ਮੈਂ ਦਗੜ ਦਗੜ ਪੌੜੀਆਂ ਚੜ੍ਹਦੀ ਕੋਠੇ ਦੇ ਬਨੇਰੇ ਤੇ ਜਾਲੀ ਦੀਆਂ ਮੋਰੀਆਂ ਨਾਲ ਬੱਧੀ ਤਾਰ
ਤੇ ਕੱਪੜੇ ਸੁੱਕਣੇ ਪਾਉਣ ਜਾਂਦੀ ਹਾਂ ਤਾਂ ਸਰਸਰੀ ਨਿਗਾਹ ਨਾਲ ਆਸੇ ਪਾਸੇ ਦੇ ਘਰਾਂ ਵਲ,
ਘਰਾਂ ਵਿਚ ਵਸਦੇ ਲੋਕਾਂ ਵਲ ਵੇਖਦੀ ਹਾਂ। ਕੱਪੜੇ ਸੁੱਕਣੇ ਪਾਉਣਾ ਜਾਂ ਉਤਾਰਨ ਜਾਣਾ ਤਾਂ
ਉਪਰ ਆਉਣ ਦਾ ਇਕ ਬਹਾਨਾ ਜਿਹਾ ਹੀ ਹੁੰਦਾ ਹੈ। ਤਾਰ ਤੇ ਲਟਕਦੇ ਕੱਪੜੇ ਤਾਂ ਮੈਨੂੰ ਆਪਣੇ
ਟੰਗੇ ਹੋਏ ਜਾਂ ਸਿਰ ਪਰਨੇ ਲਟਕਦੇ ਸੁਪਨਿਆਂ ਵਾਂਗ ਧੁੱਪਾਂ ਛਾਵਾਂ ਜਰਦੇ ਲਗਦੇ ਹਨ। ਪੂਰੀ
ਹਵੇਲੀ ‘ਚ ਮੇਰੇ ਲਈ ਸਭ ਤੋਂ ਸੌਖਾ ਥਾਂ ਇਹ ਛੱਤ ਉਪਰਲਾ ਥਾਂ ਹੀ ਹੈ, ਜਿਥੇ ਮੈਂ ਆਪਣੇ ਆਪ
ਦਾ ਸਾਥ ਮਾਣਦੀ ਹਾਂ। ਹੇਠਾਂ ਹਵੇਲੀ ਦੀਆਂ ਉੱਚੀਆਂ-ਉੱਚੀਆਂ ਦਿਵਾਰਾਂ ਅਤੇ ਵਿਹੜੇ ਵਲ ਨੂੰ
ਖੁਲ੍ਹਦੇ ਦਰਾਂ ਵਾਲੇ ਸਭ ਕਮਰੇ ਮੈਨੂੰ ਟੀ.ਵੀ. ਤੇ ਦੇਖੀ ਜੇਲ੍ਹ ਵਰਗਾ ਅਹਿਸਾਸ ਕਰਵਾਉਂਦੇ
ਹਨ। ਜਦ ਹੇਠਾਂ ਮੇਰਾ ਦਮ ਘੁਟਦਾ ਹੈ ਤਾਂ ਉਪਰ ਆ ਕੇ ਹੋਰ ਸੁਖਾਲਾ ਸਾਹ ਆਉਂਦਾ ਹੈ। ਇਥੋਂ
ਸਾਹਮਣੇ ਨੀਵੇਂ ਜਹੇ ਵਿਹੜੇ ਵਾਲਾ ਸਧਾਰਣ ਜਿਹਾ ਘਰ ਮੈਂ ਘੰਟਿਆਂ ਬੱਧੀ ਨਿਹਾਰ ਸਕਦੀ ਹਾਂ।
ਉਸ ਘਰ ਵਲ ਉਠਦੀਆਂ ਪਲਕਾਂ ਮੇਰੇ ਕਈ ਪਿਛਲੇ ਪੰਨਿਆਂ ਦੀ ਫੋਲਾ ਫਾਲੀ ਕਰਨ ਲਗਦੀਆਂ ਹਨ। ਇਹ
ਘਰ ਮੇਰੇ ਨਾਲ ਪੜ੍ਹਦੇ ਗਿੰਦਰ ਦਾ ਘਰ ਹੈ। ਗਿੰਦਰ ਮੇਰੇ ਨਾਲ ਹੋਸਟਲ ਵਿਚਲੀ ਰੂਮਮੇਟ ਦਾ ਕਈ
ਸਾਲ ਦੋਸਤ ਰਿਹਾ ਹੈ। ਮੈਨੂੰ ਰਹਿ ਰਹਿ ਕੇ ਹੋਸਟਲ ਦੇ ਰੰਗੀਨ ਅਤੇ ਅਜ਼ਾਦ ਗੁਜਾਰੇ ਦਿਨ ਯਾਦ
ਆ ਜਾਂਦੇ ਹਨ। ਸਾਰੀ ਸਾਰੀ ਰਾਤ ਭੂਤਾਂ ਵਾਂਗ ਕਿਲਕਾਰੀਆਂ ਮਾਰਦੇ ਫਿਰਨਾ, ਕਹਿਕਹੇ ਲਗਾਉਣਾ,
ਘਰ ਦੀਆਂ ਵਿਵਰਜਤ ਰੁੱਤਾਂ ਤੋਂ ਪਾਰ ਦੀਆਂ ਗੱਲਾਂ ਕਰਨੀਆਂ, ਨਾਚ-ਗਾਣਿਆਂ ਤੇ ਹਾਸਿਆਂ ਭਰਿਆ
ਉਹ ਮਾਹੌਲ ਜੋ ਚੁਫੇਰੇ ਅਲ੍ਹੜ ਰੁੱਤ ਦੀ ਬਾਤ ਪਾਉਂਦਾ ਖੁਸ਼ੀਆਂ ਬਿਖੇਰਦਾ ਸੀ। ਮਰਜੀ ਨਾਲ
ਸੌਣਾ ਮਰਜੀ ਨਾਲ ਜਾਗਣਾ, ਫੇਰ ਪੂਰੇ ਰੋਹਬ ਨਾਲ ਮੈੱਸ ਦੇ ਛੋਟੂ ਨੂੰ ਬਣੀ ਬਣਾਈ ਥਾਲੀ
ਪਰੋਸਣ ਲਈ ਆਖਣਾ। ਕਿੰਨੇ ਹੁਸੀਨ ਪਲ ਸਨ! ਜੋ ਚੇਤਿਆਂ ਵਿਚ ਜਾ ਰਲੇ ਹਨ। ਉਦੋਂ ਵਕਤ ਜਿਵੇਂ
ਕੱਚ ਦੀਆਂ ਗੁਰਗਾਬੀਆਂ ਪਾ ਤੁਰਿਆ ਸੀ। ਸਮਾਂ ਵੀ ਕਿੰਨੀ ਬਲਵਾਨ ਸ਼ੈਅ ਹੁੰਦੈ! ਕਦੇ ਵਰ੍ਹਿਆਂ
ਦੇ ਵਰ੍ਹੇ ਪਲਕ ਝਪਕਦਿਆਂ ਲੰਘਾ ਦਿੰਦੈ ਤੇ ਕਦੇ ਪਲ ਦੋ ਪਲ ਵੀ ਵਰ੍ਹਿਆਂ ਵਾਂਗ ਅੜ ਕੇ ਖੜ੍ਹ
ਜਾਂਦੇ ਨੇ- ਇਕ ਵਾਲੀ ਭੂਆ ਜੀ ਨੇ ਕਿਹਾ ਸੀ - ‘ਕੁੜੀ ਨੂੰ ਹੋਸਟਲ ‘ਚ ਬਾਹਲਾ ਚਿਰ ਨਾ
ਰੱਖਿਓ, ਫੇਰ ਇਹ ਘਰਾਂ ਜੋਗੀਆਂ ਨੀ ਰਹਿੰਦੀਆਂ।‘ ਉਸ ਵੇਲੇ ਭੂਆ ਜੀ ਦੇ ਆਖੇ ਇਹ ਬੋਲ ਸਿਲਤ
ਵਾਂਗ ਚੁਭੇ ਸਨ ਪਰ ਅੱਜ ਸੱਚ ਜਾਪਦੇ ਹਨ। ਗਿੰਦਰ ਦੇ ਘਰ ਨਾਲ ਜਾਣ ਪਛਾਣ ਤਾਂ ਰਾਣੇ ਨੇ ਹੀ
ਕਰਵਾਈ ਸੀ, ਜਦੋਂ ਮੈਂ ਉਸ ਨੂੰ ਨਵੀਂ ਨਵੀਂ ਮਿਲੀ ਸੀ, ਉਹ ਵੀ ਮੇਰੇ ਮਗਰ ਛੱਤ ਤੇ ਆ ਕੇ
ਮੇਰੇ ਪਿੰਡੇ ਨਾਲ ਅਠਖੇਲੀਆਂ ਕਰਦਾ ਪਿੰਡ ਨਾਲ ਪਛਾਣ ਕਰਵਾ ਰਿਹਾ ਸੀ-
‘ਦੇਖ ਲੈ ਤੇਰਾ ਘਰ ਪਿੰਡ ‘ਚ ਸਭ ਤੋਂ ਉੱਚੈ। ਉਹ ਆਪਣੇ ਤਾਇਆ ਜੀ ਨੰਬਰਦਾਰਾਂ ਦਾ ਘਰ।‘ ਤੇ
ਫੇਰ ਉਸ ਨੇ ਇਸ ਘਰ ਵਲ ਉਂਗਲ ਕਰਕੇ ਇਕ ਛੋਟਾ ਜਿਹਾ ਘਰ ਦਿਖਾਉਂਦਿਆਂ ਕਿਹਾ ਸੀ-
‘ਉਹ ਜਿਹੜਾ ਲੰਗ ਜਿਆ ਘਰ ਦਿਸਦੈ, ਢਹਿੰਦੀ ਜੀ ਕੰਧ ਵਾਲਾ, ਉਨ੍ਹਾਂ ਦਾ ਛੋਹਰ ਵੀ
ਯੂਨੀਵਰਸਿਟੀ ‘ਚ ਪੜ੍ਹਦਾ ਰਿਹੈ। ਬਾਹਲੀ ਪੜ੍ਹਾਈ ਨੇ ਉਸਦਾ ਸਿਰ ਖਰਾਬ ਕਰ ਰੱਖਿਐ। ਉਹ ਊਂਈ
ਰਾਹ ਜਾਂਦਿਆਂ ਨਾਲ ਖਹਿਬੜਦਾ ਫਿਰੂ। ਸਿੱਧੇ ਮੂੰਹ ਤਾਂ ਗੱਲ ਈ ਨੀ ਕਰਦਾ।‘
ਇਹ ਆਖ ਕੇ ਰਾਣਾ ਜਿਵੇਂ ਸਭ ਪੜ੍ਹਾਈ ਕਰਨ ਵਾਲੇ ਲੋਕਾਂ ਨੂੰ ਇਕੋ ਰੱਸੇ ਲਪੇਟ ਰਿਹਾ ਸੀ।
ਸ਼ਾਇਦ ਉਹ ਆਪਣੀ ਅਨਪੜ੍ਹਤਾ ਨੂੰ ਢੰਕਣ ਲਾ ਰਿਹਾ ਹੋਵੇ। ਮੇਰੇ ਵੀਰੇ ਨੂੰ ਸਾਕ ਕਰਨ ਵੇਲੇ ਇਸ
ਨੇ ਆਪਣੀ ਡਿਗਰੀ ਬੀ.ਏ. ਤਕ ਦੱਸੀ ਸੀ, ਪਰ ਗੱਲਾਂ ਬਾਤਾਂ ਤੋਂ ਮੈਨੂੰ ਦਸਵੀਂ ਬਾਰ੍ਹਵੀਂ
ਪਾਸ ਵੀ ਮਸਾਂ ਹੀ ਲਗਦਾ ਹੈ। ਮੈਂ ਆਪਣੀ ਅਲ੍ਹੜ ਵਰੇਸ ਵੇਲੇ ਪਾਲੀ ਕਿਸੇ ਦਿਲ ਦੇ ਜਾਨੀ ਨੂੰ
ਤਲਾਸ਼ਣ ਦੀ ਰੀਝ ਤੁਲ ਇਸ ਕਾਕਾ ਜੀ ਨੂੰ ਕਿਆਸ ਕੇ ਝੂਰਦੀ ਹਾਂ। ਉਹ ਗਿੰਦਰ ਬਾਰੇ ਗੱਲ ਕਰਦਾ
ਆਪਣੇ ਪੈਸੇ ਦੇ ਮਾਣ ਨੂੰ ਗੌਲਦਾ ਗਿੰਦਰ ਦੇ ਅੰਦਰਲੇ ਇੱਲਮ ਨੂੰ ਅਕਸਰ ਰੋਲ ਦਿੰਦਾ ਹੈ, ਜੋ
