ਬੀਬੀ ਜੀ ਦੀ ਮੌਤ ਤੋਂ
ਬਾਅਦ ਤੋਂ ਉਸ ਨੂੰ ਲਗਦਾ ਸੀ ਕਿ ਹੁਣ ਇਸ ਦੁਨੀਆਂ ਨਾਲ ਉਸ ਦੀ ਕੋਈ ਸਾਂਝ ਨਹੀਂ ਰਹੀ ਪਰ
ਹੁਣ ਇਹ ਸਾਂਝ ਮੁੜ ਸਥਾਪਤ ਹੋ ਗਈ ਸੀ। ਜਦ ਉਸ ਦੇ ਬੱਚਾ ਹੋਣ ਵਾਲਾ ਸੀ ਤਾਂ ਉਸ ਨੂੰ
ਆਪਣੀਆਂ ਜੜ੍ਹਾ ਲਗ ਗਈਆਂ ਮਹਿਸੂਸ ਹੁੰਦੀਆਂ ਸਨ। ਬੱਚੇ ਦੀ ਮੌਤ ਤੋਂ ਬਾਅਦ ਵੀ ਉਹ ਨਿਰਾਸ਼
ਨਹੀਂ ਸੀ ਹੋਇਆ। ਉਹ ਸਮਝਦਾ ਸੀ ਕਿ ਇਕ ਵਿਸ਼ਾਲ ਜਿ਼ੰਦਗੀ ਉਸ ਦੇ ਸਾਹਮਣੇ ਹੈ। ਉਹ ਆਪਣੇ ਘਰ
ਨੂੰ ਬੱਚਿਆਂ ਨਾਲ ਭਰਿਆ ਦੇਖਣਾ ਚਾਹੁੰਦਾ ਸੀ। ਬੱਚਿਆਂ ਨਾਲ ਭਰਿਆ ਘਰ ਹੋਣ ਦੀ ਸ਼ਰਤ ਸੀ ਕਿ
ਉਸ ਦੀ ਪਤਨੀ ਦੀ ਸਿਹਤ ਵਧੀਆ ਹੋਣੀ ਚਾਹੀਦੀ ਸੀ। ਹੁਣ ਉਸ ਨੇ ਮਹਾਂਰਾਣੀ ਬਾਂਬਾ ਦਾ
ਵਿਸ਼ੇਸ਼ ਧਿਆਨ ਰੱਖਣਾ ਸ਼ੁਰੂ ਕਰ ਦਿਤਾ ਸੀ। ਉਸ ਨੇ ਬਾਂਬਾ ਨੂੰ ਚਰਚ ਨਾਲ ਜੁੜੀਆਂ
ਗਤੀਵਿਧੀਆਂ ਵਿਚ ਸਰਗਰਮ ਕਰ ਦਿਤਾ ਤਾਂ ਜੋ ਉਸ ਦਾ ਮਨ ਰੁਝਿਆ ਰਹੇ।
ਮਹਾਂਰਾਣੀ ਬਾਂਬਾ ਨੂੰ ਇਸ ਜਿ਼ੰਦਗੀ ਦੇ ਮੇਚ ਦੀ ਹੋਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ
ਕਰਨਾ ਪੈ ਰਿਹਾ ਸੀ ਪਰ ਹੁਣ ਤਕ ਉਹ ਆਪਣੇ ਵਿਸ਼ੇਸ਼ ਹੋਣ ਦੀ ਅਹਿਮੀਅਤ ਨੂੰ ਸਮਝ ਗਈ ਸੀ। ਉਸ
ਦੀ ਸਾਧਾਰਨ ਔਰਤ ਵਾਲੀ ਮਾਨਸਿਕਤਾ ਨੂੰ ਖੁਰਨ ਵਿਚ ਵਕਤ ਲਗ ਰਿਹਾ ਸੀ। ਹਾਲੇ ਵੀ ਕੋਈ ਫੈਸਲਾ
ਲੈਣ ਵਿਚ ਉਸ ਦਾ ਆਤਿਮ-ਵਿਸ਼ਵਾਸ ਨਹੀਂ ਸੀ ਬੱਝਦਾ। ਮੁਹਰੇ ਹੋ ਕੇ ਕੁਝ ਕਰਨ ਦਾ ਵੱਲ ਵੀ
ਨਹੀਂ ਸੀ ਆ ਰਿਹਾ। ਪਰ ਹੁਣ ਉਹ ਪਹਿਲਾਂ ਨਾਲੋਂ ਖੁਸ਼ ਰਹਿਣ ਲਗੀ ਸੀ।
ਕੁਝ ਖੁਸ਼ੀਆਂ ਤੋਂ ਬਾਅਦ ਵੀ ਮਹਾਂਰਾਜੇ ਦੀਆਂ ਕੁਝ ਮੁਸੀਬਤਾਂ ਉਥੇ ਦੀਆਂ ਉਥੇ ਖੜੀਆਂ ਸਨ
ਬਲਕਿ ਪਹਿਲਾਂ ਨਾਲੋਂ ਵੱਡੀਆਂ ਹੋ ਗਈਆਂ ਸਨ। ਪੈਸੇ ਵਾਲੀ ਮੁਸੀਬਤ ਤਾਂ ਦਿਨੋ ਦਿਨ ਬਿਮਾਰੀ
ਵਾਂਗ ਫੈਲਦੀ ਜਾ ਰਹੀ ਸੀ। ਇੰਡੀਆ ਔਫਿਸ ਵਲੋਂ ਉਸ ਦੀ ਸਲਾਨਾ ਪੈਨਸ਼ਨ ਵਧਾਈ ਨਹੀਂ ਸੀ ਗਈ।
ਇਹ ਜਿਹੜਾ ਕਰਜ਼ਾ ਐੱਲਵੇਡਨ ਹਾਲ ਲੈਣ ਲਈ ਉਸ ਨੂੰ ਮਿਲਿਆ ਸੀ ਹੁਣ ਇਸ ਦੀ ਕਿਸ਼ਤ ਵੀ ਹਰ
ਮਹੀਨੇ ਆ ਖੜਦੀ ਤੇ ਇਹ ਕਿਸ਼ਤ ਉਸੇ ਸਲਾਨਾ ਪੈਨਸ਼ਨ ਵਿਚੋਂ ਜਾਣੀ ਸੀ ਜਿਹੜੀ ਉਸ ਨੂੰ ਮਿਲ
ਰਹੀ ਸੀ। ਇਸ ਦਾ ਮਤਲਵ ਕਿ ਪੈਨਸ਼ਨ ਹੋਰ ਵੀ ਘੱਟ ਜਾਣੀ ਸੀ। ਉਪਰੋਂ ਦੀ ਆਪਣੀ ਰਿਹਾਇਸ਼ ਨੂੰ
ਅਧੁਨਿਕ ਬਣਾਉਣ ਲਈ ਵੀ ਉਸ ਨੇ ਕਾਫੀ ਸਾਰੇ ਪੈਸੇ ਖਰਚ ਦਿਤੇ ਸਨ, ਉਹ ਵੀ ਤਾਂ ਸਾਰਾ ਕਰਜ਼ਾ
ਹੀ ਸੀ। ਮਹਾਂਰਾਜੇ ਦੇ ਇੰਡੀਆ ਔਫਿਸ ਦੇ ਚੱਕਰ ਵਧ ਰਹੇ ਸਨ। ਉਹ ਵਾਰ ਵਾਰ ਆਪਣੀ ਪੈਨਸ਼ਨ
ਵਧਾਉਣ ਲਈ ਉਸ ਦਫਤਰ ਜਾਂਦਾ ਸੀ ਪਰ ਹਰ ਵਾਰ ਕੋਈ ਨਾ ਕੋਈ ਬਹਾਨਾ ਮਿਲ ਜਾਂਦਾ ਸੀ। ਇੰਡੀਆ
ਔਫਿਸ ਦਾ ਇਹ ਵਤੀਰਾ ਜਿਵੇਂ ਮਹਾਂਰਾਜੇ ਦੇ ਸਬਰ ਦੀ ਸੀਮਾ ਦੇਖ ਰਿਹਾ ਹੋਵੇ। ਅਜਿਹੇ ਤਣਾਵ
ਸਮੇਂ ਜੇ ਕਿਧਰੇ ਉਸ ਨੂੰ ਰਾਹਤ ਮਿਲਦੀ ਸੀ ਤਾਂ ਮਹਾਂਰਾਣੀ ਵਿਕਟੋਰੀਆ ਵਲੋਂ ਹੁੰਦੇ ਮਮਤਾ
ਭਰੇ ਵਤੀਰੇ ਸਮੇਂ। ਮਹਾਂਰਾਣੀ ਵਿਕਟੋਰੀਆ ਦੇ ਮਨ ਵਿਚ ਉਸ ਲਈ ਵਿਸ਼ੇਸ਼ ਜਗਾਹ ਸੀ ਇਹੋ
ਮਹਾਂਰਾਜੇ ਦੇ ਕਈ ਰੋਸਿਆਂ ਨੂੰ ਢੱਕ ਲੈਂਦੀ ਸੀ।
ਮਹਾਂਰਾਣੀ ਵਿਕਟੋਰੀਆ ਵਲੋਂ ਮਹਾਂਰਾਜੇ ਤੇ ਮਹਾਂਰਾਣੀ ਬਾਂਬਾ ਨੂੰ ਵਿੰਡਸਰ ਮਹਿਲ ਵਿਚ ਸੱਦਾ
ਵੀ ਖੁਸ਼ਬੂ ਭਰੇ ਹਵਾ ਦੇ ਬੁੱਲ੍ਹੇ ਵਾਂਗ ਸੀ। ਮਹਾਂਰਾਣੀ ਬਾਂਬਾ ਵੀ ਚਾਅ ਵਿਚ ਸੀ। ਉਸ ਨੇ
ਪਹਿਲੀ ਵਾਰ ਮਹਾਂਰਾਣੀ ਨੂੰ ਮਿਲਣ ਜਾਣਾ ਸੀ। ਲੇਡੀ ਲੈਵਨ ਤਿਆਰ ਹੋਣ ਵਿਚ ਉਸ ਦੀ ਮੱਦਦ ਕਰ
ਰਹੀ ਸੀ। ਮਹਾਂਰਾਜੇ ਨੂੰ ਲਗਦਾ ਸੀ ਕਿ ਹੁਣ ਤਕ ਉਸ ਦੀ ਮਹਾਂਰਾਣੀ ਬਾਂਬਾ ਇਸ ਸਮਾਜ ਬਾਰੇ
ਲੋੜ ਜਿੰਨਾ ਸਿਖ ਗਈ ਹੋਵੇਗੀ ਤੇ ਮਹਾਂਰਾਣੀ ਵਿਕਟੋਰੀਆ ਸਾਹਮਣੇ ਸੰਪੂਰਨ ਪਤਨੀ ਤੇ
ਮਹਾਂਰਾਣੀ ਹੋਣ ਦਾ ਸਬੂਤ ਦੇਵੇਗੀ। ਲੇਡੀ ਲੈਵਨ ਮਹਾਂਰਾਣੀ ਦੇ ਇਸ ਢੁਕਵੇਂ ਮੌਕੇ ਤੇ ਕਪੜੇ
ਪਹਿਨਾ ਕੇ ਤਿਆਰ ਕੀਤਾ। ਲੇਡੀ ਲੈਵਨ ਨੇ ਮਹਾਂਰਾਣੀ ਬਾਂਬਾ ਨੂੰ ਤਿਆਰ ਕਰਕੇ ਉਸ ਦੀਆਂ
ਤਸਵੀਰਾਂ ਵੀ ਖਿੱਚੀਆਂ ਤੇ ਬਾਅਦ ਵਿਚ ਆਪਣੀਆਂ ਡਾਇਰੀ ਵਿਚ ਲਿਖਿਆ ਵੀ;
‘...ਪੂਰੇ ਸਾਈਜ਼ ਦੀ ਸਕੱਰਟ, ਉਪਰ ਦੀ ਖੁਲ੍ਹੀਆਂ ਬਾਹਾਂ ਵਾਲੀ ਟਰਕਿਸ਼ ਜੈਕਟ, ਸਿਰ ਉਪਰ
ਤਿਰਛੀ ਟੋਪੀ, ਟੋਪੀ ਦੇ ਉਪਰ ਦੀ ਦੋਨੋਂ ਪਾਸੇ ਮੋਢਿਆਂ ਲਟਕਦੀ ਮੋਤੀਆਂ ਦੀ ਲੜੀ। ਉਸ ਦੇ
ਵਾਲਾਂ ਦੀਆਂ ਕੱਸਵੀਆਂ ਪਲੇਟਾਂ ਸਿਧੀਆਂ ਲਟਕ ਰਹੀਆਂ ਸਨ। ਇਹ ਸਭ ਸ਼ਾਹੀ ਇਕੱਠ ਸਮੇਂ ਲਈ
ਬਹੁਤ ਹੀ ਢੁਕਵਾਂ ਸੀ। ਪਰਿੰਸਸ ਰੌਆਏਲ ਤੇ ਪਰਿੰਸਸ ਹੈਲਨਾ ਬਾਂਬਾ ਦੇ ਕਮਰੇ ਵਿਚ ਜਾ ਕੇ ਉਸ
ਦੇ ਵਾਲਾਂ ਦੀਆਂ ਪਲੇਟਾਂ ਨੂੰ ਛੋਹ ਛੋਹ ਕੇ ਦੇਖ ਰਹੀਆਂ ਸਨ। ਮਹਾਂਰਾਣੀ ਵਿਕਟੋਰੀਆ ਨੇ
ਬਾਂਬਾ ਨੂੰ ਚੁੰਮ ਕੇ ਉਸ ਦੇ ਉੱਚੇ ਰੁਤਬੇ ਤੇ ਮੋਹਰ ਲਾਈ ਤੇ ਇਸ ਮੌਕੇ ‘ਤੇ ਮਹਾਂਰਾਜੇ ਨੂੰ
ਵੀ ਵਧਾਈ ਦਿਤੀ। ਦੋਨੋਂ ਰਾਜਕੁਮਾਰੀਆਂ ਬੰਬਾਂ ਨੂੰ ਵਿਚਕਾਰ ਬੈਠਾ ਕੇ ਤਰ੍ਹਾਂ ਤਰ੍ਹਾਂ ਦੇ
ਸਵਾਲ ਪੁੱਛਦੀਆਂ ਰਹੀਆਂ।’
ਮਹਾਂਰਾਣੀ ਵਿਕਟੋਰੀਆ ਨੇ ਆਪਣੇ ਜਰਨਲ ਵਿਚ ਮਹਾਂਰਾਣੀ ਬਾਂਬਾ ਬਾਰੇ ਲਿਖਿਆ;
‘ਮਹਾਂਰਾਜਾ ਸਦਾ ਵਾਂਗ ਆਪਣੇ ਹੀਰੇ, ਮੋਤੀ ਜੜੇ ਹਿੰਦੁਸਤਾਨੀ ਪਹਿਰਾਵੇ ਵਿਚ ਆਇਆ ਤੇ
ਮਹਾਂਰਾਣੀ ਜਿਵੇਂ ਸੁਪਨ-ਕਹਾਣੀਆਂ ਦੀ ਰਾਜਕੁਮਾਰੀ ਹੁੰਦੀ ਹੈ, ਉਹਨਾਂ ਬੜੇ ਚਾਅ ਨਾਲ ਖਾਣਾ
ਖਾਧਾ। ਮਹਾਂਰਾਜਾ ਹਰ ਗੱਲ ਵਿਚ ਹਾਂ-ਵਾਚਕ ਹੁੰਦਾ ਜਾ ਰਿਹਾ ਸੀ ਪਰ ਉਹ ਹੁਣ ਕੁਝ ਮੋਟਾ ਹੋ
ਰਿਹਾ ਹੈ।’
ਹੁਣ ਸਮੇਂ ਦੇ ਨਾਲ ਮਹਾਂਰਾਜੇ ਨੇ ਕੁਝ ਮੋਟਾ ਵੀ ਹੋਣਾ ਹੀ ਸੀ। ਕਦੇ ਸਮਾਂ ਸੀ ਕਿ ਉਸ ਦੇ
ਇਕਹਰੇ ਸਰੀਰ ਨੂੰ ਮਹਾਂਰਾਣੀ ਵਿਕਟੋਰੀਆ ਸਲਾਹਿਆ ਕਰਦੀ ਸੀ ਪਰ ਉਦੋਂ ਚਿਤਰਕਾਰ ਵਿੰਟਰਹਾਲਟਰ
ਉਸ ਦੀ ਤਸਵੀਰ ਬਣਾਉਂਦੇ ਸਮੇਂ ਉਸ ਨੂੰ ਉਸ ਦੀ ਵਿੱਤ ਤੋਂ ਜ਼ਰਾ ਮੋਟਾ ਦਿਖਾਉਣ ਦੀ ਕੋਸਿ਼ਸ਼
