ਭਾਰਤੀ
ਸੰਗੀਤ ਦੀ ਵਿਸ਼ਾਲ ਪਰੰਪਰਾ ਵਿੱਚ ਸੂਫ਼ੀ ਸੰਗੀਤ ਪਰੰਪਰਾ ਸੰਗੀਤ ਦੀ ਇੱਕ
ਅਜਿਹੀ ਧਾਰਾ ਹੈ, ਜਿਸ ਦਾ ਪੰਜਾਬੀ ਸਾਹਿਤ ਅਤੇ ਪੰਜਾਬ ਨਾਲ ਵਿਸ਼ੇਸ਼ ਸਬੰਧ
ਹੈ। ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਮੁੱਢ ਬਾਬਾ ਫਰੀਦ ਨਾਲ ਬੱਝਿਆ।ਉਨ੍ਹਾਂ
ਦਾ ਕਲਾਮ ਸਿਖ ਧਰਮ ਦੇ ਅਦੁੱਤੀ ਗ੍ਰੰਥ,ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ
ਹੈ। ਸੂਫ਼ੀ ਕਵੀਆਂ ਨੇ ਰੱਬ ਦੀ ਸਰਵ ਵਿਆਪਕ ਹੋਂਦ ਨੂੰ ਸਵੀਕਾਰ ਕਰਕੇ
ਧਾਰਮਕ ਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ। ਜਿਸ ਨਾਲ ਸੂਫ਼ੀ ਕਵਿਤਾ ਪੰਜਾਬੀਆਂ
ਦੇ ਜੀਵਨ ਦਾ ਅੰਗ ਬਣ ਗਈ। ਸਿੱਖ ਗੁਰੂ ਕਾਲ ਦੇ ਉੱਘੇ ਸੂਫ਼ੀ ਕਵੀਆਂ ਵਿੱਚ
ਸ਼ਾਹ ਹੂਸੈਨ (1539-1593 ਈ.), ਸੁਲਤਾਨ ਬਾਹੂ (1631-1691 ਈ.), ਸ਼ਾਹ
ਸਰਫ਼ (1659-1725 ਈ.) ਵਿਸ਼ੇਸ਼ ਸਥਾਨ ਰੱਖਦੇ ਹਨ।
ਸੂਫ਼ੀ ਪਰੰਪਰਾ ਇਸ਼ਕ ਹਕੀਕੀ ਉਪਰ ਆਧਾਰਤ ਹੈ। ਕੋਸ਼ਗਤ ਅਰਥਾਂ ਅਨੁਸਾਰ,
ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਮੁਸਲਮਾਨਾਂ ਦਾ ਇੱਕ ਫਿਰਕਾ
ਸੂਫ਼ੀ ਅਥਵਾ ਸੂਫ਼ਈ ਅਖਾਉਂਦਾ ਹੈ।ਜੋ ਪਵਿਤ੍ਰਾਤਮਾ ਹੋਵੇ , ਗਿਆਨੀ ਹੋਵੇ ਉਹ
ਸੂਫ਼ੀ ਹੈ। ਹਿੰਦੋਸਤਾਨ ਵਿੱਚ ਸੂਫ਼ੀਆਂ ਦੀਆਂ ਮੁੱਖ ਰੂਪ ਵਿਚ ਚਾਰ
ਸੰਪਰਦਾਵਾਂ ਚਿਸ਼ਤੀ, ਕਾਦਰੀ, ਨਕਸ਼ਬੰਦੀ ਅਤੇ ਸੁਹਰਾਵਰਦੀ ਸੰਪਰਦਾਇ ਆਦਿ