ਜਮਾਤ ਵਿਚੋਂ ਹਮੇਸ਼ਾਂ ਫਸਟ ਆ ਕੇ ਵੀ ਨੌਕਰੀ ਲਈ ਕੋਈ ਜੁਗਾੜ ਨਹੀਂ ਜੁਟਾ ਸਕਿਆ। ਮੇਰੀ ਰੂਮ
ਮੇਟ ਜੀਤੀ ਅਤੇ ਗਿੰਦਰ ਦੀ ਦੋਸਤੀ ਜੱਗ ਜਾਹਰ ਸੀ। ਜਦੋਂ ਇਹ ਜੋੜੀ ਚੋਹਲ ਮੋਹਲ ਕਰਦੀ
ਦਰਖਤਾਂ ਹੇਠ ਦੀ ਤੁਰਦੀ ਤਾਂ ਦੋਹਾਂ ਦਾ ਮਿਲਦਾ ਜੁਲਦਾ ਕਦ ਬੁੱਤ, ਤੋਰ, ਹਰਕਤਾਂ ਸਭ ਇਕ
ਦੂਜੇ ਲਈ ਘੜੇ ਹੋਣ ਦੀ ਦੱਸ ਪਾਉਂਦੀਆਂ ਸਨ। ਗਈ ਰਾਤ ਤਕ ਜੀਤੀ ਮੇਰੇ ਕੋਲ ਗਿੰਦਰ ਨਾਲ
ਹੋਈਆਂ ਬੀਤੀਆਂ ਦੁਹਰਾਉਂਦੀ ਰਹਿੰਦੀ। ਕਈ ਵਾਰੀ ਮੈਂ ਉਸ ਦੀਆਂ ਬੇ ਤੁਕੀਆਂ ਸੁਣਦੀ ਅੱਕ
ਜਾਂਦੀ। ਮੈਂ ਟੋਕਦੀ ਮੇਰੇ ਮਾਂ ਜੀ ਕਹਿੰਦੇ ਨੇ-
‘ਬਾਹਲਾ ਹੇਜ ਬਾਹਲੀ ਛੇਤੀ ਮੁੱਕ ਜਾਂਦੈ ਬਸ ਕਰ।‘
ਪਰ ਜੀਤੀ ਮੇਰੀ ਗੱਲ ਗੌਲੇ ਬਿਨਾਂ ਆਪਣੀ ਰਮਾਇਣ ਸੁਣਾਉਂਦੀ ਰਹਿੰਦੀ। ਮੂਹਰੋਂ ਭਰੇ ਜਾਂਦੇ
ਹੂੰਗਾਰੇ ਦੀ ਗਹਿਰਾਈ ਮਾਪੇ ਬਿਨਾਂ ਬਸ ਬੋਲਦੀ ਰਹਿੰਦੀ। ਉਹ ਕਿਸੇ ਸੁਪਨ ਸੰਸਾਰ ਵਿਚ ਉਤਰੀ
ਲਗਦੀ। ਜੀਤੀ ਨੂੰ ਉਡੂੰ ਉਡੂੰ ਕਰਦੀ ਵੇਖ ਇਕ ਵਾਰੀ ਮੈਂ ਪੁੱਛਿਆ ਸੀ ‘ਮੈਨੂੰ ਸੱਚੋ ਸੱਚ
ਦੱਸ ਤੂੰ ਗਿੰਦਰ ਨੂੰ ਕਿੰਨਾ ਕੁ ਚਾਹੁੰਨੀ ਐਂ! ਤੇ ਫੇਰ ਅੰਦਰ ਕੀ ਬਦਲਾ ਆ ਜਾਂਦੈ।‘ ਉਹ
ਸ਼ਰਬਤੀ ਅੱਖਾਂ ਵਿਚ ਖੁਮਾਰ ਜਿਹਾ ਭਰਕੇ ਦਾਰਸ਼ਨਿਕਾਂ ਵਾਂਗ ਬੋਲਣ ਲੱਗੀ-
‘ਸੱਚੀ ਗਿੰਦਰ ਜਦੋਂ ਬੋਲਦੈ ਮੈਨੂੰ ਲਗਦੈ ਉਹਦੇ ਹਾਸਿਆਂ ਨਾਲ ਈ ਫਸਲਾਂ ਪਕਦੀਆਂ ਨੇ, ਬੱਦਲ
ਵਰ੍ਹਦੇ ਨੇ ਫੁੱਲਾਂ ਦੀਆਂ ਪੰਖੜੀਆਂ ਪਲਕਾਂ ਖੋਲ੍ਹਦੀਆਂ ਨੇ।‘
ਮੈਂ ਹਾਸੇ ਰੁਖ ਪਲਟੀ- ‘ਬਸ ਕਰ ਥੱਲੇ ਉੱਤਰਿਆ, ਹੋਰ ਨਾ ਇੰਦਰ ਦੇਵਤਾ ਰੁਸ ਜੇ, ਕਿਤੇ ਪਰਲੋ
ਆ ਜੇ।‘
ਜੀਤੀ ਨੇ ਮੈਨੂੰ ਕਲਾਵੇ ਵਿਚ ਭਰ ਲਿਆ। ਮੈਂ ਉਸ ਨੂੰ ਪਰ੍ਹੇ ਧਕਦੀ ਨੇ ਕਿਹਾ ‘ਮਾਫ ਕਰਨਾ
ਇਹਨਾਂ ਲੂਹਰੀਆਂ ਜੀਆਂ ਨੂੰ ਕੋਲ ਸਾਂਭ ਕੇ ਰੱਖ, ਮੈਂ ਗਿੰਦਰ ਨੀ ਹਾਂ।‘ ਫੇਰ ਉਹ ਅੱਖਾਂ
ਭਰਦੀ ਖੁਸ਼ੀ ਦੇ ਪਲਾਂ ਵਿਚ ਵੀ ਪਿਘਲਦੀ ਅੰਤਾਂ ਦੀ ਉਦਾਸ ਹੋ ਜਾਂਦੀ-
‘ਦੇਖੀਂ ਕਈ ਵਾਰ ਉਹ ਬਹੁਤ ਉਦਾਸ ਹੋ ਜਾਂਦੈ, ਬਈ ਆਪਾਂ ਤਾਂ ਨਹਿਰ ਦੇ ਦੋ ਕਿਨਾਰੇ ਆਂ
ਜਿਹੜੇ ਕਦੇ ਨੀ ਮਿਲਣੇ। ਤੂੰ ਕਿਥੇ ਵਣਜ, ਲਾ ਬੈਠੀ? ਮੇਰੇ ਭੀੜੇ ਵਿਹੜੇ ‘ਚ ਤੇਰੇ ਸੁਪਨੇ
ਮੇਚ ਨਹੀਂ ਆਉਣੇ।‘ ਜੀਤੀ ਮੂੰਹੋਂ ਇਹੋ ਜਹੀਆਂ ਗੱਲਾਂ ਸੁਣਦੀ ਮੈਂ ਵੀ ਉਹਦੇ ਮਨ ਵਿਹੜੇ
ਉਤਰੀ ਕਾਸ਼ਨੀ ਧੁੱਪ ਦਾ ਨਿੱਘ ਮਾਣਦੀ। ਜਦੋਂ ਉਹ ਗਿੰਦਰ ਦੀਆਂ ਕਹੀਆਂ ਗੱਲਾਂ ਦਸਦੀ-
‘ਦੇਖੀਂ ਗਿੰਦਰ ਦਿਲ ਦਾ ਤਾਂ ਸ਼ਹਿਜਾਦੈ, ਕਹਿੰਦਾ ਜੇ ਕਹੇਂ ਤਾਂ ਛਾਤੀ ਚੀਰ ਕੇ ਤੇਰੇ ਲਈ
ਅੰਦਰ ਬਣੀ ਥਾਂ ਵਿਖਾਵਾਂ।‘
ਮੈਂ ਸੋਚਦੀ ਕਾਸ਼ ਮੈਨੂੰ ਵੀ ਕੋਈ ਆਪਣੇ ਅੰਦਰ ਇਨੀ ਮੋਕਲੀ-ਥਾਂ ਦਾ ਸੱਦਾ ਦੇਵੇ। ਪਰ ਜੀਤੀ
ਨੂੰ ਮੈਂ ਅਕਸਰ ਵਰਜਦੀ, ‘ਕੀ ਘੰਟਿਆਂ ਬੱਧੀ ਗੱਲਾਂ ਕਰਦਿਓ। ਕਿਤੇ ਵਿਆਹ ਤੋਂ ਪਹਿਲਾਂ ਈ ਨਾ
ਗੱਲਾਂ ਦਾ ਕੋਟਾ ਪੂਰਾ ਕਰ ਲਿਓ, ਫੇਰ ਸਾਰੀ ਉਮਰ ਹਾਸੇ ਭਾਣੇ ਗੱਲ ਕਰਨ ਨੂੰ ਵੀ ਤਰਸ ਜੋਂ।‘
ਜੀਤੀ ਨੇ ਪੂਰੇ ਹਰਖ ਨਾਲ ਮੈਨੂੰ ਕਿਹਾ ਸੀ-
‘ਸ਼ੁਭ ਸ਼ੁਭ ਬੋਲ ਜੇ ਮੂੰਹ ਨੀ ਸੋਹਣਾ ਤਾਂ ਗੱਲ ਤਾਂ ਚੱਜਦੀ ਕਰ ਲਿਆ ਕਰ।‘
ਅਜ ਮੈਂ ਉਦੋਂ ਬੋਲੇ ਬੋਲਾਂ ਤੇ ਪਛਤਾ ਰਹੀ ਹਾਂ। ਅੱਜ ਉਹ ਸਭ ਹੋਈਆਂ ਬੀਤੀਆਂ ਮੇਰੀ ਸਾਹ
ਨਾੜੀ ਵਿਚ ਚੁਭਣ ਲਗਦੀਆਂ ਨੇ। ਇਕ ਵਾਰੀ ਜੀਤੀ ਨੇ ਮੈਨੂੰ ਪੁੱਛਿਆ ਸੀ- ‘ਤੇਰੇ ਨੀ ਜੀ ਕਰਦਾ
ਕੋਈ ਤੇਰਾ ਈ ਆਪਣਾ ਹੋਵੇ ਬਸ।‘
‘ਜੀ ਤੋਂ ਹਾਲੇ ਪੁੱਛਿਆ ਨੀ, ਘਰਦਿਆਂ ਛਿੱਤਰਾਂ ਤੋਂ ਡਰ ਬਹੁਤਾ ਲਗਦੈ। ਦੂਜਾ ਮੈਂ ਤਾਂ
ਅਵਦੇ ਘਰ ਵਾਲੇ ਨੂੰ ਸੁੱਚੀ ਦੇਹੀ, ਸੁੱਚੀਆਂ ਸੋਚਾਂ ਗਿਫਟ ਵਜੋਂ ਪਰੋਸਣੀਆਂ ਨੇ, ਤੇ ਜੀ
ਕਰਦੈ ਉਹ ਵੀ ਮੇਰੇ ਕੋਲ ਇਸੇ ਸ਼ਿੱਦਤ ਨਾਲ ਆਵੇ।‘ ਮੈਂ ਵੀ ਆਪਣਾ ਅੰਦਰ ਉਸ ਕੋਲ ਖੋਲ੍ਹਿਆ
ਸੀ। ‘ਮੈਨੂੰ ਤੇਰੇ ਲਈ ਵੀ ਡਰ ਆਉਂਦੈ ਮਨ ਚਾਹਤ ਕਰ ਬੈਠੇ ਤੇ ਰੀਝ ਅਧੂਰੀ ਰਹਿ ਜੇ ਫੇਰ ਜੂਨ
ਥੋੜ੍ਹੋ ਰਹਿ ਜਾਂਦੀ ਐ।‘ ਜੀਤੀ ਪੂਰੀ ਬੇਪ੍ਰਵਾਹੀ ਨਾਲ ਕਹਿ ਰਹੀ ਸੀ-
‘ਉਦੋਂ ਦੀ ਉਦੋਂ ਦੇਖੀ ਜਾਊ ਹੁਣ ਨੂੰ ਕਾਹਨੂੰ ਬਰਬਾਦ ਕਰੀਏ।‘
ਪਰ ਮੈਨੂੰ ਲਗਦੈ ਕਿਸੇ ਸੀਨੇ ਦੀ ਮਿੱਟੀ ਵਿਚ ਉੱਗ ਪੈਣ ਪਿਛੋਂ ਉਸਦੀਆਂ ਜੜ੍ਹਾਂ ਵੱਢੇ ਜਾਣ
