ਇੱਜ਼ਤ ਵਾਲੇ ਬੰਦੇ ਜਦੋਂ
ਬੇਇੱਜ਼ਤੀ ਕਰਵਾ ਕੇ ਘਰਾਂ ਵੱਲ ਪਰਤਣ ਤਾਂ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਨਰਕ ਨੂੰ
ਹੋਰ ਕੋਈ ਰਾਹ ਜਾਂਦਾ ਹੀ ਨਹੀਂ ਹੋਣਾ। ਤੇ ਦੂਜੇ ਪਾਸੇ ਦੇਖੋ, ਜੇਲ੍ਹ ‘ਚ ਦੂਜੀ ਵਾਰ ਆਏ
ਕੈਦੀ ਨੇ ਕੁਝ ਪੁਰਾਣੇ ਮਿੱਤਰਾਂ ਨੂੰ ਕਿਹਾ, ‘ਕਾਹਲੀ ਤਾਂ ਬੜੀ ਕੀਤੀ। ਸਾਲਾ ਟਾਈਮ ਲੱਗ ਹੀ
ਗਿਐ।’ ਇਨ੍ਹਾਂ ਲਈ ਜੀਵਨ ਵਿਚ ਸ਼ਰਮ ਦੀਆਂ ਖਿੱਲ੍ਹਾਂ ਉਡਾਉਣੀਆਂ ਖੇਡ ਹੀ ਹੁੰਦੀ ਹੈ। ਲੱਖਾਂ
ਲੋਕ ਰੋਜ਼ ਮਰੀ ਜਾਂਦੇ ਨੇ, ਇਨ੍ਹਾਂ ਨੂੰ ਚੇਤੇ ਕੋਈ ਨਹੀਂ ਕਰਦਾ ਕਿਉਂਕਿ ਇਹ ਮੌਤਾਂ ਕੁਦਰਤੀ
ਕਾਰਨਾਂ ਕਰਕੇ ਹੁੰਦੀਆਂ ਹਨ। ਜਦੋਂ ਕਿ ਸ਼ਹੀਦ ਤੇ ਬਹਾਦਰ ਨੂੰ ਉਨ੍ਹਾਂ ਦੀ ਮੌਤ ਦੇ ਕਾਰਨਾਂ
ਕਰਕੇ ਚੇਤੇ ਰੱਖਿਆ ਜਾਂਦਾ ਹੈ। ਇਹੋ ਜਿਹੀਆਂ ਮੌਤਾਂ ਆਉਂਦੀਆਂ ਹੀ ਵਿਰਲਿਆਂ ਨੂੰ ਹਨ। ਅਸੀਂ
ਹੱਥ ਤਾਂ ਘੁੱਟ ਕੇ ਮਿਲਾਉਂਦੇ ਹਾਂ ਪਰ ਜਦੋਂ ਤੀਕਰ ਅੰਦਰੋਂ ਇਕ-ਚਿੱਤ ਨਹੀਂ ਹੁੰਦੇ,
ਪ੍ਰਸੰਨਤਾ ਪਰ੍ਹੇ ਦੀ ਹੋ ਕੇ ਲੰਘੇਗੀ ਤੇ ਕਹੇਗੀ, ‘ਘੜੀ ਦੀਆਂ ਸੂਈਆਂ ਤਾਂ ਇਕ ਸੁਰ ਕਰ।’
ਜੇ ਹੱਸਣ ਵੇਲੇ ਕੋਈ ਮੂੰਹ ਵਿੰਗਾ-ਟੇਡਾ ਕਰੀ ਜਾਂਦੈ, ਹਾਸਾ ਵੀ ਪਾਟੇ ਢੋਲ ਵਾਂਗ ਖੜਕਦੈ
ਤਾਂ ਸਮਝ ਲਵੋ, ਅੰਦਰ ਫਿ਼ਕਰਾਂ ਤੇ ਦੁੱਖਾਂ ਦੀ ਘੋਲ ਚੱਲ ਰਹੀ ਹੈ। ਬਾਹਰ ਤਾਂ ਬਨਾਉਟੀ ਘਿਓ
ਹੀ ਡੁੱਲ੍ਹ ਰਿਹੈ। ਜੇ ਕੋਈ ਕਿਸੇ ਨੂੰ ਹੱਸਦਾ ਵੇਖ ਕੇ ਪ੍ਰਸੰਨ ਹੋਣ ਦੀ ਥਾਂ ਦੰਦੀਆਂ
ਪੀਚਦੈ ਤਾਂ ਇਸੇ ਕਰਕੇ ਕਿ ਪਤੰਦਰਾ, ਮੇਰੇ ਵਾਲੀ ਬਿਮਾਰੀ ਤੈਨੂੰ ਕਿਉਂ ਨ੍ਹੀਂ ਮਿਰਗੀ ਵਾਂਗ
ਪੈਂਦੀ। ਦੂਜੇ ਵਿਆਹਾਂ ਦੇ ਮੁਕਲਾਵੇ ਨ੍ਹੀਂ ਹੁੰਦੇ, ਕਰੇਵੇ ਹੁੰਦੇ ਹਨ ਕਿਉਂਕਿ ਗੱਡੀਆਂ