ਵਿਚ ਹੁੰਦਾ ਸੀ। ਵੈਸੇ ਵੀ ਸਮੇਂ ਦੇ ਨਾਲ ਮਹਾਂਰਾਜੇ ਦੇ ਮਨ ਵਿਚੋਂ ਹਿੰਦੁਸਤਾਨੀ ਪਹਿਰਾਵੇ
ਵਾਲੀ ਅਸਲੀ ਤਸਵੀਰ ਧੁੰਧਲੀ ਪੈਂਦੀ ਜਾ ਰਹੀ ਸੀ ਤੇ ਪੂਰਬੀ ਤੇ ਪੱਛਮੀ ਪਹਿਰਾਵੇ ਸਮੇਤ ਨਵੀਂ
ਸ਼ੈਲੀ ਵਾਲੀ ਡਰੈੱਸ ਤੇ ਅਜਿਹਾ ਹੀ ਜਿਊਣ ਢੰਗ ਸਾਹਮਣੇ ਆ ਰਿਹਾ ਸੀ। ਕੋਈ ਵੇਲੇ ਸੀ ਕਿ
ਮਹਾਂਰਾਜਾ ਹਰ ਵੇਲੇ ਇਕ ਸਿੱਖ ਸਿਪਾਹੀ ਵਾਂਗ ਤਿਆਰ ਹੋ ਕੇ ਰਹਿੰਦਾ ਸੀ। ਹਰ ਵੇਲੇ ਦੀ ਉਹ
ਤਿਆਰੀ ਮਹਾਂਰਾਜੇ ਦੇ ਮਨ ਵਿਚੋਂ ਹੁਣ ਤਕ ਵਿਸਰ ਰਹੀ ਸੀ, ਸ਼ਾਇਦ ਇਸੇ ਲਈ ਸਿਹਤ ਵਲ ਬਹੁਤਾ
ਧਿਆਨ ਨਹੀਂ ਸੀ ਦੇ ਹੋ ਰਿਹਾ। ਉਸ ਦੇ ਵਧਦੇ ਮੁਟਾਪੇ ਕਾਰਨ ਹੀ ਉਸ ਦੀ ਵਧੀਆ ਘੋੜ-ਸਵਾਰ
ਵਾਲੀ ਸ਼ਵੀ ਧੁੰਦਲੀ ਹੋ ਗਈ ਸੀ। ਆਪਣੇ ਵਧਦੇ ਮੁਟਾਪੇ ਕਾਰਨ ਮਹਾਂਰਾਜਾ ਵੀ ਪਰੇਸ਼ਾਨੀ ਜਿਹੀ
ਵਿਚ ਰਹਿਣ ਲਗਿਆ ਸੀ।
ਮਹਾਂਰਾਣੀ ਬਾਂਬਾ ਮੁੜ ਕੇ ਗਰਭਵਤੀ ਹੋ ਗਈ। ਐੱਲਵੇਡਨ ਹਾਲ ਵਿਚ ਇਕ ਵਾਰ ਫਿਰ ਖੁਸ਼ੀ ਦੀਆਂ
ਆਸਾਂ ਫੈਲ ਗਈਆਂ। ਇਸ ਵਾਰ ਮਹਾਂਰਾਣੀ ਬਾਂਬਾ ਦਾ ਸਰੀਰ ਬੱਚੇ ਦੇ ਜਨਮ ਲਈ ਢੁਕਵਾਂ ਸੀ। ਉਸ
ਦਾ ਧਿਆਨ ਵੀ ਪਹਿਲਾਂ ਨਾਲੋਂ ਬਿਹਤਰ ਰੱਖਿਆ ਜਾ ਰਿਹਾ ਸੀ। ਜੂਨ 1866 ਵਿਚ ਉਹਨਾਂ ਦੇ ਘਰ
ਦੂਜਾ ਪੁੱਤਰ ਪੈਦਾ ਹੋਇਆ। ਬੱਚਾ-ਜੱਚਾ ਦੋਵੇਂ ਹੀ ਸਿਹਤਵੰਦ ਸਨ। ਇਸ ਵਾਰ ਮਹਾਂਰਾਣੀ
ਵਿਕਟੋਰੀਆ ਵੀ ਜਣੇਪੇ ਵਿਚ ਖਾਸ ਦਿਲਚਸਪੀ ਲੈ ਰਹੀ ਸੀ। ਉਸ ਨੇ ਹੀ ਵਿਸ਼ੇਸ਼ ਨਰਸਾਂ ਦਾ
ਇੰਤਜ਼ਾਮ ਵੀ ਕਰਵਾ ਦਿਤਾ ਹੋਇਆ ਸੀ। ਬੱਚੇ ਦੀ ਪਹਿਲੀ ਕ੍ਰਿਸਚਿਨਿੰਗ ਦੀ ਛੋਟੀ ਜਿਹੀ ਰਸਮ
ਐੱਲਵੇਡਨ ਹਾਲ ਵਿਚ ਹੀ ਪੂਰੀ ਕੀਤੀ ਗਈ। ਉਥੇ ਦੇ ਚਰਚ ਵਿਚ ਹੀ ਬੈਪਟਾਈਜ਼ ਕਰ ਦਿਤਾ ਦਿਤਾ
ਗਿਆ। ਅੱਠ ਮਹੀਨੇ ਬਾਅਦ ਅਸਲ ਕ੍ਰਿਸਚਿਨਿੰਗ ਦੀ ਰਸਮ ਵਿੰਡਸਰ ਕੈਸਲ ਵਿਚ ਮਹਾਂਰਾਣੀ
ਵਿਕਟੋਰੀਆ ਵਲੋਂ ਕਰਵਾਈ ਗਈ ਜਿਸ ਵਿਚ ਮਹਾਂਰਾਣੀ ਵਿਕਟੋਰੀਆ ਬੱਚੇ ਦੀ ਗੌਡਮਦਰ ਬਣੀ। ਆਪਣੇ
ਜਰਨਲ ਵਿਚ ਮਹਾਂਰਾਣੀ ਨੇ ਲਿਖਿਆ;
‘...ਨਾਸ਼ਤੇ ਤੋਂ ਬਾਅਦ ਨਰਸ ਮਹਾਂਰਾਜੇ ਦੇ ਬੱਚੇ ਨੂੰ ਮੇਰੇ ਕੋਲ ਲੈ ਕੇ ਆਈ, ਮੈਂ ਏਨਾ
ਪਿਆਰਾ ਲੋਗੜਾ ਜਿਹਾ ਬੱਚਾ ਪਹਿਲਾਂ ਕਦੇ ਨਹੀਂ ਚੁੱਕਿਆ। ਉਸ ਦੀਆਂ ਕਾਲੀਆਂ ਅੱਖਾਂ ਚਮਕ
ਰਹੀਆਂ ਸਨ ਤੇ ਚਮੜੀ ਦਾ ਰੰਗ ਕੁਝ ਸਾਫ ਸੀ। ...ਇਕ ਵਜੇ ਤੋਂ ਬਾਅਦ ਇਸ ਨੰਨੇ ਰਾਜਕੁਮਾਰ ਦੀ
ਕ੍ਰਿਸਚਿਨਿੰਗ ਦੀ ਰਸਮ ਚੈਪਲ ਵਿਚ ਸਿਰੇ ਚੜੀ। ਸਾਢੇ ਅੱਠ ਮਹੀਨੇ ਦਾ ਰਾਜਕੁਮਾਰ ਆਪ ਹੀ ਬੈਠ
ਲੈਂਦਾ ਸੀ। ਕਿਉਂਕਿ ਉਸ ਨੂੰ ਬੈਪਟਾਇਜ਼ ਤਾਂ ਪਹਿਲਾਂ ਕਰ ਹੀ ਦਿਤਾ ਗਿਆ ਸੀ ਇਸ ਲਈ ਇਹ ਰਸਮ
ਕੁਝ ਵੱਖਰੀ ਸੀ। ਇਸ ਸਾਰੀ ਰਸਮ ਸਮੇਂ ਨਰਸ ਨੇ ਉਸ ਨੂੰ ਫੜੀ ਰੱਖਿਆ। ਮਹਾਂਰਾਜੇ ਦੀ ਇਛਿਆ
ਮੁਤਾਬਕ ਮੈਂ ਉਸ ਦਾ ਨਾਂ ਵਿਕਟਰ ਅਲਬਰਟ ਰੱਖਿਆ। ਮਹਾਂਰਾਜਾ ਤੇ ਧਾਰਮਿਕ ਆਗੂ ਮਿਸਟਰ ਜੇ.
ਜਿਸ ਨੇ ਬਹੁਤ ਸਾਲ ਪਹਿਲਾਂ ਮਹਾਂਰਾਜੇ ਨੂੰ ਬੈਪਾਇਜ਼ ਕੀਤਾ ਸੀ ਇਸ ਸਮੇਂ ਮੇਰੇ ਨਾਲ ਹੀ
ਹਾਜ਼ਰ ਸਨ। ਲੌਰਡ ਤੇ ਲੇਡੀ ਲੈਵਨ, ਲੇਡੀ ਸੋਫੀ ਮੈਲਵਿਲ, ਮਹਾਂਰਾਜੇ ਦੇ ਕੁਝ ਖਾਸ ਦੋਸਤ,
ਮੇਰੇ ਪਰਿਵਾਰ ਦੇ ਲੂਈਸ ਤੇ ਲਿਓਪੋਲਡ ਵੀ ਉਥੇ ਹੀ ਸਨ। ਫਿਰ ਮਹਾਂਰਾਣੀ ਬਾਂਬਾ ਨੇ ਬੱਚੇ
ਨੂੰ ਗੋਦੀ ਚੁੱਕਿਆ ਤੇ ਵਿੰਡਸਰ ਦੇ ਡੀਨ ਨੇ ਸਾਰੀ ਰਸਮ ਨੇਪਰੇ ਚਾੜੀ। ਸਭ ਨੇ ਇਸ ਨੌਜਾਵਾਨ
ਜੋੜੇ ਨੂੰ ਵਧਾਈਆਂ ਦਿਤੀਆਂ ਤੇ ਆਪਣੇ ਗੌਡਚਾਈਲਡ ਨੂੰ ਕੁਝ ਤੋਹਫੇ ਵੀ ਦਿਤੇ।’...
ਇਸ ਰਸਮ ਤੋਂ ਬਾਅਦ ਜਿ਼ੰਦਗੀ ਫਿਰ ਆਪਣੀ ਚਾਲੇ ਤੁਰ ਪਈ। ਇੰਡੀਆ ਔਫਿਸ ਨਾਲ ਮਹਾਂਰਾਜਾ ਦਾ
ਕੋਈ ਸਮਝੌਤਾ ਹੋਣ ਵਿਚ ਨਹੀਂ ਸੀ ਆ ਰਿਹਾ ਜਿਸ ਗਲੋਂ ਉਹ ਖਿਝਣ ਵੀ ਲਗਦਾ ਸੀ ਦੂਜੇ ਪਾਸੇ ੳਸ
ਦਾ ਸਿ਼ਕਾਰ ਤੇ ਹੋਰ ਸ਼ੌਂਕ ਵੀ ਜ਼ੋਰਾਂ ਤੇ ਸਨ। ਕਈ ਵਾਰ ਉਹ ਲੰਡਨ ਚਲੇ ਜਾਂਦਾ ਤੇ ਉਥੇ
ਨਾਚ-ਘਰਾਂ ਦੀ ਰੌਣਕ ਬਣਿਆਂ ਰਹਿੰਦਾ। ਮਹਾਂਰਾਣੀ ਬਾਂਬਾ ਇਕ ਵਾਰ ਫਿਰ ਅਣਗੌਲ ਹੋਣ ਲਗੀ ਸੀ
ਪਰ ਚੰਗੀ ਗੱਲ ਇਹ ਕਿ ਹੁਣ ਉਸ ਕੋਲ ਵਿਕਟਰ ਸੀ ਜੋ ਉਸ ਦਾ ਧਿਆਨ ਮੱਲੀ ਰੱਖਦਾ ਸੀ। ਵਿਕਟਰ
ਹੀ ਨਹੀਂ ਉਸ ਦੇ ਮਗਰ ਹੀ ਬੱਚਿਆਂ ਦੀ ਲਾਈਨ ਲਗਣੀ ਸ਼ੁਰੂ ਹੋ ਗਈ। ਵਿਕਟਰ 1866 ਵਿਚ ਜੰਮਿਆ
ਤੇ ਮਗਰੇ ਹੀ ਦੂਜੇ ਨੰਬਰ ‘ਤੇ ਫਰੈਡਰਿਕ 1868, ਤੀਜੇ ਨੰਬਰ ਤੇ ਬਾਂਬਾ ਸੋਫੀਆ ਜਿੰਦਾਂ
1869 ਵਿਚ, ਚੌਥੇ ਨੰਬਰ ਤੇ ਕੈਥਰੀਨ ਹਿਲਡਾ 1871 ਵਿਚ, ਪੰਜਵੇਂ ਨੰਬਰ ਤੇ ਸੋਫੀਆ
ਅਲੈਗਜ਼ੈਂਡਰ 1876 ਵਿਚ ਤੇ ਆਖਰੀ ਤੇ ਛੇਵੇਂ ਨੰਬਰ ਤੇ ਐਡਵਰਡ ਅਲਬਰਟ ਸੰਨ 1879 ਵਿਚ। ਇਸ
ਤੋਂ ਜਿ਼ਆਦਾ ਮਹਾਂਰਾਣੀ ਬਾਂਬਾ ਹੋਰ ਕੀ ਰੁਝ ਸਕਦੀ ਸੀ। ਹੁਣ ਤਾਂ ਉਸ ਨੂੰ ਮਹਾਂਰਾਜੇ ਦੀ
ਪਰਵਾਹ ਹੀ ਨਹੀਂ ਸੀ।
ਪਰਿਵਾਰ ਦੇ ਵੱਡੇ ਹੋਣ ਨਾਲ ਮਹਾਂਰਾਜੇ ਦੇ ਖਰਚੇ ਵੀ ਵਧਦੇ ਗਏ ਤੇ ਦੂਜੇ ਪਾਸੇ ਪੈਨਸ਼ਨ ਓਨੀ
ਦੀ ਓਨੀ ਸੀ। ਐੱਵਲਡਨ ਦੀ ਇਸਟੇਟ ਦੀ ਆਮਦਨ ਕੋਈ ਖਾਸ ਨਹੀਂ ਸੀ। ਜਿਹੜੇ ਕਿਸਾਨ ਜ਼ਮੀਨ
ਵਾਹੁੰਦੇ ਵੀ ਸਨ ਉਹ ਘਾਟੇ ਵਿਚ ਹੀ ਜਾਂਦੇ ਸਨ ਕਿਉਂਕਿ ਖੇਤੀ ਘਾਟੇ ਦਾ ਸੌਦਾ ਹੀ ਸੀ। ਵਧਦੇ
ਪਰਿਵਾਰ ਨਾਲ ਮਹਾਂਰਾਜੇ ਦੀ ਆਰਥਿਕ ਹਾਲਤ ਵੀ ਵਿਗੜਨ ਲਗੀ। ਐੱਲਵੇਡਨ ਇਸਟੇਟ ਦਾ ਕਰਜ਼ਾ
ਇੰਡੀਆ ਔਫਿਸ ਤੋਂ ਲਿਆ ਸੀ ਤੇ ਮਹਾਂਰਾਜਾ ਨਹੀਂ ਸੀ ਚਾਹੁੰਦਾ ਕਿ ਇਹ ਕਰਜ਼ਾ ਅਗੇ ਉਸ ਦੀ
ਔਲਾਦ ਦੇ ਸਿਰ ‘ਤੇ ਵੀ ਇਵੇਂ ਹੀ ਰਹੇ। ਉਹ ਇਸ ਕਰਜ਼ੇ ਨੂੰ ਨਿਬੇੜਨਾ ਚਾਹੁੰਦਾ ਸੀ। ਕਈ ਵਾਰ
ਉਹ ਇਸ ਬਾਰੇ ਬਹੁਤ ਹੀ ਫਿਕਰਵੰਦ ਹੋ ਜਾਂਦਾ। ਉਸ ਦੀ ਬੇਚੈਨੀ ਵਧਣ ਲਗਦੀ। ਇਵੇਂ ਹੀ ਇਕ ਦਿਨ
ਉਸ ਨੇ ਮਹਾਂਰਾਣੀ ਵਿਕਟੋਰੀਆ ਨਾਲ ਇਸ ਮਾਮਲੇ ਵਿਚ ਮਿਲਣ ਲਈ ਵਕਤ ਲਿਆ। ਉਹ ਮਹਾਂਰਾਣੀ ਨੂੰ
ਆਖਣ ਲਗਿਆ,
