‘ਆਪਣਾ ਆਪਣਾ ਹਿੱਸਾ’
ਕਹਾਣੀ ਨਾਲ ਜੁੜੀਆਂ ਦੋ ਨਿੱਕੀਆਂ ਨਿੱਕੀਆਂ ਘਟਨਾਵਾਂ ਪੜ੍ਹਨ ਤੋਂ ਪਹਿਲਾਂ ਕਹਾਣੀ ਦਾ
ਥੋੜ੍ਹਾ ਜਿਹਾ ਵੇਰਵਾ ਤਾਜ਼ਾ ਕਰ ਲਈਏ।
ਇਹ ਅਜਿਹੇ ਕਿਰਸਾਣੀ ਪਰਿਵਾਰ ਦੀ ਕਹਾਣੀ ਹੈ ਜਿਸ ਵਿੱਚ ਦੋ ਵੱਡੇ ਭਰਾਵਾਂ ਵਿਚੋਂ ਇੱਕ ਤਾਂ
ਪੜ੍ਹ-ਲਿਖ ਕੇ ਓਵਰਸੀਅਰ ਬਣ ਗਿਆ ਹੈ ਤੇ ਸ਼ਹਿਰ ਵਿੱਚ ਕੋਠੀ ਪਾ ਕੇ ਰਹਿ ਰਿਹਾ ਹੈ; ਉਸਤੋਂ
ਛੋਟਾ ਸਮਗਲਰ ਹੈ ਤੇ ਨੇੜਲੇ ਦੇ ਕਸਬੇ ਦੇ ਰੌਣਕੀਲੇ ਚੌਕ ਵਿੱਚ ਮੌਜ ਨਾਲ ਜੀਵਨ ਗੁਜ਼ਾਰ ਰਿਹਾ
ਹੈ। ਪਰਿਵਾਰ ਦੀ ਜ਼ਮੀਨ ‘ਤੇ ਸਭ ਤੋਂ ਛੋਟਾ ਧਰਮਾ ਉਰਫ਼ ਘੁੱਦੂ ਖੇਤੀ ਕਰਕੇ ਬੜੀ ਤੰਗਦਸਤੀ
ਵਿੱਚ ਜੀਵਨ ਗੁਜ਼ਾਰ ਰਿਹਾ ਹੈ। ਭਰਾਵਾਂ ਦੀ ਵਿਆਹੀ-ਵਰ੍ਹੀ ਭੈਣ ਵੀ ਵੱਡੇ ਅਮੀਰ ਭਰਾਵਾਂ ਦਾ
ਜ਼ਿਆਦਾ ਹੇਜ ਕਰਦੀ ਹੈ। ਘੁੱਦੂ ਨੂੰ ਲੱਗਦਾ ਹੈ, ਵੱਡੇ ਭਰਾ ਪਹਿਲਾਂ ਹੀ ਜ਼ਮੀਨ ਵਿਚੋਂ ਕਦੀ
ਸਾਲ ਲਈ ਖਾਣ ਵਾਸਤੇ ਕਣਕ ਲਿਜਾ ਕੇ ਤੇ ਕਦੀ ਕਿਸੇ ਹੋਰ ਬਹਾਨੇ ਲਗਭਗ ਆਪਣਾ ਹਿੱਸਾ ਵੰਡਾ
ਲੈਂਦੇ ਹਨ ਪਰ ਉਸ ਉੱਤੇ ‘ਮੁਫ਼ਤ ਵਿੱਚ ਪੈਲੀ ਵਾਹੁਣ ਦਾ ਅਹਿਸਾਨ’ ਵੀ ਕਰਦੇ ਰਹਿੰਦੇ ਹਨ।
ਹੁਣ ਤਾਂ ਵਿਚਕਾਰਲਾ ਭਰਾ ਆਪਣੀ ਜ਼ਮੀਨ ਉਸ ਕੋਲੋਂ ਛੁਡਵਾ ਕੇ ਉਸ ਵਿੱਚ ਸਫ਼ੈਦੇ ਲਵਾਉਣ ਦੀ
ਸਕੀਮ ਬਣਾ ਰਿਹਾ ਹੈ। ਗੁਜ਼ਾਰਾ ਤਾਂ ਅੱਗੇ ਹੀ ਮੁਸ਼ਕਿਲ ਹੈ, ਜੇ ਹੁਣ ਭਰਾਵਾਂ ਨੇ ਵੀ ਜ਼ਮੀਨ
ਛੁਡਵਾ ਲਈ ਤਾਂ ਕੀ ਬਣੇਗਾ? ਇਹਨਾਂ ਦਿਨਾਂ ਵਿੱਚ ਹੀ ਘੁੱਦੂ ਦੀ ਹਮਾਇਤ ਕਰਨ ਵਾਲੀ ਮਾਂ ਚੱਲ
ਵੱਸਦੀ ਹੈ। ਵੱਡੇ ਭਰਾ ਤੇ ਭੈਣ ‘ਰਲ-ਮਿਲ’ ਕੇ ‘ਮਾਂ ਦਾ ‘ਕੱਠ ਗੱਜ-ਵਜਾ ਕੇ ਕਰਨ’ ਲਈ
ਘੁੱਦੂ ਤੇ ਉਸਦੇ ਬਜ਼ੁਰਗ ਪਿਤਾ ਨਾਲ ਮਸ਼ਵਰਾ ਕਰਨ ਆਉਂਦੇ ਹਨ। ਘੁੱਦੂ ਤਾਂ ਭੈਣ ਭਰਾਵਾਂ ‘ਤੇ
ਪਹਿਲਾਂ ਹੀ ਭਰਿਆ ਬੈਠਾ ਹੈ। ਜਦੋਂ ਮਾਂ ਦੇ ਫੁੱਲ ਗੰਗਾ ਵਿੱਚ ਪਾ ਕੇ ਆਉਣ ਦਾ ਜ਼ਿਕਰ ਛਿੜਦਾ
ਹੈ ਤਾਂ ਉਸਦਾ ਧੁਖਦਾ ਅੰਦਰ ਮੱਚ ਪੈਂਦਾ ਹੈ ਤੇ ਉਹ ਗੁੱਸੇ ਵਿੱਚ ਉੱਬਲਦਾ ਕਹਿੰਦਾ ਹੈ,
“ਵੇਖੋ ਜੀ! ਤੁਹਾਡੇ ਤੋਂ ਗੁੱਝੀ ਛਿਪੀ ਗੱਲ ਨ੍ਹੀਂ। ਆਪਾਂ ਆਂ ਮਰੇੜੇ। ਆਪਣੇ ਤੋਂ ਤਾਂ ਅਜੇ
ਨ੍ਹੀਂ ਜੇ ਇਹ ਗੰਗਾ ਗੁੰਗਾ ਪੁੱਗਦੀਆਂ। ਜੇ ਬਹੁਤੀ ਗੱਲ ਐ ਤਾਂ ਬੁਢੜੀ ਦੇ ਫੁੱਲ ਤੁਸੀਂ
ਗੰਗਾ ਪਾ ਆਓ। ਤੇ ਐਹ ਬੁਢੜਾ ਬੈਠਾ ਤੁਹਾਡੇ ਸਾਹਮਣੇ ਜਿਊਂਦਾ ਜਾਗਦਾ। ਇਹਦੇ ਮੈਂ ਕੱਲਾ ਈ
ਗੰਗਾ ਪਾ ਆਊਂ। ਸੱਚੀ ਗੱਲ ਆ ਜੀ। ਅਜੇ ਆਪਣੀ ਪੁੱਜਤ ਨ੍ਹੀਂ। ਤੇ ਜੇ ਇਹ ਸੌਦਾ ਵੀ ਨ੍ਹੀਂ
ਮਨਜ਼ੂਰ ਤਾਂ ਸਰਦਾਰ ਜੀ, ਔਹ ਕਿੱਲੀ ‘ਤੇ ਮੇਰੇ ਤਿੱਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ;
ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਊਂ।”
ਕਈ ਸਾਲ ਆਪਣੇ ਛੋਟੇ ਭਰਾ ਨੂੰ ਜ਼ਮੀਨ ਛੱਡੀ ਰੱਖਣ ਤੋਂ ਬਾਅਦ ਜਦੋਂ ਮੈਂ ਜਲੰਧਰ ਚਲਾ ਗਿਆ
ਤਾਂ ਜ਼ਮੀਨ ਸੁਰਿੰਦਰ ਕੋਲੋਂ ਛੁਡਾ ਕੇ ਹਿੱਸੇ-ਠੇਕੇ ‘ਤੇ ਦੇਣੀ ਸ਼ੁਰੂ ਕਰ ਦਿੱਤੀ। ਉਸ ਵਿਚੋਂ
ਕੁੱਝ ਜ਼ਮੀਨ ਸੁਰਿੰਦਰ ਵੀ ਵਾਹੁੰਦਾ ਸੀ ਤੇ ਇਸ ਵਿਚੋਂ ਵੀ ਮੈਨੂੰ ਉਸ ਨਾਲ ਰਿਆੲਤ ਕਰ ਕੇ ਆਪ
ਘਾਟਾ ਸਹਿਣਾ ਪੈਂਦਾ ਸੀ। ਪਹਿਲਾਂ ਤਾਂ ਆਮ ਰੇਟ ਨਾਲੋਂ ਠੇਕਾ ਘੱਟ ਕਰਨਾ; ਫੇਰ ਉਸ ਵਿਚੋਂ
ਵੀ ਅੱਧ-ਪਚੱਧਾ ਹੀ ਮਿਲਣਾ। ਬਾਕੀ ‘ਉਧਾਰ’ ਹੋ ਜਾਣਾ ਜਿਹੜਾ ਕਦੀ ਵੀ ਨਹੀਂ ਸੀ ਤਰਨਾ
ਹੁੰਦਾ। ਇੱਕ ਦੋ ਵਾਰ ਤਾਂ ਮੈਂ ਆਪਣੇ ਘਰਦਿਆਂ ਤੋਂ ਸੱਚਿਆਂ ਹੋਣ ਵਾਸਤੇ ਆਪਣੇ ਕੋਲੋਂ ਪੈਸੇ
‘ਕੱਢ’ ਕੇ ਉਸਨੂੰ ਦੇ ਆਉਣੇ ਤੇ ਆਖਣਾ ਕਿ ਉਹ ਜਾ ਕੇ ਆਪਣੀ ਭਾਬੀ (ਮੇਰੀ ਪਤਨੀ ਰਜਵੰਤ) ਨੂੰ
ਆਖੇ ਕਿ ਪਿਛਲੇ ਪੈਸਿਆਂ ‘ਚੋਂ ਏਨੇ ਕੁ ਪੈਸੇ ਰੱਖ ਲਵੇ ਤੇ ਬਾਕੀ ਛੋਟਾ ਭਰਾ ਜਾਣ ਕੇ ਛੱਡ
ਦੇਵੇ। ਤੇ ਫਿਰ ਇਸਤਰ੍ਹਾਂ ਹੀ ਹੁੰਦਾ। ਪਿਛਲੇ ਪੈਸੇ ‘ਤੇ ਲੀਕ ਵੱਜ ਜਾਣੀ ਤੇ ਨਵਾਂ
‘ਹਿਸਾਬ-ਕਿਤਾਬ’ ਸ਼ੁਰੂ ਹੋ ਜਾਣਾ! ਇਸ ਸਭ ਕੁੱਝ ਦੇ ਬਾਵਜੂਦ ਸੁਰਿੰਦਰ ਦੇ ਅੰਦਰ ਵੱਟ ਸੀ ਕਿ
ਮੈਂ ਉਸ ਕੋਲੋਂ ਜ਼ਮੀਨ ਕਿਉਂ ਛੁਡਵਾ ਲਈ! ਛੁਡਵਾਈ ਮੈਂ ਇਸ ਕਰਕੇ ਸੀ ਕਿ ਮੇਰੇ ‘ਪੱਲੇ ਕੁੱਝ
ਨਹੀਂ ਸੀ ਪੈਂਦਾ।’ ਸੁਰਿੰਦਰ ਆਨੇ ਬਹਾਨੇ ਪੈਲੀ ਠੇਕੇ ਉੱਤੇ ਲੈਣ ਵਾਲਿਆਂ ਨਾਲ ਪੰਗਾ ਲਈ
ਰੱਖਦਾ। ਉਸਦੇ ਮਨ ਵਿੱਚ ਸ਼ਾਇਦ ਇਹ ਵੀ ਹੋਵੇ ਕਿ ਇਹ ਲੋਕ ਏਸੇ ਕਲੇਸ਼ ਤੋਂ ਜ਼ਮੀਨ ਠੇਕੇ ‘ਤੇ
ਲੈਣੀ ਬੰਦ ਕਰ ਦੇਣਗੇ ਤੇ ਉਸਨੂੰ ਫਿਰ ਤੋਂ ਜ਼ਮੀਨ ਵਾਹੁਣ ਦਾ ਮੌਕਾ ਮਿਲ ਜਾਵੇਗਾ!
ਇੱਕ ਦਿਨ ਉਹ ਠੇਕੇ ਵਾਲੇ ਜੱਟਾਂ ਨਾਲ ਕਿਸੇ ਗੱਲੋਂ ਝਗੜ ਪਿਆ। ਉਹਨਾਂ ਦਾ ਮੁੰਡਾ ਕਹਿੰਦਾ,
“ਵੇਖ ਲੈ ਤੂੰ ਵਾਧਾ ਕਰਦੈਂ। ਅਸੀਂ ਭਾ ਜੀ ਨੂੰ ਦੱਸਾਂਗੇ।”
ਉਸਨੇ ਅੱਗੋਂ ‘ਭਾ ਜੀ’ (ਮੈਨੂੰ) ਨੂੰ ਵੀ ਵੱਡੀ ਸਾਰੀ ਗਾਲ੍ਹ ਕੱਢੀ ਤੇ ਕਿਹਾ, “ਉਸਨੂੰ ਵੀ
ਵੇਖ ਲਊਂਗਾ।”
ਠੇਕੇ ਵਾਲਿਆਂ ਦਾ ਮੁੰਡਾ ਮੇਰੇ ਕੋਲ ਜਲੰਧਰ ਆਇਆ ਤੇ ਸਾਰੀ ਗੱਲ ਦੱਸੀ। ਮੈਨੂੰ ਵੀ ਬੜਾ
ਗੁੱਸਾ ਆਇਆ। ਜੇ ਮੇਰਾ ਭਰਾ ਹੀ ਸ਼ਰੀਕਾਂ ਅੱਗੇ ਮੈਨੂੰ ਗਾਲ੍ਹਾਂ ਕੱਢੇਗਾ ਤਾਂ ਪਿੰਡ ਵਿੱਚ
ਸਾਲਾਂ ਦੀ ਬਣੀ-ਬਣਾਈ ਮੇਰੀ ਇੱਜ਼ਤ ਤੇ ਹੋਂਦ ਤਾਂ ਮਿੱਟੀ ਹੋ ਜਾਊ! ਮੈਂ ਓਸੇ ਦਿਨ ਪਿੰਡ
ਗਿਆ। ਖੇਤਾਂ ਵਿੱਚ ਸਿਰਫ਼ ਮੇਰੀ ਛੋਟੀ ਭਰਜਾਈ ਬੀਰ੍ਹੋ ਹੀ ਘਰ ਵਿੱਚ ਸੀ। ਬੀਬੀ ਤੇ ਸੁਰਿੰਦਰ
ਕਿਤੇ ਵਾਂਢੇ ਗਏ ਹੋਏ ਸਨ। ਮੈਂ ਬੀਰ੍ਹੋ ਨਾਲ ਸੁਰਿੰਦਰ ਵੱਲੋਂ ਕੱਢੀ ਗਾਲ੍ਹ ਦੀ ਤਿੱਖੀ
ਨਰਾਜ਼ਗੀ ਪਰਗਟ ਕੀਤੀ। ਸੁਰਿੰਦਰ ਹੁੰਦਾ ਤਾਂ ਪਤਾ ਨਹੀਂ ਸਾਡਾ ਕਿਹੋ ਜਿਹਾ ਵਾਰਤਾਲਾਪ
ਹੁੰਦਾ। ਹੁਣ ਬੀਰ੍ਹੋ ਨੂੰ ਮੈਂ ਕੀ ਆਖੀ ਜਾਂਦਾ! ਮੇਰੇ ਬੋਲਾਂ ਵਿੱਚ ਖਿਝ ਤੇ ਗੁੱਸਾ ਰਲਿਆ
ਹੋਇਆ ਸੀ, “ਜਿੰਨਾਂ ਨ੍ਹਾਤੀ, ਓਨਾ ਪੁੰਨ। ਤੂੰ ਹੁਣ ਆਪਣੇ ਘਰਵਾਲੇ ਨੂੰ ਦੱਸ ਦਈਂ ਕਿ
ਜਿਹੜੀ ਮੇਰੀ ਚਾਰ ਕਿੱਲੇ ਜ਼ਮੀਨ ਤੁਸੀਂ ਵਾਹੁੰਦੇ ਜੇ; ਅਗਲੀ ਵਾਰ ਉਹਦੇ ਵੱਲ ਮੂੰਹ ਨਹੀਂ
ਕਰਨਾ। ਦੂਜਾ; ਹਫ਼ਤੇ ਦੇ ਵਿੱਚ ਵਿੱਚ ਮੇਰੇ ਬਕਾਇਆ ਪੈਸਿਆਂ ਦਾ ਪ੍ਰਬੰਧ ਕਰ ਦਿਓ। ਨਾਲੇ
ਤੁਹਾਨੂੰ ਜ਼ਮੀਨ ਖਵਾਵਾਂ ਤੇ ਨਾਲੇ ਗਾਲ੍ਹਾਂ ਖਾਵਾਂ!”
ਜ਼ਮੀਨ ਛੱਡਣ ਤੇ ਪੈਸੇ ਮੰਗਣ ਦੀ ਗੱਲ ਸੁਣ ਕੇ ਬੀਰ੍ਹੋ ਚੁੱਪ ਕਰ ਗਈ। ਮੈਂ ਉਹਦੇ ਚਿਹਰੇ ਵੱਲ
ਵੇਖਿਆ। ਉਹਦੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ ਸੀ। ਕਹਿੰਦੀ, “ਭਾ ਜੀ, ਕਹਾਣੀਆਂ ਤਾਂ
‘ਆਪਣਾ ਆਪਣਾ ਹਿੱਸਾ’ ਵਰਗੀਆਂ ਲਿਖਦੇ ਹੋ ਤੇ ਮਾੜੇ ਭਰਾ ਨੂੰ ਕਹਿੰਦੇ ਓ ਜ਼ਮੀਨ ਨਹੀਂ ਦੇਣੀ
ਵਾਹੁਣ ਵਾਸਤੇ?”
ਮੇਰੇ ਤਾਂ ਜਿਵੇਂ ਕਲੇਜੇ ਵਿੱਚ ਤੀਰ ਵੱਜਾ ਹੋਵੇ! ਮੇਰੀ ਕਹਾਣੀ ਨੇ ਮੇਰੇ ਉੱਤੇ ਹੀ
ਪਲਟ-ਵਾਰ ਕੀਤਾ ਸੀ। ਮੇਰਾ ਅੰਦਰ ਹਲੂਣਿਆਂ ਗਿਆ। ਮੈਂ ਪਿਘਲੇ ਮਨ ਨਾਲ ਉਸਦੇ ਸਿਰ ‘ਤੇ ਹੱਥ
ਰੱਖਿਆ। ਠੰਢੀ ਤੇ ਬੁਝੀ ਆਵਾਜ਼ ਵਿੱਚ ਕਿਹਾ, “ਉਹਨੂੰ ਆਖੀਂ ਵੱਡੇ ਭਰਾ ਨੂੰ ਗਾਲ੍ਹਾਂ ਦੇਣ
ਨਾਲ ਉਹਦੀ ਸੋਭਾ ਨਹੀਂ ਬਣਨੀ। ਲੋਕ ਦੋਵਾਂ ਦਾ ਹੀ ਮਖ਼ੌਲ ਉਡਾਉਣਗੇ।”
ਏਨੀ ਆਖ ਕੇ ਮੈਂ ਵਾਪਸ ਜਲੰਧਰ ਜਾਣ ਲਈ ਮੁੜ ਪਿਆ। ਜ਼ਮੀਨ ਛੁਡਾਉਣ ਤੇ ਪੈਸੇ ਲੈਣ ਵਾਲਾ ਦਬਕਾ
ਖੁਰ ਕੇ ਪਾਣੀ ਹੋ ਗਿਆ। ਸਾਡੀ ਖਲੋਤਿਆਂ ਖਲੋਤਿਆਂ ਹੀ ਮਸਾਂ ਪੰਜ ਕੁ ਮਿੰਟ ਗੱਲ ਹੋਈ
ਹੋਵੇਗੀ। ਪੰਜਾਂ ਮਿੰਟਾਂ ਦੇ ਛੋਟੇ ਜਿਹੇ ਵਕਫ਼ੇ ਵਿੱਚ ਮੇਰੇ ਮੱਚਦੇ ਅੰਦਰ ਨੂੰ ਮੇਰੀ ਹੀ
ਕਹਾਣੀ ਦਾ ਘੜਾ ਮੇਰੇ ਉੱਤੇ ਡੋਹਲ ਕੇ ਬੀਰ੍ਹੋ ਨੇ ਠੰਢਿਆਂ ਕਰ ਦਿੱਤਾ ਸੀ!
