ਕੈਲੀਫੋਰਨੀਆ ਦੇ
ਸੈਨਹੋਜ਼ੇ ਹੈਰੀਟੇਜ ਥੀਏਟਰ ਵਿਚ ਅੱਜ ਇੱਕ ਅੱਤ ਮਹੱਤਵਪੂਰਨ ਪ੍ਰਦਰਸ਼ਨ ਹੋਣ ਜਾ ਰਿਹਾ ਹੈ।
ਮਹਿਮਾਨਾਂ ਵਾਸਤੇ ਇੱਕ ਆਰਜ਼ੀ ਪੰਡਾਲ ਉੱਸਰ ਗਿਆ ਹੈ। ਅੰਦਰ ਜਾਣ ਤੋਂ ਪਹਿਲਾ ਇੱਥੇ
ਪਹਿਚਾਣ-ਪੱਤਰ ਅਤੇ ਹੋਰ ਦਸਤਾਵੇਜ਼ਾਂ ਦੀ ਦਰਿਆਫ਼ਤ ਹੋਣੀ ਹੈ। ਵੰਨ-ਸਵੰਨਤਾ ਵਾਲੇ ਸੱਤਰ
ਦੇਸ਼ਾਂ ਦੇ ਅਲੱਗ ਅਲੱਗ ਤਹਿਜ਼ੀਬ, ਧਰਮਾਂ, ਨਸਲਾਂ ਵਾਲੇ ਛੇ ਸੌ ਪੰਜਾਹ ਮੁੱਢਲੇ ਵਸਨੀਕ
ਕਤਾਰਾਂ ਵਿਚ ਖੜੋ ਗਏ ਹਨ। ਗੋਰੇ, ਕਾਲੇ, ਫੀਨ੍ਹੇ, ਅੰਨ੍ਹੇ, ਕਾਣੇ, ਚਪਟੇ, ਲੰਬੇ, ਮਧਰੇ,
ਚੀਨੀ, ਫਿਲਪੀਨੀ, ਭਾਰਤੀ, ਪਾਕਿਸਤਾਨੀ, ਅਫ਼ਗ਼ਾਨ, ਵੇਤਨਾਮੀ ਆਦਿ ਇੱਕ ਦੂਜੇ ਤੋਂ ਵੱਧ
ਉਤਸ਼ਾਹਿਤ ਅੰਦਰ ਵੜਨ ਲਈ ਉਤਾਵਲੇ ਹਨ। ਇਹ ਕਾਫ਼ਲਾ ਪਰਦੇਸੀਆਂ ਦੀ ਮੁੱਢਲੀ ਮਾਨਸਿਕ ਪ੍ਰਵਿਰਤੀ
ਬਰੇਨ-ਵਾਸ਼ ਕਰ ਕੇ ਨਵੀਂ ਕਲੀ ਚੜ੍ਹਾਉਣ ਵਾਲੀ ਵਰਕਸ਼ਾਪ ਵਾਂਗ ਜਾਪ ਰਹੀ ਹੈ। ਇਹ ਧਮੱਚੜ
ਵੱਡੀਆਂ ਵੱਡੀਆਂ ਲਪਟਾਂ ਮਾਰਦੇ ਹਵਨ-ਕੁੰਡ ਦੀ ਨਿਆਈਂ ਹੈ ਜਿਸ ਵਿਚ ਸਭ ਟੁੱਟ-ਭੱਜ ਪਰਚੂਨ
ਲੋਹਾ ਪਿੱਤਲ ਧਾਤਾਂ ਪੱਘਰ ਕੇ ਤਰਲ ਪਦਾਰਥ ਇੱਕ ਸੱਚੇ ਵਿਚ ਢਲ ਕੇ ਇਕਸਾਰ ਸ਼ਕਲ ਧਾਰਨ ਕਰ
ਲਵੇ ਗਾ। ਵਿਭਿੰਨ ਸੱਭਿਆਚਾਰਾਂ ਦੀ ਵਿਲੱਖਣ ਸ਼ਮੂਲੀਅਤ ਇੱਕ ਨਵਾਂ ਇਤਿਹਾਸ ਸਿਰਜਣ ਵਾਲੀ
ਹੈ। ਮੱਠੇ ਮੱਠੇ ਸੰਗੀਤ ਤੇ ਹਰ ਖੁੱਚ ਟਪਕ ਰਹੀ ਹੈ ਜਿਵੇਂ ਰੱਬ ਦੇ ਵਿਆਹ ਆਏ ਹੋਣ। ਭਾਵਕਤਾ
ਵਿਚ ਗੜੂੰਦ ਸਾਰੇ ਸਹਿਭਾਗੀ ਉਮਾਹ ਭਰਪੂਰ ਅੱਡੀਆਂ ਚੁੱਕੀ ਮੁੱਖ ਦੁਆਰ ਖੁੱਲ੍ਹਣ ਦੀ ਇੰਤਜ਼ਾਰ
ਵਿਚ ਉਤਸੁਕ ਹਨ। ਹਰੇਕ ਦੇ ਮਨ ਵਿਚ ਕਸਮ ਚੁੱਕਣ ਦੀ ਜਗਿਆਸਾ ਉਨ੍ਹਾਂ ਦੇ ਚਿਹਰੇ ਤੇ
ਫੁਲਝੜੀਆਂ ਚਲਾ ਰਹੀ ਹੈ। ਕੁੱਝ ਜੌਹਕਰ ਮਸਖ਼ਰੇ ਨੱਚਦੇ ਟੱਪਦੇ ਟਪੂਸੀਆਂ ਮਾਰਦੇ ਮਹਿਮਾਨਾਂ
ਦਾ ਮਨੋਰੰਜਨ ਕਰਦੇ ਮਹਿਮਾਨਾਂ ਵਿਚ ਝੰਡੇ ਕੈਂਡੀਆਂ ਵੰਡ ਰਹੇ ਹਨ। ਹਰੇਕ ਦੇ ਹੱਥ ਝੰਡਾ
ਲਹਿਰਾ ਰਿਹਾ ਹੈ ਜਿਵੇਂ ਜੰਗੀ ਮੁਹਾਜ਼ ਦੀ ਤਿਆਰੀ ਹੋਵੇ।
ਜਸ਼ਨਾਂ ਭਰਪੂਰ ਇਸ ਸੰਮੇਲਨ ਵਿਚ ਨਿਵੇਕਲੀਆਂ ਹਰਕਤਾਂ ਕਰਦਾ ਇੱਕ ਸ਼ਖ਼ਸ ਸਹਿਮਿਆ ਸੁੰਗੜਿਆ
ਬਾਰ ਬਾਰ ਮੁੱਛਾਂ ਮਰੋੜਦਾ ਹਮਸਾਇਆਂ ਦੀ ਤਵੱਜੋ ਖਿੱਚਦਾ ਹੈ। ਮਨਬਚਨੀ ਕਰਦਾ ਕਦੇ
ਮੁਸਕਰਾਉਂਦਾ ਹੈ ਕਦੇ ਗੰਭੀਰ ਹੋ ਜਾਂਦਾ ਹੈ। ਪ੍ਰਸੂਤ ਪੀੜਾਂ ਜਿਹੀ ਅਜੀਬ ਵਿਆਕੁਲ ਤਾਂਘ,
ਗੰਭੀਰਤਾ ਤੇ ਜਲਾਲ ਦੀ ਮਨੋਦਸ਼ਾ ਉਸ ਦੇ ਚਿਹਰੇ ਤੋਂ ਸਾਫ਼ ਪ੍ਰਤੱਖ ਹੈ। ਅਮਰੀਕੀ ਨਾਗਰਿਕਤਾ
ਹਾਸਲ ਕਰਨ ਦੀ ਖ਼ੁਸ਼ੀ ਉੱਪਰ ਉਸ ਦੇ ਆਪਣੇ ਦੇਸ਼ ਦੀ ਬੇਗਾਨਗੀ ਤੇ ਹੋਰ ਹੇਰਵਿਆਂ ਦਾ ਅਹਿਸਾਸ
ਹਾਵੀ ਹੋ ਰਿਹਾ ਹੈ। ਸਿ਼ਕਾਰੀ ਤੋਂ ਦੌੜੀ ਹਿਰਨੀ ਵਾਂਗ ਉਹ ਡੌਰ-ਭੌਰਾ ਹਜੂਮ ਤੋਂ ਬੇਲਾਗ
ਡਰਿਆ ਭੌਂਤਰਿਆ ਪ੍ਰਤੀਤ ਹੁੰਦਾ ਹੈ। ਬਹੁ-ਪ੍ਰਭਾਵੀ ਚਿੰਤਾ ਭਰੀਆਂ ਸਿਲਵਟਾਂ ਉਸ ਦੇ ਚਿਹਨ
ਚੱਕਰ ਵਿਚੋਂ ਆਪਮੁਹਾਰੇ ਉਜਾਗਰ ਹੋ ਰਹੀਆਂ ਹਨ। ਉਸ ਦਾ ਗਹਿਰ ਗੰਭੀਰ ਤਣਾਓ ਭਰਪੂਰ ਚਿਹਰਾ
ਅੰਦਰਲੀ ਅਦਿੱਖ ਕਸ਼ਮਕਸ਼ ਦੀ ਸੂਚਕ ਹਨ।
ਸਾਰੇ ਸਹਿਭਾਗੀਆਂ ਦੇ ਹੱਥੀਂ ਵੇਖ ਕੇ ਉਸ ਨੇ ਵੀ ਆਪਣਾ ਗਰੀਨ ਕਾਰਡ ਬਾਹਰ ਕੱਢ ਲਿਆ। ਗ਼ਨੀਮਤ
ਭਰੇ ਇਸ ਕਾਰਡ ਤੋਂ ਅੱਜ ਉਸ ਨੇ ਵੰਚਿਤ ਹੋ ਜਾਣਾ ਸੀ ਤੇ ਇਸ ਬਦਲੇ ਅਮਰੀਕੀ ਸ਼ਹਿਰੀ ਦਾ
ਪ੍ਰਮਾਣ-ਪੱਤਰ, ਕਾਗ਼ਜ਼ ਦਾ ਇੱਕ ਟੁਕੜਾ ਮਿਲ ਜਾਣਾ ਸੀ।
‘ਮੇਰੇ ਕੋਲੋਂ ਛਿਣ ਜਾਣਾ ਹੈ ਹੁਣ ਮੇਰਾ ਪਿਆਰਾ ਗਰੀਨ ਕਾਰਡ।’ ਬੜੀ ਹਸਰਤ ਨਾਲ ਉਸ ਨੇ
ਨਿਹਾਰਿਆ।
‘ਬੜੇ ਔਖੇ ਸੌਖੇ ਮਹਾਂਕਾਲ ਵਿਚ ਇਸ ਨੇ ਮੇਰਾ ਸਾਥ ਦਿੱਤਾ ਹੈ।’ ਤੋੜ ਵਿਛੋੜੇ ਦੀ ਘੜੀ ਨੇੜੇ
ਵੇਖ ਕੇ ਬੇਬਸ ਕਾਰਡ ਦੀਆਂ ਅੱਖਾਂ ਵਿਚ ਡਲ੍ਹਕਦੇ ਹੰਝੂ ਮਹਿਸੂਸ ਕਰ ਕੇ ਉਸ ਨੇ ਆਪਣੀਆਂ
ਅੱਖਾਂ ਮੀਟ ਲਈਆਂ। ਅਸਲ ਵਿਚ ਕਾਰਡ ਦੇ ਵਿਯੋਗ ਨਾਲ ਮਰੀਅਮ ਦਾ ਨਿਸ਼ਚਿਤ ਵਿਛੋੜਾ ਤੇ ਵਿਗੋਚਾ
ਉਸ ਦੀ ਮਾਨਸਿਕਤਾ ਨੂੰ ਹੋਰ ਜ਼ਿਆਦਾ ਨੋਚ ਰਿਹਾ ਸੀ ਜਿਸ ਲਈ ਉਹ ਪਿਛਲੀ ਫੇਰੀ ਸਮੇਂ ਚੇਤਾਵਨੀ
ਦੇ ਗਈ ਸੀ। ਜਾਲ ’ਚ ਫਸੇ ਤੜਫਦੇ ਪੰਛੀ ਵਾਂਗ ਉਹ ਫੜਫੜਾ ਰਹੀ ਸਥਿਤੀ ਵਿਚ ਸੀ।
ਇਸ ਜਲਸੇ ਵਿਚ ਉਸ ਨੇ ਅਮਰੀਕਾ ਪ੍ਰਤੀ ਬਰਖ਼ੁਰਦਾਰੀ ਦੀ ਸੌਂ ਖਾਣੀ ਸੀ। ‘ਸੌਂ ਸੱਚੀ ਵੀ ਮਾੜੀ
ਤੇ ਝੂਠੀ ਵੀ ਮਾੜੀ। ਸੌਂ ਖਾਣੀ ਨਹਿਸ਼ ਹੁੰਦੀ ਹੈ।’ ਪੰਜਾਬੀ ਸਭਿਆਚਾਰ ਦਾ ਕਥਨ ਉਸ ਦੇ ਮਨ
ਵਿਚ ਰਿੱਝਣ ਲੱਗਾ। ਇਹ ਤਾਂ ਖਾਣੀ ਹੀ ਪੈਣੀ ਹੈ ਹੁਣ, ਭਾਵੇਂ ਨਿੰਮ ਦੇ ਕੌੜੇ ਘੁੱਟਾਂ ਵਾਂਗ
ਬਾਦ ਵਿਚ ਉਗਲੱਛਦਾ ਫਿਰੇ।
ਤੇਰਾ ਚੇਤਾ ਆਉਂਦਾ ਰਹਿੰਦਾ, ਪਾਰ ਸਮੁੰਦਰ ਜਾ ਕੇ।
ਯਾਦ ਤੇਰੀ ਚੁਪਕੇ ਆ ਬਹਿੰਦੀ, ਬੁੱਕਲ ਅੰਦਰ ਆ ਕੇ।
ਵੇਖੀਂ ਬਸੰਤੀ ਡੋਲ ਨਾ ਜਾਈਂ, ਦੁੱਖ ਹਿਜਰ ਦਾ ਲਾ ਕੇ।
ਮੈਂ ਛੇਤੀ ਮੁੜ ਆਉਣਾ ਬੱਲੀਏ, ਕਹਿੰਦਾ ਹਾਂ ਸੌਂ ਖਾ ਕੇ।
