ਸਥਾਪਤ ਕਵੀ ਅਤੇ ਸੈਨਿਕ
ਅਮਰਜੀਤ ਕਸਕ ਨਾਲ ਨੇੜਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਬੱਬੀਂ ਹੋਈ ਮੁਲਾਕਾਤ
ਨਾਲ ਸ਼ੁਰੂ ਹੋਈ ਅਤੇ ਫਿਰ ਵਿਚਾਰ-ਚਰਚਾ ਸਿਲਸਿਲਾ ਨਿਰੰਤਰ ਚਲਦਾ ਰਿਹਾ। ਉਸ ਦੇ
ਅਧਿਆਤਮਕ+ਦਾਰਸ਼ਨਿਕ ਵਿਚਾਰ ਮੇਰਾ ਧਿਆਨ ਖਿਚਦੇ ਰਹੇ ਅਤੇ ਸਾਡਾ ਲੇਖਕ-ਪਾਠਕ ਵਾਲਾ ਰਿਸ਼ਤਾ
ਹੋਰ ਮਜ਼ਬੂਤ ਹੁੰਦਾ ਰਿਹਾ।
ਪੇਸ਼ਕਸ਼ : ਬਲਦੇਵ ਸਿੰਘ ਧਾਲੀਵਾਲ
ਮਾਰਫ਼ਤ 56 ਏ.ਪੀ.ਓ.
12.1.03
ਮਾਣਯੋਗ ਵੀਰ ਡਾ. ਬਲਦੇਵ ਧਾਲੀਵਾਲ ਜੀਓ,
. ਯਾਦ ਕਰਦਿਆਂ ਸਤਿ ਸ੍ਰੀ ਅਕਾਲ। ਛੋਟਿਆਂ ਲਈ ਪਿਆਰ। ਆਪ ਨੂੰ ਅਤੇ ਸਾਰੇ ਪਰਿਵਾਰ ਨੂੰ
ਨਵਾਂ ਸਾਲ 2003 ਮੁਬਾਰਕ ਹੋਵੇ। ਵੈਸੇ ਵਕਤ ਇਕਸਾਰ ਇਕ ਰਸ, ਇਕੋ ਜਿਹਾ ਅਬਦਲ ਹੀ ਹੈ।
ਕਾਲ ਖੰਡ ਬਣਾ ਲਏ ਹਨ, ਕੰਮ ਕਾਰ ਦੀ ਸੁਵਿਧਾ ਲਈ। ਸੋ ਦੁਆ ਹੈ ਇਸ ਕਾਲਖੰਡ ਵਿਚ ਆਪ ਦੀ
ਚੇਤਨਾ ਏਨੀ ਬੁਲੰਦ ਹੋਵੇ ਕਿ ਕਾਲ-ਮੁਕਤ ਅਵਸਥਾ ਦਾ ਅਹਿਸਾਸ ਕਰ ਸਕੋਂ।
. ਕਵਿਤਾ ਸਬੰਧੀ ਤੁਹਾਡੀਆਂ ਰਾਵਾਂ ਨੇ ਮੇਰੀ ਜ਼ਿੰਮੇਵਾਰੀ ਨੂੰ ਵਧਾਇਆ ਹੈ। ਮੈਨੂੰ
ਸਿਰਜਣਾ ਪ੍ਰਤੀ ਆਪਣੀ ਵਧੀ ਜ਼ਿੰਮੇਵਾਰੀ ਦਾ ਅਹਿਸਾਸ ਹੈ।
. ਕਾਫੀ ਦੇਰ ਤੋਂ ਪੱਤਰ ਲਿਖਣ ਦੀ ਸੋਚ ਰਿਹਾ ਸਾਂ ਪਰ ਆਪਾ ਇਕੱਠਾ ਨਹੀਂ ਹੋ ਰਿਹਾ। ਕਈ
ਅਹਿਸਾਸਾਂ ਨੂੰ ਲੈ ਕੇ ਖਿੰਡਿਆ ਜਿਹਾ ਪਿਆ ਹਾਂ। ਅੰਦਰ ਕਈ ਤਰ੍ਹਾਂ ਦੀ ਟੁੱਟ-ਭੱਜ ਚਲਦੀ
ਰਹਿੰਦੀ ਹੈ। ਬਾਹਰ ਮੌਸਮ ਵੀ ਨਾਯਾਬ ਹੀ ਚਲ ਰਿਹੈ। ਬਾਕੀ ਇਕ ਗੱਲ ਸਪੱਸ਼ਟ ਰੂਪ ‘ਚ ਕਹਿਣਾ
ਚਾਹੁੰਦਾ ਹਾਂ ਸੱਚ (ਪਰਮ ਸੱਚ ਅਬਦਲ) ਅਤੇ ਜੀਵਨ ਸੱਚ (ਸੰਸਾਰੀ) ਪ੍ਰਤੀ ਜੋ ਵੀ ਕਵਿਤਾ
‘ਚੋਂ ਆਪ ਨੇ ਮਹਿਸੂਸਿਆ ਹੈ ਉਹ ਸਾਰਾ ਸੱਚ ਅਹਿਸਾਸ ਵਿਚ ਆਇਆ ਹੋਇਆ ਹੈ। ਏਨਾਂ ਸੱਚਾਂ