ਸਾਡੀ ਮਾਂ ਵੀ ਮੇਰੇ ਛੋਟੇ ਭਰਾ ਸੁਰਿੰਦਰ ਕੋਲ ਪਿੰਡ ਹੀ ਰਹਿੰਦੀ ਸੀ। ਬੀਬੀ ਨੂੰ ਦਿਲ ਦੀ
ਤਕਲੀਫ ਹੋਈ ਤਾਂ ਉਸਨੂੰ ਬੀੜ ਬਾਬਾ ਬੁੱਢਾ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ
ਸੁਰਿੰਦਰ ਨੇ ਮੈਨੂੰ ਜਲੰਧਰ ਫ਼ੋਨ ਕਰ ਦਿੱਤਾ। ਮੈਂ ਤੁਰਤ ਹਸਪਤਾਲ ਪਹੁੰਚਿਆ। ਬੀਬੀ ਠੀਕ-ਠਾਕ
ਲੱਗੀ। ਡਿਊਟੀ ਦੇ ਰਹੇ ਡਾਕਟਰ ਨਾਲ ਉਸਦੀ ਹਾਲਤ ਬਾਰੇ ਗੱਲ ਕੀਤੀ ਤੇ ਪੁੱਛਿਆ ਕਿ ਜੇ ਖ਼ਤਰੇ
ਦੀ ਗੱਲ ਹੈ ਤਾਂ ਅਸੀਂ ਬੀਬੀ ਨੂੰ ਉਸਦੀ ਆਗਿਆ ਨਾਲ ਵਧੇਰੇ ਸੁਵਿਧਾਵਾਂ ਵਾਲੇ ਕਿਸੇ ਚੰਗੇ
ਹਸਪਤਾਲ ਵਿੱਚ ਅੰਮ੍ਰਿਤਸਰ ਲੈ ਜਾਈਏ; ਤਾਂ ਉਹ ਕਹਿੰਦਾ, “ਮੈਂ ਬਤੌਰ ਲੇਖਕ ਤੁਹਾਨੂੰ ਜਾਣਦਾ
ਹਾਂ ਤੇ ਮੇਰੀ ਰਾਇ ਅਨੁਸਾਰ ਹੁਣ ਬੀਬੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ।”
ਮੈਂ ਸਾਰੀ ਦਿਹਾੜੀ ਬੀਬੀ ਕੋਲ ਰਿਹਾ। ਉਹ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ।
ਕਈ ਗਿਲੇ-ਸ਼ਿਕਵੇ ਵੀ ਸਾਂਝੇ ਕੀਤੇ। ਸ਼ਾਮ ਨੂੰ ਪੁੱਛਿਆ, “ਬੀਬੀ ਮੈਂ ਡਾਕਟਰ ਨਾਲ ਗੱਲ ਕੀਤੀ
ਹੈ। ਉਹ ਕਹਿੰਦਾ ਹੈ ਕਿ ਸਾਡੀ ਬੀਬੀ ਨੂੰ ਕੋਈ ਖ਼ਤਰਾ ਨਹੀਂ। ਜੇ ਤੂੰ ਆਖੇਂ ਤਾਂ ਮੈਂ ਰਾਤ
ਨੂੰ ਜਲੰਧਰ ਚਲਿਆ ਜਾਵਾਂ। ਰਜਵੰਤ ਤੇ ਬੱਚਿਆਂ ਦਾ ਫ਼ਿਕਰ ਦੂਰ ਹੋ ਜੂ। ਸਵੇਰੇ ਵੇਲੇ ਸਿਰ
ਮੈਂ ਤੇ ਰਜਵੰਤ ਦੋਵੇਂ ਪਹੁੰਚ ਜਾਵਾਂਗੇ। ਸਾਡੇ ਵਿਚੋ, ਜਿੰਨੇ ਦਿਨ ਲੋੜ ਹੋਈ, ਇੱਕ ਜਣਾ
ਪੱਕਾ ਤੇਰੇ ਕੋਲ ਠਹਿਰ ਜਾਊ।”
ਬੀਬੀ ਨੇ ਖ਼ੁਸ਼ੀ ਖ਼ੁਸ਼ੀ ਹਾਮੀ ਭਰੀ। ਮੈਂ ਗਲਵੱਕੜੀ ਲਈ ਝੁਕਿਆ ਤਾਂ ਉਸਨੇ ਬਾਹਵਾਂ ਚੁੱਕ ਕੇ
ਮੈਨੂੰ ਛਾਤੀ ਨਾਲ ਘੁੱਟ ਲਿਆ। ਬੀਬੀ ਦੇ ਇਲਾਜ ਲਈ ਘਰੋਂ ਲਿਆਂਦੇ ਪੈਸੇ ਉਸਦੇ ਕੋਲ ਰਾਤ
ਰਹਿਣ ਲਈ ਆਈ ਭੈਣ ਸੁਰਜੀਤੋ ਦੀ ਮੁੱਠੀ ਵਿੱਚ ਦੇ ਕੇ ਮੈਂ ਜਲੰਧਰ ਨੂੰ ਤੁਰ ਪਿਆ। ਅਜੇ
ਜਲੰਧਰ ਪੁੱਜੇ ਨੂੰ ਘੰਟਾ ਕੁ ਹੋਇਆ ਹੋਊ ਕਿ ਫ਼ੋਨ ਆ ਗਿਆ। ਬੀਬੀ ਪੂਰੀ ਹੋ ਗਈ ਸੀ!
ਬੀਬੀ ਦਾ ਸਸਕਾਰ ਕਰਨ ਤੋਂ ਬਾਅਦ ਘਰ ਵਿੱਚ ਅਫ਼ਸੋਸ ਲਈ ਆਈਆਂ ਮਕਾਣਾਂ ਲਈ ਰੋਟੀ-ਪਾਣੀ ਸਮੇਤ
ਹੋਣ ਵਾਲੇ ਹੋਰ ਸਾਰੇ ਖ਼ਰਚੇ ਮੈਂ ਸੰਭਾਲ ਲਏ। ਪਾਠ ਰੱਖਣ ਤੇ ‘ਅੰਤਿਮ ਅਰਦਾਸ’ ਵਾਲਾ ਦਿਨ
ਮਿਥਣ ਦੀ ਗੱਲ ਚੱਲੀ ਤਾਂ ਇਹ ਵੀ ਫ਼ੈਸਲਾ ਕਰਨਾ ਸੀ ਕਿ ਭੋਗ-ਸਮਾਗਮ ਕਿੱਥੇ ਰੱਖਿਆ ਜਾਵੇ।
ਸੁਰਿੰਦਰ ਇਸ ਗੱਲ ‘ਤੇ ਜ਼ੋਰ ਦੇ ਰਿਹਾ ਸੀ ਕਿ ਭੋਗ ਬਹਿਕ ਉੱਤੇ ਹੀ ਪਾਇਆ ਜਾਵੇ। ਭਾਵੇਂ ਅਜੇ
ਚਾਰ ਚੁਫ਼ੇਰੇ ਪੱਕੇ ਹੋਏ ਝੋਨੇ ਦੇ ਖੇਤ ਖਲੋਤੇ ਸਨ ਪਰ ਉਹ ਕਹਿੰਦਾ ਸੀ ਕਿ ਓਸ ਦਿਨ ਤੱਕ
ਝੋਨੇ ਵੱਢੇ ਜਾਣਗੇ। ਬਹਿਕ ਨੇੜਲੀ ਪੈਲੀ ਲੋਕਾਂ ਦੇ ਬੈਠਣ ਲਈ ਵਿਹਲੀ ਕਰ ਲਈ ਜਾਵੇਗੀ।
ਮੈਨੂੰ ਲੱਗਦਾ ਸੀ ਕਿ ਖੇਤਾਂ ਵਿਚਲਾ ਥਾਂ ਭੋਗ-ਸਮਾਗਮ ਲਈ ਕਿਸੇ ਤਰ੍ਹਾਂ ਵੀ ਢੁਕਵਾਂ ਨਹੀਂ।
ਛੋਟੀਆਂ ਕੱਚੀਆਂ ਪਹੀਆਂ ਵਿਚੋਂ ਲੋਕਾਂ ਤੇ ਰਿਸ਼ਤੇਦਾਰਾਂ ਦਾ ਗੱਡੀਆਂ ਜਾਂ ਟਰਾਲੀਆਂ ਉੱਪਰ
ਏਥੇ ਪਹੁੰਚਣਾ ਵੀ ਮੁਸ਼ਕਿਲ ਸੀ ਤੇ ਉਹਨਾਂ ਦੇ ਵਾਹਣਾਂ ਦੀ ਪਾਰਕਿੰਗ ਕਰਨਾ ਤਾਂ ਹੋਰ ਵੀ
ਔਖਾ।
“ਕਿੰਨੇ ਕੁ ਲੋਕ ਆ ਜਾਣਗੇ ਕਿਤੇ?” ਸੁਰਿੰਦਰ ਆਉਣ ਵਾਲੇ ਰਿਸ਼ਤੇਦਾਰਾਂ ਦੀ ਸੰਭਵ ਗਿਣਤੀ ਕਰਨ
ਲੱਗਾ। ਪਰ ਬੀਬੀ ਦੀ ਅੰਤਿਮ ਅਰਦਾਸ ਮੌਕੇ ਤਾਂ ਪੰਜਾਬ ਵਿਚੋਂ ਮੇਰੇ ਸਾਹਿਤਕ-ਸਭਿਆਰਚਾਰਕ
ਮਿੱਤਰ-ਘੇਰੇ ਦੇ ਬਹੁਤ ਸਾਰੇ ਲੋਕਾਂ ਦੇ ਆਉਣ ਦੀ ਸੰਭਾਵਨਾ ਸੀ। ਉਹਨਾਂ ਲਈ ਤਾਂ ਖੇਤਾਂ
ਵਿਚਲੀ ਇਹ ਥਾਂ ਲੱਭਣੀ ਉਂਜ ਹੀ ਮੁਸ਼ਕਿਲ ਸੀ। ਇਸ ਬਾਰੇ ਮੈਂ ਖ਼ਾਮੋਸ਼ ਹੀ ਰਿਹਾ ਕਿਉਂਕਿ
ਸੁਰਿੰਦਰ ਲਈ ਤਾਂ ਇਹ ਲੋਕ ਕਿਸੇ ਗਿਣਤੀ ਵਿੱਚ ਹੀ ਨਹੀਂ ਸਨ। ਮੈਂ ਸਭ ਤੋਂ ਛੋਟੇ ਭਣਵੱਈਏ
ਕਰਨੈਲ ਨਾਲ ਗੱਲ ਕੀਤੀ। ਉਹ ਮੇਰੇ ਨਾਲ ਸਹਿਮਤ ਸੀ। ਸੁਰਿੰਦਰ ਉਸਦੇ ਆਖੇ ਲੱਗਦਾ ਸੀ। ਉਸਨੂੰ
ਸਮਝਾਇਆ ਗਿਆ ਕਿ ਮੇਨ ਸੜਕ ਉੱਤੇ ਬਣੇ ਮੈਰਿਜ ਪੈਲਿਸ ਵਿੱਚ ਭੋਗ-ਸਮਾਗਮ ਰੱਖਿਆ ਜਾਣਾ
ਚਾਹੀਦਾ ਹੈ। ਓਥੇ ਪਾਰਕਿੰਗ ਲਈ ਵੀ ਵਾਧੂ ਸਹੂਲਤ ਹੋਵੇਗੀ ਤੇ ਆਉਣ ਵਾਲਿਆਂ ਨੂੰ ਥਾਂ ਲੱਭਣਾ
ਵੀ ਸੌਖਾ ਰਹੇਗਾ। ਸੁਰਿੰਦਰ ਬੱਧੇ-ਰੁੱਧੇ ਮਨ ਨਾਲ ਸਾਡੇ ਨਾਲ ਮੈਰਿਜ ਪੈਲਿਸ ਦੀ ਬੁਕਿੰਗ
ਕਰਨ ਲਈ ਤੁਰ ਪਿਆ।
ਪੈਲਿਸ ਵਿੱਚ ਪਹੁੰਚ ਕੇ ਜਦੋਂ ਪੈਲਿਸ ਵਾਲਿਆਂ ਨੇ ਕਿਹਾ ਕਿ ਚਾਹ-ਪਾਣੀ ਤੇ ਰੋਟੀ-ਪਾਣੀ ਲਈ
ਲੋੜਂੀਦੇ ਬਰਤਨਾਂ ਤੇ ਕਰੌਕਰੀ ਦੇ ਸਮਾਨ ਦਾ ਹਿਸਾਬ ਲਾਉਣ ਲਈ ਉਹਨਾਂ ਨੂੰ ਆਉਣ ਵਾਲੇ
ਮਹਿਮਾਨਾਂ ਦੀ ਗਿਣਤੀ ਦੱਸ ਦਿੱਤੀ ਜਾਵੇ। ਮੈਂ ਮਹਿਮਾਨਾਂ ਦੇ ਆਉਣ ‘ਤੇ ਉਹਨਾਂ ਨੂੰ
ਆਉਂਦਿਆਂ ਹੀ ਦੇਣ ਵਾਲੇ ਚਾਹ-ਪਾਣੀ ਅਤੇ ਮਠਿਆਈ ਦਾ ਵੇਰਵਾ ਦੱਸਣ ਲੱਗਾ। ਪਿੱਛੋਂ ਖਾਣੇ ਨਾਲ
ਦਾਲਾਂ ਸਬਜ਼ੀਆਂ ਤੇ ਸਵੀਟ ਡਿਸ਼ ਵਗੈਰਾ ਦਾ ਮੀਨੂ ਬਣਨ ਲੱਗਾ ਤਾਂ ਸੁਰਿੰਦਰ ਅੜ ਗਿਆ। ਕਹਿਣ
ਲੱਗਾ, “ਸਿਰਫ ਦਾਲ-ਰੋਟੀ ਚੱਲੂ। ਹੋਰ ਕੁੱਝ ਨਹੀਂ।”
ਮੈਂ ਉਸਦੇ ਅੰਦਰ ਦਾ ‘ਭੈਅ’ ਸਮਝਦਾ ਸਾਂ। ‘ਆਪਣਾ ਆਪਣਾ ਹਿੱਸਾ’ ਕਹਾਣੀ ਵਿਚਲਾ ਮਾਂ ਦੇ
‘ਕੱਠ ਕਰਨ ਵਾਲਾ ਬਿਰਤਾਂਤ ਮੈਨੂੰ ਭੁੱਲਿਆ ਨਹੀਂ ਸੀ।। ਸੁਰਿੰਦਰ ਵੱਲੋਂ ਗਾਲ੍ਹ ਕੱਢਣ ਵੇਲੇ
ਬੀਰ੍ਹੋ ਨਾਲ ਹੋਇਆ ਵਾਰਤਾਲਾਪ ਮੈਨੂੰ ਚੂੰਢੀਆਂ ਵੱਢ ਰਿਹਾ ਸੀ। ਇਸ ਲਈ ਮੈਂ ਕਰਨੈਲ ਨੂੰ
ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਬੀਬੀ ਦੇ ਚਲਾਣੇ ਤੋਂ ਬਾਅਦ ਉਸਦੇ ਭੋਗ ਤੱਕ ਹੋਣ ਵਾਲਾ
ਸਾਰੇ ਦਾ ਸਾਰਾ ਖ਼ਰਚਾ ਮੈਂ ਖ਼ੁਦ ਹੀ ਕਰਾਂਗਾ। ਸੁਰਿੰਦਰ ਨੂੰ ਇਸ ਵਿਚੋਂ ਪਾਈ ਵੀ ਨਹੀਂ ਦੇਣੀ
ਪਵੇਗੀ। ਪਰ ਸੁਰਿੰਦਰ ਤਾਂ ਹੋਣ ਵਾਲੇ ਖ਼ਰਚੇ ਵਿਚੋਂ ‘ਆਪਣਾ ਹਿੱਸਾ’ ਦੇਣ ਬਾਰੇ ਫ਼ਿਕਰ-ਮੰਦ
ਸੀ। ਜਿੰਨੇ ਬੰਦਿਆਂ ਦੀ ਗਿਣਤੀ ਮੈਂ ਕਰਾ ਰਿਹਾ ਸਾਂ ਤੇ ਜਿੰਨੀਆਂ ਖਾਣੇ ਦੀਆਂ ਆਈਟਮਾਂ
ਲਿਖਾ ਰਿਹਾ ਸਾਂ, ਇਹ ਉਸਨੂੰ ਹਰਗ਼ਿਜ਼ ਪ੍ਰਵਾਨ ਨਹੀਂ ਸਨ।
ਕਰਨੈਲ ਸਾਰੀ ਗੱਲ ਸਮਝਦਿਆਂ ਕਹਿੰਦਾ, “ਛਿੰਦਿਆ! ਤੂੰ ਖ਼ਰਚੇ ਤੋਂ ਡਰਦਾ ਏਂ?” ਅਜੇ ਉਸਨੇ
ਮੇਰੇ ਵੱਲੋਂ ਸਾਰਾ ਖ਼ਰਚਾ ਚੁੱਕਣ ਦੀ ਗੱਲ ਕੀਤੀ ਹੀ ਨਹੀਂ ਸੀ ਕਿ ਸੁਰਿੰਦਰ ਬੋਲ ਪਿਆ,
“ਖ਼ਰਚੇ ਤੋਂ ਡਰਾਂ ਨਾ? ਏਨਾ ਖ਼ਰਚਾ ਕੌਣ ਚੁੱਕੂ? ਮੈਨੂੰ ਇਹ ‘ਸੌਦਾ’ ਨਹੀਂ ਮਨਜ਼ੂਰ। ਖ਼ਰਚੇ ਦਾ
ਏਨਾ ਹਿੱਸਾ ਮੈਂ ਨਹੀਂ ਦੇ ਸਕਦਾ?”