ਦੂਜੇ ਸਟੇਸ਼ਨ ‘ਤੇ ਮਿਲਣ ਲੱਗੀਆਂ ਹੁੰਦੀਆਂ ਹਨ। ਕੋਈ ਸ਼ੱਕ ਨਹੀਂ ਕਿ ਤਰਨ ਵਾਲੇ ਵੀ ਡੁੱਬ
ਜਾਂਦੇ ਹਨ ਪਰ ਜਿਨ੍ਹਾਂ ਨੂੰ ਹੱਸਣ ਦੀ ਆਦਤ ਹੋਵੇ, ਉਨ੍ਹਾਂ ਨੇ ਇਹਦੇ ਨਾਲ ਵੀ ਲੁਫ਼ਤ ਲੈ
ਲੈਣਾ ਹੁੰਦੈ...।
ਐਸ. ਅਸ਼ੋਕ ਭੌਰਾ
ਕਈ ਵਾਰ ਇੱਦਾਂ ਹੁੰਦਾ ਹੈ ਕਿ ਬੰਦਾ ਟੱਪ ਕੇ ਚੜ੍ਹ ਤਾਂ ਊਠ ‘ਤੇ ਜਾਂਦਾ ਹੈ ਪਰ ਕੁੱਤਾ
ਦੰਦੀ ਵੱਢਣ ਵਿਚ ਫੇਲ੍ਹ ਫਿਰ ਵੀ ਨਹੀਂ ਹੁੰਦਾ। ਇਵੇਂ ਹੀ ਕਈ ਵਾਰ ਵੇਖਿਆ ਹੈ ਕਿ ਤੁਰੇ ਤਾਂ
ਅਸੀਂ ਆਪਣੀ ਜੀਵਨ-ਚਾਲ ਵਿਚ ਸੁਭਾਵਿਕ ਹੀ ਹੁੰਦੇ ਹਾਂ ਪਰ ਖੜ-ਖੜ ਹਾਸਿਆਂ ਦੀ ਹੋਣ ਲੱਗ
ਪੈਂਦੀ ਹੈ। ਜੇ ਸਾਉਣ ਮਹੀਨੇ ਪਪੀਹੇ ਦੇ ਨਾਲ ਬੰਦੇ ਵੀ ਪਾਣੀ ਦੀ ਬੂੰਦ ਲਈ ਵਾਸਤੇ ਕੱਢ ਰਹੇ
ਹੋਣ ਤਾਂ ਸੱਚ ਹੀ ਹੈ ਕਿ ਕੁਦਰਤ ਨੂੰ ਮਨਾਉਣ ਲਈ ਕੁਝ ਕਰਨਾ ਪਵੇਗਾ। ਪਸ਼ੂਆਂ ਪੰਛੀਆਂ ਵਿਚ
ਨਸਲਾਂ ਤਾਂ ਹੈਗੀਆਂ ਨੇ ਪਰ ਜਾਤਾਂ ਨਹੀਂ, ਇਸੇ ਲਈ ਉਨ੍ਹਾਂ ਵਿਚ ਵਿਰੋਧ ਈਰਖਾ ਹੈ ਹੀ
ਨਹੀਂ। ਆਪਣਾ ਦੇਸ਼ ਨਸਲਾਂ ਨਾਲੋਂ ਜਾਤਾਂ ਵਿਚ ਵਧੇਰੇ ਜਕੜਿਆ ਹੋਇਆ ਹੈ। ਇਸ ਲਈ ਕਈ ਵਾਰ ਇਉਂ
ਲਗਦਾ ਹੈ ਕਿ ਵੱਢੀ ਤਾਂ ਚੂੰਡੀ ਸੀ ਪਰ ਨਿਕਲਣ ਲੱਗ ਪਏ ਦੰਦ। ਭੁੱਲ-ਚੁੱਕ ਲਈ ਮੁਆਫ਼ੀ
ਚਾਹਾਂਗਾ ਪਰ ਕੋਸ਼ਿਸ਼ ਕਰਿਓ ਡੋਕ ਕੱਢ ਕੇ ਸੰਧੂਰੀ ਅੰਬ ਵਰਗਾ ਸੁਆਦ ਮਿਲ ਜਾਵੇ।
ਪੰਜ-ਸੱਤ ਦੇਸੀ ਜੱਟਾਂ ਨੇ ਸਿਰ ‘ਤੇ ਮਾਰੇ ਮੜ੍ਹਾਸੇ, ਮੋਢੇ ਰੱਖੇ ਸਾਫ਼ੇ, ਪਿੰਡੋ ਫੜੀ ਲਾਰੀ
ਤੇ ਚੜ੍ਹ ਗਏ ਸ਼ਹਿਰ ਨੂੰ। ਲੈਣ ਤਾਂ ਵਿਆਹ ਲਈ ਸੌਦਾ-ਪੱਤਾ ਗਏ ਸਨ ਪਰ ਮਨ ‘ਚ ਆਇਆ, ਆਪਣੇ
ਪਿੰਡ ਵਾਲੇ ਮਰਾਸੀ ਗ਼ਫੂਰ ਦਾ ਮੁੰਡਾ ਅੱਜਕੱਲ੍ਹ ਵੱਡਾ ਗਵੱਈਆ ਬਣ ਗਿਐ, ਕਹਿ ਚਲਦੇ ਆਂ,
ਭਾਈ ਮਾਰ ਜਾਈਂ ਗੇੜਾ ਸਾਡਾ ਟੌਰ੍ਹ-ਟੱਪਾ ਬਣ ਜੂ। ਵਜਾ‘ਤੀ ਕੋਠੀ ਦੀ ਘੰਟੀ। ਨੌਕਰ ਨਿਕਲਿਆ,
“ਕੌਣ ਓ ਭਾਈ?”