ਨੂੰ ਛੂਹਣ ਜਿੰਨਾਂ ਨੇੜਿਓਂ ਤੱਕਿਆ ਜੀਵਿਆ ਹੈ।
. ‘ਤੁਸੀਂ ਸਿਰਜਕ ਹੋ‘ ਇਹ ਕਹਿਣਾ ਚਾਹੁੰਦਾ ਹਾਂ ਕਿ ਸਿਰਜਣਾ ਆਪਣੇ ਆਪ ਵਿਚ ਹੀ ਆਪਣੇ
ਗੁਣ ਧਰਮ ਕਰਕੇ ਹੀ ਆਸ਼ਾਵਾਦੀ ਹੁੰਦੀ ਹੈ। ਏਸ ਸਿਰਜਣਾ ਦੇ ਅੰਦਰ ਹੀ ਤਾਂ ਕਰਤਾਰੀ ਸ਼ਕਤੀ
ਚੱਲ ਰਹੀ ਹੈ। ਏਸ ਸੱਚ ਨੂੰ ਮੰਨ ਲੈਣਾ ਹੀ ਆਸਤਿਕਤਾ ਹੈ, ਆਸਾਵਾਦ ਹੈ।
. 1. ਪਰਮ ਸੱਤਾ ਦਾ ਅਹਿਸਾਸ ਹੋਇਆ ਹੈ। 2. ਸ਼ੈਤਾਨੀ ਤਾਕਤਾਂ ਦਾ ਵੀ ਹੋਇਆ ਹੈ। 3. ਰਾਹ
ਰਸਤੇ ਦੀਆਂ ਸੱਤਾ ਤੋਂ ਉਰਲੀਆਂ ਹੋਰ ਤਾਕਤਾਂ ਦਾ ਅਹਿਸਾਸ ਹੋਇਆ ਹੈ। ਜੀਵਨ ਵਿਚ ਇਨ੍ਹਾਂ
ਦਾ ਚਲਨ ਵੇਖਿਆ ਸਮਝਿਆ ਹੈ। ਏਸ ਸਭ ਸਬੰਧੀ ਕਿਤੇ ਬੈਠ ਕੇ ਗੱਲਬਾਤ ਕਰਾਂਗੇ। ਕਹਿੰਦੇ ਨੇ
‘ਪ੍ਰਤੱਖ ਨੂੰ ਪ੍ਰਮਾਣ ਕੀ‘। ਚੰਗਾ ਵੀਰ ਢੇਰ ਸਾਰੀਆਂ ਦੁਆਵਾਂ ਮਾਣ ਤੇ ਅਦਬ ਸਹਿਤ ਫੇਰ
ਯਾਦ... ਸਤਿ ਸ੍ਰੀ ਅਕਾਲ।
ਅਮਰਜੀਤ ਕਸਕ
‘‘‘
22.2.2001
ਮਾਣਯੋਗ ਪਿਆਰੇ ਵੀਰ, ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਪਰਿਵਾਰ, ਯਾਦ ਕਰਦਿਆਂ ਸਤਿ ਸ੍ਰੀ
ਅਕਾਲ। ਬੱਚਿਆਂ ਲਈ ਬਹੁਤ ਸਾਰਾ ਪਿਆਰ। ਆਓ ਸਤਿ ਸ੍ਰੀ ਅਕਾਲ ਕਹਿੰਦਿਆਂ ਪੜ੍ਹਦਿਆਂ
ਸੱਚਮੁੱਚ ਇਕ ਵਾਰੀ ਓਮ ‘ਸੱਚ‘ ਅਸਤਿਤਵ ਮੂਲ ਹੋਂਦ ਅਕਾਲ ਦਾ ਧਿਆਨ ਚਿੰਤਨ ਕਰੀਏ। ਆਪਣੇ
ਆਪ ਨੂੰ ਉਸ ਦੇ ਅੰਦਰ ਮਹਿਸੂਸ ਕਰਕੇ ਅਸੀਮ ਤਾਕਤ ਵਾਲੇ ਮਹਿਸੂਸ ਕਰੀਏ।
ਤੁਹਾਨੂੰ ਮਿਲ ਕੇ ਚੰਗਾ ਲੱਗਾ, ਚੰਗੀਆਂ ਵਿਚਾਰਾਂ ਹੋਈਆਂ। ਤੁਹਾਡਾ ਲਿਖਿਆ ਆਪਣੀ ਸਿਰਜਣ
ਪ੍ਰਕ੍ਰਿਆ ਸਬੰਧੀ ਹੋਰ ਵੀ ਵਧੀਆ ਲੱਗਾ। ਤੁਹਾਡੇ ਲਈ ਕੋਈ ਵਾਦ ਅਛੂਤ ਨਹੀਂ। ਦਰਅਸਲ ਕੁਝ
ਕੁ ਸਟੰਟ ਵਾਲੇ ਵਾਦਾਂ ਨੂੰ ਛੱਡ ਕੇ ਸਾਰੇ ਵਾਦ ਸਾਰੇ ਸਮਿਆਂ ਵਿਚ ਕਿਸੇ ਨਾ ਕਿਸੇ ਰੂਪ
ਵਿਚ ਵਿਦਮਾਨ ਰਹਿੰਦੇ ਵੀ ਹਨ। ਕਾਫੀ ਪਿੱਛੇ ਜਾ ਕੇ ਗੱਲ ਕਰਦਾ ਹਾਂ, ਗੁਰੂ ਨਾਨਕ ਦੇਵ ਜੀ