ਅਜੇਹੀ ਝੂਠੀ ਸੌਂ ਤੇ ਦਿਲ-ਵਧੀ ਵਾਲੇ ਦਿਲਾਸੇ ਉਸ ਨੇ ਬਸੰਤੀ ਨੂੰ ਕਈ ਵੇਰਾਂ ਭੇਜੇ। ਹਰ
ਵੇਰਾਂ ਇਹ ਫੋਕੜ ਹੀ ਸਾਬਤ ਹੋਏ। ਬਸੰਤੀ ਦੇ ਅਰਮਾਨਾਂ ਦਾ ਬਣਾਇਆ ਆਲ੍ਹਣਾ ਇਕੇਰਾਂ ਮਰੀਅਮ
ਨੇ ਸੁਰਜੀਤ ਕਰ ਕੇ ਆਪਣਾ ਰੈਣ-ਬਸੇਰਾ ਕਰ ਲਿਆ। ਕਈ ਚਿੱਠੀਆਂ ਫੋਨਾਂ ਵਿਚ ਉਹ ਬਸੰਤੀ ਨੂੰ
ਜਲਦੀ ਮੁੜ ਆਉਣ ਦੀਆਂ ਝੂਠੀਆਂ ਤਸੱਲੀਆਂ ਦਿੰਦਾ ਰਿਹਾ। ਉਸ ਨੂੰ ਬੇਯਕੀਨੀ ਜਿਹੀ ਸੀ ਕਿ
ਮਰੀਅਮ ਦੀ ਡੰਗ-ਟਪਾਊ ਬੇੜੀ ਉਸ ਨੂੰ ਪਾਰ ਪੱਤਣ ਤੇ ਲਗਾਉਂਦੀ ਹੈ, ਅੱਧ ਵਿਚਕਾਰ ਡੋਬਦੀ ਹੈ
ਜਾਂ ਮੁੜ ਪਿਛਲੇ ਪੈਰੀਂ ਆਪਣੇ ਘਰ ਦਾ ਰਸਤਾ ਦਿਖਾਉਂਦੀ ਹੈ। ਉਹ ਅੰਦਰੋਂ ਖ਼ੁਸ਼ ਵੀ ਸੀ ਕਿ ਦਸ
ਸਾਲਾਂ ਦੀ ਏਨੀ ਜੱਦੋ-ਜਹਿਦ ਕਰ ਕੇ ਧੱਕੇ ਧੋੜੇ ਖਾਣ ਤੋਂ ਬਾਦ ਉਸ ਨੂੰ ਮਰੀਅਮ ਜਿਹਾ ਸਹਾਰਾ
ਮਿਲ ਗਿਆ ਸੀ ਜੋ ਪੱਕੀ ਅਮਰੀਕੀ ਸਿਟੀਜ਼ਨ ਸੀ ਤੇ ਲੱਕੜ ਨਾਲ ਲੋਹਾ ਤਰਨ ਵਾਂਗ ਉਸ ਨੂੰ ਵੀ
ਕੰਢੇ ਲੱਗ ਜਾਣ ਦੀ ਉਮੀਦ ਸੀ। ਉਸ ਨਾਲ ਅਹਿਦਨਾਮਾ ਕੀਤਾ ਸੀ ਕਿ ਉਹ ਤਿੰਨ ਸਾਲ ਬਾਦ ਪੱਕਾ
ਨਾਗਰਿਕ ਬਣਾ ਕੇ ਤਲਾਕ ਲੈ ਲਵੇਗੀ।
ਅੱਜ ਦੀ ਇਸ ਸੌਂ ਨੇ ਉਸ ਦੇ ਆਪਣੇ ਵਤਨ ਜਿਸ ਦੀ ਮਿੱਟੀ ਨੂੰ ਪੂਜਦਾ ਉਹ ਇਸ ਮੁਕਾਮ ਤੇ
ਪੁੱਜਾ, ਨੂੰ ਵਿਦੇਸ਼/ਬਿਗਾਨਾ ਬਣਾ ਦੇਣਾ ਹੈ। ਫਿਰ ਉਸ ਨੇ ਪਰਦੇਸੀ ਬਣ ਕੇ ਇਸ ਮਹਿਕ ਨੂੰ
ਤਰਸਣਾ ਹੈ। ਕਾਇਦੇ ਅਨੁਸਾਰ ਆਪਣਾ ਭਾਰਤੀ ਪਾਸਪੋਰਟ ਭਾਰਤੀ ਸਫ਼ਾਰਤਖ਼ਾਨੇ ਤੋਂ ਕੈਂਸਲ ਕਰਵਾਉਣ
ਦਾ ਸਬੂਤ ਲੈਣਾ ਪਊ। ਪਹਿਲਾਂ ਉਸ ਨੂੰ ਅਮਰੀਕਾ ਦਾ ਵੀਜ਼ਾ ਲੈਣ ਵਾਸਤੇ ਕਿੰਨੇ ਚੱਕਰ ਮਾਰਦੇ
ਲਿਲ੍ਹਕੜੀਆਂ ਕੱਢਣੀਆਂ ਪਈਆਂ ਸਨ। ਹੁਣ ਆਪਣੇ ਅਮਰੀਕੀ ਪਾਸਪੋਰਟ ਤੇ ਭਾਰਤ ਦਾ ਵੀਜ਼ਾ ਲੈਣ
ਵਾਸਤੇ ਉਹੀ ਪਾਪੜ ਵੇਲਣੇ ਪੈਣਗੇ। ਆਪਣਾ ਦੇਸ਼ ਪਰਾਇਆ ਹੋ ਜਾਏ ਗਾ ਸਹੁਰੇ ਤੁਰਦੀ ਕੁੜੀ
ਵਾਂਗ। ਪਾਪੀ ਪੇਟ ਕੀ ਕਰਦਾ ਹੈ, ਕੀ ਕਰਾਉਂਦਾ ਹੈ। ਭਾਰਤ ਦੇ ਮਹਾਨ ਦੇਸ਼-ਭਗਤਾਂ ਨੇ
ਗ਼ੁਲਾਮੀ ਦੀਆਂ ਕੜੀਆਂ ਤੋੜ ਕੇ ਗੋਰਿਆਂ ਨੂੰ ਕੱਢਣ ਵਾਸਤੇ ਕਿੰਨੇ ਸੰਘਰਸ਼ ਵਿੱਢੇ, ਮਹਾਨ
ਕੁਰਬਾਨੀਆਂ ਦਿੱਤੀਆਂ। ‘ਗੋਰਿਓ, ਫ਼ਰੰਗੀਓ, ਕਮੀਨਿਓ, ਨਿਕਲ ਜਾਓ’ ਪਰ ਜਦ ਉਹ ਚਲੇ ਗਏ,
ਉਨ੍ਹਾਂ ਦੇ ਪਿੱਛੇ ਹੀ ਸਵੈ-ਇੱਛਕ ਗ਼ੁਲਾਮੀ ਲਈ ਟਿੰਡ ਫੂਹੜੀ ਚੁੱਕੀ ਵਹੀਰਾਂ ਘੱਤ ਤੁਰੇ ਅਖੇ
‘ਸਾਨੂੰ ਭਾਰਤ ਦੀ ਲੰਗੜੀ ਭੁੱਖੀ ਆਜ਼ਾਦੀ ਨਾਲੋਂ ਤੁਹਾਡੀ ਅਧੀਨਗੀ ਚੰਗੀ ਬਿਹਤਰ ਹੈ।’ ਕੀ
ਅਨਰਥ ਹੈ? ਇਨਸਾਨ ਸੁਆਰਥ ਦੀ ਖ਼ਾਤਰ ਕੀ ਦਾ ਕੀ ਬਣ ਜਾਂਦਾ ਹੈ, ਕਿੱਥੇ ਕਦ ਥਿੜਕ ਜਾਂਦਾ ਹੈ,
ਕਿੱਥੇ ਡਿਗ ਪੈਂਦਾ ਹੈ। ਕੋਈ ਥਹੁ ਪਤਾ ਨਹੀਂ ਲੱਗਦਾ।
ਅੰਦਰਲੇ ਸ਼ੋਰ-ਸ਼ਰਾਬੇ ਦਾ ਫ਼ਤੂਰ ਉਸ ਦੇ ਦਿਲ ਦਿਮਾਗ਼ ਨੂੰ ਚੱਟਣ ਲੱਗਾ। ਮਾਨਸਿਕ ਉਥਲ-ਪੁਥਲ
ਨਾਲ ਉਸ ਦੀਆਂ ਲਹੂ ਨਾੜਾ ਪਾਟਣ ਤੱਕ ਆ ਗਈਆਂ। ਉਸ ਦੇ ਮਨ ਮਸਤਕ ਦੀ ਕਰਮ ਭੂਮੀ ਤੇ ਜ਼ਿੰਦਗੀ
ਦੀ ਸੰਤਾਪ-ਮਈ ਕੁੜੱਤਣ ਵਿਚੋਂ ਉਗਮੀਆਂ ਭਾਂਜ-ਮਈ ਭਾਵਨਾਵਾਂ ਤੇ ਕਲਪਨਾ ਦਾ ਯੁੱਧ ਛਿੜਦਾ
ਭਿਅੰਕਰ ਰੂਪ ਧਾਰਨ ਕਰ ਗਿਆ।
‘ਕਹਿੰਦੇ ਇਨ੍ਹਾਂ ਜੰਗਲਾਂ ਵਿਚ ਕੋਈ ਅਮੋਲ ਬੂਟੀ ਹੈ ਜਿਸ ਦੀ ਤਲਾਸ਼ ਵਿਚ ਕਈ ਸੰਤ ਮਹਾਤਮਾ
ਉਮਰ ਭਰ ਭਟਕਦੇ ਪਿੰਜਰ ਦੇ ਪਿੰਜਰ ਹੋ ਜਾਂਦੇ ਸਨ ਪਰ ਜਿਸ ਨੂੰ ਇਹ ਮਿਲ ਜਾਂਦੀ, ਉਸ ਦੀ
ਕਾਇਆਂ ਹੀ ਨਹੀਂ ਬਲਕਿ ਕੁਲਾਂ ਹੀ ਕਲਪ ਹੋ ਜਾਂਦੀਆਂ ਨੇ। ਚੌਧਵੀਂ ਸਦੀ ਵਿਚ ਉਹ ਬੂਟੀ
ਲੱਭਦੇ ਜਦ ਉਹਲੋਨ ਕਬੀਲੇ ਦੇ ਰਹਿਬਰ ਥੱਕ ਟੁੱਟ ਕੇ ਹੌਸਲਾ ਹਾਰ ਬੈਠੇ ਤਾਂ ਉਨ੍ਹਾਂ ਨੂੰ
ਕਾਲੇ ਵੇਸ ਵਾਲੀ ਇੱਕ ਭਗਤਣੀ ਮਿਲੀ ਤੇ ਕਿਹਾ ਭਗਤੋ ਉੱਠੋ, ਇਸ ਚਸ਼ਮੇ ਵਿਚ ਇਸ਼ਨਾਨ ਕਰੋ। ਸਭ
ਮਨੋਂ ਕਾਮਨਾ ਪੂਰੀਆਂ ਹੋ ਜਾਣਗੀਆਂ, ਸੋਨੇ ਦੀ ਮੁਰਗ਼ੀ ਮਿਲੇਗੀ ਤੁਹਾਨੂੰ। ਇਸ਼ਨਾਨ ਕਰਨ ਤੇ
ਉਨ੍ਹਾਂ ਦੀ ਥਕਾਵਟ, ਦੁੱਖ ਦਲਿੱਦਰ ਸਭ ਕੱਟੇ ਗਏ।‘ ਨਾਲ ਖੜੀ ਅਧਖੜ ਉਮਰ ਦੀ ਜੋੜੀ
ਚੁੰਝ-ਚੋਹਲ ਕਰਦੀ ਵੇਖ ਕੇ ਉਸ ਦੇ ਮਨ ਅੰਤਰ ਮਰੀਅਮ ਦੀ ਤਲਬ ਉਜਾਗਰ ਹੋ ਗਈ। ਉਨ੍ਹਾਂ ਦੀਆ
ਮਿੱਠੀਆਂ ਮਿੱਠੀਆਂ ਗੱਲਾਂ ਤੇ ਬਾਰ ਬਾਰ ਚੁੰਮਣ ਵਟਾਂਦਰੇ ਨੇ ਉਸ ਦਾ ਧਿਆਨ ਉੱਧਰ ਆਕਰਸ਼ਿਕ
ਕਰ ਦਿੱਤਾ।
‘ਸ਼ੁਕਰ ਕਰੋ ਤੁਹਾਨੂੰ ਅੱਜ ਤੁਹਾਨੂੰ ਉਹੀ ਸੋਨੇ ਦੀ ਮੁਰਗ਼ੀ ਦੇ ਦਰਸ ਦੀਦਾਰੇ ਹੋਣ ਗੇ,
ਬੂਟੀ ਸੁੰਘਣ ਦਾ ਅਵਸਰ ਮਿਲੇ ਗਾ, ਚਸ਼ਮੇ ਥੱਲੇ ਵੀ ਕਾਇਆਂ ਕਲਪ ਹੋ ਜਾਏ ਗੀ।‘ ਨਾਰੀ ਲੱਜ਼ਤ
ਹੋਈ ਉਸ ਦੀਆਂ ਕੱਛਾਂ ਵਿਚ ਵੜ ਰਹੀ ਸੀ।
‘ਇਹ ਤਾਂ ਫਿਰ ਸੰਜੀਵਨੀ ਹੀ ਹੋਊ ਜਿਸ ਨੇ ਲਛਮਣ ਨੂੰ ਮੂਰਛਾ ਤੋਂ ਉਠਾਇਆ ਸੀ। ਜਾਂ ਫਿਰ ਇਹ
ਦੁੱਖ-ਭੰਜਨੀ ਬੇਰੀ ਦੀ ਗੱਲ ਕਰਦੇ ਹੋਣ ਗੇ।‘ ਉਨ੍ਹਾਂ ਦੀ ਜੁਸਤਜੂ ਨਾਲ ਰੋਮੀ ਦੇ ਕੰਨ
ਆਪਮੁਹਾਰੇ ਖੜ੍ਹੇ ਹੋ ਗਏ।
‘ਅੰਮ੍ਰਿਤਸਰ ਦੀ ਗੁਰੂ ਰਾਮਦਾਸ ਦੁੱਖ-ਭੰਜਨੀ ਛਪੜੀ ਵਿਚ ਕਊਏ ਟੁੱਭੀ ਮਾਰ ਕੇ ਹੰਸ ਬਣ ਕੇ
