ਮੁਖੌਟੇ ਪਹਿਨ ਕੇ ਰੱਖੇ
ਜ਼ਮੀਰਾਂ ਗਰਕੀਆਂ ਯਾਰੋ ।
ਸ਼ਰੇ ਬਾਜ਼ਾਰ ਵਿਕ ਰਹੀਆਂ ਨੇ ਵੱਡੀਆਂ ਹਸਤੀਆਂ ਯਾਰੋ ।
ਅਦਾਲਤ ਨੇ ਬਰੀ ਕੀਤਾ ਜਿਨੂੰ ਤਖ਼ਤੇ ਚੜਾਉਣਾ ਸੀ ,
ਤੇ ਉਸਦੇ ਨਾਂ ਦੀਆਂ ਲਗੀਆਂ ਨੇ ਥਾਂ ਥਾਂ ਤਖ਼ਤੀਆਂ ਯਾਰੋ ।
ਕਦੇ ਵੀ ਮਾਫ਼ ਨਾ ਕਰਨਾ ਕਰੋ ਇਹ ਫ਼ੈਸਲਾ ਸਾਰੇ ,
ਤੂਫ਼ਾਨਾ ਨਾਲ ਰਲ ਗਈਆਂ ਨੇ ਜੋ ਜੋ ਕਿਸ਼ਤੀਆਂ ਯਾਰੋ ।
ਇਹ ਹਾਕਮ ਦੇ ਨਿਸ਼ਾਨੇ 'ਤੇ ਹਮੇਸ਼ਾਂ ਵਾਂਗ ਹੁਣ ਵੀ ਹਨ ,
ਜਿਨ੍ਹਾ ਵਿਚ ਜੰਮਦੇ ਬਾਗੀ ਇਹ ਹਨ ਉਹ ਬਸਤੀਆਂ ਯਾਰੋ ।
ਬਰਾਬਰਤਾ ਲਿਆਊ ਜੋ ਅਸੀਂ ਉਸ ਲੋਕ ਯੁੱਧ ਦੇ ਨਾਂ ,
ਕਈ ਸੁਪਨੇ ਕਈ ਰੀਝਾਂ ਸਮਰਪਿਤ ਕਰਤੀਆਂ ਯਾਰੋ ।
ਸਿਲੇ ਚੁਗਣੇ 'ਤੇ ਡੰਗਰ ਚਾਰਨੇ ਫਿਰ ਜੂਠ ਖਾ ਲੈਣੀ ,
ਅਸੀਂ ਇਹ ਮਾਣੀਆਂ ਬਚਪਨ 'ਚ ਮੌਜ਼ਾਂ ਮਸਤੀਆਂ ਯਾਰੋ ।
ਜਮਾਨੇ ਨਾਲ ਬਦਲਣ ਜੋ ਬਥੇਰੇ ਹੋਣਗੇ " ਤਨਵੀਰ ",
ਜਮਾਨੇ ਨੂੰ ਬਦਲ ਦਇਏ ਅਸੀਂ ਉਹ ਹਸਤੀਆਂ ਯਾਰੋ ।
-0- |