Welcome to Seerat.ca
Welcome to Seerat.ca

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਸੁਖ਼ਨ ਸੁਰਜੀਤ ਪਾਤਰ ਦੇ
ਹੇ ਕਵਿਤਾ ਦੇ ਤੀਰਥ....

 

- ਸੁਰਜੀਤ ਪਾਤਰ

ਕਿਉਂ ਹੱਥੀਂ ਮਾਵਾਂ ਮਾਰੀਆਂ

 

- ਅਮੀਨ ਮਲਿਕ

ਅਮਰਜੀਤ ਕਸਕ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਜਹਾਜ਼ ਦੇ ਪਹੀਆਂ ‘ਤੇ ਸਵਾਰੀ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਆਂ ਪੈੜਾਂ

 

- ਹਰਜੀਤ ਅਟਵਾਲ

ਉੱਚੇ ਬੁਰਜ

 

- ਬਲਵਿੰਦਰ ਕੌਰ ਬਰਾੜ

ਮੁੱਛ

 

- ਚਰਨਜੀਤ ਸਿੰਘ ਪੰਨੂ

ਗੱਲਾਂ ਸੱਚੀਆਂ ਨੇ ਲੱਗਣੀਆਂ ਭਾਵੇਂ ਜੱਬਲੀਆਂ

 

- ਐਸ. ਅਸ਼ੋਕ ਭੌਰਾ

ਕਹਾਣੀਆਂ ਦੇ ‘ਪਲਟ-ਵਾਰ’

 

- ਵਰਿਆਮ ਸਿੰਘ ਸੰਧੂ

‘ਭਾਅ ਜੀ ਇਹ ਕਨੇਡਾ ਐ ਕਨੇਡਾ’

 

- ਵਕੀਲ ਕਲੇਰ

ਗਲਪਕਾਰ ਰਾਮ ਸਰੂਪ ਅਣਖੀ ਨਾਲ ਮੇਰੀ ਪਹਿਲੀ ਪਰ ਆਖਰੀ ਮੁਲਾਕਾਤ

 

- ਹਰਮੰਦਰ ਕੰਗ

"ਬੋਹਲ਼ਾਂ ਦਾ ਰਾਖਾ"

 

- ਕਰਨ ਬਰਾੜ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਗ਼ਜ਼ਲ

 

- ਅਜੇ ਤਨਵੀਰ

ਹਾਰਿਆ ਬਾਦਸ਼ਾਹ

 

- ਪਰਨਦੀਪ ਕੈਂਥ

ਵਿਰਸੇ ਦਾ ਝੰਡਾ

 

- ਲਾਡੀ ਸੁਖੰਿਜੰਦਰ ਕੌਰ ਭੁੱਲਰ

ਗੁਰੂ ਅਰਜਨ ਪਿਆਰੇ

 

- ਮਲਕੀਅਤ ਸਿੰਘ ”ਸੁਹਲ”

ਭੰਡਾਂ ਦਾ ਭੰਡ ਭਗਵੰਤ ਮਾਨ

 

- ਪਿੰ੍ਰ. ਸਰਵਣ ਸਿੰਘ

ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ

 

- ਡਾ. ਰਵਿੰਦਰ ਕੌਰ ‘ਰਵੀ‘

ਹੁੰਗਾਰੇ

 

Online Punjabi Magazine Seerat


ਭੰਡਾਂ ਦਾ ਭੰਡ ਭਗਵੰਤ ਮਾਨ

- ਪਿੰ੍ਰ. ਸਰਵਣ ਸਿੰਘ
 

 