ਇਕੋ ਵੇਲੇ ਅਧਿਆਤਮ, ਅਸਤਿਤਵ ਸੱਚ ਦੀ, ਤਰਕਸ਼ੀਲਤਾ ਵਾਸਤਵਿਕ ਦੀ, ਯਥਾਰਥ ਦੀ, ਸਮਾਜਵਾਦ
(ਨਾਨਕ ਵਾਲੇ) ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਸਮਾਜਵਾਦ ਵਿਚ ਕਿਰਤ, ਕਿਰਤ ਤੋਂ ਹੋਈ ਉਪਜ
ਦੀ ਵੰਡ ਤੋਂ ਅੱਗੇ ਨਾਮ ਜਪਣ ਦਾ ਵਾਧਾ ਹੈ। ‘ਨਾਮ‘ ਬਾਰੇ ਕਿਤੇ ਵੱਖਰੇ ਤੌਰ ਤੇ ਵਿਚਾਰ
ਕਰਾਂਗੇ। ਨਾਮ ਦੀ ਸੋਝੀ ਨਾ ਹੋਣ ਕਰਕੇ ਹੀ ਬਾਕੀ ਪ੍ਰਾਪਤੀ ਅਸਲੋਂ ਨਿਗੂਣੀ ਤੇ ਲੰਗੜੀ
ਪ੍ਰਤੀਤ ਹੁੰਦੀ ਹੈ।
ਪਤੇ ਦੀ ਗੱਲ, ਕਾਫੀ ਦੇਰ ਪਹਿਲਾਂ ‘ਅਜੋਕੇ ਸ਼ਿਲਾਲੇਖ ਵਿਚ ਇਕ ਲੜੀ ਚਲਦੀ ਸੀ‘ ਨੌ ਅੰਤਰ
ਦ੍ਰਿਸ਼ਟੀਆਂ ਬਾਰੇ। ਇਹ ਅਧਿਆਤਮ ਉਪਰ ਪੀਰੂ ਦੇਸ਼ ਵਿਚ ਹੋਈ ਵਿਗਿਆਨਕ ਆਧਾਰੀ ਖੋਜ ਸੀ। ਮੈਂ
ਜਦੋਂ ਇਨ੍ਹਾਂ ਨੂੰ ਪੜ੍ਹਿਆ, ਵਾਚਿਆ ਤਾਂ ਇਨ੍ਹਾਂ ਵਿਚ ਦਰਸਾਈ ਰਾਏ ਦਾ ਕਾਫੀ ਕੁਝ ਮੇਰੇ
ਅਨੁਭਵ ਅਹਿਸਾਸ ਅਨੁਭੂਤੀ ਵਿਚ ਆ ਚੁੱਕਾ ਸੀ। ਮੈਂ ਹੈਰਾਨ ਹੋਇਆ। ਆਪਣੇ ਰਸਤੇ ਤੋਂ ਹੀ
ਅੱਗੇ ਵਧਿਆ। ਪ੍ਰਤੱਖ, ਅਪ੍ਰਤੱਖ ਰੂਪ ਵਿਚ ਇਹ ਅਹਿਸਾਸ ‘ਕਾਵਿ‘ ਵਿਚ ਮੂਰਤੀਮਾਨ ਹੋਏ।
ਕੋਈ ਮੰਨੇ ਜਾਂ ਨਾ ਪਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਿਸ ਕਿਸੇ ਨੂੰ ਵੀ
ਇਸ ਤਰ੍ਹਾਂ ਦਾ ਕੋਈ ਅਹਿਸਾਸ ਹੋਇਆ ਉਸਨੇ ‘ਰਸਤੇ‘ ਦਾ ਹੀ ਜ਼ਿਕਰ ਕੀਤਾ। ਜਾ ਹੋਏ,
ਮਹਿਸੂਸੇ ਦੀ ਪਰਛਾਈ ਜਿਹੀ ਰਚਨਾ ਵਿਚ ਆਈ। ਚੰਗਾ ਬਾਕੀ ਫੇਰ ਮਿਲਣ ਤੇ ਇਹ ਵਿਸ਼ਾ ਤਾਂ
ਲੰਮਾ-ਚੌੜਾ ਜਿਹਾ ਹੁੰਦੈ। ਉਮੀਦ ਹੈ ਆਪ ਨੇ ਕਵਿਤਾ ਨੂੰ ਪੜ੍ਹਿਆ ਮਾਣਿਆ ਹੋਣੈ। ਚੰਗਾ
ਫੇਰ ਬਹੁਤ ਹੀ ਮੋਹ ਨਾਲ ਸਤਿਕਾਰ ਨਾਲ, ਦੁਆ ਵਿਚ ਉੱਠੇ ਹੱਥਾਂ ਨਾਲ ਤੁਹਾਡਾ ਆਪਣਾ -
ਅਮਰਜੀਤ ਕਸਕ
‘‘‘
ਮਾਰਫ਼ਤ 56 ਏ.ਪੀ.ਓ.
