ਕਈ ਵਾਰ ਅਜਿਹੀਆਂ ਖ਼ਬਰਾਂ
ਮਿਲਦੀਆਂ ਕਿ ਦੰਗ ਰਹਿ ਜਾਈਦੈ। ਉਤੋਂ ਮੌਕਾ ਮੇਲ ਵੀ ਹੈਰਾਨ ਕਰਨ ਵਾਲੇ ਬਣ ਜਾਂਦੇ ਨੇ। ਕੁਝ
ਦਿਨ ਹੋਏ ਮੈਂ ਕੈਲੇਫੋਰਨੀਆ ਗਿਆ ਤਾਂ ਇਕ ਹਵਾਈ ਅੱਡੇ ‘ਤੇ ਸਾਡੇ ਜਹਾਜ਼ ਦਾ ਟਾਇਰ ਬਦਲਿਆ
ਗਿਆ। ਪੁੱਛ ਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਟਾਇਰ ਪੈਂਚਰ ਹੋ ਗਿਆ ਸੀ। ਮੈਨੂੰ ਪਹਿਲੀ ਵਾਰ
ਪਤਾ ਲੱਗਾ ਕਿ ਹਵਾਈ ਜਹਾਜ਼ਾਂ ਦੇ ਟਾਇਰ ਵੀ ਸੜਕਾਂ ‘ਤੇ ਚਲਦੇ ਵਾਹਣਾਂ ਵਾਂਗ ਪੈਂਚਰ ਹੋ
ਜਾਂਦੇ ਨੇ। ਇਕ ਵਾਰ ਵਸਿ਼ੰਗਟਨ ਡੈਲਸ ਤੋਂ ਲਾਸ ਏਂਜਲਸ ਨੂੰ ਜਾ ਰਿਹਾ ਸਾਂ। ਅਨਾਊਂਸਮੈਂਟ
ਹੋਈ ਕਿ ਜਹਾਜ਼ ਦਾ ਤੇਲ ਮੁੱਕ ਰਿਹੈ ਜਿਸ ਕਰਕੇ ਲਾਸ ਵੇਗਾਸ ਉਤਰੇਗਾ ਤੇ ਤੇਲ ਭਰਾ ਕੇ ਅੱਗੇ
ਉਡੇਗਾ। ਉਦੋਂ ਵੀ ਮੈਂ ਹੈਰਾਨ ਹੋਇਆ ਸੀ ਕਿ ਸਕੂਟਰਾਂ/ਮੋਟਰ ਸਾਈਕਲਾਂ ਤੇ ਕਾਰਾਂ/ਜੀਪਾਂ ਦੇ
ਤੇਲ ਤਾਂ ਰਾਹਾਂ ਵਿਚ ਮੁੱਕਦੇ ਵੇਖੇ ਸੀ, ਅੱਜ ਅੱਧ ਅਸਮਾਨੇ ਹਵਾਈ ਜਹਾਜ਼ ਦਾ ਤੇਲ ਮੁੱਕਦਾ
ਵੀ ਸੁਣ ਲਿਆ!
ਉਹ ਜਹਾਜ਼ ਕਿਸੇ ਟੁੱਟੀ ਭੱਜੀ ਦੇਸੀ ਕੰਪਨੀ ਦੇ ਨਹੀਂ ਸਗੋਂ ਅਮਰੀਕਾ ਦੀਆਂ ਨਾਮਵਰ ਹਵਾਈ
ਕੰਪਨੀਆਂ ਦੇ ਸਨ। ਨਾਵਾਂ ਮੂਹਰੇ ਯੂ. ਐੱਸ. ਲੱਗਾ ਹੋਇਆ ਸੀ। ਕੈਲੇਫੋਰਨੀਆ ਤੋਂ ਮੁੜਦਿਆਂ
ਹੀ ਸਨਸਨੀਖ਼ੇਜ਼ ਖ਼ਬਰ ਪੜ੍ਹਨ ਨੂੰ ਮਿਲੀ ਕਿ ਅਮਰੀਕਾ ‘ਚ ਇਕ ਸੋਲ੍ਹਾਂ ਸਾਲਾਂ ਦਾ ਲੜਕਾ