“ਓ ਸਾਡਾ ਪੇਂਡੂ ਐ ਮੁੰਡਾ। ਕਹਿ ਜਾ ਕੇ ਜੱਟ ਫੱਕਰਾਂ ਵਾਲੀ ਪੱਤੀ ‘ਚੋਂ ਬਸੰਤੇ, ਪ੍ਰਕਾਸ਼ੇ
ਹੋਰੀਂ ਆਏ ਨੇ।”
ਤੇ ਉਹੀ ਮਰਾਸੀਆਂ ਵਾਂਗ ਅਦਬ ਵਿਚ ਗ਼ਫੂਰ ਦਾ ਗਵੱਈਆ ਪੁੱਤ ਨੰਗੇ ਪੈਰੀਂ ਭੱਜਿਆ ਆਇਆ ਤੇ
ਬਿਠਾ ‘ਤੇ ਦੇਸੀ ਜੱਟ ਅੰਗਰੇਜ਼ੀ ਸੌਫਿਆਂ ‘ਤੇ।
ਮਰਾਸੀਆਂ ਦੀ ਇੰਨੀ ਚੜ੍ਹਾਈ ਵੇਖ ਕੇ, ਧੌਣਾਂ ਤਾਹਾਂ ਨੂੰ ਤੇ ਨਜ਼ਰਾਂ ਟੱਡੀਆਂ ਰਹਿ ਗਈਆਂ।
ਤੇ ਬਸੰਤਾ ਗਫ਼ੂਰ ਦੇ ਪੁੱਤ ਨੂੰ ਕਹਿਣ ਲੱਗਾ, “ਦੇਖਾ ਲੈ ਸਮਾਂ ਕਿਤੇ ਉਹੋ ਜਿਹਾ ਰਹਿੰਦੈ
ਸਦਾ? ਤੇਰੇ ਬਾਪੂ ਗਫ਼ੂਰ ਦੀਆਂ ਗੱਲਾਂ ਕਿਤੇ ਭੁੱਲਦੀਆਂ ਨੇ। ਇਕ ਵਾਰ ਮੈਥੋਂ ਵੱਡੇ ਗਿਆਨ
ਸਿਹੁੰ ਦੇ ਪੁੱਤ ਦਾ ਵਿਆਹ ‘ਤੇ ਸਾਥੋਂ ਗਫ਼ੂਰ ਨੂੰ ਕਹਿ ਨਾ ਹੋਇਆ।”
“ਹਾਅ ਗੱਲ ਸੁਣਾ ਬਸੰਤਿਆ। ਵਾਹਲਾ ਮਜ਼ਾਕੀਆ ਸੀ ਗਫ਼ੂਰ।” ਤੇ ਪ੍ਰਕਾਸ਼ ਸਿਹੁੰ ਨੇ ਧੌੜੀ ਦੀ
ਜੁੱਤੀ ਪੈਰੋਂ ਲਾਹ ਦੋਵੇਂ ਪੈਰ ਸੋਫ਼ੇ ‘ਤੇ ਰੱਖ ਲਏ।
“ਦੋ ਘੁੱਟ ਚਾਹ ਦੇ ਭਰ ਲੈਣ ਦੇ, ਫੇਰ ਸੁਣਾਉਨਾਂ।”
“ਤਾਇਆ ਖਾਣ-ਪੀਣ ਦਾ ਬਾਪੂ ਵੀ ਮੇਰਾ ਜੱਟਾਂ ਵਾਂਗ ਸ਼ੌਕੀਨ ਸੀ।”
“ਲੈ ਸੁਣ ਤਾਂ ਸਹੀ। ਅਸੀਂ ਤਾਂ ਬਾਹਰਲੇ ਗੁਰਦੁਆਰੇ ਮੁੰਡੇ ਦਾ ਮੱਥਾ ਟਿਕਾਉਣ ਆ ਗਏ। ਬੜੀ
ਜ਼ੋਰ ਦੀ ਖੜਾਕ ਪਿਆ। ਅਸੀਂ ਡਰ ਗਏ, ਪਈ ਚੱਲ‘ਗੀ ਗੋਲੀ। ਭੱਜੇ ਗਏ ਤਾਂ ਪਤਾ ਲੱਗਾ ਕਿ ਗਰਮੀ
ਅਤਿ ਦੀ ਸੀ, ਟੈਰ ਫਟ ਗਿਆ ਜੰਞ ਲੈ ਕੇ ਜਾਣ ਵਾਲੀ ਬੱਸ ਦਾ।”
“ਫੇਰ ਹੋਰ ਬੱਸ ਮੰਗਵਾਈ?”