13.5.01
ਮਾਣਯੋਗ ਅਦੀਬ ਵੀਰ ਬਲਦੇਵ ਧਾਲੀਵਾਲ ਜੀਓ। ਯਾਦ ਕਰਦਿਆਂ ਆਦਾਬ ! ਬੱਚਿਆਂ ਵਾਰਸਾਂ ਲਈ
ਬਹੁਤ ਸਾਰਾ ਪਿਆਰ। ਠੀਕ ਹਾਂ। ਉਮੀਦ ਕਰਦਾਂ, ਆਪ ਸਭ ਵੀ ਚੜ੍ਹਦੀ ਕਲਾ ‘ਚ ਹੋਵੋਗੇ।
ਭਾਵੇਂ ਅਸੀਂ ਸ਼ਬਦਾਂ ਦੇ ਜਰੀਏ ਇਕ ਦੂਜੇ ਦੇ ਕੋਲ ਹੀ ਹਾਂ, ਫਿਰ ਵੀ ਖ਼ਿਆਲ ਆਇਆ ਕਿ ਅੱਜ
ਸ਼ਬਦੀ ਮਿਲਣੀ ਸਿਰਜੀਏ। ਮੈਂ ਸਮਝਦਾਂ ਕਿ ਹੁਣ ਉਹ ਸਹੀ ਵਕਤ ਆ ਗਿਆ ਹੈ ਕਿ ਸਾਹਿਤ
ਮਨੁੱਖਤਾ ਦੀ ਰਹਿਨੁਮਾਈ ਲਈ ਪੂਰਬੀ ਤੇ ਪੱਛਮੀ ਮੁੱਖ ਵਿਚਾਰਧਾਰਾਵਾਂ ਵਿਚ ਇਕ ਸੰਤੁਲਨ
ਕਾਇਮ ਕਰੇ। ਪੱਛਮ ਜੋ ਕਿ ਮੁੱਖ ਤੌਰ ਤੇ ਪਦਾਰਥਵਾਦੀ ਹੋ ਕੇ ਤੁਰਿਆ ਰਿਹਾ ਹੈ, ਆਪਣੀ ਇਸ
ਪ੍ਰਵਿਰਤੀ ਕਾਰਨ, ਲੱਭਤਾਂ, ਪ੍ਰਾਪਤੀਆਂ ਤਾਂ ਬਹੁਤ ਕੀਤੀਆਂ ਪਰ ਅਸਲੋਂ ਖਿਲਰਿਆ ਹੈ।
ਬੇਚੈਨ ਹੋਇਆ ਹੈ। ਪੂਰਬ ਨੇ ਅੰਦਰ ਮੁੜਕੇ ਪ੍ਰਾਪਤ ਬਹੁਤ ਕੁਝ ਕੀਤਾ ਪਰ ਇਹ ਜੀਵਨ ਦੀਆਂ
ਬਾਹਰੀ ਲੋੜਾਂ ਦੀ ਮੁਕਾਬਲਨ ਦੌੜ ‘ਚੋਂ ਪਛੜ ਗਿਆ। ਇਹ ਸਾਰੇ ਲੋਕਾਂ ਨੂੰ ਸਮਾਧੀ ਕਾਬਲ ਵੀ
ਨਾ ਬਣਾ ਸਕਿਆ। ਨਤੀਜਾ ਦੋਹਾਂ ਦੀਆਂ ਪ੍ਰਾਪਤੀਆਂ ਨੇ ਵਿਨਾਸ਼ਕਾਰੀ ਹੀ ਕੱਢਿਆ ਹੈ। ਮੈਂ
ਕਿਤਾਬੀ ਪੜ੍ਹੇ ਸੁਣੇ ਗਿਆਨ ਤੋਂ ਅੱਗੇ ਅਨੁਭਵ ਵਿਚ ਆਏ ਸੱਚ ਗਿਆਨ ਨੂੰ ਹੀ ਵਾਸਤਵਿਕ
ਮੰਨਦਾ ਹਾਂ। ਭਗਤ ਪੀਪਾ ਅਤੇ ਗੁਰੂ ਨਾਨਕ ਨੇ ਬ੍ਰਹਿਮੰਡੀ ਸੱਚ ਦੀ ਵਿਆਪਕਤਾ ਅਤੇ
ਪ੍ਰਾਪਤੀ ਮਾਰਗ ਸਬੰਧੀ ਇਸ਼ਾਰਾ ਕੀਤਾ ਹੈ, ਪੀਪਾ ਲਿਖਦੇ ਹਨ :
‘‘ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ”।
ਵਿਗਿਆਨ ਬਾਹਰਮੁਖੀ ਪਦਾਰਥੀ ਤੇ ਬ੍ਰਹਿਮੰਡ ਨੂੰ ਬਾਹਰੀ ਮਾਰਗ ਤੋਂ ਖੋਜਿਆ ਤੇ ਪਦਾਰਥ ਨੂੰ
ਤੋੜਦਾ ਤੋੜਦਾ ਇਸ ਨਤੀਜੇ ਤੇ ਪਹੁੰਚਿਆ ਕਿ ਆਕਾਰ-ਰਹਿਤ ਕੁਝ ਸ਼ਕਤੀਸ਼ਾਲੀ ਬਿਜਲਈ ਤਰੰਗਾਂ
ਹਨ ਜੋ ਹੋਰ ਤੋੜ ਫੋੜ ਵਿਚ ਨਹੀਂ ਆਉਂਦੀਆਂ। ਅੰਦਰ ਮੁੜਿਆਂ ਧਰਮ ਨੇ ਸੱਚ ਦੀ ਇਹ ਗੱਲ
ਆਪਣੇ ਆਦਿ ਵਿਚ ਆਖੀ ਮੰਨੀ ਹੈ।
ਆਕਾਰ ਰਹਿਤ ਇਸ ਸ਼ਕਤੀ ਨੂੰ, ਸ਼ਬਦ, ਲਿਖਤ, ਸੁਰ ਹੋਰ ਬੇਅੰਤ ਤਰੀਕਿਆਂ ਨਾਲ ਸਾਕਾਰਾਤਮਕ
