ਰੇਲਵੇ ਰੋਡ ਦੇ ਇੱਕ ਥੇਟਰ ਤੇ ਬਹਿ ਕੇ ਹੱਥੀ ਵਾਲੀ ਖੌਚਲੀ ਜਿਹੀ ਮਸ਼ੀਨ ਨਾਲ ਤੇਰੇ ਮੇਰੇ
ਵਰਗੇ ਮੋਟੇ ਹਮਾਤੜਾਂ ਦੇ ਲੀੜੇ ਸੀਵਣ ਵਾਲਾ ਕਿੱਡਾ ਕੁ ਤਗੜਾ ਹੋਵੇਗਾ? ਕਿੰਨੀਆਂ ਕੁ
ਕਮਾਈਆਂ ਕਰ ਲੈਂਦਾ ਹੋਵੇਗਾ ਉਹ ਇਸ ਕਮਾਈ ਨਾਲ? ਥੜ੍ਹੇ ਤੇ ਰੱਖੀ ਮਸ਼ੀਨ ਵਾਲੇ ਦਰਜ਼ੀ ਕੋਲ
ਕੋਠੀਆਂ ਵਿੱਚ ਰਹਿਣ ਵਾਲੀਆਂ ਬੇਗ਼ਮਾਂ ਅਤੇ ਸਾਹਬ ਆਪਣੀ ਕਾਰ ‘ਚੋਂ ਨਿਕਲ ਕੇ ਮੇਚਾ ਦੇਣਾ
ਹੱਤਕ ਸਮਝਦੇ ਨੇਂ। ਉਹ ਆਪਣੇ ਮੇਚ ਦਾ ਦਰਜ਼ੀ ਲੱਭ ਕੇ ਆਪਣੇ ਨਾਪ ਦੀ ਦੁਕਾਨ ਵਿੱਚੋਂ ਆਪਣੇ
ਹਾਣ ਦੀ ਸਵਾਈ ਦੇ ਕੇ ਸੂਟ ਲਮਕਾ ਕੇ ਖੜਦੇ ਨੇ। ਕੌਣ ਵੜਦਾ ਏ ਨਿੱਕਿਆਂ ਦੇ ਘਰ।
ਉਹ ਆਪਣੀ ਪੁਰਾਣੀ ਜਿਹੀ ਮਸ਼ੀਨ ਨਾਲ ਤਰੋਪਾ ਤਰੋਪਾ ਸੀ ਕੇ, ਪੋਟਾ ਪੋਟਾ ਕਰ ਕੇ ਅਤੇ ਨਿੱਕੇ
ਨਿੱਕੇ ਟਾਂਕੇ ਲਾ ਕੇ ਛੋਟੇ ਛੋਟੇ ਬਾਲਾਂ ਨੂੰ ਚੋਗਾ ਦੇਂਦਾ ਰਿਹਾ। ਗ਼ਰੀਬੀ ਵਧ ਜਾਏ ਤੇ
ਬਾਲਾਂ ਵਿੱਚ ਬੜਾ ਵਾਧਾ ਪੈਂਦਾ ਏ। ਗ਼ਰੀਬਾਂ ਕੋਲ ਹੋਰ ਹੁੰਦਾ ਵੀ ਕੀ ਏ। ਉਂਜ ਵੀ ਸਸਤੀਆਂ
ਸ਼ੈਆਂ ਵਿੱਚ ਬੜੀ ਬਰਕਤ ਪੈਂਦੀ ਏ। ਜਿਵੇਂ ਕਣਕ ਨਾਲੋਂ ਬਕਾਟ ਬਹੁਤ ਸੰਘਣਾ ਉੱਘਦਾ ਏ। ਸ਼ੇਰਨੀ
ਦੇ ਘਰ ਇੱਕੋ ਈ ਬਾਲ ਅਤੇ ਕੁੱਤੀ ਸੱਤਾਂ ਅੱਠਾਂ ਦੀ ਝੋਲੀ ਲਾਹ ਲੈਂਦੀ ਏ। ਮੋਰ ਦੇ ਆਂਡੇ ਦੋ
ਅਤੇ ਕੁੱਕੜੀ ਦੇ ਬੱਤੀ। ਅੰਬ ਨੂੰ ਪੁੱਤਰਾਂ ਵਾਂਗ ਪਾਲਣਾ ਪੈਂਦਾ ਏ ਅਤੇ ਰਿੰਡ ਮਾਰਿਆਂ
ਨਹੀਂ ਮਰਦਾ।
ਉਹ ਗ਼ਰੀਬ ਥੜ੍ਹੇ ‘ਤੇ ਬੈਠਾ ਗਾਹਕ ਉਡੀਕਦਾ ਅਤੇ ਵੇਹੜੇ ਵਿੱਚ ਬਾਲਾਂ ਦੀ ਹੇੜ ਰੋਟੀ ਮੰਗਦੀ।
ਬੰਦੇ ਨੂੰ ਰੋਟੀ ਟੁੱਕ ਦਾ ਥੋੜ੍ਹਾ ਕੂੜ ਪੈ ਜਾਏ ਅਤੇ ਉਹਦੇ ਜ਼ਖ਼ਮਾਂ ਵਿੱਚ ਦੁੱਖਾਂ ਦੇ
ਕੇਰਣੇ ਜ਼ਰੂਰ ਨਿਕਲਦੇ ਹਨ। ਇਸੇ ਹੀ ਤਰ੍ਹਾਂ ਉਹਦੇ ਸਿਰ ਵਿੱਚ ਸ਼ਿਅਰ ਉੱਤਰਨ ਲੱਗ ਪਏ। ਸ਼ਾਇਰੀ
ਸ਼ਾਇਦ ਹੈ ਹੀ ਗ਼ਰੀਬੀ ਦੀ ਔਲਾਦ ਅਤੇ ਦੁੱਖਾਂ ਦੀ ਜਾਈ। ਕਿਸੇ ਨਵਾਬ ਜ਼ਰਦਾਰ ਨੂੰ ਸ਼ਾਇਰੀ ਵਰਗੀ
ਮੁਸੀਬਤ ਗਲ ਪਾਵਣ ਦੀ ਕਾਹਦੀ ਲੋੜ ਏ। ਕੋਈ ਸੂਲ ਨਾ ਚੁਭੇ ਤਾਂ ‘ਸੀ’ ਕੋਈ ਨਹੀਂ ਕਰਦਾ। ਇਸੇ
‘ਸੀ’ ਯਾਂ ‘ਹਾਏ’ ਦਾ ਨਾਮ ਹੀ ਤੇ ਸ਼ਾਇਰੀ ਹੈ।
ਉਹਦੀ ਖੋਚਲੀ ਮਸ਼ੀਨ ਕੋਲ ਕੱਚੀ ਪੈਨਸਲ ਤੇ ਮੈਲਾ ਜਿਹਾ ਕਾਗ਼ਜ਼ ਪਿਆ ਹੁੰਦਾ ਸੀ ਜਿਸ ਉੱਪਰ ਉਹ
ਅਨਪੜ੍ਹ ਦਰਜ਼ੀ ਆਪਣੇ ਪੱਕੇ ਸ਼ਿਅਰਾਂ ਨੂੰ ਕੱਚੀ ਪੈਨਸਲ ਦੀ ਲਿਖਾਈ ਨਾਲ ਲਿਖਦਾ ਰਹਿੰਦਾ ਸੀ।
ਇੰਜ ਹੀ ਉਸ ਨੇ ਕਿਸੇ ਨਾ ਕਿਸੇ ਉਸਤਾਦ ਦੀ ਜ਼ਰੂਰਤ ਵੀ ਮਹਿਸੂਸ ਕੀਤੀ ਤੇ ਆਪਣਾ ਬਸਤਾ ਚੁੱਕ
ਕੇ ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦੇ ਪੈਰੀਂ ਜਾ ਡਿੱਗਾ।
ਵੇਲਾ ਇਸ ਤਰ੍ਹਾਂ ਹੀ ਹੌਲੀ ਹੌਲੀ ਰੁਮਕਦਾ ਰਿਹਾ। ਪਰ ਆਖਦੇ ਨੇਂ ਇੱਕੋ ਵੱਖੀ ਪਏ ਰਹੀਏ ਤੇ