ਪਿਛੋਂ ਵੀ ਨਿੱਤ ਕਰੂੰਬਲਾਂ ਫੁੱਟ ਪੈਂਦੀਆਂ ਹੋਣਗੀਆਂ। ਗਿੰਦਰ ਨੂੰ ਜਦੋਂ ਮੈਂ ਆਪਣੇ ਹੋਣ
ਵਾਲੇ ਮੰਗੇਤਰ ਬਾਰੇ ਪੁੱਛਿਆ ਸੀ ਤਾਂ ਉਸ ਨੇ ਵਿਅੰਗ ਜਹੇ ਨਾਲ ਕਿਹਾ ਸੀ-
‘ਜਹੇਜੇ ਵੱਡੇ ਘਰਾਂ ਦੇ ਕਾਕੇ ਹੁੰਦੇ ਨੇ ਉਹਾਜਾ ਹੈਗਾ। ਜਮੀਨ ਜਾਇਦਾਤ, ਨੌਕਰ ਚਾਕਰ,
ਕੋਠੀਆਂ ਕਾਰਾਂ, ਗਹਿਣੇ ਕਪੜੇ, ਘੁੰਮਣਾ ਫਿਰਨਾ ਹੋਰ ਕੁੜੀਆਂ ਨੂੰ ਚਾਹੀਦਾ ਕੀ ਹੰਦੈ?‘
ਇਹ ਸਭ ਸ਼ਾਇਦ ਉਹ ਜੀਤੀ ਦੀ ਬੇਵਫਾਈ ਨੂੰ ਅੱਗੇ ਰੱਖ ਕੇ ਮੈਨੂੰ ਸੁਣਾ ਰਿਹਾ ਸੀ। ਜਦੋਂ ਉਹ
ਭਰੀਆਂ ਅੱਖਾਂ ਨਾਲ ਜੀਤੀ ਦੇ ਕਿਸੇ ਬਾਹਰਲੇ ਅਮੀਰ ਮੁੰਡੇ ਨਾਲ ਵਿਆਹੀ ਜਾਣ ਦੀ ਖਬਰ ਸੱਜਰੀ
ਹੀ ਸੁਣਕੇ ਆਇਆ ਸੀ। ਮੈਂ ਉਸਦੇ ਮੂੰਹ ਦੀਆਂ ਉਦਾਸ ਰੇਖਾਵਾਂ ਵਿਚੋਂ ਕਿੰਨਾ ਗਹਿਰਾ ਦੁੱਖ
ਪੜ੍ਹਿਆ ਸੀ। ਉਸ ਦਿਨ ਉਹ ਘੰਟਾ ਭਰ ਸਾਡੇ ਹੋਸਟਲ ਤੋਂ ਬਾਹਰਲੀ ਦੇਹਲੀ ਤੇ ਮੇਰੇ ਕੋਲ ਨੀਵੀਂ
ਪਾਈ ਬੈਠਾ ਇਕ ਡੱਕੇ ਨਾਲ ਜ਼ਮੀਨ ਦੀ ਹਿੱਕ ਤੇ ਲੀਕਾਂ ਵਾਹੁੰਦਾ ਰਿਹਾ। ਸ਼ਾਇਦ ਹੱਥਾਂ ਤੇ
ਟੁੱਟੀਆਂ ਵਸਲ ਦੀਆਂ ਲਕੀਰਾਂ ਨੂੰ ਮੁੜ ਤਰਤੀਬ ਦੇ ਰਿਹਾ ਹੋਵੇ। ਉਸ ਅੰਦਰ ਲੱਗੀ ਹੰਝੂਆਂ ਦੀ
ਝੜੀ ਉਸਨੂੰ ਹੋਰ ਵੀ ਗਹਿਰ ਗੰਭੀਰ ਦਰਸਾ ਰਹੀ ਸੀ। ਉਹ ਕਿੰਨਾ ਹੀ ਚਿਰ ਆਪਣੀ ਗਰੀਬੀ ਤੇ
ਝੁਰਦਾ ਰਿਹਾ। ਮੈਂ ਜੀਤੀ ਵਲੋਂ ਕਈ ਸਫਾਈਆਂ ਪਰੋਸਦੀ ਰਹੀ ਕਿ ਜੀਤੀ ਨੇ ਤਾਂ ਆਪਣੇ ਭਾਰਾ
ਕੋਲ ਤੇਰੇ ਬਾਰੇ ਗੱਲ ਤੋਰੀ ਸੀ ਪਰ ਉਸਦ ਭਰਾ ਨੇ ਦੱਸਿਆ ਕਿ ‘ਮੈਂ ਪਤਾ ਕੀਤੈ, ਮੁੰਡੇ ਕੋਲ
ਜ਼ਮੀਨ ਘੱਟ ਐ। ਆਹ ਪਿਆਰ ਪਿਊਰ ਤਾਂ ਇਕ ਮੀਂਹ ਦੀ ਵਾਛੜ ਨੀ ਝਲਦਾ ਜਦ ਆਟੇ ਦਾਣੇ ਦਾ ਭਾਅ
ਪਤਾ ਲਗਦੈ।‘ ਗਿੰਦਰ ਨੇ ਵੀ ਹੂੰਗਾਰਾ ਭਰਿਆ-
‘ਠੀਕ ਈ ਆਖਦੈ ਜੀਤੀ ਦਾ ਭਰਾ। ਚਲ ਉਹ ਤਾਂ ਸੌਖੀ ਹੋ ਜੂ, ਦੋਹਾਂ ਚੋਂ ਇਕ ਨੂੰ ਤਾਂ ਜਿਉਣ
ਜੋਗਾ ਜਗ ਨਸੀਬ ਹੋ ਜੂ। ਉਹਦੀ ਸੌਖ ਮੇਰੀ ਸੌਖ ਹੋ ਜੂ।‘
ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਜਤੀਤੀ ਵਿਆਹ ਕਰਵਾ ਕੇ ਆਪਣੀ ਪੜ੍ਹਾਈ ਵਿਚੇ ਛੱਡ
ਯੂ.ਕੇ. ਨੂੰ ਚੜ੍ਹ ਗਈ। ਉਸਦੇ ਇਉਂ ਅਚਾਨਕ ਜ਼ਿੰਦਗੀ ਵਿਚੋਂ ਮਨਫੀ ਹੋ ਜਾਣ ਨਾਲ ਜਿਵੇਂ
ਗਿੰਦਰ ਦਾ ਅੰਦਰ ਪੱਛਿਆ ਗਿਆ। ਉਸਨੂੰ ਗਿਲਾ ਸੀ ਕਿ ਉਮਰਾਂ ਜਿਨੀ ਲੰਮੀ ਬਾਤ ਦਾ ਹੂੰਗਾਰਾ
ਭਰਨ ਦਾ ਦਾਹਵਾ ਕਰਦੀ ਉਹ ਦੋ ਹੰਝੂ ਕੇਰਨ ਲਈ ਮੋਢਾ ਨਹੀਂ ਦੇ ਸਕੀ। ਪਰ ਇਹ ਗਿੰਦਰ ਦੀ
ਸ਼ਰਾਫਤ ਸੀ ਜੋ ਜੀਤੀ ਨੂੰ ਦੋਸ਼ੀ ਕਹਿਣ ਦੀ ਥਾਂ ਆਪਣੀ ਪਤਲੀ ਹਾਲਤ ਨੂੰ ਕੋਸਦਾ ਰਿਹਾ-
‘ਮੈਨੂੰ ਤਾਂ ਇਸ ਹੋਣੀ ਦਾ ਪਹਿਲਾਂ ਹੀ ਖਦਸ਼ਾ ਸੀ। ਚਲ ਉਹ ਜਾਣੇ, ਮੇਰੇ ਘਰ ਦੁਖੀ ਹੁੰਦੀ
ਤਾਂ ਮੈਨੂੰ ਹੋਰ ਔਖ ਚੜ੍ਹਨੀ ਸੀ। ਬਾਕੀ ਜਖ਼ਮਾਂ ਤੇ ਤਾਂ ਸਮਾਂ ਆਪੇ ਖਰੀਂਡ ਲੈ ਆਉਂਦੈ।‘
ਜੀਤੀ ਲਈ ਗਿੰਦਰ ਦੇ ਨਾਲ ਇਹ ਗਿਲਾ ਤਾਂ ਮੈਨੂੰ ਵੀ ਸੀ ਕਿ ਆਖਰੀ ਵਾਰ ਗਿਲੇ ਸ਼ਿਕਵੇ ਸਮੇਟ
ਲੈਣ ਲਈ ਫੁਰਸਤ ਬਟੋਰਨੀ ਬਣਦੀ ਸੀ। ਉਹ ਜਿਹੜੀ ਕਰਵਾਏ ਤੋਂ ਵੀ ਚੁੱਪ ਨਹੀਂ ਕਰਦੀ ਸੀ, ਉਹ
ਆਪਣੇ ਸੀਨੇ ਕੀ ਦਬਾ ਕੇ ਤੁਰ ਗਈ ਬਸ ਰੱਬ ਜਾਣਦਾ ਹੈ। ਹੁਣ ਹਾਣੇ ਨਾਲ ਵਿਆਹ ਕੇ ਮੈਂ ਗਿੰਦਰ
ਦੇ ਗਵਾਂਢ ਕੋਲ ਆ ਵਸੀ ਹਾਂ। ਮੈਨੂੰ ਵਿਆਹੁਣ ਗਏ ਇਕੱਠ ਵਿਚ ਮਗਰ ਖੜ੍ਹਾ ਮੈਂ ਗਿੰਦਰ
ਚੁਬਾਰੇ ਦੀ ਤਾਕੀ ਦਾ ਪਰਤਾ ਸਰਕਾ ਕੇ ਪਛਾਣਿਆ ਸੀ, ਜਦੋਂ ਮੈਂ ਰਾਣੇ ਨੂੰ ਢੁੱਕਿਆ ਆਇਆ
ਦੇਖਣ ਲੱਗੀ ਸੀ। ਮੇਰੇ ਵਿਆਹ ਮਗਰੋਂ ਜਦੋਂ ਕਦੇ ਵੀ ਗਿੰਦਰ ਆਉਂਦਾ ਹੱਥ ਜੋੜ ਕੇ ਪੂਰੇ
ਤਿਕਾਰ ਨਾਲ ਫਤਿਹ ਬੁਲਾਉਂਦਾ ਜਿਵੇਂ ਕਲਾਮ ਹੀ ਨਾ ਕੀਤੀ ਹੋਵੇ। ਉਸ ਦੀਆਂ ਨਜ਼ਰਾਂ ਵਿਚ
ਅਜਨਬੀਅਤ ਅਤੇ ਅਪਣੱਤ ਦਾ ਰੰਗ ਘੁਲਿਆ ਹੋਵੇ। ਫੇਰ ਉਹ ਜਦੋਂ ਵੀ ਸਾਡੇ ਵਿਹੜੇ ਕਿਸੇ ਕੰਮ
ਵੜਦਾ ਮੇਰੇ ਸੌਹਰੇ ਘਰ ਵਾਲੀ ਮਾਤਾ ਜੀ ਉਸ ਨੂੰ ਕਈ ਕੰਮ ਗਿਣਵਾ ਦਿੰਦੀ- ‘ਗਿੰਦਰਾ ਸਾਡੀ
ਮਹਿੰ ਖੁਲ੍ਹਗੀ ਬੰਨ੍ਹੀ ਵੀਰਾ, ਜੇ ਅੱਜ ਸ਼ਹਿਰ ਗਿਆ ਤਾਂ ਮੇਰੀਆਂ ਅੱਖਾਂ ਦੀ ਦਾਰੂ ਲਿਆਈ
ਪੁੱਤ ਵੇ, ਆਹ ਸਾਡਾ ਤਾਂ ਜੈ ਖਾਣੇ ਦਾ ਫੂਜ ਉੱਡ ਗਿਆ ਲਾਈਂ ਕੇਰਾਂ ਸ਼ੇਰ ਬਣਕੇ।‘ ‘ਅੱਛਾ
ਤਾਈ ਜੀ‘, ਕਹਿ ਕੇ ਗਿੰਦਰ ਹੁਕਮ ਬਜਾਉਂਦਾ ਤੇ ਬਿਨਾਂ ਚਾਹ ਪਾਣੀ ਪੀਤੇ ਤੋਂ ਵਾਪਸ ਚਲਾ
ਜਾਂਦਾ। ਕਿਉਂਕਿ ਬਿਨਾਂ ਕੰਮ ਵਾਲੇ ਬੰਦੇ ਤੋਂ ਅਜਿਹੀ ਸੁਲਾਹ ਮਾਰਨੀ ਮੇਰੇ ਸੌਹਰਿਆਂ ਦੇ