ਭਗਵੰਤ ਮਾਨ ਹਾਸ ਵਿਅੰਗ ਨਾਲ ਬੁਰਾਈਆਂ ਨੂੰ ਭੰਡਦਾ ਆ ਰਿਹੈ। ਇਹੀ ਉਸ ਦੀ ਕਲਾਕਾਰੀ ਹੈ। ਇਸ ਕਲਾਕਾਰੀ ਨੇ ਉਸ ਨੂੰ ਲੋਕ ਸਭਾ ਦਾ ਮੈਂਬਰ ਬਣਾਉਣ ਵਿਚ ਤਕੜੀ ਮਦਦ ਕੀਤੀ ਹੈ। ਜਿਵੇਂ ਉਹ ਹੋਰਨਾਂ ਨੂੰ ਸਾਵਧਾਨ ਕਰਦਾ ਆ ਰਿਹੈ ਉਵੇਂ ਪਾਰਲੀਮੈਂਟ ਦਾ ਮੈਂਬਰ ਬਣ ਕੇ ਉਸ ਨੂੰ ਵੀ ਸਾਵਧਾਨ ਰਹਿਣਾ ਪਵੇਗਾ। ਅੱਗੇ ਵੀ ਇਕ ਮਾਨ ਵੱਡੇ ਬਹੁਮੱਤ ਨਾਲ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਪਰ ਉਹ ਪੌੜੀਆਂ ‘ਚੋਂ ਹੀ ਮੁੜ ਆਇਆ ਸੀ। ਜਦੋਂ ਕੋਈ ਸਿਆਸਤ ਦੀਆਂ ਪੌੜੀਆਂ ਚੜ੍ਹਦੈ ਤਾਂ ਬੜੀਆਂ ਬਲਾਵਾਂ ਹੁੰਦੀਆਂ ਜਿਹੜੀਆਂ ਰੰਗ ਬਰੰਗੇ ਜਾਲ ਤਣਦੀਆਂ। ਉਨ੍ਹਾਂ ‘ਚ ਫਸਣੋਂ ਕੋਈ ਮਾਈ ਦਾ ਲਾਲ ਹੀ ਬਚਦੈ। ਭਗਵੰਤ ਮਾਨ ਦੇ ਸ਼ੁਭਚਿੰਤਕ ਚਾਹੁੰਦੇ ਹਨ ਕਿ ਉਹ ਨਾ ਸਿਰਫ਼ ਬਚਿਆ ਰਹੇ ਬਲਕਿ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਾਹ ‘ਤੇ ਅੱਗੇ ਹੀ ਅੱਗੇ ਵਧਦਾ ਜਾਏ।
ਸ਼ਹੀਦ ਭਗਤ ਸਿੰਘ ਨੇ ਪਾਰਲੀਮੈਂਟ ‘ਚ ਬੰਬ ਸੁੱਟ ਕੇ ਆਪਣੀ ਆਵਾਜ਼ ਅੰਗਰੇਜ਼ਾਂ ਦੇ ਬੋਲੇ ਕੰਨਾਂ ਤਕ ਪੁਚਾਈ ਸੀ। ਭਗਵੰਤ ਮਾਨ ਨੇ ਭਗਤ ਸਿੰਘ ਦੀ ਯਾਦਗਾਰ ਅੱਗੇ ਪ੍ਰਣ ਕੀਤਾ ਹੈ ਕਿ ਉਹ ਲੋਕਾਂ ਦੀ ਆਵਾਜ਼ ਭਾਰਤ ਦੇ ਬੋਲੇ ਹਾਕਮਾਂ ਤਕ ਪੁਚਾਉਂਦਾ ਰਹੇਗਾ। ਜਿਹੜੀ ਲੜਾਈ ਭਗਤ ਸਿੰਘ ਨੇ ਸ਼ੁਰੂ ਕੀਤੀ ਸੀ ਉਹ ਅੱਗੇ ਵਧਾਏਗਾ। ਸੰਗਰੂਰ ਦੇ ਵੋਟਰਾਂ ਨੇ ਉਸ ਨੂੰ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਹੈ। ਪੰਜਾਬ ਨੂੰ ਉਹਦੇ ਤੋਂ ਬਹੁਤ ਆਸਾਂ ਹਨ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹਦੀ ਆਵਾਜ਼ ਵਿਚ ਕਿੰਨਾ ਕੁ ਦਮ ਖ਼ਮ ਹੈ?
ਹੁਣ ਉਹ ਖ਼ਬਰਾਂ ਵਿਚ ਹੈ। ਉਹਦਾ ਸਮਕਾਲੀ ਗਾਇਕਾਂ ਬਾਰੇ ਗਾਇਆ ਗੀਤ ਥਾਓਂ ਥਾਈਂ ਗੂੰਜ ਰਿਹੈ-ਗੀਤਾਂ ਵਿਚ ਮਾਰਦੇ ਨੇ ਉੱਚੇ ਲਲਕਾਰੇ ਪਰ ਬਾਦਲਾਂ ਦੀ ਘੁਰਕੀ ਤੋਂ ਡਰੀ ਜਾਂਦੇ ਨੇ! ਇਹਦੇ ਵਿਚ ਉਸ ਨੇ ਆਪਣੇ ਸਾਂਢੂ ਹਰਭਜਨ ਮਾਨ ਨੂੰ ਵੀ ਨਹੀਂ ਬਖਸਿ਼ਆ। ਦੋਹਾਂ ਦੀਆਂ ਪਤਨੀਆਂ ਮਾਮੇ ਭੂਆ ਦੀਆਂ ਧੀਆਂ ਹਨ। ਹਰਭਜਨ ਉਸ ਦਾ ਵਿਚੋਲਾ ਸੀ। ਇਓਂ ਉਹ ਰਾਮੂਵਾਲੀਆਂ ਦੇ ਵੀ ਜੁਆਈ ਭਾਈ ਹਨ।