ਬੰਦੇ ਦਾ ਪਾਸਾ ਉਬ ਜਾਂਦਾ ਏ। ਬੰਦਾ ਹੰਬਲੀ ਮਾਰ ਕੇ ਵੱਖੀ ਬਦਲਣ ਦਾ ਚਾਰਾ ਜ਼ਰੂਰ ਕਰਦਾ ਏ।
ਹਰ ਬੰਦਾ ਆਪਣੀ ਗ਼ਰੀਬੀ ਤੋਂ ਬਚ ਕੇ ਚੰਗੇ ਹਾਲਾਤ ਲਈ ਹੱਥ ਪੱਲਾ ਤੇ ਮਾਰਦਾ ਹੀ ਰਹਿੰਦਾ ਏ।
ਖ਼ੌਰੇ ਕਿਹੜੇ ਵੇਲੇ ਰੱਬ ਕਿਸੇ ਦੀ ਬਾਂਹ ਫੜ ਲਏ।
ਇੰਜ ਹੀ ਥੜ੍ਹੇ ਉੱਪਰ ਬੈਠੇ ਹੋਏ ਦਰਜੀ ਨੇ ਵੀ ਕੋਈ ਉਰ ਕੀਤੀ ਅਤੇ ਰੱਬ ਨੇ ਬਾਂਹ ਫੜ ਲਈ।
ਵੱਡਾ ਪੁੱਤ ਲੰਦਨ ਅੱਪੜ ਗਿਆ ਜਿਸ ਨਾਲ ਕਿਸੇ ਸੁੱਖ ਦਾ ਬੂਟਾ ਬੀਜਿਆ ਗਿਆ। ਦੂਜੇ ਟੱਬਰ ਦੀ
ਆਸ ਨੂੰ ਵੀ ਬੂਰ ਲੱਗ ਗਿਆ ਅਤੇ ਹੌਲੀ ਹੌਲੀ ਟੁੰਡ ਮੁੰਡ ਜਿਹੇ ਰੁੱਖ ਦੀਆਂ ਟਾਹਣੀਆਂ
ਫੁੱਲਾਂ ਨਾਲ ਲੱਦੀਆਂ ਗਈਆਂ। ਵੇਲੇ ਨੇ ਪਾਸਾ ਪਰਤਿਆ ਅਤੇ ਹਾਲਾਤ ਨੇ ਵੱਖੀ ਬਦਲੀ। ਦੋਵੇਂ
ਪੁੱਤ ਲੰਦਨ ਚਲੇ ਗਏ ਅਤੇ ਧੀਆਂ ਵੀ ਓਥੇ ਹੀ ਵਿਆਹੀਆਂ ਗਈਆਂ।
ਹੁਣ ਵੇਲਾ ਸੀ ਕਿ ਖੋਚਲੀ ਮਸ਼ੀਨ ਦੀ ਹੱਥੀ ਹੱਥ ‘ਚੋਂ ਛੁੱਟ ਜਾਏ। ਅਨਪੜ੍ਹ ਦਰਜ਼ੀ ਨੂੰ ਇਲਮ
ਦੇ ਸਮੁੰਦਰ ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦੀ ਅਮੀਰ ਜਿਹੀ ਉਸਤਾਦੀ ਨੇ ਪੂਰਾ ਹੀ ਸ਼ਾਇਰ ਬਣਾ
ਦਿੱਤਾ। ਉਸ ਦੀਆਂ ਕਿਤਾਬਾਂ ਛਪੀਆਂ ਅਤੇ ਉਹ ਥੜ੍ਹੇ ਤੋਂ ਉੱਠ ਕੇ ਲੋਕਾਂ ਦੀਆਂ ਅੱਖਾਂ ਵਿੱਚ
ਬਹਿ ਗਿਆ। ਗ਼ਰੀਬੀ ਨੇ ਬਾਂਹ ਛੱਡੀ ਅਤੇ ਮਸ਼ੀਨ ਛੁੱਟ ਗਈ। ਰੇਲਵੇ ਰੋਡ ਲਾਹੌਰ ਦਾ ਥੜ੍ਹਾ ਵੀ
ਗਿਆ ਅਤੇ ਉਹ ਆਪ ਵੀ ਆਪਣੀ ਜੰਮਣ ਭੋਇੰ ਲਾਹੌਰ ਨੂੰ ਛੱਡ ਕੇ ਬੁੱਢੜੀ ਨਾਲ ਪੁੱਤਾਂ ਕੋਲ
ਲੰਦਨ ਆ ਗਿਆ। ਗ਼ਰੀਬੀ ਕੀ ਕੁੱਝ ਨਹੀਂ ਛੁਡਾ ਦਿੰਦੀ। ਛੱਡਣਾ ਪੈਂਦਾ ਹੈ, ਮਾਂ ਵਰਗੀ ਮਿੱਟੀ
ਨੂੰ ਵੀ।
ਆਉਂਦਾ ਜਾਂਦਾ ਤਾਂ ਮੈਂ ਪਹਿਲਾਂ ਵੀ ਸਾਂ, ਪਰ ਸਤੰਬਰ 1990 ਵਿੱਚ ਬਾਲਾਂ ਦੀ ਪੜ੍ਹਾਈ ਕਾਰਨ
ਪੱਕਾ ਹੀ ਲੰਦਨ ਆ ਵੱਸਿਆ। ਅੰਦਰੋਂ ਭਾਵੇਂ ਉੱਜੜਿਆ ਉੱਜੜਿਆ ਜਿਹਾ ਸਾਂ, ਪਰ ਲੋਕਾਂ ਭਾਣੇ
ਮੈਂ ਮੀਂਹ ਵਾਂਗ ਵਰਦੀ ਦੌਲਤ ਵਾਲੇ ਦੇਸ ਵਿੱਚ ਬੜਾ ਹਰਿਆ ਭਰਿਆ ਹਾਂ। ਕਿਸੇ ਨੂੰ ਕੀ ਪਤਾ
ਕਿ ਮੈਂ ਇੱਥੇ ਵੀ ਸੇਬਾਂ ਦੀ ਲਾਲੀ ਵਿੱਚੋਂ ਸਿਓ-ਬੇਰਾਂ ਦੀ ਹਰਿਆਲੀ ਲੱਭਦਾ ਰਹਿੰਦਾ ਹਾਂ।
ਪੀਜ਼ਾ ਵੇਖ ਕੇ ਪਰੌਂਠੇ ਦੀ ਕਿੰਨੀ ਯਾਦ ਆਉਂਦੀ ਹੈ। ਮੈਂ ਵੀ ਓਦਰ ਗਿਆ ਅਤੇ ਮੇਰੇ ਹੇਰਵੇ
‘ਚੋਂ ਸ਼ੇਅਰਾਂ ਨੇ ਸਿਰ ਕੱਢਿਆ। ਸੱਚੀ ਗੱਲ ਇਹ ਹੈ ਕਿ ਸੱਟ ਲੱਗੀ ਤੇ ਮੂੰਹੋਂ ‘ਹਾਏ ਮਾਂ’
ਹੀ ਨਿਕਲਦਾ ਹੈ। ਪਹਿਲਾ ਸ਼ਿਅਰ ਆਪਣੀ ਮਾਂ ਬੋਲੀ ਵਿੱਚ ਮਾਂ ਉੱਪਰ ਹੀ ਮੂੰਹੋਂ ਨਿਕਲਿਆ। ਨਾ
ਪਹਿਲਾਂ ਕਦੇ ਪੰਜਾਬੀ ਲਿਖੀ ਅਤੇ ਨਾ ਹੀ ਕਦੇ ਪੜ੍ਹੀ ਸੀ। ਆ ਗਈਆਂ ਟੁੱਟੀਆਂ ਬਾਹਵਾਂ ਗਲ
ਨੂੰ। ਮੂੰਜੀ ਉਗਾਵਣ ਦਾ ਮੌਸਮ ਆਵੇ ਅਤੇ ਸਾਵਣ ਭਾਦੋਂ ਕਾਲੀਆਂ ਘਟਾਵਾਂ ਲੈ ਕੇ ਆਪੇ ਹੀ ਆ
