿੱਤਰ ਮਲੋਟ ਵੱਲ ਦੇ ਸਨ ਜੋ ਕਿ ਮੇਰੇ ਨਾਲ ਹੀ ਟਰੇਨ ਵਿੱਚ ਜਾ ਰਹੇ ਸਨ
ਤੇ ਅਸੀਂ ਤਿੰਨੋਂ ਹੀ ਸਹਿਤਕ ਮੱਸ ਵਾਲੇ ਬੰਦੇ ਸੀ।ਆਪਸ ਵਿੱਚ ਗੱਲਾਂ
ਕਰਦਿਆ ਸਾਨੂੰ ਸਟੇਸ਼ਨ ਤੇ ਇੱਕ ਖਾਸੀ ਉਮਰ ਦਾ ਬੰਦਾ ਇੱਕ ਲੜਕੀ ਨਾਲ ਖੜਾ
ਹੋਇਆ ਨਜਰੀਂ ਪਿਆ,ਸ਼ਾਇਦ ਉਹ ਵੀ ਟਰੇਨ ਦਾ ਇੰਤਜਾਰ ਕਰ ਰਿਹਾ ਸੀ।ਉਸਦਾ
ਹੁਲੀਆ ਬਿੱਲਕੁੱਲ ਰਾਮ ਸਰੂਪ ਅਣਖੀ ਵਰਗਾ ਸੀ ਪਰ ਸਟੇਸ਼ਨ ਤੇ ਭੀੜ ਜਿਆਦਾ
ਹੋਣ ਕਰਕੇ ਉਹ ਬੰਦਾ ਤੇ ਕੁੜੀ ਪਤਾ ਨਹੀਂ ਕਿੱਥੇ ਗੁਆਚ ਗਏ।ਮੁੜ ਸਾਡੀ
ਨਜਰੀਂ ਨਾਂ ਪਏ।।ਇਸ ਟਰੇਨ ਵਿੱਚ ਭੀੜ ਬਹੁਤ ਹੁੰਦੀ ਸੀ,ਕਿਸਮਤ ਵਾਲਾ ਜਾਂ
ਫਿਰ ਧੱਕਾ ਮੁੱਕੀ ਕਰਕੇ ਟਰੇਨ ਵਿੱਚ ਚੜ੍ਹਨ ਵਾਲਾ ਸੀਟ ਮੱਲ ਲੈਂਦਾ ਸੀ
ਨਹੀਂ ਤਾਂ ਧੂਰੀ ਤੱਕ ਖੜ ਕੇ ਸਫਰ ਕਰਨਾਂ ਪੈਂਦਾ ਸੀ।ਗੱਡੀ ਆਈ ਤੇ ਅਸੀਂ
ਤਿੰਨੋਂ ਹਿੱਮਤ ਕਰ ਕੇ ਟਰੇਨ ਵਿੱਚ ਚੜ੍ਹ ਗਏ।ਅੱਗੇ ਇੱਕ ਸੀਟ ਤੇ ਉਹੀ
ਬੰਦਾ ਜੋ ਅਣਖੀ ਜੀ ਹੋਰਾਂ ਵਰਗਾ ਲੱਗਦਾ ਸੀ,ਸੀਟ ਤੇ ਬੈਠਾ ਚੁੱਪਚਾਪ ਇੱਧਰ
ਉੱਧਰ ਦੇਖ ਰਿਹਾ ਸੀ,ਉਸ ਦੀ ਸਾਹਮਣੀ ਸੀਟ ਤੇ ਉਹ ਕੁੜੀ ਵੀ ਬੈਠੀ ਸੀ ਜੋ
ਕਿ ਸ਼ਾਇਦ ਆਪਣੇ ਸਿਲੇਬਸ ਦੀਆਂ ਕਿਤਾਬਾਂ ਵਿਚੋਂ ਕੁੱਝ ਪੜ੍ਹ ਰਹੀ ਸੀ।ਮੇਰੇ
ਮਨ ਵਿੱਚ ਗੱਲ ਜਿਹੀ ਵੱਜੀ ਕਿ ਇਹ ਲੇਖਕ ਰਾਮ ਸਰੂਪ ਅਣਖੀ ਹੀ ਹੈ।ਕਿਉਕਿ