ਸਿਲੇਬਸ ‘ਚ ਨਹੀਂ ਹੈ। ਕੇਰਾਂ ਇਉਂ ਹੀ ਜਦੋਂ ਮਾਤਾ ਨੇ ਕੰਮ ਕਿਹਾ ਤਾਂ ਕੁਰਸੀ ਤੇ ਪਸਰੇ
ਰਾਣੇ ਵਲ ਹੱਥ ਕਰਕੇ ਗਿੰਦਰ ਨੇ ਕਿਹਾ-
‘ਤਾਈ ਅਜੇਹੇ ਕੰਮ ਰਾਣਾ ਬਾਈ ਤੋਂ ਕਰਵਾਇਆ ਕਰੋ, ਨਾਲੇ ਮਾੜੀ ਮੋਟੀ ਚਰਬੀ ਢਲੂਗੀ।‘
ਕੌੜ ਕੌੜ ਝਾਕਦਾ ਰਾਣਾ ਔਖਾ ਜਿਹਾ ਬੋਲਿਆ ਸੀ-
‘ਰਹਿਣ ਦੇ! ਰਹਿਣ ਦੇ! ਆਪਦੀਆਂ ਫਿਲਾਸਫੀਆਂ ਨੂੰ। ਤਾਈ ਨੇ ਤੈਨੂੰ ਰਗੜ ਕੇ ਫੋੜੇ ਤੇ ਲਾਉਣੈ
ਫੇਰ।‘
ਤਾਈ ਨੇ ਦੋਹਾਂ ਵਿਚਕਾਰ ਵਿਛਦੀ ਵਿਥ ਵਿਚਾਲੇ ਆਪਾ ਡਾਹ ਧਰਿਆ। ਗਿੰਦਰ ਦੇ ਸ਼ਿਕਵੇ ਮੂਹਰੇ
ਆਪਣੀ ਬੇਵਸੀ ਪਰੋਸਦਿਆਂ ਰਾਣੇ ਦੀਆਂ ਗੱਲਾਂ ਤੇ ਪੋਚਾ ਮਾਰਿਆ-
‘ਵੇ ਬੀਰ ਕਿਥੇ! ਐਨੇ ਜੋਗਾ। ਡੁੱਬੀ ਤਾਂ ਜੇ ਸਾਹ ਨਾ ਆਇਆ। ਇਨ੍ਹੈ ਤਾਂ ਪਹਿਲੇ ਦਿਨੋਂ ਨੀ
ਡੱਕਾ ਭੰਨ ਕੇ ਦੂਹਰਾ ਕੀਤਾ।‘
ਰਾਣਾ ਬਿਸ਼ਰਮੀ ਦੇ ਤਾਣ ਹੱਸਣ ਲਗ ਪਿਆ। ਗਿੰਦਰ ਇਕੱਲਾ ਹੀ ਕੰਮ ਨਿਬੇੜ ਗਿਆ। ਮੈਨੂੰ ਅੰਦਰੋਂ
ਅੰਦਰੀਂ ਹਰਖ ਆਉਂਦਾ। ਮਾਤਾ ਦਾ ਇਉਂ ਕਮੀਣਾ ਨਾਲ ਦੇ ਵਰਤਾਵ ਵਾਂਗ ਗਿੰਦਰ ਨੂੰ ਤਕਾਉਣਾ
ਮੈਨੂੰ ਗਿੰਦਰ ਦੀ ਹੋਈ ਹੇਠੀ ਲਗਦਾ। ਮੈਨੂੰ ਹੋਸਟਲ ਵਿਚ ਕਿਸੇ ਕੁੜੀ ਦੀ ਦੱਸੀ ਗੱਲ ਯਾਦ
ਆਉਂਦੀ, ਉਹ ਕਹਿੰਦੀ ਸਾਡੇ ਗਵਾਂਢ ਇਕ ਸਰਦਾਰ ਆਪਣੀ ਘਰਵਾਲੀ ਨੂੰ ਕਹਿੰਦਾ, ਸੁਣਿਐ
‘ਆਹ ਮੇਰੇ ਬੁਰਸ਼ ਤੇ ਪੇਸਟ ਲਾ ਕੇ ਫੜਾ ਮੈਂ ਵੀ ਬੁਰਸ਼ ਕਰ ਲਵਾਂ।‘
ਅਸੀਂ ਉਸਦਾ ਕਿੰਨਾ ਮਜ਼ਾਕ ਉਡਾਇਆ ਸੀ ਤੇ ਅੱਜ ਰਾਣਾ ਗੁਸਲਖਾਨੇ ਵਿਚ ਜਾਣ ਤੋਂ ਪਹਿਲਾਂ
ਤੌਲੀਆ, ਕੱਛਾ, ਬਨੈਣ, ਕੁੜਤਾ ਪਜਾਮਾ ਪਹਿਲਾਂ ਮੇਰੇ ਤੋਂ ਟੰਗਵਾ ਕੇ ਨਹਾਉਣ ਜਾਂਦਾ ਹੈ।
ਕਿੰਨਾ ਹੱਡ ਰੱਖ ਤੇ ਮੰਜੇ ਤੋੜ ਟਕਰਿਐ ਮਨ ਉਲਾਂਭਾ ਪਾਲਦਾ। ਕਦੇ ਦਾਰੂ ਦੀ ਲੋਰ ਵਿਚ ਰਾਣੇ
ਨੇ ਚਾਂਭਲਦਿਆਂ ਗਿੰਦਰ ਨੂੰ ਪੁੱਛਿਆ ਸੀ-
‘ਤੈਂ ਕਦੇ ਭਾਬੀ ਨੀ ਦੇਖੀ ਸੀ ਉਥੇ‘ ਰਾਣੇ ਦੇ ਦੱਸਣ ਮੁਤਾਬਕ ਗਿੰਦਰ ਨੈ ਕਿਹਾ ਸੀ- ‘ਬਾਈ
ਉਥੇ ਛੱਤੀ ਸੌ ਕੁੜੀ ਪੜ੍ਹਦੀ ਐ, ਯੂਨੀਵਰਸਿਟੀ ‘ਚ ਕੀ ਪਤੈ ਕਿਹੜੀ ਨੇ ਕੀਹਦੀ ਭਾਬੀ ਬਣਨੈ।‘
ਮੈਂ ਅੰਦਰੋਂ ਅੰਦਰੀਂ ਗਿੰਦਰ ਦੇ ਇਸ ਸਿਆਣੇ ਜੁਆਬ ਤੋਂ ਵਾਰੇ ਵਾਰੇ ਜਾਂਦੀ ਹਾਂ। ਸ਼ਾਇਦ ਉਹ
ਜਾਣਦਾ ਹੋਵੇ ਕਿ ਵਿਛੀ ਚਾਦਰ ਦੀਆਂ ਸਿਲਵਟਾਂ ਦੇਖ ਕੇ ਹੀ ਸ਼ੱਕ ਪਾਲਦੇ ਇਹ ਕਾਕੇ ਕਿਸ ਕਿਆਸ
ਤਕ ਅਪੜਦੇ ਨੇ। ਇਉਂ ਹੀ ਇਕ ਵਾਰੀ ਮੈਂ ਤੇ ਰਾਣਾ ਘਰੋਂ ਬਾਹਰ ਕਾਰ ਤੇ ਜਾਣ ਲਈ ਨਿਕਲੇ ਤਾਂ
ਅੱਗੋਂ ਗਿੰਦਰ ਪੂਰੇ ਰੌਲੇ ਰੱਪੇ ਵਾਲਾ ਫਿਟਫਿਟੀਆ ਜਿਹਾ ਟਰੈਕਟਰ ਲਈ ਆਉਂਦਾ ਸੀ। ਉਸਦੀ ਟੇਪ
ਵਿਚ ਉੱਚੀ ਉੱਚੀ ਗਾਣਾ ਲੱਗਿਆ ਹੋਇਆ ਸੀ ‘ਭਾਵੇਂ ਬੋਲ ਤੇ ਭਾਵੇਂ ਨਾ ਬੋਲ, ਵੇ ਚੰਨਾ ਵਸ
ਅੱਖੀਆਂ ਦੇ ਕੋਲ।‘ ਉਸ ਨੇ ਇਕ ਦਮ ਟੇਪ ਬੰਦ ਕੀਤੀ ਸਾਨੂੰ ਦੁਆ ਸਲਾਮ ਕਰਕੇ ਅੱਗੇ ਹੋ ਲਿਆ।
ਉਸ ਦੇ ਜਾਣ ਮਗਰੋਂ ਰਾਣਾ ਭੱਫੇ ਜਹੇ ਢੰਗ ਨਾਲ ਗਾਲ੍ਹ ਕਢਕੇ ਉਸਦੀ ਗਰੀਬੀ ਦਾ ਮਜ਼ਾਕ
ਉਡਾਉਂਦਾ ਰਿਹਾ-
‘ਦੇਖ ਕਿਮੇ ਜੱਟ ਭੂਸਰਿਆ ਹੋਇਐ, ਟਰੈਕਟਰ ਤੇ ਚੜ੍ਹਿਆ ਫਿਰਦੈ। ਕਿਸ਼ਤਾਂ ਭਰਨ ਜੋਗੇ ਪੈਸੇ ਹੈ
ਨੀ, ਘਰੇ ਭੰਗ ਭੁਜਦੀ ਐ। ਪੱਲੇ ਹੈ ਨੀ ਧੇਲਾ ਤੇ ਕਰਦਾ ਮੇਲਾ ਮੇਲਾ।‘
ਅਜੇਹੇ ਸਮੇਂ ਤਕ ਮੈਨੂੰ ਪਤਾ ਲਗ ਚੁੱਕਾ ਸੀ ਕਿ ਰਾਣਾ ਉਸਦੀ ਯੋਗਤਾ ਤੋਂ ਈਰਖਾ ਕਰਦਾ ਹੀ
ਇਉਂ ਕਰਦਾ ਹੈ। ਕਈ ਵਾਰੀ ਉਸਦੀ ਅਜੇਹੀ ਨਫਰਤ ਤੋਂ ਮੈਂ ਆਪਣਾ ਅੰਦਰ ਫਰੋਲਣ ਲਗੀ ਸਹਿਮ
ਜਾਂਦੀ। ਦੂਜੇ ਪਾਸੇ ਗਿੰਦਰ ਜਦ ਵੀ ਮਿਲਦਾ ਹੈ ਉਸਦੀ ਬਰੀਕ ਸੂਝ ਬੂਝ ਦੀ ਦਸ ਪੈਂਦੀ ਹੈ। ਉਹ
ਜਦ ਰਾਹਾਂ ਤੇ ਤੁਰਦਾ ਹੈ ਜਿਵੇਂ ਰਾਹ ਦੇ ਜ਼ਰੇ ਜ਼ਰੇ ਨੂੰ ਵੀ ਨੀਝ ਲਾ ਕੇ ਵੇਖਦਾ ਹੋਵੇ,
ਜਿਸਨੂੰ ਚੜ੍ਹਦੇ, ਉਤਰਦੇ ਸੂਰਜ ਨਾਂਲ ਅਸਮਾਨੀ ਘੁਲਦੇ ਸੰਧੂਰੀ ਰੰਗਾਂ ਦੇ ਅਰਥ ਪੜ੍ਹਨੇ
ਆਉਂਦੇ ਹੋਣ। ਉਸ ਦੀ ਹਰ ਅਦਾ ਵਿਚ ਇਕ ਤਰਤੀਬ, ਇਕ ਸਲੀਕਾ ਤੇ ਇਕ ਵਿਸ਼ੇਸ਼ ਕਸ਼ਿਸ਼ ਉਸਦੇ ਅੰਦਰ
ਪਲਦੇ ਇਲਮ ਦਾ ਸਬੂਤ ਬਣਦੀ ਹੈ। ਪਰ ਰਾਣਾ ਜਿਸ ਨੇ ਔਰਤ ਨਾਲ ਬਸ ਸੌਣਾ ਸਿੱਖਿਆ ਸੀ ਜਾਗਣਾ
ਨਹੀਂ ਸਿੱਖਿਆ ਸੀ। ਚੜ੍ਹੀ ਲੱਥੀ ਦੀ ਕੋਈ ਅਕਲ ਤਮੀਜ਼ ਹੀ ਨਹੀਂ। ਅਣਕਹੀ ਗੱਲ ਬੁਝਣੀ ਤਾਂ ਇਕ
ਪਾਸੇ ਰਹੀ ਇਹਨੂੰ ਤਾਂ ਸਵੇਰੇ ਕਹੀ ਹੋਈ ਦੀ ਸਮਝ ਆਥਣੇ ਪੈਂਦੀ ਐ। ਫੇਰ ਮੈਂ ਗਿੰਦਰ ਦਾ ਪੱਖ