ਵਿਚੋਂ ਚਿਸ਼ਤੀ ਸੰਪਰਦਾਇ ਦਾ ਪ੍ਰਚਾਰ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਹੋਇਆ।
ਚਿਸ਼ਤੀ ਸੰਪਰਦਾਇ ਦੇ ਮੋਢੀ ਖ੍ਵਾਜਾ ਮੁਈਨੁੱਦੀਨ ਚਿਸ਼ਤੀ (ਅਜਮੇਰ) ਬਾਰੇ
ਮਹਾਨ ਕੋਸ਼ ਵਿੱਚ ਉਲੇਖ ਹੈ ਕਿ ‘‘ਮੱਧ ਏਸ਼ੀਆ ‘ਚ ਸੰਨ 1142 ਵਿਚ ਪੈਦਾ
ਹੋਇਆ ਇਹ ਫਕੀਰ, ਧਾਰਮਕ ਗਯਾਨ ਦੀ ਖੋਜ ਵਿੱਚ ਇਹ ਸਮਰਕੰਦ, ਬਗਦਾਦ, ਜੀਲਾਲ
ਹਮਦਾਨ, ਮੱਕੇ ਆਦਿਕ ਅਸਥਾਨਾਂ ਵਿੱਚ ਫਿਰਦਾ ਰਿਹਾ। ਇਸ ਉੱਤੇ ਸੂਫ਼ੀ ਪੀਰ
ਸ਼ੇਖ਼ ਅਬਦੁਲ ਕਾਦਿਰ ਜੀਲਾਨੀ ਦਾ ਬਹੁਤ ਅਸਰ ਹੋਇਆ। ਸੰਨ 1166 ਵਿੱਚ ਅਜਮੇਰ
ਅਪੜਿਆ ਅਤੇ ਇਸਲਾਮ ਦਾ ਪ੍ਰਚਾਰ ਕੀਤਾ, ਸੰਨ 1235 ਵਿੱਚ ਦੇਹਾਂਤ ਹੋਇਆ।”
ਸੁਫ਼ੀ ਸੰਤਾਂ ਪੀਰਾਂ ਦੀ ਆਪਣੀ ਇੱਕ ਵਿਸ਼ਾਲ ਪਰੰਪਰਾ ਹੈ। ਬੇਸ਼ੱਕ ਉਨ੍ਹਾਂ
ਕੋਈ ਅਲੱਗ ਸੰਗੀਤ ਪੱਧਤੀ ਦੀ ਸਥਾਪਨਾ ਨਹੀਂ ਕੀਤੀ, ਫਿਰ ਵੀ ਆਪਣੇ
ਪ੍ਰਯੋਜਨ ਦੀ ਸਿੱਧੀ ਲਈ ਜਿਹੜੇ ਰੂਪ ਵਿੱਚ ਸੰਗੀਤ ਦੀ ਵਰਤੋਂ ਕੀਤੀ ਉਸਨੂੰ
ਸੂਫ਼ੀ ਸੰਗੀਤ ਕਿਹਾ ਜਾਂਦਾ ਹੈ।ਡਾ. ਸਮਸ਼ਾਦ ਅਲੀ ਅਨੁਸਾਰ, ਸੂਫ਼ੀ ਸੰਗੀਤ ਕੀ
ਹੈ? ਜੇਕਰ ਇਸ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ
‘‘ਉਹ ਸੰਗੀਤ ਜਿਸ ਵਿੱਚ ਸੂਫ਼ੀਮੱਤ, ਸੂਫ਼ੀ ਦਰਸ਼ਨ ਨੂੰ ਸੂਫ਼ੀ-ਕਾਵਿ ਦੀ
ਸੰਗੀਤਾਤਮਕ ਪ੍ਰਸਤੁਤੀ ਦੁਆਰਾ ਸੂਫ਼ੀਆਨਾ ਅੰਦਾਜ਼ ਵਿਚ ਪ੍ਰਸਤੁਤ ਕੀਤਾ
ਜਾਵੇ,ਸੂਫ਼ੀ ਸੰਗੀਤ ਹੈ।”
ਜ਼ਿਆਦਾਤਰ ਪੰਜਾਬੀ ਭਾਸ਼ਾ ਦੇ ਸੂਫ਼ੀ ਸੰਤ ਖ਼ੁਦ ਸੰਗੀਤ ਦੇ ਅਤਿਅੰਤ ਪ੍ਰੇਮੀ
ਸਨ। ਪਰਮੁੱਖ ਸੂਫ਼ੀ ਫਕੀਰਾਂ , ਸ਼ਾਹ ਹੂਸੈਨ, ਬੁੱਲ੍ਹੇ ਸ਼ਾਹ, ਸ਼ਾਹ ਸਰਫ਼,