ਘਰੋਂ ਭੱਜ ਕੇ ਹਵਾਈ ਅੱਡੇ ‘ਤੇ ਖੜ੍ਹੇ ਹਵਾਈ ਜਹਾਜ਼ ਦੇ ਪਹੀਆਂ ਵਿਚਕਾਰ ਜਾ ਬੈਠਾ। ਹੈਰਾਨੀ
ਦੀ ਗੱਲ ਸੀ ਕਿ ਉਹ ਅਮਰੀਕਾ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਮਾਤ ਦੇ ਗਿਆ। ਹਵਾਈ ਜਹਾਜ਼
ਪੰਜ ਘੰਟੇ ਦੀ ਉਡਾਣ ਭਰ ਕੇ ਸਾਢੇ ਚਾਰ ਹਜ਼ਾਰ ਕਿਲੋਮੀਟਰ ਦੂਰ ਇਕ ਹੋਰ ਹਵਾਈ ਅੱਡੇ ਉਤੇ ਜਾ
ਉਤਰਿਆ। ਜਦੋਂ ਪਹੀਏ ਖੁੱਲ੍ਹੇ ਤਾਂ ਉਸ ਮੁੰਡੇ ਨੇ ਛਾਲ ਮਾਰ ਦਿੱਤੀ ਤੇ ਪਟੜੀ ‘ਤੇ ਗੇੜੇ
ਖਾਣ ਲੱਗਾ। ਉਥੋਂ ਉਸ ਨੂੰ ਹਵਾਈ ਅੱਡੇ ਦੇ ਬਚਾਓ ਅਮਲੇ ਨੇ ਬਚਾ ਲਿਆ। ਉਸ ਮੁੰਡੇ ਕੋਲੋਂ
ਕੇਵਲ ਇਕ ਕੰਘੀ ਨਿਕਲੀ। ਕੀ ਪਤਾ ਉਸ ਨੇ ਹਵਾ ‘ਚ ਖਿਲਰੇ ਪਟੇ ਸੈੱਟ ਕਰਨ ਲਈ ਰੱਖੀ ਹੋਵੇ!
ਪਰ ਉਹ ਬੇਹੋਸ਼ ਸੀ ਜਿਸ ਕਰਕੇ ਜਦੇ ਹਸਪਤਾਲ ਲੈ ਗਏ। ਡਾਕਟਰਾਂ ਨੇ ਕਿਹਾ ਕਿ ਉਹ
ਖ਼ੁਸ਼ਕਿਸਮਤ ਹੈ ਜਿਸ ਦੇ ਸਾਹ ਚਲਦੇ ਹਨ। ਭਾਵੇਂ ਉਹਦੇ ਨੌਬਰਨੌਂ ਹੋਣ ਦੀ ਖ਼ਬਰ ਅਜੇ ਨਹੀਂ
ਮਿਲੀ ਪਰ ਲੱਗਦੈ ਰਾਜ਼ੀ ਹੋ ਜਾਵੇਗਾ। ਜਿਹੜਾ ਬਾਰਾਂ ਹਜ਼ਾਰ ਮੀਟਰ ਦੀ ਉਚਾਈ ‘ਤੇ ਪੁਲਾੜ ਦੀ
ਬਰਫੀਲੀ ਠੰਢ ਤੇ ਘੱਟ ਆਕਸੀਜ਼ਨ ਵਾਲੀ ਹਵਾ ‘ਚ ਜਿਊਂਦਾ ਰਿਹਾ ਅਤੇ ਡਿੱਗਣ ਲੱਗਾ ਵੀ ਬਚ ਗਿਆ
ਉਹਨੇ ਹਸਪਤਾਲ ਵਿਚ ਕੀ ਮਰਨੈਂ। ਪਿਛਲੇ ਅੰਕੜੇ ਦੱਸਦੇ ਹਨ ਕਿ ਜਹਾਜ਼ ਦੇ ਪਹੀਆਂ ‘ਚ ਬਹਿ ਕੇ