ਦੋ ਲੱਖ ਤੋਂ ਵੱਧ ਵੋਟਾਂ ਨਾਲ ਲੋਕ ਸਭਾ ਦੀ ਚੋਣ ਜਿੱਤਣ ਕਰਕੇ ਭਗਵੰਤ ਨੂੰ ਭਵਿੱਖ ਦਾ ਵੱਡਾ ਨੇਤਾ ਚਿਤਵਿਆ ਜਾ ਰਿਹੈ। ਉਹਦੇ ਕਈ ਹਮੈਤੀ ਤਾਂ ਉਸ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਚਿਤਵੀ ਬੈਠੇ ਹਨ। ਕੀ ਪਤਾ ਕਦੇ ਬਣ ਹੀ ਜਾਵੇ? ਫਿਰ ਕੀ ਪਤਾ ਉਹ ਵੀ ਕਬੱਡੀ ਦਾ ਵਰਲਡ ਕੱਪ ਕਰਾਵੇ। ਕਬੱਡੀ ਦੇ ਪਹਿਲੇ ਵਰਲਡ ਕੱਪ ਸਮੇਂ ਉਹ ਸਾਡੀ ਕੁਮੈਂਟੇਟਰਾਂ ਦੀ ਟੀਮ ‘ਚ ਸ਼ਾਮਲ ਸੀ। ਉਹ ਹਰ ਸਟੇਡੀਅਮ ਵਿਚ ਬਾਣਾ ਬਦਲਦਾ ਤੇ ਕਬੱਡੀ ਖਿਡਾਰੀਆਂ ਬਾਰੇ ਨਵੇਂ ਟੋਟਕੇ ਜੋੜਦਾ:
ਕਬੱਡੀ ਦੇਖਣ ਲਈ ਲੋਕ ਖੰਭਿਆਂ, ਦਰੱਖਤਾਂ ਤੇ ਟਾਵਰਾਂ ‘ਤੇ ਲਟਕਣਗੇ
ਹੁਣ ਧੋਨੀ ਤੇ ਸਹਿਵਾਗ ਵਾਂਗੂੰ ਮੰਗੀ, ਸੁੱਖੀ ਤੇ ਦੁੱਲੇ ਹੋਰੀਂ ਵੀ ਚਮਕਣਗੇ..।
ਰਹਿਣ ਚੜ੍ਹਦੀ ਕਲਾ ‘ਚ ਖਿਡਾਰੀ, ਅਸੀਂ ਰੱਬ ਤੋਂ ਦੁਆ ਇਹ ਖ਼ਾਸ ਮੰਗਦੇ
ਕੀ ਜੱਜ ਵਕੀਲ ਤੇ ਬਿਜ਼ਨਸਮੈਨ, ਹੁਣ ਸਾਰੇ ਹੀ ਕਬੱਡੀ ਦਾ ਪਾਸ ਮੰਗਦੇ..।
ਮਨੋਰੰਜਨ ਦੀ ਮੰਡੀ ਵਿਚ ਉਹਦੀ ਝੰਡੀ ਸੀ। ਉਹਦਾ ਇਕ ਇਕ ਸ਼ੋਅ ਲੱਖਾਂ ‘ਚ ਵਿਕਦਾ। ਪੰਜਾਬ ਸਰਕਾਰ ਨੇ ਵੀ ਉਸ ਨੂੰ ਲੱਖਾਂ ਰੁਪਏ ਦਿੱਤੇ। ਮੈਂ ਲਿਖਿਆ ਸੀ, “ਜੇ ਕਿਤੇ ਭੰਡਾਂ ਦਾ ਵਰਲਡ ਕੱਪ ਹੋਵੇ ਤਾਂ ਭਾਰਤ ਦਾ ਭਗਵੰਤ ਮਾਨ ਗੋਲਡ ਮੈਡਲ ਜਿੱਤ ਕੇ ਤਿਰੰਗਾ ਲਹਿਰਾ ਸਕਦੈ ਤੇ ਮੈਡਲ ਜਿੱਤਣ ਦੀ ਖੁਸ਼ਕੀ ਦੂਰ ਕਰ ਸਕਦੈ। ਫੇਰ ਮੈਨੂੰ ਵੀ ਉਹਦੇ ਬਾਰੇ ਆਰਟੀਕਲ ਲਿਖਣਾ ਪੈ ਸਕਦੈ-ਭੰਡਾਂ ਦਾ ਚੈਂਪੀਅਨ ਭਗਵੰਤ ਮਾਨ!”
ਮੈਂ ਉਹਦਾ ਰੇਖਾ ਚਿੱਤਰ ਇੰਜ ਸ਼ੁਰੂ ਕਰਦਾ, “ਬੰਦਾ ਤਾਂ ਉਹ ਬੂਟਾਂ ਸਣੇ ਸਾਢੇ ਪੰਜ ਫੁਟ ਦਾ ਈ ਐ ਤੇ ਵਜ਼ਨ ਹੋਵੇਗਾ ਲੀੜੇ ਲੱਤੇ ਸਮੇਤ ਡੂਢ ਮਣ। ਪਰ ਪਤੰਦਰ ਜਿੰਨਾ ਧਰਤੀ ਤੋਂ ਉਤੇ ਐ ਧਰਤੀ ‘ਚ ਓਦੂੰ ਕਿਤੇ ਵੱਧ ਐ। ਪਤਾ ਨੀ ਪਿਉ ਦੇ ਪੁੱਤ ਨੂੰ ਮਾਂ ਨੇ ਕੀ ਖਾ ਕੇ ਜੰਮਿਐਂ? ਕਦੇ ਕਦੇ ਤਾਂ ਇਹੋ ਜਿਹਾ ਪਟਾਕਾ ਪਾਉਂਦੈ ਕਿ ਬੰਦਾ ਹੱਸਦਾ ਹੱਸਦਾ ਮਰਨਹਾਕਾ ਹੋ ਜਾਂਦੈ...।”