ਬਾਹਰ ਨਿਕਲੇ ਸਨ, ਕਾਲੇ ਬੱਗੇ ਹੋ ਗਏ ਸਨ, ਸ਼ਰਧਾਵਾਨ ਰੋਗੀ ਰਿਸ਼ਟ-ਪੁਸ਼ਟ ਨਿਰੋਗ ਹੋ ਕੇ
ਨਿੱਤਰੇ ਸਨ। ਸਬਰ ਦੀ ਮੂਰਤ ਰਜਨੀ ਦਾ ਪਤੀ ਅਪਾਹਜ ਕੋਹੜੀ ਸਾਬਤ ਸਬੂਤਾ ਤੰਦਰੁਸਤ ਮਰਦ ਬਣ
ਕੇ ਬਾਹਰ ਨਿਕਲਿਆ ਸੀ। ਉਸ ਨੇ ਆਪਣੀ ਮਹਿਰਮ ਦੇ ਭਰੋਸੇ ਵਾਸਤੇ ਇੱਕ ਰੋਗੀ ਉਂਗਲ ਬਚਾ ਲਈ ਸੀ
ਜਿਵੇਂ ਮੈਂ ਇਹ ਮੁੱਛ।’ ਉਨ੍ਹਾਂ ਦੇ ਪ੍ਰਤੀਕਰਮ ਵਜੋਂ ਉਸ ਅਜਨਬੀ ਜੋੜੀ ਨੂੰ ਇਹ ਇਤਿਹਾਸਿਕ
ਵਿਥਿਆ ਸੁਨਾਉਣੀ ਚਾਹੁੰਦਾ ਸੀ ਪਰ ਇਸ ਦਾ ਮਤਲਬ ‘ਭੈਸ ਅੱਗੇ ਬੀਨ ਵਜਾਉਣ’ ਤੋਂ ਵੱਧ ਕੁੱਝ
ਵੀ ਨਹੀਂ ਹੋਣਾ, ਸੋਚ ਕੇ ਦੜ ਵੱਟ ਗਿਆ। ਉਹ ਆਪਣੇ ਹੀ ਦਾਇਰੇ ਅੰਦਰ ਮਸਤ ਝੂਮ ਰਹੇ ਸਨ।
‘ਹਾਏ! ਆਈ ਐਮ ਵੈਨ ਡਾਂਗ ਫਰਾਮ ਵੇਤਨਾਮ।... ਆਰ ਯੂ ਸਿੰਗਲ? ਯੂਅਰ ਵਾਈਫ਼?... ਇਹ ਮੇਰੀ
ਪਤਨੀ ਹੈ ਸਿੰਡਰੇਲਾ।’ ਰਾਮੇ ਨੂੰ ਉੱਸਲਵੱਟੇ ਭੰਨਦੇ ਵੇਖ ਕੇ ਇਸ ਨਾਵਾਕਫ਼ ਵਿਅਕਤੀ ਨੇ
ਸੁਆਲਾਂ ਦੀ ਬੁਛਾੜ ਕਰ ਕੇ ਉਸ ਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ।
‘ਪਹਿਲਾਂ ਤੂੰ ਦੱਸ ਇਹ ਤੇਰੀ ਆਪਣੀ ਹੈ ਕਿ ਡੰਗ-ਟਪਾਊ? ਮੇਰੀ ਤਾਂ ਆਪਣੀ ਵੀ ਗਈ ਤੇ
ਡੰਗ-ਟਪਾਊ ਵੀ ਪਛੰਡੇ ਮਾਰਦੀ ਉਟਕ ਰਹੀ ਹੈ।’ ਅਜਨਬੀ ਵੱਲੋਂ ਆਈ ਅੱਭੜਵਾਹੇ ਪੁੱਛ ਨੇ ਉਸ ਦੇ
ਮਨੋਵੇਗ ਨੂੰ ਮਚਕੋੜ ਦਿੱਤੀ। ਸੁਸਤ ਜਿਹੇ ਅਣਮੰਨੇ ਹੱਥ ਉੱਧਰ ਵਧਾ ਦਿੱਤਾ।
‘ਕਿਹੜੀ ਵਾਈਫ਼ ਦੀ ਗੱਲ ਕਰਦੋਂ? ਅਸਲੀ ਤੇ ਨਕਲੀ?... ਅਸਲੀ ਅਜੇ ਮੁਅੱਤਲ ਹੈ। ਨਕਲੀ
ਤਾਮਤੜਿੱਕ ਹੋ ਰਹੀ ਹੈ... ਉਸੇ ਦੀ ਤੇ ਭਸੂੜੀ ਹੈ ਕਿਤੇ ਸਹੁਰੀ ਦੀ ਆ ਕੇ ਕੰਮ ਵਿਚ ਘੜੰਮ
ਨਾ ਪਾ ਦੇਵੇ।’ ਤ੍ਰਭਕੇ ਦਿਮਾਗ਼ ਨੇ ਅਵਾਜ਼ਾਰੀ ਮਹਿਸੂਸ ਕੀਤੀ ਪਰ ਉਹ ਝੂਠਾ ਜਿਹਾ ਮੁਸਕਰਾ ਕੇ
ਨਿਰਉੱਤਰ ਖੜ੍ਹਾ ਰਿਹਾ। ਉਸ ਨੇ ਜੁਆਬ ਦੇਣਾ ਮੁਨਾਸਬ ਨਾ ਸਮਝਿਆ।
‘ਤੂੰ ਕਿਹੜੀ ਮੁਸੀਬਤ ਵਿਚ ਜਕੜਿਆ ਪਿਆ ਹੈਂ? ਕੋਈ ਗੱਲ ਬਾਤ ਸੁਣਾ, ਐਵੇਂ ਮੂੰਹ ’ਚ
ਘੁੰਙਣੀਆਂ ਪਾਈ ਖਲੋਤੈਂ। ਖ਼ੁਸ਼ੀਆਂ ਦਾ ਮੌਸਮ ਹੈ, ਹੱਸ ਕੇ ਮਨਾ।’ ਵੈਨ ਆਪਣੀ ਪਹਿਲ ਦੀ
ਨਜ਼ਰਸਾਨੀ ਕਰਦਾ ਉਸ ਦੇ ਚਿਹਰੇ ਤੇ ਨੀਝ ਗੱਡੀ ਖੜ੍ਹਾ ਸੀ।
ਟੈਲੀਫ਼ੋਨ ਤੇ ਸੰਕੇਤਕ ਸਰਸਰਾਹਟ ਹੋਈ। ਨੰਬਰ ਬਸੰਤੀ ਦਾ ਸੀ। ਸੰਮੇਲਨ ਦੀ ਹਦਾਇਤ ਅਨੁਸਾਰ ਉਸ
ਨੇ ਝਟਪਟ ਅਣਸੁਣਿਆ ਬੰਦ ਕਰ ਦਿੱਤਾ। ਉਹ ਵਿਚਾਰੀ ਵੀ ਵਧਾਈ ਦੇਣ ਲਈ ਸੰਪਰਕ ਕਰਨ ਦੀ
ਕੋਸਿ਼ਸ਼ ਕਰ ਹਰੀ ਹੋਵੇਗੀ। ਉਸ ਨੂੰ ਹਲਫ਼ ਲੈਣ ਦੇ ਟਾਈਮ ਦਾ ਪਤਾ ਸੀ। ਅਮਰੀਕਾ ਵਿਖੇ ਦਿਨ
ਦੇ ਤਿੰਨ ਵਜੇ ਭਾਰਤ ਵਿਚ ਰਾਤ ਦੇ ਸਾਢੇ ਤਿੰਨ ਵਜੇ ਤੱਕ ਉਹ ਜਾਗ ਰਹੀ ਹੈ। ‘ਅਨੀਂਦਰੀਆਂ
ਰਾਤਾਂ ਮੈਂ ਕੱਟਦਾ ਹਾਂ ਕਿ ਵਿਚਾਰੀ ਉਹ? ਮਹਿਕਮੇ ਵਿਚ ਘੋਟਾਲਾ ਕਰ ਕੇ ਉਧਰੋਂ ਦੌੜਿਆ ਮੈਂ
ਸਾਂ ਤੇ ਇਸ ਦੀ ਸਜਾ ਤੇ ਜਹਾਨ ਦੀਆਂ ਊਜਾਂ ਉਹ ਝੱਲ ਰਹੀ ਹੈ। ਉਹ ਮੁਕੱਦਮਾ ਵੀ ਕਹਿੰਦੇ ਸੀ.
ਬੀ. ਆਈ. ਨੂੰ ਸੌਂਪ ਦਿੱਤਾ ਗਿਆ ਹੈ ਤੇ ਮੈਨੂੰ ਲਾਪਤਾ ਭਗੌੜਾ ਕਰਾਰ ਦਿੱਤਾ ਗਿਆ ਹੈ।
ਵਿਦੇਸ਼ੀ ਜੂਹਾਂ ਦੀ ਦੁਸ਼ਟਤਾ ਨੇ ਮੇਰਾ ਹੁਲੀਆ ਬਦਲ ਕੇ ਮੈਨੂੰ ਕਰੂਪ ਕਰ ਦਿੱਤਾ ਹੈ। ਵੈਸੇ
ਬਾਹਰ ਦੌੜਨ ਵੇਲੇ ਮੈਂ ਬੜਾ ਸੁੰਦਰ ਦਰਸ਼ਨੀ ਗੱਭਰੂ ਸਾਂ। ਉਹ ਮੇਰੇ ਤੱਕ ਨਹੀਂ ਪਹੁੰਚ ਸਕਦੇ,
ਹੁਣ ਮੈਂ ਰਾਮ ਸਿੰਘ ਨਹੀਂ, ਰੋਮੀ ਹੰਟਰ ਹਾਂ। ਕਾਲੇ ਵਾਲ ਚਿੱਟੇ ਬੱਗੇ ਹੋ ਗਏ ਨੇ, ਮੈਨੂੰ
ਕੌਣ ਪਛਾਣੂੰ ਹੁਣ।’ ਉਸ ਨੇ ਕਾਲੀਆਂ ਰੰਗੀਆਂ ਮੁੱਛਾਂ ਤੇ ਹੱਥ ਫੇਰਿਆ।
‘ਭਾ ਜੀ! ਜੇ ਕੋਈ ਅੰਮ੍ਰਿਤ ਛਕ ਕੇ ਭੰਗ ਕਰ ਦੇਵੇ ਤਾਂ ਉਸ ਨੂੰ ਕੀ ਤਨਖ਼ਾਹ ਲਗਦੀ ਹੈ।’
ਪਾਰਲੀ ਤੀਸਰੀ ਲਾਈਨ ਉਲੰਘ ਕੇ ਬੰਤੇ ਮਾਹਲ ਨੇ ਅੱਭੜਵਾਹੇ ਉਸ ਦੀ ਮਾਨਸਿਕ ਉਥਲ-ਪੁਥਲ ਨੂੰ
ਠੋਕਰ ਲਗਾ ਦਿੱਤੀ। ਸ਼ਿਸ਼ਟਾਚਾਰ ਵਜੋਂ ਉਸ ਨੂੰ ਜਗਾ ਦੇਣ ਲਈ ਨਾਵਾਕਫ਼ ਜੋੜੀ ਸੁੰਗੜ ਕੇ ਅੱਗੇ
ਸਰਕ ਗਈ। ਆਪਣੀ ਸੋਚ ਨਾਲ ਮਿਲਦਾ ਜੁਲਦਾ ਸਵਾਲ ਸੁਣ ਗੰਭੀਰਤਾ ਤਿਆਗ ਕੇ ਰਾਮਾ ਖਿੜ ਖਿੜ
ਹੱਸਿਆ।
‘ਜਿਹੜੇ ਅੰਮ੍ਰਿਤ ਦੀ ਅਹਿਮੀਅਤ ਨੂੰ ਜਾਣਦੇ ਨੇ, ਉਹ ਭੰਗ ਕਰਨ ਦੀ ਗੁਸਤਾਖ਼ੀ ਨਹੀਂ ਕਰਦੇ।
ਅਜੇਹੇ ਗ਼ੱਦਾਰ ਨੂੰ ਗੱਡੀ ਚੜ੍ਹਾ ਵੀ ਦਿੰਦੇ ਨੇ ਪੈਰਵੀ ਕਰਨ ਵਾਲੇ। ਜੇ ਕੋਈ ਵੀ. ਆਈ. ਪੀ.
ਬੰਦਾ ਅਜੇਹਾ ਗੁਨਾਹ ਕਰ ਦਿੰਦਾ ਹੈ ਤਾਂ ਸਾਡੇ ਆਗੂ ਬੜੇ ਦਿਆਲੂ ਖੁੱਲ੍ਹਦਿਲੇ ਹੋ ਜਾਂਦੇ
ਨੇ। ਥੋੜ੍ਹੀ ਜਿਹੀ ਤਨਖ਼ਾਹ ਲਗਾ ਕੇ ਮਾਫ਼ੀਨਾਮਾ ਦੇ ਦਿੰਦੇ ਨੇ ਭਾਵੇਂ ਅੰਮ੍ਰਿਤ ਦਾ ਚੁਲਾ
ਤਾਂ ਇਸ ਮਿਰਕਣ ਹਲਫ਼ ਨਾਲੋਂ ਲੱਖਾਂ ਗੁਣਾਂ ਜ਼ਿਆਦਾ ਪਵਿੱਤਰ ਹੈ।’ ਬਿਨ ਆਧਾਰ ਅਚਾਨਕ ਪਏ
ਸਵਾਲ ਦਾ ਅਨੁਕੂਲ ਜੁਆਬ ਵੀ ਨਿਸ਼ਕਪਟ ਉਸ ਦੇ ਮੂੰਹੋਂ ਨਿਕਲ ਗਿਆ।
‘ਪਰ ਇਹ ਤਾਂ ਬਿਨ-ਟਿਕਟੇ ਜਹਾਜ਼ ਚੜ੍ਹਾ ਦਿੰਦੇ ਨੇ, ਬਿਸਤਰਾ ਵੀ ਨਹੀਂ ਬੰਨ੍ਹਣ ਦਿੰਦੇ...