ਨਾਵਲਾਂ ਤੇ ਉਹਨਾਂ ਦੀਆਂ ਛਪੀਆਂ ਫੋਟੋਆਂ ਦੇਖੀਆਂ ਸਨ ਪਰ ਫਿਰ ਬੁਲਾਉਣ ਦਾ
ਹੌਂਸਲਾ ਜਿਹਾ ਨਾਂ ਪਵੇ।ਅਸੀਂ ਤਿੰਨੋਂ ਦੋਸਤ ਸੀਟ ਨਾਂ ਮਿਲਣ ਕਰ ਕੇ ਖੜੇ
ਸੀ।ਮੈਂ ਬਹਾਨੇ ਜਿਹੇ ਨਾਲ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਨੇ ਉੱਚੀ
ਆਵਾਜ ਵਿੱਚ ਪੁੱਛਿਆ ਕਿ ਯਾਰ ਤੂੰ ਨਾਵਲ ਕੋਠੇ ਖੜਕ ਸਿੰਘ ਪੜ੍ਹਿਐ?ਨਾਲ
ਨਾਲ ਮੈਂ ਚੋਰ ਜਿਹੀ ਅੱਖ ਨਾਲ ਉਸ ਬੰਦੇ ਵੱਲ ਵੇਖ ਲੈਂਦਾ।ਮਿੱਤਰ ਨੇ ਮੇਰੀ
ਗੱਲ ਦਾ ਕੋਈ ਜਵਾਬ ਨਾਂ ਦਿੱਤਾ ਪਰ ਮੈਂ ਆਪਣੇ ਸ਼ੱਕ ਨੂੰ ਯਕੀਨ ਵਿੱਚ
ਬਦਲਣਾਂ ਚਾਹੁੰਦਾ ਸੀ ਤੇ ਫਿਰ ਮੈਂ ਨਾਵਲ ਦੁੱਲੇ ਦੀ ਢਾਬ ਦੀ ਗੱਲ ਛੇੜ
ਲਈ।ਉਸ ਬੰਦੇ ਨੇ ਮੇਰੇ ਵੱਲ ਵੇਖਦਿਆ ਮੈਨੂੰ ‘ਕਾਕਾ‘ ਸ਼ਬਦ ਨਾਲ ਸੰਬੋਧਤ
ਹੁੰਦਿਆਂ ਕਿਹਾ ਕੇ ਨੇੜੇ ਹੋ ਖਾਂ ਜਰਾਂ,ਕਿਹੜਾ ਪਿੰਡ ਹੈ ਤੇਰਾ?ਦਰਅਸਲ
ਮੇਰਾ ਸ਼ੱਕ ਸਹੀ ਸੀ ਉਹ ਬੰਦਾ ਰਾਮ ਸਰੂਪ ਅਣਖੀ ਹੀ ਸੀ।ਅਣਖੀ ਸਾਹਬ ਨੇ
ਆਪਣੇ ਸਾਹਮਣੇ ਵਾਲੀ ਸੀਟ ਤੇ ਬੈਠੇ ਇੱਕ ਬੰਦੇ ਨੂੰ ਪਾਸਾ ਜਿਹਾ ਮਾਰਨ ਲਈ
ਕਿਹਾ ਤੇ ਮੈਂ ਉਹਨਾਂ ਦੇ ਸਾਹਮਣੇ ਬੈਠ ਗਿਆ।ਮੇਰੀ ਖੁਸੀ ਦਾ ਟਿਕਾਣਾਂ ਕੋਈ
ਨਹੀਂ ਸੀ।“ਕਾਕਾ ਕਦੋਂ ਪੜ੍ਹਿਆ ਸੀ ਤੂੰ ਇਹ ਮੇਰਾ ਨਾਵਲ”।ਉਹਨਾਂ ਵਲੋਂ
ਉਚਾਰਿਆ ਸ਼ਬਦ ‘ਮੇਰਾ ਨਾਵਲ‘ ਨੇ ਹੁਣ ਪੂਰੀ ਤਰਾਂ ਯਕੀਨ ਦਿਵਾ ਦਿੱਤਾ ਸੀ