ਜਾਂਦਾ ਹੈ। ਮੀਂਹ ਪਵੇ ਤੇ ਡੱਡੂ ਵੀ ਨਿਕਲ ਹੀ ਆਉਂਦੇ ਹਨ। ਫ਼ਿਰ ਪਤਾ ਨਹੀਂ ਰੱਬ ਜਾਣੇ ਕਿੰਜ
ਕਿੱਥੋਂ ਕਿਸੇ ਨੂੰ ਸੂਹ ਲੱਗੀ ਕਿ ਲਾਹੌਰੋਂ ਇੱਕ ਪੰਜਾਬੀ ਰਸਾਲਾ ਮੇਰੇ ਘਰ ਤੱਕ ਅੱਪੜਣ ਲੱਗ
ਪਿਆ। ਘੱਲਣ ਵਾਲੇ ਦਾ ਹੁਣ ਨਾਮ ਲੈਣ ਨੂੰ ਜੀਅ ਨਹੀਂ ਕਰਦਾ, ਕਿ ਮੈਂ ਆਪਣੇ ਜੀਅ ਦੀ ਹੱਤਿਆ
ਨਹੀਂ ਕਰ ਸਕਦਾ।
ਹੌਲੀ ਹੌਲੀ ਮੈਂ ਵੀ ਪੰਜਾਬੀ ਹੋ ਗਿਆ। ਮੈਂ ਆਪਣੀ ਹੀ ਮਾਂ ਨੂੰ ਮਾਂ ਆਖਣ ਲੱਗ ਪਿਆ ਅਤੇ
ਮੈਨੂੰ ਖੋਪੇ ਲੱਗ ਗਏ। ਮੈਨੂੰ ਮੇਰੇ ਪਿਛੋਕੜ ਦਾ ਸੂਲ ਪਿਆ ਅਤੇ ਹਕੀਮਾਂ ਦੀ ਭਾਲ ਪੈ ਗਈ।
ਮੈਨੂੰ ਕਿਸੇ ਨੇ ਦੱਸਿਆ ਕਿ ਲੰਦਨ ਵਿੱਚ ਮਾਂ ਬੋਲੀ ਬੋਲਣ ਵਾਲਾ ਤੋਤਾ ਅਖ਼ਤਰ ਲਾਹੌਰੀ ਹੀ
ਤੇਰੀਆਂ ਗੱਲਾਂ ਸਮਝ ਸਕਦਾ ਹੈ। ਇਹ ਵੀ ਪਤਾ ਲੱਗਾ ਕਿ ਇਸ ਗ਼ਰੀਬ ਦਰਜ਼ੀ ਮੁਹੰਮਦ ਰਫ਼ੀ ਨੂੰ
ਡਾਕਟਰ ਫ਼ਕੀਰ ਨੇ ਹੀ ਅਖ਼ਤਰ ਲਾਹੌਰੀ ਦਾ ਨਾਮ ਦਿੱਤਾ ਸੀ। ਲੱਭਦਾ ਲੱਭਦਾ ਮੈਂ ਓਥੇ ਅੱਪੜ ਗਿਆ
ਜਿੱਥੇ ਮੇਰੀ ਪਿਆਸ ਲਈ ਖੂਹ ਸੀ। ਸਰਕਾਰ ਵੱਲੋਂ ਮਿਲੇ ਨਿੱਕੇ ਜਿਹੇ ਘਰ ਵਿੱਚ ਵੱਡੇ ਸਾਰੇ
ਜ਼ੌਕ, ਜ਼ਫ਼ਰ ਅਤੇ ਸ਼ੌਂਕ ਵਾਲੇ ਪੰਜਾਬੀ ਨੂੰ ਮਿਲਿਆ ਤਾਂ ਇੰਜ ਲੱਗਿਆ ਜਿਵੇਂ ਮੁਰਾਦਾਂ ਸਫ਼ਲ ਹੋ
ਗਈਆਂ ਹੋਣ।
ਉਸ ਵੇਲੇ ਉਸ ਦੀ ਉਮਰ ਕੋਈ 78 ਸਾਲ ਦੇ ਨੇੜੇ ਤੇੜੇ ਹੋਵੇਗੀ ਅਤੇ ਉਹ ਦੋਹਵੇਂ ਮਾਈ ਬਾਬਾ ਉਸ
ਘਰ ਵਿੱਚ ਇਕੱਲੇ ਰਹਿੰਦੇ ਸਨ। ਲੰਦਨ ਦੀ ਵਸੋਂ ਵਿੱਚ ਪੈਸੇ ਦੀ ਤਿਲਕਣ ਵਿੱਚ ਡਿੱਗਦੇ
ਢਹਿੰਦੇ ਧੀਆਂ ਪੁੱਤ, ਮਾਂ ਪਿਓ ਨੂੰ ਆਮ ਤੌਰ ਤੇ ਇੰਜ ਹੀ ਮਿਲਦੇ ਨੇ ਜਿਵੇਂ ਰਾਹ ਜਾਂਦਿਆਂ
ਕੋਈ ਮੁਹੱਲੇ ਵਾਲਾ ਟੱਕਰ ਪਵੇ। ਇਸ ਕਰਕੇ ਬਾਬਾ ਅਖ਼ਤਰ ਲਾਹੌਰੀ ਵੀ ਰੇਲਵੇ ਰੋਡ ਲਾਹੌਰ ਦੇ
ਥੜੇ ਤੋਂ ਉੱਠ ਕੇ ਲੰਦਨ ਵਿੱਚ ਤਨਹਾਈ ਦੀ ਟੀਸੀ ਉੱਤੇ ਬੈਠਾ ਨਜ਼ਰ ਆਇਆ। ਬਰਤਾਨਵੀ ਕਾਨੂੰਨ
ਮੂਜਬ ਉਹਦੇ ਕੋਲ ਨਿੱਕਾ ਜਿਹਾ ਸੋਹਣਾ ਸਰਕਾਰੀ ਘਰ ਅਤੇ ਖਾਣ ਪੀਣ ਲਈ ਸੌਖਾ ਜਿਹਾ ਸਰਕਾਰੀ
ਭੱਤਾ ਲੱਭਦਾ ਸੀ ਪਰ ਮੈਂ ਵੇਖਿਆ ਉਹ ਵਿਚਾਰਾ ਸੋਨੇ ਦੇ ਪਿੰਜਰੇ ਵਿੱਚ ਬੈਠਾ ਮੋਤੀਆਂ ਦਾ
ਚੋਗਾ ਕੋਲ ਰੱਖ ਕੇ ਕਿਸੇ ਅਣਜਾਣੀ ਜਿਹੀ ਭੁੱਖ ਨੂੰ ਗਲ ਲਾ ਕੇ ਕਿਸੇ ਨਾਲ ਗੱਲ ਕਰਨ ਨੂੰ
ਤਰਸਦਾ ਰਹਿੰਦਾ ਸੀ। ਉਮਰ ਵੱਡੀ ਹੋ ਜਾਏ ਤੇ ਨਿੱਕੇ ਨਿੱਕੇ ਬਾਲ ਵਲਾ ਕੇ ਲੰਘ ਜਾਂਦੇ ਹਨ।
ਉਹ ਸ਼ਿਅਰ ਲਿਖਦਾ ਅਤੇ ਆਪਣੇ ਆਪ ਨੂੰ ਸੁਣਾ ਕੇ ਹੀ ਆਪਣੇ ਸ਼ਿਅਰਾਂ ਦੀ ਹੱਤਕ ਕਰਦਾ ਰਹਿੰਦਾ
ਸੀ। ਮੈਂ ਤੇ ਰਾਣੀ ਜਦੋਂ ਪਹਿਲੇ ਦਿਹਾੜੇ ਉਸਨੂੰ ਮਿਲੇ, ਪੰਜਾਬੀ ਬੋਲੀ ਅਤੇ ਪੰਜਾਬੀ ਸ਼ਿਅਰੋ
ਸ਼ਾਇਰੀ ਦੀਆਂ ਗੱਲਾਂ ਬਾਤਾਂ ਹੋਈਆਂ ਅਤੇ ਉਹ ਤੁੜਕ ਪਿਆ, ਜਿਵੇਂ ਔੜ ‘ਚ ਸੁੱਕੇ ਬੂਟੇ ਉੱਪਰ