ਤੁਸੀਂ ਕੋਈ ਕੁਤਾਹੀ/ ਫੈਲੋਨੀ ਕਰ ਕੇ ਵੇਖੋ। ਏਸੇ ਲਈ ਭਰਾਵਾ ਆਪਣੀ ਕਿਰਪਾਨ ਉਤਾਰ ਆਇਆਂ
ਅੱਜ ਮੈਂ। ਕੀ ਪਤਾ ਸਾਲੇ ਕਿਤੇ ਡੋਲੀ ਪਈ ਹੀ ਨਾ ਕੱਢ ਲੈਣ।’ ਹੱਥ ਤੇ ਹੱਥ ਮਾਰ ਕੇ ਉਸ ਨੇ
ਗਲਵੱਕੜੀ ਵਿਚ ਘੁੱਟ ਲਿਆ।
‘ਉਹ ਕਿੱਥੇ ਈ ਨਾਲ ਦੀ ਤੇਰੀ? ਲੱਡੂ ਮੁੱਕ ਗੇ ਯਰਾਨੇ ਟੁੱਟ ਗੇ?’ ਮਰੀਅਮ ਨੂੰ ਗ਼ੈਰਹਾਜ਼ਰ
ਵੇਖ ਕੇ ਬੰਤੇ ਨੇ ਠੋਲ੍ਹਾ ਮਾਰਿਆ। ਇੱਕ ਤੋਂ ਦੋ ਹੋਏ, ਗੁਫ਼ਤਗੂ ਵਿਚ ਵਿਅਸਤ ਮਸ਼ਕੂਲੇ ਕਰਦੇ
ਵੇਖ ਕੇ ਨਾਲ ਖੜੀ ਓਪਰੀ ਦੰਪਤੀ ਵੀ ਹੱਸਣ ਲੱਗੀ।
‘ਇਹ ਬੜੇ ਨੌਟੰਕੀਬਾਜ ਨੇ ਪਿਆਰਿਓ! ਆਪਣੇ ਘਰ ਮੁਆਤਾ ਲਾ ਕੇ ਵਿਦੇਸ਼ੀ ਹਮਲਾ ਗਰਦਾਨਦੇ ਨੇ ਤੇ
ਫਿਰ ਟਾਰਗੈਟ ਤਬਾਹ ਕਰਨ ਲਈ ਚੁੰਗੀਆਂ ਭਰਦੇ ਉਡਾਰੀਆਂ ਮਾਰ ਜਾਂਦੇ ਨੇ। ਕੁੱਟਦੇ ਨੇ,
ਲੁੱਟਦੇ ਨੇ ਤੇ ਫਿਰ ਅਧਮੋਇਆਂ ਦੇ ਸੰਜੀਵਨੀ ਚਰਨਾਮਤ ਮੂੰਹ ਨੂੰ ਲਗਾਉਂਦੇ ਨੇ ਜਿਵੇਂ ਅੱਜ
ਪਿਲਾ ਰਹੇ ਨੇ। ਇਹ ਸੌਂ ਹੀ ਤਾਂ ਹੈ ਉਹ ਬੂਟੀ.. ਸੰਜੀਵਨੀ ਬੂਟੀ।’ ਵੈਨ ਨੇ ਆਪਣੇ ਹੱਥ
ਧਾੜਵੀ ਹਮਲੇ ਵਾਂਗ ਉਠਾਏ ਤੇ ਫਿਰ ਬੁਰਕੀ ਜਿਉਂ ਮੂੰਹ ਵੱਲ ਉਲਾਰੇ।
‘ਵੇਖੋ ਮੇਰਾ ਦੇਸ਼ ਬੱਬਰੀ ਬੱਬਰੀ ਕਰ ਦਿੱਤਾ ਇਨ੍ਹਾਂ ਦਰਿੰਦਿਆਂ ਨੇ। ਸਾਡੀ ਨਸਲਕੁਸ਼ੀ
ਕੀਤੀ ਅੰਨ੍ਹੇਵਾਹ। ਸਾਡੇ ਘਰ-ਘਾਟ ਢਾਹ ਕੇ ਮਲੀਆਮੇਟ ਕਰ ਦਿੱਤੇ। ਅਸੀਂ ਫੇਰ ਵੀ ਇਨ੍ਹਾਂ ਦੇ
ਭਵਨ ਇਮਾਰਤਾਂ ਉਸਾਰ ਰਹੇ ਹਾਂ ਇਨ੍ਹਾਂ ਦੀ ਪ੍ਰਫੁੱਲਤਾ ਵਾਸਤੇ!... ਨਹੀਂ ਨਹੀਂ ਆਪਣੇ
ਵਾਸਤੇ, ਆਪਣੇ ਬੱਚਿਆਂ ਦੇ ਸੁਰਖ਼ਰੂ ਭਵਿੱਖ ਵਾਸਤੇ।’ ਉਸ ਦੀਆਂ ਕਾਣ-ਸੂਤੀ ਅੱਖਾਂ ਡਲ਼੍ਹਕ
ਪਈਆਂ।
‘ਬੜਾ ਢੀਠ ਜਾਪਦਾ ਹੈ ਇਹ ਦੋਗਲਾ ਵਿਅਕਤੀ। ਜਿੰਨਾ ਇਸ ਤੋਂ ਘੇਸ ਮਾਰਦੇ ਪਾਸਾ ਵੱਟਦੇ ਹਾਂ
ਉਤਨਾ ਹੀ ਹੋਰ ਭਾਜੀ ਪਾਈ ਜਾਂਦਾ। ਤੂੰ ਐਵੇਂ ਚਿੱਚੜ ਜਿਹੇ ਨੂੰ ਪਿੱਛੇ ਲਾ ਲਿਆ। ਐਵੇਂ
ਆਪਣੇ ਮਨ ਦੀ ਭੜਾਸ ਕੱਢੀ ਜਾ ਰਿਹਾ ਹੈ।’ ਬੰਤੇ ਨੇ ਨਫ਼ਰਤ ਜਿਹੀ ਨਾਲ ਨੱਕ ਸੁਕੇੜਿਆ।
‘ਇਸ ਰਸਮ ਵਿਚੋਂ ਇਹ ਸਾਰੇ ਪ੍ਰਤੀਨਿਧੀ ਵਚਨਬੱਧ ਅਮਰੀਕੀ ਨਾਗਰਿਕ ਪ੍ਰਸ਼ੰਸਾ-ਪੱਤਰ ਲੈ ਕੇ
ਬਾਹਰ ਨਿਕਲ਼ਨ ਗੇ? ਕੀ ਤੁਹਾਨੂੰ ਪੂਰਾ ਯਕੀਨ ਹੈ?’ ਇਨ੍ਹਾਂ ਦੀ ਮਿਜ਼ਾਜ ਭਾਂਪ ਕੇ ਵੈਨ ਡਾਂਗ
ਭਰਵੱਟੇ ਉੱਚੇ ਕਰਦਾ ਉਨ੍ਹਾਂ ਵੱਲ ਦੋਬਾਰਾ ਮੁਖ਼ਾਤਬ ਹੋਇਆ।
‘ਚਲੋ ਨਾ ਸਹੀਂ ਅਮਰੀਕੀ ਤਗਮਾ ਤਾਂ ਮਿਲ ਜਾਊ। ਦੁਨੀਆ ਦੀ ਕੋਈ ਵੀ ਤਾਕਤ ਕਿਸੇ ਨੂੰ ਆਪਣੇ
ਮੌਲਿਕ ਵਿਰਸੇ ਤੋਂ ਨਿਖੇੜ ਨਹੀਂ ਸਕਦੀ ਜੋ ਨਸ ਨਸ ਵਿਚ ਰੀਂਗ ਰਿਹਾ ਹੈ।’ ਗਲ਼ੋਂ ਲਾਹੁਣ ਲਈ
ਬੰਤੇ ਨੇ ਸੰਖੇਪ ਰਹਿਣਾ ਹੀ ਉਚਿੱਤ ਸਮਝਿਆ। ਉਨ੍ਹਾਂ ਨਾਲ ਗੂੜ੍ਹ ਗਿਆਨ ਗਹਿਰ ਗੰਭੀਰ
ਵਾਰਤਾਲਾਪ ਵਾਸਤੇ ਉਹ ਅੰਗਰੇਜ਼ੀ ਤੋਂ ਊਣਾ ਸੀ।
‘ਇਸ ਲੁੰਗ-ਲਾਣੇ ਵਿਚ ਬਹੁਤੇ ਉਹ ਲੋਕ ਸ਼ਾਮਲ ਹਨ ਜੋ ਅੱਡਰੇ ਅੱਡਰੀ ਯੋਗ ਅਯੋਗ ਪ੍ਰਨਾਲੀ
ਰਾਹੀਂ ਭਿਆਨਕ ਮੁਸ਼ਕਲਾਂ ਝਾਕ ਕੇ, ਪਿਉ ਦਾਦੇ ਦੀਆਂ ਜਗੀਰਾਂ ਜਾਏ-ਦਾਤਾਂ ਵੇਚ ਕੇ, ਜੰਗਲਾਂ
ਦੇ ਕੰਡਿਆਲੇ ਰਾਹਾਂ ਦੇ ਭੰਨੇ ਜ਼ਖਮੀ ਹੋਏ ਬਦਨ, ਗੋਤੇ ਖਾਂਦੇ ਸਮੁੰਦਰੀ ਤੁਫ਼ਾਨਾਂ ਸੰਗ
ਜੂਝਦੇ, ਮਗਰ-ਮੱਛਾਂ ਦੀ ਸਵਾਰੀ ਕਰ ਕੇ, ਜਹਾਜ਼ ਦੇ ਟਾਇਰਾਂ ਨਾਲ ਦੜ ਲਟਕ ਕੇ, ਟਰੱਕਾਂ ਦੀਆਂ
ਡਿੱਗੀਆਂ ਦੇ ਠੰਢੇ ਗਰਮ ਤਾਪਮਾਨ ਵਿਚ ਬੰਦ ਕੁਲਫ਼ੀ/ਭੜਥੇ ਵਾਂਗ ਠਰਦੇ ਭੁੱਜਦੇ ਸ਼ਰਨਾਰਥੀ ਬਣ
ਕੇ ਅਮਰੀਕੀ ਸਰਹੱਦ ਅੰਦਰ ਘੁੱਸੇ। ਕਈ ਬਦਨਸੀਬ ਸੁਰੱਖਿਆ ਗਾਰਡਾਂ ਦੀਆਂ ਗੋਲੀਆਂ ਦਾ ਸਾਹਮਣਾ
ਕਰਦੇ ਰਾਹਾਂ ਵਿਚ ਮਰ ਮੁੱਕ ਗਏ ਤੇ ਕਈ ਚੰਗੀ ਕਿਸਮਤ ਵਾਲੇ ਪੁਲਸ ਦੇ ਢਾਏ ਚੜ੍ਹਦੇ ਮੰਜ਼ਿਲ
ਤੇ ਪਹੁੰਚੇ। ਕਚਹਿਰੀਆਂ ਰਾਹੀਂ ਮੁਕੱਦਮੇ ਕਰ ਕੇ ਪਨਾਹਗੀਰਾਂ ਦੀ ਕਤਾਰ ਵਿਚ ਬੁੱਕਾਂ
ਮੂੰਹੀਂ ਡਾਲਰ ਖ਼ਰਚ ਕੇ ਗਰੀਨ ਕਾਰਡ ਦੀ ਸ਼ਕਲ ਨਸੀਬ ਹੋਈ। ਹੱਡ-ਭੰਨਵੀਂ ਮਿਹਨਤ ਵਿਚੋਂ ਉਪਜੇ
ਡਾਲਰ ਵਕੀਲਾਂ ਦੇ ਖੀਸੇ ਪਾ ਕੇ ਪੈਰ ਸੰਭਲ਼ਨ ਜੋਗੇ ਹੋਏ। ਇਸ ਸਥਿਤੀ ਤੱਕ ਪਹੁੰਚਦੇ ਕਈਆਂ ਦੇ
ਲੇਖਾਂ ਵਿਚ ਜੇਲ੍ਹ ਤੇ ਕਈਆਂ ਦੇ {ਡੀਪੋਰਟੇਸ਼ਨ} ਦੇਸ਼-ਨਿਕਾਲਾ ਵੀ ਪੱਲੇ ਪਿਆ।’
ਦੁਸ਼ਵਾਰੀਆਂ ਦਾ ਲੇਖਾ-ਜੋਖਾ ਕਰਦੇ ਕਰੁਣਾਮਈ ਬਿਰਤਾਂਤ ਛੋਹ ਕੇ ਬੰਤੇ ਨੇ ਰਾਮੇ ਦੇ ਭਟਕਦੇ
ਮਨ ਨੂੰ ਹੋਰ ਸੋਗਮਈ ਪਾਣ ਚੜ੍ਹਾ ਦਿੱਤੀ।
‘ਅੱਜ ਦਾ ਦਿਨ ਉਡੀਕਦੇ ਮੈਨੂੰ ਵੀ ਕਿੰਨੀ ਮੁੱਦਤ ਕਿੰਨੇ ਮਹੀਨ ਛਾਨਣਿਆਂ ਵਿਚੋਂ ਛਣਨਾ ਪਿਆ।
ਤੈਨੂੰ ਪਤਾ, ਪਹਿਲਾਂ ਸੱਤ ਸਾਲ ਅੱਕੀਂ-ਪਲਾਹੀਂ ਹੱਥ ਮਾਰਦਾ ਨਿਰਾਸ਼ਾ ਪੱਲੇ ਪਈ। ਚੰਗੀ
ਕਿਸਮਤ ਨੂੰ ਮਰੀਅਮ ਨਾਲ ਢੋ ਬਣ ਗਿਆ। ਤਿੰਨ ਸਾਲ ਅਰਸਾ ਪੂਰਾ ਹੋਣ ਤੇ ਸੱਤ ਸੌ ਡਾਲਰ ਖ਼ਰਚ
ਕੇ ਸਿਟੀਜ਼ਨ ਵਾਸਤੇ ਦਰਖਾਸਤ ਦਿੱਤੀ। ਮਹੀਨੇ ਬਾਦ ਮਨਜ਼ੂਰ ਹੋਣ ਤੇ ਫਿੰਗਰ-ਪ੍ਰਿੰਟ ਕਰਾਉਣ ਦੀ
ਤਰੀਕ ਆ ਗਈ। ਫਿੰਗਰ-ਪ੍ਰਿੰਟ ਸੁਖ-ਸੁੱਖਾਂ ਨਾਲ ਨਿਪਟਿਆ ਪਰ ਪਿੱਛੇ ਹੀ ਇੱਕ ਹੋਰ ਪੱਤਰ ਆ
ਗਿਆ ਕਿ ਪ੍ਰਿੰਟ ਦੀ ਪ੍ਰਕਿਰਤੀ ਠੀਕ ਨਹੀਂ ਇਸ ਲਈ ਦੋਬਾਰਾ ਹਾਜ਼ਰ ਹੋਵੋ ਤੇ ਦੋਬਾਰਾ ਕਰਾਓ।
ਇਹ ਸਾਰਾ ਸਮਾਂ ਮੇਰਾ ਮਨ ਚੂਹੇ ਵਾਂਗ ਕੁਤਰੂੰ ਕੁਤਰੂੰ ਕਰਦਾ ਰਿਹਾ। ਕਈ ਉਲਟੇ ਸਿੱਧੇ ਢਾਹੂ
ਚਿੰਤਨ ਵਿਵੇਕ ਮੇਰੇ ਜਿ਼ਹਨ ਵਿਚ ਖੌਰੂ ਮਚਾਉਂਦੇ ਰਹੇ। ਕਿਤੇ ਮਰੀਅਮ ਨੇ ਹੀ ਕੋਈ ਅਜੇਹੀ
ਕਾਰਸਤਾਨੀ ਨਾ ਕਰ ਦਿੱਤੀ ਹੋਵੇ, ਭਾਨੀ ਨਾ ਮਾਰ ਦਿੱਤੀ ਹੋਵੇ... ਪਤਾ ਨਹੀਂ ਉਹ ਭੂਤਨੀ
ਜਿਹੀ ਕੀ ਚੰਦ ਚੜ੍ਹਾਏਗੀ। ਦੂਜੀ ਵਾਰ ਉਂਗਲਾਂ ਦੇ ਨਿਸ਼ਾਨ ਤੋਂ ਤਿੰਨ ਹਫ਼ਤੇ ਬਾਦ ਇੰਟਰਵਿਊ
ਵਾਸਤੇ ਸੱਦਾ ਪੱਤਰ ਆ ਗਿਆ। ਕਈ ਅਣਹੋਏ ਅਣਚਾਹੇ ਨਿੱਜੀ ਸਵਾਲਾਂ ਦੇ ਜੁਆਬ ਬੜੀ ਸੂਝ-ਬੂਝ ਤੇ