ਕਿ ਇਹ ਰਾਮ ਸਰੂਪ ਅਣਖੀ ਹੀ ਹਨ।“ਮੈ ਤਾਂ ਅਣਖੀ ਸਾਹਬ ਦੋ ਵਾਰੀ ਪੜ੍ਹ
ਚੁੱਕਿਆ ਹਾਂ ਜੀ ਇਹ ਨਾਵਲ,ਪਰਤਾਪੀ,ਦੁਲੇ ਦੀ ਢਾਬ,ਸਰਦਾਰੋ,ਜਮੀਨਾਂ
ਵਾਲੇ,ਹਮੀਰਗੜ ਅਤੇ ਤੁਹਾਡੀ ਸਵੈ ਜੀਵਨੀ ਮਲੇ ਝਾੜੀਆਂ ਵੀ ਪੜ੍ਹੇ ਹਨ
ਜੀ।ਮੇਰੀ ਗੱਲ ਸੁਣ ਕੇ ਅਣਖੀ ਸਾਹਬ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਭਰੀ
ਮੁਸਕਾਨ ਜਿਹੀ ਮੈਂ ਵੇਖੀ।ਮੈ ਨਿਸ਼ੰਗ ਜਿਹਾ ਹੋ ਕੇ ਆਪਣੀ ਉਹਨਾਂ ਨੂੰ ਮਿਲਣ
ਦੀ ਇੱਛਾ ਵਾਲੀ ਸਾਰੀ ਵਾਰਤਾ ਸੁਣਾ ਦਿੱਤੀ ਤੇ ਉਹ ਮੇਰੀਆਂ ਗੱਲਾਂ ਸੁਣ ਕੇ
ਹੱਸੀ ਜਾ ਰਹੇ ਸਨ।ਸ਼ਇਦ ਇੱਕ ਪਾਠਕ ਤੇ ਲੇਖਕ ਦੇ ਰਿਸ਼ਤੇ ਦੀਆਂ ਤੰਦਾਂ
ਪੀਡੀਆਂ ਹੋ ਰਹੀਆਂ ਸਨ।ਗੱਲਾਂ ਸਿਰਫ ਉਹਨਾਂ ਦੀਆਂ ਲਿਖਤਾਂ ਦੀਆਂ ਹੀ ਹੋ
ਰਹੀਆਂ ਸਨ।ਮੈਂ ਅਣਖੀ ਸਾਹਿਬ ਦੇ ਨਾਵਲਾਂ ਦੇ ਪਾਤਰਾਂ ਬਾਰੇ ਜਿਕਰ ਛੇੜ
ਲਿਆ।ਅਣਖੀ ਜੀ ਕਦੇ ਹਾਸੇ ਵਿੱਚ ਕਦੇ ਭਾਵੁਕਤਾ ਨਾਲ ਆਪਣੇ ਲਿਖੇ ਨਾਵਲਾਂ
ਦੀਆਂ ਗੱਲਾਂ ਕਰਦੇ ਰਹੇ।ਉਹ ਪਟਿਆਲੇ ਤੋਂ ਆਪਣੀ ਬੇਟੀ ਦਾ ਕੋਈ ਇਮਿਤਿਹਾਨ
ਕਰਵਾ ਕੇ ਬਰਨਾਲੇ ਜਾ ਰਹੇ ਸਨ।ਉਹਨਾਂ ਦੀਆਂ ਗੱਲਾਂ ਮਨ ਨੂੰ ਬੇਹੱਦ
ਚੰਗੀਆਂ ਲੱਗ ਰਹੀਆਂ ਸਨ।ਮੇਰੀ ਉਤਸੁਕਤਾ ਵਧਦੀ ਜਾ ਰਹੀ ਸੀ।ਮੈਂ ਘੱਟ
ਬੋਲਦਾ ਤੇ ਅਣਖੀ ਸਾਹਿਬ ਦੀਆਂ ਗੱਲਾਂ ਜਿਆਦਾ ਸੁਣਦਾ।ਨਾਭੇ ਜਾ ਕੇ ਸਾਡੇ