ਸਫ਼ਰ ਕਰਨ ਵਾਲੇ ਚਾਰਾਂ ‘ਚੋਂ ਤਿੰਨ ਮਰਦੇ ਹਨ ਯਾਨੀ ਉਪਰ ਹੀ ਉਪਰਲੇ ਨੂੰ ਪਿਆਰੇ ਹੋ ਜਾਂਦੇ
ਹਨ।
ਜਿੱਦਣ ਮੈਂ ਲਾਸ ਏਂਜਲਸ ਤੋਂ ਟੋਰਾਂਟੋ ਆਉਣਾ ਸੀ, ਕਲੀਵਲੈਂਡ ਦੇ ਹਵਾਈ ਅੱਡੇ ‘ਤੇ ਜਹਾਜ਼
ਬਦਲਣਾ ਸੀ। ਉਥੋਂ ਮੈਂ ਛੋਟੇ ਜਹਾਜ਼ ‘ਤੇ ਚੜ੍ਹਿਆ। ਸੂਰਜ ਦੋ ਘੰਟਿਆਂ ਬਾਅਦ ਛਿਪਣਾ ਸੀ ਤੇ
ਟੋਰਾਂਟੋ ਦਾ ਸਫ਼ਰ ਘੰਟੇ ਕੁ ਦਾ ਰਹਿ ਗਿਆ ਸੀ। ਦੂਜੇ ਜਹਾਜ਼ ਵਿਚ ਮੈਨੂੰ ਬਾਰੀ ਨਾਲ ਦੀ
ਸੀਟ ਮਿਲੀ ਜਿਥੋਂ ਬਾਹਰ ਦਾ ਸਭ ਕੁਛ ਦਿਸਦਾ ਸੀ। ਜਹਾਜ਼ਾਂ ‘ਚ ਤੇਲ ਭਰਿਆ ਜਾਂਦਾ ਤੇ ਸਮਾਨ
ਚੜ੍ਹਾਇਆ ਜਾਂਦਾ ਚੰਗੀ ਤਰ੍ਹਾਂ ਵੇਖਿਆ। ਸਾਡੇ ਉੱਡਣ ਵਾਲੇ ਜਹਾਜ਼ ਦੇ ਪੰਖ ਵੀ ਦਿਸਦੇ ਸਨ
ਤੇ ਪਹੀਏ ਵੀ। ਜਹਾਜ਼ ਦੇ ਸੱਜੇ ਪਾਸੇ ਦੇ ਜੁੜਵੇਂ ਪਹੀਏ ਮੈਥੋਂ ਮਸਾਂ ਵੀਹ ਕੁ ਫੁੱਟ ਦੂਰ
ਸਨ। ਮੈਂ ਉਨ੍ਹਾਂ ਨੂੰ ਗਹੁ ਨਾਲ ਵੇਖਿਆ। ਕਾਰ ਦੇ ਪਹੀਆਂ ਨਾਲੋਂ ਵੱਡੇ ਤੇ ਬੱਸ ਦੇ ਪਹੀਆਂ
ਨਾਲੋਂ ਛੋਟੇ ਸਨ। ਜਦ ਰਿੜ੍ਹਿਆ ਤਾਂ ਪਹੀਏ ਵੀ ਰਿੜ੍ਹਨ ਲੱਗੇ ਬਲਕਿ ਇਹ ਕਹਿਣਾ ਉਚਿਤ
ਹੋਵੇਗਾ ਕਿ ਪਹੀਆਂ ਨਾਲ ਹੀ ਜਹਾਜ਼ ਰਿੜ੍ਹਿਆ। ਮੈਂ ਸਫ਼ਰ ਕਰਦਿਆਂ ਆਲੇ ਦੁਆਲੇ ਵੇਖੇ
ਦ੍ਰਿਸ਼ ਅਕਸਰ ਡਾਇਰੀ ‘ਚ ਨੋਟ ਕਰ ਲੈਨਾਂ ਜੋ ਬਾਅਦ ਵਿਚ ਲਿਖਣ ਦੇ ਕੰਮ ਆਉਂਦੇ ਹਨ।
ਪਹੀਏ ਰਿੜ੍ਹਦੇ ਵੇਖ ਕੇ ਮੈਨੂੰ ਅਚਾਨਕ ਚੇਤਾ ਆਇਆ ਕਿ ਪੰਦਰਾਂ ਵੀਹ ਸਾਲ ਪਹਿਲਾਂ ਦੁਆਬੇ ਦੇ