ਉਸ ਦਾ ਜਨਮ ਪਿੰਡ ਸਤੌਜ, ਤਹਿਸੀਲ ਸੁਨਾਮ, ਜਿ਼ਲ੍ਹਾ ਸੰਗਰੂਰ ਵਿਚ 17 ਅਕਤੂਬਰ 1972 ਨੂੰ ਹੋਇਆ। ਉਸ ਦੇ ਪਿਤਾ ਮਰਹੂਮ ਮਹਿੰਦਰ ਸਿੰਘ ਸਾਇੰਸ ਮਾਸਟਰ ਸਨ ਜੋ ਖੇਤੀਬਾੜੀ ਵੀ ਕਰਦੇ ਸਨ। ਭਗਵੰਤ ਨੇ ਡੰਗਰ ਚਾਰਦਿਆਂ, ਸਕੂਲੇ ਪੜ੍ਹਦਿਆਂ ਤੇ ਖੇਤੀਬਾੜੀ ਕਰਦਿਆਂ ਰੱਜ ਕੇ ਸ਼ਰਾਰਤਾਂ ਕੀਤੀਆਂ। ਘਰਦਿਆਂ ਤੇ ਮਾਸਟਰਾਂ ਦੀ ਕੁੱਟ ਖਾਧੀ ਤੇ ਕਈਆਂ ਨੂੰ ਕੁੱਟਿਆ ਵੀ। ਸਕੂਲ ਦੀ ਫੱਟੀ ਲਿਖਣ ਨਾਲੋਂ ਕੁੱਟਣ ਦੇ ਕੰਮ ਵੱਧ ਆਈ। ਕਦੇ ਮਾਸਟਰਾਂ ਦੀਆਂ ਨਕਲਾਂ ਲਾਉਂਦਾ ਕਦੇ ਭੈਣਜੀਆਂ ਦੀਆਂ। ਉਨ੍ਹਾਂ ਨੂੰ ਟਪੂਸੀਆਂ ਲਾ ਕੇ ਵਿਖਾਉਂਦਾ। ਭੰਬੀਰੀ ਬਣਿਆ ਪੰਗੇ ਲੈਂਦਾ ਫਿਰਦਾ। ਆਢਣਾਂ ਗੁਆਂਢਣਾਂ ਉਹਦੀ ਮਾਂ ਨੂੰ ਉਲਾਂਭੇ ਦਿੰਦੀਆਂ, “ਨੀ ਹਰਪਾਲ ਕੁਰੇ, ਥੋਡਾ ਭੰਤਾ ਤਾਂ ਸਾਡੀਆਂ ਵੀ ਰੀਸਾਂ ਲਾਉਣੋਂ ਨੀ ਹਟਦਾ। ਏਹਨੂੰ ਕੁੜੇ ਮਰਾਸੀਆਂ ਦਾ ਪਾਹ ਕਿਥੋਂ ਚੜ੍ਹ ਗਿਆ?”
ਕੋਈ ਉਹਦੇ ਪਿਓ ਨੂੰ ਕਹਿੰਦਾ, “ਮਾਸਟਰਾ, ਮੁੰਡਾ ਤਾਂ ਤੇਰਾ ਅਫਲਾਤੂਨ ਐਂ। ਕੀ ਖੁਆਉਨੈ ਤੂੰ ਏਹਨੂੰ? ਏਹਨੂੰ ਡਰਾਮੇ-ਡਰੂਮੇ ਆਲਿਆਂ ਨਾਲ ਰਲਾ ਦੇ, ਕਮਾਲਾਂ ਕਰਦੂ। ਕੀ ਪਿਆ ਪੜ੍ਹਾਈਆਂ ‘ਚ?”
ਪਿਤਾ ਨੇ ਉਸ ਨੂੰ ਡਾਕਟਰ ਬਣਾਉਣ ਵਾਸਤੇ ਪਹਿਲਾਂ ਮੈਡੀਕਲ ਕੋਰਸ ਦੁਆਇਆ, ਫਿਰ ਬੀ ਕਾਮ ਤੇ ਅਖ਼ੀਰ ਆਰਟਸ। ਪਰ ਉਹ ਕਿਸੇ ਵਿਚ ਵੀ ਨਾ ਚੱਲਿਆ ਤੇ ਪੜ੍ਹਾਈ ਵਿਚੇ ਛੱਡ ਕੇ ਹਾਸੇ ਦੀ ਮੰਡੀ ਵਿਚ ਅਜਿਹਾ ਚੱਲਿਆ ਕਿ ਉਹਦਾ ਭਾਅ ਵਧਦਾ ਹੀ ਗਿਆ। ਚੋਣਾਂ ‘ਚ ਬਾਦਲ ਸਾਹਿਬ ਤੇ ਹੋਰਨਾਂ ਸਿਆਸਤਦਾਨਾਂ ਬਾਰੇ ਘੜੇ ਉਹਦੇ ਟੋਟਕੇ ਉਹਨੂੰ ਹੀ ਨਹੀਂ, ਆਪ ਦੇ ਹੋਰਨਾਂ ਉਮੀਦਵਾਰਾਂ ਨੂੰ ਵੀ ਤਾਰ ਗਏ। ਉਂਜ ਉਹ ਦੂਜਿਆਂ ਦਾ ਮਖੌਲ ਉਡਾਉਣ ਦੇ ਨਾਲ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ। ਕਹਿੰਦਾ ਹੈ, “ਜਦੋਂ ਮੈਂ ਜੰਮਿਆ ਤਾਂ ਮੈਨੂੰ ਮਾੜੂਆ ਜਿਆ ਦੇਖ ਕੇ ਬੁੜ੍ਹੀਆਂ ਕਹਿਣ, ਏਹਨੇ ਤਾਂ ਆਵਦੇ ਨਾਨਕਿਆਂ ਦੀ ਪੰਜੀਰੀ ਦਾ ਮੁੱਲ ਵੀ ਨੀ ਮੋੜਿਆ!”