ਕਰਨੈਲ ਨੇ ਉਸਨੂੰ ਸਮਝਾਇਆ, “ਫ਼ਿਕਰ ਨਾ ਕਰ। ਤੈਨੂੰ ਕੁੱਝ ਨਹੀਂ ਦੇਣਾ ਪੈਣਾ। ਭਾ ਜੀ ਕਰਨਗੇ
ਸਾਰਾ ਖ਼ਰਚਾ।”
“ਸਭ ਆਖਣ ਦੀਆਂ ਗੱਲਾਂ ਨੇ। ਮਗਰੋਂ--”
ਇਸਤੋਂ ਪਹਿਲਾਂ ਕਿ ਉਹ ਹੋਰ ਕੁੱਝ ਕਹਿੰਦਾ ਤੇ ਉਹਦੇ ਅੰਦਰਲਾ ਸੇਕ ‘ਆਪਣਾ ਆਪਣਾ ਹਿੱਸਾ’
ਕਹਾਣੀ ਦੇ ਸਿਖ਼ਰ ਤੱਕ ਜਾ ਛੂੰਹਦਾ; ਉਸਨੂੰ ਟੋਕਦਿਆਂ ਮੈਂ ਉਸਦੀ ਬਾਂਹ ਘੁੱਟ ਲਈ, “ਮੇਰੇ
ਵੀਰ! ਤੈਨੂੰ ਇੱਕ ਪੈਸਾ ਨਹੀਂ ਦੇਣਾ ਪਊ। ਤੂੰ ਅਸਲੋਂ ਬੇਫ਼ਿਕਰ ਰਹੋ।”
ਉਹ ਸ਼ਾਂਤ ਹੋ ਗਿਆ। ਮੇਰੀ ਆਪਣੀ ਕਹਾਣੀ ਨੇ ਪਿਛਲੇ ਕਈ ਸਾਲਾਂ ਤੋਂ ਮੈਨੂੰ ਕਹਾਣੀ ਵਿਚਲੇ
ਵੱਡੇ ਭਰਾਵਾਂ ਵਰਗਾ ਬਣਨ ਤੋਂ ਬਚਾ ਲਿਆ ਸੀ ਤੇ ਅੱਜ ਸੁਰਿੰਦਰ ਵੀ ਘੁੱਦੂ ਵਾਲੀ ਹੱਦ ਤੱਕ
ਪਹੁੰਚਣੋਂ ਪਹਿਲਾਂ ਹੀ ਵਾਪਸ ਪਰਤ ਆਇਆ ਸੀ।
1979 ਦੇ ਕਿਸੇ ਦਿਨ ਦੀ ਢਲੀ ਦੁਪਹਿਰ ਦਾ ਵਕਤ ਸੀ। ਮੈਂ ਆਪਣੇ ਪਿੰਡ ਵਾਲੇ ਘਰ ਦੇ ਵਿਹੜੇ
ਵਿੱਚ ਬੈਠਾ ਕੁੱਝ ਪੜ੍ਹ ਰਿਹਾ ਸਾਂ। ਬਾਹਰਲੇ ਬੂਹੇ ਅੱਗੇ ਕਿਸੇ ਦੇ ਲਲਕਾਰਾ ਮਾਰਨ ਦੀ ਆਵਾਜ਼
ਆਈ। ਇਹੋ ਜਿਹੇ ਕੌਤਕ ਬਜ਼ਾਰ ਵਿੱਚ ਰੋਜ਼ ਹੀ ਹੁੰਦੇ ਰਹਿੰਦੇ ਸਨ। ਮੈਂ ਗੌਲ਼ਿਆ ਨਾ। ਦੂਜੇ
ਲਲਕਾਰੇ ਦੀ ਆਵਾਜ਼ ਘਰ ਤੋਂ ਥੋੜੀ ਵਿੱਥ ਕਰ ਗਈ। ਪਰ ਦੋ-ਤਿੰਨ ਮਿੰਟ ਬਾਅਦ ਜਦੋਂ ਫਿਰ ਮੇਰੇ
ਦਰਵਾਜ਼ੇ ਸਾਹਮਣੇ ਸ਼ਰਾਬੀ ਨੇ ਲਲਕਾਰਾ ਮਾਰਿਆ ਤਾਂ ਸਾਹਮਣੀ ਦੁਕਾਨ ਵਾਲਾ ਤਾਇਆ ਗੁਰਲਾਲ ਚੰਦ
ਉਸਨੂੰ ਕਹਿੰਦਾ, “ਭਲਿਆਮਾਣਸਾ! ਅਗਲਾ ਚੁੱਪ-ਚਾਪ ਆਪਣੇ ਘਰ ‘ਚ ਬੈਠਾ ਏ। ਜਦੋਂ ਉਹ ਅੱਗੋਂ
ਨ੍ਹੀਂ ਬੋਲਦਾ। ਤੂੰ ਕਿਉਂ ਐਵੇਂ ਆਪਣੇ ਮੂੰਹ ਦਾ ਸਵਾਦ ਖ਼ਰਾਬ ਕਰਨ ਡਿਹਾਂ। ਜਾਹ ਆਪਣੇ ਘਰ
ਨੂੰ। ਕੋਈ ਗਾਹਕ ਆਉਣ ਦੇ।”
“ਨਹੀਂ, ਉਹਨੂੰ ਆਖੋ, ਇੱਕ ਵਾਰ ਬਾਹਰ ਤਾਂ ਨਿਕਲੇ।”
ਮੇਰੇ ਕੰਨ ਖੜੇ ਹੋ ਗਏ। ਕਿਤੇ ਕੋਈ ਮੈਨੂੰ ਹੀ ਤਾਂ ਨਹੀਂ ਸੀ ਵੰਗਾਰ ਰਿਹਾ। ਪਰ ਮੇਰੀ ਨਾ
ਕਿਸੇ ਨਾਲ ਦੁਸ਼ਮਣੀ ਨਾ ਵੱਟ-ਵਿਰੋਧ! ਫੇਰ ਵੀ ਮੈਂ ਜੁਗਿਆਸਾ ਵੱਸ ਘਰੋਂ ਬਾਹਰ ਨਿਕਲ ਆਇਆ।
ਦੋ ਕੁ ਦੁਕਾਨਾਂ ਛੱਡ ਕੇ ਮੇਰੇ ਘਰ ਵੱਲ ਮੂੰਹ ਕੀਤੀ ਸ਼ਰਾਬੀ ਹੋਇਆ ਮੇਰੀ ਕਹਾਣੀ ‘ਨਾਇਕ’ ਦਾ
ਮੁੱਖ ਪਾਤਰ ‘ਗੁਰਬਚਨ ਸਿੰਘ ਹਸਰਤ’ (ਇਹ ਉਸਦਾ ਕਹਾਣੀ ਵਿਚਲਾ ਨਾਂ ਹੈ) ਖਲੋਤਾ ਸੀ। ਮੈਨੂੰ
ਗੱਲ ਕੁੱਝ ਕੁਝ ਸਮਝ ਆਉਣੀ ਸ਼ੁਰੂ ਹੋ ਗਈ।
ਹਸਰਤ ਮੇਰੇ ਤੋਂ ਦਸ ਪੰਦਰਾਂ ਸਾਲ ਵੱਡਾ ਸੀ। ਚੜ੍ਹਦੀ ਜਵਾਨੀ ਵੇਲੇ ਉਹਦਾ ਗੋਰਾ ਰੰਗ ਭਖ਼ਦੀ
ਭਾਹ ਮਾਰਦਾ। ਉਹ ਹਰ ਵੇਲੇ ਹੱਸਦਾ ਤੇ ਖਿੜਿਆ-ਪੁੜਿਆ ਰਹਿੰਦਾ। ਉਸ ਵਿੱਚ ਵੱਖਰਾ ਤੇ ਵਧੀਆ
ਦਿਸਣ ਦਾ ਚਾਅ ਸੀ। ਉਹ ਉਰਦੂ ਅਖ਼ਬਾਰਾਂ ਲਈ ਗ਼ਜ਼ਲਾਂ ਤੇ ਅਫ਼ਸਾਨੇ ਲਿਖਦਾ। ਰੂਸੀ ਆਗੂ
ਬੁਲਗਾਨਿਨ ਭਾਰਤ ਆਇਆ ਤਾਂ ਉਸਨੇ ਉਹਦੇ ਵਰਗੀ ਦਾੜ੍ਹੀ ਬਣਾ ਲਈ। ਜ਼ਾਹਿਰ ਸੀ ਕਿ ਉਸ ਉੱਤੇ
ਅਗਾਂਹਵਧੂ ਲਹਿਰ ਦਾ ਪ੍ਰਭਾਵ ਸੀ। ਫੇਰ ਉਹ ਅਚਨਚੇਤ ਗ਼ਾਇਬ ਹੋ ਗਿਆ। ਪਤਾ ਲੱਗਾ ਕਿ ਉਹ ਆਪਣੇ
ਹਿੱਸੇ ਦੀ ਜ਼ਮੀਨ ਵਿਚੋਂ ਕੁੱਝ ਜ਼ਮੀਨ ਗਹਿਣੇ ਪਾ ਕੇ ਬੰਬਈ ਐਕਟਰ ਬਣਨ ਚਲਾ ਗਿਆ ਸੀ। ਤਿੰਨ
ਚਾਰ ਸਾਲ ਬਾਅਦ ਉਹ ਪਿੰਡ ਆਇਆ ਤਾਂ ਪਿੰਡ ਦੇ ਨੌਜਵਾਨ ਉਸਨੂੰ ਬੰਬਈ ਵਿੱਚ ਪ੍ਰਾਪਤ ਕੀਤੇ
ਅਨੁਭਵ ਬਾਰੇ ਸਵਾਲ ਕਰਦੇ। ਉਹ ਉਹਨਾਂ ਨਾਲ ਐਕਟਰ-ਐਕਟਰੈਸਾਂ ਦੇ ਕਿੱਸੇ ਬੜੇ ਚਸਕੇ ਲੈ ਲੈ
ਬਿਆਨ ਕਰਦਾ। ਉਦੋਂ ਛੇਵੀਂ ਸਤਵੀਂ ਵਿੱਚ ਪੜ੍ਹਦਾ ਹੋਵਾਂਗਾ। ਉਸਦੇ ਦਵਾਲੇ ਜੁੜੇ ਰਹਿਣ ਵਾਲੀ
ਮੁੰਡਿਆਂ ਦੀ ਭੀੜ ਵਿੱਚ ਮੈਂ ਵੀ ਪਿੱਛੇ ਜਿਹੇ ਹੋ ਕੇ ਬੈਠਾ ਰਹਿੰਦਾ। ਬੰਬਈ ਤੋਂ ਉਹ ਸ਼ਰਾਬ
ਅਤੇ ਸਿਗਰਟ ਦੀ ਆਦਤ ਨਾਲ ਲੈ ਆਇਆ। ਉਸਨੇ ਇੱਕ ਪ੍ਰੋਜੈਕਟਰ ਵੀ ਖ਼ਰੀਦ ਲਿਆਂਦਾ ਤੇ ਰਾਤ ਨੂੰ
ਸ਼ਰਾਬੀ ਹੋਕੇ ਪਿੰਡ ਦੀਆਂ ਗਲੀਆਂ ਵਿੱਚ ਮੁੰਡ੍ਹੀਰ ਨੂੰ ਇਕੱਠਿਆ ਕਰਕੇ ਉਹ ਫ਼ਿਲਮ ਵਿਖਾਉਂਦਾ
ਜਿਸ ਵਿੱਚ ਉਸਨੇ ਮਾਮੂਲੀ ਜਿਹਾ ਰੋਲ ਕੀਤਾ ਸੀ ਤੇ ਇੱਕ ਖੋਤੇ ਦੀ ਪਿੱਠ ‘ਤੇ ਪਿਛਲੇ ਪਾਸੇ
ਮੂੰਹ ਕਰੀ ਉਸਦੀ ਪੂਛ ਫੜ੍ਹ ਕੇ ਬੈਠਾ ਸੀ।
ਬੀਤਦੇ ਸਮੇਂ ਨਾਲ ਉਸਦੇ ਸੁਭਾਅ ਅਤੇ ਰੰਗ ਢੰਗ ਵਿੱਚ ਬੜੀਆਂ ਤਬਦੀਲੀਆਂ ਵਾਪਰਦੀਆਂ ਰਹੀਆਂ।
ਫ਼ਿਲਮੀ ‘ਨਾਇਕ’ ਨਾ ਬਣ ਸਕਣ ਦੀ ਪੀੜ ਨੇ ਉਹਨੂੰ ਤੋੜ ਦਿੱਤਾ ਸੀ। ਉਹ ਕਦੀ ਸਫ਼ਾ-ਚੱਟ ਹੋ
ਜਾਂਦਾ, ਕਦੇ ਲੰਮਾਂ ਚੋਲਾ ਪਾ ਕੇ ਨਿਹੰਗ ਸਿੰਘ ਸੱਜ ਜਾਂਦਾ ਤੇ ਹੱਥ ਵਿੱਚ ਲੰਮਾਂ ਬਰਛਾ
ਫੜ੍ਹਿਆ ਹੁੰਦਾ। ਕਦੀ ਸ਼ਰਾਬੀ ਹੋਇਆ ਗਲੀਆਂ ਵਿੱਚ ਫਿਰਦਾ ਰਹਿੰਦਾ। ਕਦੀ ਦੁੱਧ ਚਿੱਟੇ ਸਾਫ਼
ਕੱਪੜੇ ਪਾ ਕੇ ਡੂੰਘੇ ਅਧਿਆਤਮਕ ਅਨੁਭਵ ਦੀਆਂ ਗੱਲਾਂ ਕਰਨ ਲੱਗ ਜਾਂਦਾ। ਆਪਣੇ ਆਪ ਨੂੰ
‘ਸ਼ੰਕਰ ਭਗਵਾਨ’ ਆਖਦਾ। ਉਸਦੀ ਭਾਸ਼ਾ ਉਰਦੂ ਹਿੰਦੀ ਦਾ ਮਿਲਗੋਭਾ ਬਣ ਜਾਂਦੀ। ਅਧਿਆਤਮਕ ਅਨੁਭਵ
ਦੀਆਂ ਬਾਤਾਂ ਉਹ ਜਲੰਧਰ ਦੇ ਪ੍ਰਸਿੱਧ ਉਰਦੂ ਅਖ਼ਬਾਰ ਲਈ ਵੀ ਲਿਖਦਾ। ਉਸਦਾ ਲਿਖਿਆ ਪੜ੍ਹ ਕੇ
ਕਦੀ ਕਦੀ ਕੋਈ ਪਾਠਕ ਪਿੰਡ ਆ ਕੇ ਉਸਦਾ ਪਤਾ ਪੁੱਛਦਾ ਤਾਂ ਲੋਕ ਹੱਸ ਪੈਂਦੇ।
ਅਸਲ ਵਿੱਚ ਉਸਦੀ ਮਹੱਤਵਪੂਰਨ ਬਣਨ ਦੀ ਤਾਂਘ ਤਿੜਕ ਗਈ ਸੀ।
ਇਹਨਾਂ ਦਿਨਾਂ ਵਿੱਚ ਹੀ ਇੱਕ ਵਾਰ ਪਿੰਡ ਦੇ ਬਾਜ਼ਾਰ ਵਿੱਚ ਲੋੜੋਂ ਵੱਧ ਨਸ਼ੱਈ ਹੋਇਆ ਹਸਰਤ
ਮਿਲ ਪਿਆ। ਉਹਦੇ ਹੱਥ ਵਿੱਚ ਝੋਲਾ ਸੀ, ਜਿਸ ਵਿੱਚ ਉਸਨੇ ਇੱਕ ਫ਼ਾਈਲ ਰੱਖੀ ਹੋਈ ਸੀ। ਉਸ
ਫ਼ਾਈਲ ਵਿੱਚ ਉਹਦਾ ਹੁਣ ਤੱਕ ਲਿਖੇ ਧਾਰਮਿਕ ਲੇਖਾਂ, ਕਵਿਤਾਵਾਂ, ਕਹਾਣੀਆਂ ਦਾ ਸੰਗ੍ਰਿਹ ਸੀ।
ਉਸ ਨੇ ਮੈਨੂੰ ਵੇਖਿਆ ਅਤੇ ਬਦੋਬਦੀ ਮੇਰੀ ਬਾਂਹ ਫੜ ਲਈ। ਉਹ ਸ਼ਰਾਬੀ ਹੋਇਆ ਝੂਲ ਰਿਹਾ ਸੀ।
ਪਿੰਡ ਦੇ ਲੋਕਾਂ ਲਈ ਇਹ ਬੜੀ ਜਾਣੀ-ਪਛਾਣੀ ਝਾਕੀ ਸੀ। ਕੋਈ ਹੱਸ ਕੇ, ਕੋਈ ਘੂਰ ਕੇ ਕੋਲੋਂ
ਦੀ ਲੰਘ ਰਿਹਾ ਸੀ। ਹਸਰਤ ਨੇ ਮੇਰੇ ਵੱਲ ਹੱਥ ਕਰਦਿਆਂ ਕਿਹਾ, “ਸ਼ੇਕ ਹੈਂਡ”
ਮੈਂ ਉਸ ਨਾਲ ਹੱਥ ਮਿਲਾਇਆ। ਉਸ ਮੇਰੇ ਨਾਲ ਖੱਬਾ ਹੱਥ ਮਿਲਾਉਂਦਿਆਂ ਕਿਹਾ, “ਭਗਵਾਨ ਕੀ ਜਿਸ
ਪਰ ਨਜ਼ਰੇ-ਇਨਾਇਤ ਹੋ…ਉਸ ਕੇ ਸਾਥ ਹੀ ਬਾਇਆਂ ਹਾਥ ਮਿਲਾਤੇ ਹੈਂ……ਜਾਓ …ਤੁਮ੍ਹਾਰੇ ਤੀਨ ਲੋਕ
ਸੰਵਰ ਗਏ……”
ਫ਼ਿਰ ਉਸਨੇ ਕੰਬਦੇ ਹੋਏ ਹੱਥਾਂ ਨਾਲ ਫ਼ਾਈਲ ਖੋਲ੍ਹੀ ਅਤੇ ਮੇਰੇ ਸਾਹਮਣੇ ਫ਼ੈਲਾ ਦਿੱਤੀ,
“ਦੇਖੋ, ਦੋਸਤ ਯੇਹ ਸਬ ਲੋਗ ਗਧੇ ਹੈਂ………ਯੇ ਸ਼ੰਕਰ ਕੋ ਨਹੀਂ ਸਮਝਤੇ ਕਿ ਸ਼ੰਕਰ ਕਿਆ ਹੈ!
ਸ਼ੰਕਰ ਕਿਤਨਾ ਬੜਾ ਰਾਈਟਰ ਹੈ……ਕਿਤਨਾ ਬੜਾ ਫ਼ਿਲਾਸਫ਼ਰ ਹੈ……ਕਿਤਨਾ ਬੜਾ ਮਾਰਕਸਿਸਟ ਹੈ!
ਕਿਤਨਾ ਬੜਾ ਆਰਟਿਸਸਟ ਹੈ! ਯੇਹ ਤੋ ਮੁਝੇ ਬਹੁਤ ਬੜਾ ਉੱਲੂ ਕਾ ਪੱਠਾ ਸਮਝਤੇ ਹੈਂ……ਮੁਝੇ
ਥਾਨੇਦਾਰਨੀ ਕਾ ਨਾਲਾਇਕ ਬੱਚਾ ਸਮਝਤੇ ਹੈਂ……” ਉਹ ਦੰਦ ਭਚੀੜ ਕੇ ਹੱਸਣ ਲੱਗਾ:
“ਇਸੀ ਲੀਏ ਭਗਵਾਨ ਅਬ ਜ਼ਿੰਦਾ ਨਹੀਂ ਰਹੇਗਾ। ਦੋਸਤ… ਭਗਵਾਨ ਅਬ ਜਲਦੀ ਹੀ ਮਰ ਜਾਏਗਾ। ਯੇਹ
ਲੋਗ ਅਭੀ ਸਮਝ ਹੀ ਨਹੀਂ ਪਾਏਂਗੇ ਕਿ ਸ਼ੰਕਰ ਕਿਆ ਹੈ ਕਿ ਸ਼ੰਕਰ ਮਰ ਜਾਏਗਾ” …ਤੇ ਫ਼ਿਰ ਉਹ
ਜਿਵੇਂ ਡਾਢਾ ਹੀ ਨਿਰਾਸ਼ ਹੋ ਗਿਆ ਹੋਵੇ, “ਸ਼ੰਕਰ ਤੋ ਮਰ ਜਾਏਗਾ…ਲੇਕਿਨ ਸ਼ੰਕਰ ਕੀ ਤਾਰੀਖ਼ ਕੌਨ
ਲਿਖੇਗਾ? ਕੌਨ ਮੇਰੇ ਮਰਨੇ ਕੇ ਬਾਦ ਜਾਨੇਗਾ ਕਿ ਸ਼ੰਕਰ ਕਿਤਨਾ ਮਹਾਨ ਥਾ? ਕੌਨ ਲਿਖੇਗਾ ਮੇਰੀ
ਤਾਰੀਖ਼?” ਫ਼ਿਰ ਉਹ ਮੈਨੂੰ ਸੰਬੋਧਿਤ ਹੋਇਆ, “ਯਾਰ ਤੁਮ ਲਿਖਨਾ…ਕੋਈ ਨਹੀਂ ਜਾਨ ਸਕਤਾ ਸਾਲਾ
ਕਿ ਹਸਰਤ ਕੇ ਮਨ ਮੇਂ ਕਿਤਨੀ ਹਸਰਤੇਂ ਥੀ…ਸਿਰਫ਼ ਤੁਮ ਜਾਨਤੇ ਹੋ……ਅਕੇਲੇ ਤੁਮ……ਤੁਮ ਲਿਖਨਾ
ਮੇਰੀ ਤਾਰੀਖ਼ ਮੇਰੇ ਯਾਰ…ਬੋਲੋ; ਲਿਖੋਗੇ ਨਾ? ਬੋਲੋ ਵੀ……”
ਮੇਰੇ ਕੋਲ ‘ਹਾਂ’ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਉਸਨੇ ਆਪਣੀ ਫ਼ਾਈਲ ਮੈਨੂੰ ਫੜਾ
ਦਿੱਤੀ ਤਾਂ ਕਿ ਮੈਂ ਉਹਦੀਆਂ ਲਿਖ਼ਤਾਂ ਵਿੱਚੋਂ ਉਹਦੀ ਸ਼ਖ਼ਸੀਅਤ ਬਾਰੇ ‘ਠੋਸ’ ਰਾਇ ਬਣਾ ਸਕਾਂ।
ਏਨੇ ਚਿਰ ਵਿੱਚ ਹੀ ਉਹਦਾ ਗੱਭਰੂ ਮੁੰਡਾ ਕੈੜੀਆਂ ਅੱਖਾਂ ਨਾਲ ਵੇਖਦਾ ਸਾਡੇ ਕੋਲੋਂ ਦੀ ਲੰਘ
ਗਿਆ।
ਮੈਨੂੰ ਉਸਦੀ ਸ਼ਖ਼ਸੀਅਤ ਦੇ ਵਿਭਿੰਨ ਰੰਗ ਦਿਸਣੇ ਸ਼ੁਰੂ ਹੋਏ। ਉਸ ਵਿੱਚ ਕਿਸੇ ਕਹਾਣੀ ਦਾ ਪਾਤਰ
ਬਣਨ ਦਾ ਚੰਗਾ ਮਸਾਲਾ ਸੀ। ਕਹਾਣੀ ਵਿੱਚ ਮੈਂ ਜਿਹੜਾ ਵੱਖਰਾ ਪਾਤਰ ਸਿਰਜਿਆ ਉਸ ਵਿੱਚ
ਅੱਧ-ਪਚੱਧਾ ਹਸਰਤ ਦਾ ਅਸਲੀ ਪ੍ਰਛਾਵਾਂ ਸੀ। ਬਾਕੀ ਮੇਰੀ ਕਲਪਨਾ ਦਾ ਹਿੱਸਾ ਸੀ। ਮੈਂ ਉਹਦੇ
ਸੁਪਨਿਆਂ ਤੇ ਉਸਦੀ ‘ਨਾਇਕ’ ਬਣਨ ਦੀ ਭਾਵਨਾ ਨੂੰ ਆਜ਼ਾਦੀ ਤੋਂ ਪਿੱਛੋਂ ਕਮਿਊਨਿਸਟ ਲਹਿਰ ਨਾਲ
ਜੁੜੇ ਸੁਪਨਿਆਂ ਦੇ ਪ੍ਰਸੰਗ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਪਾਰਟੀ ਦੀਆਂ ਸਟੇਜਾਂ
‘ਤੇ ਕਲਾਕਾਰ ਵਜੋਂ ਕੰਮ ਕਰਦਾ ਵਿਖਾਇਆ। ਪਾਰਟੀਆਂ ਦੇ ਟੁਟਣ ਅਤੇ ਧੜੇਬੰਦੀ ਬਣਨ ਨਾਲ ਆਮ
ਕਾਡਰ ਉੱਤੇ ਪੈਣ ਵਾਲੇ ਮਨਫ਼ੀ ਅਸਰ ਨਾਲ ਪੈਦਾ ਹੁੰਦੇ ਵਿਸ਼ਾਦ ਨੂੰ ਉਸ ਨਾਲ ਜੋੜਿਆ। ਉਸ
ਕਿਰਦਾਰ ਨੂੰ ਫ਼ਿਲਮੀ ਜਦੋ-ਜਹਿਦ ਦੀ ਅਸਫ਼ਲਤਾ ਤੋਂ ਬਾਅਦ ਖੇਤੀ-ਬਾੜੀ ਵਿੱਚ ਛੋਟੇ ਕਿਰਸਾਣ ਦੀ
ਨਿੱਤ ਡਿੱਗਦੀ ਹਾਲਤ ਨਾਲ ਵੀ ਜੋੜਿਆ। ਉਸਦੇ ਅਸਲੀ ਰੂਪ ਤੇ ਵਿਖੰਡਤ ਹੋਏ ਨਾਇਕਤਵ ਦੀਆਂ
ਝਾਕੀਆਂ ਵੀ ਵਿਖਾਈਆਂ।
ਕਹਾਣੀ ‘ਸਿਰਜਣਾ’ ਵਿੱਚ ਛਪੀ ਸੀ ਤਾਂ ਹਸਰਤ ਨੂੰ ਪਤਾ ਨਹੀਂ ਇਸਦੀ ਸੂਹ ਕਿਥੋਂ ਮਿਲ ਗਈ।
ਉਸਨੇ ਕਹਾਣੀ ਪੜ੍ਹ ਲਈ ਸੀ ਤੇ ਇਸ ਵੇਲੇ ਮੇਰੇ ਘਰ ਦੇ ਸਾਹਮਣੇ ਸ਼ਰਾਬ ਵਿੱਚ ਧੁੱਤ ਖਲੋਤਾ
ਸੀ। ਮੈਨੂੰ ਬਾਹਰ ਆਇਆ ਵੇਖ ਕੇ ਉਸਨੇ ਫਿਰ ਲਲਕਾਰਾ ਮਾਰਿਆ, “ਇਹਨੂੰ ਪੁੱਛੋ, ਇਹ ਕਹਾਣੀ
ਵਿੱਚ ਮੈਨੂੰ ਸ਼ਰਾਬੀ ਬਣਾ ਕੇ ਪੇਸ਼ ਕਰਦਾ ਹੈ। ਇਹਦਾ ਪਿਉ ਕਿਹੜਾ ਘੱਟ ਸੀ। ਉਹ ਨਹੀਂ ਸੀ
ਸ਼ਰਾਬੀ? ਇਹਨੂੰ ਆਪਣੇ ਪਿਉ ਦਾ ਸ਼ਰਾਬ ਪੀਣਾ ਨਹੀਂ ਦਿਸਿਆ, ਮੇਰਾ ਸ਼ਰਾਬੀ ਹੋਣਾ ਦਿਸ ਪਿਐ?”