“ਯੋਅਰ ਮੈਜਿਸਟੀ, ਮੈਂ ਤੁਹਾਡੀ ਨਜ਼ਰ ਆਪਣੇ ਕੁਝ ਮਸਲੇ ਲਿਆ ਰਿਹਾਂ ਕਿ ਮੇਰੇ ਖਰਚੇ ਪਹਿਲਾਂ
ਨਾਲੋਂ ਬਹੁਤ ਜਿ਼ਆਦਾ ਹੋ ਗਏ ਨੇ, ਹੁਣ ਅਸੀਂ ਦੋ ਨਹੀਂ ਅੱਠ ਜੀਅ ਹਾਂ ਤੇ ਉਪਰੋਂ ਮੰਗਿਆਈ
ਵੀ ਪਹਿਲਾਂ ਨਾਲੋਂ ਵਧੀ ਏ ਤੇ ਇੰਡੀਆ ਔਫਿਸ ਵਾਲੇ ਮੇਰੀ ਪੈਨਸ਼ਨ ਬਿਲਕੁਲ ਨਹੀਂ ਵਧਾ ਰਹੇ
ਜਦ ਕਿ ਮੈਂ ਹੱਕਦਾਰ ਇਸ ਤੋਂ ਕਿਤੇ ਵੱਧ ਦਾ ਰਕਮ ਦਾ ਹਾਂ। ਮੇਰੇ ਸਿਰ ਬਹੁਤ ਵੱਡਾ ਕਰਜ਼ਾ
ਏ, ਮੈਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਖਾਈ ਜਾ ਰਹੀ ਏ।”
“ਯੋਅਰ ਹਾਈਨੈੱਸ, ਮੈਂ ਸਰ ਸਟੈਫ੍ਰੋਡ ਨੌਰਥਕੋਟ ਨਾਲ ਗੱਲ ਕਰਾਂਗੀ, ਉਹ ਜੋ ਕਰ ਸਕਿਆ ਆਸ ਏ
ਕਿ ਜ਼ਰੂਰ ਕਰੇਗਾ।”
ਇਸ ਮੁਲਾਕਾਤ ਬਾਰੇ ਮਹਾਂਰਾਣੀ ਵਿਕਟੋਰੀਆ ਨੇ ਆਪਣੇ ਜਰਨਲ ਵਿਚ ਲਿਖਿਆ;
‘...ਦੁਪਿਹਰ ਦੇ ਖਾਣੇ ਤੋਂ ਬਾਅਦ ਮਹਾਂਰਾਜੇ ਨਾਲ ਮੁਲਾਕਤ ਦਾ ਸਮਾਂ ਤਹਿ ਸੀ। ਹੈਰਾਨੀ ਦੀ
ਗੱਲ ਕਿ ਮਹਾਂਰਾਜਾ ਹਾਲੇ ਨਾਸ਼ਤੇ ਵਾਲੇ ਪਹਿਰਾਵੇ ਵਿਚ ਹੀ ਸੀ। ਉਹ ਮੇਰੇ ਨਾਲ ਆਪਣੇ ਆਰਥਿਕ
ਸਾਧਨਾਂ ਬਾਰੇ ਗੱਲ ਕਰਨੀ ਚਾਹੁੰਦਾ ਸੀ। ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੁਝ
ਘਬਰਾਇਆ ਹੋਇਆ ਸੀ।’
ਮਹਾਂਰਾਣੀ ਵਿਕਟੋਰੀਆ ਨੇ ਬਿਨਾਂ ਕਿਸੇ ਦੇਰੀ ਦੇ ਸਰ ਸਟੈਫੋਰਡ ਨੌਰਥਕੋਟ, ਜਿਸ ਦਾ ਇਸ
ਮਾਮਲੇ ਨਾਲ ਵਾਹ ਸੀ, ਨੂੰ ਇਸ ਮਾਮਲੇ ਬਾਰੇ ਗੌਰ ਕਰਨ ਲਈ ਕਿਹਾ ਤੇ ਅਦੇਸ਼ ਦਿਤਾ ਕਿ
ਮਹਾਂਰਾਜੇ ਨੂੰ ਕੁਝ ਹੋਰ ਅਲਾਊਂਸ ਦਿਤੇ ਜਾਣ ਤਾਂ ਜੋ ਉਹ ਆਪਣੇ ਬੱਚਿਆਂ ਦੀ ਦੇਖਭਾਲ ਚੰਗੀ
ਤਰ੍ਹਾਂ ਕਰ ਸਕੇ। ਜੇ ਹੋਰ ਨਹੀਂ ਤਾਂ ਮਹਾਂਰਾਜੇ ਦੇ ਕੁਝ ਸਦਾਚਾਰਕ ਹੱਕ ਵੀ ਬਣਦੇ ਸਨ। ਸਰ
ਸਟੈਫੋਰਡ ਨੌਰਥਕੋਟ ਉਸ ਵੇਲੇ ਸੈਕਟਰੀ ਔਫ ਸਟੇਸ ਫਾਰ ਇੰਡੀਆ ਸੀ, ਉਸ ਨੇ ਕੁਝ ਕੁ ਢਿੱਲਾਂ
ਦਿਤੀਆਂ ਜਿਸ ਅਨੁਸਾਰ ਮਹਾਂਰਾਜੇ ਦੇ ਕਰਜ਼ੇ ਦਾ ਵਿਆਜ ਕੁਝ ਘਟਾ ਦਿਤਾ ਗਿਆ। ਕੁਝ ਕੁ ਬਕਾਇਆ
ਮੁਆਫ ਵੀ ਕਰ ਦਿਤਾ ਗਿਆ ਪਰ ਇਹ ਕਾਫੀ ਨਹੀਂ ਸੀ। ਫਿਰ ਸੈਕਟਰੀ ਔਫ ਸਟੇਟ ਡਿਊਕ ਔਫ ਅਰਗਾਇਲ
ਨੇ ਭਵਿੱਖ ਵਿਚ ਮਹਾਂਰਾਜੇ ਦੇ ਮੌਤ ਹੋ ਜਾਣ ਸਮੇਂ ਪੰਦਰਾਂ ਹਜ਼ਾਰ ਹੋਰ ਉਸ ਦੇ ਪਰਿਵਾਰ ਲਈ
ਦੇਣ ਦਾ ਵਾਅਦਾ ਵੀ ਕਰ ਦਿਤਾ।
ਮਹਾਂਰਾਜੇ ਦਾ ਜੀਣ ਢੰਗ ਬਹੁਤ ਖਰਚੀਲਾ ਸੀ ਜਿਸ ਨੂੰ ਲੈ ਕੇ ਉਸ ਦੀ ਅਖ਼ਬਾਰਾਂ ਵਾਲੇ
ਨਿਖੇਧੀ ਕਰਦੇ ਰਹਿੰਦੇ ਸਨ। ਅਖ਼ਬਾਰਾਂ ਤੋਂ ਬਿਨਾਂ ਵੀ ਹਰ ਮਹਿਫਲ ਵਿਚ ਮਹਾਂਰਾਜੇ ਦੀਆਂ
ਗੱਲਾਂ ਹੋਣ ਲਗਦੀਆਂ ਸਨ। ਉਸ ਨੇ ਸਿ਼ਕਾਰ ਖੇਡਣ ਲਈ ਸਕੌਟਲੈਂਡ ਵਿਚ ਇਕ ਹੋਰ ਇਸਟੇਟ ਕਿਰਾਏ
‘ਤੇ ਲੈ ਰੱਖੀ ਸੀ। ਗਰੈਂਡਚੁਲੀ ਕੈਸਲ, ਪਰਥਸ਼ਾਇਰ ਵਿਚ ਪੈਂਦੀ ਇਹ ਇਸਟੇਟ ਦਾ ਕਿਰਾਇਆ ਵੀ
ਮਹਾਂਰਾਜੇ ਦੇ ਸਿਰ ‘ਤੇ ਚੜ੍ਹਿਆ ਪਿਆ ਸੀ। ਟਾਈਮਜ਼ ਅਖ਼ਬਾਰ ਨੇ ਲਿਖਿਆ ਕਿ ਜਦ ਮਹਾਂਰਾਜੇ
ਕੋਲ ਐੱਲਵੇਡਨ ਵਾਲੀ ਏਡੀ ਵੱਡੀ ਇਸਟੇਟ ਹੈ ਸੀ ਤਾਂ ਫਿਰ ਉਸ ਨੂੰ ਕੋਈ ਹੋਰ ਇਸਟੇਟ ਦੀ ਕੀ
ਲੋੜ ਪੈ ਗਈ। ਇੰਡੀਆ ਔਫਿਸ ਵਾਲੇ ਮਹਾਂਰਾਜੇ ਉੁਪਰ ਨਜ਼ਰ ਰੱਖਣ ਲਗ ਪਏ। ਉਸ ਦੀਆਂ ਅਜਿਹੀਆਂ
ਖੁਲ੍ਹਾਂ ਉਪਰ ਰੋਕਾਂ ਲਾਈਆਂ ਜਾਣ ਲਗੀਆਂ। ਮਹਾਂਰਾਜੇ ਉਪਰ ਇਸ ਦਾ ਉਲਟਾ ਅਸਰ ਹੋ ਰਿਹਾ ਸੀ।
ਉਸ ਇਹਨਾਂ ਸਾਰੀਆਂ ਸਹੂਲਤਾਂ ਉਪਰ ਆਪਣਾ ਪੂਰਾ ਹੱਕ ਸਮਝਦਾ ਸੀ।
ਇਕ ਦਿਨ ਉਸ ਨੇ ਆਪਣੀ ਡਾਕ ਵਿਚੋਂ ਇਕ ਚਿੱਠੀ ਦੇਖੀ। ਚਿੱਠੀ ਦੇ ਬਾਹਰ ਹੀ ‘ਏਕ ਓਂਕਾਰ’
ਲਿਖਿਆ ਹੋਇਆ ਸੀ। ਸਾਫ ਸੀ ਕਿ ਕਿਸੇ ਸਿੱਖ ਦੀ ਚਿੱਠੀ ਸੀ। ਉਸ ਦੇ ਸਾਹਮਣੇ ਕਾਬਲ ਸਿੰਘ ਦਾ
ਚਿਹਰਾ ਆ ਗਿਆ। ਕਾਬਲ ਸਿੰਘ ਤੇ ਸਮੁੰਦ ਸਿੰਘ ਨੂੰ ਤਾਂ ਉਹ ਚੰਗੀ ਤਰ੍ਹਾਂ ਜਾਣਦਾ ਸੀ। ਬਹੁਤ
ਸਾਲ ਪਹਿਲਾਂ ਉਹਨਾਂ ਨਾਲ ਕਾਬਲ ਸਿੰਘ ਦਾ ਪੁੱਤਰ ਜਸਬੀਰ ਸਿੰਘ ਵੀ ਮਿਲਣ ਆਇਆ ਸੀ ਜਿਸ ਨੂੰ
ਉਸ ਨੇ ਮੁੜ ਕੇ ਨਹੀਂ ਦੇਖਿਆ। ਇਸ ਚਿੱਠੀ ਵਿਚ ਅਨੁਸਾਰ ਉਹ ਤਿੰਨੋਂ ਉਸ ਨੂੰ ਮਿਲਣਾ
ਚਾਹੁੰਦੇ ਸਨ। ਮਹਾਂਰਾਜੇ ਨੇ ਇਕ ਦਮ ਹੀ ਆਪਣੇ ਇਹਨਾਂ ਚਹੇਤਿਆਂ ਨੂੰ ਮਿਲਣ ਦਾ ਵਕਤ
ਦਿੰਦਿਆਂ ਚਿੱਠੀ ਲਿਖ ਦਿਤੀ। ਦੱਸੇ ਦਿਨ ‘ਤੇ ਤਿੰਨੋ ਹੀ ਪੁੱਜ ਗਏ। ਕਾਬਲ ਸਿੰਘ ਨੇ
ਮਹਾਂਰਾਜੇ ਨੂੰ ਮਿਲਦਿਆਂ ਹੀ ਕਿਹਾ,
“ਇਹ ਮੇਰਾ ਪੁੱਤਰ, ਜਸਬੀਰ ਸਿੰਘ ਕਾਫੀ ਦੇਰ ਪੰਜਾਬ ਰਹਿ ਕੇ ਆਇਆ ਏ, ਮੇਰੇ ਕੋਲੋਂ ਹੁਣ
ਪਹਿਲਾਂ ਜਿਹੀ ਭੱਜ ਦੌੜ ਨਹੀਂ ਕਰ ਹੁੰਦੀ, ਹੁਣ ਮੇਰਾ ਇਥੋਂ ਵਾਲਾ ਕੰਮ ਇਹੋ ਸੰਭਾਲੇਗਾ।”
ਮਹਾਂਰਾਜੇ ਨੇ ਨਜ਼ਰ ਭਰ ਕੇ ਜਸਬੀਰ ਸਿੰਘ ਵਲ ਦੇਖਿਆ ਤੇ ਫਿਰ ਉਹਨਾਂ ਤਿੰਨਾਂ ਨੂੰ ਉਹ
ਸ਼ੀਸ਼ ਮਹੱਲ ਵਿਚ ਲੈ ਆਇਆ। ਮਹਾਂਰਾਜੇ ਨੇ ਸ਼ੀਸ਼ ਮਹੱਲ ਨੂੰ ਲਹੌਰ ਵਾਲੇ ਸ਼ੀਸ਼ ਮਹੱਲ ਦੀ
ਤਰਜ਼ ‘ਤੇ ਹੀ ਤਿਆਰ ਕਰਵਾਇਆ ਸੀ। ਇਥੇ ਉਸ ਨੇ ਆਪਣੇ ਸਾਰੇ ਪੁਰਖਿਆਂ ਦੀਆਂ ਤਸਵੀਰਾਂ ਲਾਈਆਂ
ਸਨ ਜਿਹੜੀਆਂ ਕਲਾਕਾਰਾਂ ਨੇ ਸਮੇਂ ਸਮੇਂ ਲਹੌਰ ਜਾ ਕੇ ਬਣਾਈਆਂ ਸਨ। ਮਹਾਂਰਾਜਾ ਰਣਜੀਤ
ਸਿੰਘ, ਮਹਾਂਰਾਜਾ ਖੜਕ ਸਿੰਘ, ਮਹਾਂਰਾਜਾ ਸ਼ੇਰ ਸਿੰਘ, ਕੁੰਵਰ ਨੌਨਿਹਾਲ ਸਿੰਘ, ਰਾਣੀ ਜਿੰਦ
ਕੋਰ ਤੇ ਹੋਰ ਕਈ ਜਰਨੈਲਾਂ ਦੀਆਂ ਤਸਵੀਰਾਂ ਵੀ ਸਨ। ਹਰਮੰਦਿਰ ਸਾਹਿਬ ਦੀਆਂ ਤਸਵੀਰਾਂ ਵੀ
ਸਨ। ਹਰਮਿੰਦਰ ਸਾਹਿਬ ਦੀ ਇਕ ਤਸਵੀਰ ਤਾਂ ਅਜਿਹੀ ਵੀ ਸੀ ਕਿ ਕਲਾਕਾਰ ਨੇ ਆਪਣੀ ਕਲਪਨਾ ਨਾਲ
ਮਹਾਂਰਾਜਾ ਰਣਜੀਤ ਸਿੰਘ ਦੇ ਨਾਲ ਮਹਾਂਰਾਜਾ ਦਲੀਪ ਸਿੰਘ ਨੂੰ ਵੀ ਲਿਆ ਬੈਠਾਇਆ ਸੀ। ਕਈ ਵਾਰ
ਮਹਾਂਰਾਜਾ ਸ਼ੀਸ਼ ਮਹੱਲ ਵਿਚ ਆ ਕੇ ਇਹਨਾਂ ਤਸਵੀਰਾਂ ਨੂੰ ਦੇਖਦਾ ਅਤੀਤ ਵਿਚ ਗਵਾਚ ਜਾਂਦਾ।
ਉਸ ਨੇ ਜਸਬੀਰ ਸਿੰਘ ਨੂੰ ਪੁੱਛਿਆ,
“ਕਿਵੇਂ ਏ ਪੰਜਾਬ? ਕਿਵੇਂ ਨੇ ਪੰਜਾਬ ਦੇ ਲੋਕ? ਕੀ ਤੁਸੀਂ ਮੇਰੇ ਰਿਸ਼ਤੇਦਾਰ ਸੰਧਾਵਾਲੀਆ
ਪਰਿਵਾਰ ਨੂੰ ਮਿਲੇ ਹੋ?”