ਦੋ ਰਾਮਗੜ੍ਹੀਏ ਭਰਾ ਜਹਾਜ਼ ਦੇ ਪਹੀਆਂ ‘ਤੇ ਬਹਿ ਕੇ ਇੰਗਲੈਂਡ ਪੁੱਜੇ ਸਨ। ਲੰਡਨ ਦੇ ਹੀਥਰੋ
ਹਵਾਈ ਅੱਡੇ ਉਤੇ ਪਹੀਏ ਖੁੱਲ੍ਹਣ ਸਮੇਂ ਸੁੰਨ ਅਵੱਸਥਾ ‘ਚ ਪਟੜੀ ‘ਤੇ ਡਿੱਗਣ ਵਾਲਾ ਇਕ ਭਰਾ
ਤਾਂ ਥਾਂਏ ਮਰ ਗਿਆ ਪਰ ਦੂਜਾ ਪਹੀਆਂ ਨਾਲ ਚੰਬੜਿਆ ਜਿਊਂਦਾ ਰਿਹਾ। ਮੈਂ ਸੋਚਣ ਲੱਗਾ, ਆਹ
ਜਿਹੜੇ ਪਹੀਏ ਰਿੜ੍ਹ ਰਹੇ ਨੇ, ਅਜਿਹੇ ਪਹੀਆਂ ‘ਚ ਚੋਰੀ ਛਿਪੇ ਦਿੱਲੀ ਤੋਂ ਲੰਡਨ ਚੱਲੇ
ਦੋਵੇਂ ਭਰਾ ਕਿਵੇਂ ਬੈਠੇ ਹੋਣਗੇ? ਉਨ੍ਹਾਂ ਨੇ ਹੱਥ ਕਿਥੇ ਪਾਏ ਹੋਣਗੇ? ਕਿਹੜੀ ਜੁਗਤ ਵਰਤੀ
ਹੋਵੇਗੀ ਉਨ੍ਹਾਂ ਨੇ? ਮੈਂ ਮਨ ‘ਚ ਕਿਹਾ, ਅੱਜ ਜਹਾਜ਼ ਦੇ ਪਹੀਏ ਹੋਰ ਨੀਝ ਨਾਲ ਵੇਖਣੇ ਨੇ।
ਇਹ ਕਿਵੇਂ ਰਿੜ੍ਹਦੇ, ਕਿਵੇਂ ਉੱਪਰ ਚੁੱਕੀਦੇ, ਕਿਵੇਂ ਉਤਰਨ ਵੇਲੇ ਖੁੱਲ੍ਹਦੇ ਤੇ ਫਿਰ ਪਟੜੀ
‘ਤੇ ਰਿੜ੍ਹਦੇ ਨੇ? ਤਦ ਹੀ ਪਤਾ ਲੱਗੇਗਾ ਉਨ੍ਹਾਂ ਨੌਜੁਆਨਾਂ ਨਾਲ ਕੀ ਬੀਤੀ ਹੋਵੇਗੀ? ਸੁਣੀ
ਸੁਣਾਈ ਗੱਲ ਹੋਰ ਹੁੰਦੀ ਹੈ, ਅੱਖੀਂ ਵੇਖੀ ਹੋਰ।
ਜਹਾਜ਼ ਉਡਾਰੀ ਭਰਨ ਤੁਰਿਆ ਤਾਂ ਰਿੜ੍ਹਦੇ ਹੋਏ ਪਹੀਏ ਤੇਜ਼ੀ ਫੜਨ ਲੱਗੇ। ਜਦੋਂ ਸਪੀਡ ਉੱਡਣ
ਵਾਲੀ ਹੋ ਗਈ ਤਾਂ ਉਹ ਪਹੀਏ ਪਟੜੀ ਤੋਂ ਚੁੱਕੇ ਗਏ ਤੇ ਪੰਖ ਵਿਚਲੇ ਮਘੋਰੇ ਜਿਹੇ ਅੰਦਰ
ਸਮੇਟੇ ਗਏ। ਨਾਲ ਹੀ ਮਘੋਰਾ ਬੰਦ ਹੋ ਗਿਆ। ਇਹ ਕਰਮ ਕੱਛੂ ਦਾ ਮੂੰਹ ਖੋਪੜੀ ‘ਚ ਲੁਕਾਉਣ
ਵਾਂਗ ਸੀ। ਜਹਾਜ਼ ਘਰਾਟ ਵਰਗੀ ਆਵਾਜ਼ ਪੈਦਾ ਕਰਦਾ ਉੱਡਦਾ ਰਿਹਾ ਤੇ ਫਿਰ ਨੀਵਾਂ ਹੋ ਕੇ