ਵਗਦੇ ਬਾਜ਼ਾਰ ਵਿਚੋਂ ਆਉਂਦੇ-ਜਾਂਦੇ ਦਸ-ਬਾਰਾਂ ਬੰਦੇ ਤਮਾਸ਼ਾ ਵੇਖਣ ਲਈ ਸਾਡੇ ਨੇੜੇ ਆ
ਖਲੋਤੇ। ਮੈਂ ਤਾਂ ਪੂਰੀ ਈਮਾਨਦਾਰੀ ਨਾਲ ਉਸ ਕਿਰਦਾਰ ਦੇ ਸੁਪਨਿਆਂ ਦੇ ਟੁੱਟਣ-ਤਿੜਕਣ ਦੀ
ਹਕੀਕਤ ਨੂੰ ਕਹਾਣੀ ਵਿੱਚ ਪੇਸ਼ ਕਰਦਿਆਂ ਉਸਦੀ ‘ਤਾਰੀਖ਼’ ਲਿਖ ਦਿੱਤੀ ਸੀ ਪਰ ਇਹ ‘ਤਾਰੀਖ਼’
ਹਸਰਤ ਨੂੰ ਪਸੰਦ ਨਹੀਂ ਸੀ ਆਈ। ਉਸਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਕਹਾਣੀ ਵਾਲਾ ‘ਹਸਰਤ’
ਉਹ ਨਹੀਂ, ਕੋਈ ਹੋਰ ਸੀ। ਮੇਰੇ ਮਨ ਦੀ ਕਲਪਨਾ। ਹੁਣ ਉਹ ਸੱਤ ਸਾਲ ਪਹਿਲਾਂ ਮਰ ਗਏ ਮੇਰੇ
ਪਿਉ ਦਾ ਮੁਰਦਾ ਪੁੱਟ ਰਿਹਾ ਸੀ। ਪਰ ਮੈਨੂੰ ਉਸ ‘ਤੇ ਗੁੱਸਾ ਨਹੀਂ ਆਇਆ। ਉਸਦੇ ਕੋਲ ਹੋ ਕੇ
ਹਾਸੇ ਨਾਲ ਆਖਿਆ, “ਹਸਰਤ ਸਾਹਿਬ ਤੁਸੀਂ ਜ਼ਰੂਰ ਸਾਰਿਆਂ ਦੇ ਸਾਹਮਣੇ ਮੇਰੇ ਪਿਉ ਦੇ ਸ਼ਰਾਬੀ
ਹੋਣ ਦਾ ‘ਭੇਤ’ ਖੋਲ੍ਹਣਾ ਸੀ! ਇਹਨਾਂ ਪਿੰਡ ਦੇ ਲੋਕਾਂ ਤੋਂ ਕਿਹੜੀ ਕੋਈ ਹਕੀਕਤ ਲੁਕੀ ਹੋਈ
ਹੈ! ਇਹ ਮੇਰੇ ਪਿਓ ਬਾਰੇ ਵੀ ਜਾਣਦੇ ਨੇ, ਤੁਹਾਡੇ ਬਾਰੇ ਵੀ ਕੋਈ ਗੱਲ ਇਹਨਾਂ ਤੋਂ ਲੁਕੀ
ਹੋਈ ਨਹੀਂ ਤੇ ਮੇਰੇ ਬਾਰੇ ਵੀ ਕੋਈ ਭੁਲੇਖਾ ਨਹੀਂ।”
“ਨਾ, ਨਾ ਤੇਰਾ ਪਿਓ ਕੋਈ ਦੁੱਧ-ਧੋਤਾ ਸੀ! ਉਹ ਨਹੀਂ ਸੀ ਸ਼ਰਾਬੀ? ਤੂੰ ਮੈਨੂੰ ਨਿਰ੍ਹਾ
ਸ਼ਰਾਬੜ ਬਣਾ ਧਰਿਆ ਹੈ!”
ਮੈਂ ਉਸਦਾ ਹੱਥ ਫੜ੍ਹ ਕੇ ੳੇੁਸਦੀ ‘ਲੇਖਕੀ-ਪ੍ਰਤਿਭਾ’ ਨੂੰ ਮੁਖ਼ਾਤਬ ਹੋਇਆ, “ਹਸਰਤ ਸਾਹਿਬ!
ਇਹ ‘ਤਾਰੀਖ਼’ ਮੈਂ ਤੁਹਾਡੇ ਕਹਿਣ ‘ਤੇ ਹੀ ਲਿਖੀ ਹੈ। ਲਿਟਰੇਚਰ ਵਿੱਚ ਲਿਖੀ ‘ਤਾਰੀਖ਼’ ਨਾ
ਕਿਸੇ ਨੂੰ ਖ਼ੁਸ਼ ਕਰਨ ਲਈ ਲਿਖੀ ਜਾਂਦੀ ਹੈ ਤੇ ਨਾ ਨਾਰਾਜ਼ ਕਰਨ ਲਈ। ਇਹ ਤਾਂ ਬਾਬੇ ਨਾਨਕ
ਵਾਂਗ ‘ਸੱਚ ਦੀ ਬੇਲਾ ਵੇਲੇ ਸੱਚ ਸੁਨਾਉਣ ਵਾਲੀ’ ਤਾਰੀਖ਼ ਹੁੰਦੀ ਹੈ।”
ਉਸਨੇ ਗੁੱਸੇ ਵਿੱਚ ਮੇਰੇ ਕੋਲੋਂ ਹੱਥ ਛੁਡਾ ਲਿਆ ਤੇ ‘ਫੇਰ ਕਦੀ ਮਿਲਣ’ ਦੀ ਧਮਕੀ ਦੇ ਕੇ
ਪਰੇ ਨੂੰ ਤੁਰ ਪਿਆ। ਮੈਂ ਪਿੱਛੋਂ ਆਵਾਜ਼ ਦਿੱਤੀ, “ਹਸਰਤ ਸਾਹਿਬ! ਸੱਚ ਬੋਲਣ ਲੱਗਿਆਂ ਮੈਂ
ਪਿਉ ਦਾ ਵੀ ਲਿਹਾਜ ਨਹੀਂ ਕੀਤਾ। ਜੇ ਜਾਨਣਾ ਹੋਵੇ ਤਾਂ ਮੇਰੀ ‘ਅੰਗ-ਸੰਗ’ ਕਹਾਣੀ ਪੜ੍ਹ
ਲੈਣੀ।”
ਇਸ ਘਟਨਾ ਤੋਂ ਬਾਅਦ ਉਸਦਾ ਬੋਲ-ਚਾਲ ਮੇਰੇ ਨਾਲੋਂ ਬਿਲਕੁਲ ਹੀ ਬੰਦ ਹੋ ਗਿਆ। ਮੇਰੇ ਸਾਥੀ
ਅਧਿਆਪਕਾਂ ਕੋਲ ਮੇਰੇ ਖ਼ਿਲਾਫ਼ ਬੋਲਦਾ ਤੇ ਕਹਿੰਦਾ, “ਮੇਰਾ ਵੀ ਊਠ ਵਾਲਾ ਗੁੱਸਾ ਹੈ। ਕਦੀ ਨਾ
ਕਦੀ ਬਦਲਾ ਲਊਂਗਾ ਜ਼ਰੂਰ!” ਉਸਦੇ ਅੰਦਰੋਂ ਗੁੱਸਾ ਮਰਿਆ ਨਹੀਂ ਸੀ। ਜਦੋਂ ਵੀ ਕਿਤੇ
ਰਾਹ-ਖਹਿੜੇ ਮੇਰੇ ਕੋਲੋਂ ਗੁਜ਼ਰਦਾ ਤਾਂ ਉਹਦੇ ਮੱਥੇ ‘ਤੇ ਤਿਊੜੀ ਤੇ ਅੱਖਾਂ ਵਿੱਚ ਘੂਰੀ
ਹੁੰਦੀ। ਮੈਨੂੰ ਉਸਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਸੀ ਪਰ ਜਦੋਂ ਚਾਰ-ਪੰਜ ਸਾਲ ਬਾਅਦ ਉਸਦਾ
ਮੁੰਡਾ ਭਗੌੜਾ ਹੋ ਕੇ ‘ਖਾੜਕੂਆਂ’ ਨਾਲ ਜਾ ਰਲਿਆ ਤਾਂ ਮੇਰੇ ਮਨ ‘ਚੋਂ ਕਦੀ ਕਦੀ ਭੈਅ ਦੀ
ਇੱਕ ਲੀਕ ਜਿਹੀ ਗ਼ੁਜ਼ਰਨ ਲੱਗੀ। ਕਿਤੇ ਉਹ ਮੇਰੇ ਖ਼ਿਲਾਫ਼ ਇਕੱਠਾ ਹੋਇਆ ਗੁੱਸਾ ਆਪਣੇ ਮੁੰਡੇ
ਰਾਹੀਂ ਹੀ ਨਾ ਕੱਢਦਾ ਹੋਵੇ!
ਉਹਨਾਂ ਦਿਨਾਂ ਵਿੱਚ ਹੀ ਕਿਧਰੇ ਨ੍ਹਾਤਾ-ਧੋਤਾ ਤੇ ਬਣਿਆਂ-ਸੰਵਰਿਆ ਹਸਰਤ ਮੈਨੂੰ ਰਾਹ ਵਿੱਚ
ਮਿਲ ਪਿਆ। ਉਹ ਦੂਰੋਂ ਹੱਸਦਾ ਆਉਂਦਾ ਸੀ। ਕੋਲ ਆ ਕੇ ਹੱਥ ਮਿਲਾ ਕੇ ਕਹਿੰਦਾ, “ਤੁਹਾਡੇ ਜੇ
ਬੀ ਟੀ ਦੇ ਜਮਾਤੀ ਹਰਭਜਨ ਸਿੰਘ ਦੇ ਲੜਕੇ ਨਾਲ ਤੇਰੀ ਭਤੀਜੀ ਦੀ ਮੰਗਣੀ ਹੋਈ ਹੈ। ਅਸੀਂ ਸ਼ਗਨ
ਲਾਉਣ ਗਏ ਤਾਂ ਸਾਡਾ ਕੁੜਮ ਕਹਿੰਦਾ ਕਿ ਤੁਹਾਡੇ ਪਿੰਡ ਦਾ ਵਰਿਆਮ ਸੁੰਹ ਮੇਰਾ ਜਮਾਤੀ ਏ।
ਮੈਂ ਕਿਹਾ, ‘ਲੈ ਉਹ ਤਾਂ ਆਪਣਾ ਛੋਟਾ ਵੀਰ ਐ। ਬੜਾ ਸੁਲਝਿਆ ਬੰਦਾ ਤੇ ਬੜੇ ਨਾਂ ਵਾਲਾ ਲੇਖਕ
ਏ।”
ਮੈਂ ਸੱਚ ਕਹਿੰਦਾ ਹਾਂ ਉਸਦੇ ਏਨਾ ਆਖਣ ‘ਤੇ ਮੇਰੇ ਮਨ ਤੋਂ ਮਣਾਂ-ਮੂੰਹੀ ਬੋਝ ਲੱਥ ਗਿਆ। ਇਸ
ਬੋਝ ਵਿੱਚ ਉਹਦੇ ਖਾੜਕੂ ਮੁੰਡੇ ਦੇ ਭੈਅ ਦਾ ਭਾਰ ਵੀ ਘੱਟ ਨਹੀਂ ਸੀ।
ਕਹਾਣੀ ‘ਨੌਂ ਬਾਰਾਂ ਦਸ’ ਛਪੀ ਤਾਂ ‘ਸਿਰਜਣਾ’ ਦੇ ਅਗਲੇ ਅੰਕ ਵਿੱਚ ਜਿੱਥੇ ਬਹੁਤ ਸਾਰੀਆਂ
ਪ੍ਰਸੰਸਾਤਮਕ ਟਿੱਪਣੀਆਂ ਛਪੀਆਂ ਓਥੇ ਚੰਡੀਗੜ੍ਹ ਦੇ ਦਲਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ
ਇੱਕ ਲੇਖਕ ਨੇ ਇਸਨੂੰ ‘ਜੱਟ ਲੇਖਕ’ ਵੱਲੋਂ ਬੜੀ ਘਟੀਆ ਤੇ ਦਲਿਤ ਵਿਰੋਧੀ ਕਹਾਣੀ ਐਲਾਨਦਿਆਂ
‘ਕਹਾਣੀਕਾਰ ਦੇ ਬਹੁਤ ਹੀ ਹੇਠਾਂ ਡਿਗ ਜਾਣ’ ਨਾਲ ਜੋੜਿਆ। ਅਗਲੇ ਅੰਕਾਂ ਵਿੱਚ ਉਸਦੀ ਅਜਿਹੀ
ਰਾਇ ਨੂੰ ਬਹੁਤ ਸਾਰੇ ਪਾਠਕਾਂ ਤੇ ਲੇਖਕਾਂ ਨੇ ਦਲੀਲਾਂ ਦੇ ਕੇ ਰੱਦ ਕਰ ਦਿੱਤਾ। ਉਸੇ ਲੇਖਕ
ਨੇ ਆਪਣੀ ਨੇੜਲੀ ਜਾਣ-ਪਛਾਣ ਵਾਲੀ ਲੇਖਿਕਾ ਦੇ ਨਾਂ ਤੇ ਕਿਸੇ ਅਖ਼ਬਾਰ ਦੇ ਐਤਵਾਰੀ ਮੈਗ਼ਜ਼ੀਨ
ਵਿੱਚ ਆਰਟੀਕਲ ਲਿਖ/ਲਿਖਵਾ ਕੇ ਤੇ ਪਹਿਲੀਆਂ ਦਲੀਲਾਂ ਦੇ ਕੇ ਇੱਕ ਵਾਰ ਫਿਰ ਤੋਂ ਮੈਨੂੰ
‘ਗਾਲ੍ਹਾਂ’ ਕੱਢੀਆਂ। ਪਰ ਉਹਨਾਂ ਦਾ ਕਿਸੇ ਵੀ ਹੁੰਗਾਰਾ ਨਾ ਭਰਿਆ ਜਦ ਕਿ ਕਹਾਣੀ ਦੀ ਥਾਂ
ਥਾਂ ‘ਤੇ ਚਰਚਾ ਹੋਣ ਲੱਗੀ; ਇਸ ‘ਤੇ ਆਰਟੀਕਲ ਲਿਖੇ ਜਾਣ ਲੱਗੇ।
ਦਲਿਤਾਂ-ਪੀੜਾ ਨੂੰ ਬਿਆਨ ਕਰਨ ਵਾਲੀ ਪ੍ਰਮਾਣਿਕ ਕਹਾਣੀ ਵਜੋਂ ਸਥਾਪਤ ਹੋ ਜਾਣ ਉਪਰੰਤ
ਪੰਜਾਬੀ ਯੂਨੀਵਰਸਿਟੀ ਦੇ ਡਰਾਮਾ ਤੇ ਥੀਏਟਰ ਵਿਭਾਗ ਦੇ ਅਧਿਆਪਕਾਂ/ਵਿਦਿਆਰਥੀਆਂ ਨੇ ਛੇ
ਮਹੀਨੇ ਦੀ ਲਗਾਤਾਰ ਜਦੋ-ਜਹਿਦ ਤੋਂ ਪਿੱਛੋਂ ਕਹਾਣੀ ਦੀ ਸਕਰਿਪਟ ਤਿਆਰ ਕੀਤੀ ਤੇ ਨਾਟਕ ਖੇਡਣ
ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਜਿਸ ਦਿਨ ਨਵਨਿੰਦਰਾ ਬਹਿਲ ਦੀ ਨਿਰਦੇਸ਼ਨਾ ਅਧੀਨ ਇਹ ਨਾਟਕ
ਡੀਪਾਰਟਮੈਂਟ ਵਿੱਚ ਖੇਡਿਆ ਗਿਆ, ਮੈਂ ਵਿਭਾਗ ਦੇ ਸੱਦੇ ਉੱਤੇ ਦਰਸ਼ਕਾਂ ਵਿੱਚ ਬੈਠਾ ਸਾਂ।
ਨਾਟਕੀ-ਕੱਥ ਵਿਚਲੀ ਜਾਨ ਤੇ ਕਲਾਕਾਰਾਂ ਦੀ ਕਲਾ ਦੇ ਕਮਾਲ ਨੇ ਅਜਿਹਾ ਜਾਦੂ ਧੂੜਿਆ ਕਿ ਦਰਸ਼ਕ
ਸੁੰਨ ਹੋਏ ਬੈਠੇ ਰਹੇ। ਨਾਟਕ ਦੇ ਮੁੱਖ ਪਾਤਰ ਦੀ ਨਾਟਕੀ-ਤ੍ਰਾਸਦੀ ਨੇ ਲੋਕਾਂ ਦੀਆਂ ਅੱਖਾਂ
ਸਿੱਲ੍ਹੀਆਂ ਕਰ ਦਿੱਤੀਆਂ। ਦਰਸ਼ਕਾਂ ਦੀ ਮੰਗ ‘ਤੇ ਅਗਲੇ ਦਿਨਾਂ ਵਿੱਚ ਇਸ ਨਾਟਕ ਦੇ ਹੋਰ ਸ਼ੋਅ
ਵੀ ਕਰਨੇ ਪਏ।
ਕੁਝ ਚਿਰ ਬਾਅਦ ‘ਪੰਜਾਬੀ ਭਾਸ਼ਾ ਅਕਾਦਮੀ’ ਤੇ ‘ਪੰਜਾਬ ਅਕੈਡਮੀ ਆਫ਼ ਸੋਸ਼ਲ ਸਾਇੰਸਜ਼, ਲਿਟਰੇਚਰ
ਐਂਡ ਕਲਚਰ’ ਦੀ ਜਲੰਧਰ ਵਿੱਚ ਹੋਈ ਸਾਲਾਨਾ ਕਾਨਫ਼ਰੰਸ ਮੌਕੇ ਰਾਤ ਨੂੰ ਇਹੋ ਨਾਟਕ ਜਲੰਧਰ ਦੇ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ। ਦਲਿਤ ਜਾਤੀ ਦੇ ਦੁਖਾਂਤ ਦੀ ਨਾਟਕੀ ਝਾਕੀ ਨੇ
ਇਥੇ ਵੀ ਸਾਹ-ਰੋਕਣੀ ਚੁੱਪ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਲਿਆ। ਇਸ ਪੇਸ਼ਕਾਰੀ ਤੋਂ
ਪ੍ਰਭਾਵਿਤ ਹੋ ਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨਾਟਕ ਨੂੰ ‘ਗਦਰੀ ਬਾਬਿਆਂ ਦੇ ਮੇਲੇ’
‘ਤੇ ਹੋਣ ਵਾਲੇ ਵਿਸ਼ਾਲ ਨਾਟਕੀ-ਸਮਾਰੋਹ ਵਿੱਚ ਪੇਸ਼ ਕਰਨ ਦਾ ਨਿਰਣਾ ਕਰ ਲਿਆ।
ਮੇਲੇ ਵਾਲੀ ਰਾਤ ਪ੍ਰਬੰਧਕਾਂ ਨੇ ਨਾਟਕ ਦੇ ਮਹੱਤਵ ਨੂੰ ਸਮਝਦਿਆਂ ਸਭ ਤੋਂ ਸਿਖ਼ਰਲੇ ਸਮੇਂ
ਉੱਤੇ ਇਸ ਨਾਟਕ ਦੇ ਕਲਾਕਾਰਾਂ ਨੂੰ ਨਾਟਕੀ-ਮੰਚਨ ਦਾ ਸੱਦਾ ਦਿੱਤਾ। ਨਾਟਕ ਅਜੇ ਮਸਾਂ ਅੱਧਾ
ਕੁ ਹੀ ਚੱਲਿਆ ਸੀ ਕਿ ਸੀਨ ਬਦਲਣ ਦੇ ਛੋਟੇ ਜਿਹੇ ਵਕਫ਼ੇ ਵਿਚਲੀ ਖ਼ਾਮੋਸ਼ੀ ਦੌਰਾਨ ਪੰਡਾਲ ਦੇ
ਬਾਹਰ ਹਨੇਰੇ ਦੀ ਆੜ ਵਿੱਚ ਖੜੋਤੇ ਤਿੰਨ ਕੁ ਜਣਿਆਂ ਨੇ ਉੱਚੀ ਅਵਾਜ਼ ਵਿੱਚ ਰੌਲਾ ਪਾਇਆ,
“ਬੰਦ ਕਰੋ ਨਾਟਕ ਨੂੰ, ਇਸ ਨਾਟਕ ਵਿੱਚ ਜੱਟ ਲੇਖਕ ਨੇ ਦਲਿਤਾਂ ਦਾ ਮਜ਼ਾਕ ਉਡਾਇਆ ਹੈ।” ਮੈਂ
ਵੀ ਦਰਸ਼ਕਾਂ ਵਿੱਚ ਹੀ ਬੈਠਾ ਸਾਂ। ਏਸੇ ਵੇਲੇ ਦਰਸ਼ਕਾਂ ਦੇ ਐਨ ਵਿਚਕਾਰ ਇਕੱਠੇ ਬੈਠੇ ਤਿੰਨ
ਕੁ ਜਣਿਆਂ ਨੇ ਬਾਹਵਾਂ ਉੱਚੀਆਂ ਕਰ ਕੇ ਆਖਿਆ, “ਬੰਦ ਕਰੋ ਨਾਟਕ, ਬੰਦ ਕਰੋ।” ਸਾਰੇ ਦਰਸ਼ਕ
ਪਿੱਛਾ ਭੌਂ ਕੇ ਵੇਖਣ ਲੱਗੇ। ਪ੍ਰਬੰਧਕਾਂ ਨੇ ਇਸ ਸ਼ੋਰ ਨੂੰ ਸੁਣ ਕੇ ਤੁਰਤ ਆਪਣੇ ਵਲੰਟੀਅਰ
ਭੀੜ ਤੋਂ ਬਾਹਰ ਰੌਲਾ ਪਾਉਣ ਵਾਲੇ ਹਨੇਰੇ ‘ਚ ਖਲੋਤੇ ਬੰਦਿਆਂ ਦਾ ਪਤਾ ਕਰਨ ਲਈ ਭੇਜੇ।
ਵਾਲੰਟੀਅਰਾਂ ਨੂੰ ਆਉਂਦਿਆਂ ਵੇਖ ਉਹ ਬੰਦੇ ਹਨੇਰੇ ਵਿੱਚ ਖਿਸਕ ਗਏ ਪਰ ਪਤਾ ਲੱਗ ਗਿਆ ਕਿ ਉਹ
ਜਲੰਧਰ ਦੇ ਤਿੰਨ ਕੁ ਦਲਿਤ ਪੰਜਾਬੀ ਲੇਖਕ ਸਨ, ਜੋ ਨਾਟਕ ਦਾ ਬਾਈਕਾਟ ਕਰਨ ਲਈ ਪਹਿਲਾਂ ਹੀ