“ਕਾਹਨੂੰ, ਸੁਣ ਤਾਂ ਸਹੀ। ਅਸੀਂ ਫੇਰ ਜਿਹੜਾ ਵਾਧੂ ਜਿਹਾ ਟੈਰ ਹੁੰਦਾ, ਸਹੁਰੀ ਦੀ ਛਟੱਪਣੀ,
ਉਹ ਚੜ੍ਹਾਈ। ਗਰਮੀ ਕੱਢੇ ਵੱਟ। ਬੁੜ੍ਹਾ ਸਾਡਾ ਕਹੀ ਜਾਵੇ-ਮੁੰਡਿਓ ਬਦਸ਼ਗਨੀ ਹੋ ਗਈ। ਉਹਦੀ
ਕਿਤੇ ਨਿਗ੍ਹਾ ਪੈ ਗਈ ਬੱਸ ਦੀ ਮੋਹਰਲੀ ਸੀਟ ‘ਤੇ ਚਿੱਟੇ ਕੱਪੜੇ, ਤੁਰਲਾ ਛੱਡੀ ਬੈਠੇ ਇਕ
ਸ਼ੌਕੀਨ ‘ਤੇ। ਸਾਡੇ ਬਾਪੂ ਤੋਂ ਸਿਆਣਿਆ ਨਾ ਗਿਆ ਸੀ ਤੇਰਾ ਬਾਪੂ ਗਫ਼ੂਰ। ਲੋਹੇ-ਲਾਖੇ ਹੋਏ,
ਗਰਮੀ ‘ਚ ਬੌਂਦਲੇ ਬਾਪੂ ਨੇ ਪੁੱਛਿਆ-ਉਹ ਅਸੀਂ ਟੈਰ ਬਦਲਦੇ ਮਰ ਗਏ, ਤੂੰ ਵਿਚ ਬੈਠੈਂ! ਕੌਣ
ਐ?”
“ਮੈਂ ਤਾਇਆ ਗਫ਼ੂਰ ਮਰਾਸੀ।”
ਮੈਂ-ਮੈਂ, ਤੂੰ-ਤੂੰ ਹੋਗੀ।
“ਤੂੰ ਕਿਥੇ ਨੂੰ ਮੂੰਹ ਚੱਕਿਐ?”
“ਤੁਸੀਂ ਕਿਤੇ ਮਕਾਣੀ ਚੱਲੇ ਆ। ਮੈਂ ਵੀ ਪਾਲੇ ਦੀ ਬਰਾਤੇ ਈ ਚੱਲਿਐਂ?”
“ਤੈਨੂੰ ਸੱਦਿਆ ਕੀਹਨੇ ਐ?”
“ਸਾਨੂੰ ਤਾਂ ਕੋਈ ਸੱਦਦਾ ਈ ਨ੍ਹੀਂ। ਸਾਨੂੰ ਤਾਂ ਆਪੇ ਜਾਣਾ ਪੈਂਦੈ ਔਖੇ-ਸੌਖੇ ਹੋ ਕੇ।”
“ਲੈ ਬਈ ਮੁੰਡਿਆ, ਫਿਰ ਤੇਰੇ ਬਾਪੂ ਦੀ ਗੱਲ ‘ਤੇ ਉਹ ਹਾਸਾ ਪਿਆ ਕਿ ਜੰਞ ਮੁੜਨੇ ਤੱਕ ਫਿਰ
ਗਫ਼ੂਰ ਦਾ ਪਿਆ-ਪਿਆ ਕੇ ਗੁਬਾਰਾ ਬਣਾ‘ਤਾ।”
“ਤੇ ਹੁਣ ਮੇਰੇ ਮੁੰਡੇ ਦਾ ਵਿਆਹ ਸੰਗਰਾਂਦ ਤੋਂ ਅਗਲੇ ਐਤਵਾਰ ਨੂੰ ਹੈਗਾ। ਤੂੰ ਆਪਣੇ ਪੂਰੇ
ਸਾਜ਼-ਬਾਜ਼ ਲੈ ਕੇ ਜ਼ਰੂਰ ਪਹੁੰਚਣਾ।” ਪ੍ਰਕਾਸ਼ ਸਿਹੁੰ ਨੇ ਤੋੜਾ ਝਾੜਿਆ।
“ਤਾਇਆ, ਚੱਲ ਭਾਪਾ ਤਾਂ ਮੇਰਾ ਆਪੇ ਚਲਾ ਜਾਂਦਾ ਸੀ ਪਰ ਮੈਂ ਤਾਂ ਥੋਡੇ ਕਹਿਣ ‘ਤੇ ਆ ਵੀ
ਜਾਊਂ ਪਰ ਮੇਰੇ ਢੋਲਕੀਆਂ ਵਾਜਿਆਂ, ਸਪੀਕਰਾਂ, ਕਾਰਾਂ, ਨੱਚਣ ਵਾਲੀਆਂ ਕੁੜੀਆਂ ਦਾ ਇੰਨਾ
ਖਰਚ ਹੈ ਕਿ ੳਂੂ ਚਲੋ ਮੈਂ ਦੋ ਲੱਖ ਲੈਨਾ, ਤੁਸੀਂ ਡੂਢ ਦੇ ਦਿਓ।”
ਤੇ ਏਨੇ ਕੁ ਪੈਸਿਆਂ ‘ਚ ਵਿਆਹ ਕਰਨ ਵਾਲੇ ਜੱਟ ਜਦੋਂ ਤੁਰਨ ਲੱਗੇ ਤਾਂ ਨਾਲ ਗਏ ਨੰਬਰਦਾਰ ਦੇ