ਕੋਈ ਬੱਦਲੀ ਅਚਾਨਕ ਤਰੌਂਕਾ ਪਾ ਜਾਏ। ਜਿਵੇਂ ਸਦੀਆਂ ਦੇ ਤਿਰਹਾਏ ਬਰੇਤੇ ਵਿੱਚ ਬਰਖਾ ਵਰ੍ਹ
ਪਈ। ਮੇਰਾ ਸ਼ੌਂਕ ਅਤੇ ਉਸਦੀ ਮਜਬੂਰੀ ਇਸ ਤਰ੍ਹਾਂ ਜੱਫੀ ਪਾ ਕੇ ਮਿਲੀਆਂ ਜਿਵੇਂ ਕਿਸੇ ਦੁਖੀ
ਧੀ ਨੂੰ ਤਰਸਦੀ ਹੋਈ ਮਾਂ।
ਉਹ ਸ਼ਾਇਰ ਤੇ ਮੈਂ ਕੱਚਾ ਪਿੱਲਾ ਜਿਹਾ ਸ਼ਾਗਿਰਦ। ਰਾਣੀ ਮਲਿਕ ਨੂੰ ਉਸ ਨੇ ਮੇਰੇ ਨਾਲੋਂ ਚੰਗਾ
ਮਿੱਥਿਆ ਅਤੇ ਹਫ਼ਤੇ ਵਿੱਚ ਤਿੰਨ ਵੇਰਾਂ ਹਾਜ਼ਰੀ ਦੇਣ ਦਾ ਹੁਕਮ ਮਿਲਿਆ। ਇਸਤਰ੍ਹਾਂ ਅੰਨ੍ਹੇ
ਨੂੰ ਡੰਗੋਰੀ ਤੇ ਲੰਗੜੇ ਨੂੰ ਮੋਢਾ ਮਿਲਿਆ।
ਅਸੀਂ ਦੋਹਵੇਂ ਜੀਅ ਉਹਦੇ ਵੱਲ ਆਉਂਦੇ ਰਹੇ ਤੇ ਵੇਲਾ ਸੋਹਣਾ ਲੰਘਦਾ ਗਿਆ। ਉਹਦੀ ਬੀਵੀ
ਜ਼ਿਹਨੀ ਤੌਰ ਤੇ ਕੁੱਝ ਠਕੋਰੀ ਜਿਹੀ ਹੋਈ ਸੀ ਅਤੇ ਬਾਬਾ ਅਖ਼ਤਰ ਲਾਹੌਰੀ ਬਿਲਕੁਲ ਹੀ ਕਿਸੇ
ਨਾਲ ਗੱਲ ਕਰਨ ਨੂੰ ਤਰਸਿਆ ਹੋਇਆ ਸੀ। ਰਾਣੀ ਆਪਣੇ ਉਸਤਾਦ, ਬਾਪ ਅਤੇ ਬਜ਼ੁਰਗ ਦੇ ਨਾਤੇ ਉਹਦੇ
ਲਈ ਜ਼ਰਦਾ ਪਕਾ ਕੇ ਖੜਦੀ ਅਤੇ ਉਹ ਬੜਾ ਹੀ ਰਾਜ਼ੀ ਹੁੰਦਾ।
ਕਦੀ ਕਦੀ ਉਹਦਾ ਕੋਈ ਵੀ ਪੁੱਤ ਉਹਦੇ ਘਰ ਝਾਤੀ ਮਾਰਨ ਆਉਂਦਾ ਹੁੰਦਾ ਸੀ, ਪਰ ਇੰਜ ਹੀ ਜਿਵੇਂ
ਕੋਈ ਡਾਕੀਆ ਚਿੱਠੀ ਸੁੱਟਣ। ਇੱਕ ਦਿਹਾੜੇ ਬਾਬੇ ਨੇ ਆਪਣੇ ਨਿੱਕੇ ਪੁੱਤਰ ਬਾਰੇ ਕੁੱਝ ਨਿੱਜੀ
ਗੱਲਾਂ ਵੀ ਦੱਸੀਆਂ ਜਿਹਨਾਂ ਦਾ ਭੋਗ ਪਾਉਣਾ ਮੈਂ ਮੁਨਾਸਿਬ ਨਹੀਂ ਸਮਝਦਾ। ਪਰ ਉਹ ਗੱਲਾਂ
ਇੱਕ ਦਿਨ ਵੇਲੇ ਨੇ ਸੱਚ ਸਾਬਤ ਕਰ ਦਿੱਤੀਆਂ। ਬਾਬੇ ਦੇ ਇੱਕ ਪੁੱਤ ਕੋਲ ਏਨਾ ਕੁ ਪੈਸਾ ਏ ਕਿ
ਲੰਦਨ ਨਿਊਯਾਰਕ ਵਿੱਚ ਹੋਟਲਾਂ ਤੋਂ ਵੱਖ ਇੰਨੇ ਕੁ ਪਲਾਜ਼ੇ ਹਨ ਕਿ ਵੇਖ ਕੇ ਅਕਲ ਦੰਗ ਰਹਿ
ਜਾਂਦੀ ਹੈ। ਇੰਨੇ ਥੋੜ੍ਹੇ ਜਿਹੇ ਵਕਤ ਵਿੱਚ ਇੰਨੀ ਦੌਲਤ ਉੱਪਰ ਤਬਸਰਾ ਕਰਨਾ ਫ਼ਜ਼ੂਲ ਹੈ।
ਅਖ਼ਤਰ ਲਾਹੌਰੀ ਆਖਣ ਲੱਗਾ, “ਮੈਂ ਜ਼ਿੰਦਗੀ ਦਾ ਸਫ਼ਰ ਮਸ਼ੀਨ ਦੇ ਪੈਰ ਵਾਂਗ ਨਿੱਕੇ ਨਿੱਕੇ
ਟਾਂਕੇ ਲਾ ਕੇ ਕੱਟਿਆ ਏ ਪਰ ਮੇਰੇ ਪੁੱਤ ਨੇ ਜਿਸ ਤਰ੍ਹਾਂ ਦੀ ਛਾਲ ਮਾਰੀ
ਏ, ਮੈਂ ਉਸ ਤੋਂ ਖ਼ੁਸ਼
ਨਹੀਂ। ਉਸ ਨੂੰ ਕੁਦਰਤ ਨੇ ਖੰਭ ਦਿੱਤੇ, ਪਰ ਉਸ ਨੇ ਬਹੁਤ ਗ਼ਲਤ ਉਡਾਰੀ ਮਾਰੀ ਹੈ” ਇਹ ਗੋਲ
ਮੋਲ ਗੱਲਾਂ ਕਰਦਾ ਕਰਦਾ ਉਹ ਬੜਾ ਹੀ ਉਦਾਸ ਹੋ ਗਿਆ ਅਤੇ ਅੱਖਾਂ ਵਿੱਚ ਹੰਝੂ ਕਿਰਨ ਲੱਗ ਪਏ।
ਕਿਉਂ ਜੇ ਉਹ ਇਮਾਨਦਾਰ ਸ਼ਖ਼ਸ ਅੱਜ ਵੀ ਆਪਣੀ ਹਾਂਡੀ ਆਪ ਹੀ ਤੱਤੀ ਕਰ ਕੇ ਆਪਣੀ ਝੱਲੀ ਬੀਵੀ
ਦੇ ਨਾਲ ਢਿੱਡ ਦੀ ਅੱਗ ਬੁਝਾ ਰਿਹਾ ਸੀ। ਉਸਨੂੰ ਇੱਕ ਹੋਰ ਅੱਗ ਵੀ ਹਰ ਵੇਲੇ ਲੱਗੀ ਰਹਿੰਦੀ
ਸੀ, ਜਿਹੜੀ ਰੋਟੀ ਦੀ ਭੁੱਖ ਨਾਲੋਂ ਡਾਢੀ ਸੀ। ਉਹ ਸੀ ਪੰਜਾਬੀ ਮਾਂ ਬੋਲੀ ਦਾ ਪਿਆਰ ਅਤੇ ਉਸ
ਦਾ ਪਰਚਾਰ। ਇੰਗਲੈਂਡ ਵਿੱਚ ਉਹ ਪਹਿਲਾ ਪਾਕਿਸਤਾਨੀ ਪੰਜਾਬੀ ਸੀ ਜਿਸ ਨੇ ਪਹਿਲੀ ਪੰਜਾਬੀ