ਜਦੋਂ ਉਹ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪੜ੍ਹਨ ਲੱਗਾ ਤਾਂ ਨਾਲ ਹੀ ਨਕਲਾਂ ਲਾਉਣ ਲੱਗ ਪਿਆ। ਯੂਥ ਫੈਸਟੀਵਲ ਵਿਚ ਉਸ ਨੇ ਕਬਾੜੀਏ ਦੀ ਨਕਲ ਲਾਹੀ। ਉਸ ਨੇ ਮੂੰਹ ‘ਤੇ ਕਾਲਾ ਤੇਲ ਮਲਿਆ, ਮੈਲੇ ਕਪੜੇ ਪਾਏ, ਸਾਈਕਲ ‘ਤੇ ਕਬਾੜ ਦੀਆਂ ਬੋਰੀਆਂ ਲੱਦੀਆਂ ਤੇ ‘ਖਾਲੀ ਬੋਤਲਾਂ, ਟੁੱਟੀਆਂ ਚੱਪਲਾਂ, ਰੱਦੀ ਅਖ਼ਬਾਰ ਤੇ ਪੁਰਾਣਾ ਲੋਹਾ ਵੇਚ ਲਓ’ ਦਾ ਹੋਕਾ ਦਿੰਦਾ ਸਟੇਜ ਵੱਲ ਵਧਿਆ। ਉਸ ਨੂੰ ਇਹ ਕਹਿ ਕੇ ਰੋਕ ਲਿਆ ਗਿਆ ਕਿ ਏਧਰ ਤਾਂ ਭਾਈ ਯੂਥ ਫੈਸਟੀਵਲ ਹੋ ਰਿਹੈ। ਪਰ ਉਹ ਨਾ ਰੁਕਿਆ ਤੇ ਸਟੇਜ ‘ਤੇ ਚੜ੍ਹ ਕੇ ਵੀ ਹੋਕਾ ਦੇਣੋਂ ਨਾ ਟਲਿਆ। ਜੱਜਾਂ ਨੇ ਉਸ ਨੂੰ ਵਧੀਆ ਨਕਲੀਏ ਦਾ ਇਨਾਮ ਦਿੱਤਾ। ਸਟੇਜੀ ਕਲਾ ਦੇ ਮਾਹਿਰ ਡਾ. ਸਤੀਸ਼ ਵਰਮਾ ਦਾ ਕਥਨ ਹੈ ਕਿ ਭਗਵੰਤ ਕਿਸੇ ਵੇਲੇ ਸਟੇਜ ਉਤੇ ਕਾਲੇ ਤੇਲ ਨਾਲ ਆਪਣਾ ਮੂੰਹ ਕਾਲਾ ਕਰ ਕੇ ਇਨਾਮ ਜਿੱਤ ਗਿਆ ਸੀ। ਅੱਜ ਕੱਲ੍ਹ ਉਹ ਆਪਣੀ ਹਾਸ ਵਿਅੰਗ ਦੀ ਕਲਾਕਾਰੀ ਨਾਲ ਦੇਸ਼ ਦੇ ਭ੍ਰਿਸ਼ਟ ਤੇ ਢੌਂਗੀ ਲੋਕਾਂ ਦਾ ਮੂੰਹ ਕਾਲਾ ਕਰ ਰਿਹੈ!
ਕਵੀਸ਼ਰ ਕਰਨੈਲ ਸਿੰਘ ਪਾਰਸ ਕਹਿੰਦਾ ਹੁੰਦਾ ਸੀ, “ਮੈਂ ਆਵਦੇ ਜ਼ਮਾਨੇ ‘ਚ ਬਥੇਰੇ ਮਰਾਸੀ ਦੇਖੇ, ਨਕਲੀਏ ਦੇਖੇ, ਨਕਲਾਂ ਲਾਉਂਦੇ, ਹਸਾਉਂਦੇ ਪਰ ਭਗਵੰਤ ਨਾਲ ਦਾ ਨੀ ਦੇਖਿਆ। ਇਹ ਤਾਂ ਪਤੰਦਰ ਹਾਸੇ ਦਾ ਖੂਹ ਐ। ਕਈ ਕਲਾਕਾਰ ਪਟਰੋਲ ਪੰਪਾਂ ਵਰਗੇ ਹੁੰਦੇ ਆ। ਜਿੰਨਾ ਤੇਲ ਪਾਓ, ਓਨਾ ਈ ਨਿਕਲਦੈ। ਭਗਵੰਤ ਤਾਂ ਬੂਜਲੀਆਂ ਵਾਲਾ ਖੂਹ ਐ, ਜਿੰਨਾ ਪਾਣੀ ਕੱਢੋਗੇ ਓਨਾ ਹੀ ਹੇਠੋਂ ਆਈ ਜਾਊ।” ਸੱਚੀ ਗੱਲ ਹੈ, ਦਰਜਨਾਂ ਆਡੀਓ ਵੀਡੀਓ ਕੈਸਟਾਂ, ਗਾਣਿਆਂ, ਡਰਾਮਿਆਂ ਤੇ ਫਿਲਮਾਂ ਵਿਚ ਹਾਸੇ ਦੇ ਹਜ਼ਾਰਾਂ ਟੋਟਕੇ ਸੁਣਾ ਕੇ ਵੀ ਉਹਦੇ ਹਾਸ ਵਿਅੰਗ ਦਾ ਖੂਹ ਭਰੇ ਦਾ ਭਰਿਆ ਹੈ।
ਭਗਵੰਤ ਮਾਨ ਦੇ ਹਾਸ ਬਿਲਾਸ ਵਿਚ ਨਿਰਾ ਜਾਭਾਂ ਦਾ ਹਾਸਾ ਨਹੀਂ ਪੂਰੇ ਢਿੱਡ ਦਾ ਹਾਸਾ ਹੈ। ਹਸਾਉਂਦਿਆਂ ਉਹ ਵੱਖੀਆਂ ਤੁੜਾ ਦਿੰਦਾ ਹੈ। ਇਕ ਵਾਰ ਉਹਦੇ ਸ਼ੋਅ ਵਿਚ ਦਮੇ ਦੇ ਮਰੀਜ਼ ਨੂੰ ਅਜਿਹਾ ਹਾਸਾ ਛਿੜਿਆ ਕਿ ਉਹ ਦਮੋ ਪੱਟਿਆ ਗਿਆ। ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਣਾ ਪਿਆ। ਅਗਲੇ ਸ਼ੋਅ ਵਿਚ ਐਡ ਦੇਣੀ ਪਈ ਕਿ ਸਾਹ ਦੇ ਮਰੀਜ਼ ਭਗਵੰਤ ਮਾਨ ਦਾ ਸ਼ੋਅ ਨਾ ਵੇਖਣ। ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋਜੇ!