ਸ਼ਾਹ ਮੁਰਾਦ ਆਦਿ ਦੀਆਂ ਕਾਫ਼ੀਆਂ ਦੇ ਹੇਠਾਂ ਰਾਗ ਅੰਕਿਤ ਕੀਤੇ ਹੋਏ ਮਿਲਦੇ
ਹਨ, ਜਿਸਤੋਂ ਗਿਆਤ ਹੁੰਦਾ ਹੈ ਕਿ ‘ਕਾਫ਼ੀ‘ ਨੂੰ ਸਬੰਧਤ ਰਾਗ ਵਿੱਚ ਗਾਉਣ
ਦਾ ਨਿਰਦੇਸ਼ ਹੈ। ਕਾਫ਼ੀ ਸ਼ਬਦ ਦੇ ਵਿਦਵਾਨਾਂ ਵੱਲੋਂ ਵੱਖ ਵੱਖ ਅਰਥ ਕੀਤੇ
ਮਿਲਦੇ ਹਨ। ਅਰਬੀ ਵਿੱਚ ‘ਕਾਫ਼ੀ‘ ਦਾ ਅਰਥ ਹੈ ਪਿੱਛੇ ਚੱਲਣ ਵਾਲਾ, ਅਨੁਚਰ,
ਅਨੁਗਾਮੀ। ਸੂਫ਼ੀ ਫ਼ਕੀਰ ਜੋ ਪ੍ਰੇਮ ਰਸ ਭਰੇ ਪਦ ਗਾਇਆ ਕਰਦੇ ਸਨ, ਅਤੇ
ਜਿੰਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ
ਸੀ,ਉਹ ਕਾਫ਼ੀ ਨਾਮ ਤੋਂ ਪ੍ਰਸਿੱਧ ਹਨ।ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ
ਵਿੱਚ ਕਾਫ਼ੀ ਸ਼ਬਦ ਦੀ ਵਰਤੋਂ ‘ਥਾਟ‘ ਅਤੇ ‘ਰਾਗ‘ ਦੋਵਾਂ ਲਈ ਕੀਤੀ ਮਿਲਦੀ
ਹੈ।
ਸੰਗੀਤ ਦੇ ਪ੍ਰਸਿੱਧ ਵਿਦਵਾਨ ਡਾ. ਗੁਰਨਾਮ ਸਿੰਘ ਅਨੁਸਾਰ, ‘‘ਸੰਗੀਤ ਜਗਤ
ਨੂੰ ਸੂਫ਼ੀਆਂ ਨੇ ਕਾਫ਼ੀ ਦੇ ਰੂਪ ਵਿਚ ਇਕ ਨਿਵੇਕਲੀ ਗਾਇਨ ਸ਼ੈਲੀ ਪ੍ਰਦਾਨ
ਕੀਤੀ ਹੈ। ਜਿਸਦਾ ਗਾਇਨ ਅੰਦਾਜ਼ ਭਾਰਤੀ ਸੰਗੀਤ ਦੀਆਂ ਗਾਇਨ ਸ਼ੈਲੀਆਂ ਤੋਂ
ਭਿੰਨ ਅਤੇ ਵਿਲੱਖਣ ਹੈ।”
ਸਪੱਸ਼ਟ ਹੈ ਕਿ ਵਿਦਵਾਨਾਂ ਨੇ ‘ਕਾਫ਼ੀ‘ ਸ਼ਬਦ ਦੀ ਕਈ ਅਰਥਾਂ ਵਿੱਚ ਵਰਤੋਂ
ਕੀਤੀ ਹੈ। ਕਾਫ਼ੀ ਸ਼ਬਦ ਇੱਕ ‘ਥਾਟ‘ ਵਜੋਂ, ਇੱਕ ਰਾਗਨੀ ਵਜੋਂ ਅਤੇ ਸੂਫ਼ੀ
ਪਰੰਪਰਾ ਵਿੱਚ ਗਾਇਕੀ ਦੇ ਇੱਕ ਰੂਪ ਵਜੋਂ ਵਰਤਿਆ ਮਿਲਦਾ ਹੈ। ਡਾ.ਰਤਨ
ਸਿੰਘ ਜੱਗੀ ਰਚਿਤ ਸਾਹਿਤ ਕੋਸ਼ ਅਨੁਸਾਰ, ‘‘ਪੰਜਾਬੀ ਵਿਚ ਗੁਰੂ ਨਾਨਕ ਦੇਵ