ਯੋਜਨਾਬੰਦੀ ਕਰ ਕੇ ਆਏ ਸਨ। ਉਹਨਾਂ ਨੇ ਦਰਸ਼ਕਾਂ ਵਿੱਚ ਵੀ ਦੋ ਕੁ ਥਾਵਾਂ ਉੱਤੇ ਤਿੰਨ-ਤਿੰਨ
ਚਾਰ-ਚਾਰ ਬੰਦੇ ਬਿਠਾਏ ਹੋਏ ਹਨ। ਸਥਿਤੀ ਨੂੰ ਸੰਭਾਲਣ ਲਈ ਸਟੇਜ ਸਕੱਤਰ ਸਟੇਜ ‘ਤੇ ਆ ਗਿਆ।
ਸ਼ੋਰ ਜਿਹਾ ਸੁਣ ਕੇ ਕਲਾਕਾਰਾਂ ਨੇ ਨਾਟਕ ਖੇਡਣਾ ਬੰਦ ਕਰ ਦਿੱਤਾ ਸੀ। ਏਨੇ ਚਿਰ ਵਿੱਚ ਮੈਂ
ਵੀ ਸਟੇਜ ਉੱਤੇ ਪਹੁੰਚ ਗਿਆ।
ਸਟੇਜ ਸਕੱਤਰ ਕਹਿ ਰਿਹਾ ਸੀ, “ਸਾਥੀਓ! ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਕਿਨ੍ਹਾਂ ਬੰਦਿਆਂ
ਦੀ ਜਾਣ-ਬੁੱਝ ਕੇ ਕੀਤੀ ਸ਼ਰਾਰਤ ਹੈ, ਤੁਸੀਂ ਆਰਾਮ ਨਾਲ ਬੈਠੇ ਰਹੋ।” ਮੈਨੂੰ ਸਟੇਜ ਉੱਤੇ
ਕੁੱਝ ਪਲ ਬੋਲਣ ਲਈ ਆਖਿਆ ਗਿਆ। ਮੈਂ ਕਹਾਣੀ ਵਿਚਲੇ ਦਲਿਤ ਪਾਤਰ ਦੇ ਸੁਪਨਿਆਂ ਅਤੇ ਉਸਦੀ
ਹਕੀਕੀ ਸਥਿਤੀ ਦੇ ਪਾੜੇ ਨਾਲ ਪਾਤਰ ਦੀ ਖੰਡਿਤ ਹੋ ਗਈ ਹੋਂਦ ਦੇ ਦੁਖਾਂਤ ਨੂੰ ਬਿਆਨ ਕਰਦਿਆਂ
ਇਸ ਨੂੰ ਦਲਿਤਾਂ ਦੇ ਦਰਦ ਦੀ ਸੰਵੇਦਨਸ਼ੀਲ ਦਾਸਤਾਨ ਆਖ ਕੇ ਇਸਦਾ ਹੁੰਗਾਰਾ ਭਰਨ ਲਈ ਬੇਨਤੀ
ਕੀਤੀ ਅਤੇ ਦਰਸ਼ਕਾਂ ਨੂੰ ਪੁੱਛਿਆ ਕਿ ਕੀ ਉਹ ਨਾਟਕ ਵੇਖਣਾ ਚਾਹੁੰਦੇ ਹਨ, ਤਾਂ ਸਭ ਨੇ
ਬਾਹਵਾਂ ਖੜੀਆਂ ਕਰ ਕੇ ਨਾਟਕ ਵੇਖਣ ਦੀ ਹਾਮੀ ਭਰੀ।
ਪ੍ਰਬੰਧਕਾਂ ਨੇ ਨਾਟਕ ਨੂੰ ਫ਼ਿਰ ਤੋਂ ਸ਼ੁਰੂ ਕਰਨ ਲਈ ਕਲਾਕਾਰਾਂ ਨੂੰ ਆਖਿਆ ਤਾਂ ਨਾਟਕ ਦੀ
ਨਿਰਦੇਸ਼ਕਾ ਨਵਨਿੰਦਰਾ ਬਹਿਲ ਵਿੱਚ ਕਲਾਕਾਰ ਦਾ ਸਵੈਮਾਨ ਅੰਗੜਾਈ ਲੈ ਕੇ ਉੱਠ ਖਲੋਤਾ। ਉਸਨੇ
ਅਜਿਹੀੇ ਸਥਿਤੀ ਵਿੱਚ ਨਾਟਕ ਖੇਡਣ ਤੋਂ ਇਨਕਾਰ ਕਰਦਿਆਂ ਕਲਾਕਾਰਾਂ ਨਾਲ ਕੀਤੀ ਗਈ ਵਧੀਕੀ ਲਈ
ਆਪਣਾ ਰੰਜ ਦਰਸ਼ਕਾਂ ਨਾਲ ਸਾਂਝਾ ਕੀਤਾ ਅਤੇ ਸਾਫ਼ ਤੌਰ ‘ਤੇ ਐਲਾਨ ਕੀਤਾ ਕਿ ਉਹ ਨਾਟਕ ਤਦ ਹੀ
ਖੇਡਣਗੇ ਜੇ ਦਰਸ਼ਕ ਸੱਚ-ਮੁੱਚ ਉਹਨਾਂ ਦਾ ਨਾਟਕ ਵੇਖਣ ਦੀ ਇੱਛਾ ਰੱਖਦੇ ਹੋਣ। ਫ਼ਿਰ ਉਸਨੇ
ਵੰਗਾਰ ਕੇ ਆਖਿਆ, “ਜਿਹੜਾ ਇਸ ਨਾਟਕ ਨੂੰ ਨਹੀਂ ਵੇਖਣਾ ਚਾਹੁੰਦਾ, ਉਹ ਆਪਣਾ ਹੱਥ ਖੜਾ ਕਰੇ
ਅਤੇ ਦਰਸ਼ਕਾਂ ਵਿੱਚੋਂ ਉੱਠ ਕੇ ਬਾਹਰ ਚਲਿਆ ਜਾਵੇ।” ਉਸਨੇ ਇਹ ਕਥਨ ਦੋ ਤਿੰਨ ਵਾਰ ਦੁਹਰਾਇਆ
ਤਾਕਿ ਕਿਸੇ ਕਿਸਮ ਦਾ ਭੁਲੇਖਾ ਨਾ ਰਹਿ ਜਾਵੇ। ਦਰਸ਼ਕਾਂ ਵਿੱਚ ਸੁੰਨ ਵਰਤ ਗਈ। ਕਿਸੇ ਨੇ ਵੀ
ਹੱਥ ਖੜਾ ਨਾ ਕੀਤਾ। ਹਨੇਰੇ ਵਿੱਚ ਖੜੋਤੇ ਦਲਿਤ ਲੇਖਕ ਤਾਂ ਪਹਿਲਾਂ ਹੀ ਕਿਧਰੇ ਟਿਭ ਗਏ ਸਨ।
ਪਰ ਵਿਚਕਾਰ ਬੈਠੇ ਹੋਏ ਉਹਨਾਂ ਦੇ ਕਿਸੇ ਹਮਾਇਤੀ ਨੇ ਵੀ ਹੁਣ ਬਾਂਹ ਖੜੀ ਨਾ ਕੀਤੀ। ਹੁਣ
ਨਵਨਿੰਦਰਾ ਨੇ ਪੁੱਛਿਆ, “ਜਿਹੜੇ ਦਰਸ਼ਕ ਨਾਟਕ ਵੇਖਣਾ ਚਾਹੁੰਦੇ ਹਨ, ਉਹ ਹੱਥ ਖੜ੍ਹੇ ਕਰਨ”
ਤਾਂ ਦਰਸ਼ਕਾਂ ਨੇ ਦੋਹਵੇਂ ਬਾਹਵਾਂ ਉਲਾਰ ਕੇ ਨਾਟਕ ਵੇਖਣ ਦੀ ਹਾਮੀ ਭਰੀ। ਨਵਨਿੰਦਰਾ ਤੇ
ਕਲਾਕਾਰ ਹੈਰਾਨ ਸਨ ਕਿ ਏਨੀ ਵਾਰ ਪਹਿਲਾਂ ਨਾਟਕ ਦੇ ਸ਼ੋਅ ਕੀਤੇ ਜਾਣ ਸਮੇਂ ਤਾਂ ਇਸ ਵਿਚੋਂ
ਕਿਸੇ ਨੂੰ ‘ਜੱਟ ਲੇਖਕ ਵੱਲੋਂ ਕੀਤਾ ਦਲਿਤ ਵਿਰੋਧ’ ਨਜ਼ਰ ਨਹੀ ਸੀ ਆਇਆ, ਅੱਜ ਕਿਹੜੀ
‘ਅਲੋਕਾਰ ਬਰੀਕ’ ਨਜ਼ਰ ਨੂੰ ਇਹ ਸਭ-ਕੁਝ ਦਿਸਣ ਲੱਗਾ ਸੀ!
ਬਾਅਦ ਵਿੱਚ ਬਾਕੀ ਨਾਟਕ ਖੇਡਿਆ ਗਿਆ ਅਤੇ ਦਰਸ਼ਕਾਂ ਨੇ ਚੁੱਪ-ਚਾਪ ਉਸਨੂੰ ਵੇਖਿਆ।
ਨਾਟਕ ਖ਼ਤਮ ਹੋਣ ਤੋਂ ਬਾਅਦ ਜਦੋਂ ਮੈਂ ਪੁਸਤਕ ਮੇਲੇ ਵਾਲੇ ਲਾਅਨ ਵਿੱਚ ਇੱਕ ਪਬਲਿਸ਼ਰ ਮਿੱਤਰ
ਕੋਲ ਜਾ ਕੇ ਬੈਠਾ ਤਾਂ ਉਸਨੇ ਦੱਸਿਆ, “ਉਹ ਤਿੰਨੇ ਲੇਖਕ ਤਾਂ ਆਪਣਾ ਪਤਾ ਲੱਗ ਜਾਣ ‘ਤੇ
ਖਿਸਕ ਗਏ ਸਨ। ਪਰ ਇੱਕ ਹੋਰ ਦਲਿਤ-ਲੇਖਕ ਏਥੇ ਸ਼ਰਾਬੀ ਹੋਇਆ ਤੁਹਾਡਾ ਨਾਂ ਲੈ ਕੇ ਗਾਲ੍ਹਾਂ
ਵੀ ਕੱਢਦਾ ਰਿਹਾ। ਅਸੀਂ ਉਸਨੂੰ ਸਮਝਾ-ਬੁਝਾ ਕੇ ਏਥੋਂ ਤੋਰਿਆ।” ਉਸਨੇ ਉਹਦਾ ਨਾਂ ਵੀ ਲਿਆ।
ਮੈਂ ਹੈਰਾਨ ਸਾਂ ਕਿ ਇਹ ਸਾਹਿਤ ਵਿੱਚ ਕੈਸੀ ਰਾਜਨੀਤੀ ਦੀ ਸ਼ੁਰੂਆਤ ਹੋ ਰਹੀ ਹੈ ਜਿੱਥੇ ਲੇਖਕ
‘ਲੇਖਕ’ ਨਹੀਂ ਰਹਿ ਗਿਆ ਸਗੋਂ ਉਸਨੂੰ ‘ਜੱਟ ਲੇਖਕ’ ਤੇ ‘ਦਲਿਤ ਲੇਖਕ’ ਬਣਾਇਆ ਜਾਣ ਲੱਗਾ
ਹੈ! !
ਇਸ ਘਟਨਾ ਤੋਂ ਛੇ ਕੁ ਮਹੀਨੇ ਬਾਅਦ ਮੇਰਾ ਇੱਕ ਅਮਰੀਕਾ ਤੋਂ ਪਰਤਿਆ ਸਨੇਹੀ ਮੈਨੂੰ ਦੇਸ਼ ਭਗਤ
ਯਾਦਗ਼ਾਰ ਹਾਲ ਵਿੱਚ ਮਿਲਿਆ। ਉਸਨੇ ਨਾ ਕਹਾਣੀ ਪੜ੍ਹੀ ਸੀ ਤੇ ਨਾ ਹੀ ਨਾਟਕ ਵੇਖਿਆ ਸੀ;
ਮੈਨੂੰ ਬੜੇ ਭੇਤ-ਭਰੇ ਢੰਗ ਨਾਲ ਪਾਸੇ ਲਿਜਾ ਕੇ ਕਹਿੰਦਾ, “ਤੁਸੀਂ ਦਲਿਤਾਂ ਦੇ ਖ਼ਿਲਾਫ਼ ਇਹੋ
ਜਿਹਾ ਕੀ ਲਿਖ ਦਿੱਤਾ। ਦਲਿਤ ਤਾਂ ਤੁਹਾਡੇ ਬਹੁਤ ਹੀ ਖ਼ਿਲਾਫ਼ ਨੇ।”
ਉਸਦੇ ਸ਼ਹਿਰ ਦੇ ਦਲਿਤ-ਸਿਆਸਤ ਨਾਲ ਬਹੁਤ ਹੀ ਨੇੜਿਓਂ ਜੁੜੇ ਕੁੱਝ ਕਾਰਕੁਨਾਂ ਨੇ ਹੀ ਉਸਨੂੰ
ਮੇਰਾ ਨਾਂ ਲੈ ਕੇ ਦੱਸਿਆ ਸੀ, “ਉਹ ਦਲਿਤਾਂ ਦੇ ਖ਼ਿਲਾਫ਼ ਜਾਣ-ਬੁੱਝ ਕੇ ਲਿਖਦਾ ਹੈ ਤੇ ਆਪਣੀ
ਜਟਕੀ ਨਫ਼ਰਤ ਦਾ ਵਿਖ਼ਾਲਾ ਕਰਦਾ ਹੈ। ਸਾਨੂੰ ਆਪਣੇ ਸੰਘਰਸ਼ ਵਿੱਚ ਅਜਿਹੇ ਲੇਖਕਾਂ ਨਾਲ ਵੀ
ਨਜਿੱਠਣਾ ਪੈਣਾ ਹੈ ਤੇ ਉਹਨਾਂ ਨੂੰ ਅਜਿਹਾ ਲਿਖਣੋਂ ਰੋਕਣਾ ਵੀ ਹੈ!”
ਉਹਨਾਂ ਵਿੱਚ ਹੋਈ ਗੱਲ-ਬਾਤ ਦਾ ਹੋਰ ਵਿਸਥਾਰ ਜਾਨਣਾ ਚਾਹਿਆ ਤਾਂ ਉਸਨੇ ਦੱਸਿਆ, “ਉਹਨਾਂ
ਨੂੰ ਇਹ ਨਹੀਂ ਸੀ ਪਤਾ ਕਿ ਮੈਂ ਤੁਹਾਨੂੰ ਜਾਣਦਾ ਹਾਂ। ਉਹ ਤਾਂ ਸਿਰਫ਼ ਏਨਾ ਜਾਣਦੇ ਨੇ ਕਿ
ਮੈਂ ਦੇਸ਼ ਭਗਤ ਹਾਲ ਵਿੱਚ ਆਉਂਦਾ-ਜਾਂਦਾ ਹਾਂ ਤੇ ਉਹਨਾਂ ਨੂੰ ਤੁਹਾਡਾ ਵੀ ਏਥੇ ਆਉਦੇ ਰਹਿਣ
ਦਾ ਪਤਾ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਉਸ ਲੇਖਕ ਦੀ ਅਜਿਹੀ ਕਿਹੋ ਜਿਹੀ
ਲਿਖਤ ਪੜ੍ਹੀ ਹੈ ਜਿਸ ਵਿੱਚ ਉਸਨੇ ਦਲਿਤਾਂ ਦੇ ਖ਼ਿਲਾਫ਼ ਲਿਖਿਆ ਹੈ ਤਾਂ ਉਹ ਅੱਗੋਂ ਲਿਖਤ
ਬਾਰੇ ਤਾਂ ਕੁੱਝ ਨਾ ਦੱਸ ਸਕੇ ਪਰ ਇਹ ਕਹਿਣ ਲੱਗੇ ਕਿ ਸਾਨੂੰ ਆਪਣੇ ‘ਸੂਤਰਾਂ’ ਤੋਂ ਪਤਾ
ਲੱਗਾ ਹੈ ਕਿ ਉਹ ਲੇਖਕ ਦਲਿਤ-ਵਿਰੋਧੀ ਹੈ! ਅਸੀਂ ਅਜਿਹੇ ਲੇਖਕਾਂ ਨੂੰ ਧਿਆਨ ਵਿੱਚ ਰੱਖ ਰਹੇ
ਹਾਂ।”
ਕਿਸੇ ਸਾਹਿਤਕ ਰਚਨਾ ਬਾਰੇ ਵਿਚਾਰਧਾਰਕ ਧਰਾਤਲ ‘ਤੇ ਉਸਨੂੰ ਰੱਦ ਜਾਂ ਸਵੀਕਾਰ ਕਰਵਾਉਣ ਲਈ
ਦਲੀਲ-ਆਧਾਰਿਤ ਸੰਵਾਦ ਰਚਾਉਣ ਤੋਂ ਕਿਵੇਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਹ ਸੰਵਾਦ
ਗੋਸ਼ਟੀਆਂ/ਸੈਮੀਨਾਰਾਂ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਤੇ ਸਾਹਿਤਕ ਪੱਤਰ/ਪੱਤ੍ਰਿਕਾਵਾਂ
ਵਿੱਚ ਲਿਖ ਕੇ ਵੀ ਆਪਣੀ ਗੱਲ ਪੂਰੇ ਜ਼ੋਰ ਨਾਲ ਕਹੀ ਜਾ ਸਕਦੀ ਹੈ। ਪਰ ਲਿਖਕੇ ਜਾਂ ਬੋਲ ਕੇ
ਆਪਣੀ ਗੱਲ ਮਨਵਾ ਸਕਣ ਤੋਂ ਅਸਮਰੱਥ ਇਹਨਾਂ ਲੇਖਕਾਂ ਨੇ ਹਿੱਕ ਦੇ ਧੱਕੇ ਨਾਲ ਜੇ
ਸਾਹਿਤਕ-ਆਵਾਜ਼ ਨੂੰ ਦਬਾਉਣ ਦਾ ਨਿਰਣਾ ਲਿਆ ਸੀ ਤਾਂ ਨਿਸਚੈ ਹੀ ਇਹ ਕਿਸੇ ਨਵੀਂ ਕਿਸਮ ਦੇ
ਸਾਹਿਤਕ-ਸਿਆਸੀ ਅੱਤਵਾਦ ਨੂੰ ਹੁੰਗਾਰਾ ਦੇਣ ਦਾ ਹੀ ਯਤਨ ਸੀ।
ਸਾਹਿਤਕ-ਸਭਿਆਚਾਰਕ ਖੇਤਰ ਵਿੱਚ ਅਜਿਹਾ ‘ਆਤੰਕਵਾਦ’ ਸਾਡੀਆਂ ਬਰੂਹਾਂ ਵੱਲ ਵਧਦਾ ਵੇਖ ਕੇ
ਮੇਰਾ ਮਨ ਅਫ਼ਸੋਸਿਆ ਗਿਆ।
ਇਸ ਘਟਨਾ ਦੇ ਨਾਲ ਉਹ ਘਟਨਾ ਵੀ ਚੇਤੇ ਆਉਂਦੀ ਹੈ ਜਦੋਂ ਅਜਮੇਰ ਔਲਖ ਵੱਲੋਂ 1989 ਵਿੱਚ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਮੇਰੀ ਕਹਾਣੀ ‘ਭੱਜੀਆਂ ਬਾਹੀਂ’ ‘ਤੇ ਆਧਾਰਿਤ ਨਾਟਕ
ਖੇਡਿਆ ਜਾਣਾ ਸੀ ਤਾਂ ਦੋ ਕੁ ਪ੍ਰੋਫ਼ੈਸਰਾਂ ਵੱਲੋਂ ਕੰਨ ‘ਚ ਵੱਜੀ ਫੂਕ ਨਾਲ ਫੁੱਲੇ ਸਿੱਖ
ਸਟੂਡੈਂਟਸ ਫ਼ੈਡਰੇਸ਼ਨ ਦੇ ਵਿਦਿਆਰਥੀ ਸਾਨੂੰ ਆ ਕੇ ਕਹਿਣ ਲੱਗੇ ਕਿ ਉਹਨਾਂ ਨੂੰ ਦੱਸਿਆ ਗਿਆ
ਹੈ; ਇਹ ਨਾਟਕ ‘ਪੰਥ’ ਦੇ ਖ਼ਿਲਾਫ਼ ਹੈ! ਅਸੀਂ ਵੀ ਤਾਂ ਉਹਨਾਂ ਦੇ ਅਧਿਆਪਕ ਹੀ ਸਾਂ। ਉਹਨਾਂ
ਨੂੰ ਸਾਡਾ ਵੀ ਲਿਹਾਜ਼ ਸੀ। ਸਮਝਾਇਆ ਕਿ ਨਾਟਕ ਕਿਸੇ ਇਕੱਲੀ ਧਿਰ ਦੇ ਖ਼ਿਲਾਫ਼ ਨਹੀਂ ਸਗੋਂ
ਸਮੁੱਚੇ ਉਸ ਜਟਿਲ ਤਾਣੇ-ਬਾਣੇ ਦੇ ਖ਼ਿਲਾਫ਼ ਹੈ ਜਿਸਦੇ ਜਾਲ-ਜਕੜ ਵਿੱਚ ਫਸਿਆ ਪੰਜਾਬ ਅੱਜ ਤੜਫ
ਰਿਹਾ ਹੈ! ਸਟੇਜ ਉੱਤੇ ਵੀ, ਪ੍ਰੋਫ਼ੈਸਰ ਢੇਸੀ ਤੇ ਮੈਂ ਨਾਟਕ ਤੋਂ ਪਹਿਲਾਂ ਨਾਟਕ ਵਿੱਚ ਪੇਸ਼
ਕੀਤੇ ਜਾਣ ਵਾਲੇ ਪੰਜਾਬ ਸੰਕਟ ਦੇ ਜਟਿਲ ਪਹਿਲੂਆਂ ਦੀ ਜਾਣਕਾਰੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ
ਸੁਣਾ ਕੇ ਸਮੁੱਚਾ ਮਾਹੌਲ ਨਾਟਕ ਵੇਖਣ ਲਈ ਤਿਆਰ ਕਰ ਲਿਆ। ਨਾਟਕ ਦੀ ਖਿੱਚ ਨੇ ਫਿਰ ਸਭ
ਦਰਸ਼ਕਾਂ ਨੂੰ ਕਹਾਣੀ ਨਾਲ ਜੋੜ ਲਿਆ। ਨਾਟਕ ਵੇਖਦਿਆਂ ਬਣੇ ਉਤਸ਼ਾਹੀ ਮਾਹੌਲ ਕਰਕੇ ਜਾਂ ਸਾਡੇ
ਲਿਹਾਜ਼ ਕਰ ਕੇ ਮੁੰਡੇ ਕੁੱਝ ਨਾ ਬੋਲੇ। ਪਰ ਕਿਸੇ ਹੋਰ ਵੇਲੇ, ਕਿਸੇ ਹੋਰ ਥਾਂ ਦਿੱਤੀ ਅਜਿਹੀ
ਚੁੱਕਣਾ ਤੇ ਪੂਰਵ-ਮਿਥਿਤ ਵਿਰੋਧ ਵੱਖਰਾ ਰੰਗ ਵੀ ਵਿਖਾ ਸਕਦੇ ਸਨ!