ਮੈਂ ਕਬੱਡੀ ਦੇ ਮੈਚਾਂ ਬਾਰੇ ਈ ਲਿਖੀ ਜਾਂਦਾ ਜੇ ਭਗਵੰਤ ਦਾ ਹਾਸੇ ਦਾ ਮੈਚ ਨਾ ਵੇਖਦਾ। ਕੈਨੇਡਾ ਦੇ ‘ਪੰਜਾਬੀ ਲਹਿਰਾਂ’ ਵਾਲੇ ਸਤਿੰਦਰਪਾਲ ਸਿੱਧਵਾਂ ਨੇ ਭਗਵੰਤ ਮਾਨ ਦਾ ਕਾਮੇਡੀ ਸ਼ੋਅ ਕਰਾਉਣਾ ਸੀ। ਸਕੀਮ ਸੀ ਬਈ ਕੰਮਾਂ ਕਾਰਾਂ ਨਾਲ ਅੱਕੇ ਥੱਕੇ ਟੋਰਾਂਟੋ ਵਾਸੀਆਂ ਨੂੰ ਨਾਲੇ ਹਸਾਵਾਂਗੇ ਨਾਲੇ ਮਾਂ ਬੋਲੀ ਪੰਜਾਬੀ ਦੀ ਸੇਵਾ ਦੇ ਨਾਂ ਉਤੇ ਚਾਰ ਪੈਸੇ ਕਮਾਵਾਂਗੇ। ਹੋਰ ਕਿਹੜਾ ‘ਪੰਜਾਬੀ ਲਹਿਰਾਂ’ ਦੇ ਹਲ ਚਲਦੇ ਸੀ? ਉਹਨੇ ਮੈਨੂੰ ਸੱਦ ਲਿਆ ਤੇ ਮੀਡੀਏ ਦੇ ਹੋਰ ਸੱਜਣ ਮਿੱਤਰ ਵੀ ਬੁਲਾ ਲਏ ਬਈ ਭਗਵੰਤ ਮਾਨ ਨਾਲ ਪ੍ਰੈੱਸ ਕਾਨਫਰੰਸ ਕਰਨੀ ਐਂ।
ਉਥੇ ਹਾਸੇ ਦੇ ਬਾਦਸ਼ਾਹ ਭਗਵੰਤ ਮਾਨ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ। ਉਹ ਦੌੜ ਦੇ ਬਾਦਸ਼ਾਹ ਮਿਲਖਾ ਸਿੰਘ ਦੀ ਮੁਲਾਕਾਤ ਨੂੰ ਵੀ ਮਾਤ ਪਾ ਗਈ। ਅਖੇ ਲੋਕਾਂ ਨੂੰ ਹੱਸਣ ਦੀ ਭੁੱਖ ਐ ਤੇ ਮੈਨੂੰ ਹਸਾਉਣ ਦਾ ਜਨੂੰਨ ਐਂ। ਪਾੜੇ ਦੇ ਇਕ ਪਾਸੇ ਦਰਸ਼ਕ ਹੁੰਦੇ ਆ, ਦੂਜੇ ਪਾਸੇ ਮੈਂ। ਆਪਾਂ ਚੜ੍ਹ ਕੇ ਕੌਡੀ ਪਾਈਦੀ ਆ ਤੇ ਕਿਸੇ ਤੋਂ ਕੈਂਚੀ ਨੀ ਮਰਵਾਈਦੀ। ਮਾਨ ਪਹਿਲੀ ਮਿਲਣੀ ‘ਚ ਈ ਮੇਰਾ ਮਨ ਮੋਹ ਗਿਆ ਤੇ ਆਖਣ ਲੱਗਾ ਮੇਰਾ ਮੈਚ ਜ਼ਰੂਰ ਦੇਖਿਓ ਨਾਲੇ ਉਹਦੇ ਬਾਰੇ ਕੁਝ ਲਿਖਿਓ। ਉਸੇ ਵੇਲੇ ਸਤਿੰਦਰਪਾਲ ਨੇ ਮੈਨੂੰ ਦੋ ਪਾਸ ਫੜਾ ਦਿੱਤੇ ਤਾਂ ਜੋ ਮੇਰੀ ਵਾਈਫ਼ ਵੀ ‘ਨੋ ਲਾਈਫ਼ ਵਿਦ ਵਾਈਫ਼’ ਦਾ ਕਾਮੇਡੀ ਡਰਾਮਾ ਵੇਖ ਸਕੇ।
ਸ਼ੋਅ ਦੀਆਂ ਟਿਕਟਾਂ ਪੱਚੀ, ਪੈਂਤੀ ਤੇ ਪੰਜਾਹ ਡਾਲਰ ਦੀਆਂ ਸਨ ਤੇ ਹਾਲ ਸੀ ਪੈਂਤੀ ਸੌ ਸੀਟਾਂ ਵਾਲਾ ਚਰਚ ਦਾ ਪਰੇਅਰ ਪੈਲਸ। ਮੈਂ ਸੋਚਦਾ ਸੀ ਮਹਿੰਗੀਆਂ ਟਿਕਟਾਂ ਲੈ ਕੇ ਏਡਾ ਵੱਡਾ ਹਾਲ ਕੌਣ ਭਰੇਗਾ? ਪਰ ਪੰਜਾਬ ਦੇ ਪਰਵਾਸੀ ਦਰਸ਼ਕ ਹਾਸੇ ਦਾ ਤਮਾਸ਼ਾ ਵੇਖਣ ਦੇ ਐਸੇ ਦੀਵਾਨੇ ਨਿਕਲੇ ਕਿ ਕਬੱਡੀ ਦੇ ਮੈਚਾਂ ਨੂੰ ਵੀ ਮਾਤ ਪਾ ਗਏ। ਤਣਾਓ ਦੇ ਮਾਰੇ ਉਹ ਹੱਸਣ ਨੂੰ ਤਰਸੇ ਪਏ ਸਨ। ਉਨ੍ਹਾਂ ਨੇ ਟਿਕਟਾਂ ਭਾਵੇਂ ਹਉਕੇ ਲੈ ਕੇ ਖਰੀਦੀਆਂ ਪਰ ਹੱਸਦੇ ਹੱਸਦੇ ਕਹਿੰਦੇ ਰਹੇ ਪਈ ਪੈਸੇ ਖਰਚਣ ਦਾ ਸੁਆਦ ਆ ਗਿਆ। ਸ਼ੋਅ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ ਜਿਸ ਕਰਕੇ ਸੈਂਕੜੇ ਦਰਸ਼ਕਾਂ ਨੂੰ ਮੌਕੇ ‘ਤੇ ਟਿਕਟ ਨਾ ਮਿਲਣ ਕਾਰਨ ਬਰਫ਼ੀਲੇ ਮੌਸਮ ‘ਚ ਭਿੱਜੇ ਅਮਲੀਆਂ ਵਾਂਗ ਮੁੜਨਾ ਪਿਆ।