ਪਾਲਦੀ ਹਾਂ-
‘ਚਲ ਆਪਾਂ ਨੂੰ ਕੀ ਜਿਹੜੇ ਕਰਨਗੇ ਉਹ ਭਰਨਗੇ। ਆਪਾਂ ਕਾਰਾਂ ਤੇ ਚੜ੍ਹੇ ਫਿਰਦੇ ਆਂ ਅਗਲਾ ਜੇ
ਟੁੱਟੇ ਜੇ ਫਿਟਫਿਟੀਏ ਤੇ ਚੜ੍ਹ ਗਿਆ ਤਾਂ ਕੀ ਐ।‘
ਰਾਣਾ ਹਾਲੇ ਵੀ ਅੰਦਰਲਾ ਖੋਰ ਘੋਲਦਾ ਹੈ-
‘ਭਰਨਗੇ ਨੀ ਭਰਦੇ ਫਿਰਦੇ ਨੇ। ਮਾਸਟਰਾਂ ਨੇ ਫੀਸਾਂ ਫੂਸਾਂ ਭਰਤੀਆਂ ਤਾਂ ਇਹ ਚਾਰ ਅੱਖਰ
ਪੜ੍ਹ ਕਾਹਦਾ ਗਿਆ ਮੋਢਿਆਂ ਤੋਂ ਦੀ ਥੁੱਕਦਾ ਫਿਰਦੈ। ਦੂਜਾ ਭਰਾ ਡਬਈ ਜਾਂਦਾ ਜਮੀਨ ਡੋਬ
ਗਿਆ, ਹੁਣ ਖਨੀ ਕਿਹੜੀ ਜੇਲ੍ਹ ਦੀਆਂ ਰੋਟੀਆਂ ਪਾੜਦੈ। ਪਿਓ ਦਾ ਵਾਲ ਵਾਲ ਕਰਜ਼ੇ ਨਾਲ
ਵਿੰਨ੍ਹਿਆ ਪਿਐ।‘
ਗਿੰਦਰ ਦੇ ਘਰ ਦੀ ਅਜਿਹੀ ਤਸਵੀਰ ਮੈਨੂੰ ਧੁਰ ਅੰਦਰ ਤਕ ਹਲੂਣ ਦਿੰਦੀ ਹੈ। ਪਰ ਗਿੰਦਰ ਦੀ
ਕਦੇ ਕਿਸੇ ਗੱਲ ਤੋਂ ਨਹੀਂ ਲੱਗਿਆ ਕਿ ਉਹ ਇੰਨ੍ਹਾਂ ਤੰਗ ਗਲੀਆਂ ਚੋਂ ਗੁਜ਼ਰ ਕੇ ਆਉਂਦਾ ਹੈ।
ਉਸ ਦੀ ਪਲਦੀ ਗੈਰਤ ਮੂਹਰੇ ਕਦੇ ਨੀ ਇਸ ਗੁਰਬਤ ਨੇ ਸਿਰ ਚੁੱਕਿਆ। ਮੈਂ ਕਿਸੇ ਕਿਤਾਬ ਤੋਂ
ਪੜ੍ਹਿਆ ਸੀ ਸੰਤੁਸ਼ਟ ਆਦਮੀ ਕਦੇ ਗਰੀਬ ਨਹੀਂ ਹੁੰਦਾ ਤੇ ਅਸੰਤੁਸ਼ਟ ਕਦੇ ਅਮੀਰ ਨਹੀਂ ਹੁੰਦਾ।
ਮੈਂ ਇਸ ਸਤਰ ਦੇ ਦੋਵੇਂ ਵਾਸੇ ਰਾਣਾ ਤੇ ਗਿੰਦਰ ਬਿਠਾ ਕੇ ਤੋਲਦੀ ਤਾਂ ਰਾਣਾ ਵਧੇਰੇ ਗਰੀਬ
ਲਗਦਾ। ਫੇਰ ਮੈਂ ਸੋਚਦੀ ਗਿੰਦਰ ਜਿੰਨ੍ਹਾ ਦੋ ਕਿਨਾਰਿਆਂ ਦੀ ਜੀਤੀ ਕੋਲ ਗੱਲ ਕਰਦਾ ਸੀ, ਉਹ
ਤਾਂ ਮੈਂ ਤੇ ਰਾਣਾ ਵੀ ਹੋ ਸਕਦੇ ਹਾਂ ਤੇ ਪਤਾ ਨਹੀਂ ਮਰਨ ਹੀ ਮਨ ਮੇਰੀਆਂ ਸੋਚਾਂ ਦੇ ਇਹ
ਕਿਨਾਰੇ ਗਿੰਦਰ ਦੀਆਂ ਸੋਚਾਂ ਨਾਲ ਕਿੱਥੇ ਜਾ ਮਿਲਦੇ? ਫੇਰ ਮੈਂ ਆਪਣੇ ਆਪ ਨੂੰ ਹਾਲਾਤ
ਅਨੁਸਾਰ ਤਰਾਸ਼ਣ ਲੱਗੀ। ਮੇਰੀਆਂ ਪਾਲੀਆਂ ਹੋਈਆਂ ਨੁੱਕਰਾਂ ਭੁਰਨ ਲੱਗੀਆਂ। ਮੇਰੀ ਦੇਹੀ ਦੀਆਂ
ਗੁਲਾਈਆਂ ਨਾਲ ਮੇਰੀਆਂ ਸੋਚਾਂ ਵੀ ਗੋਲ ਘੁੰਮਣ ਲੱਗੀਆਂ। ਛੱਤ ਦੇ ਉਸ ਕੋਨੇ ਤੇ ਖੜ੍ਹੀ ਕਦੇ
ਕਦੇ ਮੈਂ ਜਦ ਆਪਣੇ ਅੰਦਰ ਵਲ ਪਰਤਦੀ ਤਾਂ ਜੀ ਕਰਦਾ ਭੱਜ ਕੇ ਗਿੰਦਰ ਕੋਲ ਜਾਵਾਂ ਉਹਨਾਂ ਦੀ
ਦੇਹਲੀ ਤੇ ਬੈਠ ਕੇ ਗਿੰਦਰ ਵਾਂਗ ਡੱਕੇ ਨਾਲ ਉਸ ਦੇ ਬਾਰ ਮੂਹਰੇ ਦੁੱਖਾਂ ਸੁੱਖਾਂ ਦਾ ਨਕਸ਼ਾ
ਉਲੀਕਾਂ। ਉਹ ਆਪਣੀ ਭੁੱਖ ਦੀ ਬਾਤ ਪਾਵੇ, ਜਿਸਦਾ ਹੱਲ ਹਾਲੇ ਹੈ। ਫੇਰ ਮੈਂ ਆਪਣੇ ਰਸਹੀਣ,
ਫਿੱਕੇ ਸੁਖ ਦੀ ਦਾਸਤਾ ਸੁਣਾਵਾਂ ਜਿਸਦਾ ਕੋਈ ਤੋੜ ਨਹੀਂ। ਉਹ ਮੈਨੂੰ ਰਿਸ਼ੀਆਂ ਮੁਨੀਆਂ ਵਾਂਗ
ਭਾਸ਼ਣ ਦੇਵੇ ਤੇ ਮੈਂ ਰੁਪਈਆਂ ਦੀਪੰਡ ਬੰਨ੍ਹ ਕੇ ਉਸਦੇ ਵਿਹੜੇ ਖਿਲਾਰ ਆਵਾਂ। ਮੇਰੇ ਅੰਦਰ ਤੇ
ਬਾਹਰ ਦੋ ਵਖਰੇ ਸੰਸਾਰ ਉਸਰਦੇ ਰਹੇ। ਦੂਰੋਂ ਦਿਸਦਾ ਗਿੰਦਰ ਦੇ ਘਰ ਦਾ ਵਜੂਦ ਧਰਤੀ ਦੀ ਹਿੱਕ
ਤੇ ਉਠਿਆ ਛਾਲਾ ਜਿਹਾ ਲਗਦਾ। ਘਰ ਦੀਆਂ ਕਾਲੀਆਂ ਹੋਈਆਂ ਇੱਟਾਂ, ਇੱਟਾਂ ਤੇ ਵਗੀਆਂ ਮੀਂਹ
ਹਨੇਰੀ ਦੀਆਂ ਘਸਮੈਲੀਆਂ ਘਰਾਲਾਂ ਦੀ ਕਾਲਖ ਘਰ ਦੇ ਬੀਤੇ ਇਤਿਹਾਸ ਨੂੰ ਸਮੋਈ ਬੈਠੀ ਲਗਦੀ।
ਵਿਹੜੇ ਵਿਚ ਬੰਨ੍ਹੇ ਲਿੱਸੇ ਜਹੇ ਪਸ਼ੂ ਘਰ ਵਿਚਲੀ ਗਰੀਬੀ ਨੂੰ ਉਲਾਂਭਾ ਦਿੰਦੇ ਲਗਦੇ। ਅੱਧੇ
ਕੁ ਕੁੱਬੇ ਸਰੀਰ ਨਾਲ ਹੱਡੀਆਂ ਦੀ ਮੁੱਠ ਜਿਹਾ ਬਜ਼ੁਰਗ ਗਿੰਦਰ ਦਾ ਪਿਤਾ ਖੇਤ ਵਿਚ ਗੱਡੇ
ਡਰਨੇ ਵਰਗਾ ਨਕਲੀ ਬੰਦਾ ਹੋਣ ਦਾ ਝਾਉਲਾ ਪਾਉਂਦਾ। ਗੁੰਦਵੇਂ ਸਰੀਰ ਵਾਲੀ ਇਕ ਅਧਖੜ੍ਹ ਔਰਤ
ਗਿੰਦਰ ਦੀ ਮਾਂ ਹਰ ਵਕਤ ਕਿਸੇ ਚੱਕ ਧਰ ਵਿਚ ਰੁਝੀ ਵਿਹੜੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ
ਚੱਕਰ ਜਹੇ ਕਟਦੀ। ਗਿੰਦਰ ਬਹੁਤ ਘਟ ਹੀ ਨਜ਼ਰ ਆਉਂਦਾ। ਹੋ ਸਕਦਾ ਹੈ ਮੇਰੇ ਫੁਰਸਤ ਦੇ ਚੁਰਾਏ
ਪਲਾਂ ਸਮੇਂ ਉਹ ਕਿਸੇ ਆਹਰੇ ਜੁੱਟਿਆ ਹੋਵੇ। ਇਸ ਪਿੰਡ ਨਾਲ ਬਸ ਮੇਰੀ ਇਹੀ ਸਾਂਝ ਹੈ ਜਿਸ
ਨਾਲ ਮਨ ਹਾਮੀ ਭਰਦਾ ਹੈ। ਮੈਂ ਆਪਣੇ ਆਪ ਨਾਲ ਤਕਰਾਰ ਕਰਦੀ ਸੋਚਦੀ ਹਾਂ ਇਹ ਕਿਹੜਾ ਰਿਸ਼ਤਾ
ਹੋਇਆ। ਜਿਥੇ ਮੈਂ ਹਰ ਵਕਤ ਗੈਰਹਾਜ਼ਰ ਹੋ ਕੇ ਵੀ ਹਾਜ਼ਰ ਹੁੰਦੀ ਹਾਂ ਤੇ ਜਿਥੇ ਰਹਿ ਰਹੀ ਹਾਂ
ਉਥੇ ਹਮੇਸ਼ਾਂ ਮਨਫੀ ਹੋ ਜਾਂਦੀ ਹਾਂ। ਰਾਣੇ ਨਾਲ ਗੁਜ਼ਾਰੇ ਕਈ ਨਾਜ਼ੁਕ ਪਲਾਂ ਵਿਚ ਵੀ ਸ਼ਾਮਲ
ਹੁੰਦੀ ਗੈਰਹਾਜ਼ਰ ਹੁੰਦੀ ਹਾਂ। ਉਸਦ ਬੋਲ, ਉਸਦੀ ਬੇਤਰਤੀਬੀ, ਅਲਗਰਜ਼ੀ ਮੈਨੂੰ ਖਲਦੀ ਰਹੀ ਤੇ
ਮੈਂ ਉਸ ਖਲਣ ਮੂਹਰੇ ਸਿਰ ਝੁਕਾ ਕੇ ਤੁਰਨਾ ਕਬੂਲ ਕਰ ਲਿਆ। ਮੇਰੇ ਘਰਦਿਆਂ ਨੇ ਜਿਵੇਂ ਰਾਣੇ