‘ਨੌਂ ਬਾਰਾਂ ਦਸ’ ਕਹਾਣੀ ਦਾ ਦਲਿਤ-ਪਾਤਰ ਨਿੰਦਰ ਮੀਡੀਆ ਤੇ ਫ਼ਿਲਮਾਂ ਦੀ ਚਕਾ-ਚੌਂਧ ਵਿੱਚ
ਆਪਣਾ ਆਪ ਭੁੱਲ ਕੇ ਵਸਤਾਂ ਨੂੰ ਭੋਗਣ ਤੇ ਜੀਵਨ ਨੂੰ ਮਾਨਣ ਦੇ ਵਿਤੋਂ ਕਿਤੇ ਵਡੇਰੇ ਸੁਪਨੇ
ਸਿਰਜਦਾ ‘ਪੈਰਾਂ ਤੋਂ ਹਿੱਲ’ ਜਾਂਦਾ ਹੈ। ਆਪਣੇ ਆਪ ਨੂੰ ਸ੍ਰੀ ਦੇਵੀ ਦਾ ਆਸ਼ਕ ਤੇ ਧਰਮਿੰਦਰ
ਤੇ ਹੇਮਾ ਮਾਲਿਨੀ ਦਾ ਪੁੱਤ ਸਮਝਣ ਲੱਗ ਪੈਂਦਾ ਹੈ। ਉੱਚ ਜਾਤੀ ਦੇ ਤਮਾਸ਼ਬੀਨ ਲੋਕ ਉਸਦਾ
ਸ਼ੋਸ਼ਨ ਕਰਨ ਲਈ ਅਤੇ ਉਸਦੇ ਖ਼ਿਆਲੀ ਸੁਪਨਿਆਂ ਦਾ ਸਵਾਦ ਲੈਣ ਲਈ ਉਸਦੇ ਪੈਰ ਜ਼ਮੀਨ ਤੇ ਲੱਗਣ ਹੀ
ਨਹੀਂ ਦਿੰਦੇ। ਉਹ ਸ੍ਰੀ ਦੇਵੀ ਦਾ ਉਸ ਨਾਲ ਵਿਆਹ ਹੋ ਜਾਣ, ਉਸਦੇ ਫ਼ਿਲਮੀ ਹੀਰੋ ਅਤੇ ਵੱਡਾ
ਗਾਇਕ ਬਣ ਜਾਣ ਦੇ ਸੁਪਨਿਆਂ ਵਿੱਚ ਹੋਰ ਹਵਾ ਭਰਦੇ ਰਹਿੰਦੇ ਹਨ। ਗ਼ਰੀਬ ਦਲਿਤ ਮਾਪਿਆਂ ਦੀ
ਉਸਨੂੰ ਉਸਦੀ ਹਕੀਕੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਹਰ ਕੋਸ਼ਿਸ਼ ਨਾਕਾਮ ਹੋ ਕੇ ਰਹਿ ਗਈ ਸੀ।
ਮੈਂ ਉਸ ਪਾਤਰ ਨੂੰ ਕਹਾਣੀ ਲਿਖੇ ਜਾਣ ਤੋਂ ਦਸ ਸਾਲ ਪਹਿਲਾਂ ਤੋਂ ਲੈ ਕੇ ਜਾਣਦਾ ਸਾਂ। ਉਸਦੇ
ਪਰਿਵਾਰ ਨਾਲ ਮੇਰੀ ਜਾਣ-ਪਛਾਣ ਪੰਝੀ ਸਾਲ ਪੁਰਾਣੀ ਸੀ। ਕਹਾਣੀ ਛਪਣ ‘ਤੇ ਕਨੇਡਾ ਵਿੱਚ
ਰਹਿੰਦੇ ਕਹਾਣੀਕਾਰ ਅਮਰਜੀਤ ਚਾਹਲ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ 1998 ਵਿੱਚ ਛਪੀ ਇਸ
ਕਹਾਣੀ ਦੇ ਦੋ ਪਾਤਰ ‘ਸੱਜਣ’ ਤੇ ‘ਭਿੱਲੀ’ ਉਸਨੇ 1973 ਵਿੱਚ ਛਪੀ ਮੇਰੀ ਕਹਾਣੀ ‘ਅਸਲੀ ਤੇ
ਵੱਡੀ ਹੀਰ’ ਵਿੱਚ ਵੀ ਵੇਖੇ ਸਨ। ਉਸਨੇ ਠੀਕ ਬੁੱਝਿਆ ਸੀ। ਪਰ ਏਨੀ ਲੰਮੀ ਜਾਣ-ਪਛਾਣ ਦੇ
ਬਾਵਜੂਦ ਨਿੰਦਰ ਦਾ ਕਿਰਦਾਰ ਮੇਰੀ ਪਕੜ ਵਿੱਚ ਨਹੀਂ ਸੀ ਆ ਰਿਹਾ। ਮੈਂ ਲਗਾਤਾਰ ਕਈ ਸਾਲਾਂ
ਤੱਕ ਉਸ ਬਾਰੇ ਸੋਚਦਾ ਉਸਦੇ ਕਿਰਦਾਰ ਦਾ ਅਧਿਐਨ ਕਰਦਾ ਰਿਹਾ ਸਾਂ।।
ਕਿਸੇ ਬੰਦੇ, ਸਥਿਤੀ ਜਾਂ ਘਟਨਾ ਵਿੱਚ ਕਹਾਣੀ ਵਰਗਾ ਕੁੱਝ ਦਿਲਚਸਪ ਦਿਸ ਜਾਣ ਨਾਲ ਹੀ ਕਹਾਣੀ
ਨਹੀਂ ਲਿਖੀ ਜਾ ਸਕਦੀ। ਮੈਂ ਉਦੋਂ ਹੀ ਕਹਾਣੀ ਲਿਖਦਾ ਹਾਂ ਜਦੋਂ ਉਸ ਘਟਨਾ, ਸਥਿਤੀ ਜਾਂ
ਬੰਦੇ ਰਾਹੀਂ ਕਹਾਣੀ ਵਿੱਚ ਡੂੰਘੇ ਅਰਥ ਭਰ ਸਕਣ ਦਾ ਅਹਿਸਾਸ ਹੋ ਜਾਂਦਾ ਹੈ। ਦਿਸਦੇ ਦੀ
ਹੂਬਹੂ ਤਸਵੀਰ-ਕਸ਼ੀ ਕਰ ਦੇਣ ਨਾਲ ਕਹਾਣੀ ਨਹੀਂ ਬਣ ਜਾਂਦੀ। ਲੇਖਕ ਨੇ ਇਸ ਤਸਵੀਰ ਨੂੰ ਆਪਣੇ
ਦ੍ਰਿਸ਼ਟੀਕੋਨ ਰਾਹੀਂ ਕੱਟਣਾ-ਛਾਂਗਣਾ ਜਾਂ ਐਡਿਟ ਕਰਨਾ ਵੀ ਹੁੰਦਾ ਹੈ। ਮੈਨੂੰ ਯਾਦ ਹੈ ਮੈਂ
ਨਿੰਦਰ ਦੇ ਪਿਓ ਨਾਲ ਪੂਰੇ ਡੇਢ ਘੰਟੇ ਦੀ ਵਾਰਤਾਲਾਪ ਰੀਕਾਰਡ ਕੀਤੀ ਸੀ ਪਰ ਉਸ ਵਿਚੋਂ
ਕਹਾਣੀ ਵਿੱਚ ਕੇਵਲ ਇੱਕ ਵਾਕ ਹੀ ਵਰਤਿਆ ਤੇ ਉਹ ਵੀ ਬਦਲ ਕੇ। ਕਿਹਾ ਜਾ ਸਕਦਾ ਹੈ ਕਿ ਲੇਖਕ
ਕੋਲ ਸੈਕੜੇ ਮੀਲ ਫ਼ੈਲੇ ਹਿਮਾਲੀਆ ਪਹਾੜ ਦੇ ਜੰਗਲਾਂ ਵਿਚੋਂ ‘ਸੰਜੀਵਨੀ ਬੂਟੀ’ ਪਛਾਣ ਸਕਣ ਦੀ
ਨਜ਼ਰ ਹੋਣੀ ਚਾਹੀਦੀ ਹੈ। ਇਸੇ ਲਈ ਮੈਂ ਕਦੀ ਵੀ ਕਹਾਣੀ ਲਿਖਣ ਵਿੱਚ ਕਾਹਲ ਨਹੀਂ ਕਰਦਾ।
ਨਿੰਦਰ ਦਾ ਕਿਰਦਾਰ ਪੂਰੇ ਦਸ ਸਾਲ ਮੇਰੀ ਸੋਚ ਦੇ ਅੰਗ-ਸੰਗ ਰਿਹਾ। ਆਖ਼ਰ ਇੱਕ ਦਿਨ ਕਹਾਣੀ
ਮੇਰੇ ਮਨ ਵਿੱਚ ਲਿਸ਼ਕ ਪਈ। ਮੈਂ ਚਾਹੁੰਦਾ ਸਾਂ ਕਿ ਪੜ੍ਹਨ ਵਾਲਾ ਉਸ ਪਾਤਰ ਦੇ ਸੁਪਨਿਆਂ ਦੇ
ਦੁਖਾਂਤ ਨੂੰ ਸਮਝਦਾ ਹੋਇਆ ਉਸਦੀ ਹਕੀਕੀ ਸਥਿਤੀ ਬਾਰੇ ਸੋਝੀ ਵੀ ਪ੍ਰਾਪਤ ਕਰੇ। ਉਸਦੀ ਜਾਤੀ
ਤੇ ਜਮਾਤੀ ਹੀਣਤਾ ਦਾ ਅਹਿਸਾਸ ਕਰਵਾ ਕੇ ਮੈਂ ਇਹ ਦੱਸਣਾ ਚਾਹੁੰਦਾ ਸਾਂ ਕਿ ਪੂੰਜੀਵਾਦੀ
ਕਦਰਾਂ ਤੇ ਜੀਵਨ-ਸ਼ੈਲੀ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਜੀਵਨ ਜਿਊਣ ਦੀ ਝੂਠੀ ਲਾਲਸਾ ਵਿੱਚ
ਨਿਮਨ ਜਾਤੀਆਂ ਦਾ ਕਲਿਆਣ ਨਹੀਂ। ਉਹਨਾਂ ਦਾ ਕਲਿਆਣ ਆਪਣੀ ਹਕੀਕੀ ਸਥਿਤੀ ਤੋਂ ਜਾਣੂ ਹੋਣ
ਵਿੱਚ ਤੇ ‘ਜੋ ਉਹ ਹਨ’ ਉਸੇ ਨੂੰ ਹੀ ਸੱਚ ਮੰਨ ਕੇ ਉਸ ਸਥਿਤੀ ਤੋਂ ਚੇਤੰਨ ਹੋ ਕੇ ਉੱਚੇ
ਉੱਠਣ ਵਿੱਚ ਹੈ। ਪਰ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਸਾਂ ਕਿ ਚੰਗਾ ਜੀਵਨ ਜਿਊਣ ਦੀ
ਨਿੰਦਰ ਦੀ ਤਾਂਘ ਹਰ ਪੱਖੋਂ ਵਾਜਬ ਵੀ ਹੈ।
ਇਸ ਕਿਰਦਾਰ ਨੂੰ ਸਿਰਜਣ ਵਿੱਚ ਮੇਰੀ ਕਲਪਨਾ ਦਾ ਬੜਾ ਵੱਡਾ ਰੋਲ ਸੀ। ਗੁਰਮੀਤ ‘ਭੈਣ ਜੀ’,
ਧੰਤੋ ਤੇ ਸੀਤੋ ਦੇ ਕਿਰਦਾਰ ਅਤੇ ਕਹਾਣੀ ਦੇ ਅੰਤ ਸਮੇਤ ਹੋਰ ਬਹੁਤ ਕੁੱਝ ਮੇਰੀ ਕਲਪਨਾ ਦਾ
ਹਿੱਸਾ ਹੀ ਸੀ। ਨਿੰਦਰ ਤਾਂ ਕਹਾਣੀ ਦੇ ਛਪ ਜਾਣ ਤੋਂ ਬਾਅਦ ਵੀ ਉਹਨਾਂ ਹੀ ਸੁਪਨਿਆਂ ਵਿੱਚ
ਉੱਡ ਰਿਹਾ ਸੀ। ‘ਸਿਰਜਣਾ’ ਵਿੱਚ ਛਪਣ ਤੋਂ ਪਿੱਛੋਂ ਕਹਾਣੀ ਚਾਰ ਕਿਸ਼ਤਾਂ ਵਿੱਚ ਰੋਜ਼ਾਨਾ
‘ਅਜੀਤ’ ਵਿੱਚ ਵੀ ਛਪੀ। ਅਖ਼ਬਾਰ ਰਾਹੀਂ ਤਾਂ ਕਹਾਣੀ ਉਸਦੇ ਪਿੰਡ ਦੇ ਘਰ ਘਰ ਤੱਕ ਪਹੁੰਚ ਗਈ
ਸੀ। ਲੋਕਾਂ ਮੰਗ ਮੰਗ ਤੇ ਲੱਭ ਲੱਭ ਕੇ ਕਹਾਣੀ ਪੜ੍ਹੀ। ਉਹਨਾਂ ਦੇ ਪਿੰਡ ਦਾ ‘ਅਰਧ-ਕਮਲਾ’
ਮੁੰਡਾ ਕਿੰਨਾਂ ‘ਮਸ਼ਹੂਰ’ ਹੋ ਗਿਆ ਸੀ! ਉਹ ਉਸਨੂੰ ‘ਸੱਚਮੁਚ’ ਦਾ ‘ਵੱਡਾ ਬੰਦਾ’ ਬਣ ਜਾਣ ਕਰ
ਕੇ ਛੇੜਨ ਲੱਗੇ। ਅਖ਼ਬਾਰ ਵਿੱਚ ਛਪੀ ਕਹਾਣੀ ਵਿਚੋ ਉਸ ਬਾਰੇ ਲਿਖੀਆ ਟੂਕਾਂ ਪੜ੍ਹ ਕੇ ਉਸਨੂੰ
ਸੁਣਾਉਂਦੇ। ਉਸਦੇ ਗ਼ੁਬਾਰੇ ਵਿੱਚ ਹੋਰ ਫੂਕ ਭਰੀ ਗਈ। ਉਹ ਪਾਟਣ ਵਾਲਾ ਹੋਇਆ ਪਿਆ ਸੀ ਕਿ
ਉਸਦੇ ਮਾਂ ਬਾਪ ਨੇ ਉਸਨੂੰ ਸਮਝਾਉਣਾ ਚਾਹਿਆ। ਇਹ ‘ਸਮਝ’ ਉਹਦੀ ਆਤਮਾ ਦਾ ਹਿੱਸਾ ਬਣਨੋਂ
ਇਨਕਾਰੀ ਸੀ। ਉਸਨੂੰ ਲੱਗਣ ਲੱਗਾ ਜਦੋਂ ਸਾਰੇ ਲੋਕ ਉਸਦੇ ‘ਵੱਡਾ’ ਬੰਦਾ ਬਣਨ ਨਾਲ ਸਹਿਮਤ ਹਨ
ਤਾਂ ਉਸਦੇ ਮਾਪੇ ਉਸ ਨਾਲ ‘ਦੁਸ਼ਮਣੀ’ ਕਿਉਂ ਕਰਦੇ ਹਨ! ਉਸਦੀ ‘ਤਰੱਕੀ’ ਤੋ ਕਿਉਂ ਸੜਦੇ ਹਨ!
ਇੱਕ ਦਿਨ ਏਸੇ ਗੁੱਸੇ ਵਿੱਚ ਉਸਨੇ ਤਲਵਾਰ ਚੁੱਕੀ ਤੇ ਘਰ ਦੇ ਜੀਆਂ ‘ਤੇ ਵਾਰ ਕਰਨੇ ਸ਼ੁਰੂ ਕਰ
ਦਿੱਤੇ। ਪਿਓ ਤੇ ਭਰਾ ਤਾਂ ਥਾਂ ‘ਤੇ ਹੀ ਮਾਰੇ ਗਏ। ਮਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜੇਲ੍ਹ ਵਿੱਚ ਵੀ ਉਹ ਇਸਤਰ੍ਹਾਂ ਹੀ ਗੱਲਾਂ ਕਰਦਾ। ਕੈਦੀ ਉਸਦੀਆਂ ਗੱਲਾਂ ‘ਤੇ ਖੁਸ਼ ਹੁੰਦੇ।
ਉਸਦੀ ਮਾਨਸਿਕ ਹਾਲਤ ਵਿਗੜਦੀ ਜਾਂਦੀ ਵੇਖ ਕੇ ਉਸਨੂੰ ਪਾਗ਼ਲਖ਼ਾਨੇ ਭੇਜ ਦਿੱਤਾ ਗਿਆ। ਪਾਗ਼ਲ
ਕੋਈ ‘ਸਿਆਣੇ’ ਥੋੜ੍ਹਾ ਸਨ ਜੋ ਉਸਦੀ ‘ਪਰਸੰਸਾ’ ਕਰਦੇ ਰਹਿੰਦੇ। ਉਹਨਾਂ ਕੋਲ ਤਾਂ ਸ਼ਾਇਦ
ਉਸਤੋਂ ਵੀ ਵੱਡੇ ਸੁਪਨੇ ਹੋਣ! ਉਹ ਸਰੀਰਕ ਤੌਰ ‘ਤੇ ਵੀ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ
ਸੀ। ਇੱਕ ਦਿਨ ਪਾਗ਼ਲਾਂ ਨਾਲ ਹੋਈ ਧੱਕੇ-ਮੁੱਕੇ ਦੀ ਛੋਟੀ ਜਿਹੀ ਲੜਾਈ ਵਿੱਚ ਧਰਤੀ ‘ਤੇ ਡਿਗ
ਪਿਆ। ਉਸਤੋਂ ਬਾਅਦ ਉਸਨੇ ਉੱਠਣਾ ਤੇ ਉੱਡਣਾ ਤਾਂ ਕੀ ਸੀ, ਜਾਣਕਾਰ ਲੋਕਾਂ ਲਈ ਸਦੀਵੀ
ਹਾਸੋ-ਹੀਣੀ ਯਾਦ ਬਣ ਕੇ ਰਹਿ ਗਿਆ।
ਇਸਤਰ੍ਹਾਂ ਮੇਰੇ ਇਸ ਪਾਤਰ ਦਾ ਬਹੁਤ ਹੀ ਦੁਖਦਾਈ ਅੰਤ ਹੋਇਆ। ਮੈਂ ਤਾਂ ਚਾਹਿਆ ਸੀ ਕਿ ਮੇਰੀ
ਕਹਾਣੀ ਰਾਹੀਂ ਪੂੰਜੀਵਾਦੀ ਕਦਰਾਂ-ਕੀਮਤਾਂ ਦਾ ਸ਼ਿਕਾਰ ਹੋਏ ਨਿਮਨ ਸ਼੍ਰੇਣੀਆਂ ਦੇ ਲੋਕ ਆਪਣੀ
ਹਕੀਕੀ ਸਥਿਤੀ ਤੋਂ ਜਾਣੂ ਹੋ ਕੇ ‘ਨਵਾਂ’ ਜੀਵਨ ਆਰੰਭ ਕਰਨ ਦੀ ਕੋਸ਼ਿਸ਼ ਵਾਲੇ ਸੁਨੇਹੇ ਨੂੰ
ਸਮਝਣਗੇ! ਮੇਰੀ ਕਹਾਣੀ ਨੇ ਪਤਾ ਨਹੀਂ ਕਦੇ ਅਜਿਹਾ ਕੁੱਝ ਕਰ ਵੀ ਸਕਣਾ ਹੈ ਜਾਂ ਨਹੀਂ; ਪਰ
‘ਨਿੰਦਰ’ ਦੇ ਸੁਪਨਿਆਂ ਨੂੰ ਹੋਰ ਵੀ ਫੁਲਾਉਣ ਵਿੱਚ ਹਿੱਸਾ ਪਾਉਣ ਕਰਕੇ ਇਹ ਉਸਦੇ ਪਰਿਵਾਰ
ਦੇ ਜੀਆਂ ਦਾ ਤੇ ਉਸਦੇ ਆਪਣਾ ਘਾਤ ਕਰਨ ਵਿੱਚ ਆਪਣਾ ਹਿੱਸਾ ਜ਼ਰੂਰ ਪਾ ਗਈ! ਆਪਣੀ ਕਹਾਣੀ ਦੇ
ਅਜਿਹੇ ਘਾਤਕ ਪ੍ਰਭਾਵ ਦੀ ਤਾਂ ਮੈਂ ਸੁਪਨੇ ਵਿੱਚ ਵੀ ਕਲਪਨਾ ਨਹੀਂ ਸੀ ਕੀਤੀ! ਮੇਰੀ ਕਹਾਣੀ
ਤੋਂ ਬਾਹਰ ਫੈਲੀ ਹੋਈ ਕਿਸੇ ਕਹਾਣੀ ਦਾ ਇਹ ਸਭ ਤੋਂ ਦੁਖਦਾਈ ਅੰਤ ਸੀ।
ਅਗਸਤ 1979 ਵਿੱਚ ਮੈਂ ਆਦਰਸ਼ ਸਕੂਲ ਧਰਦਿਓ-ਬੁੱਟਰ ਵਿੱਚ ਪੰਜਾਬੀ ਦਾ ਲੈਕਚਰਾਰ ਜਾ ਲੱਗਾ।
ਓਥੇ ਕਿਰਾਏ ‘ਤੇ ਕਮਰਾ ਲੈ ਲਿਆ। ਕਦੀ ਕਦੀ ਓਥੇ ਵੀ ਰਹਿ ਪੈਂਦਾ ਪਰ ਬਹੁਤੀ ਵਾਰ ਤਾਂ ਰੋਜ਼
ਹੀ ਪਿੰਡ ਆ ਜਾਂਦਾ ਕਿਉਂਕਿ ਪਿੱਛੇ ਪਤਨੀ ਤੇ ਛੋਟੇ ਬੱਚੇ ਇਕੱਲੇ ਰਹਿੰਦੇ ਸਨ। ਸਵੇਰੇ
ਤੜ੍ਹਕੇ ਬੱਸ ਫੜ੍ਹ ਕੇ ਫੇਰ ਸਕੂਲ ਵੱਲ ਤੁਰ ਪੈਂਦਾ। ਸ਼ਨਿੱਚਰ ਦੀ ਰਾਤ ਨੂੰ ਮੈਂ ਘਰ
ਪਹੁੰਚਿਆ ਤਾਂ ਪਤਨੀ ਨੇ ਬੜੀ ਉਦਾਸ ਖ਼ਬਰ ਸੁਣਾਈ। ਪਿੰਡ ਦੇ ਹੀ ਕੁੱਝ ਬੰਦਿਆਂ ਨੇ ਪਿੰਡ ਦੀ
ਔਰਤ ਨੂੰ ਗਲੀਆਂ ਵਿੱਚ ਨੰਗਿਆਂ ਕਰਕੇ ਫੇਰਿਆ ਸੀ। ‘ਕਸੂਰ’ ਉਸਦਾ ਇਹ ਸੀ ਕਿ ਉਸਦੇ ਮੁੰਡੇ
ਨੇ ਅਗਲਿਆਂ ਦੀ ਕੁੜੀ ਨੂੰ ਛੇੜਿਆ ਸੀ ਤੇ ਉਹਨਾਂ ਨੇ ਬਦਲਾ ਲੈਣ ਲਈ ਇਹ ਕਾਰਵਾਈ ਕੀਤੀ ਸੀ।
ਪਤਨੀ ਨੂੰ ਗਿਲਾ ਸੀ ਕਿ ਪਿੰਡ ਦੇ ਕਿਸੇ ਵੀ ਬੰਦੇ ਨੇ ਉਸ ਔਰਤ ਨੂੰ ਛੁਡਾਉਣ ਦਾ ਕੋਈ ਚਾਰਾ
ਨਹੀਂ ਸੀ ਕੀਤਾ। ਲੋਕ ਕੋਠਿਆਂ ਉੱਤੇ, ਗਲੀਆਂ ਦੇ ਮੋੜਾਂ ‘ਤੇ ਖਲੋ ਕੇ ‘ਤਮਾਸ਼ਾ’ ਵੇਖਦੇ ਰਹੇ
ਪਰ ਉਸ ਔਰਤ ਵੱਲੋਂ ਛੁਡਾਏ ਜਾਣ ਲਈ ਪਾਈਆਂ ਬਹੁੜੀਆਂ ਤੇ ਦੁਹਾਈਆਂ, ‘ਵੇ ਲੋਕੋ! ਮੈਂ
ਤੁਹਾਡੀ ਭੈਣ ਵੇ; ਮੈਂ ਤੁਹਾਡੀ ਮਾਂ ਵੇ; ਮੈਨੂੰ ਇਹਨਾਂ ਰਾਖ਼ਸ਼ਾਂ ਤੋਂ ਬਚਾਓ”, ਦਾ ਉਹਨਾਂ
‘ਤੇ ਕੋਈ ਅਸਰ ਨਾ ਹੋਇਆ। ਪਤਨੀ, ਜਿਹੜੀ ਹਰ ਵੇਲੇ ਮੈਨੂੰ ‘ਸੰਭਲ ਕੇ ਚੱਲਣ’ ਦੀਆਂ ਹਦਾਇਤਾਂ
ਦਿੰਦੀ ਰਹਿੰਦੀ ਸੀ ਕਹਿਣ ਲੱਗੀ, “ਮੈਂ ਤਾਂ ਗੁਆਂਢਣ ਸੁਰਜੀਤ ਕੌਰ ਨੂੰ ਆਂਹਦੀ ਸਾਂ ਕਿ ਜੇ
ਉਹ ਏਥੇ ਹੁੰਦੇ ਤਾਂ ਉਹਨਾਂ ਤਾਂ ਇਸਤਰ੍ਹਾਂ ਨਹੀਂ ਸੀ ਹੋਣ ਦੇਣਾ ਕਦੀ ਵੀ। ਭਾਵੇਂ ਕੁੱਝ
ਹੁੰਦਾ, ਉਹ ਤਾਂ ਲੋਕਾਂ ਨੂੰ ਵੰਗਾਰ ਕੇ ਜਾ ਕੁੱਦਦੇ ਮੌਤ ਦੇ ਮੂੰਹ ਵਿਚ, ਪਰ ਉਸਨੂੰ
ਨੰਗਿਆਂ ਨਹੀਂ ਸਨ ਹੋਣ ਦਿੰਦੇ!”