“ਮਹਾਂਰਾਜਾ ਜੀਓ, ਪੰਜਾਬ ਦਾ ਬੱਚਾ ਬੱਚਾ ਤੁਹਾਨੂੰ ਯਾਦ ਕਰ ਰਿਹਾ ਏ। ਤੁਹਾਡੀ ਹਰ ਖੁਸ਼ੀ
ਵਿਚ ਸਾਰਾ ਪੰਜਾਬ ਸ਼ਾਮਲ ਹੁੰਦਾ ਏ ਤੇ ਤੁਹਾਡੇ ਦੁਖ ਨਾਲ ਦੁਖੀ ਵੀ। ...ਸੰਧਾਵਾਲੀਆ
ਪਰਿਵਾਰ ਤੁਹਾਡੇ ਨਾਲ ਖੜਾ ਏ। ਠਾਕੁਰ ਸਿੰਘ ਸੰਧਾਵਾਲੀਆ ਹਿੰਦੁਸਤਾਨ ਵਿਚ ਤੁਹਾਡੇ ਹੱਕ ਵਿਚ
ਪ੍ਰਚਾਰ ਕਰਦਾ ਫਿਰ ਰਿਹਾ ਏ। ਉਹ ਵੀ ਚਾਹੁੰਦੇ ਨੇ ਤੇ ਸਾਡੀ ਵੀ ਗੁਜ਼ਰਿਸ਼ ਏ ਕਿ ਵਾਪਸ
ਪੰਜਾਬ ਚਲੇ ਜਾਓ।”
“ਹਾਂ ਸਰਦਾਰ ਸਾਹਿਬ, ਬੀਬੀ ਜੀ ਸਾਨੂੰ ਦਸ ਗਏ ਨੇ ਕਿ ਸਾਡੀ ਉਥੇ ਬਹੁਤ ਸਾਰੀ ਜਾਇਦਾਦ ਏ।
ਇਹ ਵੀ ਸਾਨੂੰ ਪਤਾ ਏ ਕਿ ਪੰਜਾਬ ਵਿਚ ਸਿ਼ਕਾਰਗਾਹਾਂ ਦਾ ਵੀ ਘਾਟਾ ਨਹੀਂ ਪਰ ਸਾਡੇ ਕਲੇਮ ਦਾ
ਕੋਈ ਸਹੀ ਜਿਹਾ ਫੈਸਲਾ ਹੋ ਜਾਵੇ ਫਿਰ ਦੇਖਦੇ ਹਾਂ।”
ਕਾਬਲ ਸਿੰਘ ਨੂੰ ਜਦ ਅਖ਼ਬਾਰਾਂ ਮਹਾਂਰਾਜੇ ਦਾ ਮਜ਼ਾਕ ਉਡਾਉਂਦੀਆਂ ਜਾਂ ਉਸ ਦੀਆਂ ਮੰਗਾਂ
ਨੂੰ ਨਾਜਾਇਜ਼ ਕਰਾਰ ਦੇਣ ਲਗਦੀਆਂ ਤਾਂ ਬਹੁਤ ਤਕਲੀਫ ਹੁੰਦੀ ਸੀ। ਉਸ ਨੇ ਆਖਿਆ,
“ਮਹਾਂਰਾਜਾ ਜੀਓ, ਆਹ ਜਿਹੜੇ ਅਖ਼ਬਾਰਾਂ ਵਾਲੇ ਤੁਹਾਡੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਨੇ
ਇਹ ਠੀਕ ਨਹੀਂ ਏ।”
“ਸਰਦਾਰ ਸਾਹਿਬ, ਇਹਨਾਂ ਅਖ਼ਬਾਰਾਂ ਦਾ ਤਾਂ ਕੰਮ ਹੀ ਇਹ ਵੇ। ਜਦੋਂ ਕਿਸੇ ਇਨਸਾਨ ਨੂੰ ਜੀਸਸ
ਕਰਾਈਸਟ ਵੱਡਾ ਰੁਤਬਾ ਬਖਸ਼ਦਾ ਏ ਤਾਂ ਨਾਲ ਦੀ ਨਾਲ ਅਖ਼ਬਾਰਾਂ ਵਾਲੇ ਸ਼ੈਤਾਨ ਬਣ ਖੜਦੇ ਨੇ।
ਜੇ ਮੈਂ ਇਹਨਾਂ ਦਾ ਵਲ ਧਿਆਨ ਦੇਵਾਂ ਤਾਂ ਬਿਮਾਰ ਪੈ ਜਾਵਾਂ, ਮੇਰੀ ਇੰਡੀਆ ਔਫਿਸ ਨਾਲ ਲੜਾਈ
ਚੱਲ ਰਹੀ ਏ, ਚਲੇਗੀ ਤੇ ਜੀਸਸ ਦੀ ਮਰਜ਼ੀ ਅਨੁਸਾਰ ਮੈਂ ਜਿੱਤਾਂਗਾ ਵੀ।”
ਮਹਾਂਰਾਜੇ ਨੂੰ ਚੰਗਾ ਲਗ ਰਿਹਾ ਸੀ ਕਿ ਕੋਈ ਤਾਂ ਹੈ ਜੋ ਉਸ ਦਾ ਫਿਕਰ ਕਰਦਾ ਹੈ। ਉਸ ਨੂੰ
ਕਾਬਲ ਸਿੰਘ ਉਪਰ ਤਾਂ ਪਹਿਲਾਂ ਹੀ ਬਹੁਤ ਮਾਣ ਸੀ। ਰਾਣੀ ਜਿੰਦ ਕੋਰ ਦੀ ਮੌਤ ਸਮੇਂ ਉਸ ਨੇ
ਸਿੱਖ ਰਸਮਾਂ ਅਨੁਸਾਰ ਅਰਦਾਸ ਕਰਕੇ ਉਸ ਦਾ ਮਨ ਮੋਹ ਲਿਆ ਸੀ। ਕਾਬਲ ਸਿੰਘ ਪੁੱਛਣ ਲਗਿਆ,
“ਮਹਾਂਰਾਜਾ ਜੀਓ, ਅਸੀਂ ਤੁਹਾਨੂੰ ਇਕ ਗੁਟਕਾ ਦਿਤਾ ਸੀ, ਕੀ ਤੁਸੀਂ ਉਸ ਨੂੰ ਪੜ੍ਹਦੇ ਹੁੰਦੇ
ਓ?”
“ਸਰਦਾਰ ਸਾਹਿਬ, ਹਾਲੇ ਵਕਤ ਹੀ ਨਹੀਂ ਲਗਿਆ। ਆਹ ਇੰਡੀਆ ਹਾਊਸ ਨਾਲ ਚਲਦੇ ਕੇਸ ਹੀ ਸਾਹ
ਨਹੀਂ ਲੈਣ ਦਿੰਦੇ ਪਰ ਮੈਂ ਗੁਟਕੇ ਨੂੰ ਸੰਭਾਲ ਕੇ ਰੱਖਿਆ ਹੋਇਆ ਏ, ਵਿਹਲ ਮਿਲੀ ਤਾਂ ਮੈਂ
ਇਸ ਨੂੰ ਜ਼ਰੂਰ ਦੇਖਾਂਗਾ।”
ਜਾਣ ਤੋਂ ਪਹਿਲਾਂ ਕਾਬਲ ਸਿੰਘ ਬੋਲਿਆ,
“ਮਹਾਂਰਾਜਾ ਜੀਓ, ਜੇ ਗੁੱਸਾ ਨਾ ਕਰੋਂ ਤਾਂ ਮੈਂ ਇਕ ਗੱਲ ਕਹਿਣੀ ਚਾਹੁੰਨਾ।”
“ਕਹੋ।”
“ਮੈਂ ਬਾਹਰ ਆਮ ਲੋਕਾਂ ਵਿਚ ਵਿਚਰਦਾਂ। ਅੰਗਰੇਜ਼ ਸਾਡੇ ਨਾਲ ਬਹੁਤ ਨਫਰਤ ਕਰਦੇ ਨੇ। ਖਾਸ
ਤੌਰ ‘ਤੇ ਸਾਡੇ ਰੰਗ ਨੂੰ। ਤੁਸੀਂ ਇਹਨਾਂ ਵਿਚ ਰਹਿੰਦੇ ਹੋ, ਤੁਹਾਡੀ ਕਲਾਸ ਇਹਨਾਂ ਵਾਲੀ
ਜ਼ਰੂਰ ਏ ਪਰ ਤੁਸੀਂ ਅੰਗਰੇਜ਼ ਨਹੀਂ ਓ।”
ਉਸ ਦੀ ਗੱਲ ਸੁਣ ਕੇ ਮਹਾਂਰਾਜਾ ਸੋਚਾਂ ਵਿਚ ਪੈ ਗਿਆ। ਕਾਬਲ ਸਿੰਘ ਨੇ ਫਿਰ ਕਿਹਾ,
“ਇਥੇ ਸੋਚਣ ਵਾਲੀ ਗੱਲ ਇਹ ਵੇ; ਜੇ ਤੁਸੀਂ ਅੰਗਰੇਜ਼ ਨਹੀਂ ਹੋ ਤਾਂ ਕੌਣ ਹੋ? ਤੁਹਾਡੀ
ਪੱਛਾਣ ਕੀ ਏ? ਇਸ ਸਵਾਲ ਦਾ ਜਵਾਬ ਏ ਕਿ ਤੁਸੀਂ ਇਕ ਸਿੱਖ ਓ। ਇਕ ਸਿੱਖ ਹੋਣਾ ਹੀ ਤੁਹਾਡੀ
ਵਡਿਆਈ ਏ।”
ਕਾਬਲ ਸਿੰਘ ਦੀ ਗੱਲ ਮਹਾਂਰਾਜੇ ਨੂੰ ਸੋਚਾਂ ਵਿਚ ਪਾ ਗਈ। ਉਸ ਨੂੰ ਫਿਕਰ ਜਿਹਾ ਵੀ ਪੈ ਗਿਆ।
ਕਾਬਲ ਸਿੰਘ ਜਾਂਦੇ ਹੋਏ ਇਕ ਵਾਰ ਫਿਰ ਕਿਹਾ,
“ਮੇਰੀ ਬੇਨਤੀ ਏ ਕਿ ਇਕ ਵਾਰ ਪੰਜਾਬ ਜਾਂ ਹਿੰਦੁਸਤਾਨ ਹੀ ਜ਼ਰੂਰ ਜਾ ਕੇ ਆਓ।”
ਮਹਿਮਾਨਾਂ ਦੇ ਜਾਣ ਤੋਂ ਬਾਅਦ ਮਹਾਂਰਾਜਾ ਪੰਜਾਬ ਜਾਂ ਫਿਰ ਹਿੰਦੁਸਤਾਨ ਜਾਣ ਬਾਰੇ ਗੰਭੀਰਤਾ
ਨਾਲ ਸੋਚਣ ਲਗਿਆ। ਜੇ ਉਸ ਨੂੰ ਪੰਜਾਬ ਨਹੀਂ ਵੀ ਜਾਣ ਦਿਤਾ ਜਾਵੇਗਾ ਤਾਂ ਕੋਈ ਗੱਲ ਨਹੀਂ,
ਪੰਜਾਬ ਦੇ ਲੋਕ ਉਸ ਨੂੰ ਮਿਲਣ ਤਾਂ ਆ ਹੀ ਸਕਦੇ ਸਨ। ਪਿੱਛੇ ਜਿਹੇ ਅਵਧ ਦਾ ਰਾਜਾ ਉਸ ਨੂੰ
ਲੰਡਨ ਆਇਆ ਮਿਲਿਆ ਸੀ ਤਾਂ ਕਿੰਨਾ ਪਿਆਰ ਦਿਖਾ ਰਿਹਾ ਸੀ, ਇਵੇਂ ਹੀ ਕਸ਼ਮੀਰ ਦਾ ਰਾਜਾ ਵੀ।
ਫਿਰ ਉਹ ਆਪਣੀ ਪਿਛਲੀ ਹਿੰਦੁਸਤਾਨ ਫੇਰੀ ਬਾਰੇ ਸੋਚਣ ਲਗਿਆ। ਉਸ ਦਾ ਤਜੁਰਬਾ ਬਹੁਤਾ ਵਧੀਆ
ਨਹੀਂ ਸੀ ਰਿਹਾ। ਮੌਸਮ ਵੀ ਠੀਕ ਨਹੀਂ ਸੀ ਤੇ ਸਥਾਨਕ ਲੋਕ ਵੀ ਏਨੇ ਦੋਸਤਾਨਾ ਨਹੀਂ ਸਨ
ਜਿੰਨੀ ਉਹ ਆਸ ਰਖਦਾ ਸੀ। ਉਹ ਇਸ ਵਿਸ਼ੇ ਤੇ ਕਈ ਦਿਨ ਤਕ ਸੋਚਦਾ ਰਿਹਾ ਤੇ ਫਿਰ ਉਸ ਨੇ ਇਕ
ਲੰਮੀ ਚਿੱਠੀ ਆਰਗਾਈਲ ਨੂੰ ਲਿਖੀ;
‘...ਅਗੇ ਮੈਂ ਅਰਜ਼ ਇਹ ਕਰਨੀ ਚਾਹੁੰਦਾ ਹਾਂ ਕਿ ਹਾਲਾਤ ਅਜਿਹੇ ਹੋ ਰਹੇ ਹਨ ਕਿ ਮੈਂ
ਹਿੰਦੁਸਤਾਨ ਚਲੇ ਜਾਵਾਂ, ਉਤਰ-ਪੱਛਮੀ ਸੂਬਿਆਂ ਵਿਚ ਇਕ ਲੱਖ ਏਕੜ ਜ਼ਮੀਨ ਪਹਾੜੀਆਂ ਦੇ
ਪੈਰਾਂ ਵਿਚ ਮਿਲ ਰਹੀ ਹੈ, ਜਾਂ ਫਿਰ ਅਵਧ ਵਿਚ ਵੀ, ...ਇਸ ਦੀ ਕੀਮਤ ਵੀ ਜਾਇਜ਼ ਹੈ। ਇਹ
ਖਰੀਦ ਮੇਰੇ ਪਰਿਵਾਰ ਦੇ ਭਵਿੱਖ ਲਈ ਸਹਾਈ ਹੋਵੇਗੀ ਸੋ ਮੇਰੀ ਬੇਨਤੀ ਹੈ ਕਿ ਇਸ ਜ਼ਮੀਨ ਨੂੰ
ਖਰੀਦਣ ਦਾ ਇੰਤਜ਼ਾਮ ਕਰ ਦਿਤਾ ਜਾਵੇ।’
ਡਿਊਕ ਔਫ ਅਰਗਾਈਲ ਨੇ ਜਦ ਇਹ ਮਸਲਾ ਆਪਣੀ ਕੌਂਸਲ ਵਿਚ ਉਠਾਇਆ ਤਾਂ ਇਕ ਵਾਰ ਤਾਂ ਮਹਾਂਰਾਜੇ
ਦੀ ਇਸ ਚਾਲ ਤੋਂ ਸਭ ਹੈਰਾਨ ਹੋ ਗਏ ਕਿਉਂਕਿ ਕੋਈ ਵੀ ਉਸ ਨੂੰ ਹਿੰਦੁਸਤਾਨ ਵਾਪਸ ਜਾਂਦੇ ਨੂੰ
ਨਹੀਂ ਸੀ ਦੇਖਣਾ ਚਾਹੁੰਦਾ। ਅਰਗਾਈਲ ਨੂੰ ਇਹ ਵੀ ਲਗਦਾ ਸੀ ਕਿ ਸ਼ਾਇਦ ਇਹ ਮਹਾਂਰਾਜੇ ਦੀ
ਧਮਕੀ ਹੀ ਹੋਵੇ। ਉਸ ਲਈ ਹੁਣ ਇੰਗਲੈਂਡ ਛੱਡ ਕੇ ਕਿਤੇ ਵੀ ਹੋਰ ਰਹਿਣਾ ਮੁਸ਼ਕਲ ਹੋਵੇਗਾ। ਉਸ