ਗੱਲ ਪੈ ਗਈ ਖਾਨੇ, ਪਈ ਜੱਟਾਂ ਨੂੰ ਮਸ਼ਕੂਲਾ ਮਹਿੰਗਾ ਬੜਾ ਪਿਐ। ਉਹ ਹੌਲੀ ਦੇਣੀ ਕਹਿਣ
ਲੱਗਾ, “ਕਾਕਾ ਦੇਖ, ਸਿਆਣੇ ਕਹਿੰਦੇ ਨੇ ਕਿ ਬ੍ਰਾਹਮਣ ਨੂੰ ਸ਼ਰਾਧਾਂ ‘ਚ ਨਾ ਛੇੜੋ ਤੇ ਜੱਟ
ਨੂੰ ਬੰਨ੍ਹੇ ‘ਤੇ। ਸਾਲ੍ਹਿਓ ਅੱਜ ਮਰਾਸੀ ਦੇ ਪੁੱਤ ਨੂੰ ਟਿੱਚਰ ਕਰਨੀ ਡੂਢ ਲੱਖ ਨੂੰ ਪੈ
ਗਈ। ਜੱਟ ਲੱਗੇ ਤਾਂ ਨੰਬਰ ਬਣਾਉਣ ਸੀ ਪਰ ਪਹਿਲੇ ਵੀ ਗਵਾ ਲਏ।”
ਮੁੜਦੀ ਵਾਰੀ ਮਾਯੂਸ ਜਿਹੇ ਹੋਏ ਜੱਟ ਪਿੰਡ ਨੂੰ ਲਾਰੀ ‘ਚ ਬੈਠਣ ਲੱਗੇ ਤਾਂ ਨਾਲ ਦੀ ਸੀਟ
‘ਤੇ ਬੈਠਾ ਸੀ ਸਕੂਲ ਦਾ ਟਿੱਚਰੀ ਮਾਸਟਰ ਹਰੀ ਚੰਦ। ਜੱਟਾਂ ਨੇ ਸਾਰੀ ਗੱਲ ਉਹਦੇ ਨਾਲ ਸਾਂਝੀ
ਕਰ ਲਈ ਅਤੇ ਨਕਲੀਏ ਮਾਸਟਰ ਨੇ ਹੋਰ ਗੱਲ ਸ਼ੁਰੂ ਕਰ‘ਤੀ। ਆਖਣ ਲੱਗਾ, “ਬਸੰਤ ਸਿਹਾਂ, ਤੂੰ
ਕੁਲਦੀਪ ਮਾਣਕ ਨੂੰ ਜਾਣਦੈਂ?”
“ਮਾਹਟਰਾ, ਕਹਿਣਾ ਤਾਂ ਨ੍ਹੀਂ ਚਾਹੀਦਾ ਸੀ ਪਰ ਫਿੱਟ ਲਾਹਣਤ ਤੇਰੇ। ਭਲਾ ਮਾਣਕ ਨੂੰ ਕੌਣ
ਨ੍ਹੀਂ ਜਾਣਦਾ?”
“ਫਿਰ ਗੱਲ ਸੁਣੋ। ਕਈ ਸਾਲ ਹੋ ਗਏ ਜਦੋਂ ਉਹਦੀ ‘ਸਾਹਿਬਾਂ ਬਣੀ ਭਰਾਵਾਂ ਦੀ’ ਵੇਲੇ ਚੜ੍ਹਾਈ
ਸੀ। ਗਰਮੀਆਂ ਦੀਆਂ ਛੁੱਟੀਆਂ ਤੇ ਜੁਆਕ-ਜੱਲਾ ਲੈ ਕੇ ਮੈਂ ਸਹੁਰੀਂ ਜਾ ਵੜਿਆ। ਉਥੇ ਜਾ ਕੇ
ਪਤਾ ਲੱਗਾ ਕਿ ਭਲਕੇ ਮੁਸਲਮਾਨ ਫਕੀਰ ਦੀ ਜਗ੍ਹਾ ‘ਤੇ ਮਾਣਕ ਨੇ ਗੌਣ ਆਉਣੈ। ਤੇ ਮੇਰੇ ਸਾਲੇ
ਦਾ ਮਾਣਕ ਜੋਟੀਦਾਰ ਚੰਗਾ ਸੀ। ਉਹ ਮੈਨੂੰ ਨਾਲ ਲੈ ਗਿਆ।”
“ਗੱਲ ਮੁੱਕਦੀ ਕਰ। ਪਿੰਡ ਆਉਣ ਵਾਲੈ। ਸਾਡੇ ਵਾਂਗ ਨੰਬਰ ਬਣਾਉਣੇ ਚਾਹੁੰਨੈ ਪਈ ਮਾਣਕ ਨੂੰ
ਨੇੜਿਓ ਦੇਖਿਆ।”
“ਜੱਟਾਂ-ਬੂਟਾਂ ਆਲੀ ਗੱਲ ਕਰੀ ਜਾਨੇ ਆਂ। ਸੁਣ ਤਾਂ ਲਓ।”
“ਗਾਂਹ ਵੀ ਤੁਰ।”
“ਬਈ ਸੋਲਾਂ ਹਾੜ੍ਹ ਦਾ ਮੇਲਾ। ਇੰਨੀ ਗਰਮੀ ਪਈ ਇੱਲ੍ਹ ਦੀ ਅੱਖ ਨਿਕਲੇ। ਗਾਉਣ ਵਾਲੇ
ਨਿੱਕੇ-ਮੋਟੇ ਕਈ ਸਨ। ਜਗ੍ਹਾ ‘ਤੇ ਕਮਰਾ ਇਕੋ ਈ।”
“ਫੇਰ?”