ਸਭਾ ਬਣਾਈ। ਲੰਦਨ ਵਿੱਚ ਮੈਂ ਉਸਦਾ ਪਹਿਲਾ ਕਵੀ ਦਰਬਾਰ ਏਸ਼ੀਅਨ ਸੈਂਟਰ ਵਿੱਚ ਵੇਖਿਆ, ਜਿਸ
ਵਿੱਚ ਹਕੀਮ ਗੁਲਾਮ ਨਬੀ ਜਾਂ ਇੱਕ ਅੱਧਾ ਹੋਰ ਪਾਕਿਸਤਾਨੀ ਤੋਂ ਵੱਖ ਸਾਰੇ ਹੀ ਕਵੀ ਭਾਰਤੀ
ਪੰਜਾਬ ਦੇ ਸਰਦਾਰ ਸਨ।
ਮੇਰੀ ਵੱਖੀ ਵਿੱਚ ਆਪਣੀ ਮਾਂ ਬੋਲੀ ਦੀ ਧੁਖਣੀ ਤੇ ਅੱਗੇ ਧੁਖ ਰਹੀ ਸੀ, ਓਥੇ ਸਭ ਤੋਂ ਵੱਡੇ
ਪੰਜਾਬ ਦੇ ਪੰਜਾਬੀਆਂ ਦਾ ਮਾਂ ਬੋਲੀ ਨਾਲ ਇਸ ਤਰ੍ਹਾਂ ਦਾ ਸਲੂਕ ਵੇਖ ਕੇ ਇੱਕ ਲਾਂਬੂ ਬਲਿਆ।
ਇਹ ਹੀ ਵਾਕਿਆ ਸੀ ਕਿ ਅੱਗੇ ਚੱਲ ਕੇ ਬਾਬੇ ਅਖ਼ਤਰ ਲਾਹੌਰੀ ਦੇ ਮਰਣ ਪਿੱਛੋਂ ਮੈਂ ਪੰਜਾਬੀ
ਅਦਬੀ ਸੰਗਤ ਦੀ ਨੀਂਹ ਰੱਖੀ ਤੇ ਪਾਕਿਸਤਾਨੀ ਪੰਜਾਬੀ ਸੂਰਮਿਆਂ ਨੇ ਮੇਰੀ ਕਿਚਨ ਦੇ ਸ਼ੀਸ਼ੇ
ਤੋੜੇ ਕਿ ਅਮੀਨ ਮਲਿਕ ਨੇ ਸਿੱਖਾਂ ਦੀ ਬੋਲੀ ਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਖ਼ਤਰ ਲਾਹੌਰੀ ਦਾ ਸੰਗ ਬਹੁਤਾ ਚਿਰ ਨਾ ਰਹਿ ਸਕਿਆ, ਕਿਉਂਕਿ ਉਹ ਹੁਣ ਤੀਜੇ ਪਹਿਰ ਦਾ ਢਲਦਾ
ਪਰਛਾਵਾਂ ਸੀ ਅਤੇ ਰਾਤ ਦੇ ਆਖ਼ਰੀ ਪਹਿਰ ਦਾ ਝਮੱਕੇ ਮਾਰਦਾ ਤਾਰਾ। ਵੇਖਦਿਆਂ ਵੇਖਦਿਆਂ ਹੀ
ਅੱਸੀ ਸਾਲਾ ਬਾਬਾ ਅਖ਼ਤਰ ਖੂੰਡੀ ਨਾਲ ਤੁਰਦਾ ਤੁਰਦਾ ਮੰਜੀ ਤੇ ਪੈ ਗਿਆ। ਹੁਣ ਉਹ ਬੜਾ ਥੱਕ
ਗਿਆ ਸੀ ਪੈਂਡਾ ਕਰਦਾ ਕਰਦਾ। ਜਿਸਮ ਤੇ ਕਮਜ਼ੋਰ ਹੋ ਗਿਆ, ਪਰ ਪੰਜਾਬੀ ਮਾਂ ਬੋਲੀ ਦਾ ਪਿਆਰ
ਅਜੇ ਵੀ ਸਿਖ਼ਰਾਂ ਤੇ ਸੀ। ਉਹ ਅਜੇ ਵੀ ਸ਼ਿਅਰ ਸੁਣਾ ਸੁਣਾ ਕੇ ਆਪਣੇ ਇਸ਼ਕ ਨੂੰ ਲੋਰੀ ਦੇਂਦਾ
ਰਹਿੰਦਾ। ਉਹ ਉਸਤਾਦ ਇਸ਼ਕ ਲਹਿਰ ਤੇ ਆਪਣੇ ਉਸਤਾਦ ਬਾਬਾ-ਏ-ਪੰਜਾਬੀ ਡਾਕਟਰ ਫ਼ਕੀਰ ਮੁਹੰਮਦ
ਫ਼ਕੀਰ ਦੀਆਂ ਗੱਲਾਂ ਸੁਣਾ ਸੁਣਾ ਕੇ ਆਪਣੇ ਖ਼ੁਸ਼ਕ ਹੋਠਾਂ ਨੁੰ ਤਰ ਕਰ ਲੈਂਦਾ ਸੀ। ਅਸੀਂ
ਦੋਹਵੇਂ ਜੀਅ ਜੇ ਕਿਧਰੇ ਇੱਕ ਅੱਧ ਦਿਹਾੜਾ ਖੁੰਝ ਜਾਂਦੇ ਤੇ ਬਾਬਾ ਖ਼ਾਲਸ ਲਾਹੌਰੀ ਬੋਲ ਕੇ
ਸਾਨੂੰ ਦਬਕੇ ਮਾਰ ਕੇ ਆਖ਼ਦਾ, “ਓਏ ਅਮੀਨ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ, ਅਜੇ ਤੜੈ (ਤਿੰਨ)
ਦਿਨ ਗੁਜ਼ੜ ਗਏ ਹੈਂਗੇ ਨੇਂ। ਤੂੰ ਵਾਅਦਾ ਕੜ ਕੇ ਮੁੱਕੜ ਕਿਉਂ ਜਾਨਾ ਏਂ।”
ਐਸੇ ਤਰ੍ਹਾਂ ਅਸੀਂ ਉਸ ਬਹਿਸ਼ਤੀ ਵੱਲ ਆਉਂਦੇ ਜਾਂਦੇ ਰਹੇ ਪਰ ਬਾਬਾ ਅਖ਼ਤਰ ਲਾਹੌਰੀ ਹੁਣ ਇਸ
ਦੁਨੀਆਂ ਤੋਂ ਜਾਣ ਲਈ ਆਪਣੇ ਸਾਹਵਾਂ ਦੀ ਪੋਟਲੀ ਕੱਛੇ ਮਾਰੀ ਬੈਠਾ ਸੀ। ਬੜੇ ਹੀ ਦੁੱਖ ਦੀ
ਗੱਲ ਹੈ ਕਿ ਉਸ ਮਾਂ ਬੋਲੀ ਨਾਲ ਇਸ਼ਕ ਕਰਨ ਵਾਲੇ ਦੀ ਆਖ਼ਰੀ ਇੱਛਿਆ ਸੀ ਕਿ ਇੱਕ ਕਵੀ ਦਰਬਾਰ
ਜ਼ਰੂਰ ਕਰਵਾਇਆ ਜਾਵੇ। ਉਸ ਦੀ ਇਹ ਇੱਛਿਆ ਪੂਰੀ ਹੋ ਗਈ ਪਰ ਮਸਾਂ ਹੀ ਸਮਾਗਮ ਵਿੱਚ ਪੁੱਜਿਆ।
ਇਸ ਇੱਕਠ ਵਿੱਚ ਉਸਦੇ ਸਾਰੇ ਪੁੱਤਰ ਧੀਆਂ ਅਤੇ ਸਤਾਰਾਂ ਅਠਾਰਾਂ ਦੇ ਕਰੀਬ ਪੋਤਰੇ ਦੋਹਤਰੇ