ਨੂੰ ਪਤਾ ਸੀ ਕਿ ਜਿਹੜੇ ਬਿਆਨ ਮਹਾਂਰਾਜੇ ਨੇ ਬੰਗਾਲ ਤੋਂ ਵਾਪਸ ਆ ਕੇ ਦਿਤੇ ਸਨ ਉਹਨਾਂ ਨੂੰ
ਸਾਹਮਣੇ ਰਖਦਿਆਂ ਮਹਾਂਰਾਜਾ ਕਦੇ ਵੀ ਹਿੰਦੁਸਤਾਨ ਵਾਪਸ ਨਹੀਂ ਜਾਣ ਲਗਿਆ ਖਾਸ ਤੌਰ ‘ਤੇ
ਪੱਕੇ ਰਹਿਣ ਲਈ। ਆਪਣੀ ਮਾਤਾ ਦੇ ਸਸਕਾਰ ਵੇਲੇ ਵੀ ਉਹ ਕੁਝ ਦਿਨ ਬੜੀ ਮੁਸ਼ਕਲ ਨਾਲ
ਹਿੰਦੁਸਤਾਨ ਠਹਿਰਿਆ ਸੀ। ਡਿਊਕ ਔਫ ਅਰਗਾਈਲ ਨੇ ਉਸ ਨੂੰ ਵਾਪਸ ਚਿੱਠੀ ਲਿਖ ਦਿਤੀ ਕਿ ਉਸ ਦੀ
ਇਹ ਬੇਨਤੀ ਉਸ ਨੇ ਅਗੇ ਹਿੰਦੁਸਤਾਨ ਦੇ ਵਾਇਸਰਾਏ ਨੂੰ ਭੇਜ ਦਿਤੀ ਹੈ।
ਇੰਡੀਆ ਔਫਿਸ ਹਾਲੇ ਵੀ ਮਹਾਂਰਾਜੇ ਦੀ ਪੈਸੇ ਦੀ ਮੰਗ ਨੂੰ ਨਕਾਰੀ ਜਾ ਰਿਹਾ ਸੀ ਇਸ ਦਾ ਵੱਡਾ
ਕਾਰਨ ਸੀ ਕਿ ਮਹਾਂਰਾਜਾ ਆਪਣੇ ਸਾਧਨਾਂ ਤੋਂ ਜਿ਼ਆਦਾ ਖਰਚ ਕਰ ਰਿਹਾ ਸੀ। ਅਜਕੱਲ ਇਕ ਹੋਰ
ਲਹਿਰ ਇੰਗਲੈਂਡ ਦੇ ਲੋਕਾਂ ਵਿਚ ਤੁਰੀ ਸੀ, ਖਾਸ ਤੌਰ ਤੇ ਲਿਬਰਲ ਪਾਰਟੀ ਦੇ ਮੈਂਬਰਾਂ ਵਿਚ।
ਉਹ ਇਹ ਸੀ ਕਿ ਅੰਗਰੇਜ਼ ਰਾਜ ਦੇ ਗੱਦੀਓਂ ਲਾਹੇ ਰਾਜਿਆਂ ਨੂੰ ਹਿੰਦੁਸਤਾਨ ਦੇ ਗਰੀਬ ਲੋਕਾਂ
ਦੇ ਸਿਰ ‘ਤੇ ਫਜ਼ੂਲ ਖਰਚੀ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ। ਮਹਾਂਰਾਜਾ ਘੋੜਿਆਂ ‘ਤੇ
ਪੈਸੇ ਤਾਂ ਪਹਿਲਾਂ ਹੀ ਬਹੁਤ ਲਾਉਂਦਾ ਸੀ, ਮਹਾਂਰਾਜੇ ਬਾਰੇ ਜੋ ਖ਼ਬਰਾਂ ਆਉਂਦੀਆਂ ਸਨ ਕਿ
ਉਹ ਜੂਆ ਖੇਡਣ ਲਗਿਆ ਸੀ। ਉਸ ਨੂੰ ਅਕਸਰ ਕਲੱਬਾਂ ਵਿਚ ਪੈਸੇ ਲਗਾਉਂਦਿਆਂ ਦੇਖਿਆ ਜਾ ਰਿਹਾ
ਸੀ। ਮਹਾਂਰਾਜਾ ਲੰਡਨ ਵਿਚ ਹੁੰਦਾ ਤਾਂ ਉਸ ਦੀਆਂ ਬਹੁਤੀਆਂ ਰਾਤਾਂ ਕਲੱਬਾਂ ਵਿਚ ਹੀ
ਗੁਜ਼ਰਦੀਆਂ ਸਨ।
ਇਹਨਾਂ ਦਿਨਾਂ ਵਿਚ ਮਹਾਂਰਾਜਾ ਆਪਣਾ ਬਹੁਤਾ ਸਮਾਂ ਲੰਡਨ ਵਿਚ ਹੀ ਬਿਤਾ ਰਿਹਾ ਸੀ ਜਦਕਿ
ਮਹਾਂਰਾਣੀ ਬਾਂਬਾ ਐੱਲਵੇਡਨ ਹਾਲ ਵਿਚ ਹੀ ਹੁੰਦੀ ਸੀ। ਉਸ ਨੂੰ ਥੀਏਟਰਾਂ ਤੇ ਨਾਚ-ਘਰਾਂ ਵਿਚ
ਆਮ ਦੇਖਿਆ ਜਾਣ ਲਗਿਆ ਸੀ। ਸੰਗੀਤ ਨਾਲ ਮਹਾਂਰਾਜੇ ਦਾ ਪਿਆਰ ਅਜਿਹਾ ਸੀ ਕਿ ਉਹ ਕਈ ਓਪੇਰੇ
ਵੀ ਕੰਡੱਕਟ ਕਰਿਆ ਕਰਦਾ। ਕਿਸੇ ਪਾਰਟੀ ਵਿਚ ਜਾਂਦਾ ਤਾਂ ਔਰਤਾਂ ਦਾ ਚਹੇਤਾ ਬਣ ਜਾਂਦਾ। ਉਸ
ਨੂੰ ਵੀ ਔਰਤਾਂ ਨਾਲ ਦਿਲਲਗੀ ਕਰਨੀ ਚੰਗੀ ਲਗਦੀ। ਕਈ ਵਾਰ ਉਹ ਹੀਰੇ ਦਾ ਕਿਸੇ ਗਹਿਣੇ ਨੂੰ
ਹਵਾ ਵਿਚ ਲਹਿਰਾਉਂਦਾ ਤੇ ਆਖਦਾ, ‘ਬੁੱਝੋ ਇਹ ਕਿਸ ਸੁੰਦਰ ਕੁੜੀ ਨੂੰ ਮਿਲਣ ਵਾਲਾ ਏ!’ ਇਵੇਂ
ਕੁੜੀਆਂ ਉਸ ਦੇ ਨੇੜੇ ਖਿੱਚੀਆਂ ਆਉਂਦੀਆਂ। ਇਕ ਓਪੇਰੇ ਦੀ ਕਲਾਕਾਰ ਪੌਲੀ ਐਸ਼ ਨਾਲ ਉਸ ਦੇ
ਸਬੰਧਾਂ ਦੇ ਚਰਚੇ ਵੀ ਉਡ ਰਹੇ ਸਨ। ਕਿਹਾ ਜਾਂਦਾ ਸੀ ਕਿ ਪੌਲੀ ਐਸ਼ ਨੂੰ ਉਸ ਨੇ ਕੋਵੈਂਟ
ਗਾਰਡਨ ਵਿਚ ਇਕ ਫਲੈਟ ਵੀ ਲੈ ਕੇ ਦਿਤਾ ਹੋਇਆ ਹੈ। ਅਖ਼ਬਾਰਾਂ ਲਿਖਦੀਆਂ ਕਿ ਮਹਾਂਰਾਜਾ
ਅਯਾਸ਼ੀ ਕਰਨ ਵਿਚ ਪਰਿੰਸ ਔਫ ਵੇਲਜ਼ ਦੀ ਨਕਲ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ਜਦ ਕਿ ਪਰਿੰਸ
ਔਫ ਵੇਲਜ਼ ਦੀ ਤੇ ਉਸ ਦੀ ਆਮਦਨ ਵਿਚ ਜ਼ਮੀਨ-ਅਸਮਾਨ ਦਾ ਫਰਕ ਸੀ। ਪਰਿੰਸ ਔਫ ਵੇਲਜ਼ ਦੀ ਨਕਲ
ਕਰਦਾ ਮਹਾਂਰਾਜਾ ਪੈਰਿਸ ਦੀਆਂ ਕਲੱਬਾਂ ਤੇ ਹੋਰ ਮਹਿੰਗੀਆਂ ਜਗਾਵਾਂ ਤੇ ਜਾਂਦਾ। ਪੈਰਿਸ ਦੇ
ਜੂਆ ਘਰਾਂ ਵਿਚ ਵੀ ਮਹਾਂਰਾਜੇ ਨੂੰ ਆਮ ਦੇਖਿਆ ਜਾਂਦਾ ਸੀ। ਪੈਰਿਸ ਦੀ ਇਕ ਮਸ਼ਹੂਰ ਨਾਚੀ
ਨਾਲ ਵੀ ਮਹਾਂਰਾਜੇ ਦਾ ਨਾਂ ਜੁੜ ਰਿਹਾ ਸੀ। ਜਿਸ ਬਾਰੇ ਮਸ਼ਹੂਰ ਹੋ ਗਿਆ ਸੀ ਕਿ ਮਹਾਂਰਾਜਾ
ਉਸ ਦੇ ਪਿਆਰ ਵਿਚ ਏਨਾ ਲੀਨ ਹੋ ਗਿਆ ਸੀ ਕਿ ਦਿਨ ਵਿਚ ਦੋ-ਦੋ ਵਾਰ ਉਸ ਨੂੰ ਟੈਲੀਗਰਾਮ ਭੇਜ
ਕੇ ਆਪਣੇ ਪਿਆਰ ਦਾ ਇਜ਼ਹਾਰ ਕਰਿਆ ਕਰਦਾ। ਉਸ ਬਾਰੇ ਇਹ ਗੱਲ ਆਮ ਕਹੀ ਜਾਂਦੀ ਸੀ ਕਿ ਜਿਹੜੀ
ਵੀ ਕੁੜੀ ਉਸ ਨੂੰ ਪਸੰਦ ਆ ਜਾਂਦੀ ਉਸ ਨੂੰ ਉਹ ਮਹਾਂਰਾਣੀ ਕਹਿ ਕੇ ਬੁਲਾਉਣ ਲਗ ਪੈਂਦਾ।
ਇਕ ਦਿਨ ਕੁਝ ਹਿੰਦੁਸਤਾਨੀ ਮਹਾਂਰਾਜੇ ਨੂੰ ਮਿਲਣ ਆਏ। ਇਹ ਉਹ ਲੋਕ ਸਨ ਜਿਹੜੇ ਲੰਡਨ ਦੀਆਂ
ਸੜਕਾਂ ਤੇ ਕਈ ਵਾਰ ਖੜੇ ਦਿਸਦੇ ਸਨ। ਇਹਨਾਂ ਵਿਚੋਂ ਕਈ ਮੰਗ ਵੀ ਰਹੇ ਹੁੰਦੇ, ਇਹਨਾਂ ਨੂੰ
ਵਾਪਸ ਹਿੰਦੁਸਤਾਨ ਜਾਣ ਦਾ ਕਿਰਾਇਆ ਚਾਹੀਦਾ ਹੁੰਦਾ। ਮਹਾਂਰਾਜੇ ਨੂੰ ਏਨਾ ਪਤਾ ਸੀ ਕਿ ਇਹ
ਮਲਾਹ ਲੋਕ ਸਨ ਤੇ ਜਹਾਜ਼ਾਂ ਦੀਆਂ ਕੰਪਨੀਆਂ ਨਾਲ ਇਹਨਾਂ ਦਾ ਇਸ ਮੁਲਕ ਵਿਚ ਆ ਕੇ ਅਹਿਦਨਾਮਾ
ਖਤਮ ਹੋ ਜਾਂਦਾ ਸੀ ਤੇ ਇਹਨਾਂ ਲਈ ਵਾਪਸ ਹਿੰਦੁਸਤਾਨ ਜਾਣਾ ਮੁਸ਼ਕਲ ਹੋ ਜਾਂਦਾ ਸੀ। ਹੁਣ
ਇਹਨਾਂ ਵਿਚ ਕੁਝ ਔਰਤਾਂ ਵੀ ਦਿਖਾਈ ਦੇਣ ਲਗੀਆਂ ਸਨ। ਇਹ ਘਰਾਂ ਲਈ ਲਿਆਂਦੀਆਂ ਨੌਕਰਾਣੀਆਂ
ਸਨ। ਜਦ ਕਿਸੇ ਦੇ ਬੱਚੇ ਪਲ਼ ਜਾਂਦੇ ਤਾਂ ਇਹਨਾਂ ਨੂੰ ਨੌਕਰੀਆਂ ਨੂੰ ਕੰਮ ਤੋਂ ਹਟਾ ਦਿਤਾ
ਜਾਂਦਾ। ਫਿਰ ਇਹਨਾਂ ਕੋਲ ਜਾਣ ਲਈ ਕੋਈ ਜਗਾਹ ਨਾ ਹੁੰਦੀ ਤੇ ਇਹ ਦਰ-ਦਰ ਭਟਕਦੀਆਂ ਫਿਰਦੀਆਂ।
ਮਿਲਣ ਆਉਣ ਵਾਲੇ ਹਿੰਦੁਸਤਾਨੀਆਂ ਦੇ ਮੋਹਰੀ ਨੇ ਮਹਾਂਰਾਜਾ ਨੂੰ ਕਹਿਣਾ ਸ਼ੁਰੂ ਕੀਤਾ,
“ਯੋਅਰ ਹਾਈਨੈੱਸ, ਸਾਡੀ ਕੁਝ ਮੱਦਦ ਕਰੋ, ਅਸੀਂ ਬੇਘਰੇ ਹਿੰਦੁਸਤਾਨੀਆਂ ਲਈ ਕੋਈ ਰਿਹਾਇਸ਼
ਦਾ ਇੰਤਜ਼ਾਮ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਵਾਪਸ ਮੁੜਨ ਦਾ ਮੌਕਾ ਲਗਣ ਤਕ ਸੜਕਾਂ ‘ਤੇ
ਫਿਰਨ ਦੀ ਬਜਾਏ ਕਿਤੇ ਟਿਕ ਕੇ ਰਹਿ ਸਕਣ।”
“ਤੁਹਾਡੇ ਮਨ ਵਿਚ ਕੀ ਹੈ, ਕੀ ਕਰਨਾ ਚਾਹੁੰਦੇ ਓ?”
“ਯੋਅਰ ਹਾਈਨੈੱਸ, ਅਸੀਂ ਇਕ ਇਮਾਰਤ ਦੇਖੀ ਹੋਈ ਏ, ਜਿਸ ਵਿਚ ਦੋ ਸੌ ਲੋਕਾਂ ਨੂੰ ਆਸਰਾ ਮਿਲ
ਸਕਦਾ ਏ, ਜੇ ਤੁਸੀਂ ਇਸ ਨੂੰ ਖਰੀਦਣ ਵਿਚ ਕੁਝ ਮੱਦਦ ਦੇ ਦੇਵੋਂ ਤਾਂ ਅਸੀਂ ਲੰਡਨ ਵਸਦੇ ਹੋਰ
ਅਮੀਰ ਹਿੰਦੁਸਤਾਨੀਆਂ ਕੋਲ ਜਾ ਕੇ ਵੀ ਬੇਨਤੀ ਕਰ ਸਕੀਏ ਹੋਰ ਸਹਾਇਤਾ ਲਈ।”
“ਕੀ ਕੀਮਤ ਏ ਇਸ ਇਮਾਰਤ ਦੀ?”
