ਪਾੜ ਸੁਟਿਆ ਸੀ
ਉਸਨੇ ਕਿਤਾਬ ਦਾ ਉਹ ਸਫਾ
ਜਿਸ ਉੱਤੇ ਉਕਰਿਆ ਸੀ ਤ੍ਰਿਮਤ ਦਾ
ਮਾਲੂਕੜਾ ਕੁਰਲਾਉਂਦਾ ਮਾਸੂਮ ਚਿਹਰਾ
ਜਿਸਦੇ ਤੁਰ ਜਾਣ ਤੇ
“ਹਥੇਲੀ ਉਕਰਿਆ ਸੱਚ”
ਦੇ ਸਿਰਨਾਵੇਂ ਨੂੰ ਦੇ ਦਿੱਤੀ ਗਈ ਸੀ
ਆਪਣੇ ਹੀ ਹਰਫਾਂ ਚੋਂ ਜਲਾਵਤਨੀ-
ਚਿਖਾ ਦੀਆਂ ਲਾਟਾਂ ਚਿਖ ਚਿਖ ਕੇ
ਅਲਾਪ ਰਹੀਆਂ ਸਨ ਆਲੌਕਿਕ ਮਾਤਮੀ ਰਾਗੁ
“ਕਿਸ ਸੰਗ ਕੀਚੈ ਦੋਸਤੀ ਸਭ ਜਗ ਚਲਣਹਾਰ॥”-
ਗੁਰਦੁਆਰੇ ਦੇ ਭੀੜੇ ਕਮਰੇ ਅੰਦਰ
ਖੱਟੇ ਰੰਗ ਦੀ ਆਵਾਜ਼ ਵਿਚੋਂ ਮੋਲ
ਰਿਹਾ ਸੀ ਰਸਮੀ ਭਾਸ਼ਣ ਨੇਤਰ ਦੇ
ਖੁੱਸ ਜਾਣ ਦੇ ਅਫਸੋਸ ਅੰਦਰ-
“ਕਾਲਾ ਵਰਤਮਾਨ” ਕਾਲੇ ਭਰਵੱਟਿਆਂ
ਚੌਂ ਦੁਹੱਥੜੇ ਮਾਰ-ਮਾਰ ਵੰਡ
ਰਿਹਾ ਸੀ ਕੀਰਨੇ ਪਾਂਦੇ ਅੱਥਰੂ-
ਖੜੌਤੇ ਪਾਣੀਆਂ ਦਾ ਦਰਦ ਜਰ ਰਹੀ ਸੀ
ਹਰ ਪੱਲ ਓਸ ਦੇ ਸਿਰ ਉੱਤੇ ਬੰਨੀ
ਕਾਮਰੇਡੀ ਪੱਗ
ਪੁਰਖਿਆਂ ਦੇ ਸੰਦੂਕ ਅੰਦਰ
ਦਫਨ ਕਰ ਦਿੱਤੀ ਗਈ ਸੀ
ਕੈਨਵਸ ਤੇ ਉਲੀਕੀ
ਉਹ ਤਸਵੀਰ ਜਿਸ ਦੀਆਂ
ਲਕੀਰਾਂ ਬਣ ਥੋਰ ਕਰਵਾਂਦੀਆਂ ਸਨ
ਅਹਿਸਾਸ ਆਪਣੇ ਹੀ ਅਕਸ ਦਾ-
ਸਲੀਬ ਉਤੇ ਲਟਕ ਜਾਣਾ!
ਪਰ ਅੱਜ ਵਕਤ ਦੇ ਚੰਬੇ
ਓਸ ਹਾਰੇ ਬਾਦਸ਼ਾਹ ਦੇ ਕੰਨਾਂ
ਵਿਚ ਪੈ ਰਹੀ ਹੈ ਇਕ ਮੱਧਮ ਮਸਤ ਮੌਲਾ ਆਵਾਜ਼-
ਜੋ ਪੁਕਾਰ ਰਹੀ ਹੈ
“ਜੁਗਨੂੰਆਂ ਦੀ ਰੌਸ਼ਨੀ ਕਰ ਸਕਦੀ ਨਹੀਂ ਸਵੇਰ
ਤੁਰ ਗਿਆਂ ਦੇ ਸਿਰਨਾਵੇ ਲੱਭਦੇ ਮੁੜਦੇ ਨਾ ਉਹ ਫੇਰ”
-0- |