ਸਵੈ-ਭਰੋਸੇ ਨਾਲ ਦਿੱਤੇ। ਲਿਖਤੀ ਤੇ ਮੌਖਿਕ ਟੈੱਸਟ ਵਿਚੋਂ ਮੈਂ ਆਸਾਨੀ ਨਾਲ ਪਾਸ ਹੋ ਗਿਆ।
ਮੇਰੇ ਕਾਮਯਾਬ ਹੋਣ ਦੀ ਸੂਚਨਾ-ਪੱਤਰ ਦੇ ਨਾਲ ਹੀ ‘ਪੁਲਸ ਕਲੀਅਰੈਂਸ’ ਰਿਪੋਰਟ ਦੀ ਮੰਗ
ਵਾਸਤੇ ਵੀ ਇੱਕ ਪਰਵਾਨਾ ਮੈਨੂੰ ਫੜਾ ਦਿੱਤਾ ਗਿਆ। ਪੁਲਸ ਦਫ਼ਤਰਾਂ ਵੱਲ ਪਦੀੜਾਂ ਵੱਟ
ਦਿੱਤੀਆਂ, ਮਰਦਾ ਕੀ ਨਾ ਕਰਦਾ। ਬੜੇ ਤਕੱਲਫ਼ ਦੀਆਂ ਚੱਕੀਆਂ ਪੀਸ ਕੇ ‘ਪੁਲਸ ਕਲੀਅਰੈਂਸ’
ਚਿੱਠੀ ਨਸੀਬ ਹੋਈ। ਮਹੀਨਾ ਭਰ ਇੰਤਜ਼ਾਰ ਕਰਨ ਤੋਂ ਬਾਦ ਫਿਰ ਆਵਾਸ ਦਫ਼ਤਰ ਪੁੱਛ ਪੜਤਾਲ ਕਰਨ
ਤੇ ਸੌਂ ਵਾਸਤੇ ਆਗਿਆ-ਪੱਤਰ ਮਿਲਿਆ। ਬੜੀਆਂ ਘੀਸੀਆਂ ਕਰ ਕੇ ਇੱਥੇ ਉੱਪੜਨ ਤੱਕ ਮੈਨੂੰ
ਸਿਟੀਜ਼ਨ ਦੀ ਮਹੱਤਤਾ ਦਾ ਭਲੀ ਭਾਂਤ ਗਿਆਨ ਹੋ ਗਿਆ। ਅੱਜ ਮਸਾਂ ਕਰਮਾਂ ਭਾਗਾਂ ਵਾਲਾ ਸੁਭਾਗਾ
ਦਿਨ ਆਇਆ ਹੈ ਜਦ ਮੈਂ ਸੌਂ ਖਾ ਕੇ ਅਮਰੀਕੀ ਸਿਟੀਜ਼ਨ ਬਣ ਜਾਣਾ ਹੈ।’ ਰੋਮੀ ਨੇ ਹਟਕੋਰੇ ਭਰਦੇ
ਆਪਣੇ ਸਫ਼ਰ ਦੀ ਵਿਕਾਸ ਯਾਤਰਾ ਬੰਤੇ ਸਾਹਮਣੇ ਵਿਛਾ ਦਿੱਤੀ।
ਲਾਈਨਾਂ ਵਿਚ ਫਿਰਦਾ ਅਧਿਕਾਰੀ ਦਾਅਵਤ-ਚਿੱਠੀਆਂ ਪੜਤਾਲ ਕਰਦਾ ਉਸ ਦੀਆਂ ਅੱਖਾਂ ਵਿਚ ਸੂਹੀਆ
ਨਜ਼ਰਾਂ ਗੱਡ ਰਿਹਾ ਸੀ। ਰੋਮੀ ਦਾ ਅੰਦਰ ਝੂਰਨ ਲੱਗਾ, ਇਹ ਵੀ ਤਾਂ ਉਸੇ ਕਾਨੂੰਨ ਦਾ
ਨੁਮਾਇੰਦਾ ਹੈ ਜਿਸ ਨੇ ਉਸ ਨੂੰ ਦੁਰਕਾਰ ਦਿੱਤਾ ਸੀ। ‘ਤੇਰੇ ਜਿਹੇ ਵਿਸ਼ਵਾਸਘਾਤ ਗ਼ੱਦਾਰਾਂ ਦੀ
ਅਮਰੀਕਾ ਵਿਚ ਕੋਈ ਥਾਂ ਨਹੀਂ ਜੋ ਆਪਣੇ ਦੇਸ਼, ਆਪਣੀ ਕੌਮ, ਆਪਣੀ ਮਾਂ ਦਾ ਨਿਗਦਾ ਨਹੀਂ ਬਣ
ਸਕਿਆ ਅਮਰੀਕਾ ਦਾ ਕੀ ਸਵਾਰ ਸਕੇ ਗਾ।’ ਅਸਲ ਵਿਚ ਸ਼ਰਨ ਲੈਣ ਲਈ ਭਾਰਤੀ ਦੂਤ-ਘਰ ਅੱਗੇ ਰੋਹ
ਭਰੇ ਮੁਜ਼ਾਹਰੇ ਦਾ ਡਰਾਮਾ ਕਰਨ ਵਾਲੇ ਕੁੱਝ ਚੋਣਵੇਂ ਵਿਅਕਤੀਆਂ ਵਿਚ ਉਹ ਸਿਰਕੱਢ ਸੀ। ਉਹੀ
ਫ਼ੋਟੋ ਅਖ਼ਬਾਰ ਵਿਚ ਕਢਾ ਕੇ ਸੁਤੰਤਰਤਾ-ਸੰਗਰਾਮੀ ਹੋਣ ਦਾ ਬਹਾਨਾ ਕਰਨਾ ਸੀ ਪਰ ਦਸ ਹਜ਼ਾਰੀ
ਵਕੀਲ ਨੇ ਪਹਿਲੀ ਸੱਟੇ ਨਕਾਰ ਦਿੱਤਾ ਸੀ। ‘ਅੱਜ ਕੱਲ੍ਹ ਅਮਰੀਕੀ ਕਚਹਿਰੀਆਂ ਬੜੀਆਂ ਲੋਹੇ ਦਾ
ਥਣ ਹੋ ਗਈਆਂ ਨੇ ਤੇ ਸੋਚਦੀਆਂ ਨੇ ਕਿ ਜੋ ਆਪਣੀ ਜੰਮਣ-ਭੋਂ ਦਾ ਨਹੀਂ ਬਣਿਆ ਉਹ ਬਿਗਾਨਿਆਂ
ਦਾ ਕੀ ਬਣੇ ਗਾ। ਅਜੇਹੇ ਵਿਖਾਵਾ ਮਾਤਰ ਅੰਦੋਲਨ ਨਾਲ ਪਨਾਹ ਨਹੀਂ ਮਿਲਦੀ, ਸਗੋਂ ਇਹ ਪ੍ਰਭਾਵ
ਪੈਂਦਾ ਹੈ ਕਿ ਤੁਸੀਂ ਆਪਣੇ ਦੇਸ਼ ਪ੍ਰਤੀ ਸੁਹਿਰਦ ਨਹੀਂ ਹੋ। ਲੱਖ ਬਿਗਾਨੇ ਹੋਈਏ ਆਪਣਾ
ਦੇਸ਼ ਨਹੀਂ ਭੰਡੀ ਦਾ।’ ਪਨਾਹਗੀਰ ਧਰਾਤਲ ਵਾਲਾ ਪੱਲਾ ਝਾੜ ਕੇ ਵਿਆਹ ਦਾ ਵਿਕਲਪ ਜੋ ਵਕੀਲ
ਨੇ ਪਹਿਲਾਂ ਹੀ ਤਹਿ ਕਰ ਰੱਖਿਆ ਸੀ, ਪੈਰ ਜਮਾਉਣ ਵਾਸਤੇ ਵਰਤ ਲਿਆ ਤੇ ਉਹ ਨੂੜਿਆ ਗਿਆ
ਮੈਕਸੀਕਨ ਗੋਰੀ ਨਾਲ। ਵਿਆਂਹਦੜ ਦੀ ਸ਼ਰਤ ਅਨੁਸਾਰ ਸਿਰ ਮੂੰਹ ਸਫ਼ਾਚੱਟ ਕਰਾਉਣਾ ਪਿਆ। ਦੁਲਹਨ
ਨੂੰ ਇਹ ਸਮਝਾਇਆ ਗਿਆ ਸੀ ਕਿ ਸਾਡੇ ਸਭਿਆਚਾਰ ਵਿਚ ਤਾਅ ਦਿੱਤੀ ਮੁੱਛ ਬੰਦੇ ਦੀ ਅਣਖ ਤੇ
ਮਰਦਾਨਗੀ ਦੀ ਪ੍ਰਤੀਕ ਹੈ ਤੇ ਤੰਬਾਕੂ ਸਿਗਰਟ ਦੀ ਮਨਾਹੀ ਹੈ। ਭਲਾ ਹੋਵੇ ਉਸ ਦਾ, ਮੁੱਛਾਂ
ਰੱਖਣ ਦੀ ਸਪੈਸ਼ਲ ਰਿਆਇਤੀ ਛੋਟ ਉਸ ਨੇ ਦੇ ਦਿੱਤੀ ਤੇ ਪੂਰਨ ਭਰੋਸਾ ਜਤਾਇਆ ਕਿ ਉਹ ਉਸ ਦੇ
ਘਰ ਸਿਗਰਟ ਨਹੀਂ ਪੀਵੇ ਗੀ ਤੇ ਉਸ ਦੀ ਮੁੱਛ ਖੜੀ ਰੱਖਣ ਦੀ ਪੂਰੀ ਵਾਹ ਲਾਏ ਗੀ। ਜ਼ਿੰਦਗੀ
ਸੰਧੀਆਂ ਤੇ ਸਮਝੌਤਿਆਂ ਦੀ ਗ਼ੁਲਾਮ ਬਣ ਕੇ ਰਹਿ ਗਈ। ਮਹੀਨੇ ਵਿਚ ਇੱਕ ਹਫ਼ਤਾ ਉਹ ਪਰਾਹੁਣਿਆਂ
ਵਾਂਗ ਉਸ ਕੋਲ ਆਉਂਦੀ। ਬਾਕੀ ਤਿੰਨ ਹਫ਼ਤੇ ਕਿੱਥੇ, ਖ਼ਾਵੰਦ ਨੂੰ ਪੁੱਛਣ ਦੱਸਣ ਦਾ ਕੋਈ
ਅਧਿਕਾਰ ਨਹੀਂ ਸੀ। ਵਿਖਾਵੇ ਵਜੋਂ ਅਲਮਾਰੀ ਵਿਚ ਮਰੀਅਮ ਦੇ ਸੂਟ ਅਤੇ ਅੰਗੀਠੀ ਤੇ ਉਸ ਨੇ
ਆਪਣੇ ਨਿੱਜੀ ਜ਼ਰੂਰਤਾਂ ਦਾ ਮੁਨਿਆਰੀ ਸਮਾਨ ਟਿਕਾ ਦਿੱਤਾ ਸੀ ਤਾਂ ਜੋ ਕਿਸੇ ਅਚਨਚੇਤ ਸਰਕਾਰੀ
ਛਾਪੇ ਨੂੰ ਉਸ ਦੀ ਹੋਂਦ ਸਾਬਤ ਹੁੰਦੀ ਰਹੇ। ਆਪਣੀ ਫ਼ੋਟੋ ਜੜੀ ਇੱਕ ਲਾਕਟ ਮਰੀਅਮ ਨੇ ਰੋਮੀ
ਦੇ ਗਲ ਨਿਸ਼ਾਨੀ ਵਜੋਂ ਪਾ ਦਿੱਤਾ ਤਾਂ ਜੋ ਚੈਕਿੰਗ ਸਮੇਂ ਸਬੂਤ ਵਜੋਂ ਸੰਬੰਧਿਤ ਅਧਿਕਾਰੀਆਂ
ਨੂੰ ਦਿਖਾ ਕੇ ਵਿਆਹ ਦੀ ਪੁਸ਼ਟੀ ਕਰਵਾਈ ਜਾ ਸਕੇ।
ਸੁਭਾ, ਲੱਛਣ ਤੇ ਸਲੀਕੇ ਦੀ ਉਹ ਏਨੀ ਨਿੱਘੀ ਸੀ ਕਿ ਉਸ ਦੀ ਉਪਸਥਿਤੀ ਨੇ ਥੋੜ੍ਹੇ ਚਿੱਰ ਵਿਚ
ਬਸੰਤੀ ਦੀਆਂ ਸਿਮ੍ਰਿਤੀਆਂ ਤੇ ਸੰਭਾਵਨਾਵਾਂ ਨੂੰ ਰਾਮੇ ਦੇ ਜਿ਼ਹਨ ਵਿਚੋਂ ਮਨਫ਼ੀ ਕਰ ਦਿੱਤਾ।
ਉਹ ਹੱਥ ਵਿਚ ਖ਼ੁਸ਼ਬੂਆਂ ਬਿਖੇਰਦਾ ਗੁਲਦਸਤਾ ਲੈ ਕੇ ਮੁਸਕਰਾਉਂਦੀ ਆਉਂਦੀ, ਗੁਪਤ ਕੋਡ ਲਗਾ ਕੇ
ਚਾਬੀ ਲਗਾਉਂਦੀ, ਝਾੜੂ ਪੋਚਾ ਮਾਰਦੀ ਵੈਕਮ ਕਰਦੀ, ਘਰ ਦੀ ਬਿਖੜੀ ਬੇਤਰਤੀਬੀ ਹਾਲਤ ਇਕਸਾਰ
ਕਰ ਜਾਨ ਪਾ ਦਿੰਦੀ। ਇਹ ਸੱਤ ਦਿਨ ਰਾਮੇ ਦੇ ਅਪਾਰਟਮੈਂਟ ਵਿਚ ਰੋਮਾਂਟਿਕ ਛਹਿਬਰ ਬਰਸਣ
ਲਗਦੀ,.. ਗਮਲਿਆਂ ਵਿਚ ਮੁਰਝਾਈਆਂ ਕਲੀਆਂ ਮਹਿਕਣ ਲਗਦੀਆਂ। ਉਸ ਦੇ ਲਿਆਂਦੇ ਵਾਈਨ ਤੇ ਟਕੀਲਾ
ਘੜੇ ਨਾਲ ਇਹ ਹਫ਼ਤਾ ਪਿਕਨਿਕ ਵਾਂਗ ਗੁਜਰ ਜਾਂਦਾ। ਛੜਿਆਂ ਦੇ ਸੁੰਨੇ ਦਿਲ ਵਿਹੜੇ ਬਹਾਰਾਂ
ਰੁਮਕਣ ਲਗਦੀਆਂ, ਇੱਕ ਨਵੀਂ ਜਿ਼ੰਦਗੀ ਧੜਕਣ ਲਗਦੀ। ਉਸ ਨਾਲ ਬੈਠ ਕੇ ਲਾਡੀਆਂ ਕਰਦੀ, ਮੂੰਹ
ਮੱਥਾ ਪਲੋਸਦੀ ਛੇੜਦੀ, ਮੁੱਛਾਂ ਨੂੰ ਮਰੋੜਾ ਦਿੰਦੀ ਉੱਪਰ ਨੂੰ ਸੰਵਾਰਦੀ ਖੇਡਦੀ ਰਹਿੰਦੀ।
ਖਲੋਤੇ ਛੱਪੜ ਵਿਚ ਢੀਮ ਸੁੱਟ ਕੇ ਛੂੰ-ਮੰਤਰ ਹੋ ਜਾਂਦੀ। ਮੁਜਰਾਈ ਗੁਜਾਰਾ-ਭੱਤਾ ਸਮੇਟ ਕੇ
ਮਹੀਨਾ ਸੰਪੂਰਨ ਕਰ ਅਗਲੀ ਹਦਾਇਤ ਦੇ ਕੇ ਟਾਹ ਟਾਹ ਕਰ ਜਾਂਦੀ। ਬਾਕੀ ਤਿੰਨ ਹਫ਼ਤੇ ਵਿਸਮਾਦੀ
ਵਾਸ਼ਨਾ ਦੀ ਧੁਖਧੁਖੀ ਰਾਮੇ ਨੂੰ ਨਸਿ਼ਆਏ ਰੱਖਦੀ। ਉਸ ਨੂੰ ਜਾਪਦਾ ਹੁਣ ਮਰੀਅਮ ਤੋਂ ਵੱਖ
ਰਹਿਣਾ ਉਸ ਲਈ ਅਸਹਿ ਹੋ ਜਾਵੇ ਗਾ। ਮਰੀਅਮ ਦੇ ਆਗਮਨ ਨੇ ਉਸ ਅੰਦਰ ਨਵਾਂ ਜੋਸ਼ ਤੇ ਉਤਸ਼ਾਹ