“ਜੀ, ਪੰਜ ਸੌ ਪੌਂਡ, ਤੁਸੀਂ ਕੁਝ ਵੀ ਦੇ ਦੇਵੋ।”
ਮਹਾਂਰਾਜੇ ਨੇ ਉਸੇ ਵੇਲੇ ਉਹਨਾਂ ਲਈ ਪੰਜ ਸੌ ਪੌਂਡ ਦਾ ਇੰਤਜ਼ਾਮ ਕਰ ਦਿਤਾ। ਹਿੰਦੁਸਤਾਨੀਆਂ
ਨੇ ਉਹ ਇਮਾਰਤ ਖਰੀਦ ਲਈ। ਇਵੇਂ ਹੀ ਮਹਾਂਰਾਜੇ ਨੇ ਲੰਡਨ ਵਿਚ ਬੇਘਰੀਆਂ ਆਇਆਵਾਂ ਜਾਂ
ਨੌਕਰਾਣੀਆਂ ਲਈ ਵੀ ਰਹਿਣ ਦਾ ਪ੍ਰਬੰਧ ਕੀਤਾ। ਮਹਾਂਰਾਜਾ ਹੋਰ ਵੀ ਬਹੁਤ ਸਾਰੀਆਂ ਚੈਰਟੀਆਂ
ਨੂੰ ਦਾਨ ਦਿੰਦਾ ਰਹਿੰਦਾ ਸੀ। ਇੰਡੀਆ ਔਫਿਸ ਨੂੰ ਉਸ ਦੀ ਇਹ ਗੱਲ ਬਹੁਤ ਚੁੱਭਦੀ ਸੀ। ਉਹ ਆਪ
ਤਾਂ ਪੈਸੇ ਇੰਡੀਆ ਹਾਊਸ ਤੋਂ ਮੰਗਦਾ ਫਿਰਦਾ ਸੀ ਤੇ ਅਗੇ ਇਹ ਪੈਸੇ ਚੈਰਟੀ ਫੰਡ ਦੇਣ ਵਿਚ
ਉਡਾ ਰਿਹਾ ਸੀ।
ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਦੇ ਮਨ ਵਿਚ ਧਰਮ ਬਾਰੇ ਕੁਝ ਗੱਲਾਂ ਨੂੰ ਲੈ ਕੇ ਦੁਬਿਧਾ
ਜਿਹੀ ਪੈਦਾ ਹੋ ਰਹੀ ਸੀ। ਜਿਹੜਾ ਕ੍ਰਿਸਚੀਅਨ ਕੋਡ ਔਫ ਕੰਡੱਕਟ ਸਰ ਲੋਗਨ ਉਸ ਨੂੰ ਸਮਝਾਉਂਦਾ
ਸੀ ਤੇ ਦੂਜੇ ਪਾਸੇ ਕੁਝ ਖੁਲ੍ਹਾਂ ਲੈ ਕੇ ਇਸੇ ਇਸਾਈ ਧਰਮ ਬਾਰੇ ਹੋ ਰਹੀਆਂ ਗੱਲਾਂ ਉਸ ਨੂੰ
ਦੁਬਿਧਾ ਵਿਚ ਪਾਉਣ ਲਗਦੀਆਂ। ਇਕ ਦਿਨ ਉਸ ਨੇ ਕਾਬਲ ਸਿੰਘ ਵਲੋਂ ਦਿਤਾ ਗੁਟਕਾ ਖੋਹਲਿਆ। ਉਸ
ਨੇ ਪੜ੍ਹਨ ਦੀ ਕੋਸਿ਼ਸ਼ ਕੀਤੀ। ਉਸ ਤੋਂ ਪੜ੍ਹਿਆ ਹੀ ਨਹੀਂ ਸੀ ਜਾ ਰਿਹਾ। ਜੋ ਕੁਝ ਪੜ੍ਹ ਵੀ
ਹੋ ਰਿਹਾ ਸੀ ਉਸ ਦੇ ਅਰਥ ਹੀ ਨਹੀਂ ਸਨ ਪਤਾ ਚਲ ਰਹੇ। ਉਸ ਨੇ ਕਾਬਲ ਸਿੰਘ ਨੂੰ ਚਿੱਠੀ ਲਿਖ
ਕੇ ਐੱਲਵੇਡਨ ਸੱਦ ਲਿਆ ਕਿ ਗੁਟਕੇ ਦੇ ਅਰਥ ਕਰਕੇ ਸਮਝਾਵੇ। ਕਾਬਲ ਸਿੰਘ ਆਇਆ। ਮਹਾਂਰਾਜੇ ਦਾ
ਬੰਦਾ ਉਸ ਨੂੰ ਅਗੋਂ ਜਾ ਕੇ ਥੈਟਫੋਰਡ ਦੇ ਸਟੇਸ਼ਨ ਤੋਂ ਲੈ ਆਇਆ। ਕਾਬਲ ਸਿੰਘ ਜਦ ਬਾਣੀ ਦੇ
ਕਿਸੇ ਹਿੱਸੇ ਦੇ ਅਰਥ ਸਮਝਾ ਰਿਹਾ ਹੁੰਦਾ ਤਾਂ ਮਹਾਂਰਾਜਾ ਬਹੁਤ ਧਿਆਨ ਨਾਲ ਸੁਣਦਾ ਪਰ ਫਿਰ
ਅੱਕਣ ਵੀ ਲਗਦਾ। ਇਕ ਦਿਨ ਕਾਬਲ ਸਿੰਘ ਬੋਲਿਆ,
“ਮਹਾਂਰਾਜਾ, ਰਾਜਮਾਤਾ ਜੀ ਵੀ ਤੁਹਾਨੂੰ ਮੁੜ ਕੇ ਸਿੱਖੀ ਅਣਪਾਉਣ ਦਾ ਆਦੇਸ਼ ਕਰ ਗਏ ਨੇ ਤੇ
ਇਹ ਚਾਹੀਦਾ ਵੀ ਏ, ਕਿਉਂ ਨਹੀਂ ਤੁਸੀ ਮੁੜ ਆਪਣੇ ਧਰਮ ਵਿਚ ਆ ਜਾਂਦੇ।”
“ਨਹੀਂ ਸਰਦਾਰ ਜੀ, ਓਸ ਧਰਮ ਵਿਚ ਵਾਪਸ ਕਿਵੇਂ ਆ ਸਕਦਾਂ ਜਿਸ ਵਿਚ ਮੈਨੂੰ ਆਸਥਾ ਹੀ ਨਹੀਂ,
ਮੈਂ ਸੱਚਾ ਇਸਾਈ ਹਾਂ, ਤਨੋਂ ਤੇ ਮਨੋਂ।”
ਕਾਬਲ ਸਿੰਘ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਉਸ ਨੂੰ ਯਕੀਨ ਸੀ ਕਿ ਮਹਾਂਰਾਜਾ
ਮੂੰਹੋਂ ਕੁਝ ਵੀ ਕਹਿੰਦਾ ਰਹੇ ਪਰ ਉਸ ਦੇ ਮਨ ਵਿਚ ਹਾਲੇ ਵੀ ਆਪਣਾ ਧਰਮ ਵਸਦਾ ਸੀ।
ਉਸ ਦੇ ਦਿਤੇ ਦਾਨ ਨਾਲ ਹਿੰਦੁਸਤਾਨੀਆਂ ਨੇ ਇਕ ਇਮਾਰਤ ਖਰੀਦ ਲਈ। ਅਖ਼ਬਾਰਾਂ ਨੇ ਮਹਾਂਰਾਜੇ
ਦੀ ਪ੍ਰਸੰਸਾ ਕਰਨ ਦੀ ਥਾਂ ਉਸ ਬਾਰੇ ਊਲ-ਜਲੂਲ ਲਿਖਣਾ ਸ਼ੁਰੂ ਕਰ ਦਿਤਾ। ਅਖ਼ਬਾਰ ਵਿਚੋਂ ਹੀ
ਪੜ੍ਹ ਕੇ ਇਕ ਦਿਨ ਉਸ ਦਾ ਖਾਸ ਦੋਸਤ ਰੌਨਲਡ ਲੈਜ਼ਲੇ-ਮੇਲਵਿਲ ਕਹਿਣ ਲਗਿਆ,
“ਯੋਅਰ ਹਾਈਨੈੱਸ, ਚੈਰਿਟੀ ਦਾ ਕੰਮ ਗਲਤ ਨਹੀਂ ਏ ਪਰ ਜਦ ਤੁਸੀਂ ਆਪ ਹੀ ਮਾਇਕ ਮੁਸ਼ਕਲ ਵਿਚ
ਹੋਵੋਂ ਤਾਂ ਮੇਰੇ ਮੁਤਾਬਕ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਏ।”
“ਮੇਰੇ ਦੋਸਤ, ਸੱਚੇ ਇਸਾਈ ਦਾ ਕੰਮ ਏ ਕਿ ਆਪਣੇ ਭਰਾ ਨੂੰ ਭੁੱਖਾ ਨਾ ਸੌਣ ਦੇਵੇ। ਇਹ
ਚੈਰਿਟੀ ਦਾ ਕੰਮ ਕਰ ਕੇ ਮੇਰੇ ਮਨ ਨੂੰ ਅਜੀਬ ਜਿਹਾ ਸਕੂਨ ਮਿਲਦਾ ਏ, ਮੈਂ ਚਾਹੁੰਨਾ ਕਿ
ਸਮਾਨ ਲਈ ਕੋਈ ਵੱਡਾ ਕੰਮ ਕਰਾਂ, ਕਿਸੇ ਵੱਡੇ ਤਰੀਕੇ ਨਾਲ ਸਮਾਜਕ ਕੰਮਾਂ ਵਿਚ ਹਿੱਸਾ
ਪਾਵਾਂ।”
“ਯੋਅਰ ਹਾਈਨੈੱਸ, ਸਿਆਸਤ ਵਿਚ ਕਿਉਂ ਨਹੀਂ ਚਲੇ ਜਾਂਦੇ।”
“ਸਿਆਸਤ ਮੇਰੇ ਵੱਸ ਦਾ ਕੰਮ ਨਹੀਂ।”
“ਕਿਉਂ ਨਹੀਂ! ਸਿਆਸਤ ਵਿਚ ਤੁਹਾਡੇ ਵਰਗਿਆਂ ਦੀ ਹੀ ਤਾਂ ਲੋੜ ਏ। ਮੈਂ ਤਾਂ ਕਹਾਂਗਾ ਕਿ
ਸਿਆਸਤ ਤੁਹਾਡੇ ਲਈ ਢੁਕਵੀਂ ਜਗਾਹ ਏ। ਜ਼ਰਾ ਇਸ ‘ਤੇ ਵਿਚਾਰ ਕਰ ਕੇ ਕਰ ਕੇ ਦੇਖਣਾ।”
ਮਹਾਂਰਾਜਾ ਸੋਚਾਂ ਵਿਚ ਪੈ ਗਿਆ। ਉਸ ਨੂੰ ਨਵੇਂ ਦਰਵਾਜ਼ੇ ਖੁਲ੍ਹਦੇ ਦਿਸੇ। ਕਈ ਦਿਨ ਤਕ
ਸੋਚਣ ਤੋਂ ਬਾਅਦ ਉਹ ਸਿਆਸਤ ਵਿਚ ਜਾਣ ਲਈ ਪਰ ਤੋਲਣ ਲਗਿਆ। ਸਭ ਤੋਂ ਪਹਿਲਾ ਕਦਮ ਉਸ ਨੇ ਇਹ
ਪੁੱਟਿਆ ਕਿ ਉਸ ਨੇ ‘ਵਾਈਟ ਕਲੱਬ’ ਦਾ ਮੈਂਬਰ ਬਣਨ ਲਈ ਅਰਜ਼ੀ ਦੇ ਦਿਤੀ ਤਾਂ ਜੋ ਵੱਡੇ ਵੱਡੇ
ਲੋਕਾਂ ਨੂੰ ਮਿਲ ਕੇ ਆਪਣੀ ਸ਼ਾਖ ਮਜ਼ਬੂਤ ਕੀਤੀ ਜਾਵੇ। ਉਸ ਦੀ ਅਰਜ਼ੀ ਨਾ-ਮਨਜ਼ੂਰ ਹੋ ਗਈ
ਕਿਉਂਕਿ ਉਸ ਦਾ ਰੰਗ ਕਾਲ਼ਾ ਸੀ। ਇਹ ਉਸ ਲਈ ਝਟਕਾ ਤਾਂ ਜ਼ਰੂਰ ਸੀ ਪਰ ਉਸ ਨੇ ਹੌਂਸਲਾ ਨਾ
ਛੱਡਿਆ। ਉਹ ਹੋਰ ਕਈ ਕੱਲਬਾਂ ਦਾ ਮੈਂਬਰ ਬਣਨ ਵਿਚ ਸਫਲ ਹੋ ਗਿਆ ਜਿਵੇਂ ਕਿ ਗੈਰਿਕ ਕਲੱਬ ਤੇ
ਮਾਰਲਬਰੌ ਕਲੱਬ। ਟੋਰੀ ਪਾਰਟੀ ਦੀ ਮਸ਼ਹੂਰ ਕੱਲਬ ਕਾਲਟਨ ਦਾ ਵੀ ਉਹ ਮੈਂਬਰ ਬਣ ਗਿਆ। ਇਸ
ਕਲੱਬ ਵਿਚ ਉਹ ਏਨਾ ਸਰਗਰਮ ਹੋਇਆ ਕਿ ਇਸਦਾ ਸਕੱਤਰ ਬਣਨ ਵਿਚ ਵੀ ਕਾਮਯਾਬ ਹੋ ਗਿਆ। ਡਿਊਕ ਔਫ
ਰਿਚਮੰਡ ਨੇ ਉਸ ਦਾ ਨਾਂ ਪਰੋਪੋਜ਼ ਕੀਤਾ ਤੇ ਲੌਰਡ ਵਾਲਸਿੰਗੰਘ ਤੇ ਲੌਰਡ ਕੋਲਵਿਲ ਨੇ
ਸੈਕਿੰਡ ਕਰ ਦਿਤਾ। ਇਸ ਤੋਂ ਅਗਲਾ ਕੰਮ ਉਸ ਦਾ ਆਉਣ ਵਾਲੀ ਪਾਰਲੀਮੈਂਟ ਦੀ ਚੋਣ ਵਿਚ ਐਮ.
ਪੀ. ਲਈ ਖੜਨਾ ਸੀ। ਇਸ ਦਾ ਵੀ ਇੰਤਜ਼ਾਮ ਹੋਣ ਲਗਿਆ। ਵਿਟਬੀ ਦਾ ਚੋਣ ਇਲਾਕਾ ਉਹ ਸੀ ਜਿਥੇ
ਕਦੇ ਮੁਲਗਰੋਵ ਕੈਸਲ ਵਿਚ ਮਹਾਂਰਾਜਾ ਰਿਹਾ ਕਰਦਾ ਸੀ ਤੇ ‘ਬਲੈਕ ਪਰਿੰਸ’ ਤੇ ਤੌਰ ‘ਤੇ
ਮਸ਼ਹੂਰ ਵੀ ਸੀ। ਉਹ ਉਸ ਇਲਾਕੇ ਵਿਚ ਬਹੁਤ ਹਰਮਨਪਿਆਰਾ ਵਿਅਕਤੀ ਸੀ। ਇਸ ਕਰਕੇ ਇਸ ਚੋਣ
ਖੇਤਰ ਵਿਚ ਉਸ ਦਾ ਜਿੱਤ ਜਾਣਾ ਤੈਅ ਜਿਹਾ ਹੀ ਸੀ। ਇਸ ਵੇਲੇ ਇਹ ਲਿਬਰਲ ਪਾਰਟੀ ਵਾਲਿਆਂ ਦੀ
ਪੱਕੀ ਸੀਟ ਸੀ, ਉਹ ਕਈ ਸਾਲਾਂ ਤੋਂ ਜਿੱਤਦੇ ਆਏ ਸਨ ਤੇ ਪ੍ਰਧਾਨ ਮੰਤਰੀ ਗਲੈਡਸਟੋਨ ਦਾ
ਪੁੱਤਰ ਹਰਬਰਟ ਗਲੈਡਸਟੋਨ ਉਥੋਂ ਚੋਣ ਲੜ ਰਿਹਾ ਸੀ। ਕਨਜ਼ਰਵਟਿਵ ਪਾਰਟੀ ਵਾਲੇ ਮਹਾਂਰਾਜੇ
ਨੂੰ ਉਥੋਂ ਖੜਾ ਕਰਨ ਦਾ ਪ੍ਰੋਗਰਾਮ ਬਣਾਉਣ ਲਗੇ। ਪਾਰਟੀ ਨੇ ਵਿਟਬੀ ਦੇ ਇਲਾਕੇ ਦਾ ਗੁਪਤ
ਤਰੀਕੇ ਨਾਲ ਇਕ ਸਰਵੇ ਕਰਵਾ ਲਿਆ ਜਿਸ ਤੋਂ ਪਤਾ ਲਗਿਆ ਕਿ ਇਥੋਂ ਮਹਾਂਰਾਜਾ ਹਰ ਹਾਲਤ ਵਿਚ
ਜਿੱਤ ਜਾਵੇਗਾ। ਕਨਜ਼ਰਵਟਿਵ ਪਾਰਟੀ ਇਹ ਸੀਟ ਲਿਬਰਲ ਪਾਰਟੀ ਤੋਂ ਹਥਿਆਉਣ ਦੀਆਂ ਤਿਆਰੀਆਂ
ਕਰਨ ਲਗੀ।
ਕਨਜ਼ਰਵਟਿਵ ਪਾਰਟੀ ਵਿਚ ਹੀ ਲੌਰਡ ਮੌਲੇਅ ਵਰਗੇ ਕੁਝ ਉਸ ਦੇ ਵਿਰੋਧੀ ਵੀ ਸਨ। ਇਹਨਾਂ