ਟੋਰਾਂਟੋ ਦੇ ਹਵਾਈ ਅੱਡੇ ‘ਤੇ ਉਤਰਨ ਲੱਗਾ। ਮੇਰੀ ਨਿਗ੍ਹਾ ਫਿਰ ਪਹੀਆਂ ਵੱਲ ਸੀ। ਮੈਂ
ਵੇਖਿਆ, ਮਘੋਰਾ ਖੁੱਲ੍ਹਿਆ, ਪਹੀਏ ਹੇਠਾਂ ਨੂੰ ਲਮਕੇ ਤੇ ਉਨ੍ਹਾਂ ਦੀਆਂ ਲੱਠਾਂ ਲਿਸ਼ਕਦੀਆਂ
ਦਿਸੀਆਂ। ਜਦ ਪਹੀਏ ਪਟੜੀ ਨੂੰ ਛੋਹੇ ਤਾਂ ਮਾਮੂਲੀ ਜਿਹਾ ਧੂੰਆਂ ਨਿਕਲਿਆ। ਫਿਰ ਪੰਖਾਂ ਦੇ
ਪਾੜਸੇ ਖੁੱਲ੍ਹ ਗਏ ਜਿਨ੍ਹਾਂ ਨਾਲ ਹਵਾ ਟਕਰਾਈ ਤੇ ਤੇਜ਼ ਰਿੜ੍ਹਦਾ ਜਹਾਜ਼ ਹੌਲੀ ਹੁੰਦਾ
ਹੁੰਦਾ ਰੁਕ ਗਿਆ। ਸਾਰਾ ਕੁਛ ਵੇਖ ਕੇ ਮੈਨੂੰ ਲੱਗਾ ਕਿ ਅਜਿਹੀ ਸਥਿਤੀ ਵਿਚ ਜਹਾਜ਼ ਦੇ
ਪਹੀਆਂ ‘ਤੇ ਜਾਣ ਵਾਲਿਆਂ ‘ਚੋਂ ਕਿਸੇ ਦਾ ਬਚਣਾ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ!
ਮੌਕਾ ਮੇਲ ਦੀ ਗੱਲ ਵੀ ਸੁਣ ਲਓ। ਮੈਂ ਟੋਰਾਂਟੋ ਹਵਾਈ ਅੱਡੇ ਤੋਂ ਘਰ ਪਹੁੰਚਾ ਤਾਂ ਉੱਦਣ ਦਾ
ਅਖ਼ਬਾਰ ਪੜ੍ਹਿਆ। ਪਹਿਲੇ ਸਫ਼ੇ ਦੀ ਖ਼ਬਰ ਸੀ ਕਿ ਅਮਰੀਕਾ ‘ਚ ਸੋਲਾਂ ਸਾਲਾਂ ਦਾ ਇਕ ਮੁੰਡਾ
ਜਹਾਜ਼ ਦੇ ਪਹੀਆਂ ‘ਚ ਬਹਿ ਕੇ ਪੰਜ ਘੰਟੇ ਦਾ ਹਵਾਈ ਸਫ਼ਰ ਕਰ ਗਿਆ ਤੇ ਬਚ ਵੀ ਗਿਆ। ਕਮਾਲ
ਸੀ! ਮੈਂ ਕਲਪਨਾ ਕੀਤੀ ਜੇ ਉਹ ਕਲੀਵਲੈਂਡ ਤੋਂ ਮੇਰੇ ਵਾਲੇ ਜਹਾਜ਼ ਦੇ ਪਹੀਆਂ ‘ਤੇ ਚੜ੍ਹਦਾ
ਤਾਂ ਮੈਂ ਸਾਰਾ ਕੁਝ ਅੱਖੀਂ ਵੇਖ ਲੈਂਦਾ ਤੇ ‘ਅੱਖੀਂ ਡਿੱਠੇ ਕਬੱਡੀ ਵਰਲਡ ਕੱਪ’ ਵਾਂਗ ਉਹਦਾ
ਅੱਖੀਂ ਡਿੱਠਾ ਨਜ਼ਾਰਾ ਬਿਆਨ ਕਰਦਾ!