ਪੈਦਾ ਕਰ ਦਿੱਤਾ। ਘਰ ਦੇ ਖ਼ਰਚੇ ਤੋਂ ਇਲਾਵਾ ਉਸ ਨੂੰ ਦੇਣ ਵਾਲੀ ਕਿਸ਼ਤ ਦੀ ਭਰਪਾਈ ਲਈ
ਬੇਰੋਕ ਸ਼ਿਫ਼ਟਾਂ ਲਗਾਉਂਦਾ ਜਰਾ ਵੀ ਨਾ ਥੱਕਦਾ। ਬੈਂਕ ਬੈਲੈਂਸ ਵਧਾਉਣ ਵਾਲੀ ਉਹ ਉਸ ਦੀ
ਪ੍ਰੇਰਨਾ-ਸ੍ਰੋਤ ਦੇਵੀ ਬਣ ਗਈ। ਜਿਸ ਦਿਨ ਦਾ ਉਹ ਬੇਦਾਵਾ ਦੇ ਗਈ, ਉਸ ਦਿਨ ਦਾ ਕੰਮ ਨੂੰ ਉਸ
ਦਾ ਵੱਢਿਆ ਰੂਹ ਨਹੀਂ ਕੀਤਾ। ਜਿਸਮ ਦੀ ਤੜਕ ਮੜਕ ਹੀ ਜਾਂਦੀ ਰਹੀ। ਉਸ ਦੇ ਸਦੀਵੀ ਸਾਥ
ਪ੍ਰਸਤਾਵ ਨੂੰ ਪੇਸ਼ਾਵਰ ਖਿਡਾਰੀ ਵਾਂਗ ਮਰੀਅਮ ਨੇ ਠੁਕਰਾ ਦਿੱਤਾ ਸੀ, ‘ਮੈਂ ਵਚਨਾਂ ਦੀ
ਪੂਰੀ ਹਾਂ ਤੇ ਥੁੱਕ ਕੇ ਨਹੀਂ ਚੱਟਦੀ। ਮੈਂ ਕੱਚੀਆਂ ਗੋਲੀਆਂ ਨਹੀਂ ਖੇਡਦੀ। ਤੁਹਾਡੇ ਕਾਗ਼ਜ਼
ਪੂਰੇ ਹੋ ਗਏ ਨੇ। ਮੈਂ ਤੁਹਾਡੀ ਪ੍ਰਤੀਬੱਧਤਾ ਤੇ ਫ਼ੁਲ ਚੜ੍ਹਾ ਦਿੱਤੇ ਨੇ।’
‘ਤੌਖਲਾ ਨਾ ਕਰ ਜਰਾ। ਮੈਂ ਵੀ ਭੱਜਣ ਵਾਲਾ ਅਕ੍ਰਿਤਘਣ ਨਹੀਂ। ਤੇਰੀ ਅਮਾਨਤ ਸੋਲ਼ਾਂ ਆਨੇ ਖਰੀ
ਮਹਿਫ਼ੂਜ਼ ਹੈ ਮੇਰੇ ਕੋਲ। ਜੇ ਸਾਲ ਛੇ ਮਹੀਨੇ ਹੋਰ ਟਪਾ ਦੇਵੇਂ ਬਸੰਤੀ ਦੇ ਆਉਣ ਤੱਕ, ਤਾਂ
ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂ ਗਾ।‘ ਮੁੱਛਾਂ ਵੱਲ ਹੱਥ ਕਰਦੇ ਉਸ ਨੇ ਤਰਲਾ ਲਿਆ
ਸੀ।
‘ਮੈਂ ਪਰਉਪਕਾਰੀ ਹਾਂ। ਭਲਾ ਕਰਦੀ ਹਾਂ ਤੇਰੇ ਜਿਹੇ ਗ਼ੈਰ-ਕਾਨੂੰਨੀ ਗ਼ਰਜ਼ਮੰਦਾਂ ਨੂੰ ਪੱਕੇ
ਕਰਾਉਣ ਦਾ। ਚਾਰ ਟੱਬਰ ਵਸਾਏ ਨੇ ਪਹਿਲਾਂ, ਪੰਜਵਾਂ ਤੂੰ ਤੇ ਛੇਵਾਂ ਚੜ੍ਹਾਊ ਲਾਈਨ ਵਿਚ
ਲੱਗਾ ਮੇਰੀ ਅਗਾਊਂ ਇੰਤਜ਼ਾਰ ਕਰ ਰਿਹਾ ਹੈ। ਰਹਿੰਦੀ ਰਕਮ ਦਾ ਜਲਦੀ ਇੰਤਜ਼ਾਮ ਕਰ ਦੇਹ, ਆਪਣੀ
ਸਭਿਆਚਾਰਕ ਮੁੱਛ ਦੀ ਇੱਜ਼ਤ ਰੱਖੀਂ ਜਿਵੇਂ ਮੈਂ ਰੱਖ ਵਿਖਾਈ ਹੈ।’ ਆਸਾਂ ਤੇ ਮਿੱਟੀ ਪਾਉਂਦੇ
ਮਿੱਠੀ ਕੈਂਚੀ ਵਰਗੇ ਆਖ਼ਰੀ ਕਲਾਮ ਉਸ ਦੀਆਂ ਸਕੀਮਾਂ ਤੇ ਸੁਨਾਮੀ ਵਰਤਾ ਗਏ। ਮੂੰਹ ਦਾ
ਕੁੜੱਤਣ ਭਰਪੂਰ ਕਸੈਲਾ ਸਵਾਦ ਉਸ ਨੇ ਨੈਪਕਿਨ ਵਿਚ ਘੁੱਟ ਲਿਆ।
ਉਸ ਦਾ ਮਨ ਡੁੱਬਣ ਲੱਗਾ ਜਿਵੇਂ ਅੰਦਰੋਂ ਕੁੱਝ ਕਿਰ ਕਿਰ ਝੜ ਰਿਹਾ ਹੋਵੇ। ਸੰਤੁਲਨ ਹੋਣ ਦੀ
ਉਸ ਦੀ ਕੋਸਿ਼ਸ਼ ਨਿਸਫਲ ਹੋ ਗਈ। ਉਹ ਨ੍ਹੇਰਨੀ ਖਾ ਕੇ ਡਿੱਗਣ ਡਿੱਗਣ ਕਰਦਾ ਸੀ ਕਿ
ਸਿਕਿਉਰਿਟੀ ਅਫ਼ਸਰ ਦੀ ਮੁਸਕੜੀ ਨੇ ਉਸ ਨੂੰ ਝੰਜੋੜ ਦਿੱਤਾ। ਇੱਕ ਦਮ ਅਸਲੀ ਆਪੇ ਵਿਚ ਆ ਕੇ
ਆਪਣਾ ਨਿਮੰਤਰਨ ਪਰਵਾਨਾ ਉਸ ਦੇ ਸਾਹਮਣੇ ਕਰ ਦਿੱਤਾ।
ਮਾਪਿਆਂ ਦਾ ਘਰ ਛੱਡ ਕੇ ਖ਼ਾਵੰਦ ਦੇ ਘਰ ਜਾਂਦੀ ਤਨਹਾਈ ਤੇ ਮਿਲਾਪ ਦੇ ਮਿਸ਼ਰਨ ਕੌੜੇ ਮਿੱਠੇ
ਹੰਝੂ ਵਗਾਉਂਦੀ ਲੜਕੀ ਵਾਂਗ ਵਿਦਾ ਹੁੰਦਾ ਗਰੀਨ ਕਾਰਡ ਆਖ਼ਰੀ ਵਾਰ ਉਸ ਦੇ ਹੱਥਾਂ ਵਿਚ ਕੰਬ
ਰਿਹਾ ਸੀ। ਉਸ ਨੇ ਸੇਜਲ ਅੱਖਾਂ ਨਾਲ ਸਵਾਗਤ-ਅਧਿਕਾਰੀ ਦੇ ਹਵਾਲੇ ਕੀਤਾ ਤੇ ਅੱਗੇ ਸਰਕ ਰਹੀ
ਕਤਾਰ ਨਾਲ ਸਰਕਦਾ ਜਗਮਗ ਕਰਦੇ ਥੀਏਟਰ ਵਿਚ ਦਾਖਲ ਹੋ ਗਿਆ।
ਚਬੂਤਰੇ ਪਿੱਛੇ ਵੱਡੀ ਕੰਧ-ਸਕਰੀਨ ਟੀ. ਵੀ. ਤੇ ਅਮਰੀਕੀ ਲੜਾਈਆਂ ਦੇ ਹੌਲਨਾਕ ਦ੍ਰਿਸ਼,
ਪਹਿਲੇ ਦੂਜੇ ਵਿਸ਼ਵ-ਯੁੱਧ ਦੇ ਲੜਾਕੂਆਂ ਦੇ ਸੂਰਮਗਤੀ ਜੰਗੀ ਮਾਅਰਕੇ ਦਿਖਾਏ ਜਾ ਰਹੇ ਸਨ।
ਦੇਸ਼-ਭਗਤੀ ਗੀਤਾਂ ਦੇ ਬੀਰ-ਰਸ ਵੀਡੀਓ-ਟੇਪ ਅਤੇ ਘਰੇਲੂ-ਜੰਗਾਂ ਦੀਆਂ ਉਪਲਭਦੀਆਂ ਮੂਰਤਾਂ
ਸੰਗ ਪ੍ਰਦਰਸ਼ਨ ਕੀਤੀਆਂ ਜਾ ਰਹੀਆਂ ਸਨ। ਜਪਾਨ ਜਰਮਨੀ ਇਟਲੀ, ਇਰਾਕ ਅਫ਼ਗ਼ਾਨ ਉੱਤੇ ਜਹਾਜ਼ਾਂ ਦੀ
ਧਾੜ ਤੇ ਬੰਬਾਰੀ ਤਬਾਹੀ ਦੇ ਦ੍ਰਿਸ਼ ਤੇ ਘਮਸਾਣ ਯੁੱਧ ਦਿਖਾ ਕੇ ਦਰਸ਼ਕਾਂ ਦਾ ਇਨਕਲਾਬੀ ਜੋਸ਼
ਉਤੇਜਿਤ ਕੀਤਾ ਜਾ ਰਿਹਾ ਸੀ। ਅਮਰੀਕੀ ਫ਼ੌਜੀਆਂ ਦੇ ਗਲ਼ਾਂ ਵਿਚ ਹਾਰ ਪਾਏ ਜਾ ਰਹੇ ਹਨ।
ਅਮਰੀਕਾ ਦੇ ਸਾਰੇ ਪ੍ਰਧਾਨਾਂ ਬਾਰੇ, ਫ਼ੌਜੀ ਜਰਨੈਲਾਂ ਤੇ ਮਹੱਤਵਪੂਰਨ ਘਟਨਾਵਾਂ ਬਾਰੇ
ਵਿਖਿਆਨ ਹੋ ਰਿਹਾ ਸੀ। ਪ੍ਰਸਤੁਤ-ਕਰਤਾ ਨੇ ਨਾਮਵਰ ਫ਼ੌਜੀ ਤੇ ਸਿਵਲ ਅਧਿਕਾਰੀਆਂ ਨੂੰ
ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਸਨਮਾਨਿਤ ਕੀਤਾ। ਉਨ੍ਹਾਂ ਨੇ ਅਮਰੀਕੀ ਗੁਣ ਗਾਉਂਦੇ
ਵਿਆਪਕ ਭਾਸ਼ਣ ਦਿੱਤੇ ਤੇ ਬਣਨ ਵਾਲੇ ਸੰਭਾਵੀ ਨਾਗਰਿਕਾਂ ਨੂੰ ਸ਼ੁੱਭ-ਕਾਮਨਾ ਕਹੀ।
ਜਲਸੇ ਦੇ ਸੰਯੋਜਕ ਨੇ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਇਕੱਤਰ ਮਹਿਮਾਨਾਂ ਨੂੰ ਜੀ ਆਇਆਂ
ਕਿਹਾ। ਏ. ਅਫ਼ਗ਼ਾਨਿਸਤਾਨ ਤੋਂ ਜ਼ੈੱਡ. ਜਿ਼ੰਬਾਬਵੇ ਤੱਕ ਨਾਵਾਂ ਵਾਲੇ ਲਗਭਗ ਸੱਤਰ ਦੇਸ਼ਾਂ
ਦੇ ਮਹਿਮਾਨਾਂ ਨੂੰ ਵਾਰੀ ਵਾਰੀ ਖ਼ਬਰਦਾਰ ਕਰ ਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਖੇਪ ਜਿਹੀ
ਭੂਮਿਕਾ ਬੰਨ੍ਹਣ ਪਿੱਛੋਂ ਕੌਮੀ ਤਾਰਨਾ ਗਾਉਣ ਦੀ ਦਾਅਵਤ ਆਈ। ਤਾੜੀਆਂ ਦੀ ਗੜਗੜਾਹਟ ਵਿਚ
ਪੰਜਾਹ ਤਾਰਿਆਂ ਵਾਲੇ ਝੰਡੇ ਦੇ ਲਿਬਾਸ ਵਿਚ ਇੱਕ ਚੁਲਬੁਲੀ ਧੁੱਪ ਦੀ ਕਾਤਰ ਜਿਹੀ ਮੁਟਿਆਰ
ਸਟੇਜ ਤੇ ਪਹੁੰਚ ਗਈ। ਆਪਣੀ ਕਲਾ ਕੁਸ਼ਲਤਾ ਵਿਚ ਨਿਪੁੰਨ ਹੱਥ ਹਿਲਾਉਂਦੀ ਇਸ ਗੋਲ ਮਟੋਲ
ਨਖ਼ਰੇਲੋ ਜਿਹੀ ਕਲਾਕਾਰ ਨੇ ਮਾਈਕ ਫੜ ਕੇ ਦਰਸ਼ਕਾਂ ਦੀਆਂ ਤਾੜੀਆਂ ਦਾ ਸੁਆਗਤ ਕੀਤਾ।
‘ਓਹ, ਸੇਅ, ਕੈਨ ਯੂ ਸੀ, ਬਾਈ ਦੀ ਡਾਅਨਜ਼ ਅਰਲੀ ਲਾਈਟ,... ਸਟਾਰ ਸਪੈਂਗਲਡ ਬੈਨਰ...।’
ਰਸਭਰੀ ਮਿੱਠੀ ਸੁਰੀਲੀ ਆਵਾਜ਼ ਵਿਚ ਅਮਰੀਕਾ ਦਾ ਰਾਸ਼ਟਰੀ ਤਰਾਨਾ ਸ਼ੁਰੂ ਹੋ ਗਿਆ। ਸਾਰੇ
ਦਾਅਵੇਦਾਰ ਗੀਤ ਵਿਚ ਖੁੱਭ ਗਏ। ਰੋਮੀ ਨੂੰ ਘਬਰਾਹਟ ਹੋਣ ਲੱਗੀ। ਉਸ ਦਾ ਦਿਲ ਕੀਤਾ ਉਹ ਇਸ
ਵਿਦੇਸ਼ੀ ਭੀੜ-ਭੜਕੇ ਵਿਚੋਂ ਬਾਹਰ ਸੰਤੋੜ ਦੌੜ ਜਾਏ। ਉਸ ਨੇ ਪਲ ਦੀ ਪਲ ‘ਦੇਹ ਸਿ਼ਵਾ ਵਰ
ਮੋਹਿ ਇਹੇ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ..., ਜਨ ਗਨ ਮਨ ... ਭਾਰਤ ਭਾਗ ਵਿਧਾਤਾ....