ਵਿਰੋਧੀਆਂ ਨੇ ਸਿਆਸਤ ਕਰਨੀ ਸ਼ੁਰੂ ਕਰ ਦਿਤੀ। ਉਹ ਮਹਾਂਰਾਜੇ ਦੇ ਵਿਰੁਧ ਅਜਿਹੇ ਨੁਕਤੇ
ਲੱਭਣ ਲਗੇ ਕਿ ਉਹ ਚੋਣ ਨਾ ਲੜ ਸਕੇ। ਸ਼ੁਰੂ ਵਿਚ ਮਹਾਂਰਾਣੀ ਵਿਕਟੋਰੀਆ ਵਲੋਂ ਮਹਾਂਰਾਜੇ
ਨੂੰ ‘ਯੌਰਪੀਅਨ ਪਰਿੰਸ’ ਦੀ ਉਪਾਧੀ ਦਿਤੀ ਗਈ ਸੀ। ਅਜਿਹੀ ਉਪਾਧੀ ਵਾਲਿਆਂ ਤੋਂ ਆਸ ਰੱਖੀ
ਜਾਂਦੀ ਸੀ ਕਿ ਉਹ ਸਿਆਸਤ ਵਿਚ ਹਿੱਸਾ ਨਾ ਲਵੇ। ਇਸ ਨੁਕਤੇ ਨੂੰ ਲੈ ਕੇ ਵਿਰੋਧੀਆਂ
ਮਹਾਂਰਾਜੇ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਪਰ ਨਾਲ ਦੀ ਨਾਲ ਪਾਰਟੀ ਦੇ ਕੁਝ
ਪੁਰਾਣੇ ਨੇਤਾ ਸੋਚ ਰਹੇ ਸਨ ਕਿ ਮਹਾਂਰਾਜੇ ਦਾ ਬ੍ਰਤਾਨਵੀ ਸਿਆਸਤ ਵਿਚ ਹਿੱਸਾ ਲੈਣਾ ਠੀਕ
ਰਹੇਗਾ। ਉਸ ਵਲ ਦੇਖ ਕੇ ਇੰਗਲੈਂਡ ਵਿਚ ਵਸਦੇ ਹੋਰ ਹਿੰਦੁਸਤਾਨੀ ਵੀ ਸਿਆਸਤ ਵਿਚ ਭਾਗ ਲੈਣ
ਲਈ ਉਤਸ਼ਾਹਿਤ ਹੋਣਗੇ। ਹੋਰ ਤੇ ਹੋਰ ਮਹਾਂਰਾਜੇ ਦੇ ਵਿਰੋਧੀ ਅਖਬਾਰ ਟਾਈਮਜ਼ ਦਾ ਵੀ
ਮਹਾਂਰਾਜੇ ਦੇ ਚੋਣ ਲੜਨ ਦੇ ਹੱਕ ਵਿਚ ਸੀ।
ਮਹਾਂਰਾਜੇ ਦੀ ਸਿਆਸਤ ਵਿਚ ਭਾਗ ਲੈਣ ਵਾਲੀ ਖ਼ਬਰ ਮਹਾਂਰਾਣੀ ਵਿਕਟੋਰੀਆ ਤਕ ਵੀ ਪੁੱਜ ਗਈ।
ਮਹਾਂਰਾਣੀ ਸਮਝਦੀ ਸੀ ਕਿ ਸਿਆਸਤੀ ਬਹੁਤ ਟੇਡੀ ਖੀਰ ਹੈ ਤੇ ਮਹਾਂਰਾਜਾ ਉਸ ਲਈ ਬਹੁਤ ਸਿੱਧਾ।
ਉਹ ਸੋਚਣ ਲਗੀ ਕਿ ਸਿਆਸਤ ਤਾਂ ਮਹਾਂਰਾਜੇ ਦੇ ਵੱਸ ਦੀ ਗੱਲ ਨਹੀਂ, ਇਸ ਤੋਂ ਬਿਹਤਰ ਤੇ ਉਸ
ਨੂੰ ਪੀਅਰ ਦੀ ਉਪਾਧੀ ਦੇ ਕੇ ਹਾਊਸ ਔਫ ਲੌਰਡ ਦਾ ਮੈਂਬਰ ਬਣਾ ਦਿਤਾ ਜਾਵੇ। ਇਸ ਨਾਲ
ਮਹਾਂਰਾਜੇ ਦੀ ਸਿਆਸਤ ਵਾਲੀ ਭੁੱਖ ਪੂਰੀ ਹੋ ਜਾਵੇਗੀ। ਅਗਲੀ ਵਾਰੀ ਪ੍ਰਧਾਨ ਮੰਤਰੀ
ਗਲੈਡਸਟੋਨ ਮਹਾਂਰਾਣੀ ਨੂੰ ਮਿਲਣ ਲਈ ਬੈਲਮੋਰਲ ਆਇਆ ਤਾਂ ਮਹਾਂਰਾਣੀ ਨੇ ਉਸ ਦੇ ਸਾਹਮਣੇ ਇਹੋ
ਗੱਲ ਰੱਖੀ। ਪ੍ਰਧਾਨ ਮੰਤਰੀ ਸੋਚਾਂ ਵਿਚ ਪੈ ਗਿਆ ਤੇ ਫਿਰ ਕਹਿਣ ਲਗਿਆ,
“ਯੋਅਰ ਮੈਜਿਸਟੀ, ਤੁਹਾਡੀ ਰਾਏ ਬਿਲਕੁਲ ਸਹੀ ਏ ਪਰ ਜੇ ਮੈਂ ਮਹਾਂਰਾਜੇ ਦੀ ਪੀਅਰ ਬਣਨ ਲਈ
ਫਰਮਾਇਸ਼ ਕਰਾਂਗਾ ਤਾਂ ਮੇਰੇ ਤੇ ਇਹ ਇਲਜ਼ਾਮ ਲਗ ਸਕਦਾ ਏ ਕਿ ਮੈਂ ਜਾਣ ਬੁੱਝ ਕੇ ਉਸ ਨੂੰ
ਪੀਅਰ ਬਣਾ ਦਿਤਾ ਤਾਂ ਜੋ ਉਹ ਚੋਣਾਂ ਵਿਚ ਹਿੱਸਾ ਨਾ ਲੈ ਸਕੇ ਕਿਉਂਕਿ ਵਿਟਬੀ ਵਿਚੋਂ ਮੇਰਾ
ਬੇਟਾ ਖੜ ਰਿਹਾ ਏ ਜਿਥੋਂ ਮਹਾਂਰਾਜਾ ਚੋਣ ਲੜਨਾ ਚਾਹੁੰਦਾ ਏ।”
“ਪੀ ਐਮ, ਮਹਾਂਰਾਜੇ ਨੂੰ ਸਿਆਸਤ ਦੀ ਕੋਈ ਸਮਝ ਨਹੀਂ ਏ। ਅਸੀਂ ਨਹੀਂ ਚਾਹੁੰਦੇ ਕਿ ਉਹ
ਚੋਣਾਂ ਵਿਚ ਭਾਗ ਲਵੇ।”
“ਯੋਅਰ ਮੈਜਿਸਟੀ, ਗੱਲ ਤੁਹਾਡੀ ਬਿਲਕੁਲ ਠੀਕ ਏ ਪਰ ਤੁਹਾਡੇ ਤੋਂ ਬਿਹਤਰ ਹੋਰ ਕੋਈ ਵਿਅਕਤੀ
ਨਹੀਂ ਜਿਹੜਾ ਉਸ ਨੂੰ ਇਸ ਕੰਮ ਤੋਂ ਰੋਕ ਸਕੇ।”
ਅੰਦਰੋ-ਅੰਦਰ ਗਲੈਡਸਟੋਨ ਡਰਿਆ ਵੀ ਹੋਇਆ ਸੀ ਕਿ ਜੇ ਮਹਾਂਰਾਜਾ ਵਿਟਬੀ ਤੋਂ ਖੜ ਗਿਆ ਤਾਂ ਉਸ
ਦੇ ਬੇਟੇ ਹਾਰ ਯਕੀਨੀ ਸੀ। ਉਹ ਅੰਦਰੋ-ਅੰਦਰ ਟੋਰੀ ਪਾਰਟੀ ਤਕ ਪਹੁੰਚ ਕਰ ਰਿਹਾ ਸੀ ਕਿ
ਮਹਾਂਰਾਜੇ ਨੂੰ ਇਹਨਾਂ ਚੋਣਾਂ ਵਿਚ ਭਾਗ ਨਾ ਲੈਣ ਦਿਤਾ ਜਾਵੇ।
ਮਹਾਂਰਾਜੇ ਨੂੰ ਪਤਾ ਚਲਿਆ ਕਿ ਮਹਾਂਰਾਣੀ ਉਸ ਦੇ ਚੋਣਾਂ ਵਿਚ ਭਾਗ ਲੈਣ ਦੇ ਇਰਾਦੇ ਤੋਂ
ਖੁਸ਼ ਨਹੀਂ ਤਾਂ ਉਸ ਨੇ ਇਕ ਦਮ ਆਪਣਾ ਨਾਂ ਵਾਪਸ ਲੈ ਲਿਆ। ਅਸਲ ਵਿਚ ਮਹਾਂਰਾਣੀ ਵਿਕਟੋਰੀਆ
ਦਾ ਮਹਾਂਰਾਜੇ ਉਪਰ ਪ੍ਰਭਾਵ ਹੀ ਏਨਾ ਸੀ ਕਿ ਉਸ ਦੀ ਹਰ ਗੱਲ ‘ਤੇ ਉਹ ਫੁੱਲ ਚੜਾੳਣ ਲਈ ਤਿਆਰ
ਰਹਿੰਦਾ। ਚੋਣਾਂ ਹੋਈਆਂ ਤਾਂ ਹਰਬਰਟ ਗਲੈਡਸਟੋਨ ਜਿੱਤ ਤਾਂ ਗਿਆ ਪਰ ਸਿਰਫ ਇਕ ਸੌ ਵੀਹ
ਵੋਟਾਂ ਨਾਲ। ਇਕ ਵਾਰ ਤਾਂ ਲਿਬਰਲ ਪਾਰਟੀ ਵਾਲੇ ਹਿੱਲ ਗਏ ਕਿ ਜੇ ਸੱਚ ਮੁੱਚ ਹੀ ਮਹਾਂਰਾਜਾ
ਚੋਣਾਂ ਵਿਚ ਖੜ ਜਾਂਦਾ ਤਾਂ ਉਹਨਾਂ ਨੇ ਇਹ ਚੋਣ ਅਵੱਸ਼ ਹਾਰ ਜਾਣੀ ਸੀ। ਇਸ ਤੋਂ ਬਾਅਦ
ਮਹਾਂਰਾਜੇ ਨੇ ਸਿਆਸਤ ਵਿਚ ਤਾਂ ਕੋਈ ਹਿੱਸਾ ਨਾ ਲਿਆ ਪਰ ਉਸ ਨੇ ਕਾਲਟਨ ਕਲੱਬ ਵਿਚ ਭਾਗ
ਲੈਣਾ ਜਾਰੀ ਰੱਖਿਆ। ਕਾਲਟਨ ਕਲੱਬ ਲਈ ਉਸ ਨੇ ਬਹੁਤ ਸਾਰੇ ਕੰਮ ਵੀ ਕੀਤੇ। ਫੈਸ਼ਨ ਦੇ
ਮਸ਼ਹੂਰ ਰਸਾਲੇ ‘ਵੈਨਿਟੀ ਫੇਅਰ’ ਮਹਾਂਰਾਜੇ ਦੀ ਕਲੱਬ ਨੂੰ ਦੇਣ ਬਾਰੇ ਆਰਟੀਕਲ ਛਾਪੇ।
ਪ੍ਰਧਾਨ ਮੰਤਰੀ ਗਲੈਡਸਟੋਨ 1875 ਵਾਲੀਆਂ ਆਮ ਚੋਣਾਂ ਹਾਰ ਗਿਆ। ਕਨਜ਼ਰਵਟਿਵ ਪਾਰਟੀ ਜਿੱਤ
ਗਈ। ਡਿਜ਼ਰੇਲੀ ਪ੍ਰਧਾਨ ਮੰਤਰੀ ਬਣ ਗਿਆ ਤੇ ਡਿਊਕ ਔਫ ਅਰਗਾਈਲ ਮੁੜ ਕੇ ਸੈਕਟਰੀ ਔਫ ਸਟੇਟ
ਫਾਰ ਇੰਡੀਆ ਬਣਾ ਦਿਤਾ ਗਿਆ। ਨਵਾਂ ਪ੍ਰਧਾਨ ਮੰਤਰੀ ਵੀ ਭਾਵੇਂ ਮਹਾਂਰਾਜੇ ਨੂੰ ਪੀਅਰ
ਬਣਾੳਣਾ ਚਾਹੁੰਦਾ ਸੀ ਪਰ ਮਹਾਂਰਾਜੇ ਨੇ ਇਸ ਤੋਂ ਸਾਫ ਇਨਕਾਰ ਕਰ ਦਿਤਾ। ਉਸ ਨੂੰ ਪੀਅਰ
ਬਣਨਾ ਆਪਣੇ ਰੁਤਬੇ ਮੁਤਾਬਕ ਬਹੁਤ ਛੋਟਾ ਲਗਦਾ ਸੀ। ਉਸ ਨੇ ਇਕ ਬਿਆਨ ਦੇ ਕੇ ਸਾਫ ਕਰ ਦਿਤਾ
ਕਿ ਨਾ ਤਾਂ ਉਹ ਤੇ ਨਾ ਹੀ ਉਸ ਦੇ ਦੋਵੇਂ ਬੇਟੇ ਹੀ ਅਜਿਹੀ ਕੋਈ ਉਪਾਧੀ ਮਨਜ਼ੂਰ ਕਰਨਗੇ।
ਲੋਕਾਂ ਲਈ ਮਹਾਂਰਾਜੇ ਦਾ ਇਹ ਬਿਆਨ ਜ਼ਰਾ ਹੈਰਾਨਕੁੰਨ ਸੀ। ਲੋਕ ਇਸ ਇਨਕਾਰ ਦਾ ਕਾਰਨ ਜਾਣਨ
ਦੀ ਕੋਸਿ਼ਸ਼ ਕਰਨ ਲਗੇ ਪਰ ਮਹਾਂਰਾਜ ਚੁੱਪ ਸੀ। ਕਾਫੀ ਦੇਰ ਬਾਅਦ ਉਸ ਦੇ ਪੁਰਾਣੇ ਦੋਸਤ ਨੇ
ਮਹਾਂਰਾਜੇ ਦੇ ਮਨ ਵਿਚੋਂ ਇਹ ਗੱਲ ਕੁਰੇਦੀ। ਓਸਬੌਰਨ ਜੇ. ਉਸ ਦਾ ਪੁਰਾਣਾ ਦੋਸਤ ਉਸੇ ਪਾਦਰੀ
ਦਾ ਮੁੰਡਾ ਸੀ ਜਿਸ ਨੇ ਮਹਾਂਰਾਜੇ ਨੂੰ ਬਚਪੱਨ ਵਿਚ ਬੈਪਟਾਈਜ਼ ਕੀਤਾ ਸੀ। ਉਸ ਨੇ ਮਹਾਂਰਾਜੇ
ਦੇ ਪੀਅਰ ਦੀ ਉਪਾਧੀ ਤੋਂ ਇਨਕਾਰ ਬਾਰੇ ਇਕ ਆਰਟੀਕਲ ਵਿਚ ਲਿਖਿਆ;
‘ਸੰਨ 1880 ਤੋਂ ਪਹਿਲਾਂ ਮੈਂ ਵਿਦੇਸ਼ ਮੰਤਰੀ ਲੌਰਡ ਗਰੈਨਵਿਲ ਦਾ ਪਰਾਈਵੇਟ ਸੈਕਟਰੀ ਸਾਂ।
...ਮੈਨੂੰ ਮਹਾਂਰਾਜੇ ਵਲੋਂ ਐੱਲਵੇਡਨ ਵਿਚ ਹੋਣ ਵਾਲੀ ਇਕ ਗੱਲਬਾਤ ਸਮੇਂ ਸੱਦਾ ਦਿਤਾ ਗਿਆ।
ਇਹ ਗੱਲਬਾਤ ਮਹਾਂਰਾਜੇ ਵਿਚ ਤੇ ਅਰਗਾਈਲ ਵਿਚ ਹੋਣ ਵਾਲੀ ਸੀ। ਉਥੇ ਹੀ ਮਹਾਂਰਾਜੇ ਨੂੰ ਤੇ
ਉਸ ਦੇ ਦੋਨਾਂ ਮੁੰਡਿਆਂ, ਵਿਕਟਰ ਤੇ ਫਰੈਡਰਿਕ ਨੂੰ ਪੀਅਰ ਬਣਾੳਣ ਦੀ ਗੱਲ ਹੋਈ ਸੀ ਤੇ
ਮਹਾਂਰਾਜੇ ਨੇ ਨਿਮਰਤਾ ਸਹਿਤ ਨਾਂਹ ਕਰ ਦਿਤੀ ਸੀ। ...ਮਹਾਂਰਾਜੇ ਨੇ ਕਿਹਾ ਸੀ; ‘ਮੇਰੇ ਲਈ
ਫਖਰ ਦੀ ਗੱਲ ਹੈ ਕਿ ਮੇਰੀ ਹਰ ਮੈਜਿਸਟੀ ਨਾਲ ਏਨੀ ਨੇੜਤਾ ਹੈ ਪਰ ਮੈਂ ਆਪ ਇਕ ਸ਼ਾਹੀ
ਪਰਿਵਾਰ ਦਾ ਵੱਡਾ ਹਿੱਸਾ ਹਾਂ ਤੇ ਮੇਰਾ ਪਰਿਵਾਰ ਵੀ, ਮੈਂ ਅੰਗਰੇਜ਼ ਨਹੀਂ ਹਾਂ ਤੇ ਨਾ ਹੀ
ਮੇਰੇ ਬੇਟੇ ਅੰਗਰੇਜ਼ ਹਨ, ...ਅਸੀਂ ਅੰਗਰੇਜ਼ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਾਂ, ਖਾਸ