ਵਾਲੇ ਡੱਬੇ ਚੋਂ ਕਈ ਮੁਸਾਫਿਰ ਉੱਤਰ ਗਏ ਤੇ ਭੀੜ ਘਟ ਗਈ ਤੇ ਅਸੀਂ ਦੋਵੇ
ਇਕੋ ਸੀਟ ਤੇ ਆਹਮਣੇ ਸਾਹਮਣੇ ਬੈਠ ਗਏ।ਇੱਕ ਪਾਠਕ ਦਾ ਇੱਕ ਮਹਾਨ ਲੇਖਕ ਨਾਲ
ਸੰਵਾਦ ਜਾਰੀ ਸੀ।ਪਤਾ ਨਹੀ ਕਿਹੜਾ ਸਟੇਸ਼ਨ ਆਇਆ ਤੇ ਕਿਹੜਾ ਲੰਘ ਗਿਆ।ਕੀੜੀ
ਦੀ ਚਾਲ ਚੱਲਣ ਵਾਲੀ ਪੈਸੰਜਰ ਟਰੇਨ ਅੱਜ ਪਤਾ ਨਹੀ ਕਿਉ ਤੇਜ ਦੌੜਦੀ ਜਾ
ਰਹੀ ਸੀ।ਮੈਨੂੰ ਪਤਾ ਸੀ ਕਿ ਬਰਨਾਲੇ ਜਾ ਕੇ ਅਣਖੀ ਸਾਹਿਬ ਨੇ ਉੱਤਰ ਜਾਣਾਂ
ਹੈ ਫਿਰ ਪਤਾ ਨਹੀਂ ਮੌਕਾ ਮਿਲੇ ਜਾਂ ਨਾਂ ਮਿਲੇ ਪਰ ਅੱਜ ਰੱਜ ਕੇ ਉਹਨਾਂ
ਨਾਲ ਗੱਲਾਂ ਕਰਨੀਆਂ ਹਨ।ਖੈਰ ਜਿੰਨ੍ਹੀਆਂ ਵੀ ਗੱਲਾਂ ਕੀਤੀਆਂ,ਉਹ ਵੀ
ਉਹਨਾਂ ਦਾ ਇੱਕ ਨਾਵਲ ਪੜ੍ਹਨ ਦੇ ਬਰਾਬਰ ਸਨ।ਗੱਲਾਂ ਕਰਦੇ ਕਰਦੇ ਉਹ ਮੇਰੇ
ਪ੍ਰਤੀ ਬੜੀ ਅਪਣੱਤ ਦਿਖਾ ਰਹੇ ਸਨ,ਕਾਕਾ ਸ਼ਬਦ ਨਾਲ ਸੰਬੋਧਤ ਹੁੰਦੇ ਹੋਏ ਉਹ
ਪੁੱਤਰ ਸ਼ਬਦ ਨਾਲ ਸੰਬੋਧਨ ਕਰਨ ਲੱਗੇ।ਮੇਰੇ ਲਈ ਮੇਰੇ ਸਭ ਤੋਂ ਮਨਪਸੰਦ
ਲੇਖਕ ਦਾ ਸਾਥ ਵੱਡੀ ਗੱਲ ਸੀ।“ਆਹ ਪਿੰਡਾਂ ਵਾਲੇ ਲੋਕਾਂ ਨਾਲ ਕੀ ਮੋਹ ਹੈ
ਤੁਹਾਨੂੰ,ਜਿੰਨ੍ਹਾਂ ਦਾ ਜਿਕਰ ਤੁਹਾਡੇ ਹਰ ਨਾਵਲ ਵਿੱਚ ਹੁੰਦਾ ਹੈ।”ਮੈਂ
ਇੱਕ ਸਵਾਲ ਦੇ ਰੂਪ ਵਿੱਚ ਆਪਣੀ ਗੱਲ ਜਾਹਰ ਕੀਤੀ।ਤਾਂ ਉਹ ਬੋਲੇ,“ਸ਼ਹਿਰ ਕੀ
ਹੁੰਦੈ?ਅਣਜਾਣ ਲੋਕ,ਪੱਥਰਾਂ ਦੇ ਬੰਦਿਆਂ ਦਾ ਇਕੱਠ।ਸੌਦਾ ਪੱਤਾ ਵੇਚਣ ਵਾਲੇ