ਉਹ ਤਾਂ ਹੁਣ ਵੀ ਚਾਹ ਰਹੀ ਸੀ ਕਿ ਜੇ ਮਜ਼ਲੂਮ ਧਿਰ ਦੀ ਮਦਦ ਕੀਤੀ ਜਾ ਸਕਦੀ ਹੋਵੇ ਤਾਂ ਜ਼ਰੂਰ
ਕਰਾਂ!
ਸਾਰੀ ਰਾਤ ਮੈਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਮੈਂ ਅੱਜ ਵਾਲੀ ਦੁਖਦਾਈ ਘਟਨਾ ਨੂੰ ਇਸ
ਪਿੰਡ ਦੇ ਬਹਾਦਰੀ ਭਰੇ ਇਤਿਹਾਸ ਨਾਲ ਜੋੜ ਕੇ ਸੋਚਦਾ ਰਿਹਾ। ਭਾਈ ਬਿਧੀ ਚੰਦ, ਜਥੇਦਾਰ ਮਹਾਂ
ਸਿੰਘ ਦਾ ਤੇ ਜੱਸਾ ਸਿੰਘ ਰਾਮਗੜੀਏ ਦੇ ਵਡੇਰਿਆਂ ਦਾ ਇਹ ਪਿੰਡ ਅਸਲੋਂ ਹੀ ਕਿਵੇਂ ਗ਼ਰਕ ਗਿਆ
ਕਿ ਆਪਣੀ ਇੱਕ ਔਰਤ ਨੂੰ ਨੰਗਾ ਹੋਣੋ ਬਚਾ ਨਾ ਸਕਿਆ! ਇਹ ਤਾਂ ਉਹਨਾਂ ਗ਼ਦਰੀ ਸੂਰਬੀਰਾਂ ਦਾ
ਪਿੰਡ ਸੀ ਜਿਹੜੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋ ਗਏ ਸਨ ਤੇ ਜਿਨ੍ਹਾਂ ਦੀ ਯਾਦਗ਼ਾਰ ਪਿੰਡ
ਵਿੱਚ ਬਨਾਉਣ ਲਈ ਮੈਂ ਕਦੋਂ ਦਾ ਤਰਲੋ-ਮੱਛੀ ਹੋ ਰਿਹਾ ਸਾਂ।
ਪਰ ਮੈਂ ਵੀ ਤਾਂ ਇਸ ਇਤਿਹਾਸ ਦਾ ਹੀ ਹਿੱਸਾ ਸਾਂ। ਮੈਂ ਮਜ਼ਲੂਮ ਧਿਰ ਦੀ ਕੀ ਤੇ ਕਿਵੇਂ ਮਦਦ
ਕਰ ਸਕਦਾ ਸਾਂ! ਸਾਰੀ ਰਾਤ ਆਪਣੀ ਤਾਕਤ ਨੂੰ ਜੋਂਹਦਾ ਰਿਹਾ।
ਪਿਛਲੇ ਵਰ੍ਹਿਆਂ ਵਿੱਚ ਜਦੋਂ ਅਸੀਂ ‘ਨੌਜਵਾਨ ਭਾਰਤ ਸਭਾ’ ਦੇ ਝੰਡੇ ਹੇਠ ਕਾਰਜਸ਼ੀਲ ਸਾਂ ਤਾਂ
ਅਸੀਂ ਬਲੈਕ ਵਿਕਣ ਵਾਲੀ ਖ਼ਾਦ ਦੇ ਟਰੱਕ ਫੜ੍ਹ ਕੇ ਆਮ ਲੋਕਾਂ ਵਿੱਚ ਠੀਕ ਭਾਅ ‘ਤੇ ਹਿੱਸੇ
ਆਉਂਦੀ ਖ਼ਾਦ ਤਕਸੀਮ ਕੀਤੀ ਸੀ; ਪਿੰਡ ਵਿੱਚ ਗੰਦੇ ਅਸ਼ਲੀਲ ਰੀਕਾਰਡ ਵੱਜਣੋਂ ਰੋਕਣ ਲਈ
ਵਿਆਹ-ਸ਼ਾਦੀਆਂ ‘ਤੇ ਸਪੀਕਰ ਵੱਜਣੇ ਬੰਦ ਕਰਵਾਏ ਸਨ; ਜੰਝ ਦੇ ਗਿਆਰਾਂ ਬੰਦੇ ਆਉਣੇ-ਜਾਣੇ
ਨਿਸਚਿਤ ਕੀਤੇ ਸਨ। ਸ਼ਰਾਬੀਆਂ ਦੇ ਲਲਕਾਰੇ ਮਾਰਨੇ ਬੰਦ ਕਰਵਾਏ ਸਨ। ਇਹਨਾਂ ਫ਼ੈਸਲਿਆਂ ਨੂੰ
ਲਾਗੂ ਕਰਵਾਉਣ ਪਿੱਛੇ ਕਿਸੇ ਪ੍ਰਕਾਰ ਦਾ ਹਿੱਕ ਦਾ ਧੱਕਾ ਸ਼ਾਮਲ ਨਹੀਂ ਸੀ ਸਗੋਂ ਪਿੰਡ ਦੀ
ਪੰਚਾਇਤ, ਪੁਰਾਣੇ ਸਰਪੰਚਾਂ ਤੇ ਪਿੰਡ ਦੇ ਹੋਰ ਜ਼ਿੰਮੇਵਾਰ ਬੰਦਿਆਂ ਦੇ ਸਾਂਝੇ ਇਕੱਠ ਕਰਵਾ
ਕੇ ਸਾਰੇ ਮਸਲਿਆਂ ‘ਤੇ ਡੂੰਘੀ ਵਿਚਾਰ-ਚਰਚਾ ਕਰਨ ਪਿੱਛੋਂ ਹੀ ਸਾਰੇ ਫ਼ੈਸਲੇ ਲਏ ਸਨ ਤੇ ਪਿੰਡ
ਵਾਸੀਆਂ ਤੋਂ ਉਹਨਾਂ ‘ਤੇ ਪਾਬੰਦ ਰਹਿਣ ਦਾ ਪ੍ਰਣ ਵੀ ਲਿਆ ਸੀ। ਪਿੰਡ ਵਾਲਿਆਂ ਨੇ ਫ਼ੈਸਲਿਆਂ
ਨੂੰ ਲਾਗੂ ਕਰਵਾਉਣ ਦੀ ਸਾਡੀ ਜ਼ਿੰਮੇਵਾਰੀ ਲਾਈ ਹੋਈ ਸੀ।
ਕਿਸੇ ਨੂੰ ਕੋਈ ਹੋਰ ਮੁਸ਼ਕਿਲ ਵੀ ਆ ਬਣਦੀ ਸੀ ਤਾਂ ਉਹ ਪੰਚਾਇਤ ਵੱਲ ਜਾਣ ਦੀ ਥਾਂ ਸਾਡੇ ਵੱਲ
ਆਉਂਦਾ। ਬਜ਼ੁਰਗ ਦਲੀਪ ਸਿੰਘ ਦੀ ਸ਼ਰਾਬੀ ਹੋਏ ਥਾਣੇਦਾਰ ਨੇ ਰਾਤ ਸਮੇਂ ਰਾਹ ਜਾਂਦਿਆਂ ਜਦੋਂ
ਬਿਨਾਂ ਕਾਰਨ ਸਿਰਫ਼ ਨਸ਼ਾ ਖੇੜਨ ਲਈ ਐਵੇਂ ਹੀ ਦਾੜ੍ਹੀ ਪੁੱਟ ਸੁੱਟੀ ਸੀ ਤਾਂ ਉਹ ਆਪਣੇ
ਪੁਰਾਣੇ ਨਿੱਗਦੇ ਯਾਰ ਅਤੇ ਦੋ ਵਾਰ ਸਰਪੰਚ ਰਹਿ ਚੁੱਕੇ ਸੇਵਾ ਸਿੰਘ ਨੂੰ ਛੱਡ ਕੇ ਮੇਰੇ ਕੋਲ
ਮਦਦ ਲਈ ਆਇਆ ਸੀ। ਅਸੀਂ ਓਸੇ ਦਿਨ ਇਲਾਕੇ ਦੀਆਂ ਸਭਾਵਾਂ ਦਾ ਇਕੱਠ ਕਰਕੇ ਪੁਲਿਸ ਖ਼ਿਲਾਫ਼
ਰੈਲੀ ਕੀਤੀ ਸੀ ਤੇ ਐੱਸ ਐੱਸ ਪੀ ਨੂੰ ਮਿਲ ਕੇ ਥਾਣੇਦਾਰ ਦੀ ਕਰਤੂਤ ਦੀ ਇਨਕੁਆਇਰੀ ਕਰਵਾ ਕੇ
ਉਸਨੂੰ ਲਾਈਨ ਹਾਜ਼ਰ ਕਰਵਾਇਆ ਸੀ। ਇਸ ਪਿੱਛੋਂ ਪਿੰਡ ਵਿੱਚ ਜੇਤੂ ਜਲੂਸ ਕੱਢਿਆ ਸੀ। ਅਗਲੇ
ਦਿਨ ਆਪਣੇ ਆਪ ਨੂੰ ਘੈਂਟ ਸਮਝਣ ਵਾਲਾ ਥਾਣੇਦਾਰ ਪਿੰਡ ਦੇ ਮੋਅਤਬਰ ਬੰਦਿਆਂ ਨੂੰ ਨਾਲ ਲੈ ਕੇ
ਮੇਰੀਆਂ ਬਰੂਹਾਂ ‘ਤੇ ਮੁਆਫ਼ੀ ਮੰਗਣ ਆ ਗਿਆ ਸੀ। ਮੈਂ ਕਿਹਾ ਕਿ ਉਹ ਮੇਰੇ ਕੋਲੋਂ ਨਹੀਂ,
ਸਾਹਮਣੇ ਬੈਠੇ ਦਲੀਪ ਸਿੰਘ ਕੋਲੋਂ ਮੁਆਫ਼ੀ ਮੰਗ ਲਵੇ ਤਾਂ ਅਸੀਂ ਉਸ ਖ਼ਿਲਾਫ਼ ਅਗਲਾ ਸੰਘਰਸ਼ ਰੋਕ
ਲਵਾਂਗੇ! ਉਹ ਉੱਠ ਕੇ ਦਲੀਪ ਸਿੰਘ ਦੇ ਗੋਡਿਆਂ ਨੂੰ ਹੱਥ ਲਾਉਣ ਲਈ ਅੱਗੇ ਵਧਿਆ ਤਾਂ ਉਸਨੇ
ਅੱਗੋਂ ਥਾਣੇਦਾਰ ਨੂੰ ਗੁੱਸੇ ਵਿੱਚ ਝਿੜਕ ਕੇ ਬਿਠਾਉਂਦਿਆਂ ਕਿਹਾ ਸੀ, “ਪਰੇ ਹੋ ਜਾ, ਮੇਰੇ
ਗੋਡਿਆਂ ਨੂੰ ਆਪਣੇ ਗੰਦੇ ਹੱਥ ਨਾ ਲਾਵੀਂ।”
ਉਸ ਅੰਦਰੋਂ ਸਾਡੇ ਏਕੇ ਦੀ ਤਾਕਤ ਲਲਕਾਰ ਰਹੀ ਸੀ।
ਏਸੇ ਤਰ੍ਹਾਂ ਇੱਕ ਰਾਤ ਮੈਂ ਆਪਣੀ ਪਤਨੀ ਤੇ ਬੱਚਿਆਂ ਸਮੇਤ ਆਪਣੇ ਸਹੁਰੇ ਝਬਾਲ ਗਿਆ ਹੋਇਆ
ਸਾਂ। ਮੈਨੂੰ ਘਰ ਵਿੱਚ ਨਾ ਜਾਣ ਕੇ ਗੁਆਂਢੀ ਪੰਡਤਾਂ ਦੇ ਉਲੱਥ ਮੁੰਡੇ ਵਾਸਦੇਵ ਨੇ ਸਭਾ ਦਾ
ਨਾਂ ਲੈ ਕੇ ਲਲਕਾਰੇ ਮਾਰੇ ਤੇ ਕਿਹਾ ਕਿ ਉਸਨੂੰ ਲਲਕਾਰੇ ਮਾਰਨੋਂ ਕੋਈ ਮਾਈ ਦਾ ਲਾਲ ਰੋਕ
ਨਹੀਂ ਸਕਦਾ! ਵਾਸਦੇਵ ਬੜਾ ਖ਼ਰੂਦੀ ਸੀ ਤੇ ਅੱਜਕਲ੍ਹ ਬਦਮਾਸ਼ਾਂ ‘ਚ ਪੈਰ ਧਰਨ ਲੱਗਾ ਸੀ। ਅਗਲੇ
ਦਿਨ ਵਾਸਦੇਵ ਦੇ ‘ਕਾਰਨਾਮੇ’ ਦੀ ਸੂਚਨਾ ਪਿੰਡ ਦੇ ਨੌਜਵਾਨਾਂ ਨੇ ਮੈਨੂੰ ਝਬਾਲ ਪਹੁੰਚਦੀ ਕਰ
ਦਿੱਤੀ। ਸ਼ਾਮ ਨੂੰ ਅਸੀਂ ਇਕੱਠ ਕਰਕੇ ਵਾਸਦੇਵ ਨੂੰ ਘਰੋਂ ਬਾਹਰ ਸੱਦਿਆ ਤੇ ਉਸਦੀ ਜਵਾਬ ਤਲਬੀ
ਕੀਤੀ; ਉਹ ਸਾਨੂੰ ਲਲਕਾਰ ਕੇ ਰਾਤੀਂ ਗਾਲ੍ਹਾਂ ਕਿਉਂ ਕੱਢਦਾ ਰਿਹਾ ਸੀ! ਸਾਡੀ ਭੀੜ ਵੇਖ ਕੇ
ਉਹ ਸਹਿਮ ਗਿਆ ਤੇ ਕਹਿੰਦਾ, “ਮੈਨੂੰ ਗ਼ਲਤੀ ਦੀ ਮਾਫ਼ੀ ਦਿਓ। ਸ਼ਰਾਬੀ ਹੋਇਆ ਭੁੱਲ ਕਰ ਬੈਠਾਂ।”
ਅਸੀਂ ਕਿਹਾ ਕਿ ਤੂੰ ਸਾਨੂੰ ਸਾਰੇ ਪਿੰਡ ਸਾਹਮਣੇ ਵੰਗਾਰਿਆ ਸੀ ਸੋ ਹੁਣ ਭਰੇ ਬਾਜ਼ਾਰ ਵਿੱਚ
ਚੌਕ ਵਿੱਚ ਖਲੋ ਕੇ ਸਭ ਦੇ ਸਾਹਮਣੇ ਮੁਆਫ਼ੀ ਮੰਗ ਤਾਕਿ ਤੇਰੇ ਵਾਂਗ ਵਧੀਕੀ ਕਰਨ ਵਾਲਿਆਂ ਨੂੰ
ਅੱਗੋਂ ਤੋਂ ਕੰਨ ਹੋ ਜਾਣ। ਉਸਨੂੰ ਪਿੰਡ ਦੇ ਚੌਰਾਹੇ ਵਿੱਚ ਖੜੇ ਹੋ ਕੇ ਇਕੱਠੀ ਹੋ ਗਈ
ਲੋਕਾਂ ਦੀ ਭੀੜ ਸਾਹਮਣੇ ਮੁਆਫ਼ੀ ਮੰਗਣੀ ਪਈ ਸੀ।
ਪਿੰਡ ਦੇ ਮਾਣ-ਮੱਤੇ ਇਤਿਹਾਸ ਦੇ ਨਾਲ ਨਾਲ ਮੈਨੂੰ ਆਪਣੇ ਇਸ ਨਿੱਜੀ ਇਤਿਹਾਸ ‘ਤੇ ਵੀ ਬੜਾ
ਮਾਣ ਸੀ। ਜਾਤਾਂ-ਗੋਤਾਂ ਨੂੰ ਮੰਨਣਾ ਹੈ ਤਾਂ ਗੱਲ ਮਾੜੀ ਪਰ ਸਦੀਆਂ ਤੋਂ ਇਹ ਸਾਡੇ
ਸੰਸਕਾਰਾਂ ਦਾ ਹਿੱਸਾ ਬਣ ਕੇ ਧੁਰ ਅਵਚੇਤਨ ਵਿੱਚ ਧਸ ਕੇ ਬੈਠੀਆ ਹੋਈਆਂ ਨੇ, ਇਹਨਾਂ ਤੋਂ
ਅਸਲੋਂ ਛੁਟਕਾਰਾ ਪਾਉਣਾ ਸੰਭਵ ਨਹੀਂ। ਏਸੇ ਕਰਕੇ ਮੈਨੂੰ ਆਪਣੇ ‘ਸੰਧੂ ਜੱਟ’ ਹੋਣ ਦਾ ਵੀ
ਬੜਾ ਗੌਰਵ ਸੀ। ਮੈਂ ਆਪਣੇ ਆਪ ਨੂੰ ਭਾਈ ਬਾਲੇ, ਭਾਈ ਤਾਰੂ ਸਿੰਘ, ਸ਼ਹੀਦ ਭਗਤ ਸਿੰਘ ਦੀ
ਸੰਧੂਆਂ ਦੀ ਵਿਰਾਸਤ ਨਾਲ ਵੀ ਜੋੜ ਲੈਂਦਾ ਸਾਂ। ਮੈਨੂੰ ਆਪਣੇ ਮਰਾਸੀ ਦੀ ਇਹ ਗੱਲ ਵੀ ਨਹੀਂ
ਭੁੱਲੀ ਸੀ ਕਿ ‘ਸੰਧੂਆਂ ਦੀਆਂ ਤਾਂ ਸੁੱਤਿਆਂ ਦੀਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ।
ਇੱਕ ਵਾਰ ਕੋਈ ਦੁਸ਼ਮਣ ਸੁੱਤੇ ਪਏ ਕਿਸੇ ਸੂਰਮੇ ਸੰਧੂ ਨੂੰ ਮਾਰਨ ਲਈ ਅੱਗੇ ਵਧਿਆ ਤਾਂ ਉਹ
ਸੁੱਤੇ ਪਏ ਸੰਧੂ ਦੀਆਂ ਖੁੱਲ੍ਹੀਆਂ ਅੱਖਾਂ ਤੋਂ ਹੀ ਭੈਅ-ਭੀਤ ਹੋ ਗਿਆ ਤੇ ਉਸਦਾ ਹੌਸਲਾ ਰੇਤ
ਹੋ ਗਿਆ ਸੀ।’
ਅੱਜ ਮੇਰੇ ਪਿੰਡ ਦਾ ਸਮੂਹਿਕ ਇਤਿਹਾਸ ਤੇ ਮੇਰਾ ਨਿੱਜੀ ਇਤਿਹਾਸ ਮੈਨੂੰ ਮਜ਼ਲੂਮ ਔਰਤ ਦੀ
ਸਹਾਇਤਾ ਕਰਨ ਲਈ ਵੰਗਾਰ ਰਿਹਾ ਸੀ। ਪਰ ਪਿਛਲੇ ਸਾਲਾਂ ਵਿੱਚ ਐਮਰਜੈਂਸੀ ਲੱਗ ਜਾਣ ਕਰਕੇ ਤੇ
ਮੇਰੇ ਦੋ ਵਾਰ ਗ੍ਰਿਫ਼ਤਾਰ ਹੋਣ ਅਤੇ ਫੇਰ ਐੱਮ ਫ਼ਿਲ ਕਰਨ ਜਾ ਲੱਗਣ ਕਰਕੇ ਪਿੰਡ ਦੀ ‘ਨੌਜਵਾਨ
ਭਾਰਤ ਸਭਾ’ ਕਾਰਜਹੀਣ ਹੋ ਗਈ ਸੀ। ਇਲਾਕੇ ਵਿਚਲਾ ਇਸਦਾ ਢਾਂਚਾ ਵੀ ਬਿਖ਼ਰ ਗਿਆ ਸੀ।
ਪਿੰਡ-ਸੁਧਾਰ ਲਈ ਸਾਡੇ ਬਣਾਏ ਨਿਯਮ ਤਾਕਤ ਵਾਲਿਆਂ ਨੇ ਮੁੜ ਮੌਕਾ ਮਿਲਦੇ ਸਾਰ ਹੀ ਤੋੜ
ਦਿੱਤੇ ਸਨ।
ਹੁਣ ਕਿਸੇ ਜਥੇਬੰਦਕ ਤਾਕਤ ਤੋਂ ਬਿਨਾਂ ਮੈਂ ਇਕੱਲਾ ਪੀੜਤ ਧਿਰ ਦੀ ਕੀ ਮਦਦ ਕਰ ਸਕਦਾ ਸਾਂ!