“ਜਦੋਂ ਅੰਦਰ ਵੜੇ ਤਾਂ ਇਕ ਵਾਹਵਾ ਲੰਮਾ-ਝੰਮਾ ਬੰਦਾ ਤੇੜ ਚਾਦਰਾ ਕੁੜਤਾ ਲਾਇਆ ਹੋਇਆ,
ਕੰਗਣੀ ਆਲੇ ਗਲਾਸ ‘ਚ ਬੀਅਰ ਪਾਵੇ। ਮਾਣਕ ਨੂੰ ਵੇਖ ਕੇ ਛਿੱਥਾ ਜਿਹਾ ਪੈ ਗਿਆ। ਮਾਣਕ ਕਹਿਣ
ਲੱਗਾ ਪੀ ਲੈ, ਪੀ ਲੈ ਕੋਈ ਗੱਲ ਨ੍ਹੀਂ।”
“ਤੂੰ ਹੁਣ ਗੱਲ ਸੁਣਾਉਨੈਂ ਕਿ ਘੁੱਟ ਲਾਉਣ ਦਾ ਮਹੌਲ ਬਣਾਉਨੈਂ?”
“ਸਬਰ ਤਾਂ ਕਰੋ ਦੋ ਮਿੰਟ। ਇਕ ਗਲਾਸ ਪੀ ਕੇ ਉਹਨੇ ਦੂਜਾ ਭਰ ਕੇ ਰੱਖ‘ਤਾ। ਕਹਿਣ
ਲੱਗਾ-ਲਾਉਣੀ ਤਾਂ ਪੱਕੀ ਸੀ ਪਰ ਗਰਮੀ! ਅੱਜ ਅੱਗ ਈ ਲੱਗੀ ਪਈ ਆ। ਰਾਤ ਆਲ੍ਹੀ ਨ੍ਹੀਂ
ਉਤਰਦੀ। ਇਧਰ ਲੱਖਦਾਤਾ ਪੀਰ ਆਲੇ ਕਹੀ ਜਾਂਦੇ ਐ ਪੀ ਕੇ ਆਉਣਾ ਮਨ੍ਹਾਂ ਐ। ਆਹੀ ਜੁਆਕ ਤੋਂ
ਇਕ ਬੋਤਲ ਮੰਗਾਈ ਤੀ।”
“ਤੇ ਮਾਣਕ ਆਂਹਦਾ-ਕੋਈ ਨ੍ਹੀਂ, ਮੈਂ ਬਾਹਰੋਂ ਵੀ ਲਾ ਕੇ ਆਇਆਂ, ਏਥੇ ਵੀ ਲਾਊਂ।
ਤੇ ਉਹਨੇ ਬੋਤਲ ਤਾਕੀ ਥਾਣੀਂ ਬਾਹਰ ਵਗਾਹ ਕੇ ਝੋਨੇ ਦੇ ਖੇਤ ‘ਚ ਮਾਰੀ, ਤੇ ਗਲਾਸ ਭਰ ਕੇ
ਖੂੰਜੇ ਜਿਹੇ ‘ਚ ਟਿਕਾ ਕੇ ‘ਖਿਆਲ ਰੱਖਿਓ’ ਕਹਿ ਕੇ ਬਾਹਰ ਚਲੇ ਗਿਆ।”
“ਉਹ ਫਿਰ ਤੈਂ ਚੜ੍ਹਾ ਲਿਆ ਹੋਣੈ ਗਲਾਸ ਕੰਗਣੀ ਆਲਾ?”