ਨੁੰ ਮੇਰੇ ਨਾਲ ਨਿੱਤ ਬਲਾਤਕਾਰ ਕਰਨ ਦੀ ਮੋਹਲਤ ਤੇ ਮੋਹਰ ਲਗਾ ਦਿੱਤੀ ਹੋਵੇ। ਮੋਹਰ ਤੋਂ
ਯਾਦ ਆਈ ਮੈਨੂੰ ਰਾਣੇ ਦੀ ਉਹ ਪਹਿਲੀ ਹਰਕਤ ਜੋ ਮੈਨੂੰ ਵਿਆਹ ਕੇ ਲਿਆਉਂਦੇ ਨੇ ਕਾਰ ਵਿਚ
ਆਪਣੇ ਚਾਚੇ ਦੇ ਪੁੱਤ ਤੋਂ ਚੋਰੀ ਮੇਰੇ ਨਾਲ ਕੀਤੀ ਸੀ। ਮੇਰੀ ਵੱਖੀ ਤੇ ਭਰੀ ਉਸ ਚੂੰਡੀ ਨੇ
ਨੀਲਾ ਚਟਾਖ ਪਾ ਦਿੱਤਾ ਸੀ। ਸ਼ੁਕਰ ਹੈ ਮੈਂ ਕਈ ਕਪੜਿਆਂ ਨਾਲ ਲੱਦੀ ਹੋਈ ਸੀ, ਨਹੀਂ ਤਾਂ ਉਹ
ਚਟਾਖ ਉਮਰ ਭਰ ਲਈ ਸ਼ਾਇਦ ਚਿੱਬ ਬਣ ਜਾਂਦਾ। ਕਿੰਨੇ ਦਿਨ ਮੈਨੂੰ ਉਹ ਲਗਿਆ ਨੀਲਾ ਦਾਗ ਮੇਰੇ
ਤੇ ਲੱਗੀ ਮੋਹਰ ਵਾਂਗ ਜਾਪਦਾ ਰਿਹਾ। ਕਾਸ਼! ਪਹਿਲੀ ਗੱਲ ਅੱਖਾਂ ਨਾਲ ਹੀ ਕੀਤੀ ਤੇ ਸਮਝੀ
ਹੁੰਦੀ। ਜਦੋਂ ਮੈਂ ਨਹੋਰਾ ਕੀਤਾ ਤਾਂ ਮੂਹਰੋਂ ਅਲੱਥ ਜਿਹਾ ਜਵਾਬ ਮਿਲਿਆ ਸੀ-
‘ਮੈਂ ਤਾਂ ਦੇਖਦਾ ਸੀ ਜੱਟ ਨੂੰ ਕਿੰਨਾ ਕੁ ਸਹਾਰਦੀ ਐਂ।‘
ਉਸਦੇ ਅਜੇਹੇ ਬਿਸ਼ਰਮ ਜਹੇ ਚੋਚਲੇ ਮੈਨੂੰ ਕੋਲਾ ਕਰ ਦਿੰਦੇ। ਪਰ ਮੈਂ ਉਪਰੋਂ ਖੀਂ ਖੀਂ ਕਰਦੀ।
ਇਕ ਵਾਰੀ ਗਿੰਦਰ ਰਾਣੇ ਨੂੰ ਬਾਹਰ ਬੁਲਾ ਕੇ ਲੈ ਗਿਆ, ਸ਼ਾਇਦ ਪੈਸੇ ਮੰਗਣ ਆਇਆ ਹੋਵੇਗਾ ਕਿਉਂ
ਜੋ ਵਾਪਸ ਮੁੜਦਾ ਰਾਣਾ ਬੁੜ ਬੁੜ ਕਰ ਰਿਹਾ ਸੀ-
‘ਖਰਚ ਕਰਨ ਲੱਗੇ ਤਾਂ ਦੇਖਦੇ ਨੀ। ਕਿਸੇ ਹਕੀਮ ਨੇ ਕਿਹਾ ਸੀ ਭੈਣ ਦੀ ਵਿਆਹ ਤੇ ਰੇਡੂਆ
ਖੜਕਾਉਣ ਨੂੰ? ਪੰਜ ਆਦਮੀ ਆਕ ਨੰਦ ਲੈ ਜਾਂਦੇ।‘
ਮੈਂ ਫਿਰ ਗਿੰਦਰ ਦਾ ਪੱਖ ਪੂਰਿਆ- ‘ਓਹੋ ਤੁਸੀਂ ਅਗਲੇ ਦੀ ਥਾਂ ਖੜ੍ਹਕੇ ਦੋਖੋ। ਮੁੰਡੇ ਆਲੇ
ਨੀ ਮੰਨੇ ਹੋਣੇ। ਕੁੜੀ ਆਲਿਆਂ ਦੀ ਮਰਜੀ ਕਦੋਂ ਚਲਦੀ ਐ?‘ ਮੇਰੇ ਐਨਾ ਕਹਿਣ ਨਾਲ ਰਾਣੇ ਅੰਦਰ
ਜਿਵੇਂ ਬਲਦੀ ਤੇ ਤੇਲ ਜਾ ਪਿਆ ਹੋਵੇ। ਉਹ ਤਾਂ ਬਹਾਨਾ ਭਾਲ ਕੇ ਮੇਰੇ ਘਰਦਿਆਂ ਨੂੰ ਪੁਣ
ਧਰਦਾ ਹੈ।
‘ਆਹੋ ਨਾਲੇ ਮੇਰੇ ਸਾਲਿਆਂ ਦੀ ਨੀ ਚੱਲੀ ਹੋਣੀ ਮਰਜ਼ੀ? ਜਿਹੜੀ ਤਰੀਕ ਤੁਸੀਂ ਆਖੀ, ਅਸੀਂ ਉਸੇ
ਨੂੰ ਢੁੱਕੇ ਸੀ ਪਤੈ।‘ ਮੈਂ ਉਸ ਦੇ ਮੋਢੇ ਤੇ ਪੋਲੀ ਜਿਹੀ ਚਪਤ ਮਾਰ ਕੇ ਲਾਡ ਨਾਲ ਮੋੜਵਾ
ਜਵਾਬ ਦਿੰਦੀ ਹਾਂ-
‘ਕਾਕਾ ਜੀ ਮੇਰੇ ਪੇਪਰ ਸੀ ਉਦੋਂ! ਫੇਰ ਤੁਸੀਂ ਪੜ੍ਹੀ ਲਿਖੀ ਘਰਵਾਲੀ ਵੀ ਤਾਂ ਲੈਣੀ ਸੀ।‘
ਪਰ ਮੇਰੇ ਲਪੇਟੇ ਲਾਡ ਨੂੰ ਪੜੇਥਣ ਵਾਂਗ ਝਾੜ ਕੇ ਰਾਣਾ ਪੂਰੇ ਹਰਖ ਵਿਚ ਬੋਲਿਆ-
‘ਦੇਖ ਮੈਨੂੰ ਤੇਰੀ ਪੜ੍ਹਾਈ ਪੜੂਈ ਦੀ ਕੋਈ ਧੌਂਸ ਨੀ। ਸਾਕ ਕਰਨ ਆਲਿਆਂ ਨੇ ਤਾਂ ਮੇਰੇ ਘਰ
ਪੈਰ ਦਰੜ ਕਰ ਰੱਖੀ ਸੀ। ਉਹ ਤਾਂ ਮਾਂ ਕਹਿਣ ਲੱਗੀ ਚਲ ਜਵਾਕਾਂ ਨੂੰ ਪੜ੍ਹਾਉਣਾ ਸੌਖਾ ਹੋ
ਜੂ। ਹੋਰ ਕੀ ਅਸੀਂ ਤੇਰੀ ਕਮਾਈ ਖਾਣੀ ਐ?‘
ਮੈਨੂੰ ਆਪਣੀਆਂ ਸਭ ਕੀਤੀਆਂ ਜਮਾਤਾਂ ਵਿਅਰਥ ਹੀ ਵੱਖੀ ਨਾਲੋਂ ਝੜ ਗਈਆਂ ਦਿੱਸੀਆਂ। ਇਹਦੇ
ਨਾਲੋਂ ਤਾਂ ਅਨਪੜ੍ਹ ਈ ਰਹਿੰਦੀ। ਕਿਉਂ ਦੀਦੇ ਗਾਲੇ। ਮਗਜ਼ ਥੋਥਾ ਕੀਤਾ। ਚਾਰ ਦਿਨ ਬਾਬਲ
ਵਿਹੜੇ ਤਾਂ ਛਲਾਂਗਾ ਮਾਰ ਲੈਂਦੀ। ਮਾਂ ਦੇ ਗੋਡੇ ਮੁੱਢ ਬੈਠਦੀ। ਮਾਂ ਕੋਲ ਆਪਣੀਆਂ ਹਥੇਲੀਆਂ
ਲਈ ਕਾਲਿਆਂ ਬਾਗਾਂ ਦੀ ਮਹਿੰਦੀ ਵਾਲੀ ਰੀਝ ਸਾਂਝੀ ਕਰਦੀ। ਪਰ ਇਹ ‘ਜੇ‘ ਤਾਂ ਹੁਣ ਹੱਥ ਨਹੀਂ
ਆ ਰਹੀ ਸੀ। ਫੇਰ ਆਪਣੇ ਅੰਦਰ ਸਮੇਟੇ ਅੱਖਰਾਂ ਦੇਆਸਰੇ ਉਸਨੂੰ ਨਸੀਹਤ ਕਰਦੀ ਹਾਂ-
‘ਰਾਣੇ ਤੁਸੀਂ ਇਹ ਸਭ ਮਿੱਠਾ ਕਰਕੇ ਨੀ ਬੋਲ ਸਕਦੇ? ਠੰਡੇ ਮਤੇ ਨਾਲ ਸੋਚੋ ਐਨਾ ਖਰ੍ਹਵਾ
ਕਿਉਂ ਬੋਲਦੇ ਓ? ਚੰਗੀ ਗੱਲ ਸਿੱਖਣ ਵਿਚ ਹਰਜ ਕੀ ਐ।‘
ਰਾਣਾ ਮੇਰੇ ਨਰਮ ਬੋਲਣ ਤੇ ਥੋੜਾ ਢੈਲਾ ਹੋ ਗਿਆ ਫੇਰ ਵੀ ਅੜੀ ਕਰਨ ਵਾਂਗ ਬੋਲਿਆ-
‘ਮੈਨੂੰ ਨੀ ਕੂਲੇ ਕੂਲੇ ਬੋਲ ਬੋਲਣੇ ਆਉਂਦੇ। ਸ਼ਹਿਰੀਆਂ ਵਾਂਗੂ ਊਈ ਬਿਚ ਬਿਚ ਜਹੀ ਕਰੀ
ਜਾਓ।‘
ਮੈਂ ਕਿਹਾ- ‘ਆਹੋ ਕੂਲਾ ਬੋਲ ਕੇ ਮੂੰਹ ਨਾ ਕਿਤੇ ਦੁਖ ਜੇ ਮੂੰਹ ‘ਚ ਛਾਲੇ ਹੋ ਜਾਣਗੇ।
ਥੋੜ੍ਹੀਆਂ ਹੋਰ ਗਾਲ੍ਹਾਂ ਦੀ ਟਿਊਸ਼ਨ ਰੱਖ ਲੈ।‘ ਉਹ ਹੱਸ ਪਿਆ ਮੱਥੇ ਦਾ ਕਸਾ ਘਟ ਗਿਆ। ਪਰ
ਰੋਟੀ ਖਾਣ ਦੀ ਗਰਮੀ ਤਾਂ ਸਭ ਨੂੰ ਆਉਂਦੀ ਐ ਕੋਈ ਕਿੰਨਾ ਕੁ ਜਰ ਸਕਦੈ। ਮੈਂ ਆਪਣੀ ਇਹ ਗਰਮੀ
ਕਿੰਨਾ ਕੁ ਚਿਰ ਅੰਦਰ ਜਜ਼ਬ ਕਰਦੀ ਰਹਾਂਗੀ। ਇਕ ਦਿਨ ਬਾਹਰੋਂ ਹੀ ਲੋਹੇ ਲਾਖਾ ਹੋਇਆ ਆਇਆ,
ਲੱਗਿਆ, ਮੇਰੇ ਤੇ ਵਰ੍ਹਨ-
‘ਤੂੰ ਸਮਝਦੀ ਐਂ ਭਲਾ ਸਾਨੂੰ ਕਾਸੇ ਦਾ ਪਤਾ ਨੀ ਲਗਦਾ? ਅਸੀਂ ਝੁੱਡੂ ਈ ਤੁਰੇ ਫਿਰਦੇ ਆਂ?