ਅਤੇ ਨੈਗੇਟਿਵ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਚਲਣ ਨੂੰ ਸੱਚਮੁੱਚ ਹੰਢਾ ਕੇ ਵੇਖਿਆ
ਹੈ। ਇਸ ਪਹਿਲੂ ਤੇ ਕਦੇ ਗੱਲ ਕਰਾਂਗੇ।
ਅੱਜ ਸਮਝਦੇ ਹਾਂ ਵਿਅਕਤੀ ਕੋਲ ਜੀਵਨ ਦੇ ਨਿਸ਼ਾਨੇ ਦਾ ਸਪੱਸ਼ਟ ਗਿਆਨ ਨਹੀਂ। ਫਿਰ ਮਾਰਗ ਦੀ
ਸਹੀ ਚੋਣ ਨਹੀਂ। ਇਸਦੇ ਫਲਸਰੂਪ ਉਹ ਗਲਤ ਨਿਸ਼ਾਨੇ ਮਿਥ ਕੇ ਤੁਰਿਆ, ਕਈ ਤਰ੍ਹਾਂ ਦੀ
ਅਰਾਜਕਤਾ ਵਿਸੰਗਤੀਆਂ ਨੂੰ ਜਨਮ ਦੇ ਰਿਹਾ ਹੈ।
ਅੱਜ ਧਰਮ ਨੂੰ ਸਾਜਿਸ਼ ਦੇ ਤੌਰ ਤੇ ਨਹੀਂ, ਪਰੰਪਰਾਗਤ ਮੰਦਰਾਂ ਮਸਜਿਦਾਂ ਗੁਰਦੁਆਰਿਆਂ
ਗਿਰਜਿਆਂ ‘ਚੋਂ ਬਾਹਰ ਕੱਢ ਕੇ ਵਿਗਿਆਨ ਦੇ ਤੌਰ ਤੇ ਆਮ ਸਾਹਿਤ ਵਿਚ ਅਤੇ ਆਮ ਬੰਦੇ ਲਈ
ਪ੍ਰਚਾਰਨ ਵਿਖਿਆਣਨ ਦੀ ਲੋੜ ਹੈ। ਮੈਂ ਸੁਚੇਤ ਰੂਪ ਵਿਚ ਇਸ ਬੰਨੇ ਤੁਰਨ ਦਾ ਯਤਨ ਕਰ
ਰਿਹਾਂ।
ਇਕੱਲੀ ਦੇਹੀ, ਆਪਣੇ ਆਪ ਜੀਉ+ਪਿੰਡ ਸੰਪੂਰਣ ਸਰੀਰ ਦੀ ਸੋਝੀ ਕਰਨਾ ਬ੍ਰਹਿਮੰਡ ਦੀ ਸੋਝੀ
ਕਰ ਲੈਣਾ ਹੈ। ਗੁਰੂ ਨਾਨਕ ਹੀ ਸ਼ਬਦ ਰੂਪ ਅਤੇ ਕਾਇਨਾਤ ‘ਚੋਂ ਸੱਚ ਨੂੰ ਸੁਣਨ ਦੀ ਗੱਲ
ਕਰਦਿਆਂ ਆਖਦੇ ਹਨ ਕਿ ਇਸ ਪ੍ਰਕ੍ਰਿਆ ‘ਚੋਂ ਦੇਹੀ ਦੇ ਭੇਦਾਂ ਦਾ ਬਿਖਮ ਗਿਆਨ ਵੀ ਹੁੰਦਾ
ਹੈ।
‘‘ਸੁਣਿਐ ਜੋਗਿ ਜੁਗਤਿ ਤਨੁ ਭੇਦ”।।
ਗੁਰੂ ਰਾਮਦਾਸ ਦਾ ਖਿਆਲ ਹੋਰ ਵੀ ਖੂਬਸੂਰਤ ਹੈ : ‘‘ਇਹ ਸਰੀਰ ਸਭ ਧਰਮੁ ਹੈ” ਇਹ ਤੱਥ
ਉਜਾਗਰ ਕਰਨ ਦੀ ਲੋੜ ਹੈ।
ਉਮੀਦ ਹੈ ਕਵਿਤਾਵਾਂ ਆਪ ਨੇ ਪੜ੍ਹ ਲਈਆਂ ਹੋਣਗੀਆਂ। ਵੱਖ ਵੱਖ ਤੰਦਾਂ ਨੂੰ ਫੜ੍ਹ ਕੇ ਕਾਫੀ
ਮਾਤਰਾ ਵਿਚ ਪੱਤਰ ਪ੍ਰਾਪਤ ਹੋ ਰਹੇ ਹਨ। ਸਮਰੱਥ ਤੇ ਇਮਾਨਦਾਰ ਵਿਦਵਾਨ ਦੀ ਕਲਮ ਸਾਰੇ
ਪਹਿਲੂਆਂ ਨੂੰ ਇਕ ਥਾਂ ਵੀ ਪਾਠਕਾਂ ਲਈ ਉਜਾਗਰ ਕਰਕੇ ਮਹੱਤਵਪੂਰਨ ਯੋਗਦਾਨ ਦੇ ਸਕਦੀ ਹੈ।
ਮੇਰਾ ਖ਼ਿਆਲ ਹੈ ਕਿ ਇਹ ਕੰਮ ਆਪ ਦੇ ਜਿੰਮੇ ਰਹੇ ਤਾਂ ਚੰਗਾ ਹੈ। ਬਾਕੀ ਫੇਰ ਅਗਲੇ ਪੱਤਰ
ਵਿਚ - ਅੱਛਾ ਵੀਰ ਫਿਰ ਯਾਦ ਕਰਦਿਆਂ ਆਦਾਬ !
ਅਮਰਜੀਤ ਕਸਕ
‘‘‘
ਮਾਰਫ਼ਤ 56 ਏ.ਪੀ.ਓ.