ਜੈ ਹੇ।’ ਮਨ ਹੀ ਮਨ ਵਿਚ ਗੁਣਗੁਣਾਉਣਾ ਸ਼ੁਰੂ ਕੀਤਾ। ਇੱਕ ਦਮ ਸੰਕੀਰਣ ਗੁਪਤ ਕੈਮਰੇ ਜੋ
ਮਹਿਮਾਨਾਂ ਦੀ ਹਰ ਹਰਕਤ ਤਾੜ ਰਹੇ ਸਨ ਦੀ ਮੌਜੂਦਗੀ ਦੇ ਅਹਿਸਾਸ ਨਾਲ ਬੁੱਲ੍ਹ ਹਿਲਾਉਂਦਾ
ਸਾਵਧਾਨ ‘ਸਟਾਰ ਸਪੈਂਗਲਡ ਬੈਨਰ... ਲੈਂਡ ਆਫ਼ ਦੀ ਫ਼ਰੀ ਐਂਡ ਦੀ ਹੋਮ ਆਫ਼ ਦੀ ਬਰੇਵ।’ ਗਵੱਈਆਂ
ਸਮੂਹ ਵਿਚ ਸ਼ਾਮਲ ਹੋ ਗਿਆ।
ਗੀਤ ਖ਼ਤਮ ਹੋਣ ਤੇ ਉਹ ਹੋਰਾਂ ਵਾਂਗ ਥੱਲੇ ਬੈਠ ਗਿਆ। ਛਿਣ-ਭੰਗੁਰੇ ਉਬਾਲ ਝੱਗ ਵਾਂਗ ਸ਼ਾਂਤ
ਹੋ ਗਏ। ਅੰਦਰੋਂ ਉੱਗੀਆਂ ਪੀੜਾਂ ਨੂੰ ਸਾਹਾਂ ਵਿਚ ਜੀਰ ਗਿਆ। ਇਮੀਗ੍ਰੇਸ਼ਨ ਅਧਿਕਾਰੀ ਸੌਂ
ਖਵਾਉਣ ਲਈ ਹੱਥ ਖੜ੍ਹਾ ਕਰ ਕੇ ਖਲੋ ਗਿਆ। ਇਸ ਕਾਨੂੰਨੀ ਰਸਮ ਵਿਚ ਸ਼ਾਮਲ ਹੋਣ ਲਈ ਸਭਨਾਂ
ਹੱਥ ਖੜੇ ਕਰ ਲਏ ਤੇ ਮਨੀਟਰ ਦੇ ਪਿੱਛੇ ਮੁਹਾਰਨੀ ਉਚਾਰਨ ਲੱਗੇ।
‘ਅੱਜ ਮੈਂ ਪੂਰੀ ਹੋਸ਼-ਹਵਾਸ ਤੇ ਸੁਤੰਤਰਤਾ ਨਾਲ ਸੌਂ ਖਾ ਕੇ ਪ੍ਰਤਿੱਗਿਆ ਕਰਦਾ ਹਾਂ ਕਿ
ਮੈਂ ਸਮੁੱਚੇ ਤੌਰ ਤੇ ਬਿਨਾਂ ਕਿਸੇ ਛਲ-ਕਪਟ ਅਮਰੀਕੀ ਝੰਡੇ ਅਤੇ ਸੰਵਿਧਾਨ ਵਿਚ ਸਥਿਰ
ਵਿਸ਼ਵਾਸ ਰੱਖਾਂ ਗਾ। ਕਿਸੇ ਹੋਰ ਵਿਦੇਸ਼ੀ ਬਿਗਾਨੇ ਦੇਸ਼ ਦੀ ਆਸਥਾ ਨੂੰ ਤਿਲਾਂਜਲੀ ਦੇ ਦਿਆਂ
ਗਾ। ਸੈਨਿਕ ਜਾਂ ਅਸੈਨਿਕ ਲੋੜ ਪੈਣ ਤੇ ਮੈਂ ਅਮਰੀਕਾ ਗਣਰਾਜ ਦੀ ਪ੍ਰਭੂ ਸੱਤਾ ਦੀ ਤਰਫ਼ਦਾਰੀ
ਵਾਸਤੇ ਹਥਿਆਰ ਚੁੱਕਣ ਦਾ ਪਾਬੰਦ ਰਹਾਂ ਗਾ।’ ਉਸ ਦਾ ਖੜ੍ਹਾ ਕੀਤਾ ਸੱਜਾ ਹੱਥ ਕੰਬ ਰਿਹਾ
ਸੀ।
ਅਚਾਨਕ ਬੱਤੀ ਗੁੱਲ ਹੋਣ ਤੇ ਚੁੱਪ-ਗੜੁੱਪ ਡੂੰਘਾ ਹਨੇਰਾ ਪਸਰ ਗਿਆ। ਸਾਰੀ ਕਾਇਨਾਤ ਬੇਹਰਕਤ
ਸੁਸਰੀ ਵਾਂਗ ਸੌਂ ਗਈ। ਰਾਤ ਦੇ ਅੰਧੇਰੇ ਸੰਨਾਟੇ ਵਿਚ ਥੀਏਟਰ ਦਾ ਗਗਨ ਮੰਡਲ ਤੇ ਸਿਤਾਰੇ
ਚਮਕਣ ਲੱਗੇ। ਕੁੱਕੜਾਂ ਦੀ ਕੁੱਕੜੂੰ-ਘੂੰ ਕਬੂਤਰਾਂ ਦੀ ਗੁਟਕੂ ਸੁਣਾਈ ਦਿੱਤੀ। ਸੂਰਜ ਦੀ
ਪ੍ਰਭਾਤੀ ਟਿੱਕੀ ਲਾਲੀ ਨਿਕਲਦੀ ਫੈਲਦੀ ਨਜ਼ਰ ਆਈ। ਪਿੱਠ-ਭੂਮੀ ਵਿਚ ਉੱਚੇ ਉੱਚੇ ਬਰਫ਼ਾਨੀ
ਪਹਾੜਾਂ ਦੀਆਂ ਟੀਸੀਆਂ ਤੇ ਤੇਰਾਂ ਪੱਟੀਆਂ ਤੇ ਪੰਜਾਹ ਸਿਤਾਰਿਆਂ ਵਾਲਾ ਮਾਣ-ਮੱਤਾ ਝੰਡਾ
ਲਹਿਰਾ ਰਿਹਾ ਦਿਸਿਆ। ਥੋੜ੍ਹੀ ਦੇਰ ਵਿਚ ਸੱਜਰੀਆਂ ਸੁੱਚੀਆਂ ਉੱਜਲ ਰਿਸ਼ਮਾਂ ਦੇ ਚਾਨਣਵੰਤ
ਸਵੇਰੇ ਨੇ ਨਵਜੰਮੇ ਅਮਰੀਕੀ ਸ਼ਹਿਰੀਆਂ ਦੇ ਮੁਖੜੇ ਨਿਰਮਲ ਸੂਹੇ ਜਲਾਲ ਕਰ ਦਿੱਤੇ। ਇਹ
ਸੰਕੇਤ ਸੀ ਸ਼ਾਇਦ ਰਾਤ ਤੋਂ ਬਾਦ ਦਿਨ ਚੜ੍ਹਨ ਦਾ, ਹਨੇਰੇ ਤੋਂ ਉਜਾਲਾ ਵੱਲ ਦੇ ਸਫ਼ਰ ਦਾ,
ਭਾਰਤ ਤੋਂ ਅਮਰੀਕਾ ਦਾ ਜਾਂ ਕੱਚੇ ਤੋਂ ਪੱਕੇ ਅਮਰੀਕੀ ਸਿਟੀਜ਼ਨ ਬਣਨ ਦਾ। ਮਸਤੀ ਨਾਲ ਮਸਤਾਏ
ਨਵੇਂ ਸ਼ਹਿਰੀਆਂ ਨੇ ਤਾੜੀਆਂ, ਚੀਕਾਂ, ਵਿਸਲਾਂ, ਪੀਪਣੀਆਂ, ਆਵਾਜ਼ੇ, ਬਿਲ-ਬਲੀਆਂ ਬੁਲਾ ਕੇ
ਇਸ ਪ੍ਰਕਾਸ਼ ਦਾ ਅਭਿਨੰਦਨ ਕੀਤਾ। ਹਮਜੋਲੀਆਂ ਦੇ ਟੁਣਕਵੇਂ ਹਾਸੇ, ਭੁੜਕਣ ਤੇ ਛੜੱਪੇ
ਦੁੜੰਗੇ ਮਾਰਦੇ ਲੋਕਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੁੰਦਾ ਉਹ ਵੀ ਝੂਮ ਉੱਠਿਆ। ਸਟੇਜ ਸਕੱਤਰ
ਸਮੇਤ ਬਹੁਤੇ ਭਿਆਲ਼ ਹੱਥ ਪੈਰ ਲੱਕ ਮਟਕਾਉਂਦੇ ਨੱਚਦੇ ਟੱਪਦੇ ਡਾਂਸ ਕਰਨ ਲੱਗੇ।
ਸੰਚਾਲਕ ਨੇ ਇਕੇਰਾਂ ਫੇਰ ਸਭ ਨੂੰ ਮੁਬਾਰਕ ਕਹੀ ਤੇ ਪ੍ਰਧਾਨ ਬਰਾਕ ਓਬਾਮਾ ਦਾ ਸਨੇਹਾ ਸੁਣਨ
ਲਈ ਸਾਵਧਾਨ ਕੀਤਾ। ਸਾਰੇ ਗੰਭੀਰ ਖ਼ਾਮੋਸ਼ੀ ਵਰਤ ਗਈ ਮਤਾਂ ਇਸ ਅਗੰਮੀ ਸ਼ਖ਼ਸੀਅਤ ਦਾ ਕੋਈ ਵੀ
ਸ਼ਬਦ ਅਣਸੁਣਿਆ ਨਾ ਨਿਕਲ ਜਾਏ। ‘ਪਿਆਰੇ ਮਿੱਤਰ ਜਨੋ, ਅਮਰੀਕਾ ਉੱਤੇ ਪ੍ਰਮਾਤਮਾ ਬੜਾ
ਮਿਹਰਬਾਨ ਹੈ। ਤੁਸੀਂ ਸੁਨਹਿਰੀ ਭਵਿੱਖ ਦੀ ਖ਼ਾਤਰ ਬੜੀ ਕਠਨ ਤਪੱਸਿਆ ਤੇ ਘਾਲਣਾਂ ਘਾਲ ਕੇ
ਅਮਰੀਕਾ ਪਹੁੰਚੇ ਤੇ ਕਈ ਦਸਤੂਰੀ ਇਮਤਿਹਾਨਾਂ ਵਿਚੋਂ ਲੰਘ ਕੇ ਇਸ ਮੁਕਾਮ ਤੇ ਪੁੱਜੇ ਹੋ। ਇਹ
ਤੁਹਾਡੇ ਚੰਗੇ ਮੁਕੱਦਰ ਦਾ ਸੂਚਕ ਹੈ। ਤੁਸੀਂ ਅਮਰੀਕੀ ਸੰਵਿਧਾਨ ਅਤੇ ਇਸ ਦੀ ਪਰੰਪਰਾਗਤ
ਮਰਿਆਦਾ ਪ੍ਰਤੀ ਸਮਰਪਿਤ ਰਹਿਣ ਦੀ ਪ੍ਰਤਿੱਗਿਆ ਕੀਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ
ਆਉਣ ਵਾਲੀ ਨਵੀਂ ਪੀੜ੍ਹੀ ਲਈ ਚਾਨਣ-ਮੁਨਾਰਾ ਬਣੋ ਗੇ। ਮੈਂ ਤੁਹਾਨੂੰ ਜੀ ਆਇਆਂ ਕਹਿੰਦਾ
ਮੁਬਾਰਕ ਦਿੰਦਾ ਹਾਂ। ਆਓ ਸਾਰੇ ਰਲ ਕੇ ਅਮਰੀਕਾ ਦੀ ਖ਼ੁਸ਼ਹਾਲੀ ਵਿਚ ਸਾਰਥਿਕ ਹਿੱਸਾ ਪਾਈਏ।
ਗੌਂਡ ਬਲੈੱਸ ਯੂ... ਗੌਂਡ ਬਲੈੱਸ ਅਮੈਰਿਕਾ।’ ਕਿੰਨੀ ਦੇਰ ਵਾਤਾਵਰਨ ਤਾੜੀਆਂ ਤੇ
ਕਿਲਕਾਰੀਆਂ ਸੰਗ ਗੂੰਜਦਾ ਮੌਲਦਾ ਰਿਹਾ।
ਰੋਮੀ ਦੀਆਂ ਨਜ਼ਰਾਂ ਬਾਰ ਬਾਰ ਉੱਪਰ ਵੱਲ, ਆਸੇ ਪਾਸੇ ਘੁੰਮਦੀਆਂ ਕੁੱਝ ਟੋਲ ਰਹੀਆਂ ਸਨ,
ਜਿੱਥੇ ਉਮੀਦਵਾਰਾਂ ਦੇ ਸਕੇ-ਸਬੰਧੀ ਗੈਲਰੀ ਵਿਚ ਬੈਠੇ ਆਪਣੇ ਪ੍ਰੇਮੀਆਂ ਦੀਆਂ ਹਰਕਤਾਂ
ਚਲ-ਚਿਤਰ ਤੇ ਅਚੱਲ ਕੈਮਰਿਆਂ ਵਿਚ ਬੰਦ ਕਰਦੇ ਸਦੀਵੀ ਯਾਦਗਾਰ ਬਣਾ ਰਹੇ ਸਨ। ਇਹ ਦਰਸ਼ਕ ਵੀ
ਵਧ ਚੜ੍ਹ ਕੇ ਸ਼ੋਰ ਸ਼ਰਾਬਾ ਤੇ ਡਾਂਸ ਵਿਚ ਸਿ਼ਰਕਤ ਕਰ ਰਹੇ ਸਨ। ‘ਕਾਸ਼ ਮੇਰਾ ਵੀ ਕੋਈ ਆਪਣਾ
ਹੁੰਦਾ ਇੱਥੇ, ਮੈਨੂੰ ਵਧਾਈ ਦਿੰਦਾ, ਮੇਰੀਆਂ ਮੂਰਤਾਂ ਖਿੱਚਦਾ। ਕੱਚੇ ਬਣਾਉਟੀ ਰੰਗ ਵਾਂਗ