ਵਪਾਰੀਆਂ ਦਾ ਇਕੱਠ ਹੁੰਦੈ ਸ਼ਹਿਰ ਤਾਂ।ਅਸਲ ਸਾਡੀ ਹੋਂਦ ਤਾਂ ਪਿੰਡਾਂ ਵਿੱਚ
ਐ,ਆਹ ਪਿੰਡਾਂ ਵਾਲੇ ਲੋਕ ਜਿੰਨ੍ਹਾਂ ਬਾਰੇ ਮੈਂ ਲਿਖਦਾ,ਇਹਨਾਂ ਵਿੱਚ ਮੇਰੇ
ਚਾਚੇ ਤਾਏ,ਭੈਣ ਭਰਾ,ਧੀਆਂ ਪੁੱਤ,ਪਿਓ ਦਾਦੇ ਹੋਰਾਂ ਦੀ ਰੂਹ ਵਾਸ ਕਰਦੀ
ਐ।ਹਰ ਕੋਈ ਮੁਸ਼ਕਿੱਲ ਵਿੱਚ ਹੈ।ਕਈ ਮੁਸ਼ਕਿਲਾਂ ਦੁੱਖ ਤਕਲੀਫਾਂ ਅਜਿਹੇ ਹਨ
ਜਿੰਨ੍ਹਾਂ ਨੂੰ ਇਹ ਪੇਂਡੂ ਲੋਕ ਕਿਸੇ ਕੋਲ ਬਿਆਨ ਨਹੀਂ ਕਰ ਸਕਦੇ,ਮੈਂ
ਉਹਨਾਂ ਨਾਲ ਸੰਵਾਦ ਰਚਾਉਂਦਾ ਹਾਂ ਤੇ ਉਹਨਾਂ ਦੀ ਉਗਲ ਫੜ ਕੇ ਆਪਣੇ
ਨਾਵਲਾਂ ਕਹਾਣੀਆਂ ਵਿੱਚ ਲੈ ਆਉਂਦਾ ਹਾਂ।” ਅਣਖੀ ਸਾਹਿਬ ਜੋਸ਼ ਨਾਲ ਦੱਸ
ਰਹੇ ਸਨ ਤੇ ਮੈਂ ਸ਼ਰਧਾਲੂ ਵਾਂਗ ਸੁਣੀ ਜਾ ਰਿਹਾ ਸੀ।ਸਾਡੇ ਪੇਂਡੂ ਸਮਾਜ
ਵਿੱਚ ਬਹੁਤ ਗੱਲਾਂ ਸ਼ਰਮ ਹਯਾ ਦੇ ਪਰਦਿਆਂ ਨੇ ਕੱਜੀਆਂ ਹੋਈਆਂ ਹਨ।ਮੈਂ
ਬੇਝਿਜਕ ਉਹਨਾਂ ਨੂੰ ਬਾਹਰ ਕੱਢ ਕੇ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਜਾਣੂੰ
ਕਰਵਾਉਣਾਂ ਚਾਹੁੰਦਾ ਹਾਂ।ਮੇਰੇ ਨਾਵਲ ਵਿੱਚ ਕਿਸੇ ਔਰਤ ਮਰਦ ਦੇ ਨਜਾਇਜ
ਸੰਬੰਧਾਂ ਦਾ ਵੀ ਜਿਕਰ ਹੂਬਹੂ ਕੀਤਾ ਹੁੰਦਾ ਹੈ।ਦਰਅਸਲ ਮੈਂ ਉਹਨਾਂ ਦੇ
ਕਾਰਨਾਂ ਦਾ ਜਿਕਰ ਕਰਨਾਂ ਹੁੰਦਾ ਹੈ ਜਿੱਥੋ ਸਮੱਸਿਆ ਉਪਜਦੀ ਹੈ।ਕਿੰਨੀਆਂ