17.7.01
ਮਾਣਯੋਗ ਅਦੀਬ ਵੀਰ ਡਾ. ਬਲਦੇਵ ਧਾਲੀਵਾਲ ਜੀਓ,
ਯਾਦ ਕਰਦਿਆਂ, ਸਤਿ ਸ੍ਰੀ ਅਕਾਲ। ਬੱਚਿਆਂ ਲਈ ਪਿਆਰ। ਠੀਕ ਹਾ। ਆਪ ਸਭ ਦੀ ਚੜ੍ਹਦੀ ਕਲਾ
ਲਈ ਸ਼ੁਭ ਕਾਮਨਾ। ਮੈਂ ਕੁਝ ਦਿਨ ਲਈ ਪਿੱਛੇ ਪਟਿਆਲੇ ਆਇਆ ਸੀ, ਪਰ ਮਿਲਣ ਦਾ ਮੌਕਾ-ਮੇਲ
ਸਬੱਬ ਨਹੀਂ ਬਣ ਸਕਿਆ। ਖੇਦ ਹੈ। ਖ਼ੈਰ, ਫਿਰ ਸਹੀ।
ਪੰਜਾਬੀ ਸਭਿਆਚਾਰਕ ਪਰਿਪੇਖ ਵਿਚ ਵਿਸ਼ਵੀਕਰਣ ਬਾਰੇ ਤੁਹਾਡਾ ਖੋਜ ਲੇਖ ਪੜ੍ਹਿਆ। ਵਧੀਆ ਉਦਮ
ਹੈ। ਹਫਤੇ ਕੁ ਦੇ ਫ਼ਰਕ ਨਾਲ ਹੀ ਲੇਖ ਦਾ ਦੁਬਾਰਾ ਪ੍ਰਕਾਸ਼ਿਤ ਹੋਣਾ ਇਹਦੀ ਅਹਿਮੀਅਤ
ਪ੍ਰਗਟਾਉਂਦਾ ਹੈ। ਇਨ੍ਹਾਂ ਹੀ ਦਿਨਾਂ ਵਿਚ ਵਿਸ਼ਵੀਕਰਨ ਸਬੰਧੀ ਇਤਿਹਾਸਕ ਨਜ਼ਰੀਏ ਤੋਂ ਵੀ
ਲੜੀ ਚੱਲ ਰਹੀ ਸੀ। ਸੱਚਮੁੱਚ ਆਮ-ਖਾਸ ਸਾਰੇ ਵਰਗਾਂ ਲਈ ਇਹ ਦੁਬਿਧਾ ਬਣੀ ਹੋਈ ਹੈ ਕਿ ਕੀ
ਅਪਣਾਈਏ, ਕੀ ਰੱਦੀਏ। ਇਕ ਤਰ੍ਹਾਂ ਨਾਲ ਹਰ ਖੇਤਰ ਵਿਚ ਨਵੇਂ ਸਮੀਕਰਣ ਬਣ ਰਹੇ ਹਨ। ਬਹੁਤ
ਹੀ ਸੋਘੇ ਹੋ ਕੇ ਤੁਰਨ ਦੀ ਲੋੜ ਹੈ। ਇਸ ਵਰਤਾਰੇ ਵਿਚ ਇਕ ਕੰਮ ਸ਼ਲਾਘਾ ਵਾਲਾ ਹੋ ਰਿਹੈ ਕਿ
ਅਲਾਮਤ ਦੇ ਸਿਰ ਚੁੱਕਣ ਜਾਂ ਕਹੀਏ ਆਗਮਨ ਮੌਕੇ ਹੀ ਸੁਚੇਤੀ ਆ ਗਈ ਹੈ, ਜੇ ਜਿਆਦਾ ਨਹੀਂ
ਬੁੱਧੀਜੀਵੀ ਹਲਕੇ ਵਿਚ ਤਾਂ ਚਰਚਾ ਹੋਣ ਲਗ ਗਈ ਹੈ। ਨਹੀਂ ਤਾਂ ਪੰਜਾਬੀ ਬਹੁਤ ਦੇਰ ਬਾਅਦ
ਭਾਣਾ ਬੀਤ ਜਾਣ ਤੇ ਅੱਖਾਂ ਜਿਹੀਆਂ ਮਲ ਕੇ ਉੱਠਦੇ ਹਨ। ‘ਹੈਂ ਇਹ ਕੀ ਹੋ ਗਿਆ‘। ਇਹ ਨਹੀਂ
ਵਾਪਰੇਗਾ। ਜਿਵੇਂ ਕਿ ਤੁਹਾਡੇ ਲੇਖ ਵਿਚ ਗੱਲ ਕੀਤੀ ਗਈ ਹੈ ਕਿ ਵੇਖਣਾ ਹੋਵੇਗਾ ਕੀ
ਛੱਡਣਾ, ਕੀ ਅਪਣਾਉਣਾ ਹੈ। ਹੁਣ ਲੋੜ ਹੈ ਬਰੀਕੀ ਨਾਲ ਇਸ ਸਭ ਦੀ ਨਿਸ਼ਾਨਦੇਹੀ ਕੀਤੀ ਜਾਵੇ।
ਬਾਕੀ ਪਿੱਛੇ ਕਿਤੇ ਆਪ ਜੀ ਦੀ ਬੇਟੇ ਜੁਝਾਰ ਨਾਲ ਗੱਲ ਹੋਈ ਸੀ ਫੋਨ ਤੇ। ਆਪ ਨੇ ਬੱਚੇ
ਨੂੰ ਸਵਾਲ ਕੀਤਾ ਸੀ ਕੇਸਾਂ ਬਾਰੇ। ਇਸ ਮੁੱਦੇ ਤੇ ਵਿਚਾਰ ਆਪਾਂ ਕਰਨੀ ਸੀ। ਖ਼ੈਰ, ਦੋ ਚਾਰ
ਗੱਲਾਂ ਜ਼ਰੂਰੀ ਲਿਖ ਦਿੰਦਾ ਹਾਂ। ਮੈਂ ਇਸ ਮੁੱਦੇ ਨੂੰ ਧਾਰਮਿਕ ਐਨਕ ਨਾਲ ਨਹੀਂ ਵੇਖਦਾ,