ਡਰਾਮਾ ਸ਼ੁਰੂ ਹੋਇਆ ਤਾਂ ਇਕ ਭਾਰੀ ਵਾਈਫ਼ ਤੇ ਹੌਲੇ ਹਸਬੈਂਡ ਦੇ ਦਰਸ਼ਨ ਹੋਏ। ਹਸਬੈਂਡ ਹੋਊ ਪੰਜਾਹ ਕਿਲੋ ਦਾ ਤੇ ਵਾਈਫ਼ ਹੋਊ ਕੁਇੰਟਲ ਦੀ। ਜੋੜੀ ਅਏਂ ਲੱਗੇ ਜਿਵੇਂ ਬੋਰੀ ਤੇ ਗੱਟਾ ਹੋਵੇ। ਦਰਸ਼ਕਾਂ ਨੂੰ ਹਾਸਾ ਨਾ ਆਵੇ ਤਾਂ ਹੋਰ ਕੀ ਆਵੇ? ਲਾਵਾਂ ਵੇਲੇ ਕਿਸੇ ਨੇ ਸਿਹਰਾ ਪੜ੍ਹਿਆ ਹੋਊ, ਗ੍ਰਿਹਸਥ ਦੀ ਗੱਡੀ ਦੇ ਪਹੀਏ ਚਾਰ, ਜੋੜੀ ਜੀਵੇ ਜੁਗ ਚਾਰ...। ਪਰ ਕਿਸੇ ਨੇ ਇਹ ਮੱਤ ਨੀ ਦਿੱਤੀ ਹੋਣੀ, “ਓ ਭਲਿਓਮਾਣਸੋ! ਗੱਡੀ ਤਾਂ ਜੋੜੀ ਜਾਨੇ ਓਂ, ਪਹਿਲਾਂ ਗੱਡੀ ਦੇ ਟੈਰ ਤਾਂ ਦੇਖ-ਲੋ, ਇਹ ਗੱਡੀ ਨੂੰ ਚਲਦੀ ਰੱਖਣ ਆਲੇ ਆ? ਇਕ ਪਾਸੇ ਕੰਬਾਈਨ ਦਾ ਪਹੀਆ ਤੇ ਦੂਜੇ ਪਾਸੇ ਟੈਂਪੂ ਦਾ ਚੱਕਾ। ਭਲਾ ਇਹ ਗੱਡੀ ਚੱਲੂ ਕਿਵੇਂ?”
ਪਰਵਾਸੀ ਠੱਗ ਲਾੜਿਆਂ ਤੇ ਲਾੜੀਆਂ ਦੀਆਂ ਜੋੜੀਆਂ ਦਾ ਜਿਹੜਾ ਰੌਲਾ-ਰੱਪੈ, ਇਹਨਾਂ ‘ਚੋਂ ਅੱਧੀਆਂ ਦਾ ਮਸਲਾ ਅਣਜੋੜ ਵਿਆਹਾਂ ਦਾ ਈ ਐ। ਕੁੜੀ ਬੀ ਏ ਐੱਮ ਏ ਹੁੰਦੀ ਐ ਤੇ ਮੁੰਡਾ ਪੰਜਵੀਂ ਫੇਲ੍ਹ। ਜਾਂ ਮੁੰਡਾ ਡਾਕਟਰ/ਇੰਜਨੀਅਰ ਹੁੰਦੈ ਤੇ ਕੁੜੀ ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰਦੀ ਐ। ਪੰਦਰਾਂ ਵੀਹਾਂ ਸਾਲਾਂ ਦੀ ਉਮਰ ਦੇ ਫਰਕ ਨੂੰ ਹਾਣ ਪਰਵਾਨ ਕਹੀ ਜਾਂਦੇ ਆ! ਫੇਰ ਭਗਵੰਤ ਮਾਨ ‘ਨੋ ਲਾਈਫ਼ ਵਿਦ ਵਾਈਫ਼’ ਵਰਗੇ ਡਰਾਮੇ ਕਿਉਂ ਨਾ ਖੇਡੇ?
ਡਰਾਮੇ ਵਿਚ ਪਾਤਰਾਂ ਦੇ ਡਾਇਲਾਗ ਭੂੰਡ ਪਟਾਕੇ ਛਡਦੇ ਤੇ ਦਰਸ਼ਕ ਲੋਟ ਪੋਟ ਹੋਈ ਜਾਂਦੇ। ਹਾਸਿਆਂ ਦੀਆਂ ਲਹਿਰਾਂ ਕੰਧਾਂ ਨਾਲ ਟਕਰਾਈ ਜਾਂਦੀਆਂ। ਢਾਈ ਘੰਟੇ ਮਿੰਟਾਂ ‘ਚ ਬੀਤ ਗਏ। ਭਗਵੰਤ ਨੇ ਭੂਆ ਬੀਬੋ ਤੇ ਝੰਡੇ ਅਮਲੀ ਦੀ ਨਕਲ ਤਾਂ ਲਾਉਣੀ ਈ ਸੀ ਉਹਨੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇ ਬਦਲੇ ਹੋਏ ਗੋਡਿਆਂ ਨਾਲ ਬਦਲੀ ਹੋਈ ਤੋਰ ਦੀ ਨਕਲ ਵੀ ਲਾ ਵਿਖਾਈ। ਉਹ ਫੈਸ਼ਨ ਸ਼ੋਅ ਦੀਆਂ ਕੁੜੀਆਂ ਵਾਂਗ ਤੁਰਿਆ ਜਿਵੇਂ ਕਾਂ ਪਾਥੀਆਂ ‘ਤੇ ਤੁਰਦੈ। ਖੁਸਰੇ ਵਾਂਗ ਤਾੜੀ ਮਾਰ ਕੇ ਕਬੱਡੀ ਪਾਈ। ਕੁਝ ਗੀਤ ਵੀ ਗਾਏ ਜਿਵੇਂ ਛਿੱਤਰਾਂ ਦਾ ਹਾਰ ਹੋਵੇ... ਨਾ ਇੱਲੋਂ ਕੁੱਕੜ ਆਂਵਦਾ ਮੈਂ ਨਾ ਪੇਪਰ ਦਿੰਦੀ...।