ਵੀ ਸ਼ਾਮਿਲ ਹੋਏ। ਮੰਚ ਉੱਪਰ ਬੈਠੇ ਅਖ਼ਤਰ ਲਾਹੌਰੀ ਨੇ ਆਪਣੀ ਕਵਿਤਾ ਬੜੇ ਜੋਸ਼ ਜਜ਼ਬੇ ਨਾਲ
ਜਵਾਨਾਂ ਵਾਂਗ ਸੁਣਾਈ।
ਇਸ ਸਮਾਗਮ ਵਿੱਚ ਹੀ ਮੇਰਾ ਉਸ ਦੇ ਅਰਬ ਪਤੀ ਬੇਟੇ ਨਾਲ ਤੁਆਰੁਫ਼ ਹੋਇਆ ਜਿਸ ਦੀ ਦੌਲਤ ਬਾਬੇ
ਲਈ ਬੜੀ ਘਾਟ ਵਾਲੀ ਗੱਲ ਸੀ। ਬਾਬੇ ਦੇ ਇਸ ਬੇਟੇ ਕੋਲ ਦੁਨੀਆਂ ਦੇ ਹਰ ਵੱਡੇ ਸ਼ਹਿਰ ਵਿੱਚ
ਇੱਕ ਹੋਟਲ ਹੈ। ਲੰਦਨ ਵਿੱਚ ਇਸਦੀ ਕਰੋੜਾਂ ਰੁਪਏ ਦੀ ਕੋਠੀ ਹੈ, ਜਿਸ ਵਿੱਚ ਸਵਿੰਮਿੰਗ ਪੂਲ
ਬਣੇ ਹੋਏ ਹਨ। ਇਸ ਅਮੀਰ ਕਬੀਰ ਬੇਟੇ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਮਾਂ-ਬਾਪ ਅਤੇ
ਭੈਣ-ਭਾਈਆਂ ਦੇ ਗ਼ਰੀਬ ਇਲਾਕੇ ਵਾਲਥਮ ਸਟੋ ਵੱਲ ਕਦੀ ਆਪਣੀ ਕੋਈ ਮਰਸਡੀਜ਼ ਕਾਰ ਨਹੀਂ ਲੈ ਕੇ
ਆਉਂਦਾ ਕਿ ਲੋਕੀਂ ਐਵੇਂ ਗੱਲਾਂ ਕਰਦੇ ਹਨ।
ਬਾਬਾ ਅਖ਼ਤਰ ਲਾਹੌਰੀ ਹੁਣ ਚੌਰਾਸੀ ਸਾਲ ਦਾ ਹੋ ਗਿਆ ਸੀ ਅਤੇ ਆਪਣੀ ਹਾਂਡੀ ਆਪ ਤੱਤੀ ਕਰਨ
ਜੋਗਾ ਵੀ ਨਹੀਂ ਸੀ ਰਿਹਾ। ਉਸਨੂੰ ਹੁਣ ਕਿਸੇ ਧੀ ਪੁੱਤਰ ਦੀ ਲੋੜ ਸੀ ਜਿਹੜਾ ਆਖ਼ਰੀ ਦਿਨਾਂ
ਦਾ ਸਹਾਰਾ ਬਣ ਕੇ ਇਸ ਦੁਨੀਆਂ ਤੋਂ ਉਸ ਨੂੰ ਖੁਸ਼ੀ ਖੁਸ਼ੀ ਵਿੱਦਿਆ ਕਰਦਾ। ਪਰ ਇਸ ਚਮਕਦੀ ਹੋਈ
ਦੌਲਤਮੰਦ ਰੌਸ਼ਨ ਦੁਨੀਆਂ ਵੱਚ ਅਸਾਸੇ ਤੇ ਬਹੁਤ ਨੇਂ, ਪਰ ਖ਼ੂਬਸੂਰਤ ਇਹਸਾਸ ਕਿਧਰੇ ਨਹੀਂ
ਮਿਲਦਾ। ਜਿਸ ਬਾਬੇ ਨੇ ਰੇਲਵੇ ਰੋਡ ਲਾਹੌਰ ਦੇ ਥੜੇ ਉੱਤੇ ਹਥਲੀ ਵਾਲੀ ਖੋਚਲੀ ਮਸ਼ੀਨ ਨਾਲ
ਤਰੋਪਾ ਤਰੋਪਾ ਲੀੜੇ ਸਿਓਂ ਕੇ ਪੁੱਤਰ ਜਵਾਨ ਕੀਤੇ, ਅੱਜ ਉਹਦੇ ਹੱਥ ਵਿੱਚ ਸੋਟੀ ਫੜਾਨ ਵਾਲਾ
ਕੋਈ ਨਹੀਂ ਸੀ। ਪੁੱਤਾਂ ਧੀਆਂ ਨੇ ਉਸ ਚੰਦ ਦਿਨ ਦੇ ਪਰਾਹੁਣੇ ਨੂੰ ਸਾਂਭਣ ਤੋਂ ਇਨਕਾਰ ਕਰ
ਦਿੱਤਾ ਅਤੇ ਹਕੂਮਤ ਦਾ ਮਹਿਕਮਾ “ਸੋਸ਼ਲ ਸਰਵਿਸਜ਼” ਅਖ਼ਤਰ ਲਾਹੌਰੀ ਨੂੰ ਲਾਵਾਰਸ-ਖ਼ਾਨੇ ਯਾਂ
ਓਲਡ ਹੋਮ ‘ਚ ਲੈ ਗਿਆ।
ਇੱਕ ਦਿਨ ਮੈਂ ਤੇ ਰਾਣੀ ਲੱਭਦੇ ਲੱਭਦੇ ਗਏ ਅਤੇ ਲੋਈ ਦੀ ਬੁੱਕਲ ਮਾਰੀ ਉਹ ਮੇਰੇ ਪੰਜਾਬ ਦਾ
ਟੁੱਟਿਆ ਹੋਇਆ ਤਾਰਾ ਚੁੱਪ ਚਾਪ ਕੁਰਸੀ ਤੇ ਬੈਠਾ ਅਸਮਾਨ ਵੱਲ ਵੇਖ ਰਿਹਾ ਸੀ। ਮੈਂ ਕੋਈ ਗੱਲ
ਕਰਨੀ ਚਾਹੀ ਤਾਂ ਹੋਠਾਂ ਉੱਪਰ ਉਂਗਲ ਰੱਖ ਕੇ ਆਖਣ ਲੱਗਾ, “ਓਏ ਚੁੱਪ ਕੜ ਜਾ ਯਾੜ, ਕੋਈ
ਸ਼ਿਕਵਾ ਨਾ ਕੜ, ਕਿਹੜੇ ਪੁੱਤ ਅਤੇ ਕਿਹੜੀਆਂ ਧੀਆਂ?” ਮੈਂ ਸ਼ਰਮਿੰਦਾ ਜਿਹਾ ਹੋ ਗਿਆ ਅਤੇ ਉਸ
ਨੇ ਰਾਣੀ ਨੂੰ ਪੁੱਛਿਆ, “ਸੁਣਾ ਪੁੱਤੜ ਕੋਈ ਨਵੀਂ ਨਜ਼ਮ ਵੀ ਲਿਖੀ ਊ?” ਫ਼ਿਰ ਪੰਜਾਬੀ ਮਾਂ
ਬੋਲੀ ਦੀਆਂ ਗੱਲਾਂ ਕਰਦੇ ਕਰਦੇ ਉਸਤਾਦ ਗਾਮ, ਮਿਲਖੀ ਰਾਮ, ਇਸ਼ਕ ਲਹਿਰ, ਪ੍ਰੋਫ਼ੈਸਰ ਮੋਹਨ
ਸਿੰਘ ਤੋਂ ਹੁੰਦਾ ਹੋਇਆ ਆਪਣੇ ਉਸਤਾਦ ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦੀਆਂ ਢੇਰਾਂ ਹੀ ਗੱਲਾਂ