ਅੱਜ ਲਾਭੇ ਹੁਰਾਂ ਦਾ ਦਰਸ਼ਨ ਦਸਦਾ ਸੀ ਬਈ ਉਹ ਨੰਗਾਂ ਦਾ ਗਿੰਦੀ ਕਿਸੇ ਚੰਗੇ ਘਰ ਦੀ ਕੁੜੀ
ਫਸਾਈ ਫਿਰਦਾ ਰਿਹੈ। ਉਹ ਤੇਰੀ ਸਹੇਲੀ ਰਹੀ ਐ।‘ ਮੈਂ ਪੂਰੀ ਦ੍ਰਿੜਤਾ ਨਾਲ ਕਿਹਾ, ‘ਫੇਰ ਮੈਂ
ਕੀ ਮੁਕੱਦਮਾ ਦਰਜ ਕਰਾਵਾਂ? ਮੇਰਾ ਕੀ ਲੈਣਾ ਦੈਣਾ ਇਸ ਮਾਮਲੇ ਨਾਲ?‘
ਰਾਣੇ ਨੂੰ ਵੀ ਸ਼ਾਇਦ ਇਹ ਗੱਲ ਖਾਨੇ ਪੈਂਦੀ ਲੱਗੀ। ਫੇਰ ਗਿੰਦਰ ਨੂੰ ਗਾਲ੍ਹਾਂ ਦੇਣ ਲੱਗਿਆ-
‘ਜਾਤ ਦੀ ਕਿਰਲੀ ਸ਼ਤੀਰਾਂ ਨੂੰ ਜੱਫੇ, ਦੇਖ ਜੱਟ ਕਿੱਥੇ ਉੱਚੇ ਬੁਰਜੀ ਹੱਥ ਲਾਉਂਦਾ ਫਿਰਦੈ।
ਅਜਿਹੀਆਂ ਚਲਾਕੀਆਂ ਤਾਂ ਬਥੇਰੀਆਂ ਆ ਜਾਂਦੀਆਂ ਨੇ ਪੜ੍ਹਾਈ ਕਰਕੇ।‘ ਮੈਂ ਮੌਕਾ ਦੇਖ ਕੇ
ਪਾਸਾ ਵਟ ਜਾਂਦੀ ਹਾਂ। ਪਰ ਰਾਣੇ ਦੀ ਵਾਰ ਵਾਰ ਪੜ੍ਹਾਈ ਦੀ ਵਿਰੋਧਤਾ ਮੈਨੂੰ ਅਕਸਰ ਅਖਰਦੀ
ਹੈ। ਮੈਂ ਫੇਰ ਤੋੜਾ ਝਾੜਦੀ ਹਾਂ। ‘ਚਲ ਆਪਾਂ ਜਵਾਕ ਜਮਾਂ ਅਨਪੜ੍ਹ ਰੱਖਾਂਗੇ। ਮੈਨੂੰ ਸੌਂਹ
ਲੱਗੇ ਜੇ ਪੜ੍ਹਨ ਲਾਵੇਂ। ਨਾਲੇ ਮੈਂ ਕੀ ਖੱਟ ਲਿਆ ਪੜ੍ਹ ਕੇ?‘ ਮੇਰਾ ਇਹ ਦਬਕਾ ਚੰਗਾ ਕੰਮ
ਆਇਆ। ਉਹ ਬਾਹਰ ਨੂੰ ਨਿਕਲ ਗਿਆ। ਇਉਂ ਹੀ ਇਕ ਵਾਰੀ ਗਿੰਦਰ ਨੂੰ ਮਾਤਾ ਜੀ ਨੇ ਆਪ ਹਾਕ ਮਾਰੀ
ਸੀ ਉਸਨੇ ਜਦੋਂ ਮੈਨੂੰ ਪਹਿਲਾਂ ਵਾਂਗ ਫਤਿਹ ਬੁਲਾਈ ਮੈਂ ਬਸ ਇਉਂ ਪੁੱਛ ਬੈਠੀ-
‘ਹੋਰ ਗਿੰਦਰ ਕੀ ਹਾਲ ਐ?‘ ਜਿਸਦੇ ਜਵਾਬ ਵਿਚ ਸਭ ਦੀ ਹਾਜ਼ਰੀ ਵਿਚ ਗਿੰਦਰ ਨੇ ਸੰਕੋਚਵੇਂ ਸ਼ਬਦ
ਆਖੇ-
‘ਠੀਕ ਈ ਐ ਜੀ ਜਿਹੜਾ ਦਿਨ ਲੰਘ ਜਾਂਦੈ।‘ ਮੇਰਾ ਜੀ ਕਰਦਾ ਉਹ ਵੀ ਕਦੇ ਚਲੀਤਾ ਜਿਹਾ ਹੋ ਕੇ
ਮੈਨੂੰ ‘ਭਾਬੀ‘ ਆਖੇ। ਆਪਣੀ ਹੋਂਦ ਦਾ ਕੋਈ ਸਿਰਾ ਮੇਰੇ ਨਾਲ ਜੋੜੇ।
ਉਸਦੇ ਜਾਣ ਪਿੱਛੋਂ ਮੈਨੂੰ ਪੂਰੀਆਂ ਝਿੜਕਾਂ ਮਿਲੀਆਂ- ‘ਭਲਾਂ ਤੈਂ ਕੀ ਲੈਣਾ ਸੀ ਉਹਦੇ ਹਾਲ
ਤੋਂ? ਐਵੀਂ ਨੀ ਬੰਦਿਆਂ ਨੂੰ ਸਿਰ ਚੜ੍ਹਾਈਦਾ ਹੁੰਦਾ। ਸਭ ਨੂੰ ਥਾਂ ਸਿਰ ਰਖੀਂਦੈ।‘ ਮੇਰੇ
ਕਹੇ ਬੋਲ- ‘ਗੱਲ ਤਾਂ ਤੇਰੀ ਸੋਲਾਂ ਆਨੈ ਸੱਚ ਐ।‘ ਦੇ ਅਰਥ ਸ਼ਾਇਦ ਉਸ ਤੱਕ ਨਹੀਂ ਪੁੱਜਦੇ।
ਮੈਂ ਇਹ ਸਭ ਆਪਣੇ ਅੰਦਰ ਸਮੇਟ ਲੈਂਦੀ ਹਾਂ।ਇਹੋ ਜਿਹੀਆਂ ਕਿੰਨੀਆਂ ਹੀ ਗੱਲਾਂ ਨਿਤ
ਵਾਪਰਦੀਆਂ ਹਨ ਜੋ ਮੇਰੇ ਅੰਦਰ ਕਬਾੜ ਕੱਠਾ ਕਰੀ ਜਾਂਦੀਆਂ ਹਨ। ਮੇਰੇ ਅੰਦਰ ਚੁਭਦੀਆਂ ਹਨ।
ਇਸ ਘਰ ਨਾਲ, ਘਰ ਦੇ ਜੀਆਂ ਨਾਲ ਕੋਈ ਅੰਦਰਲਾ ਸਿਰਾ ਨਹੀਂ ਜੁੜਨ ਦਿੰਦੀਆਂ। ਇਸ ਪੂਰੇ ਪਿੰਡ
ਵਿਚ ਬਸ ਗਿੰਦਰ ਤੋਂ ਬਿਨਾਂ ਮੇਰੀ ਕੋਈ ਵੀ ਸਾਂਝ ਨਹੀਂ ਜੁੜ ਸਕੀ। ਸਾਡਾ ਗੋਹਾ ਕੂਡਾ ਕਰਨ
ਵਾਲੀ ਬਚਨੀ ਪਿੰਡ ਦਾ ਤੁਰਦਾ ਫਿਰਦਾ ਅਖਬਾਰ ਕਹੀ ਜਾ ਸਕਦੀ ਹੈ। ਪਿੰਡ ਵਿਚ ਹੋਈਆਂ ਬੀਤੀਆਂ
ਨੂੰ ਰੋਲ ਰੋਲ ਕੇ ਸਾਡੇ ਵਿਹੜੇ ਲਿਆ ਧਰਦੀ ਹੈ। ਉਹ ਮਾਤਾ ਜੀ ਕੋਲ ਗੱਲ ਕਰਦੀ ਹੈ-
‘ਬੇਬੇ ਜੀ ਗਹਾਂ ਗੱਲ ਨਾ ਕਰਿਓ, ਉਹ ਚੌਂਤਰੇ ਵਾਲੀਆਂ ਅੱਜ ਲੜ ਪੀਆਂ। ਅਜੇਹੇ ਮਿਹਣੋ ਮਿਹਣੀ
ਹੋਈਆਂ ਬਸ ਪੁੱਛ ਨਾ, ਅੱਗਾ ਪਿੱਛਾ ਸਭ ਫਰੋਲਤਾ। ਕੀਤੀ ਗੱਲ ਗਹਾਂ ਹੋ ਜਾਂਦੀਐ, ਧਨੌਲੇ ਦੇ
ਪੇਕੇ ਤਾਂ ਆ ਕੇ ਬਹਿਗੇ ਜਾਣ ਦਾ ਹੁਣ ਨਾਉਂ ਨੀ ਲੈਂਦੇ। ਭਲਾ ਕੁੜੀ ਦੇ ਘਰ ਡੇਰੇ ਲਾਉਣ ਦਾ
ਕੀ ਕੰਮ? ਮੁੰਡਾ ਤਾਂ ਘਰੋਂ ਭੱਜਿਆ ਫਿਰਦੈ। ਬਈ ਤੁਸੀਂ ਜਮਾਈ ਦਾ ਹਰਖ ਸਮਝੋ।‘ ਇਹੋ ਜਹੀਆਂ
ਕਈ ਕਾਤਰਾਂ ਜਹੀਆਂ ਬਿਖੇਰਦੀ ਜਿਸ ਵਿਚ ਮਾਤਾ ਜੀ ਦਾ ਪੂਰਾ ਧਿਆਨ ਜੁਟਦਾ। ਮੈਂ ਚਾਹ ਪਾਣੀ
ਬਚਨੀ ਲਈ ਲਿਆ ਕੇ ਦਿੰਦੀ ਤਾਂ ਜੋ ਪੂਰੀਆਂ ਸੁਰਖੀਆਂ ਦੱਸ ਕੇ ਜਾਵੇ। ਇਉਂ ਹੀ ਇਕ ਦਿਨ ਉਸ
ਅਖਬਾਰ ਤੇ ਗਿੰਦਰ ਦੇ ਘਰ ਦਾ ਪੂਰਾ ਨਕਸ਼ਾ ਉਲੀਕਿਆ ਜਾ ਰਿਹਾ ਸੀ। ਬਈ ਕਰਜੇ ਆਲੇ ਨਾਲ ਪੁਲਸ
ਲੈ ਆਏ। ਪਿਓ ਪੁੱਤ ਖੇਤਾਂ ਨੂੰ ਵਾਹੋ ਦਾਹੀ ਭੱਜ ਤੁਰੇ। ਮੇਰੀਆਂ ਅੱਖਾਂ ਅੱਗੇ ਪੁਲਸ ਮੂਹਰੇ