ਦੁੱਲੇ ਦੀਆਂ ਢਾਬਾਂ ਹੋਣਗੀਆਂ।ਕਿੰਨੀਆਂ ਪਰਤਾਪੀਆਂ ਪਿੰਡ ਪਿੰਡ ਵਸਦੀਆਂ
ਹਨ।ਸੁੱਤਾ ਨਾਗ ਵਾਲੀ ਕਹਾਣੀ ਸੱਚੀ ਕਹਾਣੀ ਹੈ ਜੋ ਕਿ ਮੈਨੂੰ ਭਦੌੜ ਮੇਰੇ
ਨਾਲ ਦੇ ਸਾਥੀ ਅਧਿਆਪਕ ਨੇ ਸੁਣਾਈ ਸੀ।” ਅਣਖੀ ਸਾਹਿਬ ਜੋਸ਼ ਅਤੇ ਥੋੜੀ
ਜਿਹੀ ਤਲਖੀ ਨਾਲ ਗੱਲਾਂ ਦੱਸ ਰਹੇ ਸਨ ਤੇ ਗੱਲ ਮੁੱਕਣ ਤੇ ਉਹ ਫਿਰ ਸ਼ਾਤ ਹੋ
ਜਾਂਦੇ।ਪਰ ਮੇਰੀ ਇੱਛਾ ‘ਕੋਠੇ ਖੜਕ ਸਿੰਘ‘ ਨਾਵਲ ਬਾਰੇ ਗੱਲਾਂ ਸੁਣਨ ਦੀ
ਸੀ।ਪਰ ਉਹਨਾਂ ਨੇ ਆਪ ਹੀ ਇਸ ਨਾਵਲ ਦੀ ਗੱਲ ਛੇੜ ਲਈ।ਕਹਿਣ ਲੱਗੇ ਆਹ ਕੋਠੇ
ਖੜਕ ਸਿੰਘ ਪਿੰਡ ਮੈਂ ਆਪਣੀ ਕਲਪਨਾਂ ਨਾਲ ਵਸਾਇਐ।ਨਾਵਲ ਲਿਖਣ ਵੇਲੇ
ਸੁਪਨਿਆਂ ਚ ਮੈਂ ਹਰ ਰੋਜ ਇਸ ਪਿੰਡ ਦੀ ਗਲੀ ਗਲੀ ਗਾਹੀ ਤੇ ਆਲਾ ਦੁਆਲਾ
ਵੀ।ਹਕੀਕਤ ਵਿੱਚ ਵੀ ਮੈਂ ਤਖਤੂਪੁਰਾ,ਸਲਾਬਤਪੁਰਾ,ਫੂਲ,ਮਹਿਰਾਜ ਪਿੰਡਾਂ ਦਾ
ਸਾਇਕਲ ਤੇ ਦੌਰਾ ਕੀਤਾ ਸੀ।ਇਹ ਨਾਵਲ ਮੇਰੀ ਕਮਾਈ ਐ ਕਾਕਾ।ਤੂੰ ਜੱਸੀ
ਸਰਪੰਚ ਪੜ੍ਹਿਐ?” ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ।“ਇਹ ਜੱਸੀ ਦੁਲੇ ਦੀ
ਢਾਬ ਵਾਲੀ ਸਰਦਾਰੋ ਦਾ ਮੁੰਡਾ ਹੀ ਵੱਡਾ ਹੋ ਕੇ ਜੱਸੀ ਸਰਪੰਚ
ਬਣਿਐਂ।ਬਾਂਗਰੂ ਬੋਲੀ ਬੋਲਦੇ ਇਲਾਕਿਆਂ ਵਿੱਚ ਮੈਂ ਵਿਚਰਿਆਂ ਹਾਂ।ਤਾਹੀਂ
ਨਾਵਲ ਵਿਚਲੇ ਪਾਤਰ ਵੀ ਬਾਂਗਰੂ ਬੋਲੀ ਬੋਲਦੇ ਹਨ।” ਅਣਖੀ ਸਾਹਬ ਬੋਲੀ ਜਾ