“ਮੈਂ ਕਾਹਨੂੰ ਚੜ੍ਹਾਉਣਾ ਸੀ, ਗੱਲ ‘ਗਾਂਹ ਆਲੀ ਸੁਆਦ ਦੀ ਸੁਣੋ। ਤੇ ਉਧਰ ਨਾਲ ਲਗਦੀ ਸਟੇਜ
ਤੋਂ ਅਨਾਊਂਸ ਹੋ ਗਿਆ, ਪਈ ਪ੍ਰੋਗਰਾਮ ਦੇ ਆਖਿਰ ‘ਚ ਪੇਸ਼ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ
ਮਾਣਕ।”
“ਫੇਰ?”
“ਬਈ ਮਾਣਕ ਦਾ ਨਾਂ ਵੇਖਿਆ। ਸੁਣਦੇ ਸਾਰ ਤੀਵੀਆਂ, ਬੁੜੀਆਂ, ਬੰਦੇ, ਨਿਆਣੇ, ਸੋਫ਼ੀ, ਸ਼ਰਾਬੀ,
ਗੱਭਰੂ, ਬੁੱਢੇ ਰੋਟੀ/ਟੁੱਕ ਵਿਚੇ ਛੱਡ ਭੱਜ ਪਏ ਭਰਿੰਡਾਂ ਵਾਂਗ ਸਟੇਜ ਵੱਲ ਨੂੰ। ਮਾਣਕ ਦੇ
ਸਾਜ਼ੀ ਸਟੇਜ ‘ਤੇ ਚਲੇ ਗਏ ਅਤੇ ਅੰਦਰ ਰਹਿ ਗਏ ਮੈਂ ਤੇ ਮੇਰਾ ਸਾਲਾ, ਮਾਣਕ ਦਾ ਚੇਲਾ
ਸੁਖਵਿੰਦਰ ਪੰਛੀ, ਕੁਲਦੀਪ ਮਾਣਕ ਤੇ ਕੇਵਲ ਜਲਾਲ।”
“ਮਾਣਕ ਕਹਿਣ ਲੱਗਾ, ਪਈ ਪੰਛੀ, ਮੈਂ ਪਿਸ਼ਾਬ ਕਰਨ ਤੋਂ ਬਾਹਲਾ ਤੰਗ ਆਂ। ਉਧਰ ਸਟੇਜ ‘ਤੇ ਪਤਾ
ਨ੍ਹੀਂ ਦੋ ਘੰਟੇ ਲੱਗਣੇ ਆ ਕਿ ਤਿੰਨ। ਬਾਹਰ ਬੰਦੇ-ਜਨਾਨੀਆਂ ਦਾ ਸਾਹ ਨ੍ਹੀਂ ਆਉਂਦਾ। ਅੰਦਰ
ਗੁਸਲਖਾਨਾ ਹੈ ਨ੍ਹੀਂ, ਕੀਤਾ ਕੀ ਜਾਵੇ।”
“ਆਹੋ ਨਾਲੇ ਮਾਣਕ ਕਿਹੜਾ ਛੋਟਾ ਬੰਦਾ ‘ਤੀ ਜਿਹੜਾ ਸਾਡੇ ਵਾਂਗ ਮੂੰਹ ਜ਼ੁਬਾਨੀ ਕਰ ਲੈਂਦਾ।”
“ਮਾਣਕ ਫਿਰ ਪੰਛੀ ਨੂੰ ਕਹਿਣ ਲੱਗਾ-ਉਹ ਕੰਜਰ ਦਿਆ, ਕਰ ਕੁਝ ਪੇਡੂ ਪਾਟ ਜੂ। ਉਧਰ
ਅਨਾਊਂਸਮੈਂਟ ਹੋਈ ਜਾਂਦੀ ਆ।”
“ਪੰਛੀ ਨੂੰ ਫਿਰ ਜੁਗਤ ਅਹੁੜ ਗਈ। ਉਹ ਨੇ ਚੁੱਕਿਆ ਉਹੀ ਬੀਅਰ ਦਾ ਕੰਗਣੀ ਵਾਲਾ ਗਲਾਸ ਤੇ
ਖਾਲੀ ਕਰਕੇ ਕਹਿੰਦਾ-ਉਸਤਾਦ ਜੀ ਲਓ, ਇਹ ਤਾਂ ਮਾਂਜਤਾ ਛੜਿਆਂ ਦੇ ਲੋਟੇ ਵਾਂਗ। ਲੱਗ ਜੋ
ਖੂੰਜੇ ਨੂੰ ਤੇ ਖੋਲ੍ਹ ਦਿਓ ਭਾਖੜੇ ਡੈਮ ਆਲਾ ਗੇਟ।”
“ਤੇ ਮਾਣਕ ਨੇ ਫਿਰ ਜਿੱਦਾਂ ਸਾਈਜ਼ ਮਿਣਿਆ ਹੁੰਦਾ। ਉਥੇ ਤੱਕ ਹੀ ਭਰ‘ਤਾ ਫਿਰ ਉਹੀ ਗਲਾਸ।”