ਕਰ ਸੁੱਟੀਆਂ। ਰਾਣੀ ਨੇ ਪੁੱਿਛਆ, “ਬਾਬਾ ਜੀ ਤੁਹਾਡੇ ਲਈ ਜ਼ਰਦਾ ਪਕਾ ਕੇ ਲਿਆਵਾਂ?” ਉਹ
ਅੱਖਾਂ ਨੀਵੀਆਂ ਕਰਕੇ ਦਾੜ੍ਹੀ ‘ਚ ਹੱਥ ਫ਼ੇਰਦਾ ਨਿੰਮ੍ਹਾ ਜਿਹਾ ਹੱਸ ਕੇ ਆਖਣ ਲੱਗਾ, “ਪੁੱਤੜ
ਜੜਦੇ ਨਾਲ ਭਿੰਡੀ ਤੋੜੀਆਂ ਅਤੇ ਦੋ ਤਿੰਨ ਰੋਟੀਆਂ ਵੀ ਲਿਆਵੀਂ। ਮੇੜੇ ਕੋਲੋਂ ਅੰਗੜੇਜਾਂ ਦਾ
ਖਾਣਾ ਨਹੀਂ ਖਾਧਾ ਜਾਂਦਾ।”
ਜ਼ਮਾਨੇ ਦੀ ਬੇ-ਰੁਖ਼ੀ ਅਤੇ ਬੇਹਿਸੀ ਦੀ ਸੂਲੀ ਚੜ੍ਹ ਜਾਣ ਵਾਲੇ ਅਖ਼ਤਰ ਲਾਹੌਰੀ ਦੀ ਸ਼ਾਇਦ ਇਹ
ਆਖ਼ਿਰੀ ਖ਼ਾਹਿਸ਼ ਸੀ। ਅਸਾਂ ਲਾ-ਵਾਰਸੇ ਲੋਕਾਂ ਦੇ ਓਲਡ ਹੋਮ ਦੇ ਇੱਕ ਮੇਜ਼ ਉੱਤੇ ਜਦੋਂ ਪੰਜਾਬੀ
ਰੋਟੀਆਂ ਅਤੇ ਭਿੰਡੀਆਂ ਨਾਲ ਜਦੋਂ ਜ਼ਰਦਾ ਖੋਲ੍ਹ ਕੇ ਮੇਜ਼ ਉੱਤੇ ਖੋਲ੍ਹ ਕੇ ਰੱਖਿਆ ਤਾਂ ਇੱਕ
ਗੋਰੀ ਦੌੜ ਕੇ ਆਈ। ਉਸਨੂੰ ਸ਼ਾਇਦ ਸਾਡੀ ਇਸ ਰੋਟੀ ਉੱਪਰ ਕਾਨੂੰਨੀ ਇਤਰਾਜ਼ ਸੀ। ਉਸ ਨੇ ਸਾਥੋਂ
ਬਾਬੇ ਨਾਲ ਰਿਸ਼ਤਾ ਪੁੱਿਛਆ। ਪਰ ਸਿਵਾਏ ਪਿਆਰ ਮੁਹੱਬਤ ਜਾਂ ਇਨਸਾਨੀ ਤੁਆਲੁੱਕ ਦੇ ਸਾਡਾ
ਰਿਸ਼ਤਾ ਵੀ ਕੋਈ ਨਹੀਂ ਸੀ। ਗੋਰੀ ਮੁਲਾਜ਼ਮ ਮੂਹਰੇ ਕਾਨੂੰਨੀ ਇਹਤਿਆਤ ਸੀ ਅਤੇ ਸਾਡੇ ਸਾਹਮਣੇ
ਇਨਸਾਨੀ ਮੁਹੱਬਤ। ਸਾਡੇ ਨਾਲ ਗੋਰੀ ਅਜੇ ਸਵਾਲ ਜਵਾਬ ਕਰ ਹੀ ਰਹੀ ਸੀ ਕਿ ਅਖ਼ਤਰ ਲਾਹੌਰੀ ਨੇ
ਰੋਟੀ ਨੂੰ ਹੱਥ ਪਾ ਲਿਆ। ਇੱਕ ਮਜਬੂਰੀ ਅੱਗੇ ਦੂਸਰੀ ਮਜਬੂਰੀ ਹਾਰ ਗਈ ਅਤੇ ਗੋਰੀ ਔਰਤ ਨੇ
ਛੇਤੀ ਨਾਲ ਬਾਬੇ ਦੇ ਗਲ ਵਿੱਚ ਐਪਰਨ ਬੰਨ ਦਿੱਤਾ। ਅੱਜ ਉਹ ਮੇਰਾ ਪੰਜਾਬੀ ਸ਼ਾਇਰ ਹਰ ਕਾਨੂੰਨ
ਤੋਂ ਬਗ਼ਾਵਤ ਕਰੀ ਬੈਠਾ ਸੀ। ਉਸ ਨੇ ਐਪਰਨ ਪਰ੍ਹਾਂ ਵਗਾਹ ਕੇ ਮਾਰਿਆ ਅਤੇ ਆਖਣ ਲੱਗਾ, “ਓਏ
ਅਮੀਨ ਇਹ ਕੁੱਤੀਆਂ ਰੋਜ਼ ਹੀ ਮੇਰੇ ਗਲ ਲੀਰ ਜਿਹੀ ਬੰਨ੍ਹ ਦਿੰਦੀਆਂ ਨੇ। ਮੈਂ ਕੋਈ ਬਾਲ ਆਂ।
ਨਾ ਮੈਨੂੰ ਇਹਨਾਂ ਦੀ ਬੋਲੀ ਸਮਝ ਆਉਂਦੀ ਏ ਤੇ ਨਾ ਇਹ ਮੇਰੀ ਗੱਲ ਸਮਝਦੀਆਂ ਨੇ।”
ਯਾਦ ਨਹੀਂ ਓਸੇ ਹੀ ਦਿਨ ਜਾਂ ਅਗਲੇ ਦਿਹਾੜੇ ਦੌਲਤਮੰਦ ਸਪੁੱਤਰ ਦਾ ਫ਼ੋਨ ਆਇਆ ਕਿ ਅੱਜ ਲੀ
ਬਰਿੱਜ ਮਸਜਿਦ ਵਿੱਚ ਅੱਬਾ ਜੀ ਦਾ ਜਨਾਜ਼ਾ ਹੈ…। ਜਨਾਜ਼ਾ ਪੜ੍ਹ ਕੇ ਮੈਂ ਓਲਡ ਹੋਮ ਵਿੱਚ ਰੋਟੀ
ਵਾਲਾ ਡੱਬਾ ਲੈਣ ਗਿਆ ਅਤੇ ਇੱਕ ਡੱਬੇ ਵਿੱਚ ਥੋੜ੍ਹਾ ਜਿਹਾ ਜ਼ਰਦਾ ਬਾਬੇ ਅਖ਼ਤਰ ਲਾਹੌਰੀ ਦਾ
ਨਾਮ ਲੈ ਕੇ ਮੈਨੂੰ ਕੁੱਝ ਆਖਦਾ ਰਿਹਾ ਅਤੇ ਮੈਂ ਰੋਂਦਾ ਰੋਂਦਾ ਬਾਹਰ ਆ ਗਿਆ।
ਮਰ ਗਿਆ ਮਾਂ ਬੋਲੀ ਪੰਜਾਬੀ ਦਾ ਨਾਂ ਲੈ ਕੇ ਜਿਊਣ ਵਾਲਾ…… ਹੁਣ ਗੱਲ ਤੇ ਕੋਈ ਕਰਨ ਵਾਲੀ
ਰਹਿ ਨਹੀਂ ਗਈ ਅਤੇ ਵਿਖਾਈ ਜਾਣ ਵਾਲੀ ਤਸਵੀਰ ਵਿੱਚ ਸੰਗਦਿਲੀ ਦਾ ਭਰਨ ਵਾਲਾ ਕੋਈ ਵੀ ਰੰਗ
ਬਾਕੀ ਨਹੀਂ ਰਹਿ ਗਿਆ…ਮੱਕਿਓਂ ਪਰੇ ਉਜਾੜ।
ਇੱਕ ਇੱਕ ਟਾਂਕਾ ਲਾ ਕੇ ਔਲਾਦ ਦਾ ਪਿੰਡਾ ਢੱਕਣ ਵਾਲਾ ਕਿਹੜੇ ਹਾਲ ਚ ਕਿਹੜੀ ਥਾਂ ਚੁੱਲ੍ਹੇ