ਸਗੋਂ ਵਿਗਿਆਨਕ ਨਜ਼ਰੀਏ ਤੋਂ ਵੇਖਿਆ ਹੈ। ਖਾਸ ਕਰਕੇ ਬਿਦੇਸ਼ੀ ਤੇ ਗੈਰ-ਸਿੱਖਾਂ ਦੇ
ਨੁਕਤਾ-ਨਿਗਾਹ ਤੋਂ। ਟਾਇਨਬੀ ਤੇ ਕੁਝ ਹੋਰ ਇਤਿਹਾਸਕਾਰਾਂ ਨੇ ‘ਸ਼ਖ਼ਸੀਅਤ‘ ਨਾਲ ਜੋੜਿਆ ਹੈ।
ਨੀਚੇ ਕੁਝ ਗੈਰ-ਸਿੱਖਾਂ, ਦਾਰਸ਼ਨਿਕ, ਵਿਗਿਆਨੀ ਆਦਿ ਹੋਰ ਖੇਤਰਾਂ ਦੇ ਮਹਾਨ ਬੰਦਿਆਂ ਦੇ
ਨਾਂ ਦੇ ਰਿਹਾਂ ਜੋ ਕੇਸਾਧਾਰੀ ਰਹੇ ਹਨ। ਏਨੇ ਬੰਦਿਆਂ ਨੂੰ ਮੂਰਖ ਨਹੀਂ ਕਿਹਾ ਜਾ ਸਕਦਾ,
ਸਗੋਂ ਮੈਂ ਸਮਝਦਾਂ ਕਿ ਆਪਣੇ ਸਾਰਿਆਂ ਲਈ ਇਹ ਅੱਜ ਵੀ ਖੋਜ ਦਾ ਵਿਸ਼ਾ ਹੈ। ਨਾਂ - ਹੋਮਰ
ਮੋਜਾਰਟ, ਆਰਕੀਮੀਦਾਸ ਗੈਟੇ, ਲਿੰਕਨ, ਵਾਲਟੇਅਰ, ਨੈਪੋਲੀਅਨ, ਬਰਨਾਰਡ ਸ਼ਾਹ, ਕਨਫਿਊਸਿਸ,
ਗਲੈਲੀਓ, ਕੋਲੰਬਸ, ਐਡੀਸਨ, ਵਿਕਟਰ ਹਿਊਗੋ, ਜੂਲੀਅਸ ਸੀਜ਼ਰ, ਟਾਲਸਟਾਇ, ਰਵਿੰਦਰ ਨਾਥ
ਟੈਗੋਰ, ਵਿਨੋਭਾ ਭਾਵੇ, ਅਚਾਰੀਯ ਰਜਨੀਸ਼, ਫੀਥਾਗੋਰਸ, ਪਲੈਟੋ, ਸ਼ੈਕਸਪੀਅਰ, ਕਾਰਲ ਮਾਰਕਸ,
ਹਜ਼ਰਤ ਈਸਾ, ਮੂਸਾ, ਮੁਹੰਮਦ, ਨਾਮਦੇਵ, ਰਵਿਦਾਸ, ਵੈਦਿਕ ਰਿਸ਼ੀ-ਮੁਨੀ, ਹਜ਼ਰਤ
ਜੋਰਾਸ਼ਟਰ/ਪੈਲਗ੍ਰਿਣੀ, ਟਾਇਨਬੀ, ਚਾਰਲਸ ਵਿਲਕਿਨਜ ਨੇ ਵੀ ਆਪਣੇ ਆਪਣੇ ਅਨੁਸਾਰ ਕੇਸਾਂ ਦੀ
ਮਹੱਤਤਾ ਦਰਸਾਈ ਹੈ। ਵਿਚਾਰ ਯੋਗ ਤੱਥ ਹਨ।
ਅਮਰਜੀਤ ਕਸਕ
‘‘‘
ਮਾਰਫ਼ਤ 56 ਏ.ਪੀ.ਓ.
5.8.01
ਮਾਣਯੋਗ ਵੀਰ ਡਾ. ਬਲਦੇਵ ਧਾਲੀਵਾਲ ਜੀਓ,
ਪਰਿਵਾਰ ਸਮੇਤ ਆਪ ਜੀ ਨੂੰ ਆਦਾਬ ! ਬੱਚਿਆਂ ਲਈ ਪਿਆਰ। ਠੀਕ ਹਾਂ। ਆਪ ਦੀ ਚੜ੍ਹਦੀ ਕਲਾ
ਲਈ ਸ਼ੁਭ ਕਾਮਨਾ।
ਆਪ ਜੀ ਦਾ ਪਿਆਰ ਭਰਿਆ ਪੱਤਰ ਪ੍ਰਾਪਤ ਹੋਇਆ। ਬਹੁਤ ਬਹੁਤ ਸ਼ੁਕਰੀਆ। ਮੈਨੂੰ ਮਹਿਸੂਸ ਹੋਇਆ
ਕਿ ਸ਼ਾਇਦ ਆਪ ਨੂੰ ਮੇਰੇ ਵਿਚਾਰ ਕੋਈ ਸ਼ਬਦ ਅੱਖਰ, ਅੱਖਰ ਗਏ ਹੋਣ। ਨਹੀਂ ਵੀਰ ਮੇਰੀ ਕੋਈ
ਮੰਦ ਭਾਵਨਾ ਨਹੀਂ, ਦਲੀਲਾਂ ਤਾਂ ਉਦੋਂ ਹੁੰਦੀਆਂ ਨੇ ਜਦੋਂ ਕੋਈ ਵਾਦ-ਵਿਵਾਦ ਹੋਵੇ। ਪਰ
ਵਾਦ ਤਾਂ ਕੋਈ ਹੈ ਹੀ ਨਹੀਂ ਸੀ। ਮਹਿਜ਼ ਸਹਿਜ ਰੂਪ ਵਿਚ ਵਿਚਾਰਨ ਯੋਗ ਵਿਚਾਰ ਸੀ। ਤੁਸਾਂ