ਰਹੇ ਸਨ ਤੇ ਮੈਂ ਸੁਣੀ ਜਾ ਰਿਹਾ ਸੀ ਤੇ ਸਾਡੇ ਆਸੇ ਪਾਸੇ ਬੈਠੇ ਲੋਕ ਵੀ
ਸਾਡੀਆਂ ਗੱਲਾਂ ਵਿੱਚ ਧਿਆਨ ਦੇ ਰਹੇ ਸਨ।ਏਨੇ ਨੂੰ ਗੱਡੀ ਦੇ ਟਾਇਰਾਂ ਨੇ
ਬਰੇਕ ਲੱਗਣ ਤੇ ਚੀਕ ਜਿਹੀ ਮਾਰੀ। ਬਰਨਾਲੇ ਦਾ ਸਟੇਸ਼ਨ ਆ ਗਿਆ ਸੀ।ਅਸੀਂ
ਦੋਵੇ ਖੜੇ ਹੋ ਗਏ।ਅਣਖੀ ਸਾਹਬ ਤੇ ਉਹਨਾਂ ਦੀ ਬੇਟੀ ਟਰੇਨ ਦੇ ਡੱਬੇ
ਵਿੱਚੋਂ ਉੱਤਰ ਗਏ,ਨਾਲ ਮੈਂ ਵੀ ਸਤਿਕਾਰ ਵਜੋਂ ਟਰੇਨ ਚੋਂ ਉੱਤਰ ਕੇ ਉਹਨਾਂ
ਨੂੰ ਅਲਵਿਦਾ ਕਹਿਣ ਲਈ ਪਲੇਟਫਾਰਮ ਤੇ ਖੜਾ ਸੀ।ਬੜੇ ਹੀ ਮੋਹ ਨਾਲ ਉਹਨਾਂ
ਨੇ ਕਲਾਵੇ ਜਿਹੇ ਵਿੱਚ ਲੈ ਕੇ ਹੱਸ ਕੇ ਕਿਹਾ ਕਿ ਆਪਾਂ ਤਾਂ ਗੁਆਢੀ
ਆਂ।ਬਰਨਾਲੇ ਵਿੱਚ ਦੀ ਲੰਘਦਾ ਟੱਪਦਾ ਜਰੂਰ ਘਰੇ ਹਾਜਰੀ ਲਵਾ ਕੇ ਜਾਇਆ
ਕਰੀ।ਕਾਲੇਜ ਰੋਡ ਤੇ ਰਹਿੰਨਾਂ ਮੈਂ।” ਇਹ ਸ਼ਬਦ ਬੋਲ ਕੇ ਅਣਖੀ ਸਾਹਬ ਸਟੇਸ਼ਨ
ਤੋਂ ਬਾਹਰ ਨੂੰ ਚੱਲ ਪਏ ਤੇ ਮੈਂ ਫਿਰ ਟਰੇਨ ਚ ਚੜ੍ਹ ਕੇ ਉਹਨਾਂ ਵਾਲੀ ਸੀਟ
ਤੇ ਹੀ ਬੈਠ ਗਿਆ।ਮੇਰਾ ਅਜੇ ਵੀਹ ਪੱਚੀ ਮਿੰਟ ਦਾ ਸਫਰ ਬਾਕੀ ਸੀ।ਖਿੜਕੀ
ਵਿੱਚ ਦੀ ਮੇਰੀਆਂ ਨਜਰਾਂ ਪਲੇਟਫਾਰਮ ਤੇ ਅਣਖੀ ਸਾਹਬ ਨੂੰ ਤਲਾਸ਼ ਰਹੀਆਂ
ਸਨ,ਗੱਡੀ ਤੇਜੀ ਨਾਲ ਦੌੜ ਰਹੀ ਸੀ।ਸੱਜਣਾਂ ਦਾ ਪਿੰਡ ਲੰਘਕੇ ਸਾਥੋ ਪੈਰ
ਨਾਂ ਪੁਟਿਆ ਜਾਵੇ ਵਾਲੇ ਲੋਕ ਗੀਤ ਵਾਂਗ ਲੱਗਿਆ ਕਿ ਡੱਬੇ ਵਿੱਚੋਂ ਕੋਈ