ਪਤਨੀ ਨੂੰ ਤਾਂ ਇਹ ਕਹਿ ਕੇ ਕਿ ਮੈਂ ਪਿੰਡ ਵਾਲਿਆਂ ਤੇ ਸਰਪੰਚ ਆਦਿ ਨਾਲ ਮਿਲ ਕੇ ਪੀੜਤ ਔਰਤ
ਲਈ ਕੁੱਝ ਕਰਨ ਦੀ ਯੋਜਨਾ ਬਨਾਉਣ ਜਾ ਰਿਹਾਂ, ਸਾਰੀ ਦਿਹਾੜੀ ਲਗਭਗ ਘਰੋਂ ਬਾਹਰ ਰਿਹਾ। ਉਸ
ਦਿਨ ਕੀਤਾ ਕੀ? ਇਹ ਵੇਰਵੇ ਕਹਾਣੀ ‘ਦਲਦਲ’ ਵਿੱਚ ਗਲਪ ਦੀ ਸ਼ਕਲ ਵਿੱਚ ਪਏ ਹਨ। ਪਰ ਜਿਸ ਦਿਨ
ਸੋਮਵਾਰ ਨੂੰ ਮੈਂ ਡਿਊਟੀ ‘ਤੇ ਚੱਲਿਆ ਤਾਂ ਪਤਨੀ ਨੂੰ ਅੱਜ ਹੀ ਛੁੱਟੀ ਲੈ ਕੇ ਆਉਣ ਦਾ ਲਾਰਾ
ਲਾਇਆ। ਬੱਚੀ ਰੂਪ ਨੂੰ ਲਾਡ ਲਡਾ ਕੇ ਦੋ ਕੁ ਸਾਲ ਦੇ ਸੁੱਤੇ ਪਏ ਬੇਟੇ ਸੁਪਨਦੀਪ ਵੱਲ
ਵੇਖਿਆ। ਮੈਂ ਉਸਦਾ ਮੱਥਾ ਚੁੰਮਣ ਲਈ ਝੁਕਿਆ ਤਾਂ ਵੇਖਿਆ ਉਸ ‘ਸੁੱਤੇ ਪਏ ਸੰਧੂ’ ਦੀਆਂ
ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਇਹ ਖੁੱਲ੍ਹੀਆਂ ਅੱਖਾਂ ਜੋ ਮੇਰੇ ਲਈ ਸਦਾ ‘ਸੰਧੂਆਂ ਦੀ
ਬਹਾਦਰੀ’ ਦਾ ਚਿੰਨ੍ਹ ਰਹੀਆਂ ਸਨ, ਅੱਜ ਮੇਰੀ ‘ਬਹਾਦਰੀ’ ਨੂੰ ਵੰਗਾਰ ਰਹੀਆਂ ਸਨ, ਜਿਹੜਾ
‘ਮੈਦਾਨ’ ਵਿਚੋਂ ਪਿੱਠ ਵਿਖਾ ਕੇ ਭੱਜ ਨਿਕਲਿਆ ਸੀ!
ਲੱਗਦਾ ਸੀ ਉਸਨੇ ਮੇਰੀ ਕਮਜ਼ੋਰੀ ਤੇ ਚੋਰੀ ਫੜ੍ਹ ਲਈ ਸੀ। ਉਹ ਖੁੱਲ੍ਹੀਆਂ ਅੱਖਾਂ ਅੱਜ ਵੀ
ਜਦੋਂ ਮੈਨੂੰ ਯਾਦ ਆਉਂਦੀਆਂ ਹਨ ਤਾਂ ਜਿੱਥੇ ਇਸ ਹਕੀਕਤ ਦਾ ਖ਼ਿਆਲ ਆਉਂਦਾ ਹੈ ਕਿ ਜ਼ੁਲਮ ਨਾਲ
ਲੜਨ ਲਈ ਹਮੇਸ਼ਾ ਜਥੇਬੰਦਕ ਏਕਾ ਲੋੜੀਂਦਾ ਹੈ, ਓਥੇ ਮੇਰੀ ‘ਬਹਾਦਰੀ ਵਾਲੀ ਵਿਅਕਤੀਗਤ ਹਉਮੈਂ’
ਦੀ ਨਿਕਲਦੀ ਫੂਕ ਮੈਨੂੰ ਹਰ ਵਾਰ ਸ਼ਰਮਿੰਦਾ ਕਰ ਜਾਂਦੀ ਹੈ।
ਜਦੋਂ ਵੀ ਕਦੀ ਮੈਂ ਇਸ ਕਹਾਣੀ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ
ਮੇਰੀਆਂ ਅੱਖਾਂ ਨੀਵੀਂਆਂ ਹੋ ਜਾਂਦੀਆਂ ਹਨ।
ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਪਾਤਰ ਜਾਂ ਘਟਨਾਵਾਂ ਮੇਰੇ ਨਿਕਟ ਅਨੁਭਵ ਦਾ ਹਿੱਸਾ
ਹਨ। ਕਈਆਂ ਵਿੱਚ ਤਾਂ ਮੇਰਾ ਆਪਣਾ ਆਪਾ ਵੀ ਬੋਲਦਾ ਹੈ। ਪਰ ਮੇਰੇ ਜਾਣੇ-ਪਛਾਣੇ ਪਾਤਰ ਜਾਂ
ਘਟਨਾਵਾਂ ਤਾਂ ਕੇਵਲ ਉਹ ‘ਮਿੱਟੀ’ ਹੈ ਜਿਹੜੀ ਪਹਿਲਾਂ ਤਾਂ ਮੈਂ ਆਪਣੀ ਚੇਤਨਾ ਵਿੱਚ
ਗੁੰਨ੍ਹਦਾ ਹਾਂ, ਫਿਰ ਉਸਨੂੰ ‘ਆਪਣੀ ਦ੍ਰਿਸ਼ਟੀ’ ਦੇ ਚੱਕ ‘ਤੇ ਚੜ੍ਹਾਉਂਦਾ ਹਾਂ। ਜਦੋਂ ਉਸ
ਮਿੱਟੀ ਵਿਚੋਂ ਆਪਣੀ ਮਨ-ਚਾਹੀ ਸ਼਼ਕਲ ਤਰਾਸ਼ ਕੇ ਚੱਕ ਤੋਂ ਉਤਾਰਦਾ ਹਾਂ ਤਾਂ ਇਸ ਵਿੱਚ ਵਰਤੀ
ਗਈ ਮਿੱਟੀ ਦਾ ਰੰਗ ਤੇ ਚਿਕਨਾਹਟ ਵੀ ਜ਼ਰੂਰ ਸ਼ਾਮਲ ਹੁੰਦੀ ਹੈ ਪਰ ਇਸਦਾ ਮੁਹਾਂਦਰਾ ਅਸਲੋਂ ਹੀ
ਨਿਵੇਕਲਾ, ਨਿਆਰਾ ਤੇ ਆਪਣੇ ਵਰਗਾ ਆਪ ਹੁੰਦਾ ਹੈ। ਕੋਈ ਵੀ ਪਾਤਰ, ਘਟਨਾ ਜਾਂ ਸਥਿਤੀ ਜਦੋਂ
ਲੇਖਕ ਦੀ ਦ੍ਰਿਸ਼ਟੀ ਵਿਚੋਂ ਕਸ਼ੀਦ ਹੋ ਕੇ ਹੋਂਦ ਵਿੱਚ ਆਉਂਦੀ ਹੈ ਤਾਂ ਆਪਣਾ ਅਸਲੋਂ ਵੱਖਰਾ
ਰੂਪ ਲੈ ਕੇ ਹਾਜ਼ਰ ਹੁੰਦੀ ਹੈ। ਇਸਦਾ ਬਹੁਤ ਕੁੱਝ ਨਵਾਂ ਤੇ ਵਿਲੱਖਣ ਹੁੰਦਾ ਹੈ। ਕਿਸੇ ਵੀ
ਸਥਿਤੀ ਦਾ ਹੁਬਹੂ ਚਿਤਰ ਖਿੱਚ ਲੈਣ ਦਾ ਦਾਅਵਾ ਬੜੀ ਫੋਕੀ ਗੱਲ ਹੈ। ਅਜਿਹਾ ਸੰਭਵ ਹੀ ਨਹੀਂ
ਹੁੰਦਾ। ਕੋਈ ਲੇਖਕ ਬੇਸ਼ੱਕ ਆਪਣੇ ਬਾਰੇ ਹੀ ਕਹਾਣੀ ਕਿਉਂ ਨਾ ਲਿਖ ਰਿਹਾ ਹੋਵੇ, ਪਰ ਲਿਖੇ
ਜਾਣ ਤੋਂ ਬਾਅਦ ਉਹ ਕਹਾਣੀ ਨਿਰੋਲ ਲੇਖਕ ਦੇ ਆਪਣੇ ਬਾਰੇ ਨਾ ਰਹਿ ਕੇ ਸਗੋਂ ਉਹਦੇ ‘ਵਰਗੇ’
ਕਿਸੇ ਬੰਦੇ ਦੀ ਕਹਾਣੀ ਹੋ ਜਾਂਦੀ ਹੈ! ਰਚਨਾ ਵਿੱਚ ਪੇਸ਼ ਦ੍ਰਿਸ਼ਟੀ ਤੇ ਵਿਸ਼ੇਸ਼ ਪ੍ਰਭਾਵ
ਸਿਰਜਣ ਦੀ ਲੋੜ ਵਿਚੋਂ ਮ਼ੂਲ ਸਰੋਤ ਵਿਚੋਂ ਬਹੁਤ ਕੁੱਝ ਕੱਟਣਾ ਪੈਂਦਾ ਹੈ ਤੇ ਬਹੁਤ ਕੁੱਝ
ਨਵਾਂ ਉਸ ਨਾਲ ਜੋੜਨਾ ਵੀ ਪੈਂਦਾ ਹੈ। ਇਹੋ ਕਾਰਨ ਹੈ ਕਿ ਜਦੋਂ ਮੂਲ ਸਰੋਤ ਵਾਲਾ ਕੋਈ ਪਾਤਰ
‘ਆਪਣੇ ਬਾਰੇ’ ਲਿਖੀ ਕਹਾਣੀ ਪੜ੍ਹਦਾ ਹੈ ਤਾਂ ਉਸਨੂੰ ਉਸ ਵਿੱਚ ਬਹੁਤ ਕੁੱਝ ਆਪਣੇ ਨਾਲੋਂ
ਵੱਧ-ਘੱਟ ਦਿਖਾਈ ਦਿੰਦਾ ਹੈ। ਆਪਣਾ ‘ਵਿਗੜਿਆ ਚਿਹਰਾ’ ਵੇਖ ਕੇ ਉਹ ਲੇਖਕ ‘ਤੇ ਖ਼ਫ਼ਾ ਹੋ
ਜਾਂਦਾ ਹੈ। ‘ਨਾਇਕ’ ਕਹਾਣੀ ਦੇ ‘ਮੁਖ-ਪਾਤਰ’ ਦੀ ਨਰਾਜ਼ਗੀ ਦਾ ਕਾਰਨ ਇਹੋ ਹੀ ਸੀ। ਉਹ ਇਸਨੂੰ
ਆਪਣੇ ਬਾਰੇ ਲਿਖੀ ਕਹਾਣੀ ਸਮਝਦਾ ਸੀ ਪਰ ਉਹ ਤਾਂ ਉਸਦੀ ਕਹਾਣੀ ਹੀ ਨਹੀਂ ਸੀ, ਉਹ ਤਾਂ ‘ਉਸ
ਵਰਗੇ’ ਕਿਸੇ ਪਾਤਰ ਦੀ ਕਹਾਣੀ ਸੀ।
ਮੈਂ ਸ਼ੁਕਰ ਕਰਦਾ ਹਾਂ ਕਿ ਮੇਰੀਆਂ ਬਹੁਤੀਆਂ ਕਹਾਣੀਆਂ ਦੇ ਮੂਲ ਸਰੋਤ ਵਾਲੇ ਪਾਤਰਾਂ ਨੇ ਇਹ
ਕਹਾਣੀਆਂ ਪੜ੍ਹੀਆਂ ਨਹੀਂ ਹੋਈਆਂ। ਨਹੀਂ ਤਾਂ ਪਤਾ ਨਹੀਂ ਉਹ ਮੇਰਾ ਕੀ ਹਾਲ ਕਰਦੇ!
‘ਸੁਨਹਿਰੀ ਕਿਣਕਾ’ ਦੇ ਫੌਜਾ ਸਿੰਘ, ਪ੍ਰੀਤਮ ਸਿੰਘ, ਗੁਰੋ, ਸ਼ਾਹਣੀ, ਗੁਰਦੇਵ ਤੇ ਹਰਦੇਵ
ਨਾਲ ਮਿਲਦੇ-ਜੁਲਦੇ ਮੂਲ-ਸਰੋਤ ਪਾਤਰ ਫੌਜਾ ਸਿੰਘ ਤੋਂ ਇਲਾਵਾ ਕਹਾਣੀ ਛਪਣ ਤੋਂ ਪਹਿਲਾਂ ਹੀ
ਵਲਾਇਤ ਚਲੇ ਗਏ ਸਨ। ‘ਭੱਜੀਆਂ ਬਾਹੀਂ’ ਨਾਲ ਸੰਬੰਧਤ ਮੇਰਾ ਗੁਆਂਢੀ ਪਰਿਵਾਰ ਵੀ ਕਹਾਣੀ ਛਪਣ
ਤੋਂ ਕੁੱਝ ਚਿਰ ਬਾਅਦ ਹੀ ਪਿੰਡ ਛੱਡ ਕੇ ਕਿਤੇ ਹੋਰ ਜਾ ਵੱਸਿਆ ਸੀ ਤੇ ਮੈਂ ਵੀ ਉਹਨਾਂ
ਦਿਨਾਂ ਵਿੱਚ ਹੀ ਪਿੰਡ ਛੱਡਕੇ ਜਲੰਧਰ ਆ ਗਿਆ ਸਾਂ। ਜੇ ਦੋਵੇਂ ਧਿਰਾਂ ਪਿੰਡ ਹੀ ਰਹਿੰਦੇ
ਹੁੰਦੇ ਤਾਂ ਪਤਾ ਨਹੀਂ ਸਾਡੇ ਸੰਬੰਧ ਕਹਾਣੀ ਕਾਰਨ ਕਿਹੋ ਜਿਹੇ ਹੁੰਦੇ!
‘ਡੁੰਮ੍ਹ’ ਕਹਾਣੀ ਦੇ ਕੇਂਦਰੀ ਪਾਤਰ ਦਾ ਢਾਂਚਾ ਮੈਂ ਆਪਣੇ ਹੀ ਪਿੰਡ ਦੇ ਮੇਜਾ ਸਿੰਘ ਦੇ
ਆਪਣੇ ਪੁੱਤਰ ਤਾਰੇ ਬਾਰੇ ‘ਭਲਵਾਨ, ਬਦਮਾਸ਼ ਤੇ ਅਫ਼ਸਰ ਬਨਾਉਣ’ ਅਤੇ ‘ਅਕਲ ਦੀਆਂ ਕਾਪੀਆਂ’
ਵਾਲੇ ਸੁਪਨੇ ਤੋਂ ਲਿਆ। ਮੇਜਾ ਸਿੰਘ ਦਾ ਕੇਵਲ ‘ਇਹ ਸੁਪਨਾ’ ਹੀ ਕਹਾਣੀ ਦਾ ਪ੍ਰੇਰਕ ਸੀ,
ਬਾਕੀ ਕਹਾਣੀ ਤਾਂ ਮੇਰੀ ਕਲਪਨਾ ਦਾ ਹਿੱਸਾ ਸੀ। ਪਰ ਮੇਜਾ ਸਿੰਘ ਦੇ (ਕਹਾਣੀ ਵਿਚਲੇ ਤੇਜਾ
ਸਿੰਘ) ਇਹਨਾਂ ‘ਖ਼ਿਆਲੀ’ ਸੁਪਨਿਆਂ ਬਾਰੇ ਤਾਂ ਸਾਰਾ ਪਿੰਡ ਜਾਣਦਾ ਸੀ। ਜੇ ਉਸਨੂੰ ਕਿਸੇ ਨੇ
ਮੇਰੀ ਕਹਾਣੀ ਬਾਰੇ ਦੱਸਿਆ ਵੀ ਹੋਊ ਤਾਂ ਉਸਨੇ ਆਦਤ ਅਨੁਸਾਰ ਹੱਸ ਕੇ ਟਾਲ ਦਿੱਤਾ ਹੋਵੇਗਾ।
ਪਰ ਪਿਛਲੇ ਬਾਰਾਂ-ਚੌਦਾਂ ਸਾਲ ਤੋਂ ਤਾਂ ਇਹ ਕਹਾਣੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ
ਦੇ ਪਾਠ-ਕ੍ਰਮ ਦਾ ਹਿੱਸਾ ਹੋਣ ਕਰਕੇ ਮੇਰੇ ਪਿੰਡ ਦੇ ਘਰ ਘਰ ਵਿੱਚ ਪੜ੍ਹ-ਸੁਣੀ ਗਈ ਹੈ। ਕਦੀ
ਕਦੀ ਮੈਂ ਸੋਚਦਾਂ ਕਿ ਤਾਰੇ ਦੇ ਨਿਆਣਿਆਂ ਨੇ ਜਦੋਂ ਇਹ ਕਹਾਣੀ ਪੜ੍ਹੀ ਹੋਊ ਤੇ ਹੋਰਨਾਂ ਨੇ
ਉਹਨਾਂ ਨੂੰ ਦੱਸਿਆ ਹੋਊ ਕਿ ਇਹ ‘ਤੁਹਾਡੀ’ (ਭਾਵੇਂ ਇਹ ਉਹਨਾਂ ਦੀ ਕਹਾਣੀ ਨਹੀਂ) ਹੀ ਕਹਾਣੀ
ਹੈ ਤਾਂ ਉਹ ਕੀ ਸੋਚਦੇ ਤੇ ਕੀ ਆਖਦੇ ਹੋਣਗੇ!
‘ਤਾਰ ‘ਤੇ ਤੁਰਦਾ ਆਦਮੀ’ ਕਹਾਣੀ ਮੇਰੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸਮੇਂ ਸਹਿਕਰਮੀ
ਰਹੇ ਅਧਿਆਪਕ ਦੇ ਦੁਆਲੇ ਉਸਾਰੀ ਹੋਈ ਹੈ। ਉਸਨੂੰ ਜਦੋਂ ਕੋਈ ਕੋਈ ਮੇਰੇ ਸਾਹਮਣੇ ਹੀ ਸ਼ਰਾਰਤ
ਨਾਲ ਕਹਿੰਦਾ ਕਿ ਕੀ ਉਸਨੇ ਆਪਣੇ ਬਾਰੇ ਲਿਖੀ ਮੇਰੀ ਕਹਾਣੀ ਪੜ੍ਹੀ ਹੈ ਤਾਂ ਉਹ ਅੱਗੋਂ
ਕਹਿੰਦਾ, “ਮੈਨੂੰ ਪਤੈ ਮੇਰੇ ਭਾ ਜੀ ਮੇਰੇ ਬਾਰੇ ਕੋਈ ਮਾੜੀ ਗੱਲ ਨਹੀਂ ਲਿਖ ਸਕਦੇ!” ਮੈਂ
ਸੁਖ ਦਾ ਸਾਹ ਲੈਂਦਾ। ਮੈਨੂੰ ਪਤਾ ਲੱਗ ਜਾਂਦਾ ਕਿ ਇਸਨੇ ਕਹਾਣੀ ਪੜ੍ਹੀ ਨਹੀਂ ਹੋਈ।
ਵੱਡੇ ਸ਼ੁਕਰ ਦੀ ਗੱਲ ਇਹ ਹੈ ਕਿ ਮੇਰੇ ਪਰਿਵਾਰ ਦੇ ਜੀਆਂ ਨੇ ਪਰਿਵਾਰ ਬਾਰੇ ਲਿਖੀਆਂ ਮੇਰੀਆਂ
ਕਹਾਣੀਆਂ ਬਾਰੇ ਕਦੀ ਬਹੁਤੀ ਮਾੜੀ ਰਾਇ ਨਹੀਂ ਰੱਖੀ। ਬੀਬੀ ਨੂੰ ਆਪਣੇ ਬਾਰੇ ਜਾਂ ਮੇਰੇ
ਪਿਤਾ ਨਾਲ ਮਿਲਦੇ-ਜੁਲਦੇ ਗਾਲਪਨਿਕ ਵੇਰਵਿਆਂ ਬਾਰੇ ਕਦੀ ਇਤਰਾਜ਼ ਨਹੀਂ ਸੀ ਹੋਇਆ।
ਇੰਜ ਕਈ ਕਹਾਣੀਆਂ ਦੇ ਹੋ ਸਕਣ ਵਾਲੇ ਪਲਟ-ਵਾਰਾਂ ਤੋਂ ਬਚਿਆ ਰਹਿਣਾ ਮੇਰੀ ਚੰਗੀ ‘ਕਿਸਮਤ’
ਹੀ ਸਮਝੋ।
-0-
|