ਤੌਰ ਤੇ ਮਹਾਂਰਾਣੀ ਨੂੰ ਪਰ ਅਸੀਂ ਸਿੱਖ ਹਾਂ ਤੇ ਸਿੱਖ ਹੀ ਰਹਿਣਾ ਪਸੰਦ ਕਰਦੇ ਹਾਂ।’
...ਬਾਅਦ ਵਿਚ ਆਰਗਾਈਲ ਨੇ ਕਿਹਾ ਸੀ ਕਿ ਅਜਿਹੀ ਸੱਚੀ ਸਵੈ-ਇੱਜ਼ਤ, ਸਵੈ-ਮਾਣ ਤੇ ਆਪਣੀ
ਹੋਂਦ ਕਾਇਮ ਰੱਖਣ ਵਾਲੀ ਭਾਵਨਾ ਉਸ ਨੇ ਪਹਿਲਾਂ ਕਦੇ ਨਹੀਂ ਦੇਖੀ।’
ਮਹਾਂਰਾਜਾ ਇਹਨਾਂ ਦਿਨਾਂ ਵਿਚ ਬੇਚੈਨ ਤਾਂ ਦਿਸਦਾ ਹੀ ਸੀ ਪਰ ਬਹੁਤੇ ਲੋਕ ਨਹੀਂ ਸਨ ਜਾਣਦੇ
ਕਿ ਮਹਾਂਰਾਜੇ ਦੇ ਮਨ ਵਿਚ ਕੀ ਚਲ ਰਿਹਾ ਸੀ। ਮਹਾਂਰਾਜੇ ਨੇ ਆਪਣੇ ਅਤੀਤ ਬਾਰੇ ਜਾਨਣਾ
ਸ਼ੁਰੂ ਕਰ ਦਿਤਾ ਹੋਇਆ ਸੀ। ਉਸ ਦਾ ਕਾਨੂੰਨੀ ਸਲਾਹਕਾਰ ਪੌਲ ਸ਼ੀਨ ਰਾਹੀਂ ਤੱਤ ਤੇ ਅੰਕੜੇ
ਇਕੱਠੇ ਕਰਨੇ ਸ਼ੁਰੂ ਕਰ ਦਿਤੇ। ਉਸ ਦੇ ਵਿਸ਼ੇਸ਼ ਬੰਦੇ ਸਿੱਖਾਂ ਦੇ ਇਤਹਾਸ ਦਾ ਮੁਆਇਨਾ ਕਰ
ਰਹੇ ਸਨ ਕਿ ਕੀ ਤੇ ਕਿਵੇਂ ਬੀਤਿਆ। ਮਹਾਂਰਾਜੇ ਦੇ ਬਚਪਨ ਵਿਚ ਜੋ ਕੁਝ ਵੀ ਵਾਪਰਿਆ ਉਹ
ਜਾਨਣਾ ਚਾਹੁੰਦਾ ਸੀ। ਉਸ ਦੇ ਬੰਦੇ ਬ੍ਰਿਟਿਸ਼ ਮਿਊਜ਼ਮ ਵਿਚ ਜਾ ਕੇ ਸਰਕਾਰ ਦੀਆਂ
ਬਲਿਊ-ਬੁੱਕਸ ਦਾ ਅਧਿਆਨ ਕਰ ਰਹੇ ਸਨ ਜਿਹਨਾਂ ਵਿਚ ਇਸ ਸਭ ਕੁਝ ਦਾ ਇੰਦਰਾਜ ਦਰਜ ਸੀ। ਜਿਵੇਂ
ਜਿਵੇਂ ਮਹਾਂਰਾਜੇ ਨੂੰ ਪਤਾ ਚਲਦਾ ਜਾ ਰਿਹਾ ਸੀ ਕਿ ਇਤਹਾਸ ਵਿਚ ਕੀ ਕੁਝ ਹੋਇਆ ਉਵੇਂ ਉਵੇਂ
ਹੀ ਉਸ ਦੇ ਮਨ ਵਿਚ ਕੁੜੱਤਣ ਭਰਦੀ ਜਾ ਰਹੀ ਸੀ।
ਫਿਰ ਉਸ ਦੀ ਸਾਰੀ ਸਥਿਤੀ ਨੂੰ ਘਟਾ ਕੇ ਦੇਖਿਆ ਜਾ ਰਿਹਾ ਸੀ। ਉਸ ਦੀ ਪੈਨਸ਼ਨ ਉਸ ਤਕ
ਪੰਦਰਾਂ ਹਜ਼ਾਰ ਸਲਾਨਾ ਹੀ ਪੁੱਜ ਰਹੀ ਸੀ, ਬਾਕੀ ਦੀ ਕਰਜ਼ੇ ਦੀਆਂ ਕਿਸ਼ਤਾਂ ਵਿਚ ਚਲੇ
ਜਾਂਦੀ। ਇਹ ਪੰਦਰਾਂ ਹਜ਼ਾਰ ਸਲਾਨਾ ਬਹੁਤ ਘੱਟ ਸਨ। ਮਹਾਂਰਾਜੇ ਦਾ ਗੁਜ਼ਾਰਾ ਨਹੀਂ ਸੀ ਹੋ
ਰਿਹਾ। ਉਸ ਸਿਰ ਕਰਜ਼ਾ ਦਿਨੋ ਦਿਨ ਵਧ ਰਿਹਾ ਸੀ। ਕੋਈ ਹੋਰ ਰਾਹ ਨਜ਼ਰ ਵੀ ਨਹੀਂ ਸੀ ਆ
ਰਿਹਾ। ਉਸ ਨੂੰ ਪਤਾ ਸੀ ਕਿ ਉਸ ਦਾ ਵਿਰੋਧੀ ਗਰੁੱਪ ਜਾਣਬੁੱਝ ਕੇ ਉਸ ਨਾਲ ਫਰਕ ਕਰਦਾ ਆ
ਰਿਹਾ ਹੈ। ਇਕ ਅਜੀਬ ਜਿਹਾ ਤਣਾਵ ਮਹਾਂਰਾਜੇ ਦੇ ਅੰਦਰ ਹਰ ਵੇਲੇ ਛਾਇਆ ਰਹਿੰਦਾ ਸੀ।
ਅਜਿਹੇ ਸਮੇਂ ਉਹ ਮਨ ਦਾ ਸਕੂਨ ਸੰਗੀਤ ਵਿਚੋਂ ਲੱਭਣ ਦੀ ਕੋਸਿ਼ਸ਼ ਕਰਿਆ ਕਰਦਾ। ਉਸ ਨੂੰ
ਸੰਗੀਤ ਨਾਲ ਲਗਾਵ ਤਾਂ ਪਹਿਲਾਂ ਤੋਂ ਹੀ ਸੀ। ਉਹ ਓਪੇਰੇ ਦੇਖਣ ਜਾਂਦਾ। ਇਹਨਾਂ ਵਿਚ ਅੱਗੇ
ਹੋ ਕੇ ਭਾਗ ਲੈਂਦਾ। ਉਸ ਨੇ ਓਪੇਰੇ ਨੂੰ ਕੰਡੱਕਟ ਵੀ ਕੀਤਾ ਜਿਹੜੀ ਕਿ ਸਗੀਤ ਬਾਰੇ ਉਸ ਦੀ
ਸਮਝ ਦਾ ਸਬੂਤ ਸੀ। ਮਹਾਂਰਾਜੇ ਦਾ ਆਪਣਾ ਜੀਵਨ ਕਿਸੇ ਓਪੇਰੇ ਦੀ ਕਹਾਣੀ ਤੋਂ ਘੱਟ ਨਹੀਂ ਸੀ।
ਇਕ ਫਰਾਂਸੀਸੀ ਸੰਗੀਤਕਾਰ ਨੇ ਮਹਾਂਰਾਜੇ ਨੂੰ ਸਾਹਮਣੇ ਰੱਖ ਕੇ ‘ਕਿੰਗ ਔਫ ਲਹੌਰ’ ਨਾਂ ਦਾ
ਓਪੇਰਾ ਲਿਖਿਆ ਤੇ ਖੇਡਿਆ ਵੀ। ਸਟੇਜ ਦੀ ਦੁਨੀਆਂ ਉਪਰ ਵੀ ਮਹਾਂਰਾਜੇ ਦਾ ਨਾਂ ਚਲਦਾ ਸੀ ਪਰ
ਉਸ ਦਾ ਮਨ ਵੰਡਿਆ ਹੋਇਆ ਸੀ। ਜੇ ਉਸ ਦੀ ਪੈਨਸ਼ਨ ਦਾ ਪੂਰਾ ਹਿਸਾਬ ਕਰ ਦਿਤਾ ਜਾਂਦਾ ਤਾਂ ਉਹ
ਜ਼ਰੂਰ ਆਪਣੇ ਇਸ ਹੁਨਰ ਵਲ ਧਿਆਨ ਦਿੰਦਾ। ਜਦ ਕਦੇ ਮਹਾਂਰਾਜਾ ਜਿ਼ਆਦਾ ਉਦਾਸ ਹੁੰਦਾ ਤਾਂ
ਪਿਆਨੋ ਵਜਾਉਣ ਲਗਦਾ। ਸੁਣਨ ਵਾਲੇ ਮਹਾਂਰਾਜੇ ਦੀ ਪਿਆਨੋ ਸੁਣ ਕੇ ਮੁਗਧ ਹੋ ਜਾਂਦੇ।
ਇਕ ਦਿਨ ਇਕ ਸਿੱਖ ਮਹਿਮਾਨ ਐਲਵੇਡਨ ਆਇਆ। ਮਹਾਂਰਾਜਾ ਕਿਸੇ ਨੂੰ ਸਮਾਂ ਦਿਤੇ ਬਿਨਾਂ ਨਹੀਂ
ਸੀ ਮਿਲਦਾ ਪਰ ਜਦ ਪਤਾ ਚਲਿਆ ਕਿ ਉਹ ਪੰਜਾਬ ਤੋਂ ਆਇਆ ਹੈ ਤੇ ਉਸ ਦੇ ਰਿਸ਼ਤੇਦਾਰਾਂ ਦੇ
ਸੁਨੇਹੇ ਲੈ ਕੇ ਆਇਆ ਹੈ ਤਾਂ ਮਹਾਂਰਾਜੇ ਨੇ ਉਸ ਨੂੰ ਅੰਦਰ ਬੁਲਾ ਲਿਆ ਤੇ ਸ਼ੀਸ਼ ਮਹੱਲ ਵਿਚ
ਲੈ ਗਿਆ। ਆਉਣ ਵਾਲਾ ਕਹਿਣ ਲਗਿਆ,
“ਮਹਾਂਰਾਜਾ ਜੀਓ, ਮੇਰਾ ਨਾਂ ਸ਼ਾਮ ਸਿੰਘ ਏ, ਮੈਂ ਪੰਜਾਬ ਤੋਂ ਆ ਰਿਹਾਂ ਤੇ ਤੁਹਾਡੇ
ਰਿਸ਼ਤੇ ਵਿਚੋਂ ਭਰਾ ਲਗਦੇ ਠਾਕੁਰ ਸਿੰਘ ਸੰਧਾਂਵਾਲੀਆ ਦਾ ਸੁਨੇਹਾ ਲੈ ਕੇ ਆਇਆ ਹਾਂ।”
“ਆਓ ਜੀ, ਸ਼ਾਮ ਸਿੰਘ ਜੀ, ਜੀ ਆਇਆਂ ਨੂੰ। ਕੀ ਹਾਲ ਏ ਠਾਕੁਰ ਸਿੰਘ ਹੋਰਾਂ ਦਾ?”
“ਉਹ ਠੀਕ ਨੇ ਪਰ ਤੁਹਾਨੂੰ ਮਿਲਣ ਲਈ ਤੜਫ ਰਹੇ ਨੇ।”
“ਸ਼ਾਮ ਸਿੰਘ ਜੀ, ਤੜਫ ਤਾਂ ਅਸੀਂ ਵੀ ਰਹੇ ਆਂ ਪਰ ਜੀਸਸ ਨੂੰ ਪਤਾ ਨਹੀਂ ਕੀ ਮਨਜ਼ੂਰ ਏ!”
“ਜੀਸਸ ਨੂੰ ਨਹੀਂ, ਮਹਾਂਰਾਜਾ ਜੀਓ, ਸਤਿਗੁਰੂ ਕੋਈ ਨਾ ਕੋਈ ਵਿਧ ਬਣਾਏਗਾ, ਪੰਜਾਬ ਤੁਹਾਡਾ
ਨਾਂ ਲੈ ਕੇ ਜੀਉਂਦਾ ਏ, ਤੁਹਾਡੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਅਸੀਂ, ਤੁਹਾਡੇ ਬੱਚਿਆਂ ਦੇ
ਜਨਮ ਦੀਆਂ ਮਿਠਿਆਈਆਂ ਵੰਡੀਆਂ ਅਸੀਂ।”
ਸ਼ਾਮ ਸਿੰਘ ਦੀਆਂ ਗੱਲਾਂ ਸੁਣ ਕੇ ਮਹਾਂਰਾਜਾ ਦੇ ਦਿਲ ਗਦ-ਗਦ ਹੋ ਗਿਆ। ਸ਼ਾਮ ਸਿੰਘ ਕਈ ਦਿਨ
ਤਕ ਐਲਵੇਡਨ ਰਿਹਾ। ਮਹਾਂਰਾਜਾ ਹਰ ਸਵੇਰ ਉਸ ਨਾਲ ਪੰਜਾਬ ਦੀਆਂ ਗੱਲਾਂ ਕਰਨ ਬੈਠ ਜਾਂਦਾ।
ਮਹਾਂਰਾਜਾ ਗੱਲਾਂ ਸੁਣਦਾ ਉਦਾਸ ਹੋਣ ਲਗਦਾ ਪਰ ਉਸ ਦੇ ਅੰਦਰ ਇਕ ਚਾਅ ਜਿਹਾ ਵੀ ਜਾਗ ਰਿਹਾ
ਹੁੰਦਾ। ਮਹਾਂਰਾਜੇ ਅੰਦਰ ਇਹ ਗੱਲ ਤਾਂ ਬੈਠ ਹੀ ਚੁੱਕੀ ਸੀ ਕਿ ਉਹ ਅੰਗਰੇਜ਼ ਨਹੀਂ ਸੀ। ਜਦ
ਇਹ ਗੱਲ ਉਸ ਨੇ ਕਹਿਣੀ ਹੁੰਦੀ ਤਾਂ ਉਹ ਇਹੋ ਹੀ ਕਹਿੰਦਾ ਕਿ ਉਹ ਅੰਗਰੇਜ਼ ਨਹੀਂ ਸਿੱਖ ਹੈ।
ਆਉਣ ਵਾਲੇ ਸਾਲਾਂ ਵਿਚ ਬ੍ਰਤਾਨੀਆਂ ਵਿਚ ਇਕ ਬਹੁਤ ਵੱਡਾ ਤਿਉਹਾਰ ਆ ਰਿਹਾ ਸੀ, ਇਹ ਸੀ
ਮਹਾਂਰਾਣੀ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਦਾ ਵਰ੍ਹਾ। ਇਸ ਤਿਉਹਾਰ ਦੀਆਂ
ਤਿਆਰੀਆਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਈਆਂ। ਇਸ ਸਮੇਂ ਮਹਾਂਰਾਣੀ ਨੇ ਫੌਜਾਂ ਤੋਂ
ਸਲਾਮੀ ਵੀ ਲੈਣੀ ਸੀ। ਇਸ ਸਮੇਂ ਪ੍ਰਧਾਨ ਮੰਤਰੀ ਡਿਜ਼ਰੇਲੀ ਦੀ ਸਲਾਹ ਨਾਲ ਮਹਾਂਰਾਣੀ
ਵਿਕਟੋਰੀਆ ਨੇ ਇੰਡੀਆ ਦੀ ਮਹਾਂਰਾਣੀ ਵੀ ਬਣ ਜਾਣਾ ਸੀ ਤੇ ਉਸ ਨੂੰ ਇੰਪਰੈੱਸ ਕਿਹਾ ਜਾਣ ਲਗ
ਪੈਣਾ ਸੀ। ਮਹਾਂਰਾਣੀ ਨੇ ਮਹਾਂਰਾਜੇ ਨੂੰ ਨਜ਼ਰ ਵਿਚ ਰੱਖਦੇ ਹੋਏ ਤੇ ਸੰਨ 1857 ਸਮੇਂ
ਸਿੱਖਾਂ ਦੀ ਦਿਖਾਈ ਵਫਾਦਾਰੀ ਕਾਰਨ ਸਿੱਖ ਕੈਵਲਰੀ ਦੇ ਫੌਜੀਆਂ ਨੇ ਸਲਾਮੀ ਦੇਣ ਲਈ ਵਿਸ਼ੇਸ਼
ਤੌਰ ਤੇ ਹਿੰਦੁਸਤਾਨ ਤੋਂ ਆਉਣਾ ਸੀ। ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਤੇ ਚਲ ਪਈ ਪਰ
ਮਹਾਂਰਾਜੇ ਦੇ ਮਨ ਵਿਚ ਕੁਝ ਹੋਰ ਹੀ ਚਲ ਰਿਹਾ ਸੀ।
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)
-0-
|