ਇੱਥੋਂ ਦੇ ਰਿਸ਼ਤੇ ਵੀ ਛੇਤੀ ਫਿੱਕੇ ਪੈ ਜਾਂਦੇ ਨੇ ਤੇ ਜਿ਼ੰਦਗੀ ਭਰ ਨਾਲ ਘੱਟ ਹੀ ਨਿਭਦੇ
ਨੇ।’ ਮਰੀਅਮ ਦੀ ਯਾਦ ਵਿਚੋਂ ਨਿਕਲਿਆ ਡੂੰਘਾ ਹਉਕਾ ਉਸ ਦੀ ਨਸ ਨਸ ਵਿਚ ਝਰਨਾਹਟ ਫੇਰ ਗਿਆ।
ਉਸ ਦਾ ਦਿਲ ਕੀਤਾ ਉਹ ਉੱਚੀ ਉੱਚੀ ਚਿਲਾਏ, ‘ਵੇਖੋ ਲੋਕੋ! ਮੈਂ ਸੌਂ ਖਾ ਲਈ ਹੈ। ਮੈਂ
ਪੂੰਜੀਵਾਦੀ ਸਾਮਰਾਜ ਦਾ ਅੰਗ ਬਣ ਗਿਆ ਹਾਂ। ਵੇਖੋ ਮੈਂ ਅੱਜ ਝੂਠੀ ਸੌਂ ਖਾ ਲਈ ਹੈ।’
ਢੌਂਗੀ ਲੋਕ ਤਾਂ ਆਪਣੇ ਪਿਆਰੇ ਇਸ਼ਟ ਇਮਾਨ ਨੂੰ ਸਿਰ ਤੇ ਚੁੱਕ ਕੇ ਖੋਟੀ ਸੌਂ ਖਾ ਲੈਂਦੇ ਇਸ
ਦੀ ਬਲੀ ਚੜ੍ਹਾ ਦਿੰਦੇ ਹਨ। ਇਨ੍ਹਾਂ ਵਾਸਤੇ ਬਸਤਰ ਵਾਂਗ ਔਰਤ ਬਦਲਣੀ, ਇਖ਼ਲਾਕ ਵਾਂਗ ਇਮਾਨ
ਬਦਲਣਾ, ਲੋਕ-ਵਿਖਾਵਾ ਸੌਂ ਖਾਣੀ ਮਮੂਲੀ ਜਿਹੀਆਂ ਘਟਨਾਵਾਂ ਹਨ। ਇੱਕ ਦਰੋਗੇ ਦੀ ਕਹਾਣੀ ਜਿਸ
ਨੇ ਆਪਣੇ ਅਸਰ ਰਸੂਖ਼ ਸਦਕਾ ਆਪਣੇ ਸਕੇ ਭਰਾ ਨਾਲ ਧੋਖਾ ਕਰ ਕੇ ਪੰਜ ਲੱਖ ਹਥਿਆ ਲਏ, ਪੰਚਾਇਤ
ਦੇ ਜੁੜਨ ਤੇ ਆਪਣੀ ਸਫ਼ਾਈ ਵਜੋਂ ਸੰਵਿਧਾਨ ਸਿਰ ਤੇ ਚੁੱਕ ਕੇ ਸੌਂ ਖਾਣ ਦੀ ਪੇਸ਼ਕਸ਼ ਕੀਤੀ।
ਦੂਸਰੇ ਪਾਸੇ ਸਿੱਧੇ ਸਾਦੇ ਗ਼ਰੀਬ ਭਰਾ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਸ ਦੀ ਹੱਕ ਹਲਾਲ
ਦੀ ਕਮਾਈ ਅਮਾਨਤ ਵਾਪਸ ਮੋੜ ਦੇਵੇ, ਤੇ ਜੇ ਚਾਹੇ ਤਾਂ ਅਜੇਹੇ ਪੰਜ ਕਿੱਲੋ ਭਾਰ ਤਾਂ ਉਹ ਕਈ
ਵੇਰਾਂ ਆਸਾਨੀ ਨਾਲ ਚੁੱਕ ਕੇ ਬਾਲੇ ਕੱਢ ਦੇਵੇ ਗਾ, ਯਾਦ ਕਰ ਕੇ ਉਸ ਦੇ ਮੂੰਹ ਸਵੈਪ੍ਰੇਰਤ
ਮੁਸਕਾਨ ਫੁੱਟ ਪਈ।
‘ਕੌਣ ਕਿਸ ਦਾ ਸੁਹਿਰਦ ਹੈ ਇੱਥੇ ਇਸ ਪਦਾਰਥਵਾਦੀ ਯੁੱਗ ਵਿਚ? ਪਤਨੀ? ਬੱਚੇ? ਭੈਣ ਭਾਈ?..
ਕੱਚੇ ਆਰਜ਼ੀ ਰਿਸ਼ਤੇ? ਪਵਿੱਤਰ ਰਿਸ਼ਤਿਆਂ ਦਾ ਖਿਲਵਾੜ? ਹੱਥ ਖੜੇ ਕਰਨ ਨਾਲ ਕੀ ਮਾਨਸਿਕਤਾ,
ਸਭਿਅਤਾ, ਧਰਮ, ਭਾਸ਼ਾ ਜੋ ਜਨਮ ਤੋਂ ਮਾਂ ਦੇ ਦੁੱਧ ਨਾਲ ਨਸੀਬ ਹੁੰਦੇ ਹਨ, ਵੀ ਬਦਲ ਸਕਦੇ
ਹਨ? ਨਿੱਤ ਦਿਨ ਗ਼ੱਦਾਰੀ ਤੇ ਬੇਵਿਸ਼ਵਾਸੀ ਦੀਆਂ ਦੁਰਘਟਨਾਵਾਂ ਨਾਲ ਅਖ਼ਬਾਰਾਂ ਦੀਆਂ ਸੁਰਖ਼ੀਆਂ
ਰੰਗੀਆਂ ਪਈਆਂ ਹਨ।’
‘ਨਹੀਂ ਕੋਈ ਨਹੀਂ... ਬਿਲਕੁਲ ਨਹੀਂ, ਮੈਂ ਵੀ ਇਸ ਹਜੂਮ ਨਾਲ ਵਿਖਾਵਾ-ਮਾਤਰ ਸੌਂ ਲਈ ਹੈ।’
ਆਪਣੇ ਅੰਦਰਲੇ ਸ਼ੋਰ ਤੋਂ ਬਚਣ ਲਈ ਉਸ ਨੇ ਕੰਨਾਂ ਵਿਚ ਉਂਗਲਾਂ ਲੈ ਲਈਆਂ।
‘ਇਹ ਏਨਾ ਵੱਡਾ ਆਡੰਬਰ ਕਰ ਕੇ ਆਪਣੇ ਆਪ ਨੂੰ ਬੁੱਧੂ ਹੀ ਨਹੀਂ ਬਣਾਉਂਦੇ ਬਲਕਿ ਗੁਮਰਾਹ ਵੀ
ਕਰ ਰਹੇ ਹਨ। ਏਸੇ ਕਰ ਕੇ ਨਿੱਤ ਦਿਨ ਵਾਸ਼ਿੰਗਟਨ ਢੱਠਦੇ ਹਨ, ਪੈਂਟਾਗਨ ਤਬਾਹ ਹੁੰਦੇ ਹਨ। ਘਰ
ਦੀਆਂ ਪਾਲ਼ੀਆਂ ਬਿੱਲੀਆਂ ਹੀ ਮਿਆਊਂ ਕਹਿੰਦੀਆਂ ਨਹੁੰਦਰਾਂ ਮਾਰ ਕੇ ਲਹੂ-ਲੁਹਾਨ ਕਰ ਜਾਂਦੀਆਂ
ਹਨ ਇਹ ਚਿਹਰੇ।’ ਸਿਟੀਜ਼ਨ ਸਨਦ ਹੱਥ ’ਚ ਫੜ ਕੇ ਉਸ ਨੇ ਪਵਿੱਤਰ ਤਵੀਤ ਵਾਂਗ ਛਾਤੀ ਨਾਲ ਘੁੱਟ
ਲਿਆ। ਉਸ ਨੂੰ ਜਾਪਿਆ ਜਿਵੇਂ ਧਰਤੀ ਤੋਂ ਉੱਡ ਕੇ ਉਹ ਅਸਮਾਨ ਤੇ ਪਹੁੰਚ ਗਿਆ ਹੈ।
ਬਾਹਰ ਨਿਕਲਦੇ ਨਵੇਂ ਨਾਗਰਿਕ ਆਪਣੇ ਸ਼ੁੱਭਚਿੰਤਕਾਂ ਨੂੰ ਜਜ਼ਬਾਤੀ ਹੰਝੂਆਂ ਨਾਲ ਡਡਿਆ ਕੇ ਮਿਲ
ਰਹੇ ਸਨ। ਇੱਕ ਦੂਸਰੇ ਨੂੰ ਮੁਬਾਰਕ ਕਹਿੰਦੇ ਸੰਤੁਸ਼ਟਤਾ ਪ੍ਰਗਟਾ ਰਹੇ ਸਨ। ਵਕੀਲ ਦੇ ਨਾਲ
ਮਰੀਅਮ ਨੂੰ ਵੇਖ ਕੇ ਉਹ ਸੁੰਨ ਹੋ ਗਿਆ। ਉਸ ਦਾ ਜੀ ਕੀਤਾ ਇਸ ਝੁਰਮਟ ਵਿਚੋਂ ਝਕਾਨੀ ਮਾਰ ਕੇ
ਅਲੋਪ ਹੋ ਜਾਏ ਤੇ ਉਨ੍ਹਾਂ ਦੇ ਮੱਥੇ ਨਾ ਲੱਗੇ, ਤਾਂ ਜੋ ਪੰਜ ਹਜ਼ਾਰ ਦਾ ਆਖ਼ਰੀ ਦੇਣਦਾਰ ਚੈੱਕ
ਬਚ ਜਾਏ।
ਫੁੱਲਿਆਂ ਵਾਂਗ ਖਿੜਦੀ ਮਰੀਅਮ ਉਸ ਵੱਲ ਬਾਂਹਾਂ ਅੱਡੀ ਵਧੀ। ‘ਇਹ ਮੇਰਾ ਪਹਿਲਾ ਪਤੀ ਹੈ ਤੇ
ਇਹ ਮੇਰਾ ਦੂਸਰਾ ਸਾਇਲ।’ ਰੋਮੀ ਦਾ ਚੁੰਮਣ ਲੈਂਦੀ ਉਸ ਨਾਲ ਲਿਪਟ ਗਈ। ਅੱਖਾਂ ਵਿਚ ਸ਼ੋਖ਼
ਚੰਚਲਤਾ ਭਰ ਕੇ ਤਲਾਕ ਦਸਤਾਵੇਜ਼ ਉਸ ਅੱਗੇ ਕਰ ਦਿੱਤਾ। ‘ਮੈਂ ਨਿਭਾ ਦਿੱਤੀ ਹੈ, ਆਹ ਵੇਖ!
ਤੇਰੀਆਂ ਬੜੀਆਂ ਸੁੰਦਰ ਫ਼ੋਟੋ ਮੈਂ ਖਿੱਚ ਦਿੱਤੀਆਂ ਨੇ... ਈ ਮੇਲ ਕਰ ਦਿਆਂ ਗੀ। ਮੁਬਾਰਕ!
ਪ੍ਰਭੂ ਤੇਰਾ ਭਲਾ ਕਰੇ। ਅੱਜ ਸ਼ਾਮ ਆਪਣੇ ਤਲਾਕ ਦੇ ਜਸ਼ਨ ਦੀ ਪਾਰਟੀ ਮੈਂ ਕਰਾਂ ਗੀ ਆਪਣੀ
ਜੇਬ ਵਿਚੋਂ। ਆਪਣੀ ‘ਮਰਦਾਨਗੀ ਮੁੱਛ’ ਦੀ ਅਣਖ ਅਨੁਸਾਰ ਮੇਰਾ ਲਾਕਟ ਮੈਨੂੰ ਵਾਪਸ ਮੋੜਨਾ
ਹੋਊ। ਮੇਰਾ ਬਕਾਇਆ ਜੇ ਹੁਣ ਨਹੀਂ ਲਿਆਇਆ ਤਾਂ ਸ਼ਾਮ ਨੂੰ ਤਿਆਰ ਰੱਖੀਂ... ਗਾਡ ਬਲੈੱਸ
ਯੂ।’ ਮਰੀਅਮ ਨੇ ਕੋਮਲ ਜਿਹੀਆਂ ਉਂਗਲਾਂ ਉਸ ਦੀਆਂ ਮੁੱਛਾਂ ਤੇ ਸਹਿਲਾਈਆਂ। ਉਸ ਨੂੰ ਜਾਪਿਆ
ਜਿਵੇਂ ਉਸ ਨੇ ਉਸ ਦੀ ਮੁੱਛ ਹਥਿਆ ਲਈ ਹੈ... ਜਿਵੇਂ ਸਵਾਦੀ ਪਕਵਾਨ ਦੀ ਗਰਾਹੀ ਚਬਾਉਂਦੇ
ਜਾੜ੍ਹਾਂ ਥੱਲੇ ਕੌੜਤੁੰਮਾ ਆ ਗਿਆ ਹੋਵੇ। ਠੱਗੇ ਹੋਏ ਮਹਿਸੂਸਦੇ ਥਿੜਕਦੇ ਹੱਥਾਂ ਨਾਲ ਦਸਖ਼ਤ
ਕਰ ਕੇ ਉਸ ਨੇ ਡਲ੍ਹਕਦੀਆਂ ਅੱਖਾਂ ਝੁਕਾ ਲਈਆਂ।
ਮਰੀਅਮ ਦੇ ਹੱਥਾਂ ਦੇ ਆਖ਼ਰੀ ਸਪਰਸ਼ ਨੇ ਰੋਮੀ ਅੰਦਰ ਬਿਜਲਈ ਝਰਨਾਹਟ ਛੇੜ ਦਿੱਤੀ। ਉਸ ਦਾ
ਹੱਥ ਆਪ ਮੁਹਾਰੇ ਦਾੜ੍ਹੀ ਤੇ ਫਿਰ ਗਿਆ। ਉਸ ਨੂੰ ਜਾਪਿਆ ਜਿਵੇਂ ਮਰੋੜਾ ਦਿੱਤੀ ਇੱਕ ਮੁੱਛ
ਉੱਪਰ ਉੱਠ ਰਹੀ ਸੀ ਤੇ ਦੂਸਰੀ ਢਿਲਕ ਕੇ ਥੱਲੇ ਲਮਕ ਰਹੀ ਸੀ।
ਕੈਲੀਫੋਰਨੀਆ 408 608
4961
-0-
|