“ਤੇ ਸ਼ਰਾਰਤੀ ਪੰਛੀ ਨੇ ਉਸੇ ਥਾਂ ਫਿਰ ਗੋਰਖ ਦੇ ਚੇਲਿਆਂ ਵਾਂਗ ਕਮੰਡਲੀ ਟਿਕਾ‘ਤੀ।”
“ਉਧਰ ਬੀਅਰ ਵਾਲੇ ਦੇ ਵੀ ਖਿਆਲ ‘ਚ ਆਇਆ ਕਿ ਫਿਰ ਤਾਂ ਮਾਣਕ ਨੇ ਲੱਗ ਪੈਣੈ, ਭੱਜ ਕੇ ਖਿੱਚ
ਆਈਏ ਉਹ ਵੀ। ਗੌਣ-ਪਾਣੀ ਹੋਰ ਚੰਗਾ ਲੱਗੂ ਤੇ ਮਾਣਕ ਨਿਕਲਣ ਹੀ ਲੱਗਾ ਸੀ, ਕਿ ਉਹ ਧੜੱਸ
ਕਰਦਾ ਅੰਦਰ ਆ ਵੜਿਆ। ਉਹ ਬੀਅਰ ਵਾਲਾ ਗਿਲਾਸ ਸਮਝ ਚੁਕ ਕੇ ਮੂੰਹ ਨੂੰ ਲਾਉਣ ਹੀ ਲੱਗਾ ਸੀ
ਕਿ ਪੰਛੀ ਦੀ ਨਿਗ੍ਹਾ ਪੈ ਗਈ। ਪੰਛੀ ਨੇ ਇਕ ਤਰ੍ਹਾਂ ਝਪਟ ਕੇ ਹੀ ਉਸ ਨੂੰ ਗਿਲਾਸ ਮੂੰਹ ਨੂੰ
ਲਾਉਣੋਂ ਰੋਕ ਦਿਤਾ। ਇਸ ਤੋਂ ਪਹਿਲਾਂ ਕਿ ਪੰਛੀ ਕੁਝ ਕਹਿੰਦਾ, ਉਹ ਬੋਲਿਆ, “ਸਾਲੀ ਝੱਟ ਵਿਚ
ਹੀ ਗਰਮ ਹੋ ਗਈ।”
“ਪੰਛੀ ਨੇ ਤਾਂ ਪਰ੍ਹੇ ਨੂੰ ਮੂੰਹ ਕਰਕੇ ਹਾਸਾ ਨਕਲੀ ਖੰਘ ‘ਚ ਲਕੋ ਲਿਆ ਪਰ ਮਾਣਕ ਤੋਂ ਰਿਹਾ
ਨਾ ਗਿਆ-ਗਰਮੀ ਤਾਂ ਸਾਲੀ ਨਾਲ ਜਾਨ ਨਿਕਲਦੀ ਐ ਪਰ ਮਿੱਤਰਾ ਬਚ ਗਿਆ, ਨਹੀਂ ਤਾਂ ਤੂੰ
ਮੁਰਾਰਜੀ ਡਿਸਾਈ ਵਾਂਙੂੰ ਛੇਤੀ ਬਿਮਾਰ ਨ੍ਹੀਂ ਸੀ ਹੁੰਦਾ।”
“ਪਰ ਮਾਹਟਰਾ ਇਕ ਗੱਲ ਹੋਰ ਪੱਕੀ ਐ। ਇਹ ਸਾਲਾ...ਪੀਣ ਵਾਲਾ ਵੀ ਪੱਕਾ ਸਾਡੇ ‘ਚੋਂ ਹੋਊ।”
ਬਸੰਤ ਬੋਲਿਆ।
“ਕਿਵੇਂ?”
“ਤੇ ਡੌਂਅ ਸਾਡੇ ਵਾਂਗ ਉਹਦੇ ਬਲਿਆ ਹੋਣੈ। ਚੱਲ ਆ ਹੇਠਾਂ, ਅਹੁ ਦਿਸਣ ਲੱਗ ਪਿਐ ਠੇਕਾ।”
ਅੰਤਿਕਾ:
ਦੱਦਾ-ਕਹਿੰਦਾ ਦਿੱਤੀ ਨਹੀਂ
ਵਿਧਾਤਾ ਤਾਈਂ ਕਿਸੇ ਮੱਤ
ਇਨ੍ਹਾਂ ਮੂਰਖਾਂ ਦੇ ਸਿਰ ਉਤੇ
ਸਿੰਗ ਤਾਂ ਲਗਾਉਣੇ ਸੀ।
ਦਿੱਤੇ ਨ੍ਹੀਂ ਖਜ਼ਾਨੇ ਕਾਹਤੋਂ
ਸਖੀਆਂ ਨੂੰ ਦੌਲਤਾਂ ਦੇ
ਸੂਮਾਂ ਦੇ ਤਪਾ ਕੇ ਪੈਸੇ
ਮੱਥੇ ਵਿਚ ਲਾਉਣੇ ਸੀ।
ਫੇਰ ਪਤਾ ਲੱਗ ਜਾਂਦਾ
ਤੇਰੀਆਂ ਸ਼ੈਤਾਨੀਆਂ ਦਾ
ਮਰੇ ਹੋਏ ਬੰਦੇ
ਇਕ ਵਾਰ ਤਾਂ ਮਿਲਾਉਣੇ ਸੀ।
(‘ਜ਼ਿੰਦਗੀ ਦੇ ਸੱਚ’ ਵਿਚੋਂ)
-0-
|