ਜਹਾਜ਼ ਦੇ ਪਹੀਆਂ ‘ਤੇ ਪੰਜਾਬ ਤੋਂ ਇੰਗਲੈਂਡ ਪਹੁੰਚੇ ਨੌਜੁਆਨਾਂ ਦੀ ਗੱਲ ਵੀ ਸਿਰੇ ਲਾ
ਲਈਏ। 1999 ‘ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ ਵਜੋਂ
ਮੈਂ ਕਾਲਜ ਦੇ ਫੰਡ ਰੇਜਿੰਗ ਸਮਾਗਮ ਵਿਚ ਸ਼ਾਮਲ ਹੋਣ ਲਈ ਇੰਗਲੈਂਡ ਗਿਆ ਸਾਂ। ਸਾਊਥਾਲ ਵਿਚ
ਜਿਸ ਸੱਜਣ ਕੋਲ ਮੈਂ ਰੁਕਿਆ ਉਹਨੇ ਦੱਸਿਆ ਕਿ ਜਹਾਜ਼ ਦੇ ਪਹੀਆਂ ‘ਤੇ ਇੰਗਲੈਂਡ ਆਉਣ ਵਾਲੇ
ਦੋਹਾਂ ਭਰਾਵਾਂ ‘ਚੋਂ ਇਕ ਅਸਮਾਨ ਦੀ ਠਾਰੀ ਨਾਲ ਰਾਹ ‘ਚ ਈ ਮਰ ਗਿਆ ਸੀ। ਜਿਹੜਾ ਬਚ ਗਿਆ ਸੀ
ਉਹ ਉਹਦੇ ਗਰੌਸਰੀ ਸਟੋਰ ‘ਤੇ ਕੰਮ ਕਰਦਾ ਹੈ। ਮੇਰੇ ਲਈ ਇਹ ਅਚੰਭਾ ਸੀ। ਮੈਂ ਉਸ ਨੌਜੁਆਨ
ਨੂੰ ਮਿਲਣਾ ਤੇ ਉਹਦੀ ਇੰਟਰਵਿਊ ਕਰਨੀ ਚਾਹੀ ਕਿਉਂਕਿ ਉਹ ਮੈਨੂੰ ਐਵਰੈਸਟ ‘ਤੇ ਚੜ੍ਹਨ ਵਾਲੇ
ਤੈਨ ਸਿੰਘ ਤੇ ਹਿਲੈਰੀ ਤੋਂ ਘੱਟ ਨਹੀਂ ਲੱਗਾ। ਦੋਹਾਂ ਭਰਾਵਾਂ ਨੇ ਜਾਨ ਜੋਖੋਂ ਵਾਲਾ ਜਿੱਡਾ
ਵੱਡਾ ਕਾਰਨਾਮਾ ਕਰ ਵਿਖਾਇਆ ਸੀ ਉਹਦੇ ਲਈ ਵੱਡੇ ਤੋਂ ਵੱਡੇ ਅਵਾਰਡ ਵੀ ਛੋਟੇ ਸਨ। ਪਰ ਜਵਾਬ
ਪਤਾ ਕੀ ਮਿਲਿਆ? ਮੇਰੇ ਮੇਜ਼ਬਾਨ ਨੇ ਉਸ ਨੌਜੁਆਨ ਨੂੰ ਮਿਲਣ ਪਿੱਛੋਂ ਦੱਸਿਆ, “ਉਹ ਨੀ ਕਿਸੇ
ਨੂੰ ਇੰਟਰਵਿਊ ਦਿੰਦਾ। ਕਹਿੰਦਾ ਮਸਾਂ ਕੰਮ ਬਣਿਆ, ਕਿਤੇ ਖਰਾਬ ਹੀ ਨਾ ਹੋਜੇ!”
ਮਗਰੋਂ ਪਤਾ ਲੱਗਾ ਕਿ ਉੁਹ ਲੁਕ ਛਿਪ ਕੇ ਇੰਗਲੈਂਡ ‘ਚ ਕੰਮ ਕਰਦਾ ਰਿਹਾ। ਕੰਮ ਉਹ ਹੋਰਨਾਂ
ਤੋਂ ਵੱਧ ਕਰਦਾ ਸੀ ਜਿਸ ਕਰਕੇ ਕੰਮ ਕਰਾਉਣ ਵਾਲਿਆਂ ਨੂੰ ਪਸੰਦ ਸੀ ਪਰ ਉਸ ਦਾ ਲਕੋਅ ਛਪੋਅ
ਰੱਖਣਾ ਪੈਂਦਾ ਸੀ। ਫਿਰ ਉਸ ਨੂੰ ਇੰਗਲੈਂਡ ਵਿਚ ਸੰਭਾਲਣ ਵਾਲਾ ਉਸ ਦਾ ਮਾਮਾ ਕੈਂਸਰ ਨਾਲ
ਗ੍ਰੱਸਿਆ ਗਿਆ ਤਾਂ ਉਹ ਮੇਰੇ ਮੇਜ਼ਬਾਨ ਦਾ ਕੰਮ ਛੱਡ ਕੇ ਆਪਣੇ ਮਾਮੇ ਦੀ ਸੇਵਾ ਸੰਭਾਲ ਲਈ
ਚਲਾ ਗਿਆ। ਹੁਣ ਉਸ ਦਾ ਪਤਾ ਨਹੀਂ ਕਿਥੇ ਹੋਵੇ? ਹੋਵੇ ਵੀ ਜਾਂ ਨਾ ਹੋਵੇ!
-0-
|