ਜੀ ਦੀਆਂ ਲਿਖੀਆਂ ਕਾਫ਼ੀਆਂ ਆਸਾ ਸੂਹੀ ਅਤੇ ਮਾਰੂ ਰਾਗਾਂ ਵਿੱਚ ਦਰਜ਼
ਮਿਲਦੀਆਂ ਹਨ। ਕਾਫ਼ੀ ਰਚਨਾ ਵਿੱਚ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ
ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਹਿੱਸਾ ਪਾਇਆ ਹੈ”
ਪੰਜਾਬ ਦੇ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਸ਼ਾਹ ਹੁਸੈਨ, ਸ਼ਾਹ ਸ਼ਰਫ਼, ਸ਼ਾਹ
ਹਬੀਬ, ਸ਼ਾਹ ਮੁਰਾਦ, ਬੁੱਲ੍ਹੇ ਸ਼ਾਹ, ਗ਼ੁਲਾਮ ਫ਼ਰੀਦ , ਮੀਆਂ ਬਖਸ਼ ਦੀਆਂ
ਕਾਫ਼ੀਆਂ ਕਈ ਰਾਗਾਂ ਆਸਾ, ਗਉੜੀ, ਮਾਝ, ਝੰਝੋਟੀ, ਜੈਜਾਵੰਤੀ ਆਦਿ ‘ਚ
ਲਿਖੀਆਂ ਮਿਲਦੀਆਂ ਹਨ। ਕਸੂਰ ਨਿਵਾਸੀ, ਪੰਜਾਬੀ ਕਵੀ ਬੁਲ੍ਹੇ ਸ਼ਾਹ ਦੀਆਂ
ਕਾਫ਼ੀਆਂ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ। ਜੋ ਫ਼ਕੀਰਾਂ ਵਿੱਚ ਵੀ ਆਦਰ ਨਾਲ
ਗਾਈਆਂ ਜਾਂਦੀਆਂ ਹਨ। ਸੂਫ਼ੀ ਦਰਸ਼ਨ ਦਾ ਤੱਤਸਾਰ ਇਸ਼ਕ ਹਕੀਕੀ ਹੈ , ਇਸ ਵਿਚ
ਅਧਿਆਤਮਕ ਵਿਚਾਰ ਵੀ ਮਿਲਦੇ ਹਨ, ਅਤੇ ਨੈਤਿਕਤਾ ਜਾਂ ਚੱਜ ਆਚਾਰ ਦੀ ਸਿਖਿਆ
ਵੀ। ਅਧਿਆਤਮਕ ਅੰਸ਼ ਨੂੰ ਬੜੀ ਹੀ ਸਰਲ ਭਾਸ਼ਾ ਤੇ ਬੋਲੀ ਵਿਚ ਪੇਸ਼ ਕੀਤਾ
,ਨਾਲ ਹੀ ਇਹ ਆਪਣੇ ਸਮੇਂ ਦੇ ਸਮਾਜਕ ਅਤੇ ਸਭਿਆਚਾਰਕ ਹਾਲਤਾਂ ਦੀ ਸੁਚੱਜੀ
ਤਸਵੀਰ ਵੀ ਪੇਸ਼ ਕਰਦਾ ਹੈ। ਇਸੇ ਕਾਰਨ ਸੰਗੀਤ ਦੇ ਖੇਤਰ ਵਿਚ ਸੂਫ਼ੀ-ਕਾਵਿ
ਨੂੰ ਅਹਿਮ ਸਥਾਨ ਹਾਸਲ ਹੈ।
ਅਸਿਸਟੈਂਟ ਪ੍ਰੋਫੈਸਰ
ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ: 84378...22296
-0-
|