ਵੀ ਕਿਤੇ ਗੱਲ ਕਰਦਿਆਂ ਕਰਦਿਆਂ ਬਿਲਕੁਲ ਸਹਿਜ ਰੂਪ ਵਿਚ ਪੁੱਛਿਆ ਹੋਣੈ। ਮੈਂ ਵੀ ਸਹਿਜ
ਹੀ ਗੱਲ ਕੀਤੀ ਹੈ। ਤੁਸੀਂ ਕਿਸ ਲਿਬਰਲ ਤਲ ਤੇ ਵਿਚਰਦੇ ਹੋ, ਇਸਦਾ ਮੈਨੂੰ ਭਲੀ-ਭਾਂਤ
ਅਹਿਸਾਸ ਹੈ। ਮੈਂ ਤੁਹਾਨੂੰ ‘ਸਾਹਿਤ ਰੂਪਾਂ‘ ਵਿਚਾਰਧਾਰਾਵਾਂ ਦੇ ਸੋਹਣੇ ‘ਸੰਗਮ‘ ਦੇ ਰੂਪ
ਵਿਚ ਮਹਿਸੂਸ ਕਰਦਾ ਹਾਂ। ਸ਼ਾਇਦ ਸਾਨੂੰ ਜੋੜਨ ਵਾਲੀ ਤੰਦ ਵੀ ਇਹੋ ਹੈ। ਜਿਵੇਂ ਕਿ ਆਪ ਨੇ
ਲਿਖਿਆ ਹੈ ਕਿ ਰਹਿਤ ਸਬੰਧੀ ਆਪ ਕੱਟੜ ਨਹੀਂ। ਬਿਲਕੁਲ ਠੀਕ, ਇਸੇ ਤਰ੍ਹਾਂ ਦੀ ਆਪਣੀ
ਧਾਰਨਾ ਹੈ, ਦਾਰਸ਼ਨਿਕ ਪੱਧਰ ਤੇ ਇਸ ਮੁੱਦੇ ਨੂੰ ਅਸੀਂ ਇੰਜ ਵੇਖਦੇ ਹਾਂ - (1) ਹਰ
ਵਿਅਕਤੀ ਦੀ ਜ਼ਿੰਦਗੀ ਆਪਣੀ ਹੁੰਦੀ ਹੈ (2) ਜੀਵਨ ਸੰਸਕਾਰ ‘ਬਣ ਰਹੇ‘+ਪੂਰਬਲੇ+ਮਾਤਰੀ
ਪਿਤਰੀ+ਹੋਰ ਵੀ ਆਪਣੇ ਹੁੰਦੇ ਹਨ (3) ਸੰਸਕਾਰਾਂ ਦੀ ਪੈਦਾ ਕੀਤੀ ਅਸਹਿਜਤਾ ‘ਚੋਂ ਨਿਕਲ
ਕੇ ਉਸਨੇ ‘ਸਹਿਜ‘ ਹੋਣਾ ਹੁੰਦੈ। ਇਸ ਤਰ੍ਹਾਂ ਜੀਵਨ ਲਖਸ਼ ਦੀ ਪ੍ਰਾਪਤੀ ਲਈ ਉਸਨੂੰ ‘ਆਪਣੇ
ਹੀ ਢੰਗ‘ ਨਾਲ ਜਿਊਣਾ ਪੈਂਦੈ ਜੋ ਕਿ ਉਸਦੀ ਜ਼ਰੂਰਤ ਹੁੰਦੀ ਹੈ। ਧਰਮਾਂ ਵਾਲੀਆਂ ਰਹਿਤਾਂ
ਵਕਤੀ ਲੋੜਾਂ ਹੁੰਦੀਆਂ ਹਨ। ਜੋ ਵਕਤ ਨਾਲ ਜੇ ਨਾ ਤੁਰਨ ਤਾਂ ਖੜੋਤ ਦਾ ਸ਼ਿਕਾਰ ਹੋ
ਜਾਂਦੀਆਂ ਹਨ। ਮੇਰੀ ਸਮਝਨੁਸਾਰ ‘ਧਰਮ‘ ਖੜੋਤ ਨਹੀਂ ‘ਲਗਾਤਾਰ‘ ਪਰਵਾਹਿਤ ਵਹਿਣ ਹੈ। ਧਰਮ
ਮਨੁੱਖਤਾ ਨੂੰ ਕਦੇ ਵੀ ਇਕ ਰੱਸੇ ਨਾਲ ਨਹੀਂ ਬੰਨ ਸਕਦਾ। ਉਹੋ ਵਿਚਾਰਧਾਰਾਵਾਂ ਜਿੰਦਾ ਹਨ
ਜੋ ‘ਆਪਣੇ ਵਰਗਾ‘ ਹੋਣਾ ਸਿਖਾਉਂਦੀਆਂ ਹਨ। ਸੋ ਵੀਰ ਭੁੱਲ ਕੇ ਵੀ ਕਦੇ ਮੇਰੇ ਕਿਸੇ ਵਿਚਾਰ
ਦਾ ਬੁਰਾ ਨਾ ਮਨਾਉਣਾ। ਇੱਦਾਂ ਹੋਣ ਨਾਲ ਬੜਾ ਦੁੱਖ ਹੁੰਦਾ ਹੈ। ਅੱਧ ਅਕਤੂਬਰ ਤੋਂ ਨਵੰਬਰ
ਅੱਧ ਤੱਕ ਆਉਣ ਦਾ ਵਿਚਾਰ ਹੈ, ਮਿਲਾਂਗੇ, ਤੀਬਰ ਇੱਛਾ ਹੈ। ਚੰਗਾ ਵੀਰ ਬਹੁਤ ਹੀ ਸ਼ੁਭ
ਕਾਮਨਾਵਾਂ ਸਹਿਤ
ਤੁਹਾਡਾ ਵੀਰ,
ਅਮਰਜੀਤ ਕਸਕ
-0- |