ਰੂਹ ਉੱਤਰ ਗਈ।ਮੈਂ ਖੁਦ ਪੇਂਡੂ ਜੀਵਨ ਵਿੱਚ ਪਲ ਕੇ ਵੱਡਾ ਹੋਇਆਂ ਹਾਂ ਤੇ
ਸ਼ਾਇਦ ਤਾਹੀਂ ਮੈਨੂੰ ਪਿੰਡਾਂ ਦੀ ਹਰ ਗੱਲ ਰੀਤੀ ਰਿਵਾਜ,ਲੋਕ ਵਿਹਾਰ ਅਦਿ
ਬਾਰੇ ਪਤਾ ਸੀ ਤੇ ਲੋਕਾਂ ਨਾਲ ਮੋਹ ਵੀ ਸੀ ਜਿਹਨਾਂ ਦਾ ਜਿਕਰ ਅਣਖੀ ਸਾਹਿਬ
ਆਪਣੀਆਂ ਲਿਖਤਾਂ ਵਿੱਚ ਕਰਦੇ ਸਨ।ਉਹਨਾਂ ਨਾਲ ਮਿਲਣੀ ਤੋਂ ਬਾਦ ਮੈਂ ਮੁੜ
ਤੋਂ ਉਹਨਾਂ ਦੇ ਕਈ ਨਾਵਲਾਂ ਨੂੰ ਹੋਰ ਨੀਝ ਨਾਲ ਪੜ੍ਹਿਆ।ਇਹ ਅਣਖੀ ਸਾਹਬ
ਨਾਲ ਮੇਰੀ ਪਹਿਲੀ ਤੇ ਆਖਰੀ ਮਿਲਣੀ ਸੀ।ਜਦ ਇੱਕ ਪਤਾ ਲੱਗਾ ਕਿ ਅਣਖੀ ਸਾਹਬ
ਹਮੇਸ਼ਾ ਲਈ ਅਲਵਿਦਾ ਆਖ ਗਏ ਹਨ ਤਾਂ ਮਨ ਬਹੁਤ ਉਦਾਸ ਹੋਇਆ।ਜੇਕਰ ਮੈਂ
ਇੰਡੀਆ ਹੁੰਦਾ ਤਾਂ ਉਹਨਾਂ ਨੂੰ ਫਿਰ ਤੋਂ ਅਲਵਿਦਾ ਕਹਿਣ ਜਰੂਰ
ਜਾਂਦਾ।ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਲੱਗਾ ਕਿ ਅੱਜ ਪਿੰਡ ਮਰ ਗਏ
ਹਨ,ਪਿੰਡਾਂ ਦੇ ਉਹ ਪਾਤਰ ਵੀ ਉਹਨਾਂ ਦੇ ਨਾਲ ਹੀ ਮਰ ਗਏ ਜੋ ਉਹਨਾਂ ਨੇ
ਨਾਵਲਾਂ ਵਿੱਚ ਜਿਉਂਦੇ ਕੀਤੇ ਸਨ।ਇਸ ਵਾਰ ਜਦ ਇੰਡੀਆ ਗਿਆ ਸੀ ਤਾਂ ਬਰਨਾਲੇ
ਵਿੱਚ ਦੀ ਲੰਘਦਿਆਂ ਫਿਰ ਅਣਖੀ ਸਾਹਬ ਨੂੰ ਬਹੁਤ ਯਾਦ ਕੀਤਾ।ਦਿਲ ਕਰ ਰਿਹਾ
ਸੀ ਕਿ ਬਰਨਾਲੇ ਦੇ ਸ਼ਟੇਸ਼ਨ ਤੇ ਜਾ ਕੇ ਆਵਾਂ।ਪਰ ਹੌਸਲਾਂ ਜਿਹਾ ਨਹੀਂ ਪਿਆ।
0061 4342 88 301
E mail- -harmander.kang@gmail.com
-0- |