ਮੈਂ ਸੋਚਦਾ ਸੀ ‘ਨੋ ਲਾਈਫ਼ ਵਿਦ ਵਾਈਫ਼’ ਡਰਾਮੇ ਦਾ ਨਤੀਜਾ ਕੱਢਿਆ ਜਾਵੇਗਾ ‘ਨੋ ਲਾਈਫ਼ ਵਿਦਾਊਟ ਵਾਈਫ਼’। ਪਰ ਭਗਵੰਤ ਮਾਨ ਦਾ ਇਹ ਉਦੇਸ਼ ਨਹੀਂ ਸੀ। ਉਹਦਾ ਇਕੋ ਇਕ ਉਦੇਸ਼ ਸੀ ਰੱਜ ਕੇ ਹਸਾਉਣਾ। ਬਹੁਤੇ ਦਰਸ਼ਕ ਵੀ ਸਿਰਫ ਹੱਸਣ ਈ ਗਏ ਸਨ। ਇਉਂ ਸ਼ੋਅ ਹੱਸਣ ਹਸਾਉਣ ਦੇ ਪੱਖੋਂ ਪੂਰਾ ਕਾਮਯਾਬ ਰਿਹਾ। ਦਰਸ਼ਕਾਂ ਦੀਆਂ ਸਿ਼ਸਤਾਂ ਪਲ ਭਰ ਲਈ ਵੀ ਸਟੇਜ ਤੋਂ ਲਾਂਭੇ ਨਾ ਹੋਈਆਂ। ਹੂੜ੍ਹ ਮੱਤੇ ਦਰਸ਼ਕ, ਜਿਨ੍ਹਾਂ ਦਾ ਹਾਤ ਹੂਤ ਕਰਨਾ ਸ਼ੁਗਲ ਈ ਹੁੰਦੈ, ਹੱਸਦਿਆਂ ਉਨ੍ਹਾਂ ਨੂੰ ਵੀ ਆਪਣਾ ਸ਼ੁਗਲ ਭੁੱਲਿਆ ਰਿਹਾ!
ਸ਼ੋਅ ਮਗਰੋਂ ਭਗਵੰਤ ਨੇ ਕਿਹਾ ਸੀ ਕਿ ਐਤਕੀਂ ਤਾਂ ਉਹ ਹਾਸੇ ਦੀ ਫਸਲ ਬੀਜਣ ਈ ਆਇਆ ਸੀ। ਬੋਹਲ ਚੁੱਕਣ ਬਾਅਦ ‘ਚ ਆਵੇਗਾ। ਪਰਵਾਸੀਆਂ ਨੇ ਸੱਚਮੁੱਚ ਹੀ ਉਹਦੀ ਚੋਣ ‘ਚ ਬੋਹਲ ਚੁਕਾਏ। ਉਹ ਲੋਕਾਂ ਦੇ ਦਿਲਾਂ ਵਿਚ ਇਸ ਲਈ ਵੜ ਗਿਆ ਕਿ ਉਸ ਨੇ ਪੁਲਸੀਆਂ, ਪਟਵਾਰੀਆਂ, ਮੰਤਰੀਆਂ, ਮਾਸਟਰਾਂ, ਆੜ੍ਹਤੀਆਂ, ਹੋਮ ਗਾਰਡੀਆਂ, ਡਾਕਟਰਾਂ, ਵਕੀਲਾਂ, ਅਮਲੀਆਂ, ਸਿਆਸੀ ਨੇਤਾਵਾਂ ਤੇ ਉਤੋਂ ਉਤੋਂ ਇਨਕਲਾਬ ਜਿ਼ੰਦਾਬਾਦ ਕੂਕਦੇ ਕਾਮਰੇਡਾਂ ਦੀਆਂ ਗ਼ਲਤੀਆਂ ਨੂੰ ਨੰਗਾ ਕੀਤਾ। ਉਹਦੀ ਕਲਾ ਦਾ ਨਿਚੋੜ ਸਮਾਜੀ ਵਰਤਾਰੇ ਉਤੇ ਤਿੱਖਾ ਕਟਾਖਸ਼ ਹੈ। ਉਹ ਬੁਰਾਈ ਨੂੰ ਮਜਾਹੀਆ ਢੰਗ ਨਾਲ ਭੰਡਦਾ ਹੈ ਤੇ ਅਸਲੀ ਇਨਕਲਾਬ ਲਿਆਉਣਾ ਚਾਹੁੰਦਾ ਹੈ। ਇਕ ਕਾਮਰੇਡ ਨੇਤਾ ਨੂੰ ਵੀ ਕਹਿਣਾ ਪਿਆ ਸੀ, “ਬਈ ਮੁੰਡਿਆ ਤੂੰ ਤਾਂ ਸਿਰੇ ਈ ਲਾਈ ਜਾਨੈਂ। ਸਾਥੋਂ ਤਾਂ ਇਨਕਲਾਬ ਆਇਆ ਨੀ, ਸਾਨੂੰ ਲੱਗਦੈ ਤੂੰ ਲਿਆਏਂਗਾ ਕਿਸੇ ਦਿਨ।”
ਭਗਵੰਤ ਮਾਨ ਸਾਡੀ ਨਵੀਂ ਪੀੜ੍ਹੀ ਦਾ ਅਸੀਮ ਪ੍ਰਤਿਭਾ ਵਾਲਾ ਕਲਾਕਾਰ ਐ ਜਿਸ ਨੂੰ ਸਾਡੀ ਪੁਰਾਣੀ ਪੀੜ੍ਹੀ ਵੱਲੋਂ ਅਸ਼ੀਰਵਾਦ ਐ! ਉਸ ਦੇ ਹਾਸ ਬਿਲਾਸ ਵਿਚ ਕਾਫ਼ੀ ਜਾਨ ਹੈ। ਹੁਣ ਉਸ ਨੇ ਲੋਕ ਸਭਾ ‘ਚ ਸ਼ੋਅ ਕਰਨੈ। ਅਸਲੀ ਨਿਤਾਰਾ ਉਹਦਾ ਉਥੇ ਹੀ ਹੋਣੈ। ਉਹਦਾ ਪੰਜ ਸਾਲਾ ‘ਸ਼ੋਅ’ ਦੱਸੇਗਾ ਕਿ ਉਹ ਧਰਤੀ ‘ਚ ਕਿੰਨਾ ਕੁ ਹੈ? ਵੇਖਾਂਗੇ ਉਹ ਭਾਰਤ ਮਾਤਾ ਤੇ ਪੰਜਾਬੀ ਮਾਂ ਦੇ ਹੰਝੂਆਂ ਵਿਚ ਹਾਸਾ ਛਲਕਾਅ ਸਕਦੈ ਜਾਂ ਨਹੀਂ?

ਕੈਨੇਡਾ 905-799-1661

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346