ਭੱਜੇ ਜਾਂਦੇ ਗਿੰਦਰ ਦਾ ਡੈਂਬਰਿਆ ਹੋਇਆ ਚਿਹਰਾ ਆ ਗਿਆ। ਖੁਲ੍ਹ ਕੇ ਗਲ ਪਈਆਂ ਬਲੂਦਰੀਆਂ
ਨਾਲ ਨੰਗੇ ਪੈਰੀਂ ਭੱਜਿਆ ਜਾਂਦਾ ਗਿੰਦਰ ਮੇਰੇ ਲਈ ਤਰਸ ਦਾ ਪਾਤਰ ਸੀ। ਬਚਨੀ ਹਾਲੇ ਵੀ ਦੱਸ
ਰਹੀ ਸੀ। ‘ਕਰਜੇ ਆਲੇ ਟਰੈਕਟਰ ਹੱਕ ਕੇ ਲੈਗੇ। ਮੁੰਡਾ ਤਾਂ ਬਥੇਰਾ ਖੇਤਾਂ ਦੀ ਮਿੱਟੀ ਨਾਲ
ਮਿੱਟੀ ਹੋਇਆ ਸੀ ਪਰ ਗੜੇ ਪੈਗੇ, ਫਸਲ ਮਰਗੀ, ਹੁਣ ਕੀਹਦੀ ਮਾਂ ਨੂੰ ਮਾਸੀ ਆਖੇ? ਨੌਕਰੀ ਨੂੰ
ਕਈ ਥਾਂਈ ਜਾ ਕੇ ਖਾਲੀ ਹੱਥ ਆ ਗਿਆ।‘ ਇਹ ਵਿਥਿਆ ਪੂਰੇ ਧਿਆਨ ਨਾਲ ਸੁਣਦੀ ਗਿੰਦਰ ਦੀ ਥਾਂ
ਤੇ ਵਾਰ ਵਾਰ ਜਾ ਕੇ ਮੁੜਦੀ ਹਾਂ। ਉਸਦੀ ਨੀਵੀਂ ਕੀਤੀ ਗਰਦਨ ਤੇ ਟਿਕਦੇ ਭਾਰ ਨੂੰ ਮਹਿਸੂਸਦੀ
ਹਾਂ। ਉਸ ਅੰਦਰੋਂ ਖੁੰਢਾ ਹੋ ਰਿਹਾ ਮਰਦ ਹੋਣ ਦਾ ਰੰਦਾ ਜਰਦੀ ਹਾਂ। ਪਰ ਕਰ ਕੁਝ ਨਹੀਂ
ਸਕਦੀ। ਇਹ ਸਭ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ। ਮੇਰੇ ਅੰਦਰ ਸੋਚਾਂ ਦੇ, ਚਿੰਤਾ ਦੇ,
ਉਦਾਸੀਆਂ ਅਤੇ ਬੇਬਸੀਆਂ ਦੇ ਅੰਬਾਰ ਲੱਗਣ ਲੱਗਦੇ ਹਨ ਤੇ ਫੇਰ ਸਭ ਤੋਂ ਮਨਹੂਸ ਖਬਰ ਵੀ ਰਾਣੇ
ਨੇ ਆ ਕੇ ਹੀ ਦੱਸੀ-
‘ਆਹ ਦੇਖ ਲੈ ਪੜ੍ਹਿਆਂ ਦਾ ਜਿਗਰਾ। ਰਾਤ ਗਲ-ਫਰਾਹਾ ਲੈ ਕੇ ਮਰ ਗਿਆ। ਖੇਤ ਆਲੀ ਟਾਲ੍ਹੀ ਦੇ
ਉਪਰਲੇ ਟਾਹਣੇ ਤੋਂ ਡਿਗ ਕੇ ਤੁਰ ਗਿਆ ਗਿੰਦੀ।‘
ਇਹ ਸਭ ਸੁਣਕੇ ਮੈਂ ਸਾਹ-ਸਤ ਹੀਣ, ਸੁੰਨ ਹੋ ਜਾਂਦੀ ਹਾਂ। ਆਪਣੀ ਨਿਕਲਦੀ ਭੁੱਬ ਨੂੰ ਮਸਾਂ
ਬੋਚਿਆ ਹੈ। ਮੇਰਾ ਕਾਲਜਾ ਹੇਠਾਂ ਨੂੰ ਧਸ ਗਿਆ ਜਿਵੇਂ ਮੇਰਾ ਜਗ ਸੁੰਨਾ ਹੋ ਗਿਆ ਹੋਵੇ। ਸਭ
ਤੋਂ ਅੱਖ ਬਚਾ ਕੇ ਮੈਂ ਆਪਣੀ ਕਿਸੇ ਕਲਾਸਫੈਲੋ ਨੂੰ ਇਹ ਸਭ ਦਸਦੀ ਹਾਂ ਅੱਗੋਂ ਉਸਨੇ ਦੱਸਿਆ
ਪਿਛਲੇ ਹਫਤੇ ਜੀਤੀ ਆਈ ਸੀ ਤੇ ਗਿੰਦਰ ਵੀ ਆਪਣੀ ਡਿਗਰੀ ਲੈਣ ਆਇਆ ਸੀ। ਜੀਤੀ ਨੇ ਪੂਰੀ ਭੀੜ
ਵਿਚ ਖੜ੍ਹੇ ਗਿੰਦਰ ਦੇ ਗਲ ਬਾਹਾਂ ਪਾ ਕੇ ਧਾਹਾਂ ਮਾਰ ਦਿੱਤੀਆਂ ਕਿ ਮੈਂ ਉਥੇ ਬਹੁਤ ਔਖੀ
ਹਾਂ। ਗਿੰਦਰ ਨੇ ਉਸਦਾ ਸਿਰ ਪਲੋਸਦਿਆਂ ਕਿਹਾ ਸੀ ‘ਮੇਰਾ ਦਰ ਤੇਰੇ ਲਈ ਹਮੇਸ਼ਾਂ ਖੁਲ੍ਹਾ
ਰਹੂਗਾ ਜਦ ਮਰਜ਼ੀ ਆ ਜੀਂ।‘
ਇਸ ਪਿੱਛੋਂ ਪਤਾ ਨਹੀਂ ਉਹ ਕਿਹੜੀਆਂ ਸੋਚਾਂ ਵਿਚ ਕੈਦ ਆਪਣੇ ਆਪ ਨਾਲ ਲੜਦਾ ਰਿਹਾ ਹੋਵੇਗਾ
ਜਿਸ ਪਿੱਛੋਂ ਇਸ ਜਗ ਨੂੰ ਠੋਕਰ ਮਾਰ ਗਿਆ। ਮੈਂ ਆਪਣੀ ਉਦਾਸੀ ਮਾਤਾ ਜੀ ਕੋਲ ਕਰਦੀ ਹਾਂ ਕਿ
ਮੈਨੂੰ ਬਹੁਤ ਡਰਾਉਣੇ ਸੁਪਨੇ ਆਉਂਦੇ ਨੇ, ਗਿੰਦਰ ਵਿਹੜੇ ‘ਚ ਖੜ੍ਹਾ ਦਿਸਦੈ। ਮੇਰੀਆਂ
ਅੱਖੀਆਂ ਹੀ ਨਹੀਂ ਪੂਰਾ ਰੋਮ ਰੋਮ ਭਿਜ ਜਾਂਦਾ ਹੈ ਜਦੋਂ ਮੈਂ ਆਪਣੀ ਇਹ ਵਰਜਿਤ ਇੱਛਾ ਮਾਂ
ਮੋਲ ਕਰਦੀ ਹਾਂ ਤਾਂ ਮਾਤਾ ਪਸੀਜ ਜਾਂਦੀ ਹੈ-
‘ਆਹੋ ਕੁੜੇ ਕਦੇ ਦੁਖਦੇ ਸੁਖਦੇ ਸੌ ਨੱਤੀ ਬੁੱਤੀ ਸਾਰਦਾ ਸੀ ਆਪਾਂ ਨੂੰ ਮਾਂ ਕੋਲ ਜਾਣਾ
ਚਾਹੀਦੈ। ਸੁਖ ‘ਚ ਭਾਮੇ ਨਾ ਜਾਵੋ ਦੁਖਦੇ ਤੇ ਜਾਣਾ ਬਣਦੈ।‘
ਮੈਂ ਤੇ ਮਾਤਾ ਰਾਣੇ ਤੋਂ ਚੋਰੀਂ ਗਿੰਦਰ ਦੇ ਘਰ ਗਈਆਂ ਸਾਨੂੰ ਘਰ ਗਈਆਂ ਦੇਖ ਉਸ ਮਾਂ ਦੇ
ਹੰਝੂਆਂ ਦਾ ਨੱਕਾ ਛੁੱਟ ਗਿਆ। ਮਰੇ ਗਿੰਦਰ ਦੀ ਮਾਂ ਦੇ ਗਲ ਬਾਹਾਂ ਪਾ ਕੇ ਮੈਂ ਜੀ ਭਰ ਕੇ
ਰੋਈ। ਮਾਂ ਦੇ ਕੀਰਨੇ- ਮੇਰੇ ਸਾਰ ਪਾਰ ਲੰਘਦੇ ਰਹੇ-
‘ਵੇ ਤੂੰ ਉੱਚੇ ਬੁਰਜੀਂ ਚੜ੍ਹਕੇ ਛਾਲ ਮਾਰ ਗਿਆ ਮੇਰੇ ਬਹੁਤੀਆਂ ਅਕਲਾਂ ਵਾਲਿਆ ਪੁੱਤਾ‘
ਮੈਨੂੰ ਲੱਗਿਆ ਸੱਚ ਹੀ ਉੱਚਾ ਬੁਰਜ ਉਹ ਸਰ ਨਹੀਂ ਕਰ ਸਕਿਆ। ਅਕਲਾਂ ਹਾਰ ਗਈਆਂ ਤੇ ਉਹ ਹੀਰੇ
ਵਰਗਾ ਸਖਸ਼ ਚੰਨ ਦੀ ਛਾਤੀ ਦਾ ਦਾਗ ਜਾ ਬਣਿਆ।
ਬਲਵਿੰਦਰ ਕੌਰ ਬਰਾੜ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ।
-0-
|