ਦੀ ਪੱਕੀ ਰੋਟੀ ਨੁੰ ਤਰਸਦਾ ਮਰ ਗਿਆ। ਪਰ ਅਖ਼ਤਰ ਲਾਹੌਰੀ ਦੇ ਨਾਲ ਸੱਠ ਵਰ੍ਹੇ ਗੁਜ਼ਾਰਨ ਵਾਲੀ
ਕਮਲੀ ਝੱਲੀ ਜਿਹੀ ਅਰਬਪਤੀ ਬੇਟੇ ਦੀ ਮਾਂ ਬਾਰੇ ਜੇ ਕੁੱਝ ਨਾ ਦੱਸਿਆ ਤੇ ਇਸ ਦਰਦਨਾਕ ਤਸਵੀਰ
ਵਿੱਚ ਇੱਕ ਰੰਗ ਦੀ ਘਾਟ ਰਹਿ ਜਾਏਗੀ।
ਇੱਕ ਦਿਹਾੜੇ ਸਵੇਰੇ ਸਵੇਰੇ ਅਰਬਪਤੀ ਤਾਬਿਆਦਾਰ ਪੁੱਤਰ ਸਾਡੇ ਘਰ ਆ ਕੇ ਆਖਣ ਲੱਗਾ ਕਿ,
“ਸਾਡੇ ਅੰਮਾਂ ਜੀ ਦੀ ਸੁੱਧ ਬੁੱਧ ਵੀ ਅੱਧੀ ਪਚੱਧੀ ਜਿਹੀ ਰਹਿ ਗਈ ਹੈ ਅਤੇ ਉਸ ਨੂੰ ਵੀ ਓਲਡ
ਹੋਮ ਵਿੱਚ ਜਮਾਂ ਕਰਵਾ ਦਿੱਤਾ ਹੈ, ਕਿਉਂਕਿ ਸਾਡੇ ਕੋਲੋਂ ਨਹੀਂ ਸੀ ਸੰਭਾਲੀ ਜਾਂਦੀ। ਪਰ
ਮੈਂ ਹੁਣ ਚਾਹੁੰਦਾ ਹਾਂ ਕਿ ਉਸ ਨੂੰ ਪਾਕਿਸਤਾਨ ਖੜ ਕੇ ਸਾਰਿਆਂ ਨਾਲ ਮੇਲ ਮਿਲਾਪ ਕਰਵਾ
ਲਿਆਵਾਂ। ਪਰ ਉਸਦਾ ਪਾਸਪੋਰਟ ਮੇਰੇ ਵੱਡੇ ਭਰਾ ਕੋਲ ਹੈ ਅਤੇ ਉਹ ਮੈਨੂੰ ਦੇਂਦਾ ਨਹੀਂ।”
ਮੈਂ ਆਖਿਆ, “ਇੱਕ ਤੇ ਮਾਈ ਵਿਚਾਰੀ ਵੀਲ੍ਹ ਚੇਅਰ ਉੱਪਰ ਹੈ, ਦੂਜੀ ਉਹਦੀ ਸੁੱਧ ਬੁੱਧ ਚਲੀ
ਗਈ ਹੈ, ਤੀਜੇ ਉਸਦੇ ਸਾਰੇ ਧੀਆਂ ਪੁੱਤਰ ਇਸ ਦੇਸ ਵਿੱਚ ਹਨ। ਹੁਣ ਤੂੰ ਉਸ ਨੂੰ ਭਰ ਗਰਮੀਆਂ
ਵਿੱਚ ਪਾਕਿਸਤਾਨ ਲੈ ਕੇ ਚੱਲਿਆਂ ਏਂ? ?”
ਕੁਝ ਯਾਦ ਨਹੀਂ ਉਸ ਨੇ ਕੀ ਹੂੰ ਹਾਂ ਕੀਤੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਵੱਡੇ ਭਰਾ ਨਾਲ
ਲੜ ਭਿੜ ਕੇ ਮਾਈ ਦਾ ਪਾਸਪੋਰਟ ਲੈ ਕੇ ਕਰੋੜਪਤੀ ਤਾਬਿਆਦਾਰ ਪੁੱਤਰ, ਮਾਂ ਨੂੰ ਪਾਕਿਸਤਾਨ ਲੈ
ਗਿਆ ਹੈ।
ਤਕਰੀਬਨ ਪੰਦਰਾਂ ਦਿਨਾਂ ਬਾਅਦ ਸਾਊ ਬਰਖ਼ੁਰਦਾਰ ਅਰਬਪਤੀ ਪੁੱਤਰ ਸਾਡੇ ਵੱਲ ਆਇਆ ਅਤੇ ਹੱਸ ਕੇ
ਆਖਣ ਲੱਗਾ, “ਮਲਿਕ ਸਾਹਬ! ਬੜੀਆਂ ਮੁਸ਼ਕਿਲਾਂ ਨਾਲ ਅੰਮਾਂ ਨੂੰ ਦੁਬਾਰਾ ਓਲਡ ਹੋਮ ਵਿੱਚ ਛੱਡ
ਕੇ ਆਇਆ ਹਾਂ, ਉਹ ਮੇਰੀ ਬਾਂਹ ਨਹੀਂ ਸੀ ਛੱਡਦੀ। ਆਖਦੀ ਸੀ, ਵੇ ਪੁੱਤ ਮੈਨੂੰ ਛੱਡ ਕੇ ਨਾ
ਜਾ। ਮੈਨੁੰ ਗੋਰਿਆਂ ਦੀ ਬੋਲੀ ਸਮਝ ਨਹੀਂ ਆਉਂਦੀ।”
ਪੁੱਤਰ ਦੀ ਦੁੱਖ ਭਰੀ ਗੱਲ ਅਤੇ ਮਾਂ ਉੱਪਰ ਹੁੰਦੇ ਜ਼ੁਲਮ ਦਾ ਵਾਕਿਆ ਸੁਣ ਕੇ ਪੌੜੀਆਂ ਦੇ
ਚੌਥੇ ਦੰਦੇ ਉੱਪਰ ਬੈਠੀ ਰਾਣੀ ਮਲਿਕ ਜ਼ਾਰੋ ਜ਼ਾਰ ਰੋਣ ਲੱਗ ਪਈ। ਕਿਉਂਕਿ ਰੋਂਦੀ ਧੋਂਦੀ ਝੱਲੀ
ਜਿਹੀ ਮਾਂ ਕੋਲੋਂ ਬਾਂਹ ਛੁਡਾ ਕੇ ਧੱਕਾ ਦੇਣ ਵਾਲੇ ਪੁੱਤ ਦਾ ਜ਼ੁਲਮ ਨਾ ਕਾਬਿਲੇ ਬਰਦਾਸ਼ਤ
ਸੀ।
ਇੱਕ ਦਿਨ ਇਸੇ ਹੀ ਓਲਡ ਹੋਮ ਵਿੱਚ ਮਰ ਜਾਣ ਵਾਲੀ ਮਾਂ ਦੇ ਜਨਾਜ਼ੇ ਦਾ ਵੀ ਫ਼ੋਨ ਆ ਗਿਆ।
ਮਸੀਤ ਵਿੱਚ ਲੋਕੀਂ ਗੱਲਾਂ ਕਰਦੇ ਸੁਣੇ ਕਿ ਮਾਈ ਦਾ ਪੁੱਤਰ ਵੀਲ੍ਹ ਚੇਅਰ ਤੇ ਬਿਠਾਈ ਮਾਂ ਦੇ
ਲੱਕ ਨਾਲ ਪਾਕਿਸਤਾਨੋਂ ਖੌਰੇ ਕਿਹੜੀ ਸ਼ੈਅ ਬੰਨ ਕੇ ਲਿਆਇਆ ਸੀ? ਤਾਂ ਕਿ ਦੌਲਤ ਵਿੱਚ ਹੋਰ
ਵਾਧਾ ਹੋ ਜਾਏ।
AMIN MALIK,
43 OAKLAND ROAD,
LONDON E152AN
UK
TEL:02085192139
-0-
|